Pages

Showing posts with label ਸ਼ੱਕੀ ਸ਼ਹਾਦਤ. Show all posts
Showing posts with label ਸ਼ੱਕੀ ਸ਼ਹਾਦਤ. Show all posts

ਸਿੱਖ ਚੇਤਨਾ ਅਤੇ ਭਗਤ ਸਿੰਘ : ਇੱਕ ਵਿਸ਼ਲੇਸ਼ਣ

-ਗੁਰਤੇਜ ਸਿੰਘ ਆਈਏਐਸ*

ਬੀਤੀ ਸਦੀ ਦੌਰਾਨ ਭਗਤ ਸਿੰਘ ਸਬੰਧੀ ਕਈ ਵਾਰ ਤਿੱਖੀ ਬਹਿਸ ਹੋ ਚੁੱਕੀ ਹੈ। ਹਿੰਦੋਸਤਾਨ ਦੇ ਖ਼ਾਸ ਹਾਕਮ ਤਬਕੇ ਵਿੱਚ ਸਿੱਖਾਂ ਦੇ ਅਸਲ ਹਿਤਾਂ ਨੂੰ ਢਾਅ ਲਾ ਕੇ ਸਿੱਖੀ ਦਾ ਨੁਕਸਾਨ ਕਰਨ ਦੀ ਤੀਬਰ ਇੱਛਾ ਚਿਰੋਕਣੀ ਹੈ ਅਤੇ ਇਹੋ ਆਖ਼ਰ ਅਜਿਹੀਆਂ ਨਿਰਮੂਲ ਬਹਿਸਾਂ ਦਾ ਪ੍ਰੇਰਨਾ ਸ੍ਰੋਤ ਬਣਦੀ ਹੈ। ਚੰਗਾ ਭਲਾ ਆਪਣਾ ਕੰਮ ਕਰਦੇ ਲੋਕਾਂ ਨੂੰ ਊਂਜਾਂ ਲਾ-ਲਾ ਕੇ ਜੁਆਬ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਫੇਰ ‘ਝਗੜਾਲੂ’ ਆਦਿ ਉਪਾਧੀਆਂ ਨਾਲ ਸ਼ਿੰਗਾਰ ਕੇ ਸਿੱਖ-ਵਿਰੋਧੀ ਤੱਤਾਂ ਵੱਲੋਂ ਅਕਾਰਣ ਭੰਡਿਆ ਜਾਂਦਾ ਹੈ। ਇਸ ਸਾਰੀ ਕਵਾਇਦ ਦੀ ਖ਼ਾਸ ਗੱਲ ਇਹ ਹੈ ਕਿ ਨਿਰਧਾਰਤ ਸਿੱਖੀ-ਵਿਰੋਧੀ ਟੀਚਿਆਂ ਦੀ ਪ੍ਰਾਪਤੀ ਲਈ ਭਗਤ ਸਿੰਘ ਦੇ ਬਿੰਬ ਨੂੰ ਉਭਾਰਨਾ ਬੇ-ਰੋਕ-ਟੋਕ ਜਿਉਂ ਦਾ ਤਿਉਂ ਜਾਰੀ ਰਹਿੰਦਾ ਹੈ। ਭਗਤ ਸਿੰਘ ਨੇ ਹਿੰਦੋਸਤਾਨ ਦੀ ਬਿਹਤਰੀ ਲਈ, ਮਾਨਵਤਾ ਦੇ ਭਲ਼ੇ ਲਈ ਕੀ-ਕੀ ਘਾਲਣਾਵਾਂ ਘਾਲੀਆਂ ਜਾਂ ਨਾ ਘਾਲੀਆਂ, ਏਸ ਲੇਖ ਦਾ ਵਿਸ਼ਾ ਨਹੀਂ। ਅੱਜ ਦੇ ਸਮੇਂ ਜੇ ਉਸ ਦਾ ਇਤਿਹਾਸਕ ਮੁਲਾਂਕਣ ਕਰਨਾ ਹੋਵੇ ਤਾਂ ਕੇਵਲ ਤਿੰਨ, ਚਾਰ ਘਟਨਾਵਾਂ ਉੱਤੇ ਆਧਾਰਤ ਕਰਨਾ ਪਵੇਗਾ। ਇਹਨਾਂ ਵਿੱਚੋਂ ਪ੍ਰਮੁੱਖ ਹਨ ਸੌਂਡਰਸ ਦਾ ਕਤਲ, ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣਾ ਅਤੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਜੋ ਉਸ ਦੀ ਪ੍ਰਸਿੱਧੀ ਦੇ ਪ੍ਰਮੁੱਖ ਕਾਰਣ ਜਾਂ ਸਵੱਬ ਸਨ। ਇਹਨਾਂ ਘਟਨਾਵਾਂ ਦੀ ਚੀਰ-ਫਾੜ ਵਿੱਚ ਉਸ ਦੀ ਪਾਰਟੀ ਅਤੇ ਸਾਥੀਆਂ ਦੀ ਸਿਧਾਂਤਕ ਪਹੁੰਚ ਆਦਿ ਦਾ ਵਿਸ਼ਲੇਸ਼ਣ ਵੀ ਤਰਕਸੰਗਤ ਹੋਵੇਗਾ; ਪ੍ਰਾਪਤੀਆਂ ਦਾ ਬਿਉਰਾ ਆਦਿ ਵੀ ਵਿਚਾਰਨਾ ਜ਼ਰੂਰੀ ਹੋਵੇਗਾ।

ਭਗਤ ਸਿੰਘ ਦੀ ਆਪਣੀ ਸਿਧਾਂਤਕ ਪਹੁੰਚ ਬਾਰੇ ਵੀ, ਉਸ ਦੇ ਪ੍ਰਸੰਸਕਾਂ ਦੀ ਕਮਜ਼ੋਰ ਨਜ਼ਰ ਦੇ ਤੰਗ ਦਾਇਰੇ ਅਤੇ ਪਰਿਵਾਰਕ ਹੱਦ-ਬੰਨਿਆਂ ਤੋਂ ਉੱਤੇ ਉੱਠ ਕੇ ਲੇਖਾ-ਜੋਖਾ ਕਰਨਾ ਪਵੇਗਾ। ਪੌਣੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਉਸ ਦੀਆਂ ਲਿਖਤਾਂ, ਜੋ ਸਨ ਅਤੇ ਜੋ ਨਹੀਂ ਵੀ ਹਨ, ਸਭ ਸਾਹਮਣੇ ਆ ਚੁੱਕੀਆਂ ਹਨ। ਕੁਝ ਲਿਖਤਾਂ ਬਾਰੇ ਤਾਂ ਸਪਸ਼ਟ ਹੀ ਹੈ ਕਿ ਉਸ ਦੇ ਨਾਂਅ ਨਾਲ ਖਾਹ-ਮਖਾਹ ਮੜ੍ਹੀਆਂ ਗਈਆਂ ਹਨ। ਕੁਝ ਏਨੀਆਂ ਸ੍ਵੈਵਿਰੋਧੀ ਹਨ ਕਿ ਆਮ ਲੇਖਕ ਲਈ ਵੀ ਸੋਭਨੀਕ ਨਹੀਂ। ਮੂਲ ਸ੍ਰੋਤ ਤਾਂ ਨੱਬੇ ਪ੍ਰਤੀਸ਼ਤ ਦੇ ਨਹੀਂ ਦੱਸੇ ਗਏ। ਇਤਿਹਾਸਕ ਨਜ਼ਰੀਏ ਤੋਂ ਘੋਖਿਆਂ ਸ਼ਾਇਦ ਬਹੁਤ ਘੱਟ ਲਿਖਤਾਂ ਭਗਤ ਸਿੰਘ ਦੀਆਂ ਸਾਬਤ ਹੋ ਸਕਣ। ਜੋ ਹਨ ਵੀ ਉਹਨਾਂ ਦਾ ਤੁਅਲਕ ਉਸ ਦੀ ਜਾਤ, ਪਹੁੰਚ, ਮਾਨਸਿਕਤਾ, ਮਹਤਵਾਕਾਂਕਸ਼ਾ ਨਾਲ ਜ਼ਿਆਦਾ ਹੈ ਅਤੇ ਦ੍ਰਿੜ੍ਹ ਸਿਆਸੀ ਸੋਚ ਨਾਲ ਘੱਟ। ਉਸ ਦੇ ਸਮਰਥਕ ਜੇ ਚਾਹੁਣ ਤਾਂ ਉਹ ਸਾਰੀਆਂ ਲਿਖਤਾਂ ਨੂੰ ਰਿੜਕ ਕੇ ਅਸਲ ਨੂੰ ਲੋਕ-ਕਚਿਹਰੀ ਵਿੱਚ ਪੇਸ਼ ਕਰਨ ਤਾਂ ਕਿ ਉਹਨਾਂ ਦੀ ਸਤਿਕਾਰ ਯੋਗ ਹਸਤੀ ਦਾ ਸਹੀ ਅੰਦਾਜ਼ਾ ਲਗਾਉਣਾ ਸੰਭਵ ਹੋਵੇ। ਇਤਿਹਾਸ ਦੀ ਚੱਕੀ ਇਨਸਾਫ਼ ਦੀ ਚੱਕੀ ਦਾ ਹੀ ਰੂਪ ਹੈ : ਇਹ ਚੱਲਦੀ ਹੌਲੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ। ਚੱਕੀ ਦਾ ਗਲ਼ਾ ਭਗਤ ਸਿੰਘ ਦੇ ਸਮਰਥਕ ਤੈਅ ਕਰ ਸਕਦੇ ਹਨ ਪਰ ਪੀਠਾ ਤਾਂ ਸਿਧਾਂਤਾਂ, ਪੀਹਣ-ਵਿਧੀ ਅਤੇ ਦਾਣਿਆਂ ਦੀ ਪੌਸ਼ਟਕਤਾ ਅਨੁਸਾਰ ਹੀ ਜਾਵੇਗਾ। ਜਿਨ੍ਹਾਂ ਦੇ ਸੱਚ ਪੱਲੇ ਹੁੰਦਾ ਹੈ ਉਹ ਸੌ-ਸੌ ਕਸਵੱਟੀਆਂ ਦੀ ਪਰਖ ਸਹਿਣ ਨੂੰ ਸਹਿਜੇ ਹੀ ਤਿਆਰ ਹੋ ਜਾਂਦੇ ਹਨ। ਅਸਲ ਲਿਖਤਾਂ ਨੂੰ ਪਹਿਲਾਂ ਨਿਰਧਾਰਤ ਕਰ ਕੇ, ਸਿਧਾਂਤਕ ਪੱਖੋਂ ਉਹਨਾਂ ਦਾ ਮੁਲਾਂਕਣ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ; ਕੀਤਾ ਜਾਣਾ ਜਾਇਜ਼ ਵੀ ਹੈ।

ਭਗਤ ਸਿੰਘ ਦੇ ਧਾਰਮਕ ਵਿਚਾਰਾਂ ਦਾ ਵਿਸ਼ਲੇਸ਼ਣ ਵੀ ਲੋੜੀਂਦਾ ਹੈ ਕਿਉਂਕਿ ਬਹੁਤੇ ਝਗੜੇ ਦੀ ਜੜ੍ਹ ਵੀ ਏਸ ਦੀ ਸਹੀ ਜਾਣਕਾਰੀ ਦੀ ਅਣਹੋਂਦ ਹੀ ਹੈ। ਪ੍ਰਾਪਤ ਸਮਗਰੀ ਨੂੰ ਘੋਖ ਕੇ ਸੰਭਾਵੀ ਨਿਰਣੇ ਉੱਤੇ ਪਹੁੰਚਣਾ ਵਿਦਿਆਰਥੀਆਂ, ਵਿਦਵਾਨਾਂ ਦਾ ਧਰਮ ਹੈ ਅਤੇ ਏਸ ਨੂੰ ਨਾ ਨਿਭਾਉਣ ਦੀ ਕੋਤਾਹੀ ਜਦੋਂ ਕੌਮੀ ਨੁਕਸਾਨ ਦਾ ਮੁੱਢ ਬਣਦੀ ਜਾਪਦੀ ਹੈ ਤਾਂ ਮੁਜਰਮਾਨਾ ਹੋ ਨਿੱਬੜਦੀ ਹੈ। ਨਿਆਂ ਪੱਖੀ ਕਲਮਾਂ ਦਾ ਏਸ ਮਸਲੇ ਉੱਤੇ ਚੱਲਣਾ ਲੋਕ-ਹਿਤ ਵਿੱਚ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਾਪਾ ਪੂਰਾ ਕੀਤਾ ਜਾ ਸਕੇਗਾ।

ਜਦੋਂ ਤੱਕ ਇਹ ਸਾਰਾ ਕੁਝ ਨਹੀਂ ਹੋ ਜਾਂਦਾ ਭਗਤ ਸਿੰਘ ਬਾਰੇ ਇਤਿਹਾਸਕ ਮੁਲਾਂਕਣ ਸੰਭਵ ਨਹੀਂ ਅਤੇ ਏਸ ਲਈ ਇਹ ਹੱਥਲੇ ਲੇਖ ਦਾ ਵਿਸ਼ਾ ਨਹੀਂ। ਕਮਸਿਨ, ਬਹਾਦਰ ਪ੍ਰਤੀ ਯੋਗ ਆਦਰ ਦਾ ਵੀ ਏਹੋ ਤਕਾਜ਼ਾ ਹੈ ਕਿ ਡੂੰਘੀ ਖੋਜ ਤੋਂ ਬਿਨਾ ਉਸ ਬਾਰੇ ਕੋਈ ਵਿਸ਼ਾ ਛੋਹਿਆ ਨਾ ਜਾਵੇ। ਪ੍ਰੰਤੂ ਯੋਗ ਘੋਖ ਪੜਤਾਲ ਉਪਰੰਤ ਏਸ ਮਸਲੇ ਨੂੰ ਨਜਿੱਠਣਾ, ਪੰਜਾਬ ਦੇ ਸਮਾਜਕ ਜੀਵਨ ਵਿੱਚੋਂ ਰੌਲ-ਘਚੌਲਾ ਖ਼ਤਮ ਕਰਨ ਲਈ ਬੇਹੱਦ ਜ਼ਰੂਰੀ ਹੈ। ਹੱਥਲੇ ਲੇਖ ਵਿੱਚ ਇੱਕ ਸੀਮਤ ਬਹਿਸ ਨਾਲ ਸਬੰਧਤ ਕੁਝ ਨੁਕਤੇ ਹੀ ਵਿਚਾਰੇ ਗਏ ਹਨ। ਭਗਤ ਸਿੰਘ ਦੇ ਨਾਂਅ ਉੱਤੇ ਪ੍ਰਚੱਲਤ ਲੇਖਾਂ ਦਾ ਸੰਖੇਪ ਅਤੇ ਸਰਸਰੀ ਵਿਸ਼ਲੇਸ਼ਣ ਓਸੇ ਸੰਦਰਭ ਵਿੱਚ ਸਮਝਣਾ ਲੋੜੀਂਦਾ ਹੈ। ਉਸ ਵਿੱਚ ਖ਼ਾਸ ਤੌਰ ਉੱਤੇ ਉਹਨਾਂ ਮੁਸ਼ਕਲਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਜੋ ਇਹਨਾਂ ਲਿਖਤਾਂ ਨੂੰ ਭਗਤ ਸਿੰਘ ਦੀਆਂ ਲਿਖੀਆਂ ਤਸਲੀਮ ਕਰਨ ਦੇ ਰਾਹ ਵਿੱਚ ਵੱਡਾ ਅੜਿੱਕਾ ਹਨ। ਉਸ ਦੇ ਸਮਰਥਕਾਂ ਦਾ ਪ੍ਰਤੀਕਰਮ ਯੋਗ ਸਮੇਂ ਤੱਕ ਉਡੀਕ ਕੇ ਆਖ਼ਰੀ ਵਿਸ਼ਲੇਸ਼ਣ ਉਸ ਨੂੰ ਵਿਚਾਰ ਕੇ ਕਰਨਾ ਯੋਗ ਹੈ।

ਜੇ ਭਗਤ ਸਿੰਘ ਦੇ ਭਗਤ ਉਸ ਨੂੰ ਸਿੱਖ ਪਰੰਪਰਾ ਤੋਂ ਬਾਹਰ ਖੜ੍ਹਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਉਸ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਲਾਜ਼ਮੀ ਹੈ। ਲਿਖਤਾਂ ਨੂੰ ਪੜਚੋਲਣ ਦੀ ਲੋੜ ਤੋਂ ਇਲਾਵਾ ਉਸ ਦੇ ਬਿੰਬ ਨੂੰ ਠੁੰਮ੍ਹਣੇ ਦੇਣ ਲਈ ਵਰਤੀ ਜਾਂਦੀ ਸਿੱਖ ਧਾਰਮਕ ਸ਼ਬਦਾਵਲੀ ਤੋਂ ਗ਼ੁਰੇਜ਼ ਕਰਨਾ ਪਵੇਗਾ (ਮਸਲਨ ਸ਼ਬਦ ਸ਼ਹੀਦ) ਅਤੇ ਉਸ ਦੇ ਸਹਾਰੇ ਸਿੱਖ ਸ਼ਹੀਦਾਂ ਉੱਤੇ ਕਿੰਤੂ-ਪ੍ਰੰਤੂ ਕਰਨਾ (ਜਿਵੇਂ ਕਿ ਕੁਲਦੀਪ ਨੱਈਯਰ ਕਰਦਾ ਹੈ) ਜਾਂ ਸਿੱਖ ਸੰਘਰਸ਼ ਨੂੰ ਨੀਵਾਂ ਵਿਖਾਉਣ ਲਈ ਵਰਤਣਾ ਬੰਦ ਕਰਨਾ ਪਵੇਗਾ। ਸਿਰਦਾਰ ਕਪੂਰ ਸਿੰਘ, ਭਾਈ ਸਾਹਿਬ ਰਣਧੀਰ ਸਿੰਘ ਦੀਆਂ ਸਤਿਕਾਰਯੋਗ ਹਸਤੀਆਂ ਉੱਤੇ ਆਨੇ-ਬਹਾਨੇ ਕਮੀਨੇ ਹਮਲੇ ਛੱਡਣੇ ਪੈਣਗੇ ਅਤੇ ‘ਸਾਚੀ ਸਾਖੀ’ ਨੂੰ ਵਿਸਾਰਨ, ਸਾੜਨ ਦੀ ਥਾਂ ਉਸ ਨੂੰ ਪੜ੍ਹ-ਘੋਖ ਕੇ ਵਾਜਬ ਸੱਭਿਅਕ ਟਿੱਪਣੀ ਸਾਊ ਵਿਚਾਰਵਾਨਾਂ ਦੀ ਬੋਲੀ ਵਿੱਚ ਕਰਨੀ ਪਵੇਗੀ। ਸਿੱਖ ਧਰਮ, ਇਤਿਹਾਸ, ਰਾਜਸੀ ਨਿਸ਼ਾਨੇ, ਸਿੱਖ ਧਾਰਮਕ ਰਹਿਤ, ਪੰਜਾਬੀ ਬੋਲੀ ਦੇ ਰੁਤਬੇ ਅਤੇ ਸਿੱਖ ਕਦਰਾਂ-ਕੀਮਤਾਂ ਨੂੰ ਖੋਰਾ ਲਾਉਣ ਲਈ ਭਗਤ ਸਿੰਘ ਦੇ ਬਿੰਬ ਨੂੰ ਵਰਤਣ ਦਾ ਯਥਾਸ਼ਕਤ ਵਿਰੋਧ ਕਰਨ ਲਈ ਗੁਰੂ ਕੇ ਸਿੱਖ ਵਚਨਬੱਧ ਹਨ। ਹੁਣ ਇਹ ਸਮਝਣਾ ਲਾਜ਼ਮੀ ਹੈ ਕਿ ਦੋ ਘੋੜਿਆਂ ਦੀ ਸਵਾਰੀ ਕਿਸੇ ਧਿਰ ਲਈ ਵੀ ਲਾਹੇਵੰਦ ਨਹੀਂ।

ਸਾਰੇ ਮਸਲੇ ਨੂੰ ਨਜਿੱਠਣ ਲਈ ਦੋਹਾਂ ਪਾਸਿਆਂ ਤੋਂ ਉੱਚ ਪਾਏ ਦੇ ਨਿਰਪੱਖ ਯਤਨਾਂ ਦੀ ਲੋੜ ਹੈ। ਨਿਸੰਗ ਹੋ ਕੇ, ਹਰ ਪ੍ਰਕਾਰ ਦੀ ਦੁਬਿਧਾ ਵਿਸਾਰ ਕੇ, ਸੱਚੇ ਮਨ ਨਾਲ ਵਿਗਿਆਨਕ ਪਹੁੰਚ ਅਪਣਾ ਕੇ, ਮਨ ਚਾਹੇ ਨਤੀਜਿਆਂ ਦੀ ਆਸ ਤਿਆਗ ਕੇ, ਇੱਕ ਮਨ ਇੱਕ ਚਿੱਤ ਹੋ ਕੇ ਵਿਸ਼ਲੇਸ਼ਣ ਕਰਨਾ ਯੋਗ ਹੈ। ਸਾਚੀ ਸਾਖੀ ਦੇ ਸਾੜੇ ਜਾਣ ਤੋਂ ਬਾਅਦ ਦਾ ਸਮਾਂ, ਸਿੱਖ ਧਾਰਮਕ ਅਤੇ ਸਿਆਸੀ ਪਛਾਣ ਬਾਰੇ ਸਹੀ ਨਜ਼ਰੀਆ ਬਣਾਉਣ ਦੇ ਚਾਹਵਾਨ ਪਾਠਕਾਂ ਤੋਂ ਮੰਗ ਕਰਦਾ ਹੈ ਕਿ ਉਹ ਸਾਰੇ ਮਸਲੇ ਦਾ ਗੰਭੀਰ ਜਾਇਜ਼ਾ ਲੈ ਕੇ ਦੁਬਿਧਾ ਤਿਆਗ ਦੇਣ। ਕਬੀਰ ਸਾਹਿਬ ਦੇ ਫੁਰਮਾਨ ਦੇ ਸੰਦਰਭ ਵਿੱਚ ਇਹ ਲਿਖਤ ਪਾਠਕਾਂ ਦੇ ਹੱਥ ਪਹੁੰਚਾਈ ਜਾ ਰਹੀ ਹੈ। ਮਨੋਰਥ ਕੇਵਲ ਇਹੋ ਹੈ ਕਿ ਇਹ ਉਹਨਾਂ ਨੂੰ ਨਿਰਪੱਖ ਹੋ ਕੇ ‘ਮਨੁ ਸਚ ਕਸਵੱਟੀ’ ਲਾ ਕੇ ਵਿਸ਼ੇ ਨਾਲ ਸਬੰਧਤ ਨਿਰਣੇ ਕਰ ਸਕਣ ਵਿੱਚ ਸਹਾਇਤਾ ਕਰ ਸਕੇ :

ਡਗਮਗ ਛਾਡਿ ਰੇ ਮਨ ਬਉਰਾ ।।
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ।।1।। ਰਹਾਉ ।।
(ਰਾਗ ਗਉੜੀ ਪੂਰਬੀ ਕਬੀਰ ਜੀ, ਸ੍ਰੀ.ਗੁ.ਗ੍ਰ.ਸਾ. 338)


ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦੀ ਛਵੀ ਨੂੰ ਨੌਜਵਾਨ ਸਿੱਖਾਂ ਨੂੰ ਕੇਸ ਕਤਲ ਕਰਵਾਉਣ ਲਈ ਉਤਸ਼ਾਹਤ ਕਰਨ ਲਈ ਅਤੇ ਅਸਲ ਆਜ਼ਾਦੀ ਦੀ ਅਸਲ ਜੰਗ ਦੇ ਸੱਚੇ-ਸੁੱਚੇ ਨਾਇਕਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਕਰਨ ਲਈ ਵਰਤੀਂਦਾ ਰਿਹਾ ਹੈ। ਭਾਈ ਰਣਧੀਰ ਸਿੰਘ ਜੀ ਵਰਗੇ ਸਾਧੂ ਪੁਰਸ਼ ਦੇ ਸਪਸ਼ਟ ਵਚਨਾਂ ਦੇ ਹੁੰਦਿਆਂ, ਕਿ ਭਗਤ ਸਿੰਘ ਆਖ਼ਰੀ ਸਮੇਂ ਗੁਰੂ ਦੀ ਸ਼ਰਣ ਵਿੱਚ ਪਰਤ ਆਇਆ ਸੀ, ਭਗਤ ਸਿੰਘ ਦੀ ਪਤਿਤ ਰੂਪ ਵਾਲੀ ਤਸਵੀਰ ਨੂੰ ਪ੍ਰਚੱਲਤ ਕੀਤਾ ਜਾ ਰਿਹਾ ਹੈ ਅਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਸ ਨੂੰ ਨਾਸਤਕ ਪ੍ਰਚਾਰਿਆ ਜਾ ਰਿਹਾ ਹੈ। ਕਸੂਰ ਤੋਂ ਖ਼ਾਸ ਤੌਰ ਉੱਤੇ ਗ੍ਰੰਥੀ ਮੰਗਵਾ ਕੇ ਸਿੱਖ ਰਹੁ-ਰੀਤ ਅਨੁਸਾਰ ਉਸ ਦਾ ਅੰਤਮ ਸੰਸਕਾਰ ਉਸ ਦੀ ਅੰਤਮ ਇੱਛਾ ਮੁਤਾਬਕ ਕਰਨਾ ਦੱਸਦਾ ਹੈ ਕਿ ਅੰਤ ਸਮੇਂ ਉਸ ਦੇ ਧਾਰਮਕ ਵਿਚਾਰ ਕੀ ਸਨ। ਉਸ ਦੀ ਆਖ਼ਰੀ ਤਸਵੀਰ ਵੀ ਉਸ ਨੂੰ ਸਿੱਖੀ ਸਰੂਪ ਵਿੱਚ ਦਰਸਾਉਂਦੀ ਹੈ ਅਤੇ ਭਾਈ ਰਣਧੀਰ ਸਿੰਘ ਦੇ ਲਿਖੇ ਬਚਨਾਂ ਦੇ ਅਕੱਟ ਸਬੂਤ ਵਜੋਂ ਵੇਖੀ ਜਾਣੀ ਜਾਇਜ਼ ਹੈ। ਇਹ ਜਾਣ ਲੈਣ ਤੋਂ ਬਾਅਦ ਲੋੜ ਜਾਪਦੀ ਹੈ ਏਸ ਰਹੱਸ ਨੂੰ ਬੁੱਝਣ ਦੀ ਕਿ ਭਗਤ ਸਿੰਘ ਦੇ ਸਾਥੀ, ਪੈਰੋਕਾਰ ਅਤੇ ਉਸ ਦੀ ਸ਼ੁਹਰਤ ਤੋਂ ਫ਼ਾਇਦਾ ਉਠਾਉਣ ਵਾਲੇ ਲੋਕ ਉਸ ਦੀ ਟੋਪੀ ਵਾਲੀ ਤਸਵੀਰ (ਬੁੱਤ ਆਦਿ) ਪ੍ਰਚਾਰ ਕੇ ਕੀ ਲਾਹਾ ਲੈਣਾ ਚਾਹੁੰਦੇ ਹਨ? ਜੇ ਭਗਤ ਸਿੰਘ ਸਿੱਖੀ ਸਰੂਪ ਅਤੇ ਮਾਨਸਿਕਤਾ ਨੂੰ ਆਖ਼ਰੀ ਸਮੇਂ ਅਪਣਾ ਚੁੱਕਿਆ ਸੀ ਤਾਂ ਉਸ ਨੂੰ ਨਿਰੋਲ ਧੱਕੇ ਨਾਲ, ਗ਼ੈਰ-ਸਿੱਖ ਅਤੇ ਸਿੱਖ-ਵਿਰੋਧੀ ਪ੍ਰੈੱਸ ਦੀ ਸਹਾਇਤਾ ਨਾਲ ਉਸ ਵੱਲੋਂ ਅੰਤ ਸਮੇਂ ਰੱਦ ਕੀਤੇ ਨਾਸਤਕ ਵਿਚਾਰਾਂ ਦਾ ਧਾਰਨੀ ਕਿਉਂ ਪ੍ਰਗਟ ਕੀਤਾ ਜਾ ਰਿਹਾ ਹੈ? ਕੀ ਇਹ ਭਗਤ ਸਿੰਘ ਦੀ ਯਾਦ ਨੂੰ ਸਦਾ ਲਈ ਫਾਂਸੀ ਲਟਕਾਉਣ ਤੋਂ ਘੱਟ ਹੈ?

ਮੁੱਢਲੇ ਤੌਰ ’ਤੇ ਭਗਤ ਸਿੰਘ ਨੂੰ ਇਹੋ ਜਿਹਾ ਪ੍ਰਚਾਰਨ ਦੀ ਵੱਡੀ ਲੋੜ ਫ਼ਿਰਕੂ ਹਿੰਦੂ ਮਾਨਸਿਕਤਾ ਦੀ ਹੈ ਜਿਵੇਂ ਕਿ ਡੇਵਿਡ ਪੈਟਰੀ ਦਾ ਹਵਾਲਾ ਦੇ ਕੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ‘ਸਾਚੀ ਸਾਖੀ’ ਵਿੱਚ ਦਰਜ ਹੈ। ਲਾਜਪਤ ਰਾਇ ਨੂੰ ਪੰਜਾਬ ਕੇਸਰੀ ਆਜ਼ਾਦੀ ਘੁਲਾਟੀਆ ਅਤੇ ਅਜ਼ਾਦੀ ਲਈ ਜੂਝਦੇ ਜਾਨ ਕੁਰਬਾਨ ਕਰਨ ਵਾਲਾ ਸਾਬਤ ਕਰਨ ਵਾਸਤੇ ਵੀ ਭਗਤ ਸਿੰਘ ਦੀ ਲੋੜ ਸਪਸ਼ਟ ਹੈ। ਏਸ ਤੱਥ ਤੋਂ ਇਨਕਾਰ ਕਰਨਾ ਵੀ ਸੰਭਵ ਨਹੀਂ ਕਿ ਲਾਜਪਤ ਰਾਏ ਨੂੰ ਮਰਣੋਪਰੰਤ ਉਭਾਰਨ ਦਾ ਯਤਨ ਵੀ ਕੱਟੜਵਾਦ ਮਾਨਸਿਕਤਾ ਦੇ ਉਪਰੋਕਤ ਰੁਝਾਨ ਦਾ ਇੱਕ ਹਿੱਸਾ ਹੈ। ਉਸ ਦੀ ਜੀਵਨੀ ਪੜ੍ਹਨ ਤੋਂ, ਉਸ ਨੂੰ ਕੌਂਗਰਸ ਦੀ ਪ੍ਰਧਾਨਗੀ ਦਾ ਪ੍ਰਸਤਾਵ ਵਾਪਸ ਲੈਣ ਦੇ ਕਾਰਣਾਂ ਤੋਂ ਅਤੇ ਉਸ ਦੇ ਸ਼ੁੱਧੀ ਬਹਾਨੇ ਸਿੱਖਾਂ ਨੂੰ ਪਤਿਤ ਕਰਨ ਦੇ ਮਾਸਟਰ ਤਾਰਾ ਸਿੰਘ ਵੱਲੋਂ ਪ੍ਰਗਟ ਕੀਤੇ ਸੱਚ ਦੇ ਸੰਦਰਭ ਵਿੱਚ ਮੁਲਾਂਕਣ ਕੀਤਿਆਂ ਏਹੀ ਜਾਪਦਾ ਹੈ ਕਿ ਉਸ ਦੀ ਯਾਦ ਨੂੰ ਸਤਿਕਾਰਯੋਗ ਬਣਾਉਣ ਲਈ ਅਜਿਹੇ ਅਨੇਕਾਂ ਠੁੰਮ੍ਹਣਿਆਂ ਦੀ ਸਖ਼ਤ ਲੋੜ ਹੈ। ਭਗਤ ਸਿੰਘ ਏਸ ਲੋੜ ਨੂੰ ਆਪਣੇ ਟੋਪੀ ਵਾਲੇ ਸਰੂਪ ਵਿੱਚ ਅਤੇ ਉਸ ਦੀ ਮੌਤ ਦਾ ਬਦਲਾ ਲੈਣ ਵਾਲੇ ਦੇ ਰੂਪ ਵਿੱਚ ਹੀ ਪੂਰਾ ਕਰ ਸਕਦਾ ਹੈ। ਵਿਚਾਰਧਾਰਕ ਤੌਰ ਉੱਤੇ ਦੋਨੋਂ ਸੈਂਕੜੇ ਕੋਹਾਂ ਦੂਰ ਸਨ।

ਏਹੋ ਵਿਡੰਬਨਾ ਖੱਬੇ ਪੱਖੀ ਲੇਖਕਾਂ ਦੀ ਹੈ ਜਿਹੜੇ ਕਿ ਭਗਤ ਸਿੰਘ ਨੂੰ ਇੱਕ ਬਹੁਤ ਵੱਡਾ ਚਿੰਤਕ, ਲੇਖਕ, ਸਿਆਸੀ ਨੇਤਾ ਅਤੇ ਮਾਰਕਸੀ ਵਿਚਾਰਧਾਰਾ ਦਾ ਕ੍ਰਾਂਤੀਕਾਰੀ ਥੰਮ੍ਹ ਬਣਾ ਕੇ ਉਸਾਰਨਾ ਚਾਹੁੰਦੇ ਹਨ। ਉਹਨਾਂ ਦੀ ਮਕਸਦ-ਪੂਰਤੀ ਵੀ ਉਸ ਦੇ ਪਤਿਤ ਸਰੂਪ ਉੱਤੇ ਹੀ ਨਿਰਭਰ ਹੈ। ਜ਼ਰਖ਼ੇਜ਼ ਪੰਜਾਬ ਵਿੱਚ ਉਹ ਇਸ ਦੇ ਅਜਿਹੇ ਬਿੰਬ ਨੂੰ ਮਾਰਕਸਇਜ਼ਮ ਦੇ ਪ੍ਰਚਾਰ ਲਈ ਸਹਾਇਕ ਜਾਣਦੇ ਹਨ। ਅਜਿਹੇ ਪ੍ਰਚਾਰ ਲਈ ਉਹ ਤਰਕ, ਤੱਥ, ਦਲੀਲ, ਸੱਚ ਅਤੇ ਪ੍ਰਮਾਣ ਨੂੰ ਬਿਲਕੁਲ ਨਹੀਂ ਵਿਚਾਰਦੇ ਪ੍ਰੰਤੂ ‘ਤੇਲੀ ਉਇ ਤੇਲੀ ਤੇਰੇ ਸਿਰ ਉੱਤੇ ਕੋਹਲੂ’ ਵਾਲਾ ਭਾਰੀ-ਭਰਕਮ ਯਥਾਰਥਵਾਦੀ ਅਮਲ ਹੀ ਵਰਤਦੇ ਹਨ। ਵਿਚਾਰਾਂ ਦੇ ਮੈਦਾਨ ਵਿੱਚ ਉੱਤਰਨ ਨਾਲੋਂ ਧੱਕਾ, ਧੌਂਸ, ਗਾਲੀ-ਗਲੋਚ, ਮਿਹਣੇ-ਤਾਅਨੇ ਅਤੇ ਕਿਤਾਬਾਂ-ਅਰਥੀਆਂ ਸਾੜਨ ਵਾਲੇ ਫ਼ੈਸਿਸਟ ਹਰਬੇ ਵਰਤ ਕੇ ਭਗਤ ਸਿੰਘ ਨੂੰ ਵਡਿਆਉਣਾ ਲੋਚਦੇ ਹਨ। ਜੇ ਸੱਚ ਪੱਲੇ ਨਾ ਹੋਏ ਤਾਂ ਏਹੋ ਕੁਝ ਹੀ ਸਹਾਈ ਹੋ ਸਕਦਾ ਹੈ।

ਇੱਕ ਜੇਲ੍ਹ ਡਾਇਰੀ ਜਿਸ ਵਿੱਚ ਵੱਖ-ਵੱਖ ਕਿਤਾਬਾਂ ਵਿੱਚੋਂ ਪੜ੍ਹਨ ਸਮੇਂ ਨਕਲ ਕੀਤੀਆਂ ਟਿੱਪਣੀਆਂ ਹਨ ਅਤੇ ਚੰਦ ਚਿੱਠੀਆਂ, ਅੱਧੀ ਦਰਜਨ ਤੋਂ ਘੱਟ ਲੇਖਾਂ ਇਤਿਆਦਿ ਦੇ ਆਧਾਰ ਉੱਤੇ ਉਹ ਉਸ ਨੂੰ ਵੱਡਾ ਮਾਰਕਸੀ ਚਿੰਤਕ ਸਥਾਪਤ ਕਰਨ ਦੀ ਚੇਸ਼ਟਾ ਵਿੱਚ ਹਨ। ਜੇ ਕਦੇ ਇਹ ਕਿਤਾਬਾਂ ਪੜ੍ਹਨ ਦੇ ਦਸਤੂਰ ਤੋਂ ਚੰਗੇ ਵਾਕਫ਼ ਹੁੰਦੇ ਤਾਂ ਜਾਣਦੇ ਕਿ ਏਂਨੀਆਂ ਕੁ ਟਿੱਪਣੀਆਂ ਦੋ, ਤਿੰਨ ਕਿਤਾਬਾਂ ਅਤੇ ਉਹਨਾਂ ਦੇ ਫੁੱਟ-ਨੋਟਾਂ ਵਿੱਚੋਂ ਵੀ ਇਕੱਠੀਆਂ ਕਰਨੀਆਂ ਸੰਭਵ ਹਨ। ਏਸ ਤੋਂ ਇਲਾਵਾ ਇਹਨਾਂ ਵੱਡੇ ਯਤਨ ਕਰ ਕੇ ਕੁਝ ਕੁ ਹੋਰ ਚਿੱਠੀਆਂ, ਇਸ਼ਤਿਹਾਰ, ਚੰਦ ਲੇਖ ਅਤੇ ਕੁਝ ਬੋਲਚਾਲ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਹਨ ਅਤੇ ਸਮਝਦੇ ਹਨ ਕਿ ਇਹ ਭਗਤ ਸਿੰਘ ਨੂੰ ਵੱਡਾ ਵਿਚਾਰਵਾਨ ਸਿੱਧ ਕਰਨ ਲਈ ਕਾਫ਼ੀ ਹਨ।

ਮਾਰਕਸੀ ਵਿਚਾਰਧਾਰਾ ਦੇ ਤੌਰ ਤਰੀਕਿਆਂ ਤੋਂ ਨਾਵਾਕਫ਼ ਲੋਕ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਇਹ ਤਰੀਕਾ ਇਹਨਾਂ ਦੀ ਵਿਦਵਤਾ-ਪ੍ਰਣਾਲੀ ਦੀ ਰੀਤ ਅਨੁਸਾਰ ਹੈ ਜਾਂ ਨਹੀਂ ਪਰ ਬਾਕੀ ਦੁਨੀਆ ਏਸ ਨੂੰ ਥੋਥਾ ਨਿਰਾਰਥਕ ਯਤਨ ਹੀ ਜਾਣੇਗੀ। ਇਹਨਾਂ ਦਾ ਤਰਕ ਕਿੰਨਾ ਨਿਰਬਲ ਹੈ ਕੇਵਲ ਏਸ ਤੱਥ ਤੋਂ ਜਾਣਿਆ ਜਾ ਸਕਦਾ ਹੈ ਕਿ ‘ਜੇਲ੍ਹ ਡਾਇਰੀ’ ਦੇ ਮੁੱਖ ਪੰਨੇ ਉੱਤੇ ਭਗਤ ਸਿੰਘ ਦੀ ਕੇਸਾਧਾਰੀ ਤਸਵੀਰ ਛਪੀ ਹੈ। ਭਗਤ ਸਿੰਘ ਦੀ ਅਜਿਹੀ ਤਸਵੀਰ ਉੇਸ ਦੇ ਵਿਚਾਰਾਂ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਸੂਚਕ ਹੈ। ਭਾਈ ਰਣਧੀਰ ਸਿੰਘ ਦੀ ਲਿਖ਼ਤ, ਕਸੂਰ ਦੇ ਗ੍ਰੰਥੀ ਦੇ ਬਿਆਨ, ਸਿੱਖ ਰਹੁ-ਰੀਤ ਅਨੁਸਾਰ ਅੰਤਮ ਸੰਸਕਾਰ ਦੱਸਦੇ ਹਨ ਕਿ ਆਖ਼ਰੀ ਸਮੇਂ ਭਗਤ ਸਿੰਘ ਮਾਰਕਸੀ ਵਿਚਾਰਧਾਰਾ ਦੇ ਛਲਾਵੇ ਤੋਂ ਮੁਕਤ ਹੋ ਚੁੱਕਾ ਸੀ ਅਤੇ ਸਭ ਕਾਸੇ ਉੱਤੇ ਲਕੀਰ ਫੇਰ ਕੇ ਸੁਖਸਾਗਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸਮਾ ਚੁੱਕਿਆ ਸੀ। ਕੀ ਅਜਿਹੇ ਬੰਦੇ ਨੂੰ ਮਹਾਨ ਨਾਸਤਕ ਵਿਚਾਰਵਾਨ ਸਥਾਪਤ ਕਰਨ ਦੀ ਚੇਸ਼ਟਾ ਕਰਨਾ ਵਗਦੇ ਦਰਿਆ ਵਿੱਚ ਰੇਤ ਦਾ ਮਹਿਲ ਉਸਾਰਨ ਬਰਾਬਰ ਤਾਂ ਨਹੀਂ?

ਵੱਡਾ ਵਿਦਵਾਨ ਪ੍ਰਚੱਲਤ ਕਰਨ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਭਗਤ ਸਿੰਘ ਦੀਆਂ ਮੁਕੰਮਲ ਲਿਖਤਾਂ ਨੂੰ ਇਕੱਠਾ ਕਰ ਕੇ ਪ੍ਰਮਾਣਿਤ ਕਰਨਾ। ਇਹ ਦੋ ਕਿਤਾਬਾਂ ਦੀ ਸਮਗਰੀ ਉਸ ਦੇ ਨਾਂਅ ਮੜ੍ਹ ਚੁੱਕੇ ਹਨ। ਅਸਲ ਸਥਿਤੀ ਇਹ ਹੈ ਕਿ ਪੰਜਾਹ ਕੁ ਸਫ਼ਿਆਂ ਤੋਂ ਵੱਧ ਲਿਖਤਾਂ ਨੂੰ ਸੱਚਮੁਚ ਭਗਤ ਸਿੰਘ ਦੀਆਂ ਲਿਖੀਆਂ ਸਾਬਤ ਕਰਨਾ ਅਸੰਭਵ ਹੈ। ਇਹਨਾਂ ਨੂੰ ਰਿੜਕ ਕੇ ਉਸ ਪੱਧਰ ਦੀਆਂ ਸਿਧਾਂਤਕ ਸੇਧਾਂ ਉਹਨਾਂ ਵਿੱਚੋਂ ਪ੍ਰਗਟ ਕਰਨਾ ਜਿਨ੍ਹਾਂ ਦਾ ਭਗਤ ਸਿੰਘ, ਇਹਨਾਂ ਮੁਤਾਬਕ, ਧਾਰਨੀ ਸੀ, ਬੇਹੱਦ ਜ਼ੋਖਮ ਵਾਲਾ ਕੰਮ ਹੈ।

ਏਸ ਤਰਕ ਨੂੰ ਰਤਾ ਕੁ ਹੋਰ ਅਗਾਂਹ ਤੋਰੀਏ! ਆਪਣੀਆਂ ਲਿਖਤਾਂ ਦੇ ਆਧਾਰ ਉੱਤੇ ਸੱਤ ਸਾਲ ਦੀ ਉਮਰ ਤੋਂ ਲੈ ਕੇ ਕੌਲਿਜ ਪੜ੍ਹਨ ਦੇ ਦਿਨਾਂ ਤੱਕ ਭਗਤ ਸਿੰਘ ਜਨੇਊ ਧਾਰੀ ਕੱਟੜ ਆਰੀਆ ਸਮਾਜੀ ਸੀ। ਸਕੂਲ ਪੜ੍ਹਨ ਦੇ ਦਿਨਾਂ ਵਿੱਚ ਕਈ-ਕਈ ਪਾਠ ਗਾਇਤ੍ਰੀ ਮੰਤਰ ਦੇ ਕਰਦਾ ਹੁੰਦਾ ਸੀ। ਉਹ ਆਪ ਵੀ ਲਿਖਦਾ ਹੈ ਕਿ ਪੜ੍ਹਾਈ-ਲਿਖਾਈ ਪੱਖੋਂ ਉਹ ਬਹੁਤਾ ਨਹੀਂ ਸੀ ਜਾਣਿਆ ਜਾਂਦਾ। ਲੈ ਦੇ ਕੇ ਉਸ ਦੇ ਗੰਭੀਰਤਾ ਨਾਲ ਪਠਨ, ਮਨਨ, ਚਿੰਤਨ ਦੇ ਉਹੀ ਦੋ ਸਾਲ ਹਨ ਜੋ ਉਸ ਨੇ ਜੇਲ੍ਹ ਵਿੱਚ ਬਿਤਾਏ। ਅਜਿਹੀਆਂ ਹਾਲਤਾਂ ਵਿੱਚ ਚਿੰਤਨ ਦੀਆਂ ਕਿੰਨੀਆਂ ਕੁ ਮੰਜ਼ਲਾਂ ਇੱਕ ਇਨਸਾਨ ਉਲੰਘ ਸਕਦਾ ਸੀ, ਓਨੀਆਂ ਕੁ ਨਾਲ ਭਗਤ ਸਿੰਘ ਨੂੰ ਕੰਮ ਚਲਾਉਣਾ ਪਵੇਗਾ। ਫ਼ੇਰ ਏਸ ਸਮੇਂ ਵਿੱਚੋਂ ਚਾਰ ਕਿਤਾਬਾਂ ਲਿਖਣ ਦਾ ਸਮਾਂ ਵੀ ਕੱਢਣਾ ਪਵੇਗਾ ਜਿਹੜੀਆਂ ਕਿ ਉਸ ਨੇ ਜੇਲ੍ਹ-ਜੀਵਨ ਦੌਰਾਨ ਲਿਖੀਆਂ ਸਨ ਅਤੇ ਜਿਨ੍ਹਾਂ ਦੇ ਖਰੜੇ 1947 ਦੀ ਮੁਲਕੀ-ਵੰਡ ਸਮੇਂ ਦੇ ਗਦਰ ਦੀ ਭੇਟ ਚੜ੍ਹ ਗਏ ਸਨ। ਜੇਲ੍ਹ ਨੇਮਾਂ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਨਾ ਹੋਣਾ, ਚਾਰ ਮਹੀਨੇ ਦੀ ਭੁੱਖ ਹੜਤਾਲ ਦਾ ਸਮਾਂ, ਅਦਾਲਤਾਂ ਦੀਆਂ ਤਰੀਕਾਂ ਆਦਿ ਦਾ ਸਮਾਂ ਕੱਢ ਕੇ ਬਚਦੇ ਸਮੇਂ ਵਿੱਚ ਹੀ ਜੋ ਅਕਾਦਮਿਕ ਕੁਸ਼ਲਤਾ ਸੰਭਵ ਹੋ ਸਕਦੀ ਹੈ ਓਨੀਂ ਕੁ ਹੀ ਭਗਤ ਸਿੰਘ ਉੱਤੇ ਠੋਸਣੀ ਜਾਇਜ਼ ਹੈ। ਆਖ਼ਰ ਫ਼ੇਰ ਉਸ ਦੇ ਸਿੱਖੀ ਵੱਲ ਮੋੜੇ ਦੇ ਵੱਡੇ ਅੜਿੱਕੇ ਨੂੰ ਉਲੰਘ ਕੇ ਹੀ ਕਿਸੇ ਚੇਤਨਾ ਨੂੰ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਪ੍ਰਚਾਰਨਾ ਇਮਾਨਦਾਰੀ ਹੈ। ਕੀ ਉਸ ਦੇ ਦੋਸਤਾਂ, ਸਮਰਥਕਾਂ ਵਿੱਚ ਏਨਾਂ ਕੰਮ ਕਰਨ ਦਾ ਠਰ੍ਹੰਮਾ, ਸਬਰ-ਸੰਤੋਖ, ਸਮਰੱਥਾ ਅਤੇ ਹਲੀਮੀ ਹੈ? ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਦਾ।

ਭਗਤ ਸਿੰਘ ਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਏਸ ਤੋਂ ਇਲਾਵਾ ਵੀ ਸਹਿਲ ਨਹੀਂ। ਪਹਿਲਾਂ ਪਹਿਲ ਉਹ ਬੈਕਿਊਨਿਨ ਭਗਤ ਨਿਹਲਿਸਟ (ਸਰਵਨਾਸ਼ੀ) ਸਿਆਸੀ ਵਿਚਾਰਧਾਰਾ ਦਾ ਸੀ। 1928 ਤੱਕ ਉਹ ਭਾਰਤ ਨੌਜਵਾਨ ਸਭਾ ਵਿੱਚ ਕੰਮ ਕਰਦਾ ਸੀ ਜਿਸ ਬਾਰੇ ਵਾਇਸਰਾਏ ਇਰਵਿਨ ਦੀ ਟਿੱਪਣੀ ਹੈ ਕਿ ਸਭਾ ਦੀ ਸਿਆਸੀ ਸੋਚ ਇੰਨ-ਬਿੰਨ ਕੌਂਗਰਸ ਨਾਲ ਮਿਲਦੀ ਸੀ। ਵਿਦਿਆਰਥੀ ਸੰਗਠਨ ਨੂੰ ਜੇਲ੍ਹ ਵਿੱਚੋਂ 19, 20 ਅਕਤੂਬਰ 1929 ਨੂੰ ਭੇਜੇ ਸੰਦੇਸ਼, ਜਿਸ ਨੂੰ ਸੁਭਾਸ਼ ਚੰਦਰ ਬੋਸ ਨੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ, ਤੋਂ ਜ਼ਾਹਰ ਹੈ ਕਿ ਉਹ ਅਜੇ ਵੀ ਕੌਂਗਰਸੀ ਵਿਚਾਰਧਾਰਾ ਦੇ ਬਹੁਤ ਨੇੜੇ ਸੀ। ਖਿੱਚ ਧੂਹ ਕੇ, ਵਿੱਚ ਵਿਚਾਲੇ, ਤਕਰੀਬਨ ਸਾਲ ਕੁ ਦਾ ਸਮਾਂ ਹੈ ਜਦੋਂ ਕਿ ਉਸ ਨੂੰ ਮਾਰਕਸੀ ਕ੍ਰਾਂਤੀਕਾਰੀ ਵੀ ਆਖਿਆ ਜਾ ਸਕਦਾ ਹੈ।

ਜੇਲ੍ਹ ਦਾ ਸਾਰਾ ਸਮਾਂ - ਭਾਈ ਰਣਧੀਰ ਸਿੰਘ ਦੀ ਰਿਹਾਈ (ਅਕਤੂਬਰ 4, 1930) ਤੱਕ - ਉਹ ਆਪਣੇ-ਆਪ ਨੂੰ ਮਾਰਕਸੀ ਸੋਸ਼ਲਿਸਟ ਅਖਵਾਉਂਦਾ ਜਾਪਦਾ ਹੈ। ਆਖ਼ਰੀ ਸਮੇਂ ਬਾਰੇ ਆਪਾਂ ਜਾਣਦੇ ਹੀ ਹਾਂ। 23 ਸਾਲ ਕੁਝ ਮਹੀਨੇ ਦੀ ਉਮਰ ਵਿੱਚੋਂ ਆਰੀਆ ਸਮਾਜ ਨੂੰ ਤਿਆਗ ਕੇ ਬਾਕੀ ਸਾਰੀਆਂ ਵਿਚਾਰਧਾਰਾਵਾਂ ਨੂੰ ਪਾਲਣ ਲਈ ਉਸ ਕੋਲ ਕੇਵਲ ਪੰਜ ਕੁ ਸਾਲ ਦਾ ਸਮਾਂ ਸੀ। ਜਾਪਦਾ ਇਹ ਹੈ ਕਿ ਏਸ ਵਿੱਚ ਉਪਰੋਕਤ ਨੂੰ ਛੱਡ ਕੇ ਪਹਿਲੇ ਪੂਰ ਦੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਤਰਜ਼ ਉੱਤੇ ਕੁਝ ਦੇਰ ਉਸ ਨੇ ਭਾਰਤ ਮਾਤਾ ਦੀ ਦੇਵੀ ਰੂਪ ਵਿੱਚ ਪ੍ਰਸਤਿਸ਼ ਵੀ ਕੀਤੀ। ਸ਼ਾਇਦ ਸਾਂਡਰਸ ਦੇ ਕਤਲ ਸਮੇਂ ਇਹ ਵਿਚਾਰ ਉਸ ਦੇ ਮਨ ਵਿੱਚ ਸਭ ਤੋਂ ਪ੍ਰਬਲ ਸੀ; ਅਜਿਹੇ ਸੰਕੇਤ ਮਿਲਦੇ ਹਨ। ਉਸਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਜੇ ਇਮਾਨਦਾਰੀ ਨਾਲ ਤੱਥਾਂ ਦੇ ਆਧਾਰ ਉੱਤੇ ਕਰੀਏ ਤਾਂ ਭਲਾ ਮਾਰਕਸੀਆਂ ਦੇ ਹੱਥ ਭਗਤ ਸਿੰਘ ਦਾ ਕਿੰਨਾ ਕੁ ਹਿੱਸਾ ਆਵੇਗਾ? ਖ਼ੈਰ! ਇਹ ਮਸਲਾ ਸੋਚਣ ਵਾਲਿਆਂ ਦਾ ਹੈ। ਜਿਨ੍ਹਾਂ ਨੇ ਵਿਰੋਧੀ ਕਿਤਾਬਾਂ ਸਾੜ ਕੇ ਬੌਧਿਕ ਨਿਰਣੇ ਕਰਨੇ ਹੋਣ ਉਹਨਾਂ ਨੂੰ ਇਹਨਾਂ ਬਾਰੀਕੀਆਂ ਨਾਲ ਕੀ? ਸੱਚ ਤਾਂ ਇਹ ਹੈ ਕਿ ਸ਼ਾਇਦ ਛੋਟੇ-ਛੋਟੇ ਦੋ, ਤਿੰਨ ਸਮਾਂ-ਖੰਡਾਂ ਨੂੰ ਛੱਡ ਕੇ ਆਪਣੇ ਸਿਆਸੀ ਜੀਵਨ ਦਾ ਬਹੁਤਾ ਹਿੱਸਾ ਭਗਤ ਸਿੰਘ ਕੌਂਗਰਸੀ ਵਿਚਾਰਧਾਰਾ ਦੇ ਸਮਰਥਕ ਰਹੇ। ਕੀ ਸੁਖਦੇਵ ਵੱਲੋਂ ਗਾਂਧੀ ਕੋਲ ਅੰਤਮ ਪੱਤਰ ਰਾਹੀਂ ਪ੍ਰਗਟ ਕੀਤੇ ਗਿਲ਼ੇ ਏਸ ਤੱਥ ਵੱਲ ਇਸ਼ਾਰਾ ਨਹੀਂ ਕਰਦੇ? ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਕਬੂਲਣ ਦੇ ਹੱਕ ਦੇ ਲੇਖ ਵੀ ਹਨ। ਇਸ਼ਾਰੇ ਮਿਲਦੇ ਹਨ ਕਿ ਸ਼ਾਇਦ ਇੱਕ ਵੇਲੇ ਮਨੂੰਸਮ੍ਰਿਤੀ ਵਾਲਾ ਮਨੂੰ ਵੀ ਭਗਤ ਸਿੰਘ ਦਾ ਪ੍ਰੇਰਨਾ-ਸ੍ਰੋਤ ਸੀ। ਕਦੇ ਭਗਤ ਸਿੰਘ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਪ੍ਰਭਾਵਤ ਹੋ ਕੇ ਕਾਲ਼ੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀ ਅਤੇ ਗੁਰਮੁਖੀ ਵੀ ਸਿੱਖੀ ਸੀ। ਸਭ ਕਾਸੇ ਨੂੰ ਵਿਚਾਰਦਿਆਂ ਅਜੇ ਗੰਭੀਰ ਮੁਲਾਂਕਣ ਤੋਂ ਬਿਨਾ ਕਹਿਣਾ ਕਿ ਭਗਤ ਸਿੰਘ ਖੱਬੇ ਪੱਖੀ ਅਗਾਂਹ ਵਧੂ (?) ਨਾਸਤਕ ਲਹਿਰ ਦਾ ਆਗੂ ਸੀ, ਹਵਾਈ ਕਹਾਣੀ ਹੀ ਜਾਪਦੀ ਹੈ - ਘੱਟੋ ਘੱਟ ਤਰਕਸੰਗਤ ਜਾਂ ਨਿਆਂਪੂਰਣ ਤਾਂ ਨਹੀਂ ਜਾਪਦੀ।

ਜੇ ਕੋਈ ਸੋਚਵਾਨ ਤੱਥਾਂ ਦੇ ਆਧਾਰ ਉੱਤੇ ਕੌਂਗਰਸ ਨੂੰ ਭਾਰਤ ਦੀ ਆਜ਼ਾਦੀ ਦਾ ਮੋਢੀ ਨਾ ਮੰਨਦਾ ਹੋਵੇ ਅਤੇ ਸਪਸ਼ਟ ਜਾਣਦਾ ਹੋਵੇ ਕਿ ਇਹ ਜਮਾਤ ਅੰਗ੍ਰੇਜ਼ਾਂ ਦੇ ਝੋਲੀ-ਚੁੱਕਾਂ ਦੀ ਸੀ ਜਿਸ ਦਾ ਅਸਲ ਅੰਤਮ ਮਕਸਦ ਕੇਵਲ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਪੁਰਾਤਨ ਕਬੀਲਿਆਂ ਉੱਤੇ ਹਿੰਦੂ ਸਾਮਰਾਜ ਠੋਸਣਾ ਸੀ ਤਾਂ ਉਹ ਕੌਂਗਰਸੀ ਗੌਰਵ ਵਧਾਉਣ ਪਿੱਛੇ ਕੁਰਬਾਨ ਹੋਏ ਭਗਤ ਸਿੰਘ ਨੂੰ ਕੀ ਸਮਝੇ? ਕਿਸੇ ਵੇਲੇ ਖੱਬੇ ਪੱਖੀਆਂ ਦੀ ਵੀ ਇਹੋ ਵਿਚਾਰਧਾਰਾ ਸੀ ਅਤੇ ਗਾਂਧੀ ਵੱਲੋਂ ਚੌਰਾ-ਚੌਰਾ ਘਟਨਾ ਤੋਂ ਬਾਅਦ ਅੰਦੋਲਨ ਦੀ ਵਾਪਸੀ ਦੇ ਵਿਸ਼ਲੇਸ਼ਣ ਨੂੰ ਉਹ ਗਾਂਧੀ ਦੇ ਅੰਗ੍ਰੇਜ਼ ਪ੍ਰਸਤ ਹੋਣ ਉੱਤੇ ਹੀ ਆਧਾਰਤ ਕਰਦੇ ਸਨ। ਜਲ੍ਹਿਆਂ ਵਾਲੇ ਬਾਗ਼ ਤੋਂ ਬਾਅਦ ਹੜਤਾਲ ਵਾਪਸ ਲਏ ਜਾਣ ਨੂੰ ਵੀ ਕਈ ਚਿੰਤਕਾਂ ਨੇ ਇਵੇਂ ਹੀ ਸਮਝਿਆ ਹੈ। ਅਨੇਕਾਂ ਕਿਤਾਬਾਂ ਏਸ ਵਿਸ਼ੇ ਉੱਤੇ ਹੁਣ ਉਪਲਭਧ ਹਨ ਜਿਨ੍ਹਾਂ ਨੂੰ ਵਾਚ ਕੇ ਉਪਰੋਕਤ ਨਿਰਣੇ ਦੀ ਪ੍ਰੋੜ੍ਹਤਾ ਹੁੰਦੀ ਹੈ। ਏਸੇ ਸੰਦਰਭ ਵਿੱਚ ਹੈ ਸਿਰਦਾਰ ਦੀ ‘ਸਾਚੀ ਸਾਖੀ’ ਜਿਸ ਦਾ ਮੁੱਢਲਾ ਤਰਕ ਉਪਰੋਕਤ ਵਿਚਾਰ ਦੇ ਹੱਕ ਵਿੱਚ ਹੈ।

ਸੱਚ ਤਾਂ ਇਹੋ ਹੈ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਆਖ਼ਰ ਤੱਕ ਕੌਂਗਰਸ ਨਾਲ ਪੱਕੀ-ਪੀਢੀ ਤਰ੍ਹਾਂ ਜੁੜੇ ਹੋਏ ਸਨ। ਮਾਰਚ 5, 1931 ਤੋਂ ਬਾਅਦ (ਫਾਂਸੀ ਲੱਗਣ ਤੋਂ ਕੇਵਲ 17 ਕੁ ਦਿਨ ਪਹਿਲਾਂ) ਹੀ ਸੁਖਦੇਵ ਕੌਂਗਰਸ ਨਾਲੋਂ ਕਤਈ ਨਾਤਾ ਤੋੜਨ ਬਾਰੇ ਸੋਚਦਾ ਹੈ। ਅਜਿਹੀ ਹਾਲਤ ਵਿੱਚ ਮਹਰੂਮ ਘੱਟ ਗਿਣਤੀ ਕੌਮਾਂ ਕਿਵੇਂ ਭਗਤ ਸਿੰਘ ਨੂੰ ਆਪਣੀ ਸਿਮ੍ਰਤੀ ਵਿੱਚ ਲੋਕਾਂ ਦਾ ਮਸੀਹਾ ਤਸੱਵਰ ਕਰਨ? ਫ਼ੇਰ ਸੱਚ ਇਹ ਵੀ ਹੈ ਕਿ ਤਕਰੀਬਨ ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦਾ ਬਿੰਬ ਸਿੱਖ ਰਹਿਤ-ਮਰਿਯਾਦਾ, ਪੰਜਾਬੀ ਬੋਲੀ ਦੇ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ।

ਪਰਿਵਾਰ ਦੇ ਚੰਦ ਮੈਂਬਰਾਂ ਨੂੰ ਲਿਖੀਆਂ ਚਿੱਠੀਆਂ ਨੂੰ ਛੱਡ ਕੇ, ‘ਲਿਖਤਾਂ’ ਵਿੱਚ ਭਗਤ ਸਿੰਘ ਉੱਤੇ ਠੋਸਿਆ ਸ੍ਰੀ ਭੀਮ ਸੈਨ ਵਿਦਿਆਲੰਕਾਰ ਦਾ ‘ਪੰਜਾਬ ਦੀ ਭਾਸ਼ਾ ਅਤੇ ਲਿਪੀ ਦੇ ਮਜ਼ਬੂਨ ਸਬੰਧੀ ਮਸਲੇ’ ਵਾਲਾ ਸਭ ਤੋਂ ਪਹਿਲਾਂ ਛਪਿਆ ਲੇਖ ਹੈ। ਇਹ ਲੇਖ 1933 ਵਿੱਚ, ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਦੋ ਸਾਲ ਬਾਅਦ, ਪ੍ਰਗਟ ਕੀਤਾ ਗਿਆ ਹੈ। ਏਸ ਵਿੱਚ ਮਿਸਲ ਕਾਲ ਵੱਲ ਇਸ਼ਾਰਾ ਕਰਦਿਆਂ, ਰਵਿੰਦਰਨਾਥ ਟੈਗੋਰ ਦੇ 1911 ਵਾਲੇ ਲੇਖ ਦੀ ਤਰਜ਼ ਉੱਤੇ, ਸਿੱਖ ਸੰਪਰਦਾ ਨੂੰ ਇੱਕ ਅਰਾਜਕਤਾ ਦਾ ਸਮੂਹ”ਕਰਾਰ ਦਿੱਤਾ ਗਿਆ ਹੈ। ਰਾਜਨੀਤਕ ਤੌਰ ਉੱਤੇ ਏਸ ਮਿਸਲ ਦੇ ਸਮੇਂ ਦੀ ਕੁੱਖ ਵਿੱਚੋਂ ਹੀ ਪੰਜਾਬ ਦੇ ਇਤਿਹਾਸ ਦਾ ਗੌਰਵ, ਖ਼ਾਲਸਾ ਰਾਜ ਨਿਕਲਿਆ ਸੀ। ਗੁਰੂ ਨਾਨਕ ਹਜ਼ੂਰ ਦੇ ਮਹਾਂਵਾਕ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ’’” ਅਤੇ ਕਬੀਰ ਜੀ ਦੇ ‘‘ਸੂਰਾ ਸੋ ਪਹਿਚਾਨੀਐ’’” ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਲਿਖਿਆ ਹੈ। ਤਉ”ਦੀ ਥਾਂ ਤੋਹੇ”ਆਦਿ ਵਰਤੇ ਲਫ਼ਜ਼ ਦੱਸਦੇ ਹਨ ਕਿ ਲੇਖਕ ਸਿੱਖ ਮਾਨਸਿਕਤਾ ਤੋਂ ਕੋਹਾਂ ਦੂਰ ਹੈ। ਸਿੱਖਾਂ ਉੱਤੇ ਪੰਜਾਬੀ ਨੂੰ ਮਜ਼ਹਬੀ ਭਾਸ਼ਾ ਬਣਾ ਕੇ ਉਸ ਨਾਲ ਚਿਪਕ ਜਾਣ”ਦਾ ਇਲਜ਼ਾਮ ਲਾਇਆ ਗਿਆ ਹੈ ਅਤੇ ਹਿੰਦੀ ਤੋਂ ਘਿਰਣਾ ਕਰਦਿਆਂ ਦਰਸਾਇਆ ਹੈ। ਮੁਸਲਮਾਨ ਨੂੰ ਅੱਜ ਦੀ ਰਾਸ਼ਟ੍ਰੀਯ ਸਵੱਯਮ ਸੇਵਕ ਸੰਘ ਦੀ ਤਰਜ਼ ਉੱਤੇ ਭਾਰਤੀ ਬਣ ਜਾਣ”ਦੀ ਪ੍ਰੇਰਨਾ ਕੀਤੀ ਗਈ ਹੈ। ਪੰਜਾਬੀ ਸਾਹਿਤਕ ਭਾਸ਼ਾ ਨਹੀਂ,.... ਨਾ ਹੀ ਵਿਗਿਆਨਕ ਹੀ, .... ਲਿੱਪੀ ਦੀ ਅਪੂਰਨਤਾ,.... ਜੁੜਵੇਂ ਅੱਖਰਾਂ ਦੀ ਘਾਟ, ਹਲੰਤ ਨ ਲਿਖ ਸਕਣ”ਦੀਆਂ ਥੋਥੀਆਂ ਪੰਜਾਬੀ-ਵਿਰੋਧੀ ਦਲੀਲਾਂ ਨੂੰ ਪ੍ਰਚਾਰਿਆ ਗਿਆ ਹੈ ਅਤੇ ਨਿਰਣਾ ਕੀਤਾ ਗਿਆ ਹੈ ਕਿ ਪੰਜਾਬੀ ਵਿੱਚ ਪੂਰਣ ਸ਼ਬਦ ਵੀ ਨਹੀਂ ਲਿਖਿਆ ਜਾ ਸਕਦਾ; ਇਹ ਲਿਪੀ ਤਾਂ ਉਰਦੂ ਤੋਂ ਵੀ ਵੱਧ ਅਪੂਰਣ ਹੈ। ... ਗੁਰਮੁਖੀ ਲਿਪੀ ਤਾਂ ਹਿੰਦੀ ਅੱਖਰਾਂ ਦਾ ਹੀ ਵਿਗੜਿਆ ਹੋਇਆ ਰੂਪ ਹੈ”ਆਦਿ ਧਾਰਨਾਵਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਵਰਤੋਂ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਦੋ ਦਹਾਕੇ ਹੁੰਦੀ ਰਹੀ। ਭਗਤ ਸਿੰਘ ਨੂੰ ਪੰਜਾਬੀ ਬੋਲੀ ਦੇ ਵਿਰੁੱਧ ਏਸ ਤਰ੍ਹਾਂ ਵਰਤਿਆ ਗਿਆ ਹੈ। ਅੱਜ ਅਸੀਂ ਜਾਣਦੇ ਹਾਂ ਕਿ ਇਹ ਬੇ-ਸਿਰ-ਪੈਰ ਤਰਕ ਹਨ।

ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਨੂੰ ਲਿਖਤਾਂ”ਦੀ ਜਿਲਦ ਉੱਤੇ ਵਰਤਿਆ ਗਿਆ ਹੈ ਅਤੇ ਆਮ ਤਸਵੀਰਾਂ, ਮੂਰਤੀਆਂ ਵਿੱਚ ਵਰਤਿਆ ਜਾਂਦਾ ਹੈ। ਏਸ ਗੱਲ ਦੇ ਸੰਕੇਤ ਹਨ ਕਿ ਸੁਖਦੇਵ ਨੇ ਵੀ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਦਾੜ੍ਹੀ ਕੇਸ ਰੱਖ ਲਏ ਸਨ ਪਰ ਪਤਾ ਨਹੀਂ ਕੀ ਸਬੱਬ ਹੈ ਕਿ ਪਿਛਲੇ 70 ਸਾਲਾਂ ਵਿੱਚ, ਪੂਰੇ ਹਿੰਦੋਸਤਾਨ ਵਿੱਚ, ਤੁਸੀਂ ਸੁਖਦੇਵ ਦੀ ਇੱਕ ਵੀ ਮੂਰਤੀ ਜਾਂ ਤਸਵੀਰ ਏਸ ਵੇਸ ਵਿੱਚ ਨਹੀਂ ਵੇਖ ਸਕਦੇ। ਭਗਤ ਸਿੰਘ ਦੀ ਪ੍ਰਤੱਖ ਆਖ਼ਰੀ ਕੇਸਾਧਾਰੀ ਤਸਵੀਰ ਨੂੰ ਏਨਾਂ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਹ ਪਹਿਲੀ ਗ੍ਰਿਫ਼ਤਾਰੀ ਵੇਲੇ ਦੀ ਹੈ ਅਤੇ ਫ਼ਲਾਂ ਕੋਲ ਅਸਲ ਹੈ। ਪਹਿਲੀ ਵਾਰ ਭਗਤ ਸਿੰਘ ਨੂੰ ਦੁਸਹਿਰੇ ਦੇ ਮੇਲੇ ਵਿੱਚ ਬੰਬ ਸੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਨਾ ਤਾਂ ਏਨਾਂ ਮਸ਼ਹੂਰ ਸੀ, ਨਾ ਹੀ ਇਹ ਕਾਰਵਾਈ ਏਨੀਂ ਚੰਗੀ ਸੀ ਕਿ ਕੋਈ ਸੀ.ਆਈ. ਡੀ. ਦਾ ਇੰਸਪੈਕਟਰ ਉਸ ਨਾਲ ਫ਼ੋਟੋ ਖਿਚਵਾਉਣ ਵਿੱਚ ਮਾਣ ਮਹਿਸੂਸ ਕਰਦਾ। ਜੇ ਅਜਿਹੀ ਗੱਲ ਸੀ ਤਾਂ ‘ਅਸਲ’ ਤਸਵੀਰ ਮੁਕਾਬਲੇ ਵਿੱਚ ਛਾਪੀ ਜਾ ਸਕਦੀ ਸੀ ਲੇਕਿਨ ਨਹੀਂ ਛਾਪੀ ਗਈ। ਏਸ ਤਸਵੀਰ ਵਿੱਚ ਭਗਤ ਸਿੰਘ ਦੇ ਸਿਰ ਉੱਤੇ ਛੇ-ਛੇ ਇੰਚ ਲੰਬੇ ਕੇਸ ਸਪਸ਼ਟ ਦਿੱਸਦੇ ਹਨ ਅਤੇ ਅੰਤਮ ਅਰਦਾਸ ਕਰਨ ਵਾਲੇ ਗ੍ਰੰਥੀ ਸਿੰਘ ਦੇ ਬਿਆਨ ਦੀ ਪ੍ਰੋੜ੍ਹਤਾ ਕਰਦੇ ਹਨ।

ਪੰਦਰਾਂ-ਵੀਹ ਸਾਲ ਪਹਿਲਾਂ ਉਸ ਦੇ ਅੰਮ੍ਰਿਤ ਅਭਿਲਾਸ਼ੀ ਹੋਣ ਦੇ ਮਸਲੇ ਨੂੰ ਲੈ ਕੇ ਭਾਈ ਰਣਧੀਰ ਸਿੰਘ ਨੂੰ ਭੰਡਣ ਦੀ ਚੇਸ਼ਟਾ ਖੱਬੇ ਪੱਖੀਆਂ ਵੱਲੋਂ ਹੋਈ। ਇਹ ਵੀ ਨਾ ਵਿਚਾਰਿਆ ਗਿਆ ਕਿ ਭਾਈ ਸਾਹਿਬ ਇਨਕਲਾਬੀ ਕਾਰਨਾਮਿਆਂ ਪੱਖੋਂ ਅਤੇ ਪੰਜਾਬ ਵਿੱਚ ਮਾਣ-ਸਤਿਕਾਰ ਪਾਉਣ ਵਿੱਚ ਭਗਤ ਸਿੰਘ ਨਾਲੋਂ ਕਿਤੇ ਵੱਧ ਅਹਿਮ ਹਸਤੀ ਹਨ। ਉਹਨਾਂ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਅਨੇਕਾਂ ਸਿੰਘ, ਸਿੰਘਣੀਆਂ ਪੰਜਾਬ ਦੀ ਅਸਲ ਆਜ਼ਾਦੀ ਦੀ ਲੜਾਈ ਵਿੱਚ ਅਜੇ ਵੀ ਰੱਤ ਹਨ। ਭਾਈ ਫ਼ੌਜਾ ਸਿੰਘ ਵਰਗੇ ਆਪਾ ਵਾਰੂ, ਪਰਉਪਕਾਰੀ, ਨਿਰਭੈ ਸਿੱਖ ਜੋ ਕਿ ਕਈ ਕ੍ਰਾਂਤੀਕਾਰੀਆਂ ਨਾਲੋਂ ਕਈ ਹੱਥ ਉੱਚਾ ਰੂਹਾਨੀ ਤੇ ਸਮਾਜੀ ਰੁਤਬਾ ਰੱਖਦੇ ਹਨ, ਭਾਈ ਰਣਧੀਰ ਸਿੰਘ ਦੇ ਸੇਵਕ ਆਪਣੇ-ਆਪ ਨੂੰ ਅਖਵਾਉਂਦੇ ਸਨ। ਖ਼ੈਰ! ਚੰਗਾ ਹੋਇਆ ਕਿ ਕੁਝ ਸਿਆਣਿਆਂ ਵਾਜਬ ਜਵਾਬ ਦੇ ਕੇ ਏਸ ਸ਼ੋਰੋ-ਗੁੱਲ ਨੂੰ ਠੱਲ੍ਹ ਪਾਈ।

ਖੱਬੇ ਪੱਖੀਆਂ ਵੱਲੋਂ ਆਮ ਤੌਰ ਉੱਤੇ ਪੰਜਾਬ ਦੇ ਸਿੱਖ ਵਿਰਸੇ ਨੂੰ, ਇੱਕ ਕੱਲ੍ਹ ਨਵੇਂ ਉੱਠੇ ਅਤੇ ਅੱਜ ਹਰ ਪੱਖੋਂ ਅਤੀਤ ਦਾ ਖੰਡਰ ਬਣ ਚੁੱਕੇ, ਲਾਲ ਇਨਕਲਾਬ ਦੀ ਭੇਟਾ ਚਾੜ੍ਹਨ ਦਾ ਨਿਰੰਤਰ ਯਤਨ ਤਾਂ ਵੱਖਰੇ ਅਧਿਐਨ ਦਾ ਅਧਿਕਾਰੀ ਹੈ। ਕਿਸੇ ਹੋਰ ਸੂਬੇ ਦੇ ਲੋਕਾਂ ਆਪਣੇ ਵਿਰਸੇ ਨੂੰ ਸੋਸ਼ਲਿਜ਼ਮ, ਮਾਰਕਸਇਜ਼ਮ ਦੇ ਨਾਂਅ ਉੱਤੇ ਆਂਚ ਨਹੀਂ ਆਉਣ ਦਿੱਤੀ ਪਰ ਸਾਡੇ ਕੁਝ ਪੰਜਾਬੀਆਂ ਅਗਾਂਹ ਵਧ-ਵਧ ਕੇ ਸਿੱਖ ਵਿਰਸੇ ਦੇ ਬਿਹਤਰੀਨ ਪੱਖਾਂ ਦੀ ਆਹੂਤੀ ਮਾਰਕਸ ਦੇ ਹਵਨ-ਕੁੰਡ ਵਿੱਚ ਪਾਈ। ਇਹ ਲੋਕ ਇਹ ਵੀ ਨਾ ਸਮਝ ਸਕੇ ਕਿ ਏਸ ਪੁਰਾਤਨ ਧਰਤੀ ਦੇ ਨਵੇਂ-ਨਰੋਏ ਵਿਚਾਰਾਂ ਨੂੰ ਨਸ਼ਟ ਕਰ ਕੇ ਤਾਂ ਏਥੇ ਉਹੋ ਕੋਝ ਰਹਿ ਜਾਏਗਾ ਜਿਸ ਨੂੰ ਪੰਜਾਬ ਦੇ ਲੋਕਾਂ ਸਦੀਆਂ ਤੱਕ ਜਿਗਰ ਦਾ ਖ਼ੂਨ ਪਾ ਕੇ ਨਵਿਆਇਆ ਸੀ। ਅੰਤ ਇਹਨਾਂ ਦੀ ਮਿਹਰ ਨਾਲ ਪੰਜਾਬ, ਕਈ ਸਦੀਆਂ ਬਾਅਦ, ਹਿੰਦੁਸਤਾਨ ਦਾ ਬੌਧਿਕ ਰੇਗਿਸਤਾਨ ਹੋ ਨਿੱਬੜਿਆ ਜਿਸ ਦੇ ਪੁਰਾਣੇ ਰੁੱਖ ਇਹਨਾਂ ਬੇਕਿਰਕ ਹੋ ਕੇ ਛਾਂਗ ਦਿੱਤੇ ਅਤੇ ਨਵੀਆਂ ਬੂਈਆਂ, ਜੋ ਇਹ ਬੀਜਣਾ ਚਾਹੁੰਦੇ ਸਨ, ਏਸ ਧਰਤੀ ਨੇ ਨਾ ਕਬੂਲੀਆਂ। ਨਤੀਜੇ ਵਜੋਂ ਪਿਛਲੇ ਪੰਜਾਹ ਸਾਲਾਂ ਵਿੱਚ ਸਿਰ੍ਹੜੀ ਪੰਜਾਬੀਆਂ ਨੂੰ ਲੋਕ-ਪੱਖੀ ਯੁੱਧ ਨੰਗੇ ਧੜ ਹੀ ਲੜਨੇ ਪਏ। ਇਹ ਚਿੰਤਕ ਨਾ ਅੱਗੇ ਲੱਗ ਸਕੇ ਨਾ ਪਿੱਛੇ; ਜਦੋਂ ਕਦੇ ਡੂੰਘੀ ਨਜ਼ਰ ਵੇਖੇ ਗਏ, ਦੁਸ਼ਮਣ ਦੀਆਂ ਧਾੜਾਂ ਵਿੱਚ ਖੜ੍ਹੇ ਹੀ ਵਿਖਾਈ ਦਿੱਤੇ। ਤਰਕ ਇਹਨਾਂ ਕਈ ਘੜੇ, ਨਿੱਤ ਨਵੇਂ ਸੂਰਜ ਘੜੇ - ‘‘ਅਗਦੁ ਪੜੈ ਸੈਤਾਨੁ ਵੇ ਲਾਲੋ’’ - ਪਰ ਇਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਨਾ ਜੂਝੇ। ‘‘ਕਚਾ ਰੰਗੁ ਕਸੁੰਭ ਕਾ ਥੋਥੜਿਆ ਦਿਨ ਚਾਰਿ’’”ਦੇ ਲੜ ਹੀ ਲੱਗੇ ਰਹੇ।

ਭਗਤ ਸਿੰਘ ਦੇ ਪਰਿਵਾਰ ਦੇ ਇੱਕ ਸਭ ਤੋਂ ਬੜਬੋਲੇ ਸਦੱਸਯ ਦਾ ਐਲਾਨ ਸੀ ਕਿ ਸਿਰਦਾਰ ਕਪੂਰ ਸਿੰਘ ਨੂੰ ਆਈ. ਸੀ. ਐਸ. ਤੋਂ ਡਿਸਮਿਸ ਕਰਵਾਉਣ ਵਿੱਚ ਵੀ ਏਸੇ ਪ੍ਰਵਾਰ ਦਾ ਹੱਥ ਸੀ। ਇਉਂ ਹੋਣਾ ਵੀ ਚਾਹੀਦਾ ਸੀ। ਸਿੱਖ ਹਿਤਾਂ, ਸਿੱਖੀ, ਪੰਜਾਬ, ਪੰਜਾਬੀ ਵਿਰੋਧੀ ਜੋ ਵੀ ਹਨੇਰੀ ਪਿਛਲੇ ਸੱਤਰ ਕੁ ਸਾਲਾਂ ਵਿੱਚ ਉੁੱਠੀ ਹੈ, ਏਸੇ ਕੁਲਹਿਣੇ ਟਿੱਬੇ ਤੋਂ ਹੀ ਉੱਠੀ ਹੈ। ਸਿਰਦਾਰ ਬਾਰੇ ਵਾਕਫ਼ੀਅਤ ਰੱਖਦੇ ਲੋਕ ਜਾਣਦੇ ਹਨ ਕਿ ਉਹ ਸਦਾ ਰਹਿਣਾ ਧਰੁੰਦਰ ਵਿਦਵਾਨ ਹੈ। ਉਹ ਅਜੋਕੇ ਸਮੇਂ ਵਿੱਚ ਸਿੱਖੀ ਅਤੇ ਪੰਜਾਬੀ ਪ੍ਰੰਪਰਾਵਾਂ ਦਾ ਸਭ ਤੋਂ ਮਜ਼ਬੂਤ ਥੰਮ੍ਹ ਹੈ। ਬਿਨਾਂ ਇੱਕ ਪਲ਼ ਆਰਾਮ ਕੀਤੇ ਉਹ ਪੂਰੀ ਸਿਦਕਦਿਲ਼ੀ ਨਾਲ ਪੰਜਾਬ ਦੇ ਹੱਕਾਂ, ਜਿਨ੍ਹਾਂ ਨੂੰ ਉਹ ਕਦੇ ਵੀ ਦੇਸ਼-ਹਿਤ ਵਿਰੁੱਧ ਨਹੀਂ ਸੀ ਸਮਝਦਾ, ਲਈ ਜੂਝਦਾ ਰਿਹਾ। ਵਿਦਵਤਾ ਪੱਖੋਂ, ਸਿਦਕ ਪੱਖੋਂ, ਭਵਿੱਖ ਦਰਸ਼ਨ ਦੀ ਕਾਬਲੀਅਤ ਪੱਖੋਂ ਇਹਨਾਂ ਦੇ ਸਾਰੇ ਟੋਲੇ ਦੀਆਂ ਲਿਖਤਾਂ, ਉਸ ਸਿਰਦਾਰ ਦੇ ਇੱਕ ਲੇਖ ਦੀਆਂ ਵੀ ਪਾਸਕੂ ਨਹੀਂ। ਕਦੇ ਤੋਲਣ, ਪਰਖਣ ਦੀ ਜਾਚ ਸਿੱਖਣ ਤਾਂ ਜਾਣਨ। ਪਰ ਫ਼ੇਰ ਵੀ ਸਿਰਦਾਰ ਦੀਆਂ ਲਿਖਤਾਂ, ਕੋਰਟ-ਕਚਿਹਰੀਆਂ ਦੇ ਦਸਤਾਵੇਜ਼ਾਂ, ਜ਼ਮਾਨੇ ਦੇ ਰੌਂਅ ਵਿੱਚੋਂ ਸਿਰਦਾਰ ਨਾਲ ਹੋਏ ਧੱਕੇ ਦੀ ਜੋ ਗੂੰਜ ਪੈਂਦੀ ਹੈ ਉਸ ਵਿੱਚ ਇਹਨਾਂ ਦੀ ਤੂਤੀ ਦੀ ਸੁਰ ਨਹੀਂ ਸੁਣਦੀ।

ਸਿਰਦਾਰ ਕੌਣ ਵਿਚਾਰਾ ਸੀ, ਇਹਨਾਂ ਤਾਂ ਅਸਮਾਨ ਨੂੰ ਵੀ ਪਉੜੀਆਂ ਲਾਈਆਂ। ਇਹਨਾਂ ਕਦੇ ਨਾ ਸੋਚਿਆ ਕਿ ਨਵੇਂ ਉੱਭਰ ਰਹੇ ਸਾਮਰਾਜ ਦੀ ਉਸਾਰੀ ਹਿਤ ਇੱਕ ਨਿਰਦੋਸ਼ ਦੇ ਗ਼ਲਤ ਕਾਰਣਾਂ ਕਾਰਣ ਕੀਤੇ ਕਤਲ ਦੀ ਝੂਠੀ ਜ਼ਿੰਮੇਵਾਰੀ ਲੈਣ ਨਾਲ ਕੋਈ ਸ਼ਹੀਦ ਨਹੀਂ ਅਖਵਾ ਸਕਦਾ। ਇਹਨਾਂ ਤਾਂ ਗੁਰੂ ਅਰਜਨ ਹਜ਼ੂਰ ਦੀ ਸ਼ਾਨ ਵਿੱਚ ਗੁਸਤਾਖੀ ਕਰਦਿਆਂ ‘ਸ਼ਹੀਦਾਂ ਦੇ ਸਿਰਤਾਜ’ ਲਫ਼ਜ਼ਾਂ ਦਾ ਉਰਦੂ ਅਨੁਵਾਦ ਹੀ ਭਗਤ ਸਿੰਘ ਦੇ ਨਾਂਅ ਨਾਲ ਜੋੜ ਦਿੱਤਾ। ਇੱਕ ਨਵੀਂ ਸੱਭਿਅਤਾ ਨੂੰ ਜਨਮ ਦੇਣ ਵਾਲੇ, ਜੁੱਗੋ ਜੁੱਗ ਅਟੱਲ ਗੁਰੂ ਗ੍ਰੰਥ ਦੀ ਸਿਰਜਨਾ ਕਰਨ ਵਾਲੇ, ਗੁਰਬਾਣੀ ਦੇ ਜਹਾਜ਼, ਧਰਮ-ਰੱਖਿਅਕ, ਬ੍ਰਹਮ ਗਿਆਨੀ ਪ੍ਰਤੱਖ ਹਰਿ ਸਤਿਗੁਰੂ ਦਾ ਲਕਬ ਅਖ਼ਤਿਆਰ ਕਰਦਿਆਂ ਇਹਨਾਂ ਜ਼ਰਾ ਸੰਗ ਨਾ ਕੀਤੀ। ਇਹ ਤਾਂ ਇਹਨਾਂ ਨੂੰ ਕੀ ਪਤਾ ਹੋਣਾ ਸੀ ਕਿ ਸ਼ਹਾਦਤ ਇੱਕ ਪ੍ਰੰਪਰਾ ਹੁੰਦੀ ਹੈ ਜਿਹੜੀ ਕਿ ਖ਼ਾਸ ਦਾਰਸ਼ਨਿਕ ਪ੍ਰਬੰਧ ਵਿੱਚ ਹੀ ਪ੍ਰਜ੍ਵੱਲਤ ਹੁੰਦੀ ਹੈ। ਇਹ ਵੀ ਇਹਨਾਂ ਕੀ ਜਾਣਨਾ ਸੀ ਕਿ ਇਹ ਪ੍ਰੰਪਰਾ ਕੇਵਲ ਇਸਾਈ ਮਤ, ਇਸਲਾਮ ਅਤੇ ਸਿੱਖ-ਧਰਮ-ਇਤਿਹਾਸ ਵਿੱਚ ਹੀ ਪਾਈ ਜਾਂਦੀ ਹੈ। ਪਾਠਕ ਖ਼ੁਦ ਮੁਲਾਂਕਣ ਕਰ ਲੈਣ ਕਿ ਸਿੱਖ ਧਾਰਮਕ ਅਕੀਦਿਆਂ ਉੱਤੇ ਸਿੱਖ ਧਰਮ ਦੀ ਸ਼ਬਦਾਬਲੀ ਵਰਤ ਕੇ ਮਾਰੇ ਜਾ ਰਹੇ ਡਾਕੇ ਆਖ਼ਰ ਕਿਸ ਪ੍ਰਸਤਾਵ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਇਹਨਾਂ ਕਾਰਵਾਈਆਂ ਨੂੰ ਜ਼ਮਾਨੇ ਦੀ ਰੌਂਅ ਬਣਾਉਣਾ ਲੋਚਦੇ ਭਵਿੱਖ ਦੇ ਕੀ-ਕੀ ਸੁਪਨੇ ਆਪਣੇ ਕਾਲੇ ਮਨਾਂ ਵਿੱਚ ਵਸਾਈ ਬੈਠੇ ਹਨ। ਲੱਭਣ ਵਾਲੇ ਨੂੰ ਸਿਰਦਾਰ ਦੀ ਜ਼ਾਤ ਉੱਤੇ ਹਮਲਿਆਂ ਅਤੇ ‘ਸਾਚੀ ਸਾਖੀ’ ਨੂੰ ਸਾੜਨ ਦੀਆਂ ਘਟਨਾਵਾਂ ਵਿੱਚੋਂ ਕਈ ਰਮਜ਼ਾਂ ਮਿਲ ਜਾਣਗੀਆਂ। ਭਗਤ ਸਿੰਘ ਬਾਰੇ ਉਸ ਦੇ ਕੁਝ ਹੋਰ ਸਮਕਾਲੀਆਂ ਦੀਆਂ ਟਿੱਪਣੀਆਂ ਵੀ ਪ੍ਰਾਪਤ ਹਨ। ਇਹਨਾਂ ਤੋਂ ਸਪਸ਼ਟ ਹੈ ਕਿ ਸਭ ਤੋਂ ਭ੍ਰਾਤਰੀਭਾਵਪੂਰਣ ਅਤੇ ਸੁਹਿਰਦ ਟਿੱਪਣੀਆਂ ਸਿਰਦਾਰ ਦੀਆਂ ਹੀ ਹਨ। ਸਿਰਦਾਰ ਦੀ ਕਈ ਸਾਲ ਪਹਿਲਾਂ ਲਿਖੀ ਪੁਸਤਕ ਨੂੰ ਸਾੜਨ ਵਾਲਿਆਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਦੇ ਨਫ਼ਰਤ ਨਾਲ ਨੱਕੋ-ਨੱਕ ਭਰੇ ਅਤੇ ਈਰਖਾ ਨਾਲ ਚੋਂਦੇ ਲਫ਼ਜ਼ ਕਦੇ ਦਿੱਸੇ ਹੀ ਨਹੀਂ? ਏ. ਜੀ. ਨੂਰਾਨੀ ਦੀ ਕਿਤਾਬ ਦੇ ਅੰਸ਼ਾਂ ਤੋਂ ਸਪਸ਼ਟ ਹੈ ਕਿ ਗਾਂਧੀ ਦੇ ਅਸ਼ੀਰਵਾਦ, ਚੜ੍ਹ ਜਾ ਬੇਟਾ ਸੂਲੀ ਭਲੀ ਕਰੇਂਗੇ ਰਾਮ, ਨੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਤਖ਼ਤੇ ਦੇ ਨੇੜੇ ਧੱਕਿਆ ਸੀ। ਹੁਣ ਫੇਰ ਉਸ ਨਾਲ ਕੀ ਕਰੋਗੇ?

ਉਪਰੋਕਤ ਸੰਦਰਭ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੀ ਕਮੀਨੀ ਹਰਕਤ ਜਿਸ ਨੇ ਕਿ ਆਪਣੇ ਸਿਆਸੀ ਪ੍ਰਚਾਰ ਇਸ਼ਤਿਹਾਰ ਵਿੱਚ ਸਾਹਿਬ ਦਸਵੇਂ ਪਾਤਸ਼ਾਹ ਹਜ਼ੂਰ ਦੀ ਸ਼ਾਨ ਵਿੱਚ ਗੁਸਤਾਖੀ ਕੀਤੀ। ਏਸ ਵਿੱਚ ਹੀ ਭਗਤ ਸਿੰਘ ਦੇ ਪ੍ਰਚੱਲਤ ਬਿੰਬ ਦੀ ਵਰਤੋਂ ਕੀਤੀ ਗਈ। ਆਖ਼ਰ ਆਈਏ ਭਗਤ ਸਿੰਘ ਦੇ ਧਾਰਮਕ ਅਕੀਦਿਆਂ ਤੱਕ।

ਲੈ ਦੇ ਕੇ ਸਾਰੀ ਗੱਲ ਦਾ ਨਿਰਣਾ ਹੋ ਸਕਦਾ ਹੈ ਭਗਤ ਸਿੰਘ ਦੇ ਧਾਰਮਕ ਅਕੀਦਿਆਂ ਦੇ ਨਿਰੂਪਣ ਨਾਲ ਅਤੇ ਇਹਨਾਂ ਨੂੰ ਸਹਿਜੇ ਜਾਣਨਾ ਅਸੰਭਵ ਬਣਾ ਦਿੱਤਾ ਹੈ ਉਹਨਾਂ ਲੇਖਕਾਂ ਨੇ ਜਿਨ੍ਹਾਂ ਨੇ ਉਸ ਨੂੰ ਵਿਦਵਾਨ ਅਤੇ ਸੋਸ਼ਲਿਸਟ ਥਾਪਣ ਲਈ ਦੁਨੀਆਂ ਭਰ ਦੇ ਗੁੰਮਨਾਮ ਲਿਖੇ ਲੇਖ ਉਸ ਦੇ ਨਾਂਅ ਨਾਲ ਨੱਥੀ ਕਰ ਦਿੱਤੇ ਹਨ। ਇਹਨਾਂ ਸਾਰਿਆਂ ਦਾ ਡੂੰਘਾ ਵਿਸ਼ਲੇਸ਼ਣ ਤਿਆਰ ਹੈ ਪਰ ਏਥੇ ਕੇਵਲ ਉਸ ਦਾ ਸਾਰੰਸ਼ ਹੀ ਦਿੱਤਾ ਗਿਆ ਹੈ। ਜਿੰਨੀ ਲਾਪਰਵਾਹੀ ਨਾਲ ਉਸ ਦੀਆਂ ਲਿਖਤਾਂ ਦੀ ਸੰਪਾਦਨਾ ਹੋਈ ਹੈ, ਏਨੀਂ ਲਾਪਰਵਾਹੀ ਲਈ ਤਾਂ ਕਈਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜਾਇਜ਼ ਹੈ। ਕੇਵਲ ਚਾਰ ਕੁ ਸੌ ਸਫ਼ਿਆਂ ਦੀ ਛੋਟੀ ਜਿਹੀ ਕਿਤਾਬ ਵਿੱਚ ਤੁਸੀਂ ਇੱਕ ਤੋਂ ਵੱਧ ਵਾਰ ਇਹ ਲਿਖਿਆ ਪਾਉਗੇ ਕਿ ‘ਇਹ ਲੇਖ ਫ਼ਲਾਨੇ ਦਾ ਲਿਖਿਆ ਹੋ ਸਕਦਾ ਹੈ’। ਅਨੇਕਾਂ ਲੇਖ ਐਸੇ ਹਨ ਜਿਨ੍ਹਾਂ ਦੇ ਲੇਖਕਾਂ ਵੱਲ ਗੁੱਝੀਆਂ ਸੈਨਤਾਂ ਮਾਰ ਕੇ ਇਸ਼ਾਰੇ ਦਾ ਬੋਝ ਭਗਤ ਸਿੰਘ ਦੇ ਪੱਲੜੇ ਵਿੱਚ ਟਿਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਕੇਵਲ ਕੂਕਿਆਂ ਵਾਲੇ ਦੋ ਲੇਖਾਂ ਨੂੰ ਲੈ ਕੇ ਸਹਿਜੇ ਹੀ ਸਾਬਤ ਕੀਤਾ ਜਾ ਸਕਦਾ ਹੈ ਕਿ ਦੋ ਵੱਖੋ ਵੱਖਰੇ ਵਿਅਕਤੀਆਂ ਵੱਲੋਂ ਲਿਖੇ ਗਏ ਹਨ। ਯਕੀਨਨ ਇਹਨਾਂ ਵਿੱਚੋਂ ਇੱਕ ਭਗਤ ਸਿੰਘ ਨਹੀਂ ਸੀ।

ਕਈ ਲੇਖਾਂ ਵਿੱਚ ਅਹਿਮ ਗੱਲਾਂ ਕਹੀਆਂ ਗਈਆਂ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਲੇਖ ਕਿਵੇਂ ਪ੍ਰਾਪਤ ਹੋਏ। ਦਸਤਾਵੇਜ਼ਾਂ ਦੇ ਮੁਲਾਂਕਣ ਲਈ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੁੰਦੀ ਹੈ ਕਿ ਕਿਸ-ਕਿਸ ਆਦਮੀ ਕੋਲ ਇਹ ਦਸਤਾਵੇਜ਼ ਰਿਹਾ, ਕਿਸ ਕੋਲੋਂ ਛਾਪਣ ਵਾਲੇ ਨੂੰ ਪ੍ਰਾਪਤ ਹੋਇਆ ਅਤੇ ਕਿਸ ਹਾਲਤ ਵਿੱਚ ਮਿਲਿਆ ਆਦਿ। ਏਸ ਕਿਸਮ ਦੀ ਜਾਣਕਾਰੀ ਕਿਸੇ ਇੱਕ ਦਸਤਾਵੇਜ਼ ਨਾਲ ਵੀ ਮੁਕੰਮਲ ਨਹੀਂ ਅਤੇ ਕਚਹਿਰੀ ਵਿੱਚ ਦਾਖਲ ਕੀਤੀ ਇੱਕ ਚਿੱਠੀ ਤੋਂ ਬਿਨਾ ਕਿਸੇ ਇੱਕ ਦੀ ਵੀ ਤਸਵੀਰ ਨਹੀਂ ਦਿੱਤੀ ਗਈ ਜਿਸ ਤੋਂ ਕਿ ਦਸਤਾਵੇਜ਼ ਦੇ ਸਹੀ ਹੋਣ ਬਾਰੇ ਅੰਦਾਜ਼ਾ ਲਾਇਆ ਜਾ ਸਕੇ। ਸਮਗਰੀ ਛਾਪਣ ਦੀ ਸਮੁੱਚੀ ਸਕੀਮ ਏਸ ਤਰ੍ਹਾਂ ਦੀ ਹੈ ਕਿ ਜੋ ਸੰਪਾਦਕ ਚਾਹੇ ਭਗਤ ਸਿੰਘ ਦੇ ਮੂੰਹ ਵਿੱਚ ਪਾਇਆ ਜਾ ਸਕੇ। ਇੱਕ ਜਗ੍ਹਾ ਭਗਤ ਸਿੰਘ ਤੋਂ ਇਹ ਅਖਵਾਇਆ ਗਿਆ ਹੈ ਕਿ ਸਾਰੀ ਉਮਰ ਤਾਂ ਮੈਂ ਉਸ (ਪ੍ਰਮਾਤਮਾ) ਨੂੰ ਯਾਦ ਨਹੀਂ ਕੀਤਾ। ਏਸੇ ਪੁਸਤਕ ਵਿੱਚ ਭਗਤ ਸਿੰਘ ਦਾ ਇੱਕ ਹੋਰ ਬਿਆਨ ਹੈ ਕਿ ਮੈਂ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਜ਼ਾਹਰ ਹੈ ਕਿ ਦੋਨਾਂ ਬਿਆਨਾਂ ਵਿੱਚੋਂ ਇੱਕ ਝੂਠਾ ਹੈ। ਕਈ ਦਸਤਾਵੇਜ਼ਾਂ ਬਾਰੇ ਤਾਂ ਇਹ ਵੀ ਨਹੀਂ ਲਿਖਿਆ ਕਿ ਉਹ ਕਿਹੜੇ ਸੋਮੇ ਤੋਂ ਪ੍ਰਾਪਤ ਹੋਏ ਸਨ। 14 ਨੰਬਰ ਦਸਤਾਵੇਜ਼ ਦਾ ਸੋਮਾ ਇੱਕ ਅਖ਼ਬਾਰ”ਦੱਸਿਆ ਗਿਆ ਹੈ।

ਦਸਤਾਵੇਜ਼ਾਂ ਬਾਰੇ ਇੱਕ ਅਜਬ ਤੱਥ ਇਹ ਹੈ ਕਿ ਜਿੰਨੇਂ ਵੀ ਲੇਖ, ਚਿੱਠੀਆਂ ਆਦਿ ਜੇਲ੍ਹ ਵਿੱਚੋਂ ਲਿਖੇ ਦੱਸੇ ਹਨ ਉਹਨਾਂ ਵਿੱਚੋਂ ਇੱਕ ਵੀ ਜੇਲ੍ਹ ਵਾਲਿਆਂ ਵੱਲੋਂ ਸੈਂਸਰ ਹੋਇਆ ਨਹੀਂ ਵਿਖਾਇਆ ਗਿਆ। ਜੇਲ੍ਹ ਨਿਯਮਾਂ ਅਨੁਸਾਰ ਇਹ ਜ਼ਰੂਰੀ ਹੈ। ਰਾਜਿੰਦਰ ਨਾਥ ਲਹਿਰੀ ਅਤੇ ਰੌਸ਼ਨ ਸਿੰਘ ਦੀਆਂ ਚਿੱਠੀਆਂ ਵਿੱਚ ਜੇਲ੍ਹ ਅਧਿਕਾਰੀਆਂ ਨੇ ਕੱਟ-ਵੱਢ ਕੀਤੀ ਹੋਈ ਹੈ। ਜੇ ਜੇਲ੍ਹ ਅਧਿਕਾਰੀ ਭਗਤ ਸਿੰਘ ਦੇ ਪ੍ਰਗਟਾਏ ਵਿਚਾਰਾਂ ਨਾਲ ਸਦਾ ਅਤੇ ਇੰਨ-ਬਿੰਨ ਸਹਿਮਤ ਰਹੇ ਤਾਂ ਵਿਚਾਰਾਂ ਨੂੰ ਡੂੰਘੀ ਨਜ਼ਰ ਨਾਲ ਵੇਖਣਾ ਪਵੇਗਾ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਇੱਕ ਪਾਸੇ ਤਾਂ ਬਹੁਤ ਸੁਲਝੇ ਹੋਏ ਇਨਕਲਾਬੀ ਵਿਖਾਇਆ ਗਿਆ ਹੈ ਦੂਜੇ ਪਾਸੇ ਉਹ ਦੇਸੀ ਸੰਮਤਾਂ ਅਤੇ ਖੁਸ਼ੀ ਰਾਮ ਦੀ ਜਾਤ ਅਰੋੜਾ”ਹੋਣ ਨੂੰ ਖ਼ਾਸ ਅਹਿਮੀਅਤ ਦੇ ਰਹੇ ਹਨ।

ਇਹ ਸਾਰੀਆਂ ਖਾਮੀਆਂ ਅਤੇ ਕਈ ਹੋਰਾਂ ਦੇ ਹੁੰਦਿਆਂ ਭਗਤ ਸਿੰਘ ਦੇ ਸਿਆਸੀ ਵਿਚਾਰਾਂ ਅਤੇ ਧਾਰਮਕ ਅਕੀਦਿਆਂ ਦੇ ਨਿਰੂਪਣ ਲਈ ਮੁੱਢਲੇ ਤੌਰ ਉੱਤੇ ਅਤੇ ਖ਼ਾਸ ਕਰ ਪਹਿਲੇ ਦੌਰ ਵਿੱਚ ਉਸ ਦੇ ਦੋਸਤਾਂ, ਪੈਰੋਕਾਰਾਂ ਵੱਲੋਂ ਉਸ ਦੇ ਕਰ ਕੇ ਪ੍ਰਚਾਰੇ ਜਾਂਦੇ ਦਸਤਾਵੇਜ਼ ਹੀ ਵਰਤਣੇ ਜਾਇਜ਼ ਹਨ। ਸਿਆਸੀ ਤੌਰ ਉੱਤੇ ਭਗਤ ਸਿੰਘ ਦੇ ਦੋ ਗੁਰੂ ਦੱਸੇ ਹਨ, ਇੱਕ ਤਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਕਾਰਲ ਮਾਰਕਸ। ਉਸ ਦੀ ਸਿਆਸੀ ਸੋਚ ਕਦੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੋਂ ਪ੍ਰੇਰਿਤ ਅਕਾਲੀ ਲਹਿਰ ਨਾਲ ਮਿਲਦੀ ਦੱਸੀ ਹੈ, ਕਦੇ ਬੈਕਿਊਨਿਨ ਤੋਂ ਪ੍ਰਭਾਵਤ ਨਿਹਲਇਜ਼ਮ, ਅਨਾਰਕਿਸਟ ਪ੍ਰਗਟਾਈ ਹੈ, ਕਦੇ ਸੋਸ਼ਲਇਜ਼ਮ ਅਤੇ ਕਦੇ ਕੌਂਗਰਸ, ਕਦੇ ਲਾਜਪਤ ਰਾਇ ਨਾਲ ਮਿਲਦੀ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਭਗਤ ਸਿੰਘ ਨੂੰ ਬੰਕਮਚੰਦਰ ਚੈਟਰਜੀ ਦਾ ਚੇਲਾ ਸਾਬਤ ਕਰਨਾ ਚਾਹੁਣ ਉਹਨਾਂ ਨੂੰ ਭਗਤ ਸਿੰਘ ਦੇ ਨਾਂਅ ਪ੍ਰਚੱਲਤ ਕੀਤੀਆਂ ਲਿਖਤਾਂ ਵਿੱਚੋਂ ਬਹੁਤ ਸਮੱਗਰੀ ਮਿਲ ਜਾਵੇਗੀ।

ਏਹੋ ਪ੍ਰਭਾਵ ਉਸ ਦੇ ਧਾਰਮਕ ਵਿਚਾਰਾਂ ਬਾਰੇ ਇਹਨਾਂ ਲਿਖਤਾਂ ਤੋਂ ਮਿਲਦਾ ਹੈ। ਬਚਪਨ ਤੋਂ ਲੈ ਕੇ 1928 ਤੱਕ ਅਤੇ ਅੰਤ ਸਮੇਂ ਤੱਕ ਕੇਸਾਧਾਰੀ ਹੋਣ ਦੇ ਬਾਵਜੂਦ ਉਸ ਨੂੰ ਸਿੱਖ ਆਖਣ ਤੋਂ ਜ਼ਬਰਦਸਤ ਗ਼ੁਰੇਜ਼ ਕੀਤਾ ਗਿਆ ਹੈ। ਇੱਕ ਕਦਮ ਹੋਰ ਅਗਾਂਹ ਵਧ ਕੇ ਉਸ ਨੂੰ ਸਿੱਖੀ-ਵਿਰੋਧੀ ਪ੍ਰਗਟਾਇਆ ਗਿਆ ਹੈ। ਇੱਕ ਵਾਰ ਉਸ ਨੂੰ ਮਨੂੰ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਦੱਸਿਆ ਹੈ, ਫ਼ੇਰ ਕੱਟੜ ਆਰੀਯਾ ਸਮਾਜੀ; ਸ਼ਾਕਤ ਰੰਗ ਵਿੱਚ ਭਾਰਤ ਮਾਤਾ ਦੀ ਪੂਜਾ ਦੀ ਪ੍ਰੇਰਨਾ ਵੀ ਉਸ ਦੀ ਜ਼ੁਬਾਨ ਤੋਂ ਕਾਰਵਾਈ ਗਈ ਹੈ। ਇੱਕ ਲੇਖਕ ਨੇ ਤਾਂ ਉਸ ਨੂੰ ਹਲਾਲ ਖੁਆ ਕੇ ਇਸਲਾਮ ਨਾਲ ਵੀ ਉਸ ਦਾ ਗੂੜ੍ਹਾ ਨਾਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਖ਼ਰ ਉਸ ਦੇ ਨਾਂਅ ਕਾਫ਼ੀ ਬਾਅਦ ਵਿੱਚ ਛਪੀ ਮੈਂ ਨਾਸਤਕ ਕਿਉਂ ਹਾਂ?” ਲਿਖਤ ਮੜ੍ਹ ਕੇ ਉਸ ਨੂੰ ਸਭ ਧਾਰਮਕ ਅਕੀਦਿਆਂ ਤੋਂ ਮੁਕਤ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਲੇਖ ਕਿੱਥੋਂ ਅਤੇ ਕਿਵੇਂ ਮਿਲਿਆ, ਕਿਸ ਕੋਲ ਪਿਆ ਰਿਹਾ, ਅਸਲ ਕਿੱਥੇ ਹੈ ਜਾਂ ਸੀ ਆਦਿ ਸਵਾਲਾਂ ਦਾ ਕੋਈ ਜੁਆਬ ਨਹੀਂ ਦੱਸਿਆ ਗਿਆ। ਕਿਸ ਆਧਾਰ ਉੱਤੇ ਇਸ ਨੂੰ 5, 6 ਅਕਤੂਬਰ 1930 ਨੂੰ ਲਿਖਿਆ ਦਰਸਾਇਆ ਹੈ, ਬਾਰੇ ਵੀ ਕੋਈ ਜਾਣਕਾਰੀ ਨਹੀਂ। ਜਾਪਦਾ ਹੈ ਕਿ ਇਹ ਕੇਵਲ ਭਾਈ ਰਣਧੀਰ ਸਿੰਘ ਨੂੰ ਝੂਠਾ ਸਾਬਤ ਕਰਨ ਲਈ ਹੀ ਤਿਆਰ ਕੀਤਾ ਗਿਆ ਹੈ। ਵੈਸੇ ਵੀ ਏਸ ਲੇਖ ਦੀਆਂ ਬਚਕਾਨਾ ਦਲੀਲਾਂ ਕਿਸੇ ਅਨਾੜੀ ਮਨ ਦੀ ਸੂਚਨਾ ਦਿੰਦੀਆਂ ਹਨ। ਬੁਰਾਈ ਦਾ ਟਾਕਰਾ ਕਰਨਾ ਅਤੇ ਪ੍ਰਮਾਤਮਾ ਨਾਲ ਰਿਸ਼ਤਾ ਜੋੜਨਾ ਧਰਮ ਦੀ ਹੋਂਦ ਦਾ ਆਧਾਰ ਹੈ ਨਾ ਕਿ ਬੁਰਾਈ ਦੀ ਹੋਂਦ ਦਾ ਫ਼ਲਸਫ਼ਾ। ‘‘ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’’” ਅਤੇ ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ’’” ਸੱਚੇ ਸਾਹਿਬਾਂ ਦੇ ਬਚਨ ਹਨ।

ਏਸ ਲੇਖ ਦਾ ਆਧਾਰ ਭਗਤ ਸਿੰਘ ਨੂੰ ਛੁਟਿਆਉਣ ਦੀ ਚੇਸ਼ਟਾ ਨਹੀਂ। ਖ਼ਾਸ ਤੌਰ ਉੱਤੇ ਏਸ ਲਈ ਕਿ ਇਹ ਭੁੱਲਿਆ ਨਹੀਂ ਜਾ ਸਕਦਾ ਕਿ ਉਹ ਆਖ਼ਰੀ ਸਮੇਂ ਗੋਸਵਾਮੀ ਤੁਲਸੀਦਾਸ ਦੇ ਲਫ਼ਜਾਂ ‘ਜੈਸੇ ਉੜਿ ਜਹਾਜ਼ ਕਾ ਪੰਛੀ, ਫਿਰਿ ਜਹਾਜ਼ ਪਰ ਆਵੇ’ ਵਿੱਚ ਦਿੱਤੇ ਸੰਕੇਤ ਅਨੁਸਾਰ ਫ਼ੇਰ ਗੁਰੂ ਦੇ ਜਹਾਜ਼ ਉੱਤੇ ਆ ਬੈਠਾ ਸੀ। ਉਸ ਦੇ ਇਨਕਲਾਬੀ ਕਾਰਨਾਮੇ ਨੂੰ ਉੱਚ ਕੋਟੀ ਦੀ ਨੀਤੀ ਸਮਝਣਾ ਭੁੱਲ ਹੈ। ਖ਼ਾਸ ਤੌਰ ਉੱਤੇ ਜਦੋਂ ਤੱਕ ਏਸ ਦਾ ਮੁਲਾਂਕਣ ਸੁਖਦੇਵ ਦੇ ਤਾਅਨੇ-ਮਿਹਣਿਆਂ ਦੇ ਪ੍ਰਤੀਕਰਮ ਤੋਂ ਮੁਕਤ ਨਹੀਂ ਕੀਤਾ ਜਾਂਦਾ। ਫ਼ੇਰ ਏਸ ਨੂੰ ਹਿੰਦੋਸਤਾਨ ਦੀ ਅਖ਼ੌਤੀ ਆਜ਼ਾਦੀ ਦੀ ਲੜਾਈ ਦੇ ਸੰਦਰਭ ਵਿੱਚ ਵੀ ਪਰਖਣਾ ਪਵੇਗਾ। ਅੰਤ ਉਸ ਦੇ ਲੋਕ-ਪੱਖੀ ਜਜ਼ਬੇ ਦੀ ਡੂੰਘਾਈ ਨੂੰ ਉਸ ਦੀ ਸ਼ੁਹਰਤ ਹਾਸਲ ਕਰਨ ਦੀ ਤੀਬਰ ਇੱਛਾ ਤੋਂ ਨਿਖੇੜ ਕੇ ਦੋਨਾਂ ਦਾ ਨਿਰਪੱਖ ਮੁਲਾਂਕਣ ਕਰਨਾ ਵੀ ਨਿਹਾਇਤ ਜ਼ਰੂਰੀ ਹੈ। ਇਹ ਬੜਾ ਘਾਲਣਾ ਦਾ ਕੰਮ ਹੈ ਅਤੇ ਸਾਲ ਸਵਾ ਸਾਲ ਦਾ ਸਮਾਂ ਮੰਗਦਾ ਹੈ।

ਏਸ ਲੇਖ ਦਾ ²ਉਦੇਸ਼ ਭਗਤ ਸਿੰਘ ਨੂੰ ਉਸ ਦੇ ਨਾਦਾਨ ਅਤੇ ਕਈ ਵਾਰੀ ਨੈਤਿਕਤਾ, ਵਿਦਵਤਾ ਤੋਂ ਬੇਖ਼ਬਰ ਪੈਰੋਕਾਰਾਂ ਦੇ ਖਰ੍ਹਵੇ ਸ਼ਿਕੰਜੇ ਵਾਲੀ ਕੈਦ ਤੋਂ ਮੁਕਤ ਕਰਨਾ ਮਾਤਰ ਹੀ ਹੈ। ਉਸ ਦੀ ਛਵੀ ਨੂੰ ਪੰਜਾਬ ਦੇ ਅਸਲ ਹਿਤਾਂ ਵਿਰੁੱਧ ਅਤੇ ਸਿੱਖ ਸਿਆਸੀ ਸ਼ਕਤੀ ਨੂੰ ਸੰਗਸਾਰ ਕਰਨ ਲਈ ਹੁਣ ਤੱਕ ਵਰਤਿਆ ਗਿਆ ਹੈ। ਏਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਉਘਾੜਨਾ ਬੇਹੱਦ ਜ਼ਰੂਰੀ ਸੀ। ਅਸਾਧਾਰਨ ਅਤੇ ਸੁਹਿਰਦ ਵਿਦਵਾਨ, ਮਹਾਂ ਤੱਤ-ਵੇਤਾ, ਮੁਕੰਮਲ ਤੌਰ ਉੱਤੇ ਨਿਰਪੱਖ ਸਿਰਦਾਰ ਨੇ ਉਸ ਨੂੰ ਪੰਜਾਬ ਦਾ ਬਹਾਦਰ ਅਬੋਧ”ਬਾਲਕ ਜਾਣਿਆ ਸੀ। ਏਵੇਂ ਜਾਣਨਾ ਹੀ ਵਾਜਬ ਹੈ। ਉਸ ਦੇ ਦੁਸ਼ਮਣੀ ਕਮਾ ਰਹੇ ਸਮਰਥਕਾਂ ਨੂੰ ਜੋ ਸੁਨੇਹਾ ਦੇਣਾ ਏਸ ਲੇਖ ਦਾ ਮਕਸਦ ਹੈ, ਉਹ ਬਾਬਾ ਫ਼ਰੀਦ ਦੀ ਮਾਖਿੳਂ ਮਿੱਠੀ ਪੰਜਾਬੀ ਵਿੱਚ ਪੇਸ਼ ਹੈ :

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ।।
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ।।

---00---
*ਪ੍ਰੋਫੈਸਰ ਆੱਵ ਸਿੱਖਇਜ਼ਮ

ਭਗਤ ਸਿੰਘ ਦੀ ਵਿਚਾਰਧਾਰਾ ਨਾਲ ਪੰਜਾਬ ਨਹੀਂ ਬਚਣਾ : ਸ. ਅਜਮੇਰ ਸਿੰਘ

ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜੇਕਰ ਉਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਰਤੀ ਰਾਸ਼ਟਰਵਾਦ ਦੇ ਕੋਹੜ ਨੂੰ ਗਲੋਂ ਲਾਹੁਣਾ ਪੈਣਾ ਹੈ…ਅੱਜ ਦੇ ਪ੍ਰਸੰਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ। ਇਸ ਵਿਚੋਂ ਪੰਜਾਬ ਦੀ ਬਰਬਾਦੀ ਦਾ ਰਾਹ ਨਿਕਲਦਾ ਹੈ ਅਤੇ ਇਹ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿਚ ਭੁਗਤਦੀ ਹੈ।…ਪੰਜਾਬ ਦੇ ਖੱਬੇ ਪੱਖੀ ਸਿਰਫ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਅਰੇ ਮਾਰ ਸਕਦੇ ਹਨ, ਪਰ ਭਾਰਤੀ ਸਟੇਟ ਦੇ ਖਿਲਾਫ਼ ਜੰਗ ਨਹੀਂ ਲੜ ਸਕਦੇ। ਉਹ ਭਾਰਤੀ ਸਟੇਟ ਦੀ ਬੋਲੀ ਬੋਲਣ ਲੱਗ ਪਏ ਹਨ ਅਤੇ ਸਿੱਖ ਸੰਘਰਸ਼ ਨੂੰ ਕੁਚਲਣ ਲਈ 'ਸਲਵਾ ਜੂਡਮ'' ਵੀ ਭੂਮਿਕਾ ਨਿਭਾਉਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।

ਰਾਜਿੰਦਰ ਸਿੰਘ ਰਾਹੀ

ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ 'ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ' ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਉਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਦਵਾਨਾਂ ਵਿੱਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਸ. ਅਜਮੇਰ ਸਿੰਘ ਤੋਂ ਇਲਾਵਾ, ਪ੍ਰੋ. ਐੱਸ. ਇਰਫਾਨ ਹਬੀਬ (ਅਲੀਗੜ੍ਹ), ਡਾ: ਆਤਮਾ ਰਾਮ, ਪ੍ਰੋ: ਜਗਮੋਹਣ ਸਿੰਘ, ਪ੍ਰੋ. ਕਮਲੇਸ਼ ਮੋਹਣ, ਪ੍ਰੋ. ਸੁਖਦੇਵ ਸਿੰਘ ਸੋਹਲ, ਡਾ. ਰਾਜਿੰਦਰਪਾਲ ਬਰਾੜ, ਡਾ. ਬਲਜੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਕੁਲਵੀਰ ਸਿੰਘ ਢਿਲੋਂ, ਸ੍ਰੀ ਸੁਧੀਰ ਵਿਦਿਆਰਥੀ, ਡਾ. ਦਰਸ਼ਨਪਾਲ, ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਵਾਈ.ਪੀ. ਬਜਾਜ, ਡਾ. ਗੁਰਜੰਟ ਸਿੰਘ, ਡਾ. ਚਮਕੌਰ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਅਵਤਾਰ ਸਿੰਘ, ਡਾ. ਸੁਖਪਾਲ ਸਿੰਘ, ਨਾਵਲਕਾਰ ਗੁਰਦਿਆਲ ਸਿੰਘ ਤੇ ਕਾਮਰੇਡ ਅੰਮ੍ਰਿਤਪਾਲ ਸ਼ਾਮਲ ਸਨ।

ਇਨ੍ਹਾਂ ਬੁਲਾਰਿਆਂ ਵਲੋਂ ਇੱਕ ਦੂਜੇ ਤੋਂ ਵੱਧ ਕੇ ਭਗਤ ਸਿੰਘ ਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਗਏ।ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ 'ਭਗਤ ਸਿੰਘ ਦਾ ਪਿਛੋਕੜ ਆਰੀਆ ਸਮਾਜੀ ਸੀ, ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ ਗ੍ਰੰਥ ਸਾਹਿਬ 'ਤੇ ਕਿਤਾਬ ਲਿਖ ਕੇ ਇਹ ਸਿੱਧ ਕੀਤਾ ਹੈ ਕਿ ਬਾਣੀ ਸਿਰਫ਼ ਵੇਦਾਂ ਦਾ ਹੀ ਉਤਾਰਾ ਹੈ। ਉਨ੍ਹਾਂ ਕਿਹਾ ਅੱਜ ਸਿੱਖਾਂ ਨੂੰ ਖੁਸ਼ ਕਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਵਿਚ ਸਿੱਖ ਸ਼ਬਦ ਘੁਸੇੜੇ ਜਾ ਰਹੇ ਹਨ ਜਦ ਕਿ ਉਸ ਦਾ ਸਿੱਖੀ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ।'


ਸ. ਅਜਮੇਰ ਸਿੰਘ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਿਛਲੇ ਸਾਲ 'ਹਿੰਦੁਸਤਾਨ ਟਾਈਮਜ਼' ਅਖਬਾਰ ਨੇ ਇਕ 'ਓਪੀਨੀਅਨ ਪੋਲ'' ਕਰਵਾਇਆ ਸੀ ਕਿ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਵਿਚੋਂ 'ਮਹਾਂ ਨਾਇਕ' ਦਾ ਰੁਤਬਾ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਸ ਵਿੱਚ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੀਆਂ ਵੋਟਾਂ ਤਕਰੀਬਨ ਬਰਾਬਰ ਬਰਾਬਰ ਸਨ। ਕਿਸੇ ਇਕ ਵੀ ਵਿਅਕਤੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਹੋਰ ਗਦਰੀ ਬਾਬੇ ਦਾ ਜ਼ਿਕਰ ਨਹੀਂ ਸੀ ਕੀਤਾ। ਸ: ਅਜਮੇਰ ਸਿੰਘ ਨੇ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਗਾਂਧੀ ਨੂੰ ਆਜ਼ਾਦੀ ਸੰਗਰਾਮ ਦੇ 'ਮਹਾਂ-ਨਾਇਕ'' ਵਜੋਂ ਜਾਣਿਆ ਜਾਂਦਾ, ਜਾਂ ਪੇਸ਼ ਕੀਤਾ ਜਾਂਦਾ ਹੈ। ਪ੍ਰੰਤੂ ਸੱਚ ਇਹ ਕਿ ਪੰਜਾਬੀ ਮਨ ਨੇ, ਜੇਕਰ ਹੋਰ ਵੱਧ ਠੀਕ ਤਰ੍ਹਾਂ ਕਹਿਣਾ ਹੋਵੇ ਤਾਂ 'ਸਿੱਖ ਮਨ' ਨੇ, ਕਦੇ ਵੀ ਗਾਂਧੀ ਨੂੰ 'ਮਹਾਂ-ਨਾਇਕ' ਵਜੋਂ ਪ੍ਰਵਾਨ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਕਈ ਵਿਚਾਰਧਾਰਾਵਾਂ ਕੰਮ ਕਰ ਰਹੀਆਂ ਸਨ ਅਤੇ ਇਨ੍ਹਾਂ ਵਿਚਕਾਰ ਤਿੱਖੀ ਕਸ਼ਮਕਸ਼ ਚਲਦੀ ਸੀ। ਇੱਕ ਗਾਂਧੀ ਦੀ ਵਿਚਾਰਧਾਰਾ ਸੀ, ਦੂਜੀ ਭਗਤ ਸਿੰਘ ਦੀ ਵਿਚਾਰਧਾਰਾ ਸੀ, ਇਕ ਹੋਰ ਤੀਜੀ ਵਿਚਾਧਾਰਾ ਮਹਾਤਮਾ ਫੂਲੇ ਤੇ ਡਾ. ਅੰਬੇਦਕਰ ਦੀ ਸੀ, ਜਿਹੜੀ ਦੇਸ਼ ਦੀ ਆਜ਼ਾਦੀ ਦੇ ਮਸਲੇ ਨੂੰ ਅਸਲੋਂ ਹੀ ਵੱਖਰੇ ਦ੍ਰਿਸ਼ਟੀਕੋਣ ਤੋਂ ਵਿਚਾਰਦੀ ਸੀ। ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿੱਚ ਇੱਕ ਸਾਂਝ ਸੀ ਕਿ ਉਨ੍ਹਾਂ ਦਾ ਸਾਰਾ ਜ਼ੋਰ ਰਾਜਨੀਤਕ ਆਜ਼ਾਦੀ ਦੇ ਪੱਖ ਵਿਚ ਉਲਰਿਆ ਹੋਇਆ ਸੀ। ਭਾਵੇਂ ਕਿ ਭਗਤ ਸਿੰਘ ਨਾਲ ਹੀ ਬਰਾਬਰ ਸਮਾਜਿਕ ਤਬਦੀਲੀ ਦੀ ਗੱਲ ਵੀ ਕਰਦਾ ਸੀ। ਪਰ ਇਸ ਦਾ ਉਸ ਕੋਲ ਮੌਲਿਕ ਤੇ ਠੋਸ ਮਾਡਲ ਕੋਈ ਨਹੀਂ ਸੀ। ਉਹ ਅਮੂਰਤ ਰੂਪ ਵਿਚ ਮਾਰਕਸਵਾਦੀ ਧਾਰਨਾਵਾਂ ਦਾ ਰਟਣ ਹੀ ਕਰਦਾ ਸੀ ਪਰ ਡਾ. ਅੰਬੇਡਕਰ ਅਤੇ ਮਹਾਤਮਾ ਫੂਲੇ ਕੋਲ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਰਥਿਕ ਤੇ ਸਮਾਜੀ ਵਿਵਸਥਾ ਦਾ ਇੱਕ ਵੱਖਰਾ ਮਾਡਲ ਸੀ। ਉਹ ਕਹਿੰਦੇ ਸਨ ਕਿ ਗੱਲ ਇਕੱਲੀ ਰਾਜਸੀ ਆਜ਼ਾਦੀ ਲੈਣ ਦੀ ਹੀ ਨਹੀਂ, ਉਨ੍ਹਾਂ ਕਰੋੜਾਂ ਦਲਿਤਾਂ ਨੂੰ ਮਨੁੱਖਾ ਜੂਨ ਪ੍ਰਦਾਨ ਕਰਨ ਦੀ ਹੈ ਜਿਨ੍ਹਾਂ ਨੂੰ ਸਦੀਆਂ ਤੋਂ ਬ੍ਰਾਹਮਣਵਾਦ ਦੇ ਜਾਤਪਾਤੀ ਸਿਸਟਮ ਨੇ ਪਸ਼ੂ ਬਣਾ ਰੱਖਿਆ ਹੈ। ਪਰ ਤ੍ਰਾਸਦੀ ਇਹ ਵਾਪਰੀ ਕਿ ਆਜ਼ਾਦੀ ਦੇ ਸੰਗਰਾਮ ਦੇ ਦੌਰਾਨ ਹੀ ਦੇਸ਼ ਦੇ ਕਰੋੜਾਂ ਦਲਿਤ ਲੋਕਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਬਹੁਤ ਹੀ ਹੁਸ਼ਿਆਰੀ, ਮੱਕਾਰੀ ਤੇ ਬੇਕਰਕੀ ਨਾਲ ਦਰਕਿਨਾਰ ਕਰ ਦਿੱਤਾ ਗਿਆ ਅਤੇ ਗਾਂਧੀ ਤੇ ਭਗਤ ਸਿੰਘ ਦੀ ‘ਰਾਸ਼ਟਰਵਾਦੀ’ ਵਿਚਾਰਧਾਰਾ ਨੂੰ 'ਸਰਵ-ਪ੍ਰਮਾਣਿਤ'' ਹੋਣ ਦਾ ਰੁਤਬਾ ਬਖ਼ਸ਼ ਦਿੱਤਾ ਗਿਆ। ਇਹੀ ਵਜ੍ਹਾ ਹੈ ਕਿ ਜੇਕਰ ਅੱਜ ਗੱਲ ਹੋ ਰਹੀ ਹੈ, ਤਾਂ ਉਹ ਸਿਰਫ਼ ਗਾਂਧੀ ਅਤੇ ਭਗਤ ਸਿੰਘ ਦੀ ਹੋ ਰਹੀ ਹੈ। ਦਲਿਤ ਚਿੰਤਕਾਂ ਤੇ ਆਗੂਆਂ ਨੂੰ ਲੱਗਭੱਗ ਦਫ਼ਨ ਕਰ ਦਿਤਾ ਗਿਆ ਹੈ।

ਸ: ਅਜਮੇਰ ਸਿੰਘ ਨੇ ਇਸ ਗੱਲ ਨੂੰ ਵੀ ਰੱਦ ਕੀਤਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਦਾ 'ਰੋਲ ਮਾਡਲ'' ਸਿਰਫ ਤੇ ਸਿਰਫ ਭਗਤ ਸਿੰਘ ਹੀ ਹੈ ਅਤੇ ਪੰਜਾਬ ਵਿਚ ਉਸੇ ਦੇ ਸਟਿੱਕਰ, ਕੈਲੰਡਰ ਅਤੇ ਫੋਟੋ ਵਿਕ ਰਹੇ ਹਨ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫੋਟੋ ਕੈਲੰਡਰ ਵੀ ਬਰਾਬਰ ਵੱਡੀ ਮਾਤਰਾ ਵਿਚ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੋਵਾਂ ਵਿਚ ਇਹ ਵੱਡਾ ਫਰਕ ਹੈ ਕਿ ਭਗਤ ਸਿੰਘ ਦੇ ਸਟਿੱਕਰ ਤਾਂ ਹਰ ਜਣਾ-ਖਣਾ ਫੈਸ਼ਨ ਵਜੋਂ ਵੀ ਲਾ ਸਕਦਾ ਹੈ ਜਦ ਕਿ ਸੰਤ ਭਿੰਡਰਾਂਵਾਲਿਆਂ ਦੇ ਫੋਟੋ ਸਟਿੱਕਰ ਉਹ ਹੀ ਵਰਤਦੇ ਹਨ ਜੋ ਇਕ ਵਿਚਾਰਧਾਰਾ ਨਾਲ ਪ੍ਰਤੀਬੱਧ ਹਨ। ਸਿੱਖ ਜਗਤ ਦਾ ਵੱਡਾ ਹਿਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 'ਰੋਲ ਮਾਡਲ'' ਵਜੋਂ ਦੇਖਦਾ ਹੈ।


ਸ. ਅਜਮੇਰ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਥੰਮ ਹਨ, ਪਹਿਲਾ ਨੈਸ਼ਨਲਲਿਜ਼ਮ (ਰਾਸ਼ਟਰਵਾਦ), ਦੂਜਾ ਸੈਕੂਲਰਿਜ਼ਮ (ਧਰਮ ਨਿਰਪੱਖਤਾ), ਤੇ ਤੀਜਾ ਸੋਸ਼ਲਿਜਮ (ਸਮਾਜਵਾਦ)। ਇਹ ਤਿੰਨੇ ਸੰਕਲਪ ਹੀ ਪੱਛਮ ਵਿਚ ਪੈਦਾ ਹੋਏ ਹਨ। ਪੱਛਮ ਦੇ ਚਿੰਤਕਾਂ ਨੇ ਰਾਸ਼ਟਰਵਾਦ ਨੂੰ ਧਰਮ ਤੋਂ ਉਪਰ ਥਾਂ ਦਿੱਤੀ ਹੈ, ਉਨ੍ਹਾਂ ਨੇ ਵੱਖ ਵੱਖ ਸੱਭਿਆਚਾਰਾਂ ਤੇ ਪਛਾਣਾਂ ਨੂੰ ਦਰੜਕੇ ਰਾਸ਼ਟਰਵਾਦ ਰਾਹੀਂ 'ਇੱਕ ਕੌਮ ਇੱਕ ਦੇਸ਼'' ਦਾ ਸੰਕਲਪ ਪੈਦਾ ਕੀਤਾ ਹੈ। ਇਸ ਰਾਸ਼ਟਰਵਾਦ ਵਿਚੋਂ ਹੀ ਬਸਤੀਵਾਦ ਦਾ ਜਨਮ ਹੋਇਆ ਸੀ ਅਤੇ ਇਸ ਵਿਚੋਂ ਹੀ ਸੰਸਾਰ ਜੰਗਾਂ ਦਾ ਕੈਂਸਰ ਤੇ ਹਿਟਲਰ ਦਾ ਫਾਂਸ਼ੀਵਾਦ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਰਾਸ਼ਟਰਵਾਦ ਦਾ ਸੰਕਲਪ ਬੰਗਾਲ ਦੇ ਸਵਰਨ ਜਾਤੀ ਬੁੱਧੀਮਾਨਾਂ ਨੇ ਅਪਣਾਇਆ ਤੇ ਪ੍ਰਚਾਰਿਆ। ਉਨ੍ਹਾਂ ਨੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਨੂੰ ਰਲਗੱਡ ਕਰ ਦਿੱਤਾ ਹੈ। ਦੇਸ਼ ਭਗਤੀ ਇੱਕ ਜਜ਼ਬਾ ਹੈ ਜਦ ਕਿ ਰਾਸ਼ਟਰਵਾਦ ਇੱਕ ਵਿਚਾਰਧਾਰਾ ਹੈ। ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਸ ਵਿਚ ਵੱਖ-ਵੱਖ ਧਰਮਾਂ ਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਪਰ ਰਾਸ਼ਟਰਵਾਦੀ ਦੇਸ਼ ਭਗਤਾਂ ਨੇ ਇਹ ਸ਼ਰਤ ਬਣਾ ਦਿੱਤੀ ਕਿ ਇਨ੍ਹਾਂ ਸੱਭਿਆਚਾਰਾਂ ਤੇ ਪਛਾਣਾਂ ਨੂੰ ਖ਼ਤਮ ਕਰਕੇ ਇਕੋ ਸਾਂਝੀ ਭਾਰਤੀ ਕੌਮ ਤੇ ਇਕੋ ਸਾਂਝੀ ਭਾਰਤੀ ਪਛਾਣ ਸਥਾਪਤ ਕੀਤੀ ਜਾਵੇ, ਤਾਂ ਕਿ ਦੇਸ਼ ਇੱਕ ਮੁੱਠ ਤੇ ਇਕੱਠਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਸਕੇ। ਭਗਤ ਸਿੰਘ ਇਸੇ ਰਾਸ਼ਟਰਵਾਦ ਦਾ ਬੁਲਾਰਾ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਹ ਰਾਸ਼ਟਰਵਾਦ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਹੈ, ਜਿਸ ਨੂੰ ਭਾਰਤ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ ਤੇ ਦਲਿਤਾਂ ਦੇ ਖਿਲਾਫ਼ ਹਥਿਆਰ ਵਜੋਂ ਬੇਰਹਿਮੀ ਨਾਲ ਵਰਤਿਆ ਜਾ ਰਿਹਾ ਹੈ। ਇਸ ਘਾਤਕ ਹਥਿਆਰ ਨਾਲ ਘੱਟ ਗਿਣਤੀ ਵਰਗਾਂ ਦੇ ਧਰਮ, ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹ-ਢੇਰੀ ਕੀਤਾ ਜਾ ਰਿਹਾ ਹੈ। ਰਾਸ਼ਟਰਵਾਦ ਵਿਚੋਂ ਹੀ ਕੌਮਾਂ ਦੇ ਸਰਬਨਾਸ਼ (Genocide) ਦਾ ਏਜੰਡਾ ਨਿਕਲਦਾ ਹੈ। ਸ: ਅਜਮੇਰ ਸਿੰਘ ਨੇ ਰਾਸ਼ਟਰਵਾਦ ਦੇ ਖ਼ਤਰੇ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਦੀ ਨਸਲੀ ਤੇ ਸਭਿਆਚਾਰਕ ਵਿਭਿੰਨਤਾ ਇਸ ਤਰ੍ਹਾਂ ਹੈ ਜਿਵੇਂ ਪਲੇਟ ਵਿਚ ਸਲਾਦ ਪਿਆ ਹੋਵੇ, ਜਿਸ ਵਿਚ ਖੀਰਾ, ਮੂਲੀ, ਪਿਆਜ, ਧਨੀਆ, ਚਕੰਦਰ, ਬਰੌਕਲੀ, ਅਦਿ ਵਸਤਾਂ ਵੱਖ-ਵੱਖ ਪਈਆਂ ਵੀ ਇਕੱਠੀਆਂ ਹੁੰਦੀਆਂ ਹਨ, ਪਰ ਜੇਕਰ ਇਨ੍ਹਾਂ ਨੂੰ ਗਰਾਇੰਡਰ ਵਿਚ ਪਾ ਕੇ ਚਟਣੀ ਬਣਾ ਦਿੱਤੀ ਜਾਵੇ ਤਾਂ ਚਟਣੀ ਵਿਚੋਂ ਉਸੇ ਚੀਜ਼ ਦਾ ਸੁਆਦ ਵੱਧ ਆਵੇਗਾ ਜਿਸ ਦੀ ਮਾਤਰਾ ਵੱਧ ਹੋਵੇਗੀ। ਸੋ ਭਾਰਤੀ ਸਟੇਟ ਅਤੇ ਭਗਤ ਸਿੰਘ ਦਾ ਰਾਸ਼ਟਰਵਾਦ, ਵੱਖ-ਵੱਖ ਕੌਮਾਂ, ਧਰਮਾਂ ਅਤੇ ਸੱਭਿਆਚਾਰਾਂ ਦੀ ਚਟਣੀ ਬਣਾਉਣ ਦਾ ਕੰਮ ਕਰਦਾ ਹੈ ਪਰ ਬਦਕਿਸਮਤੀ ਨਾਲ ਇਸ ਚਟਣੀ ਵਿਚ ਹਿੰਦੂ ਪਦਾਰਥ ਵੱਧ ਹੈ, ਸੋ ਇਹ ਚਟਣੀ ਹਿੰਦੂ ਚਟਣੀ ਹੀ ਵੱਜੇਗੀ। ਸੋ ਅੱਜ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜੇਕਰ ਉਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਰਤੀ ਰਾਸ਼ਟਰਵਾਦ ਦੇ ਕੋਹੜ ਨੂੰ ਗਲੋਂ ਲਾਹੁਣਾ ਪੈਣਾ ਹੈ ਅਤੇ ਸਿੱਖ ਗੁਰੂ ਸਾਹਿਬਾਨ ਦੇ ਸੁਪਨਿਆਂ ਦਾ ਨਵਾਂ ਪੰਜਾਬ ਸਿਰਜਣਾ ਪੈਣਾ ਹੈ। ਇਸ ਕਰਕੇ ਭਗਤ ਸਿੰਘ ਦੀ ‘ਸ਼ਹਾਦਤ’ ਤੇ ‘ਕੁਰਬਾਨੀ’ ਤੋਂ ਪ੍ਰੇਰਣਾ ਲੈਣੀ ਇਕ ਗੱਲ ਹੈ ਪਰ ਅੱਜ ਦੇ ਪ੍ਰਸੰਗ ਵਿਚ ਉਸ ਦੀ ਵਿਚਾਰਧਾਰਾ ਨੂੰ ਅਪਨਾਉਣਾ ਬਿਲਕੁਲ ਵੱਖਰੀ ਗੱਲ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਦੇ ਪ੍ਰਸੰਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ। ਇਸ ਵਿਚੋਂ ਪੰਜਾਬ ਦੀ ਬਰਬਾਦੀ ਦਾ ਰਾਹ ਨਿਕਲਦਾ ਹੈ ਅਤੇ ਇਹ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿਚ ਭੁਗਤਦੀ ਹੈ।

ਸ. ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਿੱਖ ਮਨ ਨੇ ਸਿਰਫ ਭਗਤ ਸਿੰਘ ਦੇ ‘ਸ਼ਹਾਦਤ’ ਵਾਲੇ ਪੱਖ ਨੂੰ ਹੀ ਅਪਣਾਇਆ ਹੈ, ਇਹ ਇਸ ਕਰਕੇ ਹੈ ਕਿਉਂਕਿ ਸਿੱਖਾਂ ਦਾ ਇਤਿਹਾਸਕ ਵਿਰਸਾ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਅੰਦਰੋਂ ਅੱਜ ਇਨਕਲਾਬੀ ਕਣ ਮਰ ਚੁੱਕਾ ਹੈ। ਉਹ ਸਿਰਫ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਅਰੇ ਮਾਰ ਸਕਦੇ ਹਨ, ਪਰ ਭਾਰਤੀ ਸਟੇਟ ਦੇ ਖਿਲਾਫ਼ ਜੰਗ ਨਹੀਂ ਲੜ ਸਕਦੇ। ਛਤੀਸਗੜ੍ਹ ਤੇ ਹੋਰਨਾਂ ਕਬਾਇਲੀ ਖੇਤਰਾਂ ਦੇ ਮਾਓਵਾਦੀਆਂ ਦੀ ਭਗਤ ਸਿੰਘ ਵਿਚ ਸ਼ਰਧਾ ਸੱਚੀ ਤੇ ਸੁੱਚੀ ਹੈ। ਪਰ ਪੰਜਾਬ ਦੇ ਖੱਬੇ ਪੱਖੀ ਭਗਤ ਸਿੰਘ ਦੇ ਵਾਰਸ ਨਹੀਂ ਰਹੇ। ਉਹ ਭਾਰਤੀ ਸਟੇਟ ਦੀ ਬੋਲੀ ਬੋਲਣ ਲੱਗ ਪਏ ਹਨ ਅਤੇ ਸਿੱਖ ਸੰਘਰਸ਼ ਨੂੰ ਕੁਚਲਣ ਲਈ 'ਸਲਵਾ ਜੂਡਮ'' ਵੀ ਭੂਮਿਕਾ ਨਿਭਾਉਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਸੋ ਭਾਰਤ ਦੇ ਅਜੋਕੇ ਪ੍ਰਸੰਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਦੇ ਗੁਣਾਂ, ਔਗੁਣਾਂ ਬਾਰੇ ਠੰਢੇ ਮਨ ਨਾਲ ਸੰਵਾਦ ਛੇੜਨ ਦੀ ਜ਼ਰੂਰਤ ਹੈ।
98157-51332

ਪ੍ਰਿੰਸੀਪਲ ਸਰਵਣ ਸਿੰਘ ਦੀ ਜਿੱਦ ਤੇ ਅੰਧਵਿਸ਼ਵਾਸ਼ ਦਾ ਕੋਈ ਜੁਆਬ ਨਹੀਂ

ਬੱਬੂ ਮਾਨ ਵਲੋਂ ਲਾਜਪਤ ਰਾਏ ਬਾਰੇ ਗਾਏ ਗੀਤ ਤੋਂ ਬਾਅਦ ਪ੍ਰਿੰਸੀਪਲ ਸਰਵਣ ਸਿੰਘ ਵਲੋਂ 'ਪੰਜਾਬੀ ਟ੍ਰਿਬਿਊਨ' ਵਿੱਚ ਲਿਖੇ ਗਏ ਨਿਰਆਧਾਰ ਲੇਖ ਦੇ ਜਵਾਬ ਵਿਚ ਰਾਜਿੰਦਰ ਸਿੰਘ ਰਾਹੀ ਵਲੋਂ 'ਸੱਕੀ ਸ਼ਹਾਦਤ' ਸਿਰਲੇਖ ਹੇਠ ਲਿਖਿਆ ਲੇਖ ਛਾਪਣ ਤੋਂ 'ਪੰਜਾਬੀ ਟ੍ਰਿਬਿਊਨ' ਨੇ ਇਨਕਾਰ ਕਰ ਦਿੱਤਾ ਸੀ। ਜੋ ਬਾਅਦ ਵਿਚ ਇਸ ਬਲੌਗ ਤੋਂ ਬਿਨਾਂ ਕਈ ਵੈਬਸਾਈਟਾਂ ਨੇ ਵੀ ਲੋਕ ਕਚਿਹਰੀ ਵਿਚ ਪੇਸ਼ ਕੀਤਾ ਪਰ ਫਿਰ ਵੀ ਪ੍ਰਿੰਸੀਪਲ ਸਰਵਣ ਸਿੰਘ ਨੇ ਅਪਣੀ "ਮੈ ਨਾ ਮਾਨੂੰ" ਦੀ ਜ਼ਿੱਦ ਨਾ ਛੱਡੀ ਜਿਸਦੇ ਜਵਾਬ ਵਿਚ ਪੇਸ਼ ਹੈ ਰਾਜਿੰਦਰ ਸਿੰਘ ਰਾਹੀ ਦਾ ਇਕ ਹੋਰ ਲੇਖ --ਪਰਦੀਪ ਸਿੰਘ

-ਰਾਜਿੰਦਰ ਸਿੰਘ ਰਾਹੀ
ਮੇਰੇ ਵੱਲੋਂ ਲਾਲਾ ਲਾਜਪਤ ਰਾਏ ਜੀ ਬਾਰੇ ਲਿਖੇ ਗਏ ਲੇਖ `ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਪ੍ਰਿੰਸੀਪਲ ਸਰਵਣ ਸਿੰਘ ਜੀ ਹੋਰਾਂ ਨੇ ਮੈਨੂੰ ਅਤੇ ਅਦਾਰਾ ‘ਅੰਮ੍ਰਿਤਸਰ ਟਾਈਮਜ਼` ਨੂੰ ਵਧਾਈ ਦਿੰਦਿਆਂ ਪ੍ਰਵਾਨ ਕੀਤਾ ਹੈ ਕਿ ਇਸ ਨਾਲ ‘ਲਾਲਾ ਜੀ ਦੀ ਦੇਸ਼ ਭਗਤੀ ਤੇ ਸ਼ਹਾਦਤ ਦਾ ਇਕ ਪਾਸਾ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਗਿਆ।’ ਉਨ੍ਹਾਂ ਇਹ ਵੀ ਮੰਨਿਆ ਹੈ ਕਿ ਇਹ ਕਾਰਜ ਮੈਂ ਇਤਿਹਾਸਕ ਹਵਾਲੇ ਦੇ ਕੇ ਦਲੀਲ ਨਾਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਵਲੋਂ ਲਿਖੇ ਗਏ ਲੇਖ ਦੇ ਮਕਸਦ ਬਾਰੇ ਸਪੱਸ਼ਟ ਕੀਤਾ ਹੈ। ਉਨ੍ਹਾਂ ਦਾ ਮਕਸਦ ਤਾ ਸਿਰਫ਼ ਗਾਇਕ ਬੱਬੂ ਮਾਨ ਦੇ ਕੈਨੇਡਾ ਵਿਚ ਹੋ ਰਹੇ ਸ਼ੋਆਂ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਢੁੱਡੀਕਿਆਂ ਦੇ ਕੁਝ ਮੰਡਿਆਂ ਨੂੰ ਪਲੋਸਣਾ ਹੀ ਸੀ। (ਲਾਲਾ ਜੀ ਨੂੰ ਸ਼ਹੀਦ ਮੰਨਣ ਜਾਂ ਉਸ ਦੀ ਪ੍ਰਸ਼ੰਸਾ ਕਰਨ ਦਾ ਉਨ੍ਹਾਂ ਦਾ ਕੋਈ ਮਕਸਦ ਨਹੀਂ ਸੀ)

ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਨੇ ਮੇਰੇ ਲੇਖ `ਤੇ ਇਹ ਕਿੰਤੂ ਕੀਤਾ ਹੈ ਕਿ ਮੈਂ ਲਾਲਾ ਜੀ ਦੀ ਜ਼ਿੰਦਗੀ ਦਾ ਸਿਰਫ਼ ਇਕ ਪਾਸਾ ਹੀ ਦਿਖਾਇਆ ਹੈ। ਇਸ ਬਾਰੇ ਮੈਂ ਇੰਨਾ ਹੀ ਕਹਿਣਾ ਹੈ ਕਿ ਮੈਂ ਆਪਣੇ ਕੋਲੋਂ ਕੁਝ ਨਹੀਂ ਦਿਖਾਇਆ ਮੈਂ ਤਾਂ ਸਿਰਫ਼ ਉਨ੍ਹਾਂ ਲਹਿਰਾਂ ਦੇ ਨਾਇਕਾਂ ਦੇ ਲਾਲਾ ਜੀ ਬਾਰੇ ਵਿਚਾਰ ਦਿੱਤੇ ਹਨ, ਜਿਨ੍ਹਾਂ ਲਹਿਰਾਂ ਨਾਲ ਲਾਲਾ ਜੀ ਦਾ ਵਾਹ ਵਾਸਤਾ ਰਿਹਾ ਹੈ। ਜਿਵੇਂ ਗ਼ਦਰ ਲਹਿਰ `ਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਮੁਖ ਸਿੰਘ ਲਲਤੋਂ, ਭਾਈ ਸੰਤੋਖ਼ ਸਿੰਘ ਆਦਿ, ਪਗੜੀ ਸੰਭਾਲ ਜੱਟਾ, ਲਹਿਰ ਦੇ ਸ. ਅਜੀਤ ਸਿੰਘ, ਨੌਜਵਾਨਾਂ ਦੀ ਲਹਿਰ ਵਿਚੋਂ ਸ਼ਹੀਦ ਭਗਤ ਸਿੰਘ, ਸ਼ਿਵ ਵਰਮਾ, ਸ਼ਹੀਦ ਸੁਖਦੇਵ ਆਦਿ। ਜਿਹੜਾ ਪਾਸਾ ਮੇਰੇ ਕੋਲੋਂ ਦਿਖਾਉਣ ਵੱਲੋਂ ਰਹਿ ਗਿਆ ਹੈ, ਉਹ ਹੁਣ ਪ੍ਰਿੰਸੀਪਲ ਸਾਹਿਬ ਖੁਦ ਦਿਖਾ ਦੇਣ, ਹੋ ਸਕਦਾ ਹੈ, ਲਾਲਾ ਜੀ ਦਾ ਕੋਈ ਵੱਡਾ ਰੋਲ ਜਾਂ ਵੱਡੀ ਕੁਰਬਾਨੀ ਹੀ ਸਾਹਮਣੇ ਆ ਜਾਵੇ।

ਪ੍ਰਿੰਸੀਪਲ ਸਰਵਣ ਸਿੰਘ ਜੀ ਨੇ ਲਿਖਿਆ ਹੈ ਕਿ, ਸੁਤੰਤਰਤਾ ਸੰਗਰਾਮੀਆਂ ਨੂੰ ਧਰਮ ਨਿਰਪੱਖ ਨਜ਼ਰਾਂ ਨਾਲ ਦੇਖਣਾ ਚਾਹੀਦੈ।` ਕਿਸੇ ਵੀ ਧਰਮ ਜਾਂ ਖਿੱਤੇ ਦੇ ਦੇਸ਼ ਭਗਤ ਨਾਲ ਦੁਰਾਂਝਗੀ ਨਹੀਂ ਹੋਣੀ ਚਾਹੀਦੀ ਤੇ ਸਿੱਖਾਂ ਜਿਹੀ ਘੱਟਗਿਣਤੀ ਨਾਲ ਤਾਂ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ। ਭਾਰਤ ਦੀ ਆਜ਼ਾਦੀ ਦੇ ਸਿੱਖ ਸੰਗਰਾਮੀਆਂ ਨੂੰ ਉਚਿਤ ਮਾਣ ਸਨਮਾਨ ਮਿਲਣਾ ਚਾਹੀਦੈ।“ ਪ੍ਰਿੰਸੀਪਲ ਸਾਹਿਬ ਦੇ ਵਿਚਾਰਾਂ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਹ ਇਹ ਨਸੀਹਤ ਕਿਸ ਨੂੰ ਦੇਣਾ ਚਾਹੁੰਦੇ ਹਨ?ਪਿੰਡ ਢੁੱਡੀਕੇ ਦੀ ਮਿਸਾਲ ਸਾਹਮਣੇ ਹੈ, ਜਿਥੇ ਲਾਲਾ ਲਾਜਪਤ ਰਾਏ ਦਾ ਨਾਂ ਸਥਾਪਤ ਕਰਨ ਲਈ ਤਾਂ ਕਰੋੜਾਂ ਰੁਪਿਆ ਲਗਾਇਆ ਜਾ ਰਿਹਾ ਹੈ ਪਰ ਫਾਂਸੀਆਂ ਚੜ੍ਹਨ ਵਾਲੇ ਤੇ ਕਾਲੇ ਪਾਣੀਆਂ `ਚ ਸੜਨ ਵਾਲੇ ਬਾਬੇ ਭੁਲਾਏ ਜਾ ਰਹੇ ਹਨ! ਕੀਹਦੇ ਵੱਲੋਂ? ਲੋਕਾਂ ਵੱਲੋਂ ਨਹੀਂ ਸਰਕਾਰਾਂ ਵੱਲੋਂ! ਕਿਸ ਕਸੂਰ ਬਦਲੇ? ਕਿਉਂਕਿ ਉਹ ਸਿੱਖ ਸਨ! ਸੋ ਪ੍ਰਿੰਸੀਪਲ ਸਾਹਿਬ ਨੂੰ ਇਹ ਨਸੀਹਤ ਦੇਣ ਦੀ ਬਜਾਏ ਆਢਾ ਸਰਕਾਰ ਨਾਲ ਲਾਉਣਾ ਚਾਹੀਦਾ ਹੈ।

ਪ੍ਰਿੰਸੀਪਲ ਸਾਹਿਬ ਹੋਰਾਂ ਨੇ ਆਪਣੀ ਚਿੱਠੀ ਦੇ ਅਖੀਰ ਵਿਚ ਲਾਲਾ ਜੀ ਨੂੰ ਵਧੀਆ ਮਨੁੱਖ ਅਤੇ ਲਾਠੀਚਾਰਜ ਨਾਲ ਹੋਇਆ ਸ਼ਹੀਦ ਸਾਬਤ ਕਰਨ ਲਈ ਸ਼ਹੀਦ ਭਗਤ ਸਿੰਘ ਹੋਰਾਂ ਵੱਲੋਂ ਸਾਂਡਰਸ ਦੇ ਕਤਲ ਦਾ ਸਹਾਰਾ ਲਿਆ ਹੈ। ਮੈਂ ਆਪਣੀ ਲਿਖਤਵਿਚ ਲਾਲਾ ਜੀ ਦੇ ‘ਮਨੁੱਖੀ ਗੁਣਾਂ` ਅਤੇ ਲਾਠੀਚਾਰਜ ਦੇ ਚਸ਼ਮਦੀਦ ਗਵਾਹਾਂ ਦੀਆਂ ਅਨੇਕਾਂ ਗਵਾਹੀਆਂ ਭੁਗਤਾਉਣ ਦੇ ਨਾਲ ਨਾਲ, ਲਾਲਾ ਜੀ ਦਾ ਖੁਦ ਦਾ ਬਿਆਨ ਵੀ ਦਿੱਤਾ ਹੈ। ਚਾਹੀਦਾ ਤਾਂ ਇਹ ਸੀ ਕਿ ਪ੍ਰਿੰਸੀਪਲ ਸਰਵਣ ਸਿੰਘ ਹੋਰੀਂ ਮੇਰੀਆਂ ਗਵਾਹੀਆਂ ਨੂੰ ਝੁਠਲਾਉਣ ਲਈ ਕਿਸੇ ਚਸ਼ਮਦੀਦ ਗਵਾਹ ਦੀ ਠੋਸ ਗਵਾਹੀ ਪੇਸ਼ ਕਰਦੇ, ਪਰ ਉਨ੍ਹਾਂ ਨੇ ਤਾਂ ਸ਼ਰਧਾਵਾਨ ਅਤੇ ਅੰਧਵਿਸ਼ਵਾਸੀ ਲੋਕਾਂ ਵਾਂਗ ਸਾਡੀਆਂ ਗਵਾਹੀਆਂ ਨੂੰ ਮੁੱਢੋਂ ਸੁੱਢੋਂ ਰੱਦ ਕਰਕੇ ਮੈਂ ਨਾ ਮਾਨੂ ਵਾਲੀ ਪ੍ਰਵਿਰਤੀ ਦਾ ਪ੍ਰਗਟਾਵਾ ਕੀਤਾ ਹੈ। ਪਰਪ੍ਰਿੰਸੀਪਲ ਸਾਹਿਬ ਨੂੰ ਤਾਂ ਇਸ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ? ਸ਼ਹੀਦ ਭਗਤ ਸਿੰਘ ਹੋਰਾਂ ਨੇ ਸਾਂਡਰਸ ਨੂੰ ਕਿਉਂ ਮਾਰਿਆ। ਇਸ ਬਾਰੇ ਮੇਰੇ ਲੇਖ ਵਿਚ ਹੀ ਉਨ੍ਹਾਂ ਦਾ ਸਾਥੀ ਸ਼ਿਵ ਵਰਮਾ ਅਖ਼ਦਾ ਹੈ : ‘ਭਗਤ ਸਿੰਘ ਅਤੇ ਸੁਖਦੇਵ ਵਾਸਤੇ ਤਾਂ ਉਨ੍ਹਾਂ (ਲਾਲਾ ਜੀ) ਨੇ ਆਪਣੇ ਬੰਗਲੇ ਦੇ ਫਾਟਕ ਹਮੇਸ਼ਾ ਲਈ ਬੰਦ ਕਰ ਦਿੱਤੇ ਸਨ। ਉਨ੍ਹਾਂ ਨੇ ਫਿਰਕੂਪੁਣੇ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ.….ਪਰ ਇਹ (ਮਤਭੇਦ) ਸਾਡੇ ਦੇਸ਼ ਦੇ ਅੰਦਰ ਦੀ ਗੱਲ ਹੈ। ਏਸ ਦੇ ਬਾਹਰ ਲੋਕ ਉਨ੍ਹਾਂ ਨੂੰ ਸਾਡੇ ਰਾਸ਼ਟਰੀ ਅੰਦੋਲਨ ਦੀ ਮੂਹਰਲੀ ਕਤਾਰ ਦੇ ਨੇਤਾ ਦੇ ਰੂਪ ਵਿਚ ਹੀ ਜਾਣਦੇ ਸੀ। ਇਸ ਨਾਤੇ ਲਾਲਾ ਜੀ `ਤੇ ਵਾਰ ਸਮੁੱਚੇ ਦੇਸ਼ `ਤੇ ਵਾਰ ਸੀ। ਉਹ ਸਾਡੀ ਮਰਦਾਨਗੀ ਨੂੰ ਲਲਕਾਰ ਸੀ ਤੇ ਅਸੀਂ ਉਸ ਨੂੰ ਮੰਨ ਲਿਆ। ਮਰਦਾਨਗੀ ਨੂੰ ਇਹ ਵੰਗਾਰ ਪਾਈ ਸੀ ਪ੍ਰਸਿੱਧ ਦੇਸ਼ਭਗਤ ਸ੍ਰੀ ਸੀ ਆਰ ਦਾਸ ਦੀ ਵਿਧਵਾ ਬਸੰਤੀ ਦੇਵੀ ਨੇ, ਪੰਜਾਬ ਆ ਕੇ। ਉਸਨੇ ਕਿਹਾ ਸੀ, ‘ਮੈਂ ਸ਼ਰਮ ਅਤੇ ਬੇਇੱਜ਼ਤੀ ਕਾਰਨ ਕੰਬ ਰਹੀ ਹਾਂ…. ਕੀ ਅਜੇ ਦੇਸ਼ ਵਿਚ ਜਵਾਨੀ ਅਤੇ ਮਰਦਊਪੁਣਾ ਬਾਕੀ ਹੈ? ਕੀ ਇਹ ਫੂਕ ਸੁੱਟਣ ਵਾਲੀ ਸ਼ਰਮ ਅਤੇ ਬੇਇੱਜ਼ਤੀ ਨੂੰ ਮਹਿਸੂਸ ਕਰਦੀ ਹੈ? ਦੇਸ਼ ਦੀ ਇਕ ਔਰਤ ਇਸ ਦਾ ਸਪੱਸ਼ਟ ਉਤਰ ਮੰਗਦੀ ਹੈ।“

ਜਦ 8 ਸਤੰਬਰ 1828 ਨੂੰ ਭਗਤ ਸਿੰਘ ਹੋਰਾਂ ਨੇ ‘ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਬਣਾਈ ਸੀ ਤਾਂ ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ ਦੇ ਸ਼ਬਦਾਂ `ਚ ਉਹ ਕੋਈ ਚਮਤਕਾਰੀ ਕੰਮ ਕਰਨਾ ਚਾਹੁੰਦੇ ਸਨ। ਇਸੇ ਕਰਕੇ ਉਨ੍ਹਾਂ ਨੇ ਸਾਈਮਨ ਕਮਿਸ਼ਨ ਦੀ ਗੱਡੀ `ਤੇ ਬੰਬ ਸੁੱਟਣ ਦੀ ਯੋਜਨਾ ਬਣਾਈ ਸੀ। ਭਗਤ ਸਿੰਘ ਨੇ ਜੁਲਾਈ 1928 ਦੇ ‘ਕਿਰਤੀ`ਵਿਚ ਜੋ ‘ਅਨਾਰਕਿਜ਼ਮ ਦਾ ਇਤਿਹਾਸ` ਨਾਮੀ ਲੇਖ ਲਿਖਿਆ ਸੀ ਤਾਂ ਉਸ ਵਿਚਲੀ ਇਕ ਟੁਕ `ਤੇ ਹੀ ਭਗਤ ਸਿੰਘ ਅਮਲ ਕਰ ਰਿਹਾ ਸੀ : ‘ਇਕ ਹੀ ਅਮਲੀ ਕੰਮ ਹਜ਼ਾਰਾਂ ਕਿਤਾਬਾਂ ਅਤੇ ਪਰਚਿਆਂ ਨਾਲੋਂ ਵਧੀਕ ਪ੍ਰਚਾਰ ਕਰ ਦਿੰਦਾ ਹੈ।` ਆਪਣੀ ਪਾਰਟੀ ਦੇ ਪ੍ਰਚਾਰ ਹਿੱਤ ਸਾਈਮਨ ਕਮਿਸ਼ਨ ਅਤੇ ਲਾਲਾ ਜੀ ਦੀ ਮੌਤ ਤੋਂ ਬਾਅਦ ਪੈਦਾ ਹੋਏ ਵਿਰੋਧ ਨੂੰ ਵਰਤਣ ਲਈ ਭਗਤ ਸਿੰਘ ਲਈ ਹੋਰ ਸੁਨਹਿਰੀ ਮੌਕਾ ਕਿਹੜਾ ਹੋ ਸਕਦਾ ਸੀ? ਸੋ ਉਸ ਨੇ ਸਿਆਣੇ ਲੀਡਰ ਵਾਂਗ ਮਿ. ਸਕਾਟ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾ ਲਿਆ। ਭੁਲੇਖੇ ਨਾਲ ਮਾਰਿਆ ਸਾਂਡਰਸ ਗਿਆ। ਭਗਤ ਸਿੰਘ ਹੋਰਾਂ ਦੇ ਇਸ ਐਕਸ਼ਨ ਨਾਲ ਉਨ੍ਹਾਂ ਦੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਇਆ, ਇਹ ਹੈ ਜ਼ੇਰ-ਏ-ਬਹਿਸ ਹੈ, ਪਰ ਲਾਲਾ ਜੀ ਨੂੰ ਜ਼ਰੂਰ ਫਾਇਦਾ ਹੋਇਆ, ਜਿਹੜਾ ਇਕਦਮ ਜ਼ੀਰੋ ਤੋਂ ਹੀਰੋ ਬਣ ਗਿਆ। ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ। ਮੇਰੇ ਅੰਦਰ ਕੋਈ ਜੋਸ਼ੋ ਖਰੋਸ਼ ਨਹੀਂ ਰਿਹਾ, ਕੋਈ ਖਾਹਸ਼ ਨਹੀਂ ਰਹੀ, ਅਸਲ ਗੱਲ ਤਾਂ ਇਹ ਹੈ ਕਿ ਮੇਰਾ ਕਿਸੇ ਵੀ ਚੀਜ਼ ਵਿਚ ਵਿਸ਼ਵਾਸ਼ ਨਹੀਂ ਰਿਹਾ, ਆਪਣੇ ਆਪ ਵਿਚ ਵੀ ਨਹੀਂ, ਰੱਬ ਵਿਚ ਵੀ ਨਹੀਂ,ਮਨੁੱਖਤਾ ਵਿਚ ਵੀ ਨਹੀਂ,…., ਦੁਨੀਆ ਵਿਚ ਵੀ ਨਹੀਂ.…..। ਕੋਈ ਸਮਾਂ ਸੀ ਮੇਰਾ ਰੱਬ ਵਿਚ ਵਿਸ਼ਵਾਸ਼ ਹੁੰਦਾ ਸੀ, ਉਹ ਹੁਣ ਨਹੀਂ ਰਿਹਾ। ਮੇਰੀ ਬਹੁਤ ਬੁਰੀ ਹਾਲਤ ਹੈ ਮੈਂ ਇਕੱਲਤਾ ਵਿਚ ਹਾਂ, ਮੇਰੀਆਂ ਖੁਸ਼ੀਆਂ ਖਤਮ ਹੋ ਗਈਆਂ ਹਨ, ਮੈਂ ਫਿਰ ਵੀ ਇਸ ਦੁਖਦਾਈ ਸਥਿਤੀ ਨਾਲ ਚੁੰਬੜਿਆਂ ਹੋਇਆ ਹਾਂ। ਮੈਂ ਇਸ ਮਾਨਸਿਕ ਹਾਲਤ ਵਿਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਨਿਕਲਾਂ।` ਲਾਲਾ ਜੀ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਸਥਾਨਕ ਕਾਂਗਰਸੀਆਂ ਨੇ ਉਸ ਨੂੰ ਅਣਗੌਲਾ ਕਰ ਦਿੱਤਾ ਹੈ ਅਤੇ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ।

(9 ਮਈ 2000 ਨੂੰ ਪੰਜਾਬ ਯੂਨੀਵਰਸਿਟੀ ਵਿਚ ਲਾਲਾ ਲਾਜਪਤ ਰਾਏ ਬਾਰੇ ਹੋਏ ਇਕ ਸੈਮੀਨਾਰ ਵਿਚ ਅਮਨਦੀਪ ਕੌਰਵੱਲੋਂ ਪੜ੍ਹੇ ਗਏ ਪੇਪਰ ‘Communitarian Politics in the Punjab : Understanding Lal Lajpar Rai’s Role’ `ਚੋਂ)

ਸੋ ਜਿਹੜੇ ਬੰਦੇ ਰੂਪੋਸ਼ ਗਰੁੱਪਾਂ ਦੀ ਉਣਤਰ ਬਣਤਰ, ਕਾਰਜਸ਼ੈਲੀ ਅਤੇ ਰਾਜਸੀ ਵਿਆਕਰਣ ਤੋਂ ਅਣਜਾਣ ਹਨ, ਉਨ੍ਹਾਂ ਲਈ ਭਗਤ ਸਿੰਘ ਹੋਰਾਂ ਦਾ ਸਾਂਡਰਸ ਵਾਲਾ ਐਕਸ਼ਨ ਸਮਝ ਨਹੀਂ ਆ ਸਕਦਾ। ਕਹਿ ਨਹੀਂ ਸਕਦੇ ਕਿ ਪ੍ਰਿੰਸੀਪਲ ਸਰਵਣ ਸਿੰਘ ਨੂੰ ਰੂਪੋਸ਼ ਗੁਰਪਾਂ ਦੇ ਕਾਰਜਾਂ, ਨਿਸ਼ਾਨਿਆਂ ਬਾਰੇ ਕਿੰਨਾ ਕੁ ਪਤਾ ਹੈ। ਹਾਂ ਖੇਡਾਂ ਅਤੇ ਖਿਡਾਰੀਆਂ ਬਾਰੇ ਉਨ੍ਹਾਂ ਦੀ ਸੂਝ ਅਤੇ ਟੋਟਕਿਆਂ ਦਾ ਪੰਜਾਬੀ ਪਾਠਕ ਸਿੱਕਾ ਮੰਨਦੇ ਹਨ। ਪਰ ਇਤਿਹਾਸ ਦੀਆਂ ਰਾਜਸੀ ਖੇਡਾਂ ਅਤੇ ਰਾਜਸੀ ਖਿਡਾਰੀਆਂ ਬਾਰੇ ਜਾਣਨ ਅਤੇ ਲਿਖਣ ਲਈ ਵੱਧ ਸੰਜੀਦਾ ਅਤੇ ਜੁੰਮੇਵਾਰ ਹੋਣਾ ਪੈਂਦਾ ਹੈ। ਪ੍ਰਾਪਤ ਤੱਥਾਂ ਨੂੰ ਅੱਖੋਂ ਪ੍ਰੋਖੇ ਕਰ ਕੇ ਲਿਖਣ ਨਾਲ ਜਿੱਥੇ ਇਤਿਹਾਸਕ ਘਟਨਾਵਾਂ ਅਤੇ ਵਿਅਕਤੀਆਂ ਸਬੰਧੀ ਗਲਤ ਬਿਆਨੀ ਹੋਣ ਜਾਂ ਕਰਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਉੱਥੇ ਅਪਣੇ ਬਾਰੇ ਵੀ ਭਰਮ ਭੁਲੇਖੇ ਪੈਦਾ ਹੋਣ ਤੋਂ ਬਚਣਾ ਮੁਸ਼ਕਲ ਹੁੰਦਾ ਹੈ। ਲਾਲਾ ਲਾਜਪਤ ਰਾਏ ਸਬੰਧੀ ਵਾਦ ਵਿਵਾਦ ਨੇ ਪ੍ਰਿਸੀਪਲ ਸਰਵਨ ਸਿੰਘ ਵਰਗੇ ਭਲਵਾਨ ਖੇਡ ਲੇਖਕ ਨੂੰ ਜਿਸ ਕਦਰ ਉਲਝਾਇਆ ਹੈ, ਹਰਮਨਪਿਆਰੇ ਗਾਇਕ ਬੱਬੂ ਮਾਨ ਨੂੰ ਮੱਤਾਂ ਦੇਣ ਲਈ ਲਿਖਣ ਸਮੇਂ ਸ਼ਾਇਦ ਉਨ੍ਹਾਂ ਨੂੰ ਇਸਦਾ ਚਿੱਤ ਚੇਤਾ ਨਹੀਂ ਸੀ। ਇਹ ਵਾਦ ਵਿਵਾਦ ਅਪਣੇ ਆਪ ਵਿੱਚ ਇਤਿਹਾਸ ਬਣ ਗਿਆ ਹੈ ।

ਅਖ਼ੀਰ ਵਿੱਚ ਮੈਂ ਫਿਰ ਪ੍ਰਿਸੀਪਲ ਸਿੰਘ ਵਲੋਂ ਪੰਜਾਬੀ ਖੇਡ ਲੇਖਣੀ ਨੂੰ ਦਿੱਤੀ ਵੱਡੀ ਦੇਣ ਅੱਗੇ ਸੱਜਦਾ ਕਰਦਾ ਹੋਇਆ, ਇਹੋ ਕਹਿਣਾ ਚਾਹਾਂਗਾ ਕਿ ਉਹ ਮੇਰੀ ਰਿਪੋਰਟ ‘ਸੱਕੀ ਸ਼ਹਾਦਤ’ ਨੂੰ ਇੱਕ ਵਾਰ ਫਿਰ ਪੜ੍ਹ ਕੇ ਵੇਖਣ, ਮੈਂ ਅਪਣੇ ਵਲੋਂ ਕੁਝ ਵੀ ਸਥਾਪਤ ਕਰਨ ਦਾ ਯਤਨ ਨਹੀਂ ਕੀਤਾ । ਇਸਦੇ ਵਿਚੋਂ ਹੀ ਭਗਤ ਸਿੰਘ ਅਤੇ ਸਾਥੀਆਂ ਵਲੋਂ ਕੀਤੀ ਕਾਰਵਾਈ ਦੇ ਕਾਰਨ ਅਤੇ ਮਕਸਦ ਕਾਫ਼ੀ ਹੱਦ ਤੱਕ ਸਪੱਸ਼ਟ ਉਜਾਗਰ ਹੁੰਦੇ ਹਨ। ਹਾਂ ਉਨ੍ਹਾਂ ਕੋਲ ਜੇ ਅਪਣੇ ਸਵਾਲ ਦਾ ਜਵਾਬ ਜਾਂ ਇਤਿਹਾਸਕ ਤੱਥ ਹਨ ਤਾਂ ਜਰੂਰ ਸਭਨਾਂ ਨਾਲ ਸਾਂਝੇ ਕਰਨ ।

ਲਾਜਪਤ ਰਾਏ ਬਾਰੇ ਰਾਜਿੰਦਰ ਸਿੰਘ ਰਾਹੀ ਦਾ ਪਿਛਲਾ ਲੇਖ ('ਸੱਕੀ ਸ਼ਹਾਦਤ’) ਪੜ੍ਹਣ ਲਈ ਇੱਥੇ ਕਲਿੱਕ ਕਰੋ

ਸ਼ੱਕੀ ਸ਼ਹਾਦਤ

ਲਾਜਪਤ ਰਾਏ ਦੀ ਮੌਤ
ਬਿਮਲਪ੍ਰੀਤ ਸਿੰਘ ਗਰੇਵਾਲ ਦੀ ਅਣਛਪੀ ਕਿਤਾਬ ਬਲੈਮਿਸ਼ਡ ਹਿਸਟਰੀ ਚੈਪਟਰਸ ਵਿੱਚੋਂ ਕੁੱਝ ਪੰਨੇ ਰੀਸਰਚ ਹਲਫੀਆ ਬਿਆਨ ਰਾਹੀਂ
ਵਿਗੜੇ ਹੋਏ ਇਤਿਹਾਸ ਦਾ ਇੱਕ ਹਿੱਸਾ ਇਹ ਵੀ ਹੈ ਕਿ ਲਾਜਪਤ ਰਾਏ ਦੀ ਮੌਤ ਬਰਤਾਨਵੀਂ ਪੁਲਿਸ ਦੀਆਂ ਸੋਟੀਆਂ ਨਾਲ ਹੋਈ। ਦਾਸ ਨੇ ਵੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਕਿਤਾਬਾਂ ਵਿੱਚ ਇਹੋ ਮਿਥਿਹਾਸ ਪੜ੍ਹਿਆ, ਪਰ ਇਤਿਹਾਸਕ ਤੌਰ ’ਤੇ ਇਹ ਬਿਲਕੁਲ ਗਲਤ ਹੈ ਅਤੇ ਤਿਹਾਸ ਦੀ ਤੌਹੀਨ ਹੈ। ਦਾਸ ਨੇ ਕਾਫੀ ਪੈਸੇ ਖਰਚ ਕੇ ਕਈ ਪੁਰਾਣੇ ਅਖਬਾਰ, ਕਿਤਾਬਾਂ, ਸਰਕਾਰੀ ਦਸਤਾਵੇਜ ਅਤੇ ਕਾਨੂੰਨੀ ਪੇਸ਼ਗੀਆਂ ਖਰੀਦੀਆਂ ਅਤੇ ਚੋਖਾ ਸਮਾਂ ਲਗਾ ਕੇ ਡੂੰਘੀ ਘੋਖ ਪੜਤਾਲ ਕੀਤੀ। ਝੂਠ ਦੇ ਕਰਜ਼ੇ ਹੇਠ ਦੱਬਿਆ ਇਤਿਹਾਸ ਚੀਖ-ਪੁਕਾਰ ਕੇ ਰੌਲਾ ਪਾ ਰਿਹਾ ਹੈ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਿਲ ਦੀ ਧੜਕਣ ਬੰਦ ਹੋਣ ਨਾਲ ਹੋਈ ਸੀ। ਉਸ ਦੁਆਾਰਾ 30 ਅਕਤੂਬਰ 1928 ਨੂੰ ਪੁਲਿਸ ਖਿਲਾਫ਼ ਬੇਰਹਿਮੀ ਨਾਲ(ਪਰ ਸਿਰਫ ਦੋ) ਸੋਟੀਆਂ ਮਾਰਨ ਦੇ ਦੋਸ਼ ਲਗਾਉਣ ਤੋਂ ਬਾਅਦ 18ਵੇਂ ਦਿਨ ਦਿਲ ਧੜਕਣਾ ਬੰਦ ਹੋ ਗਿਆ ਸੀ। ਦਿਲ ਦੀ ਧੜਕਣ ਇੱਕ ਪੁਰਾਣੀ ਬਿਮਾਰੀ ਕਰ ਕੇ ਬੰਦ ਹੋਈ, ਜਿਸ ਦਾ ਨਿੱਗਰ ਅਤੇ ਸਖਤ ਵਿਗਿਆਨਿਕ ਆਧਾਰ ਹੈ, ਜਿਸ ਦਾ ਅੱਗੇ ਚੱਲ ਕੇ ਵੇਰਵਾ ਦੇਵਾਂਗਾ। ਦਿਲ ਦੀ ਧੜਕਣ ਬੰਦ ਹੋ ਕੇ ਹੋਈ ਮੌਤ ਦੇ ਇਤਿਹਾਸਕ ਹਵਾਲੇ ਇਸ ਤਰ੍ਹਾਂ ਹਨ–ਨਵੰਬਰ 18, 1928 ਦੇ ‘ਨਿਊਯਾਰਕ ਟਾਈਮਜ਼’’ ਵਿੱਚ ਲਾਹੌਰ ਤੋਂ ਲੱਗੀ ਖਬਰ, ਨਵੰਬਰ 18,1928 ਦੇ ‘ਵਾਸ਼ਿੰਗਟਨ ਪੋਸਟ’ ਵਿੱਚ ਐੱਮ-3 ਹਿੱਸੇ ਅੰਦਰ ਲਾਹੌਰ ਤੋਂ ਲੱਗੀ ਖਬਰ, ਨਵੰਬਰ 18, 1928 ਦੇ ਸਿੰਘਾਪੁਰ ਦੇ ‘ਦਾ ਸਟਰੇਟ ਟਾਈਮਜ਼’ ਵਿੱਚ ਲਾਹੌਰ ਤੋਂ ਸਫਾ 12 ਅੰਦਰ ਲੱਗੀ ਖਬਰ,ਨਵੰਬਰ 18, 1928 ਦੇ ਬਰਤਾਨੀਆਂ ‘ਦਾ ਟਾਈਮਜ਼’ ਅਤੇ ਦੁਬਾਰਾ ਨਵੰਬਰ 21, 1928 ਦੇ ਬਰਤਾਨੀਆਂ ਦੇ ‘ਦਾ ਟਾਈਮਜ਼’ ਵਿੱਚ ਸਫਾ 13 ਕਾਲਮ 2 ਅੰਦਰ। ਦੁਬਾਰਾ ਨਵੰਬਰ 21, 1928 ਦੇ ਬਰਤਾਨੀਆਂ ਦੇ ‘ਦਾ ਟਾਈਮਜ’ ਵਿੱਚ ਡਾਕਟਰ ਦੇ ਹਵਾਲੇ ਨਾਲ ਪੁਰਾਣੀ ਬਿਮਾਰੀ ਦੀ ਵਜ੍ਹਾ ਨਾਲ ਦਿਲ ਦੀ ਧੜਕਣ ਬੰਦ ਹੋਣਾ ਮੌਤ ਦਾ ਕਾਰਣ ਦਾ ਵਿਖਿਆਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸ੍ਰ. ਕਪੂਰ ਸਿੰਘ, ਓਮ ਪ੍ਰਕਾਸ਼, ਐਸ.ਆਰ ਬਖਸ਼ੀ,ਟੀ.ਕੇ.ਰਾਮਾ.ਰਾਉ, ਇੰਡੀਅਨ ਨੈਸ਼ਨਲ ਲੋਕ ਦਲ ਵੀ ਲਾਲਾ ਜੀ ਦੀ ਮੌਤ ਸੋਟੀਆਂ ਦੀ ਬਜਾਏ ਦਿਲ ਦੀ ਧੜਕਣ ਬੰਦ ਹੋਣਾ ਲਿਖਦੇ ਹਨ।
ਲਾਜਪਤ ਰਾਏ ਦੀ ਮੌਤ ਪਿੱਛੋਂ ਲਾਜਪਤ ਰਾਏ ਦੇ ਨਾਮ ਨੂੰ ਵਰਤ ਕੇ ਆਰੀਆ ਸਮਾਜ ਦੇ ਆਗੂਆਂ ਨੇ ਇਹ ਗੱਲ ਬਰਤਾਨੀਆਂ ਰਾਜ ਖਿਲਾਫ਼ ਚੁੱਕ ਲਈ। ਲਾਲਾ ਹੰਸਰਾਜ ਨੇ ਆਪਣੇ ਬਿਆਨਾਂ ਅੰਦਰ ਕਿਹਾ ਕਿ ਜ਼ਿਆਦਾ ਸੋਟੀਆਂ ਲਾਜਪਤ ਰਾਏ ਦੇ ਵੱਜਦੀਆਂ ਤਾਂ ਉਸ ਨੇ ਮੌਕੇ ’ਤੇ ਹੀ ਮਰ ਜਾਣਾ ਸੀ। ਇਸ ਗੱਲ ਨੂੰ ਤੂਲ ਲਾਉਣ ਵਾਲੇ ਲੋਕਾਂ ਨੇ ਕੋਈ ਵੀ ਸਬੂਤ ਜਾਂ ਕੋਈ ਵੀ ਹਾਲਾਤ ਅੱਜ ਤੱਕ ਸਥਾਪਿਤ ਨਹੀਂ ਕੀਤਾ, ਜਿਸ ਨਾਲ ਇਹ ਸਾਬਤ ਹੋ ਸਕੇ ਕਿ 2 ਸੋਟੀਆਂ ਅਸਲੀਅਤ ਵਿੱਚ ਲਾਲਾ ਲਾਜਪਤ ਰਾਏ ਦੇ ਵੱਜੀਆਂ ਅਤੇ ਇਸ ਕਰ ਕੇ 18 ਦਿਨਾਂ ਬਾਅਦ ਆਪ ਜੀ ਦੇ ਦਿਲ ਦੀ ਧੜਕਣ ਬੰਦ ਹੋ ਗਈ। ‘ਜੇ’ ਲਗਾ ਕੇ ਗੱਲ ਕਹਿਣ ਨਲ ਇਤਿਹਾਸ ਸਥਾਪਿਤ ਨਹੀਂ ਹੋ ਜਾਂਦਾ। ਖੈਰ, ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜੀ ਕਰਨ ਵਾਲਿਆਂ ਨੂੰ ਸਬੂਤ ਦੇਣ ਲਈ ਪੁਲਿਸ ਨੇ ਮਹਿਕਮਾਈ ਕਾਰਵਾਈ ਕੀਤੀ ਅਤੇ ਰਿਪੋਰਟ ਪੇਸ਼ ਕਰ ਕੇ ਦਾਅਵਾ ਕੀਤਾ ਕਿ ਲੋਕਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਤਾਰਾਂ ਵਾਲੀਆਂ ਲੱਕੜਾਂ ਦੀ ਵਾੜ੍ਹ ਪਲੇਟਫਾਰਮ ਤੋਂ 200 ਗਜ਼ ਦੂਰ ਲਾਈ ਗਈ ਸੀ। ਇਸ ਰਿਪੋਰਟ ਅਨੁਸਾਰ ਜਿਹੜੇ ਪ੍ਰਦਰਸ਼ਨਕਾਰੀ ਇਸ ਵਾੜ੍ਹ ਨੂੰ ਟੱਪਣ ਦੀ ਕੋਸ਼ਿਸ਼ ਕਰਦੇ ਸੀ। ਉਹ ਜ਼ਖ਼ਮੀ ਹੁੰਦੇ ਸੀ ਅਤੇ ਉੱਪਰੋਂ ਪੁਲਿਸ ਉਨ੍ਹਾਂ ਨੂੰ ਸੋਟੀਆਂ ਉਲਾਰ੍ਹ ਕੇ ਜਾਂ ਇੱਕਾ-ਦੁੱਕਾ ਵਾਰੀ ਮਾਰ ਕੇ ਸਥਿਤੀ ਨੂੰ ਬਰਕਰਾਰ ਰੱਖਦੇ ਸੀ। ਲਾਜਪਤ ਰਾਏ ਨੂੰ ਪੁਲਿਸ ਨੇ ਵੱਖਰਾ ਨਹੀਂ ਕਰਿਆ ਅਤੇ ਕੋਈ ਸੋਟੀ ਕਿਸੇ ਵੀ ਚੋਣਵੇਂ ਵਿਅਕਤੀ ਦੇ ਨਹੀਂ ਮਾਰੀ ਗਈ। ਇਸ ਰਿਪੋਰਟ ਨੂੰ ਲਾਜਪਤ ਰਾਏ ਦੇ ਦੋਸਤਾਂ ਨੇ ਪਸੰਦ ਨਹੀਂ ਕੀਤਾ ਪਰ ਨਾ ਹੀ ਕੋਈ ਗਵਾਹ ਜਾਂ ਸਬੂਤ ਪੇਸ਼ ਕੀਤਾ, ਜਿਸ ਨਾਲ ਲਾਜਪਤ ਰਾਏ ਦੁਆਰਾ ਲਗਾਏ ਦੋਸ਼ ਸਾਬਤ ਹੋ ਜਾਣ। ਸਰਕਾਰ ਨੇ ਇਸ ਰਿਪੋਰਟ ਨੂੰ ਨਵੰਬਰ 07, 1928 ਨੂੰ ਜਨਤਕ ਕੀਤਾ ਸੀ।
ਨਵੰਬਰ 26,1928 ਨੂੰ ‘ਕਮਾਨਸ’ ਦੀ ਬੈਠਕ ਦੌਰਾਨ ਸ੍ਰੀਮਾਨ ਵੈਲੋਕ ਨੇ ਸਰਕਾਰ ਦੇ ਹੇਠਲੇ ਸਕੱਤਰ ਨੂੰ ਸਵਾਲ ਪੁੱਛਿਆ ਕਿ ਕੀ ਸਰਕਾਰ ਲਾਜਪਤ ਰਾਏ ਦੇ ਇਸ ਦੋਸ਼ ਤੋਂ ਜਾਣੂ ਹੈ ਕਿ ਉਸ ਦੇ ਦੋ ਸੋਟੀਆਂ ਵੱਜੀਆਂ ਹਨ। ਤੁਰੰਤ ਕਰਨਲ ਵੈਜਵੁੱਡ ਨੇ ਸਰਕਾਰ ਦੇ ਹੇਠਲੇ ਸਕੱਤਰ ਨੂੰ ਸਵਾਲ ਪੁੱਛਿਆ ਕਿ ਕੀ ਸਰਕਾਰ ਹੋਰ ਪੜਤਾਲ ਕਰੇਗੀ। ਉਪਰੰਤ ਸ੍ਰੀਮਾਨ ਅਰਲ ਵਿੰਟਰਟਨ ਨੇ ਜਵਾਬ ਦਿੱਤਾ ਕਿ ਸਰਕਾਰ ਇਨ੍ਹਾਂ ਦੋਸ਼ਾਂ ਤੋਂ ਜਾਣੂ ਹੈ ਪਰ ਲਾਜਪਤ ਰਾਏ ਦੇ ਪਰਿਵਾਰ ਜਾਂ ਮਿੱਤਰਾਂ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਨਾ ਹੀ ਕੋਈ ਤੱਥ, ਦਲੀਲ ਜੋ ਸਬੂਤ ਨਾਲ ਕੋਈ ਗੱਲ ਕੀਤੀ ਗਈ ਹੈ। ਸ੍ਰੀਮਾਨ ਅਰਲ ਵਿੰਟਰਟਨ ਨੇ ਜ਼ੋਰ ਦੇ ਕੇ ਕਿਹਾ ਕਿ ਦਿਲ ਦੀ ਧੜਕਣ ਬੰਦ ਹੋਣ ਦਾ ਉਸ ਦਿਨ ਲੱਗੀਆਂ ਦੋ ਸੋਟੀਆਂ (ਦੋਸ਼ ਅਨੁਸਾਰ) ਨਾਲ ਕੋਈ ਸਬੰਧ ਨਹੀਂ ਹੈ। ਇਸ ਦੀ ਕੋਈ ਤੁੱਕ ਨਹੀਂ ਹੈ। ਇਹ ਸਾਰਾ ਰਿਕਾਰਡ ਨਵੰਬਰ 1928 ਦੇ ਹਿੱਸਾ 223 ਸੀ, ਸੀ5-8 ਵਿੱਚ ਹ-ਬ-ਹੂ ਮੌਜੂਦ ਹੈ। ‘ਕਾਮਨਸ’ ਦੀ ਇਸ ਬੈਠਕ ਦਾ ਲਾਜਪਤ ਰਾਏ ਦੀ ਮੌਤ ਨਾਲ ਸਬੰਧਿਤ ਸਾਰੀ ਰਿਪੋਰਟ ਅੰਦਰ-ਰਾਸ਼ਟਰੀ ਅਖਬਾਰਾਂ ਨੇ ਛਾਪੀ ਸੀ, ਜਿਵੇਂ ਕਿ ਨਵੰਬਰ 27, 1928 ਦੇ ਸਿੰਘਾਪੁਰ ਦੇ ‘ਦਾ ਸਟਰੇਟ ਟਾਈਮਜ਼’ ਵਿੱਚ ਸਫਾ 9 ਅਤੇ ਕਾਲਮ 2 ਵਿੱਚ ਦਰਜ ਹੈ। ਜਨਵਰੀ 01, 1929 ਦੇ ‘ਦਾ ਟਾੀਮਜ’ ਲੰਡਨ ਵਿੱਚ ਖਾਸ ਕਾਲਮਜ਼ ਅੰਦਰ ਲਾਜਪਤ ਰਾਏ ਦੀ ਮੌਤ ਦਾ ਕਾਰਣ ਦਿਲ ਦੀ ਧੜਕਣ ਬੰਦ ਹੋਣਾ ਦਰਜ ਕੀਤਾ ਹੋਇਆ ਹੈ ਅਤੇ ਨਾਲ ਇਹ ਵੀ ਦਰਜ ਹੈ ਕਿ ਕੁੱਝ ਮਾੜੀ ਨੀਅਤ ਦੇ ਲੋਕਾਂ ਨੇ ਇਸ ਗੱਲ ਨੂੰ ਬੇਲੋੜੀ ਤੂਲ ਦਿੱਤੀ। ਪੁਲਿਸ ਦੀ ਮੁੱਢਲੀ ਰਿਪੋਰਟ ਤੋਂ ਬਾਅਦ ਸਰਕਾਰ ਨੇ ਹੋਰ ਤਫਤੀਸ਼ ਕਰਨ ਲਈ ਰਾਵਲਪਿੰਡੀ ਦੇ ਕਮਿਸ਼ਨਰ ਮਿਸਟਰ ਬੌਏਡ ਨੂੰ ਨਾਮਜਦ ਕੀਤਾ। ਮਿਸਟਰ ਬੌਏਡ ਨੇ ਵੀ ਸਾਬਤ ਕਰ ਦਿੱਤਾ ਕਿ ਪੁਲਿਸ ਨੇ ਕਿਸੇ ਵੀ ਵਿਖਾਵਾਕਾਰੀ ਨੂੰ ਚੁਣ ਕੇ ਵਾੜ੍ਹ ਵਿੱਚੋਂ ਬਾਹਰ ਨਹੀਂ ਕੱਢਿਆ ਅਤੇ ਬਾਹਰ ਕੱਢ ਕੇ ਸੋਟੀਆਂ ਨਹੀੰ ਮਾਰੀਆਂ। ਦਿਲ ਦੀ ਧੜਕਣ ਦੇ ਬੰਦ ਹੋਣ ਦਾ ਸੋਟੀਆਂ ਨਾਲ ਸਬੰਧ ਅੱਜ ਤੱਕ ਕੋਈ ਨਹੀਂ ਕਰ ਸਕਿਆ।
ਮਿਸਟਰ ਬੌਏਡ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਫਰਵਰੀ 15, 1929 ਨੂੰ ਪੰਜਾਬ ਵਿਧਾਨ ਸਭਾ ਵਿੱਚ ਪੰਡਿਤ ਦਵਾਰਕਾ ਪ੍ਰਸਾਦ ਮਿਸ਼ਰਾ ਨੇ ਬੌਏਡ ਰਿਪੋਰਟ ਵਿਰੋਧੀ ਤਬਦੀਲੀ ਅਤੇ ਨਵੀਂ ਤਹਿਕੀਕਾਤ ਦਾ ਮਤਾ ਲੈ ਕੇ ਆਂਦਾ ਤੇ ਬਹਿਸ ਉਪਰੰਤ ਇਹ ਫੇਲ੍ਹ ਹੋ ਗਿਆ। ਉਪਰੰਤ ਮਿਸਟਰ ਜੇ ਕਰੀਅਰ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਪਹਿਲਾਂ ਹੀ ਤਿੰਨ ਇਨਕੁਆਰੀਆਂ ਹੋ ਚੁੱਕੀਆਂ ਹਨ ਪਰ ਲਾਜਪਤ ਰਾਏ ਦੇ ਦਿਲ ਦੇ ਬੰਦ ਹੋਣ ਦਾ ਪੁਲਿਸ ਨਾਲ ਕੋਈ ਸਬੰਧ ਨਹੀਂ ਲੱਭਿਆ। ਇਹ ਮਤਾ 65-45 ਦੇ ਫਰਕ ਨਾਲ ਬੰਦ ਹੋਇਆ ਅਤੇ ਇਹ ਇਤਿਹਾਸ ਦਾ ਉਹ ਆਖਰੀ ਸਫਾ ਸੀ, ਜਿਸ ਵਿੱਚ ਲਾਜਪਤ ਰਾਏ ਦੀ ਮੌਤ ਦਾ ਕਾਰਣ ਮੌਤ ਦਿਲ ਦੀ ਧੜਕਣ ਬੰਦ ਹੋਣ ਦੇ ਸਿਵਾਏ ਹੋਰ ਕੋਈ ਨਾ ਹੋਣਾ ਦਰਜ ਹੈ। ਜਦ ਕੋਈ ਮਤਾ ਕਾਨੂੰਨੀ ਤੌਰ ’ਤੇ ਪਾਸ ਹੋ ਜਾਂਦਾ ਹੈ ਤਾਂ ਉਸ ਉੱਪਰ ਗੈਰ ਕਾਨੂੰਨੀ ਬਹਿਸ ਸ਼ੋਭਦੀ ਨਹੀਂ। ਵੈਸੇ ਵੀ ਇਸ ਗੱਲ ਨੂੰ ਤੂਲ ਦੇਣ ਵਾਲੇ ਲੋਕਾਂ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ, ਪੰਡਿਤ ਮੋਤੀ ਲਾਲ ਨਹਿਰੂ ਅਤੇ ਦਵਾਰਕਾ ਪ੍ਰਸਾਦ ਮਿਸ਼ਰਾ ਮੁੱਖ ਸਨ। ਕੁੱਝ ਯੋਗਦਾਨ ਡਾ. ਨੌਨਿਧ ਰਾਏ ਧਰਮਵੀਰ ਦਾ ਵੀ ਸੀ। ਇਨ੍ਹਾਂ ਸਤਿਕਾਰਯੋਗ ਪੰਡਿਤਾਂ ਨੇ ਇਤਿਹਾਸ ਵਿੱਚ ਮਿਥਿਹਾਸ ਸ਼ਾਮਿਲ ਕੀਤਾ। ਜਦੋਂ ਲਾਜਪਤ ਰਾਏ ਦੀ ਮੌਤ ਘੋਸ਼ਿਤ ਹੋਈ ਤਾਂ ਡਾਕਟਰ ਨੌਨਿਧ ਰਾਏ ਧਰਮਵੀਰ ਨੇ ਭਾਰਤੀ ਮੂਲ ਦੇ ਇੱਕ ਅਖਬਾਰ ਨੂੰ ਬਿਆਨ ਦਿੱਤਾ ਕਿ ਭਾਵੇਂ ਲਾਲਾ ਜੀ ਸਖਤ ਬਿਮਾਰ ਸਨ ਪਰ ਫਿਰ ਵੀ ਜੇਕਰ ਸੋਟੀ ਇਨ੍ਹਾਂ ਦੇ ਨਾ ਵੱਜਦੀ ਤਾਂ ਸ਼ਾਇਦ ਕੁੱਝ ਦੇਰ ਹੋਰ ਕੱਢ ਜਾਂਦੇ। ਇਸ ਡਾਕਟਰ ਨੇ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਲਾਲਾ ਜੀ ਦੀ ਬਿਮਾਰੀ ਗੰਭੀਰ ਸੀ, ਲਾਲਾ ਜੀ ਦਾ ਜਿਗਰ ਵੱਧ ਰਿਹਾ ਸੀ ਅਤੇ ਜਿਗਰ ਦੁਆਲੇ ਦੀ ਝਿੱਲੀ ਖਰਾਬ ਹੋ ਰਹੀ ਸੀ। ਇਹ ਡਾਕਟਰ ਨੌਨਿਧ ਰਾਏ ਧਰਮਵੀਰ ਉਹੀਂ ਡਾਕਟਰ ਹੈ, ਜਿਸ ਕੋਲ ਲਾਲਾ ਜੀ ਬਰਤਾਨੀਆਂ ਜਾ ਕੇ ਪੈਡੀਹੋਮ ਸ਼ਹਿਰ ਰਹਿੰਦੇ ਹੁੰਦੇ ਸਨ ਅਤੇ ਇਲਾਜ ਕਰਵਾਉਂਦੇ ਸਨ। ਡਾਕਟਰ ਧਰਮਵੀਰ 1875 ਵਿੱਚ ਜਲੰਧਰ ਜਨਮਿਆਂ, ਲਾਹੌਰ ਪੜ੍ਹਿਆ ਸੀ ਅਤੇ 1899 ਵਿੱਚ ਐਡਿਨਬਰਗ ਰਹਿਣ ਲੱਗ ਪਿਆ। 5 ਅਗਸਤ 1939 ਦੇ ਬਰਨਲੇ ਐਕਸਪ੍ਰੈਸ ਦੇ ਨੋਟਿਸ ਤੋਂ ਪਤਾ ਲੱਗਦਾ ਹੈ ਕਿ ਇਸ ਕੋਲ ਗਾਂਧੀ, ਲਾਲਾ ਲਾਜਪਤ ਰਾਏ ਅਤੇ ਹੋਰ ਉੱਘੇ ਭਾਰਤੀ ਨੇਤਾ ਆਉਂਦੇ ਸਨ। ਲਾਜਪਤ ਰਾਏ ਅਤੇ ਕਾਂਗਰਸ ਨੇਤਾਵਾਂ ਨਾਲ ਦੋਸਤਾਨਾ ਸਬੰਧ ਹੋਣ ਕਰ ਕੇ ਇਸ ਡਾਕਟਰ ਨੇ ਆਪਣੇ ਵਿਚਾਰ ਪੇਸ਼ ਕੀਤੇ ਜੋ ਕਿ ਬਿਨਾਂ ਕਿਸੇ ਡਾਕਟਰੀ ਮੁਆਇਨਾ ਕੀਤੇ ਦਿੱਤੇ ਸਨ। ਇਤਨੇ ਕੁ ਬਿਆਨ ਤੋਂ ਸਿਵਾਏ ਪੂਰੇ ਇਤਿਹਾਸ ਵਿੱਚ ਕੋਈ ਸਬੂਤ ਨਹੀਂ ਮਿਲਦਾ ਕਿ ਲਾਜਪਤ ਰਾਏ ਦਾ ਦਿਲ ਬੰਦ ਹੋਣ ਪਿੱਛੋਂ ਬਿਮਾਰੀ ਤੋਂ ਸਿਵਾਏ ਹੋਰ ਕਾਰਣ ਵੀ ਹੈ। ਬਾਕੀ ਮਿਥਿਹਾਸ ਬਹੁਤ ਹੈ। ਇੱਕਾ-ਦੁੱਕਾ ਜ਼ਿਕਰ ਲੋਹੇ ਦੀ ਤਾਰ ਨਾਲ ਮੋਢੇ ’ਤੇ ਜ਼ਖ਼ਮ ਹੋਣ ਦੇ ਮਿਲਦੇ ਹਨ, ਜਿਸ ਨੂੰ ਸ਼ਾਇਦ ਲੋਕਾਂ ਨੇ ਬਾਅਦ ਵਿੱਚ ਗਲਤ ਮਿੱਥ ਲਿਆ ਹੋਵੇ ਪਰ ਜਿਸ ਬੇਰਹਿਮੀ ਦਾ ਜ਼ਿੇਕਰ ਲਾਲਾ ਜੀ ਦੇ ਸਾਥੀਆਂ ਨੇ ਕੀਤਾ ਸੀ, ਉਸ ਦਾ ਕੋਈ ਨਿਸ਼ਾਨ ਇਤਿਹਾਸ ਅੰਦਰ ਨਹੀਂ ਹੈ।
ਇੱਕ ਭਿਆਨਿਕ ਬਿਮਾਰੀ ਜਿਸ ਨੂੰ ਟਿਊਬਰਕੁਲਰ ਪਲਿਊਰਿਸੀ (ਟੀ.ਬੀ.) ਆਖਦੇ ਹਨ, ਲਾਲਾ ਜੀ ਨੂੰ ਘੇਰ ਕੇ ਬੈਠੀ ਸੀ। ਗੰਭੀਰ ਹਾਲਤ ਵਿੱਚ ਇਸ ਬਿਮਾਰੀ ਨਾਲ ਪੇਟ, ਜਿਗਰ ਅਤੇ ਇਸ ਦੇ ਦੁਆਲੇ ਦੀ ਝਿੱਲੀ ਦੀ ਸੋਜਸ ਸਮੇਂ ਨਾਲ ਸ਼ੁਰੂ ਹੋ ਜਾਂਦੀ ਹੈ। ਜਿਗਰ ਦੀ ਇਹ ਝਿੱਲੀ ਦਿਲ ਦੇ ਦੁਆਲੇ ਦੀ ਝਿੱਲੀ (ਪੈਰੀ ਕਾਰਡੀਅਮ) ਨੂੰ ਸੁੰਗੜਾ ਦਿੰਦੀ ਹੈ, ਜਿਸ ਨਾਲ ਦਿਲ ਦੀ ਧੜਕਣ ਸਮਰੱਥਾ ਸਮੇਂ ਨਾਲ ਘੱਟ ਜਾਂਦੀ ਹੈ। ਲਾਲਾ ਜੀ ਨੂੰ ਵੀ ਇਹ ਠੀਕ ਇਸੇ ਤਰ੍ਹਾਂ ਸੀ। 1917 ਵਿੱਚ ਬਰਕਲੇ ਯੂਨੀਵਰਸਿਟੀ ਦੇ ਪ੍ਰੋਫੈਸਰ ਆਰਥਰ ਪੋਪ ਨੇ ਲਾਲਾ ਲਾਜਪਤ ਰਾਏ ਨੂੰ ਇਲਾਜ ਲਈ ,ੈ ਸੈਂਟਾ ਬਾਰਬਰਾ ਦੇ ਇੱਕ ਘਰੇਲੂ ਹਸਪਤਾਲ ਵਿੱਚ ਦਾਖਲ ਕਰਵਾ ਦਿਤਾ। ਇੱਥੇ ਲਾਲਾ ਜੀ ਨੂੰ ਇਲਾਜ ਲਈ ਪੈਸਿਆਂ ਦੀ ਸਮੱਸਿਆ ਆ ਗਈ ਤਾਂ ਵਿੱਚ ਲਾਲਾ ਜੀ ਨੇ ਆਪਣੇ ਲੈਕਚਰ ਵੇਚ ਕੇ ਪੈਸੇ ਇਕੱਠੇ ਕੀਤੇ। ਲਾਲਾ ਜੀ ਦੀ ਅਮਰੀਕਾ ਫੇਰੀ ਦੌਰਾਨ ਇਲਾਜ ਲਈ ਬਾਲ ਗੰਗਾਧਰ ਨੇ ਲਾਲਾ ਜੀ ਨੂੰ ਐਨੀ ਬੈਸਾਂਟ ਥੀਓਸੋਫੀਕਲ ਸੋਸਾਇਟੀ ਰਾਹੀਂ ਪੰਜ ਹਜ਼ਾਰ ਡਾਲਰ ਭੇਜੇ। 3 ਦਸੰਬਰ 1921 ਨੂੰ ਬਰਤਾਨਵੀਂ ਸਰਕਾਰ ਨੇ ਲਾਲਾ ਜੀ ਨੂੰ ਮੋਤੀ ਲਾਲ ਉੱਤੇ ਚਿਤਰੰਜਨ ਦਾਸ ਸਮੇਤ ਅੰਦਰ ਡੱਕ ਦਿੱਤਾ ਤੇ ਕੁੱਝ ਸਮੇਂ ਵਿੱਚ ਫਿਰ ਭਿਆਨਿਕ ਬਿਮਾਰੀ ਨੇ ਆ ਘੇਰਿਆ ਅਤੇ ਸਰਕਾਰ ਨੇ ਲਾਲਾ ਜੀ ਨੂੰ ਸਿਹਤ ਦੀ ਖਰਾਬੀ ਕਰ ਕੇ ਛੱਡ ਦਿੱਤਾ। ਲਾਜਪਤ ਰਾਏ ਨੇ ਆਪਣਾ ਇਲਾਜ ਸੋਲਨ ਹਸਪਤਾਲ ਤੋਂ ਕਰਵਾਇਆ। ਇਸ ਤੋਂ ਬਾਅਦ ਯੂਰਪ ਅਤੇ ਬਰਤਾਨੀਆਂ ਅਤੇ ਫਿਰ 1927 ਵਿੱਚ ਯੂਰਪ ਵਿੱਚ ਵੀ ਇਸੇ ਬਿਮਾਰੀ ਦਾ ਇਲਾਜ ਹੋਇਆ, ਜਿਸ ਦੇ ਪੁਖਤਾ ਸਬੂਤ ਹਨ। ਜੁਲਾਈ 1928 ਵਿੱਚ ਲਾਲਾ ਜੀ ਸਖਤ ਬਿਮਾਰ ਸਨ ਅਤੇ 30 ਅਕਤੂਬਰ 1928 ਵਾਲੇ ਦਿਨ ਵੀ ਬਿਮਾਰ ਸਨ। 17 ਨਵੰਬਰ 1928 ਨੂੰ ਸਵੇਰੇ ਇਹ ਬਿਮਾਰੀ ਆਪ ਜੀ ਨੂੰ ਇਸ ਕਾਲ ਲੋਕ ਤੋਂ ਸਦਾ ਲਈ ਲੈ ਗਈ।
ਇਸ ਤੋਂ ਇਲਾਵਾ ਲਾਜਪਤ ਰਾਏ ਦੇ ਜੀਵਨ ਦੀਆਂ ਕੁੱਝ ਝਲਕੀਆਂ ਜੋ ਮੈਂ ਵਿਸਤਾਰ ਪੂਰਵਕ ਆਪਣੀ ਕਿਤਾਬ ਵਿੱਚ ਲਿਖ ਰਿਹਾ ਹਾਂ, ਇੱਥੇ ਸਾਂਝੀਆਂ ਕਰ ਰਿਹਾ ਹਾਂ। ਕਰਨਲ ਜੇ.ਡੀ ਕਰਾਫੋਰਡ ਨੇ ਭਾਰਤੀ ਸਿਨੇਮੈਟੋਗਰਾਫ ਕਮੇਟੀ ਦੀ 1927-1928 ਰਿਪੋਰਟ ਦੇ ਸਫਾ 11 ਵਿੱਚ ਲਾਲਾ ਲਾਜਪਤ ਰਾਏ ਉੱਪਰ ਪੱਛਮੀ ਸੱਭਿਅਤਾ ਬਾਰੇ ਝੂਠ ਬੋਲਣ ਦਾ ਅਤੇ ਖਾਸ ਤੌਰ ’ਤੇ ਪੱਛਮੀ ਫਿਲਮਾਂ ਵੇਖਣ ਬਾਅਦ ਇਨ੍ਹਾਂ ਫਿਲਮਾਂ ਬਾਰੇ ਗਲਤ ਤੱਥ ਪੇਸ਼ ਕਰਨ ਦਾ ਦੋਸ਼ ਦਾਇਰ ਕੀਤਾ ਹੈ। ਇਹ ਸ਼ਬਦਾਂਵਲੀ 11 ਸਫੇ ਪਰ ਹੁ-ਬ-ਹੂ ਦਰਜ ਹੈ। ਸਰ ਸੀਸਲ ਸਪਰਿੰਗ ਰਾਈਸ ਨੇ ਅਮਰੀਕਨ ਜਸਟਿਸ ਮਹਿਕਮੇ ਨੂੰ ਖੁਫੀਆ ਰਿਪੋਰਟ-ਮਿਸਚੀਵੀਅਸ ਐਕਟਸ ਰਾਹੀਂ ਜਰਮਨ ਤੋਂ ਪੈਸੇ ਲਿਆਉਣ ਅਤੇ ਹੋਰ ਦੋਸ਼ ਦਰਜ ਕਰਾਏ। ਏਗਨਸ ਸਮੈਡਲੀ ਨਾਮ ਦੀ ਅਮਰੀਕਨ ਔਰਤ ਨੇ ਲਾਲਾ ਜੀ ਤੋਂ ਪ੍ਰਭਾਵਿਤ ਹੋਈ। ਲਾਲਾ ਜੀ ਨੇ ਘੱਟੋ ਘੱਟ ਨੌਂ ਮੁਲਕਾਂ ਦੀ ਸੈਰ ਕੀਤੀ ਅਤੇ ਆਪਣੇ ਜੀਵਨ ਕਾਲ ਦੇ ਤਕਰੀਬਨ ਸੱਤ ਸਾਲ ਬਾਹਰ ਗੁਜ਼ਾਰੇ। ਲਾਲਾ ਜੀ ਨੇ ਕੁੱਝ ਕੁ ਕੰਪਨੀਆਂ ਵੀ ਚਲਾਈਆਂ ਅਤੇ ਕੁੱਝ ਸੰਸਥਾਵਾਂ ਵੀ ਖੋਲ੍ਹੀਆਂ। ਇੱਥੇ ਵਰਨਣਯੋਗ ਹੈ ਕਿ ਲਾਲਾ ਜੀ ਦੀ ਪੜ੍ਹਾਈ ਪੈਸੇ ਦੀ ਘਾਟ ਕਰ ਕੇ ਦੋ ਸਾਲ ਦਾ ਫਰਕ ਪਾ ਗਈ ਸੀ ਪਰ ਫਿਰ ਕੁਦਰਤ ਦੀ ਰਹਿਮਤ ਹੋਈ ਕਿ ਇੱਕ ਦਿਨ ਲਕਸ਼ਮੀ ਇੰਸੋਰੈਂਸ ਕੰਪਨੀ ਵੀ ਲਾਹੋਰ ਵਿੱਚ ਖੋਲ੍ਹ ਦਿੱਤੀ। ਲਾਲਾ ਜੀ ਨੇ ਗ਼ੱਦਰ ਪਾਰਟੀ ਤੋਂ ਕੋਈ 6800 ਡਾਲਰ ਲਏ, ਜਿਸ ਦਾ ਕੋਈ ਹਿਸਾਬ ਨਾ ਦਿੱਤਾ ਅਤੇ ਅਖੀਰ ਮਾਸਟਰ ਜੀ ਨੇ ਲਾਲਾ ਜੀ ਨੂੰ ਉਸ ਉੱਪਰ ਮੁਕੱਦਮਾ ਚਲਾਉਣ ਦੀ ਚਿੱਠੀ ਲਿਖੀ। ਲਾਜਪਤ ਰਾਏ ਆਪਣੀ ਜ਼ਿੰਦਗੀ ਦੇ ਅਖੀਰਲੇ ਸਾਲਾਂ ਵਿੱਚ ਅਤਿਅੰਤ ਦੁੱਖੀ ਇਨਸਾਨ, ਦੁਖੀ ਪਿਉ ਅਤੇ ਦੁਖੀ ਘਰਵਾਲਾ ਸੀ। ਇਸ ਨੇ ਗਨੇਸ਼ ਦਾਸ ਬਿਰਲਾ ਨੂੰ ਇੱਕ ਚਿੱਠੀ ਰਾਹੀਂ ਇੱਥੋਂ ਤੱਕ ਲਿਖਿਆ ਸੀ ਕਿ ਮੇਰੇ ਜਿਊਣ ਦਾ ਹੁਣ ਕੋਈ ਮਕਸਦ ਨਹੀਂ ਹੈ, ਕਿਉਂਕਿ ਮੇਰੀ ਘਰਵਾਲੀ ਮੇਰੇ ਦੋਵੇਂ ਪੁੱਤਰਾਂ ਨੂੰ ਮੇਰੇ ਪੈਸੇ ਦਿੰਦੀ ਹੈ ਪਰ ਦੇਵੇਂ ਪੁੱਤਰ ਮੈਨੂੰ ਗਾਲ੍ਹਾਂ ਕੱਢਦੇ ਹਨ, ਉੱਪਰੋਂ ਮੇਰੀ ਬਿਮਾਰ ਸਿਹਤ ਨੇ ਮੇਰੀ ਮਾਨਸਿਕਤਾ ਨੂੰ ਬਿਮਾਰ ਕੀਤਾ ਹੋਇਆ ਹੈ। ਦਾਸ ਬਾ-ਸਬੂਤ ਲਿਖ ਰਿਹਾ ਹੈ ਅਤੇ ਸਬੂਤਾਂ ਦਾ ਵੇਰਵਾ ਦੇ ਰਿਹਾ ਹੈ, ਜਦੋਂ ਕਿ ਅਜੋਕੇ ਪਾਠਕ ਫੈਸਲਾ ਕਰਨ ਲਈ ਸੂਝਵਾਨ ਹਨ।
-ਬਿਮਲਪ੍ਰੀਤ ਸਿੰਘ ਗਰੇਵਾਲ
(ਰੋਜ਼ਾਨਾ 'ਅੱਜ ਦੀ ਆਵਾਜ਼' ਵਿੱਚੋਂ ਧੰਨਵਾਦ ਸਾਹਿਤ)

ਸ਼ੱਕੀ ਸ਼ਹਾਦਤ ..........

ਲਾਲਾ ਲਾਜਪਤ ਰਾਏ ਬਾਰੇ ਛਿੜਿਆ ਵਿਵਾਦ ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿਚ
ਕਿਉਂ ਹੋਈ ਲਾਲਾ ਲਾਲਾ....


ਲਾਜਪਤ ਰਾਏ ਦੀ ਮੌਤ ਬਾਰੇ ਅਸਲੀਅਤ ਬਿਆਨਦੇ ਬੱਬੂ ਮਾਨ ਦੇ ਗੀਤ ਕਾਰਨ ਲਾਲੇ ਦੇ ਕਈ 'ਸ਼ਰਧਾਲੂ' ਸਕਤੇ ਵਿੱਚ ਆਏ ਹੋਏ ਹਨ। ਇਸੇ ਦੇ ਚਲਦਿਆਂ ਪ੍ਰਿੰਸੀਪਲ ਸਰਵਣ ਸਿੰਘ ਦਾ ਇਕ ਦਲੀਲ ਰਹਿਤ ਲੇਖ 'ਪੰਜਾਬੀ ਟ੍ਰਿਬਿਊਨ' ਵਿਚ ਵੀ ਛਪਿਆ ਜਿਸਦੇ ਜਵਾਬ ਵਿਚ ਸ. ਰਾਜਿੰਦਰ ਸਿੰਘ ਰਾਹੀ ਵਲੋਂ ਲਿਖਿਆ ਗਿਆ ਲੇਖ ਛਾਪਣ ਤੋਂ ਪੰਜਾਬੀ ਟ੍ਰਿਬਿਊਨ ਨੇ ਸਪੱਸ਼ਟ ਇਨਕਾਰ ਕਰ ਦਿੱਤਾ। ਸ੍ਰ. ਰਾਜਿੰਦਰ ਸਿੰਘ ਰਾਹੀ ਦਾ ਉਕਤ ਲੇਖ ਇੱਥੇ ਪੇਸ਼ ਕਰ ਰਹੇ ਹਾਂ :-

ਇਸ ਲਿਖਤ ਨੂੰ ਤਿਆਰ ਕਰਨ ਸਮੇਂ ਮੇਰੇ ਕਈ ਦੋਸਤਾਂ ਮਿੱਤਰਾਂ ਅਤੇ ਸੰਸਥਾਵਾਂ ਨੇ ਮੇਰੀ ਸਹਾਇਤਾ ਕੀਤੀ ਹੈ। ਉਨ੍ਹਾਂ ਸਭ ਦਾ ਧੰਨਵਾਦ। ਖ਼ਾਸ ਕਰਕੇ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦਾ ਜਿਸ ਨੇ 80 ਸਾਲਾਂ ਤੋਂ ਸਾਂਭ ਕੇ ਰੱਖੀਆਂ ਹੋਈਆਂ ਅਖ਼ਬਾਰ ‘ਅਕਾਲੀ ਤੇ ਪ੍ਰਦੇਸੀ` ਦੀਆਂ ਫਾਈਲਾਂ ਮੈਨੂੰ ਦੇਖਣ ਦੀ ਇਜਾਜ਼ਤ ਦਿੱਤੀ।
ਧੰਨਵਾਦ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਰੈਫਰੈਂਸ ਲਾਇਬਰੇਰੀ ਦੇ ਕਾਰਜਕਰਤਾ ਸ. ਬੁੱਧ ਸਿੰਘ ਨੀਲੋਂ ਦਾ ਜਿਸ ਨੇ ਮੇਰੀ ‘ਆਰਸੀ’ ਮੈਗਜ਼ੀਨ ਦਾ ਉਹ ਅੰਕ ਲੱਭਣ ਵਿਚ ਮੱਦਦ ਕੀਤੀ ਜਿਸ ਵਿਚੋਂ ਲਾਲਾ ਲਾਜਪਤ ਰਾਏ ਵੱਲੋਂ ਮਾਂਡਲੇ ਜੇਲ੍ਹ ਵਿਚੋਂ ਸਰਕਾਰ ਨੂੰ ਲਿਖੇ ਪੱਤਰ ਛਪੇ ਸਨ। ਸਿੱਖ ਇਤਿਹਾਸ ਰਿਸਰਚ ਬੋਰਡ ਸ੍ਰੀ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬਰੇਰੀ ਤੋਂ ਮੈਨੂੰ ਪ੍ਰੋ. ਹਜ਼ਾਰਾ ਸਿੰਘ ਦਾ ਉਹ ਮਹੱਤਵਪੂਰਨ ਲੇਖ ਮਿਲਿਆ ਜਿਸ ਵਿਚ ਉਨ੍ਹਾਂ ਨੇ ਲਾਠੀਚਾਰਜ ਦੇ ਦਿਨ ਤੋਂ ਲੈ ਕੇ ਮੌਤ ਦੇ ਦਿਨ ਤੱਕ ਲਾਲਾ ਲਾਜਪਤ ਰਾਏ ਦੀਆਂ ਸਰਗਰਮੀਆਂ ਦੀ ਜਾਣਕਾਰੀ ਤੋਂ ਇਲਾਵਾ ਹੋਰ ਕਈ ਅਹਿਮ ਤੱਥ ਪੇਸ਼ ਕੀਤੇ ਹਨ। ਸ. ਗੁਰਬਚਨ ਸਿੰਘ (ਦੇਸ ਪੰਜਾਬ) ਤੋਂ ਮੈਨੂੰ ਇਕ ਡੀਵੀਡੀ ਮਿਲੀ ਜਿਸ ਵਿਚ ਫਰਵਰੀ 1926 ਤੋਂ ਲੈ ਕੇ ਮਈ 1930 ਦੇ 'ਕਿਰਤੀ` ਰਸਾਲੇ ਦੇ 30 ਅੰਕ ਸਨ। ਮੈਂ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਦਾ ਵੀ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨਾਲ ਹੋਈ ਲੰਮੀ ਚੌੜੀ ਗੱਲਬਾਤ `ਚੋਂ ਮੈਨੂੰ ਦੇਸ਼ਭਗਤੀ ਦੀਆਂ ਲਹਿਰਾਂ ਤੇ ਦੇਸ਼ਭਗਤਾਂ ਦੀਆਂ ਜੀਵਨੀਆਂ ਨੂੰ ਸ਼ਰਧਾਮਈ ਅੰਦਾਜ਼ ਵਿਚ ਲਿਖਣ ਵਾਲੇ ਸਥਾਪਤ ਲੇਖਕਾਂ ਦੇ ਮਨੋ-ਜਗਤ ਨੂੰ ਸਮਝਣ ਵਿਚ ਭਰਪੂਰ ਮੱਦਦ ਮਿਲੀ।

-ਰਾਜਿੰਦਰ ਸਿੰਘ ਰਾਹੀ
ਲਾਲਾ ਲਾਜਪਤ ਰਾਏ ਬਾਰੇ ਵਿਚ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਹੈ। ਇਸ ਵਿਵਾਦ ਵਿਚ ਜਿਹੜਾ ਮੁੱਖ ਸੁਆਲ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਲਾਲਾ ਜੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਬਣੀ ਸੀ? ਭਾਵ ਕੀ ਇਹ ਮੌਤ ਲਾਲਾ ਜੀ ਨੂੰ ਵੱਜੀਆਂ ਕਹੀਆਂ ਜਾਂਦੀਆਂ ਲਾਠੀਆਂ ਦੀ ਵਜ੍ਹਾ ਕਰਕੇ ਹੋਈ ਸੀ ਜਾਂ ਕਈ ਦਿਨਾਂ ਬਾਅਦ ਜਾ ਕੇ ਲਾਲਾ ਜੀ ਨੂੰ ਪਏ ਦਿਲ ਦੇ ਦੌਰੇ ਕਰਕੇ ਹੋਈ ਸੀ? ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਵਿਵਾਦ ਲਈ ਨਿਰੋਲ ਬੱਬੂ ਮਾਨ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਜੇਕਰ ਇਸ ਵਿਵਾਦ ਦਾ ਇਤਿਹਾਸ ਵਿਚ ਕੋਈ ਨਿੱਗਰ ਅਧਾਰ ਮੌਜੂਦ ਨਾ ਹੁੰਦਾ, ਅਤੇ ਨਾਲ ਹੀ ਜੇਕਰ ਇਸ ਦੀ ਵਰਤਮਾਨ ਰਾਜਸੀ ਯਥਾਰਥ ਨਾਲ ਤੰਦ ਨਾ ਜੁੜੀ ਹੁੰਦੀ, ਤਾਂ ਮਹਿਜ਼ ਇਕ ਗੀਤ ਨੇ ਏਡਾ ਤੂਫ਼ਾਨ ਖੜ੍ਹਾ ਨਹੀਂ ਸੀ ਕਰ ਦੇਣਾ। ਮੇਰੀ ਜਾਚੇ ਸਾਡੇ ਦਾਨਸ਼ਵਰ ਵਰਗ ਦੀ ਇਤਿਹਾਸਕ ਤੱਥਾਂ ਬਾਰੇ ਅਗਿਆਨਤਾ ਇਸ ਵਿਵਾਦ ਦਾ ਇਕ ਵੱਡਾ ਕਾਰਨ ਹੋ ਨਿਬੜੀ ਹੈ। ਉਨ੍ਹਾਂ ਦਾ ਪ੍ਰਤੀਕਰਮ ਇਤਿਹਾਸਕ ਤੱਥਾਂ ਉਤੇ ਅਧਾਰਤ ਨਹੀਂ, ਬਲਕਿ ਨਿਰੋਲ ਮਨੋ-ਭਾਵਾਂ ਉਤੇ ਅਧਾਰਤ ਹੈ। ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਲੇਖ ਇਸ ਦੀ ਸਟੀਕ ਉਦਾਹਰਣ ਹੈ। ਇਤਿਹਾਸ ਦੇ ਅਜਿਹੇ ਪੇਚੀਦਾ ਮਸਲੇ ਕਦੇ ਵੀ ਨਿਰੋਲ ਮਨੋ-ਭਾਵਾਂ ਨਾਲ ਹੱਲ ਨਹੀਂ ਹੋਇਆ ਕਰਦੇ। ਖਾਸ ਕਰਕੇ ਉਦੋਂ ਜਦੋਂ ਮਨੋ-ਭਾਵਾਂ ਵੀ ਪੂਰੀਆਂ ਸ਼ੁੱਧ ਨਾ ਹੋਣ, ਸਗੋਂ ਉਨ੍ਹਾਂ ਵਿਚ ਗਰਜ਼ਾਂ ਦੀ ਜੂਠ ਰਲੀ ਹੋਵੇ। ਇਹ ਗੱਲ ਜਸਵੰਤ ਸਿੰਘ ਕੰਵਲ ਦੇ ਹਥਲੀ ਲਿਖਤ ਵਿਚ ਦਿਤੇ ਗਏ ਇਕ ਹਵਾਲੇ ਤੋਂ ਸਵੈ ਪ੍ਰਤੱਖ ਹੋ ਜਾਂਦੀ ਹੈ।

ਇਸ ਵਿਵਾਦ ਦੇ ਪ੍ਰਸੰਗ ਵਿਚ ਸਮਝਣ ਵਾਲੀ ਸਭ ਨਾਲੋਂ ਅਹਿਮ ਗੱਲ ਇਹ ਹੈ ਕਿ ਜਿੰਨਾ ਚਿਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਲਾਲ ਲਾਜਪਤ ਰਾਏ ਦੇ ਰਾਜਸੀ ਰੋਲ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾਂਦਾ, ਉਨਾ ਚਿਰ ਉਸਦੀ ਮੌਤ ਦੇ ਕਾਰਨਾਂ ਬਾਰੇ ਵਿਵਾਦ ਦੀ ਸਹੀ ਸਮਝ ਨਹੀਂ ਪੈ ਸਕਦੀ। ਲਾਲੇ ਬਾਰੇ ਹੁਣ ਤਕ ਸਰਕਾਰੀ ਪੱਧਰ `ਤੇ ਜੋ ਪ੍ਰਚਾਰਿਆ ਗਿਆ ਹੈ (ਪਾਠ ਪੁਸਤਕਾਂ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤਕ), ਉਹ ਇਹ ਹੈ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੋਢੀ ਆਗੂਆਂ ਵਿਚੋਂ ਇਕ, ਅਡੋਲ ਦੇਸ਼ਭਗਤ, ਸੁ਼ੱਧ ਰਾਸ਼ਟਰਵਾਦੀ ਤੇ ਨਿਧੜਕ ਸੰਗਰਾਮੀਆ ਸੀ। ਪਰ ਇਸ ਸਰਕਾਰੀ ਦਾਅਵੇ ਨੂੰ ਅੱਖਾਂ ਮੀਚ ਕੇ ਪਰਵਾਨ ਕਰ ਲੈਣ ਦੀ ਬਜਾਇ, ਇਸ ਨੂੰ ਇਤਿਹਾਸਕ ਸੱਚ ਦੀ ਰੋਸ਼ਨੀ ਵਿਚ ਪਰਖਣਾ ਜਰੂਰੀ ਹੈ। ਸੋ ਆਓ ਇਤਿਹਾਸਕ ਤੱਥਾਂ ਉਤੇ ਇਕ ਉਡਦੀ ਨਜ਼ਰ ਮਾਰੀਏ।

ਪਗੜੀ ਸੰਭਾਲ ਜੱਟਾ ਲਹਿਰ ਅਤੇ ਲਾਲਾ ਲਾਜਪਤ ਰਾਏ
1907 ਵਿਚ ਪੰਜਾਬ ਅੰਦਰ ਇਕ ਤਕੜੀ ਕਿਸਾਨ ਲਹਿਰ ਉਠ ਖੜ੍ਹੀ ਹੋਈ ਸੀ ਜਿਸ ਨੂੰ ‘ਪਗੜੀ ਸੰਭਾਲ ਜੱਟਾ` ਲਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਲਹਿਰ ਸਮੇਂ ਸਰਕਾਰ ਨੇ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕਰਕੇ ਬਰਮਾ ਅੰਦਰ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲਾਲਾ ਲਾਜਪਤ ਰਾਏ ਨੇ ਇਕ ਦੋ ਥਾਵਾਂ `ਤੇ ਕਿਸਾਨ ਇਕੱਠਾਂ ਨੂੰ ਸੰਬੋਧਿਤ ਕੀਤਾ ਸੀ। ਇਨ੍ਹਾਂ ਤੱਥਾਂ ਨੂੰ ਲੈ ਕੇ ਕੁਝ ਲੋਕ ਲਾਜਪਤ ਰਾਏ ਨੂੰ ਇਸ ਲਹਿਰ ਦੇ ਨਾਇਕ ਵਜੋਂ ਪੇਸ਼ ਕਰਨ ਲੱਗ ਪੈਂਦੇ ਹਨ। ਪਰ ਇਸ ਲਹਿਰ ਦੇ ਹਕੀਕੀ ਨਾਇਕ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੇ ਵਿਚਾਰ ਇਸ ਤੋਂ ਬਿਲਕੁਲ ਵੱਖਰੇ ਹਨ। ਸ. ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ :

‘....ਰਾਵਲਪਿੰਡੀ ਜ਼ਿਲ੍ਹੇ ਵਿਚ ਜ਼ਮੀਨ ਦਾ ਮਾਲੀਆ ਬਹੁਤ ਵਧਾ ਦਿੱਤਾ ਗਿਆ। ਦੁਆਬ ਬਾਰੀ ਐਕਟ ਅਤੇ ਕਾਲੋਨਾਈਜੇਸ਼ਨ ਐਕਟ ਨੇ... ਪੰਜਾਬ ਅੰਦਰ ਜੱਦੋਜਹਿਦ ਕਰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਬਰਤਾਨਵੀ ਹਕੂਮਤ ਖਿਲਾਫ਼ ਮੁਹਿੰਮ ਚਲਾਉਣ ਲਈ ਮੌਕਾ ਮੁਹੱਈਆ ਕੀਤਾ। ਜਨਤਾ ਨੂੰ ਜਗਾਉਣ ਅਤੇ ਉਨ੍ਹਾਂ ਅੰਦਰ ਰਾਜਨੀਤਕ ਚੇਤਨਾ ਜਗਾ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੀ। ਮੈਂ ਆਪਣੇ ਵੱਡੇ ਭਰਾ ਕਿਸ਼ਨ ਸਿੰਘ ਤੇ ਘਸੀਟਾ ਰਾਮ ਨੂੰ ਆਪਣੇ ਇਨ੍ਹਾਂ ਵਿਚਾਰਾਂ ਬਾਰੇ ਜਾਣੂ ਕਰਾਇਆ....। ਮੇਰੇ ਭਰਾ ਦਾ ਵਿਚਾਰ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਪ੍ਰਸਿੱਧ ਨੇਤਾਵਾਂ ਦੀ ਵੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਮੈਨੂੰ ਇਸ ਵਿਚਾਰ `ਤੇ ਯਕੀਨ ਨਹੀਂ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਸਹਾਇਤਾ ਦੇਣਗੇ। ਫਿਰ ਸੋਚਿਆ ਘੱਟੋ ਘੱਟ ਕੋਸ਼ਿਸ਼ ਕਰਨ ਵਿਚ ਤਾਂ ਹਰਜ਼ ਕੋਈ ਨਹੀਂ। ਮੇਰੇ ਭਰਾ ਕਿਸ਼ਨ ਸਿੰਘ ਨੇ ਲਾਲ ਲਾਜਪਤ ਰਾਏ ਨੂੰ ਮਿਲਣ ਦੀ ਜਿੰਮੇਵਾਰੀ ਲਈ ਅਤੇ ਲਾਲਾ ਲਾਜਪਤ ਰਾਏ ਨਾਲ ਸੰਪਰਕ ਕਰਕੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਕਿਵੇਂ ਅੰਗਰੇਜ਼ੀ ਰਾਜ ਦੀਆ ਜੜ੍ਹਾਂ ਹਿਲਾਉਣ ਲਈ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ। ਲਾਲ ਲਾਜਪਤ ਰਾਏ ਪੂਰੀ ਤਰ੍ਹਾਂ ਬਣਤਰ ਨਾ ਸਮਝ ਸਕਿਆ। ਉਸ ਨੂੰ ਡਰ ਸੀ ਕਿ ਇਸ ਨਾਲ ਮੁਸੀਬਤਾਂ ਵਧਣਗੀਆਂ ਅਤੇ ਸਾਰੇ ਹੀ ਪ੍ਰਮੁੱਖ ਨੇਤਾ ਜੇਲ੍ਹ ਭੇਜ ਦਿੱਤੇ ਜਾਣਗੇ। ਉਹ ਇਸ ਨੂੰ ਕਾਹਲੀ ਦਾ ਕਦਮ ਮੰਨਦਾ ਸੀ ਅਤੇ ਮੈਨੂੰ ਗਰਮ ਮਿਜ਼ਾਜ ਵਿਅਕਤੀ।.... ਉਸ ਨੇ ਮੇਰੇ ਭਰਾ ਨੂੰ ਨਿਰਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ`। (ਸਫ਼ੇ 40-41)

ਲਾਲਾ ‘ਬੁਜ਼ਦਿਲ’ ਹੈ : ਸ. ਅਜੀਤ ਸਿੰਘ
ਸ. ਅਜੀਤ ਸਿੰਘ ਨੂੰ ਯਕੀਨ ਕਿਉਂ ਨਹੀਂ ਸੀ ਕਿ ਲਾਜਪਤ ਰਾਏ ਉਨ੍ਹਾਂ ਨੂੰ ਸਹਾਇਤਾ ਦੇਣਗੇ? ਇਸ ਦਾ ਕਾਰਨ ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਨਹੀਂ ਕੀਤਾ। ਪਰ ਇਹ ਘੁੰਡੀ ਗੋਪਾਲ ਕ੍ਰਿਸ਼ਨ ਗੋਖ਼ਲੇ ਨੇ ਜ਼ਰੂਰ ਖੋਲ੍ਹ ਦਿੱਤੀ ਹੈ। ਉਸ ਨੇ ਲਾਲਾ ਲਾਜਪਤ ਰਾਏ ਦੀ ਮਾਂਡਲੇ ਜੇਲ੍ਹ ਵਿਚੋਂ ਰਿਹਾਈ ਦੀ ਮੰਗ ਕਰਦੀ ਇਕ ਚਿੱਠੀ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸੈਕਟਰੀ ਨੂੰ ਭੇਜੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ, ‘ਲਾਜਪਤ ਰਾਏ ਨੂੰ ਅਜੀਤ ਸਿੰਘ ਨਾਲ ਬਰੈਕਟ (ਨੱਥੀ) ਕਰਨਾ ਲਾਜਪਤ ਰਾਏ ਨਾਲ ਘੋਰ ਅਨਿਆਂ ਹੈ। ਜਦੋਂ ਪਿਛਲੀ ਫਰਵਰੀ ਵਿਚ ਮੈਂ ਲਾਹੌਰ ਆਇਆ ਸੀ ਤਾਂ ਅਜੀਤ ਸਿੰਘ ਨੇ ਉਸ ਨੂੰ ਬੁਜ਼ਦਿਲ ਅਤੇ ਸਰਕਾਰ ਪੱਖੀ ਕਹਿ ਕੇ ਨਿਖੇਧੀ ਕਰਨੀ ਸ਼ੁਰੂ ਕੀਤੀ ਹੋਈ ਸੀ...`
ਜਿਸ ਵਿਅਕਤੀ ਨੂੰ ਸ. ਅਜੀਤ ਸਿੰਘ ਬੁਜ਼ਦਿਲ ਅਤੇ ਸਰਕਾਰ ਪੱਖੀ ਸਮਝਦਾ ਸੀ, ਉਹ ਉਸ ਕੋਲੋਂ ਸਰਕਾਰ ਵਿਰੋਧੀ ਜੱਦੋਜਹਿਦ ਵਿਚ ਸਹਾਇਤਾ ਦੀ ਆਸ ਕਿਵੇਂ ਕਰ ਸਕਦਾ ਸੀ?
ਲਾਲਾ ਲਾਜਪਤ ਰਾਏ ਬਾਰੇ ਇਸ ਸਮਝ ਦੇ ਬਾਵਜੂਦ ਸ. ਅਜੀਤ ਸਿੰਘ ਹੋਰੀਂ ਉਸ ਨੂੰ ਲਹਿਰ ਅੰਦਰ ਘਸੀਟਣ ਵਿਚ ਕਿਵੇਂ ਕਾਮਯਾਬ ਹੋ ਗਏ, ਇਹ ਇਕ ਦਿਲਚਸਪ ਕਹਾਣੀ ਹੈ। ਲਓ, ਸ. ਅਜੀਤ ਸਿੰਘ ਦੇ ਹੀ ਜਬਾਨੀ ਸੁਣੋ :

‘ਸਾਡੀ ਇਹ ਇੱਛਾ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਦੂਸਰੇ ਪ੍ਰਸਿੱਧ ਨੇਤਾ (3 ਮਾਰਚ 1907 ਨੂੰ ਲਾਇਲਪੁਰ ਵਿਖੇ ਹੋਣ ਜਾ ਰਹੀ) ਮੀਟਿੰਗ ਵਿਚ ਹਿੱਸਾ ਲੈਣ, ਪ੍ਰੰਤੂ ਅਸੀਂ ਜਾਣਦੇ ਸੀ ਕਿ ਉਹ ਇਨਕਾਰ ਕਰ ਦੇਣਗੇ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੀਟਿੰਗ ਮੈਂ ਜਥੇਬੰਦ ਕਰ ਰਿਹਾ ਸੀ। ਇਸ ਲਈ ਅਸੀਂ ਰਾਮ ਭਜ ਦੱਤ ਨੂੰ ਲਾਲਾ ਲਾਜਪਤ ਰਾਏ ਨੂੰ ਮਨਾਉਣ ਭੇਜਿਆ ਸੀ ਕਿ ਉਹ ਲਾਇਲਪੁਰ ਆਉਣ ਅਤੇ ਮੀਟਿੰਗ ਨੂੰ ਸੰਬੋਧਨ ਕਰਨ। ਲਾਹੌਰ ਤੱਕ ਲਾਲੇ ਨੇ ਅਤੇ ਮੈਂ ਇਕੋ ਹੀ ਗੱਡੀ ਵਿਚ ਸਫ਼ਰ ਕੀਤਾ ਪਰ ਮੈਂ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਅਸੀਂ ਇਸ ਗੱਲ ਦਾ ਪ੍ਰਬੰਧ ਕੀਤਾ ਸੀ ਕਿ ਲਾਇਲਪੁਰ ਸਟੇਸ਼ਨ `ਤੇ ਲਾਲਾ ਜੀ ਦਾ ਉਤਸ਼ਾਹਪੂਰਨ ਨਿੱਘਾ ਸਵਾਗਤ ਕੀਤਾ ਜਾਵੇ....। ਉਸ ਨੂੰ ਹੱਥਾਂ `ਤੇ ਚੁੱਕ ਲਿਆ ਗਿਆ ਅਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਅਤੇ ਜਲੂਸ ਦੀ ਸ਼ਕਲ ਵਿਚ ਲਿਜਾਇਆ ਗਿਆ। ਉਸ ਦੀ ਗੱਡੀ ਨੂੰ ਬੈਲਾਂ ਦੀ ਬਜਾਏ ਬੰਦਿਆਂ ਵੱਲੋਂ ਖਿੱਚਿਆ ਗਿਆ... ਮੈਂ ਸਟੇਸ਼ਨ ਤੋਂ ਸਿੱਧਾ ਮੀਟਿੰਗ ਵਿਚ ਗਿਆ ਤੇ ਇਸ ਨੂੰ ਸੰਬੋਧਨ ਕੀਤਾ। ਜਿਉਂ ਹੀ ਲਾਲਾ ਜੀ ਪਹੁੰਚੇ ਮੈਂ ਆਪਣਾ ਭਾਸ਼ਣ ਖਤਮ ਕਰ ਦਿੱਤਾ। ਲਾਲਾ ਜੀ ਮੈਨੂੰ ਦੇਖ ਕੇ ਹੈਰਾਨ ਹੋ ਗਏ.......।
ਲਾਲਾ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਨ ਵਿਚ ਪਹਿਲਾਂ ਝਿਜਕ ਦਿਖਾਈ। ਪ੍ਰੰਤੂ ਲੋਕਾਂ ਨੇ ਰੌਲਾ ਪਾਇਆ ਕਿ ਉਹ ਲਾਲਾ ਜੀ ਨੂੰ ਸੁਣਨ ਲਈ ਉਤਸੁਕ ਹਨ। ਅਸਲ ਵਿਚ ਲਾਲਾ ਜੀ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਮੈਂ ਰਾਮ ਭਜ ਦੱਤ ਨੂੰ ਅੱਖ ਦਾ ਇਸ਼ਾਰਾ ਕੀਤਾ ਅਤੇ ਉਹ ਉਠ ਖੜ੍ਹਾ ਹੋਇਆ ਤੇ ਉਸ ਨੇ ਐਲਾਨ ਕੀਤਾ ਕਿ ਹੁਣ ਲਾਲਾ ਜੀ ਮੀਟਿੰਗ ਨੂੰ ਸੰਬੋਧਨ ਕਰਨਗੇ। ਲਾਲਾ ਜੀ ਨੇ ਪਹਿਲਾਂ ਆਪਣੇ ਆਪ `ਤੇ ਕਾਬੂ ਰੱਖਿਆ ਪ੍ਰੰਤੂ ਲੋਕਾਂ ਦਾ ਉਤਸ਼ਾਹ ਦੇਖ ਕੇ ਉਨ੍ਹਾਂ ਨੇ ਆਪਣਾ ਸਭ ਤੋਂ ਵਧੀਆ ਭਾਸ਼ਣ ਕੀਤਾ....।`
ਇਸ ਤੋਂ ਬਾਅਦ ਲਾਲ ਲਾਜਪਤ ਰਾਏ ਨੂੰ 9 ਮਈ 1907 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸ. ਅਜੀਤ ਸਿੰਘ ਨੂੰ 2 ਜੂਨ ਨੂੰ। ਦੋਹਾਂ ਨੂੰ ਬਰਮਾ ਦੀ ਮਾਂਡਲੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਲਾਲਾ ਲਾਜਪਤ ਰਾਏ ਨੇ ਰਿਹਾਈ ਲਈ ਕੀ ਕੁਝ ਕੀਤਾ, ਉਹ ਇਸ ਲਿਖਤ ਦੇ ਅੰਤ ਵਿਚ ਛਪੀਆਂ ਉਸ ਦੀਆਂ ਦੋ ਚਿੱਠੀਆਂ ਤੋਂ ਸਾਫ਼ ਹੋ ਜਾਂਦਾ ਹੈ। ਇਨਕਲਾਬੀ ਹਲਕੇ ਇਨ੍ਹਾਂ ਚਿੱਠੀਆਂ ਨੂੰ ਲਹਿਰ ਨਾਲ ‘ਗ਼ੱਦਾਰੀ’ ਅਤੇ ‘ਮੁਆਫ਼ੀਨਾਮੇ’ ਦਾ ਨਾਂ ਦੇਂਦੇ ਸਨ।
(ਦੇਖੋ Satya M Rai, Punjabi Heroic Tradition, p.22)
ਸਰਕਾਰ ਨੇ ਲਾਲਾ ਲਾਜਪਤ ਰਾਏ ਅਤੇ ਸ. ਅਜੀਤ ਸਿੰਘ ਨੂੰ 11 ਨਵੰਬਰ 1907 ਨੂੰ ਰਿਹਾਅ ਕਰ ਦਿੱਤਾ। ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਕੀਤਾ ਹੈ ਕਿ ਉਸ ਨੇ ਰਿਹਾਈ ਹਾਸਲ ਕਰਨ ਲਈ ਲਾਲਾ ਲਾਜਪਤ ਰਾਏ ਵਾਲੇ ਕੰਮ ਨਹੀਂ ਸੀ ਕੀਤੇ।
ਗ਼ਦਰ ਪਾਰਟੀ ਅਤੇ ਲਾਲਾ ਲਾਜਪਤ ਰਾਏ
ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਲਿਖੀ ਬਹੁ ਚਰਚਿਤ ਸਵੈ ਜੀਵਨੀਨੁਮਾ ਕਿਤਾਬ ‘ਮਾਈ ਕੰਟਰੀ, ਮਾਈ ਲਾਈਫ਼’, (ਜਿਹੜੀ ਸੰਨ 2008 ਵਿੱਚ ਛਪੀ) ਵਿੱਚ ਉਸ ਨੇ ਗ਼ਦਰ ਪਾਰਟੀ ਦੀ ਚਰਚਾ ਕਰਦਿਆਂ ਲਾਲਾ ਲਾਜਪਤ ਰਾਏ ਨੂੰ ਇਸ ਪਾਰਟੀ ਦਾ ਆਗੂ ਦੱਸਿਆ ਸੀ। ਲਾਲ ਕ੍ਰਿਸ਼ਨ ਅਡਵਾਨੀ ਦਾ ਇਹ ਦਾਅਵਾ ਹਕੀਕਤਾਂ ਤੋਂ ਕਿੰਨੀ ਦੂਰ ਹੈ ਇਸ ਬਾਰੇ ਪ੍ਰਮੁੱਖ ਗ਼ਦਰੀ ਬਾਬਿਆਂ ਦੀਆਂ ਲਾਜਪਤ ਰਾਏ ਬਾਰੇ ਅੱਗੇ ਦਿੱਤੀਆਂ ਗਈਆਂ ਰਾਵਾਂ ਤੋਂ ਪਤਾ ਚੱਲ ਜਾਵੇਗਾ। ਸ਼ੁਰੂ ਵਿਚ ਅਸੀਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਅਗਲੇ ਹੀ ਦਿਨ ਲਾਲਾ ਲਾਜਪਤ ਰਾਏ ਵੱਲੋਂ ਰਤਨ ਟਾਟਾ, ਮੁਹੰਮਦ ਅਲੀ ਜਿਨਾਹ ਵਰਗੇ 54 ਪ੍ਰਮੁੱਖ ਵਿਅਕਤੀਆਂ ਨਾਲ ਰਲ ਕੇ ਜਾਰੀ ਕੀਤੇ ਉਸ ਸਾਂਝੇ ਬਿਆਨ ਕੇ ਕੁਝ ਅੰਸ਼ ਪੇਸ਼ ਕਰਦੇ ਹਾਂ, ਜਿਸ ਵਿਚ ਲਾਲੇ ਹੋਰਾਂ ਨੇ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਤੇ ਪ੍ਰਮਾਤਮਾ ਤੋਂ ਬਰਤਾਨਵੀ ਸਲਤਨਤ ਦੀ ਜਿੱਤ ਲਈ ਆਸ਼ੀਰਵਾਦ ਮੰਗੀ ਸੀ, ਜਦੋਂ ਕਿ ਗ਼ਦਰੀ ਬਾਬਿਆਂ ਨੇ ਸੁਨਹਿਰੀ ਮੌਕਾ ਹੱਥ ਆਇਆ ਸਮਝ ਕੇ ਹਥਿਆਰਬੰਦ ਘੋਲ ਦਾ ਬਿਗਲ ਵਜਾ ਦਿੱਤਾ ਸੀ ਅਤੇ ਸਿਰਾਂ `ਤੇ ਕੱਫ਼ਣ ਬੰਨ੍ਹ ਕੇ ਵਿਦੇਸ਼ਾਂ ਤੋਂ ਦੇਸ਼ ਨੂੰ ਚਾਲੇ ਪਾ ਦਿੱਤੇ ਸਨ।

ਬਿਆਨ ਵਿਚ ਕਿਹਾ ਗਿਆ ਸੀ, ‘ਅਸੀਂਂ, ਮਹਾਮਯ ਮਹਾਰਾਜ ਜੀ ਦੀ ਭਾਰਤੀ ਪਰਜਾ ਜੋ ਹੁਣ ਅੰਤਰਰਾਸ਼ਟਰੀ ਮਹਾਂਨਗਰ ਦੇ ਵਾਸੀ ਹਾਂ ਇਹ ਦੱਸਣਾ ਆਪਣਾ ਕਰਤੱਵ ਤੇ ਫਰਜ਼ ਸਮਝਦੇ ਹਾਂ ਕਿ ਜੋ ਸਾਡਾ ਵਿਸ਼ਵਾਸ਼ ਹੈ ਉਹੀ ਸਾਰੇ ਭਾਰਤ ਦੀ ਵਿਆਪਕ ਭਾਵਨਾ ਹੈ ਅਤੇ ਉਹ ਹੈ ਜੰਗ ਵਿਚ ਬਰਤਾਨਵੀ ਸੈਨਾ ਦੀ ਜਿੱਤ ਦੀ ਸੁਹਿਰਦ ਤਾਂਘ। ਇਸ ਤੋਂ ਅਗਾਂਹ ਸਾਨੂੰ ਇਸ ਵਿਚ ਰਤੀ ਭਰ ਵੀ ਸ਼ੱਕ ਨਹੀਂ ਕਿ ਪਹਿਲੇ ਮੌਕਿਆਂ ਵਾਂਗ ਹੀ, ਜਦ ਬਰਤਾਨਵੀ ਸੈਨਾਵਾਂ ਸਲਤਨਤ ਦੇ ਹਿੱਤਾਂ ਦੀ ਰਾਖੀ ਵਿਚ ਜੁਟੀਆਂ ਹੁੰਦੀਆਂ ਸਨ, ਹੁਣ ਵੀ ਭਾਰਤ ਦੇ ਮਹਾਰਾਜੇ ਤੇ ਲੋਕ ਦੇਸ਼ ਦੇ ਸਭ ਵਸੀਲੇ ਮਹਾਰਾਜ ਅਧਿਰਾਜ ਦੀ ਸੇਵਾ ਵਿਚ ਹਾਜ਼ਰ ਕਰਨ ਲਈ ਆਪਣੀ ਯੋਗਤਾ ਅਨੁਸਾਰ ਪੂਰਾ ਤਾਣ ਲਾ ਦੇਣਗੇ.....ਅਮਨ ਦੇ ਸਮਿਆਂ ਵਿਚ ਦੇਸ਼ ਦੇ ਅੰਦਰੂਨੀ ਪ੍ਰਸ਼ਾਸਨ ਨੂੰ ਪ੍ਰਭਾਵਤ ਕਰਨ ਵਾਲੇ ਸਵਾਲਾਂ ਬਾਰੇ ਕੋਈ ਵੀ ਮਤਭੇਦ ਪਿਆ ਹੋਵੇ ਪਰ ਵਿਦੇਸ਼ੀ ਦੁਸ਼ਮਣ ਦੇ ਰੂ-ਬ-ਰੂ ਭਾਰਤੀ ਲੋਕਾਂ ਦੀ ਸ਼ਾਹੀ ਤਖਤ ਪ੍ਰਤੀ ਸ਼ਰਧਾ ਅੰਦਰੂਨੀ ਸ਼ਾਂਤੀ ਤੇ ਤਾਲਮੇਲ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਰੰਗ ਲਿਆਏਗੀ ਕਿ ਸਲਤਨਤ ਦੀ ਛੇਤੀ ਤੋਂ ਛੇਤੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੇ ਤਨ ਮਨ ਨਾਲ ਬਰਤਾਨਵੀ ਕੌਮ ਨਾਲ ਇਕਮੁੱਠਤਾ ਦੀ ਸਿਰਜਣਾ ਹੋ ਜਾਵੇਗੀ।` ਸਾਂਝੇ ਬਿਆਨ ਦੇ ਅੰਤ ਵਿਚ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗੀ ਗਈ ਸੀ।

ਜਦੋਂ ਲਾਲਾ ਲਾਜਪਤ ਰਾਏ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗ ਰਿਹਾ ਸੀ, ਉਸ ਵੇਲੇ ਗ਼ਦਰੀ ਬਾਬੇ ਇਸ ਸਲਤਨਤ ਨੂੰ ਤਬਾਹ ਕਰ ਸੁੱਟਣ ਲਈ ਥਾਂ ਥਾਂ `ਤੇ ਹਥਿਆਰਬੰਦ ਬਗਾਵਤਾਂ ਖੜ੍ਹੀਆਂ ਕਰਨ ਵਿਚ ਜੁੱਟ ਗਏ ਸਨ।
ਆਓ, ਹੁਣ ਵੱਖ ਵੱਖ ਗ਼ਦਰੀ ਬਾਬਿਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਜਾਣੀਏ।

ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ
ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਨੇ ਲੋਕਾਂ ਅੰਦਰ ਸਿਆਸੀ ਚੇਤਨਾ ਫੈਲਾਉਣ ਅਤੇ ਭਾਰਤ ਦੀ ਆਜ਼ਾਦੀ ਲਈ ਬਗਾਵਤ ਦੀ ਤਿਆਰੀ ਵਜੋਂ ਇਕ ਹਫ਼ਤਾਵਾਰ ਪੇਪਰ 'ਗਦਰ` ਕੱਢਿਆ ਸੀ। ਇਸ ਪਰਚੇ ਦੇ 23 ਦਸੰਬਰ 1913 ਦੇ ਅੰਕ ਵਿਚ ਲਾਲਾ ਲਾਜਪਤ ਰਾਏ ਨੂੰ 'ਸਰਕਾਰੀ ਟੱਟੂ` ਕਰਾਰ ਦਿਤਾ ਗਿਆ ਸੀ। ਜਿਹੜੇ ਪਾਠਕ ਵੀਰ ਇਸ ਲਿਖਤ ਨੂੰ ਆਪ ਪੜ੍ਹਨਾ ਚਾਹੁੰਦੇ ਹਨ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਪੁਸਤਕ 'ਗਦਰ ਲਹਿਰ ਦੀ ਵਾਰਤਕ` ਦੇ ਸਫ਼ਾ 192 ਤੋਂ ਪੜ੍ਹ ਸਕਦੇ ਹਨ।

ਭਾਈ ਸੰਤੋਖ ਸਿੰਘ
ਗਦਰ ਲਹਿਰ ਦੇ ਅਨਮੋਲ ਹੀਰੇ ਭਾਈ ਸੰਤੋਖ ਸਿੰਘ ਨੇ ਆਪਣੀਆਂ ਦੋ ਲਿਖਤਾਂ ਅੰਦਰ ਲਾਲਾ ਲਾਜਪਤ ਰਾਏ ਦਾ ਜਿਕਰ ਕੀਤਾ ਹੈ। ਇਕ ਜਦੋਂ ਉਹਨਾਂ ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦਿਆਂ ਇਕ ਲੇਖ ਲਿਖਿਆ ਸੀ ਅਤੇ ਦੂਜਾ ਜਦੋਂ 1925 ਵਿਚ ਕਾਨਪੁਰ ਵਿਖੇ ਹੋਏ ਕਾਂਗਰਸ ਦੇ ਸੰਮੇਲਨ ਦੀ ਰਿਪੋਰਟ ਲਿਖੀ ਸੀ। ਇਸ ਵਿਚ ਬੋਲਦਿਆਂ ਲਾਲਾ ਲਾਜਪਤ ਰਾਏ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਤੁੱਛ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਈ ਜੀ ਲਿਖਦੇ ਹਨ, 'ਇਥੇ ਆਣ ਕੇ ਲਾਲਾ ਜੀ ਆਪਣਾ ਸੁਭਾਉ ਜ਼ਾਹਰ ਕਰਨ ਤੋਂ ਨਾ ਰੁਕ ਸਕੇ ਅਤੇ ਕਹਿਣ ਲੱਗੇ ਕਿ ਕੌਮ ਦੀ ਖਾਤਰ ਜੀਵਨ ਬਤੀਤ ਕਰਨ ਨਾਲੋਂ ਕੌਮ ਦੀ ਖਾਤਰ ਮੌਤ ਕਬੂਲ ਕਰਨੀ ਸੌਖੀ ਹੈ। ਬਿਰਧ ਲਾਲਾ ਜੀ ਨੂੰ ਇਕ ਪਾਸੇ ਦਾ (ਭਾਵ ਜਿਉਣ ਦਾ) ਹੀ ਤਜਰਬਾ ਹੈ। ਦੂਸਰੇ ਪਾਸੇ ਦਾ (ਭਾਵ ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਦਾ) ਤਜਰਬਾ ਕਰਨ ਤੋਂ ਅਜੇ ਤੱਕ ਲਾਲਾ ਜੀ ਨੇ ਪਰਹੇਜ਼ ਹੀ ਕੀਤਾ ਹੈ।` (ਕਿਰਤੀ ਫਰਵਰੀ 1926, ਨੋਟ: ਭਾਵ ਸਪਸ਼ਟ ਕਰਨ ਲਈ ਬਰੈਕਟਾਂ ਵਿਚਲੇ ਸ਼ਬਦ ਮੇਰੇ ਵੱਲੋਂ ਸ਼ਾਮਲ ਕੀਤੇ ਗਏ ਹਨ-ਰਾਹੀ)
ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦੇ ਆਪਣੇ ਲੇਖ ਵਿਚ ਭਾਈ ਸੰਤੋਖ ਸਿੰਘ ਨੇ ਲਿਖਿਆ ਸੀ, 'ਹਿੰਦੁਸਤਾਨੀਆਂ ਦੀ ਮੰਗ ਸੀ ਕਿ ਘਟ ਤੋਂ ਘਟ ਜੋ ਹਿੰਦੁਸਤਾਨੀ ਕੈਨੇਡਾ ਵਿਚ ਆ ਚੁੱਕੇ ਹਨ ਉਹ ਹਿੰਦੁਸਤਾਨ ਵਾਪਸ ਜਾ ਕੇ ਮੁੜ ਕੈਨੇਡਾ ਆ ਸਕਣ ਅਤੇ ਆਪਣੇ ਪਰਿਵਾਰ ਮੰਗਵਾ ਲਿਆ ਸਕਣ... ਆਖਰ ਦੋ ਸਾਲ ਹਰ ਇਕ ਸੰਭਵ ਅਤੇ ਯੋਗ ਵਸੀਲਾ ਆਪਣੇ ਸਵਾਲ ਨੂੰ ਹੱਲ ਕਰਨ ਲਈ ਵਰਤ ਕੇ ਉਸ ਨੂੰ ਨਿਸਫਲ ਹੁੰਦਾ ਦੇਖ ਕੇ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਨੇ ਫੈਸਲਾ ਕੀਤਾ ਕਿ ਇਸ ਸਵਾਲ ਨੂੰ ਨਜਿੱਠਣ ਵਾਸਤੇ ਇਕ ਆਖਰੀ ਕੰਮ ਹੋਰ ਭੀ ਕੀਤਾ ਜਾਵੇ। ਉਹ ਇਹ ਕਿ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਦਾ ਸਵਾਲ ਇੰਗਲਿਸ਼ਤਾਨ ਦੀ ਗੌਰਮੈਂਟ ਅਤੇ ਇੰਗਲਿਸ਼ਤਾਨ ਦੀ ਪਬਲਿਕ ਅਰ ਹਿੰਦੁਸਤਾਨ ਦੀ ਗੌਰਮਿੰਟ ਅਤੇ ਹਿੰਦੁਸਤਾਨ ਦੀ ਪਬਲਿਕ ਪਾਸ ਇਕ ਵੇਰੀ ਪੇਸ਼ ਕੀਤਾ ਜਾਵੇ। ਇਸ ਮਹਾਨ ਕੰਮ ਲਈ 1913 ਵਿਚ ਇਕ ਡੈਪੂਟੇਸ਼ਨ ਇੰਗਲਸਤਾਨ ਅਤੇ ਹਿੰਦੁਸਤਾਨ ਭੇਜਣ ਦਾ ਫੈਸਲਾ ਕੀਤਾ ਗਿਆ ਅਤੇ ਉਸ ਡੈਪੂਟੇਸ਼ਨ ਵਿਚ ਫਿਰ ਸੇਵਾ ਭਾਈ ਸਾਹਿਬ ਭਾਈ ਬਲਵੰਤ ਨੂੰੰ ਦਿਤੀ ਗਈ।..... ਗੌਰਮਿੰਟ ਦੇ ਅਫਸਰਾਂ ਵੱਲੋਂ ਜੋ ਨਿਰਾਸ਼ਤਾ ਹੋਣੀ ਸੀ ਉਹ ਤਾਂ ਹੋਈ ਪਰ ਉਸ ਸਮੇਂ ਦੇ ਕੌਮੀ ਆਗੂਆਂ ਨੇ ਵੀ ਚੰਗੀ ਸਿੱਖਿਆ ਦਿਤੀ। ਲਾਲਾ ਲਾਜਪਤ ਰਾਏ ਜਿਹੇ ਭੱਦਰ ਪੁਰਸ਼ਾਂ ਨੇ ਜੋ ਇਹ ਚਾਹੁੰਦੇ ਹਨ ਕਿ ਅਸੀਂ ਕਿਵੇਂ ਪੰਜਾਬ ਦੇ ਆਗੂ ਅਖਵਾ ਸਕੀਏ। ਉਨ੍ਹਾਂ ਪਾਸੋਂ ਨਾ ਕੇਵਲ ਸਹੈਤਾ ਦੇਣ ਤੋਂ ਹੀ ਕੋਰਾ ਜਵਾਬ ਮਿਲਿਆ ਸਗੋਂ ਉਹਨਾਂ ਨੇ ਇਕ ਅਜਿਹੀ ਕਮੀਨੀ ਸ਼ਰਤ ਪੇਸ਼ ਕੀਤੀ ਜਿਸ ਨੂੰ ਕੋਈ ਸਿੱਖ ਹਿਰਦਾ ਮੰਨਣਾ ਤਾਂ ਇਕ ਪਾਸੇ ਰਿਹਾ ਸੁਣ ਵੀ ਨਹੀਂ ਸਕਦਾ। ਇਹ ਸ਼ਰਤ ਲਾਉਣ ਵੇਲੇ ਆਪ ਨੇ ਇਹ ਕਹਿ ਦਿਤਾ ਕਿ ਇਹ ਮਾਮਲਾ ਕੇਵਲ ਸਿੱਖਾਂ ਦਾ ਹੈ ਇਸ ਵਿਚ ਅਸੀਂ ਸਹੈਤਾ ਤਦ ਕਰਾਂਗੇ ਜੇਕਰ ਸਾਡੀ ਫਲਾਨੀ (ਕਮੀਨੀ) ਸ਼ਰਤ ਪੂਰੀ ਕਰੋਗੇ। (ਕਿਰਤੀ ਅਕਤੂਬਰ 1926)

ਬਾਬਾ ਸੋਹਣ ਸਿੰਘ ਭਕਨਾ
ਬਾਬਾ ਸੋਹਨ ਸਿੰਘ ਭਕਨੇ ਨੇ ਜੇਲ੍ਹ ਵਿਚ ਹੀ ਆਪਣੀ ਸਵੈ-ਜੀਵਨੀ 'ਮੇਰੀ ਰਾਮ-ਕਹਾਣੀ` ਲਿਖ ਲਈ ਸੀ ਜੋ 1930 ਵਿਚ ਮਹੀਨੇਵਾਰ ਕਿਰਤੀ ਅਤੇ ਰੋਜਾਨਾ 'ਅਕਾਲੀ ਤੇ ਪ੍ਰਦੇਸੀ` ਵਿਚ ਛਪੀ ਸੀ। 30 ਮਾਰਚ 1930 ਦੇ 'ਅਕਾਲੀ ਤੇ ਪ੍ਰਦੇਸੀ` ਵਿਚ ਛਪੀ ਕਿਸ਼ਤ ਵਿਚੋਂ ਸਪਸ਼ਟ ਸੰਕੇਤ ਮਿਲ ਜਾਂਦਾ ਹੈ ਕਿ ਲਾਲਾ ਲਾਜਪਤ ਰਾਏ ‘ਦਾੜ੍ਹੇ ਕੇਸਾਂ ਤੇ ਦਸਤਾਰਿਆਂ’ ਵਾਲੇ ਸਿੱਖ ਕਾਮਿਆਂ ਪ੍ਰਤੀ ਕਿੰਨੇ ਤੁਅੱਸਬੀ ਵਿਚਾਰ ਰਖਦਾ ਸੀ। ਬਾਬਾ ਜੀ ਨੇ ਲਿਖਿਆ ਸੀ:

'ਵਪਾਰ ਤੇ ਵਾਹੀ ਤੋਂ ਛੁਟ ਹੁਣ ਸਾਡੀ ਮਜ਼ੂਰੀ ਵੀ ਅਮਰੀਕਣਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ। ਉਥੋਂ ਦਾ ਮਜ਼ੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਹਥ ਪੈਰ ਧੋ ਕੇ ਪਿਛੇ ਪੈ ਗਿਆ। ਅਖੀਰ ਵਿਚ ਦੋ ਲੱਕੜੀ ਦੇ ਕਾਰਖਾਨਿਆਂ ਵਿਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਮਾਰ ਕੇ ਕੱਢ ਦਿਤਾ। ਸ਼ਾਇਦ ਪਾਠਕ ਇਹ ਖਿਆਲ ਕਰਨਗੇ ਕਿ ਇਹਨਾ ਕਾਰਖਾਨਿਆਂ ਵਿਚ ਦਸਤਾਰਿਆਂ ਵਾਲੇ ਪੰਜਾਬੀ ਸਿੱਖ ਹੋਣਗੇ ਜਿਹਨਾਂ ਨੂੰ ਲਾਲਾ ਲਾਜਪਤ ਰਾਏ ਆਦਿਕਾਂ ਦੇ ਖਿਆਲ ਅਨੁਸਾਰ, ਅਮਰੀਕਨ ਇਸ ਵਾਸਤੇ ਹੋਛੀ ਨਿਗਾਹ ਨਾਲ ਨਹੀਂ ਸਨ ਦੇਖਦੇ ਕਿ ਦਾੜ੍ਹੇ ਕੇਸ ਤੇ ਦਸਤਾਰਿਆਂ ਦੇ ਕਾਰਨ (ਉਹ) ਮੈਲੇ-ਕੁਚੇਲੇ ਰਹਿੰਦੇ ਸਨ, ਦੂਜੇ ਉਹਨਾਂ ਦਾ ਚਾਲ ਚਲਨ ਵੀ ਦਸਤਾਰਿਆਂ (ਪਗੜੀਆਂ) ਵਾਲੇ ਨਹੀਂ ਸਨ ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਸਨ ਜਿਹਨਾਂ ਦੀ ਇਹ ਦੁਰਗਤ ਹੋਈ।`

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ-ਮਾਰੂ
ਬੱਜ ਬੱਜ ਘਾਟ ਦੇ ਸਾਕੇ ਤੋਂ ਬਾਅਦ ਬਾਬਾ ਜੀ ਲੁਕ-ਛਿਪ ਕੇ ਜੀਵਨ ਬਿਤਾਉਣ ਲਈ ਮਜਬੂਰ ਹੋ ਗਏ। ਇਸ ਸਮੇਂ ਇਕ ਵਾਰ ਉਹਨਾਂ ਦਾ ਲਾਲਾ ਲਾਜਪਤਰਾਏ ਨਾਲ ਮੇਲ ਹੋ ਗਿਆ। ਪਰ ਲਾਲਾ ਜੀ ਉਹਨਾਂ ਦੀ ਕਿਸੇ ਕਿਸਮ ਦੀ ਮਦਦ ਕਰਨ ਤੋਂ ਟਾਲ-ਮਟੋਲਾ ਕਰ ਗਏ। ਇਸ ਬੇਸੁਆਦੀ ਮੁਲਾਕਾਤ ਬਾਰੇ ਬਾਬਾ ਜੀ ਤੋਂ ਸੁਣੋ:

ਇਕ ਵਾਰ ਮੈਨੂੰ ਪਤਾ ਲੱਗਿਆ ਕਿ ਲਾਲਾ ਲਾਜਪਤ ਰਾਏ ਬੰਬਈ ਆਇਆ ਹੋਇਆ ਹੈ.... ਮੈਂ ਉਸ ਨੂੰ ਮਿਲਣ ਗਿਆ... (ਦੋ ਘੰਟੇ ਦੀ ਉਡੀਕ ਬਾਅਦ) ਮੈਂ ਇਕ ਚਿੱਟ ਲਿਖੀ, 'ਮੈਂ ਕਾਮਾਗਾਟਾ ਮਾਰੂ ਵਾਲਾ ਗੁਰਦਿੱਤ ਸਿੰਘ ਹਾਂ` ਅਤੇ ਗੇਟ-ਕੀਪਰ ਨੂੰ ਦੇ ਦਿਤੀ ਅਤੇ ਕਿਹਾ ਕਿ ਲਾਲਾ ਜੀ ਨੂੰ ਦੇ ਦਿਓ। ਮੈਂ ਗੇਟ ਕੀਪਰ ਦੇ ਇਕ ਇਕ ਕਦਮ ਨੂੰ ਇਹ ਜਾਨਣ ਲਈ ਧਿਆਨ ਨਾਲ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਦਿਤੀ ਜਾਵੇਗੀ ਤਾਂ ਉਸ ਦਾ ਕੀ ਪ੍ਰਤੀਕਰਮ ਹੋਵੇਗਾ। ਮੈਂ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਫੜਾਈ ਗਈ ਤਾਂ ਉਸ ਨੇ ਇਹ ਸੋਚਦਿਆਂ ਹੋਇਆਂ ਕਿ ਗੁਰਦਿੱਤ ਸਿੰਘ ਤਾਂ ਮਰ ਚੁੱਕਾ, ਇਸ ਨੂੰ ਪਾਸੇ ਰੱਖ ਦਿਤਾ। ਜਿਉਂ ਹੀ ਮੈਂ ਦੇਖਿਆ ਕਿ ਚਿੱਟ ਤਾਂ ਪਾਸੇ ਸੁੱਟ ਦਿਤੀ ਗਈ ਹੈ, ਮੈਂ ਭੱਜ ਕੇ ਅੰਦਰ ਚਲਾ ਗਿਆ ਅਤੇ ਉਸ ਨੂੰ ਚੁੱਕ ਲਿਆ ਤਾਂ ਕਿ ਹੋਰ ਕਿਸੇ ਨੂੰ ਪਤਾ ਨਾ ਲਗ ਸਕੇ ਕਿ ਮੈਂ ਵੀ ਉਥੇ ਪਹੁੰਚਿਆ ਹੋਇਆ ਹਾਂ। ਜਦੋਂ ਲਾਲਾ ਜੀ ਗੇਟ ਵਿਚੋਂ ਬਾਹਰ ਨਿਕਲੇ ਮੈਂ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਉਸ ਦੀ ਬਾਂਹ ਫੜ ਕੇ ਕਿਹਾ, 'ਮੈਂ ਤੁਹਾਡੇ ਨਾਲ ਗੱਲ ਕਰਨ ਲਈ ਉਡੀਕਦਾ ਉਡੀਕਦਾ ਥੱਕ ਗਿਆ ਹਾਂ, ਮਿਹਰਬਾਨੀ ਕਰਕੇ ਮੈਨੂੰ ਗੱਲ ਕਰਨ ਲਈ ਸਮਾਂ ਦਿਓ। ਮੈਂ ਉਸ ਨੂੰ ਚਿੱਟ ਦਿਖਾਈ ਕਿ ਜੇ ਇਹ ਪੁਲਿਸ ਦੇ ਹੱਥ ਲਗ ਜਾਂਦੀ ਤਾਂ ਕੀ ਹੁੰਦਾ। ਇਸ ਦੇ ਬਾਵਜੂਦ ਵੀ ਉਸ ਨੇ ਮੇਰੇ ਮਾਮਲੇ ਵੱਲ ਕੋਈ ਬਹੁਤਾ ਧਿਆਨ ਨਾ ਦਿਤਾ। ਉਸ ਨੇ ਮੈਨੂੰ ਕਿਹਾ ਲਾਹੌਰ ਜਾ ਕੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨਾਲ ਗੱਲ ਕਰ... ਜੇ ਉਹ ਕਹੇਗਾ ਤਾਂ ਹੀ ਮੈਂ ਤੇਰੇ ਕੇਸ ਨੂੰ ਹੱਥ ਲਵਾਂਗਾ।`
(Voyage of Kamagatamaru, pp. 198-99)

ਪ੍ਰੋ. ਬਰਕਤ ਉਲ੍ਹਾ
ਗਦਰ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋ. ਬਰਕਤ ਉਲ੍ਹਾ ਨੂੰ ਲਾਲਾ ਲਾਜਪਤ ਰਾਏ ਨਫ਼ਰਤ ਨਾਲ 'ਬਗਲੋਲ’ ਕਹਿੰਦਾ ਹੁੰਦਾ ਸੀ ਜਿਸ ਦਾ ਭਾਵ ਸੀ ਮੂਰਖ।` ਲਾਲੇ ਨੂੰ ਰੰਜ਼ਸ਼ ਸੀ ਕਿ ਬਰਕਤ ਉਲ੍ਹਾ ‘ਮੈਨੂੰ ਬੁਜ਼ਦਿਲ ਕਹਿੰਦਾ ਹੁੰਦਾ ਸੀ ਅਤੇ ਉਸ ਨੇ ਮੇਰੇ ਨਾਲ ਕੋਈ ਵੀ ਭੇਦ ਸਾਂਝਾ ਕਰਨ ਤੋਂ ਇਨਕਾਰ ਕਰ ਦਿਤਾ ਸੀ`। ਇਹ ਗੱਲ ਲਾਲਾ ਲਾਜਪਤ ਰਾਏ ਦੀ ਕਿਤਾਬ 'ਸਟੋਰੀ ਆਫ਼ ਮਾਈ ਲਾਈਫ` ਦੇ ਸਫ਼ਾ 199 `ਤੇ ਦਰਜ ਹੈ।

ਭਾਈ ਪਰਮਾਨੰਦ ਲਾਹੌਰ
ਭਾਈ ਪਰਮਾਨੰਦ ਲਾਹੌਰ ਨੂੰ ਗਦਰੀ ਬਾਬਿਆਂ ਨਾਲ ਫਾਂਸੀ ਦਾ ਹਕਮ ਹੋਇਆ ਸੀ ਜਿਸ ਨੂੰ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿਤਾ ਗਿਆ। ਭਾਈ ਜੀ ਨੇ ਰਿਹਾਅ ਹੋਣ ਤੋਂ ਬਾਅਦ 22 ਫਰਵਰੀ 1928 ਦੇ ਆਪਣੇ ਪਰਚੇ 'ਹਿੰਦੂ` ਵਿਚ ਲਿਖਿਆ ਸੀ ਕਿ ਅਮਰੀਕਾ ਨਿਵਾਸੀ ਹਿੰਦੀ ਦੇਸ਼ ਭਗਤਾਂ ਨੇ ਲਾਲਾ ਲਾਜਪਤ ਰਾਏ ਨੂੰ- ਜਦੋਂ ਉਹ ਅਮਰੀਕਾ ਗਏ ਹੋਏ ਸਨ ਤੇ ਭਾਈ ਜੀ ਅੰਡੇਮਾਨ ਜੇਲ੍ਹ ਵਿਚ ਕੈਦ ਸਨ- ਭਾਈ ਜੀ ਦੇ ਪਰਿਵਾਰ ਦੀ ਸਹਾਇਤਾ ਲਈ 11000 ਰੁਪਏ ਭੇਜੇ ਸਨ ਜੋ ਪਰਿਵਾਰ ਨੂੰ ਨਹੀਂ ਮਿਲੇ।

ਬਾਬਾ ਗੁਰਮੁੱਖ ਸਿੰਘ ਲਲਤੋਂ
ਪੰਜਾਬ ਦੇ ਉਘੇ ਨਾਵਲਕਾਰ ਸ.ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਪੁੰਨਿਆ ਦਾ ਚਾਨਣ` ਦੇ ਸਫ਼ਾ 23 `ਤੇ ਇਕ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ :

‘ਪਿੰਡ ਵਿਚ ਇਕ ਦਿਨ ਕਮਿਊਨਿਸਟ ਕਾਨਫਰੰਸ ਆ ਗਈ। (ਗ਼ਦਰੀ) ਬਾਬਾ ਗੁਰਮੁੱਖ ਸਿੰਘ ਮੇਰੇ ਘਰ ਹੀ ਮੇਰੇ ਦੁਆਲੇ ਖੰੂਡਾ ਚੁੱਕ ਖਲੋਤਾ। ਤੇਜਾ ਸਿੰਘ ਸੁਤੰਤਰ ਤੇ (ਅਵਤਾਰ ਸਿੰਘ) ਮਲਹੋਤਰਾ ਸਾਡਾ ਤਮਾਸ਼ਾ ਵੇਖਦੇ ਮਿੰਨਾ ਮਿੰਨਾ ਮੁਸਕਾਈ ਜਾ ਰਹੇ ਸਨ। ਬਾਬਾ ਮਿਲਦੇ ਸਾਰ ਹੀ ਚੜ੍ਹ ਪਿਆ।

‘ਓਏ ਕੰਵਲਾ! ਖੋਟੇ ਲਾਲੇ ਦਿਆ ਝੋਲੀਚੁੱਕਾ! ਤੈਨੂੰ ਯਾਦਗਾਰਾਂ ਬਣਾਉਣ ਲਈ ਫਾਂਸੀ ਚੜ੍ਹਨ ਵਾਲੇ ਪਿੰਡ ਦੇ ਦੇਸ਼ ਭਗਤ ਨਾ ਦਿਸੇ? ਗ਼ਦਰ ਪਾਰਟੀ ਦਾ ਫੰਡ ਹਜ਼ਮ ਕਰਨ ਵਾਲਾ ਲਾਲਾ ਅਸਮਾਨੇ ਚਾੜ੍ਹ ਛੱਡਿਆ?`

ਮੈਂ ਹੀ ਨਹੀਂ, ਸਾਰਾ ਹਿੰਦੋਸਤਤਾਨ ਬਾਬਾ ਗੁਰਮੁਖ ਸਿੰਘ ਦੀ ਬੱਤੀ ਵਰ੍ਹੇ ਕੱਟੀ ਸਖ਼ਤ ਜੇਲ੍ਹ ਦਾ ਸਤਿਕਾਰ ਕਰਦਾ ਸੀ। ਮੈਂ ਬਾਬਾ ਜੀ ਦੇ ਸਖ਼ਤ ਖਿੰਗਰ ਸੁਭਾਅ ਨੂੰ ਸਤਿਕਾਰਤ ਮਖਣੀ ਲਾਇਆ ਚਾਹੁੰਦਾ ਸੀ। ਲਾਲੇ ਦਾ ਨਾਂ ਵਰਤਣ `ਤੇ ਮੈਨੂੰ ਬਾਬੇ ਦੇ ਔਖੇ ਹੋਣ ਦਾ ਪਹਿਲੋਂ ਹੀ ਪਤਾ ਸੀ। ਇਸ ਗੱਲ `ਤੇ ਇਕ ਵਾਰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਵੀ ਉਹ ਮੇਰੇ ਗਲ਼ ਪਿਆ ਸੀ। 'ਮੈਂ ਨਿਮਰਤਾ ਨਾਲ ਬੇਨਤੀ ਕੀਤੀ, ‘ਬਾਬਾ ਜੀ...ਲਾਲੇ ਦੇ ਨਾਂਅ ਨਾਲ ਸਰਕਾਰੀ ਮੱਝ ਪਸਮਦੀ ਸੀ, ਅਸਾਂ ਚਾਟ ਪਾ ਕੇ ਚੋ ਲਈ ; ਕੀ ਬੁਰਾ ਕੀਤਾ? ਅਸਾਂ ਕਾਲਜ ਤੱਕ ਦੀਆਂ ਸਹੂਲਤਾਂ ਖੜ੍ਹੀਆਂ ਕਰ ਲਈਆਂ ; ਕੀ ਮਾੜਾ ਕੀਤਾ ?.... ਗਾਂਧੀ ਤੁਹਾਡੇ ਬਹੁਤਿਆਂ ਸਿਆਣਿਆਂ ਨਾਲ ਕਿਵੇਂ ਠੱਗੀ ਮਾਰ ਗਿਆ? ਜੇਲ੍ਹਾਂ ਦੀ ਸਖਤ ਕੁੱਟ ਤੁਸਾਂ ਖਾਧੀ ; ਚੂਰੀ ਖਰੀ ਬਾਹਮਣ ਤੋਤੇ ਮੁਫ਼ਤ ਵਿਚ ਹੀ ਖਾ ਗਏ`, ਮੈਂ ਬਾਬੇ ਦਾ ਸਖਤ ਰਵੱਈਆ ਤਾੜ ਗਿਆ ਸੀ, ਜੇ ਬਹੁਤਾ ਨਰਮ ਨਾ ਪਿਆ ਆਪਣੇ ਘਰ ਵਿਚ ਹੀ ਬਾਬੇ ਤੋਂ ਕੁੱਟ ਖਾਵਾਂਗਾ।
'ਹੁਣ ਬੱਚੂ ਤੂੰ ਸਾਨੂੰ ਮੱਤਾਂ ਦੇਵੇਂਗਾ।` ਬਾਬੇ ਦਾ ਢਲਦਾ ਗੁੱਸਾ ਜਾਚ ਕੇ ਮੈਂ ਸ਼ੁਕਰ ਮਨਾਇਆ।

ਸਾਕਾ ਨਨਕਾਣਾ ਸਾਹਿਬ ਦੌਰਾਨ ਲਾਲਾ ਲਾਜਪਤ ਰਾਏ ਦਾ ਸਿੱਖ-ਦੁਸ਼ਮਣ ਰੋਲ
ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ। ਸ. ਗੁਰਬਖਸ਼ ਸਿੰਘ ‘ਸਮਸ਼ੇਰ` ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਨੂੰ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ :

‘(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ‘ਬੰਦੇ ਮਾਤਰਮ` ਅਖ਼ਬਾਰ ਨੂੰ 50000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ। ਮਹੰਤ ਨੂੰ ਗੁਜ਼ਾਰਾ ਦੇ ਕੇ ਬਾਕੀ ਰੁਪਿਆ ਨੈਸ਼ਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ `ਤੇ ਖਰਚ ਕੀਤਾ ਜਾਵੇਗਾ।` (ਸਫ਼ਾ 129)

ਲਾਲਾ ਲਾਜਪਤ ਰਾਏ ਨੇ ਉਚ ਕੋਟੀ ਦੇ ਕਾਂਗਰਸੀ ਨੇਤਾਵਾਂ ਨੂੰ ਮਹੰਤ ਦੇ ਪੱਖ ਵਿਚ ਲਿਆਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ। (ਇਸ ਕੰਮ ਵਿਚ ਉਸ ਨੂੰ ਕਿੰਨੀ ਕੁ ਸਫ਼ਲਤਾ ਮਿਲੀ, ਇਹ ਵੱਖਰਾ ਵਿਸ਼ਾ ਹੈ) ਇਸਦਾ ਸਬੂਤ ਉਹ ਤਾਰ ਹੈ, ਜੋ ਸਾਕਾ ਵਾਪਰਨ ਤੋਂ ਬਾਅਦ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਸਮੇਂ ਉਸ ਦੀ ਘਰ ਦੀ ਤਲਾਸ਼ੀ ਲੈਣ ਵੇਲੇ ਮਿਲੀ ਸੀ। ਭਾਈ ਗੁਰਬਖਸ਼ ਸਿੰਘ ‘ਸਮਸ਼ੇਰ` ਆਪਣੀ ਰਿਪੋਰਟ ਵਿਚ ਦੱਸਦੇ ਹਨ, ਇਕ ਤਾਰ ਮਿਲੀ ਜੋ ਮਹੰਤ ਨਰੈਣ ਦਾਸ ਦੇ ਨਾਮ `ਤੇ ਲਾਲਾ ਲਾਜਪਤ ਰਾਏ ਵੱਲੋਂ ਲਿਖੀ ਗਈ, ਜਿਸ ਵਿਚ ਲਿਖਿਆ ਗਿਆ ਸੀ ਕਿ ਮਹਾਤਮਾ ਗਾਂਧੀ ਜੀ ਨਨਕਾਣੇ ਸਾਹਿਬ ਨਹੀਂ ਆ ਸਕਦੇ` (ਉਪਰੋਕਤ)

ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ਵੀ ਲਾਲਾ ਲਾਜਪਤ ਰਾਏ ਦੇ ਇਸ ਰੋਲ ਦੀ ਚਰਚਾ ਆਪਣੀ ਕਿਤਾਬ ‘ਸ਼ੁਧਾਰ ਖਾਲਸਾ` ਵਿਚ ਕੀਤੀ ਹੈ। ਗਿਆਨੀ ਕਲਾਸਵਾਲੀਆ ਜੀ ਪਹਿਲਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਫਿਰ ਮੁੱਖ ਗ੍ਰੰਥੀ ਰਹੇ ਹਨ। ਉਨ੍ਹਾਂ ਦੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਦਰਬਾਰ ਸਾਹਿਬ `ਤੇ ਫੌਜੀ ਹਮਲੇ ਦੀ 25ਵੀਂ ਵਰ੍ਹੇਗੰਢ ਸਮੇਂ ਮੁੜ ਛਾਪੀ ਸੀ। ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਦ੍ਰਿਸ਼ ਨੂੰ ਬਿਆਨ ਕਰਦਿਆਂ ਕਲਾਸਵਾਲੀਆ ਜੀ ਨੇ ਮਹੰਤ ਦੇ ਕੁਝ ਯਾਰਾਂ ਦੇ ਇਸ ਤਰ੍ਹਾਂ ਨਾਂਅ ਗਿਣਾਏ ਹਨ :

ਮੁਖੀਏ ਪੰਥ ਦੇ ਕਾਜ ਸੰਭਾਲ ਬੈਠੇ
ਮਹੰਤ ਸਣੇ ਮਹੰਤ ਦੇ ਯਾਰ ਗਏ।
ਕਬਜ਼ਾ ਪੰਥ ਦਾ ਜਨਮ ਅਸਥਾਨ ਉੱਤੇ
ਬੜੇ ਬਾਵੇ ਭੀ ਕਿਧਰੇ ਸਿਧਾਰ ਗਏ।
ਸੰਤ ਸੇਵਕ ਹੋਰੀਂ ਕਿਤੇ ਜਾ ਛੁਪੇ,
ਲੜੇ ਲਾਜਪਤ ਰਾਏ ਪਧਾਰ ਗਏ।
ਸਾਥ ਬੜੇ ਮਹੰਤ ਭੀ ਛੱਡ ਗਏ,
ਹੋ ਅੜੇ ਉਦਾਸੀ ਉਡਾਰ ਗਏ।
ਬੈਠਾ ਜੇਹਲ ਅੰਦਰ ਜਾ ਪਾਪੀ
ਘੁਸੜ ਸਾਰੇ ਹੀ ਬੜੇ ਹੰਕਾਰ ਗਏ (ਸਫ਼ਾ 186)

ਲਾਲਾ ਲਾਜਪਤ ਰਾਏ ਦੇ ਨਾਂਅ ਨਾਲ ਸਟਾਰ ਲਾ ਕੇ ਹੇਠਾਂ ਇਹ ਫੁੱਟ ਨੋਟ ਦਿੱਤਾ ਗਿਆ :
'ਲਾਜਪਤ ਰਾਏ ਹੋਰਾਂ ਦੀ ਮਨਸ਼ਾ ਸੀ ਕਿ ਮਹੰਤ ਨੂੰ ਅਪਨੇ ਕਾਬੂ ਕਰਕੇ ਏਥੋਂ ਦੇ ਕਾਰਕੁਨ ਅਸੀਂ ਬਣ ਜਾਈਏ ਤੇ ਏਸ ਪੰਥ ਦੀ ਜਾਇਦਾਦ ਪਾਸੋਂ ਪੰਥ ਘਾਤੀ ਪੈਦਾ ਕਰਨ ਦਾ ਕੰਮ ਲਈਏ ਤੇ ਇਕ ਨੈਸ਼ਨਲ ਯੂਨੀਵਰਸਿਟੀ ਕਾਇਮ ਕਰੀਏ ਤੇ ਬਾਕੀ ਦਾ ਪੈਸਾ ਪੋਲੀਟੀਕਲ ਕੰਮਾਂ ਵਿਚ ਖਰਚ ਕਰੀਏ।`

ਲਾਲਾ ਲਾਜਪਤ ਰਾਏ ਆਪਣੀ ਅਖ਼ਬਾਰ ‘ਬੰਦੇ ਮਾਤਰਮ` ਵਿਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਬਾਰੇ ਕਿਹੋ ਜਿਹੀਆਂ ਲਿਖਤਾਂ ਲਿਖਦੇ ਰਹੇ, ਇਸ ਦੀ ਇਕ ਮਿਸਾਲ ਡਾ. ਕੁਲਵਿੰਦਰ ਸਿੰਘ ਬਾਜਵਾ (ਜੋ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਖੀ ਰਹੇ ਹਨ) ਨੇ ਆਪਣੀ ਕਿਤਾਬ ‘ਅਕਾਲੀ ਦਲ : ਸੱਚਾ ਸੌਦਾ ਬਾਰ` ਦੇ ਸਫ਼ੇ 44-45 `ਤੇ ਦਿੱਤੀ ਹੈ। ਇਹ ਕਿਤਾਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਮਾਰਚ 2000 ਵਿਚ ਛਾਪੀ ਸੀ।

ਡਾ. ਬਾਜਵਾ ਮੁਤਾਬਕ, ‘16 ਨਵੰਬਰ 1921 ਦੇ ‘ਬੰਦੇ ਮਾਤਰਮ` ਵਿਚ ਲਾਲਾ ਲਾਜਪਤ ਰਾਏ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਜੁੜੀ ‘ਸੱਚਾ ਸੌਦਾ’ ਦੀ ਸਾਖੀ ਦੇ ਹਵਾਲੇ ਨਾਲ ਲਿਖਿਆ, ‘ਜਿਸ ਸ਼ਖਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਮੇਂ ਜਾਇਦਾਦ ਆਮਦਾਨਾਓ ਕੇ ਅਖਤਿਆਰ ਕਾ ਝਗੜਾ ਹੋ ਰਹਾ ਹੈ।`

ਦੇਖੋ, ਆਰੀਆ ਸਮਾਜ ਦੀ ਬੋਲੀ ਬੋਲਦਾ ਹੋਇਆ ਲਾਲਾ ਸ਼ਰਾਰਤ ਤੇ ਸ਼ੈਤਾਨੀ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਸ਼ਖਸ` ਕਹਿਣ ਦੀ ਗੁਸਤਾਖੀ਼ ਕਰਦਾ ਹੈ, ਗੁਰਦੁਆਰਾ ‘ਜਨਮ ਅਸਥਾਨ` ਨੂੰ ‘ਮੰਦਰ’ ਦਾ ਨਾਂਅ ਦਿੰਦਾ ਹੈ ਅਤੇ ‘ਜਨਮ ਅਸਥਾਨ` ਅੰਦਰ ਪ੍ਰਚਲਤ ਹਿੰਦੂਵਾਦੀ ਰਸਮਾਂ ਨੂੰ ਬੰਦ ਕਰਵਾਕੇ ਪੰਥਕ ਮਰਿਆਦਾ ਸ਼ੁਰੂ ਕਰਵਾਉਣ ਦੇ ਸਿਧਾਂਤਕ ਮਾਮਲੇ ਨੂੰ ‘ਆਮਦਾਨਾਓ ਦੇ ਅਖਤਿਆਰ ਦਾ ਝਗੜਾ’ ਕਰਾਰ ਦਿੰਦਾ ਹੈ!

ਭਗਤ ਸਿੰਘ ਤੇ ਸਾਥੀਆਂ ਦੀਆਂ ਨਜ਼ਰਾਂ ਵਿਚ ਲਾਲ ਲਾਜਪਤ ਰਾਏ
ਸੁਖਦੇਵ
:
ਸ਼ਹੀਦ ਸੁਖਦੇਵ ਸਿੰਘ ਦੇ ਛੋਟੇ ਭਰਾ ਮਥਰਾ ਦਾਸ ਥਾਪਰ ਨੇ 'ਜੀਵਨ ਗਾਥਾ: ਅਮਰ ਸ਼ਹੀਦ ਸੁਖਦੇਵ` ਨਾਂਅ ਦੀ ਇਕ ਕਿਤਾਬ ਲਿਖੀ ਹੈ ਜਿਸ ਵਿਚ ਉਸ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਦਰਜ ਕੀਤੇ ਹਨ। ਮਥਰਾ ਦਾਸ ਮੁਤਾਬਕ, ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਮੁਜ਼ਾਹਰੇ ਦੇ ਦੌਰਾਨ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਦੀ ਵਜ੍ਹਾ ਕਰਕੇ ‘ਲਾਲਾ ਲਾਜਪਤ ਰਾਏ (ਲਾਠੀ ਦੀ) ਸੱਟ ਖਾ ਕੇ ਫੌਰਨ ਗਰਜ ਕੇ ਬੋਲੇ, ‘ਪੁਲਿਸ ਦੀ ਇਸ ਜ਼ਾਲਮਾਨਾ ਹਰਕਤ ਦੇ ਖਿਲਾਫ਼ ਮੁਜਾਹਰੇ ਨੂੰ ਮੁਅੱਤਲ ਕਰ ਦਿਤਾ ਜਾਵੇ`। ਨੇਤਾ ਦੀ ਇਸ ਗਰਜ ਨੇ ਨੌਜਵਾਨਾਂ ਨੂੰ ਨਿਰਉਤਸ਼ਾਹ ਕਰ ਦਿੱਤਾ ਤੇ ਉਸ ਦਿਨ ਦਾ ਉਹ ਜੋ਼ਰਦਾਰ ਮੁਜ਼ਾਹਰਾ ਰੱਦ ਕਰ ਦਿਤਾ ਗਿਆ... ਸਟੇਸ਼ਨ ਵਾਲੇ ਮੁਜ਼ਾਹਰੇ ਦਾ ਅਚਾਨਕ ਮੁਅੱਤਲ ਕਰ ਦਿੱਤਾ ਜਾਣਾ ਸੁਖਦੇਵ ਨੂੰ ਚੰਗਾ ਨਹੀਂ ਲੱਗਾ ਸੀ। ਇਸ ਨਾਲ ਉਸ ਦੇ ਮਨ ਵਿਚ ਲਾਲਾ ਜੀ ਪ੍ਰਤੀ ਕੋਈ ਚੰਗੀ ਰਾਇ ਨਹੀਂ ਬਣੀ ਸੀ। ਉਂਝ ਵੀ ਪੰਜਾਬ ਕੇਸਰੀ ਦੇ ਬਦਲਦੇ ਹੋਏ ਚਰਿਤਰ ਨੇ ਨੌਜਵਾਨਾਂ ਨੂੰ ਨਿਰਾਸ਼ ਕਰ ਦਿਤਾ ਸੀ। ਉਹ (ਲਾਲਾ ਜੀ) ਇਨਕਲਾਬੀਆਂ ਤੋਂ ਚਿੜ੍ਹੇ ਹੋਏ ਸੀ ਜਾਂ ਸ਼ਾਇਦ ਉਨ੍ਹਾਂ ਤੋਂ ਡਰਦੇ ਸੀ। ਉਨ੍ਹਾਂ ਨੇ ਤਾਂ ਇਥੋਂ ਤਕ ਵੀ ਕੀਤਾ ਸੀ ਕਿ ਕਾਕੋਰੀ ਕੇਸ ਦੀ ਮਦਦ ਵਾਸਤੇ ਧਨ ਦੇ ਕੇ ਵਾਪਸ ਮੰਗ ਲਿਆ....।` (ਸਫ਼ਾ 84)

ਸ਼ਿਵ ਵਰਮਾ
ਸ਼ਹੀਦ ਭਗਤ ਸਿੰਘ ਦੇ ਇਕ ਹੋਰ ਨੇੜਲੇ ਸਾਥੀ ਸ਼ਿਵ ਵਰਮਾ ਜੀ ਲਾਲਾ ਲਾਜਪਤ ਰਾਏ ਬਾਰੇ ਲਿਖਦੇ ਹਨ, 'ਭਗਤ ਸਿੰਘ ਅਤੇ ਸੁਖਦੇਵ ਵਾਸਤੇ ਤਾਂ ਉਹਨਾਂ ਨੇ ਆਪਣੇ ਬੰਗਲੇ ਦੇ ਫਾਟਕ ਹਮੇਸ਼ਾ ਲਈ ਬੰਦ ਕਰਵਾ ਦਿਤੇ ਸਨ। ਉਹਨਾਂ ਨੇ ਫਿਰਕੂ ਪੁਣੇ ਦਾ ਸਾਥ ਦੇਣਾ ਸ਼ੁਰੂ ਕਰ ਦਿਤਾ ਸੀ।` (ਉਪਰੋਕਤ) ਏਨੇ ਵੱਡੇ ਮੱਤਭੇਦਾਂ ਦੇ ਬਾਵਜੂਦ ਸਕਾਟ ਨੂੰ ਮਾਰਨ ਦਾ ਕਿਉਂ ਫੈਸਲਾ ਕੀਤਾ। ਇਸ ਦੀ ਵਿਆਖਿਆ ਸ਼ਿਵ ਵਰਮਾ ਜੀ ਇਸ ਤਰ੍ਹਾਂ ਕਰਦੇ ਹਨ, 'ਪਰ ਇਹ (ਮੱਤਭੇਦ) ਸਾਡੇ ਦੇਸ਼ ਦੇ ਅੰਦਰ ਦੀ ਗੱਲ ਹੈ। ਦੇਸ਼ ਦੇ ਬਾਹਰ ਲੋਕ ਉਨ੍ਹਾਂ ਨੂੰ ਸਾਡੇ ਰਾਸ਼ਟਰੀ ਅੰਦੋਲਨ ਦੀ ਮੂਹਰਲੀ ਕਤਾਰ ਦੇ ਨੇਤਾ ਦੇ ਰੂਪ ਵਿਚ ਹੀ ਜਾਣਦੇ ਸੀ। ਇਸ ਨਾਤੇ ਲਾਲਾ ਜੀ `ਤੇ ਵਾਰ ਸਮੁੱਚੇ ਦੇਸ਼ ਉੱਤੇ ਵਾਰ ਸੀ। ਉਹ ਸਾਡੀ ਮਰਦਾਨਗੀ ਨੂੰ ਲਲਕਾਰ ਸੀ ਤੇ ਅਸੀਂ ਉਸ ਨੂੰ ਮੰਨ ਲਿਆ`` (ਉਪਰੋਕਤ)

‘ਲਾਲੇ ਨੇ ਹਿੰਦੂ-ਮੁਸਲਿਮ ਫਸਾਦਾਂ ਦਾ ਮੁੱਢ ਬੰਨ੍ਹਿਆ’
-ਛੇ ਸੰਪਾਦਕਾਂ ਦੀ ਰਾਇ

18 ਸਤੰਬਰ 1927 ਨੂੰ ਛੇ ਸੰਪਾਦਕਾਂ ਅਤੇ 16 ਹੋਰ ਪ੍ਰਮੁੱਖ ਵਿਅਕਤੀਆਂ ਨੇ, ਜਿਨ੍ਹਾਂ ਵਿਚ ਕਈ ਸ਼ਹੀਦ ਭਗਤ ਸਿੰਘ ਦੇ ਬਹੁਤ ਹੀ ਨੇੜੇ ਸਨ, ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਸੀ ਜਿਸ ਵਿਚ ਲਾਲੇ ਦੇ ਕੁਝ ਕੰਮਾਂ ਨੂੰ ਕਮੀਨੀਆਂ ਕਾਰਵਾਈਆਂ ਕਰਾਰ ਦਿਤਾ ਸੀ ਅਤੇ ਪੰਜਾਬ ਅੰਦਰ ਹਿੰਦੂ-ਮੁਸਲਿਮ ਫਸਾਦ ਕਰਵਾਉਣ ਦਾ ਮੁੱਢ ਬੰਨਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। (ਇਸ ਚਿੱਠੀ ਦੀ ਹੁ ਬ ਹੂ ਨਕਲ ਇਸੇ ਅੰਕ ਵਿਚ ਵੱਖਰੀ ਛਾਪੀ ਜਾ ਰਹੀ ਹੈ)।

ਸੋਹਨ ਸਿੰਘ ਜੋਸ਼
ਕਾਮਰੇਡ ਸੋਹਨ ਸਿੰਘ ਜੋਸ਼ ਦਾ ਸ਼ਹੀਦ ਭਗਤ ਸਿੰਘ ਨਾਲ ਕੁਝ ਸਮਾਂ ਨੇੜ ਰਿਹਾ ਸੀ ਅਤੇ ਉਹਨਾਂ ਨੇ ਹੀ ਆਪਣੇ ਪਰਚੇ 'ਕਿਰਤੀ` ਦੇ ਨਵੰਬਰ 1927 ਦੇ ਅੰਕ ਵਿਚ ਸ਼ਹੀਦ ਦੇ 22 ਸਾਥੀਆਂ ਦੀ ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਛਾਪੀ ਸੀ। ਇਸ ਚਿੱਠੀ ਨੂੰ ਛਾਪਣ ਤੋਂ ਪਹਿਲਾਂ ਜੋਸ਼ ਜੀ ਨੇ ਲਿਖਿਆ ਸੀ:

'ਜਿਹਨਾ ਸੱਜਣਾਂ ਨੂੰ ਲਾਲਾ ਲਾਜਪਤ ਦੇ ਨਾਲ ਰਾਜਸੀ ਮੈਦਾਨ ਵਿਚ ਚੰਗੀ ਤਰ੍ਹਾਂ ਵਰਤਣ ਦਾ ਅਵਸਰ ਮਿਲਿਆ ਹੈ, ਉਹ ਤਾਂ ਪਹਿਲਾਂ ਹੀ ਲਾਲਾ ਜੀ ਦੀ ਲੀਡਰੀ ਦੀ ਫੋਕੀ ਇੱਛਾ ਅਤੇ ਦੇਸ਼ ਖਾਤਰ ਸਵਾਏ ਟੱਰਾਂ ਟੱਰਾਂ ਤੇ ਹੋਰ ਕੁਝ ਨਾ ਕਰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਪ੍ਰਦੇਸੀ ਵੀਰ ਖਾਸ ਕਰ ਅਮਰੀਕਾ ਤੇ ਕੈਨੇਡਾ ਨਿਵਾਸੀ ਸਿੱਖ ਭਾਈਆਂ ਦਾ ਤਾਂ ਲਾਲਾ ਜੀ ਤੋਂ 1914 ਤੋਂ ਹੀ ਵਿਸ਼ਵਾਸ਼ ਉੱਡ ਚੁੱਕਾ ਸੀ ਜਦੋਂ ਕਿ ਆਪ ਕੈਨੇਡਾ ਅਮਰੀਕਾ ਗਏ ਸਨ ਅਤੇ ਆਪ ਨੂੰ ਉਨ੍ਹਾਂ ਹਿੰਦੁਸਤਾਨੀ ਭਾਈਆਂ ਨੇ ਆਪਣੀ ਗਾੜ੍ਹੀ ਕਮਾਈ ਦਾ ਕਮਾਇਆ ਹੋਇਆ ਚੋਖਾ ਰੁਪਇਆ ਹਿੰਦੁਸਤਾਨ ਵਿਚ ਆਜ਼ਾਦੀ ਦੇ ਕਾਜ਼ ਲਈ ਦਿਤਾ ਸੀ ਅਤੇ ਆਪ ਨੇ ਉਹ ਰੁਪਿਆ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ ਨਾਲ ਖਰਚ ਕੀਤਾ ਸੀ ਅਤੇ ਬਹੁਤ ਸਾਰਾ ਆਪ ਹੀ ਹਜ਼ਮ ਕਰ ਗਏ। ਲਾਲਾ ਜੀ ਦੀਆਂ ਆਪ ਹੁਦਰੀਆਂ ਅਤੇ ਟੇਢੀਆਂ ਚਾਲਾਂ ਨੇ ਹਿੁਦੁਸਤਾਨ ਦੇ ਲੋਕਾਂ ਅਤੇ ਰਾਜਸੀ ਹਲਕਿਆਂ ਵਿਚੋਂ ਵੀ ਆਪਣਾ ਭਰੋਸਾ ਗਵਾ ਦਿੱਤਾ ਹੈ।`

ਭਗਤ ਸਿੰਘ :
'.... 1924 `ਚ ਕੇਂਦਰੀ ਐਸੰਬਲੀ ਦੀਆਂ ਚੋਣਾਂ ਹੋਈਆਂ। ਲਾਲਾ ਲਾਜਪਤ ਰਾਏ ਨੇ ਇੰਡੀਪੈਂਡੈਂਟ ਕਾਂਗਰਸ ਵਲੋਂ ਚੋਣ ਲੜੀ। ਲਾਲਾ ਜੀ ਦੇ ਧਰਮ ਨਿਰਪੱਖ ਚਰਿਤਰ ਉਤੇ ਕੱਟੜ ਹਿੰਦੂਵਾਦੀ ਸੋਚ ਛਾ ਗਈ ਸੀ। ਉਨ੍ਹਾਂ ਦੇ ਵਿਰੋਧ ਵਿਚ ਦੀਵਾਨ ਚਮਨ ਲਾਲ ਉਮੀਦਵਾਰ ਸੀ। ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਟੋਲੀ ਨੇ ਲਾਲਾ ਜੀ ਦੇ ਖਿਲਾਫ ਚੋਣ ਪ੍ਰਚਾਰ ਕੀਤਾ। ਮਾਲਵੀਅ ਜੀ ਦੇ ਜਲਸੇ ਵਿਚ ਇਨ੍ਹਾਂ ਵਲੋਂ 'ਲੌਸਟ ਲੀਡਰ` ਦੇ ਸਿਰਲੇਖ ਵਾਲਾ ਇਕ ਪਰਚਾ ਵੰਡਿਆ ਗਿਆ। ਜਿਸ ਵਿਚ ਲਾਲਾ ਜੀ ਬਾਰੇ ਲਿਖਿਆ ਸੀ ਕਿ 'ਪੰਜਾਬ ਕੇਸਰੀ ਦੇ ਸੀਨੇ ਵਿਚ ਹੁਣ ਸ਼ੇਰ ਨਹੀਂ ਬਲਕਿ ਮੁਰਗੀ ਦਾ ਦਿਲਬਾਕੀ ਰਹਿ ਗਿਆ ਹੈ’।

ਇਹ ਪਰਚਾ ਅੰਗਰੇਜ਼ੀ ਕਵੀ ਬ੍ਰਾਉਨਿੰਗ ਦੀ ਪ੍ਰਸਿੱਧ ਕਵਿਤਾ 'ਲੌਸਟ ਲੀਡਰ` ਤੇ ਅਧਾਰਤ ਸੀ। ਪਰਚੇ ਦੇ ਸ਼ੁਰੂ `ਚ ਹੀ ‘ਸਿਰਫ ਮੁੱਠੀ ਭਰ ਸੋਨੇ ਲਈ ਉਹ ਸਾਨੂੰ ਛੱਡ ਗਿਆ’ ‘ਆਪਣੇ ਕੋਟ ਤੇ ਬੈਜ ਲਟਕਾਉਣ ਲਈ ਉਹ ਸਾਨੂੰ ਛੱਡ ਗਿਆ` ਵਰਗੇ ਵਾਕਾਂ ਨਾਲ ਲਾਲਾ ਜੀ ਦੀ ਭੂਮਿਕਾ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ ਸੀ।`
-ਰਘਬੀਰ ਸਿੰਘ : ਭਗਤ ਸਿੰਘ ਜੀਵਨ ਪਰੀਚੈ
ਉਤਰਾਰਧ (ਹਿੰਦੀ ਪਰਚਾ ਸੰਪਾਦਕ ਸਵੈਸਾਚੀ)
1988-ਅੰਕ 33-34

ਲਾਲਾ ਜੀ ਦੀ ਮੌਤ ਦਾ ਸਬੱਬ ਕੀ ਬਣਿਆ?
ਕੀ ਲ਼ਾਲਾ ਜੀ ਦੀ ਮੌਤ ਵਾਕਿਆ ਹੀ ਮੁਜ਼ਾਹਰੇ ਦੌਰਾਨ ਉਨ੍ਹਾਂ ਦੇ ਸਿਰ ਜਾਂ ਸੀਨੇ ਉਤੇ ਵੱਜੀਆਂ ਦੱਸੀਆਂ ਜਾਂਦੀਆ ਲਾਠੀਆਂ ਦੀਆਂ ‘ਡੂੰਘੀਆਂ ਸੱਟਾਂ’ ਦੀ ਵਜ੍ਹਾ ਕਰਕੇ ਹੋਈ ਸੀ? ਇਸ ਬਾਰੇ ਮੌਕੇ ਦੇ ਚਸ਼ਮਦੀਦ ਗਵਾਹਾਂ ਦੀਆਂ ਰਾਵਾਂ ਹੀ ਵੱਧ ਪ੍ਰਮਾਣੀਕ ਮੰਨੀਆਂ ਜਾ ਸਕਦੀਆਂ ਹਨ। ਇਸ ਕਰਕੇ ਹੇਠਾਂ ਕੁੱਝ ਉਨ੍ਹਾਂ ਨਾਮਵਰ ਦੇਸ਼ਭਗਤਾਂ ਦੀਆਂ ਗਵਾਹੀਆਂ ਪੇਸ਼ ਕਰ ਰਹੇ ਹਾਂ, ਜੋ ਕਿ ਨਾ ਸਿਰਫ ਉਸ ਦਿਨ ਖੁਦ ਮੁਜ਼ਾਹਰੇ ਵਿਚ ਸ਼ਾਮਲ ਸਨ ਸਗੋਂ ਉਨ੍ਹਾਂ ਨੇ ਲਾਲਾ ਜੀ `ਤੇ ਹੋਏ ਲਾਠੀਚਾਰਜ ਨੂੰ ਬਹੁਤ ਨੇੜਿਓਂ ਦੇਖਿਆ ਸੀ।

ਗਿਆਨੀ ਗੁਰਮੁਖ ਸਿੰਘ ਮੁਸਾਫਰ
ਗਿਆਨੀ ਗੁਰਮੁਖ ਸਿੰਘ ਮੁਸਾਫਰ, ਜੋ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਸਨ, ਲਾਹੌਰ ਵਿਖੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਸਨ। ਉਹ ਦਸਦੇ ਹਨ, ‘ਮੈਂ ਹਾਲੇ ਨਜ਼ਮ ਪੜ੍ਹਕੇ ਹਟਿਆ ਹੀ ਸੀ ਕਿ ਸਾਰਾ ਹਜੂਮ ਹੀ ਇਕ ਪਾਸੇ ਨੂੰ ਦੌੜ ਪਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਫਿਰ ਜਦ ਉਨ੍ਹਾਂ ਨੇ ਮੋਤੀ ਦਰਵਾਜੇ ਜਾ ਕੇ ਤਕਰੀਰ ਕੀਤੀ ਕਿ 'ਇਹ ਅੰਗਰੇਜ਼ ਗੌਰਮਿੰਟ ਦੀ ਇਕ ਇਕ ਲਾਠੀ ਬ੍ਰਿਟਿਸ਼ ਗੌਰਮਿਟ ਦੇ ਕਫਨ ਵਿਚ ਕਿੱਲ ਹੋਵੇਗੀ` ਫਿਰ ਪਤਾ ਲਗਿਆ ਕਿ ਉਹ ਜਿੰਦਾ ਨੇ। ਨਹੀਂ ਤਾਂ ਸਾਰੇ ਕਹਿੰਦੇ ਸੀ ਕਿ ਲਾਲਾ ਜੀ ਖ਼ਤਮ ਹੋ ਗਏ। ਲਾਲਾ ਲਾਜਪਤ ਰਾਏ ਨੇ ਸੋਚਿਆ ਕਿ ਇਹ ਲਾਠੀਆਂ ਮੇਰੇ ਦਿਲ ਤੇ ਮਾਰੀਆਂ ਗਈਆਂ ਹਨ। ਉਨ੍ਹਾਂ ਨੇ ਇਸ ਨੂੰ ਆਪਣੀ ਬੇਇਜ਼ਤੀ ਸਮਝਿਆ। ਮੇਰਾ ਖਿਆਲ ਹੈ ਕਿ ਲਾਠੀਚਾਰਜ ਤਾਂ ਬਹੁਤਾ ਨਹੀਂ ਹੋਇਆ ਸੀ। ਉਂਜ ਮੈਂ ਕੁਛ ਦੂਰ ਵੀ ਸਾਂ ਪਰ ਅਸਰ ਇਹ ਹੋਇਆ ਕਿ ਲਾਲਾ ਜੀ ਦੇ ਮਨ `ਤੇ ਸੱਟ ਲੱਗੀ ਕਿ ਅੰਗਰੇਜ਼ ਨੇ ਮੇਰੀ ਬੇਇਜ਼ਤੀ ਕੀਤੀ ਐ। ਅਗਰ ਕੋਈ ਐਸਾ ਹੋਇਆ ਤਾਂ ਇਹ ਦਿਲ ਦੀ ਚੋਟ ਦੀ ਗੱਲ ਹੈ।’
(ਪੰਜਾਬ ਯਾਦਾਂ ਦੇ ਝਰੋਖੇ `ਚੋ, ਸੰ. ਨਵਤੇਜ ਸਿੰਘ, ਸਫ਼ਾ 45)

ਗਿਆਨੀ ਕਰਤਾਰ ਸਿੰਘ
'ਦਰਵੇਸ਼ ਸਿਆਸਤਦਾਨ` ਦੇ ਤੌਰ `ਤੇ ਜਾਣੇ ਜਾਂਦੇ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ, ਜੋ ਬਾਅਦ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਵੀ ਰਹੇ, ਮੌਕੇ ਦੇ ਗਵਾਹ ਹਨ। ਉਹਨਾਂ ਮੁਤਾਬਕ, 'ਲਾਲਾ ਲਾਜਪਤ ਰਾਏ ਦੇ ਹੱਥ ਵਿਚ ਛਤਰੀ ਸੀ ਜਿਸ ਦੇ ਇਕ ਪਾਸੇ 'ਸਾਈਮਨ ਗੋ ਬੈਕ, ਸਾਈਮਨ ਗੋ ਬੈਕ` ਲਿਖਿਆ ਹੋਇਆ ਸੀ। ਉਸ ਛਤਰੀ `ਤੇ ਲਿਖੇ ਨਾਅਰੇ ਪੜ੍ਹ ਕੇ ਲਾਹੌਰ ਦਾ ਗੋਰਾ ਪੁਲਸ ਕਪਤਾਨ ਭੜਕ ਉੱਠਿਆ। ਉਸ ਨੇ ਦੌੜ ਕੇ ਆ ਕੇ ਪੁਲਿਸ ਵਾਲਿਆਂ ਕੋਲ ਜੋ ਛੋਟਾ ਜਿਹਾ ਡੰਡਾ ਹੁੰਦਾ ਹੈ, ਉਸ ਨਾਲ ਦੋ ਡੰਡੇ ਲਾਲਾ ਜੀ ਨੂੰ ਮਾਰੇ। ਕੁਝ ਸਮੇਂ ਤੋਂ ਬਾਅਦ ਲਾਲਾ ਜੀ ਸ਼ਹਿਰ ਆਪਣੀ ਕੋਠੀ ਨੂੰ ਵਾਪਸ ਚਲੇ ਗਏ। ਸ਼ਾਮ ਨੂੰ ਗੋਲ ਬਾਗ ਵਿਚ ਬੜਾ ਭਾਰੀ ਜਲਸਾ ਹੋਇਆ ਜਿਸ ਵਿਚ ਲਾਲਾ ਜੀ ਨੇ ਗੂੰਜ ਪਾ ਦੇਣ ਵਾਲਾ ਲੈਕਚਰ ਕੀਤਾ... ਲੈਕਚਰ ਦੇ ਕੇ ਲਾਲਾ ਜੀ ਵਾਪਸ ਘਰ ਚਲੇ ਗਏ। ਜੇ ਮੈਂ ਗਲਤੀ ਨਹੀਂ ਖਾਂਦਾ ਤਾਂ 17 ਸਿਤੰਬਰ ..... ਰਾਤ ਨੂੰ ਲਾਲਾ ਜੀ ਦੀ ਆਪਣੀ ਕੋਠੀ ਵਿਚ ਮੌਤ ਹੋ ਗਈ। ਲਾਲਾ ਜੀ ਦੀ ਮੌਤ ਦਾ ਫੌਰੀ ਕਾਰਨ ਦਿਲ ਫੇਲ੍ਹ ਹੋ ਜਾਣਾ ਸੀ.... ਕਈ ਲੋਕਾਂ ਨੂੰ ਇਹ ਗਲਤ ਫਹਿਮੀ ਹੈ ਕਿ ਪੁਲਿਸ ਨੇ ਜਲੂਸ ਵਿਚ ਮਾਰਿਆ ਤੇ ਲਾਲਾ ਜੀ ਮੌਕੇ `ਤੇ ਮਰ ਗਏ....`
(ਉਪਰੋਕਤ ਸਫ਼ਾ 187)

ਪ੍ਰੋ. ਅਬਦੁੱਲ ਮਾਜਿਦ ਖਾਂ
ਪ੍ਰੋ. ਐਮ.ਐਸ. ਚੀਮਾ ਨੇ ਪ੍ਰੋ. ਅਬਦੁੱਲ ਮਾਜਿਦ ਖਾਂ ਨਾਲ ਇਕ ਇੰਟਰਵਿਊ ਕੀਤੀ ਸੀ ਜਿਸ ਨੂੰ ਜਲੰਧਰ ਦੂਰਦਰਸ਼ਨ ਨੇ ਲਾਲਾ ਲਾਜਪਤ ਰਾਏ ਦੀ 53ਵੀਂ ਬਰਸੀ ਮੌਕੇ (17 ਨਵੰਬਰ 1981) ਪ੍ਰਸਾਰਤ ਕੀਤਾ ਸੀ। ਇਸ ਇੰਟਰਵਿਊ ਸਮੇਂ ਪ੍ਰੋ. ਮਾਜਿਦ ਖਾਂ ਨੇ ਦੱਸਿਆ ਸੀ ਕਿ ਉਹ ਲਾਹੌਰ ਰੇਲਵੇ ਸਟੇਸ਼ਨ ਦੇ ਬਾਹਰ ਲਾਲਾ ਲਾਜਪਤ ਰਾਏ ਦੇ ਨਜ਼ਦੀਕ ਖੜਾ ਸੀ ਜਦੋਂ ਕਿ ਸੁਪਰਡੈਂਟ ਪੁਲਿਸ ਅਤੇ ਲਾਲਾ ਜੀ ਦਰਮਿਆਨ ਗਰਮਾ-ਗਰਮ ਤੂੰ-ਤੂੰ, ਮੈਂ-ਮੈਂ ਹੋਈ ਸੀ। ਪ੍ਰੋ. ਮਾਜਿਦ ਮੁਤਾਬਕ ਲਾਲਾ ਜੀ ਨੂੰ ਕੋਈ ਗੰਭੀਰ ਸੱਟ ਨਹੀਂ ਸੀ ਲੱਗੀ।

ਯਸ਼ਪਾਲ
ਸ਼ਹੀਦ ਭਗਤ ਸਿੰਘ ਦੇ ਸਾਥੀ ਅਤੇ ਪ੍ਰਸਿੱਧ ਹਿੰਦੀ ਸਾਹਿਤਕਾਰ ਸ੍ਰੀ ਯਸ਼ਪਾਲ ਲਾਹੌਰ ਵਿਚ ਹੋਏ ਲਾਠੀਚਾਰਜ ਸਮੇਂ ਮੌਕੇ `ਤੇ ਹਾਜ਼ਰ ਸਨ। ਉਨ੍ਹਾਂ ਨੇ ਇਸ ਲਾਠੀਚਾਰਜ ਦਾ ਅੱਖੀਂ ਡਿੱਠਿਆਂ ਹਾਲ ਆਪਣੀ ਕਿਤਾਬ ਵਿਚ ਇਸ ਤਰ੍ਰਾਂ ਬਿਆਨ ਕੀਤਾ ਹੈ:
‘ਲਾਲਾ ਲਾਜਪਤ ਰਾਏ ਜੀ ਦੇ ਪਿੱਛੇ ਏਨੀ ਭੀੜ ਸੀ ਕਿ ਉਨ੍ਹਾਂ ਲਈ ਪਿੱਛੇ ਹਟਣ ਦਾ ਕੋਈ ਮੌਕਾ ਹੀ ਨਹੀਂ ਸੀ। ਸਾਹਮਣਿਓਂ ਪੁਲਿਸ ਲਾਠੀਚਾਰਜ ਕਰ ਰਹੀ ਸੀ। ਨੌਜਵਾਨਾਂ ਨੇ ਲਾਲਾ ਜੀ ਨੂੰ ਚਾਰੇ ਪਾਸਿਓਂ ਘੇਰ ਕੇ ਸੱਟਾਂ ਲੱਗਣੋਂ ਬਚਾਇਆ ਹੋਇਆ ਸੀ। ਪੁਲਿਸ ਦੀ ਮਾਰ ਦੇ ਬਾਵਜੂਦ ਇਹ ਮੋਰਚਾ ਟੁੱਟ ਨਹੀਂ ਸੀ ਰਿਹਾ। ਭਗਵਤੀ ਚਰਨ ਵੋਹਰਾ (ਸ਼ਹੀਦ), ਸੁਖਦੇਵ (ਸ਼ਹੀਦ) ਤੇ ਮੈਂ ਉਥੇ ਹੀ ਇਕ ਪਾਸੇ ਖੜ੍ਹੇ ਸਾਂ। ਸਾਥੀ ਧਨਵੰਤਰੀ ਅਤੇ ਅਹਿਸਾਨ ਅਲੀ ਆਦਿ ਮੋਰਚੇ ਵਿਚ ਸ਼ਾਮਲ ਸਨ। ਲਾਲਾ ਜੀ ਨੂੰ ਘੇਰੀ ਖੜ੍ਹੇ ਇਸ ਮੋਰਚੇ ਦੇ ਨਾ ਟੁੱਟਣ ਕਾਰਨ ਪੁਲਿਸ ਸੁਪਰਡੈਂਟ (ਐਸ ਪੀ) ਸਕਾਟ ਨੇ ਇਸ ਟੋਲੀ `ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਡੀ ਐਸ ਪੀ ਸਾਂਡਰਸ ਆਪ ਹੱਥ ਵਿਚ ਇਕ ਛੋਟੀ ਲਾਠੀ ਅਤੇ ਸਿਪਾਹੀਆਂ ਨੂੰ ਲੈ ਕੇ ਉਸ ਟੋਲੀ `ਤੇ ਟੁੱਟ ਪਿਆ। ਉਸ ਦੀ ਇਕ ਲਾਠੀ ਨਾਲ ਲਾਲਾ ਜੀ ਦੇ ਸਿਰ ਉਪਰ ਤਾਣੀ ਹੋਈ ਛਤਰੀ ਟੁੱਟ ਗਈ ਅਤੇ ਉਨ੍ਹਾਂ ਦੇ ਕੰਧੇ ਉਪਰ ਚੋਟ ਲੱਗੀ। ਨੌਜਵਾਨ ਸਾਥੀ ਅਜੇ ਵੀ ਲਾਲਾ ਜੀ ਨੂੰ ਘੇਰੇ ਵਿਚ ਲੈ ਕੇ ਡਟੇ ਰਹਿਣ ਨੂੰ ਤਿਆਰ ਸਨ, ਪ੍ਰੰਤੂ ਚੋਟ ਲੱਗਣ ਤੋਂ ਬਾਅਦ ਲਾਲਾ ਜੀ ਨੇ ਹੁਕਮ ਦੇ ਦਿੱਤਾ, ਪੁਲਿਸ ਦੀ ਇਸ ਜਾਲਮਾਨਾ ਹਰਕਤ ਦੇ ਖਿਲਾਫ਼ ਮੁਜ਼ਾਹਰੇ ਨੂੰ ਮੁਅੱਤਲ ਕਰ ਦਿੱਤਾ ਜਾਵੇ।`
(ਸਿੰਘਅਵਲੋਕਨ, ਸਫ਼ਾ 124)

ਪੰਡਤ ਕਿਸ਼ੋਰੀ ਲਾਲ
ਪੰਡਤ ਕਿਸ਼ੋਰੀ ਲਾਲ ਜੀ ਵੀ ਸ਼ਹੀਦ ਭਗਤ ਸਿੰਘ ਦੇ ਬਹੁਤ ਨੇੜਲੇ ਸਾਥੀਆਂ ਵਿਚੋਂ ਸਨ। ਉਹ ਵੀ ਸਾਈਮਨ ਕਮਿਸ਼ਨ ਦੇ ਖਿਲਾਫ਼ ਹੋਏ ਮੁਜ਼ਾਹਰੇ ਵਿਚ ਸ਼ਾਮਲ ਸਨ। ਉਹ ਵੀ ਕਹਿੰਦੇ ਹੁੰਦੇ ਸਨ ਕਿ ਲਾਠੀਚਾਰਜ ਸਮੇਂ ਲਾਲਾ ਜੀ ਦੇ ਸਰੀਰ `ਤੇ ਕੋਈ ਬਹੁਤੀ ਸਿੱਧੀ ਸੱਟ ਨਹੀਂ ਸੀ ਲੱਗੀ। (ਦੇਖੋ Proceedings : Punjab History Conference March 1985 ਵਿਚ ਛਪਿਆ ਪ੍ਰੋ. ਹਜ਼ਾਰਾ ਸਿੰਘ ਦਾ ਲੇਖ)

ਲਾਲਾ ਲਾਜਪਤ ਰਾਏ ਦਾ ਆਪਣਾ ਬਿਆਨ
ਲਾਠੀਚਾਰਜ ਤੋਂ ਬਾਅਦ ਲਾਲਾ ਲਾਜਪਤ ਰਾਏ ਨੇ ਜੋ ਬਿਆਨ ਜਾਰੀ ਕੀਤਾ ਉਹ ਹਿੰਦੁਸਤਾਨ ਟਾਈਮਜ਼ (1 ਨਵੰਬਰ 1928) ਦੇ ਪਹਿਲੇ ਸਫ਼ੇ `ਤੇ ਛਪਿਆ ਸੀ। ਇਸ ਬਿਆਨ ਮੁਤਾਬਕ, 'ਪੁਲਿਸ ਨੇ ਬੇਵਜ੍ਹਾ ਤੇ ਬੇਲੋੜਾ ਲਾਠੀਚਾਰਜ ਕੀਤਾ ਅਤੇ ਦੋਸ਼ ਲਾਇਆ ਜਾਂਦਾ ਹੈ ਕਿ ਇਸ ਲਾਠੀਚਾਰਜ ਦੀ ਅਗਵਾਈ ਖੁਦ ਸੁਪਰਡੈਂਟ ਪੁਲਿਸ ਨੇ ਕੀਤੀ ਸੀ। ਜਿਵੇਂ ਕਿ ਮੈਨੂੰ ਪਤਾ ਲੱਗਾ ਹੈ, ਉਸ ਨੇ ਮੇਰੀ ਛਾਤੀ ਉਤੇ ਦੋ ਡੰਡੇ ਮਾਰੇ ਅਤੇ ਕੁੱਝ ਸਿਪਾਹੀਆਂ ਨੇ ਵੀ ਕੁੱਝ ਡੰਡੇ ਮਾਰੇ, ਖੁਸ਼ਕਿਸਮਤੀ ਨਾਲ ਜੀਹਨਾਂ ਦੀ ਸੱਟ ਬਹੁਤੀ ਜ਼ਿਆਦਾ ਨਹੀਂ ਸੀ। ਸੱਟਾਂ ਨਾਲ ਮੈਨੂੰ ਮਾਮੂਲੀ ਜਿਹਾ ਬੁਖਾਰ ਤੇ ਸੋਜਸ਼ ਹੋਈ।`

ਇਸੇ ਤਰ੍ਹਾਂ ਲਾਲਾ ਜੀ ਦੀ ਮੌਤ ਬਾਰੇ ਜੋ ਖਬਰ ਉਸ ਸਮੇਂ ਦੀ ਮਸ਼ਹੂਰ ਪੰਜਾਬੀ ਅਖ਼ਬਾਰ ‘ਅਕਾਲੀ ਤੇ ਪ੍ਰਦੇਸੀ` (19 ਨਵੰਬਰ 1928) ਨੇ ਦਿਤੀ, ਉਹ ਇਸ ਤਰ੍ਹਾਂ ਸੀ:
‘ਲਾਹੌਰ ਤੋਂ ਨਿਹੈਤ ਹੀ ਰੰਜ ਭਰੀ ਖ਼ਬਰ ਪੁਜੀ ਹੈ ਕਿ ਅਜ ਸਵੇਰੇ ਲਾਲ ਲਾਜਪਤ ਰਾਏ ਜੀ ਅਚਾਨਕ ਹੀ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਚਲ ਵਸੇ ਹਨ।`

ਦੋ ਦਿਨ ਬਾਅਦ ਮੌਤ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਂਦਿਆਂ ਅਖ਼ਬਾਰ ਨੇ ਮੁੜ ਲਿਖਿਆ:
‘ਲਾਲਾ ਲਾਜਪਤ ਰਾਏ ਦੀ ਹਾਲਤ ਕਲ੍ਹ ਤੱਕ ਚੰਗੀ ਸੀ। ਕਲ੍ਹ ਅਚਾਨਕ ਹੀ ਸ਼ਾਮ ਨੂੰ ਆਪ ਦੀ ਛਾਤੀ ਦੇ ਖੱਬੇ ਪਾਸੇ ਦਰਦ ਹੋਣ ਲੱਗਾ। ਉਸ ਵੇਲੇ ਡਾਕਟਰ ਨੂੰ ਬੁਲਾਇਆ ਗਿਆ ਜੋ ਰਾਤ ਦੇ 11 ਵਜੇ ਤੱਕ ਆਪਦੇ ਪਾਸ ਰਿਹਾ ਪਰ ਦਰਦ ਵਿਚ ਕੁਝ ਘਾਟਾ ਨਾ ਪਿਆ। ਅੱਜ ਸਵੇਰੇ ਆਪ ਤੋਂ ਦਰਦ ਦੀ ਹਾਲਤ ਬਾਬਤ ਪੁੱਛਿਆ ਗਿਆ ਤਾਂ ਕਹਿਣ ਲੱਗੇ ਕਿ ਦਰਦ ਅਜੇ ਤੱਕ ਹੋ ਰਹੀ ਹੈ। ਦੁਬਾਰਾ ਜਿਸ ਵੇਲੇ ਮੰਜੇ ਪੁਰ ਲੇਟੇ ਤਾਂ 7 ਵਜੇ ਦੇ ਕਰੀਬ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਆਪ ਚਲਾਣਾ ਕਰ ਗਏ।` (ਅਕਾਲੀ ਤੇ ਪ੍ਰਦੇਸੀ 21 ਨਵੰਬਰ 1928)

ਸੋ ਅਖ਼ਬਾਰ ਦੇ ਮੁਤਾਬਕ 17 ਨਵੰਬਰ ਤਕ, ਅਰਥਾਤ ਲਾਠੀਚਾਰਜ ਤੋਂ 17 ਦਿਨ ਬਾਅਦ ਤਕ ‘ਲਾਲਾ ਲਾਜਪਤ ਰਾਏ ਦੀ ਹਾਲਤ ਚੰਗੀ ਭਲੀ ਸੀ।` ਸਵਾਲ ਪੈਦਾ ਹੁੰਦਾ ਹੈ ਕਿ ਜੇ 17 ਦਿਨਾਂ ਤੱਕ ਉਨ੍ਹਾਂ ਦੀ ਹਾਲਤ ਚੰਗੀ ਭਲੀ ਸੀ ਤਾਂ ਉਹ ਲਾਠੀਚਾਰਜ ਦੇ ਬਾਅਦ ਦੇ ਦਿਨੀਂ ਕੀ ਕਰਦੇ ਰਹੇ? ਇਸ ਬਾਰੇ ਕੁਝ ਜਾਣਕਾਰੀ ਪ੍ਰੋ. ਹਜਾਰਾ ਸਿੰਘ, ਜੋ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਪੱਤਰਕਾਰੀ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ, ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਪੰਜਾਬ ਹਿਸਟਰੀ ਕਾਨਫਰੰਸ (ਮਾਰਚ 1985) ਸਮੇਂ ਪੜ੍ਹੇ ਅਤੇ ਇਤਿਹਾਸਕਾਰਾਂ ਵੱਲੋਂ ਵਿਚਾਰੇ ਗਏ ਆਪਣੇ ਪਰਚੇ ਵਿਚ ਇਸ ਤਰ੍ਹਾਂ ਦਿਤੀ ਹੈ:

‘30 ਅਕਤੂਬਰ 1928 ਦੀਆਂ ਘਟਨਾਵਾਂ ਤੋਂ ਬਾਅਦ ਲਾਲਾ ਜੀ ਆਮ ਵਰਗੀ ਜਿੰਦਗੀ ਜਿਊ ਰਹੇ ਸਨ। ਉਹਨਾਂ ਨੇ ਉਸੇ ਸ਼ਾਮ ਡਾਕਟਰ ਧਰਮਵੀਰ ਵੱਲੋਂ ਚੈਕ-ਅਪ ਕਰਨ ਤੋਂ ਬਾਅਦ, ਇਕ ਰੋਸ ਮੀਟਿੰਗ ਨੂੰ ਸੰਬੋਧਿਤ ਕੀਤਾ ਸੀ। ਉਸ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਸੈਸਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਉਹ ਆਪਣੇ ਹਫਤਾਵਾਰ ਅਖਬਾਰ 'ਦ ਪੀਪਲ` ਵਿਚ ਲਿਖਦੇ ਰਹੇ ਸਨ।`

ਕਿਉਂਕਿ ਲਾਲਾ ਲਾਜਪਤ ਰਾਏ ਦੇਸ ਪੱਧਰ ਦੇ ਪ੍ਰਸਿੱਧ ਲੀਡਰ ਸਨ ਇਸ ਲਈ ਉਹਨਾਂ ਦੀ ਮੌਤ ਬਾਰੇ ਉਸ ਸਮੇਂ ਦੇ ਕਈ ਆਗੂਆਂ ਨੇ ਲਿਖਿਆ ਹੈ। ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ, ਜੋ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਅੱਠ ਸਾਲ ਬਾਅਦ ਲੰਡਨ ਵਿਚ ਛਪੀ ਸੀ, ਵਿਚ ਇਸ ਤਰ੍ਹਾਂ ਦੱਸਿਆ ਹੈ:

ਸਰੀਰਕ ਸੱਟਾਂ ਉਸ ਦੀ ਕੁਝ ਕੁ ਹਫ਼ਤੇ ਬਾਅਦ ਹੋਈ ਮੌਤ ਦਾ ਕਿੰਨਾ ਕੁ ਕਾਰਨ ਬਣੀਆਂ, ਇਸ ਬਾਰੇ ਪੱਕ ਨਾਲ ਕੁਝ ਕਹਿਣਾ ਬਹੁਤ ਮੁਸ਼ਕਲ ਹੈ। (ਸਫ਼ਾ 173)

‘ਮੈਂ ਲਾਜਪਤ ਰਾਏ ਨੂੰ ਨਫ਼ਰਤ ਕਰਦਾ ਹਾਂ’ : ਜਸਵੰਤ ਸਿੰਘ ਕੰਵਲ
ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਪੁੰਨਿਆ ਦਾ ਚਾਨਣ` ਦੇ ਸਫ਼ਾ 126 `ਤੇ ਲਿਖਦੇ ਹਨ :
‘ਮੈਂ ਆਪਣੇ ਪਿੰਡ (ਢੁੱਡੀਕੇ) ਵਿਚ ਜੰਮੇ ਲਾਲਾ ਲਾਜਪਤ ਰਾਏ ਨੂੰ ਇਸ ਲਈ ਨਫ਼ਰਤ ਕਰਦਾ ਸੀ, (ਕਿਉਂਕਿ) ਪਹਿਲਾਂ ਉਸ ਗ਼ਦਰ ਪਾਰਟੀ ਦਾ ਫੰਡ ਨੱਪਿਆ। ਦੂਜਾ ਮਾਂਡਲੇ ਜੇਲ੍ਹ ਤੋਂ ਛੁੱਟਣ ਲਈ ਵਾਇਸਰਾਏ ਨੂੰ ਮੁਆਫ਼ੀਨਾਮੇ ਦੀਆਂ ਚਿੱਠੀਆਂ ਲਿਖੀਆਂ। ਤੀਜਾ ਕਾਂਗਰਸ ਨੂੰ ਵੀ ਲੱਤ ਮਾਰ ਕੇ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ। ਚੌਥੇ ਛਾਤੀ `ਤੇ ਕਾਲੀ ਛਤਰੀ ਤੋਂ ਤਿਲਕੇ ਤਿੰਨ ਡੰਡੇ ਜ਼ਰੂਰ ਵੱਜੇ ; ਪਰ ਸਤਾਰਾਂ ਦਿਨ ਬਾਅਦ ਪਲੂਰਸੀ ਦੀ ਬੀਮਾਰੀ ਨਾਲ ਮਰਿਆ। ਇਨ੍ਹਾਂ ਸਤਾਰਾਂ ਦਿਨਾਂ ਵਿਚੋਂ ਦਿੱਲੀ ਜਾ ਕੇ ਇਕ ਮੀਟਿੰਗ ਤੇ ਨਹਿਰੂ ਨਾਲ ਲੜ ਕੇ ਆਇਆ। ਸਤਾਰਾਂ ਦਿਨ ਮਗਰੋਂ ਮਰਨ ਵਾਲਾ ਸ਼ਹੀਦ ਕਿਵੇਂ ਹੋ ਗਿਆ? ਇਹ ਪ੍ਰਾਪੇਗੰਡਾ ਹਿੰਦੂ ਪ੍ਰੈਸ ਦੇ ਝੂਠ ਦਾ ਸੀ`

ਸ.ਕੰਵਲ ਇਸੇ ਕਿਤਾਬ ਵਿਚ ਇਕ ਥਾਂ ਹੋਰ ਲਿਖਦੇ ਹਨ :
ਇਕ ਵਾਰ ਲਾਜਪਤ ਰਾਏ ਦੇ ਸਾਥੀ ਮੋਹਨ ਲਾਲ ਨੇ ਮੈਨੂੰ ਪੁੱਛਿਆ, ‘ਤੂੰ ਤਾਂ ਕਮਿਊਨਿਸਟ ਐਂ, ਲਾਜਪਤ ਰਾਏ ਦਾ ਸ਼ਰਧਾਲੂ ਕਿਵੇਂ ਬਣ ਗਿਆ?` ‘'ਮੈਂ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ। ਨਾ ਹੀ ਕਿਸੇ ਦਾ ਸ਼ਰਧਾਲੂ ਆਂ, ਲੋਕਾਂ ਦੇ ਹਿੱਤ ਨਾਲ ਖਲੋਤਾ ਰਿਹਾ ਆਂ।’ ਮੈਂ ਸਪੱਸ਼ਟ ਜਵਾਬ ਮੋੜਿਆ। ‘ਮੈਂ ਤਾਂ ਦੇਸ਼ ਭਗਤਾਂ ਦੇ ਪਿੱਛੇ ਰਹੇ ਪਿੰਡ ਨੂੰ ਜਾਗਰਤ ਕਰਨ ਲਈ ਇਹ ਬੀੜਾ ਚੁੱਕਿਆ ਏ। ਕਿਉਂਕਿ ਫਿਰਕੂ ਤੇ ਮੁਤੱਸਬੀ ਸਰਕਾਰ ਗ਼ਦਰੀ ਬਾਬਿਆਂ ਦੇ ਨਾਂ `ਤੇ ਲੋਕਾਂ ਨੂੰ ਛੜਾਂ ਮਾਰਦੀ ਐ ਤੇ ਫਿਰਕੂ ਲਾਜਪਤ ਰਾਏ ਦੇ ਨਾਂ `ਤੇ ਦੁੱਧ ਦੀਆਂ ਧਾਰਾਂ ਦੇਂਦੀ ਐ। ਮੈਂ ਤਾਂ ਪਿੰਡ ਨੂੰ ਜਾਗਰਤ ਕਰਨ ਲਈ ਲਾਜਪਤ ਰਾਏ ਦੇ ਨਾਂ ਦੀ ਨੀਤੀ ਵਰਤੀ ਹੈ। ਊਂ ਮੈਨੂੰ ਚੱਜ ਨਾਲ ਪਤਾ ਹੈ ਕਿ ਲਾਜਪਤ ਰਾਏ ਕਾਂਗਰਸ ਛੱਡ ਕੇ ਫਿਰਕੂ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ ਸੀ। ਪਿੰਡ ਦੀ ਤਰੱਕੀ ਲਈ ਲਾਜਪਤ ਰਾਏ ਦਾ ਨਾਂ ਵਰਤਣ ਤੇ (ਗ਼ਦਰੀ) ਬਾਬਾ ਗੁਰਮੁਖ ਸਿੰਘ ਮੈਨੂੰ ਮੇਰੇ ਘਰ ਬੈਠਾ ਇਕ ਤਰ੍ਹਾਂ ਗਾਲ੍ਹਾਂ ਦੇ ਰਿਹਾ ਸੀ। ਬਾਪ ਵਰਗੇ ਬਾਬੇ ਦਾ ਮੈਂ ਗੁੱਸਾ ਨਹੀਂ ਕਰ ਸਕਦਾ ਸੀ। ਜੇ ਦੁਸ਼ਮਣ ਤੋਂ ਲੋਕ ਭਲੇ ਦਾ ਕੰਮ ਲੈ ਲਿਆ ਜਾਵੇ, ਨੀਤੀ ਸ਼ਾਸਤਰ ਇਸ ਨੂੰ ਮਾੜਾ ਨਹੀਂ ਸਮਝਦਾ। ਮੋਹਨ ਲਾਲ ਜੀ, ਦੁਸ਼ਮਣ ਦੇ ਹਥਿਆਰ ਨਾਲ ਵੈਰੀ ਮਾਰਿਆ ਜਾਵੇ; ਇਹ ਸਹੀ ਨੀਤੀ ਨਹੀਂ?
ਮੇਰੀ ਪੂਰੀ ਗੱਲ ਸੁਣ ਕੇ ਮੋਹਨ ਲਾਲ ਐਨਾ ਹੱਸਿਆ ਕਿ ਉਸ ਨੂੰ ਹੁੱਥੂ ਆ ਗਿਆ। (ਸਫ਼ਾ 125-126)

ਜਸਵੰਤ ਸਿੰਘ ਕੰਵਲ ਦੇ ਇਸ ਹਵਾਲੇ ਤੋਂ ਢੁਡੀਕੇ ਪਿੰਡ ਦੀ ਪੰਚਾਇਤ ਤੇ ਕੁੱਝ ਹੋਰਨਾਂ ‘ਜ਼ੋਸ਼ੀਲੇ ਦੇਸ਼ਭਗਤਾਂ’ ਵੱਲੋਂ ਬੱਬੂ ਮਾਨ ਦੇ ਖਿਲਾਫ਼ ਪਾਏ ਜਾ ਰਹੇ ਖਰੂਦ ਦੀ ਅਸਲੀਅਤ ਆਪਣੇ ਆਪ ਉਘੜ ਆਉਂਦੀ ਹੈ, ਕਿ ਉਨ੍ਹਾਂ ਲਈ ਪਿੰਡ ਦਾ ਵਿਕਾਸ ਇਤਿਹਾਸਕ ਸੱਚਾਈ ਨਾਲੋਂ ਵੱਧ ਮਹੱਤਵਪੂਰਨ ਹੈ! ਅਜਿਹੀ ਗਰਜ਼ਮੁਖੀ ਸੋਚ ਵਿਅਕਤੀਆਂ ਨੂੰ ਅਚੇਤ ਤੌਰ `ਤੇ ਹੀ ਅਨੈਤਿਕਤਾ ਦੇ ਕੁਰਾਹੇ ਪਾ ਦਿੰਦੀ ਹੈ।
ਲਾਲਾ ਲਾਜਪਤ ਰਾਏ ਦੇਸ਼ ਭਗਤ ਜਾਂ ਹਿੰਦੂ ਭਗਤ ?
ਲਾਲਾ ਲਾਜਪਤ ਰਾਏ ਬਾਰੇ ਪ੍ਰਸਿੱਧ ਹੈ ਕਿ ਉਹ ਇਕ ਉਚ ਕੋਟੀ ਦੇ ਦੇਸ਼ ਭਗਤ ਸਨ। ਸਕੂਲਾਂ, ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਵਿਚ ਇਹੀ ਲਿਖਿਆ ਹੁੰਦਾ ਹੈ। ਮੀਡੀਏ ਰਾਹੀਂ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਜੇ ਲਾਲੇ ਦੀਆਂ ਸਿਆਸੀ ਸਰਗਰਮੀਆਂ ਅਤੇ ਲਿਖਤਾਂ ਨੂੰ ਨੀਝ ਨਾਲ ਪੜ੍ਹਿਆ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਉਭਰਦੀ ਹੈ।
ਲਾਲਾ ਲਾਜਪਤ ਰਾਏ ਆਪਣੀ ਸਵੈ ਜੀਵਨੀ ਦੇ ਸਫ਼ਾ 80 `ਤੇ ਲਿਖਦੇ ਹਨ : ‘ਹਿੰਦੀ ਅਤੇ ਉਰਦੂ ਦੇ ਰੱਫੜ ਨੇ ਮੈਨੂੰ ਹਿੰਦੂ ਰਾਸ਼ਟਰਵਾਦ ਦਾ ਪਹਿਲਾ ਸ਼ਬਦ ਸਿਖਾਇਆ।’ ਇਸ ਤਰ੍ਹਾਂ ਇਥੇ ਉਹ ਭਾਰਤੀ ਰਾਸ਼ਟਰਵਾਦ ਦੀ ਨਹੀਂ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਹਨ। ਅਸੀਂ ਪਹਿਲਾਂ ਦੇਖ ਆਏ ਹਾਂ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਲਾਲਾ ਜੀ ਨੂੰ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਲਈ ਜਿੰਮੇਵਾਰ ਠਹਿਰਾਉਂਦੇ ਰਹੇ ਹਨ। ਲਾਲਾ ਜੀ ਲਈ ਸਵਰਾਜ ਨਾਲੋਂ ਹਿੰਦੂ ਹਿੱਤਾਂ ਦੀ ਰਾਖੀ ਵੱਧ ਮਹੱਤਵਪੂਰਨ ਸੀ। ਉਹ ਵਾਰ ਵਾਰ ਕਿਹਾ ਕਰਦੇ ਸਨ, ‘ਹਿੰਦੂਆਂ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਬਿਨਾਂ ਸਵਰਾਜ ਦਾ ਕੋਈ ਅਰਥ ਨਹੀਂ`
1927 ਨੂੰ ‘ਦ ਟ੍ਰਿਬਿਊਨ’ ਵਿਚ ਹੀ ਲਿਖੇ ਇਕ ਲੇਖ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਪਹਿਲਾਂ ਆਪਣੇ (ਹਿੰਦੂ) ਭਾਈਚਾਰੇ ਦੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਫਿਰ ਰਾਸ਼ਟਰ ਦਾ`
(ਪੰਜਾਬ ਪਾਸਟ ਐਂਡ ਪ੍ਰੈਜੈਂਟ, ਅਪ੍ਰੈਲ 1898, ਸਫ਼ਾ 191)
ਦੇਸ਼ ਨਾਲੋਂ ਹਿੰਦੂ ਹਿੱਤਾਂ ਨੂੰ ਪਹਿਲ ਦੇਣ ਦੇ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ ਲਾਲਾ ਲਾਜਪਤ ਰਾਏ ਕਾਂਗਰਸ ਨੂੰ ਛੱਡ ਕੇ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਬਣ ਗਏ ਸਨ। ਹਿੰਦੂ ਹਿੱਤਾਂ ਨੂੰ ਦੇਸ਼ ਦੇ ਹਿੱਤਾਂ ਨਾਲੋਂ ਪਹਿਲ ਦੇਣ ਵਾਲੇ ਨੂੰ ‘ਹਿੰਦੂ ਭਗਤ’ ਕਿਹਾ ਜਾਣਾ ਚਾਹੀਦਾ ਹੈ ਜਾਂ ‘ਦੇਸ਼ ਭਗਤ’, ਇਸ ਦਾ ਫੈਸਲਾ ਪਾਠਕ ਆਪ ਹੀ ਕਰ ਲੈਣ।

20ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਨੂੰ ਇਕ ਪੱਖੋਂ ਭਾਸ਼ਾ ਦੇ ਮਾਮਲੇ ਤੇ ਰੱਫੜਾਂ ਦਾ ਇਤਿਹਾਸ ਵੀ ਕਿਹਾ ਜਾ ਸਕਦਾ ਹੈ। ਲਾਲਾ ਲਾਜਪਤ ਰਾਏ ਨੇ ਪੰਜਾਬੀ ਹਿੰਦੂਆਂ ਨੂੰ ਹਿੰਦੀ ਨਾਲ ਜੋੜਨ ਲਈ ਬਹੁਤ ਜੋਰ ਮਾਰਿਆ। ਉਨ੍ਹਾਂ ਨੇ ਲਿਖਿਆ ਹੈ : ‘ਮੇਰੇ ਮਾਪਿਆਂ ਨੇ ਜਿਹੜੀ ਮੈਨੂੰ ਸਿੱਖਿਆ ਦਿੱਤੀ ਸੀ, ਉਹ ਮੰਗ ਕਰਦੀ ਹੈ ਕਿ ਮੈਂ ਉਰਦੂ ਦਾ ਪੱਖ ਲਵਾਂ...। ਮੈਂ ਫਾਰਸੀ ਨੂੰ ਪੜ੍ਹਨ `ਤੇ ਕਈ ਸਾਲ ਲਾਏ ਅਤੇ ਉਰਦੂ ਸਾਹਿਤ ਨਾਲ ਮੇਰੀ ਚੰਗੀ ਵਾਕਫ਼ੀ ਸੀ। ਹਿੰਦੀ ਦਾ ਤਾਂ ਮੈਨੂੰ ਕਾ ਖਾ ਵੀ ਨਹੀਂ ਸੀ ਆਉਂਦਾ। ਪਰ ਜਦੋਂ ਮੈਨੂੰ ਇਹ ਗੱਲ ਜਚ ਗਈ ਕਿ ਸਿਆਸੀ ਇਕਮੁੱਠਤਾ (Political solidarity) ਮੰਗ ਕਰਦੀ ਹੈ ਕਿ ਹਿੰਦੀ ਅਤੇ ਦੇਵਨਗਰੀ ਦਾ ਪਸਾਰ ਕੀਤਾ ਜਾਵੇ ਤਾਂ ਮੈਂ... ਹਿੰਦੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਕੰਮ ਲਈ ਮੈਂ ਅੰਬਾਲੇ ਗਿਆ ਅਤੇ ਹਿੰਦੀ ਦੀ ਵਕਾਲਤ ਕਰਦਿਆਂ... ਪਬਲਿਕ ਵਿਚ ਭਾਸ਼ਨ ਦਿੱਤਾ, ਉਸ ਸਮੇਂ ਵੀ ਮੈਨੂੰ ਹਿੰਦੀ ਦੀ ਕੋਈ ਜਾਣਕਾਰੀ ਨਹੀਂ ਸੀ।` (Story of My Life, P.80)
ਲਾਲਾ ਜੀ ਅਤੇ ਉਸ ਦੀ ਜਥੇਬੰਦੀ ਆਰੀਆ ਸਮਾਜ ਨੇ ਹਿੰਦੀ ਦੇ ਪੱਖ ਵਿਚ ਪ੍ਰਚਾਰ ਕਰਕੇ ਪੰਜਾਬ ਵਿਚ ਜਿਹੇ ਜਹੇ ਕੰਡੇ ਬੀਜ ਦਿੱਤੇ ਸਨ, ਉਸ ਬਾਰੇ ਪਾਠਕ ਭਲੀਭਾਂਤ ਜਾਣਦੇ ਹਨ। ਇਸ ਬਾਰੇ ਵਿਸਥਾਰ ਵਿਚ ਜਾਣ ਦੀ ਬਹੁਤ ਲੋੜ ਨਹੀਂ ਜਾਪਦੀ।

ਇਤਿਹਾਸ ਨੂੰ ਵਿਗਾੜਨ ਦਾ ਕੁਕਰਮ : ਦੋ ਉਘੜਵੇਂ ਨਮੂਨੇ
ਅਸੀਂ ਦੇਖ ਲਿਆ ਹੈ ਕਿ ਇਤਿਹਾਸ ਦੇ ਪ੍ਰਮਾਣਿਕ ਸੋਮਿਆਂ ਤੋਂ ਇਹ ਗੱਲ ਮੁਕੰਮਲ ਤੌਰ `ਤੇ ਸਾਬਤ ਹੋ ਜਾਂਦੀ ਹੈ ਕਿ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਨਾਲ ਲਾਲਾ ਲਾਜਪਤ ਰਾਏ ਦੇ ਸਿਰ ਤੇ ਤਾਣੀ ਛਤਰੀ ਮਚਕੋੜੀ ਗਈ ਸੀ ਅਤੇ ਇਸ ਦੇ ਨਾਲ ਹੀ ਪੁਲਸ ਅਫਸਰ ਦੇ ਡੰਡੇ ਦੀਆਂ ਸੱਟਾਂ ਨਾਲ ਉਸ ਦੇ ਮੋਢੇ ਤੇ ਸੀਨੇ ਉਤੇ ਵੀ ਦੋ ਮਮੂਲੀ ਜਿਹੇ ਜ਼ਖ਼ਮ ਹੋ ਗਏ ਸਨ, ਜਿਨ੍ਹਾਂ ਨੂੰ ਝਰੀਟਾਂ (bruises) ਕਹਿਣਾ ਵੱਧ ਠੀਕ ਹੈ। ਪਰ ਲਾਲਾ ਲਾਜਪਤ ਰਾਏ ਨੂੰ ਹੀਰੋ ਤੇ ‘ਸ਼ਹੀਦ’ ਬਣਾ ਕੇ ਪੇਸ਼ ਕਰਨ ਲਈ ਬਿਹਵਲ ਲੇਖਕਾਂ ਨੇ ਇਸ ਇਤਿਹਾਸਕ ਤੱਥ ਨੂੰ, ਗਿਣੇ ਮਿਥੇ ਰੂਪ ਵਿਚ, ਕਿੰਨਾ ਤੋੜ ਮਰੋੜ ਕੇ ਤੇ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ, ਨਾਮਵਰ ਪੰਜਾਬੀ ਪੱਤਰਕਾਰ ਕੁਲਦੀਪ ਨਈਅਰ ਦੀ ‘ਇਤਿਹਾਸਕ’ ਰਚਨਾ ਇਸ ਦਾ ਸਭ ਤੋਂ ਭੱਦਾ ਨਮੂਨਾ ਹੈ। ਖਾੜਕੂ ਸਿੱਖ ਸੰਘਰਸ਼ ਦੇ ਦੋ ਗੌਰਵਮਈ ਸ਼ਹੀਦਾਂ-ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ-ਵੱਲੋਂ ਕੁਲਦੀਪ ਨਈਅਰ ਨੂੰ ਲਿਖੇ ਗਏ ਇਕ ਪੱਤਰ ਦੇ ਜੁਆਬ ਵਿਚ ਨਈਅਰ ਸਾਹਿਬ ਨੇ ਸ਼ਹੀਦ ਭਗਤ ਸਿੰਘ ਬਾਰੇ ਅੰਗਰੇਜ਼ੀ ਵਿਚ ਇਕ ਪੂਰੀ ਕਿਤਾਬ ( The Martyr Bhagat Singh-Experiments and Revolution) ਲਿਖ ਮਾਰੀ ਸੀ, ਜਿਸ ਨੂੰ ‘ਅਜੀਤ’ ਅਖਬਾਰ ਨੇ ਪੰਜਾਬੀ ਵਿਚ ਤਰਜਮਾ ਕਰਕੇ ਪੂਰੀ ਦੀ ਪੂਰੀ ਲੜੀਵਾਰ ਛਾਪਿਆ ਸੀ। ਇਸ ਕਿਤਾਬ ਵਿਚ ਕੁਲਦੀਪ ਨਈਅਰ ਨੇ ਲਾਲੇ ਨੂੰ ਵੱਜੇ ਦੋ ਮਾਮੂਲੀ ਡੰਡਿਆਂ ਦੇ ਤੱਥ ਨੂੰ ਵਧਾ ਕੇ ‘ਵਹਿਸ਼ੀਆਨਾ ਲਾਠੀਚਾਰਜ’ ਦਾ ਨਾਉਂ ਦੇ ਦਿੱਤਾ ਸੀ ਅਤੇ ਨਾਲ ਹੀ ਲਾਲਾ ਜੀ ਦੇ ‘ਲਹੂ-ਲੁਹਾਣ’ ਤੇ ‘ਬੇਹੋਸ’਼ ਹੋ ਜਾਣ ਦੀ ਮਨਘੜਤ ਕਹਾਣੀ ਵੀ ਜੋੜ ਦਿਤੀ ਸੀ। ਕੁਲਦੀਪ ਨਈਅਰ ਦੇ ਲਿਖਣ ਅਨੁਸਾਰ ਵਰ੍ਹਦੀਆਂ ਲਾਠੀਆਂ ਦੀ ਮਾਰ ਨਾਲ ਡਿੱਗੇ ਪਏ ਲਾਲਾ ਜੀ ਨੇ ਬੇਹੋਸ਼ ਹੋਣ ਤੋਂ ਪਹਿਲਾਂ ਗਰਜ਼ ਕੇ ਕਿਹਾ ਸੀ ਕਿ ਮੇਰੇ ਜਿਸਮ ਉਤੇ ਵੱਜੀ ਇਕ ਇਕ ਲਾਠੀ ਅੰਗਰੇਜ਼ ਸਰਕਾਰ ਦੇ ਕਫ਼ਨ ਵਿਚ ਕਿੱਲ ਸਾਬਤ ਹੋਵੇਗੀ। (ਦੇਖੋ ਸਫੇ 33-34) ਐਨਾ ਨੰਗਾ ਚਿੱਟਾ ਝੂਠ ਬੋਲਣ ਵੇਲੇ ਬਜ਼ੁਰਗ ਪੱਤਰਕਾਰ ਨੂੰ ਇਹ ਵੀ ਚੇਤੇ ਨਾ ਰਿਹਾ ਕਿ ‘ਕਫ਼ਨ ਵਿਚ ਕਿੱਲ’ ਵਾਲੀ ਗੱਲ ਤਾਂ ਲਾਲੇ ਨੇ ਲਾਠੀਚਾਰਜ ਦੀ ਘਟਨਾ ਤੋਂ ਕਈ ਘੰਟੇ ਬਾਅਦ ਉਸੇ ਦਿਨ ਸ਼ਾਮ ਨੂੰ ਇਕ ਰੋਸ ਜਲਸੇ ਨੂੰ ਸੰਬੋਧਨ ਕਰਦਿਆਂ ਕਹੀ ਸੀ। ਐਨਾ ਨੰਗਾ ਚਿੱਟਾ ਝੂਠ ਬੋਲਣ ਲਈ ਜਿਥੇ ਕੁਲਦੀਪ ਨਈਅਰ ਦੀ ‘ਦਲੇਰੀ’ ਦੀ ਦਾਦ ਦੇਣੀ ਬਣਦੀ ਹੈ, ਉਥੇ ਨਾਲ ਹੀ ਪੰਜਾਬੀ ਦੇ ਦਾਨਸ਼ਵਰ ਵਰਗ ਦੇ ‘ਹਾਜ਼ਮੇ’ ਉਤੋਂ ਵੀ ਅਸ਼ਕੇ ਜਾਣ ਨੂੰ ਚਿੱਤ ਕਰਦਾ ਹੈ, ਜਿਸ ਨੇਂ ਇਸ ਬੱਜਰ ਝੂਠ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਸੱਤ ਵਚਨ ਕਹਿਕੇ ਪਰਵਾਨ ਕਰ ਲਿਆ ਅਤੇ ਇਸ ਬੌਧਿਕ ਕੁਕਰਮ ਦੇ ਖਿਲਾਫ਼ ਉਂਗਲ ਖੜ੍ਹੀ ਕਰਨ ਦੀ ਕੋਈ ਲੋੜ ਮਹਿਸੂਸ ਨਾ ਕੀਤੀ।

ਖੈਰ ਕੁਲਦੀਪ ਨਈਅਰ ਵਰਗੇ ਵਿਅਕਤੀ ਵੱਲੋਂ ਅਜਿਹੀ ਹੋਛੀ ਤੇ ਗੈਰ-ਜੁੰਮੇਵਾਰ ਹਰਕਤ ਕਰਨਾ ਬਹੁਤੀ ਓਪਰੀ ਗੱਲ ਨਹੀਂ। ਅਜਿਹੇ ਮਨਘੜਤ ਝੂਠ ਬੋਲਣਾ ਉਹ ਆਪਣਾ ‘ਰਾਸ਼ਟਰਵਾਦੀ ਧਰਮ’ ਸਮਝਦਾ ਹੈ। ਇਸ ਦਾ ਸਬੂਤ ਉਸ ਵੱਲੋਂ 1971 ਦੀ ਹਿੰਦ-ਪਾਕਿ ਜੰਗ ਨਾਲ ਸਬੰਧਤ ਲਿਖੀਆਂ ਯਾਦਾਂ ਤੋਂ ਮਿਲ ਜਾਂਦਾ ਹੈ, ਜਿਥੇ ਉਹ ਰਾਸ਼ਟਰ ਦੀ ਸੇਵਾ ਲਈ ਝੂਠ ਬੋਲਣ ਦੇ ਤੱਥ ਦਾ ਖੁਲ੍ਹੇਆਮ ਇਕਬਾਲ ਕਰਦਾ ਹੈ। (ਦੇਖੋ ‘ਅਜੀਤ’ ) ਪਰ ਮੈਨੂੰ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਦੀ ਇਕ ਲਿਖਤ ਪੜ੍ਹ ਕੇ ਬਹੁਤ ਦੁੱਖ ਵੀ ਹੋਇਆ ਤੇ ਹੈਰਾਨੀ ਵੀ ਹੋਈ ਕਿ ਕਿਵੇਂ ਰਾਸ਼ਟਰਵਾਦ ਦਾ ਜਨੂੰਨ ਉਸ ਵਰਗੇ ਜ਼ਹੀਨ ਵਿਅਕਤੀ ਨੂੰ ਵੀ ਗਿਣਿਆ ਮਿਥਿਆ ਝੂਠ ਬੋਲਣ ਲਈ ਉਤੇਜਿਤ ਕਰ ਦਿੰਦਾ ਹੈ। ਉਨ੍ਹਾਂ ਨੇ ਆਪਣੀ ਇਕ ਪ੍ਰਸਿੱਧ ਕਿਤਾਬ- ਭਗਤ ਸਿੰਘ ਅਮਰ ਵਿਦਰੋਹੀ- ਵਿਚ ਲਾਲਾ ਲਾਜਪਤ ਰਾਏ ਉਤੇ ਹੋਏ ਲਾਠੀਚਾਰਜ ਦੀ ਘਟਨਾ ਦਾ ਵੇਰਵਾ ਸ਼ਹੀਦ ਭਗਤ ਸਿੰਘ ਦੇ ਸਾਥੀ ਯਸ਼ਪਾਲ ਦੀ ਹਿੰਦੀ ਵਿਚ ਲਿਖੀ ਇਕ ਲਿਖਤ ਦੇ ਹਵਾਲੇ ਨਾਲ ਦਿਤਾ ਹੈ। ਪਰ ਪ੍ਰੋ: ਸਾਹਿਬ ਨੇ ਹਿੰਦੀ ਵਿਚੋਂ ਪੰਜਾਬੀ ਵਿਚ ਤਰਜਮਾ ਕਰਨ ਵੇਲੇ ਤੱਥਾਂ ਦਾ ਮੂੰਹ-ਮੱਥਾ ਹੀ ਵਿਗਾੜ ਦਿਤਾ ਹੈ। ਯਸ਼ਪਾਲ ਲਿਖਦਾ ਹੈ ਕਿ ‘ਡੀ ਐਸ ਪੀ ਸਾਂਡਰਸ ..... ਦੀ ਇਕ ਲਾਠੀ ਨਾਲ ਲਾਲਾ ਜੀ ਦੇ ਸਿਰ ਉਪਰ ਤਾਣੀ ਹੋਈ ਛਤਰੀ ਟੁੱਟ ਗਈ ਅਤੇ ਉਨ੍ਹਾਂ ਦੇ ਕੰਧੇ ਉਪਰ ਚੋਟ ਲੱਗੀ। ਨੌਜਵਾਨ ਸਾਥੀ ਅਜੇ ਵੀ ਲਾਲਾ ਜੀ ਨੂੰ ਘੇਰੇ ਵਿਚ ਲੈ ਕੇ ਡਟੇ ਰਹਿਣ ਨੂੰ ਤਿਆਰ ਸਨ, ਪ੍ਰੰਤੂ ਚੋਟ ਲੱਗਣ ਤੋਂ ਬਾਅਦ ਲਾਲਾ ਜੀ ਨੇ ਹੁਕਮ ਦੇ ਦਿੱਤਾ, ਪੁਲਿਸ ਦੀ ਇਸ ਜਾਲਮਾਨਾ ਹਰਕਤ ਦੇ ਖਿਲਾਫ਼ ਮੁਜ਼ਾਹਰੇ ਨੂੰ ਮੁਅੱਤਲ ਕਰ ਦਿੱਤਾ ਜਾਵੇ।` ਹੁਣ ਦੇਖੋ ਪ੍ਰੋ: ਸਾਹਿਬ ਇਸ ਗੱਲ ਨੂੰ ਕਿਵੇਂ ਪੇਸ਼ ਕਰਦੇ ਹਨ। ਉਹ ਲਿਖਦੇ ਹਨ: ‘ਏ ਐਸ ਪੀ ਸਾਂਡਰਸ ਨੇ ਨਾ ਸਿਰਫ ਆਪਣੇ ਸਿਪਾਹੀਆਂ ਨੂੰ ਲਾਠੀਆਂ ਵਰਸਾਉਣ ਲਈ ਹੀ ਉਕਸਾਇਆ, ਸਗੋਂ ਉਹ ਆਪ ਵੀ ਹੱਥ ਵਿਚ ਡੰਡਾ ਲੈ ਕੇ ਵਾਰ ਕਰਨ ਲੱਗ ਪਿਆ। ਫਿਰ ਇਕ ਡੰਡਾ ਲਾਲਾ ਜੀ ਦੇ ਸਿਰ ਉਪਰ ਲੱਗਿਆ, ਜਿਹੜਾ ਛਤਰੀ ਨੂੰ ਤੋੜਦਾ ਹੋਇਆ ਉਨ੍ਹਾਂ ਦੀ ਛਾਤੀ ਵਿਚ ਜਾ ਵੱਜਾ’। ਲਾਲਾ ਜੀ ਦੇ ‘ਸਿਰ ਉਤੇ ਡੰਡਾ’ ਵੱਜਣ ਵਾਲੀ ਗੱਲ ਯਸ਼ਪਾਲ ਜੀ ਨੇ ਕਿਤੇ ਵੀ ਨਹੀਂ ਲਿਖੀ। ਪ੍ਰੋ ਸਾਹਿਬ ਨੇ ਆਪਣੇ ਆਪ ਹੀ ਮਾਮੂਲੀ ਜ਼ਖ਼ਮ ਨੂੰ ‘ਗਹਿਰਾ ਜ਼ਖ਼ਮ’ ਬਣਾ ਦਿਤਾ ਅਤੇ ਇਸ ਨੂੰ ਪ੍ਰਮਾਣੀਕ ਬਨਾਉਣ ਲਈ ਇਸ ਨੂੰ ਧੱਕੇ ਨਾਲ ਹੀ ‘ਯਸ਼ਪਾਲ ਵੱਲੋਂ ਦਰਜ ਕੀਤੇ ਵਿਵਰਣ’ ਦੇ ਖਾਤੇ ਵਿਚ ਪਾ ਦਿਤਾ। (ਦੇਖੋ ਸਫਾ 77) ਆਪਣੀ ਕਿਤਾਬ ਵਿਚ ਲਾਲਾ ਜੀ ਦੇ ਜ਼ਖ਼ਮਾਂ ਦੀ ਤਸਵੀਰ ਛਾਪਣ ਵੇਲੇ ਪ੍ਰੋ: ਸਾਹਿਬ ਨੇ ਜ਼ਖ਼ਮਾ ਦਾ ਵੱਧ ਗੰਭੀਰ ਪਰਭਾਵ ਦੇਣ ਲਈ, ਤਸਵੀਰ ਵਿਚ ਸਾਫ ਦਿਖਾਈ ਦਿੰਦੀਆਂ ਝਰੀਟਾਂ ਨੂੰ ‘ਫੱਟ’ ਕਹਿਣ ਦੀ ਅਤਿਕਥਨੀ ਤੋਂ ਗੁਰੇਜ਼ ਨਾ ਕੀਤਾ, ਜਦੋਂ ਕਿ ਕਾਬਲ ਵਕੀਲ ਹੋਣ ਦੇ ਨਾਤੇ ਉਹ ‘ਫੱਟ’ ਲਫ਼ਜ਼ ਦੇ ਅਰਥਾਂ ਤੋਂ ਅਨਜਾਣ ਨਹੀਂ ਹਨ।

ਲਾਲਾ ਲਾਜਪਤ ਰਾਏ ਦਾ ਮੁਆਫ਼ੀਨਾਮਾ-ਮਾਂਡਲੇ ਜੇਲ੍ਹ ਤੋਂ ਲਿਖੇ ਦੋ ਪੱਤਰ
ਇਹ ਦੋਵੇਂ ਪੱਤਰ ਪ੍ਰਸਿੱਧ ਖੋਜੀ (ਮਰਹੂਮ) ਭਾਈ ਨਾਹਰ ਸਿੰਘ ਐਮ ਏ ਨੇ ਲੱਭੇ ਸਨ ਤੇ ਦਿੱਲੀ ਤੋਂ ਛਪਦੇ ਰਹੇ ‘ਆਰਸੀ’ ਨਾਂ ਦੇ ਪ੍ਰਸਿੱਧ ਮਾਸਕ ਰਸਾਲੇ ਨੇ ਆਪਣੇ ਫਰਵਰੀ 1969 ਦੇ ਅੰਕ ਵਿਚ ਛਾਪੇ ਸਨ। ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੱਤਿਆ ਐਮ ਰਾਏ ਨੇ ਇਨ੍ਹਾਂ ਪੱਤਰਾਂ ਬਾਰੇ ਪ੍ਰਸਿੱਧ ਗ਼ਦਰੀ ਬਾਬੇ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਲਹਿਰ ਨਾਲ ਗ਼ਦਾਰੀ ਅਤੇ ਨੰਗਾ ਚਿੱਟਾ ਮੁਆਫ਼ੀਨਾਮਾ ਕਰਾਰ ਦਿੱਤਾ ਸੀ। ਸ. ਅਜੀਤ ਸਿੰਘ (ਚਾਚਾ ਸ. ਭਗਤ ਸਿੰਘ) ਨੇ ਵੀ ਲਾਲਾ ਲਾਜਪਤ ਰਾਏ ਵੱਲੋਂ ਲਿਖੇ ਗਏ ਇਨ੍ਹਾਂ ਪੱਤਰਾਂ ਦਾ ਬਹੁਤ ਬੁਰਾ ਮਨਾਇਆ ਸੀ। ਇਨ੍ਹਾਂ ਪੱਤਰਾਂ ਦੀ ਪੂਰੀ ਇਬਾਰਤ ਇਸ ਤਰ੍ਹਾਂ ਹੈ:
ਸੇਵਾ ਵਿਖੇ,
ਹਿਜ਼ ਐਕਸੀਲੈਂਸੀ ਵਾਇਸਰਾਏ
ਤੇ ਗਵਰਨਰ ਜਨਰਲ ਆਫ਼ ਇੰਡੀਆ
ਤੇ ਅਧੀਨ ਦੇਸ


ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ
: ਤੁਹਾਡਾ ਨਿਮਾਨਾ ਫਰਿਆਦੀ ਇਕ ਸਰਕਾਰੀ ਕੈਦੀ ਹੈ, ਜੋ ਮਾਂਡਲੇ (ਅਪਰ ਬਰਮਾ) ਦੇ ਕਿਲ੍ਹੇ ਵਿਚ ਬੰਦੀ ਹੈ, ਜਿਸ ਨੂੰ ਲਾਹੌਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਤੁਹਾਡੇ ਹੁਕਮ ਨਾਲ ਜਲਾਵਤਨ ਕਰ ਕੇ ਇਸ ਥਾਂ ਭੇਜਿਆ ਗਿਆ। ਇਹ ਹੁਕਮ ਹਜ਼ੂਰ ਦੇ ਅਧਿਕਾਰ ਹੇਠ 7 ਮਈ 1907 ਨੂੰ ਕੱਢਿਆ ਗਿਆ।
ਤੁਹਾਡੇ ਇਸ ਫਰਿਆਦੀ ਨੂੰ ਨਾ ਤਾਂ ਉਦੋਂ ਅਤੇ ਨਾ ਹੀ ਹੁਣ ਤੱਕ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਵੱਲੋਂ ਕਾਰਵਾਈ ਕੀਤੀ ਗਈ, ਦੇ ਸੁਭਾਵ ਤੇ ਵੇਰਵੇ ਬਾਰੇ ਦੱਸਿਆ ਗਿਆ।
ਤੁਹਾਡਾ ਇਹ ਫਰਿਆਦੀ ਕਦੇ ਵੀ ਅਜਿਹਾ ਕੁਝ ਕਰਨ ਲਈ ਤਾਂਘ ਨਹੀਂ ਸੀ ਰੱਖਦਾ, ਜਿਸ ਦਾ ਉਦੇਸ਼ ਭਾਰਤ ਦੇ ਸ਼ਹਿਨਸ਼ਾਹ ਦੀ ਸਲਤਨਤ ਦੇ ਕਿਸੇ ਹਿੱਸੇ ਦੇ ਵਿਰੁੱਧ ਹੁੱਲੜ ਮਚਾਣਾ ਹੋਵੇ। ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ, ਪਰ ਜ਼ੋਰ ਨਾਲ ਤਰਦੀਦ ਕਰਦਾ ਹੈ ਕਿ ਉਸ ਨੇ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਸਦਕਾ ਇਹ ਧਾਰਾ ਉਸ ਵਿਰੁੱਧ ਲਾਗੂ ਹੋ ਸਕਦੀ ਹੋਵੇ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਤਰਦੀਦ ਕਰਦਾ ਹੈ ਕਿ ਉਸ ਦੇ ਗ੍ਰਿਫਤਾਰ ਕਰਨ ਦੇ ਸਮੇਂ ਜਾਂ ਉਸ ਤੋਂ ਕੁਝ ਪਹਿਲਾਂ ਜਾਂ ਫਿਰ ਕੁਝ ਪਿੱਛੋਂ, ਕਦੇ ਵੀ, ਬਾਦਸ਼ਾਹ ਸਲਾਮਤ ਦੀ ਹਿੰਦੁਸਤਾਨ ਦੇ ਸਲਤਨਤ ਦੇ ਕਿਸੇ ਹਿੱਸੇ ਵਿਚ ਕਿਸੇ ਭਾਂਤ ਦਾ ਉਚਿਤ ਸੰਸਾ ਨਹੀਂ ਸੀ, ਜਿਸ ਤੋਂ ਬਚਾਓ ਲਈ ਤੁਹਾਡੇ ਇਸ ਫਰਿਆਦੀ ਦੀ ਗ੍ਰਿਫਤਾਰੀ ਤੇ ਜਲਾਵਤਨੀ ਜ਼ਰੂਰੀ ਜਾਂ ਦਲੀਲ ਪੂਰਬਕ ਹੋਵੇ।
ਤੁਹਾਡੇ ਇਸ ਫਰਿਆਦੀ ਦਾ ਯਕੀਨ ਹੈ ਕਿ ਉਹ ਦੁਸ਼ਮਣਾਂ ਵੱਲੋਂ ਪਹੁੰਚਾਈ ਗਈ ਝੂਠੀ ਤੇ ਮੰਦਭਾਵਨਾ ਵਾਲੀ ਜਾਣਕਾਰੀ ਦਾ ਸ਼ਿਕਾਰ ਬਣਿਆ ਰਿਹਾ ਹੈ ਤੇ ਬਣਿਆ ਹੋਇਆ ਹੈ। ਜਾਂ ਫਿਰ ਉਸ ਵਿਰੁੱਧ ਰਿਪੋਰਟਾਂ ਪੱਖਪਾਤੀ ਜਾਂ ਗ਼ਲਤਫਹਿਮੀ ਵਿਚ ਪਏ ਅਧਿਕਾਰੀਆਂ ਦੇ ਕਿਸੇ ਭੁਲੇਖੇ ਜਾਂ ਸੰਸੇ `ਤੇ ਆਧਾਰਤ ਹਨ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਅਰਜ਼ ਕਰਦਾ ਹੈ ਕਿ ਇਨਸਾਫ਼ ਤੇ ਹਕ-ਨਿਆਂ ਦੇ ਨਾਂ ਉੱਤੇ ਉਸ ਨੂੰ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਹਜ਼ੂਰ ਦੇ ਵਿਚਾਰ ਗੋਚਰੇ ਆਪਣਾ ਪੱਖ ਰੱਖ ਸਕੇ।
ਤੁਹਾਡਾ ਇਹ ਫਰਿਆਦੀ ਹਮੇਸ਼ਾ ਹੀ ਆਪਣੇ ਨਿਮਾਣੇ ਜਿਹੇ ਢੰਗ ਨਾਲ ਸਦਾ ਸ਼ਾਂਤਮਈ ਕੰਮਾਂ ਵਿਚ ਰੁਝਿਆ ਰਿਹਾ ਹੈ ਅਤੇ ਆਪਣੇ ਵਸੀਲਿਆਂ ਤੇ ਗਿਆਨ ਅਨੁਸਾਰ ਵਿਭਿੰਨ ਢੰਗਾਂ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਦਾ ਰਿਹਾ ਹੈ, ਜਿਹਾ ਕਿ ਸਿਖ਼ਸ਼ਾ ਨੂੰ ਫੈਲਾਣ ਦਾ ਕੰਮ, ਯਤੀਮਾਂ ਜਾਂ ਵਿਧਵਾਵਾਂ ਦੀ ਸਹਾਇਤਾ ਲਈ ਦਾਨ ਇਕੱਤਰ ਕਰਨਾ, ਕਾਲ ਦੇ ਸਮੇਂ ਕਾਲ ਪੀੜਤਾਂ ਲਈ ਦਾਨ ਇਕੱਠਾ ਕਰਨਾ ਤੇ ਵੰਡਣਾ ਅਤੇ 1905 ਦੇ ਭੂਚਾਲ ਸਮੇਂ ਬਣੀ ਵੱਡੀ ਭੀੜ ਵੇਲੇ ਲੋਕਾਂ ਨੂੰ ਸਹਾਇਤਾ ਦੇਣੀ। ਤਿੰਨ ਸਾਲਾਂ ਦੇ ਸਮੇਂ ਤੱਕ ਉਹ ਪੰਜਾਬ ਦੇ ਇਕ ਨਗਰ ਵਿਚ ਮਿਊਂਸਪਲ ਕਮਿਸ਼ਨਰ ਰਿਹਾ। ਪਿਛਲੇ 25 ਸਾਲਾਂ ਦੇ ਲੰਮੇ ਸਮੇਂ ਵਿਚ ਉਸ `ਤੇ ਕਦੇ ਵੀ ਹਿਜ਼ ਮੈਜਸਟੀ ਦੀ ਸਰਕਾਰ ਵਿਰੁੱਧ ਕਿਸੇ ਤਰ੍ਹਾਂ ਦੇ ਕੋਈ ਵੀ ਕੰਮ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਜਾਂ ਸੰਦੇਹ ਨਹੀਂ ਕੀਤਾ ਗਿਆ। ਤੁਹਾਡੇ ਇਸ ਫਰਿਆਦੀ ਵਰਗੀ ਨਿਮਾਣੀ ਥਾਂ-ਥਿਤ ਵਾਲੇ ਸ਼ਖਸ ਲਈ ਇਸ ਤਰ੍ਰਾਂ ਇਕ ਦਮ ਆਪਣੇ ਪ੍ਰਵਾਰ ਤੋਂ ਵੱਖ ਹੋ ਜਾਣ ਅਤੇ ਆਪਣੇ ਰੁਜ਼ਗਾਰ ਦੇ ਵਸੀਲਿਆਂ ਤੋਂ ਵਾਂਝੇ ਜਾਣ ਨਾਲ ਬੜੀ ਦੁਖਦਾਈ ਅਵਸਥਾ ਵਿਚੋਂ ਲੰਘਣਾ ਪੈ ਰਿਹਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਸ ਨਾਲ ਕਿਉਂ ਇਉਂ ਹੋਇਆ ਤੇ ਫਿਰ ਉਸ ਨੂੰ ਜਵਾਬ ਦੇਹੀ ਦਾ ਮੌਕਾ ਨਹੀਂ ਦਿੱਤਾ ਗਿਆ। ਤੁਹਾਡਾ ਇਹ ਫਰਿਆਦੀ ਤਾਂ ਅਸਾਧ ਅਪਚ ਦਾ ਰੋਗੀ ਹੈ, ਉਸ ਦਾ ਜਿਗਰ ਅਤੇ ਮੇਹਦਾ ਖਰਾਬ ਰਹਿੰਦਾ ਹੈ, ਤਿਲੀ ਵਧੀ ਹੋਈ ਹੈ ਅਤੇ ਉਸ ਨੂੰ ਯਰਕਾਨ ਵੀ ਹੋ ਜਾਂਦਾ ਹੈ ਤੇ ਉਹ ਕਈ ਕਈ ਮਹੀਨੇ ਨਿਸੱਤਾ ਹੋ ਕੇ ਪਿਆ ਰਹਿੰਦਾ ਹੈ, ਇਹ ਇਕ ਅਜਿਹੀ ਸਚਾਈ ਹੈ ਜਿਸ ਦੀ ਤਸੱਲੀ ਲਾਹੌਰ ਵਿਚ ਉਸ ਦੇ ਇਲਾਜ ਕਰਦੇ ਡਾਕਟਰਾਂ ਤੋਂ ਕੀਤੀ ਜਾ ਸਕਦੀ ਹੈ। ਤੁਹਾਡਾ ਇਹ ਫਰਿਆਦੀ ਇਸ ਸਮੇਂ ਉਨੀਂਦਰੇ ਦੀ ਬੀਮਾਰੀ ਦਾ ਸ਼ਿਕਾਰ ਹੈ। ਇਕ ਓਪਰੇ ਦੇਸ਼ ਵਿਚ ਲੰਮੇ ਸਮੇਂ ਤੱਕ ਦੀ ਕੈਦ, ਤੇ ਇਕ ਅਜਿਹੇ ਜਲਵਾਯੂ ਵਿਚ ਜੋ ਉਸ ਲਈ ਓਪਰੀ ਹੈ ਤੇ ਜਿਥੇ ਕਸਰਤ ਲਈ ਚੋਖੇ ਮੌਕੇ ਨਹੀਂ, ਜਿਥੇ ਘਰ ਦੀਆਂ ਸਹੂਲਤਾਂ ਨਹੀਂ, ਅਜਿਹੇ ਜੀਵਨ ਦੀ ਸੁੰਞ ਤੇ ਅਕਾ ਦੇਣ ਵਾਲੀ ਇਕਸਾਰਤਾ ਸੇੇਹਤ `ਤੇ ਕਾਫ਼ੀ ਬੁਰਾ ਅਸਰ ਪਾ ਰਹੀ ਹੈ। ਤੁਹਾਡਾ ਇਹ ਫਰਿਆਦੀ ਅਰਜ਼ ਗੁਜ਼ਾਰਦਾ ਹੈ ਕਿ ਹਿਜ਼ ਐਕਸੀਲੈਂਸੀ ਇਨ ਕੌਂਸਲ ਉਸ ਦੀ ਰਿਹਾਈ ਦਾ ਹੁਕਮ ਦੇਣ, ਜਾਂ ਉਸ ਵਿਰੁੱਧ ਲਗਾਏ ਗਏ ਦੂਸ਼ਣ ਜਾਂ ਦੂਸ਼ਣਾਂ ਤੋਂ ਉਸ ਨੂੰ ਜਾਣੂ ਕਰਾਣ, ਜੇ ਕਿਸੇ ਕਾਰਨ ਹਜ਼ੂਰ ਮੇਰੀ ਇਹ ਨਿਮਾਣੀ ਅਰਜ਼ ਪ੍ਰਵਾਨ ਨਾ ਕਰ ਸਕਦੇ ਹੋਣ, ਤਾਂ ਹਜੂਰ ਕ੍ਰਿਪਾ ਕਰਕੇ ਇਸ ਨਿਮਾਣੀ ਫਰਿਆਦ ਨੂੰ ਭਾਰਤ ਦੇ ਸ਼ਹਿਨਸ਼ਾਹ ਮੁਹਤਮਿਮ ਦੇ ਵਿਚਾਰ ਗੋਚਰਾ ਰੱਖਣ।
ਜਦੋਂ ਤੱਕ ਇਸ ਫਰਿਆਦ `ਤੇ ਵਿਚਾਰ ਨਹੀਂ ਹੋ ਜਾਂਦੀ, ਉਦੋਂ ਤੱਕ ਹਜ਼ੂਰ ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਇਨ੍ਹਾਂ ਗੱਲਾਂ ਦੀ ਆਗਿਆ ਦੇਣ।
(ੳ) ਇਥੋਂ ਦੇ ਰਹਿਣ ਵਾਲੇ ਨਿੱਜੀ ਨੌਕਰ ਦੀ ਸੇਵਾ ਤੇ ਸਾਥ ਦੀ ਸਹੂਲਤ
(ਅ) ਅੰਗਰੇਜ਼ੀ ਤੇ ਹਿੰਦੁਸਤਾਨੀ ਅਖ਼ਬਾਰ ਪੜ੍ਹਨ ਦੀ ਆਗਿਆ ਜਿਨ੍ਹਾਂ ਬਿਨ੍ਹਾਂ ਇਹ ਫਰਿਆਦੀ ਬਹੁਤ ਇਕੱਲਤਾ ਜਿਹੀ ਮਹਿਸੂਸ ਕਰਦਾ ਹੈ। ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਇਹ ਵੀ ਦੱਸਣ ਦੀ ਮਿਹਰਬਾਨੀ ਕਰਨੀ ਕਿ ਉਸ ਨੂੰ ਕਦੋਂ ਤੱਕ ਇਥੇ ਕੈਦ ਰੱਖਿਆ ਜਾਵੇਗਾ। ਇਹ ਮਿਹਰਬਾਨੀ ਤੇ ਹੱਕ-ਨਿਆਂ ਦੇ ਬਦਲੇ ਤੁਹਾਡਾ ਇਹ ਫਰਿਆਦੀ ਹਜ਼ੂਰ ਦੀ ਦੀਰਘ ਆਯੂ ਲਈ ਪ੍ਰਾਰਥਨਾ ਕਰਨਾ ਆਦਿ, ਆਦਿ, ਆਪਣਾ ਫਰਜ਼ ਸਮਝੇਗਾ।
ਮਾਂਡਲੇ ਫ਼ੋਰਟ ਡਫ਼ਰਿਨ ਹਜ਼ੂਰ ਦਾ ਨਿਮਾਣਾ ਫਰਿਆਦੀ
29 ਜੂਨ 1907 ਲਾਜਪਤ ਰਾਏ ਆਫ਼ ਲਾਹੌਰ

ਮੇਜਰਨਾਮਾ

ਸੇਵਾ ਵਿਖੇ, ਆਦਰਯੋਗ
ਇੰਡੀਅਨ ਰਾਜ ਪ੍ਰਬੰਧ ਸਬੰਧੀ ਸਕੱਤਰ
ਬ੍ਰਿਟਿਸ਼ ਪਾਰਲੀਮੈਂਟ, ਲੰਡਨ।
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ :

1. ਤੁਹਾਡਾ ਇਹ ਫਰਿਆਦੀ ਸਰਕਾਰੀ ਕੈਦੀ ਹੈ ਅਤੇ ਮਾਂਡਲੇ (ਬਰਮਾ) ਦੇ ਕਿਲ੍ਹੇ ਵਿਚ ਬੰਦ ਹੈ। ਇਸ ਨੂੰ ਲਾਹੌਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ‘ਵਰੰਟ ਆਫ਼ ਕਮਿਟਮੈਂਟ` ਦੀ ਤਹਿਮੀਲ ਵਿਚ ਇਸ ਥਾਂ ਜਲਾਵਤਨ ਕਰਕੇ ਭੇਜਿਆ ਗਿਆ। ਸੁਣਵਾਈ ਦੀ ਮਿਤੀ 7 ਮਈ 1907 ਸੀ, ਤੇ ਇਹ ਵਰੰਟ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਗਵਰਨਰ ਜਨਰਲ ਆਫ਼ ਇੰਡੀਆ ਇਨ ਕੌਂਸਲ ਦੇ ਅਧਿਕਾਰ ਹੇਠ ਜਾਰੀ ਕੀਤੇ ਗਏ।
2. ਇਸ ਫਰਿਆਦੀ ਨੂੰ ਨਾ ਤਾਂ ਗ੍ਰਿਫਤਾਰੀ ਸਮੇਂ ਅਤੇ ਨਾ ਹੀ ਪਿੱਛੋਂ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਆਧਾਰ `ਤੇ ਉਪਰੋਕਤ ਧਾਰਾ ਦੇ ਅਧੀਨ ਉਸ ਵਿਰੁਧ ਕਾਰਵਾਈ ਕੀਤੀ ਗਈ।
3. ਤੁਹਾਡੇ ਇਸ ਫਰਿਆਦੀ ਨੇ ਅੱਗੇ ਇਕ ਬਿਨੈਪੱਤਰ ਵਿਚ, ਜੋ ਹਜ਼ੂਰ ਵਾਇਸਰਾਏ ਤੇ ਗਵਰਨਰ ਜਨਰਲ ਆਫ਼ ਇੰਡੀਆ ਨੂੰ ਘਲਿਆ ਗਿਆ, ਲਿਖਿਆ ਸੀ ਕਿ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਉਪਰੋਕਤ ਧਾਰਾ ਨਿਆਂ-ਪੂਰਵਕ ਉਸ ਉੱਤੇ ਲਾਗੂ ਹੋ ਸਕੇ, ਉਸ ਨੇ ਕਦੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਹਜ਼ੂਰ ਦੀ ਭਾਰਤ ਦੀ ਸਲਤਨਤ ਦੇ ਕਿਸੇ ਹਿੱਸੇ ਵਿਚ ‘ਹੁੱਲੜ` ਮਚਿਆ ਹੋਵੇ ਜਾਂ ਮਚਣ ਦੀ ਸੰਭਾਵਨਾ ਹੋਵੇ। ਹਕੀਕਤ ਤਾਂ ਇਹ ਹੈ ਕਿ ਫਰਿਆਦੀ ਦੀ ਗ੍ਰਿਫ਼ਤਾਰੀ ਸਮੇਂ ਅਜਿਹੇ ਕਿਸੇ ‘ਹੁੱਲੜ` ਮਚਣ ਦਾ ਕੋਈ ਡਰ ਨਹੀਂ ਸੀ। ਤੁਹਾਡਾ ਇਹ ਫਰਿਆਦੀ ਝੂਠੀ ਸੂਹ ਦਾ ਸ਼ਿਕਾਰ ਬਣਿਆ ਹੈ, ਜੋ ਉਸ ਦੇ ਵਿਰੁਧ ਉਸ ਦੇ ਦੁਸ਼ਮਣਾਂ ਜਾਂ ਪੱਖਪਾਤੀ ਸਰਕਾਰੀ ਅਧਿਕਾਰੀਆਂ ਨੇ, ਆਪਣਾ ਪੱਖ ਪੂਰਨ ਲਈ ਦਿੱਤੀ ਅਤੇ ਕਿ ਜੇ ਉਸ ਨੂੰ ਦੇਸ਼ ਨਿਕਾਲੇ ਦੇ ਕਾਰਨਾਂ ਬਾਰੇ ਦੱਸਿਆ ਹੁੰਦਾ ਤਾਂ ਉਨ੍ਹਾਂ ਬਾਰੇ ਆਪਣੀ ਜਵਾਬਦੇਹੀ ਹਜ਼ੂਰ ਤੇ ਕੌਂਸਲ ਦੀ ਤਸੱਲੀ ਲਈ ਦੇਂਦਾ।
4. ਫਰਿਆਦੀ ਨੂੰ ਉਸ ਵਿਰੁੱਧ ਲਗਾਏ ਗਏ ਦੂਸ਼ਣਾਂ ਤੋਂ ਬਿਲਕੁਲ ਅਗਿਆਤ ਰੱਖਿਆ ਗਿਆ ਹੈ ਤੇ ਉਹ ਕੋਈ ਨਿਸਚਿਤ ਬਿਆਨ ਦੇਣ ਤੇ ਆਪਣੀ ਨਿਰਦੋਸ਼ਤਾ ਦੇ ਸਬੂਤ ਦੇਣ ਦੀ ਸਥਿਤੀ ਵਿਚ ਨਹੀਂ ਹੈ। ਕਿਉਂ ਜੋ ਅਖ਼ਬਾਰ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ। ਇਸ ਲਈ ਤੁਹਾਡਾ ਫਰਿਆਦੀ ਗਵਰਨਮੈਂਟ ਆਫ਼ ਇੰਡੀਆ ਦੇ ‘ਕਿਆਸੇ ਆਧਾਰਾਂ` ਦੀ ਖੰਡਨਾ ਜਾਂ ਜਵਾਬਦੇਹੀ ਦੀ ਸਥਿਤੀ ਵਿਚ ਨਹੀਂ। ਪ੍ਰੰਤੂ ਉਹ ਆਦਰ ਨਾਲ ਇਹ ਦੁਹਰਾਣ ਦੀ ਖੁੱਲ੍ਹ ਲੈਂਦਾ ਹੈ ਕਿ ਗਵਰਨਮੈਂਟ ਆਫ਼ ਇੰਡੀਆ ਦੀ ਕਾਰਵਾਈ, ਜੋ 1818 ਦੀ ਧਾਰਾ 3 ਦੇ ਅਧਾਰ `ਤੇ ਉਸ ਵਿਰੁਧ ਕੀਤੀ ਗਈ, ਉਹ ਅਨਿਆਂ ਪੂਰਬਕ ਤੇ ਬੇਲੋੜੀ ਹੈ, ਅਜਿਹੀ ਕਾਰਵਾਈ ਲਈ ਅਵਸਰ ਬਣਿਆ ਹੀ ਨਹੀਂ ਸੀ ਅਤੇ ਇਹ ਧਾਰਾ ਟਿਕਵੇਂ ਰਾਜ ਪ੍ਰਬੰਧ ਦੇ ਦਿਨਾਂ ਲਈ ਅਤੇ ਤੁਹਾਡੇ ਇਸ ਫਰਿਆਦੀ ਜਿਹੇ ਸ਼ਖਸ ਲਈ ਜੋ ਜੀਵਨ ਵਿਚ ਨਿਮਾਣੀ ਥਾਂ ਰੱਖਦਾ ਹੈ, ਨਹੀਂ ਮੰਨੀ ਗਈ ਸੀ।
5. ਤੁਹਾਡਾ ਇਹ ਫਰਿਆਦੀ ਇਹ ਵੀ ਬਿਨੈ ਕਰਦਾ ਹੈ ਕਿ ਉਸ ਨੇ ਲਾਹੌਰ ਜਾਂ ਰਾਵਲਪਿੰਡੀ ਦੇ ਫਸਾਦਾਂ ਵਿਚ ਕੋਈ ਭਾਗ ਨਹੀਂ ਲਿਆ, ਉਸ ਨੇ ਸਿੱਧੇ ਜਾਂ ਪਰੋਖੇ ਢੰਗ ਨਾਲ ਕਿਸੇ ਸ਼ਖਸ ਨੂੰ ਗੜਬੜ ਮਚਾਣ ਲਈ ਉਤਸ਼ਾਹ ਨਹੀਂ ਦਿੱਤਾ, ਉਸ ਨੇ ਕੋਈ ਰਾਜ ਧਰੋਹ ਵਾਲਾ ਭਾਸ਼ਣ ਨਹੀਂ ਦਿੱਤਾ, ਅਤੇ ਸਰਕਾਰ ਵੱਲੋਂ ਚੁੱਕੇ ਕੁਝ ਕਦਮਾਂ, ਜੋ ਉਸ ਦੀ ਗ੍ਰਿਫਤਾਰੀ ਦੇ ਝਟ ਕੁ ਪਹਿਲਾਂ ਦੇ ਸਮੇਂ ਜਾਂ ਉਨੀ੍ਹਂ ਦਿਨੀਂ ਲੋਕਾਂ ਦੇ ਦਿਲ ਮੱਲੀ ਬੈਠੇ ਸਨ, ਦਾ ਖੰਡਨ ਕਰਦਿਆਂ ਉਸ ਨੇ ਕਾਨੂੰਨ ਤੇ ਵਿਧਾਨ ਦੀਆਂ ਹੱਦਾਂ ਨਹੀਂ ਉਲੰਘੀਆਂ, ਉਸ ਨੇ ਕਦੇ ਵੀ ਨਵਿਰਤੀ ਲਈ ਅਹਿੰਸਕ ਜਾਂ ਗੈਰਕਾਨੂੰਨੀ ਵਿਧੀਆਂ ਅਪਨਾਣ ਦਾ ਪ੍ਰਚਾਰ ਨਹੀਂ ਕੀਤਾ, ਨਾ ਹੀ ਉਸ ਨੇ ਕਦੇ ਅਜਿਹੇ ਸ਼ਖਸ ਨਾਲ ਸਬੰਧ ਰੱਖੇ ਹਨ, ਜੋ ਉਸ ਦੀ ਸਮਝ ਅਨੁਸਾਰ ਅਜਿਹੀਆਂ ਵਿਧੀਆਂ ਦਾ ਪ੍ਰਚਾਰ ਕਰਦਾ ਹੋਵੇ। ਉਸ ਵਿਰੁਧ ਜੋ ਇਹ ਸੰਦੇਹ ਕੀਤਾ ਜਾਂਦਾ ਹੈ ਕਿ ਉਸ ਹਜ਼ੂਰ ਦੀ ਭਾਰਤੀ ਫੌਜ ਦੇ ਸਿਪਾਹੀਆਂ ਨੂੰ ਹਜ਼ੂਰ ਦਾ ਵਫ਼ਾਦਾਰ ਨਾ ਰਹਿਣ ਲਈ ਵਰਗਲਾਇਆ ਹੈ, ਇਹ ਬਿਲਕੁਲ ਨਿਰਮੂਲ ਹੈ, ਤੁਹਾਡੇ ਫਰਿਆਦੀ ਨੂੰ ਤੇ ਉਨ੍ਹਾਂ ਨਾਲ ਸੰਚਾਰ ਰੱਖਣ ਦਾ ਕਦੇ ਕਿਸੇ ਤਰ੍ਹਾਂ ਦਾ ਅਵਸਰ ਹੀ ਨਹੀਂ ਬਣਿਆ।
6. ਫਰਿਆਦੀ ਬੜੇ ਆਦਰ ਨਾਲ ਇਹ ਬਿਨੈ ਕਰਦਾ ਹੈ ਕਿ ਉਸ ਨੂੰ ਸ਼ਖਸੀ ਆਜ਼ਾਦੀ ਤੋਂ ਵਾਂਝਿਆ ਰੱਖ ਕੇ, ਅਜਿਹੀ ਕਾਰਵਾਈ ਦੇ ਆਧਾਰ ਕਾਰਨ ਨੂੰ ਦੱਸੇ ਬਿਨਾਂ, ਉਸ ਨੂੰ ਸੁਣੇ ਬਿਨਾਂ ਤੇ ਆਪਣੀ ਰੱਖਿਆ ਵਿਚ ਕੁਝ ਕਹਿਣ ਦਾ ਕੋਈ ਹੱਕ ਦਿੱਤੇ ਬਿਨਾਂ, ਉਸ ਨੂੰ ਰੱਦ ਕੇ, ਉਸ ਜਾਣਕਾਰੀ ਉੱਤੇ ਕਾਰਵਾਈ ਕਰਨੀ ਜੋ ਉਸ ਦੀ ਪਿੱਠ ਪਿੱਛੇ ਕੀਤੀ ਗਈ ਹੈ ਅਤੇ ਉਸ ਨੂੰ ਕਾਨੂੰਨੀ ਸਲਾਹ ਲੈਣ ਲਈ ਸਹੂਲਤਾਂ ਨਾ ਦੇ ਕੇ ਗਵਰਨਮੈਂਟ ਆਫ਼ ਇੰਡੀਆ, ਇਸ ਅਵਸਰ ਉੱਤੇ, ਇਨਸਾਫ਼ ਤੇ ਹੱਕ-ਨਿਆਂ ਦੇ ਉਨ੍ਹਾਂ ਪ੍ਰਚੱਲਤ ਅਸੂਲਾਂ ਅਨੁਸਾਰ ਕਾਰਵਾਈ ਕਰਨੋਂ ਅਸਮਰਥ ਰਹੀ ਹੈ, ਜਿਹੜੇ ਬਰਤਾਨਵੀ ਰਾਜ ਪ੍ਰਬੰਧ ਦੇ ਸਾਧਾਰਨ ਗੁਣ ਮੰਨੇ ਜਾਂਦੇ ਹਨ। ਇਹ ਫਰਿਆਦੀ ਇਹ ਸੋਚਣ ਲਈ ਸਮਰੱਥ ਹੈ ਕਿ ਜਿਹੜੀ ਧਾਰਾ ਉਸ ਵਿਰੁਧ ਲਗਾਈ ਗਈ ਹੈ ਉਹ ਹੁਣ ਖਤਮ ਹੋ ਚੁੱਕੀ ਈਸਟ ਇੰਡੀਆ ਕੰਪਨੀ ਦਾ ਇਕ ਗੈਰ ਸੰਵਿਧਾਨਕ ਕਾਨੂੰਨ ਸੀ, ਅਤੇ ਚਾਰਟਰ ਅਨੁਸਾਰ ਮਿਲੀ ਸ਼ਕਤੀ ਤੋਂ ਬਾਹਰਾ ਸੀ, ਅਤੇ ਬਰਤਾਨਵੀ ਵਿਧਾਨ ਤੇ ਬਰਤਾਨਵੀ ਕਾਨੂੰਨਾਂ ਦੀ ਭਾਵਨਾ ਅਨੁਸਾਰ ‘ਅਧਿਕਾਰੋਂ ਬਾਹਰਾ` ਸੀ ਅਤੇ ਬਰਤਾਨਵੀ ਲੋਕ ਸਭਾ ਵੱਲੋਂ ਕਦੇ ਵੀ ਸਵੀਕਾਰ ਜਾਂ ਪ੍ਰਵਾਨ ਨਹੀਂ ਕੀਤਾ ਗਿਆ ਸੀ, ਉਪਰੋਕਤ ਧਾਰਾ ਅਨੁਸਾਰ ਐਗਜ਼ੈਕਟਿਵ ਸਰਕਾਰ ਨੂੰ ਹਮੇਸ਼ਾ ਲਈ ਇਹ ਸਦੀਵੀ ਸ਼ਕਤੀ ਪ੍ਰਦਾਨ ਕਰ ਦੇਣੀ ਕਿ ਉਹ ਬਰਤਾਨਵੀ ਪਰਜਾ ਨੂੰ ਅਦਾਲਤ ਵਿਚ ਬਿਨਾਂ ਯੋਗ ਢੰਗ ਨਾਲ ਮੁਕੱਦਮਾ ਚਲਾਏ ਦੇ, ਸ਼ਖਸੀ ਆਜ਼ਾਦੀ ਤੋਂ ਵਾਂਝਿਆਂ ਕਰ ਦੇਵੇ, ਸੁਭਾਵਕ ਨਿਆਂ ਤੇ ਕਾਨੂੰਨ ਅਨੁਸਾਰ ਚੱਲ ਰਹੀ ਸਰਕਾਰ ਦੇ ਸਭ ਸੰਕਲਪਾਂ ਦੇ ਵਿਰੁੱਧ ਹੈ।
7. ਇਹ ਫਰਿਆਦੀ ਬੜੇ ਆਦਰ ਨਾਲ ਬਿਨੈ ਕਰਦਾ ਹੈ ਕਿ ਉਪਰੋਕਤ ਧਾਰਾ ਅਨੁਸਾਰ ਜਿਹੜੇ ਸ਼ਖਸੀ ਬੰਧੇਜ ਵਰਨਣ ਕੀਤੇ ਗਏ ਹਨ, ਉਹ ਪ੍ਰਸਤਾਵਨਾ ਵਿਚ ਦਿੱਤੇ ਗਏ ਮੰਤਵਾਂ ਨੂੰ ਧਿਆਨ ਵਿਚ ਰੱਖ ਕੇ, ਉਸ ਤੋਂ ਬਾਹਰ ਨਹੀਂ ਸੋਚੇ ਜਾ ਸਕਦੇ, ਅਤੇ ਉਪਰੋਕਤ ਧਾਰਾ ਜ਼ਾਹਿਰੀ ਤੌਰ `ਤੇ ਸਿਰਫ਼ ਨਿਰੋਧ ਲਈ ਹੈ ਨਾ ਕਿ ਉਸ ਸ਼ਖ਼ਸ ਨੂੰ ਸਜ਼ਾ ਦੇਣ ਲਈ ਜਿਸ ਉੱਤੇ ਮੁਕੱਦਮਾ ਹੀ ਨਹੀਂ ਚਲਾਇਆ ਗਿਆ। ਇਸ ਰੌਸ਼ਨੀ ਵਿਚ ਵੇਖਿਆ ਗਵਰਨਮੈਂਟ ਆਫ਼ ਇੰਡੀਆ ਦਾ ਇਹ ਫੈਸਲਾ ਕਿ ਫਰਿਆਦੀ ਨੂੰ ਅਖਬਾਰਾਂ ਨਾ ਪਹੁੰਚਾਈਆਂ ਜਾਣ ਅਤੇ ਉਸ ਨੂੰ ਇਕ ਆਪਣਾ ਨਿੱਜੀ ਨੌਕਰ ਜਾਂ ਆਪਣੀ ਕੌਮੀਅਤ ਦਾ ਇਕ ਬਾਵਰਚੀ ਰੱਖਣ ਦੀ ਆਗਿਆ ਨਾ ਦਿੱਤੀ ਜਾਵੇ, ਨਿਆਂਪੂਰਬਕ ਤੇ ਲੋੜੀਂਦਾ ਨਹੀਂ ਕਿਹਾ ਜਾ ਸਕਦਾ, ਇਹ ਗੱਲ ਵੀ ਨਿਆਂ ਪੂਰਵਕ ਨਹੀਂ ਕਿ ਉਸ ਨੂੰ ਆਪਣੇ ਕਿਸੇ ਮਿੱਤਰ ਨਾਲ ਬਿਲਕੁਲ ਹੀ ਨਾ ਮਿਲਣ ਦਿੱਤਾ ਜਾਵੇ ਤੇ ਇਹ ਗੱਲ ਕਰ ਦਿੱਤੀ ਜਾਵੇ ਕਿ ਸਿਰਫ਼ ਉਹੀ ਸਬੰਧੀ ਉਸ ਨੂੰ ਮਿਲ ਸਕਦਾ ਹੈ ਜਿਸਨੇ ਪਹਿਲਾਂ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਆਗਿਆ ਲੈ ਲਈ ਹੋਵੇ, ਤੇ ਉਹ ਸਿਰਫ਼ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ, ਨਿਕਟ ਬਹਿ ਕੇ ਮਿਲੇ। ਇਹ ਬੰਦਸ਼ਾਂ ਬਰਤਾਨੀਆ ਵਿਚ ਰਾਜਸੀ ਕੈਦੀ, ਜਾਂ ਲੋਕ ਸਭਾ ਦੇ ਕਿਸੇ ਵਿਸ਼ੇਸ਼ ਕਾਨੂੰਨ ਅਧੀਨ, ਬਿਨਾਂ ਮੁਕੱਦਮਾ ਚਲਾਏ ਬੰਦੀ ਵਿਚ ਪਾਏ ਗਏ ਬੰਦੀਵਾਨਾਂ ਨਾਲ ਕੀਤੇ ਜਾਂਦੇ ਸਲੂਕਾਂ ਦੇ ਵਿਰੁੱਧ ਹੈ। ਤੁਹਾਡੇ ਇਸ ਫਰਿਆਦੀ ਦੀ ਇਕ ਪਤਨੀ ਤੋਂ ਕਈ ਬੱਚੇ ਹਨ (ਜਿਨ੍ਹਾਂ ਵਿਚ ਇਕ ਜਵਾਨ ਵਿਧਵਾ ਲੜਕੀ ਤੇ ਉਸ ਦੀ ਬੱਚੀ ਵੀ ਸ਼ਾਮਲ ਹੈ) ਉਸ ਦੀ ਸੰਭਾਲ, ਸਿਖਸ਼ਾ ਤੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਹਾਲਤ ਵਿਚ ਵੀ ਫਰਿਆਦੀ ਨੂੰ ਬੰਦੀ `ਚ ਰੱਖੀ ਰੱਖਣਾ ਨਿਆਂ ਪੂਰਵਕ ਨਹੀਂ, ਜਦੋਂ ਕਿ ਕਿਆਸ ਕੀਤੇ ਜਾਂਦੇ ਹੁੱਲੜ ਦਾ ਡਰ ਹੁਣ ਖਤਮ ਹੋ ਗਿਆ ਹੈ।
8. ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਬਿਨੈ ਕਰਦਾ ਤੇ ਦਿਲੋਂ ਉਮੀਦ ਕਰਦਾ ਹੈ ਕਿ ਹਜ਼ੂਰ ਦੀ ਵੱਡੇ ਪ੍ਰਤਾਪ ਵਾਲੀ ਸਰਕਾਰ ਉਸ ਇਨਸਾਫ਼ ਤੇ ਨਿਆਂ ਹੱਕ ਤੋਂ ਫਰਿਆਦੀ ਨੂੰ ਵਾਂਝਿਆਂ ਨਹੀਂ ਰੱਖੇਗੀ ਜਿਸ ਲਈ ਬਰਤਾਨਵੀ ਕੌਮ ਤੇ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਹੈ ਅਤੇ ਉਹ ਫਰਿਆਦੀ ਨੂੰ ਰਿਹਾਅ ਕਰਨ ਦਾ ਹੁਕਮ ਦੇਵੇਗੀ ਅਤੇ ਆਪਣੇ ਘਰ ਵਾਪਸ ਜਾਣ ਅਤੇ ਜਿੰਦਗੀ ਵਿਚ ਆਪਣਾ ਸਾਧਾਰਨ ਪੇਸ਼ਾ ਕਰਨ ਦੀ ਆਗਿਆ ਦੇਵੇਗੀ।
9. ਅਖ਼ੀਰ ਵਿਚ ਜੇ ਹਜ਼ੂਰ ਦੀ ਸਰਕਾਰ ਫਰਿਆਦੀ ਨੂੰ ਬਿਨਾਂ ਸ਼ਰਤ ਰਿਹਾ ਤੇ ਵਾਪਸ ਪਰਿਵਾਰ ਵਿਚ ਜਾ ਕੇ ਰਹਿਣ ਦਾ ਹੁਕਮ ਦੇਣਾ ਅਸੰਭਵ ਸਮਝੇ ਤਾਂ ਉਹ ਬੜੀ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਉਸ ਨੂੰ ਉਸ ਸਮੇਂ ਤੱਕ ਲਈ ਭਾਰਤ ਛੱਡ ਦੇਣ ਦੀ ਆਗਿਆ ਦੇਵੇ। ਜਿਹੜਾ ਸਰਕਾਰ ਉਸ ਬਦਲੇ ਵਿਚ ਨੀਯਤ ਕਰਨਾ ਠੀਕ ਸਮਝਦੀ ਹੋਵੇ, ਅਤੇ ਉਸ ਨੂੰ ਗਰੇਟ ਬ੍ਰਿਟੇਨ ਜਾਂ ਯੂਰਪ ਦੇ ਮਹਾਂਦੀਪ ਜਾਂ ਅਮਰੀਕਾ ਵਿਚ ਆਜ਼ਾਦੀ ਨਾਲ ਰਹਿਣ ਦੀ ਖੁੱਲ੍ਹ ਦੇਵੇ। ਤੁਹਾਡੀ ਇਸ ਮਿਹਰਬਾਨੀ ਲਈ ਤੁਹਾਡਾ ਫਰਿਆਦੀ ਫਰਜ਼ ਵਿਚ ਬੱਝਿਆ ਹੋਇਆ ਹਜ਼ੂਰ ਤੇ ਹਜ਼ੂਰ ਦੇ ਮੰਤਰੀਆਂ ਲਈ ਪ੍ਰਾਰਥਨਾ ਕਰੇਗਾ।
ਮਾਂਡਲੇ, ਫੋਰਟ ਡਫ਼ਰਿਨ ਤੁਹਾਡਾ ਫਰਿਆਦੀ
22 ਸਤੰਬਰ 1907 ਹਜ਼ੂਰ ਦਾ ਨਿਮਾਣਾ ਦਾਸ
ਲਾਜਪਤ ਰਾਏ ਆਫ਼ ਲਾਹੌਰ


ਚਿੱਠੀ 3
ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵੱਲੋਂ
ਲਾਲਾ ਲਾਜਪਤ ਰਾਏ ਜੀ ਦੇ ਨਾਉਂ ਖੁੱਲ੍ਹੀ ਚਿੱਠੀ
ਲਾਲਾ ਲਾਜਪਤ ਰਾਏ ਨੂੰ ਦੇਸ਼ ਦਾ ਇਕ ਬਜ਼ੁਰਗ ਨੇਤਾ ਮੰਨਦੇ ਹੋਏ ਵੀ, ਇਨਕਲਾਬੀ ਉਨ੍ਹਾਂ ਦੇ ਕੁਝ ਵਿਚਾਰਾਂ ਨਾਲ ਅਸਹਿਮਤੀ ਰੱਖਦੇ ਸਨ। ਲਾਲਾ ਜੀ ਅਤੇ ਭਗਤ ਸਿੰਘ ਦੇ ਸਾਥੀਆਂ ਵਿਚ ਇਕ ਬਹਿਸ ਚੱਲ ਪਈ ਸੀ। ਨਵੰਬਰ 1927 ਵਿਚ ਲਾਲਾ ਲਾਜਪਤ ਰਾਏ ਜੀ ਦੇ ਨਾਂ ਇਕ ਖੁੱਲ੍ਹੀ ਚਿੱਠੀ ਛਾਪੀ ਗਈ ਸੀ। ਇਸ ਚਿੱਠੀ `ਤੇ ਦਸਤਖਤ ਕਰਨ ਵਾਲਿਆਂ ਨਾਲ ਸ਼ਹੀਦ ਭਗਤ ਸਿੰਘ ਦਾ ਨਜ਼ਦੀਕੀ ਸਬੰਧ ਸੀ। 22 ਸੱਜਣਾਂ ਵੱਲੋਂ ਜਾਰੀ ਕੀਤੀ ਗਈ ਇਸ ਚਿੱਠੀ ਦਾ ਅਨੁਵਾਦ ਹੇਠਾਂ ਪੇਸ਼ ਕੀਤਾ ਜਾਂਦਾ ਹੈ।

ਲਾਹੌਰ, 18 ਸਤੰਬਰ, 1927
ਪਿਆਰੇ ਲਾਲਾ ਲਾਜਪਤ ਰਾਏ ਜੀ!

ਜਦੋਂ ਅਸੈਂਬਲੀ ਦੀ ਚੋਣ ਲਈ ਜਲਸੇ ਕੀਤੇ ਜਾਂਦੇ ਸਨ ਤਾਂ ਆਪ ਨੇ ਇਕ ਵਾਰੀ ਦਸ ਹਜ਼ਾਰ ਹਿੰਦੂਆਂ ਦੇ ਜਲਸੇ ਦੇ ਸਾਹਮਣੇ ਆਪਣੇ ਆਪ ਨੂੰ ਸਿਪਾਹੀ ਹੋਣ ਦਾ ਐਲਾਨ ਕੀਤਾ ਸੀ। ਇਕ ਦੂਸ਼ਣ ਦੇ ਉਤਰ ਵਿਚ ਕਿ ਆਪ ਇਕ ਮਰ ਚੁੱਕੇ ਲੀਡਰ ਹੋ, ਆਪ ਨੇ ਕਿਹਾ ਸੀ ਕਿ ਬੇਸ਼ੱਕ ਹਿੰਦੂਆਂ ਦੇ ਹੱਥੋਂ ਇਕ ਲੀਡਰ ਜਾਂਦਾ ਰਿਹਾ ਹੈ ਪਰ ਲੀਡਰ ਦੀ ਥਾਂ ਉਨ੍ਹਾਂ ਨੂੰ ਇਕ ਸਿਪਾਹੀ ਮਿਲ ਗਿਆ ਹੈ। ਆਪ ਜੀ ਦੇ ਇਸ ਐਲਾਨ ਨੂੰ ਸੁਣ ਕੇ ਅਸੀਂ ਵੀ ਬੜੇ ਪ੍ਰਸੰਨ ਹੋਏ ਸਾਂ ਕਿਉਂਕਿ ਅਸੀਂ ਵੀ ਅਜਿਹੇ ਲੀਡਰਾਂ ਪਾਸੋਂ, ਜੋ ਕਿ ਰਾਜਸੀ ਮਸਲਿਆਂ ਸਬੰਧੀ ਬੜੀਆਂ ਸੌਖੀਆਂ ਸੌਖੀਆਂ ਗੱਲਾਂ ਕਰਿਆ ਕਰਦੇ ਸਨ, ਤੰਗ ਆਏ ਹੋਏ ਸਾਂ। ਪਿਛਲੇ ਭਲੇ ਦਿਨਾਂ ਵਿਚ ਜਦੋਂ ਆਪ ਬਾਦਲੀਲ ਲੈਕਚਰਾਂ ਵਿਚ ਇਹੋ ਆਖਦੇ ਨਹੀਂ ਥੱਕਦੇ ਸੋ ਕਿ ‘ਮੈਂ ਤਾਂ ਤਖਤ ਲਵਾਂਗਾ ਜਾਂ ਤਖ਼ਤਾ` ਲਾਹੌਰ ਦੇ 16 ਨੌਜਵਾਨਾਂ ਨੇ ਜੋ ਐਲਾਨ ‘ਨੌਜਵਾਨ ਪੰਜਾਬ ਅੱਗੇ ਅਪੀਲ` ਦੇ ਸਿਰਲੇਖ ਹੇਠਾਂ ਕੀਤਾ ਸੀ, ਉਸ ਦੇ ਜਵਾਬ ਵਿਚ ਆਪ ਨੇ ਉਨ੍ਹਾਂ ਪਰ ਇਹ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਆਪ ਪਰ ਇਕ ਗ਼ਲਤ ਧੱਬਾ ਲਾ ਕੇ ਆਪ ਨੂੰ ਇਕ ਰਾਜਸੀ ਮੈਦਾਨ ਵਿਚੋਂ ਕੱਢਣ ਦਾ ਯਤਨ ਕੀਤਾ ਹੈ।
ਇਹ ਦੂਸ਼ਣ ਵੇਖਣ ਤੋਂ ਵੀ ਕੋਝਾ ਜਾਪਦਾ ਸੀ। ਅਸੀਂ ਆਪ ਨੂੰ ਮੁੜ ਮੈਦਾਨ-ਏ-ਜੰਗ ਵਿਚ ਲਿਆਉਣਾ ਚਾਹੁੰਦੇ ਹਾਂ ਅਤੇ ਆਪ ਵਿਚ ਇਹ ਸ਼ਤਰੰਜੀ ਚਾਲਾਂ ਖੇਡਣ ਦੀ ਜੋ ਚਾਅ ਪੈਦਾ ਹੋ ਗਈ ਹੈ, ਇਸ ਨੂੰ ਤਬਾਹ ਕਰਨਾ ਚਾਹੁੰਦੇ ਹਾਂ। ਆਪ ਨੇ ਕਿਹਾ ਸੀ ਕਿ ਇਹ ਤਾਂ ਬਲਾਸ਼ਵਿਕ ਹਨ ਅਤੇ ਆਪਣਾ ਆਗੂ ਲੈਨਿਨ ਮੰਨਦੇ ਹਨ। ਬਾਲਸ਼ਵਿਕ ਹੋਣਾ ਕੋਈ ਗੁਨਾਹ ਨਹੀਂ ਹੈ ਅਤੇ ਅੱਜ ਹਿੰਦੁਸਤਾਨ ਨੂੰ ਲੈਨਿਨ ਦੀ ਸਭ ਤੋਂ ਵੱਧ ਲੋੜ ਹੈ। ਕੀ ਆਪ ਨੇ ਇਨ੍ਹਾਂ ਨੌਜਵਾਨਾਂ ਨੂੰ ਸੀ ਆਈ ਡੀ ਦੀਆਂ ਮਿਹਰ ਦੀਆਂ ਨਜ਼ਰਾਂ ਵਿਚ ਲਿਆਉਣ ਦੀ ਕਮੀਨੀ ਕੋਸ਼ਿਸ਼ ਨਹੀਂ ਕੀਤੀ? ਆਪ ਦੀ ਇਸ ਬੁਰੀ ਇੱਛਾ ਨੂੰ ਫ਼ਲ ਲੱਗ ਗਿਆ ਅਤੇ ਆਪ ਆਪਣੇ ਆਪ ਨੂੰ ਇਸ ਸਫ਼ਲਤਾ ਦੀ ਵਧਾਈ ਦੇ ਸਕਦੇ ਹੋ। ਆਪ ਨੇ ਲੰਗੇ ਮੰਡੀ ਵਿਚ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਉਪਰ ਕੇਵਲ ਇਸ ਲਈ ਚਿੱਕੜ ਸੁੱਟਿਆ, ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਅਸਲੀ-ਅਸਲੀ ਹਾਲਾਤ ਦੱਸਣ ਦਾ ਹੌਂਸਲਾ ਕੀਤਾ। ਇਸ ਦਿਨ ਆਪ ਦੀ ਚੋਣ ਸਬੰਧੀ ਲੜਾਈ ਦਾ ਆਰੰਭਿਕ ਦਿਨ ਸੀ, ਪੰਡਿਤ ਮਾਲਵੀਆ ਜੀ ਨੂੰ ਸ਼ੁਭ ਆਰੰਭਿਕ ਕਾਰਵਾਈ ਕਰਨ ਲਈ ਸੱਦਿਆ ਗਿਆ ਸੀ ਅਤੇ ਆਪ ਨੇ ਕੁਝ ਥੋੜੇ ਜਿਹੇ ਪ੍ਰਧਾਨਗੀ ਸ਼ਬਦ ਹੀ ਉਚਾਰਨੇ ਸਨ। ਆਪਣੇ ਬੁਰੇ ਕਾਰਨਾਮਿਆਂ ਨੂੰ ਦੇਖ ਕੇ ਆਪ ਆਪਣਾ ਆਪ ਭੁੱਲ ਗਏ। ਪੰਡਿਤ ਮਾਲਵੀਆ ਨੂੰ ਆਪਣੀ ਸੁਭਾਵਿਕ ਲੰਬੀ ਤਕਰੀਰ ਕਰਨ ਦਾ, ਜਿਸ ਲਈ ਕਿ ਉਹ ਤਿਆਰ ਹੋ ਕੇ ਆਇਆ ਸੀ, ਸਮਾਂ ਨਾ ਮਿਲਿਆ। ਆਪ ਨੇ ਦੋ ਘੰਟੇ, ਸਗੋਂ ਇਸ ਤੋਂ ਵੀ ਵੱਧ ਚੋਖੇ ਸਮੇਂ ਵਿਚ 'ਨੌਜਵਾਨ ਪੰਜਾਬ ਅੱਗੇ ਅਪੀਲ` ਦੀ ਕੜਕਵੀਂ ਆਵਾਜ਼ ਵਿਚ ਵਿਰੋਧਤਾ ਕੀਤੀ। ਆਪ ਨੇ ਇਨ੍ਹਾਂ ਨੌਜਵਾਨਾਂ ਪਰ ਦਿਲ ਖੋਲ੍ਹ ਕੇ ਦੂਸ਼ਣ ਲਾਏ ਅਤੇ ਇਨ੍ਹਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਸਾਰੀ ਤਕਰੀਰ ਵਿਚ ਹੀ ਆਪ ਨੇ ਦਲੀਲਬਾਜ਼ੀ ਨੂੰ ਉੱਕਾ ਹੀ ਲਾਂਭੇ ਛੱਡ ਛੱਡਿਆ। ਅਸੀਂ ਆਪ ਪਰ ਹੇਠ ਲਿਖੇ ਦੂਸ਼ਣ ਲਾਉਂਦੇ ਹਾਂ :
1. ਰਾਜਸੀ ਥਿੜਕੇਵਾਂ।
2. ਕੌਮੀ ਵਿੱਦਿਆ ਨਾਲ ਗ਼ਦਾਰੀ।
3. ਸਵਰਾਜ ਪਾਰਟੀ ਨਾਲ ਗ਼ਦਾਰੀ।
4.ਹਿੰਦੂ ਮੁਸਲਿਮ ਖਿੱਚੋਤਾਣ ਦਾ ਵਧਾਉਣਾ।
5. ਮੋਡਰੇਟ ਬਣ ਜਾਣਾ।
ਇਨ੍ਹਾਂ ਦੂਸ਼ਣਾਂ ਵਿਚੋਂ ਇਕ ਦੀ ਵੀ ਆਪ ਨੇ ਬਾਦਲੀਲ ਤਰਦੀਦ ਅੱਜ ਤੱਕ ਨਹੀਂ ਕੀਤੀ। ਜਦੋਂ ਚੋਣ ਦਾ ਜੋਸ਼ ਮੱਠਾ ਪੈ ਗਿਆ ਅਤੇ ਅਸੈਂਬਲੀ ਦਾ ਸਮਾਗਮ ਖ਼ਤਮ ਹੋ ਗਿਆ ਤਾਂ ਅਸੀਂ ਬੜੀ ਚਿੰਤਾ ਨਾਲ ਫਿਰ ਇਹ ਸੁਣਿਆ ਕਿ ਆਪ ਦੇ ਜਿਸਮ ਨੂੰ ਫਿਰ ਕੋਈ ਨਾ ਕੋਈ ਬੀਮਾਰੀ ਹੋ ਗਈ ਹੈ।
ਅਫ਼ਸੋਸ ! ਭੈੜੀ ਸਿਹਤ ਸਾਡੇ ਲੀਡਰਾਂ ਦਾ ਇਕ ਆਮ ਅੰਗ ਹੈ। ਉਹ ਭੈੜੀ ਸਿਹਤ ਹੋਣ ਦੀ ਉਸ ਸਮੇਂ ਸ਼ਿਕਾਇਤ ਕਰਨ ਲੱਗ ਜਾਂਦੇ ਹਨ, ਜਦੋਂ ਕਿ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਹੁਣ ਅਸਾਥੋਂ ਪਿੰਡਾਂ ਦੇ ਉਸਾਰੂ ਅਤੇ ਜਥੇਬੰਦੀ ਦੇ ਇਕਰਾਰਾਂ ਨੂੰ ਪੂਰਾ ਕਰਨ ਸਬੰਧੀ ਪੁੱਛਣਾ ਕਰੇਗਾ। ਇਹ ਇਕਰਾਰ ਅਜਿਹੇ ਹਨ, ਜੋ ਕਿ ਹਜ਼ਾਰਾਂ ਵਾਰੀ ਕੀਤੇ ਗਏ, ਪ੍ਰੰਤੂ ਪੂਰੇ ਕਦੇ ਨਹੀਂ ਕੀਤੇ।
ਹਿੱਕਮਤ ਵਿੱਦਿਆ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਭੈੜੀ ਸਿਹਤ ਦੀ ਬੀਮਾਰੀ ਕੇਵਲ ਯੂਰਪ ਦੇ ਸਿਹਤਗਾਹਾਂ ਪਰ ਹੀ ਠੀਕ ਹੁੰਦੀ ਹੈ, ਕੀ ਇਹ ਗੱਲ ਸੱਚੀ ਨਹੀਂ? ਬੀਮਾਰੀ ਦੇ ਰੋਕਣ ਲਈ ਜੋ ਰਾਏ ਡਾਕਟਰ ਦੇਣ ਉਸ ਨੂੰ ਮੰਨਣੋਂ ਕੌਣ ਇਨਕਾਰੀ ਹੋ ਸਕਦਾ ਹੈ। ਹਿੰਦੁਸਤਾਨ ਇਕ ਬੱਦਖ਼ਤ ਦੇਸ਼ ਹੈ ਅਤੇ ਜੰਗਲਾਂ ਅਤੇ ਦਲਦਲਾਂ ਨਾਲ ਭਰਪੂਰ ਹੈ। ਇਥੇ ਕੋਈ ਪਹਾੜੀ ਸਥਾਨ ਨਹੀਂ ਹਨ ਅਤੇ ਨਾ ਕੋਈ ਸਿਹਤਗਾਹ ਹੈ। ਇਨ੍ਹਾਂ ਲੀਡਰਾਂ ਦਾ ਕਸ਼ਮੀਰ ਕੇਵਲ ਇਟਲੀ ਦੇ ਉਤਰ ਵਿਚ ਹੀ ਹੈ। ਮਰੀ, ਮਸੂਰੀ ਅਤੇ ਨੈਨੀਤਾਲ ਵੀ ਯੂਰਪ ਵਿਚ ਹੀ ਮਿਲਦੇ ਹਨ, ਆਪ ਜਾਣਦੇ ਹੋ ਕਿ ਆਪਣੇ ਦੇਸ਼ ਦੀ ਸੇਵਾ ਲਈ ਜ਼ਰੂਰੀ ਜਿਊਣਾ ਚਾਹੀਦਾ ਹੈ। ਜਿੰਦਗੀ ਕੀਮਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿਪਾਹੀ ਲਈ ਕੋਈ ਆਰਾਮ ਨਹੀਂ ਹੈ। ਉਹ ਮਰਨ ਖ਼ਾਤਰ ਹੀ ਜਿਊਂਦਾ ਹੈ ਤਾਂ ਕਿ ਉਹ ਹਮੇਸ਼ਾ ਦੁੱਖ ਝੱਲ ਰਹੀ ਕੌਮ ਦੀ ਸੇਵਾ ਵਿਚ ਰਹਿੰਦਾ ਹੋਇਆ ਹੀ ਮਰੇ ਅਤੇ ਦੁਖੀ ਕੌਮ ਦੇ ਵਾਸਤੇ ਮਰਨ ਖ਼ਾਤਰ ਕਮਰਕੱਸੇ ਹੋਏ ਹੀ ਜੰਗ ਵਿਚ ਮਰਨਾ ਉਸ ਦੀ ਭਾਰੀ ਇੱਛਾ ਹੁੰਦੀ ਹੈ।
ਪ੍ਰੰਤੂ ਯੂਰਪ ਨੂੰ ਤੁਰਨ ਤੋਂ ਪਹਿਲਾਂ ਜਦੋਂ ਕਿ ਆਪ ਅਜੇ ਹਿੰਦੁਸਤਾਨ ਦੀ ਹਵਾ ਹੀ ਖਾ ਰਹੇ ਸੀ ਅਤੇ ਹਿੰਦੁਸਤਾਨ ਦੀ ਧਰਤੀ ਪਰ ਚੱਲ ਫਿਰ ਰਹੇ ਸੀ, ਤਾਂ ਆਪ ਦੇ ਅਤੇ ਆਪ ਦੇ ਸਾਥੀਆਂ ਦੇ ਬੀਜੇ ਹੋਏ ਕੰਡੇ ਉਗ ਪਏ। ਆਪ ਨੇ ‘ਹਿੰਦੂਓ, ਮਾਰੋ।` ਦਾ ਪ੍ਰਚਾਰ ਕੀਤਾ ਸੀ ਅਤੇ ਹਿੰਦੂ ਹੀ ਮਾਰੇ ਗਏ।
ਆਪ ਜੈਸੇ ਹੀ ਹੋਰ ਸੱਜਣਾਂ ਨੇ ‘ਮੁਸਲਮਾਨੋਂ, ਮਾਰੋ!` ਦਾ ਪ੍ਰਚਾਰ ਕੀਤਾ, ਜਦੋਂ ਮੁਸਲਮਾਨਾਂ ਦੇ ਮਾਰੇ ਜਾਣ ਦਾ ਸਮਾਂ ਆਇਆ ਤੇ ਉਨ੍ਹਾਂ ਦੇ ਲੀਡਰਾਂ ਨੇ ਵੀ ਇਹ ਬੁਜਦਿਲੀ ਦਿਖਾਈ ਕਿ ਉਹ ਸਿਪਾਹੀਆਂ ਵਾਲਾ ਕੰਮ ਨਾ ਕਰ ਸਕੇ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵੀ ਕਾਫ਼ੀ ਮਾਰ ਪਈ। ਪ੍ਰੰਤੂ ਅਸਾਡਾ ਸਿਪਾਹੀ ਉਸ ਵੇਲੇ ਬੁਜ਼ਦਿਲੀ ਦਿਖਾਉਣ ਵਿਚ ਬਹਾਦਰ ਨਿਕਲਿਆ। ਜਦੋਂ ਹਿੰਦੂ ਮਾਰੇ ਜਾਣ ਦਾ ਆਪਣਾ ਹਿੱਸਾ, ਸਗੋਂ ਹਿੱਸੇ ਤੋਂ ਵੱਧ ਲੈਣ ਲੱਗੇ ਤਾਂ ਆਪ ਨੇ ਫਸਟ ਕਲਾਸ ਦੇ ਗਦੈਲਿਆਂ ਪਰ ਬੈਠ ਕੇ ਯੂਰਪ ਨੂੰ ਤੁਰ ਜਾਣਾ ਹੀ ਚੰਗਾ ਸਮਝਿਆ। ਆਪ ਨੇ ਲਾਹੌਰ ਦੇ ਹਿੰਦੂਆਂ ਦੀ ਇਸ ਮੁਸੀਬਤ ਸਮੇਂ ਸਹਾਇਤਾ ਕਰਨੋਂ ਅਸਮਰੱਥਤਾ ਪ੍ਰਗਟ ਕੀਤੀ। ਚੋਣ ਦੇ ਦਿਨਾਂ ਵਿਚ ਆਮ ਤੌਰ `ਤੇ ਹਿੰਦੂਆਂ ਦੀ ਮੁਸਲਮਾਨਾਂ ਹੱਥੋਂ ਰੱਖਿਆ ਕਰਨ ਦੀਆਂ ਡੀਂਗਾਂ ਮਾਰਿਆ ਕਰਦੇ ਸਨ।
ਪ੍ਰੰਤੂ ਅਫ਼ਸੋਸ ਹੈ ਕਿ ਇਹ ਸਭ ਕੁਝ ਆਪ ਦਾ ਚੋਣ ਦੀ ਸਫ਼ਲਤਾ ਤੱਕ ਹੀ ਮਹਿਦੂਦ ਸੀ। ਇਸ ਦੇ ਸਬੂਤ ਵਿਚ ਅਸੀਂ ਕੇਵਲ ਇੰਨਾ ਕਹਿਣਾ ਹੀ ਕਾਫ਼ੀ ਸਮਝਦੇ ਹਾਂ ਕਿ ਆਪ ਨੇ ਯੂਰਪ ਤੋਂ ਵਾਪਸ ਆ ਕੇ ਵੀ ਲਾਹੌਰ ਦੇ ਗਰੀਬ ਅਤੇ ਦੁਖੀ ਹਿੰਦੂਆਂ ਦੀ ਮਦਦ ਲਈ ਲਾਹੌਰ ਪੁੱਜਣ ਦੀ ਵੀ ਖੇਚਲ ਨਹੀਂ ਕੀਤੀ ਅਤੇ ਸਾਨੂੰ ਪਤਾ ਨਹੀਂ ਕਿ ਆਪ ਨੇ ਸਰਹੱਦ ਤੋਂ ਪਾਗ਼ਲ ਪਠਾਣਾਂ ਦੇ ਕੱਢੇ ਹੋਏ ਹਿੰਦੂਆਂ ਦੀ ਰੱਖਿਆ ਲਈ ਕੀ ਤਰੀਕੇ ਵਰਤੇ ਹਨ। ਇਸ ਦੇ ਉਲਟ ਆਪ ਸਿੱਧੇ ਹੀ ਸ਼ਿਮਲੇ ਨੂੰ ਅਸੈਂਬਲੀ ਵਿਚ ਹਿੱਸਾ ਲੈਣ ਲੲਂੀ ਅਤੇ ਆਪਣੇ ਸਾਥੀਆਂ ਪਰ ਤਕਰੀਰਾਂ ਦਾ ਅਸਰ ਪਾਉਣ ਲਈ ਚਲੇ ਗਏ। ਬਿਪਤਾ ਸਮੇਂ ਅੱਡਾ ਰਹਿਣਾ ਆਪਦੀ ਬਹਾਦਰੀ ਦਾ ਵੱਡਾ ਹਿੱਸਾ ਹੈ।
ਕਈ ਨੌਜਵਾਨ ਇਸਤਰੀਆਂ ਦੇ ਸਿਰਾਂ ਦੇ ਸਾਈਂ ਮਰ ਜਾਣ ਨਾਲ ਉਨ੍ਹਾਂ ਦੀ ਸਾਰੀ ਉਮਰ ਦੁੱਖ ਭਰੀ ਅਤੇ ਇਕੱਲੀ ਹੋ ਗਈ, ਕਈ ਕਵਾਰੀਆਂ ਦੇ ਸਤਿ ਭੰਗ ਕੀਤੇ ਜਾਣ ਕਰਕੇ ਉਹ ਆਪਣੇ ਅੰਦਰ ਹੰਝੂਆਂ ਨਾਲ ਰੋ ਰਹੀਆਂ ਹਨ। ਕਈ ਮਾਸੂਮਾਂ ਦਾ ਕਤਲ ਕੀਤਾ ਗਿਆ, ਤੀਹ ਲੱਖ ਜਾਨਾਂ ਭਿਆਨਕ ਨਰਕ ਵਿਚ ਦੀ ਲੰਘ ਰਹੀਆਂ ਹਨ। ਲਾਟ ਪੰਜਾਬ ਵੀ ਆਪਣੀ ਪਹਾੜੀ ਅਰਾਮਗਾਹ ਛੱਡ ਕੇ ਇਨ੍ਹਾਂ ਲੋਕਾਂ ਦੇ ਬੀਜੇ ਹੋਏ ਕੰਡਿਆਂ ਨੂੰ ਵਢਾਉਣ ਲਈ ਲਾਹੌਰ ਪੁੱਜਦਾ ਹੈ, ਪ੍ਰੰਤੂ ਸਾਡਾ ਸਿਪਾਹੀ (ਲਾਲਾ ਲਾਜਪਤ ਰਾਏ) ਇੰਨਾ ਬੀਮਾਰ ਹੈ ਕਿ ਆਪਣੀ ਡਿਊਟੀ ਪਰ ਨਹੀਂ ਪੁੱਜ ਸਕਦਾ ਅਤੇ ਕਹਿ ਛੱਡਦਾ ਹੈ : ਲਾਹੌਰ ਜਾਣ ਲਈ ਗਰਮੀ ਬਹੁਤ ਹੈ ਅਤੇ ਰੇਲ ਦੀਆਂ ਸੀਟਾਂ ਪਹਿਲਾਂ ਹੀ ਰੋਕੀਆਂ ਜਾ ਚੁੱਕੀਆਂ ਹਨ, ਰੋਣ ਦਿਓ ਇਨ੍ਹਾਂ ਵਿਧਵਾ ਹੋ ਚੁੱਕੀਆਂ ਇਸਤਰੀਆਂ ਨੂੰ ਅਤੇ ਯਤੀਮ ਹੋ ਚੁੱਕੇ ਬੱਚਿਆਂ ਨੂੰ, ਸਾਨੂੰ ਇਨ੍ਹਾਂ ਨਾਲ ਕੀ ਹੈ। ਤੰਗੀ ਅਜੀਬ-ਅਜੀਬ ਆਦਮੀਆਂ ਨੂੰ ਇਕੱਠੇ ਕਰ ਦਿੰਦੀ ਹੈ। ਖ਼ਲਕਤ ਸਾਹਮਣੇ, ਜਿਨ੍ਹਾਂ ਪਰ ਆਪ ਇਹ ਦੂਸ਼ਣ ਲਾਉਂਦੇ ਸੀ ਕਿ ਇਹ ਲੋਕੀਂ ਆਮ ਜਨਤਾ ਦੇ ਇਤਬਾਰਯੋਗ ਨਹੀਂ ਹਨ, ਕੀ ਹੁਣ ਉਨ੍ਹਾਂ ਦੇ ਦਰ ਤੋਂ ਮੰਗਣਾ ਬਹੁਤ ਨਿੱਘ ਦਿੰਦਾ ਹੈ? ਹੁਸ਼ਿਆਰ ਰਹੋ ਕਿ ਆਦਮੀ ਆਪਣੇ ਸਾਥੀਆਂ ਤੋਂ ਹੀ ਜਾਣਿਆ ਜਾਂਦਾ ਹੈ। ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਆਪ ਇਕ ਮੌਡਰੇਟ ਗਿਣੇ ਜਾਣ ਲੱਗ ਪਏ ਹੋ ਜਦੋਂ ਕਿ ਆਪ ਜੀ ਹਜ਼ੂਰੀਆਂ ਅਤੇ ਝੋਲੀਚੁੱਕਾਂ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰਦੇ ਹੋ।
1. ਕੇਦਾਰ ਨਾਥ ਸਹਿਗਲ (ਮੈਂਬਰ ਸਰਬ ਹਿੰਦ ਕਾਂਗਰਸ ਕਮੇਟੀ, ਪ੍ਰਧਾਨ ਪੰਜਾਬ ਪੁਲੀਟੀਕਲ ਸਫ਼ਰਰਜ਼ ਕਾਨਫਰੰਸ)
2. ਮੇਲਾ ਰਾਮ ਵਫ਼ਾ (ਐਡੀਟਰ), ਬੰਦੇ ਮਾਤਰਮ ਅਤੇ ਨੈਸ਼ਨਲ ਕਾਲਜ ਦਾ ਪੁਰਾਣਾ ਪ੍ਰੋਫੈਸਰ।
3. ਪ੍ਰੇਮ ਪ੍ਰਕਾਸ਼ ਦੇਵੀਸ਼ਵਰ, ਜਨਰਲ ਸਕੱਤਰ ਪੰਜਾਬ ਸਨਾਤਨ ਧਰਮ ਪੁਲੀਟੀਕਲ ਕਾਨਫਰੰਸ।
4. ਅਬਦਲ ਮਜੀਦ ਸਕੱਤਰ, ਪੰਜਾਬ ਪ੍ਰੈਸ ਵਰਕਰਜ਼ ਯੂਨੀਅਨ।
5. ਭਗਵਾਨ ਚਰਨ ਕੌਮੀ ਬੀ.ਏ., ਸਕੱਤਰ, ਕੌਮੀ ਗਰੈਜੂਏਟਸ ਯੂਨੀਅਨ।
6. ਨਰਿੰਦਰਾ ਨਾਥ, ਕੌਮੀ ਬੀ.ਏ. ਲੇਟ ਜੁਆਇੰਟ ਐਡੀਟਰ, ਭੀਸ਼ਮ।
7. ਧਰਮ ਚੰਦ ਕੌਮੀ, ਬੀ.ਏ.
8. ਗਨਪਤ ਰਾਏ ਕੌਮੀ, ਬੀ.ਏ.
9. ਬਾਬੂ ਸਿੰਘ ਕੌਮੀ, ਬੀ.ਏ.
10. ਜੀ.ਆਰ. ਦਰਵੇਸ਼ੀ, ਐਡੀਟਰ ਮਿਹਨਤਕਸ਼
11. ਕਰਮ ਚੰਦ ਐਡੀਟਰ, ਲਾਹੌਰ
12. ਮੁਹੰਮਦ ਯੂਸਫ਼ ਕੌਮੀ, ਬੀ.ਏ. ਜੁਆਇੰਟ ਐਡੀਟਰ, ਅਕਾਲੀ
13. ਸੀਤਾ ਰਾਮ ਮਾਸਟਰ, ਪੁਲੀਟੀਕਲ ਵਰਕਰ ਪੰਜਾਬ
14. ਹਰਦਿਆਲ ਹਿੰਦੀ, ਸਾਹਿਤਆ ਭਵਨ
15. ਧਰਮਿੰਦਰਾ ਕੌਮੀ, ਬੀ.ਏ.
16. ਸਰਿੰਦਰਾ ਨਾਥ
17. ਐਨ. ਕਾਲਮ ਉੱਲਾ
18. ਪਿੰਡੀਦਾਸ ਸੋਢੀ, ਲੇਟ ਮੈਨੇਜਰ ਭੀਸ਼ਮ ਲਾਹੌਰ।
19 ਧਰਮਿੰਦਰਾ ਠਾਕਰ, ਲੇਟ ਉਪਦੇਸ਼ਕ ਹਿੰਦੂ ਸਭਾ।
20. ਡਾਕਟਰ ਇੰਦਰ ਲਾਲ ਕਪੂਰ।
21. ਲੱਧਾ ਰਾਮ ਲੇਟ, ਐਡੀਟਰ ਸਵਰਾਜੀਆ ਅਲਾਹਾਬਾਦ।
22. ਵੇਦ ਰਾਜ ਭੱਲਾ, ਕੌਮੀ ਬੀ.ਏ.