Pages

Showing posts with label ਕੌਮਵਾਦ. Show all posts
Showing posts with label ਕੌਮਵਾਦ. Show all posts

ਰੇਪ ਤਾਂ ਰੇਪ ਹੈ, ਭਾਵੇਂ ਦਿੱਲੀ ’ਚ ਹੋਵੇ ਤੇ ਭਾਵੇਂ ਕਸ਼ਮੀਰ ’ਚ ਫ਼ੌਜ ਕਰੇ-ਆਰੁੰਧਤੀ ਰਾਏ

ਆਰੁੰਧਤੀ ਰਾਏ
ਮੰਨੀ ਪ੍ਰਮੰਨੀ ਲੇਖਿਕਾ ਅਤੇ ਸਮਾਜਿਕ ਮੁੱਦਿਆ ’ਤੇ ਆਪਣੀ ਬੇਬਾਕ ਰਾਏ ਰੱਖਣ ਵਾਲੀ ਆਰੁੰਧਤੀ ਰਾਏ ਨੇ ਬੀ.ਬੀ.ਸੀ. ਨਾਲ ਗਲੱਬਾਤ ਦੌਰਾਨ ਬਲਾਤਕਾਰ ਦੇ ਮਾਮਲੇ ’ਚ ਆਪਣੇ ਵਿਚਾਰ ਰੱਖੇ ਹਨ, ਜਿਸਦਾ ਪੰਜਾਬੀ ਅਨੁਵਾਦ ਅਸੀਂ ਇੱਥੇ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ :

ਮੈਂ ਨਹੀਂ ਮੰਨਦੀ ਕਿ ਦਿੱਲੀ ਰੇਪ ਕੈਪੀਟਲ ਹੈ। ਇਹ ਰੇਪ ਤਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਮਾਨਸਿਕਤਾ ‘ਚ ਵਸਿਆ ਹੋਇਆ ਹੈ। ਗੁਜਰਾਤ ‘ਚ ਮੁਲਸਾਮਾਨਾਂ ਨਾਲ ਹੋਇਆ,ਕਸ਼ਮੀਰ ‘ਚ ਸੁਰੱਖਿਆ ਬਲ ਬਲਾਤਕਾਰ ਕਰਦੇ ਹਨ ਤੇ ਮਨੀਪੁਰ ‘ਚ ਵੀ ਅਜਿਹਾ ਹੀ ਹੁੰਦਾ ਹੈ ਤੇ ਉਦੋਂ ਕੋਈ ਆਵਾਜ਼ ਨਹੀਂ ਉਠਾਉਂਦਾ।

ਖੈਰਲਾਂਜੀ ‘ਚ ਦਲਿਤ ਔਰਤ ਤੇ ਉਸਦੀ ਕੁੜੀ ਨਾਲ ਬਲਾਤਕਾਰ ਕਰਕੇ ਸਾੜ ਦਿੱਤਾ ਗਿਆ ਸੀ। ਉਦੋਂ ਤਾਂ ਅਜਿਹੀ ਆਵਾਜ਼ ਨਹੀਂ ਉੱਠੀ ਸੀ।

ਇਹ ਜਗੀਰੂ ਮਾਨਸਿਕਤਾ ਹੈ। ਲੋਕਾਂ ਦੀ ਉਦੋਂ ਹੀ ਅਵਾਜ਼ ਉੱਠਦੀ ਹੈ ਜਦੋਂ ਉੱਚੀ ਜਾਤ ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਦਿੱਲੀ ‘ਚ ਕੁਝ ਹੁੰਦਾ ਹੈ।

ਅਵਾਜ਼ ਉੱਠਣੀ ਚਾਹੀਦੀ ਹੈ ਜੋ ਦਿੱਲੀ ‘ਚ ਹੋਇਆ ਉਸ ਲਈ ਹੋ ਹੱਲਾ ਤਾਂ ਹੋਣਾ ਚਾਹੀਦਾ ਹੈ,ਇਹ ਹੱਲਾ ਸਿਰਫ ਮੱਧ ਵਰਗ ਦੇ ਲੋਕਾਂ ਨੂੰ ਬਚਾਉਣ ਲਈ ਨਹੀਂ ਹੋਣਾ ਚਾਹੀਦਾ ਹੈ।

ਛੱਤੀਸਗੜ੍ਹ ਦੀ ਆਦਿਵਾਸੀ ਮਹਿਲਾ ਸੋਨੀ ਸੋਰੀ ਦੇ ਖ਼ਿਲਾਫ ਵੀ ਕੁਝ ਹੋਇਆ ਸੀ ,ਤੁਹਾਨੂੰ ਯਾਦ ਦਾ ਹੋਵੇਗਾ,ਉਸਦੇ ਜਨਣ ਅੰਗ ‘ਚ ਪੱਥਰ ਪਾਏ ਗਏ ਸਨ। ਪੁਲੀਸ ਨੇ ਅਜਿਹਾ ਕੀਤਾ ਪਰ ਉਦੋਂ ਤਾਂ ਕਿਸੇ ਨੇ ਅਵਾਜ਼ ਨਹੀਂ ਉਠਾਈ ਸੀ। ਉਸ ਪੁਲੀਸ ਅਧਿਕਾਰੀ ਨੂੰ ਤਾਂ ਦਲੇਰੀ ਲਈ ਸਨਮਾਨ ਮਿਲਿਆ।

ਕਸ਼ਮੀਰ ‘ਚ ਜਦੋਂ ਗਰੀਬ ਕਸ਼ਮੀਰੀਆਂ ਨਾਲ ਸੁਰੱਖਿਆ ਦਲ ਬਲਾਤਕਾਰ ਕਰਦੇ ਹਨ ਤਾਂ ਉਦੋਂ ਸੁਰੱਖਿਆ ਬਲਾਂ ਖ਼ਿਲਾਫ ਕੋਈ ਫਾਂਸੀ ਦੀ ਮੰਗ ਨਹੀਂ ਕਰਦਾ।

ਜਦੋਂ ਕੋਈ ਉੱਚੀ ਜਾਤੀ ਦਾ ਆਦਮੀ ਦਲਿਤ ਨਾਲ ਬਲਾਤਕਾਰ ਕਰਦਾ ਹੈ ਤਾਂ ਵੀ ਕੋਈ ਉਸ ਲਈ ਫਾਂਸੀ ਦੀ ਮੰਗ ਨਹੀਂ ਕਰਦਾ।

ਇਸ ਵਾਰ ਜਦੋਂ 100 ਲੋਕ ਇਕੱਠੇ ਖੜ੍ਹੇ ਸਨ ਦਿੱਲੀ ‘ਚ ਜਦੋਂ ਕੁੜੀ ਨੂੰ ਬੱਸ ‘ਚੋਂ ਨੰਗਾ ਬਾਹਰ ਸੁੱਟਿਆ ਗਿਆ,ਬੱਸ ਤੋਂ ਬਾਹਰ ਤਾਂ ਲੋਕ ਖੜ੍ਹੇ ਸੀ। ਕਿਸੇ ਨੇ ਉਸਨੂੰ ਆਪਣਾ ਕੱਪੜਾ ਦਿੱਤਾ ? ਸਾਰੇ ਲੋਕ ਖੜ੍ਹੇ ਰਹੇ।

ਦਿੱਲੀ ‘ਚ ਅਮੀਰ-ਗਰੀਬ ਵਿਚਕਾਰ ਭੇਦਭਾਵ ਤਾਂ ਪਹਿਲਾਂ ਵੀ ਸੀ। ਹੁਣ ਵੀ ਹੈ,ਪਰ ਹੁਣ ਉਹ ਨਿਸ਼ਾਨਾ ਬਣ ਰਹੇ ਹਨ। ਬਲਾਤਕਾਰ ਮੁੱਦਾ ਨਹੀਂ ਹੈ,ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਿੰਨੇ ਬਲਾਤਕਾਰ ਹੋਏ ਸਨ। ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਸੀਂ।

ਇਹ ਜਗੀਰੂ ਮਾਨਸਿਕਤਾ ਹੈ,ਸਾਡੇ ਲੋਕਾਂ ਅੰਦਰ।

ਬਲਾਤਕਾਰ ਇਕ ਘਿਨੌਣਾ ਅਪਰਾਧ ਹੈ,ਪਰ ਲੋਕ ਕੀ ਕਰਦੇ ਹਨ। ਜਿਸ ਕੁੜੀ ਦਾ ਬਲਾਤਕਾਰ ਹੋਇਆ ਉਸ ਨੂੰ ਕੋਈ ਸਵੀਕਾਰ ਕਿਉਂ ਨਹੀਂ ਕਰਦਾ ਹੈ? ਕਿਹੋ ਜਿਹੇ ਸਮਾਜ ‘ਚ ਰਹਿੰਦੇ ਹਾਂ ਅਸੀਂ ? ਕਈ ਮਾਮਲਿਆਂ ‘ਚ ਜਿਸ ਦਾ ਬਾਲਤਕਾਰ ਹੁੰਦਾ ਉਸੇ ਨੂੰ ਪਰਿਵਾਰ ਦੇ ਲੋਕ ਘਰੋਂ ਕੱਢ ਦਿੰਦੇ ਹਨ।

ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਇਹ ਕਿਵੇਂ ਠੀਕ ਹੋਵੇਗਾ ਪਰ ਮਾਨਸਿਕਤਾ ਦੀ ਵੱਡੀ ਸਮੱਸਿਆ ਹੈ। ਸਮਾਜ ‘ਚ ਬਹੁਤ ਜ਼ਿਆਦਾ ਹਿੰਸਾ ਹੈ।

ਵਿਰੋਧ ਹੋਣਾ ਚਾਹੀਦਾ ਹੈ ਪਰ ਚੁਣ ਚੁਣ ਕੇ ਵਿਰੋਧ ਨਹੀਂ ਹੋਣਾ ਚਾਹੀਦਾ।ਹਰ ਔਰਤ ਦੇ ਬਲਾਤਕਾਰ ਦਾ ਵਿਰੋਧ ਹੋਣਾ ਚਾਹੀਦਾ ਹੈ,ਇਹ ਦੋਹਰੀ ਮਾਨਸਿਕਤਾ ਹੈ ਕਿ ਤੁਸੀਂ ਦਿੱਲੀ ਦੇ ਬਲਾਤਕਾਰ ਲਈ ਅਵਾਜ਼ ਉਠਾਵੋਂਗੇ ਪਰ ਮਨੀਪੁਰ ਦੀਆਂ ਔਰਤਾਂ ਲਈ, ਕਸ਼ਮੀਰ ਦੀਆਂ ਔਰਤਾਂ ਲਈ ਤੇ ਖੈਰਲਾਂਜੀ ਦੀਆਂ ਦਲਿਤ ਔਰਤਾਂ ਲਈ ਤੁਸੀਂ ਅਵਾਜ਼ ਕਿਉਂ ਨਹੀਂ ਉਠਾਉਂਦੇ ਹੋਂ?

ਬਲਾਤਕਾਰ ਦਾ ਵਿਰੋਧ ਇਸ ਅਧਾਰ ‘ਤੇ ਨਹੀਂ, ਇਹ ਉਹ ਦਿੱਲੀ ‘ਚ ਹੋਇਆ ਹੈ ਜਾਂ ਮਨੀਪੁਰ ‘ਚ ਜਾਂ ਕਿਸੇ ਹੋਰ ਥਾਂ।ਮੈਂ ਬੱਸ ਇਹੀ ਕਹਿ ਸਕਦੀ ਹਾਂ।

ਨਵੀਂ ਐਲਬਮ ‘ਐ ਭਾਰਤ’ - ਬੇਖੌਫ਼ ਅਤੇ ਊਸਾਰੂ ਸੋਚ ਦੇ ਮਾਲਕ ਰਾਜ ਕਾਕੜਾ ਦੀ ਕਲਮ ਅਤੇ ਗਾਇਕੀ ਨੂੰ ਸਲਾਮ

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਿਰਤਾਂ ਪਾਉਣ ਵਾਲੇ ਰਾਜ ਕਾਕੜਾ ਦੀ ਨਵੀਂ ਐਲਬਮ ‘‘ਐ ਭਾਰਤ' ' ਨੂੰ ਸੁਣਕੇ ਉਸਦੀ ਕਲਮ ਨੂੰ ਸਲਾਮ ਕਰਨ ਨੂੰ ਵੀ ਜੀਅ ਕਰਦਾ ਹੈ, ਉਸਦੀ ਇਸ ਉਸਾਰੂ ਗਾਇਕੀ ਦੀ ਹਿੰਮਤ ਨੂੰ ਦਾਦ ਵੀ ਦੇਣੀ ਬਣਦੀ ਹੈ, ਕਿਉਂਕਿ ਜਿਸ ਤਰਾਂ ਰਾਜ ਕਾਕੜੇ ਨੇ ਆਪਣੀ ਲੇਖਣੀ ਰਾਹੀਂ ਸਿੱਖ ਕੌਮ, ਪੰਜਾਬੀਅਤ ਅਤੇ ਆਮ ਆਦਮੀ ਦੇ ਸੰਤਾਪ ਨੂੰ ਚਿਤਰਿਆ ਹੈ, ਉਹ ਕਿਸੇ ਵਿਰਲੇ ਅਤੇ ਸਮੱਰਥ ਕਲਮਕਾਰ ਦੇ ਹਿੱਸੇ ਆਉਣ ਵਾਲੀ ਹੀ ਗੱਲ ਹੈ ਅਤੇ ਰਾਜ ਕਾਕੜਾ ਦੀ ਗਾਇਕੀ ਵਿੱਚੋਂ ਜੋ ਇੱਕ ਪੁਖਤਾ ਗਾਇਕ ਦਾ ਝਲਕਾਰਾ ਪੈਂਦਾ ਹੈ, ਉਹ ਪੈਸੇ ਦੇ ਜੋਰ 'ਤੇ ਅੱਜਕੱਲ ਦੇ ਮੂੰਹ ਸਿਰ ਮੁਨਾਅ ਕੇ ਟੱਪੂਸੀਆਂ ਮਾਰਦੇ ਗਾਇਕਾਂ ਦੇ ਵੱਸ ਦਾ ਰੋਗ ਨਹੀਂ ਹੈ। ਕੁੜੀਆਂ ਦੇ ਲੱਕ ਮਿਣੂ ਅੱਜਕੱਲ ਦੇ ਗਾਇਕਾਂ ਲਈ ਨਸੀਅਤ ਭਰੀ ‘ਸਪੀਡ ਰਿਕਾਰਡਜ਼' ਦੀ ਪੇਸਕਸ਼ ਇਸ ਐਲਬਮ ਵਿੱਚ ਕੁੱਲ 12 ਗੀਤ ਹਨ, ਜਿਸ ਨੂੰ ਸੰਗੀਤਕਾਰ ਅਨੂ ਮਨੂ ਨੇ ਆਪਣੇ ਸੰਗੀਤ ਨਾਲ ਸੰਵਾਰਿਆ ਹੈ। ਇਸ ਐਲਬਮ ਦੇ ਪਹਿਲੇ ਅਤੇ ਟਾਇਟਲ ਗੀਤ ‘ਐ ਭਾਰਤ' ਵਿੱਚ ਦਿੱਲੀ ਦੇ ਤਖਤ ਨੂੰ ਮਿਹਣਾ ਮਾਰਦਾ ਹੋਇਆ ਗੀਤਕਾਰ ਕਹਿ ਰਿਹਾ ਹੈ ਕਿ ‘ਐ ਭਾਰਤ ਤੂੰ ਉਹ ਭਾਰਤ ਨਹੀਂ ਹੈ, ਜਿਸ ਭਾਰਤ ਲਈ ਅਸੀਂ ਹੱਸ ਹੱਸ ਫਾਂਸੀਆਂ ਦੇ ਰੱਸੇ ਚੁੰਮੇ ਸਨ, ਦੇਗਾਂ 'ਚ ਉਬਾਲੇ ਖਾਧੇ ਸਨ, ਸਿਰ 'ਤੇ ਕੱਫਣ ਬੰਨ ਕੇ ਮੁਗਲਾਂ ਨਾਲ ਲੜਾਈਆਂ ਕੀਤੀਆਂ ਸਨ। ਜਦੋਂ ਕਲਮਕਾਰ ਇਸ ਗੀਤ ਰਾਹੀਂ ਸਵਾਲ ਕਰਦਾ ਹੈ ਕਿ ਕੀ ਸਿੱਖ ਸਰਦਾਰਾਂ ਨੂੰ ਚੁਣ ਚੁਣ ਮਾਰਨ ਦੇ ਹੁਕਮ ਦੇਣੇ, ਸਮੇਂ ਦੀਆਂ ਸਰਕਾਰਾਂ ਨੂੰ ਸ਼ੋਭਾ ਦਿੰਦੇ ਹਨ? ਤਾਂ ਇਸ ਮਿਹਣੇਰੂਪੀ ਗੀਤ ਦਾ ਜਵਾਬ ਸਾਇਦ ਦਿੱਲੀ ਤਖਤ ਦਾ ਕੋਈ ਵੀ ਹੁਕਮਰਾਨ ਨਹੀਂ ਦੇ ਸਕਦਾ। ਇਸ ਗੀਤ ਰਾਹੀਂ ਉਹ ਕਮਾਦਾਂ ਦੇ ਖੇਤਾਂ ਵਿੱਚ ਹੋਏ ਝੂਠੇ ਪੁਲਸ ਮੁਕਾਬਲਿਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਨਾਲ ਨਾਲ ਜ਼ੇਲਾਂ ਵਿੱਚ ਨੌਜਵਾਨਾਂ ਦੀ ਇੱਕ ਪੂਰੀ ਪੀੜੀ ਰੁਲ ਜਾਣ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਇਹ ਸਭ ਕੁਝ ਉਸੇ ਭਾਰਤ ਵਿੱਚ ਹੋਇਆ ਹੈ, ਜਿਸ ਭਾਰਤ ਲਈ ਅਸੀਂ ਸੌ ਵਿਚੋਂ ਅੱਸੀ ਸ਼ਹੀਦ ਹੋਏ ਹਾਂ। ਇਸ ਤੋਂ ਵੀ ਅੱਗੇ ਖੂਨ ਨਾਲ ਲਿਬੜੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ਼੍ਰੀ ਅਕਾਲ ਤਖਤ ਸਹਿਬ 'ਤੇ ਵਰਦੇ ਤੋਪਾਂ ਦੇ ਗੋਲਿਆਂ ਨੂੰ ਯਾਦ ਕਰਦਾ ਹੋਇਆ ਗੀਤਕਾਰ ਇਸ ਭਾਰਤ ਵਿੱਚ ਕੋਈ ਅਪੀਲ, ਦਲੀਲ ਜਾਂ ਵਕੀਲ ਦੀ ਗੱਲ ਨਾ ਸੁਣਨ ਦਾ ਵੀ ਮਿਹਣਾ ਮਾਰਦਾ ਹੈ। ਇਸ ਗੀਤ ਰਾਹੀਂ ਪੰਜਾਬ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਨੂੰ ਸੌੜੀ ਰਾਜਨੀਤੀ ਛੱਡ ਕੇ ਸੋਚਣ ਦੀ ਵੀ ਅਪੀਲ ਕਰਦਾ ਹੈ। ਅਗਲੇ ਗੀਤ ‘ਲਾਰੀ' ਵਿੱਚ ਗਦਰੀ ਬਾਬਿਆਂ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਕੌਮੀ ਪਰਵਾਨਿਆਂ ਦੀ ਗੱਲ ਕਰਦਾ ਹੋਇਆ ਗੀਤਕਾਰ ਹੋਕਾ ਦੇ ਰਿਹਾ ਹੈ ਕਿ ‘ਬਹਿ ਜੋ ਬੇਲਿਓ! ਲਾਰੀ ਚੱਲੀ ਐ ਸ਼ਹਿਰ ਨੂੰ'। ਇਸ ਤੋਂ ਅਗਲੇ ਗੀਤ ‘ਜੀਭ ਤੋਤਲੀ' ਵਿੱਚ ਅੱਜਕੱਲ ਮਾਪਿਆਂ ਦੀ ਸੇਵਾ ਤੋਂ ਬੇਮੁੱਖ ਹੋਈ ਨਵੀਂ ਪੀੜੀ ਨੂੰ ਨਿਹੋਰਾ ਮਾਰਨ ਦਾ ਯਤਨ ਕਰਦਿਆਂ ਕਿਹਾ ਗਿਆ ਹੈ ਕਿ ਬਾਪੂ ਦੇ ਬੂਟਾਂ ਲਈ ਕਿਉਂ ਜੇਬ ਖਾਲੀ ਹੋ ਜਾਂਦੀ ਹੈ ਅਤੇ ਬੇਬੇ ਦੀਆਂ ਐਨਕਾਂ ਲਈ ਦਫ਼ਤਰੋਂ ਛੁੱਟੀ ਕਿਉਂ ਨਹੀਂ ਲਈ ਜਾ ਸਕਦੀ। ਤੋਤਲੀ ਜਬਾਨ ਨਾਲ ਬਹਿਸ ਕਰਕੇ ਕੋਈ ਮਾਂ ਨਾਲੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਚੌਥੇ ਗਾਣੇ ‘ਲਾਲੀਪੋਪ' ਵਿਚ ਅਖੌਤੀ ਲੋਕਤੰਤਰ ਦੀਆਂ ਧਜੀਆਂ ਉਡਾਉਂਦਿਆਂ ਕਿਹਾ ਹੈ ਕਿ ‘ਇਹ ਲੋਲੀਪੋਪ ਆਜ਼ਾਦੀ ਦਾ, ਏਹਨੂੰ ਚੂਪੀ ਜਾਹ, ਨਾਲੇ ਚੱਬੀ ਜਾਹ, ਇਹ ਗਣਤੰਤਰ ਦੀ ਹੱਡੀ ਐ, ਇਹਦੇ ਤੋਂ ਮਾਸ ਨਾ ਲੱਭੀ ਜਾਹ'। ਇਸ ਗੀਤ ਵਿੱਚ ਮੁੱਲ ਵਿਕਦੀਆਂ ਵੋਟਾਂ, ਸੰਵਿਧਾਨ ਦਾ ਸਹੀ ਅਰਥਾਂ 'ਚ ਲਾਗੂ ਨਾ ਹੋਣਾ, ਵੰਡ ਦੇ ਨੁਕਸਾਨ, ਟੂ-ਜੀ ਘਪਲੇ, ਤਿਰੰਗੇ ਦੇ ਨਾਮ 'ਤੇ ਮੱਚਦੀ ਲੁੱਟ ਅਤੇ ਲੋਕਾਂ ਸਿਰ ਪੈਂਦੀ ਕੁੱਟ ਦਾ ਜਿਕਰ ਕਰਦਿਆਂ ਵੀ ਗੀਤਕਾਰ ਨਿਰਾਸ਼ਾਵਾਦੀ ਨਹੀਂ ਹੁੰਦਾ, ਸਗੋਂ ਦਸ਼ਮੇਸ਼ ਪਿਤਾ ਦੇ ਫੁਰਮਾਨ ਮੁਤਾਬਿਕ ਲੋੜ ਪਈ ਤੋਂ ਖੰਡਾ ਹੱਥ ਵਿੱਚ ਫੜ ਲੈਣ ਦੇ ਸੰਘਰਸ਼ੀ ਰਾਹ ਨੂੰ ਚੁਣਨ ਦਾ ਹੋਕਾ ਦੇ ਰਿਹਾ ਹੈ। ਅਗਲੇ ਗੀਤ ‘ਮੇਰਾ ਪਿੰਡ' ਵਿੱਚ ਪੰਜਾਬ ਦੀਆਂ ਐਕਵਾਇਰ ਹੋ ਰਹੀਆਂ ਜ਼ਮੀਨਾਂ ਦੀ ਗੱਲ ਕਰਦਿਆਂ ਬੜਾ ਖੂਬਸੂਰਤ ਚਿਤਰਣ ਕਰਦਾ ਗੀਤਕਾਰ ਕਈ ਟਾਟਿਆਂ ਅਤੇ ਅੰਬਾਨੀਆਂ ਦੇ ਪਿੰਡ ਦੇ ਚੁੱਲਿਆਂ ਤੱਕ ਅਪੜਨ ਦਾ ਜ਼ਿਕਰ ਕਰਦਾ ਹੈ। ਪੰਜਾਬ ਦੇ ਖੇਤਾਂ ਵਿੱਚ ‘ਮਾਲ' ਬਣਨ ਤੋਂ ਲੈ ਕੇ ਪਿੰਡਾਂ ਦੇ ਛੱਪੜਾਂ ਦੇ ਸਵੀਮਿੰਗ ਪੂਲਾਂ 'ਚ ਬਦਲਣ ਤੋਂ ਇਲਾਵਾ ਹੋਟਲਾਂ, ਪੱਬਾਂ ਅਤੇ ਅੰਗਰੇਜ਼ੀ ਸਕੂਲਾਂ ਲਈ ਵਰਤੀ ਜਾ ਰਹੀ ਪੰਜਾਬ ਦੀ ਉਪਜਾਊ ਧਰਤੀ ਦੀ ਜਿਕਰ ਕਰਦਿਆਂ ਉਹ ਇਥੋਂ ਤੱਕ ਕਹਿ ਉਠਦਾ ਹੈ ਕਿ ਹੁਣ ਤਾਂ ਐਡਵਾਇਰ ਰੂਪੀ ਵਿਉਪਾਰੀ ਪੂਰੇ ਦੇ ਪੂਰੇ ਪਿੰਡ ਹੀ ਖਰੀਦਣ ਤੁਰ ਪਏ ਹਨ, ਰੱਬ ਖੈਰ ਕਰੇ। ‘ਪਤੰਗਾਂ' ਗੀਤ ਰਾਹੀਂ ਗੀਤਕਾਰ ਕਹਿ ਰਿਹਾ ਹੈ ਕਿ ਹੁਣ ਸੜਕਾਂ 'ਤੇ ਬੇਰੁਜਗਾਰ ਧੱਕੇ ਖਾਂਦੇ ਫਿਰਦੇ ਹਨ, ਲੋਕਾਂ ਨੂੰ ਮੰਗਾਂ ਮੰਨਵਾਉਣ ਲਈ ਟੈਂਕੀਆਂ 'ਤੇ ਚੜ ਕੇ ਅੱਗਾਂ ਤੱਕ ਲਾਉਣੀਆਂ ਪੈ ਰਹੀਆਂ ਹਨ ਅਤੇ ਮਾਂ ਬੋਲੀ ਬੋਲਣ ਲਈ ਮਨਜੂਰੀਆਂ ਲੈਣੀਆਂ ਪੈਂਦੀਆਂ ਹਨ। ਇਸ ਲਈ ਉਹ ਦੁਨੀਆਂ ਤੋਂ ਬਚਕੇ ਚੱਲਣ ਦੀ ਸਲਾਹ ਦਿੰਦਾ ਹੋਇਆ ਸੰਘਰਸ਼ ਕਰਨ ਲਈ ਹੋਕਾ ਦਿੰਦਾ ਨਿਹੋਰਾ ਵੀ ਮਾਰਦਾ ਹੈ ਕਿ ਜਦੋਂ ਹਥਿਆਰ ਚੁੱਕਣ ਦੀ ਲੋੜ ਆ ਬਣੇ ਤਾਂ ਵੰਗਾਂ ਪਾਕੇ ਬੈਠਣ ਵਾਲੇ ਨੂੰ ‘ਸਰਦਾਰ' ਕਹਾਉਣ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਅਗਲੇ ਗੀਤ ‘ਜ਼ੁਰਮ ਦਾ ਇਕਬਾਲ ਕਰਦੇ ਹਾਂ' ਵਿੱਚ ਸੜਕ 'ਤੇ ਰੋੜੀ ਕੁੱਟਦਾ ਮਜਦੂਰ ਅਤੇ ਰੋਟੀ ਲਈ ਵਿਲਕਦਾ ਬਚਪਨ, ਰੋਜਗਾਰ ਮੰਗਦੇ ਲੋਕਾਂ 'ਤੇ ਖੜਕਦੇ ਡੰਡੇ ਅਤੇ ਰੋਂਦੇ ਕਿਰਸਾਨ ਦੀ ਗੱਲ ਕਰਦਾ ਉਹ ਚੌਰਾਸੀ 'ਚ ਹੋਏ ਕਤਲੇਆਮ ਦੇ ਸਬੂਤ ਮੁੱਦਤਾਂ ਤੱਕ ਨਾ ਮਿਲਣ ਅਤੇ ਅਜੇ ਤੱਕ ਸਿਰਫ ਪੜਤਾਲਾਂ ਚੱਲੀ ਜਾਣ ਦੇ ਸੰਦਰਭ ਵਿੱਚ ਆਪਣੇ ਲੋਕਾਂ ਲਈ ਕਿਸੇ ਦਾ ਮੁਰਜਮ ਬਣ ਜਾਣਾ ਹੀ ਉਚਿਤ ਦੱਸਦਾ ਹੈ, ਕਿਉਂਕਿ ਸ਼ਹੀਦਾਂ ਦੇ ਕੱਫਣਾਂ 'ਚੋਂ ਕਮਿਸ਼ਨ ਖਾਣ ਵਾਲਿਆਂ ਨਾਲੋਂ ਉਹ ਮੁਜਰਿਮ ਵੀ ਹਜਾਰਾਂ ਗੁਣੇ ਚੰਗੇ ਹਨ। ਅਲਗੋਜਿਆਂ ਦੀ ਬਾਮਿਸਾਲ ਵਰਤੋਂ ਕਰਕੇ ਗਾਏ ਗਏ ਗੀਤ ‘ਦੁੱਧ ਮਲਾਈਆਂ' ਗੀਤ ਰਾਹੀਂ ਕੱਬਡੀ ਅਤੇ ਪਹਿਲਵਾਨੀ ਵਰਗੀਆਂ ਖੇਡਾਂ ਰਾਹੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਵਰਜਦਿਆਂ ਜੱਗਾ, ਦੁੱਲਾ, ਗਾਮਾ, ਦਾਰਾ ਅਤੇ ਰੁਸਤਮੇਂ ਹਿੰਦ ਕਰਤਾਰ ਸਿੰਘ ਵਰਗੇ ਨਾਇਕਾਂ ਦੀ ਰੀਸ ਕਰਨ ਦਾ ਹੋਕਾ ਦਿੱਤਾ ਹੈ। ‘ਆਲਣੇ' ਗੀਤ ਵਿੱਚ ਵਿਦੇਸੀਂ ਬੈਠੇ ਪੰਜਾਬ ਦੇ ਜਾਇਆਂ ਦੀ ਬਣੀ ਕਾਲੀ ਸੂਚੀ ਦੇ ਸੰਤਾਪ ਨੂੰ ਬਾਖੂਬੀ ਚਿੱਤਵਦਿਆਂ ‘ਮੇਰੀ ਕੌਮ 'ਤੇ ਭੀੜਾਂ ਬਾਹਲੀਆਂ ਨੇ, ਬਣ ਗਈਆਂ ਸੂਚੀਆਂ ਕਾਲੀਆਂ ਨੇ' ਇੱਕ ਵੇਦਨਾ ਭਰੀ ਰਚਨਾ ਹੈ, ਜਿਸ ਵਿੱਚ ਮੈਡਲਾਂ ਅਤੇ ਫੀਤੀਆਂ ਲਈ ਆਪਣਿਆਂ ਹੱਥੋਂ ਆਪਣੇ ਹੀ ਕਤਲ ਕੀਤੇ ਜਾਣ ਅਤੇ ਮਾਂ ਬਾਪ, ਭੈਣ ਭਰਾਵਾਂ ਦੇ ਵਿਛੋੜੇ ਦਾ ਜਿਕਰ ਹੈ। ਇਸ ਤੋਂ ਅਗਲੇ ਗੀਤ ‘ਤਲਵਾਰ' ਰਾਹੀਂ ਨਵੰਬਰ ਚੌਰਾਸੀ ਦੇ ਦੁਖਾਂਤ ਨੂੰ ਬਾਖੂਬੀ ਰੂਪਮਾਨ ਕੀਤਾ ਗਿਆ ਹੈ, ਜਿਸ ਵਿੱਚ ਨਸ਼ਲਕੁਸੀ ਦੀ ਸਾਜਿਸ਼, ਕਾਤਲਾਂ ਨੂੰ ਵਜੀਰੀਆਂ ਨਾਲ ਨਿਵਾਜਣ, ਲਾਸ਼ਾਂ 'ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਵੱਲੋਂ ਸਨਮਾਨ ਵੇਚੇ ਜਾਣ ਤੱਕ ਦਾ ਨਕਸ਼ਾ ਖਿਚਿਆ ਗਿਆ ਹੈ। ਇਸ ਗੀਤ ਰਾਹੀਂ ਸਿੱਖ ਕੌਮ ਦੇ ਯਤੀਮ ਹੋ ਜਾਣ ਦਾ ਜ਼ਿਕਰ ਕਰਦਿਆਂ ‘ਸ਼ੇਰ ਏ ਪੰਜਾਬ' ਨੂੰ ਦੁਬਾਰਾ ਪੈਦਾ ਹੋਣ ਦਾ ਵਾਸਤਾ ਪਾਇਆ ਗਿਆ ਹੈ। ਅਗਲੇ ਗੀਤ ‘ਬਾਪੂ' ਵਿੱਚ ਮਿਲਾਵਟੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਕਿਰਸਾਨੀ ਸਿਰ ਚੜੇ ਭਾਰੇ ਕਰਜੇ ਦੀ ਮਾਰ ਹੇਠ ਆ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਜਿਕਰ ਕਰਦਿਆਂ ਇਹ ਸਵਾਲ ਉਠਾਇਆ ਗਿਆ ਹੈ ਕਿ ਆਸ ਅਤੇ ਸਲਫਾਸ਼ ਵਿੱਚਲਾ ਅੰਤਰ ਅਤੇ ਸਰਾਬ ਅਤੇ ਸਪਰੇਆਂ ਪੀਣ੍ਯ ਦਾ ਰੁਝਾਨ ਆਖਰ ਕਿਥੇ ਜਾ ਕੇ ਰੁਕੇਗਾ? ਅਖੀਰਲੇ ਗੀਤ ‘ਰੂਹ' ਰਾਹੀਂ ਹਰ ਚੀਜ਼ ਵਿਚ ਹੋ ਰਹੀ ਮਿਲਾਵਟ ਅਤੇ ਵਧ ਰਹੀਆਂ ਕਾਲੋਨੀਆਂ ਨਾਲ ਬੰਜਰ ਅਤੇ ਪ੍ਰਦੂਸਿਤ ਹੋ ਰਹੇ ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਾਜ ਕਾਕੜੇ ਦੀ ਇਹ ਐਲਬਮ ਜਿਥੇ ਕੋਰੀਓਗਰਾਫੀਆਂ ਰਾਹੀਂ ਰੰਗਮੰਚ ਦਾ ਸਿੰਗਾਰ ਬਣਨ ਦੀ ਕਾਬਲੀਅਤ ਰੱਖਦੀ ਹੈ, ਉਥੇ ਨਵੀਂ ਪੀੜੀ ਦੇ ਸਹੁਜ ਸੁਆਦ ਮੁਤਾਬਿਕ ਮਿਊਜਿਕ, ਬੀਟ ਅਤੇ ਤਿਆਰ ਕੀਤੀਆਂ ਤਰਜ਼ਾਂ ਕਰਕੇ ਇਸ ਐਲਬਮ ਦੇ ਕਈ ਗਾਣੇ ਮੋਬਾਇਲ ਫੋਨਾਂ ਦੀਆਂ ਰਿੰਗ ਟੋਨਾਂ ਵੀ ਜਰੂਰ ਬਣਨਗੇ। ਰਾਜ ਕਾਕੜੇ ਨੇ ਇਸ ਐਲਬਮ ਰਾਹੀਂ ਬਾਬੇ ਨਾਨਕ ਦੇ ‘ਰਾਜੇ ਸੀਂਹ ਮੁੱਕਦਮ ਕੁੱਤੇ' ਵਾਲੇ ਫਲਸਫੇ 'ਤੇ ਚਲਦਿਆਂ ਉਹ ਜੁਰਅਤ ਕੀਤੀ ਹੈ, ਜੋ ਅੱਜ ਕੱਲ ਦੇ ਸਿੱਖ ਆਗੂਆਂ ਅਤੇ ਸਿੱਖ ਸੰਤਾਂ ਅਤੇ ਪ੍ਰਚਾਰਕਾਂ ਵਿੱਚ ਨਹੀਂ ਦਿਸ ਰਹੀ। ਇਸ ਲਈ ਜਾਗਰੂਕ ਪੰਜਾਬੀਆਂ ਨੂੰ ਰਾਜ ਕਾਕੜੇ ਦੀ ਇਸ ਜੁਰਅਤ ਭਰੀ ਐਲਬਮ ਲਈ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ।

ਧਰਮ ਨਿਰਪੱਖ ਤੇ ਜਮਹੂਰੀ ਭਾਰਤ ਵਿਚ ਘੱਟ ਗਿਣਤੀਆਂ - ਮਮੂਨਾ ਅਲੀ ਕਾਜ਼ਮੀ

ਧਾਰਮਿਕ ਆਜ਼ਾਦੀ ਸੰਬੰਧੀ ਬਣੇ ਅਮਰੀਕਾ ਦੇ ਕੌਮਾਂਤਰੀ ਕਮਿਸ਼ਨ ਨੇ ਭਾਰਤ ਦੀ ਕੇਂਦਰ ਸਰਕਾਰ ਵਲੋਂ ਵੱਖ ਵੱਖ ਰਾਜਾਂ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਨਾ ਕਰਨ ਕਰਕੇ ਭਾਰਤ ਨੂੰ ਆਪਣੀ ਨਿਰੀਖਣ ਲਿਸਟ ਵਿਚ ਰੱਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਮਿਸ਼ਨ ਨੇ ਅਜਿਹਾ ਕਦਮ ਪੁੱਟਿਆ ਹੈ। 2002 ਤੇ 2003 ਵਿਚ ਕਮਿਸ਼ਨ ਨੇ ਸਿਫਾਰਸ਼ ਕੀਤੀ ਸੀ ਕਿ ਗੁਜਰਾਤ ਵਿਚ ਹੋਏ ਕਤਲੇਆਮ ਦੇ ਕਾਰਨ ਭਾਰਤ ਨੂੰ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਨਾ ਕਰਨ ਕਾਰਨ ਵਿਸ਼ੇਸ਼ ਧਿਆਨ ਅਧੀਨ ਰੱਖਣ ਵਾਲਾ ਦੇਸ਼ ਮੰਨਿਆ ਜਾਵੇ ਅਤੇ ਇਹ ਨਿਰੀਖਣ ਲਿਸਟ ਤੋਂ ਵੀ ਜ਼ਿਆਦਾ ਵੱਡੀ ਗੱਲ ਸੀ, ਜਿਸ ਵਿਚ ਉਨ੍ਹਾਂ ਦੇਸ਼ਾਂ ਨੂੰ ਰੱਖਿਆ ਜਾਂਦਾ ਜਿਥੇ ਧਾਰਮਿਕ ਆਜ਼ਾਦੀ ਹਾਲਤ ਕਮਿਸ਼ਨ ਵਲੋਂ ਦਰਸਾਏ ਦਰਜ਼ੇ ਤੋਂ ਉਪਰ ਨਹੀਂ ਉੱਠ ਰਹੀ। ਅਜਿਹੇ ਦੇਸ਼ਾਂ ਉਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਵਿਚ ਧਾਰਮਿਕ ਆਜ਼ਾਦੀ ਦੀਆਂ ਉਲੰਘਣਾਵਾਂ ਆਪਣੀਆਂ ਹੱਦਾਂ ਪਾਰ ਕਰਨ ਦੇ ਬਾਵਜੂਦ ਸਰਕਾਰ ਵਲੋਂ ਕੋਈ ਕਦਮ ਨਹੀਂ ਪੁੱਟਿਆ ਜਾਂਦਾ ਹੈ।

ਅਮਰੀਕੀ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਸਾਲਾਨਾ ਰਿਪੋਰਟ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਧਾਰਮਿਕ ਸਹਿਣਸ਼ੀਲਤਾ ਦੇ ਵਾਅਦੇ ਦੇ ਬਾਵਜੂਦ ਫਿਰਕੂ ਹਿੰਸਾ ਨੇ ਲਗਾਤਾਰ ਭਿਅੰਕਰ ਨਤੀਜੇ ਕੱਢੇ ਹਨ ਅਤੇ ਸਰਕਾਰੀ ਨੀਤੀ ਖਾਸ ਤੌਰ ‘ਤੇ ਪ੍ਰਾਂਤਕ ਤੇ ਹੇਠਲੇ ਪੱਧਰ ‘ਤੇ ਬਹੁਤ ਹੀ ਹਲਕੀ ਰਹੀ। ਕਮਿਸ਼ਨ ਨੇ ਇਸ ਸਾਲ ਜੂਨਮ ਮਹੀਨੇ ‘ਚ ਭਾਰਤ ਵਿਚ ਧਾਰਮਿਕ ਆਜ਼ਾਦੀ ਦੀਆਂ ਸਹੀ ਹਾਲਤਾਂ ਜਾਨਣ, ਧਾਰਮਿਕ ਲੀਡਰਾਂ, ਅਧਿਕਾਰੀਆਂ ਤੇ ਆਮ ਲੋਕਾਂ ਨੂੰ ਮਿਲਣ ਲਈ ਭਾਰਤ ਸਰਕਾਰ ਤੋਂ ਭਾਰਤ ਆਉਣ ਲਈ ਵੀਜ਼ਾ ਦੇਣ ਲਈ ਬੇਨਤੀ ਕੀਤੀ ਸੀ ਪਰ ਸਰਕਾਰ ਨੇ ਨਾ ਤਾਂ ਵੀਜ਼ਾ ਜਾਰੀ ਕੀਤਾ ਤੇ ਨਾ ਹੀ ਕਿਸੇ ਹੋਰ ਸਮੇਂ ਭਾਰਤ ਆਉਣ ਲਈ ਹਾਮੀ ਭਰੀ। ਕਮਿਸ਼ਨ ਦੀ ਰਿਪੋਰਟ ਖਾਸ ਤੌਰ ‘ਤੇ 2007 ਵਿਚ ਉੜੀਸਾ ਵਿਚ ਇਸਾਈਆਂ ਉਤੇ ਹੋਏ ਹਮਲਿਆਂ ’ਤੇ ਕੇਂਦਰਤ ਹੈ। ਜਿਸ ਵਿਚ 40 ਲੋਕ ਮਰ ਗਏ ਸਨ ਤੇ ਲਗਭਗ 60000 ਇਸਾਈ ਬੇਘਰ ਹੋ ਗਏ। ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਪੁਲਿਸ ਦੀ ਹਿੰਸਾ ਪ੍ਰਤੀ ਨਰਮ ਨੀਤੀ ਤੇ ਦੰਗਾਕਾਰੀਆਂ ਨੂੰ ਵੱਡੇ ਪੱਧਰ ‘ਤੇ ਗ੍ਰਿਫਤਾਰ ਨਾ ਕਰਨਾ ਹੀ ਕੇਸਾਂ ਦੇ ਘੱਟ ਦਰਜ ਹੋਣ ਦਾ ਕਾਰਨ ਬਣਿਆ। ਰਿਪੋਰਟ ਵਿਚ ਕੇਵਲ ਉੜੀਸਾ ਦੀ ਹਿੰਸਾ ਬਾਰੇ ਹੀ ਨਹੀਂ ਦਰਸਾਇਆ ਸਗੋਂ ਇਸਨੇ 2002 ਵਿਚ ਗੁਜਰਾਤ ਦੀ ਹਿੰਸਾ, 1984 ਦੇ ਸਿੱਖ ਕਤਲੇਆਮ, 1992-93 ਦੇ ਬੰਬਈ ਦੰਗਿਆਂ, 2008 ਦੀਆਂ ਗਰਮੀਆਂ ਵਿਚ ਜੰਮੂ ਕਸ਼ਮੀਰ ਵਿਚ ਜੰਗਲਾਤ ਦੀ ਜ਼ਮੀਨ ਅਮਰਨਾਥ ਸ਼੍ਰਾਇਨ ਨੂੰ ਦੇਣ ਦੇ ਮੁੱਦੇ ’ਤੇ ਹੋਈ ਹਿੰਸਾ, ਸਾਰੇ ਭਾਰਤ ਵਿਚ ਇਸਾਈ ਸੰਸਥਾਵਾਂ ਉਤੇ ਹੋਏ ਹਮਲਿਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਐਮ.ਪੀ. ਵਰੁਣ ਗਾਂਧੀ ਵਲੋਂ ਭੜਕਾਊ ਤਕਦੀਰਾਂ ਦਾ ਵੀ ਗੰਭੀਰ ਨੋਟਿਸ ਲਿਆ।

ਇਹ ਇਕ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਬਹੁਵਾਦ ਤੇ ਧਾਰਮਿਕ ਆਜ਼ਾਦੀ ਪ੍ਰਤੀ ਵਾਅਦਿਆਂ ਦੇ ਬਾਵਜੂਦ ਹਿੰਦੂ ਕੱਟੜਵਾਦੀ ਜਥੇਬੰਦੀਆਂ ਦਾ ਭਾਰਤ ਦੇ ਕਈ ਹਿੱਸਿਆਂ ਵਿਚ ਖਾਸਾ ਆਧਾਰ ਬਣਿਆ ਹੋਇਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਭਾਰਤ ਧਾਰਮਿਕ ਘੱਟ ਗਿਣਤੀਆਂ ਨੂੰ ਸਹਿਣ ਹੀ ਨਹੀਂ ਕਰਦਾ। ਭਾਰਤ ਸਰਕਾਰ ਵਲੋਂ ਸਿੱਖਾਂ ਦੀ ਵਿਲੱਖਣ ਪਹਿਚਾਣ ਨੂੰ ਹਿੰਦੂਆਂ ਵਿਚ ਰਲਗੱਡ ਕਰਨ ਲਈ ਅਨੇਕਾਂ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਮਕਸਦ ਲਈ ਸਰਕਾਰ ਨੇ ਹਰ ਤਰੀਕਾ ਵਰਤਿਆ ਹੈ ਜਿਸ ਵਿਚ ਸਿੱਖਾਂ ਦੀ ਨੌਜਵਾਨ ਪੀੜ੍ਹੀ ਦਾ ਕਤਲੇਆਮ ਅਤੇ ਉਨ੍ਹਾਂ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਖਤਮ ਕਰਨਾ ਵੀ ਸ਼ਾਮਲ ਹੈ। ਆਜ਼ਾਦੀ ਤੋਂ ਹੀ ਸਿੱਖਾਂ ਨਾਲ ਭਾਰਤ ਵਿਚ ਵਿਤਕਰੇ ਜਾਰੀ ਹਨ ਅਤੇ ਉਨ੍ਹਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ ਇਸ ਕਾਰਨ ਸਿੱਖਾਂ ਦਾ ਅਜੇ ਤਕ ਭਾਰਤ ਪ੍ਰਤੀ ਕੋਈ ਵਿਸ਼ਵਾਸ ਨਹੀਂ ਬਣ ਸਕਿਆ। ਅੰਗਰੇਜ਼ੀ ਸ਼ਾਸਨਕਾਲ ਸਮੇਂ ਗਾਂਧੀ ਤੇ ਨਹਿਰੂ ਨੇ ਸਿੱਖਾਂ ਨਾਲ ਵਾਅਦੇ ਕੀਤੇ ਸਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਪੂਰੇ ਅਧਿਕਾਰ ਤੇ ਆਜ਼ਾਦੀ ਦਿੱਤੀ ਜਾਵੇਗੀ ਪਰ ਜਿਉਂ ਹੀ ਅੰਗਰੇਜ਼ ਭਾਰਤ ਛੱਡਕੇ ਚਲੇ ਗਏ ਤਾਂ ਸਿੱਖਾਂ ਉਤੇ ਜ਼ੁਲਮਾਂ ਦਾ ਇਕ ਨਵਾਂ ਦੌਰ ਸ਼ੁਰੂ ਹੋਇਆ ਤੇ ਉਨ੍ਹਾਂ ਨੂੰ ਦੇਸ਼ ਧਰੋਹੀ ਗਰਦਾਨ ਦਿੱਤਾ ਗਿਆ। ਇਥੋਂ ਤਕ ਕਿ ਭਾਰਤ ਦੇ ਸੰਵਿਧਾਨ ਵਿਚ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੀ ਦਰਸਾਇਆ ਗਿਆ ਹੈ। ਆਜ਼ਾਦੀ ਤੋਂ ਪਿਛੋਂ ਜਦੋਂ ਨਹਿਰੂ ਨੂੰ ਉਸ ਦੁਆਰਾ ਕੀਤੇ ਵਾਅਦਿਆਂ ਦੀ ਪੂਰਤੀ ਤੇ ਵੱਖਰੇ ਪੰਜਾਬੀ ਸੂਬੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਾਰੇ ਹੱਕ ਠੁਕਰਾਉਂਦਿਆਂ ਕਿਹਾ ਕਿ ਹੁਣ ਹਾਲਾਤ ਬਦਲ ਗਏ ਹਨ। ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲਾ ਕਰਨ ਦੀ ਯੋਜਨਾ ਉਲੀਕੀ। 31 ਮਈ 1984 ਨੂੰ ਭਾਰੀ ਤਾਦਾਦ ਵਿਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਬਲਿਊ ਸਟਾਰ ਅਪ੍ਰੇਸ਼ਨ ਦਾ ਨਾਂਅ ਦਿੱਤਾ। ਅਫਸੋਸ! ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਭਾਰਤੀ ਫੌਜਾਂ ਦੇ ਮੁਕਾਬਲੇ ਦਰਬਾਰ ਸਾਹਿਬ ਦੀ ਰੱਖਿਆ ਲਈ ਕੇਵਲ 251 ਸਿੱਖ ਹੀ ਸਨ। ਜਦੋਂ ਭਾਰਤੀ ਫੌਜਾਂ ਨੇ ਵੇਖਿਆ ਕਿ ਕੇਵਲ 251 ਸਿੱਖ 6 ਦਿਨਾਂ ਤੋਂ ਸਾਨੂੰ ਲਗਾਤਾਰ ਰੋਕੀ ਬੈਠੇ ਹਨ ਤਾਂ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਯਾਤਰਾ ਉਤੇ ਆਏ ਆਮ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਅਜਿਹਾ ਉਨ੍ਹਾਂ ਨੇ ਆਪਣੀ ਸ਼ਰਮਨਾਕ ਹਾਰ ਨੂੰ ਲੁਕਾਉਣ ਵਾਸਤੇ ਕੀਤਾ। ਲਗਭਗ 50,000 ਸਿੱਖ ਉਸ ਦਿਨ ਕਤਲ ਕਰ ਦਿੱਤੇ ਗਏ। ਬਹੁਤ ਸਾਰਾ ਲਿਟਰੇਚਰ ਸਾੜ ਦਿੱਤਾ ਗਿਆ ਤੇ ਗੁਰੂ ਸਾਹਿਬਾਨ ਦੀਆਂ ਹੱਥ ਲਿਖਤਾਂ ਨੂੰ ਚੁੱਕ ਕੇ ਲੈ ਗਈ। ਸਿੱਖਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ ਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ। ਹਿੰਦੂ ਭੀੜਾਂ ਸਿੱਖਾਂ ਦੇ ਘਰਾਂ ਵਿਚ ਗਈਆਂ ਅਤੇ ਮਰਦਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਤੇ ਔਰਤਾਂ ਦੀ ਬੇਪਤੀ ਕੀਤੀ ਗਈ। 5 ਤੋਂ 40 ਸਾਲ ਦੀ ਉਮਰ ਤਕ ਦੇ ਬਹੁਤੇ ਸਿੱਖਾਂ ਨੂੰ ਮਾਰ ਦਿੱਤਾ ਗਿਆ।

ਸਿੱਖਾਂ ਤੋਂ ਇਲਾਵਾ ਮੁਸਲਮਾਨ ਵੀ ਹਮੇਸ਼ਾ ਹਿੰਦੂਵਾਦੀ ਨਫਰਤ ਦਾ ਸ਼ਿਕਾਰ ਬਣੇ। ਇਸੇ ਨਫਰਤ ਅਧੀਨ ਫਿਰਕੂ ਹਿੰਦੂਆਂ ਨੇ ਮੁਸਲਮਾਨਾਂ ਦੀ ਸੋਲਵੀਂ ਸਦੀ ਵਿਚ ਬਣੀ ਪੁਰਾਣੀ ਬਾਬਰੀ ਮਸਜਿਦ ਨੂੰ 6 ਦਸੰਬਰ 1992 ਨੂੰ ਢਾਹ ਦਿੱਤਾ। ਬਾਬਰੀ ਮਸਜਿਦ ਦਾ ਢਹਿਣਾ ਕੇਵਲ ਭਾਰਤੀ ਸੰਵਿਧਾਨ ਦੁਆਰਾ ਘੱਟ ਗਿਣਤੀਆਂ ਨੂੰ ਦਿੱਤੇ ਗਏ ਮੁਢਲੇ ਅਧਿਕਾਰਾਂ ਅਤੇ ਭਾਰਤੀ ਧਰਮ ਨਿਰਪੱਖਤਾ ਉਤੇ ਡੂੰਘੀ ਸੱਟ ਹੀ ਨਹੀਂ ਸੀ ਪਰ ਨਾਲ ਹੀ ਇਹ 1947 ਤੋਂ ਬਾਅਦ ਭਾਰਤ ਵਿਚ ਵਸਦੀ ਮੁਸਲਿਮ ਵਸੋਂ ਨੂੰ ਖਤਮ ਕਰਨ ਦਾ ਸੰਦੇਸ਼ ਵੀ ਸੀ। ਬਾਬਰੀ ਮਸਜਿਦ ਦੇ ਢਹਿਣ ਤੋਂ ਬਾਅਦ ਹੋਏ ਦੰਗਿਆਂ ਦੌਰਾਨ 2000 ਤੋਂ ਵੱਧ ਲੋਕ ਮਾਰੇ ਗਏ। ਬਾਬਰੀ ਮਸਜਿਦ ਢਹਿਣ ਤੋਂ 16 ਸਾਲ ਬੀਤਣ ਦੇ ਬਾਵਜੂਦ ਵੀ ਮੁਸਲਮਾਨ ਅਜੇ ਤਕ ਨਿਆਂ ਦੀ ਉਡੀਕ ਕਰ ਰਹੇ ਹਨ। ਇਸੇ ਤਰ੍ਹਾਂ ਆਧੁਨਿਕ ਭਾਰਤ ਦੇ ਇਤਿਹਾਸ ਵਿਚ 2002 ਵਿਚ ਗੁਜਰਾਤ ਦੰਗਿਆਂ ਦੇ ਰੂਪ ਵਿਚ ਜੋ ਵਾਪਰਿਆ ਉਸਦੀ ਕਿਤੇ ਮਿਸਾਲ ਨਹੀਂ ਮਿਲਦੀ। ਗੁਜਰਾਤ ਕਤਲੇਆਮ ਹਿੰਦੂ ਕੱਟੜਵਾਦੀਆਂ ਦੇ ਸਾਬਰਮਤੀ ਐਕਸਪ੍ਰੈਸ ਵਿਚ ਸੜਣ ਕਾਰਨ ਵਾਪਰਿਆ। ਇਸ ਅੱਗ ਵਿਚ 59 ਹਿੰਦੂ ਮਾਰੇ ਗਏ। ਭਾਰਤੀ ਜਨਤਾ ਪਾਰਟੀ ਤੇ ਆਰ.ਐਸ.ਐਸ. ਸਬੰਧੀਆਂ ਨੇ ਇਹ ਭੜਕਾਹਟ ਪੈਦਾ ਕੀਤੀ ਕਿ ਮੁਸਲਮਾਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਸਤੋਂ ਬਾਅਦ ਸਥਾਨਕ ਮੁਸਲਿਮ ਵਸੋਂ ਦੇ ਖਿਲਾਫ ਕਤਲੇਆਮ ਸ਼ੁਰੂ ਹੋ ਗਿਆ। ਉਨ੍ਹਾਂ ਨੇ ਮੁਸਲਮਾਨਾਂ ਨੂੰ ਮਾਰਿਆ, ਕੁੱਟਿਆ, ਤਸ਼ੱਦਦ ਕੀਤੇ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸਾੜਿਆ, ਮੁਸਲਿਮ ਔਰਤਾਂ ਨਾਲ ਗੈਂਗਰੇਪ ਕਰਕੇ ਉਨ੍ਹਾਂ ਦੀ ਬੇਪਤੀ ਕੀਤੀ। ਇਸ ਹਿੰਸਾ ਨਾਲ 2500 ਮੁਸਲਮਾਨ ਮਾਰੇ ਗਏ ਅਤੇ ਲਗਭਗ ਦੋ ਲੱਖ ਮੁਸਲਮਾਨ ਬੇਘਰ ਹੋ ਗਏ। ਫਰਵਰੀ-ਮਾਰਚ 2002 ਦੇ ਭਾਰਤ ਦੇ ਗੁਜਰਾਤ ਪ੍ਰਾਂਤ ਵਿਚ ਹੋਏ ਮੁਸਲਿਮ ਕਤਲੇਆਮ ਦੇ ਸੱਤ ਸਾਲ ਬੀਤਣ ਦੇ ਬਾਵਜੂਦ ਅਜੇ ਤਕ ਇਸ ਕਤਲੇਆਮ ਦੇ ਕਿਸੇ ਇਕ ਵੀ ਸਾਜਿਸ਼ਕਰਤਾ ਨੂੰ ਇਸ ਭਿਅੰਕਰ ਗੁਨਾਹ ਦੀ ਕੋਈ ਸਜ਼ਾ ਨਹੀਂ ਦਿੱਤੀ ਗਈ।

ਭਾਰਤ ਵਿਚ ਇਸਾਈ ਘੱਟ ਗਿਣਤੀ ਵੀ ਸੁਰੱਖਿਅਤ ਨਹੀਂ ਹੈ। ਹਿੰਦੂ ਜਥੇਬੰਦੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਇਸਾਈਆਂ ਦੇ ਵਿਰੁੱਧ ਮੁਹਿੰਮ ਵਿੱਢ ਰੱਖੀ ਹੈ ਅਤੇ ਮਾਰਚ 1998 ਵਿਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਬਣਨ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿਚ ਅਥਾਹ ਵਾਧਾ ਹੋਇਆ ਹੈ। 1964 ਤੋਂ 1996 ਤਕ ਇਸਾਈਆਂ ਖਿਲਾਫ ਹਿੰਸਾ ਦੀਆਂ 36 ਘਟਨਾਵਾਂ ਰਿਪੋਰਟ ਕੀਤੀਆਂ ਗਈਆਂ। 1997 ਵਿਚ 24 ਘਟਨਾਵਾਂ ਰਿਪੋਰਟ ਹੋਈਆਂ। ਭਾਰਤ ਵਿਚ ਇਸਾਈਆਂ ਨੇ 1998 ਤੋਂ ਹਿੰਸਾ ਦੀ ਇਕ ਲਹਿਰ ਦਾ ਸਾਹਮਣਾ ਕੀਤਾ ਹੈ। ਕੇਵਲ 1998 ਵਿਚ 90 ਘਟਨਾਵਾਂ ਦੀ ਰਿਪੋਰਟਿੰਗ ਹੋਈ। ਜੂਨ 2000 ਵਿਚ ਪੂਰੇ ਭਾਰਤ ਵਿਚ ਚਾਰ ਚਰਚਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ। ਆਂਧਰਾ ਪ੍ਰਦੇਸ਼ ਵਿਚ ਇਸਾਈ ਕਬਰਿਸਤਾਨਾਂ ਦੀ ਬੇਅਦਬੀ ਕੀਤੀ ਗਈ। ਮਹਾਂਰਾਸ਼ਟਰ ਵਿਚ ਇਕ ਚਰਚ ਨੂੰ ਲੁੱਟ ਲਿਆ ਗਿਆ। ਸਤੰਬਰ 2008 ਵਿਚ ਕੇਰਲਾ ਵਿਚ ਦੋ ਚਰਚਾਂ ਨੂੰ ਨੁਕਸਾਨਿਆ ਗਿਆ। ‘ਟਾਈਮਜ਼ ਆਫ ਲੰਡਨ’ ਅਖਬਾਰ ਨੇ ਸਤੰਬਰ 2008 ਵਿਚ ਇਸਾਈਆਂ ਵਿਰੁੱਧ ਹੋਈ ਹਿੰਸਾ ਨੂੰ ਭਾਰਤੀ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਘਿਨਾਉਣੀ ਹਰਕਤ ਦੱਸਿਆ।

ਅਗਸਤ 2008 ਤੋਂ ਕੁਝ ਹਿੰਦੂ ਅੱਤਵਾਦੀ ਗਰੁੱਪ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜ਼ਰੰਗ ਦਲ ਵਲੋਂ ਉੜੀਸਾ ਵਿਚ ਇਸਾਈਆਂ ਉਤੇ ਹਮਲੇ ਕਰ ਰਹੇ ਹਨ। ਇਨ੍ਹਾਂ ਵਿਚ ਬਹੁਤੇ ਕਬਾਇਲੀ, ਘੱਟ ਗਿਣਤੀਆਂ ਜਾਂ ਦਲਿਤ ਹਨ। ਭਾਰਤ ਦੀ ਰੋਮਨ ਕੈਥੋਲਿਕ ਚਰਚਾ ਮੁਤਾਬਕ ਉੜੀਸਾ ਵਿਚ ਇਸਾਈਆਂ ਦੇ 300 ਪਿੰਡ ਤਬਾਹ ਕਰ ਦਿੱਤੇ ਗਏ, 4400 ਘਰਾਂ ਨੂੰ ਅੱਗ ਲਗਾ ਦਿੱਤੀ ਗਈ, ਪੰਜਾਹ ਹਜ਼ਾਰ ਲੋਕਾਂ ਨੂੰ ਬੇਘਰ ਕੀਤਾ ਗਿਆ ਅਤੇ 59 ਇਸਾਈਆਂ ਨੂੰ ਕਤਲ ਕੀਤਾ ਤੇ ਅਠਾਰਾਂ ਹਜ਼ਾਰ ਨੂੰ ਜ਼ਖਮੀ ਕੀਤਾ ਗਿਆ ਹੈ। ਚਰਚਾਂ ਅਤੇ ਸਕੂਲਾਂ ਨੂੰ ਢਾਹ ਦਿੱਤਾ ਗਿਆ ਅਤੇ ਇਕ ਵਿਸ਼ੇਸ਼ ਘਿਨਾਉਣੇ ਹਮਲੇ ਦੇ ਰੂਪ ਵਿਚ ਇਕ ਨਨ ਨਾਲ ਬਲਾਤਕਾਰ ਕੀਤਾ ਗਿਆ। ਜਦਕਿ ਸਥਾਨਕ ਪੁਲਿਸ ਬਿਨਾਂ ਕੋਈ ਕਾਰਵਾਈ ਕੀਤਿਆਂ ਚੁੱਪ ਖੜ੍ਹੀ ਰਹੀ। ਛੇ ਹੋਰ ਪ੍ਰਾਂਤਾਂ ਵਿਚ ਵੀ ਚਰਚਾਂ ਉਤੇ ਹਮਲੇ ਹੋਏ, ਜ਼ਿਆਦਾ ਕਰਕੇ ਦੱਖਣੀ ਭਾਰਤ ਵਿਚ। ਇਥੋਂ ਤਕ ਕਿ ਦਿੱਲੀ ਦੇ ਇਸਾਈਆਂ ਨੂੰ ਵੀ ਡਰਾਇਆ ਧਮਕਾਇਆ ਗਿਆ।

ਭਾਰਤ ਜਮਹੂਰੀਅਤ ਤੇ ਕਾਨੂੰਨ ਦੇ ਰਾਜ ਦਾ ਪ੍ਰਚਾਰ ਤਾਂ ਬਹੁਤ ਕਰਦਾ ਪਰ ਅਮਲਾਂ ਤੋਂ ਖੋਖਲਾ ਹੈ। ਵਿਦੇਸ਼ਾਂ ਵਿਚ ਭਾਰਤ ਦਾ ਅਕਸ ਇਕ ਧਰਮ ਨਿਰਪੱਖ ਦੇਸ਼ ਵਾਲਾ ਬਣਿਆ ਹੋਇਆ ਹੈ ਪਰ ਅਸਲ ਇਸ ਤੋਂ ਬਿਲਕੁਲ ਉਲਟ ਹੈ ਕਿ ਇਥੇ ਨਾ ਤਾਂ ਜਮਹੂਰੀਅਤ ਹੈ ਤੇ ਨਾ ਹੀ ਘੱਟ ਗਿਣਤੀਆਂ ਦੇ ਹਿੱਤਾਂ ਦੇ ਰਾਖੀ। ਕੌਮਾਂਤਰੀ ਭਾਈਚਾਰੇ ਨੂੰ ਛੇਤੀ ਹੀ ਇਸ ਸਬੰਧੀ ਆਪਣਾ ਪ੍ਰਤੀਕਰਮ ਜ਼ਾਹਰ ਕਰਨਾ ਚਾਹੀਦਾ ਹੈ। ਕੌਮਾਂਤਰੀ ਧਾਰਮਿਕ ਆਜ਼ਾਦੀ ਦੇ ਅਮਰੀਕੀ ਕਮਿਸ਼ਨ ਵਾਂਗ ਹੋਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਭਾਰਤ ਦੀਆਂ ਅਜਿਹੀਆਂ ਨੀਤੀਆਂ ਖਿਲਾਫ ਖੁੱਲ੍ਹ ਕੇ ਨਿਤਰਨਾ ਚਾਹੀਦਾ ਹੈ। ਹਿੰਦੂ ਫਿਰਕੂਵਾਦੀਆਂ ਵਲੋਂ ਗਰੀਬ ਤੇ ਬਦਕਿਸਮਤ ਭਾਰਤੀ ਘੱਟ ਗਿਣਤੀਆਂ ਦੇ ਘਾਣ ਨੂੰ ਠੱਲ੍ਹਣ ਦੀ ਤੁਰੰਤ ਲੋੜ ਹੈ। ਭਾਰਤੀ ਰਾਜਨੀਤਕ ਪ੍ਰਣਾਲੀ ਜਿਥੇ ਬਹੁਲਵਾਦ ਲੋਕਤੰਤਰ ਦੇ ਸਿਧਾਂਤ ਉਤੇ ਆਧਾਰਤ ਹੈ ਉਥੇ ਸੱਭਿਆਚਾਰਕ ਗਰੁੱਪਾਂ ਤੇ ਹੋਰਨਾਂ ਕੌਮਾਂ ਨੂੰ ਵੀ ਥਾਂ ਦਿੰਦਾ ਹੈ। ਪਰ ਅਸਲ ਵਿਚ ਭਾਰਤ ਦੀ ਕਾਰਜ ਪ੍ਰਣਾਲੀ ਵਿਚ ਅਨੇਕਾਂ ਊਣਤਾਈਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਆਜ਼ਾਦੀ ਦੇ ਛੇ ਦਹਾਕਿਆਂ ਬਾਅਦ ਵਿਚ ਲੋਕਾਂ ਦੀ ਸਿਆਸੀ ਸ਼ਕਤੀ ਆਪਣੇ ਸਿਰੇ ਤਕ ਨਹੀਂ ਪਹੁੰਚ ਸਕੀ। ਭਾਰਤ ਸਰਕਾਰ ਸਤਿਕਾਰਤ ਨਾਗਰਿਕਾਂ ਦੀ ਵਿਚਾਰ ਪ੍ਰਗਟਾਉਣ, ਸ਼ਾਂਤਮਈ ਰੋਸ ਕਰਨ ਅਤੇ ਆਪਣੀਆਂ ਸੰਸਥਾਵਾਂ ਬਣਾਉਣ ਦੀ ਆਜ਼ਾਦੀ ਦੇ ਵਾਅਦੇ ਨੂੰ ਦਿਖਾਵਾ ਮਾਤਰ ਹੀ ਰੱਖਦੀ ਹੈ। ਜਦਕਿ ਸਰਕਾਰ ਵਿਚ ਹੱਕਾਂ ਦੀ ਰਾਖੀ ਲਈ ਬਣਾਏ ਗਏ ਕਾਨੂੰਨ ਤੇ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਛਾ ਸ਼ਕਤੀ ਤੇ ਸਮਰੱਥਾ ਦੀ ਘਾਟ ਹੈ। ਇਥੇ ਨਿਆਂ ਦੇਣ ਤੋਂ ਨਾਂਹ ਕਰਨਾ ਵੀ ਧੱਕੇਸ਼ਾਹੀ ਦਾ ਇਕ ਤਰੀਕਾ ਹੈ ਇਹ ਭਾਵੇਂ ਸੁਰੱਖਿਆ ਬਲਾਂ ਵਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਹੋਵੇ ਜਾਂ ਧਾਰਮਿਕ ਘੱਟ ਗਿਣਤੀਆਂ, ਕਬਾਇਲੀਆਂ, ਦਲਿਤਾਂ, ਔਰਤਾਂ ਤੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਵਿਚ ਅਸਫਲਤਾ, ਦੋਸ਼ੀਆਂ ਨੂੰ ਸਹੀ ਤਰੀਕੇ ਨਾਲ ਜਾਂਚ ਕਰਕੇ ਸਜ਼ਾ ਦਿਵਾਉਣ ਵਿਚ ਅਸਫਲ ਰਹਿਣਾ ਹੀ ਲਗਾਤਾਰ ਧੱਕੇਸ਼ਾਹੀ ਜਾਰੀ ਰਹਿਣ ਲਈ ਜ਼ਿੰਮੇਵਾਰ ਹੈ। ਸਰਕਾਰ ਧਾਰਮਿਕ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ ਤੇ ਇਸਾਈਆਂ ਅਤੇ ਕਮਜ਼ੋਰ ਭਾਈਚਾਰਿਆਂ ਦਲਿਤਾਂ, ਕਬਾਇਲੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

ਅਨੁਵਾਦ: ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਸਿੱਖ ਕੌਮ ਜਿਊਂਦੀ ਵੀ ਹੈ ਤੇ ਜਾਗਦੀ ਵੀ

ਪਿਛਲੇ ਸਾਲ ਮਈ ਵਿੱਚ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹੰਦ ਦੇ ਜਾਲਮ ਹਾਕਮਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਸਜ਼ਾ ਦੇ ਕੇ ਖਾਲਸਾ ਰਾਜ ਦੀ ਸਿਰਜਣਾ ਕਰਨ ਦੀ ਸ਼ਤਾਬਦੀ ਦੇ ਸਮਾਗਮ ਸ਼ੋਮ੍ਰਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਵੱਲੋਂ ਕਰਵਾਏ ਗਏ ਸਨ। ਇਨ੍ਹਾਂ ਸਮਾਗਮਾਂ ਵਿੱਚ ਚੱਪੜਚਿੜੀ ਅਤੇ ਫਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਪੁਰਖਿਆਂ ਵੱਲੋਂ ਇਤਿਹਾਸ ਵਿੱਚ ਜੋੜੇ ਸਨੁਹਿਰੀ ਪੰਨਿਆਂ ਨੂੰ ਸ਼ਰਧਾ ਅਤੇ ਪਤ੍ਰੀਬੱਧਤਾ ਨਾਲ ਨਤਮਸਤਕ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਸਮੁੱਚੇ ਭਾਰਤ ਵਿੱਚ ਵਸਦੀਆਂ ਸਿੱਖ ਸੰਗਤਾਂ ਨੇ ਹਾਜਰੀ ਭਰੀ ਅਤੇ ਬਹੁਤ ਹੀ ਸ਼ਰਧਾ ਨਾਲ ਸੰਗਤਾਂ ਨੇ ਸ਼ਹੀਦਾਂ ਨੂੰ ਆਪਣੀ ਰੁਹਾਨੀ ਅਕੀਦਤ ਭੇਂਟ ਕੀਤੀ।

ਦੇਸ਼ ਵਿਦੇਸ਼ ਦੀ ਮੀਡੀਆ ਨੇ ਇਸ ਸਮਾਗਮ ਦੀ ਆਪਣੀ ਵਿੱਤ ਅਤੇ ਸਮਝ ਅਨੁਸਾਰ ਰਿਪੋਰਟਿੰਗ ਕੀਤੀ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਵੀ ਇਤਿਹਾਸ ਦੇ ਇਸ ਰੰਗ ਨੂੰ ਇੱਕ ਸੱਚੇ ਸਿੱਖ ਵਾਂਗ ਦੇਖਿਆ। ਉਨ੍ਹਾਂ ਨੇ ਆਪਣੀ ਰਿਪੋਰਟਿੰਗ ਵਿੱਚ ਸਿੱਖੀ ਦੇ ਜਜਬੇ ਨੂੰ ਵੀ ਉਜਾਗਰ ਕੀਤਾ ਅਤੇ ਸੰਗਤਾਂ ਦੀ ਰੂਹਾਨੀ ਮਸੂਮੀਅਤ ਉੱਤੇ ਇੱਕ ਗੰਭੀਰ ਟਿੱਪਣੀ ਵੀ ਕੀਤੀ। ਆਪ ਜੀ ਨੇ ਉਸ ਸਮਾਗਮ ਦੀ ਰਿਪੋਰਟਿੰਗ ਕਰਦੇ ਹੋਏ ਲਿਖਿਆ ਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਪਣੇ ਇਤਿਹਾਸ ਦੇ ਬਹੁਤ ਹੀ ਵੱਡੇ ਨਾਇਕ ਦੀ ਸ਼ਖਸ਼ੀਅਤ ਅਤੇ ਕਾਰਨਾਮੇ ਨੂੰ ਸਿਜ਼ਦਾ ਕਰ ਰਹੀਆਂ ਹਨ ਪਰ ਉਨ੍ਹਾਂ ਦੀ ਰੂਹਾਨੀਅਤ ਵਿੱਚੋਂ ਮੁੜ ਤੋਂ ਰਾਜ ਕਰਨ ਦਾ ਜਜਬਾ ਗਾਇਬ ਹੈ। ਆਪ ਜੀ ਨੇ ਲਿਖਿਆ ਕਿ ਵਰਤਮਾਨ ਸਮੇਂ ਜਿਸ ਕਿਸਮ ਦੇ ਲੀਡਰਾਂ ਨੇ ਸਿੱਖੀ ਦੇ ਧਾਰਮਿਕ ਅਤੇ ਸਿਆਸੀ ਪਿੜ ਨੂੰ ਘੇਰਿਆ ਹੋਇਆ ਹੈ ਉਨ੍ਹਾਂ ਵਿੱਚੋਂ ਕੋਈ ਵੀ ਅਜਿਹਾ ਨਹੀ ਹੈ ਜੋ ਸਿੱਖਾਂ ਵਿੱਚ ਰਾਜ ਕਰਨ ਦਾ ਸੁਪਨਾ ਜਗਾ ਸਕਣ ਦੀ ਸ਼ਕਤੀ ਪੈਦਾ ਕਰ ਸਕੇ। ਕਰਮਜੀਤ ਸਿੰਘ ਦੀ ਰਿਪੋਰਟ ਦਾ ਸਿਰਲੇਖ ਸੀ ’ਸਿੱਖ ਜਿਉਂਦੇ ਹਨ ਪਰ ਜਾਗਦੇ ਨਹੀਂ’।

ਬੇਸ਼ੱਕ ਕਰਮਜੀਤ ਸਿੰਘ ਦੀ ਇਹ ਰਿਪੋਰਟ ਅਸੀਂ ਇੱਕ ਸਾਲ ਪਹਿਲਾਂ ਪੜ੍ਹੀ ਸੀ ਪਰ ਉਸ ਨਾਲ ਉਸੇ ਵੇਲੇ ਅਸੀਂ ਮਾਨਸਿਕ ਤੌਰ ਤੇ ਅਸਹਿਮਤੀ ਜਤਾ ਦਿੱਤੀ ਸੀ। ਹੋ ਸਕਦਾ ਹੈ ਇਹ ਮੇਰੀ ਸਮਝ ਦੀ ਸੀਮਾ ਹੋਵੇ ਪਰ ਮੈਂ ਸਿੱਖ ਕੌਮ ਦੇ ਇਸ ਸਿਆਸੀ-ਮਾਨਸਿਕ ਵਰਤਾਰੇ ਨੂੰ ਬਿਲਕੁਲ ਦੂਜੇ ਪਾਸੇ ਤੋਂ ਦੇਖਦਾ ਆ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਜਿੰਨੇ ਵੀ ਸੱਜਣ 20ਵੀਂ ਸਦੀ ਦੀ ਸਿੱਖ ਲਹਿਰ ਨਾਲ ਸਬੰਧਿਤ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਖਾੜਕੂ ਲਹਿਰ ਦੇ ਹਥਿਆਰਬੰਦ ਵਿੰਗ ਦੇ ਖਤਮ ਹੋ ਜਾਣ ਨਾਲ ਇਹ ਸਮਝ ਬਣ ਗਈ ਹੈ ਕਿ ਸਿੱਖਾਂ ਵਿੱਚੋਂ ਸਿੱਖੀ ਦਾ ਅਸਲ ਤੰਤ ਮਰ ਗਿਆ ਹੈ ਜਾਂ ਕੌਮ ਹੁਣ ਆਪਣੇ ਤੇ ਵਾਪਰ ਰਹੇ ਪ੍ਰਤੀ ਉਸ ਤਰ੍ਹਾਂ ਦੇ ਪ੍ਰਤੀਕਰਮ ਨਹੀ ਕਰਦੀ ਜਿਹੋ ਜਿਹੇ ਪ੍ਰਤੀਕਰਮ ਉਹ ਸਿੱਖ ਖਾੜਕੂ ਲਹਿਰ ਦੀ ਚੜ੍ਹਤ ਵੇਲੇ ਕਰਦੀ ਹੁੰਦੀ ਸੀ।

ਸਾਡੀ ਸਮਝ ਅਨੁਸਾਰ ਇਹ ਸਾਡਾ ਸਾਰਿਆਂ ਦਾ ਭੁਲੇਖਾ ਹੈ। ਮੈਂ ਜਿਸ ਤਰ੍ਹਾਂ ਸਿੱਖ ਕੌਮ ਦੇ ਪ੍ਰਤੀਕਰਮਾਂ ਨੂੰ ਨੋਟ ਕਰਦਾ ਆ ਰਿਹਾ ਹਾਂ ਉਹ ਬਿਲਕੁਲ ਹੀ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਸਿੱਖ ਕੌਮ ਦੇ ਗੁੱਝੇ ਅਤੇ ਪ੍ਰਤੀਬੱਧ ਪ੍ਰਤੀਕਰਮ ਦੇਖਕੇ ਤਾਂ ਕਦੇ ਕਦੇ ਮੈਨੂੰ ਆਪ ਨੂੰ ਵੀ ਹੈਰਾਨੀ ਹੋਣ ਲੱਗ ਜਾਂਦੀ ਹੈ। ਇਸ ਲੇਖ ਰਾਹੀਂ ਮੈਂ ਉਸ ਕੌਮ ਦੇ ਪਤ੍ਰੀਕਰਮ ਆਪਣੇ ਪਾਠਕਾਂ ਨਾਲ ਸਾਂਝੇ ਕਰਾਂਗਾ ਜਿਸ ਦੇ ਖਿਲਾਫ਼ ਦੁਨੀਆਂ ਦੀ ਇੱਕ ਵੱਡੀ ਤਾਕਤ ਦੇ ਸਾਰੇ ਸਾਧਨਾਂ ਨੇ ਜੰਗ ਲੜੀ ਅਤੇ ਉਸ ਜੰਗ ਵਿੱਚ ਤਾਕਤਵਰ ਨੇ ਤਹਿਜ਼ੀਬ, ਤਮੀਜ਼, ਬੇਕਿਰਕੀ ਅਤੇ ਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦਾਬੇ ਵਾਲੇ ਹਾਲਾਤ ਵਿੱਚ ਰਹਿ ਰਹੀਆਂ ਕੌਮਾਂ ਦੇ ਸੁਭਾਅ, ਲੱਛਣਾਂ ਅਤੇ ਪ੍ਰਤੀਕਰਮਾਂ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆ ਜਾਇਆ ਕਰਦੀ ਹੈ। ਇਹ ਕੌਮਾਂ ਜਿੱਥੇ ਸੰਘਰਸ਼ ਦੀ ਚੜ੍ਹਤ ਵੇਲੇ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਕੇ ਆਪਣੇ ਨਿਸ਼ਾਨੇ ਲਈ ਸ਼ਹਾਦਤਾਂ ਦੀ ਝੜੀ ਲਾ ਦੇਂਦੀਆਂ ਹਨ ਉਥੇ ਵਿਰੋਧੀ ਧਿਰ ਦੇ ਦਾਬੇ ਥੱਲੇ ਆ ਜਾਣ ਵੇਲੇ ਆਪਣੇ ਅੰਦਰ ਨੂੰ ਸਮੇਟ ਲੈਂਦੀਆਂ ਹਨ। ਉਹ ਆਪਣੇ ਦਿਲ ਦੀ ਘੁੰਡੀ ਫਿਰ ਕਿਸੇ ਕੋਲ ਵੀ ਨਹੀਂ ਖੋਲ੍ਹਦੀਆਂ। ਅਜਿਹੀ ਹਾਲਤ ਵਿੱਚ ਰਹਿ ਰਹੀਆਂ ਕੌਮਾਂ ਦੇ ਪ੍ਰਤੀਕਰਮ ਫਿਰ ਜੰਗ ਦੇ ਮੈਦਾਨ ਵਾਲੇ ਨਹੀਂ ਰਹਿੰਦੇ ਬਲਕਿ ਬਹੁਤ ਹੀ ਸੂਖਮ ਕਿਸਮ ਦੇ ਹੋ ਜਾਂਦੇ ਹਨ। ਦਾਬੇ ਦੀ ਹਾਲਤ ਵਿੱਚ ਰਹਿ ਰਹੀਆਂ
ਅਜਿਹੀਆਂ ਕੌਮਾਂ ਦੀ ਰੂਹ ਨੂੰ ਪੜਨ੍ਹ ਲਈ ਫਿਰ ਫਲਸਫੇ, ਮਾਨਸਿਕ ਵਿਗਿਆਨ ਅਤੇ ਰਾਜਨੀਤੀ ਦੇ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਗੋਤੇ ਲਾਉਣੇ ਪੈਂਦੇ ਹਨ। ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸ਼ਤਰ ਦੀ ਸਿਖਿਆ ਦੇ ਰਹੇ ਸੰਸਾਰ ਪ੍ਰਸਿੱਧ ਵਿਦਵਾਨ ਜੇਮਜ਼ ਸੀ ਸਕਾਟ ਨੇ ਇਸ ਵਿਸ਼ੇ ਤੇ ਬਹੁਤ ਹੀ ਕਮਾਲ ਦੀਆਂ ਖੋਜਾਂ ਕੀਤੀਆਂ ਹਨ। ਉਨ੍ਹਾਂ ਨੇ ਕਈ ਕਈ ਸਾਲਾਂ ਦੀ ਮਿਹਨਤ ਅਤੇ ਖੋਜ ਤੋਂ ਬਾਅਦ ਗੁਲਾਮੀ ਅਤੇ ਦਾਬੇ ਹੇਠ ਲੰਬੇ ਸਮੇਂ ਤੋਂ ਰਹਿ ਰਹੀਆਂ ਕੌਮਾਂ ਦੀਆਂ ਆਦਤਾਂ, ਮਾਨਸਿਕ ਮਨੋਭਾਵਾਂ ਅਤੇ ਸਿਆਸੀ ਸੋਚ ਉਡਾਰੀਆਂ ਬਾਰੇ ਦੋ ਬੇਮਿਸਾਲ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀ ਪਹਿਲੀ ਕਿਤਾਬ ਹੈ, DOMINATION AND THE ARTS OF RESISTANCE ਅਤੇ ਦੂਜੀ ਕਿਤਾਬ THE ART OF NOT BEING GOVERNED. ਪਹਿਲੀ ਕਿਤਾਬ ਵਿੱਚ ਜੇਮਜ਼ ਨੇ ਗੁਲਾਮੀ ਦੀ ਜੂਨ ਹੰਢਾ ਰਹੀਆਂ ਕੌਮਾਂ ਦੀ ਮਾਨਸਿਕ ਅਵਸਥਾ ਨੂੰ ਬਹੁਤ ਹੀ ਗੰਭੀਰਤਾ ਨਾਲ ਪੜਚੋਲਿਆ ਹੈ। ਉਨ੍ਹਾਂ ਕਿਸੇ ਇੱਕ ਕੌਮ ਨੂੰ ਆਪਣੀ ਖੋਜ ਦਾ ਅਧਾਰ ਬਣਾ ਕੇ ਸਿੱਟੇ ਨਹੀਂ ਕੱਢ ਮਾਰੇ ਬਲਕਿ ਬਹੁਤ ਸਾਰੀਆਂ ਕੌਮਾਂ ਦੀ ਸਿਆਸੀ ਮਾਨਸਿਕਤਾ, ਉਨ੍ਹਾਂ ਸਾਹਮਣੇ ਪੇਸ਼ ਹੋਈਆਂ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਬਾਰੇ ਕੌਮਾਂ ਦੇ ਗੁਝੇਪ੍ਰਤੀਕਰਮਾਂ ਦਾ ਵਿਸ਼ਲੇਸ਼ਣ ਕੀਤਾ ਹੈ। ਵਿਦਵਾਨ ਰਾਜਸੀ ਵਿਗਿਆਨੀ ਦਾ ਕਹਿਣਾ ਹੈ ਕਿ ਗੁਲਾਮੀ ਵਾਲੇ ਹਾਲਾਤ ਵਿੱਚ ਰਹਿ ਰਹੀਆਂ ਕੌਮਾਂ ਦੇ ਪ੍ਰਤੀਕਰਮਾਂ ਨੂੰ ਤੁਸੀਂ ਸਿੱਧੀ ਅੱਖ ਨਾਲ ਨਹੀਂ ਦੇਖ ਸਕਦੇ। ਇਸ ਲਈ ਤੁਹਾਨੂੰ ਕੌਮ ਦੀਆਂ ਰਗਾਂ ਵਿੱਚ, ਕੌਮ ਦੇ ਇਤਿਹਾਸ ਵਿੱਚ ਅਤੇ ਕੌਮ ਦੇ ਮੌਜੂਦਾ ਸਿਆਸੀ-ਮਾਨਸਿਕ ਵਰਤਾਰੇ ਦੇ ਗਹਿਰ ਗੰਭੀਰ ਸਮੁੰਦਰਾਂ ਵਿੱਚ ਉਤਰਨਾ ਪੈਂਦਾ ਹੈ। ਉਸਦਾ ਕਹਿਣਾ ਹੈ ਕਿ ਕੌਮਾਂ ਦੀ ਅਸਲ ਤਾਸੀਰ ਪੜ੍ਹਨ ਲਈ ਤੁਹਾਨੂੰ ਕੌਮ ਦੀ ਮਾਨਸਿਕਤਾ ਦੇ HIDDEN SCRIPTS ਨੂੰ ਪੜ੍ਹਨ ਦੀ ਸਮਰਥਾ ਪੈਦਾ ਕਰਨੀ ਪੈਂਦੀ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਕੌਮਾਂ ਆਪਣੀਆਂ HIDDEN SCRIPTS ਦੇ ਝਲਕਾਰੇ ਕਦੇ ਕਦੇ ਹੀ ਬਿਖੇਰਦੀਆਂ ਹਨ ਅਤੇ ਦਹਾਕਿਆਂ ਤੱਕ ਵਿਰੋਧੀਆਂ ਨੂੰ ਆਪਣੇ ਦਿਲ ਦੀ ਗੱਲ ਨਹੀਂ ਬੁੱਝਣ ਦਿੰਦੀਆਂ। ਕੌਮਾਂ ਦੀ ਹੋਣੀ ਨਾਲ ਸਬੰਧਿਤ ਇਸ ਖੋਜ ਭਰਪੂਰ ਵਿਦਵਤਾ ਦੇ ਅਸਲ ਨਜ਼ਾਰੇ ਤਾਂ ਸਾਰੀ ਕਿਤਾਬ ਪੜ੍ਹਕੇ ਹੀ ਲਏ ਜਾ ਸਕਦੇ ਹਨ ਪਰ ਆਪਣੇ ਲੇਖ ਦੇ ਅਧਾਰ ਲਈ ਅਸੀਂ ਉਸ ਦਾ ਸਾਰ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਹੈ।

ਹੁਣ ਅਸੀਂ ਜੇਮਜ਼ ਸੀ ਸਕਅਟ ਵੱਲੋਂ ਦਿੱਤੇ ਗਏ ਨਿਰਣਿਆਂ ਦੇ ਅਧਾਰ ਤੇ ਸਿੱਖ ਕੌਮ ਵੱਲੋਂ ਆਪਣੀਆਂ HIDDEN SCRIPTS ਦੇ ਝਲਕਾਰੇ ਪੇਸ਼ ਕਰਨ ਦੀਆਂ ਕੁਝ ਉਦਾਹਰਨਾਂ ਸਾਂਝੀਆਂ ਕਰਾਂਗੇ ਫਿਰ ਕੋਈ ਫੈਸਲਾ ਕਰਨਾ ਪਾਠਕਾਂ ਦੇ ਹੱਥ ਵਿੱਚ ਹੋਵੇਗਾ। ਪਿਛਲੇ ਸਾਲ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਰਾਜਨੀਤਿਕ ਗਾਣਿਆਂ ਦੀ ਸੀਡੀ ਪੰਜਾਬ ਵਿੱਚ ਜਾਰੀ ਹੋਈ ਜਿਸਦਾ ਟਾਈਟਲ ਸੀ ‘ਸਿੰਘ ਬੈਟਰ ਦੈਨ ਕਿੰਗ’, ਉਸ ਸੀਡੀ ਵਿੱਚ ਪੰਜਾਬੀ ਦੇ ਕਿਸੇ ਗਾਇਕ ਨੇ ਪਹਿਲੀ ਵਾਰ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨਾਲ ਹੋਏ ਧੱਕਿਆਂ ਦੀ ਗੱਲ ਗੰਭੀਰਤਾ ਨਾਲ ਕੀਤੀ ਸੀ। ਉਸਦੀ ਸੀਡੀ ਦੇ ਗੀਤ ‘ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ’ ਅਤੇ ‘ਜਿਹੜੇ ਕੌਮ ਦੇ ਹੀਰੇ ਸੀ ਦਸ ਉਹ ਕਿਉਂ ਫਾਂਸੀ ਟੰਗੇ, ਜੋ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ’ ਬਹੁਤ ਜ਼ਿਆਦਾ ਮਕਬੂਲ ਹੋਏ। ਇੰਟਰਨੈਟ ਸਾਈਟ ਯੂਟਿਊਬ ਦੇ ਸੈਂਕੜੇ ਸਿੱਖ ਨੌਜਵਾਨਾਂ ਨੇ ਉਨ੍ਹਾਂ ਗਾਣਿਆਂ ਦੀਆਂ ਆਪਣੀ ਸਮਝ ਅਨੁਸਾਰ ਵੀਡੀਓਜ਼ ਬਣਾਕੇ ਪੇਸ਼ ਕੀਤੀਆਂ। ਹਰ ਕਿਸੇ ਨੇ ਉਸ ਗਾਣੇ ਵਿੱਚ ਸੰਤ ਜਰਨੈਲ ਸਿੰਘ ਦੇ ਨਾਲ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਅਤੇ ਭਾਈ ਸੁਖਦੇਵ ਸਿੰਘ ਬੱਬਰ ਅਤੇ ਹੋਰ ਪ੍ਰਮੱਖੁ ਖਾੜਕੂਆਂ ਦੀਆਂ ਤਸਵੀਰਾਂ ਲਗਾ ਕੇ ਉਹ ਵੀਡੀਓਜ਼ ਬਣਾਈਆਂ। ਹਰ ਕਿਸੇ ਨੇ ਕੋਸ਼ਿਸ਼ ਕੀਤੀ ਕਿ ਉਹ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਖੂਬਸੂਰਤ ਬਣਾਵੇ। ਬੱਬੂ ਮਾਨ ਦੇ ਹਰ ਗਾਣੇ ਦੀ ਵੀਡੀਓ ਦੇ ਥੱਲੇ ਜੋ ਆਪਣੇ ਵਿਚਾਰ ਦੇਣ ਦਾ ਖਾਨਾ ਹੁੰਦਾ ਹੈ ਜਰਾ ਉਸ ਖਾਨੇ ਵਿੱਚ ਚੱਲੀ ਉਸਾਰੂ ਬਹਿਸ ਨੂੰ ਪੜ੍ਹਕੇ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਬੇਸ਼ੱਕ ਆਮ ਲੋਕਾਂ ਕੋਲ ਆਪਣੇ ਜਜ਼ਬਾਤ ਪੇਸ਼ ਕਰਨ ਲਈ ਬਹੁਤ ਵਧੀਆ ਸ਼ਬਦ ਨਹੀਂ ਹਨ ਪਰ ਉਸ ਬਹਿਸ ਵਿੱਚ ਪੇਸ਼ ਕੀਤੇ ਵਿਚਾਰਾਂ ਦੀਆਂ ਜੜ੍ਹਾਂ ਨੂੰ ਫੜਨ ਦੀ ਜੇ ਸਾਡੇ ਵਿੱਚ ਤਾਕਤ ਹੈ ਤਾਂ ਉਸਦੀ ਵਰਤਂ ਕਰ ਲੈਣੀ ਚਾਹੀਦੀ ਹੈ। ਉਸ ਸੀਡੀ ਦੇ ਹਰ ਜਜ਼ਬਾਤੀ ਗਾਣੇ ਦੀਆਂ ਲਗਭਗ ਸੌ-ਸੌ ਵੀਡੀਓਜ਼ ਬਣੀਆਂ ਹੋਈਆਂ ਹਨ ਅਤੇ ਕੁਲ ਮਿਲਾਕੇ ਹਰ ਗਾਣੇ ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਹੈ।

ਇੱਥੇ ਹੀ ਬਸ ਨਹੀਂ ਬੱਬੂ ਮਾਨ ਤੋਂ ਬਾਅਦ ਰਾਜ ਕਾਕੜੇ ਦਾ ਗਾਣਾ ‘ਰਾਜਨੀਤੀ’ ਪੰਜਾਬ ਦੇ ਹੌਕਿਆਂ ਅਤੇ ਹਾਵਿਆਂ ਦੀ ਬਾਤ ਪਾਉਂਦਾ ਹੈ। ਰਾਜ ਕਾਕੜੇ ਨੇ ਸਿੱਖਾਂ ਦੇ ਹਉਕਿਆਂ ਨੂੰ ਸ਼ਬਦਾਂ ਨਾਲ ਪੇਸ਼ ਕਰਨ ਦਾ ਬਹੁਤ ਹੀ ਕਾਵਿਕ ਅੰਦਾਜ਼ ਅਪਣਾਇਆ ਹੈ। ਉਸ ਗਾਣੇ ਦੀ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ ਵੀ ਦੋ ਲੱਖ ਤੋਂ ਉਪਰ ਟੱਪ ਗਈ ਹੈ। ਰਾਜ ਕਾਕੜੇ ਦੇ ਗਾਣੇ ਦੀ ਵੀਡੀਓ ਬਾਰੇ ਵੀ ਦੇਸ਼ ਵਿਦੇਸ਼ ਦੇ ਸਿੱਖਾਂ ਨੇ ਜੋ ਆਪਣੇ ਵਿਚਾਰ ਪੇਸ਼ ਕੀਤੇ ਹਨ ਉਹ ਕਿਤਾਬਾਂ ਨਾਲ ਮੱਥਾ ਮਾਰ ਰਹੇ ਸਾਡੇ ਵਰਗਿਆਂ ਲਈ ਕਈ ਭੇਦਾਂ ਤੋਂ ਪਰਦਾ ਚੁੱਕ ਰਹੇ ਹਨ। ਉਨ੍ਹਾਂ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ।ਇੰਟਰਨੈਟ ਤੇ ਹੀ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਦੇਖਦਿਆਂ ਸਾਡੀ ਨਿਗਾਹ ਸਿੱਖ ਖਾੜਕੂਆਂ ਹੱਥੋਂ ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਧਾਰਮਕ ਗੀਤ ‘ਤੇ ਪੈ ਗਈ ਜਿਸਦਾ ਸਿਰਲੇਖ ਹੈ, ‘ਪਾਣੀ ਦਿਆ ਬੁਲ ਬੁਲਿਆ ਕੀ ਮਨਿਆਦਾਂ ਤੇਰੀਆਂ'।
ਜਦੋਂ ਅਸੀਂ ਇਹ ਗੀਤ ਚਲਾ ਕੇ ਵੇਖਿਆ ਤਾਂਦੇਖਕੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਸ ਗਾਣੇ ਦੀ ਵੀਡੀਓ ਬਣਾਉਣ ਵਾਲੇ ਨੇ ਪ੍ਰਮੁੱਖ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਚਲਾਈਆਂ ਹੋਈਆਂ ਹਨ। ਜਦੋਂ ਵੀ ਗਾਣੇ ਦਾ ਅੰਤਰਾ ਚਲਦਾ ਹੈ ਵਾਰ ਵਾਰ ਦੋਵਾਂ ਪਿਓ ਪੁੱਤਰਾਂ ਦੀ ਫੋਟੋ ਆ ਜਾਂਦੀ ਹੈ। ਹੁਣ ਜਿਸ ਕਿਸੇ ਨੇ ਵੀ ਉਹ ਵੀਡੀਓ ਬਣਾਈ ਹੈ ਉਸ ਨੂੰ ਬਾਦਲ ਪਿਓ ਪੁੱਤਰਾਂ ਦੇ ਕਿਰਦਾਰ ਦਾ ਬਾਖੂਬ ਪਤਾ ਹੈ। ਇਸ ਗੱਲ ਦੇ ਸਿੱਖਾਂ ਲਈ ਕੁਝ ਅਰਥ ਨਿਕਲਦੇ ਹਨ।

ਸਮਾਜਕ ਮੀਡੀਆ ਅੱਜ ਦੁਨੀਆਂ ਭਰ ਵਿੱਚ ਰਾਜਸੀ ਇਨਕਲਾਬਾਂ ਦਾ ਵੱਡਾ ਮੰਚ ਬਣ ਰਿਹਾ ਹੈ ਅਤੇ ਦਾਬੇ ਹੇਠ ਰਹਿ ਰਹੀਆਂ ਕੌਮਾਂ ਇਸ ਸਮਾਜਕ ਮੀਡੀਏ ਦੀ ਆਪਣੀ ਸਿਆਸੀ ਹੋਣੀ ਲਈ ਭਰਪੂਰ ਵਰਤੋਂ ਕਰ ਰਹੀਆਂ ਹਨ। ਹਾਲ ਵਿੱਚ ਵੀ ਅਰਬ ਜਗਤ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਸਮਾਜਕ ਮੀਡੀਏ ਦਾ ਬਹੁਤ ਵੱਡਾ ਹੱਥ ਮੰਨਿਆ ਜਾ ਰਿਹਾ ਹੈ। ਮੀਡੀਏ ਦੀ ਇਸ ਨਵੀਂ ਵਰਤੋਂ ਨੇ ਸੰਸਾਰ ਦੇ ਦਿਮਾਗਾਂ ਨੂੰ ਕਬਜ਼ੇ ਹੇਠ ਰੱਖਣ ਦੀ ਨੀਤੀ ਅਪਣਾਕੇ ਚੱਲ ਰਹੇ ਅਮਰੀਕੀ ਪ੍ਰਸ਼ਾਸ਼ਨ ਨੂੰ ਵੀ ਵਖਤ ਪਾਇਆ ਹੋਇਆ ਹੈ। ਇਜ਼ਰਾਈਲ ਦਾ ਹੱਥਠੋਕਾ ਬਣਕੇ ਆਪਣੇ ਲੋਕਾਂ ਤੇ ਜ਼ੁਲਮ ਕਮਾਉਣ ਵਾਲੇ ਮਿਸਰ ਦੇ ਪ੍ਰਧਾਨ ਹੋਸਨੀ ਮੋਬਾਰਕ ਦੀ ਤਾਨਾਸ਼ਹੀ ਦਾ ਅੰਤ ਕਰਨ ਵਿੱਚ ਯੂਟਿਊਬ ਅਤੇ ਫੇਸ ਬੁੱਕ ਨੇ ਵੱਡਾ ਯੋਗਦਾਨ ਪਾਇਆ ਹੈ। ਦੁਖੀ ਤਾਂ ਲੋਕ ਸਾਲਾਂ ਤੋਂ ਸਨ ਪਰ ਉਥੋਂ ਦੇ ਹਾਕਮ ਵੀ ਲੋਕਾਂ ਨੂੰ ਇਕੱਠੇ ਨਹੀਂ ਸਨ ਹੋਣ ਦਿੰਦੇ। ਫੇਸਬੁੱਕ ਅਤੇ ਯੂਟਿਊਬ ਨੇ ਲੋਕਾਂ ਨੂੰ ਉਹ ਮੰਚ ਪ੍ਰਦਾਨ ਕਰ ਦਿੱਤਾ ਜੋ ਸਰਕਾਰੀ ਟੀਵੀ, ਅਖ਼ਬਾਰਾਂ ਅਤੇ ਸਰਕਾਰ ਦੀ ਰਜ਼ਾ ਵਿੱਚ ਚੱਲਣ ਵਾਲੇ ਮੀਡੀਆ ਦੀ ਤਾਨਾਸ਼ਾਹੀ ਵਿੱਚ ਨਹੀਂ ਸੀ ਮਿਲ ਰਿਹਾ। ਸਮਾਜਕ ਮੀਡੀਏ ਦੀ ਤਾਕਤ ਇਸ ਵੇਲੇ ਕਿਸ ਕਦਰ ਮਜ਼ਬੂਤ ਹੋ ਰਹੀ ਹੈ ਇਸਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅਮਰੀਕੀ ਨੀਤੀ ਨੂੰ ਘੜਨ ਵਾਲੇ ਅਤੇ ਪ੍ਰਭਾਵਿਤ ਕਰਨ ਵਾਲੇ ਸਿਧਾਂਤਿਕ ਮੈਗਜ਼ੀਨ ‘ਫਾਰਨ ਅਫੇਅਰਜ਼’ ਨੇ ਆਪਣਾ ਤਾਜ਼ਾ ਅੰਕ ਸਮੁੱਚੇ ਰੂਪ ਵਿੱਚ ਇਸੇ ਵਿਸ਼ੇ ਤੇ ਕੱਢਿਆ ਹੈ। ਇਸ ਵਾਰ ਉਸਦੀ ਮੁਖ ਸਟੋਰੀ ਦਾ ਸਿਰਲੇਖ ਸੀ, The Political Power Of Social Media ਖੈਰ ਅਸੀਂ ਗੱਲ ਪੰਜਾਬ ਦੀ ਅਤੇ ਸਿੱਖਾਂ ਦੇ ਪ੍ਰਤੀਕਰਮਾਂ ਦੀ ਕਰ ਰਹੇ ਸੀ ਉਸੇ ਤੇ ਮੁੜ ਕੇਂਦਰਿਤ ਹੁੰਦੇ ਹਾਂ। ਸਿੱਖਾਂ ਦੇ ਪ੍ਰਤੀਕਰਮਾਂ ਦੀ ਖੂਬਸੂਰਤੀ ਵਿੱਚ ਕਮੀ ਨਹੀ ਆਈ ਬਲਕਿ ਪ੍ਰਤੀਕਰਮਾਂ ਨੂੰ ਪ੍ਰਗਟ ਕਰਨ ਦੀ ਤਾਸੀਰ ਬਦਲ ਗਈ ਹੈ। ਇਹ ਸਿਰਫ ਆਦਤ ਵਿੱਚ ਤਬਦੀਲੀ ਹੈ, ਮਾਨਸਿਕ ਅਵਸਥਾ ਵਿੱਚ ਜੋ ਚੱਲ ਰਿਹਾ ਹੈ ਉਹ ਗੁੱਝਾ ਨਹੀਂ ਹੈ। ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਹਨ ਸਿੱਖਾਂ ਨੇ ਉਸੇ ਤਰ੍ਹਾਂ ਆਪਣੇ ਪ੍ਰਤੀਕਰਮਾਂ ਦਾ ਸੁਭਾਅ ਬਦਲ ਲਿਆ ਹੈ।

ਰੋਜ਼ਾਨਾ ‘ਅਜੀਤ’ ਪੰਜਾਬੀ ਦਾ ਪ੍ਰਮੁੱਖ ਅਖਬਾਰ ਹੈ। ਇਸ ਦੇ ਪਾਠਕ ਮੁਖ ਤੌਰ ਤੇ ਸਿੱਖ ਹੀ ਹਨ। ਸਾਡੇ ਅੰਦਾਜ਼ੇ ਅਨੁਸਾਰ ਤਾਂ ‘ਅਜੀਤ’ ਦੇ 99 ਫੀਸਦੀ ਪਾਠਕ ਹੀ ਸਿੱਖ ਹਨ ਕਿਉਂਕਿ ਕੋਈ ਵੀ ਹਿੰਦੂ ਸ਼ਾਇਦ ਹੀ ਇਸਨੂੰ ਪੜ੍ਹਦਾ ਹੋਵੇ। ਚਲੋ ਆਪਾਂ ਇਹ ਮੰਨ ਲੈਂਦੇ ਹਾਂ ਕਿ ‘ਅਜੀਤ’ ਦੇ 95 ਫੀਸਦੀ ਪਾਠਕ ਤਾਂ ਸਿੱਖ ਹਨ। ਇੰਟਰਨੈਟ ਦੇ ਇਸਦੇ ਐਡੀਸ਼ਨ ਨੂੰ ਪੜ੍ਹਨ ਵਾਲੇ ਵੀ 95 ਫੀਸਦੀ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਹਨ। ਜਿਹੜੇ ਸੱਜਣ ਇੰਟਰਨੈਟ ਤੇ ‘ਅਜੀਤ’ ਦਾ ਐਡੀਸ਼ਨ ਪੜ੍ਹਦੇ ਹਨ ਉਨ੍ਹਾਂ ਬਾਰੇ ਆਪਾਂ ਇਹ ਆਖ ਸਕਦੇ ਹਾਂ ਕਿ ਉਹ ਪੜ੍ਹੇ ਲਿਖੇ ਅਤੇ ਸੁਚੇਤ ਸਿੱਖ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅੱਜਕੱਲ੍ਹ ਮੀਡੀਆ ਕਿਵੇਂ ਸਰਕਾਰਾਂ ਦੀ ਸੱਜੀ ਬਾਂਹ ਬਣਕੇ ਸਥਾਪਤੀ ਦੀ ਰਾਜਨੀਤੀ ਆਪਣੇ ਪਾਠਕਾਂ ਨੂੰ ਪਰੋਸ ਰਿਹਾ ਹੈ। ਇਹ ਪਾਠਕ ਖਬਰਾਂ ਦੇ ਪਿੱਛੇ ਚਲਦੀ ਰਾਜਨੀਤੀ ਨੂੰ ਵੀ ਪੂਰੀ ਤਰ੍ਹਾਂ ਸਮਝਦੇ ਹਨ ਜੋ ਸੱਥਾਂ ਵਿੱਚ ਬੈਠਕੇ ਅਖਬਾਰ ਪੜ੍ਹਨ ਵਾਲੇ ਨਹੀਂ ਦੇਖ ਸਕਦੇ।

‘ਅਜੀਤ’ ਦੇ ਇੰਟਰਨੈਟ ਐਡੀਸ਼ਨ ਵਿੱਚ ਅਖ਼ਬਾਰ ਦੇ ਸੰਪਾਦਕੀ ਮੰਡਲ ਵੱਲਂ ਪਾਠਕਾਂ ਦੇ ਹੁੰਗਾਰੇ ਲਈ ਕੋਈ ਸਵਾਲ ਪਾਇਆ ਜਾਂਦਾ ਹੈ ਜਿਸਦਾ ਜਵਾਬ ਹਾਂ ਜਾਂ ਨਾਹ ਵਿੱਚ ਹੁੰਦਾ ਹੈ। ਸੰਪਾਦਕੀ ਮੰਡਲ ਸੁਆਲਾਂ ਦੀ ਘਾੜਤ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖਦਾ ਹੈ ਕਿ ਪਾਇਆ ਜਾਣ ਵਾਲਾ ਸੁਆਲ ਸਥਾਪਤੀ ਦੇ ਖਿਲਾਫ ਨਾ ਜਾਂਦਾ ਹੋਵੇ ਅਤੇ ਕਿਸੇ ਨਾ ਕਿਸੇ ਢੰਗ ਨਾਲ ‘ਅਜੀਤ’ ਦੇ ਪਾਠਕਾਂ ਨੂੰ ਸਥਾਪਤੀ ਦੇ ਹੱਕ ਵਿੱਚ ਭੁਗਤਾਇਆ ਜਾਵੇ। ਖਾਸ ਕਰਕੇ ਪੰਜਾਬ ਸਰਕਾਰ ਨੂੰ ਹਮੇਸ਼ਾ ਬਚਾਕੇ ਰੱਖਣ ਦਾ ਖਿਆਲ ਸੰਪਾਦਕੀ ਮੰਡਲ ਦੇ ਮਨ ਵਿੱਚ ਰਹਿੰਦਾ ਹੈ। ਪਰ ਗਾਹੇ ਬਗਾਹੇ ਕੰਮ ਦੇ ਬੋਝ ਨਾਲ ਸੰਪਾਦਕੀ ਮੰਡਲ ਕਈ ਵਾਰ ਅਣਜਾਣ ਪੁਣੇ ਵਿੱਚ ਹੀ ਅਜਿਹੇ ਸੁਆਲ ਪਾ ਜਾਂਦਾ ਹੈ ਜਿਸਦੇ ਨਤੀਜੇ ਸਿੱਖਾਂ ਦੀ ਮਾਨਸਿਕਤਾ ਦਾ ਅਧਿਐਨ ਕਰਨ ਵਾਲਿਆਂ ਲਈ ਕਾਫੀ ਲਾਹੇਵੰਦੇ ਹੁੰਦੇ ਹਨ।

ਇੱਥੇ ਅਸੀਂ ਸਿੱਖ ਮਾਨਸਿਕਤਾ ਵਿੱਚ ਪੈਦਾ ਹੋਏ ਉਸ ਸ਼ਾਂਤ ਇਨਕਲਾਬ ਦੇ ਲੱਛਣ ਕੁਝ ਉਦਾਹਰਨਾਂ ਰਾਹੀਂ ਦੇਖਾਂਗੇ। ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ਵਿਚਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਵੋਟਾਂ ਪਵਾਈਆਂ ਗਈਆਂ ਸਨ। ਸਿੱਖ ਸੰਗਤਾਂ ਨੇ ਉਸ ਚੋਣ ਵਿੱਚ ਕਨੇਡਾ ਦੀ ਧਰਤੀ ਦੇ ਜੰਮਪਲ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜਿਤਾਕੇ ਗੁਰਦੁਆਰੇ ਦਾ ਪ੍ਰਬੰਧ ਸੌਂਪ ਦਿੱਤਾ ਸੀ। ਉਸ ਚੋਣ ਦੇ ਨਤੀਜੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਤੇ ਸੁਆਲ ਪਾਇਆ ਗਿਆ ਕਿ, ਕੀ ਤੁਸੀਂ ਸਰੀ ਦੇ ਗੁਰੂਘਰ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਨੌਜਵਾਨਾਂ ਨੂੰ ਸੌਂਪਣ ਦੇ ਹੱਕ ਵਿੱਚ ਹੋ। ਇਸ ਦੇ ਜੁਆਬ ਵਿੱਚ 86 ਫੀਸਦੀ ਸੁਚੇਤ ਸਿੱਖ ਪਾਠਕਾਂ ਨੇ ਹਾਂ ਆਖਿਆ। ਹੁਣ ਪੰਥ ਦੀ ਮੁਖਧਾਰਾ ਨਾਲ ਜੁੜੇ ਸਾਰੇ ਸੱਜਣਾਂ ਨੂੰ ਪਤਾ ਹੈ ਕਿ ਸਰੀ ਦੇ ਉਸ ਗੁਰੂਘਰ ਵਿੱਚ ਨੌਜਵਾਨਾਂ ਤੋਂ ਪਹਿਲਾਂ ਕਿਨ੍ਹਾਂ ਲੋਕਾਂ ਦਾ ਕਬਜ਼ਾ ਸੀ, ਉਹ ਕਿਸਦੇ ਇਸ਼ਾਰੇ ਤੇ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਅਤੇ ਉਨ੍ਹਾਂ ਦੀ ਹਾਰ ਨਾਲ ਕਿਸ ਕਿਸ ਧਿਰ ਨੂੰ ਸਭ ਤੋਂ ਵੱਡਾ ਧੱਕਾ ਲੱਗਾ ਹੈ। ਹੁਣ ਪ੍ਰਬੰਧ ਸੰਭਾਲ ਰਹੇ ਸਿੱਖ ਨੌਜਵਾਨਾਂ ਦੀ ਕੀ ਰਾਜਸੀ ਵਿਚਾਰਧਾਰਾ ਹੈ ਇਸ ਬਾਰੇ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਉੱਜਲ ਦੁਸਾਂਝ ਨੂੰ ਉਨ੍ਹਾਂ ਨੌਜਵਾਨਾਂ ਖਿਲਾਫ ਬੋਲਣ ਦੀ ਲੋੜ ਕਿਉਂ ਪਈ ਇਸਦਾ ਵੀ ਸਭ ਨੂੰ ਪਤਾ ਹੈ। ਇਸ ਲਈ ਜੇ 86 ਫੀਸਦੀ ਸਿੱਖ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਜਿਹੀ ਸੋਚ ਵਾਲੇ ਨੌਜਵਾਨਾਂ ਨੂੰ ਦੇਣ ਦੀ ਹਮਾਇਤ ਕਰਦੇ ਹਨ ਤਾਂ ਇਸਦੇ ਬਹੁਤ ਡੂੰਘੇ ਅਰਥ ਹਨ। ਸਿਰਫ ਉਨ੍ਹਾਂ ਅਰਥਾਂ ਨੂੰ ਪੜ੍ਹਨ ਵਾਲੀ ਅੱਖ ਚਾਹੀਦੀ ਹੈ।

ਇਕ ਵਾਰ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਤੇ ਫਿਰ ਸੁਆਲ ਪਾਇਆ ਗਿਆ ਕਿ ਕੀ ਤੁਸੀਂ ਭਾਰਤ ਵਿੱਚ ਪ੍ਰੈਸ ਦੀ ਭੂਮਿਕਾ ਤੋਂ ਸੰਤੁਸ਼ਟ ਹੋ? 75 ਫੀਸਦੀ ਪਾਠਕਾਂ ਨੇ ਇਸਦਾ ਉਤਰ ਨਾਂਹ ਵਿੱਚ ਦਿੱਤਾ। ਇਸਦਾ ਭਾਵ ਹੈ ਕਿ 70 ਫੀਸਦੀ ਸਿੱਖ ਭਾਰਤ ਵਿੱਚ ਪ੍ਰੈਸ ਦੀ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਨ। ਇਸ ਗੱਲ ਦੇ ਵੀ ਡੂੰਘੇ ਅਰਥ ਹਨ। ਭਾਰਤ ਵਿੱਚ ਪ੍ਰੈਸ ਭਾਰਤੀ ਵਿਦੇਸ਼ ਵਜ਼ਾਰਤ ਅਤੇ ਗ੍ਰਹਿ ਵਜ਼ਾਰਤ ਦੀ ਸੱਜੀ ਬਾਂਹ ਬਣਕੇ ਚੱਲਦੀ ਹੈ। ਭਾਰਤੀ ਪ੍ਰੈਸ ਦੇ ਸਮੁੱਚੇ ਵਰਤਾਰੇ ਤੇ ਨਜ਼ਰ ਮਾਰਿਆਂ ਕਦੇ ਵੀ ਇਹ ਨਹੀਂ ਜਾਪਦਾ ਕਿ ਉਹ ਅਜ਼ਾਦ ਹੈ। ਉਹ ਆਪਣਾ ਮੂੰਹ ਰੱਖਣ ਲਈ ਸਥਾਪਤੀ ਦੇ ਮਿੱਠੀਆਂ ਮਿੱਠੀਆਂ ਚੂੰਢੀਆਂ ਵੱਢ ਕੇ ਫਰੈਂਡਲੀ ਮੈਚ ਤਾਂ ਖੇਡ ਲੈਂਦੀ ਹੈ ਪਰ ਉਸਦੇ ਜਰਜਰੇ ਢਾਂਚੇ ਨੂੰ ਢਾਹਢੇਰੀ ਕਰਨ ਲਈ ਕਦੇ ਵੀ ਕਦਮ ਨਹੀਂ ਚੁੱਕਦੀ।
ਘੱਟ ਗਿਣਤੀਆਂ ਉੱਤੇ ਭਾਵੇਂ ਜੁਲਮੋ ਸਿਤਮ ਦੀ ਹਨੇਰੀ ਵਗ ਜਾਵੇ ਭਾਰਤੀ ਪ੍ਰੈਸ ਜਾਲਮਾਂ ਨਾਲ ਹਮੇਸ਼ਾ ਹੀ ਜੋਟੀ ਪਾਕੇ ਰੱਖਦੀ ਹੈ। ਭਾਰਤੀ ਪ੍ਰੈਸ ਜਿੰਨੀ ਨਫ਼ਰਤ ਅਤੇ ਜਾਲਮ ਤਰੀਕੇ ਨਾਲ ਘੱਟ ਗਿਣਤੀਆਂ ਦੇ ਖਿਲਾਫ ਬੋਲਦੀ ਹੈ ਹੁਣ ਉਨਾਂ ਜੋਰ ਭਰਿਸ਼ਟਾਚਾਰੀਆਂ ਦੇ ਮੁਲਕ ਤੋਂ ਬਾਹਰ ਪਏ ਪੈਸੇ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਭੱਦਰਪੁਰਸ਼ਾਂ ਨੂੰ ਬੇਨਕਾਬ ਕਰਨ ਲਈ ਨਹੀਂ ਲਾ ਰਹੀ ਜੋ ਦੇਸ਼ ਦੇ ਅਸਲ ਅੱਤਵਾਦੀ ਹਨ। ਇਸ ਵੇਲੇ ਸਮੁੱਚੀ ਭਾਰਤੀ ਪ੍ਰੈਸ ਪੂਰੀ ਤਰ੍ਹਾਂ ਭਰਿਸ਼ਟਾਚਾਰੀਆਂ ਦੇ ਨਾਲ ਖੜ੍ਹੀ ਹੈ। ਜੇ ਇਸ ਹਾਲਤ ਵਿੱਚ 70 ਫੀਸਦੀ ਸਿੱਖ ਭਾਰਤੀ ਪ੍ਰੈਸ ਖਿਲਾਫ ਆਪਣੀ ਰਾਇ ਦੇ ਰਹੇ ਹਨ ਤਾਂ ਇਸ ਬਾਰੇ ਸੋਚਣਾ ਬਣਦਾ ਹੈ।

ਬਾਬਰੀ ਮਸਜਿਦ ਅਤੇ ਰਾਮ ਮੰਦਰ ਵਾਲੇ ਝਗੜੇ ਦਾ ਫੈਸਲਾ ਆਉਣ ਤੋਂ ਪਹਿਲਾਂ ’ਅਜੀਤ’ ਨੇ ਸਵਾਲ ਪਾਇਆ ਕਿ ਕੀ ਅਦਾਲਤ ਦਾ ਫ਼ੈਸਲਾ ਮਸਜਿਦ ਦੇ ਹੱਕ ਵਿੱਚ ਆਵੇਗਾ? ਤਾਂ 77 ਫੀਸਦੀ ਪਾਠਕਾਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ ਕਿਉਂਕਿ ਇਨਸਾਫ ਦੇ ਮਾਮਲੇ ਵਿੱਚ ਭਾਰਤੀ ਅਦਾਲਤੀ ਢਾਂਚੇ ਦੀ ਭੂਮਿਕਾ ਵੀ ਭਾਰਤੀ ਪ੍ਰੈਸ ਵਰਗੀ ਹੀ ਰਹੀ ਹੈ। ਇਸ ਹਾਲਤ ਵਿੱਚ ਸਿੱਖ ਪਾਠਕਾਂ ਦੀ ਰਾਇ ਸੁਟ ਪਾਉਣ ਵਾਲੀ ਨਹੀਂ ਹੈ। ਉਹ ਆਪਣੇ ਜੀਵਨ ਦੇ ਤਜਰਬੇ ਦੇ ਅਧਾਰ ਤੇ ਹੀ ਆਪਣੀ ਰਾਇ ਦੇ ਰਹੇ ਸਨ। ਇਸੇ ਤਰ੍ਹਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ 25ਵੀ ਵਰੇਗੰਢ ਮੌਕੇ ਜ਼ੀ ਟੀਵੀ ਨੇ ਉਸ ਕਤਲੇਆਮ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਅਤੇ ਅੰਤ ਵਿੱਚ ਸੁਆਲ ਪਾਇਆ ਕਿ ਕੀ ਨਵੰਬਰ 1984 ਦੇ ਕਤਲੇਆਮ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਗਿਆ ਹੈ? ਤਾਂ 98 ਫੀਸਦੀ ਵੋਟਾਂ ਪਾਉਣ ਵਾਲਿਆਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ।

ਇਸ ਮਾਮਲੇ ਵਿੱਚ ਸਭ ਤੋਂ ਦਿਲਚਸਪ ਵਰਤਾਰਾ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੇ ਮਾਮਲੇ ਵਿੱਚ ਵਾਪਰਿਆ ਜਿਸ ਨੇ ਸਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਅਸੀਂ ਕੌਮ ਦੇ ਅੰਦਰੂਨੀ ਵਲਵਲਿਆਂ ਨੂੰ ਇੱਕ ਤੰਦ ਵਿੱਚ ਪਰੋ ਕੇ ਦੇਖਣਯੋਗ ਹੋਏ। ਹੰਸ ਰਾਜ ਹੰਸ ਨੂੰ ਅਕਾਲੀ ਦਲ ਵਿੱਚ ਪੈਰਾਸ਼ੂਟ ਰਾਹੀਂ ਉਤਾਰ ਕੇ ਅਤੇ ਫਿਰ ਜਲੰਧਰ ਤੋਂ ਉਸ ਨੂੰ ਲੋਕ ਸਭਾ ਲਈ ਅਕਾਲੀ ਦਲ ਦਾ ਨੁਮਾਇੰਦਾ ਨਿਯੁਕਤ ਕਰਨ ਤੋਂ ਇੱਕ ਦੋ ਦਿਨਾ ਬਾਅਦ ਹੀ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਉਤੇ ਅਜਿਹਾ ਸੁਆਲ ਪਾਇਆ ਗਿਆ ਜਿਸ ਨੇ ਸਿੱਖਾਂ ਦੇ ਕੌਮੀ ਚਰਿੱਤਰ ਦੀ ਨਿਸ਼ਾਨਦੇਹੀ ਕੀਤੀ। ਸੁਆਲ ਇਹ ਸੀ ਕਿ, ਕੀ ਹੰਸ ਰਾਜ ਹੰਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਨਾਲ ਪੰਜਾਬੀਅਤ ਦੀ ਭਾਵਨਾ ਮਜਬੂਤ ਹੋਵੇਗੀ? 67ਫੀਸਦੀ ਪਾਠਕਾਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ। ਸਿੱਖ ਪਾਠਕਾਂ ਦੀ ਇਸ ਸੁਚੇਤ ਚੋਣ ਨੇ ਹੀ ਅਸਲ ਵਿੱਚ ਸਾਨੂੰ ਸਿੱਖਾਂ ਦੇ ਅੰਦਰੂਨੀ ਵਲਵਲਿਆਂ ਨੂੰ ਸਮਝਣ ਦੀ ਨਵੀਂ ਦਿਸ਼ਾ ਦਿੱਤੀ ਸੀ। ਬੇਸ਼ੱਕ 67ਫੀਸਦੀ ਪਾਠਕ ਗਿਣਤੀ ਬਹੁਤੀ ਜਿਆਦਾ ਨਹੀਂ ਹੈ ਪਰ ਫਿਰ ਵੀ ਬਹੁਗਿਣਤੀ ਹੋਣ ਕਰਕੇ ਅਸੀਂ ਇਸਦਾ ਸੁਆਗਤ ਕਰਦੇ ਹਾਂ। ਇਸ ਗੱਲ ਦੀ ਸਾਨੂੰ ਵੀ ਆਸ ਨਹੀਂ ਸੀ ਕਿ ‘ਅਜੀਤ’ ਦੇ ਸੁਚੇਤ ਸਿੱਖ ਪਾਠਕ ਏਨੀ ਵੱਡੀ ਗਿਣਤੀ ਵਿੱਚ ਅਤੇ ਏਨੀ ਸਪੱਸ਼ਟਤਾ ਨਾਲ ਇਸ ਸੁਆਲ ਦਾ ਜੁਆਬ ਦੇਣਗੇ, ਕਿਉਂਕਿ ਪੰਜਾਬੀਅਤ ਦੇ ਸੰਕਲਪ ਨੂੰ ਜਿਵੇਂ ਮਿੱਠੀਆਂ ਗੋਲੀਆਂ ਵਿੱਚ ਲਪੇਟ ਕੇ ਜਿੰਨੀ ਸੱਭਿਅਕ ਭਾਸ਼ਾ ਵਿੱਚ ਸਿੱਖਾਂ ਦੀ ਸ਼ਰੀਕ ਧਿਰ ਵੱਜੋਂ ਉਸਾਰਿਆ ਅਤੇ ਉਭਾਰਿਆ ਗਿਆ ਸੀ ਉਸ ਹਾਲਤ ਵਿੱਚ ਇਹ ਲਗਦਾ ਨਹੀਂ ਸੀ ਕਿ ਸਿੱਖ ਪਾਠਕਾਂ ਦਾ ਪ੍ਰਤੀਕਰਮ ਏਨਾ ਸੂਝਵਾਨ ਹੋਵੇਗਾ। ਇਸ ਸੁਆਲ ਦੇ ਜੁਆਬ ਨੇ ਇਹ ਵੀ ਸਪਸ਼ਟ ਕੀਤਾ ਕਿ ਮੀਡੀਆ ਆਪਣੇ ਨਿੱਜੀ ਨਿਸ਼ਾਨਿਆਂ ਦੀ ਪੂਰਤੀ ਲਈ ਸਿੱਖਾਂ ਦੇ ਦਿਮਾਗਾਂ ਨੂੰ ਅਗਵਾ ਕਰਨ ਵਿੱਚ ਹਾਲੇ ਵੀ ਸਫਲ ਨਹੀਂ ਹੋਇਆ। ਹੰਸ ਰਾਜ ਹੰਸ ਦਾ ਅਕਾਲੀ ਦਲ ਜਾਂ ਸਿੱਖਾਂ ਦੇ ਸੰਘਰਸ਼ ਨਾਲ ਕੁਝ ਵੀ ਸਾਂਝਾ ਨਹੀਂ ਹੈ ਨਾ ਉਹ ਕਦੇ ਸਿੱਖਾਂ ਵੱਲੋਂ ਪੰਜਾਬ ਦੀ ਗੈਰਤ ਲਈ ਕੀਤੇ ਸੰਘਰਸ਼ ਵਿੱਚ ਝੱਲੇ ਤਸੀਹਿਆਂ ਦਾ ਹਮਸਫਰ ਰਿਹਾ ਹੈ ਅਤੇ ਨਾ ਹੀ ਸਿੱਖਾਂ ਦੀਆਂ ਰੁਹਾਨੀ ਖੁਸ਼ੀਆਂ ਦਾ ਭਾਈਵਾਲ ਰਿਹਾ ਹੈ। ਉਹ ਕੁਝ ਲੋਕਾਂ ਦੀਆਂ ‘ਨਿੱਜੀ ਲੋੜਾਂ’ ਦੀ ਪੂਰਤੀ ਕਰਦਾ ਰਹਿੰਦਾ ਹੈ ਜਿਸਦੇ ਇਵਜ਼ ਵੱਜੋਂ ਉਸ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਸੀ।

ਹੁਣ ਬਾਅਦ ਵਿੱਚ ਵੀ ਉਹ ਕਦੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਇਆ। ਇਸ ਲਈ ਜੇ 67ਫੀਸਦੀ ਪਾਠਕਾਂ ਨੇ ਉਸਦੀ ਨੁਮਾਇੰਦਗੀ ਨੂੰ ਅਖੌਤੀ ਪੰਜਾਬੀਅਤ ਦੀ ਮਜਬੂਤੀ ਨਾਲ ਜੋੜਕੇ ਨਹੀਂ ਦੇਖਿਆ ਤਾਂ ਉਨ੍ਹਾਂ ਕੁਝ ਵੀ ਗਲਤ ਨਹੀਂ ਸੀ ਕੀਤਾ। ਸਿੱਖ ਪਾਠਕਾਂ ਦਾ ਫਤਵਾ ਕਿਸੇ ਗੱਲੋਂ ਵੀ ਸੁੱਟ ਪਾਉਣ ਵਾਲਾ ਨਹੀਂ ਸੀ ਕਿਉਂਕਿ ਆਪਣੀ ‘ਪੰਜਾਬੀਅਤ’ ਦਾ ਮੁਜਾਹਰਾ ਹੰਸ ਰਾਜ ਹੰਸ ਨੇ ਕੁਝ ਦਿਨਾਂ ਬਾਅਦ ਹੀ ਕਰ ਦਿੱਤਾ ਸੀ। ਅਕਾਲੀ ਦਲ ਦੀ ਟਿਕਟ ਮਿਲਣ ਤੋਂ ਬਾਅਦ ਦਿੱਲੀ ਵਿੱਚ ਇੱਕ ਸਿੱਖ ਪੱਤਰਕਾਰ ਨੇ ਹੰਸ ਰਾਜ ਹੰਸ ਨੂੰ ਪੁੱਛ ਲਿਆ ਕਿ ਕੀ ਉਹ ਭਾਰਤ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਸਦ ਵਿੱਚ ਕੋਈ ਅਵਾਜ਼ ਉਠਾਵੇਗਾ? ਤਾਂ ਹੰਸ ਰਾਜ ਹੰਸ ਦਾ ਉੱਤਰ ਦਿੱਤਾ ਸੀ ਕਿ ਮੈਂ ਕਿਸੇ ਇੱਕ ਧਰਮ ਨਾਲ ਬੱਝਾ ਹੋਇਆ ਨਹੀਂ ਹਾਂ। ਇਸਦਾ ਕੀ ਭਾਵ ਹੈ? ਸਪਸ਼ਟ ਹੈ ਕਿ ਉਹ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੋਈ ਅਵਾਜ਼ ਨਹੀਂ ਉਠਾਵੇਗਾ। ਇਸ ਇੱਕ ਜੁਆਬ ਨਾਲ ਹੀ ਹੰਸ ਰਾਜ ਹੰਸ ਦਾ ਕਿਰਦਾਰ ਵੀ ਸਾਹਮਣੇ ਆ ਗਿਆ ਅਤੇ ਪੰਜਾਬੀਅਤ ਦੇ ਹੋਕੇ ਮਾਰ ਰਹੇ ਲੋਕਾਂ ਦਾ ਵੀ। ਇਸ ਜੁਆਬ ਨੇ ਸਾਡੀ ਸੋਚ ਨੂੰ ਹੋਰ ਵੀ ਪੱਕਾ ਕੀਤਾ ਕਿ ਪੰਜਾਬੀਅਤ ਅਸਲ ਵਿੱਚ ਸਿੱਖੀ ਦੇ ਪੰਥਕ ਜਜਬੇ ਨੂੰ ਖ਼ਤਮ ਕਰਨ ਲਈ ਉਸਾਰਿਆ ਗਿਆ ਸ਼ਰੀਕ ਕਿਸਮ ਦਾ ਬੇਸਿਰ ਪੈਰਾ ਸੰਕਲਪ ਹੈ ਜਿਸਦਾ ਸਿੱਖ ਮਾਨਸਿਕਤਾ ਨੇ ਗੰਭੀਰ ਤੌਰ ਤੇ ਕੋਈ ਅਸਰ ਨਹੀਂ ਕਬੂਲਿਆ। ਇਹ ਵਰਤਾਰਾ ਸਿਰਫ ਪੰਜਾਬੀ ਅਖ਼ਬਾਰਾਂ ਜਾਂ ਹੋਰ ਭਾਰਤੀ ਮੀਡੀਆ ਤੱਕ ਸੀਮਤ ਨਹੀਂ ਹੈ ਬਲਕਿ ਇਸ ਵਰਤਾਰੇ ਦੀਆਂ ਪੈੜਾਂ ਕੌਮਾਂਤਰੀ ਮੀਡੀਆ ਤੱਕ ਵੀ ਜਾਂਦੀਆਂ ਹਨ। ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਵਸਦੇ ਸਿੱਖਾਂ ਦੇ ਖਿਲਾਫ ਕੁਝ ਹਿੰਸਕ ਕਾਰਵਾਈਆਂ ਕਸ਼ਮੀਰ ਵਿੱਚ ਹੋਈਆਂ। ਸਿੱਖ ਲੀਡਰਾਂ ਨੇ ਇਸ ਖਿਲਾਫ ਕਾਫੀ ਉਚੀ ਅਵਾਜ਼ ਬੁਲੰਦ ਕੀਤੀ। ਸਾਰੇ ਮੀਡੀਆ ਨੇ ਇਸ ਘਟਨਾ ਦੀ ਕਵਰੇਜ਼ ਕੀਤੀ। ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਇੱਕੋ ਸਮੇਂ ਛਪਣ ਵਾਲੇ ਹਫਤਾਵਾਰੀ ਮੈਗਜ਼ੀਨ ‘ਦਾ ਇਕਾਨੌਮਿਸਟ’ ਦੇ ਦਿੱਲੀ ਸਥਿਤ ਬਿਊਰੋ ਚੀਫ ਨੇ ਵਿਸ਼ੇਸ਼ ਤੌਰ ਤੇ ਕਸ਼ਮੀਰ ਜਾਕੇ ਇਸਦੀ ਰਿਪੋਰਟਿੰਗ ਕੀਤੀ। ਉਸਦੇ ਲੇਖ ਥੱਲੇ ਬਹੁਤ ਸਾਰੇ ਪਾਠਕਾਂ ਨੇ ਆਪਣੇ ਵਿਚਾਰ ਦਿੱਤੇ ਹੋਏ ਸਨ। ਜਿਨ੍ਹਾਂ ਵਿੱਚ ਬਹੁਤੇ ਸਰਕਾਰੀ ਸਾਜਿਸ਼ ਵੱਲ ਸੰਕੇਤ ਕਰਦੇ ਸਨ। ਅਸੀਂ ਉਹ ਵਿਚਾਰ ਧਿਆਨ ਨਾਲ ਪੜ੍ਹੇ। ਕਾਫੀ ਵਿਚਾਰ ਤਾਂ ਫੌਰੀ ਸਮੱਸਿਆ ਬਾਰੇ ਪ੍ਰਤੀਕਰਮ ਸਨ ਪਰ ਕਿਸੇ ਸਿੱਖ ਨੇ ਕਿਸੇ ਗੋਰੇ ਦੇ ਨਾਂਅ ਦੀ ਇੰਟਰਨੈਟ ਆਈਡੀ ਬਣਾਕੇ ਸਿੱਖਾਂ ਅਤੇ ਹਿੰਦੂਆਂ ਦੇ ਰਿਸ਼ਤੇ ਦੇ ਫਰਕ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ ਹੋਇਆ ਸੀ ਅਤੇ ਸਿੱਖੀ ਦੀ ਵੱਖਰੀ ਪਹਿਚਾਣ ਬਾਰੇ ਕਾਫੀ ਖੋਲ੍ਹਕੇ ਲਿਖਿਆ ਹੋਇਆ ਸੀ। ਅਜਿਹੇ ਹੋਰ ਵੀ ਬਹੁਤ ਸਾਰੇ ਮੌਕੇ ਜੀਵਨ ਦੀ ਤੌਰ ਦੌਰਾਨ ਮਿਲਦੇ ਰਹਿੰਦੇ ਹਨ ਜਦੋਂ ਸਿੱਖ ਕੌਮ ਆਪਣੇ ਕੌਮੀ ਜਜਬੇ ਦਾ ਸੁਚੇਤ ਤੌਰ ਤੇ ਪ੍ਰਗਟਾਵਾ ਕਰਦੀ ਰਹਿੰਦੀ ਹੈ।

ਆਪਾਂ ਸਾਰੇ ਜੋ ਕੌਮ ਦੇ ਮਾਨਸਿਕ ਧਰਾਤਲ ਦਾ ਥਾਹ ਪਾਉਣ ਲਈ ਯਤਨਸ਼ੀਲ ਹਾਂ, ਸਾਨੂੰ ਇਹ ਗੱਲ ਮੰਨਕੇ ਚੱਲਣਾ ਚਾਹੀਦਾ ਹੈ ਕਿ ਕੌਮ ਨੇ ਆਪਣੇ ਪ੍ਰਤੀਕਰਮਾਂ ਦੇ ਅੰਦਾਜ਼ ਬਦਲੇ ਹਨ ਆਪਣੀ ਸੋਚ ਨਹੀਂ ਬਦਲੀ। ਜਦੋਂ ਕੌਮ ਦੇ ਹਿੱਸੇ ਆਪਣੇ ਸੁਰੱਖਿਅਤ ਘੇਰੇ ਵਿੱਚ ਬੈਠਦੇ ਹਨ ਉਸ ਵੇਲੇ ਉਨ੍ਹਾਂ ਦੇ ਜਜਬਾਤ ਨੂੰ ਬੁਝਣ ਦਾ ਸਹੀ ਵੇਲਾ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਵਿਰੋਧੀ ਧਿਰ ਦਾ ਕੋਈ ਬੰਦਾ ਉਨ੍ਹਾਂ ਦੇ ਘੇਰੇ ਵਿੱਚ ਘੁਸਪੈਠ ਕਰਨ ਦੇ ਕਾਬਲ ਨਹੀਂ ਹੈ ਤਾਂ ਉਹ ਆਪਣੇ ਦਿਲ ਦੀ ਗੱਲ ਕਰਦੇ ਹਨ। ਗੁਰਦੁਆਰੇ ਅਤੇ ਇੰਟਰਨੈਟ ਦਾ ਸਮਾਜਕ ਮੀਡੀਆ ਸਿੱਖਾਂ ਲਈ ਆਪਣੇ ਵਿਚਾਰ ਪ੍ਰਗਟਾਵੇ ਦਾ ਸੁਰੱਖਿਅਤ ਮੰਚ ਹਨ। ਇਸੇ ਲਈ ਸਮੇਂ ਦੀਆਂ ਸਰਕਾਰਾਂ ਗੁਰਦੁਆਰਿਆਂ ਉਤੇ ਵੀ ਆਪਣੇ ਬੰਦਿਆਂ ਦੇ ਕਬਜ਼ੇ ਕਰਵਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ। ਸ਼੍ਰੋਮਣੀ ਕਮੇਟੀ ਤਂ ਲੈ ਕੇ ਅਮਰੀਕਾ, ਇੰਗਲਂਡ ਅਤੇ ਕੈਨੇਡਾ ਦੇ ਗੁਰੂਘਰਾਂ ਉਤੇ ਆਪਣੇ ਬੰਦਿਆਂ ਦੇ ਕਬਜੇ ਕਰਵਾਉਣ ਲਈ ਭਾਰਤੀ ਸਫਾਰਤਖਾਨਿਆ ਵਿੱਚ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਜੇਮਜ਼ ਸੀ ਸਕਾਟ ਨੇ ਵੀ ਲਿਖਿਆ ਹੈ ਕਿ ਨਾਜ਼ੀ ਫੌਜਾਂ ਵੀ ਪੱਬਾਂ ਅਤੇ ਕਲੱਬਾਂ ਵਿੱਚ ਆਮ ਲੋਕਾਂ ਦੇ ਦਾਖਲੇ ਨੂੰ ਰੋਕਣ ਜਾਂ ਉਥੇ ਆਪਣੀ ਕਿਸਮ ਦੀ ਵਿਚਾਰ ਚਰਚਾ ਕਰਵਾਉਣ ਲਈ ਯਤਨਸ਼ੀਲ ਰਹਿੰਦੀਆਂ ਸਨ। ਯੂਰਪ ਵਿੱਚ ਪੱਬ ਅਤੇ ਕਲੱਬ ਹੀ ਸਮਾਜੀ ਮਿਲਵਰਤਣ ਦੀ ਇੱਕ ਸਰੁੱਖਿਅਤ ਪਨਾਹ ਸਨ ਜਿੱਥੇ ਉਹ ਆਪਣੇ ਵਲਵਲੇ ਖੱਲੁ ਕੇ ਪ੍ਰਗਟ ਕਰ ਸਕਦੇ ਸਨ। ਇਸ ਲਈ ਸਿੱਖ ਕੌਮ ਦੀ ਮਾਨਸਿਕ ਹਾਲਤ ਦਾ ਥਾਹ ਪਾਉਣ ਲਈ ਇਨ੍ਹਾਂ HIDDEN SCRIPTS ਨੂੰ ਪੜਨ੍ਹ ਦੀ ਲੋੜ ਹੈ।

-ਅਵਤਾਰ ਸਿੰਘ

ਪ੍ਰੋ. ਭੁੱਲਰ ਨੂੰ ਫਾਂਸੀ ਦਾ ਫੈਸਲਾ ਸਿੱਖਾਂ ਨੂੰ ਵੰਗਾਰ

26 ਮਈ 2011 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਫਾਂਸੀ ਦੇ ਫੇਸਲੇ ਖਿਲਾਫ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਪ੍ਰੋ. ਭੁੱਲਰ ਪਹਿਲਾਂ ਦੀ 16 ਸਾਲ ਤੋਂ ਵੱਧ ਦੀ ਕੈਦ ਕੱਟ ਚੁੱਕੇ ਹਨ ਅਤੇ ਹੁਸ ਫਾਸੀ ਦੀ ਸਜ਼ਾ ਉਹਨਾਂ ਨੂੰ ਦੋਹਰੀ ਸਜ਼ਾ ਦੇ ਤੌਰ 'ਤੇ ਦਿੱਤੀ ਜਾ ਰਹੀ ਹੈ। 16 ਸਾਲ ਤੋਂ ਵੱਧ ਦਾ ਸਮਾਂ ਕੱਟੇ ਜਾਣ ਦਾ ਆਧਾਰ ਬਣਾ ਕੇ ਹੀ ਸੁਪਰੀਮ ਕੋਰਟ ਦੇ ਵਕੀਲ ਕੇ.ਟੀ.ਐੱਸ. ਤੁਲਸੀ ਵਲੋਂ ਪਿਛਲੇ ਦਿਨੀਂ ਸੁਪਰੀਮ ਕੋਰਟ ਵਿਚ ਰਿੱਟ ਦਾਖਲ ਕੀਤੀ ਸੀ ਜਿਸ ਉਪਰ ਸੁਪਰੀਮ ਕੋਰਟ ਨੇ ਕਾਰਵਾਰੀ ਕਰਦਿਆਂ ਦਿੱਲੀ ਸਰਕਾਰ ਨੂੰ ਛੇ ਹਫਤਿਆਂ ਦਾ ਨੋਟਿਸ ਕੀਤਾ ਸੀ ਕਿ ਪ੍ਰੋ. ਭੁੱਲਰ ਨੂੰ ਇਤਨਾ ਲੰਮਾ ਸਮਾਂ ਜੇਲ੍ਹ ਵਿਚ ਕਿਉਂ ਰੱਖਿਆ ਗਿਆ ਹੈ। ਇਸ ਨੂੰ ਦੇਖਦਿਆਂ ਹੀ ਭਾਰਤ ਸਰਕਾਰ ਨੇ ਰਾਸ਼ਟਰਪਤੀ ਕੋਲ ਪਾਈ ਪਟੀਸ਼ਨ ਨੂੰ ਖਾਰਜ਼ ਕਰਨ ਦਾ ਫੈਸਲਾ ਲਿਆ ਹੈ। ਕਦੀ ਕਿਸੇ ਸਿੱਖ ਨੇ ਇਸ ਪਾਸੇ ਵਲ ਸੋਚਣ ਲਈ ਆਪਣੇ ਦਿਮਾਗ ਦੀ ਵਰਤੋਂ ਕਰਨ ਦਾ ਯਤਨ ਕੀਤਾ ਹੈ ਕਿ ਕੀ ਗੱਲ ਹੈ ਕਿ ਪੰਜਾਬ ਦੇ ਗੁਰੂ ਨਾਨਕ ਇੰਜੀਨੀਅਰ ਕਾਲਜ਼ ਲੁਧਿਆਣੇ ਦੇ ਹੋਣਹਾਰ ਵਿਦਿਆਰਥੀ ਤੇ ਪ੍ਰੋਫੈਸਰ ਨੂੰ ਲੰਬੇ ਸਮੇਂ ਤੋਂ ਤਿਹਾੜ ਜੇਲ੍ਹ ਵਿਚ ਡੱਕਿਆ ਹੋਇਆ ਹੈ ਅਤੇ ਉਸ ਨੂੰ ਹੁਣ ਫਾਂਸੀ ਲਗਾਈ ਜਾ ਰਹੀ ਹੈ।ਉਸਦਾ ਕਸੂਰ ਕੀ ਹੈ? ਕੀ ਉਸਦਾ ਕਸੂਰ ਇਹ ਹੈ ਕਿ ਉਹ ਸਿੱਖ ਹੈ ਅਤੇ ਸਿੱਖ ਵੀ ਉਹ ਜੋ ਆਪਣੇ ਗੁਰੁ ਦਰਸਾਏ ਮਾਰਗ ‘ਤੇ ਚਲਦਿਆਂ ਭਾਰਤੀ ਦਮਨਕਾਰੀ ਨੀਤੀ ਦੇ ਵਿਰੁੱਧ ਆਵਾਜ਼ ਬੁਲੰਦ ਕਰਦੈ ? ਜਾਂ ਇਹ ਕਿ ਉਹ ਆਪਣੇ ਪਿਓ, ਮਾਸੜ ਤੇ ਦੋਸਤ ਨੂੰ ਪੁਲਿਸ ਵਲੋਂ ਖਪਾ ਦੇਣ ਦੇ ਵਿਰੁੱਧ ਬੋਲਦੈ ? ਜਾਂ ਉਹ ਅਜੇ ਵੀ ਸਮੱਰਥਾ ਰੱਖਦਾ ਹੈ ਭਾਰਤੀ ਹਕੂਮਤ ਦੇ ਜੁੱਤੀ-ਚੱਟ ‘ਕਾਲੀ ਲੀਡਰਾਂ ਦਾ ਬਦਲ ਬਣਨ ਦੀ ?

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਨਵਰੀ 1995 ਵਿਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰਬਰ LH-760 ਰਾਹੀਂ ਭਾਰਤ ਵਾਪਸ ਭੇਜ ਦਿੱਤਾ ਸੀ ਅਤੇ 19 ਜਨਵਰੀ 1995 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐੱਫ. ਆਈ. ਆਰ ਨੰਬਰ 22 ਅਧੀਨ ਧਾਰਾ 419, 420, 468,ਤੇ 471 ਆਈ.ਪੀ.ਸੀ ਤੇ 12 ਪਾਸਪੋਰਟ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿਚ ਆਪਣੀ ਮੌਜੂਦਗੀ ਦੱਸੀ ਜਿਸ ਵਿਚ 11 ਸਤੰਬਰ 1993 ਨੂੰ ਮਨਿੰਦਰਜੀਤ ਬਿੱਟੇ ‘ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇਕ ਏ.ਸੀ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਤੇ ਕੇਸ ਵਿਚ ਫਸਾ ਦਿੱਤਾ ਗਿਆ ਜਿਸਦੇ ਫੈਸਲੇ ਵਜੋਂ 25 ਅਗਸਤ 2001 ਨੂੰ ਦਿੱਲੀ ਦੀ ਟਾਡਾ ਕੋਰਟ ਵਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸਨੂੰ ਸੁਪਰੀਮ ਕੋਰਟ ਨੇ 2:1 ਦੇ ਬਹੁਮਤ ਨਾਲ 22 ਮਾਰਚ 2002 ਨੂੰ ਸਹੀ ਕਰਾਰ ਦਿੱਤਾ ਅਤੇ 19 ਦਸੰਬਰ 2002 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਜੀ ਦੀ ਫਾਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਗਈ ਅਤੇ ਅੰਤ 26 ਮਈ 2011 ਨੂੰ ਭਾਰਤ ਦੀ ਰਾਸ਼ਰਟਪਤੀ ਪ੍ਰਤਿਭਾ ਪਾਟਲ ਨੇ ਇਹ ਅਪੀਲ ਖਾਰਜ਼ ਕਰਨ ਦਾ ਫੈਸਲਾ ਦਿੱਤਾ।

ਮੈਂ ਇਸ ਫੈਸਲੇ ਦੇ ਪੱਖਾਂ ਨੂੰ ਆਮ ਜਨਤਾ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ ਜੇ ਸਮਝੋ ਕਿ ਪ੍ਰੋ. ਸਾਹਿਬ ਨੂੰ ਫਾਂਸੀ ਜਾਇਜ਼ ਹੈ ਤਾਂ ਉਸਨੂੰ ਜਲਦੀ ਫਾਂਸੀ ਲਗਾਉਂਣ ਲਈ ਦੁਹਾਈ ਪਾਓ ਪਰ ਜੇ ਸਮਝੋ ਕਿ ਫਾਂਸੀ ਦਾ ਹੁਕਮ ਗਲਤ ਹੈ ਤਾਂ ਇਸ ਦੇ ਖਿਲਾਫ ਉੱਠ ਖਲੋਵੋ ਤੇ ਭਾਰਤੀ ਤੰਤਰ ਨੂੰ ਇਸ ਸਿਅਸੀ ਕਤਲ ਨੂੰ ਕਰਨ ਤੋਂ ਰੋਕੋ।

ਸਭ ਤੋਂ ਪਹਿਲੀ ਗੱਲ ਕਿ ਫਾਂਸੀ ਉਸ ਕੇਸ ਵਿਚ ਦਿੱਤੀ ਜਾਂਦੀ ਹੈ ਜੋ ਬਹੁਤ ਹੀ ਦੁਰਲਭ ਤੇ ਵੱਖਰਾ ਹੋਵੇ ਜਿਸਨੂੰ ਅੰਗਰੇਜ਼ੀ ਵਿਚ rarest of the rare case ਕਿਹਾ ਜਾਂਦਾ ਹੈ ਪਰ ਇਸ ਕੇਸ ਵਿਚ ਕੁਝ ਵੀ ਦੁਰਲਭ ਨਹੀਂ ਸੀ।ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਦੇ ਬੈਂਚ ਵਿਚੋਂ ਐੱਮ.ਬੀ. ਸ਼ਾਹ ਨੇ ਪ੍ਰੋ. ਸਾਹਿਬ ਨੂੰ ਬਾ-ਇੱਜ਼ਤ ਬਰੀ ਕਰਨ ਦਾ ਫੈਸਲਾ ਦਿੱਤਾ ਪਰ ਦੋ ਜੱਜਾਂ ਬੀ.ਐੱਨ.ਅਗਰਵਾਲ ਤੇ ਅਰੀਜ਼ੀਤ ਪਸ਼ਾਇਤ ਨੇ ਫਾਂਸੀ ਦੇ ਹੁਕਮ ਨੂੰ ਸਹੀ ਠਹਿਰਾਇਆ। ਜੇ ਕਿਸੇ ਕੇਸ ਬਾਰੇ ਨਿਆਂ ਦੇ ਧੁਰੇ ਉੱਤੇ ਬੈਠੇ ਤਿੰਨ ਜੱਜ ਹੀ ਇਕਮਤ ਨਹੀਂ ਤਾਂ ਉਸ ਕੇਸ ਨੂੰ ਦੁਰਲਭ ਕਿਵੇ ਕਿਹਾ ਜਾ ਸਕਦਾ ਹੈ।ਇਹ ਕੇਸ ਪ੍ਰੋ. ਸਾਹਿਬ ਦੇ ਇਲਾਵਾ ਅਮਰੀਕਾ ਤੋਂ ਹਵਾਲਗੀ ਸੰਧੀ ਅਧੀਨ ਲਿਆਂਦੇ ਇਕ ਹੋਰ ਖਾੜਕੂ ਭਾਈ ਦਇਆ ਸਿੰਘ ਲਹੌਰੀਆ ‘ਤੇ ਵੀ ਪਾਇਆ ਗਿਆ ਸੀ ਪਰ ਉਸਨੂੰ ਟਾਡਾ ਕੋਰਟ ਨੇ ਹੀ ਬਰੀ ਕਰ ਦਿੱਤਾ ਸੀ।ਕੀ ਜਿਸ ਕੇਸ ਵਿਚ ਸਹਿ-ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੋਵੇ ਤਾਂ ਉਹ ਦੁਰਲਭ ਕਿਵੇ ਹੋ ਗਿਆ?ਭਾਰਤੀ ਢੰਡਾਵਾਲੀ ਸੰਹਿਤਾ (I.P.C) ਦੀ ਧਾਰਾ 120-A ਵਿਚ 120-B ਫੌਜ਼ਦਾਰੀ ਸਾਜ਼ਿਸ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਸ ਅਧੀਨ ਦਰਜ਼ ਹੈ ਕਿ ਫੌਜ਼ਦਾਰੀ ਸਾਜ਼ਿਸ ਲਈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਸ਼ਾਮਲ ਹੋਣਾ ਜਰੂਰੀ ਹੈ ਤਾਂ ਦੱਸੋ ਫਿਰ ਪ੍ਰੋ. ਸਾਹਿਬ ਨੂੰ ਇਕੱਲੇ ਨੂੰ 120-B ਵਿਚ ਕਿਵੇ ਸ਼ਾਮਲ ਕਰ ਦਿੱਤਾ ਗਿਆ ਤੇ ਇਹ ਕੇਸ ਦੁਰਲਭ ਕਿਵੇ ਹੋ ਗਿਆ?

ਇਹ ਸਾਰਾ ਕੇਸ ਪ੍ਰੋ. ਸਾਹਿਬ ਵਲੋਂ ਦਿੱਤੇ ਗਏ ਕਥਿਤ ਇਕਬਾਲੀਆ ਬਿਆਨ (confessional statement) ਉੱਤੇ ਹੀ ਖੜ੍ਹਾ ਹੈ ਜਿਸਨੂੰ ਤਸਦੀਕ ਕਰਨ ਵਾਲਾ ਕੋਈ ਵੀ ਗਵਾਹ ਜਾਂ ਸਬੂਤ ਸਰਕਾਰ ਖੜ੍ਹਾ ਨਹੀਂ ਕਰ ਪਾਈ ਅਤੇ ਇਸ ਕਾਰਨ ਹੀ ਭਾਈ ਦਇਆ ਸਿੰਘ ਲਹੌਰੀਆ ਤੇ ਹਰਨੇਕ ਸਿੰਘ ਭੱਪ ਨੂੰ ਬਰੀ ਕਰ ਦਿੱਤਾ ਗਿਆ ਸੀ ਕਿ ਭਾਵੇਂ ਪ੍ਰੋ. ਸ਼ਾਹਿਬ ਦੇ ਇਸ ਕਥਿਤ ਇਕਬਾਲੀਆ ਬਿਆਨ ਵਿਚ ਲਹੌਰੀਆ ਤੇ ਭੱਪ ਦਾ ਨਾਮ ਵੀ ਦਰਸਾਇਆ ਗਿਆ ਪਰ ਉਸ ਨੂੰ ਤਸਦੀਕ ਕਰਦੇ ਕਿਸੇ ਵੀ ਗਵਾਹ ਜਾਂ ਸਬੂਤ ਅਤੇ ਲਹੌਰੀਆ ਤੇ ਭੱਪ ਦੇ ਕਿਸੇ ਇਕਬਾਲੀਆ ਬਿਆਨ ਦੀ ਅਣਹੋਂਦ ਹੀ ਦੋਹਾਂ ਦੀ ਮੁਕਤੀ ਦਾ ਕਾਰਨ ਬਣਿਆ।

ਆਓ ਹੁਣ ਇਸ ਕਥਿਤ ਇਕਬਾਲੀਆ ਬਿਆਨ ਤੇ ਉਸਦੇ ਮੰਨਣਯੋਗ ਜਾਂ ਨਾ-ਮੰਨਣਯੋਗ ਹੋਣ ਬਾਰੇ ਚਰਚਾ ਕਰੀਏ। ਸਭ ਤੋਂ ਪਹਿਲੀ ਤੇ ਵੱਡੀ ਗੱਲ ਕਿ ਆਮ ਭਾਰਤੀ ਕਾਨੂੰਨ ਅਧੀਨ ਪੁਲਿਸ ਕੋਲ ਕੀਤਾ ਕਿਸੇ ਵੀ ਤਰ੍ਹਾਂ ਦਾ ਇਕਬਾਲੀਆ ਬਿਆਨ ਅਦਾਲਤ ਵਿਚ ਮੰਨਣਯੋਗ ਨਹੀਂ ਹੈ ਪਰ ਭਾਰਤੀ ਰਾਜ ਵਲੋਂ ਬਣਾਏ ਗਏ ਟਾਡਾ ਐਕਟ ਦੀ ਧਾਰਾ 15 ਅਧੀਨ ਜੇ ਕੋਈ ਦੋਸ਼ੀ ਸਵੈ-ਇੱਛਾ ਨਾਲ ਐੱਸ.ਪੀ. ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਸਾਹਮਣੇ ਇਕਬਾਲੀਆ ਬਿਆਨ ਦਿੰਦਾ ਹੈ ਤਾਂ ਉਸ ਬਿਆਨ ਨੂੰ ਉਸ ਦੋਸ਼ੀ ਤੇ ਉਸਦੇ ਸਹਿ-ਦੋਸ਼ੀ ਦੇ ਖਿਲਾਫ ਵਰਤਿਆ ਜਾ ਸਕਦਾ ਹੈ ਬਸ਼ਰਤੇ ਕਿ ਉਸ ਇਕਬਾਲੀਆ ਬਿਆਨ ਨੂੰ ਤਸਦੀਕ ਕਰਦੇ ਗਵਾਹ ਜਾਂ ਸਬੂਤ ਪੁਲਿਸ ਪੇਸ਼ ਕਰੇ। ਪਰ ਇਸ ਕੇਸ ਵਿਚ ਪੁਲਿਸ ਇਸ ਕਥਿਤ ਇਕਬਾਲੀਆ ਨੂੰ ਤਸਦੀਕ ਕਰਦਾ ਕੋਈ ਵੀ ਗਵਾਹ ਜਾਂ ਸਬੂਤ ਖੜ੍ਹਾ ਨਾ ਕਰ ਸਕੀ।ਦੂਜੀ ਗੱਲ ਇਹ ਕਿ ਇਹ ਬਿਆਨ ਵੀ ਕਾਨੂੰਨ ਅਨੁਸਾਰ ਨਹੀਂ ਲਿਆ ਗਿਆ, ਇਸ ਨੂੰ ਇਕ ਕੰਪਿਊਟਰ ਵਿਚ ਟਾਈਪ ਕੀਤਾ ਗਿਆ ਪਰ ਟਾਡਾ ਐਕਟ ਦੀ ਧਾਰਾ 15 ਮੁਤਾਬਕ ਜੇ ਕਿਸੇ ਮਕੈਨੀਕਲ ਤਰੀਕੇ ਨਾਲ ਇਕਬਾਲੀਆ ਬਿਆਨ ਲਿਆ ਜਾਵੇ ਤਾਂ ਇਸਨੂੰ ਦੁਬਾਰਾ ਉਸੇ ਤਰ੍ਹਾਂ ਦਰਸਾਇਆ ਜਾ ਸਕੇ ਪਰ ਇਸ ਬਿਆਨ ਨੂੰ ਨਾ ਤਾਂ ਉਸ ਕੰਪਿਊਟਰ ਵਿਚ ਹੀ ਰਹਿਣ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਨਕਲ ਕਿਸੇ ਫਲਾਪੀ ਵਿਚ ਪਾਈ ਗਈ।ਜਸਟਿਸ ਐੱਮ.ਬੀ ਸ਼ਾਹ ਮੁਤਾਬਕ ਟਾਡਾ ਐਕਟ ਦੇ ਨਿਯਮ 15(3)(b) ਅਧੀਨ ਇਹ ਜਰੂਰੀ ਹੈ ਕਿ ਜੋ ਵੀ ਪੁਲਿਸ ਅਫਸਰ ਇਕਬਾਲੀਆ ਬਿਆਨ ਰਿਕਾਰਡ ਕਰੇਗਾ ਤਾਂ ਉਸ ਦੁਆਰਾ ਇਕਬਾਲੀਆ ਬਿਆਨ ਦੇ ਥੱਲੇ ਇਹ ਸਰਟੀਫਿਕੇਟ ਦੇਣਾ ਹੁੰਦਾ ਹੈ ਕਿ ਉਸ ਦੇ ਆਪਣੇ ਹੱਥਾਂ ਰਾਹੀਂ (under his own hand) ਮਤਲਬ ਕਿ ਇਹ ਬਿਆਨ ਉਸਦੀ ਹਾਜ਼ਰੀ ਵਿਚ ਲਿਆ ਗਿਆ ਹੈ ਅਤੇ ਉਸ ਵਲੋਂ ਰਿਕਾਰਡ ਕੀਤਾ ਗਿਆ ਹੈ ਪਰ ਪ੍ਰੋ. ਸ਼ਾਹਿਬ ਦੇ ਇਸ ਕਥਿਤ ਇਕਬਾਲੀਆ ਬਿਆਨ ਥੱਲੇ ਡੀ.ਸੀ.ਪੀ ਨੇ ਇਹ ਸਰਟੀਫਿਕੇਟ ਆਪ ਨਹੀਂ ਲਿਖਿਆ ਸਗੋਂ ਕੰਪਿਊਟਰ ਟਾਈਪਿੰਗ ਰਾਹੀਂ ਲਿਖਿਆ ਗਿਆ ਸੀ। ਪ੍ਰੋ. ਸਾਹਿਬ ਦੇ ਖਿਲਾਫ ਫੈਸਲਾ ਦੇਣ ਵਾਲੇ ਜੱਜਾਂ ਨੇ ਵੀ ਇਸ ਘਾਟ ਨੂੰ ਮੰਨਿਆ ਹੈ ਪਰ ਉਹਨਾਂ ਦੇ ਹਿਸਾਬ ਨਾਲ ਇਹ ਘਾਟ ਕੋਈ ਅਹਿਮੀਅਤ ਨਹੀ ਰੱਖਦੀ।

ਜਸਟਿਸ ਸ਼ਾਹ ਨੇ ਇਕ ਗੱਲ ਬੜੇ ਪਤੇ ਦੀ ਗੱਲ ਕਹੀ ਕਿ ਇਕ ਵਿਅਕਤੀ ਜਿਸਨੂੰ 19 ਜਨਵਰੀ 1995 ਨੂੰ ਜਾਅਲੀ ਪਾਸਪੋਰਟ ਉੱਤੇ ਸਫਰ ਕਰਦਿਆ ਫੜਿਆ ਗਿਆ ਹੋਵੇ ਤਾਂ ਦੱਸੋ ਭਲਾ ਉਸਨੂੰ ਕੀ ਲੋੜ ਪੈ ਗਈ ਕਿ ਉਹ ਆਪ ਹੀ 19 ਜਨਵਰੀ ਨੂੰ ਹੀ ਕਤਲਾਂ ਦੇ ਕੇਸਾਂ ਦਾ ਇਕਬਾਲ ਕਰਦਾ ਫਿਰੇ।

ਇਕ ਹੋਰ ਗੱਲ ਜੋ ਬੜੀ ਅਹਿਮ ਹੈ ਕਿ 22 ਜਨਵਰੀ 1995 ਨੂੰ ਦਰਸਾਇਆ ਗਿਆ ਕਿ ਪ੍ਰੋ. ਸਾਹਿਬ ਇਕਬਾਲੀਆ ਬਿਆਨ ਦੇਣਾ ਚਾਹੁੰਦੇ ਹਨ ਤੇ 23 ਜਨਵਰੀ ਨੂੰ ਇਕਬਾਲੀਆ ਬਿਆਨ ਦਰਜ਼ ਕੀਤਾ ਗਿਆ ਤੇ 24 ਜਨਵਰੀ ਨੂੰ ਕੋਰਟ ਵਿਚ ਪ੍ਰੋ. ਸਾਹਿਬ ਨੂੰ ਪੇਸ਼ ਕੀਤਾ ਗਿਆ ਪਰ ਉਹ ਕਥਿਤ ਇਕਬਾਲੀਆ ਬਿਆਨ ਕੋਰਟ ਵਿਚ ਮੈਜਿਸਟ੍ਰੇਟ ਸਾਹਮਣੇ ਪੇਸ਼ ਨਾ ਕੀਤਾ ਗਿਆ ਇਹ ਗੱਲ ਮੈਜਿਸਟ੍ਰੇਟ ਨੇ ਵੀ ਆਪਣੀ ਗਵਾਹੀ ਸਮੇਂ ਮੰਨੀ ਅਤੇ ਇਹ ਕੰਮ ਟਾਡਾ ਐਕਟ ਦੇ ਨਿਯਮ 15(5) ਦੀ ਉਲੰਘਣਾ ਹੋਈ ਜਿਸ ਅਨੁਸਾਰ ਦੋਸ਼ੀ ਦੁਅਰਾ ਕੋਈ ਵੀ ਇਕਬਾਲੀਆ ਬਿਆਨ ਪਹਿਲਾਂ ਉਸ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕੀਤਾ ਜਾਣਾ ਹੈ ਜਿਸ ਅਧੀਨ ਆਉਂਦੇ ਇਲਾਕੇ ਵਿਚ ਇਹ ਇਕਬਾਲੀਆ ਬਿਆਨ ਦਰਜ਼ ਕੀਤਾ ਗਿਆ ਹੈ ਅਤੇ ਬਾਅਦ ਵਿਚ ਉਹ ਮੈਜਿਸਟ੍ਰੇਟ ਟਾਡਾ ਸਪੈਸ਼ਲ ਕੋਰਟ ਨੂੰ ਉਹ ਇਕਬਾਲੀਆ ਬਿਆਨ ਭੇਜੇਗਾ ਪਰ ਇਸ ਕੇਸ ਵਿਚ ਪ੍ਰੋ. ਸਾਹਿਬ ਦਾ ਕਥਿਤ ਇਕਬਾਲੀਆ ਬਿਆਨ ਸਿੱਧਾ ਹੀ ਟਾਡਾ ਸਪੈਸ਼ਲ ਕੋਰਟ ਨੂੰ ਭੇਜ ਦਿੱਤਾ ਗਿਆ।

ਏਨੀਆਂ ਜਿਆਦਾ ਕਾਨੂੰਨੀ ਊਣਤਾਈਆ ਹੋਣ ਦੇ ਬਾਵਜੂਦ ਵੀ ਪ੍ਰੋ. ਦਵਿੰਦਰਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣੀ ਕਿੱਥੋਂ ਤੱਕ ਜਾਇਜ਼ ਹੈ ?
ਪ੍ਰੋ. ਸਾਹਿਬ ਨੂੰ ਫਾਂਸੀ ਦੀ ਸਜ਼ਾ ‘ਤੇ ਸਹੀ ਪਾਉਂਣ ਵਾਲੇ ਦੋਹਾਂ ਜੱਜਾਂ ਦੀ ਮਾਨਸਿਕਤਾ ਇਸ ਗੱਲ ਤੋਂ ਸਾਫ ਝਲਕਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਇਹਨਾਂ ਮੌਤ ਦੇ ਵਪਾਰੀਆ ਦੇ ਮਨਾਂ ਵਿਚ ਮਨੁੱਖੀ ਜਿੰਦਗੀਆ ਦਾ ਕੋਈ ਸਤਿਕਾਰ ਨਹੀ ਹੁੰਦਾ ਅਤੇ ਇਹਨਾਂ ਲਈ ਮੌਤ ਦੀ ਸਜ਼ਾ ਹੀ ਢੁੱਕਵੀਂ ਸਜ਼ਾ ਹੈ ਪਰ ਕਿਉਂ ਨਹੀਂ ਅਜਿਹੇ ਜੱਜਾਂ ਨੂੰ ਘੱਟ-ਗਿਣਤੀਆਂ ਉੱਤੇ ਹੁੰਦਾ ਤਸ਼ੱਦਦ ਨਜ਼ਰ ਆਊਦਾ ਤੇ ਕਿਉਂ ਨਹੀਂ ਇਹ ਭਾਰਤ ਦੀ ਬਹੁਗਿਣਤੀ ਵਲੋਂ ਮੌਤ ਵਰਤਾਉਂਣ ਨਾਲਿਆ ਨੂੰ ਮੌਤ ਦੇ ਵਪਾਰੀ ਹੋਣ ਦਾ ਖਿਤਾਬ ਦਿੰਦੇ ਅਤੇ ਕਿਉਂ ਅਜੇ ਤੱਕ ਕਿਸੇ ਵੀ 84 ਦੇ ਸਿੱਖ ਕਤਲੇਆਮ ਜਾਂ ਗੁਜਰਾਤ 2002 ਮੁਸਲਿਮ ਕਤਲੇਆਮ ਦੇ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਗਈ।
ਭਾਰਤੀ ਹਕੂਮਤ ਵਲੋਂ ਪ੍ਰੋ. ਸਾਹਿਬ ਨੂੰ ਫਾਂਸੀ ਦੇਣ ਦਾ ਫੈਸਲਾ ਸਮੂਹ ਸਿੱਖਾਂ ਨੂੰ ਵੰਗਾਰ ਹੈ ਕਿ ਉਹ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਕੋਲ ਰੱਖ ਕੇ ਭਾਰਤ ਵਿਚ ਨਹੀਂ ਰਹਿ ਸਕਦੇ।
ਆਓ! ਦਿੱਲੀ ਦੀ ਇਸ ਵੰਗਾਰ ਦਾ ਢੁਕਵਾਂ ਜਵਾਬ ਦੇ ਕੇ ਆਪਣੇ ਗੁਰੂ ਵਰੋਸਾਈ ਪੰਜ-ਆਬ ਧਰਤੀ ਦੇ ਵਾਰਸ ਹੋਣ ਦਾ ਸਬੂਤ ਦਈਏ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ
98554-01843
jsmanjhpur@gmail.com

ਇਸਲਾਮਿਕ ਜਿਹਾਦ ਬਨਾਮ ਈਸਾਈ ਕਰੂਸੇਡਰ ਮਨੋਬਿਰਤੀ

ਇਸ ਵੇਲੇ ਸਾਡੀ ਧਰਤੀ 'ਤੇ 7 ਬਿਲੀਅਨ ਦੇ ਲਗਭਗ ਲੋਕ ਵਸਦੇ ਹਨ, ਜਿਨ੍ਹਾਂ ਵਿੱਚੋਂ ਲਗਭਗ ਅੱਧੀ ਅਬਾਦੀ ਈਸਾਈ ਤੇ ਇਸਲਾਮਿਕ ਧਰਮਾਂ ਨੂੰ ਮੰਨਣ ਵਾਲਿਆਂ ਦੀ ਹੈ। ਸੱਤ-ਅੱਠ ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ ਵਿੱਚ ਈਸਾਈਅਤ ਲਗਭਗ 2000 ਸਾਲ ਪੁਰਾਣੀ ਹੈ ਜਦੋਂ ਕਿ ਇਸਲਾਮ 1400 ਸਾਲ ਦੇ ਕਰੀਬ ਆਪਣੀ ਹੋਂਦ ਰੱਖਦਾ ਹੈ। ਇਨ੍ਹਾਂ ਦੋਹਾਂ ਪ੍ਰਮੁੱਖ ਧਰਮਾਂ ਦੇ ਬਾਨੀ ਮੱਧ ਏਸ਼ੀਆ ਵਿੱਚ ਜੰਮੇ ਅਤੇ ਦੋਹਾਂ ਧਰਮਾਂ ਨੇ ਰਾਜ ਸ਼ਕਤੀ ਦੀ ਵਰਤੋਂ ਨਾਲ ਆਪਣੇ-ਆਪਣੇ ਧਰਮਾਂ ਦਾ ਬੜੀ ਤੇਜ਼ੀ ਨਾਲ ਪ੍ਰਚਾਰ-ਪ੍ਰਸਾਰ ਕੀਤਾ। ਮੁੱਢਲੀਆਂ ਕੁਝ ਸਦੀਆਂ ਦੇ ਟਕਰਾਅ ਤੋਂ ਬਾਅਦ ਇਸਲਾਮ ਨੇ ਮੱਧ-ਏਸ਼ੀਆ ਨੂੰ ਆਪਣੀ ਜਕੜ ਵਿੱਚ ਲੈ ਲਿਆ ਜਦੋਂ ਕਿ ਇਸਾਈ ਧਰਮ, ਯੂਰੋਪੀਅਨ ਮਹਾਂਦੀਪ ਨੂੰ ਕਾਬੂ ਕਰਣ ਵਿੱਚ ਸਫਲ ਰਿਹਾ। ਮੱਧ-ਏਸ਼ੀਆ ਨੂੰ 'ਇਸਾਈ ਕਬਜ਼ੇ' ਵਿੱਚ ਲਿਆਉਣ ਲਈ ਸੰਨ1095 ਤੋਂ ਯੂਰਪ ਤੋਂ ਹਥਿਆਰਬੰਦ ਇਸਾਈ ਯੋਧਿਆਂ (ਜਿਨ੍ਹਾਂ ਦੀ ਅਗਵਾਈ ਰੋਮਨ ਕੈਥੋਲਿਕ ਸਾਮਰਾਜ ਕਰਦਾ ਸੀ) ਦੇ ਦਲ, ਮੱਧ ਏਸ਼ੀਆ ਤੇ ਲਗਾਤਾਰਤਾ ਨਾਲ ਹਮਲਾਵਰ ਰਹੇ, ਜਿਨ੍ਹਾਂ ਹਮਲਿਆਂ ਨੂੰ ਇਤਿਹਾਸ ਵਿੱਚ -ਕਰੂਸੇਡਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹੋ ਜਿਹੀਆਂ ਲਗਭਗ 9 ਕਰੂਸੇਡਜ਼ ਹੋਈਆਂ, ਜਿਨ੍ਹਾਂ ਦਾ ਸਮਾਂ-ਪਸਾਰਾ 600 ਸਾਲ ਦੇ ਲਗਭਗ (1095 ਤੋਂ ਸੋਲਵੀਂ ਸਦੀ ਤੱਕ) ਬਣਦਾ ਹੈ। ਇਨ੍ਹਾਂ ਕਰੂਸੇਡਜ਼ ਵਿੱਚੋਂ ਮੁੱਢਲੀਆਂ ਕਰੂਸੇਡਜ਼ ਕਾਮਯਾਬ ਰਹੀਆਂ ਅਤੇ ਮੱਧ ਏਸ਼ੀਆ, ਯੂਰੋਪੀਅਨ ਇਸਾਈਆਂ ਦੇ ਕਬਜ਼ੇ ਵਿੱਚ ਰਿਹਾ। ਪਰ ਫੇਰ ਮੁਸਲਮਾਨਾਂ ਨੇ ਸਲਾਦੀਨ (12ਵੀਂ ਸਦੀ ਦਾ ਯੋਧਾ) ਦੀ ਅਗਵਾਈ ਵਿੱਚ, ਇਤਿਹਾਸ ਨੂੰ ਪੁੱਠਾ ਗੇੜ ਦੇਂਦਿਆਂ, ਕਰੂਸੇਡਜ਼ ਨੂੰ ਖਦੇੜਿਆ। ਪਰ ਅਗਲੀਆਂ 5-6 ਸਦੀਆਂ ਈਸਾਈਆਂ ਤੇ ਮੁਸਲਮਾਨਾਂ ਵਿੱਚ, ਭਾਰੀ ਖੂਨ ਖਰਾਬੇ ਦੀਆਂ ਰਹੀਆਂ। ਦੋਹਾਂ ਧਰਮਾਂ ਦੇ ਪੈਰੋਕਾਰ ਇਸ ਖੂਨੀ ਇਤਿਹਾਸ ਦੀ ਮਨੋਬਿਰਤੀ ਨਾਲ 18ਵੀਂ ਸਦੀ ਵਿੱਚ ਦਾਖਲ ਹੋਏ।

18ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਆਈ, ਜਿਸ ਦਾ ਮੋਢੀ ਦੇਸ਼ ਇੰਗਲੈਂਡ ਅਤੇ ਫਿਰ ਯੂਰਪੀਅਨ ਮਹਾਂਦੀਪ ਬਣਿਆ। ਇਸ ਕ੍ਰਾਂਤੀ ਦਾ ਮਤਲਬ ਸੀ - ਖੇਤੀਬਾੜੀ, ਫੈਕਟਰੀਆਂ (ਉਦਯੋਗੀਕਰਨ), ਮਾਈਨਿੰਗ, ਟਰਾਂਸਪੋਰਟੇਸ਼ਨ ਅਤੇ ਤਕਨੀਕੀ ਗਿਆਨ (ਟੈਕਨਾਲੌਜੀ) ਦਾ ਭਾਰੀ ਵਿਕਾਸ। ਇਸ ਕ੍ਰਾਂਤੀ ਵਿੱਚ, ਇਸਲਾਮਿਕ ਜਗਤ ਪੱਛੜ ਗਿਆ ਅਤੇ ਇਸ ਤਰ੍ਹਾਂ ਵਿਗਿਆਨ ਦੇ ਸਹਾਰੇ, ਯੂਰਪ ਨੇ ਕੁਲ ਦੁਨੀਆ ਤੇ ਆਪਣੀ ਸਰਦਾਰੀ ਕਾਇਮ ਕਰ ਲਈ। 19ਵੀਂ ਸਦੀ ਦੇ ਅਖੀਰ ਵਿੱਚ, ਜਦੋਂ ਧਰਤੀ ਹੇਠਲੇ 'ਤੇਲ' ਦੀ, ਤਵਾਨਾਈ (ਐਨਰਜੀ) ਵਜੋਂ ਖੋਜ ਹੋਈ ਤਾਂ ਫਿਰ ਇਸਲਾਮਿਕ ਦੇਸ਼ਾਂ ਦੀ ਅਹਿਮੀਅਤ ਵਧਣ ਲੱਗੀ। ਅੱਜ ਹਕੀਕਤ ਇਹ ਹੈ ਕਿ ਦੁਨੀਆ ਭਰ ਵਿੱਚ ਮੌਜੂਦ ਤਵਾਨਾਈ ਦੇ ਸਾਧਨਾਂ ਵਿੱਚੋਂ 75ਫੀ ਸਦੀ ਦੇ ਮਾਲਕ ਮੁਸਲਮਾਨ ਦੇਸ਼ ਹਨ। 20ਵੀਂ ਸਦੀ ਦੇ ਟਕਰਾਅ ਵਿੱਚ, ਭਾਵੇਂ ਮਨੋਬਿਰਤੀਆਂ 11ਵੀਂ ਸਦੀ ਵਾਲੀਆਂ ਹੀ ਹਨ ਪਰ ਮੁੱਖ ਝਗੜਾ ਤਵਾਨਾਈ ਸਾਧਨਾਂ ਦਾ ਹੈ।

11 ਸਤੰਬਰ, 2001 ਨੂੰ ਵਿਸ਼ਵ ਵਪਾਰ ਕੇਂਦਰ, ਨਿਊਯਾਰਕ ਅਤੇ ਪੈਂਟਾਗਨ (ਵਰਜੀਨੀਆ) 'ਤੇ ਹੋਏ ਨਿੰਦਣਯੋਗ ਦਹਿਸ਼ਤਗਰਦੀ ਹਮਲੇ (ਜਿਨ੍ਹਾਂ ਵਿੱਚ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ), ਅਫਗਾਨਿਸਤਾਨ ਤੇ ਇਰਾਕ ਵਿੱਚ ਪਿਛਲੇ ਦਸਾਂ ਸਾਲਾਂ ਤੋਂ ਚੱਲ ਰਹੀਆਂ ਖੂਨੀ ਜੰਗਾਂ, ਇਨ੍ਹਾਂ ਵਰ੍ਹਿਆਂ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਪਰੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਅਤੇ ਪਹਿਲੀ ਮਈ, 2011 ਨੂੰ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿੱਚ ਬਿਨ ਲਾਦੇਨ (ਜਿਸ ਨੇ ਓਸਾਮਾ ਯਾਨੀ ਕਿ ਸ਼ੇਰ ਦਾ ਟਾਈਟਲ ਆਪਣੇ ਨਾਂ ਨਾਲ ਜੋੜਿਆ ਹੋਇਆ ਸੀ) ਦੇ ਮਾਰੇ ਜਾਣ 'ਤੇ ਨਾਰਥ ਅਮਰੀਰਕਾ, ਯੂਰਪ ਅਤੇ ਹੋਰ ਪੱਛਮੀ ਪ੍ਰਭਾਵ ਵਾਲੇ ਦੇਸ਼ਾਂ ਵਿੱਚ ਮਨਾਏ ਜਾ ਰਹੇ ਜਸ਼ਨਾਂ ਦੀ ਮਾਨਸਿਕਤਾ ਨੂੰ, ਕਰੂਸੇਡਜ਼ ਅਤੇ ਜਿੱਹਾਦ ਦੇ ਪਿਛੋਕੜ ਨੂੰ ਸਮਝੇ ਬਿਨਾਂ ਸਮਝਣਾ ਲਗਭਗ ਨਾ-ਮੁਮਕਿਨ ਹੈ।

ਓਸਾਮਾ ਬਿਨ ਲਾਦੇਨ ਨੂੰ, ਆਪਣੇ ਧਨੀ ਪਿਤਾ ਦੇ 32 ਬੱਚਿਆਂ ਵਿੱਚ, 17ਵੇਂ ਪੁੱਤਰ ਦੀ ਥਾਂ ਹਾਸਲ ਸੀ। ਪਰ ਭਰ ਜਵਾਨੀ ਵਿੱਚ ਉਹ ਇਸਲਾਮਿਕ ਜਿਹਾਦ ਵੱਲ ਖਿੱਚਿਆ ਗਿਆ ਅਤੇ ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਹੇ ਅਫਗਾਨ ਮੁਜਾਹਿਦੀਨਾਂ (ਜਿਨ੍ਹਾਂ ਨੂੰ ਅਮਰੀਕਾ ਦੀ ਸਰਪ੍ਰਸਤੀ ਹਾਸਲ ਸੀ) ਦੀ ਵਹੀਰ ਵਿੱਚ ਸ਼ਾਮਲ ਹੋ ਗਿਆ। ਅਮਰੀਕਾ ਨੇ ਨਾ ਸਿਰਫ ਇਹ ਜੰਗ ਜਿੱਤੀ ਬਲਕਿ ਇਸ ਲੜਾਈ ਨੇ ਸੋਵੀਅਤ ਯੂਨੀਅਨ ਦੇਸ਼ ਨੂੰ 15 ਟੁਕੜਿਆਂ ਵਿੱਚ ਵੰਡ ਦਿੱਤਾ। ਓਸਾਮਾ ਦਾ ਅਮਰੀਕਾ ਤੋਂ ਮੋਹ ਭੰਗ ਹੋ ਗਿਆ ਅਤੇ ਉਹ 'ਇਸਲਾਮਿਕ ਕਦਰਾਂ-ਕੀਮਤਾਂ 'ਤੇ ਅਧਾਰਤ ਸਮਾਜ' (ਭਾਵ ਕੁਲ ਦੁਨੀਆ ਨੂੰ ਜਿਹਾਦ ਰਾਹੀਂ ਇਸਲਾਮ ਦੇ ਘੇਰੇ ਵਿੱਚ ਲਿਆਉਣਾ) ਦੀ ਸਿਰਜਣਾ ਲਈ 'ਅਲਕਾਇਦਾ' ਨਾਂ ਦੀ ਜਥੇਬੰਦੀ ਦਾ ਬਾਨੀ ਬਣ ਗਿਆ। ਉਸ ਨੇ ਸ਼ਾਇਦ ਇਸਲਾਮਿਕ ਇਤਿਹਾਸ ਦਾ 'ਸਲਾਦੀਨ' ਬਣਨ ਦਾ ਸੁਪਨਾ ਦੇਖਿਆ ਤਾਂ ਕਿ ਉਹ ਮੁੜ ਇਸਲਾਮ ਦੀ ਪ੍ਰਭੁਤਾ ਤੇ ਗਰਿਮਾ ਨੂੰ ਬਹਾਲ ਕਰ ਸਕੇ। 11 ਸਤੰਬਰ, 2001 ਦੇ ਦਹਿਸ਼ਤਗਰਦੀ ਹਮਲਿਆਂ ਨੇ, ਉਸ ਨੂੰ ਇਤਿਹਾਸ ਦੇ ਉਸ ਵਿਅਕਤੀ ਵਜੋਂ ਮੂਹਰੇ ਲਿਆਂਦਾ, ਜਿਹੜਾ ਕਿ ਇੱਕ ਵਰਗ ਦਾ ਖਲਨਾਇਕ ਸੀ ਜਦੋਂਕਿ ਦੂਸਰਾ ਵਰਗ, ਕਿਤੇ ਨਾ ਕਿਤੇ ਉਸ ਪ੍ਰਤੀ ਨਰਮ-ਗੋਸ਼ਾ ਰੱਖਦਾ ਸੀ, ਭਾਵੇਂ ਉਹ ਇਸ ਨੂੰ ਸ਼ਬਦਾਂ ਵਿੱਚ ਕਹਿਣ ਦੀ ਹਿੰਮਤ ਨਾ ਵੀ ਰੱਖਦੇ ਹੋਣ।

ਦਿਲਚਸਪ ਗੱਲ ਇਹ ਹੈ ਕਿ 2001 ਵਿੱਚ ਦਹਿਸ਼ਤਗਰਦ ਹਮਲਿਆਂ ਤੋਂ ਬਾਅਦ ਅਮਰੀਕੀ ਪ੍ਰਧਾਨ ਬੁਸ਼ ਨੇ, ਆਪਣੇ ਦੇਸ਼ਵਾਸੀਆਂ ਨੂੰ ਸੰਬੋਧਤ ਹੁੰਦਿਆਂ, ਦਹਿਸ਼ਤਗਰਦੀ ਦੇ ਖਿਲਾਫ ਕਰੂਸੇਡ ਕਰਨ ਦੀ ਸ਼ਬਦਾਵਲੀ ਵਰਤੀ, ਜਿਸ ਦਾ ਸਬੰਧ ਸਿੱਧੇ ਤੌਰ 'ਤੇ 11ਵੀਂ ਸਦੀ ਦੀ ਈਸਾਈ ਮਾਨਸਿਕਤਾ ਨਾਲ ਸੀ। ਸਮੁੱਚੀਆਂ ਯੂਰਪੀਅਨ ਸ਼ਕਤੀਆਂ (ਨੈਟੋ ਦੀ ਕਮਾਂਡ ਹੇਠ) ਨੇ, ਇਸ ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ, ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜਿਆ। ਦੂਸਰੀ ਗੱਲ ਪ੍ਰਧਾਨ ਬੁਸ਼ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ, ਦੋਹਾਂ ਜੰਗਜ਼ੂ ਧਿਰਾਂ (ਜਿਹਾਦੀ ਤੇ ਕਰੂਸੇਡਰਜ਼) ਤੋਂ ਬਾਕੀ ਬਚੀਆਂ ਧਿਰਾਂ ਨੂੰ ਕਹੀ ਕਿ 'ਤੁਸੀਂ ਸਾਡੇ ਨਾਲ ਹੋ, ਜਾਂ ਸਾਡੇ ਵਿਰੁੱਧ ਹੋ, ਇਸ ਦਾ ਤੁਹਾਨੂੰ ਫੈਸਲਾ ਕਰਨਾ ਪਵੇਗਾ।' (Either you are with us or against us)। ਪਿਛਲੇ ਲਗਭਗ 10 ਸਾਲਾਂ ਤੋਂ ਦੁਨੀਆ ਦੀ ਬਹੁਗਿਣਤੀ, ਉਪਰੋਕਤ ਧਿਰਾਂ ਦੀ ਕਸ਼ਮਕਸ਼ ਦੇ ਵਿਚਕਾਰ ਸੈਂਡਵਿਚ ਬਣੀ ਹੋਈ, ਸੱਚ ਨੂੰ ਸੱਚ ਕਹਿਣ ਤੋਂ ਵੀ ਕੰਨ ਭੰਨਦੀ ਹੈ।

ਪਿਛਲੇ ਦਿਨਾਂ ਤੋਂ ਮੀਡੀਏ (ਪ੍ਰਿੰਟ ਤੇ ਇਲੈਕਟ੍ਰਾਨਿਕ) ਵਿੱਚ ਪਿਛਲੇ ਦਸਾਂ ਵਰ੍ਹਿਆਂ ਦੇ ਘਟਨਾਕ੍ਰਮ (ਬਿਨ ਲਾਦੇਨ ਦੇ ਮਾਰੇ ਜਾਣ ਦੀਆਂ ਪ੍ਰਸਥਿਤੀਆਂ ਸਮੇਤ) ਸਬੰਧੀ ਬਹੁਤ ਕੁਝ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਲਈ ਅਸੀਂ ਇਨ੍ਹਾਂ ਵੇਰਵਿਆਂ ਦੇ ਦੋਹਰਾਅ ਵਿੱਚ ਪਏ ਬਿਨਾਂ, ਇਸ 'ਟਕਰਾਅ' ਦੇ ਇਤਿਹਾਸਕ, ਮਨੋਵਿਗਿਆਨਕ, ਆਰਥਿਕ, ਧਾਰਮਿਕ ਅਤੇ ਰਾਜਸੀ ਪਿਛੋਕੜ ਨੂੰ ਪਾਠਕਾਂ ਨਾਲ ਸਾਂਝਾ ਕਰਨਦਾ ਯਤਨ ਕੀਤਾ ਹੈ। ਅੱਜ ਕਹਿਣ ਨੂੰ ਤਾਂ 'ਨੇਸ਼ਨ ਸਟੇਟਸ' ਦਾ ਸਿਧਾਂਤ ਹੈ ਅਤੇ 192 ਦੇ ਲਗਭਗ ਦੇਸ਼, ਯੂਨਾਇਟਿਡ ਨੇਸ਼ਨਜ਼ ਦੇ ਮੈਂਬਰ ਹਨ ਪਰ ਜੇ ਥੋੜ੍ਹੀ ਜਿਹੀ ਬਰੀਕੀ ਨਾਲ ਵੇਖੀਏ ਤਾਂ ਦੁਨੀਆ ਵਾਸੀਆਂ ਦੇ ਅੰਤਰਆਤਮੇ, 'ਕਬੀਲਾ ਬਿਰਤੀ' ਹਾਵੀ ਹੈ, ਜਿਸ ਨੂੰ ਧਰਮ, ਦੇਸ਼, ਸੱਭਿਆਚਾਰ, ਸੱਭਿਅਤਾ ਆਦਿ ਦਾ ਲਬਾਦਾ ਪਹਿਨਾ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ। ਵੱਡੀਆਂ ਸ਼ਕਤੀਆਂ, ਜਦੋਂ ਚਾਹੁਣ ਅੰਤਰਰਾਸ਼ਟਰੀ ਕਾਨੂੰਨਾਂ, ਦੇਸ਼ਾਂ ਦੀ ਪ੍ਰਭੂਸੱਤਾ ਅਤੇ ਮਨੁੱਖੀ ਹੱਕਾਂ ਦੇ ਚਾਰਟਰ ਦੀ ਉਲੰਘਣਾ ਕਰਦੀਆਂ ਹਨ ਅਤੇ ਫਿਰ ਉਸ ਨੂੰ ਨਿਆਂਸੰਗਤ ਠਹਿਰਾਉਣ ਲਈ, ਕੋਈ ਨਾ ਕੋਈ ਦਲੀਲ ਘੜ ਲਈ ਜਾਂਦੀ ਹੈ।

ਭਾਰਤ ਵਰਗਾ ਦੇਸ਼ ਲੋਕਤੰਤਰ ਦੇ ਨਾਂ ਹੇਠ ਨਸਲਕੁਸ਼ੀ ਕਰਦਾ ਹੈ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ (ਕਿਉਂਕਿ ਦੁਨਿਆਵੀ ਸਾਹਿਬ ਦੀ ਨਜ਼ਰ ਸਵੱਲੀ ਹੈ) ਪਰ ਕਿਤੇ ਤਾਨਾਸ਼ਾਹੀ, ਰਾਜਾਸ਼ਾਹੀ ਜਾਂ ਕਿਸੇ ਹੋਰ 'ਸ਼ਾਹੀ' ਦੇ ਖਾਤਮੇ ਲਈ, ਅੰਤਰਰਾਸ਼ਟਰੀ ਰਜ਼ਾਮੰਦੀ ਬਣਾ ਲਈ ਜਾਂਦੀ ਹੈ। ਕੀ ਮਨੁੱਖੀ ਭਾਵਾਂ ਦੇ ਪ੍ਰਗਟਾਅ ਲਈ, ਪੈਮਾਨਾ ਇੱਕੋ ਜਿਹਾ ਨਹੀਂ ਹੁੰਦਾ? ਹਿਟਲਰ ਦੇ ਮਰਨ 'ਤੇ ਯਹੂਦੀਆਂ ਨੇ ਆਪਣੇ ਜਜ਼ਬਾਤ ਕਿਵੇਂ ਪ੍ਰਗਟਾਏ ਹੋਣਗੇ, ਠੀਕ ਉਵੇਂ ਹੀ ਜਿਵੇਂ ਅੱਜ ਪੱਛਮੀ ਜਗਤ, ਓਸਾਮਾ ਦੇ ਮਾਰੇ ਜਾਣ ਦੇ ਜਸ਼ਨ ਦੇ ਮੂਡ ਵਿੱਚ ਹੈ। ਪਰ ਜੇ 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ 'ਤੇ, ਸਿੱਖ ਜਗਤ ਨੇ ਸੁੱਖ ਦਾ ਸਾਹ ਲਿਆ ਸੀ ਤਾਂ ਅੱਜ ਤੱਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਬਹਾਨਾ ਇਹ ਦਿੱਤਾ ਜਾਂਦਾ ਹੈ ਕਿ ਸਿੱਖਾਂ ਨੇ ਇੰਦਰਾ ਦੇ ਮਾਰੇ ਜਾਣ 'ਤੇ ਖੁਸ਼ੀਆਂ ਮਨਾਈਆਂ, ਜਿਸ ਲਈ ਹਿੰਦੂ ਭੜਕ ਉੱਠੇ। ਕੀ ਇਸ ਕਥਨ ਵਿੱਚ, ਹੁਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਕੋਈ ਸਾਹ-ਸੱਤ ਬਾਕੀ ਬਚਦਾ ਹੈ?

28 ਮਿਲੀਅਨ ਸਿੱਖ ਕੌਮ ਦਾ ਧਰਮ ਅਤੇ ਵਿਰਸਾ, 'ਮਨੁੱਖਤਾ ਦੇ ਪਿਆਰ' ਦੇ ਫਲਸਫੇ ਨੂੰ ਪ੍ਰਣਾਇਆ ਹੋਇਆ ਹੈ। ਅਸੀਂ ਸਮਝਦੇ ਹਾਂ ਕਿઠਜਿਹਾਦੀ ਤੇ ਕਰੂਸੇਡਰ ਬਿਰਤੀਆਂ 'ਤੇ ਅਧਾਰਤ 'ਕ੍ਰਿਆ' (ਐਕਸ਼ਨ) ਤੇ ਪ੍ਰਤੀਕ੍ਰਿਆ (ਰੀਐਕਸ਼ਨ) ਇਸ ਧਰਤੀ ਤੇ ਕਦੀ ਵੀ ਸ਼ਾਂਤੀ ਨਹੀਂ ਹੋਣ ਦੇਵੇਗੀ ਅਤੇ ਅਖੀਰ ਵਿੱਚ ਇਸ ਦਾ ਨਤੀਜਾ ਸਮੁੱਚੇ ਵਿਨਾਸ਼ ਦੇ ਰੂਪ ਵਿੱਚ ਨਿਕਲੇਗਾ। ਪਿਛਲੇ ਦਸ ਵਰ੍ਹਿਆਂ ਦੀ ਇਸ ਮਨੋਬਿਰਤੀ ਜੰਗ ਨੇ, ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ ਭਾਵੇਂ ਕਿ ਸਾਡਾ ਕਿਸੇ ਵੀ ਧਿਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਤਾਂ ਆਪਣੇ ਸਰੂਪ ਦੀ ਵਜ੍ਹਾ ਕਰਕੇ, ਕਰਾਸ ਫਾਇਰਿੰਗ (ਜਿਹਾਦੀਆਂ ਤੇ ਕਰੂਸੇਡਰਾਂ ਦੀ) ਵਿੱਚ ਫਸੇ ਹੋਏ ਹਾਂ। ਅੱਡ-ਅੱਡ ਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਅਕੀਦੇ ਨਾਲ ਸਬੰਧਿਤ ਕਕਾਰਾਂ 'ਤੇ ਲੱਗ ਰਹੀਆਂ ਪਾਬੰਦੀਆਂ, ਹੇਟ ਕਰਾਈਮਜ਼, ਵਿਤਕਰੇ ਭਰੇ ਵਰਤਾਰੇ ਦਾ, ਸਿੱਖ ਥਾਂ-ਥਾਂ ਸ਼ਿਕਾਰ ਹੋ ਰਹੇ ਹਨ। ਪਰ ਹਕੀਕਤ ਇਹ ਹੈ ਕਿ 'ਇੱਕ ਪਿੰਡ ਬਣ ਚੁੱਕੇ ਸੰਸਾਰ' (ਗਲੋਬਲ ਵਿਲੇਜ਼) ਵਿੱਚ ਜੇ ਸਦੀਵੀ ਸ਼ਾਂਤੀ, ਅਮਨ, ਖੁਸ਼ਹਾਲੀ ਅਤੇ ਨਿਆਂ ਅਧਾਰਿਤ ਸਮਾਜ ਸਿਰਜਿਆ ਜਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੇ ਸਿਧਾਂਤਾਂ ਨੂੰ ਅਪਣਾ ਕੇ ਹੀ ਇਹ ਸੰਭਵ ਹੋ ਸਕਦਾ ਹੈ। ਅਸੀਂ ਨਾ ਹੀ ਦਹਿਸ਼ਤਗਰਦੀ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਧਨ, ਲਾਲਚ ਜਾਂ ਰਾਜਸੀ ਸ਼ਕਤੀ ਦੀ ਵਰਤੋਂ ਨਾਲ ਧਰਮ ਪਰਿਵਰਤਨ ਵਿੱਚ ਹੀ ਯਕੀਨ ਰੱਖਦੇ ਹਾਂ। ਗੁਰੁ ਸਿਧਾਂਤ- ਬਿਨਾਂ ਜਾਤ, ਰੰਗ, ਨਸਲ, ਧਰਮ, ਜੈਂਡਰ (ਲਿੰਗ) ਦੇ ਵਿਤਕਰੇ ਦੇ 'ਬਰਾਬਰੀ ਅਧਾਰਤ' ਸਮਾਜ ਦਾ ਸੰਕਲਪ ਰੱਖਦੇ ਹਨ। ਸਾਡੇ ਲਈ ਕੁਲ ਮਨੁੱਖਤਾ ਦੀ ਪੀੜ ਅਤੇ ਖੁਸ਼ੀਆਂ ਸਾਂਝੀਆਂ ਹਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕੁਲ ਮਨੁੱਖਤਾ ਲਈ ਅਰਦਾਸ ਦੀ ਜਾਂਚ ਸਾਨੂੰ ਸਿਖਾਈ ਹੋਈ ਹੈ
'ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਿਤੈ ਲੇਹੁ ਉਭਾਰ।

-ਡਾ. ਅਮਰਜੀਤ ਸਿੰਘ

ਸਿੱਖ ਕੌਮਵਾਦ ਦੇ ਸਰੋਤ

ਮੌਜੂਦਾ ਸਮੇਂ ਵਿੱਚ ਸਿੱਖ ਕੌਮ ਨੂੰ ਬ੍ਰਾਹਮਣਵਾਦੀਆਂ ਵਲੋਂ ਵਿੱਢੀ ਸਮਾਜ-ਮਨੋਵਿਗਿਆਨਕ ਜੰਗ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਜੰਗ ਦੀ ਮਨੋਵਿਗਿਆਨਕ ਵੰਨਗੀ ਫੌਜੀ ਜੰਗ ਤੋਂ ਵੀ ਖ਼ਤਰਨਾਕ ਹੁੰਦੀ ਹੈ। ਮਨੋਵਿਗਿਆਨਕ ਜੰਗ ਵਿਚ ਮਾਤ ਖਾਧੀ ਕੌਮ ਜਾਂ ਧਾਰਮਕ ਭਾਈਚਾਰਾ ਆਪਣੀ ਹੋਂਦ ਤਕ ਗੁਆ ਬਹਿੰਦਾ ਹੈ। ਬੋਧੀ ਅਤੇ ਜੈਨ ਧਰਮਾਂ ਦਾ ਭਾਰਤ ਵਿਚੋਂ ਲਗਭਗ ਖ਼ਤਮ ਹੋ ਜਾਣਾ ਜੰਗ ਦੀ ਮਨੋਵਿਗਿਆਨਕ ਕਿਸਮ ਦੇ ਖ਼ਤਰੇ ਸਮਝਣ ਲਈ ਕਾਫੀ ਹੈ। ਫੌਜੀ ਜੰਗ ਆਮ ਤੌਰ 'ਤੇ ਦਿਖਾਈ ਦਿੰਦੀ ਹੈ ਪਰ ਮਨੋਵਿਗਿਆਨਕ ਜੰਗ ਦੇਖਣ ਲਈ ਤਿੱਖੀ ਬੌਧਿਕ ਤਾਕਤ ਦੀ ਲੋੜ ਹੁੰਦੀ ਹੈ।
- ਬਿਕਰਮਜੀਤ ਸਿੰਘ
ਪਿਛਲੇ ਕੁਝ ਸਮੇਂ ਤੋਂ ਸਿੱਖ ਪਛਾਣ ਸਬੰਧੀ ਭਰਵੀਂ ਚਰਚਾ ਚਲ ਰਹੀ ਹੈ। ਸਿੱਖ ਮੁੱਖ ਧਾਰਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰਪਿਤਾ ਅਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ-ਏ-ਆਜ਼ਮ ਵਜੋਂ ਮੰਨਣ ਦੇ ਸੱਦੇ ਨੂੰ ਵਿਆਪਕ ਪੱਧਰ 'ਤੇ ਸਵੀਕ੍ਰਿਤੀ ਪ੍ਰਾਪਤ ਹੋਈ। ਜਿੱਥੇ ਇਸ ਸੱਦੇ ਨੇ ਸਿੱਖਾਂ ਦੀ ਅੱਡਰੀ ਕੌਮੀ ਪਛਾਣ ਨੂੰ ਇਕ ਨਵਾਂ ਵਿਸਥਾਰ ਦਿੱਤਾ ਹੈ ਉਥੇ ਨਾਲ ਹੀ ਕੁਝ ਲੇਖਕਾਂ ਦੇ ਸਿੱਖ ਪਛਾਣ ਅਤੇ ਇਤਿਹਾਸ ਸਬੰਧੀ ਭੁਲੇਖਾ ਪਾਉ ਲੇਖ ਕੁੱਝ ਅਖ਼ਬਾਰਾਂ ਵਿੱਚ ਛਪੇ ਹਨ। ਭਾਰਤੀ ਮੀਡੀਏ ਵਿੱਚ ਸਿੱਖ ਵਿਰੋਧੀ ਪ੍ਰਚਾਰ, ਕੈਟ ਵਰਤਾਰਾ ਅਤੇ ਕੌਮਵਾਦੀ ਨੇਤਾਵਾਂ ਵਿਰੁੱਧ ਸਮੇਂ-ਸਮੇਂ 'ਤੇ ਕੇਸ ਦਰਜ ਕੀਤੇ ਜਾ ਰਹੇ ਰਹੇ ਹਨ। ਘੱਟਗਿਣਤੀ ਕਮਿਸ਼ਨ ਦੇ (ਅਖੌਤੀ) ਸਿੱਖ ਮੈਂਬਰ ਹਰਚਰਨ ਸਿੰਘ ਜੋਸ਼ ਵਲੋਂ ਹਿੱਕ ਠੋਕ ਕੇ ਸਿੱਖ ਕੌਮ ਦੇ ਹਿੰਦੂ ਧਰਮ ਦਾ ਨਿਖੱੜਵਾਂ ਅੰਗ ਹੋਣ ਦਾ ਐਲਾਨ ਕੀਤਾ ਗਿਆ।ਸਿੱਖ ਪਛਾਣ ਸਬੰਧੀ ਇਹ ਵਿਵਾਦ ਅਤੇ ਉਪਰੋਕਤ ਘਟਨਾਵਾਂ ਬ੍ਰਾਹਮਣਵਾਦ ਵਲੋਂ ਸਿੱਖ ਕੌਮ ਵਿਰੁੱਧ ਵਿੱਢੇ ਲੁਕਵੇਂ ਅਤੇ ਮਹੀਨ ਬੌਧਿਕ ਹਮਲੇ ਦੀਆਂ ਪਰਤਾਂ ਫਰੋਲਣ ਲਈ ਮਜਬੂਰ ਕਰਦੀਆਂ ਹਨ।

ਦਸਵੇਂ ਗੁਰੂ ਸਾਹਿਬ ਨੇ ਖ਼ਾਲਸਾ ਸਾਜ ਕੇ ਅਤੇ ਪੰਜ ਕਕਾਰ ਬਖ਼ਸ਼ ਕੇ ਸਿੱਖੀ ਦੇ ਨਿਆਰੇਪਨ ਦੀ ਨੀਂਹ ਡੂੰਘੀ ਕਰ ਦਿੱਤੀ ਸੀ। ਗੁਰੂ ਵਲੋਂ ਬਖ਼ਸ਼ੇ ਕਕਾਰਾਂ ਜੋ ਕਿ ਸਿੱਖ ਕੌਮ ਦੀ ਵੱਖਰਤਾ ਦੇ ਵੱਡੇ ਚਿੰਨ ਹਨ ਸਬੰਧੀ ਕੋਈ ਸ਼ੱਕ ਨਹੀਂ ਖੜ੍ਹਾ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਬ੍ਰਾਹਮਣਵਾਦੀ ਰੀਤੀ-ਰਿਵਾਜ਼ਾਂ ਤੋਂ ਮੁਨਕਰ ਹੋਣ ਦਾ ਸਪੱਸ਼ਟ ਹੁਕਮ ਦਿੱਤਾ ਗਿਆ ਹੈ ਜਿਵੇਂ:

ਜਬ ਲਗ ਰਹੇ ਖਾਲਸਾ ਨਿਆਰਾ
ਤਬ ਲਗ ਤੇਜ ਦਿਉਂ ਮੈਂ ਸਾਰਾ
ਜਬ ਇਹ ਗਹੇ ਬਿਪਰਨ ਕੀ ਰੀਤ
ਮੈਂ ਨਾ ਕਰੂੰ ਇਨ ਕੀ ਪਰਤੀਤ

ਗੁਰੂ ਸਾਹਿਬ ਦੇ ਇਸ ਹੁਕਮ ਸਬੰਧੀ ਕੋਈ ਦੁਬਿਧਾ ਨਹੀਂ ਹੋ ਸਕਦੀ ਪਰ ਇਸ ਲੇਖ ਵਿਚ ਅਸੀਂ ਸਿੱਖ ਪਛਾਣ ਦੇ ਸਰੋਤਾਂ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਹੋ ਰਹੇ ਬੌਧਿਕ ਹਮਲਿਆਂ ਦਾ ਅਧਿਐਨ ਸੰਸਾਰ ਪ੍ਰਸਿੱਧ ਸਮਾਜ ਵਿਗਿਆਨੀਆਂ ਵਲੋਂ ਮੰਨੇ ਗਏ ਕੌਮੀ ਪਛਾਣ ਦੇ ਸਰੋਤਾਂ ਦੇ ਅਧਾਰ ਉਤੇ ਕਰਾਂਗੇ। ਸੰਘਰਸ਼ਾਂ ਵਿਚ ਕੌਮਾਂ ਆਪਣੇ ਅੰਦਰੂਨੀ ਸਾਧਨਾਂ ਤੋਂ ਤਾਕਤ ਲੈਂਦੀਆਂ ਹਨ। ਇਤਿਹਾਸ ਅਤੇ ਸਭਿਆਚਾਰ ਕੌਮਾਂ ਦੇ ਅੰਦਰੂਨੀ ਸਾਧਨਾਂ ਦਾ ਮੁੱਖ ਸੋਮਾ ਜਾਂ ਸਰੋਤ ਹੁੰਦੇ ਹਨ। ਕੌਮੀ ਸੰਘਰਸ਼ਾਂ ਦੌਰਾਨ ਇਤਿਹਾਸ ਅਤੇ ਸਭਿਆਚਾਰ ਦੀ ਵਰਤੋਂ ਕੌਮੀ ਚੇਤਨਾ ਦੇ ਵਿਕਾਸ ਲਈ ਕੀਤੀ ਜਾਂਦੀ ਹੈ ਜੋ ਬਾਅਦ ਵਿਚ ਕੌਮਵਾਦ ਅਤੇ ਕੌਮੀ ਲਹਿਰਾਂ ਦੇ ਉਭਾਰ ਵਿਚ ਸਹਾਈ ਹੁੰਦੀ ਹੈ।

ਪਿਛਲੇ ਡੇਢ ਦਹਾਕੇ ਵਿਚ ਕੌਮਵਾਦ ਦੇ ਇਸ ਤਾਕਤਵਰ ਵਰਤਾਰੇ ਨੇ ਕੋਮਾਂਤਰੀ ਸਿਸਟਮ ਦੀ ਵੱਡੀ ਪੱਧਰ ਉਤੇ ਤੋੜ ਭੰਨ ਕੀਤੀ ਹੈ। ਇਹ ਮੰਨਿਆ ਗਿਆ ਹੈ ਕਿ ਮੌਜੂਦਾ ਰਾਜਾਂ ਦੀ ਵੱਡੀ ਫੌਜੀ ਤਾਕਤ ਦੂਜੀਆਂ ਕੌਮਾਂ ਨੂੰ ਆਪਣੇ ਰਾਜ ਲੈਣ ਦੇ ਮਿੱਥੇ ਨਿਸ਼ਾਨਿਆਂ ਤੋਂ ਰੋਕ ਰਹੀ ਹੈ। ਉਦਾਹਰਣ ਲਈ ਇਰਾਨ ਅਤੇ ਤੁਰਕੀ ਵਰਗੇ ਦੇਸ਼ਾਂ ਵਿੱਚ ਕੁਰਦ ਕੌਮ ਨੂੰ ਦੱਬ ਕੇ ਰੱਖਿਆ ਗਿਆ ਹੈ, ਸਪੇਨ ਵਲੋਂ ਪ੍ਰਭੂਸੱਤਾ ਦੀ ਤਾਕਤ ਵਰਤ ਕੇ ਬਾਸਕ ਅਤੇ ਕੈਟਾਲੋਨ ਵਰਗੀਆਂ ਕੌਮਾਂ ਨੂੰ ਅਜ਼ਾਦੀ ਨਹੀਂ ਦਿੱਤੀ ਜਾ ਰਹੀ, ਫਿਲਿਪਾਈਨ ਨੇ ਮੋਰੋ ਕੌਮ ਨੂੰ ਦਬਾਇਆ ਹੋਇਆ ਹੈ, ਚੀਨ ਨੇ ਜਿਗੂਆਰ ਅਤੇ ਤਿੱਬਤੀਆਂ ਨੂੰ ਵੱਡੀ ਫੌਜੀ ਤਾਕਤ ਵਰਤ ਕੇ ਦੱਬ ਦਿੱਤਾ ਹੋਇਆ ਹੈ, ਸ੍ਰੀਲੰਕਾ ਵਿਚ ਤਾਮਿਲ ਵੱਖਰੇ ਰਾਜ ਲਈ ਲਗਾਤਾਰ ਲੜ ਰਹੇ ਹਨ। ਅਫ਼ਰੀਕਾ ਵਿੱਚ ਇਥੋਪੀਆ, ਸੁਡਾਨ ਅਤੇ ਅੰਗੋਲਾ ਵਿਚ ਕੌਮੀ ਲਹਿਰਾਂ ਫੌਜੀ ਤਾਕਤ ਨਾਲ ਲਗਾਤਾਰ ਦੱਬ ਕੇ ਰੱਖਿਆ ਗਿਆ ਹੈ। ਭਾਰਤੀ ਰਾਜ ਦੀ ਵੱਡੀ ਫੌਜੀ ਤਾਕਤ ਸਿੱਖ, ਨਾਗਾ ਅਤੇ ਕਸ਼ਮੀਰੀਆਂ ਨੂੰ ਰਾਜ ਲੈਣ ਦੇ ਮਿੱਥੇ ਨਿਸ਼ਾਨਿਆਂ ਤੋਂ ਰੋਕ ਰਹੀ ਹੈ। ਫਰਾਂਸ ਵਿੱਚ ਬਰਿਟਨ ਕੌਮਵਾਦੀਆਂ ਨੂੰ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ।

ਰਾਜ ਲੈਣ ਲਈ ਸੰਘਰਸ਼ਸ਼ੀਲ ਉਪਰੋਕਤ ਕੌਮੀ ਸੰਘਰਸ਼ਾਂ ਨੇ ਸਮੂਹਿਕ ਸਭਿਆਚਾਰਕ ਪਛਾਣ ਉਤੇ ਅਧਾਰਿਤ ਕੌਮ ਦਾ ਇੱਕ ਤਾਕਤਵਰ ਸੰਕਲਪ (Concept) ਪਰਭਾਸ਼ਿਤ ਕੀਤਾ ਹੈ। ਇਸ ਅਨੁਸਾਰ ਕੌਮ ਤੋਂ ਭਾਵ ਅਜਿਹੇ ਸਮੂਹ ਤੋਂ ਹੈ ਜਿਸ ਦਾ ਇੱਕ ਮਹੱਤਵਪੂਰਨ ਨਾਂ ਹੁੰਦਾ ਹੈ ਅਤੇ ਇਸ ਦੇ ਮੈਂਬਰ ਸਾਂਝੇ ਵੰਸ਼ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਦੀਆਂ ਇਤਿਹਾਸਕ ਯਾਦਾਂ ਅਤੇ ਸਭਿਆਚਾਰਕ ਤੱਤ ਸਾਂਝੇ ਹੁੰਦੇ ਹਨ। ਇਨ੍ਹਾਂ ਦੀ ਮਾਨਸਿਕਤਾ ਆਪਣੇ ਇਤਿਹਾਸਕ ਭੂ-ਖੇਤਰ ਜਾਂ ਹੋਮਲੈਂਡ ਦੇ ਪਿਆਰ ਵਿੱਚ ਗੜੁੱਚ ਹੁੰਦੀ ਹੈ ਅਤੇ ਕੌਮੀ ਭਾਈਚਾਰੇ ਦੀ ਭਾਵਨਾ ਕੌਮੀ ਤਾਕਤ ਲਗਾਤਾਰ ਵਧਾਉਂਦੀ ਹੈ। ਪ੍ਰਸਿੱਧ ਸਮਾਜ ਵਿਗਿਆਨੀ ਐਂਥਨੀ ਡੀ ਸਮਿਥ ਨੇ ਕੌਮਵਾਦ ਦੇ ਉਪਰੋਕਤ ਸਰੋਤਾਂ ਨੂੰ ਹੇਠ ਲਿਖੇ ਹਿੱਸਿਆਂ ਵਿੱਚ ਵੰਡਿਆ ਹੈ ਜਿਵੇਂ:

੦ ਕੌਮ ਦਾ ਨਾਂ
੦ ਸਾਂਝਾ ਵੰਸ਼ ਹੋਣ ਦਾ ਵਿਸ਼ਵਾਸ਼
੦ ਸਾਂਝੀਆਂ ਇਤਿਹਾਸਕ ਯਾਦਾਂ ਦਾ ਹੋਣਾ
੦ ਸਭਿਆਚਾਰਕ (ਧਾਰਮਕ) ਸਾਂਝ
੦ ਇਕ ਖਾਸ ਭੂ-ਖੇਤਰ

ਭਾਈਚਾਰੇ ਦੀ ਭਾਵਨਾ (ਸਿੱਖ ਸੰਦਰਭ ਵਿੱਚ ਪੰਥ ਦੇ ਸਿਰਮੋਰ ਹੋਣ ਦਾ ਅਟੁੱਟ ਵਿਸ਼ਵਾਸ਼)
ਸਿੱਖ ਕੌਮ ਕੋਲ ਕੋਮਾਂਤਰੀ ਪੱਧਰ ਉਤੇ ਮੰਨੇ ਗਏ ਕੌਮਵਾਦ ਦੇ ਉਪਰੋਕਤ ਸਾਰੇ ਸਰੋਤ ਮੌਜੂਦ ਹਨ ਪਰ ਫਿਰ ਵੀ ਬਹੁਤ ਸਾਰੇ ਗ਼ੈਰ-ਸਿੱਖ ਅਤੇ ਸਿੱਖ ਲੇਖਕ ਵੱਖਰੀ ਕੌਮੀ ਅਤੇ ਧਾਰਮਕ ਸਿੱਖ ਪਛਾਣ ਵੱਖਰੀ ਪੰਜਾਬੀ ਅਤੇ ਭਾਰਤੀ ਕੌਮੀ ਪਛਾਣ ਨਾਲ ਰਲਗੱਡ ਕਰ ਦਿੰਦੇ ਹਨ। ਦਸ ਗੁਰੂ ਸਾਹਿਬਾਨਾਂ ਵਲੋਂ ਭਾਵੇਂ ਆਪਣੇ ਜੀਵਨ ਕਾਲ ਦੌਰਾਨ ਹੀ ਸਿੱਖਾਂ ਲਈ ਇਕ ਅਜਿਹਾ ਸਖ਼ਤ ਜ਼ਾਬਤਾ ਤਿਆਰ ਕਰ ਦਿੱਤਾ ਸੀ ਜੋ ਬ੍ਰਹਮਣਵਾਦ ਜਾਂ ਦੂਜੀਆਂ ਕੌਮਾਂ ਅਤੇ ਧਰਮਾਂ ਨਾਲ ਸਿੱਖਾਂ ਨੂੰ ਸਿੱਧੇ ਤੌਰ ਉਤੇ ਨਿਖੇੜਦਾ ਸੀ ਪਰ ਮੌਜੂਦਾ ਸਮੇਂ ਵਿਚ ਸਿੱਖ ਸਿਧਾਂਤਾਂ ਸਬੰਧੀ ਕੌਮੀ ਚੇਤਨਾ ਦਾ ਡਿਗਦਾ ਪੱਧਰ ਚਿੰਤਾ ਦਾ ਵਿਸ਼ਾ ਹੈ।

ਮੌਜੂਦਾ ਸਮੇਂ ਵਿੱਚ ਸਿੱਖ ਕੌਮ ਨੂੰ ਬ੍ਰਾਹਮਣਵਾਦੀਆਂ ਵਲੋਂ ਵਿੱਢੀ ਸਮਾਜ-ਮਨੋਵਿਗਿਆਨਕ ਜੰਗ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਜੰਗ ਦੀ ਮਨੋਵਿਗਿਆਨਕ ਵੰਨਗੀ ਫੌਜੀ ਜੰਗ ਤੋਂ ਵੀ ਖ਼ਤਰਨਾਕ ਹੁੰਦੀ ਹੈ। ਮਨੋਵਿਗਿਆਨਕ ਜੰਗ ਵਿਚ ਮਾਤ ਖਾਧੀ ਕੌਮ ਜਾਂ ਧਾਰਮਕ ਭਾਈਚਾਰਾ ਆਪਣੀ ਹੋਂਦ ਤਕ ਗੁਆ ਬਹਿੰਦਾ ਹੈ। ਬੋਧੀ ਅਤੇ ਜੈਨ ਧਰਮਾਂ ਦਾ ਭਾਰਤ ਵਿਚੋਂ ਲਗਭਗ ਖ਼ਤਮ ਹੋ ਜਾਣਾ ਜੰਗ ਦੀ ਮਨੋਵਿਗਿਆਨਕ ਕਿਸਮ ਦੇ ਖ਼ਤਰੇ ਸਮਝਣ ਲਈ ਕਾਫੀ ਹੈ। ਫੌਜੀ ਜੰਗ ਆਮ ਤੌਰ 'ਤੇ ਦਿਖਾਈ ਦਿੰਦੀ ਹੈ ਪਰ ਮਨੋਵਿਗਿਆਨਕ ਜੰਗ ਦੇਖਣ ਲਈ ਤਿੱਖੀ ਬੌਧਿਕ ਤਾਕਤ ਦੀ ਲੋੜ ਹੁੰਦੀ ਹੈ। ਫੌਜੀ ਜੰਗ ਵਿੱਚ ਯੁੱਧਨੀਤਕ ਪੈਂਤੜੇਬਾਜੀ, ਬੰਦੂਕਾਂ, ਤੋਪਾਂ, ਟੈਕਾਂ ਅਤੇ ਬੰਬਾਂ ਵਰਗੇ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਪਰ ਮਨੋਵਿਗਿਆਨਕ ਜੰਗ ਵਿੱਚ, ਬੌਧਿਕਤਾ, ਵਿਵੇਕਸ਼ੀਲਤਾ, ਵਿਚਾਰ, ਕੌਮੀ ਅਤੇ ਧਾਰਮਕ ਸਿਧਾਤਾਂ ਪ੍ਰਤੀ ਚੇਤਨਾ ਵਰਗੇ ਹਥਿਆਰਾਂ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਦੀ ਜੰਗ ਵਿੱਚ ਕੌਮੀ ਅਤੇ ਧਾਰਮਿਕ ਪਛਾਣ ਦੀਆਂ ਹੱਦਾਂ ਦੀ ਸੋਝੀ ਹੋਣੀ ਅਤਿ ਜ਼ਰੂਰੀ ਹੁੰਦੀ ਹੈ। ਇਹ ਸਿਧਾਂਤਕ ਸੋਝੀ ਕੌਮਵਾਦ ਦੇ ਸਰੋਤਾਂ ਦੀ ਵੱਖਰਤਾ ਤੋਂ ਸਪੱਸ਼ਟ ਸਮਝ ਆਉਂਦੀ ਹੈ।

ਕੌਮਵਾਦ ਦੇ ਮੁੱਖ ਸਰੋਤਾਂ ਵਿੱਚੋਂ ਕੌਮ ਦਾ ਨਾਂ ਮਹੱਤਵਪੂਰਨ ਹੁੰਦਾ ਹੈ। ਨਾਂ ਸਿਰਫ਼ ਨਿਜੀ ਜਾਂ ਦੂਜਿਆਂ ਦੀ ਪਛਾਣ ਹੀ ਨਹੀਂ ਕਰਵਾਉਂਦਾ ਸਗੋਂ ਇਹ ਸਮੂਹਕ ਸ਼ਖਸੀਅਤ ਦਾ ਵੀ ਅਰਥ ਭਰਪੂਰ ਚਿੰਨ ਹੁੰਦਾ ਹੈ। ਕੋਈ ਵੀ ਧਾਰਮਕ ਜਾਂ ਸਭਿਆਚਾਰਕ ਪਛਾਣ ਜਦੋਂ ਤਕ ਕੋਈ ਉਚਿਤ ਨਾਂ ਨਹੀਂ ਮਿਲਦਾ ਤਦ ਤਕ ਇਸ ਇੱਕ ਕੌਮ ਵਜੋਂ ਮਾਨਤਾ ਨਹੀਂ ਮਿਲਦੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜਕ ਅਤੇ ਮਨੋਵਿਗਿਆਨਕ ਇੰਜੀਨੀਅਰਿੰਗ ਦੀ ਤਿੱਖੀ ਸੋਝੀ ਦਾ ਕਮਾਲ ਸੀ ਕਿ ਸਿੱਖਾਂ ਖਾਲਸਾ, ਸਿੰਘ ਅਤੇ ਕੌਰ ਵਰਗੇ ਨਾਂ ਮਿਲੇ ਹਨ। ਸਾਰੇ ਦਾ ਸਾਰਾ ਗੁਰੂਕਾਲ, ਸਿੱਖ ਮਾਨਸਿਕਤਾ ਵਿਚ ਸਿੱਖ ਨਾਂ ਇਕ ਵੱਖਰੀ ਕੌਮ ਅਤੇ ਧਰਮ ਵਜੋਂ ਦ੍ਰਿੜ੍ਹ ਕਰਵਾਉਂਦਾ ਨਜ਼ਰ ਆਉਂਦਾ ਹੈ। ਗੁਰੂ ਸਾਹਿਬਾਨਾਂ ਵਲੋਂ ਰਚੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਵੀ ਸਿੱਖ ਨਾਂ ਇਕ ਕੌਮੀ ਅਤੇ ਧਾਰਮਕ ਪਛਾਣ ਦੇ ਚਿੰਨ ਵਜੋਂ ਪੱਕਾ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੇ ਸਿੰਘ ਅਤੇ ਕੌਰ ਦੇ ਨਾਂ ਸਿੰਘਾਂ ਅਤੇ ਬੀਬੀਆਂ ਦੂਜੀਆਂ ਕੌਮਾਂ ਅਤੇ ਧਰਮਾਂ ਤੋਂ ਸਪੱਸ਼ਟ ਤੌਰ ਉਤੇ ਵੱਖਰਾ ਕਰਦੇ ਹਨ। ਫਿਰ ਸਿੱਖਾਂ ਦੀ ਸਮੂਹਕ ਸ਼ਖਸੀਅਤ ਦੀ ਵੱਖਰਤਾ ਖਾਲਸਾ ਨਾਂ ਹੋਰ ਵੀ ਦ੍ਰਿੜ ਕਰ ਦਿੰਦਾ ਹੈ।

ਗੁਰੂ ਸਾਹਿਬ ਵਲੋਂ ਬਖਸ਼ੇ ਪੰਜ ਕਕਾਰਾਂ ਅਤੇ ਰਹਿਤ ਧਾਰਨ ਕਰਕੇ ਖਾਲਸਾ ਕੋਈ ਵੀ ਬਣ ਸਕਦਾ ਹੈ। ਪਰ ਖਾਲਸਾਈ ਕਰਮ ਨਿਭਾਉਣਾ ਹਾਰੀ ਸਾਰੀ ਦੇ ਵੱਸ ਵਿੱਚ ਨਹੀਂ ਹੁੰਦਾ। ਖਾਲਸਾਈ ਕਰਮ ਨਿਭਾਉਣਾ ਵੱਡੇ ਰੂਪ ਵਿਚ ਪੰਜਾਬ ਵਿੱਚ ਵਸਦੇ ਇੱਕ ਖਾਸ ਮਾਨਸਿਕਤਾ ਵਾਲੇ ਲੋਕਾਂ ਦੇ ਹਿੱਸੇ ਆਇਆ ਹੈ। ਇਸ ਦੀ ਵਜ੍ਹਾ ਇਹ ਵੀ ਹੈ ਕਿ ਸਾਰੇ ਗੁਰੂ ਸਾਹਿਬਾਨ ਬਹੁਤਾ ਸਮਾਂ ਪੰਜਾਬ ਦੀ ਧਰਤੀ ਤੇ ਰਹੇ। ਗੁਰੂ ਸਾਹਿਬਾਨਾਂ ਵਲੋਂ ਸਾਨੂੰ ਸਿੱਖ ਨਾਂ ਦੇ ਕੇ ਕੌਮ ਬਣਾ ਦਿੱਤਾ ਹੋਇਆ ਹੈ ਅਤੇ ਖਾਲਸਾ ਪਛਾਣ ਬਖਸ਼ ਕੇ ਦੂਜੀਆਂ ਕੌਮਾਂ/ਧਰਮਾਂ ਤੋਂ ਵੱਖ ਕਰ ਦਿੱਤਾ ਹੈ। ਮੌਜੂਦਾ ਸਮੇਂ ਵਿੱਚ ਸਿੱਖ ਨਾਂ ਸਿੱਖ ਕੌਮਵਾਦ ਦਾ ਮੁੱਖ ਸਰੋਤ ਹੈ। ਬ੍ਰਾਹਮਣਵਾਦ ਵਲੋਂ ਵਿੱਢੀ ਮਨੋਵਿਗਿਆਨਕ ਜੰਗ ਵਿੱਚ ਇਹ ਨਾਂ ਇਕ ਜ਼ਬਰਦਸਤ ਹਥਿਆਰ ਹੈ। ਗੁਰੂ ਸਾਹਿਬਾਨਾਂ ਨੇ ਸਿੱਖ, ਖਾਲਸਾ, ਸਿੰਘ ਅਤੇ ਕੌਰ ਵਰਗੇ ਨਾਂ ਬਖਸ਼ ਕੇ ਕੌਮ ਅਤੇ ਧਰਮ ਹਿੰਦੂ ਧਰਮ ਦੀ ਖੜਗਭੁਜਾ ਹੋਣ ਤੋਂ ਬਚਾ ਦਿੱਤਾ ਹੈ। ਭਾਵੇਂ ਕਈ ਸਿੱਖ ਅੱਜ ਵੀ ਆਪਣੇ ਆਪ ਹਿੰਦੂ ਧਰਮ ਦੀ ਖੜਗਭੁਜਾ ਮੰਨਦੇ ਹਨ। ਇਹ ਲੋਕ ਬ੍ਰਾਹਮਣਵਾਦ ਦੀ ਸਿੱਖ ਕੌਮ/ ਧਰਮ ਨਾਲ ਸਿਧਾਂਤਕ ਜੰਗ ਦੇ ਸਿਰਫ਼ ਮੋਹਰੇ ਹਨ ਜੋ ਲਾਲਚਵਸ ਜਾਂ ਬੇਸਮਝੀ ਕਾਰਨ ਕੌਮ ਦਾ ਨੁਕਸਾਨ ਕਰ ਰਹੇ ਹਨ।

ਕੌਮਵਾਦ ਦਾ ਦੂਜਾ ਖਾਸ ਸਰੋਤ ਸਾਂਝੇ ਵੰਸ਼ ਵਿਚ ਵਿਸ਼ਵਾਸ ਹੋਣਾ ਹੈ। ਸਿੱਖ ਕੌਮ ਲਈ ਤਾਂ ਇਸ ਸਰੋਤ ਦਾ ਹੋਰ ਵੀ ਖਾਸ ਮਹੱਤਵ ਹੈ ਕਿਉਂਕਿ ਆਮ ਤੌਰ ਉਤੇ ਸਿੱਖ ਧਰਮ/ ਕੌਮ ਨੂੰ ਹਿੰਦੂ ਧਰਮ ਦਾ ਅੰਗ ਦੱਸਿਆ ਜਾਂਦਾ ਹੈ ਅਤੇ ਇਸ ਦੇ ਹਿੰਦੂ ਧਰਮ ਵਿਚੋਂ ਪੈਦਾ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ। ਕਈ ਵਿਚਾਰਕ ਤਾਂ ਇਸ ਹਿੰਦੂ ਧਰਮ ਦੀ ਸੁਧਾਰਕ ਲਹਿਰ ਹੋਣ ਤਕ ਹੀ ਸੁੰਗੇੜ ਦਿੰਦੇ ਹਨ। ਇਹ ਇਤਿਹਾਸਕ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਜਿਸ ਸਮਾਜ ਵਿਚ ਪੈਦਾ ਹੋਏ ਅਤੇ ਬਾਅਦ ਵਿਚ ਜਿਸ ਸਮਾਜ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਸਿੱਖ ਪੰਥ ਵਿੱਚ ਸ਼ਮੂਲੀਅਤ ਕੀਤੀ ਉਨ੍ਹਾਂ ਦੇ ਪੂਰਵਜ ਹਿੰਦੂ ਸੰਸਕਾਰਾਂ, ਰਹੁਰੀਤਾਂ, ਮਾਨਤਾਵਾਂ, ਵਿਸ਼ਵਾਸਾਂ ਪੱਖੋਂ ਹਿੰਦੂ ਧਰਮ ਨਾਲ ਜੁੜੇ ਹੋਏ ਸਨ ਪਰ ਗੁਰੂ ਨਾਨਕ ਸਾਹਿਬ ਵਲੋਂ ਆਪਣੇ ਜੀਵਨ ਕਾਲ ਦੌਰਾਨ ਹੀ ਆਪਣੇ ਸਿੱਖਾਂ ਨੂੰ ਹਿੰਦੂ ਧਰਮ ਨਾਲੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਸੀ।

ਸਿੱਖ ਕੌਮ ਨੂੰ ਕੌਮੀ ਅਤੇ ਧਾਰਮਕ ਪੱਧਰ ਉਤੇ ਹਿੰਦੂ ਧਰਮ ਦਾ ਹਿੱਸਾ ਦੱਸੀ ਜਾਣਾ ਮੌਜੂਦਾ ਸਮੇਂ ਵਿੱਚ ਕੌਮਾਂਤਰੀ ਪੱਧਰ ਉਤੇ ਮੰਨੇ ਗਏ ਕੌਮਵਾਦ ਦੇ ਸਿਧਾਂਤਾਂ ਅਨੁਸਾਰ ਵੀ ਪੂਰੀ ਤਰ੍ਹਾਂ ਗਲਤ ਹੈ। ਐਂਥਨੀ ਸਮਿਥ ਅਨੁਸਾਰ ਇਹ ਮੰਨਿਆ ਗਿਆ ਹੈ ਕਿ ਕਿਸੇ ਕੌਮ ਲਈ ਸਾਂਝੇ ਵੰਸ਼ ਵਿੱਚ ਵਿਸ਼ਵਾਸ ਹੋਣਾ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਜੱਦੀ ਵੰਸ਼ (genetic heritage) ਦਾ ਹੋਣਾ ਜਾਂ ਨਾ ਹੋਣਾ ਇਸ ਲਈ ਕੋਈ ਮਾਇਨਾ ਨਹੀਂ ਰੱਖਦਾ। ਨਿੱਜੀ ਜ਼ਿੰਦਗੀ ਵਿਚ ਜੱਦੀ ਵੰਸ਼ ਦੀ ਮਹੱਤਤਾ ਹੁੰਦੀ ਹੈ। ਕੌਮੀ ਪੱਧਰ ਉਤੇ ਸਾਂਝੇ ਵੰਸ਼ ਵਿਚ ਵਿਸ਼ਵਾਸ ਜਾਂ ਇਸ ਦੀ ਮਿੱਥ ਦਾ ਹੋਣਾ ਕੌਮੀ ਹੋਂਦ ਲਈ ਅਤਿ ਜ਼ਰੂਰੀ ਹੁੰਦਾ ਹੈ ਜਦਕਿ ਪੀੜ੍ਹੀ ਜਾਂ ਕੁਲ ਦੀ ਕੌਮ ਲਈ ਕੋਈ ਮਹੱਤਤਾ ਨਹੀਂ ਹੁੰਦੀ। ਜੀਨ (Genes) ਜਾਂ ਖੂਨ ਦੀ ਸਾਂਝ ਕੌਮ ਲਈ ਜ਼ਰੂਰੀ ਨਹੀਂ ਹੈ ਪਰ ਉਤਪਤੀ ਜਾਂ ਜਨਮ ਦਾ ਸਾਂਝਾ ਸਰੋਤ ਮਹੱਤਵਪੂਰਨ ਹੈ। ਕੌਮਵਾਦ ਦਾ ਇਹ ਸਰੋਤ ਸਿੱਖ ਕੌਮ ਵਾਸਤੇ ਮਨੋਵਿਗਿਆਨਕ ਜੰਗ ਦਾ ਖਾਸ ਹਥਿਆਰ ਬਣ ਜਾਂਦਾ ਹੈ ਜਦੋਂ ਬ੍ਰਾਹਮਣਵਾਦੀ ਜਾਂ ਇਨ੍ਹਾਂ ਦੇ ਖਰੀਦੇ ਗਏ ਏਜੰਟ ਬੌਧਿਕ ਤੌਰ ਉਤੇ ਸਿੱਖ ਕੌਮ/ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੇ ਹਨ। ਇਸ ਗੱਲ ਤੋਂ ਸ਼ਾਇਦ ਹੀ ਕੋਈ ਸਿੱਖ ਇਨਕਾਰ ਕਰ ਸਕੇ ਕਿ ਉਨ੍ਹਾਂ ਦਾ ਵੰਸ਼ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਨਹੀਂ ਹੁੰਦਾ। ਸਿੱਖ ਕੌਮ ਇੱਕ ਵੱਡਾ ਪਰਿਵਾਰ ਹੈ ਜਿਸ ਦੇ ਮੁੱਖੀ ਗੁਰੂ ਨਾਨਕ ਸਾਹਿਬ ਹਨ ਅਤੇ ਮੌਜੂਦਾ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਦੀ ਪ੍ਰਤੀਨਿਧਤਾ ਕਰਦੇ ਹਨ। ਜਦੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਸਿੱਖ ਕੌਮ ਨੂੰ ਰਾਮ ਦੀ ਔਲਾਦ ਲਵਕੁਸ਼ ਦੀ ਵੰਸ਼ਜ ਦੱਸਦਾ ਹੈ ਤਾਂ ਸਿੱਖਾਂ ਨੂੰ ਬ੍ਰਾਹਮਣਵਾਦੀਆਂ ਵਲੋਂ ਸਿੱਖ ਕੌਮ/ ਧਰਮ ਵਿਰੁੱਧ ਵਿੱਢੀ ਮਨੋਵਿਗਿਆਨਕ ਜੰਗ ਦੀ ਤੀਬਰਤਾ ਅਤੇ ਤਿੱਖੇਪਣ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ।

ਕੌਮਵਾਦ ਦਾ ਤੀਜਾ ਸਰੋਤ ਸਾਂਝੀਆਂ ਇਤਿਹਾਸਕ ਯਾਦਾਂ ਹਨ। ਇਹ ਕਿਸੇ ਸਮੂਹ ਦੇ ਕੌਮੀ ਇਤਿਹਾਸ ਨਾਲ ਸਬੰਧਿਤ ਹੁੰਦੀਆਂ ਹਨ ਅਤੇ ਇਸ ਦੇ ਮੈਂਬਰਾਂ ਨੂੰ ਹਮੇਸ਼ਾਂ ਪ੍ਰੇਰਨਾ ਦਿੰਦੀਆਂ ਰਹਿੰਦੀਆਂ ਹਨ। ਇਤਿਹਾਸਕ ਯਾਦਾਂ ਕੌਮਾਂ ਨਾਲ ਸਬੰਧਿਤ ਕੁਝ ਪਰੰਪਰਾਵਾਂ ਅਤੇ ਪ੍ਰਸਿੱਧ ਹਸਤੀਆਂ (Legends) ਸਬੰਧੀ ਜਾਣਕਾਰੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਾਉਣ ਦੀਆਂ ਵਾਹਕ ਹੁੰਦੀਆਂ ਹਨ। ਇਤਿਹਾਸਕ ਯਾਦਾਂ ਕੌਮ ਦੇ ਮੈਂਬਰਾਂ ਵਿੱਚ ਸਾਂਝੀ ਹੋਣੀ (Destiny) ਹੋਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਤਿਹਾਸਕ ਯਾਦਾਂ ਇਹ ਵੀ ਤੈਅ ਕਰਦੀਆਂ ਹਨ ਕਿ ਕਿਹੜੀਆਂ ਕੌਮੀ ਹਸਤੀਆਂ ਯਾਦ ਕੀਤੇ ਜਾਣ ਯੋਗ ਹਨ ਜਾਂ ਨਕਾਰਨ ਯੋਗ ਹਨ। ਸਿੱਖ ਕੌਮ ਲਈ ਗੁਰੂ ਜੀਵਨ ਅਤੇ ਗੁਰਸਿੱਖਾਂ ਵਲੋਂ ਸਿਰਜਿਆ ਇਤਿਹਾਸ ਹਮੇਸ਼ਾਂ ਪ੍ਰੇਰਨਾ ਦਾ ਸੋਮਾ ਰਿਹਾ ਹੈ। ਮੌਜੂਦਾ ਸਮੇਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਬੰਧੀ ਕਾਂਗਰਸੀ ਏਜੰਟ ਅਤੇ ਹੋਰ ਗਲਤ-ਮਲਤ ਪ੍ਰਚਾਰ ਕਰਨ ਦਾ ਸਿੱਧਾ ਸੰਬੰਧ ਇਸ ਸਰੋਤ ਨਾਲ ਜਾ ਜੁੜਦਾ ਹੈ। ਬ੍ਰਾਹਮਣਵਾਦੀਆਂ ਦਾ ਪੂਰਾ ਜ਼ੋਰ ਇਸ ਗੱਲ ਉਤੇ ਲੱਗਿਆ ਹੋਇਆ ਹੈ ਕਿ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਦੀਆਂ ਸਾਂਝੀਆਂ ਇਤਿਹਾਸਕ ਯਾਦਾਂ ਵਿਚੋਂ ਸੰਤ ਜਰਨੈਲ ਸਿੰਘ ਅਤੇ ਉਹਨਾਂ ਨਾਲ ਸਬੰਧਿਤ ਪਰੰਪਰਾਵਾਂ ਨੂੰ ਨਕਾਰਨਯੋਗ ਹੱਦ ਤਕ ਮਿਟਾਇਆ ਜਾਵੇ।

ਅਗਲਾ ਮਹੱਤਵਪੂਰਨ ਸਰੋਤ ਸਭਿਆਚਾਰ ਹੈ। ਕਿਸੇ ਵੀ ਕੌਮ ਦਾ ਇੱਕ ਸਾਂਝਾ ਸਭਿਆਚਾਰ ਹੁੰਦਾ ਹੈ। ਉਂਝ ਸਭਿਆਚਾਰ ਵਿੱਚ ਖਾਣ-ਪਹਿਨਣ ਦੇ ਢੰਗ ਤਰੀਕੇ, ਸੰਗੀਤ, ਕਾਨੂੰਨ, ਪਰੰਪਰਾਵਾਂ, ਸੰਗਠਨ ਅਤੇ ਕਲਾਤਮਿਕਤਾ ਆਦਿ ਆ ਜਾਂਦੇ ਹਨ ਪਰ ਭਾਸ਼ਾ ਅਤੇ ਧਰਮ ਇਸ ਦੇ ਮੁੱਖ ਅੰਗ ਹਨ। ਪ੍ਰਸਿੱਧ ਭਾਸ਼ਾ ਵਿਗਿਆਨੀ ਹਰਡਰ (Herder) ਦੀ ਪਰੰਪਰਾ ਵਿਚ ਵਿਸਵਾਸ ਰੱਖਣ ਵਾਲੇ ਕਈ ਵਿਦਵਾਨ ਭਾਸਾਈ ਵੱਖਰਤਾ ਨੂੰ ਕੌਮੀ ਵੱਖਰੇਪਨ ਦਾ ਫੈਸਲਾਕੁੰਨ ਤੱਤ ਮੰਨਦੇ ਹਨ ਪਰ ਮੈਕਸ ਮੂਲਰ (Max Muller) ਨੇ ਇਸ ਮਾਨਤਾ ਦਾ ਖੰਡਨ ਕੀਤਾ ਹੈ। ਮੈਕਸ ਮੂਲਰ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਸਾਂਝੇ ਭਾਸ਼ਾਈ ਕੌਮੀ ਗਰੁੱਪਾਂ ਦੇ ਜਨਮ ਦਾ ਸਰੋਤ ਵੀ ਸਾਂਝਾ ਹੁੰਦਾ ਹੈ। ਕਈ ਕੌਮੀ ਗਰੁੱਪਾਂ ਦੀ ਇੱਕ ਸਾਂਝੀ ਭਾਸ਼ਾ ਹੋ ਸਕਦੀ ਹੈ ਪਰ ਧਾਰਮਕ ਤੌਰ ਉਤੇ ਇਹ ਅਲੱਗ-ਅਲੱਗ ਹੁੰਦੇ ਹਨ। ਇਥੇ ਵੀ ਗੁਰੂ ਸਾਹਿਬਾਨਾਂ ਨੇ ਭਾਸ਼ਾ ਅਤੇ ਧਰਮ ਦਾ ਸੋਹਣਾ ਸੁਮੇਲ ਕਰਵਾ ਕੇ ਸਿੱਖਾਂ ਨੂੰ ਇੱਕ ਵਿਲੱਖਣ ਕੌਮੀ ਪਛਾਣ ਦਾ ਆਧਾਰ ਦਿੱਤਾ ਹੈ। ਬ੍ਰਾਹਮਣਵਾਦੀ ਤਾਕਤਾਂ ਵਲੋਂ ਕੌਮਵਾਦ ਦੇ ਇਸ ਸਰੋਤ ਉਤੇ ਵੀ ਭਰਵੇਂ ਵਾਰ ਕੀਤੇ ਗਏ ਹਨ। ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਲਿਪੀ ਤੋੜਨ-ਮੋੜਨ ਦੇ ਯਤਨ ਹੁਣ ਗੁੱਝੇ ਨਹੀਂ ਰਹੇ ਹਨ। ਸਿੱਖ ਧਾਰਮਿਕ ਪਛਾਣ ਖੁੰਡੀ ਕਰਨ ਲਈ ਬ੍ਰਾਹਮਣਵਾਦੀ ਲਗਾਤਾਰ ਯਤਨਸ਼ੀਲ ਹਨ।

ਕਿਸੇ ਖਾਸ ਭੂ-ਖੇਤਰ ਨਾਲ ਪਿਆਰ ਅਤੇ ਲਗਾਅ ਵੀ ਕੌਮਵਾਦ ਦਾ ਵੱਡਾ ਸਰੋਤ ਹੁੰਦਾ ਹੈ। ਇਹ ਇੱਕ ਚਿੰਨਾਤਮਕ (Symbolic) ਸਬੰਧ ਹੈ। ਹਰੇਕ ਕੌਮ ਦੀ ਹੋਂਦ ਲਈ ਇਕ ਖਾਸ ਭੂ-ਖੇਤਰ ਨਾਲ ਲਗਾਅ ਹੋਣਾ ਜ਼ਰੂਰੀ ਹੁੰਦਾ ਹੈ। ਮਨੁੱਖ ਜਿਸ ਧਰਤੀ ਉਤੇ ਜਨਮ ਲੈਂਦਾ ਹੈ ਅਤੇ ਜਿਸ ਨਾਲ ਇਸ ਦੀ ਕੌਮ ਨਾਲ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ, ਹਾਰਾਂ-ਜਿੱਤਾਂ ਆਦਿ ਜੁੜੀਆਂ ਹੁੰਦੀਆਂ ਹਨ ਉਹ ਧਰਤੀ ਉਸ ਲਈ ਪਵਿੱਤਰ ਹੁੰਦੀ ਹੈ। ਜੋਹਨ ਆਰਮਸਟਰੋਂਗ (John A. Armstrong) ਅਨੁਸਾਰ ਕੌਮ ਲਈ ਆਪਣੀ ਮਾਤ ਭੋਂਇ ਉਤੇ ਅਧਿਕਾਰ ਜਾਂ ਕਬਜ਼ਾ ਹੋਣਾ ਇੰਨਾ ਮਹੱਤਵਪੂਰਨ ਨਹੀਂ ਹੁੰਦਾ ਜਿੰਨਾ ਕੌਮ ਦੇ ਮੈਂਬਰਾਂ ਵਿਚਕਾਰ ਇਸ ਤੋਂ ਦੂਰ ਰਹਿੰਦਿਆਂ ਹੋਇਆ ਵੀ ਇਸ (ਮਾਂ-ਧਰਤੀ) ਨਾਲ ਲਗਾਅ ਅਤੇ ਪਿਆਰ ਦੀ ਭਾਵਨਾ ਦਾ ਹੋਣਾ ਹੈ। ਸਿੱਖਾਂ ਦਾ ਪੰਜਾਬ ਦੀ ਧਰਤੀ ਨਾਲ ਇੱਕ ਵਿਲੱਖਣ ਰਿਸ਼ਤਾ ਹੈ। ਸਿੱਖ ਕੌਮ ਦੇ ਵੰਸ਼ਜ ਗੁਰੂ ਨਾਨਕ ਸਾਹਿਬ ਇਸੇ ਧਰਤੀ ਉਤੇ ਪੈਦਾ ਹੋਏ ਹਨ। ਦੂਜੇ ਗੁਰੂ ਸਾਹਿਬਾਨਾਂ ਵਲੋਂ ਵੀ ਸਿੱਖਾਂ ਇਕ ਕੌਮ ਵਜੋਂ ਵਿਕਸਿਤ ਕਰਨ ਲਈ ਜ਼ਬਰਦਸਤ ਯਤਨ ਇਸੇ ਧਰਤੀ ਤੇ ਕੀਤੇ ਗਏ। ਬਹੁਤ ਸਾਰਾ ਸਿੱਖ ਇਤਿਹਾਸ ਪੰਜਾਬ ਦੀ ਧਰਤੀ ਉਤੇ ਰਚਿਆ ਗਿਆ। ਸਿੱਖ ਕੌਮ ਦੀ ਪੰਜਾਬ ਦੀ ਧਰਤੀ ਨਾਲ ਇਤਿਹਾਸਕ ਸਾਂਝ ਹੈ। ਅੱਜ ਸਿੱਖ ਭਾਵੇਂ ਜਿਸ ਵੀ ਦੇਸ਼ ਵਿਚ ਬੈਠੇ ਹੋਣ ਪੰਜਾਬ ਲਈ ਉਨ੍ਹਾਂ ਦਾ ਦਿੱਲ ਧੜਕਦਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਇਨ੍ਹਾਂ ਸਿੱਖਾਂ ਵਲੋਂ ਪਾਏ ਜਾ ਰਹੇ ਯੋਗਦਾਨ ਆਪਣੀ ਮਾਤਭੂਮੀ ਨਾਲ ਅਟੁੱਟ ਲਗਾਅ ਦੇ ਸੰਦਰਭ ਵੀ ਵੇਖਿਆ ਜਾ ਸਕਦਾ ਹੈ। ਕਈ ਵਾਰ ਪੰਜਾਬ ਵਿਚ ਵਾਪਰੀ ਘਟਨਾ ਬਾਰੇ ਬਾਹਰਲੇ ਭੂਹੇਰਵੇ ਕਾਰਨ ਜ਼ਿਆਦਾ ਚਿੰਤਤ ਹੁੰਦੇ ਹਨ।

ਕੌਮੀ ਭਾਈਚਾਰੇ ਦੀ ਭਾਵਨਾ ਵੀ ਕੌਮਵਾਦ ਦਾ ਖਾਸ ਸਰੋਤ ਹੁੰਦੀ ਹੈ। ਕੌਮ ਦੇ ਸਾਰੇ ਮੈਂਬਰਾਂ ਵਿਚ ਭਾਵੇਂ ਇਹ ਘੱਟ ਵੱਧ ਹੋ ਸਕਦੀ ਹੈ ਪਰ ਇਹ ਕੌਮ ਵਿੱਚ ਆਪਸੀ ਪਿਆਰ ਅਤੇ ਲਗਾਅ ਪੈਦਾ ਕਰਦੀ ਹੈ। ਕਈ ਵਾਰ ਜਦੋਂ ਵਿਰੋਧੀ ਕੌਮ ਵਲੋਂ ਹਮਲੇ ਵਿੱਢੇ ਜਾਂਦੇ ਹਨ ਤਾਂ ਕੌਮੀ ਭਾਈਚਾਰੇ ਦੀ ਭਾਵਨਾ ਨਾਲ ਵੱਡੀ ਗਿਣਤੀ ਕੌਮੀ ਮੈਂਬਰ ਇਸ ਦੇ ਮੁਕਾਬਲੇ ਲਈ ਤਿਆਰ ਹੋ ਜਾਂਦੇ ਹਨ ਅਤੇ ਇਥੋਂ ਤਕ ਕਿ ਕੌਮੀ-ਗੌਰਵ ਦੀ ਰਾਖੀ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਜਾਂਦੇ ਹਨ।(ਸੰਪਾਦਕੀ ਟਿੱਪਣੀ : ਸੌਦਾ ਸਾਧ ਵਲੋਂ ਸਿੱਖ ਕੌਮ ਨੂੰ ਪਾਈ ਗਈ ਵੰਗਾਰ ਬਾਅਦ ਉਪਜੇ ਮਾਹੌਲ ਸਮੇਂ ਇਹ ਇਹ ਭਾਵਨਾ ਸਮੁੱਚੀ ਕੌਮ ਵਿੱਚੋਂ ੳਾਪ ਮੁਹਾਰੇ ਫ਼ੁਟਦੀ ਵੇਖੀ ਗਈ) ਬ੍ਰਾਹਮਣਵਾਦੀਆਂ ਵਲੋਂ ਸਿੱਖ ਕੌਮ ਦੇ ਅੰਦਰੂਨੀ ਭਾਈਚਾਰੇ ਤੋੜਨ ਦੀਆਂ ਚਾਲਾਂ ਲਗਾਤਾਰ ਜਾਰੀ ਰਹੀਆਂ ਹਨ। ਇਸ ਕੰਮ ਲਈ ਸਿੱਖ ਲੀਡਰਾਂ, ਬੁੱਧੀਜੀਵੀਆਂ ਅਤੇ ਧਾਰਮਿਕ ਮੁੱਖੀਆਂ ਦੀਆਂ ਸੇਵਾਵਾਂ ਖਰੀਦਣ ਦਾ ਰਾਜ ਛੁਪਿਆ ਨਹੀਂ ਰਿਹਾ ਹੈ। ਪੰਜਾਬੀ ਬੋਲੀ ਪ੍ਰਤੀ ਫਿਰਕਾਪ੍ਰਸਤੀ ਅਤੇ ਇਸਦੀ ਪੜ੍ਹਾਈ ਬਾਰੇ ਵਿਰੋਧ ਵਿਚ ਹੋ ਰਿਹਾ ਕੰਮ ਇਸੇ ਗੱਲ ਦਾ ਹੀ ਸਬੂਤ ਹੈ।

ਮੌਜੂਦਾ ਸਮੇਂ ਵਿਚ ਸਿੱਖ ਸਮਾਜ ਵਿਚ ਕਾਫ਼ੀ ਕਮਜ਼ੋਰੀਆਂ ਆ ਗਈਆਂ ਹਨ ਪਰ ਫਿਰ ਵੀ ਗੁਰੂ ਦੇ ਪੰਥ ਪ੍ਰਤੀ ਸਿੱਖਾਂ ਅੰਦਰ ਅਪਾਰ ਸ਼ਰਧਾ ਹੈ। ਪੰਥ ਦੀ ਪਰੰਪਰਾ ਡੂੰਘੀਆਂ ਸਿੱਖ ਧਾਰਮਿਕ ਕਦਰਾਂ ਕੀਮਤਾਂ ਨਾਲ ਜੁੜੀ ਹੋਈ ਹੈ। ਪੰਥ ਦੀ ਭਾਵਨਾ ਸਿੱਖ ਕੌਮੀ ਮਨ ਅੰਦਰ ਇੰਨੀ ਡੂੰਘੀ ਹੈ ਕਿ ਇਕ ਅੰਗਰੇਜ਼ ਲੇਖਕ ਜੌਰਜ ਫੋਸਟਰ (George Foster) ਜੋ ਕਿ ਅਠਾਰਵੀਂ ਸਦੀ ਦੇ ਅਖੀਰ ਵਿੱਚ ਪੰਜਾਬ ਆਇਆ ਸੀ ਇਸ ਸਬੰਧੀ ਲਿਖਦਾ ਹੈ, ਮੈ ਇੱਕ ਸਿੱਖ ਨੇ ਕਿਹਾ ਕਿ ਉਹ ਦੁਨਿਆਵੀ ਉੱਚਤਾ ਜਾਂ ਤਾਕਤ ਨੂੰ ਨਫ਼ਰਤ ਕਰਦਾ ਹੈ ਅਤੇ ਆਪਣੇ ਗੁਰੂ ਦੇ ਮਾਲਕ (ਭਾਵ ਅਕਾਲ ਪੁਰਖ) ਤੋਂ ਇਲਾਵਾ ਕਿਸੇ ਨੂੰ ਮਾਨਤਾ ਨਹੀਂ ਦਿੰਦਾ। ਪੰਥ ਦੀ ਸਾਰੇ ਸਿੱਖਾਂ ਦੇ ਇਕੋ ਗੁਰੂ ਦੇ ਪੁੱਤਰ ਹੋਣ ਦੀ ਮਾਨਤਾ ਨੇ ਹੀ ਲੰਮੇ ਸਮੇਂ ਤੋਂ ਆਗੂ ਵਿਹੂਣੀ ਕੌਮ ਅਜੇ ਤਕ ਤਿੱਖੇ ਅਤੇ ਤਾਕਤਵਰ ਬੌਧਿਕ ਬ੍ਰਾਹਮਣਵਾਦੀ ਹਮਲੇ ਤੋਂ ਕੌਮ ਨੂੰ ਬਚਾਇਆ ਹੋਇਆ ਹੈ। ਪੰਥ ਦੀਆਂ ਮਨੁੱਖੀ ਬਰਾਬਰੀ ਦੀਆਂ ਸ਼ਾਨਦਾਰ ਰਿਵਾਇਤਾਂ ਜਿਵੇਂ ਲੰਗਰ ਅਤੇ ਸੰਗਤ ਨੇ ਵੱਡੀ ਪੱਧਰ ਉਤੇ ਬ੍ਰਾਹਮਣ ਦੇ ਮਨੁੱਖੀ ਨਫ਼ਰਤ ਅਤੇ ਲੁੱਟ-ਖਸੁੱਟ ਉਤੇ ਅਧਾਰਿਤ ਜਾਤ-ਪਾਤ ਸਿਸਟਮ ਨੂੰ ਵੱਡੀ ਸੱਟ ਮਾਰੀ ਹੈ ਅਤੇ ਖਾੜਕੂ ਲਹਿਰ ਨੇ ਵੀ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਤੋਂ ਸਿੱਖ ਕੌਮ ਦੀ ਡੂੰਘੀ ਸਮਾਜਕ ਵਿੱਥ ਨੂੰ ਉਭਾਰਿਆ ਹੈ। ਪੰਥ ਦੀਆਂ ਇਨ੍ਹਾ ਪਰੰਪਰਾਵਾਂ ਕਰਕੇ ਪੰਜਾਬ ਵਿਚ ਜ਼ਾਤ-ਪਾਤ ਦਾ ਜ਼ੋਰ ਦੂਜੇ ਭਾਰਤੀ ਰਾਜਾਂ ਨਾਲੋਂ ਘੱਟ ਹੈ। ਸਿੱਖ ਪੰਥ ਵਲੋਂ ਪ੍ਰਚਾਰੀਆਂ ਅਤੇ ਅਪਣਾਈਆਂ ਸਿੱਖ ਕਦਰਾਂ-ਕੀਮਤਾਂ ਨੇ ਬ੍ਰਾਹਮਣਵਾਦੀ ਸਮਾਜਕ ਸਿਸਟਮ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਬ੍ਰਾਹਮਣਵਾਦੀਆਂ ਵਲੋਂ ਪੰਥਕ ਭਾਵਨਾ ਅਤੇ ਰਿਵਾਇਤਾਂ ਉਤੇ ਹਮਲਾ ਕਰਨ ਦਾ ਇਹ ਵੱਡਾ ਕਾਰਨ ਹੈ। ਡੇਰੇਦਾਰਾਂ ਅਤੇ ਦੇਹਧਾਰੀ ਗੁਰੂਆਂ ਦੀਆਂ ਪੰਜਾਬ ਵਿੱਚ ਵਿਚਰਦੀਆਂ ਧਾੜਾਂ ਇਸੇ ਵਰਤਾਰੇ ਦੀ ਮੂੰਹ ਬੋਲਦੀ ਉਦਾਹਰਨ ਹੈ।

ਉਪਰੋਕਤ ਵਿਚਾਰਧਾਰਾ ਤੋਂ ਸਪੱਸ਼ਟ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਵਲੋਂ ਸਿੱਖ ਸਿਧਾਤਾਂ ਉਤੇ ਵਿੱਢਿਆ ਗਿਆ ਮਨੋਵਿਗਿਆਨਕ ਹਮਲਾ ਇੰਨਾ ਗੰਭੀਰ ਅਤੇ ਮਹੀਨ ਹੈ ਕਿ ਸਿੱਖ ਕੌਮਵਾਦ ਦਾ ਕੋਈ ਵੀ ਅਜਿਹਾ ਸਰੋਤ ਨਹੀਂ ਬਚਿਆ ਹੈ ਜਿਸ ਉਤੇ ਡੂੰਘੀ ਸੱਟ ਨਾ ਮਾਰੀ ਗਈ ਹੋਵੇ। ਸਿੱਧੇ ਫੌਜੀ ਹਮਲੇ ਨਾਲੋਂ ਅਜਿਹਾ ਮਨੋਵਿਗਿਆਨਕ ਪੈਂਤੜਾ ਬੇਹੱਦ ਨੁਕਸਾਨਦਾਇਕ ਹੁੰਦਾ ਹੈ। ਬ੍ਰਾਹਮਣਵਾਦ ਇਸੇ ਪੈਂਤੜੇ ਦੀ ਵਰਤੋਂ ਕਰਕੇ ਪਹਿਲਾਂ ਬੋਧੀਆਂ ਅਤੇ ਜੈਨੀਆਂ ਦਾ ਨਾਮੋਨਿਸ਼ਾਨ ਮਿਟਾ ਚੁੱਕਾ ਹੈ। ਸਿੱਖ ਕੌਮ ਲਈ ਜ਼ਰੂਰੀ ਹੈ ਕਿ ਸਾਰੇ ਮੈਂਬਰ ਆਪਣੇ ਕੌਮੀ ਸਿਧਾਤਾਂ ਸੰਬੰਧੀ ਚੇਤੰਨ ਹੋਣ ਨਹੀਂ ਤਾਂ ਆਉਣ ਵਾਲੇ ਇਤਿਹਾਸ ਵਿਚ ਬ੍ਰਾਹਮਣਵਾਦ ਹੱਥੋਂ ਮਰਮੁੱਕ ਜਾਣ ਵਾਲੇ ਬੋਧੀਆਂ ਅਤੇ ਜੈਨੀਆਂ ਨਾਲ ਸਿੱਖ ਵੀ ਸ਼ੁਮਾਰ ਹੋਣਗੇ। ਸਿੱਖ ਕੌਮ ਦੇ ਜਾਗਦੇ ਬੌਧਿਕ ਹਿੱਸਿਆਂ ਲਈ ਇਹ ਜੀਣ-ਮਰਨ ਦਾ ਮੁੱਦਾ ਹੈ।