Thursday, May 5, 2011

ਇਸਲਾਮਿਕ ਜਿਹਾਦ ਬਨਾਮ ਈਸਾਈ ਕਰੂਸੇਡਰ ਮਨੋਬਿਰਤੀ

ਇਸ ਵੇਲੇ ਸਾਡੀ ਧਰਤੀ 'ਤੇ 7 ਬਿਲੀਅਨ ਦੇ ਲਗਭਗ ਲੋਕ ਵਸਦੇ ਹਨ, ਜਿਨ੍ਹਾਂ ਵਿੱਚੋਂ ਲਗਭਗ ਅੱਧੀ ਅਬਾਦੀ ਈਸਾਈ ਤੇ ਇਸਲਾਮਿਕ ਧਰਮਾਂ ਨੂੰ ਮੰਨਣ ਵਾਲਿਆਂ ਦੀ ਹੈ। ਸੱਤ-ਅੱਠ ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ ਵਿੱਚ ਈਸਾਈਅਤ ਲਗਭਗ 2000 ਸਾਲ ਪੁਰਾਣੀ ਹੈ ਜਦੋਂ ਕਿ ਇਸਲਾਮ 1400 ਸਾਲ ਦੇ ਕਰੀਬ ਆਪਣੀ ਹੋਂਦ ਰੱਖਦਾ ਹੈ। ਇਨ੍ਹਾਂ ਦੋਹਾਂ ਪ੍ਰਮੁੱਖ ਧਰਮਾਂ ਦੇ ਬਾਨੀ ਮੱਧ ਏਸ਼ੀਆ ਵਿੱਚ ਜੰਮੇ ਅਤੇ ਦੋਹਾਂ ਧਰਮਾਂ ਨੇ ਰਾਜ ਸ਼ਕਤੀ ਦੀ ਵਰਤੋਂ ਨਾਲ ਆਪਣੇ-ਆਪਣੇ ਧਰਮਾਂ ਦਾ ਬੜੀ ਤੇਜ਼ੀ ਨਾਲ ਪ੍ਰਚਾਰ-ਪ੍ਰਸਾਰ ਕੀਤਾ। ਮੁੱਢਲੀਆਂ ਕੁਝ ਸਦੀਆਂ ਦੇ ਟਕਰਾਅ ਤੋਂ ਬਾਅਦ ਇਸਲਾਮ ਨੇ ਮੱਧ-ਏਸ਼ੀਆ ਨੂੰ ਆਪਣੀ ਜਕੜ ਵਿੱਚ ਲੈ ਲਿਆ ਜਦੋਂ ਕਿ ਇਸਾਈ ਧਰਮ, ਯੂਰੋਪੀਅਨ ਮਹਾਂਦੀਪ ਨੂੰ ਕਾਬੂ ਕਰਣ ਵਿੱਚ ਸਫਲ ਰਿਹਾ। ਮੱਧ-ਏਸ਼ੀਆ ਨੂੰ 'ਇਸਾਈ ਕਬਜ਼ੇ' ਵਿੱਚ ਲਿਆਉਣ ਲਈ ਸੰਨ1095 ਤੋਂ ਯੂਰਪ ਤੋਂ ਹਥਿਆਰਬੰਦ ਇਸਾਈ ਯੋਧਿਆਂ (ਜਿਨ੍ਹਾਂ ਦੀ ਅਗਵਾਈ ਰੋਮਨ ਕੈਥੋਲਿਕ ਸਾਮਰਾਜ ਕਰਦਾ ਸੀ) ਦੇ ਦਲ, ਮੱਧ ਏਸ਼ੀਆ ਤੇ ਲਗਾਤਾਰਤਾ ਨਾਲ ਹਮਲਾਵਰ ਰਹੇ, ਜਿਨ੍ਹਾਂ ਹਮਲਿਆਂ ਨੂੰ ਇਤਿਹਾਸ ਵਿੱਚ -ਕਰੂਸੇਡਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹੋ ਜਿਹੀਆਂ ਲਗਭਗ 9 ਕਰੂਸੇਡਜ਼ ਹੋਈਆਂ, ਜਿਨ੍ਹਾਂ ਦਾ ਸਮਾਂ-ਪਸਾਰਾ 600 ਸਾਲ ਦੇ ਲਗਭਗ (1095 ਤੋਂ ਸੋਲਵੀਂ ਸਦੀ ਤੱਕ) ਬਣਦਾ ਹੈ। ਇਨ੍ਹਾਂ ਕਰੂਸੇਡਜ਼ ਵਿੱਚੋਂ ਮੁੱਢਲੀਆਂ ਕਰੂਸੇਡਜ਼ ਕਾਮਯਾਬ ਰਹੀਆਂ ਅਤੇ ਮੱਧ ਏਸ਼ੀਆ, ਯੂਰੋਪੀਅਨ ਇਸਾਈਆਂ ਦੇ ਕਬਜ਼ੇ ਵਿੱਚ ਰਿਹਾ। ਪਰ ਫੇਰ ਮੁਸਲਮਾਨਾਂ ਨੇ ਸਲਾਦੀਨ (12ਵੀਂ ਸਦੀ ਦਾ ਯੋਧਾ) ਦੀ ਅਗਵਾਈ ਵਿੱਚ, ਇਤਿਹਾਸ ਨੂੰ ਪੁੱਠਾ ਗੇੜ ਦੇਂਦਿਆਂ, ਕਰੂਸੇਡਜ਼ ਨੂੰ ਖਦੇੜਿਆ। ਪਰ ਅਗਲੀਆਂ 5-6 ਸਦੀਆਂ ਈਸਾਈਆਂ ਤੇ ਮੁਸਲਮਾਨਾਂ ਵਿੱਚ, ਭਾਰੀ ਖੂਨ ਖਰਾਬੇ ਦੀਆਂ ਰਹੀਆਂ। ਦੋਹਾਂ ਧਰਮਾਂ ਦੇ ਪੈਰੋਕਾਰ ਇਸ ਖੂਨੀ ਇਤਿਹਾਸ ਦੀ ਮਨੋਬਿਰਤੀ ਨਾਲ 18ਵੀਂ ਸਦੀ ਵਿੱਚ ਦਾਖਲ ਹੋਏ।

18ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਆਈ, ਜਿਸ ਦਾ ਮੋਢੀ ਦੇਸ਼ ਇੰਗਲੈਂਡ ਅਤੇ ਫਿਰ ਯੂਰਪੀਅਨ ਮਹਾਂਦੀਪ ਬਣਿਆ। ਇਸ ਕ੍ਰਾਂਤੀ ਦਾ ਮਤਲਬ ਸੀ - ਖੇਤੀਬਾੜੀ, ਫੈਕਟਰੀਆਂ (ਉਦਯੋਗੀਕਰਨ), ਮਾਈਨਿੰਗ, ਟਰਾਂਸਪੋਰਟੇਸ਼ਨ ਅਤੇ ਤਕਨੀਕੀ ਗਿਆਨ (ਟੈਕਨਾਲੌਜੀ) ਦਾ ਭਾਰੀ ਵਿਕਾਸ। ਇਸ ਕ੍ਰਾਂਤੀ ਵਿੱਚ, ਇਸਲਾਮਿਕ ਜਗਤ ਪੱਛੜ ਗਿਆ ਅਤੇ ਇਸ ਤਰ੍ਹਾਂ ਵਿਗਿਆਨ ਦੇ ਸਹਾਰੇ, ਯੂਰਪ ਨੇ ਕੁਲ ਦੁਨੀਆ ਤੇ ਆਪਣੀ ਸਰਦਾਰੀ ਕਾਇਮ ਕਰ ਲਈ। 19ਵੀਂ ਸਦੀ ਦੇ ਅਖੀਰ ਵਿੱਚ, ਜਦੋਂ ਧਰਤੀ ਹੇਠਲੇ 'ਤੇਲ' ਦੀ, ਤਵਾਨਾਈ (ਐਨਰਜੀ) ਵਜੋਂ ਖੋਜ ਹੋਈ ਤਾਂ ਫਿਰ ਇਸਲਾਮਿਕ ਦੇਸ਼ਾਂ ਦੀ ਅਹਿਮੀਅਤ ਵਧਣ ਲੱਗੀ। ਅੱਜ ਹਕੀਕਤ ਇਹ ਹੈ ਕਿ ਦੁਨੀਆ ਭਰ ਵਿੱਚ ਮੌਜੂਦ ਤਵਾਨਾਈ ਦੇ ਸਾਧਨਾਂ ਵਿੱਚੋਂ 75ਫੀ ਸਦੀ ਦੇ ਮਾਲਕ ਮੁਸਲਮਾਨ ਦੇਸ਼ ਹਨ। 20ਵੀਂ ਸਦੀ ਦੇ ਟਕਰਾਅ ਵਿੱਚ, ਭਾਵੇਂ ਮਨੋਬਿਰਤੀਆਂ 11ਵੀਂ ਸਦੀ ਵਾਲੀਆਂ ਹੀ ਹਨ ਪਰ ਮੁੱਖ ਝਗੜਾ ਤਵਾਨਾਈ ਸਾਧਨਾਂ ਦਾ ਹੈ।

11 ਸਤੰਬਰ, 2001 ਨੂੰ ਵਿਸ਼ਵ ਵਪਾਰ ਕੇਂਦਰ, ਨਿਊਯਾਰਕ ਅਤੇ ਪੈਂਟਾਗਨ (ਵਰਜੀਨੀਆ) 'ਤੇ ਹੋਏ ਨਿੰਦਣਯੋਗ ਦਹਿਸ਼ਤਗਰਦੀ ਹਮਲੇ (ਜਿਨ੍ਹਾਂ ਵਿੱਚ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ), ਅਫਗਾਨਿਸਤਾਨ ਤੇ ਇਰਾਕ ਵਿੱਚ ਪਿਛਲੇ ਦਸਾਂ ਸਾਲਾਂ ਤੋਂ ਚੱਲ ਰਹੀਆਂ ਖੂਨੀ ਜੰਗਾਂ, ਇਨ੍ਹਾਂ ਵਰ੍ਹਿਆਂ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਪਰੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਅਤੇ ਪਹਿਲੀ ਮਈ, 2011 ਨੂੰ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿੱਚ ਬਿਨ ਲਾਦੇਨ (ਜਿਸ ਨੇ ਓਸਾਮਾ ਯਾਨੀ ਕਿ ਸ਼ੇਰ ਦਾ ਟਾਈਟਲ ਆਪਣੇ ਨਾਂ ਨਾਲ ਜੋੜਿਆ ਹੋਇਆ ਸੀ) ਦੇ ਮਾਰੇ ਜਾਣ 'ਤੇ ਨਾਰਥ ਅਮਰੀਰਕਾ, ਯੂਰਪ ਅਤੇ ਹੋਰ ਪੱਛਮੀ ਪ੍ਰਭਾਵ ਵਾਲੇ ਦੇਸ਼ਾਂ ਵਿੱਚ ਮਨਾਏ ਜਾ ਰਹੇ ਜਸ਼ਨਾਂ ਦੀ ਮਾਨਸਿਕਤਾ ਨੂੰ, ਕਰੂਸੇਡਜ਼ ਅਤੇ ਜਿੱਹਾਦ ਦੇ ਪਿਛੋਕੜ ਨੂੰ ਸਮਝੇ ਬਿਨਾਂ ਸਮਝਣਾ ਲਗਭਗ ਨਾ-ਮੁਮਕਿਨ ਹੈ।

ਓਸਾਮਾ ਬਿਨ ਲਾਦੇਨ ਨੂੰ, ਆਪਣੇ ਧਨੀ ਪਿਤਾ ਦੇ 32 ਬੱਚਿਆਂ ਵਿੱਚ, 17ਵੇਂ ਪੁੱਤਰ ਦੀ ਥਾਂ ਹਾਸਲ ਸੀ। ਪਰ ਭਰ ਜਵਾਨੀ ਵਿੱਚ ਉਹ ਇਸਲਾਮਿਕ ਜਿਹਾਦ ਵੱਲ ਖਿੱਚਿਆ ਗਿਆ ਅਤੇ ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਹੇ ਅਫਗਾਨ ਮੁਜਾਹਿਦੀਨਾਂ (ਜਿਨ੍ਹਾਂ ਨੂੰ ਅਮਰੀਕਾ ਦੀ ਸਰਪ੍ਰਸਤੀ ਹਾਸਲ ਸੀ) ਦੀ ਵਹੀਰ ਵਿੱਚ ਸ਼ਾਮਲ ਹੋ ਗਿਆ। ਅਮਰੀਕਾ ਨੇ ਨਾ ਸਿਰਫ ਇਹ ਜੰਗ ਜਿੱਤੀ ਬਲਕਿ ਇਸ ਲੜਾਈ ਨੇ ਸੋਵੀਅਤ ਯੂਨੀਅਨ ਦੇਸ਼ ਨੂੰ 15 ਟੁਕੜਿਆਂ ਵਿੱਚ ਵੰਡ ਦਿੱਤਾ। ਓਸਾਮਾ ਦਾ ਅਮਰੀਕਾ ਤੋਂ ਮੋਹ ਭੰਗ ਹੋ ਗਿਆ ਅਤੇ ਉਹ 'ਇਸਲਾਮਿਕ ਕਦਰਾਂ-ਕੀਮਤਾਂ 'ਤੇ ਅਧਾਰਤ ਸਮਾਜ' (ਭਾਵ ਕੁਲ ਦੁਨੀਆ ਨੂੰ ਜਿਹਾਦ ਰਾਹੀਂ ਇਸਲਾਮ ਦੇ ਘੇਰੇ ਵਿੱਚ ਲਿਆਉਣਾ) ਦੀ ਸਿਰਜਣਾ ਲਈ 'ਅਲਕਾਇਦਾ' ਨਾਂ ਦੀ ਜਥੇਬੰਦੀ ਦਾ ਬਾਨੀ ਬਣ ਗਿਆ। ਉਸ ਨੇ ਸ਼ਾਇਦ ਇਸਲਾਮਿਕ ਇਤਿਹਾਸ ਦਾ 'ਸਲਾਦੀਨ' ਬਣਨ ਦਾ ਸੁਪਨਾ ਦੇਖਿਆ ਤਾਂ ਕਿ ਉਹ ਮੁੜ ਇਸਲਾਮ ਦੀ ਪ੍ਰਭੁਤਾ ਤੇ ਗਰਿਮਾ ਨੂੰ ਬਹਾਲ ਕਰ ਸਕੇ। 11 ਸਤੰਬਰ, 2001 ਦੇ ਦਹਿਸ਼ਤਗਰਦੀ ਹਮਲਿਆਂ ਨੇ, ਉਸ ਨੂੰ ਇਤਿਹਾਸ ਦੇ ਉਸ ਵਿਅਕਤੀ ਵਜੋਂ ਮੂਹਰੇ ਲਿਆਂਦਾ, ਜਿਹੜਾ ਕਿ ਇੱਕ ਵਰਗ ਦਾ ਖਲਨਾਇਕ ਸੀ ਜਦੋਂਕਿ ਦੂਸਰਾ ਵਰਗ, ਕਿਤੇ ਨਾ ਕਿਤੇ ਉਸ ਪ੍ਰਤੀ ਨਰਮ-ਗੋਸ਼ਾ ਰੱਖਦਾ ਸੀ, ਭਾਵੇਂ ਉਹ ਇਸ ਨੂੰ ਸ਼ਬਦਾਂ ਵਿੱਚ ਕਹਿਣ ਦੀ ਹਿੰਮਤ ਨਾ ਵੀ ਰੱਖਦੇ ਹੋਣ।

ਦਿਲਚਸਪ ਗੱਲ ਇਹ ਹੈ ਕਿ 2001 ਵਿੱਚ ਦਹਿਸ਼ਤਗਰਦ ਹਮਲਿਆਂ ਤੋਂ ਬਾਅਦ ਅਮਰੀਕੀ ਪ੍ਰਧਾਨ ਬੁਸ਼ ਨੇ, ਆਪਣੇ ਦੇਸ਼ਵਾਸੀਆਂ ਨੂੰ ਸੰਬੋਧਤ ਹੁੰਦਿਆਂ, ਦਹਿਸ਼ਤਗਰਦੀ ਦੇ ਖਿਲਾਫ ਕਰੂਸੇਡ ਕਰਨ ਦੀ ਸ਼ਬਦਾਵਲੀ ਵਰਤੀ, ਜਿਸ ਦਾ ਸਬੰਧ ਸਿੱਧੇ ਤੌਰ 'ਤੇ 11ਵੀਂ ਸਦੀ ਦੀ ਈਸਾਈ ਮਾਨਸਿਕਤਾ ਨਾਲ ਸੀ। ਸਮੁੱਚੀਆਂ ਯੂਰਪੀਅਨ ਸ਼ਕਤੀਆਂ (ਨੈਟੋ ਦੀ ਕਮਾਂਡ ਹੇਠ) ਨੇ, ਇਸ ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ, ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜਿਆ। ਦੂਸਰੀ ਗੱਲ ਪ੍ਰਧਾਨ ਬੁਸ਼ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ, ਦੋਹਾਂ ਜੰਗਜ਼ੂ ਧਿਰਾਂ (ਜਿਹਾਦੀ ਤੇ ਕਰੂਸੇਡਰਜ਼) ਤੋਂ ਬਾਕੀ ਬਚੀਆਂ ਧਿਰਾਂ ਨੂੰ ਕਹੀ ਕਿ 'ਤੁਸੀਂ ਸਾਡੇ ਨਾਲ ਹੋ, ਜਾਂ ਸਾਡੇ ਵਿਰੁੱਧ ਹੋ, ਇਸ ਦਾ ਤੁਹਾਨੂੰ ਫੈਸਲਾ ਕਰਨਾ ਪਵੇਗਾ।' (Either you are with us or against us)। ਪਿਛਲੇ ਲਗਭਗ 10 ਸਾਲਾਂ ਤੋਂ ਦੁਨੀਆ ਦੀ ਬਹੁਗਿਣਤੀ, ਉਪਰੋਕਤ ਧਿਰਾਂ ਦੀ ਕਸ਼ਮਕਸ਼ ਦੇ ਵਿਚਕਾਰ ਸੈਂਡਵਿਚ ਬਣੀ ਹੋਈ, ਸੱਚ ਨੂੰ ਸੱਚ ਕਹਿਣ ਤੋਂ ਵੀ ਕੰਨ ਭੰਨਦੀ ਹੈ।

ਪਿਛਲੇ ਦਿਨਾਂ ਤੋਂ ਮੀਡੀਏ (ਪ੍ਰਿੰਟ ਤੇ ਇਲੈਕਟ੍ਰਾਨਿਕ) ਵਿੱਚ ਪਿਛਲੇ ਦਸਾਂ ਵਰ੍ਹਿਆਂ ਦੇ ਘਟਨਾਕ੍ਰਮ (ਬਿਨ ਲਾਦੇਨ ਦੇ ਮਾਰੇ ਜਾਣ ਦੀਆਂ ਪ੍ਰਸਥਿਤੀਆਂ ਸਮੇਤ) ਸਬੰਧੀ ਬਹੁਤ ਕੁਝ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਲਈ ਅਸੀਂ ਇਨ੍ਹਾਂ ਵੇਰਵਿਆਂ ਦੇ ਦੋਹਰਾਅ ਵਿੱਚ ਪਏ ਬਿਨਾਂ, ਇਸ 'ਟਕਰਾਅ' ਦੇ ਇਤਿਹਾਸਕ, ਮਨੋਵਿਗਿਆਨਕ, ਆਰਥਿਕ, ਧਾਰਮਿਕ ਅਤੇ ਰਾਜਸੀ ਪਿਛੋਕੜ ਨੂੰ ਪਾਠਕਾਂ ਨਾਲ ਸਾਂਝਾ ਕਰਨਦਾ ਯਤਨ ਕੀਤਾ ਹੈ। ਅੱਜ ਕਹਿਣ ਨੂੰ ਤਾਂ 'ਨੇਸ਼ਨ ਸਟੇਟਸ' ਦਾ ਸਿਧਾਂਤ ਹੈ ਅਤੇ 192 ਦੇ ਲਗਭਗ ਦੇਸ਼, ਯੂਨਾਇਟਿਡ ਨੇਸ਼ਨਜ਼ ਦੇ ਮੈਂਬਰ ਹਨ ਪਰ ਜੇ ਥੋੜ੍ਹੀ ਜਿਹੀ ਬਰੀਕੀ ਨਾਲ ਵੇਖੀਏ ਤਾਂ ਦੁਨੀਆ ਵਾਸੀਆਂ ਦੇ ਅੰਤਰਆਤਮੇ, 'ਕਬੀਲਾ ਬਿਰਤੀ' ਹਾਵੀ ਹੈ, ਜਿਸ ਨੂੰ ਧਰਮ, ਦੇਸ਼, ਸੱਭਿਆਚਾਰ, ਸੱਭਿਅਤਾ ਆਦਿ ਦਾ ਲਬਾਦਾ ਪਹਿਨਾ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ। ਵੱਡੀਆਂ ਸ਼ਕਤੀਆਂ, ਜਦੋਂ ਚਾਹੁਣ ਅੰਤਰਰਾਸ਼ਟਰੀ ਕਾਨੂੰਨਾਂ, ਦੇਸ਼ਾਂ ਦੀ ਪ੍ਰਭੂਸੱਤਾ ਅਤੇ ਮਨੁੱਖੀ ਹੱਕਾਂ ਦੇ ਚਾਰਟਰ ਦੀ ਉਲੰਘਣਾ ਕਰਦੀਆਂ ਹਨ ਅਤੇ ਫਿਰ ਉਸ ਨੂੰ ਨਿਆਂਸੰਗਤ ਠਹਿਰਾਉਣ ਲਈ, ਕੋਈ ਨਾ ਕੋਈ ਦਲੀਲ ਘੜ ਲਈ ਜਾਂਦੀ ਹੈ।

ਭਾਰਤ ਵਰਗਾ ਦੇਸ਼ ਲੋਕਤੰਤਰ ਦੇ ਨਾਂ ਹੇਠ ਨਸਲਕੁਸ਼ੀ ਕਰਦਾ ਹੈ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ (ਕਿਉਂਕਿ ਦੁਨਿਆਵੀ ਸਾਹਿਬ ਦੀ ਨਜ਼ਰ ਸਵੱਲੀ ਹੈ) ਪਰ ਕਿਤੇ ਤਾਨਾਸ਼ਾਹੀ, ਰਾਜਾਸ਼ਾਹੀ ਜਾਂ ਕਿਸੇ ਹੋਰ 'ਸ਼ਾਹੀ' ਦੇ ਖਾਤਮੇ ਲਈ, ਅੰਤਰਰਾਸ਼ਟਰੀ ਰਜ਼ਾਮੰਦੀ ਬਣਾ ਲਈ ਜਾਂਦੀ ਹੈ। ਕੀ ਮਨੁੱਖੀ ਭਾਵਾਂ ਦੇ ਪ੍ਰਗਟਾਅ ਲਈ, ਪੈਮਾਨਾ ਇੱਕੋ ਜਿਹਾ ਨਹੀਂ ਹੁੰਦਾ? ਹਿਟਲਰ ਦੇ ਮਰਨ 'ਤੇ ਯਹੂਦੀਆਂ ਨੇ ਆਪਣੇ ਜਜ਼ਬਾਤ ਕਿਵੇਂ ਪ੍ਰਗਟਾਏ ਹੋਣਗੇ, ਠੀਕ ਉਵੇਂ ਹੀ ਜਿਵੇਂ ਅੱਜ ਪੱਛਮੀ ਜਗਤ, ਓਸਾਮਾ ਦੇ ਮਾਰੇ ਜਾਣ ਦੇ ਜਸ਼ਨ ਦੇ ਮੂਡ ਵਿੱਚ ਹੈ। ਪਰ ਜੇ 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ 'ਤੇ, ਸਿੱਖ ਜਗਤ ਨੇ ਸੁੱਖ ਦਾ ਸਾਹ ਲਿਆ ਸੀ ਤਾਂ ਅੱਜ ਤੱਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਬਹਾਨਾ ਇਹ ਦਿੱਤਾ ਜਾਂਦਾ ਹੈ ਕਿ ਸਿੱਖਾਂ ਨੇ ਇੰਦਰਾ ਦੇ ਮਾਰੇ ਜਾਣ 'ਤੇ ਖੁਸ਼ੀਆਂ ਮਨਾਈਆਂ, ਜਿਸ ਲਈ ਹਿੰਦੂ ਭੜਕ ਉੱਠੇ। ਕੀ ਇਸ ਕਥਨ ਵਿੱਚ, ਹੁਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਕੋਈ ਸਾਹ-ਸੱਤ ਬਾਕੀ ਬਚਦਾ ਹੈ?

28 ਮਿਲੀਅਨ ਸਿੱਖ ਕੌਮ ਦਾ ਧਰਮ ਅਤੇ ਵਿਰਸਾ, 'ਮਨੁੱਖਤਾ ਦੇ ਪਿਆਰ' ਦੇ ਫਲਸਫੇ ਨੂੰ ਪ੍ਰਣਾਇਆ ਹੋਇਆ ਹੈ। ਅਸੀਂ ਸਮਝਦੇ ਹਾਂ ਕਿઠਜਿਹਾਦੀ ਤੇ ਕਰੂਸੇਡਰ ਬਿਰਤੀਆਂ 'ਤੇ ਅਧਾਰਤ 'ਕ੍ਰਿਆ' (ਐਕਸ਼ਨ) ਤੇ ਪ੍ਰਤੀਕ੍ਰਿਆ (ਰੀਐਕਸ਼ਨ) ਇਸ ਧਰਤੀ ਤੇ ਕਦੀ ਵੀ ਸ਼ਾਂਤੀ ਨਹੀਂ ਹੋਣ ਦੇਵੇਗੀ ਅਤੇ ਅਖੀਰ ਵਿੱਚ ਇਸ ਦਾ ਨਤੀਜਾ ਸਮੁੱਚੇ ਵਿਨਾਸ਼ ਦੇ ਰੂਪ ਵਿੱਚ ਨਿਕਲੇਗਾ। ਪਿਛਲੇ ਦਸ ਵਰ੍ਹਿਆਂ ਦੀ ਇਸ ਮਨੋਬਿਰਤੀ ਜੰਗ ਨੇ, ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ ਭਾਵੇਂ ਕਿ ਸਾਡਾ ਕਿਸੇ ਵੀ ਧਿਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਤਾਂ ਆਪਣੇ ਸਰੂਪ ਦੀ ਵਜ੍ਹਾ ਕਰਕੇ, ਕਰਾਸ ਫਾਇਰਿੰਗ (ਜਿਹਾਦੀਆਂ ਤੇ ਕਰੂਸੇਡਰਾਂ ਦੀ) ਵਿੱਚ ਫਸੇ ਹੋਏ ਹਾਂ। ਅੱਡ-ਅੱਡ ਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਅਕੀਦੇ ਨਾਲ ਸਬੰਧਿਤ ਕਕਾਰਾਂ 'ਤੇ ਲੱਗ ਰਹੀਆਂ ਪਾਬੰਦੀਆਂ, ਹੇਟ ਕਰਾਈਮਜ਼, ਵਿਤਕਰੇ ਭਰੇ ਵਰਤਾਰੇ ਦਾ, ਸਿੱਖ ਥਾਂ-ਥਾਂ ਸ਼ਿਕਾਰ ਹੋ ਰਹੇ ਹਨ। ਪਰ ਹਕੀਕਤ ਇਹ ਹੈ ਕਿ 'ਇੱਕ ਪਿੰਡ ਬਣ ਚੁੱਕੇ ਸੰਸਾਰ' (ਗਲੋਬਲ ਵਿਲੇਜ਼) ਵਿੱਚ ਜੇ ਸਦੀਵੀ ਸ਼ਾਂਤੀ, ਅਮਨ, ਖੁਸ਼ਹਾਲੀ ਅਤੇ ਨਿਆਂ ਅਧਾਰਿਤ ਸਮਾਜ ਸਿਰਜਿਆ ਜਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੇ ਸਿਧਾਂਤਾਂ ਨੂੰ ਅਪਣਾ ਕੇ ਹੀ ਇਹ ਸੰਭਵ ਹੋ ਸਕਦਾ ਹੈ। ਅਸੀਂ ਨਾ ਹੀ ਦਹਿਸ਼ਤਗਰਦੀ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਧਨ, ਲਾਲਚ ਜਾਂ ਰਾਜਸੀ ਸ਼ਕਤੀ ਦੀ ਵਰਤੋਂ ਨਾਲ ਧਰਮ ਪਰਿਵਰਤਨ ਵਿੱਚ ਹੀ ਯਕੀਨ ਰੱਖਦੇ ਹਾਂ। ਗੁਰੁ ਸਿਧਾਂਤ- ਬਿਨਾਂ ਜਾਤ, ਰੰਗ, ਨਸਲ, ਧਰਮ, ਜੈਂਡਰ (ਲਿੰਗ) ਦੇ ਵਿਤਕਰੇ ਦੇ 'ਬਰਾਬਰੀ ਅਧਾਰਤ' ਸਮਾਜ ਦਾ ਸੰਕਲਪ ਰੱਖਦੇ ਹਨ। ਸਾਡੇ ਲਈ ਕੁਲ ਮਨੁੱਖਤਾ ਦੀ ਪੀੜ ਅਤੇ ਖੁਸ਼ੀਆਂ ਸਾਂਝੀਆਂ ਹਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕੁਲ ਮਨੁੱਖਤਾ ਲਈ ਅਰਦਾਸ ਦੀ ਜਾਂਚ ਸਾਨੂੰ ਸਿਖਾਈ ਹੋਈ ਹੈ
'ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਿਤੈ ਲੇਹੁ ਉਭਾਰ।

-ਡਾ. ਅਮਰਜੀਤ ਸਿੰਘ

No comments:

Post a Comment