ਖਾਲਿਸਤਾਨ ਐਲਾਨਨਾਮੇ ਦੇ ਪੱਚੀ ਵਰੇ ਤੇ ਕੌਮ ਦੀ ਵਰਤਮਾਨ ਦਸ਼ਾ...

ਸੁਨੇਹਾ
0
-ਜਸਪਾਲ ਸਿੰਘ ਹੇਰਾਂ*

ਅੱਜ ਤੋਂ ਠੀਕ ਪੱਚੀ ਵਰੇ ਪਹਿਲਾਂ ਪੰਥ ਦੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ ਅਤੇ ਉਸ ਐਲਾਨ ਤੋਂ ਬਾਅਦ ਕੌਮ ਦੇ ਸੂਰਬੀਰ ਯੋਧੇ, ਇਸ ਐਲਾਨਨਾਮੇ ਦੀ ਪੂਰਤੀ ਲਈ ਸੀਸ ਤਲੀ ਤੇ ਧਰ ਕੇ ਲੜੇ ਅਤੇ ਉਸ ਸੰਘਰਸ਼ 'ਚ ਹਜ਼ਾਰਾਂ ਨਹੀਂ ਲੱਖਾਂ ਸ਼ਹਾਦਤਾਂ ਹੋਈਆਂ, ਕੌਮ ਨੇ ਇੱਕ ਵਾਰ ਫ਼ਿਰ ਮੀਰ-ਮੰਨੂ ਦੇ ਸਮੇਂ ਵਾਲਾ ਤਸ਼ੱਦਦ ਝੱਲਿਆ, ਪ੍ਰੰਤੂ ਝੁੱਕੀ ਨਹੀਂ। 1989 ਦੀਆਂ ਲੋਕ ਸਭਾ ਚੋਣਾਂ 'ਚ ਸਿੱਖ ਪੰਥ ਨੇ ਵੋਟ ਪਰਚੀ ਰਾਹੀਂ ਇਸ ਐਲਾਨਨਾਮੇ ਦੇ ਹੱਕ 'ਚ ਫ਼ਤਵਾ ਦਿੱਤਾ। ਪ੍ਰੰਤੂ ਅੱਜ ਪੱਚੀ ਵਰਿਆਂ ਮਗਰੋਂ ਜਦੋਂ ਇਸ ਸਾਰੇ ਸੰਘਰਸ਼ ਦਾ ਲੇਖਾ-ਜੋਖਾ ਕਰਨ ਤੋਂ ਬਾਅਦ, ''ਕੌਮ ਨੇ ਗੁਆਇਆ ਵੱਧ, ਖੱਟਿਆ ਘੱਟ'' ਦਾ ਨਤੀਜਾ ਕੱਢਿਆ ਜਾ ਰਿਹਾ ਹੈ ਅਤੇ ਇਹ ਐਲਾਨ ਹੋਣਾ ਚਾਹੀਦਾ ਸੀ ਜਾਂ ਨਹੀਂ ? ਇਸ ਬਾਰੇ ਬਹਿਸ ਛਿੜਦੀ ਹੈ ਤਾਂ ਕੌਮ ਦਾ ਸਿਖ਼ਰਾਂ ਤੋਂ ਨੀਵਾਣਾਂ ਵੱਲ ਦੇ ਸਫ਼ਰ ਦਾ ਲੇਖਾ-ਜੋਖਾ ਜ਼ਰੂਰ ਕਰ ਲੈਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਜਿਸ ਇਨਕਲਾਬੀ ਧਰਮ ਦੀ ਨੀਂਹ ਰੱਖੀ, ਪੰਜਵੇਂ ਪਾਤਸ਼ਾਹ ਨੇ ਕੌਮ ਨੂੰ ਸ਼ਹਾਦਤਾਂ ਦਾ ਸਬਕ ਸਿਖਾਇਆ, ਛੇਵੇਂ ਗੁਰੂ ਨੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਅਤੇ ਨੌਵੇਂ ਪਾਤਸ਼ਾਹ ਨੇ ਸਿਦਕ ਨਾਲ ਜ਼ੁਲਮ ਜਬਰ ਵਿਰੁੱਧ ਲੜਨ ਦੀ ਦ੍ਰਿੜਤਾ ਬਖ਼ਸ਼ੀ, ਇਸ ਸਿਧਾਂਤਕ ਕੁਠਾਲੀ 'ਚ ਤੱਪ ਕੇ ਕੁੰਦਨ ਬਣੀ ਕੌਮ ਨੂੰ ਦਸਮੇਸ਼ ਪਿਤਾ ਨੇ 'ਖਾਲਸਾ ਸਾਜ ਕੇ' ਜੇ ਦੁਨੀਆ ਦੀ 'ਸਿਰਦਾਰੀ' ਬਖ਼ਸੀ ਸੀ ਤਾਂ ਇਸ ਸਾਰੇ ਸਫ਼ਰ ਦਾ ਇੱਕੋ ਇੱਕ ਮਨੋਰਥ ਇਸ ਧਰਤੀ ਤੇ ਪਰਮ ਮਨੁੱਖ ਦਾ ਹਲੀਮੀ ਰਾਜ ਸਥਾਪਿਤ ਕਰਨਾ ਸੀ, ਜਿਸ 'ਚ ''ਸਬੈਂ ਏਕੇ ਪਹਿਚਾਨਬੋ' ਤੇ 'ਸਰਬੱਤ ਦਾ ਭਲਾ' ਦੇ ਮਿਸ਼ਨ ਨੇ ਮਨੁੱਖੀ ਮਨਾਂ 'ਚੋਂ ਈਰਖਾ, ਹਊਮੈ, ਲੋਭ, ਲਾਲਚ, ਸੁਆਰਥ ਵਰਗੀਆਂ ਭਾਵਨਾਵਾਂ ਖ਼ਤਮ ਕਰਕੇ ਸੇਵਾ, ਪਰਉਪਕਾਰ, ਤਿਆਗ, ਹਲੀਮੀ ਤੇ ਕੁਰਬਾਨੀ ਵਰਗੇ ਗੁਣ ਪੈਂਦਾ ਕਰਨੇ ਸਨ। ਗੁਰੂ ਸਾਹਿਬਾਨ ਦਾ ਪਹਿਲਾ ਮਿਸ਼ਨ ਹਰ ਮਨੁੱਖ 'ਚੋਂ ਗੁਲਾਮੀ ਦੀ ਭਾਵਨਾ ਨੂੰ ਖ਼ਤਮ ਕਰਕੇ ਇਹ ਦ੍ਰਿੜ ਕਰਵਾਉਣ ਸੀ ਕਿ ਹਰ ਮਨੁੱਖ ਅਜ਼ਾਦ ਜੰਮਦਾ ਹੈ ਅਤੇ ਅਜ਼ਾਦੀ ਉਸ ਦਾ ਜਮਾਂਦਰੂ ਹੱਕ ਹੈ। ਇਸ ਲਈ ਸਿੱਖ ਮਨਾਂ 'ਚ ਕਦੇ ਵੀ 'ਰਾਜ ਕਰੇਗਾ ਖਾਲਸਾ' ਦਾ ਸਕੰਲਪ ਮਨਫ਼ੀ ਨਹੀਂ ਹੋ ਸਕਦਾ, ਪ੍ਰੰਤੂ ਅੱਜ ਕੌਮ ਦੇ ਸਾਹਮਣੇ ਸੱਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੌਮੀ ਵਿਹੜੇ 'ਚ ਗੁਰਮਤਿ ਵਿਚਾਰਧਾਰਾ ਦਾ ਖਲਾਅ ਪੈਦਾ ਹੋ ਗਿਆ ਹੈ, ਕੌਮ, ਕੌਮੀ ਨਿਸ਼ਾਨੇ ਤੋਂ ਤਾਂ ਥਿੜਕੀ ਹੀ ਸੀ, ਉਹ ਆਪਣੀ ਬੁਨਿਆਦ ਤੋਂ ਹੀ ਦੂਰ ਹੁੰਦੀ ਜਾ ਰਹੀ ਹੈ। ਬਿਨਾਂ ਬੁਨਿਆਦ ਕੌਮੀ ਘਰ ਦੀ ਉਸਾਰੀ ਦੇ ਸੁਫ਼ਨੇ ਵੇਖਣਾ, ਦਿਨੇ ਸੁਫ਼ਨੇ ਲੈਣ ਵਰਗਾ ਹੀ ਹੋਵੇਗਾ।

ਖ਼ਾਲਿਸਤਾਨ ਦੀ ਪ੍ਰਾਪਤੀ ਤੋਂ ਪਹਿਲਾਂ ਸਿੱਖੀ ਤੇ ਸਿੱਖੀ ਵਿਚਾਰਧਾਰਾ ਨੂੰ ਬਚਾਉਣ ਅਤੇ ਮੁੜ ਤੋਂ ਪ੍ਰਪੱਕ ਕਰਨ ਦੀ ਲੋੜ ਹੈ। ਪਦਾਰਥਵਾਦ ਨੇ ਕੌਮੀ ਆਗੂਆਂ ਨੂੰ ਸੁਆਰਥੀ ਬਣਾ ਦਿੱਤਾ ਅਤੇ ਕੌਮ ਨੂੰ ਆਡੰਬਰਵਾਦ ਦੀ ਦਲਦਲ 'ਚ ਸੁੱਟ ਦਿੱਤਾ, ਜਿਸ ਕਾਰਨ ਪਤਿਤਪੁਣੇ, ਨਸ਼ਿਆਂ, ਲੋਭ-ਲਾਲਚ, ਨਿੱਜੀ ਹਊਮੈ ਤੇ ਈਰਖਾ ਨੇ ਕੌਮ ਤੇ ਆਪਣਾ ਗ਼ਲਬਾ ਜਮਾ ਲਿਆ ਹੈ, ਜਿਸ ਸਦਕਾ ਸਿੱਖੀ ਦੀ ਰੂਹ ਉਡਾਰੀ ਮਾਰ ਗਈ ਹੈ ਤੇ ਬਾਕੀ ਕਲਬੂਤ ਹੀ ਬਚਿਆ ਹੈ, ਪ੍ਰੰਤੂ ਪ੍ਰਾਪਤੀਆਂ ਤਾਂ ਰੂਹਾਂ ਹੀ ਕਰਦੀਆਂ ਹਨ। ਸਾਨੂੰ ਆਖ਼ਰ ਇਹ ਤਾਂ ਸੋਚਣਾ ਹੀ ਪਵੇਗਾ ਕਿ ਜਿਸ ਖਾਲਸੇ ਨੇ ਆਪਣੇ ਜਨਮ ਦੇ ਪਹਿਲੇ ਦਹਾਕੇ 'ਚ ਹੀ ਸਦੀਆਂ ਤੋਂ ਜੰਮੀ ਮੁਗਲ ਰਾਜ ਦੀ ਜੁੜ ਪੁੱਟ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਅਤੇ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਹੋਏ ਵੀ ਮੁਗਲ ਰਾਜ ਨੂੰ ਕੰਬਾਈ ਰੱਖਦੇ ਸਨ, ਉਹ ਖਾਲਸਾ ਪੰਥ ਹੁਣ ਆਪਣੇ ਨਾਲ ਹੁੰਦੀ ਧੱਕੇਸ਼ਾਹੀ ਦਾ ਇਨਸਾਫ਼ ਲੈਣ ਤੋਂ ਵੀ ਕਿਉਂ ਅਸਮਰੱਥ ਹੋ ਗਿਆ ਹੈ ? ਉਹ ਸਿਵਾਏ ਆਪਣੇ ਭਰਾਵਾਂ ਦੀਆਂ ਪੱਗਾਂ ਲਾਹੁੰਣ ਤੋਂ ਇਲਾਵਾ ਹੋਰ ਕੁਝ ਕਰਨ ਜੋਗਾ ਹੀ ਨਹੀਂ ਰਿਹਾ ? ਸਾਨੂੰ ਆਪਣੇ ਮਨਾਂ 'ਚ ਝਾਤੀ ਮਾਰਨੀ ਹੋਵੇਗੀ, ਪੁਰਾਤਨ ਖਾਲਸੇ ਦੇ ਚਰਿੱਤਰ ਅਤੇ ਆਪਣੇ ਵਰਤਮਾਨ ਚਰਿੱਤਰ ਦਾ ਫ਼ਰਕ ਲੱਭਣਾ ਤੇ ਸਮਝਣਾ ਹੋਵੇਗਾ, ਆਧੁਨਿਕ ਸਮੇਂ ਨੇ ਸਾਡੀ ਕੌਮ ਤੋਂ ਭਗਤੀ ਤੇ ਸ਼ਕਤੀ ਦੀ ਸਾਂਝ ਖੋਹ ਲਈ ਹੈ, ਅਸੀਂ ਗੁਰਮਿਤ ਵਿਚਾਰਧਾਰਾ ਨੂੰ ਸਿਰਫ਼ ਗਿਆਨ ਦਾ ਸਾਧਨ ਬਣਾ ਲਿਆ ਹੈ, ਸਾਡੇ ਅਮਲੀ ਜੀਵਨ 'ਚੋਂ ਇਹ ਆਲੋਪ ਹੋ ਗਈ ਹੈ। ਗੁਰੂ ਸਾਹਿਬ ਨੇ ਸ਼ੁਰੂ 'ਚ ਹੀ ਸਾਫ਼ ਕਰ ਦਿੱਤਾ ਸੀ ਕਿ 'ਬਿਪਰਨ ਦੀ ਰੀਤ' ਤੁਰਨ ਵਾਲੇ ਦੀ ਮੈਂ ਕਦੇ ਪ੍ਰਤੀਤ ਨਹੀਂ ਕਰੂੰਗਾ ਅਤੇ ਜਦੋਂ ਅਸੀਂ ਗੁਰੂ ਦਾ ਭਰੋਸਾ ਹੀ ਗੁਆ ਲਿਆ ਹੈ, ਉਸਦੇ ਅਸ਼ੀਰਵਾਦ ਤੋਂ ਹੀ ਵਾਂਝੇ ਹੋ ਗਏ ਹਾਂ ਫਿਰ ਸ਼ਕਤੀ ਕਿੱਥੋਂ ਭਾਲਦੇ ਹਾਂ ? ਕੌਮ ਦੇ ਵਿਹੜੇ 'ਚ ਗੁਰਮਤਿ ਦਾ ਵੱਡਾ ਖਲਾਅ ਪੈਦਾ ਹੋ ਗਿਆ ਹੈ, ਪੰਥਕ ਸੋਚ ਉੱਡ-ਪੁੱਡ ਗਈ ਹੈ, ਕੋਠੀਆਂ, ਕਾਰਾਂ, ਨੋਟਾਂ ਤੇ ਐਸ਼ ਪ੍ਰਸ਼ਤੀ ਦੀ ਭੁੱਖ ਨੇ ਸਿੱਖੀ ਸਿਦਕ ਨੂੰ ਨਿਗਲ ਗਿਆ ਹੈ। ਜਿਸ ਸਦਕਾ ਗੁਰਮਤਿ ਦੀ ਪੌੜੀ ਦਾ ਪਹਿਲਾ ਡੰਡਾ ਨਿਸ਼ਕਾਮ ਸੇਵਾ ਤੇ ਕੁਰਬਾਨੀ ਦਾ ਜ਼ਜਬਾ ਕੌਮ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ, ਜਦੋਂ ਅਸੀਂ ਹਰ ਮੈਦਾਨ ਫ਼ਤਿਹ ਦੇ ਪਹਿਲੇ ਡੰਡੇ ਤੇ ਪੈਰ ਧਰਨ ਜੋਗੇ ਹੀ ਨਹੀਂ ਰਹੇ, ਫਿਰ ਪ੍ਰਾਪਤੀਆਂ ਦੇ ਸਿਖ਼ਰ ਤੇ ਕਿਵੇਂ ਪੁੱਜਾਂਗੇ। ਆਓ, ਪੰਥਕ ਲੀਡਰਸ਼ਿਪ ਦੇ ਖਲਾਅ ਨੂੰ ਪੂਰ ਕੇ, ਪੰਥਕ ਕਾਫ਼ਲੇ ਨੂੰ ਮੁੜ ਤੋਂ ਗੁਰਮਤਿ ਵਿਚਾਰਧਾਰਾ ਦੀ ਅਗਵਾਈ 'ਚ ਤੋਰ ਕੇ, ਨਵੇਂ ਸਮੇਂ ਦੇ ਹਾਣੀ ਹੋ ਕੇ, ਖਾਲਸਾ ਪੰਥ ਦੀਆਂ ਗੂੰਜਾਂ ਹੁਣ ਕਿਸੇ ਸੀਮਤ ਖਿੱਤੇ ਦੀ ਥਾਂ ਸਮੁੱਚੇ ਵਿਸ਼ਵ 'ਚ ਪਾਉਣ ਦਾ ਮਾਰਗ ਚੁਣੀਏ। ਪ੍ਰੰਤੂ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਸਮੁੱਚੀ ਕੌਮ ਸਿੱਖ ਫਲਸਫ਼ੇ ਨੂੰ ਸਮਰਪਿਤ ਅਤੇ ਸਿੱਖ ਨਿਸ਼ਾਨੇ ਪ੍ਰਤੀ ਵਚਨਬੱਧ ਹੋਵੇਗੀ, ਉਸ ਲਈ ਅਜਿਹੀ ਲਹਿਰ ਚਲਾਉਣ ਦੀ ਲੋੜ ਹੈ, ਜਿਹੜੀ ਸਿੱਖ ਮਨਾਂ ਤੇ ਲੱਗੇ ਕੂੜ ਅਤੇ ਪਾਖੰਡ ਦੇ ਜੰਗਾਲ ਨੂੰ ਲਾਹ ਕੇ ਉਨਾਂ ਨੂੰ ਗੁਰਮਤਿ ਦੇ ਗਾਡੀਰਾਹ ਬਣਾ ਸਕੇ।
--000---
*ਲੇਖਕ ਰੋਜ਼ਾਨਾ 'ਪਹਿਰੇਦਾਰ' ਦੇ ਮੁੱਖ ਸੰਪਾਦਕ ਹਨ।

Post a Comment

0 Comments
Post a Comment (0)
To Top