Pages

Showing posts with label ਕੌਮ ਦੀ ਮੌਜ਼ੂਦਾ ਸਥਿਤੀ. Show all posts
Showing posts with label ਕੌਮ ਦੀ ਮੌਜ਼ੂਦਾ ਸਥਿਤੀ. Show all posts

ਚਿੰਦਬਰਮ ਜੀ ਨੇੜਿਓ ਨਜ਼ਰ ਜ਼ਰੂਰ ਰੱਖੋ ਪਰ ਐਨਕਾਂ ਬਦਲ ਕੇ -ਜਸਪਾਲ ਸਿੰਘ ਹੇਰਾਂ

ਦੇਸ਼ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਚੰਡੀਗੜ੍ਹ ਚ ਉਤਰੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ਚ ਕਿਹਾ ਹੈ ਕਿ ਕੇਂਦਰ, ਪੰਜਾਬ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਨਜ਼ਰ ਪੰਜਾਬ ਚ ਵੱਸਦੇ ਸਿੱਖਾਂ ਦੀ ਜਾਗਦੀ ਜ਼ਮੀਰ, ਕੌਮੀ ਸਵੈਮਾਣ ਦੀ ਭਾਵਨਾ, ਸਿੱਖੀ ਲਈ ਮਰ ਮਿਟਣ ਦੇ ਜ਼ਜਬੇ ਤੇ ਰੱਖੀ ਜਾ ਰਹੀ ਹੈ ਜਾਂ ਫਿਰ ਸਿੱਖੀ ਦੀ ਹੋਂਦ ਅਤੇ ਸਿੱਖਾਂ ਚ ਸਿੱਖੀ ਭਾਵਨਾ ਦੇ ਖ਼ਾਤਮੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਸਫ਼ਲਤਾਂ ਤੇ ਰੱਖੀ ਜਾ ਰਹੀ ਹੈ। ਦੇਸ਼ ਦੀ ਬਹੁਗਿਣਤੀ ਜਿਸ ਦਾ ਦੇਸ਼ ਦੇ ਗ੍ਰਹਿ ਮੰਤਰੀ ਵੀ ਹਿੱਸਾ ਹਨ, ਪੰਜਾਬ ਚ ਵਾਰ ਵਾਰ ਅੱਤਵਾਦਦਾ ਰੌਲਾ ਪਾ ਰਹੀ ਹੈ, ਜਦੋਂ ਕਿ ਸਿੱਖ ਹਮੇਸ਼ਾ ਜੀਓ ਅਤੇ ਜਿਓਣ ਦਿਓਦੀ ਸੋਚ ਦੇ ਪਹਿਰੇਦਾਰ ਰਹੇ ਹਨ। ਪ੍ਰੰਤੂ ਦੇਸ਼ ਦੀ ਬਹੁਗਿਣਤੀ ਸਿੱਖਾਂ ਨੂੰ ਹਲਾਲਵੀ ਕਰੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰੌਲਾ ਪਾਉਣ ਦੀ ਆਗਿਆ ਵੀ ਨਹੀਂ ਦਿੰਦੀ। ਗ੍ਰਹਿ ਮੰਤਰੀ ਨੇ ਇਹ ਤਾਂ ਆਖ਼ ਦਿੱਤਾ ਕਿ ਕੇਂਦਰ, ਪੰਜਾਬ ਤੇ ਨੇੜਿਓਂ ਨਜ਼ਰ ਰੱਖ ਰਿਹਾ, ਪਰ ਇਹ ਨਹੀਂ ਦੱਸਿਆ ਕਿ ਪੰਜਾਬ ਚ ਗੁੱਸੇ, ਰੋਹ, ਰੋਸ ਤੇ ਬਗਾਵਤ ਦੀ ਚਿੰਗਾਰੀ ਆਖ਼ਰ ਸੁਲਗ ਕਿਉਂ ਰਹੀ ਹੈ? ਸਿੱਖਾਂ ਦੇ ਮਨਾਂ ਚ ਇਸ ਦੇਸ਼ ਚ ਰਹਿੰਦਿਆਂ ਬੇਗਾਨਗੀਦੀ ਭਾਵਨਾਂ ਕਿਉਂ ਬਣੀ ਹੋਈ ਹੈ? ਸਿੱਖਾਂ ਦੇ ਮਨਾਂ ਨੂੰ ਜਿੱਤਣ ਲਈ ਕੇਂਦਰ ਸਰਕਾਰ ਤੇ ਦੇਸ਼ ਦੀ ਬਹੁਗਿਣਤੀ ਕਿਉਂ ਕਦਮ ਨਹੀਂ ਚੁੱਕਦੀਆਂ? ਉਲਟਾ ਸਿੱਖਾਂ ਨੂੰ ਦਬਾਉਣ ਦਾ ਹਰ ਯਤਨ ਕੀਤਾ ਜਾਂਦਾ ਹੈ, ਸਿੱਖਾਂ ਨਾਲ ਵਿਤਕਰੇਬਾਜ਼ੀ ਸਿਖ਼ਰਾਂ ਤੇ ਹੈ। ਗ੍ਰਹਿ ਮੰਤਰੀ, ਕਾਂਗਰਸ ਦੇ ਵੱਡੇ ਆਗੂ ਵੀ ਹਨ, ਉਨ੍ਹਾਂ ਨੇ ਇਹ ਸਾਫ਼ ਕਿਉਂ ਨਹੀਂ ਕੀਤਾ ਕਿ ਆਖ਼ਰ ਸਿੱਖਾਂ ਵੱਲੋਂ ਆਪਣੀ ਕੌਮ ਦੇ ਸ਼ਹੀਦਾਂ ਦੀ ਯਾਦਗਾਰ, ਬਣਾਉਣ ਨਾਲ ਕਿਹੜਾ ਅਸਮਾਨ ਥੱਲੇ ਡਿੱਗ ਪਵੇਗਾ? ਜਿਹੜੇ ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ, ਸਰਹੱਦਾਂ ਦੀ ਸੁਰੱਖਿਆ ਲਈ 80 ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ, ਇਸ ਭੁੱਖੇ ਦੇਸ਼ ਦਾ ਢਿੱਡ ਭਰਨ ਲਈ 80 ਫ਼ੀਸਦੀ ਅੰਨ ਨਾਲ ਕੇਂਦਰੀ ਭੰਡਾਰ ਭਰਿਆ ਹੈ, ਆਖ਼ਰ ਉਹ ਸਿੱਖ ਹੁਣ ਅੱਤਵਾਦੀ ਤੇ ਵੱਖਵਾਦੀਕਿਵੇਂ ਬਣ ਗਏ ਹਨ। ਜਦੋਂ ਤੱਕ ਦੇਸ਼ ਦੇ ਹਾਕਮ ਆਪਣੀ ਨੀਅਤ ਤੇ ਨੀਤੀ ਨੂੰ ਸਿੱਖਾਂ ਪ੍ਰਤੀ ਸਾਫ਼ ਨਹੀਂ ਕਰਦੇ, ਉਦੋਂ ਤੱਕ ਦੋਵਾਂ ਧਿਰਾਂ ਚ ਬੇ-ਭਰੋਸਗੀ ਬਣੀ ਰਹੇਗੀ। ਸਿੱਖਾਂ ਲਈ ਦੇਸ਼ ਦੀ ਬਹੁਗਿਣਤੀ ਜਿਹੜੀ ਉਨ੍ਹਾਂ ਦੀ ਹੋਂਦ ਨੂੰ ਹੜੱਪਣ ਲਈ ਕਾਹਲੀ ਹੈ, ਅੱਤਵਾਦੀ ਬਣੀ ਰਹੇਗੀ ਅਤੇ ਦੇਸ਼ ਦੀ ਬਹੁਗਿਣਤੀ ਲਈ ਜ਼ੋਰ-ਜਬਰ ਤੇ ਜ਼ੁਲਮ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਸਿੱਖ ਅੱਤਵਾਦੀਬਣੇ ਰਹਿਣਗੇ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਸਰਕਾਰ ਨੂੰ ਪੰਜਾਬ ਨੂੰ ਨੇੜਿਓਂ ਜ਼ਰੂਰ ਵੇਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਇਹ ਵੀ ਪਤਾ ਲੱਗ ਸਕੇ ਕਿ ਇਸ ਸੂਬੇ ਤੋਂ ਉਸਦਾ ਪਾਣੀ ਖੋਹਿਆ ਜਾ ਰਿਹਾ ਹੈ, ਸੂਬਾ ਮਾਰੂਥਲ ਬਣਨ ਵੱਲ ਵਧ ਰਿਹਾ ਹੈ, ਸੂਬੇ ਦੀ ਧਰਤੀ ਤੇ ਸੂਬੇ ਦੇ ਲੋਕਾਂ ਨੂੰ ਉਜਾੜ ਕੇ ਬਣਾਏ ਬਿਜਲੀਘਰ, ਪੰਜਾਬ ਤੋਂ ਖੋਹ ਲਏ ਗਏ ਹਨ, ਸੂਬੇ ਦੀ ਆਪਣੀ ਰਾਜਧਾਨੀ ਨਹੀਂ ਹੈ, ਸੂਬਾ ਤੇ ਸੂਬੇ ਦੇ ਕਿਸਾਨ ਕਰਜ਼ੇ ਥੱਲੇ ਦਮ ਤੋੜ ਰਹੇ ਹਨ, ਸੂਬੇ ਚੋ ਜਾਣ ਬੁੱਝ ਕੇ ਸੱਨਅਤਾਂ ਭਜਾ ਦਿੱਤੀਆਂ ਗਈਆਂ ਹਨ, ਵਾਰ-ਵਾਰ ‘‘ਅੱਤਵਾਦ ਆ ਗਿਆ ਅੱਤਵਾਦ ਆ ਗਿਆ’’ ਦਾ ਰੌਲਾ ਪਾ ਕੇ, ਸੂਬੇ ਦੇ ਵਿਕਾਸ ਨੂੰ ਪੱਕੀਆਂ ਬਰੇਕਾਂ ਲਾਈਆਂ ਜਾ ਚੁੱਕੀਆਂ ਹਨ, ਸੂਬੇ ਦੀ ਜੁਆਨੀ ਨੂੰ ਤਬਾਹ ਕਰਨ ਲਈ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਦਿੱਤਾ ਗਿਆ ਹੈ, ਪੰਜਾਬ ਚ ਸਿੱਖਾਂ ਨੂੰ ਘੱਟ ਗਿਣਤੀ ਚ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਤੇ ਹੱਲਾ ਬੋਲਿਆ ਹੋਇਆ ਹੈ, ਸਿੱਖੀ ਦੇ ਖ਼ਾਤਮੇ ਲਈ ਡੇਰਾਵਾਦ ਫ਼ੈਲਾਇਆ ਜਾ ਰਿਹਾ ਹੈ, ਆਖਰ ਇਹ ਬੰਬ ਜਿਹੜੇ ਕੇਂਦਰ ਸਰਕਾਰ ਤੇ ਦੇਸ਼ ਦੀ ਬਹੁਗਿਣਤੀ ਨੇ ਪੰਜਾਬ ਚ ਫਿੱਟ ਕੀਤੇ ਹੋਏ ਹਨ, ਇਨ੍ਹਾਂ ਦੀ ਮਾਰ ਥੱਲੇ ਕਿਸਨੇ ਆਉਣਾ ਹੈ? ਸਿੱਖਾਂ ਦੀ ਤਬਾਹੀ ਦਾ ਹਰ ਮਸੌਦਾਤਿਆਰ ਕਰੀ ਬੈਠੇ ਲੋਕ, ਉਲਟਾ ਸਿੱਖਾਂ ਤੇ ਇਜ਼ਲਾਮ ਲਾ ਰਹੇ ਹਨ, ਇਸ ਤੋਂ ਚਲਾਕ ਤੇ ਮਾਰੂ ਸੋਚ ਭਲਾ ਹੋਰ ਕੀ ਹੋ ਸਕਦੀ ਹੈ? ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ, ਇਹ ਭਗਤੀ ਦੇ ਮਾਰਗ ਵਾਲੀ ਕੌਮ ਹੈ, ਪ੍ਰੰਤੂ ਸਮਰੱਥਾਹੀਨ ਭਗਤੀਨੂੰ ਪਾਖੰਡ ਵੀ ਮੰਨਦੀ ਹੈ, ਇਸ ਲਈ ਬੇਇਨਸਾਫ਼ੀ ਧੱਕੇਸ਼ਾਹੀ ਜ਼ੋਰ-ਜਬਰ ਤੇ ਜ਼ੁਲਮ ਸਹਿਣਾ ਤੇ ਕਰਨਾ ਇਕੋ ਜਿਹਾ ਗੁਨਾਹ ਮੰਨਦੀ ਹੈ। ਜੇ ਦੇਸ਼ ਦੀ ਬਹੁਗਿਣਤੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਨਾ ਸਿੱਖ ਲਵੇ, ਪੰਜਾਬ ਤੇ ਸਿੱਖਾਂ ਨੂੰ ਖਤਮ ਕਰਨ ਦੀ ਆਪਣੀ ਜਾਨੂੰਨੀ ਤੇ ਗੰਦੀ ਸੋਚ ਦਾ ਤਿਆਗ ਕਰ ਦੇਵੇ, ਫਿਰ ਉਸਨੂੰ ਪੰਜਾਬ ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਨਹੀਂ ਰਹੇਗੀ।
ਲੇਖਕ ਰੋਜ਼ਾਨਾ 'ਪਹਿਰੇਦਾਰ' ਦੇ ਮੁੱਖ ਸੰਪਾਦਕ ਹਨ

ਨਵੀਂ ਐਲਬਮ ‘ਐ ਭਾਰਤ’ - ਬੇਖੌਫ਼ ਅਤੇ ਊਸਾਰੂ ਸੋਚ ਦੇ ਮਾਲਕ ਰਾਜ ਕਾਕੜਾ ਦੀ ਕਲਮ ਅਤੇ ਗਾਇਕੀ ਨੂੰ ਸਲਾਮ

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਿਰਤਾਂ ਪਾਉਣ ਵਾਲੇ ਰਾਜ ਕਾਕੜਾ ਦੀ ਨਵੀਂ ਐਲਬਮ ‘‘ਐ ਭਾਰਤ' ' ਨੂੰ ਸੁਣਕੇ ਉਸਦੀ ਕਲਮ ਨੂੰ ਸਲਾਮ ਕਰਨ ਨੂੰ ਵੀ ਜੀਅ ਕਰਦਾ ਹੈ, ਉਸਦੀ ਇਸ ਉਸਾਰੂ ਗਾਇਕੀ ਦੀ ਹਿੰਮਤ ਨੂੰ ਦਾਦ ਵੀ ਦੇਣੀ ਬਣਦੀ ਹੈ, ਕਿਉਂਕਿ ਜਿਸ ਤਰਾਂ ਰਾਜ ਕਾਕੜੇ ਨੇ ਆਪਣੀ ਲੇਖਣੀ ਰਾਹੀਂ ਸਿੱਖ ਕੌਮ, ਪੰਜਾਬੀਅਤ ਅਤੇ ਆਮ ਆਦਮੀ ਦੇ ਸੰਤਾਪ ਨੂੰ ਚਿਤਰਿਆ ਹੈ, ਉਹ ਕਿਸੇ ਵਿਰਲੇ ਅਤੇ ਸਮੱਰਥ ਕਲਮਕਾਰ ਦੇ ਹਿੱਸੇ ਆਉਣ ਵਾਲੀ ਹੀ ਗੱਲ ਹੈ ਅਤੇ ਰਾਜ ਕਾਕੜਾ ਦੀ ਗਾਇਕੀ ਵਿੱਚੋਂ ਜੋ ਇੱਕ ਪੁਖਤਾ ਗਾਇਕ ਦਾ ਝਲਕਾਰਾ ਪੈਂਦਾ ਹੈ, ਉਹ ਪੈਸੇ ਦੇ ਜੋਰ 'ਤੇ ਅੱਜਕੱਲ ਦੇ ਮੂੰਹ ਸਿਰ ਮੁਨਾਅ ਕੇ ਟੱਪੂਸੀਆਂ ਮਾਰਦੇ ਗਾਇਕਾਂ ਦੇ ਵੱਸ ਦਾ ਰੋਗ ਨਹੀਂ ਹੈ। ਕੁੜੀਆਂ ਦੇ ਲੱਕ ਮਿਣੂ ਅੱਜਕੱਲ ਦੇ ਗਾਇਕਾਂ ਲਈ ਨਸੀਅਤ ਭਰੀ ‘ਸਪੀਡ ਰਿਕਾਰਡਜ਼' ਦੀ ਪੇਸਕਸ਼ ਇਸ ਐਲਬਮ ਵਿੱਚ ਕੁੱਲ 12 ਗੀਤ ਹਨ, ਜਿਸ ਨੂੰ ਸੰਗੀਤਕਾਰ ਅਨੂ ਮਨੂ ਨੇ ਆਪਣੇ ਸੰਗੀਤ ਨਾਲ ਸੰਵਾਰਿਆ ਹੈ। ਇਸ ਐਲਬਮ ਦੇ ਪਹਿਲੇ ਅਤੇ ਟਾਇਟਲ ਗੀਤ ‘ਐ ਭਾਰਤ' ਵਿੱਚ ਦਿੱਲੀ ਦੇ ਤਖਤ ਨੂੰ ਮਿਹਣਾ ਮਾਰਦਾ ਹੋਇਆ ਗੀਤਕਾਰ ਕਹਿ ਰਿਹਾ ਹੈ ਕਿ ‘ਐ ਭਾਰਤ ਤੂੰ ਉਹ ਭਾਰਤ ਨਹੀਂ ਹੈ, ਜਿਸ ਭਾਰਤ ਲਈ ਅਸੀਂ ਹੱਸ ਹੱਸ ਫਾਂਸੀਆਂ ਦੇ ਰੱਸੇ ਚੁੰਮੇ ਸਨ, ਦੇਗਾਂ 'ਚ ਉਬਾਲੇ ਖਾਧੇ ਸਨ, ਸਿਰ 'ਤੇ ਕੱਫਣ ਬੰਨ ਕੇ ਮੁਗਲਾਂ ਨਾਲ ਲੜਾਈਆਂ ਕੀਤੀਆਂ ਸਨ। ਜਦੋਂ ਕਲਮਕਾਰ ਇਸ ਗੀਤ ਰਾਹੀਂ ਸਵਾਲ ਕਰਦਾ ਹੈ ਕਿ ਕੀ ਸਿੱਖ ਸਰਦਾਰਾਂ ਨੂੰ ਚੁਣ ਚੁਣ ਮਾਰਨ ਦੇ ਹੁਕਮ ਦੇਣੇ, ਸਮੇਂ ਦੀਆਂ ਸਰਕਾਰਾਂ ਨੂੰ ਸ਼ੋਭਾ ਦਿੰਦੇ ਹਨ? ਤਾਂ ਇਸ ਮਿਹਣੇਰੂਪੀ ਗੀਤ ਦਾ ਜਵਾਬ ਸਾਇਦ ਦਿੱਲੀ ਤਖਤ ਦਾ ਕੋਈ ਵੀ ਹੁਕਮਰਾਨ ਨਹੀਂ ਦੇ ਸਕਦਾ। ਇਸ ਗੀਤ ਰਾਹੀਂ ਉਹ ਕਮਾਦਾਂ ਦੇ ਖੇਤਾਂ ਵਿੱਚ ਹੋਏ ਝੂਠੇ ਪੁਲਸ ਮੁਕਾਬਲਿਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਨਾਲ ਨਾਲ ਜ਼ੇਲਾਂ ਵਿੱਚ ਨੌਜਵਾਨਾਂ ਦੀ ਇੱਕ ਪੂਰੀ ਪੀੜੀ ਰੁਲ ਜਾਣ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਇਹ ਸਭ ਕੁਝ ਉਸੇ ਭਾਰਤ ਵਿੱਚ ਹੋਇਆ ਹੈ, ਜਿਸ ਭਾਰਤ ਲਈ ਅਸੀਂ ਸੌ ਵਿਚੋਂ ਅੱਸੀ ਸ਼ਹੀਦ ਹੋਏ ਹਾਂ। ਇਸ ਤੋਂ ਵੀ ਅੱਗੇ ਖੂਨ ਨਾਲ ਲਿਬੜੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ਼੍ਰੀ ਅਕਾਲ ਤਖਤ ਸਹਿਬ 'ਤੇ ਵਰਦੇ ਤੋਪਾਂ ਦੇ ਗੋਲਿਆਂ ਨੂੰ ਯਾਦ ਕਰਦਾ ਹੋਇਆ ਗੀਤਕਾਰ ਇਸ ਭਾਰਤ ਵਿੱਚ ਕੋਈ ਅਪੀਲ, ਦਲੀਲ ਜਾਂ ਵਕੀਲ ਦੀ ਗੱਲ ਨਾ ਸੁਣਨ ਦਾ ਵੀ ਮਿਹਣਾ ਮਾਰਦਾ ਹੈ। ਇਸ ਗੀਤ ਰਾਹੀਂ ਪੰਜਾਬ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਨੂੰ ਸੌੜੀ ਰਾਜਨੀਤੀ ਛੱਡ ਕੇ ਸੋਚਣ ਦੀ ਵੀ ਅਪੀਲ ਕਰਦਾ ਹੈ। ਅਗਲੇ ਗੀਤ ‘ਲਾਰੀ' ਵਿੱਚ ਗਦਰੀ ਬਾਬਿਆਂ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਕੌਮੀ ਪਰਵਾਨਿਆਂ ਦੀ ਗੱਲ ਕਰਦਾ ਹੋਇਆ ਗੀਤਕਾਰ ਹੋਕਾ ਦੇ ਰਿਹਾ ਹੈ ਕਿ ‘ਬਹਿ ਜੋ ਬੇਲਿਓ! ਲਾਰੀ ਚੱਲੀ ਐ ਸ਼ਹਿਰ ਨੂੰ'। ਇਸ ਤੋਂ ਅਗਲੇ ਗੀਤ ‘ਜੀਭ ਤੋਤਲੀ' ਵਿੱਚ ਅੱਜਕੱਲ ਮਾਪਿਆਂ ਦੀ ਸੇਵਾ ਤੋਂ ਬੇਮੁੱਖ ਹੋਈ ਨਵੀਂ ਪੀੜੀ ਨੂੰ ਨਿਹੋਰਾ ਮਾਰਨ ਦਾ ਯਤਨ ਕਰਦਿਆਂ ਕਿਹਾ ਗਿਆ ਹੈ ਕਿ ਬਾਪੂ ਦੇ ਬੂਟਾਂ ਲਈ ਕਿਉਂ ਜੇਬ ਖਾਲੀ ਹੋ ਜਾਂਦੀ ਹੈ ਅਤੇ ਬੇਬੇ ਦੀਆਂ ਐਨਕਾਂ ਲਈ ਦਫ਼ਤਰੋਂ ਛੁੱਟੀ ਕਿਉਂ ਨਹੀਂ ਲਈ ਜਾ ਸਕਦੀ। ਤੋਤਲੀ ਜਬਾਨ ਨਾਲ ਬਹਿਸ ਕਰਕੇ ਕੋਈ ਮਾਂ ਨਾਲੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਚੌਥੇ ਗਾਣੇ ‘ਲਾਲੀਪੋਪ' ਵਿਚ ਅਖੌਤੀ ਲੋਕਤੰਤਰ ਦੀਆਂ ਧਜੀਆਂ ਉਡਾਉਂਦਿਆਂ ਕਿਹਾ ਹੈ ਕਿ ‘ਇਹ ਲੋਲੀਪੋਪ ਆਜ਼ਾਦੀ ਦਾ, ਏਹਨੂੰ ਚੂਪੀ ਜਾਹ, ਨਾਲੇ ਚੱਬੀ ਜਾਹ, ਇਹ ਗਣਤੰਤਰ ਦੀ ਹੱਡੀ ਐ, ਇਹਦੇ ਤੋਂ ਮਾਸ ਨਾ ਲੱਭੀ ਜਾਹ'। ਇਸ ਗੀਤ ਵਿੱਚ ਮੁੱਲ ਵਿਕਦੀਆਂ ਵੋਟਾਂ, ਸੰਵਿਧਾਨ ਦਾ ਸਹੀ ਅਰਥਾਂ 'ਚ ਲਾਗੂ ਨਾ ਹੋਣਾ, ਵੰਡ ਦੇ ਨੁਕਸਾਨ, ਟੂ-ਜੀ ਘਪਲੇ, ਤਿਰੰਗੇ ਦੇ ਨਾਮ 'ਤੇ ਮੱਚਦੀ ਲੁੱਟ ਅਤੇ ਲੋਕਾਂ ਸਿਰ ਪੈਂਦੀ ਕੁੱਟ ਦਾ ਜਿਕਰ ਕਰਦਿਆਂ ਵੀ ਗੀਤਕਾਰ ਨਿਰਾਸ਼ਾਵਾਦੀ ਨਹੀਂ ਹੁੰਦਾ, ਸਗੋਂ ਦਸ਼ਮੇਸ਼ ਪਿਤਾ ਦੇ ਫੁਰਮਾਨ ਮੁਤਾਬਿਕ ਲੋੜ ਪਈ ਤੋਂ ਖੰਡਾ ਹੱਥ ਵਿੱਚ ਫੜ ਲੈਣ ਦੇ ਸੰਘਰਸ਼ੀ ਰਾਹ ਨੂੰ ਚੁਣਨ ਦਾ ਹੋਕਾ ਦੇ ਰਿਹਾ ਹੈ। ਅਗਲੇ ਗੀਤ ‘ਮੇਰਾ ਪਿੰਡ' ਵਿੱਚ ਪੰਜਾਬ ਦੀਆਂ ਐਕਵਾਇਰ ਹੋ ਰਹੀਆਂ ਜ਼ਮੀਨਾਂ ਦੀ ਗੱਲ ਕਰਦਿਆਂ ਬੜਾ ਖੂਬਸੂਰਤ ਚਿਤਰਣ ਕਰਦਾ ਗੀਤਕਾਰ ਕਈ ਟਾਟਿਆਂ ਅਤੇ ਅੰਬਾਨੀਆਂ ਦੇ ਪਿੰਡ ਦੇ ਚੁੱਲਿਆਂ ਤੱਕ ਅਪੜਨ ਦਾ ਜ਼ਿਕਰ ਕਰਦਾ ਹੈ। ਪੰਜਾਬ ਦੇ ਖੇਤਾਂ ਵਿੱਚ ‘ਮਾਲ' ਬਣਨ ਤੋਂ ਲੈ ਕੇ ਪਿੰਡਾਂ ਦੇ ਛੱਪੜਾਂ ਦੇ ਸਵੀਮਿੰਗ ਪੂਲਾਂ 'ਚ ਬਦਲਣ ਤੋਂ ਇਲਾਵਾ ਹੋਟਲਾਂ, ਪੱਬਾਂ ਅਤੇ ਅੰਗਰੇਜ਼ੀ ਸਕੂਲਾਂ ਲਈ ਵਰਤੀ ਜਾ ਰਹੀ ਪੰਜਾਬ ਦੀ ਉਪਜਾਊ ਧਰਤੀ ਦੀ ਜਿਕਰ ਕਰਦਿਆਂ ਉਹ ਇਥੋਂ ਤੱਕ ਕਹਿ ਉਠਦਾ ਹੈ ਕਿ ਹੁਣ ਤਾਂ ਐਡਵਾਇਰ ਰੂਪੀ ਵਿਉਪਾਰੀ ਪੂਰੇ ਦੇ ਪੂਰੇ ਪਿੰਡ ਹੀ ਖਰੀਦਣ ਤੁਰ ਪਏ ਹਨ, ਰੱਬ ਖੈਰ ਕਰੇ। ‘ਪਤੰਗਾਂ' ਗੀਤ ਰਾਹੀਂ ਗੀਤਕਾਰ ਕਹਿ ਰਿਹਾ ਹੈ ਕਿ ਹੁਣ ਸੜਕਾਂ 'ਤੇ ਬੇਰੁਜਗਾਰ ਧੱਕੇ ਖਾਂਦੇ ਫਿਰਦੇ ਹਨ, ਲੋਕਾਂ ਨੂੰ ਮੰਗਾਂ ਮੰਨਵਾਉਣ ਲਈ ਟੈਂਕੀਆਂ 'ਤੇ ਚੜ ਕੇ ਅੱਗਾਂ ਤੱਕ ਲਾਉਣੀਆਂ ਪੈ ਰਹੀਆਂ ਹਨ ਅਤੇ ਮਾਂ ਬੋਲੀ ਬੋਲਣ ਲਈ ਮਨਜੂਰੀਆਂ ਲੈਣੀਆਂ ਪੈਂਦੀਆਂ ਹਨ। ਇਸ ਲਈ ਉਹ ਦੁਨੀਆਂ ਤੋਂ ਬਚਕੇ ਚੱਲਣ ਦੀ ਸਲਾਹ ਦਿੰਦਾ ਹੋਇਆ ਸੰਘਰਸ਼ ਕਰਨ ਲਈ ਹੋਕਾ ਦਿੰਦਾ ਨਿਹੋਰਾ ਵੀ ਮਾਰਦਾ ਹੈ ਕਿ ਜਦੋਂ ਹਥਿਆਰ ਚੁੱਕਣ ਦੀ ਲੋੜ ਆ ਬਣੇ ਤਾਂ ਵੰਗਾਂ ਪਾਕੇ ਬੈਠਣ ਵਾਲੇ ਨੂੰ ‘ਸਰਦਾਰ' ਕਹਾਉਣ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਅਗਲੇ ਗੀਤ ‘ਜ਼ੁਰਮ ਦਾ ਇਕਬਾਲ ਕਰਦੇ ਹਾਂ' ਵਿੱਚ ਸੜਕ 'ਤੇ ਰੋੜੀ ਕੁੱਟਦਾ ਮਜਦੂਰ ਅਤੇ ਰੋਟੀ ਲਈ ਵਿਲਕਦਾ ਬਚਪਨ, ਰੋਜਗਾਰ ਮੰਗਦੇ ਲੋਕਾਂ 'ਤੇ ਖੜਕਦੇ ਡੰਡੇ ਅਤੇ ਰੋਂਦੇ ਕਿਰਸਾਨ ਦੀ ਗੱਲ ਕਰਦਾ ਉਹ ਚੌਰਾਸੀ 'ਚ ਹੋਏ ਕਤਲੇਆਮ ਦੇ ਸਬੂਤ ਮੁੱਦਤਾਂ ਤੱਕ ਨਾ ਮਿਲਣ ਅਤੇ ਅਜੇ ਤੱਕ ਸਿਰਫ ਪੜਤਾਲਾਂ ਚੱਲੀ ਜਾਣ ਦੇ ਸੰਦਰਭ ਵਿੱਚ ਆਪਣੇ ਲੋਕਾਂ ਲਈ ਕਿਸੇ ਦਾ ਮੁਰਜਮ ਬਣ ਜਾਣਾ ਹੀ ਉਚਿਤ ਦੱਸਦਾ ਹੈ, ਕਿਉਂਕਿ ਸ਼ਹੀਦਾਂ ਦੇ ਕੱਫਣਾਂ 'ਚੋਂ ਕਮਿਸ਼ਨ ਖਾਣ ਵਾਲਿਆਂ ਨਾਲੋਂ ਉਹ ਮੁਜਰਿਮ ਵੀ ਹਜਾਰਾਂ ਗੁਣੇ ਚੰਗੇ ਹਨ। ਅਲਗੋਜਿਆਂ ਦੀ ਬਾਮਿਸਾਲ ਵਰਤੋਂ ਕਰਕੇ ਗਾਏ ਗਏ ਗੀਤ ‘ਦੁੱਧ ਮਲਾਈਆਂ' ਗੀਤ ਰਾਹੀਂ ਕੱਬਡੀ ਅਤੇ ਪਹਿਲਵਾਨੀ ਵਰਗੀਆਂ ਖੇਡਾਂ ਰਾਹੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਵਰਜਦਿਆਂ ਜੱਗਾ, ਦੁੱਲਾ, ਗਾਮਾ, ਦਾਰਾ ਅਤੇ ਰੁਸਤਮੇਂ ਹਿੰਦ ਕਰਤਾਰ ਸਿੰਘ ਵਰਗੇ ਨਾਇਕਾਂ ਦੀ ਰੀਸ ਕਰਨ ਦਾ ਹੋਕਾ ਦਿੱਤਾ ਹੈ। ‘ਆਲਣੇ' ਗੀਤ ਵਿੱਚ ਵਿਦੇਸੀਂ ਬੈਠੇ ਪੰਜਾਬ ਦੇ ਜਾਇਆਂ ਦੀ ਬਣੀ ਕਾਲੀ ਸੂਚੀ ਦੇ ਸੰਤਾਪ ਨੂੰ ਬਾਖੂਬੀ ਚਿੱਤਵਦਿਆਂ ‘ਮੇਰੀ ਕੌਮ 'ਤੇ ਭੀੜਾਂ ਬਾਹਲੀਆਂ ਨੇ, ਬਣ ਗਈਆਂ ਸੂਚੀਆਂ ਕਾਲੀਆਂ ਨੇ' ਇੱਕ ਵੇਦਨਾ ਭਰੀ ਰਚਨਾ ਹੈ, ਜਿਸ ਵਿੱਚ ਮੈਡਲਾਂ ਅਤੇ ਫੀਤੀਆਂ ਲਈ ਆਪਣਿਆਂ ਹੱਥੋਂ ਆਪਣੇ ਹੀ ਕਤਲ ਕੀਤੇ ਜਾਣ ਅਤੇ ਮਾਂ ਬਾਪ, ਭੈਣ ਭਰਾਵਾਂ ਦੇ ਵਿਛੋੜੇ ਦਾ ਜਿਕਰ ਹੈ। ਇਸ ਤੋਂ ਅਗਲੇ ਗੀਤ ‘ਤਲਵਾਰ' ਰਾਹੀਂ ਨਵੰਬਰ ਚੌਰਾਸੀ ਦੇ ਦੁਖਾਂਤ ਨੂੰ ਬਾਖੂਬੀ ਰੂਪਮਾਨ ਕੀਤਾ ਗਿਆ ਹੈ, ਜਿਸ ਵਿੱਚ ਨਸ਼ਲਕੁਸੀ ਦੀ ਸਾਜਿਸ਼, ਕਾਤਲਾਂ ਨੂੰ ਵਜੀਰੀਆਂ ਨਾਲ ਨਿਵਾਜਣ, ਲਾਸ਼ਾਂ 'ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਵੱਲੋਂ ਸਨਮਾਨ ਵੇਚੇ ਜਾਣ ਤੱਕ ਦਾ ਨਕਸ਼ਾ ਖਿਚਿਆ ਗਿਆ ਹੈ। ਇਸ ਗੀਤ ਰਾਹੀਂ ਸਿੱਖ ਕੌਮ ਦੇ ਯਤੀਮ ਹੋ ਜਾਣ ਦਾ ਜ਼ਿਕਰ ਕਰਦਿਆਂ ‘ਸ਼ੇਰ ਏ ਪੰਜਾਬ' ਨੂੰ ਦੁਬਾਰਾ ਪੈਦਾ ਹੋਣ ਦਾ ਵਾਸਤਾ ਪਾਇਆ ਗਿਆ ਹੈ। ਅਗਲੇ ਗੀਤ ‘ਬਾਪੂ' ਵਿੱਚ ਮਿਲਾਵਟੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਕਿਰਸਾਨੀ ਸਿਰ ਚੜੇ ਭਾਰੇ ਕਰਜੇ ਦੀ ਮਾਰ ਹੇਠ ਆ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਜਿਕਰ ਕਰਦਿਆਂ ਇਹ ਸਵਾਲ ਉਠਾਇਆ ਗਿਆ ਹੈ ਕਿ ਆਸ ਅਤੇ ਸਲਫਾਸ਼ ਵਿੱਚਲਾ ਅੰਤਰ ਅਤੇ ਸਰਾਬ ਅਤੇ ਸਪਰੇਆਂ ਪੀਣ੍ਯ ਦਾ ਰੁਝਾਨ ਆਖਰ ਕਿਥੇ ਜਾ ਕੇ ਰੁਕੇਗਾ? ਅਖੀਰਲੇ ਗੀਤ ‘ਰੂਹ' ਰਾਹੀਂ ਹਰ ਚੀਜ਼ ਵਿਚ ਹੋ ਰਹੀ ਮਿਲਾਵਟ ਅਤੇ ਵਧ ਰਹੀਆਂ ਕਾਲੋਨੀਆਂ ਨਾਲ ਬੰਜਰ ਅਤੇ ਪ੍ਰਦੂਸਿਤ ਹੋ ਰਹੇ ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਾਜ ਕਾਕੜੇ ਦੀ ਇਹ ਐਲਬਮ ਜਿਥੇ ਕੋਰੀਓਗਰਾਫੀਆਂ ਰਾਹੀਂ ਰੰਗਮੰਚ ਦਾ ਸਿੰਗਾਰ ਬਣਨ ਦੀ ਕਾਬਲੀਅਤ ਰੱਖਦੀ ਹੈ, ਉਥੇ ਨਵੀਂ ਪੀੜੀ ਦੇ ਸਹੁਜ ਸੁਆਦ ਮੁਤਾਬਿਕ ਮਿਊਜਿਕ, ਬੀਟ ਅਤੇ ਤਿਆਰ ਕੀਤੀਆਂ ਤਰਜ਼ਾਂ ਕਰਕੇ ਇਸ ਐਲਬਮ ਦੇ ਕਈ ਗਾਣੇ ਮੋਬਾਇਲ ਫੋਨਾਂ ਦੀਆਂ ਰਿੰਗ ਟੋਨਾਂ ਵੀ ਜਰੂਰ ਬਣਨਗੇ। ਰਾਜ ਕਾਕੜੇ ਨੇ ਇਸ ਐਲਬਮ ਰਾਹੀਂ ਬਾਬੇ ਨਾਨਕ ਦੇ ‘ਰਾਜੇ ਸੀਂਹ ਮੁੱਕਦਮ ਕੁੱਤੇ' ਵਾਲੇ ਫਲਸਫੇ 'ਤੇ ਚਲਦਿਆਂ ਉਹ ਜੁਰਅਤ ਕੀਤੀ ਹੈ, ਜੋ ਅੱਜ ਕੱਲ ਦੇ ਸਿੱਖ ਆਗੂਆਂ ਅਤੇ ਸਿੱਖ ਸੰਤਾਂ ਅਤੇ ਪ੍ਰਚਾਰਕਾਂ ਵਿੱਚ ਨਹੀਂ ਦਿਸ ਰਹੀ। ਇਸ ਲਈ ਜਾਗਰੂਕ ਪੰਜਾਬੀਆਂ ਨੂੰ ਰਾਜ ਕਾਕੜੇ ਦੀ ਇਸ ਜੁਰਅਤ ਭਰੀ ਐਲਬਮ ਲਈ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ।

ਖ਼ਾਲਿਸਤਾਨੀ ਸੰਘਰਸ਼ ਦਾ ਇਕ ਲੇਖਾ ਇਹ ਵੀ

ਬਠਿੰਡੇ ਜ਼ਿਲੇ ਦੇ ਇਕ ਪਿੰਡ (ਮਹਿਮੇ) ਵਿਚ ਅਸੀਂ ਸ਼ਹੀਦ ਪਰਿਵਾਰ ਦੀ ਮਦਦ ਲਈ ਗਏ। ਵਾਢੀਆਂ ਦੇ ਦਿਨ ਸਨ। ਪਿੰਡ (ਓਥੇ ਨੇੜੇ-ਨੇੜੇ ਮਹਿਮਾ ਨਾਂ ਦੇ ਪੰਜ ਪਿੰਡ ਹਨ) ਲਭਦੇ ਲਭਦੇ ਅਸੀਂ ਢਲੀ ਦੁਪਹਿਰ ਮਜ਼ਦੂਰ ਬਸਤੀ ਵਿਚ ਉਹਨਾਂ ਦੇ ਘਰ ਪਹੁੰਚੇ। ਘਰ ਦੀ ਮਾਲਕਣ ਦਿਹਾੜੀ ਤੇ ਕਣਕ ਵੱਢਣ ਗਈ ਹੋਈ ਸੀ। ਘਰ ਇਕ ਮੁਟਿਆਰ ਕੁੜੀ ਤੇ ਦੋ ਬੱਚੇ ਸਨ। ਆਂਢ-ਗੁਆਂਢ ਓਪਰੇ ਬੰਦੇ ਵੇਖ ਕੇ ਡਰ ਅਤੇ ਹੈਰਾਨੀ ਨਾਲ ਭਰ ਗਿਆ। ਘਰ ਦੀ ਮਾਲਕਣ ਦੇ ਆਉਣ ਤੱਕ ਕੋਈ ਬਾਹਰ ਨਹੀਂ ਆਇਆ। ਜਦੋਂ ਅਸੀਂ ਉਸ ਬੀਬੀ ਨਾਲ ਰਸਮੀ ਬੋਲਾਂ ਮਗਰੋਂ ਆਪਣੇ ਆਉਣ ਦਾ ਮਕਸਦ ਦਸਦਿਆਂ ਕਿਹਾ ਕਿ ਅਸੀਂ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਠਾ ਕਰ ਰਹੇ ਹਾਂ ਤਾਂ ਉਸ ਨੇ ਕੁਰਖਤ ਲਹਿਜੇ ਵਿਚ ਆਪਣੇ ਘਰ ਵਾਲੇ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ”ਮਰ ਗਿਆ ਆਵਦੇ ਮਾੜੇ ਕਰਮੀਂ, ਵੱਡਾ ਗੁਰੂ ਗਬਿੰਦ ਸਿਉਂ ਬਣਦਾ ਸੀ। ਇਹ ਜੁਆਕ ਕਾਸ ਨੂੰ ਜੰਮੇ ਸੀ ਜੇ ਅਹੇ ਜੇ ਕੰਮ ਕਰਨੇ ਸੀ, ਆਵਦੇ ਜੁਆਕ ਮੇਰੀ ਜਾਨ ਖਾਣ ਨੂੰ ਕਿਉਂ ਛੱਡ ਗਿਆ”। 10-15 ਮਿੰਟ ਉਸ ਨੇ ਜੀਅ ਭਰ ਕੇ ਆਪਣੇ ਘਰ ਵਾਲੇ ਨੂੰ, ਸਕੇ ਸੰਬਧੀਆਂ ਨੂੰ, ਸਾਨੂੰ ਤੇ ਲਹਿਰ ਵਾਲਿਆਂ ਨੂੰ ਵੀ ਬੁਰਾ ਭਲਾ ਕਿਹਾ। ਮੇਰੇ ਨਾਲ ਗਏ ਵਿਦਿਆਰਥੀ ਸੁੰਨ ਹੋ ਗਏ। ਉਹ ਚੰਗੇ ਭਲੇ ਘਰਾਂ ਤੋਂ ਸਨ, ਬਿਨਾਂ ਕਿਸੇ ਇਹੋ ਜਿਹੀ ਵਿਰਾਸਤ ਦੇ ਅਤੇ ਉਹਨਾਂ ਨੂੰ ਨਵਾਂ ਨਵਾਂ ਪੰਥ ਵਾਲਾ ਪਾਹ ਲੱਗਿਆ ਸੀ। ਆਂਢ ਗੁਆਂਢ ਨੇ ਜਾਣਨ-ਵੇਖਣ ਲਈ ਕੰਧਾਂ-ਕੋਠਿਆਂ ਤੋਂ ਵੇਖਣ ਕੁ ਜੋਗਰੇ ਸਿਰ ਕੱਢੇ ਹੋਏ ਸਨ। ਅਸੀਂ ਉਸ ਨਾਲ ਬਹੁਤ ਅਰਾਮ ਨਾਲ ਹੌਲੀ ਹੌਲੀ ਸਾਰੀਆਂ ਗੱਲਾਂ ਕੀਤੀਆਂ, ਹੌਸਲਾ ਦਿੱਤਾ, ਜੋ ਹੋਰਾਂ ਨਾਲ ਹੋਇਆ ਬੀਤਿਆ, ਉਸ ਦਾ ਵੀ ਹਾਲ ਸੁਣਾਇਆ। ਆਪਣੇ ਨਾਲ ਆਏ ਨੌਜਵਾਨਾਂ ਦੀ ਪੜ੍ਹਾਈ ਅਤੇ ਥਾਂ ਟਿਕਾਣਿਆਂ ਬਾਰੇ ਦੱਸਿਆ। ਆਪਣੇ ਆਉਣ ਦਾ ਮਕਸਦ (ਦੁਹਰਾਇਆ ਕਿ ) ਸ਼ਹੀਦਾਂ ਬਾਰੇ ਜਾਣਕਾਰੀ ਕੱਠੀ ਕਰਨੀ ਐ, ਤਾਂ ਕਿ ਅਗਲੀਆਂ ਨਸਲਾਂ ਉਹਨਾਂ ਨੂੰ ਜਾਣ ਸਕਣ, ਯਾਦ ਕਰ ਸਕਣ। ਕੁਝ ਸਮੇਂ ਬਾਅਦ ਗੱਲਾਂ ਸੁਣਦਿਆਂ ਉਸ ਦਾ ਗੱਚ ਭਰ ਆਇਆ, ਅੱਖਾਂ ਵਿਚੋਂ ਹੰਝੂ ਧਾਰਾਂ ਬਣ ਕੇ ਵਹਿ ਤੁਰੇ। ਉਸ ਨੇ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੱਥਾਂ ਵਿਚ ਚੁੰਨੀ ਲੈ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ”ਤੁਸੀਂ ਧਰਤੀ ਤੇ ਪਹਿਲੇ ਬੰਦੇ ਓਂ। ਪਹਿਲੀ ਵਾਰ ਕਿਸੇ ਨੇ ਏਨੇ ਸਾਲਾਂ ਵਿਚ ਉਹਨੂੰ ਸਹੀ ਕ੍ਹਿਐ। ਅਗਲਿਆਂ ਨੇ ਮੇਰੀ ਧੀ ਛੱਡਤੀ ਅਖੇ ਅਤਿਵਾਦੀ ਦੀ ਕੁੜੀ ਐ। ਕਿਸੇ ਨੇ ਧਰਤੀ ਦੀ ਕੰਡ ਤੇ ਇਕ ਵਾਰੀ ਵੀ ਉਹਨੂੰ ਸਹੀ ਨ੍ਹੀ ਕ੍ਹਿਆ। (ਢਿੱਡ ਨੂੰ ਹੱਥ ਲਾ ਕੇ) ਅੰਦਰ ਗੁੰਮਾ ਬਣਿਆ ਪਿਐ, ਕਾਲਜਾ ਪਾਟਦੈ ਵੀਰਾ। ਜਿਹੜੇ ਕੰਮ ਨੂੰ ਬੰਦਾ ਮਰਜੇ ਉਹਦੇ ਖਾਤੇ ਚ ਉਹਦਾ ਨਾਂ ਤਾਂ ਪੈਣਾ ਚਾਹੀਦੈ”। 
ਉਸ ਦੇ ਦਰਦ ਭਿੱਜੇ ਬੋਲਾਂ ਨੇ ਸਾਡੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਸਾਡੇ ਉੱਤੇ ਮਣਾਂ ਮੂੰਹੀ ਬੋਝ ਲੱਦ ਦਿੱਤਾ ਕਿ ਆਖਰ ਓਹਦੇ ਦੁੱਖਾਂ ਦਾ ਪਾਰਾਵਾਰ ਕੀ ਸੀ : ਦਲਿਤ ਹੋਣਾ, ਗਰੀਬੀ, ਰੰਡੇਪਾ ਜਾਂ ਜੁਆਨ ਜਹਾਨ ਧੀ ਦਾ ਰਿਸ਼ਤਾ ਛੁੱਟਣਾ? ਇਹਨਾਂ ਦੁੱਖਾਂ ਨਾਲੋਂ ਇਹ ਹੋਰ ਵੱਡਾ ਦੁੱਖ ਸੀ : ਨਾਂ ਦਾ ਲਕਬਹੀਣ ਹੋਣਾ, ਪ੍ਰਵਾਨਗੀ ਦਾ ਵਿਗੋਚਾ ਕਿ ਜਿਹੜੇ ਕੰਮ ਲਈ ਬੰਦਾ ਮਰਜੇ ਉਹ ਖਾਤੇ ਵਿਚ ਨਾਂ ਤਾਂ ਪੈਣਾ ਚਾਹੀਦੈ’। 
ਇਸੇ ਦਰਦ ਦਾ ਗੁੰਮਾ ਉਹਦੇ ਅੰਦਰ ਬਣਿਆ ਸੀ। ਅੱਧਾ-ਪੌਣਾ ਘੰਟਾ ਪਹਿਲਾਂ ਅਸੀਂ ਉਹਨਾਂ ਲਈ ਪੁਲਸ ਨਾਲੋਂ ਵੀ ਭਿਆਨਕ ਹੋਣੀ ਦੇ ਦੂਤ, ਦੁੱਖ ਦੇਣੀ ਦੁਨੀਆ ਦਾ ਹਿੱਸਾ ਸਾਂ। ਅਸੀਂ ਕੌਣ ਸਾਂ, ਕਿਥਂ ਆਏ ਸੀ, ਕਿਉਂ ਆਏ ਸੀ, ਕੁਝ ਲਫਜ਼ਾਂ ਦੀ ਸਾਂਝ ਮਗਰੋਂ ਸਿਰਫ ਸਾਡੀਆਂ ਗੱਲਾਂ ਉਪਰ ਯਕੀਨ ਕਰਕੇ, ਸਾਡੇ ਅੱਗੇ ਉਸ ਨੇ ਆਪਣੇ ਮਨ ਦਾ ਵਰ੍ਹਿਆਂ ਦਾ ਭਾਰ ਹੌਲਾ ਕੀਤਾ ਅਤੇ ਆਪਣਾ ਦਿਲ ਖੋਹਲ ਦਿੱਤਾ। ਮੁੜਨ ਵੇਲੇ ਉਹਦੇ ਚਿਹਰੇ, ਹੱਥਾਂ ਦੇ ਜੁੜਨ ਦੇ ਤਰੀਕੇ ਅਤੇ ਬੋਲਾਂ ਵਿਚ ਏਨੀ ਨਿਮਰਤਾ, ਖਿਮਾ-ਜਾਚਨਾ ਤੇ ਮੋਹ ਸੀ ਕਿ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਏ। ਉਸ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ, ”ਵੀਰਾ ਅਸੀਂ ਅਣਪੜ੍ਹ, ਗਰੀਬ, ਭੁੱਲ ਹੋ ਗਈ ਥੋਨੂੰ ਰੁਖਾ ਬੋਲਿਆ ਗਿਆ, ਤੁਸੀਂ ਤਾਂ ਸਾਡਾ ਭਲਾ ਕਰਨ ਆਏ ਸੀ”।
 ਸਾਡੇ ਸਮਾਜ ਵਿਚ ਦਲਿਤ ਗਰੀਬ ਔਰਤ ਦਾ ਭਰ ਜੁਆਨੀ ਵਿਚ ਵਿਧਵਾ ਹੋ ਕੇ ਬੱਚੇ ਪਾਲਣਾ ਕਿੰਨਾ ਔਖਾ ਹੈ, ਇਹ ਬਿਆਨ ਕਰਨਾ ਵੀ ਮੁਹਾਲ ਏ। ਇਸ ਤੋਂ ਉਪਰ ਉਹ ਘਾਟ ਕਿੰਨਾ ਔਖਾ ਕਰਦੀ ਹੈ ਕਿ ਜਿਸ ਮੌਤੇ ਸਿਰ ਦਾ ਸਾਈਂ ਮਰ ਗਿਆ ਏ ਉਹਨੂੰ ਉਹ ਨਾਂ ਵੀ ਨਾ ਮਿਲੇ ਸਗੋਂ ਉਲਟਾ ਮਿਹਣਾ ਮਿਲੇ। ਆਖਰ ਕੋਈ ਤਾਂ ਆ ਕੇ ਉਸ ਦੀ ਮਾਨਤਾ ਦਾ ਐਲਾਨ ਕਰੇ, ਚਾਹੇ ਉਹ ਕੋਈ ਅਣਜਾਣ ਪਰੇਦਸੀ ਕਿਉਂ ਨਾ ਹੋਵੇ। ਇਹ ਵਰਤਾਰਾ ਅਸਲ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਵਿਚ ਅਜੇ ਵੀ ਖਾੜਕੂ ਲਹਿਰ ਦੀ ਮਾਨਤਾ ਦਾ ਕਿੰਨਾ ਵੱਡਾ ਵਿਗੋਚਾ ਹੈ। ਕੁਝ ਸਮੇਂ ਬਾਅਦ ਜਦ ਅਸੀਂ ਉਹਨਾਂ ਦੀ ਧੀ ਦੇ ਵਿਆਹ ਤੇ ਗਏ ਤਾਂ ਸਾਰੇ ਕੋੜਮੇ ਕਬੀਲੇ ਅਤੇ ਰਿਸ਼ਤੇਦਾਰਾਂ ਨੇ ਏਨਾ ਸਤਿਕਾਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਭਾਵਨਾ ਸਾਹਮਣੇ ਸਾਨੂੰ ਆਪਣਾ ਆਪ ਹੌਲਾ ਜਾਪਣ ਲੱਗ ਪਿਆ।
-ਸੇਵਕ ਸਿੰਘ

ਸਿੱਖ ਕੌਮ ਜਿਊਂਦੀ ਵੀ ਹੈ ਤੇ ਜਾਗਦੀ ਵੀ

ਪਿਛਲੇ ਸਾਲ ਮਈ ਵਿੱਚ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹੰਦ ਦੇ ਜਾਲਮ ਹਾਕਮਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਸਜ਼ਾ ਦੇ ਕੇ ਖਾਲਸਾ ਰਾਜ ਦੀ ਸਿਰਜਣਾ ਕਰਨ ਦੀ ਸ਼ਤਾਬਦੀ ਦੇ ਸਮਾਗਮ ਸ਼ੋਮ੍ਰਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਵੱਲੋਂ ਕਰਵਾਏ ਗਏ ਸਨ। ਇਨ੍ਹਾਂ ਸਮਾਗਮਾਂ ਵਿੱਚ ਚੱਪੜਚਿੜੀ ਅਤੇ ਫਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਪੁਰਖਿਆਂ ਵੱਲੋਂ ਇਤਿਹਾਸ ਵਿੱਚ ਜੋੜੇ ਸਨੁਹਿਰੀ ਪੰਨਿਆਂ ਨੂੰ ਸ਼ਰਧਾ ਅਤੇ ਪਤ੍ਰੀਬੱਧਤਾ ਨਾਲ ਨਤਮਸਤਕ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਸਮੁੱਚੇ ਭਾਰਤ ਵਿੱਚ ਵਸਦੀਆਂ ਸਿੱਖ ਸੰਗਤਾਂ ਨੇ ਹਾਜਰੀ ਭਰੀ ਅਤੇ ਬਹੁਤ ਹੀ ਸ਼ਰਧਾ ਨਾਲ ਸੰਗਤਾਂ ਨੇ ਸ਼ਹੀਦਾਂ ਨੂੰ ਆਪਣੀ ਰੁਹਾਨੀ ਅਕੀਦਤ ਭੇਂਟ ਕੀਤੀ।

ਦੇਸ਼ ਵਿਦੇਸ਼ ਦੀ ਮੀਡੀਆ ਨੇ ਇਸ ਸਮਾਗਮ ਦੀ ਆਪਣੀ ਵਿੱਤ ਅਤੇ ਸਮਝ ਅਨੁਸਾਰ ਰਿਪੋਰਟਿੰਗ ਕੀਤੀ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਵੀ ਇਤਿਹਾਸ ਦੇ ਇਸ ਰੰਗ ਨੂੰ ਇੱਕ ਸੱਚੇ ਸਿੱਖ ਵਾਂਗ ਦੇਖਿਆ। ਉਨ੍ਹਾਂ ਨੇ ਆਪਣੀ ਰਿਪੋਰਟਿੰਗ ਵਿੱਚ ਸਿੱਖੀ ਦੇ ਜਜਬੇ ਨੂੰ ਵੀ ਉਜਾਗਰ ਕੀਤਾ ਅਤੇ ਸੰਗਤਾਂ ਦੀ ਰੂਹਾਨੀ ਮਸੂਮੀਅਤ ਉੱਤੇ ਇੱਕ ਗੰਭੀਰ ਟਿੱਪਣੀ ਵੀ ਕੀਤੀ। ਆਪ ਜੀ ਨੇ ਉਸ ਸਮਾਗਮ ਦੀ ਰਿਪੋਰਟਿੰਗ ਕਰਦੇ ਹੋਏ ਲਿਖਿਆ ਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਪਣੇ ਇਤਿਹਾਸ ਦੇ ਬਹੁਤ ਹੀ ਵੱਡੇ ਨਾਇਕ ਦੀ ਸ਼ਖਸ਼ੀਅਤ ਅਤੇ ਕਾਰਨਾਮੇ ਨੂੰ ਸਿਜ਼ਦਾ ਕਰ ਰਹੀਆਂ ਹਨ ਪਰ ਉਨ੍ਹਾਂ ਦੀ ਰੂਹਾਨੀਅਤ ਵਿੱਚੋਂ ਮੁੜ ਤੋਂ ਰਾਜ ਕਰਨ ਦਾ ਜਜਬਾ ਗਾਇਬ ਹੈ। ਆਪ ਜੀ ਨੇ ਲਿਖਿਆ ਕਿ ਵਰਤਮਾਨ ਸਮੇਂ ਜਿਸ ਕਿਸਮ ਦੇ ਲੀਡਰਾਂ ਨੇ ਸਿੱਖੀ ਦੇ ਧਾਰਮਿਕ ਅਤੇ ਸਿਆਸੀ ਪਿੜ ਨੂੰ ਘੇਰਿਆ ਹੋਇਆ ਹੈ ਉਨ੍ਹਾਂ ਵਿੱਚੋਂ ਕੋਈ ਵੀ ਅਜਿਹਾ ਨਹੀ ਹੈ ਜੋ ਸਿੱਖਾਂ ਵਿੱਚ ਰਾਜ ਕਰਨ ਦਾ ਸੁਪਨਾ ਜਗਾ ਸਕਣ ਦੀ ਸ਼ਕਤੀ ਪੈਦਾ ਕਰ ਸਕੇ। ਕਰਮਜੀਤ ਸਿੰਘ ਦੀ ਰਿਪੋਰਟ ਦਾ ਸਿਰਲੇਖ ਸੀ ’ਸਿੱਖ ਜਿਉਂਦੇ ਹਨ ਪਰ ਜਾਗਦੇ ਨਹੀਂ’।

ਬੇਸ਼ੱਕ ਕਰਮਜੀਤ ਸਿੰਘ ਦੀ ਇਹ ਰਿਪੋਰਟ ਅਸੀਂ ਇੱਕ ਸਾਲ ਪਹਿਲਾਂ ਪੜ੍ਹੀ ਸੀ ਪਰ ਉਸ ਨਾਲ ਉਸੇ ਵੇਲੇ ਅਸੀਂ ਮਾਨਸਿਕ ਤੌਰ ਤੇ ਅਸਹਿਮਤੀ ਜਤਾ ਦਿੱਤੀ ਸੀ। ਹੋ ਸਕਦਾ ਹੈ ਇਹ ਮੇਰੀ ਸਮਝ ਦੀ ਸੀਮਾ ਹੋਵੇ ਪਰ ਮੈਂ ਸਿੱਖ ਕੌਮ ਦੇ ਇਸ ਸਿਆਸੀ-ਮਾਨਸਿਕ ਵਰਤਾਰੇ ਨੂੰ ਬਿਲਕੁਲ ਦੂਜੇ ਪਾਸੇ ਤੋਂ ਦੇਖਦਾ ਆ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਜਿੰਨੇ ਵੀ ਸੱਜਣ 20ਵੀਂ ਸਦੀ ਦੀ ਸਿੱਖ ਲਹਿਰ ਨਾਲ ਸਬੰਧਿਤ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਖਾੜਕੂ ਲਹਿਰ ਦੇ ਹਥਿਆਰਬੰਦ ਵਿੰਗ ਦੇ ਖਤਮ ਹੋ ਜਾਣ ਨਾਲ ਇਹ ਸਮਝ ਬਣ ਗਈ ਹੈ ਕਿ ਸਿੱਖਾਂ ਵਿੱਚੋਂ ਸਿੱਖੀ ਦਾ ਅਸਲ ਤੰਤ ਮਰ ਗਿਆ ਹੈ ਜਾਂ ਕੌਮ ਹੁਣ ਆਪਣੇ ਤੇ ਵਾਪਰ ਰਹੇ ਪ੍ਰਤੀ ਉਸ ਤਰ੍ਹਾਂ ਦੇ ਪ੍ਰਤੀਕਰਮ ਨਹੀ ਕਰਦੀ ਜਿਹੋ ਜਿਹੇ ਪ੍ਰਤੀਕਰਮ ਉਹ ਸਿੱਖ ਖਾੜਕੂ ਲਹਿਰ ਦੀ ਚੜ੍ਹਤ ਵੇਲੇ ਕਰਦੀ ਹੁੰਦੀ ਸੀ।

ਸਾਡੀ ਸਮਝ ਅਨੁਸਾਰ ਇਹ ਸਾਡਾ ਸਾਰਿਆਂ ਦਾ ਭੁਲੇਖਾ ਹੈ। ਮੈਂ ਜਿਸ ਤਰ੍ਹਾਂ ਸਿੱਖ ਕੌਮ ਦੇ ਪ੍ਰਤੀਕਰਮਾਂ ਨੂੰ ਨੋਟ ਕਰਦਾ ਆ ਰਿਹਾ ਹਾਂ ਉਹ ਬਿਲਕੁਲ ਹੀ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਸਿੱਖ ਕੌਮ ਦੇ ਗੁੱਝੇ ਅਤੇ ਪ੍ਰਤੀਬੱਧ ਪ੍ਰਤੀਕਰਮ ਦੇਖਕੇ ਤਾਂ ਕਦੇ ਕਦੇ ਮੈਨੂੰ ਆਪ ਨੂੰ ਵੀ ਹੈਰਾਨੀ ਹੋਣ ਲੱਗ ਜਾਂਦੀ ਹੈ। ਇਸ ਲੇਖ ਰਾਹੀਂ ਮੈਂ ਉਸ ਕੌਮ ਦੇ ਪਤ੍ਰੀਕਰਮ ਆਪਣੇ ਪਾਠਕਾਂ ਨਾਲ ਸਾਂਝੇ ਕਰਾਂਗਾ ਜਿਸ ਦੇ ਖਿਲਾਫ਼ ਦੁਨੀਆਂ ਦੀ ਇੱਕ ਵੱਡੀ ਤਾਕਤ ਦੇ ਸਾਰੇ ਸਾਧਨਾਂ ਨੇ ਜੰਗ ਲੜੀ ਅਤੇ ਉਸ ਜੰਗ ਵਿੱਚ ਤਾਕਤਵਰ ਨੇ ਤਹਿਜ਼ੀਬ, ਤਮੀਜ਼, ਬੇਕਿਰਕੀ ਅਤੇ ਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦਾਬੇ ਵਾਲੇ ਹਾਲਾਤ ਵਿੱਚ ਰਹਿ ਰਹੀਆਂ ਕੌਮਾਂ ਦੇ ਸੁਭਾਅ, ਲੱਛਣਾਂ ਅਤੇ ਪ੍ਰਤੀਕਰਮਾਂ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆ ਜਾਇਆ ਕਰਦੀ ਹੈ। ਇਹ ਕੌਮਾਂ ਜਿੱਥੇ ਸੰਘਰਸ਼ ਦੀ ਚੜ੍ਹਤ ਵੇਲੇ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਕੇ ਆਪਣੇ ਨਿਸ਼ਾਨੇ ਲਈ ਸ਼ਹਾਦਤਾਂ ਦੀ ਝੜੀ ਲਾ ਦੇਂਦੀਆਂ ਹਨ ਉਥੇ ਵਿਰੋਧੀ ਧਿਰ ਦੇ ਦਾਬੇ ਥੱਲੇ ਆ ਜਾਣ ਵੇਲੇ ਆਪਣੇ ਅੰਦਰ ਨੂੰ ਸਮੇਟ ਲੈਂਦੀਆਂ ਹਨ। ਉਹ ਆਪਣੇ ਦਿਲ ਦੀ ਘੁੰਡੀ ਫਿਰ ਕਿਸੇ ਕੋਲ ਵੀ ਨਹੀਂ ਖੋਲ੍ਹਦੀਆਂ। ਅਜਿਹੀ ਹਾਲਤ ਵਿੱਚ ਰਹਿ ਰਹੀਆਂ ਕੌਮਾਂ ਦੇ ਪ੍ਰਤੀਕਰਮ ਫਿਰ ਜੰਗ ਦੇ ਮੈਦਾਨ ਵਾਲੇ ਨਹੀਂ ਰਹਿੰਦੇ ਬਲਕਿ ਬਹੁਤ ਹੀ ਸੂਖਮ ਕਿਸਮ ਦੇ ਹੋ ਜਾਂਦੇ ਹਨ। ਦਾਬੇ ਦੀ ਹਾਲਤ ਵਿੱਚ ਰਹਿ ਰਹੀਆਂ
ਅਜਿਹੀਆਂ ਕੌਮਾਂ ਦੀ ਰੂਹ ਨੂੰ ਪੜਨ੍ਹ ਲਈ ਫਿਰ ਫਲਸਫੇ, ਮਾਨਸਿਕ ਵਿਗਿਆਨ ਅਤੇ ਰਾਜਨੀਤੀ ਦੇ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਗੋਤੇ ਲਾਉਣੇ ਪੈਂਦੇ ਹਨ। ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸ਼ਤਰ ਦੀ ਸਿਖਿਆ ਦੇ ਰਹੇ ਸੰਸਾਰ ਪ੍ਰਸਿੱਧ ਵਿਦਵਾਨ ਜੇਮਜ਼ ਸੀ ਸਕਾਟ ਨੇ ਇਸ ਵਿਸ਼ੇ ਤੇ ਬਹੁਤ ਹੀ ਕਮਾਲ ਦੀਆਂ ਖੋਜਾਂ ਕੀਤੀਆਂ ਹਨ। ਉਨ੍ਹਾਂ ਨੇ ਕਈ ਕਈ ਸਾਲਾਂ ਦੀ ਮਿਹਨਤ ਅਤੇ ਖੋਜ ਤੋਂ ਬਾਅਦ ਗੁਲਾਮੀ ਅਤੇ ਦਾਬੇ ਹੇਠ ਲੰਬੇ ਸਮੇਂ ਤੋਂ ਰਹਿ ਰਹੀਆਂ ਕੌਮਾਂ ਦੀਆਂ ਆਦਤਾਂ, ਮਾਨਸਿਕ ਮਨੋਭਾਵਾਂ ਅਤੇ ਸਿਆਸੀ ਸੋਚ ਉਡਾਰੀਆਂ ਬਾਰੇ ਦੋ ਬੇਮਿਸਾਲ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀ ਪਹਿਲੀ ਕਿਤਾਬ ਹੈ, DOMINATION AND THE ARTS OF RESISTANCE ਅਤੇ ਦੂਜੀ ਕਿਤਾਬ THE ART OF NOT BEING GOVERNED. ਪਹਿਲੀ ਕਿਤਾਬ ਵਿੱਚ ਜੇਮਜ਼ ਨੇ ਗੁਲਾਮੀ ਦੀ ਜੂਨ ਹੰਢਾ ਰਹੀਆਂ ਕੌਮਾਂ ਦੀ ਮਾਨਸਿਕ ਅਵਸਥਾ ਨੂੰ ਬਹੁਤ ਹੀ ਗੰਭੀਰਤਾ ਨਾਲ ਪੜਚੋਲਿਆ ਹੈ। ਉਨ੍ਹਾਂ ਕਿਸੇ ਇੱਕ ਕੌਮ ਨੂੰ ਆਪਣੀ ਖੋਜ ਦਾ ਅਧਾਰ ਬਣਾ ਕੇ ਸਿੱਟੇ ਨਹੀਂ ਕੱਢ ਮਾਰੇ ਬਲਕਿ ਬਹੁਤ ਸਾਰੀਆਂ ਕੌਮਾਂ ਦੀ ਸਿਆਸੀ ਮਾਨਸਿਕਤਾ, ਉਨ੍ਹਾਂ ਸਾਹਮਣੇ ਪੇਸ਼ ਹੋਈਆਂ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਬਾਰੇ ਕੌਮਾਂ ਦੇ ਗੁਝੇਪ੍ਰਤੀਕਰਮਾਂ ਦਾ ਵਿਸ਼ਲੇਸ਼ਣ ਕੀਤਾ ਹੈ। ਵਿਦਵਾਨ ਰਾਜਸੀ ਵਿਗਿਆਨੀ ਦਾ ਕਹਿਣਾ ਹੈ ਕਿ ਗੁਲਾਮੀ ਵਾਲੇ ਹਾਲਾਤ ਵਿੱਚ ਰਹਿ ਰਹੀਆਂ ਕੌਮਾਂ ਦੇ ਪ੍ਰਤੀਕਰਮਾਂ ਨੂੰ ਤੁਸੀਂ ਸਿੱਧੀ ਅੱਖ ਨਾਲ ਨਹੀਂ ਦੇਖ ਸਕਦੇ। ਇਸ ਲਈ ਤੁਹਾਨੂੰ ਕੌਮ ਦੀਆਂ ਰਗਾਂ ਵਿੱਚ, ਕੌਮ ਦੇ ਇਤਿਹਾਸ ਵਿੱਚ ਅਤੇ ਕੌਮ ਦੇ ਮੌਜੂਦਾ ਸਿਆਸੀ-ਮਾਨਸਿਕ ਵਰਤਾਰੇ ਦੇ ਗਹਿਰ ਗੰਭੀਰ ਸਮੁੰਦਰਾਂ ਵਿੱਚ ਉਤਰਨਾ ਪੈਂਦਾ ਹੈ। ਉਸਦਾ ਕਹਿਣਾ ਹੈ ਕਿ ਕੌਮਾਂ ਦੀ ਅਸਲ ਤਾਸੀਰ ਪੜ੍ਹਨ ਲਈ ਤੁਹਾਨੂੰ ਕੌਮ ਦੀ ਮਾਨਸਿਕਤਾ ਦੇ HIDDEN SCRIPTS ਨੂੰ ਪੜ੍ਹਨ ਦੀ ਸਮਰਥਾ ਪੈਦਾ ਕਰਨੀ ਪੈਂਦੀ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਕੌਮਾਂ ਆਪਣੀਆਂ HIDDEN SCRIPTS ਦੇ ਝਲਕਾਰੇ ਕਦੇ ਕਦੇ ਹੀ ਬਿਖੇਰਦੀਆਂ ਹਨ ਅਤੇ ਦਹਾਕਿਆਂ ਤੱਕ ਵਿਰੋਧੀਆਂ ਨੂੰ ਆਪਣੇ ਦਿਲ ਦੀ ਗੱਲ ਨਹੀਂ ਬੁੱਝਣ ਦਿੰਦੀਆਂ। ਕੌਮਾਂ ਦੀ ਹੋਣੀ ਨਾਲ ਸਬੰਧਿਤ ਇਸ ਖੋਜ ਭਰਪੂਰ ਵਿਦਵਤਾ ਦੇ ਅਸਲ ਨਜ਼ਾਰੇ ਤਾਂ ਸਾਰੀ ਕਿਤਾਬ ਪੜ੍ਹਕੇ ਹੀ ਲਏ ਜਾ ਸਕਦੇ ਹਨ ਪਰ ਆਪਣੇ ਲੇਖ ਦੇ ਅਧਾਰ ਲਈ ਅਸੀਂ ਉਸ ਦਾ ਸਾਰ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਹੈ।

ਹੁਣ ਅਸੀਂ ਜੇਮਜ਼ ਸੀ ਸਕਅਟ ਵੱਲੋਂ ਦਿੱਤੇ ਗਏ ਨਿਰਣਿਆਂ ਦੇ ਅਧਾਰ ਤੇ ਸਿੱਖ ਕੌਮ ਵੱਲੋਂ ਆਪਣੀਆਂ HIDDEN SCRIPTS ਦੇ ਝਲਕਾਰੇ ਪੇਸ਼ ਕਰਨ ਦੀਆਂ ਕੁਝ ਉਦਾਹਰਨਾਂ ਸਾਂਝੀਆਂ ਕਰਾਂਗੇ ਫਿਰ ਕੋਈ ਫੈਸਲਾ ਕਰਨਾ ਪਾਠਕਾਂ ਦੇ ਹੱਥ ਵਿੱਚ ਹੋਵੇਗਾ। ਪਿਛਲੇ ਸਾਲ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਰਾਜਨੀਤਿਕ ਗਾਣਿਆਂ ਦੀ ਸੀਡੀ ਪੰਜਾਬ ਵਿੱਚ ਜਾਰੀ ਹੋਈ ਜਿਸਦਾ ਟਾਈਟਲ ਸੀ ‘ਸਿੰਘ ਬੈਟਰ ਦੈਨ ਕਿੰਗ’, ਉਸ ਸੀਡੀ ਵਿੱਚ ਪੰਜਾਬੀ ਦੇ ਕਿਸੇ ਗਾਇਕ ਨੇ ਪਹਿਲੀ ਵਾਰ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨਾਲ ਹੋਏ ਧੱਕਿਆਂ ਦੀ ਗੱਲ ਗੰਭੀਰਤਾ ਨਾਲ ਕੀਤੀ ਸੀ। ਉਸਦੀ ਸੀਡੀ ਦੇ ਗੀਤ ‘ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ’ ਅਤੇ ‘ਜਿਹੜੇ ਕੌਮ ਦੇ ਹੀਰੇ ਸੀ ਦਸ ਉਹ ਕਿਉਂ ਫਾਂਸੀ ਟੰਗੇ, ਜੋ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ’ ਬਹੁਤ ਜ਼ਿਆਦਾ ਮਕਬੂਲ ਹੋਏ। ਇੰਟਰਨੈਟ ਸਾਈਟ ਯੂਟਿਊਬ ਦੇ ਸੈਂਕੜੇ ਸਿੱਖ ਨੌਜਵਾਨਾਂ ਨੇ ਉਨ੍ਹਾਂ ਗਾਣਿਆਂ ਦੀਆਂ ਆਪਣੀ ਸਮਝ ਅਨੁਸਾਰ ਵੀਡੀਓਜ਼ ਬਣਾਕੇ ਪੇਸ਼ ਕੀਤੀਆਂ। ਹਰ ਕਿਸੇ ਨੇ ਉਸ ਗਾਣੇ ਵਿੱਚ ਸੰਤ ਜਰਨੈਲ ਸਿੰਘ ਦੇ ਨਾਲ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਅਤੇ ਭਾਈ ਸੁਖਦੇਵ ਸਿੰਘ ਬੱਬਰ ਅਤੇ ਹੋਰ ਪ੍ਰਮੱਖੁ ਖਾੜਕੂਆਂ ਦੀਆਂ ਤਸਵੀਰਾਂ ਲਗਾ ਕੇ ਉਹ ਵੀਡੀਓਜ਼ ਬਣਾਈਆਂ। ਹਰ ਕਿਸੇ ਨੇ ਕੋਸ਼ਿਸ਼ ਕੀਤੀ ਕਿ ਉਹ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਖੂਬਸੂਰਤ ਬਣਾਵੇ। ਬੱਬੂ ਮਾਨ ਦੇ ਹਰ ਗਾਣੇ ਦੀ ਵੀਡੀਓ ਦੇ ਥੱਲੇ ਜੋ ਆਪਣੇ ਵਿਚਾਰ ਦੇਣ ਦਾ ਖਾਨਾ ਹੁੰਦਾ ਹੈ ਜਰਾ ਉਸ ਖਾਨੇ ਵਿੱਚ ਚੱਲੀ ਉਸਾਰੂ ਬਹਿਸ ਨੂੰ ਪੜ੍ਹਕੇ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਬੇਸ਼ੱਕ ਆਮ ਲੋਕਾਂ ਕੋਲ ਆਪਣੇ ਜਜ਼ਬਾਤ ਪੇਸ਼ ਕਰਨ ਲਈ ਬਹੁਤ ਵਧੀਆ ਸ਼ਬਦ ਨਹੀਂ ਹਨ ਪਰ ਉਸ ਬਹਿਸ ਵਿੱਚ ਪੇਸ਼ ਕੀਤੇ ਵਿਚਾਰਾਂ ਦੀਆਂ ਜੜ੍ਹਾਂ ਨੂੰ ਫੜਨ ਦੀ ਜੇ ਸਾਡੇ ਵਿੱਚ ਤਾਕਤ ਹੈ ਤਾਂ ਉਸਦੀ ਵਰਤਂ ਕਰ ਲੈਣੀ ਚਾਹੀਦੀ ਹੈ। ਉਸ ਸੀਡੀ ਦੇ ਹਰ ਜਜ਼ਬਾਤੀ ਗਾਣੇ ਦੀਆਂ ਲਗਭਗ ਸੌ-ਸੌ ਵੀਡੀਓਜ਼ ਬਣੀਆਂ ਹੋਈਆਂ ਹਨ ਅਤੇ ਕੁਲ ਮਿਲਾਕੇ ਹਰ ਗਾਣੇ ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਹੈ।

ਇੱਥੇ ਹੀ ਬਸ ਨਹੀਂ ਬੱਬੂ ਮਾਨ ਤੋਂ ਬਾਅਦ ਰਾਜ ਕਾਕੜੇ ਦਾ ਗਾਣਾ ‘ਰਾਜਨੀਤੀ’ ਪੰਜਾਬ ਦੇ ਹੌਕਿਆਂ ਅਤੇ ਹਾਵਿਆਂ ਦੀ ਬਾਤ ਪਾਉਂਦਾ ਹੈ। ਰਾਜ ਕਾਕੜੇ ਨੇ ਸਿੱਖਾਂ ਦੇ ਹਉਕਿਆਂ ਨੂੰ ਸ਼ਬਦਾਂ ਨਾਲ ਪੇਸ਼ ਕਰਨ ਦਾ ਬਹੁਤ ਹੀ ਕਾਵਿਕ ਅੰਦਾਜ਼ ਅਪਣਾਇਆ ਹੈ। ਉਸ ਗਾਣੇ ਦੀ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ ਵੀ ਦੋ ਲੱਖ ਤੋਂ ਉਪਰ ਟੱਪ ਗਈ ਹੈ। ਰਾਜ ਕਾਕੜੇ ਦੇ ਗਾਣੇ ਦੀ ਵੀਡੀਓ ਬਾਰੇ ਵੀ ਦੇਸ਼ ਵਿਦੇਸ਼ ਦੇ ਸਿੱਖਾਂ ਨੇ ਜੋ ਆਪਣੇ ਵਿਚਾਰ ਪੇਸ਼ ਕੀਤੇ ਹਨ ਉਹ ਕਿਤਾਬਾਂ ਨਾਲ ਮੱਥਾ ਮਾਰ ਰਹੇ ਸਾਡੇ ਵਰਗਿਆਂ ਲਈ ਕਈ ਭੇਦਾਂ ਤੋਂ ਪਰਦਾ ਚੁੱਕ ਰਹੇ ਹਨ। ਉਨ੍ਹਾਂ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ।ਇੰਟਰਨੈਟ ਤੇ ਹੀ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਦੇਖਦਿਆਂ ਸਾਡੀ ਨਿਗਾਹ ਸਿੱਖ ਖਾੜਕੂਆਂ ਹੱਥੋਂ ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਧਾਰਮਕ ਗੀਤ ‘ਤੇ ਪੈ ਗਈ ਜਿਸਦਾ ਸਿਰਲੇਖ ਹੈ, ‘ਪਾਣੀ ਦਿਆ ਬੁਲ ਬੁਲਿਆ ਕੀ ਮਨਿਆਦਾਂ ਤੇਰੀਆਂ'।
ਜਦੋਂ ਅਸੀਂ ਇਹ ਗੀਤ ਚਲਾ ਕੇ ਵੇਖਿਆ ਤਾਂਦੇਖਕੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਸ ਗਾਣੇ ਦੀ ਵੀਡੀਓ ਬਣਾਉਣ ਵਾਲੇ ਨੇ ਪ੍ਰਮੁੱਖ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਚਲਾਈਆਂ ਹੋਈਆਂ ਹਨ। ਜਦੋਂ ਵੀ ਗਾਣੇ ਦਾ ਅੰਤਰਾ ਚਲਦਾ ਹੈ ਵਾਰ ਵਾਰ ਦੋਵਾਂ ਪਿਓ ਪੁੱਤਰਾਂ ਦੀ ਫੋਟੋ ਆ ਜਾਂਦੀ ਹੈ। ਹੁਣ ਜਿਸ ਕਿਸੇ ਨੇ ਵੀ ਉਹ ਵੀਡੀਓ ਬਣਾਈ ਹੈ ਉਸ ਨੂੰ ਬਾਦਲ ਪਿਓ ਪੁੱਤਰਾਂ ਦੇ ਕਿਰਦਾਰ ਦਾ ਬਾਖੂਬ ਪਤਾ ਹੈ। ਇਸ ਗੱਲ ਦੇ ਸਿੱਖਾਂ ਲਈ ਕੁਝ ਅਰਥ ਨਿਕਲਦੇ ਹਨ।

ਸਮਾਜਕ ਮੀਡੀਆ ਅੱਜ ਦੁਨੀਆਂ ਭਰ ਵਿੱਚ ਰਾਜਸੀ ਇਨਕਲਾਬਾਂ ਦਾ ਵੱਡਾ ਮੰਚ ਬਣ ਰਿਹਾ ਹੈ ਅਤੇ ਦਾਬੇ ਹੇਠ ਰਹਿ ਰਹੀਆਂ ਕੌਮਾਂ ਇਸ ਸਮਾਜਕ ਮੀਡੀਏ ਦੀ ਆਪਣੀ ਸਿਆਸੀ ਹੋਣੀ ਲਈ ਭਰਪੂਰ ਵਰਤੋਂ ਕਰ ਰਹੀਆਂ ਹਨ। ਹਾਲ ਵਿੱਚ ਵੀ ਅਰਬ ਜਗਤ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਸਮਾਜਕ ਮੀਡੀਏ ਦਾ ਬਹੁਤ ਵੱਡਾ ਹੱਥ ਮੰਨਿਆ ਜਾ ਰਿਹਾ ਹੈ। ਮੀਡੀਏ ਦੀ ਇਸ ਨਵੀਂ ਵਰਤੋਂ ਨੇ ਸੰਸਾਰ ਦੇ ਦਿਮਾਗਾਂ ਨੂੰ ਕਬਜ਼ੇ ਹੇਠ ਰੱਖਣ ਦੀ ਨੀਤੀ ਅਪਣਾਕੇ ਚੱਲ ਰਹੇ ਅਮਰੀਕੀ ਪ੍ਰਸ਼ਾਸ਼ਨ ਨੂੰ ਵੀ ਵਖਤ ਪਾਇਆ ਹੋਇਆ ਹੈ। ਇਜ਼ਰਾਈਲ ਦਾ ਹੱਥਠੋਕਾ ਬਣਕੇ ਆਪਣੇ ਲੋਕਾਂ ਤੇ ਜ਼ੁਲਮ ਕਮਾਉਣ ਵਾਲੇ ਮਿਸਰ ਦੇ ਪ੍ਰਧਾਨ ਹੋਸਨੀ ਮੋਬਾਰਕ ਦੀ ਤਾਨਾਸ਼ਹੀ ਦਾ ਅੰਤ ਕਰਨ ਵਿੱਚ ਯੂਟਿਊਬ ਅਤੇ ਫੇਸ ਬੁੱਕ ਨੇ ਵੱਡਾ ਯੋਗਦਾਨ ਪਾਇਆ ਹੈ। ਦੁਖੀ ਤਾਂ ਲੋਕ ਸਾਲਾਂ ਤੋਂ ਸਨ ਪਰ ਉਥੋਂ ਦੇ ਹਾਕਮ ਵੀ ਲੋਕਾਂ ਨੂੰ ਇਕੱਠੇ ਨਹੀਂ ਸਨ ਹੋਣ ਦਿੰਦੇ। ਫੇਸਬੁੱਕ ਅਤੇ ਯੂਟਿਊਬ ਨੇ ਲੋਕਾਂ ਨੂੰ ਉਹ ਮੰਚ ਪ੍ਰਦਾਨ ਕਰ ਦਿੱਤਾ ਜੋ ਸਰਕਾਰੀ ਟੀਵੀ, ਅਖ਼ਬਾਰਾਂ ਅਤੇ ਸਰਕਾਰ ਦੀ ਰਜ਼ਾ ਵਿੱਚ ਚੱਲਣ ਵਾਲੇ ਮੀਡੀਆ ਦੀ ਤਾਨਾਸ਼ਾਹੀ ਵਿੱਚ ਨਹੀਂ ਸੀ ਮਿਲ ਰਿਹਾ। ਸਮਾਜਕ ਮੀਡੀਏ ਦੀ ਤਾਕਤ ਇਸ ਵੇਲੇ ਕਿਸ ਕਦਰ ਮਜ਼ਬੂਤ ਹੋ ਰਹੀ ਹੈ ਇਸਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅਮਰੀਕੀ ਨੀਤੀ ਨੂੰ ਘੜਨ ਵਾਲੇ ਅਤੇ ਪ੍ਰਭਾਵਿਤ ਕਰਨ ਵਾਲੇ ਸਿਧਾਂਤਿਕ ਮੈਗਜ਼ੀਨ ‘ਫਾਰਨ ਅਫੇਅਰਜ਼’ ਨੇ ਆਪਣਾ ਤਾਜ਼ਾ ਅੰਕ ਸਮੁੱਚੇ ਰੂਪ ਵਿੱਚ ਇਸੇ ਵਿਸ਼ੇ ਤੇ ਕੱਢਿਆ ਹੈ। ਇਸ ਵਾਰ ਉਸਦੀ ਮੁਖ ਸਟੋਰੀ ਦਾ ਸਿਰਲੇਖ ਸੀ, The Political Power Of Social Media ਖੈਰ ਅਸੀਂ ਗੱਲ ਪੰਜਾਬ ਦੀ ਅਤੇ ਸਿੱਖਾਂ ਦੇ ਪ੍ਰਤੀਕਰਮਾਂ ਦੀ ਕਰ ਰਹੇ ਸੀ ਉਸੇ ਤੇ ਮੁੜ ਕੇਂਦਰਿਤ ਹੁੰਦੇ ਹਾਂ। ਸਿੱਖਾਂ ਦੇ ਪ੍ਰਤੀਕਰਮਾਂ ਦੀ ਖੂਬਸੂਰਤੀ ਵਿੱਚ ਕਮੀ ਨਹੀ ਆਈ ਬਲਕਿ ਪ੍ਰਤੀਕਰਮਾਂ ਨੂੰ ਪ੍ਰਗਟ ਕਰਨ ਦੀ ਤਾਸੀਰ ਬਦਲ ਗਈ ਹੈ। ਇਹ ਸਿਰਫ ਆਦਤ ਵਿੱਚ ਤਬਦੀਲੀ ਹੈ, ਮਾਨਸਿਕ ਅਵਸਥਾ ਵਿੱਚ ਜੋ ਚੱਲ ਰਿਹਾ ਹੈ ਉਹ ਗੁੱਝਾ ਨਹੀਂ ਹੈ। ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਹਨ ਸਿੱਖਾਂ ਨੇ ਉਸੇ ਤਰ੍ਹਾਂ ਆਪਣੇ ਪ੍ਰਤੀਕਰਮਾਂ ਦਾ ਸੁਭਾਅ ਬਦਲ ਲਿਆ ਹੈ।

ਰੋਜ਼ਾਨਾ ‘ਅਜੀਤ’ ਪੰਜਾਬੀ ਦਾ ਪ੍ਰਮੁੱਖ ਅਖਬਾਰ ਹੈ। ਇਸ ਦੇ ਪਾਠਕ ਮੁਖ ਤੌਰ ਤੇ ਸਿੱਖ ਹੀ ਹਨ। ਸਾਡੇ ਅੰਦਾਜ਼ੇ ਅਨੁਸਾਰ ਤਾਂ ‘ਅਜੀਤ’ ਦੇ 99 ਫੀਸਦੀ ਪਾਠਕ ਹੀ ਸਿੱਖ ਹਨ ਕਿਉਂਕਿ ਕੋਈ ਵੀ ਹਿੰਦੂ ਸ਼ਾਇਦ ਹੀ ਇਸਨੂੰ ਪੜ੍ਹਦਾ ਹੋਵੇ। ਚਲੋ ਆਪਾਂ ਇਹ ਮੰਨ ਲੈਂਦੇ ਹਾਂ ਕਿ ‘ਅਜੀਤ’ ਦੇ 95 ਫੀਸਦੀ ਪਾਠਕ ਤਾਂ ਸਿੱਖ ਹਨ। ਇੰਟਰਨੈਟ ਦੇ ਇਸਦੇ ਐਡੀਸ਼ਨ ਨੂੰ ਪੜ੍ਹਨ ਵਾਲੇ ਵੀ 95 ਫੀਸਦੀ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਹਨ। ਜਿਹੜੇ ਸੱਜਣ ਇੰਟਰਨੈਟ ਤੇ ‘ਅਜੀਤ’ ਦਾ ਐਡੀਸ਼ਨ ਪੜ੍ਹਦੇ ਹਨ ਉਨ੍ਹਾਂ ਬਾਰੇ ਆਪਾਂ ਇਹ ਆਖ ਸਕਦੇ ਹਾਂ ਕਿ ਉਹ ਪੜ੍ਹੇ ਲਿਖੇ ਅਤੇ ਸੁਚੇਤ ਸਿੱਖ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅੱਜਕੱਲ੍ਹ ਮੀਡੀਆ ਕਿਵੇਂ ਸਰਕਾਰਾਂ ਦੀ ਸੱਜੀ ਬਾਂਹ ਬਣਕੇ ਸਥਾਪਤੀ ਦੀ ਰਾਜਨੀਤੀ ਆਪਣੇ ਪਾਠਕਾਂ ਨੂੰ ਪਰੋਸ ਰਿਹਾ ਹੈ। ਇਹ ਪਾਠਕ ਖਬਰਾਂ ਦੇ ਪਿੱਛੇ ਚਲਦੀ ਰਾਜਨੀਤੀ ਨੂੰ ਵੀ ਪੂਰੀ ਤਰ੍ਹਾਂ ਸਮਝਦੇ ਹਨ ਜੋ ਸੱਥਾਂ ਵਿੱਚ ਬੈਠਕੇ ਅਖਬਾਰ ਪੜ੍ਹਨ ਵਾਲੇ ਨਹੀਂ ਦੇਖ ਸਕਦੇ।

‘ਅਜੀਤ’ ਦੇ ਇੰਟਰਨੈਟ ਐਡੀਸ਼ਨ ਵਿੱਚ ਅਖ਼ਬਾਰ ਦੇ ਸੰਪਾਦਕੀ ਮੰਡਲ ਵੱਲਂ ਪਾਠਕਾਂ ਦੇ ਹੁੰਗਾਰੇ ਲਈ ਕੋਈ ਸਵਾਲ ਪਾਇਆ ਜਾਂਦਾ ਹੈ ਜਿਸਦਾ ਜਵਾਬ ਹਾਂ ਜਾਂ ਨਾਹ ਵਿੱਚ ਹੁੰਦਾ ਹੈ। ਸੰਪਾਦਕੀ ਮੰਡਲ ਸੁਆਲਾਂ ਦੀ ਘਾੜਤ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖਦਾ ਹੈ ਕਿ ਪਾਇਆ ਜਾਣ ਵਾਲਾ ਸੁਆਲ ਸਥਾਪਤੀ ਦੇ ਖਿਲਾਫ ਨਾ ਜਾਂਦਾ ਹੋਵੇ ਅਤੇ ਕਿਸੇ ਨਾ ਕਿਸੇ ਢੰਗ ਨਾਲ ‘ਅਜੀਤ’ ਦੇ ਪਾਠਕਾਂ ਨੂੰ ਸਥਾਪਤੀ ਦੇ ਹੱਕ ਵਿੱਚ ਭੁਗਤਾਇਆ ਜਾਵੇ। ਖਾਸ ਕਰਕੇ ਪੰਜਾਬ ਸਰਕਾਰ ਨੂੰ ਹਮੇਸ਼ਾ ਬਚਾਕੇ ਰੱਖਣ ਦਾ ਖਿਆਲ ਸੰਪਾਦਕੀ ਮੰਡਲ ਦੇ ਮਨ ਵਿੱਚ ਰਹਿੰਦਾ ਹੈ। ਪਰ ਗਾਹੇ ਬਗਾਹੇ ਕੰਮ ਦੇ ਬੋਝ ਨਾਲ ਸੰਪਾਦਕੀ ਮੰਡਲ ਕਈ ਵਾਰ ਅਣਜਾਣ ਪੁਣੇ ਵਿੱਚ ਹੀ ਅਜਿਹੇ ਸੁਆਲ ਪਾ ਜਾਂਦਾ ਹੈ ਜਿਸਦੇ ਨਤੀਜੇ ਸਿੱਖਾਂ ਦੀ ਮਾਨਸਿਕਤਾ ਦਾ ਅਧਿਐਨ ਕਰਨ ਵਾਲਿਆਂ ਲਈ ਕਾਫੀ ਲਾਹੇਵੰਦੇ ਹੁੰਦੇ ਹਨ।

ਇੱਥੇ ਅਸੀਂ ਸਿੱਖ ਮਾਨਸਿਕਤਾ ਵਿੱਚ ਪੈਦਾ ਹੋਏ ਉਸ ਸ਼ਾਂਤ ਇਨਕਲਾਬ ਦੇ ਲੱਛਣ ਕੁਝ ਉਦਾਹਰਨਾਂ ਰਾਹੀਂ ਦੇਖਾਂਗੇ। ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ਵਿਚਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਵੋਟਾਂ ਪਵਾਈਆਂ ਗਈਆਂ ਸਨ। ਸਿੱਖ ਸੰਗਤਾਂ ਨੇ ਉਸ ਚੋਣ ਵਿੱਚ ਕਨੇਡਾ ਦੀ ਧਰਤੀ ਦੇ ਜੰਮਪਲ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜਿਤਾਕੇ ਗੁਰਦੁਆਰੇ ਦਾ ਪ੍ਰਬੰਧ ਸੌਂਪ ਦਿੱਤਾ ਸੀ। ਉਸ ਚੋਣ ਦੇ ਨਤੀਜੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਤੇ ਸੁਆਲ ਪਾਇਆ ਗਿਆ ਕਿ, ਕੀ ਤੁਸੀਂ ਸਰੀ ਦੇ ਗੁਰੂਘਰ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਨੌਜਵਾਨਾਂ ਨੂੰ ਸੌਂਪਣ ਦੇ ਹੱਕ ਵਿੱਚ ਹੋ। ਇਸ ਦੇ ਜੁਆਬ ਵਿੱਚ 86 ਫੀਸਦੀ ਸੁਚੇਤ ਸਿੱਖ ਪਾਠਕਾਂ ਨੇ ਹਾਂ ਆਖਿਆ। ਹੁਣ ਪੰਥ ਦੀ ਮੁਖਧਾਰਾ ਨਾਲ ਜੁੜੇ ਸਾਰੇ ਸੱਜਣਾਂ ਨੂੰ ਪਤਾ ਹੈ ਕਿ ਸਰੀ ਦੇ ਉਸ ਗੁਰੂਘਰ ਵਿੱਚ ਨੌਜਵਾਨਾਂ ਤੋਂ ਪਹਿਲਾਂ ਕਿਨ੍ਹਾਂ ਲੋਕਾਂ ਦਾ ਕਬਜ਼ਾ ਸੀ, ਉਹ ਕਿਸਦੇ ਇਸ਼ਾਰੇ ਤੇ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਅਤੇ ਉਨ੍ਹਾਂ ਦੀ ਹਾਰ ਨਾਲ ਕਿਸ ਕਿਸ ਧਿਰ ਨੂੰ ਸਭ ਤੋਂ ਵੱਡਾ ਧੱਕਾ ਲੱਗਾ ਹੈ। ਹੁਣ ਪ੍ਰਬੰਧ ਸੰਭਾਲ ਰਹੇ ਸਿੱਖ ਨੌਜਵਾਨਾਂ ਦੀ ਕੀ ਰਾਜਸੀ ਵਿਚਾਰਧਾਰਾ ਹੈ ਇਸ ਬਾਰੇ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਉੱਜਲ ਦੁਸਾਂਝ ਨੂੰ ਉਨ੍ਹਾਂ ਨੌਜਵਾਨਾਂ ਖਿਲਾਫ ਬੋਲਣ ਦੀ ਲੋੜ ਕਿਉਂ ਪਈ ਇਸਦਾ ਵੀ ਸਭ ਨੂੰ ਪਤਾ ਹੈ। ਇਸ ਲਈ ਜੇ 86 ਫੀਸਦੀ ਸਿੱਖ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਜਿਹੀ ਸੋਚ ਵਾਲੇ ਨੌਜਵਾਨਾਂ ਨੂੰ ਦੇਣ ਦੀ ਹਮਾਇਤ ਕਰਦੇ ਹਨ ਤਾਂ ਇਸਦੇ ਬਹੁਤ ਡੂੰਘੇ ਅਰਥ ਹਨ। ਸਿਰਫ ਉਨ੍ਹਾਂ ਅਰਥਾਂ ਨੂੰ ਪੜ੍ਹਨ ਵਾਲੀ ਅੱਖ ਚਾਹੀਦੀ ਹੈ।

ਇਕ ਵਾਰ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਤੇ ਫਿਰ ਸੁਆਲ ਪਾਇਆ ਗਿਆ ਕਿ ਕੀ ਤੁਸੀਂ ਭਾਰਤ ਵਿੱਚ ਪ੍ਰੈਸ ਦੀ ਭੂਮਿਕਾ ਤੋਂ ਸੰਤੁਸ਼ਟ ਹੋ? 75 ਫੀਸਦੀ ਪਾਠਕਾਂ ਨੇ ਇਸਦਾ ਉਤਰ ਨਾਂਹ ਵਿੱਚ ਦਿੱਤਾ। ਇਸਦਾ ਭਾਵ ਹੈ ਕਿ 70 ਫੀਸਦੀ ਸਿੱਖ ਭਾਰਤ ਵਿੱਚ ਪ੍ਰੈਸ ਦੀ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਨ। ਇਸ ਗੱਲ ਦੇ ਵੀ ਡੂੰਘੇ ਅਰਥ ਹਨ। ਭਾਰਤ ਵਿੱਚ ਪ੍ਰੈਸ ਭਾਰਤੀ ਵਿਦੇਸ਼ ਵਜ਼ਾਰਤ ਅਤੇ ਗ੍ਰਹਿ ਵਜ਼ਾਰਤ ਦੀ ਸੱਜੀ ਬਾਂਹ ਬਣਕੇ ਚੱਲਦੀ ਹੈ। ਭਾਰਤੀ ਪ੍ਰੈਸ ਦੇ ਸਮੁੱਚੇ ਵਰਤਾਰੇ ਤੇ ਨਜ਼ਰ ਮਾਰਿਆਂ ਕਦੇ ਵੀ ਇਹ ਨਹੀਂ ਜਾਪਦਾ ਕਿ ਉਹ ਅਜ਼ਾਦ ਹੈ। ਉਹ ਆਪਣਾ ਮੂੰਹ ਰੱਖਣ ਲਈ ਸਥਾਪਤੀ ਦੇ ਮਿੱਠੀਆਂ ਮਿੱਠੀਆਂ ਚੂੰਢੀਆਂ ਵੱਢ ਕੇ ਫਰੈਂਡਲੀ ਮੈਚ ਤਾਂ ਖੇਡ ਲੈਂਦੀ ਹੈ ਪਰ ਉਸਦੇ ਜਰਜਰੇ ਢਾਂਚੇ ਨੂੰ ਢਾਹਢੇਰੀ ਕਰਨ ਲਈ ਕਦੇ ਵੀ ਕਦਮ ਨਹੀਂ ਚੁੱਕਦੀ।
ਘੱਟ ਗਿਣਤੀਆਂ ਉੱਤੇ ਭਾਵੇਂ ਜੁਲਮੋ ਸਿਤਮ ਦੀ ਹਨੇਰੀ ਵਗ ਜਾਵੇ ਭਾਰਤੀ ਪ੍ਰੈਸ ਜਾਲਮਾਂ ਨਾਲ ਹਮੇਸ਼ਾ ਹੀ ਜੋਟੀ ਪਾਕੇ ਰੱਖਦੀ ਹੈ। ਭਾਰਤੀ ਪ੍ਰੈਸ ਜਿੰਨੀ ਨਫ਼ਰਤ ਅਤੇ ਜਾਲਮ ਤਰੀਕੇ ਨਾਲ ਘੱਟ ਗਿਣਤੀਆਂ ਦੇ ਖਿਲਾਫ ਬੋਲਦੀ ਹੈ ਹੁਣ ਉਨਾਂ ਜੋਰ ਭਰਿਸ਼ਟਾਚਾਰੀਆਂ ਦੇ ਮੁਲਕ ਤੋਂ ਬਾਹਰ ਪਏ ਪੈਸੇ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਭੱਦਰਪੁਰਸ਼ਾਂ ਨੂੰ ਬੇਨਕਾਬ ਕਰਨ ਲਈ ਨਹੀਂ ਲਾ ਰਹੀ ਜੋ ਦੇਸ਼ ਦੇ ਅਸਲ ਅੱਤਵਾਦੀ ਹਨ। ਇਸ ਵੇਲੇ ਸਮੁੱਚੀ ਭਾਰਤੀ ਪ੍ਰੈਸ ਪੂਰੀ ਤਰ੍ਹਾਂ ਭਰਿਸ਼ਟਾਚਾਰੀਆਂ ਦੇ ਨਾਲ ਖੜ੍ਹੀ ਹੈ। ਜੇ ਇਸ ਹਾਲਤ ਵਿੱਚ 70 ਫੀਸਦੀ ਸਿੱਖ ਭਾਰਤੀ ਪ੍ਰੈਸ ਖਿਲਾਫ ਆਪਣੀ ਰਾਇ ਦੇ ਰਹੇ ਹਨ ਤਾਂ ਇਸ ਬਾਰੇ ਸੋਚਣਾ ਬਣਦਾ ਹੈ।

ਬਾਬਰੀ ਮਸਜਿਦ ਅਤੇ ਰਾਮ ਮੰਦਰ ਵਾਲੇ ਝਗੜੇ ਦਾ ਫੈਸਲਾ ਆਉਣ ਤੋਂ ਪਹਿਲਾਂ ’ਅਜੀਤ’ ਨੇ ਸਵਾਲ ਪਾਇਆ ਕਿ ਕੀ ਅਦਾਲਤ ਦਾ ਫ਼ੈਸਲਾ ਮਸਜਿਦ ਦੇ ਹੱਕ ਵਿੱਚ ਆਵੇਗਾ? ਤਾਂ 77 ਫੀਸਦੀ ਪਾਠਕਾਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ ਕਿਉਂਕਿ ਇਨਸਾਫ ਦੇ ਮਾਮਲੇ ਵਿੱਚ ਭਾਰਤੀ ਅਦਾਲਤੀ ਢਾਂਚੇ ਦੀ ਭੂਮਿਕਾ ਵੀ ਭਾਰਤੀ ਪ੍ਰੈਸ ਵਰਗੀ ਹੀ ਰਹੀ ਹੈ। ਇਸ ਹਾਲਤ ਵਿੱਚ ਸਿੱਖ ਪਾਠਕਾਂ ਦੀ ਰਾਇ ਸੁਟ ਪਾਉਣ ਵਾਲੀ ਨਹੀਂ ਹੈ। ਉਹ ਆਪਣੇ ਜੀਵਨ ਦੇ ਤਜਰਬੇ ਦੇ ਅਧਾਰ ਤੇ ਹੀ ਆਪਣੀ ਰਾਇ ਦੇ ਰਹੇ ਸਨ। ਇਸੇ ਤਰ੍ਹਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ 25ਵੀ ਵਰੇਗੰਢ ਮੌਕੇ ਜ਼ੀ ਟੀਵੀ ਨੇ ਉਸ ਕਤਲੇਆਮ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਅਤੇ ਅੰਤ ਵਿੱਚ ਸੁਆਲ ਪਾਇਆ ਕਿ ਕੀ ਨਵੰਬਰ 1984 ਦੇ ਕਤਲੇਆਮ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਗਿਆ ਹੈ? ਤਾਂ 98 ਫੀਸਦੀ ਵੋਟਾਂ ਪਾਉਣ ਵਾਲਿਆਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ।

ਇਸ ਮਾਮਲੇ ਵਿੱਚ ਸਭ ਤੋਂ ਦਿਲਚਸਪ ਵਰਤਾਰਾ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੇ ਮਾਮਲੇ ਵਿੱਚ ਵਾਪਰਿਆ ਜਿਸ ਨੇ ਸਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਅਸੀਂ ਕੌਮ ਦੇ ਅੰਦਰੂਨੀ ਵਲਵਲਿਆਂ ਨੂੰ ਇੱਕ ਤੰਦ ਵਿੱਚ ਪਰੋ ਕੇ ਦੇਖਣਯੋਗ ਹੋਏ। ਹੰਸ ਰਾਜ ਹੰਸ ਨੂੰ ਅਕਾਲੀ ਦਲ ਵਿੱਚ ਪੈਰਾਸ਼ੂਟ ਰਾਹੀਂ ਉਤਾਰ ਕੇ ਅਤੇ ਫਿਰ ਜਲੰਧਰ ਤੋਂ ਉਸ ਨੂੰ ਲੋਕ ਸਭਾ ਲਈ ਅਕਾਲੀ ਦਲ ਦਾ ਨੁਮਾਇੰਦਾ ਨਿਯੁਕਤ ਕਰਨ ਤੋਂ ਇੱਕ ਦੋ ਦਿਨਾ ਬਾਅਦ ਹੀ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਉਤੇ ਅਜਿਹਾ ਸੁਆਲ ਪਾਇਆ ਗਿਆ ਜਿਸ ਨੇ ਸਿੱਖਾਂ ਦੇ ਕੌਮੀ ਚਰਿੱਤਰ ਦੀ ਨਿਸ਼ਾਨਦੇਹੀ ਕੀਤੀ। ਸੁਆਲ ਇਹ ਸੀ ਕਿ, ਕੀ ਹੰਸ ਰਾਜ ਹੰਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਨਾਲ ਪੰਜਾਬੀਅਤ ਦੀ ਭਾਵਨਾ ਮਜਬੂਤ ਹੋਵੇਗੀ? 67ਫੀਸਦੀ ਪਾਠਕਾਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ। ਸਿੱਖ ਪਾਠਕਾਂ ਦੀ ਇਸ ਸੁਚੇਤ ਚੋਣ ਨੇ ਹੀ ਅਸਲ ਵਿੱਚ ਸਾਨੂੰ ਸਿੱਖਾਂ ਦੇ ਅੰਦਰੂਨੀ ਵਲਵਲਿਆਂ ਨੂੰ ਸਮਝਣ ਦੀ ਨਵੀਂ ਦਿਸ਼ਾ ਦਿੱਤੀ ਸੀ। ਬੇਸ਼ੱਕ 67ਫੀਸਦੀ ਪਾਠਕ ਗਿਣਤੀ ਬਹੁਤੀ ਜਿਆਦਾ ਨਹੀਂ ਹੈ ਪਰ ਫਿਰ ਵੀ ਬਹੁਗਿਣਤੀ ਹੋਣ ਕਰਕੇ ਅਸੀਂ ਇਸਦਾ ਸੁਆਗਤ ਕਰਦੇ ਹਾਂ। ਇਸ ਗੱਲ ਦੀ ਸਾਨੂੰ ਵੀ ਆਸ ਨਹੀਂ ਸੀ ਕਿ ‘ਅਜੀਤ’ ਦੇ ਸੁਚੇਤ ਸਿੱਖ ਪਾਠਕ ਏਨੀ ਵੱਡੀ ਗਿਣਤੀ ਵਿੱਚ ਅਤੇ ਏਨੀ ਸਪੱਸ਼ਟਤਾ ਨਾਲ ਇਸ ਸੁਆਲ ਦਾ ਜੁਆਬ ਦੇਣਗੇ, ਕਿਉਂਕਿ ਪੰਜਾਬੀਅਤ ਦੇ ਸੰਕਲਪ ਨੂੰ ਜਿਵੇਂ ਮਿੱਠੀਆਂ ਗੋਲੀਆਂ ਵਿੱਚ ਲਪੇਟ ਕੇ ਜਿੰਨੀ ਸੱਭਿਅਕ ਭਾਸ਼ਾ ਵਿੱਚ ਸਿੱਖਾਂ ਦੀ ਸ਼ਰੀਕ ਧਿਰ ਵੱਜੋਂ ਉਸਾਰਿਆ ਅਤੇ ਉਭਾਰਿਆ ਗਿਆ ਸੀ ਉਸ ਹਾਲਤ ਵਿੱਚ ਇਹ ਲਗਦਾ ਨਹੀਂ ਸੀ ਕਿ ਸਿੱਖ ਪਾਠਕਾਂ ਦਾ ਪ੍ਰਤੀਕਰਮ ਏਨਾ ਸੂਝਵਾਨ ਹੋਵੇਗਾ। ਇਸ ਸੁਆਲ ਦੇ ਜੁਆਬ ਨੇ ਇਹ ਵੀ ਸਪਸ਼ਟ ਕੀਤਾ ਕਿ ਮੀਡੀਆ ਆਪਣੇ ਨਿੱਜੀ ਨਿਸ਼ਾਨਿਆਂ ਦੀ ਪੂਰਤੀ ਲਈ ਸਿੱਖਾਂ ਦੇ ਦਿਮਾਗਾਂ ਨੂੰ ਅਗਵਾ ਕਰਨ ਵਿੱਚ ਹਾਲੇ ਵੀ ਸਫਲ ਨਹੀਂ ਹੋਇਆ। ਹੰਸ ਰਾਜ ਹੰਸ ਦਾ ਅਕਾਲੀ ਦਲ ਜਾਂ ਸਿੱਖਾਂ ਦੇ ਸੰਘਰਸ਼ ਨਾਲ ਕੁਝ ਵੀ ਸਾਂਝਾ ਨਹੀਂ ਹੈ ਨਾ ਉਹ ਕਦੇ ਸਿੱਖਾਂ ਵੱਲੋਂ ਪੰਜਾਬ ਦੀ ਗੈਰਤ ਲਈ ਕੀਤੇ ਸੰਘਰਸ਼ ਵਿੱਚ ਝੱਲੇ ਤਸੀਹਿਆਂ ਦਾ ਹਮਸਫਰ ਰਿਹਾ ਹੈ ਅਤੇ ਨਾ ਹੀ ਸਿੱਖਾਂ ਦੀਆਂ ਰੁਹਾਨੀ ਖੁਸ਼ੀਆਂ ਦਾ ਭਾਈਵਾਲ ਰਿਹਾ ਹੈ। ਉਹ ਕੁਝ ਲੋਕਾਂ ਦੀਆਂ ‘ਨਿੱਜੀ ਲੋੜਾਂ’ ਦੀ ਪੂਰਤੀ ਕਰਦਾ ਰਹਿੰਦਾ ਹੈ ਜਿਸਦੇ ਇਵਜ਼ ਵੱਜੋਂ ਉਸ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਸੀ।

ਹੁਣ ਬਾਅਦ ਵਿੱਚ ਵੀ ਉਹ ਕਦੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਇਆ। ਇਸ ਲਈ ਜੇ 67ਫੀਸਦੀ ਪਾਠਕਾਂ ਨੇ ਉਸਦੀ ਨੁਮਾਇੰਦਗੀ ਨੂੰ ਅਖੌਤੀ ਪੰਜਾਬੀਅਤ ਦੀ ਮਜਬੂਤੀ ਨਾਲ ਜੋੜਕੇ ਨਹੀਂ ਦੇਖਿਆ ਤਾਂ ਉਨ੍ਹਾਂ ਕੁਝ ਵੀ ਗਲਤ ਨਹੀਂ ਸੀ ਕੀਤਾ। ਸਿੱਖ ਪਾਠਕਾਂ ਦਾ ਫਤਵਾ ਕਿਸੇ ਗੱਲੋਂ ਵੀ ਸੁੱਟ ਪਾਉਣ ਵਾਲਾ ਨਹੀਂ ਸੀ ਕਿਉਂਕਿ ਆਪਣੀ ‘ਪੰਜਾਬੀਅਤ’ ਦਾ ਮੁਜਾਹਰਾ ਹੰਸ ਰਾਜ ਹੰਸ ਨੇ ਕੁਝ ਦਿਨਾਂ ਬਾਅਦ ਹੀ ਕਰ ਦਿੱਤਾ ਸੀ। ਅਕਾਲੀ ਦਲ ਦੀ ਟਿਕਟ ਮਿਲਣ ਤੋਂ ਬਾਅਦ ਦਿੱਲੀ ਵਿੱਚ ਇੱਕ ਸਿੱਖ ਪੱਤਰਕਾਰ ਨੇ ਹੰਸ ਰਾਜ ਹੰਸ ਨੂੰ ਪੁੱਛ ਲਿਆ ਕਿ ਕੀ ਉਹ ਭਾਰਤ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਸਦ ਵਿੱਚ ਕੋਈ ਅਵਾਜ਼ ਉਠਾਵੇਗਾ? ਤਾਂ ਹੰਸ ਰਾਜ ਹੰਸ ਦਾ ਉੱਤਰ ਦਿੱਤਾ ਸੀ ਕਿ ਮੈਂ ਕਿਸੇ ਇੱਕ ਧਰਮ ਨਾਲ ਬੱਝਾ ਹੋਇਆ ਨਹੀਂ ਹਾਂ। ਇਸਦਾ ਕੀ ਭਾਵ ਹੈ? ਸਪਸ਼ਟ ਹੈ ਕਿ ਉਹ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੋਈ ਅਵਾਜ਼ ਨਹੀਂ ਉਠਾਵੇਗਾ। ਇਸ ਇੱਕ ਜੁਆਬ ਨਾਲ ਹੀ ਹੰਸ ਰਾਜ ਹੰਸ ਦਾ ਕਿਰਦਾਰ ਵੀ ਸਾਹਮਣੇ ਆ ਗਿਆ ਅਤੇ ਪੰਜਾਬੀਅਤ ਦੇ ਹੋਕੇ ਮਾਰ ਰਹੇ ਲੋਕਾਂ ਦਾ ਵੀ। ਇਸ ਜੁਆਬ ਨੇ ਸਾਡੀ ਸੋਚ ਨੂੰ ਹੋਰ ਵੀ ਪੱਕਾ ਕੀਤਾ ਕਿ ਪੰਜਾਬੀਅਤ ਅਸਲ ਵਿੱਚ ਸਿੱਖੀ ਦੇ ਪੰਥਕ ਜਜਬੇ ਨੂੰ ਖ਼ਤਮ ਕਰਨ ਲਈ ਉਸਾਰਿਆ ਗਿਆ ਸ਼ਰੀਕ ਕਿਸਮ ਦਾ ਬੇਸਿਰ ਪੈਰਾ ਸੰਕਲਪ ਹੈ ਜਿਸਦਾ ਸਿੱਖ ਮਾਨਸਿਕਤਾ ਨੇ ਗੰਭੀਰ ਤੌਰ ਤੇ ਕੋਈ ਅਸਰ ਨਹੀਂ ਕਬੂਲਿਆ। ਇਹ ਵਰਤਾਰਾ ਸਿਰਫ ਪੰਜਾਬੀ ਅਖ਼ਬਾਰਾਂ ਜਾਂ ਹੋਰ ਭਾਰਤੀ ਮੀਡੀਆ ਤੱਕ ਸੀਮਤ ਨਹੀਂ ਹੈ ਬਲਕਿ ਇਸ ਵਰਤਾਰੇ ਦੀਆਂ ਪੈੜਾਂ ਕੌਮਾਂਤਰੀ ਮੀਡੀਆ ਤੱਕ ਵੀ ਜਾਂਦੀਆਂ ਹਨ। ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਵਸਦੇ ਸਿੱਖਾਂ ਦੇ ਖਿਲਾਫ ਕੁਝ ਹਿੰਸਕ ਕਾਰਵਾਈਆਂ ਕਸ਼ਮੀਰ ਵਿੱਚ ਹੋਈਆਂ। ਸਿੱਖ ਲੀਡਰਾਂ ਨੇ ਇਸ ਖਿਲਾਫ ਕਾਫੀ ਉਚੀ ਅਵਾਜ਼ ਬੁਲੰਦ ਕੀਤੀ। ਸਾਰੇ ਮੀਡੀਆ ਨੇ ਇਸ ਘਟਨਾ ਦੀ ਕਵਰੇਜ਼ ਕੀਤੀ। ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਇੱਕੋ ਸਮੇਂ ਛਪਣ ਵਾਲੇ ਹਫਤਾਵਾਰੀ ਮੈਗਜ਼ੀਨ ‘ਦਾ ਇਕਾਨੌਮਿਸਟ’ ਦੇ ਦਿੱਲੀ ਸਥਿਤ ਬਿਊਰੋ ਚੀਫ ਨੇ ਵਿਸ਼ੇਸ਼ ਤੌਰ ਤੇ ਕਸ਼ਮੀਰ ਜਾਕੇ ਇਸਦੀ ਰਿਪੋਰਟਿੰਗ ਕੀਤੀ। ਉਸਦੇ ਲੇਖ ਥੱਲੇ ਬਹੁਤ ਸਾਰੇ ਪਾਠਕਾਂ ਨੇ ਆਪਣੇ ਵਿਚਾਰ ਦਿੱਤੇ ਹੋਏ ਸਨ। ਜਿਨ੍ਹਾਂ ਵਿੱਚ ਬਹੁਤੇ ਸਰਕਾਰੀ ਸਾਜਿਸ਼ ਵੱਲ ਸੰਕੇਤ ਕਰਦੇ ਸਨ। ਅਸੀਂ ਉਹ ਵਿਚਾਰ ਧਿਆਨ ਨਾਲ ਪੜ੍ਹੇ। ਕਾਫੀ ਵਿਚਾਰ ਤਾਂ ਫੌਰੀ ਸਮੱਸਿਆ ਬਾਰੇ ਪ੍ਰਤੀਕਰਮ ਸਨ ਪਰ ਕਿਸੇ ਸਿੱਖ ਨੇ ਕਿਸੇ ਗੋਰੇ ਦੇ ਨਾਂਅ ਦੀ ਇੰਟਰਨੈਟ ਆਈਡੀ ਬਣਾਕੇ ਸਿੱਖਾਂ ਅਤੇ ਹਿੰਦੂਆਂ ਦੇ ਰਿਸ਼ਤੇ ਦੇ ਫਰਕ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ ਹੋਇਆ ਸੀ ਅਤੇ ਸਿੱਖੀ ਦੀ ਵੱਖਰੀ ਪਹਿਚਾਣ ਬਾਰੇ ਕਾਫੀ ਖੋਲ੍ਹਕੇ ਲਿਖਿਆ ਹੋਇਆ ਸੀ। ਅਜਿਹੇ ਹੋਰ ਵੀ ਬਹੁਤ ਸਾਰੇ ਮੌਕੇ ਜੀਵਨ ਦੀ ਤੌਰ ਦੌਰਾਨ ਮਿਲਦੇ ਰਹਿੰਦੇ ਹਨ ਜਦੋਂ ਸਿੱਖ ਕੌਮ ਆਪਣੇ ਕੌਮੀ ਜਜਬੇ ਦਾ ਸੁਚੇਤ ਤੌਰ ਤੇ ਪ੍ਰਗਟਾਵਾ ਕਰਦੀ ਰਹਿੰਦੀ ਹੈ।

ਆਪਾਂ ਸਾਰੇ ਜੋ ਕੌਮ ਦੇ ਮਾਨਸਿਕ ਧਰਾਤਲ ਦਾ ਥਾਹ ਪਾਉਣ ਲਈ ਯਤਨਸ਼ੀਲ ਹਾਂ, ਸਾਨੂੰ ਇਹ ਗੱਲ ਮੰਨਕੇ ਚੱਲਣਾ ਚਾਹੀਦਾ ਹੈ ਕਿ ਕੌਮ ਨੇ ਆਪਣੇ ਪ੍ਰਤੀਕਰਮਾਂ ਦੇ ਅੰਦਾਜ਼ ਬਦਲੇ ਹਨ ਆਪਣੀ ਸੋਚ ਨਹੀਂ ਬਦਲੀ। ਜਦੋਂ ਕੌਮ ਦੇ ਹਿੱਸੇ ਆਪਣੇ ਸੁਰੱਖਿਅਤ ਘੇਰੇ ਵਿੱਚ ਬੈਠਦੇ ਹਨ ਉਸ ਵੇਲੇ ਉਨ੍ਹਾਂ ਦੇ ਜਜਬਾਤ ਨੂੰ ਬੁਝਣ ਦਾ ਸਹੀ ਵੇਲਾ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਵਿਰੋਧੀ ਧਿਰ ਦਾ ਕੋਈ ਬੰਦਾ ਉਨ੍ਹਾਂ ਦੇ ਘੇਰੇ ਵਿੱਚ ਘੁਸਪੈਠ ਕਰਨ ਦੇ ਕਾਬਲ ਨਹੀਂ ਹੈ ਤਾਂ ਉਹ ਆਪਣੇ ਦਿਲ ਦੀ ਗੱਲ ਕਰਦੇ ਹਨ। ਗੁਰਦੁਆਰੇ ਅਤੇ ਇੰਟਰਨੈਟ ਦਾ ਸਮਾਜਕ ਮੀਡੀਆ ਸਿੱਖਾਂ ਲਈ ਆਪਣੇ ਵਿਚਾਰ ਪ੍ਰਗਟਾਵੇ ਦਾ ਸੁਰੱਖਿਅਤ ਮੰਚ ਹਨ। ਇਸੇ ਲਈ ਸਮੇਂ ਦੀਆਂ ਸਰਕਾਰਾਂ ਗੁਰਦੁਆਰਿਆਂ ਉਤੇ ਵੀ ਆਪਣੇ ਬੰਦਿਆਂ ਦੇ ਕਬਜ਼ੇ ਕਰਵਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ। ਸ਼੍ਰੋਮਣੀ ਕਮੇਟੀ ਤਂ ਲੈ ਕੇ ਅਮਰੀਕਾ, ਇੰਗਲਂਡ ਅਤੇ ਕੈਨੇਡਾ ਦੇ ਗੁਰੂਘਰਾਂ ਉਤੇ ਆਪਣੇ ਬੰਦਿਆਂ ਦੇ ਕਬਜੇ ਕਰਵਾਉਣ ਲਈ ਭਾਰਤੀ ਸਫਾਰਤਖਾਨਿਆ ਵਿੱਚ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਜੇਮਜ਼ ਸੀ ਸਕਾਟ ਨੇ ਵੀ ਲਿਖਿਆ ਹੈ ਕਿ ਨਾਜ਼ੀ ਫੌਜਾਂ ਵੀ ਪੱਬਾਂ ਅਤੇ ਕਲੱਬਾਂ ਵਿੱਚ ਆਮ ਲੋਕਾਂ ਦੇ ਦਾਖਲੇ ਨੂੰ ਰੋਕਣ ਜਾਂ ਉਥੇ ਆਪਣੀ ਕਿਸਮ ਦੀ ਵਿਚਾਰ ਚਰਚਾ ਕਰਵਾਉਣ ਲਈ ਯਤਨਸ਼ੀਲ ਰਹਿੰਦੀਆਂ ਸਨ। ਯੂਰਪ ਵਿੱਚ ਪੱਬ ਅਤੇ ਕਲੱਬ ਹੀ ਸਮਾਜੀ ਮਿਲਵਰਤਣ ਦੀ ਇੱਕ ਸਰੁੱਖਿਅਤ ਪਨਾਹ ਸਨ ਜਿੱਥੇ ਉਹ ਆਪਣੇ ਵਲਵਲੇ ਖੱਲੁ ਕੇ ਪ੍ਰਗਟ ਕਰ ਸਕਦੇ ਸਨ। ਇਸ ਲਈ ਸਿੱਖ ਕੌਮ ਦੀ ਮਾਨਸਿਕ ਹਾਲਤ ਦਾ ਥਾਹ ਪਾਉਣ ਲਈ ਇਨ੍ਹਾਂ HIDDEN SCRIPTS ਨੂੰ ਪੜਨ੍ਹ ਦੀ ਲੋੜ ਹੈ।

-ਅਵਤਾਰ ਸਿੰਘ