ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਿਰਤਾਂ ਪਾਉਣ ਵਾਲੇ ਰਾਜ ਕਾਕੜਾ ਦੀ ਨਵੀਂ ਐਲਬਮ ‘‘ਐ ਭਾਰਤ' ' ਨੂੰ ਸੁਣਕੇ ਉਸਦੀ ਕਲਮ ਨੂੰ ਸਲਾਮ ਕਰਨ ਨੂੰ ਵੀ ਜੀਅ ਕਰਦਾ ਹੈ, ਉਸਦੀ ਇਸ ਉਸਾਰੂ ਗਾਇਕੀ ਦੀ ਹਿੰਮਤ ਨੂੰ ਦਾਦ ਵੀ ਦੇਣੀ ਬਣਦੀ ਹੈ, ਕਿਉਂਕਿ ਜਿਸ ਤਰਾਂ ਰਾਜ ਕਾਕੜੇ ਨੇ ਆਪਣੀ ਲੇਖਣੀ ਰਾਹੀਂ ਸਿੱਖ ਕੌਮ, ਪੰਜਾਬੀਅਤ ਅਤੇ ਆਮ ਆਦਮੀ ਦੇ ਸੰਤਾਪ ਨੂੰ ਚਿਤਰਿਆ ਹੈ, ਉਹ ਕਿਸੇ ਵਿਰਲੇ ਅਤੇ ਸਮੱਰਥ ਕਲਮਕਾਰ ਦੇ ਹਿੱਸੇ ਆਉਣ ਵਾਲੀ ਹੀ ਗੱਲ ਹੈ ਅਤੇ ਰਾਜ ਕਾਕੜਾ ਦੀ ਗਾਇਕੀ ਵਿੱਚੋਂ ਜੋ ਇੱਕ ਪੁਖਤਾ ਗਾਇਕ ਦਾ ਝਲਕਾਰਾ ਪੈਂਦਾ ਹੈ, ਉਹ ਪੈਸੇ ਦੇ ਜੋਰ 'ਤੇ ਅੱਜਕੱਲ ਦੇ ਮੂੰਹ ਸਿਰ ਮੁਨਾਅ ਕੇ ਟੱਪੂਸੀਆਂ ਮਾਰਦੇ ਗਾਇਕਾਂ ਦੇ ਵੱਸ ਦਾ ਰੋਗ ਨਹੀਂ ਹੈ। ਕੁੜੀਆਂ ਦੇ ਲੱਕ ਮਿਣੂ ਅੱਜਕੱਲ ਦੇ ਗਾਇਕਾਂ ਲਈ ਨਸੀਅਤ ਭਰੀ ‘ਸਪੀਡ ਰਿਕਾਰਡਜ਼' ਦੀ ਪੇਸਕਸ਼ ਇਸ ਐਲਬਮ ਵਿੱਚ ਕੁੱਲ 12 ਗੀਤ ਹਨ, ਜਿਸ ਨੂੰ ਸੰਗੀਤਕਾਰ ਅਨੂ ਮਨੂ ਨੇ ਆਪਣੇ ਸੰਗੀਤ ਨਾਲ ਸੰਵਾਰਿਆ ਹੈ। ਇਸ ਐਲਬਮ ਦੇ ਪਹਿਲੇ ਅਤੇ ਟਾਇਟਲ ਗੀਤ ‘ਐ ਭਾਰਤ' ਵਿੱਚ ਦਿੱਲੀ ਦੇ ਤਖਤ ਨੂੰ ਮਿਹਣਾ ਮਾਰਦਾ ਹੋਇਆ ਗੀਤਕਾਰ ਕਹਿ ਰਿਹਾ ਹੈ ਕਿ ‘ਐ ਭਾਰਤ ਤੂੰ ਉਹ ਭਾਰਤ ਨਹੀਂ ਹੈ, ਜਿਸ ਭਾਰਤ ਲਈ ਅਸੀਂ ਹੱਸ ਹੱਸ ਫਾਂਸੀਆਂ ਦੇ ਰੱਸੇ ਚੁੰਮੇ ਸਨ, ਦੇਗਾਂ 'ਚ ਉਬਾਲੇ ਖਾਧੇ ਸਨ, ਸਿਰ 'ਤੇ ਕੱਫਣ ਬੰਨ ਕੇ ਮੁਗਲਾਂ ਨਾਲ ਲੜਾਈਆਂ ਕੀਤੀਆਂ ਸਨ। ਜਦੋਂ ਕਲਮਕਾਰ ਇਸ ਗੀਤ ਰਾਹੀਂ ਸਵਾਲ ਕਰਦਾ ਹੈ ਕਿ ਕੀ ਸਿੱਖ ਸਰਦਾਰਾਂ ਨੂੰ ਚੁਣ ਚੁਣ ਮਾਰਨ ਦੇ ਹੁਕਮ ਦੇਣੇ, ਸਮੇਂ ਦੀਆਂ ਸਰਕਾਰਾਂ ਨੂੰ ਸ਼ੋਭਾ ਦਿੰਦੇ ਹਨ? ਤਾਂ ਇਸ ਮਿਹਣੇਰੂਪੀ ਗੀਤ ਦਾ ਜਵਾਬ ਸਾਇਦ ਦਿੱਲੀ ਤਖਤ ਦਾ ਕੋਈ ਵੀ ਹੁਕਮਰਾਨ ਨਹੀਂ ਦੇ ਸਕਦਾ। ਇਸ ਗੀਤ ਰਾਹੀਂ ਉਹ ਕਮਾਦਾਂ ਦੇ ਖੇਤਾਂ ਵਿੱਚ ਹੋਏ ਝੂਠੇ ਪੁਲਸ ਮੁਕਾਬਲਿਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਨਾਲ ਨਾਲ ਜ਼ੇਲਾਂ ਵਿੱਚ ਨੌਜਵਾਨਾਂ ਦੀ ਇੱਕ ਪੂਰੀ ਪੀੜੀ ਰੁਲ ਜਾਣ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਇਹ ਸਭ ਕੁਝ ਉਸੇ ਭਾਰਤ ਵਿੱਚ ਹੋਇਆ ਹੈ, ਜਿਸ ਭਾਰਤ ਲਈ ਅਸੀਂ ਸੌ ਵਿਚੋਂ ਅੱਸੀ ਸ਼ਹੀਦ ਹੋਏ ਹਾਂ। ਇਸ ਤੋਂ ਵੀ ਅੱਗੇ ਖੂਨ ਨਾਲ ਲਿਬੜੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ਼੍ਰੀ ਅਕਾਲ ਤਖਤ ਸਹਿਬ 'ਤੇ ਵਰਦੇ ਤੋਪਾਂ ਦੇ ਗੋਲਿਆਂ ਨੂੰ ਯਾਦ ਕਰਦਾ ਹੋਇਆ ਗੀਤਕਾਰ ਇਸ ਭਾਰਤ ਵਿੱਚ ਕੋਈ ਅਪੀਲ, ਦਲੀਲ ਜਾਂ ਵਕੀਲ ਦੀ ਗੱਲ ਨਾ ਸੁਣਨ ਦਾ ਵੀ ਮਿਹਣਾ ਮਾਰਦਾ ਹੈ। ਇਸ ਗੀਤ ਰਾਹੀਂ ਪੰਜਾਬ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਨੂੰ ਸੌੜੀ ਰਾਜਨੀਤੀ ਛੱਡ ਕੇ ਸੋਚਣ ਦੀ ਵੀ ਅਪੀਲ ਕਰਦਾ ਹੈ। ਅਗਲੇ ਗੀਤ ‘ਲਾਰੀ' ਵਿੱਚ ਗਦਰੀ ਬਾਬਿਆਂ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਕੌਮੀ ਪਰਵਾਨਿਆਂ ਦੀ ਗੱਲ ਕਰਦਾ ਹੋਇਆ ਗੀਤਕਾਰ ਹੋਕਾ ਦੇ ਰਿਹਾ ਹੈ ਕਿ ‘ਬਹਿ ਜੋ ਬੇਲਿਓ! ਲਾਰੀ ਚੱਲੀ ਐ ਸ਼ਹਿਰ ਨੂੰ'। ਇਸ ਤੋਂ ਅਗਲੇ ਗੀਤ ‘ਜੀਭ ਤੋਤਲੀ' ਵਿੱਚ ਅੱਜਕੱਲ ਮਾਪਿਆਂ ਦੀ ਸੇਵਾ ਤੋਂ ਬੇਮੁੱਖ ਹੋਈ ਨਵੀਂ ਪੀੜੀ ਨੂੰ ਨਿਹੋਰਾ ਮਾਰਨ ਦਾ ਯਤਨ ਕਰਦਿਆਂ ਕਿਹਾ ਗਿਆ ਹੈ ਕਿ ਬਾਪੂ ਦੇ ਬੂਟਾਂ ਲਈ ਕਿਉਂ ਜੇਬ ਖਾਲੀ ਹੋ ਜਾਂਦੀ ਹੈ ਅਤੇ ਬੇਬੇ ਦੀਆਂ ਐਨਕਾਂ ਲਈ ਦਫ਼ਤਰੋਂ ਛੁੱਟੀ ਕਿਉਂ ਨਹੀਂ ਲਈ ਜਾ ਸਕਦੀ। ਤੋਤਲੀ ਜਬਾਨ ਨਾਲ ਬਹਿਸ ਕਰਕੇ ਕੋਈ ਮਾਂ ਨਾਲੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਚੌਥੇ ਗਾਣੇ ‘ਲਾਲੀਪੋਪ' ਵਿਚ ਅਖੌਤੀ ਲੋਕਤੰਤਰ ਦੀਆਂ ਧਜੀਆਂ ਉਡਾਉਂਦਿਆਂ ਕਿਹਾ ਹੈ ਕਿ ‘ਇਹ ਲੋਲੀਪੋਪ ਆਜ਼ਾਦੀ ਦਾ, ਏਹਨੂੰ ਚੂਪੀ ਜਾਹ, ਨਾਲੇ ਚੱਬੀ ਜਾਹ, ਇਹ ਗਣਤੰਤਰ ਦੀ ਹੱਡੀ ਐ, ਇਹਦੇ ਤੋਂ ਮਾਸ ਨਾ ਲੱਭੀ ਜਾਹ'। ਇਸ ਗੀਤ ਵਿੱਚ ਮੁੱਲ ਵਿਕਦੀਆਂ ਵੋਟਾਂ, ਸੰਵਿਧਾਨ ਦਾ ਸਹੀ ਅਰਥਾਂ 'ਚ ਲਾਗੂ ਨਾ ਹੋਣਾ, ਵੰਡ ਦੇ ਨੁਕਸਾਨ, ਟੂ-ਜੀ ਘਪਲੇ, ਤਿਰੰਗੇ ਦੇ ਨਾਮ 'ਤੇ ਮੱਚਦੀ ਲੁੱਟ ਅਤੇ ਲੋਕਾਂ ਸਿਰ ਪੈਂਦੀ ਕੁੱਟ ਦਾ ਜਿਕਰ ਕਰਦਿਆਂ ਵੀ ਗੀਤਕਾਰ ਨਿਰਾਸ਼ਾਵਾਦੀ ਨਹੀਂ ਹੁੰਦਾ, ਸਗੋਂ ਦਸ਼ਮੇਸ਼ ਪਿਤਾ ਦੇ ਫੁਰਮਾਨ ਮੁਤਾਬਿਕ ਲੋੜ ਪਈ ਤੋਂ ਖੰਡਾ ਹੱਥ ਵਿੱਚ ਫੜ ਲੈਣ ਦੇ ਸੰਘਰਸ਼ੀ ਰਾਹ ਨੂੰ ਚੁਣਨ ਦਾ ਹੋਕਾ ਦੇ ਰਿਹਾ ਹੈ। ਅਗਲੇ ਗੀਤ ‘ਮੇਰਾ ਪਿੰਡ' ਵਿੱਚ ਪੰਜਾਬ ਦੀਆਂ ਐਕਵਾਇਰ ਹੋ ਰਹੀਆਂ ਜ਼ਮੀਨਾਂ ਦੀ ਗੱਲ ਕਰਦਿਆਂ ਬੜਾ ਖੂਬਸੂਰਤ ਚਿਤਰਣ ਕਰਦਾ ਗੀਤਕਾਰ ਕਈ ਟਾਟਿਆਂ ਅਤੇ ਅੰਬਾਨੀਆਂ ਦੇ ਪਿੰਡ ਦੇ ਚੁੱਲਿਆਂ ਤੱਕ ਅਪੜਨ ਦਾ ਜ਼ਿਕਰ ਕਰਦਾ ਹੈ। ਪੰਜਾਬ ਦੇ ਖੇਤਾਂ ਵਿੱਚ ‘ਮਾਲ' ਬਣਨ ਤੋਂ ਲੈ ਕੇ ਪਿੰਡਾਂ ਦੇ ਛੱਪੜਾਂ ਦੇ ਸਵੀਮਿੰਗ ਪੂਲਾਂ 'ਚ ਬਦਲਣ ਤੋਂ ਇਲਾਵਾ ਹੋਟਲਾਂ, ਪੱਬਾਂ ਅਤੇ ਅੰਗਰੇਜ਼ੀ ਸਕੂਲਾਂ ਲਈ ਵਰਤੀ ਜਾ ਰਹੀ ਪੰਜਾਬ ਦੀ ਉਪਜਾਊ ਧਰਤੀ ਦੀ ਜਿਕਰ ਕਰਦਿਆਂ ਉਹ ਇਥੋਂ ਤੱਕ ਕਹਿ ਉਠਦਾ ਹੈ ਕਿ ਹੁਣ ਤਾਂ ਐਡਵਾਇਰ ਰੂਪੀ ਵਿਉਪਾਰੀ ਪੂਰੇ ਦੇ ਪੂਰੇ ਪਿੰਡ ਹੀ ਖਰੀਦਣ ਤੁਰ ਪਏ ਹਨ, ਰੱਬ ਖੈਰ ਕਰੇ। ‘ਪਤੰਗਾਂ' ਗੀਤ ਰਾਹੀਂ ਗੀਤਕਾਰ ਕਹਿ ਰਿਹਾ ਹੈ ਕਿ ਹੁਣ ਸੜਕਾਂ 'ਤੇ ਬੇਰੁਜਗਾਰ ਧੱਕੇ ਖਾਂਦੇ ਫਿਰਦੇ ਹਨ, ਲੋਕਾਂ ਨੂੰ ਮੰਗਾਂ ਮੰਨਵਾਉਣ ਲਈ ਟੈਂਕੀਆਂ 'ਤੇ ਚੜ ਕੇ ਅੱਗਾਂ ਤੱਕ ਲਾਉਣੀਆਂ ਪੈ ਰਹੀਆਂ ਹਨ ਅਤੇ ਮਾਂ ਬੋਲੀ ਬੋਲਣ ਲਈ ਮਨਜੂਰੀਆਂ ਲੈਣੀਆਂ ਪੈਂਦੀਆਂ ਹਨ। ਇਸ ਲਈ ਉਹ ਦੁਨੀਆਂ ਤੋਂ ਬਚਕੇ ਚੱਲਣ ਦੀ ਸਲਾਹ ਦਿੰਦਾ ਹੋਇਆ ਸੰਘਰਸ਼ ਕਰਨ ਲਈ ਹੋਕਾ ਦਿੰਦਾ ਨਿਹੋਰਾ ਵੀ ਮਾਰਦਾ ਹੈ ਕਿ ਜਦੋਂ ਹਥਿਆਰ ਚੁੱਕਣ ਦੀ ਲੋੜ ਆ ਬਣੇ ਤਾਂ ਵੰਗਾਂ ਪਾਕੇ ਬੈਠਣ ਵਾਲੇ ਨੂੰ ‘ਸਰਦਾਰ' ਕਹਾਉਣ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਅਗਲੇ ਗੀਤ ‘ਜ਼ੁਰਮ ਦਾ ਇਕਬਾਲ ਕਰਦੇ ਹਾਂ' ਵਿੱਚ ਸੜਕ 'ਤੇ ਰੋੜੀ ਕੁੱਟਦਾ ਮਜਦੂਰ ਅਤੇ ਰੋਟੀ ਲਈ ਵਿਲਕਦਾ ਬਚਪਨ, ਰੋਜਗਾਰ ਮੰਗਦੇ ਲੋਕਾਂ 'ਤੇ ਖੜਕਦੇ ਡੰਡੇ ਅਤੇ ਰੋਂਦੇ ਕਿਰਸਾਨ ਦੀ ਗੱਲ ਕਰਦਾ ਉਹ ਚੌਰਾਸੀ 'ਚ ਹੋਏ ਕਤਲੇਆਮ ਦੇ ਸਬੂਤ ਮੁੱਦਤਾਂ ਤੱਕ ਨਾ ਮਿਲਣ ਅਤੇ ਅਜੇ ਤੱਕ ਸਿਰਫ ਪੜਤਾਲਾਂ ਚੱਲੀ ਜਾਣ ਦੇ ਸੰਦਰਭ ਵਿੱਚ ਆਪਣੇ ਲੋਕਾਂ ਲਈ ਕਿਸੇ ਦਾ ਮੁਰਜਮ ਬਣ ਜਾਣਾ ਹੀ ਉਚਿਤ ਦੱਸਦਾ ਹੈ, ਕਿਉਂਕਿ ਸ਼ਹੀਦਾਂ ਦੇ ਕੱਫਣਾਂ 'ਚੋਂ ਕਮਿਸ਼ਨ ਖਾਣ ਵਾਲਿਆਂ ਨਾਲੋਂ ਉਹ ਮੁਜਰਿਮ ਵੀ ਹਜਾਰਾਂ ਗੁਣੇ ਚੰਗੇ ਹਨ। ਅਲਗੋਜਿਆਂ ਦੀ ਬਾਮਿਸਾਲ ਵਰਤੋਂ ਕਰਕੇ ਗਾਏ ਗਏ ਗੀਤ ‘ਦੁੱਧ ਮਲਾਈਆਂ' ਗੀਤ ਰਾਹੀਂ ਕੱਬਡੀ ਅਤੇ ਪਹਿਲਵਾਨੀ ਵਰਗੀਆਂ ਖੇਡਾਂ ਰਾਹੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਵਰਜਦਿਆਂ ਜੱਗਾ, ਦੁੱਲਾ, ਗਾਮਾ, ਦਾਰਾ ਅਤੇ ਰੁਸਤਮੇਂ ਹਿੰਦ ਕਰਤਾਰ ਸਿੰਘ ਵਰਗੇ ਨਾਇਕਾਂ ਦੀ ਰੀਸ ਕਰਨ ਦਾ ਹੋਕਾ ਦਿੱਤਾ ਹੈ। ‘ਆਲਣੇ' ਗੀਤ ਵਿੱਚ ਵਿਦੇਸੀਂ ਬੈਠੇ ਪੰਜਾਬ ਦੇ ਜਾਇਆਂ ਦੀ ਬਣੀ ਕਾਲੀ ਸੂਚੀ ਦੇ ਸੰਤਾਪ ਨੂੰ ਬਾਖੂਬੀ ਚਿੱਤਵਦਿਆਂ ‘ਮੇਰੀ ਕੌਮ 'ਤੇ ਭੀੜਾਂ ਬਾਹਲੀਆਂ ਨੇ, ਬਣ ਗਈਆਂ ਸੂਚੀਆਂ ਕਾਲੀਆਂ ਨੇ' ਇੱਕ ਵੇਦਨਾ ਭਰੀ ਰਚਨਾ ਹੈ, ਜਿਸ ਵਿੱਚ ਮੈਡਲਾਂ ਅਤੇ ਫੀਤੀਆਂ ਲਈ ਆਪਣਿਆਂ ਹੱਥੋਂ ਆਪਣੇ ਹੀ ਕਤਲ ਕੀਤੇ ਜਾਣ ਅਤੇ ਮਾਂ ਬਾਪ, ਭੈਣ ਭਰਾਵਾਂ ਦੇ ਵਿਛੋੜੇ ਦਾ ਜਿਕਰ ਹੈ। ਇਸ ਤੋਂ ਅਗਲੇ ਗੀਤ ‘ਤਲਵਾਰ' ਰਾਹੀਂ ਨਵੰਬਰ ਚੌਰਾਸੀ ਦੇ ਦੁਖਾਂਤ ਨੂੰ ਬਾਖੂਬੀ ਰੂਪਮਾਨ ਕੀਤਾ ਗਿਆ ਹੈ, ਜਿਸ ਵਿੱਚ ਨਸ਼ਲਕੁਸੀ ਦੀ ਸਾਜਿਸ਼, ਕਾਤਲਾਂ ਨੂੰ ਵਜੀਰੀਆਂ ਨਾਲ ਨਿਵਾਜਣ, ਲਾਸ਼ਾਂ 'ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਵੱਲੋਂ ਸਨਮਾਨ ਵੇਚੇ ਜਾਣ ਤੱਕ ਦਾ ਨਕਸ਼ਾ ਖਿਚਿਆ ਗਿਆ ਹੈ। ਇਸ ਗੀਤ ਰਾਹੀਂ ਸਿੱਖ ਕੌਮ ਦੇ ਯਤੀਮ ਹੋ ਜਾਣ ਦਾ ਜ਼ਿਕਰ ਕਰਦਿਆਂ ‘ਸ਼ੇਰ ਏ ਪੰਜਾਬ' ਨੂੰ ਦੁਬਾਰਾ ਪੈਦਾ ਹੋਣ ਦਾ ਵਾਸਤਾ ਪਾਇਆ ਗਿਆ ਹੈ। ਅਗਲੇ ਗੀਤ ‘ਬਾਪੂ' ਵਿੱਚ ਮਿਲਾਵਟੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਕਿਰਸਾਨੀ ਸਿਰ ਚੜੇ ਭਾਰੇ ਕਰਜੇ ਦੀ ਮਾਰ ਹੇਠ ਆ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਜਿਕਰ ਕਰਦਿਆਂ ਇਹ ਸਵਾਲ ਉਠਾਇਆ ਗਿਆ ਹੈ ਕਿ ਆਸ ਅਤੇ ਸਲਫਾਸ਼ ਵਿੱਚਲਾ ਅੰਤਰ ਅਤੇ ਸਰਾਬ ਅਤੇ ਸਪਰੇਆਂ ਪੀਣ੍ਯ ਦਾ ਰੁਝਾਨ ਆਖਰ ਕਿਥੇ ਜਾ ਕੇ ਰੁਕੇਗਾ? ਅਖੀਰਲੇ ਗੀਤ ‘ਰੂਹ' ਰਾਹੀਂ ਹਰ ਚੀਜ਼ ਵਿਚ ਹੋ ਰਹੀ ਮਿਲਾਵਟ ਅਤੇ ਵਧ ਰਹੀਆਂ ਕਾਲੋਨੀਆਂ ਨਾਲ ਬੰਜਰ ਅਤੇ ਪ੍ਰਦੂਸਿਤ ਹੋ ਰਹੇ ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਾਜ ਕਾਕੜੇ ਦੀ ਇਹ ਐਲਬਮ ਜਿਥੇ ਕੋਰੀਓਗਰਾਫੀਆਂ ਰਾਹੀਂ ਰੰਗਮੰਚ ਦਾ ਸਿੰਗਾਰ ਬਣਨ ਦੀ ਕਾਬਲੀਅਤ ਰੱਖਦੀ ਹੈ, ਉਥੇ ਨਵੀਂ ਪੀੜੀ ਦੇ ਸਹੁਜ ਸੁਆਦ ਮੁਤਾਬਿਕ ਮਿਊਜਿਕ, ਬੀਟ ਅਤੇ ਤਿਆਰ ਕੀਤੀਆਂ ਤਰਜ਼ਾਂ ਕਰਕੇ ਇਸ ਐਲਬਮ ਦੇ ਕਈ ਗਾਣੇ ਮੋਬਾਇਲ ਫੋਨਾਂ ਦੀਆਂ ਰਿੰਗ ਟੋਨਾਂ ਵੀ ਜਰੂਰ ਬਣਨਗੇ। ਰਾਜ ਕਾਕੜੇ ਨੇ ਇਸ ਐਲਬਮ ਰਾਹੀਂ ਬਾਬੇ ਨਾਨਕ ਦੇ ‘ਰਾਜੇ ਸੀਂਹ ਮੁੱਕਦਮ ਕੁੱਤੇ' ਵਾਲੇ ਫਲਸਫੇ 'ਤੇ ਚਲਦਿਆਂ ਉਹ ਜੁਰਅਤ ਕੀਤੀ ਹੈ, ਜੋ ਅੱਜ ਕੱਲ ਦੇ ਸਿੱਖ ਆਗੂਆਂ ਅਤੇ ਸਿੱਖ ਸੰਤਾਂ ਅਤੇ ਪ੍ਰਚਾਰਕਾਂ ਵਿੱਚ ਨਹੀਂ ਦਿਸ ਰਹੀ। ਇਸ ਲਈ ਜਾਗਰੂਕ ਪੰਜਾਬੀਆਂ ਨੂੰ ਰਾਜ ਕਾਕੜੇ ਦੀ ਇਸ ਜੁਰਅਤ ਭਰੀ ਐਲਬਮ ਲਈ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ।
ਨਵੀਂ ਐਲਬਮ ‘ਐ ਭਾਰਤ’ - ਬੇਖੌਫ਼ ਅਤੇ ਊਸਾਰੂ ਸੋਚ ਦੇ ਮਾਲਕ ਰਾਜ ਕਾਕੜਾ ਦੀ ਕਲਮ ਅਤੇ ਗਾਇਕੀ ਨੂੰ ਸਲਾਮ
5:44 PM
0
Share to other apps