ਕਵਿਤਾ ਦੀ ਪ੍ਰਮਾਣਿਕਤਾ

ਸੁਨੇਹਾ
0
ਸੇਵਕ ਸਿੰਘ
ਪ੍ਰਾਚੀਨ ਭਾਰਤੀ ਗਿਆਨ ਪਰੰਪਰਾ ਵਿਚ ‘ਕਵਿਤਾ ਕੀ ਹੈ?’ ਨੂੰ ਲੈ ਕੇ ਇਸ ਹੱਦ ਤੱਕ ਵਿਚਾਰ ਕੀਤਾ ਗਿਆ ਕਿ ਦੁਨੀਆਂ ਦੇ ਇਤਿਹਾਸ ਵਿਚ ਇਸ ਦੇ ਮੁਕਾਬਲੇ ਦੀ ਕੋਈ ਮਿਸਾਲ ਨਹੀਂ ਮਿਲਦੀ ਕਿ ਏਨਾ ਲੰਮਾ ਸਮਾਂ ਅਤੇ ਏਨੀ ਬਰੀਕੀ ਨਾਲ ਕਵਿਤਾ ਬਾਰੇ ਵਿਚਾਰ ਕੀਤੀ ਗਈ ਹੋਵੇ। ਇਸ ਪਰੰਪਰਾ ਦਾ ਵਾਹ ਪੰਜਾਬ ਨਾਲ ਵੀ ਰਿਹਾ ਹੈ। ਬਹੁਤ ਲੰਮੇ ਸਮੇਂ ਮਗਰੋਂ ਪੰਜਾਬ ਵਿਚ ‘ਕਵਿਤਾ ਕੀ ਹੈ‘ ਦੀ ਮੁੜ ਚਰਚਾ ਓਦੋਂ ਸ਼ੁਰੂ ਹੋਈ ਜਦੋਂ ਪੰਜਾਬੀ ਬੋਲੀ ਅੰਗਰੇਜ਼ੀ ਤਰੀਕੇ ਨਾਲ ਯੂਨੀਵਰਸਿਟੀਆਂ ਵਿਚ ਪੜ੍ਹਾਈ ਜਾਣ ਲੱਗੀ। ਇਸ ਚਰਚਾ ਵਿਚ ਭਾਰਤੀ ਪਰੰਪਰਾ ਤੋਂ ਬਿਨਾਂ ਪੱਛਮੀ ਪਰੰਪਰਾ ਦੇ ਮਾਪਦੰਡ ਵੀ ਸ਼ਾਮਲ ਹੋ ਗਏ। ਇਸ ਮੁੜ ਸ਼ੁਰੂ ਹੋਈ ਚਰਚਾ ਦਾ ਪੱਧਰ ਬਹੁਤਾ ਗੰਭੀਰ ਨਹੀਂ ਸੀ ਕਿਉਂਕਿ ਇਹ ਆਪਣੇ ਯੁਗ ਦੀ ਜਿਸ ਕਵਿਤਾ ਨਾਲ ਬਾਵਾਸਤਾ ਸੀ ਉਸ ਦਾ ਪਸਾਰ ਵੀ ਸੀਮਤ ਸੀ ਅਤੇ ਪੱਧਰ ਵੀ ਸਤਹੀ ਸੀ। ਇਸ ਤਰ੍ਹਾਂ ਅੱਧੀ ਸਦੀ ਦੇ ਲਗਭਗ ਜਿਹੜੇ ਮਾਪਦੰਡ ਚਾਲੂ ਰਹੇ ਉਹਨਾਂ ਨੇ ਦਾਰਸ਼ਨਿਕ ਕਿਸਮ ਦੀ ਕਵਿਤਾ ਨੂੰ ਪਰਖ ਦੇ ਘੇਰੇ ਤੋਂ ਹੀ ਬਾਹਰ ਕੱਢ ਦਿੱਤਾ। ਇਸ ਦਾ ਅੰਦਾਜਾ ਮੈਨੂੰ ਨਵਤੇਜ ਭਾਰਤੀ ਦੀ ਦੰਦ-ਕਥਾ ਬਣ ਚੁੱਕੇ ਭੂਤਵਾੜੇ ਨੂੰ ਅਧਾਰ ਬਣਾ ਕੇ ਲਿਖੀ ਲੰਮੀ ਕਵਿਤਾ ‘ਲਾਲੀ’ ਨੂੰ ਸੁਣਨ ਤੋਂ ਬਾਅਦ ਲੱਗਾ।

ਪਿਛਲੇ ਦਿਨੀ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਦਲਜੀਤ ਸਿੰਘ ਵਲੋਂ ਦਿੱਤੇ ਸੱਦੇ ਤੇ ਪੰਜਾਬੀ ਟ੍ਰਿਬਿਊਨ ਵਾਲੇ ਸ.ਕਰਮਜੀਤ ਸਿੰਘ ਦੇ ਘਰ ਕੁਝ ਚੁਣਵੇਂ ਸਰੋਤਿਆਂ ਦੀ ਹਾਜ਼ਰੀ ਵਿਚ ਨਵਤੇਜ ਭਾਰਤੀ ਨੇ ਆਪਣੀ ਲੰਮੀ (ਪਰ ਅਧੂਰੀ) ਕਵਿਤਾ ਸੁਣਾਈ। ਉਹਨਾਂ ਨੇ ਕੁਝ ਹੋਰ ਕਵਿਤਾਵਾਂ ਸੁਣਾਈਆਂ, ਗੱਲਬਾਤ ਅਤੇ ਸਵਾਲ ਜਵਾਬ ਵੀ ਹੋਏ ਪਰ ਸਭ ਕਾਸੇ ਦੇ ਬਾਵਜੂਦ ਉਸ ਲੰਮੀ ਕਵਿਤਾ ਦਾ ਵਜਦ ਤਾਰੀ ਰਿਹਾ। ਜੋ ਕੁਝ ਸੁਣ ਵੇਖ ਕੇ ਮਹਿਸੂਸ ਹੋਇਆ ਉਸ ਬਾਰੇ ਕੁਝ ਖਿਆਲ ਮਨ ਵਿਚ ਆਏ। ਹੋ ਸਕਦਾ ਇਹ ਹੋਰ ਸਰੋਤਿਆਂ ਦੇ ਮਨ ਵਿਚ ਵੀ ਆਏ ਹੋਣ ਜਾਂ ਇਸ ਤੋਂ ਉਲਟ ਵੀ ਆਏ ਹੋ ਸਕਦੇ ਨੇ ਪਰ ਮੈਨੂੰ ਜੋ ਲੱਗਿਆ ਜਿਵੇਂ ਲੱਗਿਆ ਹਾਜ਼ਰ ਹੈ।

ਸ਼ਾਇਰੀ ਅਤੇ ਸਵਾਲ

ਸਵਾਲ ਜਵਾਬ ਮਹਿਫਲ ਦਾ ਖੁਸ਼ਕ ਹਿੱਸਾ ਸਨ ਜਿਸ ਵਿਚ ਕਵਿਤਾ ਦੀ ਅਤੇ ਕਵੀ ਦੀ ਚੀਰਫਾੜ ਹੋਈ। ਮੁੱਖ ਸਵਾਲ ਲੰਮੀ ਕਵਿਤਾ ਬਾਰੇ ‘ਫਿਲਹਾਲ‘ ਵਾਲੇ ਗੁਰਬਚਨ ਅਤੇ ਕਰਮਜੀਤ ਸਿੰਘ ਦਾ ਸੀ ਕਿ ਕਵਿਤਾ ਵਿਚ ਇਤਿਹਾਸਕਤਾ ਨਹੀਂ ਹੈ। ਨਿਰੋਲ ਸਿਧਾਂਤਕ ਪੇਸ਼ਕਾਰੀ ਇਸ ਦੇ ਮਹੱਤਵ ਨੂੰ ਘਟਾਉਂਦੀ ਹੈ। ਸ਼ਾਇਰ ਨੇ ਕਵਿਤਾ ਸੁਣਾਉਣ ਤੋਂ ਪਹਿਲਾਂ ਕਿਹਾ ਕਿ ਰੁਮਾਂਟਿਕ ਕਵਿਤਾ ਵੀ ਸਥਾਨਕਤਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਕਰਕੇ ਉਸਨੇ ਆਪਣੀ ਕਵਿਤਾ ਵਿਚਲੀ ਪੇਸ਼ਕਾਰੀ ਨੂੰ ਇਤਿਹਾਸਕ ਮੰਨਿਆ ਅਤੇ ਕਿਹਾ ਕਿ ਕਵਿਤਾ ਵਿਚ ਇਤਿਹਾਸ ਸਿੱਧਾ ਨਹੀਂ ਆ ਸਕਦਾ। ਡਾ. ਪ੍ਰਕਾਸ਼ ਨੇ ਇਸ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪ੍ਰਤੀਕ ਰੂਪ ਇਸ਼ਾਰੇ ਆਏ ਹਨ। ਸਥਾਨਕਤਾ ਦਾ ਸਵਾਲ ਉਠਣ ਨਾਲ ਰਣਜੀਤ ਸਿੰਘ ਨੇ ਨਵਤੇਜ ਭਾਰਤੀ ਦੀ ਹੁਣ-8 ਵਿਚ ਛਪੀ ਮੁਲਾਕਾਤ ਦੇ ਹਵਾਲੇ ਨਾਲ ਕਿਹਾ ਕਿ ਤੁਸੀਂ ਕਿਹਾ ਹੈ ਕਿ ਮੈਂ ਸਥਾਨਕਤਾ ਛੱਡ ਆਇਆ ਹਾਂ, ਕੀ ਮਨੁੱਖ ਸਥਾਨਕਤਾ ਛੱਡ ਸਕਦਾ ਹੈ? ਜਵਾਬ ਵਿਚ ਸ਼ਾਇਰ ਨੇ ਕਿਹਾ ਕਿ ਸਥਾਨਕਤਾ ਬਦਲਦੀ ਰਹਿੰਦੀ ਹੈ, ਮੈਂ ਬਾਹਰ ਰਹਿ ਰਿਹਾ ਹਾਂ ਓਥੇ ਵੀ ਮੇਰੀ ਸਥਾਨਕਤਾ ਹੈ। ਉਸ ਨੇ ਪਰਵਾਸ ਅਤੇ ਸਥਾਨਕਤਾ ਨੂੰ ਜੋੜਦਿਆਂ ਪੱਖ ਪੇਸ਼ ਕੀਤਾ ਕਿ ਅਸਲ ਵਿਚ ਸਿਮਰਤੀ ਕਰਕੇ ਹੀ ਪਰਵਾਸ ਹੈ ਮੈਂ ਐਨੀ ਦੂਰ ਐਨਾ ਚਿਰ ਰਹਿ ਕੇ ਇਥੋਂ ਦੀ ਸਿਮਰਤੀ ਰਖਦਾ ਹਾਂ ਪਰ ਇਥੋਂ ਦੀ ਅਗਲੀ ਪੀੜ੍ਹੀ ਇਥੇ ਰਹਿ ਕੇ ਸਿਮਰਤੀ ਤੋਂ ਸੱਖਣੀ ਹੈ। ਕਵਿਤਾ ਵਿਚ ‘ਭੁੱਲ ਕੇ ਨਵਾਂ ਸਿੱਖਣ‘ ਨੂੰ ਅਧਾਰ ਬਣਾ ਕੇ ਅਜਮੇਰ ਸਿੰਘ ਨੇ ਪੁੱਛਿਆ ਕਿ ਪੰਜਾਬ ਕਦੋਂ ਕੁ ਭੁੱਲਿਆ? ਸ਼ਾਇਰ ਨੇ ਕਿਹਾ ਕਿ ਕਵਿਤਾ ਵਿਚਲਾ ਭੁੱਲਣਾ ਅਤੇ ਤੁਹਾਡਾ ਭੁੱਲਣ ਦਾ ਸਵਾਲ ਵੱਖਰਾ ਹੈ। ਮੈਂ ਇਤਿਹਾਸਕਾਰ ਨਹੀਂ ਹਾਂ ਮੇਰੇ ਖਿਆਲ ਵਿਚ ਅਸੀਂ 6-7ਵੀਂ ਸਦੀਂ ਵਿਚ ਭੁੱਲਣਾ ਸ਼ੁਰੂ ਕੀਤਾ। ਕੁਝ ਲੋਕ ਸਿਮਰਤੀ ਦਾ ਮੁੱਢ ਗੁਰੂ ਨਾਨਕ ਤੋਂ ਬੰਨ੍ਹਦੇ ਹਨ ਅਤੇ ਇਸ ਤੋਂ ਪਹਿਲੇ ਨੂੰ ਹਿੰਦੂ ਆਖ ਕੇ ਰੱਦ ਕਰ ਦਿੰਦੇ ਹਨ। ਮੈਂ ਸਿਮਰਤੀ ਨੂੰ ਹੜੱਪਾ ਤੱਕ ਮੰਨਦਾ ਹਾਂ। ਸਾਡੀ ਮੁੜ ਸਿਮਰਤੀ ਵੀ ਸੇਖ ਫਰੀਦ ਤੋਂ ਸ਼ੁਰੂ ਹੁੰਦੀ ਹੈ। ਵਿਚਕਾਰਲੀਆਂ 5-7 ਸਦੀਆਂ ਹਨੇਰੀਆਂ ਹਨ। ਕਰਮਜੀਤ ਸਿੰਘ ਨੇ ਪੁਛਿਆ ਤੁਹਾਡੀ ਕਵਿਤਾ ਵਿਚ ਖਾਲਸੇ ਦਾ ਮੁਰਝਾ ਜਾਣਾ ਵੀ ਸ਼ਾਮਲ ਹੈ? ਸ਼ਾਇਰ ਦਾ ਉੱਤਰ ਸੀ ‘ਮਨੁੱਖ ਦਾ ਸ਼ਾਮਲ ਹੈ।’ ਅਗਲਾ ਸਵਾਲ ਫੇਰ ਕਰਮਜੀਤ ਸਿੰਘ ਨੇ ਕੀਤਾ ਕਿ ਖਾਲਸਾ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਸ਼ਾਇਰ ਕਹਿਣ ਲੱਗਾ ਮੈਂ ਕੀ ਕਹਿ ਸਕਦਾ ਹਾਂ? ਇਹ ਸਵਾਲ ਮੈਨੂੰ ਹਰਿੰਦਰ (ਸਿੰਘ ਮਹਿਬੂਬ) ਨੇ ਵੀ ਕੀਤਾ ਸੀ। ਉਹ ਕਹਿੰਦਾ ਸੀ ਕਿ ਮੈਨੂੰ ਡਰ ਲਗਦੈ ਕਿ ਕੀ ਖਾਲਸੇ ਦੀ ਹੋਂਦ ਰਹੇਗੀ? ਸ਼ਾਇਰ ਉੱਤਰ ਵਜੋਂ ਕਹਿਣ ਲੱਗਾ, ‘ਮੈਂ ਏਨਾ ਕੁ ਜ਼ਰੂਰ ਕਹਿ ਸਕਦਾ ਹਾਂ ਕਿ ‘ਆਦਿ ਗ੍ਰੰਥ’ ਰਹੇਗਾ ਅਤੇ ਇਹਦੇ ਫਾਲੋਅਰ (ਪੈਰੋਕਾਰ) ਰਹਿਣਗੇ?’ ਸਵਾਲਾਂ ਦੇ ਸਿਲਸਿਲੇ ਵਿਚ ਸ਼ਾਇਰ ਨਵਤੇਜ ਪਾਸੇ ਹੋ ਗਿਆ ਅਤੇ ਚਿੰਤਕ ਭਾਰਤੀ ਜੁਆਬ ਦੇ ਰਿਹਾ ਸੀ।

ਕਵਿਤਾ ਦੀ ਗਵਾਹੀ

ਕਵਿਤਾ ਜਿਹੜੀ ਅਸਲ ਵਿਚ ਬੇਸੁਧੀ ਦੇ ਆਲਮ ਵਿਚ ਰਚੀ ਜਾਂਦੀ ਹੈ ਜਦੋਂ ਉਹ ਸੁਚੇਤ ਜਗਤ ਵਿਚ ਹਾਜ਼ਰ ਹੁੰਦੀ ਹੈ ਤਾਂ ਕਵੀ ਨੂੰ ਉਸਦੀ ਗਵਾਹੀ ਦੇਣੀ ਔਖੀ ਹੁੰਦੀ ਹੈ। ਜਿਥੇ ਅਣਦਿਸਦੇ ਖੌਫ ਦਿਸਦੀਆਂ ਚੀਜ਼ਾਂ ਦਾ ਪਿੱਛਾ ਕਰਦੇ ਹਨ ਓਥੇ ਹਵਾ ਵਰਗੇ ਖਿਆਲ ਵੀ ਜਦੋਂ ਅਖਰਾਂ ਵਿਚ ਢਲਦੇ ਹਨ ਤਾਂ ਉਹ ਆਪਣੇ ਆਪ ਨੂੰ ਵੱਧ ਤੋਂ ਵੱਧ ਪਤਲਾ, ਲਚਕੀਲਾ ਅਤੇ ਬੇਰੰਗ ਕਰ ਲੈਂਦੇ ਹਨ ਤਾਂ ਕਿ ਖੌਫ ਦੇ ਪਰਛਾਵੇਂ ਕਵਿਤਾ ਨੂੰ ਕਿਸੇ ਤਰ੍ਹਾਂ ਸਥੂਲ ਹਿੰਸਾ ਦੀ ਵਿਰੋਧੀ ਧਿਰ ਵਜੋਂ ਪਰਭਾਸ਼ਤ ਨਾ ਕਰ ਦੇਣ। ‘ਫਿਲਹਾਲ’ ਵਾਲੇ ਗੁਰਬਚਨ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਵੇਲੇ ਲੇਖ ਛਪਿਆ ਸੀ ‘ਹਿੰਸਾ ਦੀ ਸਿਆਸਤ ਅਤੇ ਸਿਆਸਤ ਦੀ ਹਿੰਸਾ‘ ਜਿਸ ਵਿੱਚ ਉਸ ਨੇ ਇਸ ਨੁਕਤੇ ਨੂੰ ਸਿੱਧ ਕੀਤਾ ਸੀ ਕਿ ਹਿੰਸਾ ਸਿਰਫ ਬੰਬ ਬੰਦੂਕਾਂ ਨਾਲ ਹੀ ਨਹੀਂ ਹੁੰਦੀ ਸਗੋਂ ਵਿਚਾਰਾਂ ਨਾਲ ਵੱਡੀ ਹਿੰਸਾ ਹੁੰਦੀ ਹੈ। ਆਪਣੀ ਕਵਿਤਾ ਸੁਣਾਉਣੀ ਸ਼ੁਰੂ ਕਰਨ ਤੋਂ ਪਹਿਲਾਂ ਨਵਤੇਜ ਭਾਰਤੀ ਵੀ ਹਿੰਸਾ ਬਾਬਤ ਆਪਣੇ ਵਿਚਾਰ ਦਿੰਦਾ ਹੈ ਕਿ ਜਿਥੇ ਸੰਵੇਦਨਾਵਾਂ ਖਤਮ ਹੁੰਦੀਆਂ ਨੇ ਹਿੰਸਾ ਓਥੋਂ ਜਨਮ ਲੈਂਦੀ ਹੈ। ਬਹੁਤ ਹੀ ਸੂਖਮ ਦਾਰਸ਼ਨਿਕ ਸਵਾਲਾਂ ਦੁਆਲੇ ਕਵਿਤਾ ਦਾ ਮੰਡਲ ਉਸਾਰਣ ਵਾਲਾ ਸ਼ਾਇਰ ਨਵਤੇਜ ਭਾਰਤੀ ਜਦੋਂ (ਕਵਿਤਾ ਤੋਂ ਵੱਖਰੇ) ਵਿਚਾਰ ਦਿੰਦਾ ਹੈ ਜਾਂ ਸਵਾਲਾਂ ਦੇ ਉੱਤਰ ਦਿੰਦਾ ਹੈ ਤਾਂ ਉਹ ਵੀ ਇਕ ਹਿੰਸਾ ਦਾ ਪਰਗਟਾਓ ਕਰਦੇ ਹਨ ਜਿਹੜੇ ਉਸ ਹਿੰਸਾ ਨਾਲੋਂ ਵੀ ਸੂਖਮ ਹੈ ਜਿਹੜੀ ਸ਼ਾਇਰ ਸਰੋਤੇ ਜਾਂ ਪਾਠਕ ਸਾਹਮਣੇ ਪੇਸ਼ ਕਰਦਾ ਹੈ। ਸ਼ਾਇਰ ਉਸ ਹਿੰਸਾ ਨੂੰ ਵੀ ਪਛਾਣਦਾ ਹੈ ਜਿਹੜੀ ਪੰਜਾਬ ਦੀ ਸਿਮਰਤੀ ਨੂੰ ਸਿਰਫ ਗੁਰੂ ਨਾਨਕ ਤੱਕ ਸੀਮਤ ਕਰ ਦਿੰਦੀ ਹੈ। ਸ਼ਾਇਰ ਉਸ ਹਿੰਸਾ ਨੂੰ ਵੀ ਪਛਾਣਦਾ ਹੈ ਜਿਹੜੀ ਇਰਾਕ ਯੁੱਧ ਦੌਰਾਨ ਨਵੇਂ ਲਫਜ਼ਾਂ (ਕੁਲੈਕਟਰਲ ਦੈਮਜ਼) ਦੇ ਰੂਪ ਵਿਚ ਪਰਗਟ ਹੁੰਦੀ ਹੈ।ਇਸ ਤਰ੍ਹਾਂ ਦੀ ਸੂਖਮ ਹਿੰਸਾ ਦੀ ਪਛਾਣ ਕਰਨ ਵਾਲਾ ਸ਼ਾਇਰ ਸਰੋਤਿਆਂ ਦੀ ਹਿੰਸਾ ਦਾ ਸ਼ਿਕਾਰ ਵੀ ਹੁੰਦਾ ਹੈ ਜਦੋਂ ਉਹ ਆਪਣੀ ਪੱਧਰ ਉੱਤੇ ਖੜ੍ਹੋ ਕੇ ਉਸ ਤੋਂ ਮੰਗ ਕਰਦੇ ਹਨ ਕਿ ਉਹ ਸਥੂਲ ਹਿੰਸਾ ਨੂੰ ਨਕਾਰੇ ਤਾਂ ਕਿ ਉਸਦੀ ਕਵਿਤਾ ਇਤਿਹਾਸਕਤਾ ਵਾਲੀ ਹੋ ਸਕੇ। ਪਰ ਕੋਈ ਸਮਝਣ-ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਏਡੇ ਸਮਰਥ ਸ਼ਾਇਰ ਦੀ ਕਵਿਤਾ ਟੋਟਿਆਂ ਵਿਚ ਕਿਉਂ ਹੈ? ਇਸ ਤੋਂ ਵੀ ਅੱਗੇ ਉਹ ਆਪਣੀ ਟੋਟਿਆਂ ਰੂਪ ਵਿਚ (ਅਧੂਰੀ) ਲਿਖੀ ਕਵਿਤਾ ਨੂੰ ਸੁਣਾਉਣ ਲਈ ਮਜਬੂਰ ਕਿਉਂ ਹੈ? ਉਹ ਇਸ ਨੂੰ ਇਸ ਰੂਪ ਵਿਚ ਛਾਪਣ ਲਈ ਰਜ਼ਾਮੰਦ ਵੀ ਹੈ।

ਜਿਥੇ ਇਹ ਕਵਿਤਾ ਰਚੀ ਜਾ ਰਹੀ ਹੈ ਓਥੇ ਜੋ ਹਿੰਸਾ ਹੋ ਰਹੀ ਹੈ ਉਸ ਨਾਲ ਸਿਰਫ ਸ਼ਾਇਰ ਹੀ ਬਾਵਾਸਤਾ ਹੈ। ਸ਼ਾਇਰ ਦੇ ਬਿਆਨ ਅਨੁਸਾਰ ‘ਚਾਰ-ਪੰਜ ਸਾਲ ਤੋਂ ਉਹ ਇਸ ਕਵਿਤਾ ਨਾਲ ਜੂਝ ਰਿਹਾ ਹੈ। ਇਹ ਕਵਿਤਾ ਉਸ ਦੀ ਸਮਰਥਾ ਨੂੰ ਜੋਂਹਦੀ ਹੈ। ਯਥਾਰਥ ਧੁੱਸ ਦੇ ਕੇ ਦਾਖਲ ਹੋ ਜਾਂਦਾ ਹੈ।’ ਇਹ ਬਿਆਨ ਆਮ ਲਗਦਾ ਹੈ ਪਰ ਇਹ ਅਜਿਹਾ ਨਹੀਂ ਹੈ। ਜਿਹੜੇ ਇਸ਼ਾਰਿਆਂ ਨੂੰ ਉਹ ਆਪਣੀ ਕਵਿਤਾ ਵਿਚ ਇਤਿਹਾਸ ਦੀ ਗਵਾਹੀ ਵਜੋਂ ਪੇਸ਼ ਕਰਦਾ ਹੈ ਉਹ ਸਹੀ ਹੈ। ਕਵਿਤਾ ਵਿਚ ‘ਕੌਰਵ-ਪਾਂਡਵ ਇਕੱਠੇ ਹੋ ਕੇ ਘਾਹ ਦੇ ਖਿਲਾਫ ਲੜ ਰਹੇ ਹਨ।’ ਘਾਹ ਇਸ ਕਵਿਤਾ ਵਿਚ ਬਹੁਤ ਅਹਿਮ ਹੈ। ਇਸ ਉਪਰ ਸਾਰੇ ਪਾਤਰ ਬੈਠੇ ਹਨ ਇਸ ਦੀ ਮਹਿਮਾ ਅਤੇ ਵਿਆਖਿਆ ਕਰ ਰਹੇ ਹਨ। ਸ਼ਾਇਰ ਦੇ ਲਫਜ਼ਾਂ ਵਿਚ ਪੰਜਾਬ ਦੀ ਮੁੜ ਸਿਮਰਤੀ ਸ਼ੇਖ ਫਰੀਦ ਤੋਂ ਸ਼ੁਰੂ ਹੁੰਦੀ ਹੈ। ਸੇ਼ਖ ਫਰੀਦ ਨਿਰਮਾਣਤਾ ਦਾ ਪ੍ਰਤੀਕ ਹੈ ਅਤੇ ਉਸ ਦੀ ਕਵਿਤਾ ਵਿਚ ਸਾਧਕ ਨੂੰ ਘਾਹ ਹੋਣ ਲਈ ਕਿਹਾ ਗਿਆ ਹੈ। ਨਿਰਮਾਣਤਾ ਦੇ ਇਸ ਰੂਪਕ ਖਿਲਾਫ ਵੀ ਹਿੰਸਾ ਹੋ ਰਹੀ ਹੈ। ਇਸਨੂੰ ਸ਼ਾਇਰ ਮਹਿਸੂਸ ਕਰ ਰਿਹਾ ਹੈ। ਸ਼ਾਇਰ ਦਾ ਇਹ ਮੰਨਣਾ ਵੀ ਠੀਕ ਹੈ ਕਿ ਅਸੀਂ 6-7ਵੀਂ ਸਦੀ ਤੋਂ ਭੁੱਲਣਾ ਸ਼ੁਰੂ ਕੀਤਾ ਹੈ। ਆਪਣੀ ਕਵਿਤਾ ਵਾਂਗ ਉਹ ਇਸ਼ਾਰੇ ਹੀ ਕਰ ਰਿਹਾ ਹੈ ਕਿਉਂਕਿ ਇਹ ਸਮਾਂ ਉਸ ਵੱਡੀ ਹਿੰਸਾ ਦਾ ਹੈ ਜਿਸ ਨੇ ਅਹਿੰਸਾ ਦੇ ਦੂਤ ਬੋਧੀਆਂ ਦਾ ਬਮਿਆਨ ਤੋਂ ਲੈ ਕੇ ਜਗਨਨਾਥ ਪੁਰੀ ਤੱਕ ਦਾ ਉਸ ਤਰ੍ਹਾਂ ਦੀ ਗਿਆਨ ਚਰਚਾ ਦਾ ਸਾਰਾ ‘ਘਾਹ ਮੈਦਾਨ‘ ਉਜਾੜ ਦਿੱਤਾ ਸੀ ਜਿਸ ਤਰ੍ਹਾਂ ਦਾ ਚਰਚਾ ਭੂਤਵਾੜਾ ਕਵਿਤਾ ਦੇ ਪਾਤਰ ਕਰਦੇ ਹਨ। ਲਾਇਬ੍ਰੇਰੀਆਂ ਖੰਡਰਾਤ ਕਰ ਦਿੱਤੀਆਂ ਬੋਧੀ ਸਤੂਪ ਮੰਦਰਾਂ ਵਿਚ ਬਦਲ ਗਏ। ਪਾਲੀ ਬੋਲੀ ਨੂੰ ਮੁੜ ਸੰਸਕ੍ਰਿਤ ਨੇ ਦੱਬ ਲਿਆ।

ਪੰਜਾਬੀ ਸਿਮਰਤੀ ਦੀ ਸ਼ੁਰੂਆਤ

ਸ਼ਾਇਰ ਅਨੁਸਾਰ ਪੰਜਾਬ ਦੀ ਸਿਮਰਤੀ ਦੀ ਮੁੜ ਸ਼ੁਰੂਆਤ ਸੇਖ ਫਰੀਦ ਨਾਲ ਹੋਈ। ਸ਼ਾਇਰ ਆਖਦਾ ਹੈ ਕਿ ਮੈਂ ਕੋਈ ਇਤਿਹਾਸਕਾਰ ਨਹੀਂ ਹਾਂ ਇਸ ਲਈ ਉਸ ਦੇ ਇਸ਼ਾਰਿਆਂ ਦੀ ਵਿਆਖਿਆ ਇਤਿਹਾਸ ਵਿਚੋਂ ਲੱਭਣੀ ਪਵੇਗੀ ਕਿ ਉਹ ਭੁੱਲਣ ਅਤੇ ਮੁੜ ਸਿਮਰਤੀ ਦਾ ਸਮਾਂ ਕਿਹੜਾ ਮੰਨਦਾ ਹੈ। ਸੇ਼ਖ ਫਰੀਦ ਮੁੜ ਸਿਮਰਤੀ ਦਾ ਬਿੰਦੂ ਇਸ ਲਈ ਹੈ ਕਿਉਂਕਿ ਇਸ ਵੇਲੇ ਮੁੜ ਲੋਕਾਂ ਦੀ ਬੋਲੀ ਗਿਆਨ ਚਰਚਾ ਦਾ ਸਾਧਨ ਬਣੀ। ਜਿਸ ਸ਼ਾਇਰ ਦੇ ਅਚੇਤ ਉਪਰ ‘ਗੰਧ‘ ਦੀਆਂ ਦਾਰਸ਼ਨਿਕ ਪਰਤਾਂ ਖੁਲਦੀਆਂ ਹਨ ਜੋ ਭੂਤਵਾੜੇ ਦੀਆਂ ਹਸਤੀਆਂ ਲਾਲੀ, ਕੁਲਵੰਤ ਗਰੇਵਾਲ, ਹਰਿੰਦਰ ਸਿੰਘ ਮਹਿਬੂਬ, ਗੁਰਭਗਤ ਸਿੰਘ, ਨੂਰ,ਪਾਲੀ, ਅਮਰਜੀਤ ਅਤੇ ਸਿਧਾਰਥ ਨੂੰ ਉਹਨਾਂ ਦੀ ਪਰਵਾਜ਼ ਸਮੇਤ ਕਵਿਤਾ ਵਿਚ ਪੇਸ਼ ਕਰਦਾ ਹੈ ਉਸ ਏਡੇ ਸਮਰਥ ਸ਼ਾਇਰ ਨੂੰ ਤਾਂ 6-7ਵੀਂ ਸਦੀ ਦੀ ਹਿੰਸਾ ਦੇ ਇਹ ਪਹਿਲੂ ਵੀ ਅੱਜ ਵਾਂਗ ਨਜ਼ਰ ਆਉਂਦੇ ਹੋਣਗੇ। ਪਰ ਉਹ ਬੀਤੇ ਅਤੇ ਵਰਤਮਾਨ ਵਿਚਲੇ ਇਸ ਵਰਤਾਰੇ ਨੂੰ ਕਿਸੇ ਮਰਯਾਦਾਵਾਨ ਘਰ ਦੀ ਧੀ ਦੇ ਆਪਣੇ ਪਿਆਰ ਨੂੰ ਲੁਕਾਉਣ ਵਾਂਗਰ ਕਵਿਤਾ ਵਿਚ ਟੋਟੇ ਛੱਡ ਕੇ ਸਹਿਜ ਸਿਰਜਣ ਬਣਾ ਦਿੰਦਾ ਹੈ।ਜਿਹੜਾ ਸ਼ਾਇਰ ਘਾਹ ਦੀਆਂ ਪੱਤੀਆਂ ਜਾਂ ਤਿੜਾਂ ਤੇ ਬੈਠੀ ਸੁੰਡੀ ਦੇ ਜਿਕਰ ਨੂੰ ਚੁਰਾਸੀ ਲੱਖ ਜੂਨਾਂ, ਅਨੇਕਾਂ ਬ੍ਰਹਿਮੰਡਾਂ ਅਤੇ ਅਰਬਦ ਨਰਬਦ ਧੰਧੂਕਾਰੇ ਤੋਂ ਪਾਰ ਲੈ ਜਾਂਦਾ ਹੈ ਉਹ ਜਦੋਂ ਪੰਜਾਬ ਦੇ ਵਰਤਮਾਨ ਨਾਲ ਰੂਬਰੂ ਹੁੰਦਾ ਹੈ ਤਾਂ ਉਹ ਕਿਸੇ ਵੀ ਤੈਅ ਨੂੰ ਫਰੋਲਣ ਤੋਂ ਨਿਰਲੇਪ ਹੋ ਜਾਂਦਾ ਹੈ। ਸਿਰਫ ਇਹੀ ਆਖਦਾ ਹੈ ਹਿੰਸਾ ਓਦੋਂ ਸ਼ੁਰੂ ਹੁੰਦੀ ਹੈ ਜਦੋਂ … ਪਰ ਹਿੰਸਾ ਖਤਮ ਕਦੋਂ ਹੁੰਦੀ ਹੈ ਜਾਂ ਕਿਵੇਂ ਹੁੰਦੀ ਹੈ? ਇਸ ਬਾਰੇ ਉਸਦੀ ਗੱਲਬਾਤ ਵਿਚ ਅਤੇ ਕਵਿਤਾ ਵਿਚ ਵੀ ਕੋਈ ਜ਼ਿਕਰ ਨਹੀਂ। ਇਥੋਂ ਤੱਕ ਕਿ ਜਿਹੜੀ ਸਿਮਰਤੀ ਹੜੱਪਾ ਤੱਕ ਫੈਲੀ ਹੋਈ ਹੈ ਉਸ ਵਿਚ ਵੀ ਉਸ ਦੇ ਪੁਰਖਿਆਂ ਦਾ ਕੋਈ ਵੇਰਵਾ ਉਜਾਗਰ ਨਹੀਂ ਹੁੰਦਾ ਕਿ ਉਹਨਾਂ ਨੇ ਕਦੇ ਹਿੰਸਾ ਨੂੰ ਵੀ ਨਜਿੱਠਿਆ ਸੀ। ਇਹ ਆਪਣੀ ਕਿਸਮ ਦੀ ਹਿੰਸਾ ਹੈ ਜਿਹੜੀ ਸਿਮਰਤੀ, ਕਵਿਤਾ ਅਤੇ ਦਲੀਲ ਦੇ ਜਗਤ ਵਿਚ ਹੋ ਰਹੀ ਹੈ।

ਸ਼ਾਇਰ ਇਹ ਕਹਿਕੇ ਕਵਿਤਾ ਸੁਣਾਉਣੀ ਸ਼ੁਰੂ ਕਰਦਾ ਹੈ ਕਿ ਕੋਈ ਕਵਿਤਾ ਵੀ ਸਥਾਨਕਤਾ ਤੋਂ ਬਿਨਾਂ ਨਹੀਂ ਹੁੰਦੀ ਪਰ ਉਸ ਦੀਆਂ ਦਲੀਲਾਂ ਜਿੰਦਗੀ ਦੇ ਵੇਰਵੇ ਨੂੰ ਵੀ ਸਥਾਨਕਤਾ ਤੋਂ ਮੁਕਤ ਕਰਨਾ ਲੋਚਦੀਆਂ ਹਨ ਜਦੋਂ ਉਹ ‘ਗੁਰੂ ਗ੍ਰੰਥ‘ ਦੀ ਥਾਂ ‘ਆਦਿ ਗ੍ਰੰਥ‘ , ‘ਖਾਲਸੇ’ ਦੀ ਥਾਂ ‘ਮਨੁੱਖ’, ‘ਕਕਾਰਾਂ’ ਦੀ ਥਾਂ ‘ਭਾਵ ਜਗਤ’, ਇਤਿਹਾਸ ਦੀ ਥਾਂ ਸੰਕੇਤ, ਧਿਰ ਹੋਣ ਦੀ ਥਾਂ ਨਿਰਲੇਪ ਹੋਣ ਦੀ ਚੋਣ ਕਰਦਾ ਹੈ ਬੇਸ਼ੱਕ ਉਹ ਜਾਣਦਾ ਅਤੇ ਮਹਿਸੂਸ ਕਰਦਾ ਹੈ ਕਿ ਸਥਾਨਕਤਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਹਰ ਚੀਜ਼ ਹਰ ਖਿਆਲ ਨੇ ਕੋਈ ਨਾ ਕੋਈ ਰੂਪ ਲਾਜ਼ਮੀ ਧਾਰਨਾ ਹੁੰਦਾ ਏ। ਹੋ ਸਕਦਾ ਹੈ ਕਿਸੇ ਪਾਠਕ ਨੂੰ ਇਹ ਗੱਲ ਓਪਰੀ ਲੱਗੇ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਆਪੋ ਵਿਚ ਕੀ ਸੰਬੰਧ ਬਣਦਾ ਹੈ ਜਾਂ ਇਹਨਾਂ ਦਾ ਜਿਕਰ ਕਿਉਂ ਕੀਤਾ ਜਾ ਰਿਹਾ ਹੈ? ਇਹ ਅਸਲ ਵਿਚ ਹਿੰਸਾ ਦੇ ਬਹੁਪਰਤੀ ਤਾਣੇ ਬਾਣੇ ਦੀ ਇਕ ਬੁਣ ਹੈ ਕਿ ਕਿਸੇ ਚੀਜ਼ ਦੇ ਮਾਅਨੇ ਬਦਲਣੇ ਜਾਂ ਜਿਕਰ ਵਿਚ ਤਰਤੀਬ ਬਦਲਣ ਨਾਲ ਇਸ ਵਲ ਮੋੜਾ ਦੇਣਾ ਵੱਡੀ ਹਿੰਸਾ ਦਾ ਕਰਮ ਹੈ ਜੋ ਆਮ ਵੇਖਣ ਨੂੰ ਅਹਿੰਸਾ ਦੀ ਬਾਤ ਲਗਦਾ ਹੈ। ਮਿਸਾਲ ਵਜੋਂ ‘ਗੁਰੂ ਗ੍ਰੰਥ‘ ਦੀ ‘ਆਦਿ ਗ੍ਰੰਥ‘ ਦੀ ਵਰਤੋਂ ਆਮ ਅਤੇ ਸਹਿਜ ਲਗਦੀ ਹੈ ਪਰ ਇਸ ਵਿਚ ਵੱਡਾ ਫਰਕ ਹੈ ਇਕ ਤਾਂ ਇਹ ਮਹਲਾ 9 ਦੀ ਬਾਣੀ ਦਾ ਫਰਕ ਹੈ ਦੂਜਾ ਹੈ ਕਿ ‘ਆਦਿ ਗ੍ਰੰਥ‘ ਦੀ ਵਰਤੋਂ ਗੁਰੂ ਗ੍ਰੰਥ ਦੇ ‘ਗੁਰੂਤਵ‘ ਨੂੰ ਅੱਖੋਂ ਓਝਲ ਕਰਦੀ ਹੈ। ਖਾਲਸੇ ਲਈ ਗੁਰੂ ਦੇ ਅੰਤਮ ਹੁਕਮਾਂ ਨੂੰ ਵੀ ਸਿਮਰਤੀ ਦੇ ਘੇਰੇ ਵਿਚੋਂ ਬਾਹਰ ਕਰਦੀ ਹੈ। ਇਹ ਕੋਈ ਸਿਰਫ ਸ਼ਾਇਰ ਨਵਤੇਜ ਭਾਰਤੀ ਦੀ ਗੱਲ ਨਹੀਂ ਹੈ ਜੇ ਇਹ ਹੁੰਦਾ ਤਾਂ ਸਿਰਫ ਨਿੱਜੀ ਮਸਲਾ ਮੰਨਿਆ ਜਾ ਸਕਦਾ ਸੀ ਪਰ ਇਥੇ ਕਾਫੀ ਵੱਡੀ ਗਿਣਤੀ ਅਜਿਹੇ ਵਿਦਵਾਨਾਂ ਦੀ ਹੈ ਜੋ ‘ਆਦਿ ਗ੍ਰੰਥ‘ ਆਖਦੇ ਹਨ ਤਾਂ ਇਹ ਪੈਂਤੜਾ ਅਪਣਾਉਂਦੇ ਹਨ ਜਿਹੜਾ ਉਸ ਸਮੇਂ ਅਤੇ ਕਾਰਜ ਨੂੰ ਮਨਫੀ ਕਰਦਾ ਹੈ ਜੋ ਗੁਰੂ ਗੋਬਿੰਦ ਸਿੰਘ ਦੇ ਅੰਤਮ ਦਹਾਕੇ ਦਾ ਹੈ। ਇਹ ਗਰੰਥ ਦੇ ਗੁਰੂਤਵ ਅਤੇ ਖਾਲਸੇ ਦੀ ਹਸਤੀ ਨੂੰ ਕਦੇ ਅਛੋਪਲੇ ਜਿਹੇ ਕਦੇ ਸਿੱਧੇ ਰੂਪ ਨਕਾਰਦਾ ਹੈ। ਇਹ ਪਹੁੰਚ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਤੋਂ ਨਿਖੇੜਦੀ ਹੈ। ਇਸ ਕਰਕੇ ਚਿੰਤਕ ਭਾਰਤੀ ਵੀ ਪੰਜ ਕਕਾਰੀ ਖਾਲਸਾ ਦੀ ਹੋਂਦ ਬਾਰੇ ਚੁੱਪ ਹੈ। ਸਵਾਲ ਜਵਾਬ ਕਵਿਤਾ ਦੀ ਪਿਠਭੂਮੀ ਵਿਚ ਪਈਆਂ ਮਾਨਤਾਵਾਂ ਨੂੰ ਪਰਗਟ ਕਰਦੇ ਹਨ ਕਿ ਜੋ ਗੱਲ ਗੁਰਬਚਨ ਅਤੇ ਕਰਮਜੀਤ ਸਿੰਘ ਜਾਨਣਾ ਚਾਹੁੰਦੇ ਹਨ ਉਹ ਕਿਹੜੇ ਕਾਰਨਾਂ ਨਾਲ ਉਲਝੀ ਹੋਈ ਹੈ।

ਹਿੰਸਾ ਦਾ ਮਧੋਲਿਆ ਹਾਸਾ


‘ਜਦੀਦ ਪਿੰਡ ਦੀ ਮਾਂ‘ ਕਵਿਤਾ ਜਿਹੜੀ ਫਲਸਤੀਨ ਵਿਚ ਟੈਕਾਂ ਨਾਲ ਢਾਹੇ ਗਏ ਪਿੰਡ ਵਿਚ ਆਪਣੇ ਘਰ ਦੇ ਮਲਬੇ ਤੇ ਖੜ੍ਹ ਕੇ ਆਪਣੇ ਬੱਚੇ ਦਾ ਫਿਸਿਆ ਖਿਡੌਣਾ ਚੁੱਕ ਕੇ ਕੁੱਲ ਆਲਮ ਨੂੰ ਪੁੱਛਦੀ ਹੈ ਕਿ ਕੀ ਕੋਈ ਹੈ ਜਿਹੜਾ ਵੇਖੇ ਸਾਡੇ ਨਾਲ ਕੀ ਹੋਇਆ ਹੈ? ਇਸ ਵਿਅੰਗਮਈ ਕਵਿਤਾ ਦਾ ਮੈਂ ਪਾਤਰ ਕਹਿੰਦਾ ਹੈ ਕਿ ਜੋ ਟੀ.ਵੀ. ਉਪਰ ਵਿਖਾਇਆ ਗਿਆ ਮੈਂ ਕੁਝ ਨਹੀਂ ਵੇਖਿਆ। ਮਨੁੱਖ ਦੀ ਬੁਜ਼ਦਿਲੀ/ਬੇਬਸੀ ਨੂੰ ਪੇਸ਼ ਕਰਦੀ ਕਵਿਤਾ ਸੁਣਾ ਕੇ ਸ਼ਾਇਰ ਹੱਸ ਪਿਆ ਅਤੇ ਸਰੋਤੇ ਵੀ। ਮੈਨੂੰ ਭੂਤਵਾੜਾ ਕਵਿਤਾ ਦਾ ਓਹੋ ਹਿੱਸਾ ਚੇਤੇ ਆ ਗਿਆ ਜਿਥੇ ਇਕ ਪਾਤਰ ਦੂਜੇ ਨੂੰ ਪੁਛਦਾ ਹੈ ਕਿ ਮੇਰੇ ਪਿੰਡ ਦਾ ਬੰਤੂ ਅਮਲੀ ਦਾਣੇ ਚੁਗਦੇ ਕੁਕੜਾਂ ਦੇ ਪੈਰਾਂ ਵਿਚ ਅੰਗਾਰੇ ਖਿਲਾਰ ਦਿੰਦਾ ਸੀ ਉਹਨਾਂ ਨੂੰ ਤੜਪਦੇ ਵੇਖ ਹਸਦਾ ਹਸਦਾ ਰੋਣ ਲੱਗ ਪੈਂਦਾ ਸੀ। ਇਹ ਪਾਤਰ ਇਹ ਵੀ ਪੁਛਦਾ ਹੈ ਕਿ ਮੈਂ ਬਚਪਨ ਵਿਚ ਗੰਡੋਏ ਉਪਰ ਲੂਣ ਭੁੱਕ ਦਿੱਤਾ ਸੀ ਉਸਨੂੰ ਤੜਪਦਿਆਂ ਮਰਦਿਆਂ ਵੇਖ ਖੁਸ਼ ਕਿਉਂ ਹੋਇਆ ਸੀ। ਜਦੋਂ ਦਰਦ ਪੇਸ਼ ਕਰਨ ਵਾਲੀ ਕਵਿਤਾ ਉਪਰ (ਇਕ ਪਾਸੇ ਖਾਲਸਤਾਨ ਦੇ ਐਨ ਉਲਟ ਖੜ੍ਹਾ ਨਵਤੇਜ ਭਾਰਤੀ, ਦੂਜੇ ਪਾਸੇ ਖਾਲਸਤਾਨ ਦੇ ਹੱਕ ਵਿਚ ਖੜ੍ਹਾ ਅਜਮੇਰ ਸਿੰਘ ਅਤੇ ਵਿਚ-ਵਿਚਾਲੇ ਵਾਲਾ ਗੁਰਬਚਨ) ਸਾਰੇ ਹੱਸ ਪਏ ਤਾਂ ਮੈਂਨੂੰ ਉਸ ਪਾਤਰ ਦਾ (ਗੰਡੋਏ ਅਤੇ ਕੁਕੜਾਂ ਨੂੰ ਤੰਗ ਕਰਕੇ ਸਵਾਦ ਲੈਣ ਵਾਲਾ) ਸਵਾਲ ਤੰਗ ਕਰਨ ਲੱਗਾ ਕਿ ਇਹ ਹੱਸ ਕਿਉਂ ਪਏ? ਦਿਮਾਗ ਤੇ ਕੁਝ ਜ਼ੋਰ ਪਾਉਣ ਨਾਲ ਇਸ ਸਵਾਲ ਦਾ ਜਵਾਬ ਸਾਹਮਣੇ ਆਉਣ ਲੱਗਾ ਕਿ ਮਨੁੱਖ ਇੰਝ ਕਿਉਂ ਕਰਦਾ ਹੈ? ਕੁਝ ਸਮਾਂ ਪਹਿਲਾਂ ਸ.ਅਜਮੇਰ ਸਿੰਘ ਨੇ ਦੱਸਿਆ ਸੀ ਕਿ ਅਮਰੀਕਾ ਫੇਰੀ ਦੌਰਾਨ ਉਸ ਦਾ ਕਿਸੇ ਯੂਰਪੀਅਨ ਵਿਦਵਾਨ ਨਾਲ ਵਾਹ ਪਿਆ ਜੋ ਸਿੱਖਾਂ ਬਾਰੇ ਜਾਣਦਾ ਸੀ ਉਸ ਨੇ ਪੁਛਿਆ ਕਿ ਪੰਜਾਬ ਦੇ ਕੀ ਹਾਲਾਤ ਹਨ? ‘ਹੁਣ ਸ਼ਾਂਤੀ ਹੈ’ ਕਹਿਣ ਤੇ ਉਸ ਨੇ ਕਾਹਲੀ ਨਾਲ ਪੁਛਿਆ ਕੀ ਸਿੱਖਾਂ ਦੀ ਹਥਿਆਰਬੰਦ ਲੜਾਈ ਸਫਲ ਹੋ ਗਈ? ਨਾਂਹ ਵਿਚ ਉਤਰ ਮਿਲਣ ਤੇ ਉਸ ਨੇ ਪੁਛਿਆ ਕਿ ਫਿਰ ਤੇਰਾ ਸ਼ਾਂਤੀ ਤੋਂ ਕੀ ਭਾਵ ਹੈ? ਇਸ ਮੁਲਾਕਾਤ ਦੇ ਅਖੀਰ ਵਿਚ ਉਸ ਨੇ ਪੁਛਿਆ ਕਿ ਕੀ ਤੁਸੀਂ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਲਗਾਤਾਰ ਹਾਰਾਂ ਨਾਲ ਕਿਸੇ ਕੌਮ ਦੀ ਸਾਂਝੀ ਮਨੋਦਸ਼ਾ ਤੇ ਕੀ ਅਸਰ ਪੈਂਦਾ ਹੈ? ਇਸ ਦੇ ਨਾਲ ਹੀ ਹਰਿੰਦਰ ਸਿੰਘ ਮਹਿਬੂਬ ਦੀ ਟਿੱਪਣੀ ਯਾਦ ਆਉਂਦੀ ਹੈ ਕਿ ‘ਤੁਸੀਂ ਵੇਖੋ ਪੰਜਾਬ ਵਿਚ ਖੇਡ ਮੇਲਿਆਂ ਅਤੇ ਗਾਉਣ ਵਾਲਿਆਂ ਦਾ ਜ਼ੋਰ ਹੋ ਗਿਐ। ਜੇ ਕੋਈ ਸੱਥਰ ਤੇ ਗਾਉਣ ਜਾਂ ਖੇਡਣ ਲੱਗ ਪਵੇ ਤਾਂ ਇਹ ਮੈਡਨੈੱਸ ਹੁੰਦੀ ਏ । ਪੂਰਾ ਪੰਜਾਬ ਇਸ ਵੇਲੇ ਕੁਲੈਕਟਿਵ ਰੂਪ ਵਿਚ ਬਹੁਤ ਵੱਡੇ ਸਦਮੇ ਵਿਚ ਐ।’ ਸ਼ਾਹ ਮੁਹੰਮਦ ਹਾਰੇ ਹੋਏ ਸਿੱਖ ਫੌਜੀਆਂ ਦੀ ਮਨੋ ਦਸ਼ਾ ਪੇਸ਼ ਕਰਦਾ ਹੈ ਕਿ ‘ਜੀਭਾਂ ਹੋਠਾਂ ਥੀ ਖੋਲ ਵਿਖਾਂਵਦੇ ਨੀ’ ਭਾਵ ਸ਼ਰਮਿੰਦਗੀ ਨਾਲ ਹੱਸਦੇ ਹਨ।

ਮਹਿਫਲ ਵਿਚਲੇ ਮਾਹੌਲ ਅਤੇ ਇਹਨਾਂ ਗੱਲਾਂ ਦੇ ਮੇਲ ਤੋਂ ਇਹ ਨਤੀਜਾ ਕੱਢਦਾ ਹਾਂ ਕਿ ਮਨੁੱਖ ਖੁਸ਼ੀ ਨਾਲ ਹੀ ਨਹੀਂ ਸਗੋਂ ਸ਼ਰਮਿੰਦਗੀ ਅਤੇ ਦੁਖ ਨਾਲ ਵੀ ਹਸਦਾ ਹੈ ਪਰ ਇਹ ਹਾਲਤ ਸਹਿਜ ਸਧਾਰਨ ਨਹੀਂ ਹੁੰਦੀ ਸਗੋਂ ਗੈਰ-ਸਧਾਰਨ ਹੁੰਦੀ ਹੈ। ਕਵਿਤਾ ਸਦਾ ਗੈਰ ਸਧਾਰਨ ਨੂੰ ਹੀ ਪੇਸ਼ ਕਰਦੀ ਹੈ। ਉਹਨਾਂ ਅਰਥਾਂ ਨੂੰ ਪੇਸ਼ ਕਰਦੀ ਹੈ ਜਿਹੜੇ ਸੁਚੇਤ ਸਥੂਲ ਜਗਤ ਵਿਚ ਭੁਲ਼ਾ ਦਿੱਤੇ ਗਏ ਹੁੰਦੇ ਨੇ ਜਾਂ ਖਤਮ ਕਰ ਦਿੱਤੇ ਜਾਂਦੇ ਨੇ ਪਰ ਅਚੇਤ ਮਨ ਵਿਚ ਸੂਖਮ ਰੂਪ ਵਿਚ ਕਿਤੇ ਪਏ ਹੁੰਦੇ ਨੇ। ਜਦੋਂ ਅਚੇਤ ਰੂਪ ਵਿਚ ਕਵਿਤਾ ਰਚੀ ਜਾਂਦੀ ਏ ਤਾਂ ਉਹ ਸਧਾਰਨ ਬੁੱਧੀ ਦੇ ਵਿਚਾਰ ਤੋਂ ਵੱਖਰਾ ਰੂਪ ਧਾਰਨ ਕਰਦੇ ਨੇ । ਸਥਾਨਕਤਾ, ਸਿਮਰਤੀ ਬਾਰੇ ਉਸ ਦੀਆਂ ਮਾਨਤਾਵਾਂ ਅਤੇ ਕਵਿਤਾ ਵਿਚਲੀਆਂ ਸਭਿਆਚਰਕ ਨਿਸ਼ਾਨਦੇਹੀਆਂ ਦੱਸਦੀਆਂ ਹਨ ਕਵਿਤਾ ਓਧਰ ਨੂੰ ਖਿਚ ਰਹੀ ਹੈ ਜਿਧਰੋਂ ਉਹ ਦਲੀਲ ਰੂਪ ਵਿਚ ਮਨ੍ਹਾਂ ਕਰਦਾ ਹੈ। ਜੇ ਇਸ ਨੂੰ ਕਟਦਾ ਹੈ ਤਾਂ ਇਹ ਕਵਿਤਾ ਨਹੀਂ ਰਹਿੰਦੀ ਜੇ ਰਖਦਾ ਹੈ ਤਾਂ ਉਸ ਦੀ ਸਮਰਥਾ ਤੋਂ ਉਪਰ ਦੀ ਲੰਘਦੀ ਹੈ। ਸ਼ਾਇਦ ਇਸੇ ਗੱਲ ਨੂੰ ਸ਼ਾਇਰ ਮਹਿਸੂਸ ਕਰਦਿਆਂ ਆਖਦਾ ਹੈ ਕਿ ‘ਕਈ ਰਚਨਾਵਾਂ ਤੁਹਾਥੋਂ ਵੱਡੀਆਂ ਹੁੰਦੀਆਂ ਨੇ, ਤੁਹਾਨੂੰ ਜੋਂਹਦੀਆਂ ਨੇ… ਇਸ ਕਵਿਤਾ ਵਿਚ ਯਥਾਰਥ ਧੁੱਸ ਦੇ ਕੇ ਆ ਵੜ੍ਹਦਾ ਹੈ ਇਹ ਤੈਅ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿਹੜਾ ਹਿੱਸਾ ਰਖਣਾ ਹੈ ਕਿਹੜਾ ਛੱਡਣਾ ਹੈ। ਇਹੋ ਕਵਿਤਾ ਦੇ ਕਵਿਤਾ ਹੋਣ ਦੀ ਪ੍ਰਮਾਣਿਕਤਾ ਹੈ।

Post a Comment

0 Comments
Post a Comment (0)
To Top