Pages

Showing posts with label ਭਾਰਤ-ਪਾਕਿ. Show all posts
Showing posts with label ਭਾਰਤ-ਪਾਕਿ. Show all posts

ਪਾਕਿਸਤਾਨ ਬਣਿਆ ਯੂ ਐਨ ਸੁਰੱਖਿਆ ਕੌਂਸਲ ਦਾ ਮੈਂਬਰ!
ਅਫ਼ਗਾਨਿਸਤਾਨ ਦਾ ਯੂ ਟਰਨ- ਜੇ ਅਮਰੀਕਾ ਜਾਂ ਭਾਰਤ ਪਾਕਿ 'ਤੇ ਹਮਲਾ ਕਰਦੇ ਹਨ ਤਾਂ ਅਸੀਂ ਦਵਾਂਗੇ ਪਾਕਿਸਤਾਨ ਦਾ ਸਾਥ : ਕਰਜ਼ਈ

20ਵੀਂ ਸਦੀ ਦੇ ਮਹਾਨ ਸਿਆਸਤਦਾਨ, ਨੋਬਲ ਇਨਾਮ ਜੇਤੂ, ਦੂਸਰੇ ਸੰਸਾਰ ਯੁੱਧ ਵਿੱਚ ਨਾਜ਼ੀਵਾਦ ਅਤੇ ਫਾਸ਼ੀਵਾਦ ਨੂੰ ਲੱਕ ਤੋੜਵੀਂ ਹਾਰ ਦੇਣ ਵਾਲੇ, ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਇੱਕ ਵਾਰ ਕਿਹਾ ਸੀ, ‘ਬਹੁਤ ਵਾਰ ਇੱਕ ਮਿੰਟ ’ਚ ਲਿਆ ਠੀਕ ਜਾਂ ਗਲਤ ਫੈਸਲਾ, ਕੌਮਾਂ ਦੇ ਨਿਰਮਾਣ ਜਾਂ ਬਰਬਾਦੀ ਦੀ ਹੋਣੀ ਨੂੰ ਲਿਖ ਦਿੰਦਾ ਹੈ।’
ਹੁਣ ਪਾਕਿਸਤਾਨ ਅਗਲੇ ਦੋ ਸਾਲਾਂ ਲਈ ਯੂ. ਐਨ. ਸੁਰੱਖਿਆ ਕੌਂਸਲ ਵਿੱਚ ਬੈਠ ਕੇ ਉਹ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੀ ਹੋਣੀ ਨੂੰ ਨਿਸ਼ਚਿਤ ਕਰਨ ਵਿੱਚ ਵੀ ਫੈਸਲਾਕੁੰਨ ਰੋਲ ਅਦਾ ਕਰੇਗਾ।
ਯੂਨਾਇਟਿਡ ਨੇਸ਼ਨਜ਼ ਸੰਸਥਾ, 193 ਦੇਸ਼ਾਂ ਦੀ ਜਰਨਲ ਅਸੈਂਬਲੀ ਹੈ, ਜਿਸ ਦਾ ਸੈਸ਼ਨ ਸਾਲ ਵਿੱਚ ਇੱਕ ਵਾਰ ਸਤੰਬਰ ਦੇ ਮਹੀਨੇ ਵਿੱਚ ਹੁੰਦਾ ਹੈ। ਯੂ. ਐਨ. ਨੇ ਅੱਗੋਂ 15 ਮੈਂਬਰੀ ਸੁਰੱਖਿਆ ਕੌਂਸਲ ਬਣਾਈ ਹੋਈ ਹੈ, ਜਿਸ ਵਿੱਚ ਪੰਜ ਪੱਕੇ ਮੈਂਬਰ (ਵੀਟੋ ਸ਼ਕਤੀ ਪ੍ਰਾਪਤ) ਦੇਸ਼ (ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਇੰਗਲੈਂਡ) ਹਨ ਅਤੇ ਦੂਸਰੇ 10 ਮੈਂਬਰ ਹਰ ਦੋ ਸਾਲ ਬਾਅਦ, 193 ਦੇਸ਼ਾਂ ਦੇ ਨੁਮਾਇੰਦਿਆਂ ਵਲੋਂ ਦੋ ਤਿਹਾਈ ਬਹੁਮਤ ਨਾਲ ਚੁਣੇ ਜਾਂਦੇ ਹਨ। ਇਨ੍ਹਾਂ 10 ਮੈਂਬਰਾਂ ਵਿੱਚ ਦੁਨੀਆ ਦੇ ਸਭ ਮਹਾਂਦੀਪਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਵਰ੍ਹਾ 2011 ਦੇ ਅਖੀਰ ਵਿੱਚ ਪੰਜ ਮੈਂਬਰ ਰਿਟਾਇਰ ਹੋ ਰਹੇ ਹਨ, ਜਿਨ੍ਹਾਂ ਦੇਸ਼ਾਂ ਦੇ ਨਾਂ ਹਨ - ਬ੍ਰਾਜ਼ੀਲ, ਗੈਬਨ, ਲੈਬਨਾਨ, ਨਾਈਜੀਰੀਆ ਅਤੇ ਬੋਸਨੀਆ ਹਰਜੇਗੋਵੀਨਾ। ਇਨ੍ਹਾਂ ਖਾਲੀ ਹੋ ਰਹੀਆਂ ਪੰਜ ਸੀਟਾਂ ਲਈ ਨਵੇਂ ਨੁਮਾਇੰਦੇ ਚੁਣੇ ਜਾਣੇ ਸਨ। ਮਹਾਂਦੀਪ-ਵੰਡ ਅਨੁਸਾਰ ਇਨ੍ਹਾਂ ’ਚੋਂ ਤਿੰਨ ਅਫਰੀਕਾ ਅਤੇ ਏਸ਼ੀਆ-ਪੈਸੇਫਿਕ ਗਰੁੱਪ ’ਚੋਂ, ਇੱਕ ਪੂਰਬੀ ਯੂਰਪ ਅਤੇ ਇੱਕ ਲੇਟਿਨ ਅਮਰੀਕਾ-ਕੈਰੀਬੀਅਨ ’ਚੋਂ ਲਿਆ ਜਾਣਾ ਸੀ। ਇਨਖ਼ਾਂ ਮੈਂਬਰਾਂ ਦੀ ਚੋਣ ਗੁਪਤ ਵੋਟਾਂ ਰਾਹੀਂ ਹੁੰਦੀ ਹੈ। ਇਨਖ਼ਾਂ ਨਵੇਂ ਮੈਂਬਰਾਂ ਦਾ ਕਾਰਜਕਾਲ 1 ਜਨਵਰੀ 2012 ਤੋਂ 21 ਦਸੰਬਰ, 2013 ਤੱਕ ਨਿਸ਼ਚਿਤ ਹੈ।
ਚੀਨ ਨੇ ਐਨ ਮੌਕੇ ’ਤੇ ਐਲਾਨ ਕੀਤਾ ਕਿ ਉਹ ਪਾਕਿਸਤਾਨ ਨੂੰ ਯੂ. ਐਨ. ਸੁਰੱਖਿਆ ਕੌਂਸਲ ਦੀ ਮੈਂਬਰੀ ਦੇ ਕਾਬਲ ਸਮਝਦਾ ਹੈ ਅਤੇ ਉਸਦੀ ਹਮਾਇਤ ਕਰਦਾ ਹੈ। ਅਮਰੀਕਾ ਤੇ ਭਾਰਤ ਏਸ਼ੀਆ-ਪੈਸੇਫਿਕ ਗਰੁੱਪ ’ਚੋਂ ਕਿਰਗਿਸਤਾਨ ਦੀ ਹਮਾਇਤ ’ਤੇ ਨਿੱਤਰੇ ਹੋਏ ਸਨ। ਚੀਨ ਦੀ ਮਜ਼ਬੂਤ ਲਾਮਬੰਦੀ ਨੇ ਪਾਸਾ ਪਲਟ ਦਿੱਤਾ। ਪਾਕਿਸਤਾਨ ਦੇ ਹੱਕ ਵਿੱਚ 193 ਦੇਸ਼ਾਂ ’ਚੋਂ 129 ਦੇਸ਼ਾਂ ਨੇ ਵੋਟਾਂ ਪਾ ਕੇ, ਪਾਕਿਸਤਾਨ ਨੂੰ ਅਗਲੇ ਦੋ ਸਾਲਾਂ ਲਈ ਸੁਰੱਖਿਆ ਕੌਂਸਲ ਵਿੱਚ ਬੈਠਣ ਦਾ ਮਾਣ ਪ੍ਰਦਾਨ ਕੀਤਾ। ਜਿਹੜੇ ਦੂਸਰੇ ਚਾਰ ਦੇਸ਼ ਸੁਰੱਖਿਆ ਕੌਂਸਲ ਲਈ ਚੁਣੇ ਗਏ, ਉਨ੍ਹਾਂ ਵਿੱਚ ਅਜ਼ਰਬਾਈਜ਼ਾਨ, ਮੋਰਾਕੋ, ਗਵਾਟੇਮਾਲਾ ਅਤੇ ਟੋਗੋ ਸ਼ਾਮਲ ਹਨ। ਪੰਜ ਪੱਕੇ ਮੈਂਬਰਾਂ ਅਤੇ ਪੰਜਾ ਹਾਲੀਆ ਚੁਣੇ ਗਏ ਮੈਂਬਰਾਂ ਤੋਂ ਇਲਾਵਾ ਜਿਹੜੇ ਪੰਜ ਮੈਂਬਰ ਪਿਛਲੇ ਸਾਲ ਚੁਣੇ ਗਏ ਸਨ ਉਨ੍ਹਾਂ ਵਿੱਚ ਭਾਰਤ, ਕੋਲੰਬੀਆ, ਜਰਮਨੀ, ਪੁਰਤਗਾਲ ਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਇਸ ਤਰ੍ਹਾਂ ਪਾਕਿਸਤਾਨ ਹੁਣ ਭਾਰਤ ਦੇ ਬਰਾਬਰ ਸੁਰੱਖਿਆ ਕੌਂਸਲ ਵਿੱਚ ਬਠਣ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਅਮਰੀਕਾ-ਭਾਰਤ ਦੀ ਕਿਸੇ ਵੀ ‘ਕੁਚੇਸ਼ਟਾ’ ਨੂੰ ਪੱਕੇ ਮੈਂਬਰ ਚੀਨ ਦੀ ਵੀਟੋ-ਸ਼ਕਤੀ ਨਾਲ ਤਾਰ-ਤਾਰ ਕਰਨ ਦੇ ਸਮਰੱਥ ਹੋਵੇਗਾ। ਇਹ ਹੀ ਕਾਰਨ ਹੈ ਕਿ ਚੀਨ ਅਤੇ ਪਾਕਿਸਤਾਨ ਦੇ ਮੀਡੀਏ ਨੇ ਜਿੱਥੇ ਇਸ ਖ਼ਬਰ ਨੂੰ ਪਹਿਲ ਦਿੱਤੀ ਹੈ, ਉੱਥੇ ਭਾਰਤੀ ਮੀਡੀਏ ਨੇ ਇਸਨੂੰ ਲਗਭਗ ‘ਗੋਲ’ ਹੀ ਕੀਤਾ ਹੈ। ਸਿਆਸੀ ਤਬਦੀਲੀ ਦੀ ਉਮਰ ਕਿੰਨੀ ਕੁ ਹੁੰਦੀ ਹੈ, ਇਸਦਾ ਅੰਦਾਜ਼ਾ ਅਫ਼ਗਾਨਿਸਤਾਨ ਦੇ ਪ੍ਰਧਾਨ ਹਾਮਿਦ ਕਰਜ਼ਈ ਵਲੋਂ ਪਿਛਲੇ ਦਿਨੀਂ ਪਾਕਿਸਤਾਨ ਦੇ ਇੱਕ ਪ੍ਰਮੁੱਖ ਟੀ. ਵੀ. ਚੈਨਲ ‘ਜੀਓ’ ਨੂੰ ਦਿੱਤੇ ਇੱਕ ਇੰਟਰਵਿਊ ਤੋਂ ਲਗਾਇਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਤੱਕ ਜਿਹੜਾ ਕਰਜ਼ਈ ਅਮਰੀਕਾ ਦੇ ਮੋਢਿਆਂ ’ਤੇ ਚੜ੍ਹ ਕੇ, ਭਾਰਤੀ ਸ਼ਹਿ ਨਾਲ ‘ਧਮਕੀਆਂ’ ਦੀ ਜ਼ੁਬਾਨ ਵਿੱਚ ਗੱਲਬਾਤ ਕਰ ਰਿਹਾ ਸੀ ਅਤੇ ਪਾਕਿਸਤਾਨ ਨੂੰ ਸਿੱਟੇ ਭੁਗਤਣ ਲਈ ਤਿਆਰ ਰਹਿਣ ਦਾ ਨਾਦ ਵਜਾ ਰਿਹਾ ਸੀ, ਉਹ ਬਿਲਕੁਲ ਭਿੱਜੀ ਬਿੱਲੀ ਬਣ ਗਿਆ ਹੈ। ਜੀਓ ਟੀ. ਵੀ. ਇੰਟਰਵਿਊ ਵਿੱਚ ਕਰਜ਼ਈ ਨੇ ਕਿਹਾ, ‘ਜੇ ਅਮਰੀਕਾ ਜਾਂ ਭਾਰਤ, ਪਾਕਿਸਤਾਨ ’ਤੇ ਹਮਲਾ ਕਰਦੇ ਹਨ ਤਾਂ ਅਫਗਾਨਿਸਤਾਨ, ਪਾਕਿਸਤਾਨ ਦਾ ਸਾਥ ਦੇਵੇਗਾ। ਪਾਕਿਸਤਾਨ ਨੇ 5 ਮਿਲੀਅਨ ਅਫਗਾਨ- ਪਨਾਹਗੀਰਾਂ ਨੂੰ ਸ਼ਰਨ ਦੇ ਕੇ ਜੋ ਸਾਡੇ ’ਤੇ ਅਹਿਸਾਨ ਕੀਤਾ ਹੋਇਆ ਹੈ, ਉਹ ਅਸੀਂ ਕਿਵੇਂ ਭੁਲਾ ਸਕਦੇ ਹਾਂ?’ ਇਸ ਨੂੰ ਕਹਿੰਦੇ ਨੇ ‘ਜਾਦੂ ਉਹ ਜਿਹੜਾ ਸਿਰ ਚੜ੍ਹ ਬੋਲੇ’।
ਵਾਸ਼ਿੰਗਟਨ ਪੋਸਟ ਸਮੇਤ ਅਮਰੀਕਾ ਦੇ ਪ੍ਰਮੁੱਖ ਮੀਡੀਏ ਅਤੇ ਸਰਕਾਰੇ-ਦਰਬਾਰੇ, ਕਰਜ਼ਈ ਦੇ ਬਿਆਨ ਨੇ ਹਲਚਲ ਪੈਦਾ ਕੀਤੀ ਹੋਈ ਹੈ। ਭਾਵੇਂ ਅਫਗਾਨ ਸਰਕਾਰ ਨੇ ਬਿਆਨ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕੀਤਾ ਹੈ ਪਰ ਕਮਾਨ ’ਚੋਂ ਨਿਕਲਿਆ ਤੀਰ ਅਤੇ ਜ਼ੁਬਾਨ ’ਚੋਂ ਨਿਕਲਿਆ ਸ਼ਬਦ ਕਦੋਂ ਵਾਪਸ ਆਉਂਦੇ ਹਨ?
ਅਸੀਂ ਸਮਝਦੇ ਹਾਂ ਕਿ ਅਮਰੀਕਾ ਦੀ ਪੈਦਾਵਾਰ - ਕਰਜ਼ਈ, ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਫ ਹੈ ਅਤੇ ਉਹ ਸਮਝਦਾ ਹੈ ਕਿ ਅਮਰੀਕਾ ਨੂੰ ਪਿਛਲੇ 10 ਸਾਲਾਂ ਵਿੱਚ ਆਰਥਿਕ ਪੱਖੋਂ ਚੰਗੀ ਤਰ੍ਹਾਂ ਚੁੰਡ ਲਿਆ ਹੈ - ਹੁਣ ਅੱਗੋਂ ਬਹੁਤੀ ਸੰਭਾਵਨਾ ਨਹੀਂ। ਭਾਵੇਂ ਅਮਰੀਕਾ ਨੇ ਉਸਨੂੰ ਭਾਰਤ ਦੇ ਮੱਥੇ ਲਾ ਕੇ ‘ਫੌਜੀ ਟਰੇਨਿੰਗ, ਉਪਕਰਨ ਅਤੇ ਹੋਰ ਲਾਜਿਸਟਿਕਸ ਪ੍ਰਦਾਨ ਕਰਨ’ ਵਰਗੇ ਕੁਝ ਸਮਝੌਤੇ ਕਰਵਾਏ ਹਨ ਅਤੇ ਭਾਰਤ ਨੇ 2013 ਤੱਕ ਇੱਕ ਬਿਲੀਅਨ ਡਾਲਰ ਤੋਂ ਜ਼ਿਆਦਾ ਮਾਲੀ ਮਦਦ ਦੇਣ ਦਾ ਵਾਅਦਾ ਵੀ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਕਰਜ਼ਈ ਨੇ ਉਪਰੋਕਤ ਇੰਟਰਵਿਊ, ਅਮਰੀਕਾ ਦੀ ਸੈਕ੍ਰੇਟਰੀ ਆਫ ਸਟੇਟ ਹਿਲੇਰੀ ਕਲਿੰਟਨ ਦੇ ਅਫਗਾਨਿਸਤਾਨ-ਪਾਕਿਸਤਾਨ ਦੌਰੇ ਤੋਂ ਬਾਅਦ ਦਿੱਤੀ ਹੈ, ਜਿਸ ਦੌਰੇ ਦੌਰਾਨ ਹਿਲੇਰੀ ਕਲਿੰਟਨ ਨੇ ਪਾਕਿਸਤਾਨ ਨੂੰ ਗਾਜਰ ਅਤੇ ਡੰਡਾ (ਕੈਰਟ ਐਂਡ ਸਟਿੱਕ ਪਾਲਿਸੀ) ਨੀਤੀ ਦਾ ਜਲਵਾ ਦਿਖਾਇਆ ਸੀ। ਪਰ ਇਉਂ ਜਾਪਦਾ ਹੈ ਕਿ ਲੂੰਬੜ ਚਾਲਾਂ ਵਿੱਚ ਮਾਹਿਰ ਕਰਜ਼ਈ ਨੂੰ ਤਾਲਿਬਾਨ ਦੀ ਵਧਦੀ ਤਾਕਤ ਸਾਹਮਣੇ, ਆਪਣੀ ਜਾਨ ਦੇ ਲਾਲੇ ਪਏ ਹੋਏ ਹਨ ਅਤੇ ਅਮਰੀਕਾ ਦੇ ਪ੍ਰਸੰਗ ਵਿੱਚ ਉਸਨੂੰ ‘ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ’ ਵਾਲਾ ਅਖਾਣ ਸੱਚਾ ਜਾਪਦਾ ਹੈ। ਪਾਕਿਸਤਾਨ ਦੇ ਸੁਰੱਖਿਆ ਕੌਂਸਲ ਵਿੱਚ ਪਹੁੰਚਣ ਨੇ ਉਸ ਦਾ ਹੌਂਸਲਾ ਅੱਗੋਂ ਪਸਤ ਕਰ ਦਿੱਤਾ ਹੈ। ਕਰਜ਼ਈ ਵਲੋਂ ਮਾਰੇ ਯੂ-ਟਰਨ ਦੀ ਇਹੀ ਪਿੱਠ-ਭੂਮੀ ਹੈ। ਹੁਣ ਭਾਰਤੀ ਹਾਕਮਾਂ ਦੇ ‘ਸਿਆਸੀ ਬੂਝੜਪੁਣੇ’ ਦੀ ਗੱਲ ਕਰੀਏ। ਪਿਛਲੇ ਹਫਤਿਆਂ ਦੌਰਾਨ ਜਦੋਂ ਅਫਗਾਨਿਸਤਾਨ ਦਾ ਪ੍ਰਧਾਨ ਕਰਜ਼ਈ, ਭਾਰਤ ਦੇ ਦੌਰੇ ’ਤੇ ਗਿਆ ਸੀ ਤਾਂ ਉੱਥੇ ਭਾਰਤ-ਅਫਗਾਨਿਸਤਾਨ ਵਲੋਂ ਆਪਸ ਵਿੱਚ ਕੀਤੇ ਗਏ ਸਮਝੌਤਿਆਂ ਨੂੰ ਆਧਾਰ ਬਣਾ ਕੇ ਅਸੀਂ ਲਿਖਿਆ ਸੀ ਕਿ-
‘‘ਹਕੀਕਤ ਵਿੱਚ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚੋਂ ਨਿਕਲਣ ਤੋਂ ਬਾਅਦ, ਅਫ਼ਗਾਨਿਸਤਾਨ ਵਿਚਲੇ ਆਪਣੇ ਮਾਰੂ ਏਜੰਡੇ ਦੀ ਲੀਜ਼ ਭਾਰਤ ਦੇ ਨਾਮ ਕਰ ਦਿੱਤੀ ਹੈ।ਇਸ ਸਮਝੌਤੇ ਤਹਿਤ ਭਾਰਤ, ਅਫਗਾਨਿਸਤਾਨ ਦੇ ਫੌਜੀਆਂ ਨੂੰ ‘ਟਰੇਨਿੰਗ, ਉਪਕਰਨ ਅਤੇ ਹੋਰ ਲਾਜਿਸਟਿਕਸ ਸਹਾਇਤਾ’ ਪ੍ਰਦਾਨ ਕਰੇਗਾ। ਯਾਦ ਰਹੇ ਅਫਗਾਨਿਸਤਾਨ ਨੇ ਆਪਣੇ ਜੁੜਵੇਂ ਭਰਾ ਪਾਕਿਸਤਾਨ ਨਾਲ ਕਦੀ ਵੀ ਇਹੋ ਜਿਹਾ ਸਮਝੌਤਾ ਪਿਛਲੇ 64 ਵਰ੍ਹਿਆਂ ਵਿੱਚ ਨਹੀਂ ਕੀਤਾ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੁਸ਼ੱਰਫ ਨੇ ਲੰਡਨ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਆਪਣੇ ਕਾਰਜਕਾਲ ਦੌਰਾਨ, ਉਸ ਨੇ ਪ੍ਰਧਾਨ ਜ਼ਰਦਾਰੀ ਨੂੰ ਅਫਗਾਨ-ਫੌਜੀਆਂ ਦੀ ਟਰੇਨਿੰਗ ਦੀ ਪੇਸ਼ਕਸ਼ ਕੀਤੀ ਸੀ ਪਰ ਕਦੀ ਇੱਕ ਵੀ ਅਫਗਾਨ ਫੌਜੀ ਟਰੇਨਿੰਗ ਲਈ, ਪਾਕਿਸਤਾਨ ਨਹੀਂ ਆਇਆ। ਭਾਰਤ-ਅਫਗਾਨਿਸਤਾਨ ਉਪਰੋਕਤ ਸਮਝੌਤੇ ਦਾ ਸਿੱਧਾ ਤੇ ਸਪੱਸ਼ਟ ਮਤਲਬ ਹੈ ਅਫਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਦੀ ਥਾਂ, ਭਾਰਤੀ ਫੌਜ ਦੀ ਮੌਜੂਦਗੀ। ਭਾਰਤੀ ਫੌਜ ਨੇ ਪਹਿਲਾਂ ਹੀ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਦੇਸ਼ ਤਾਜ਼ਿਕਸਤਾਨ ਦੇ ਫੌਜੀ ਅਫਸਰਾਂ ਨੂੰ ਆਪਣੀ ਫੌਜੀ ਅਕੈਡਮੀਆਂ ਵਿੱਚ ਟਰੇਨਿੰਗ ਦਾ ਕੰਮ ਸ਼ੁਰੂ ਕੀਤਾ ਹੋਇਾ ਹੈ। ਯਾਦ ਰਹੇ, ਅਫਗਾਨਿਸਤਾਨ ਵਿੱਚ, 15 ਤੋਂ 20 ਫੀਸਦੀ ਅਬਾਦੀ ਤਾਜ਼ਿਕ ਮੂਲ ਦੇ ਲੋਕਾਂ ਦੀ ਹੈ ਅਤੇ ਉਹ ਪਸ਼ਤੂਨਾਂ (ਤਾਲਿਬਾਨਾਂ) ਦੇ ਕੱਟੜ ਵੈਰੀ ਅਤੇ ਅਮਰੀਕੀ ਪ੍ਰਸਤ ਹਨ। ਤਾਲਿਬਾਨਾਂ ਹੱਥੋਂ ਅਫਗਾਨਿਸਤਾਨ ਵਿੱਚ ਮਾਰੇ ਗਏ ਦੋ ਪ੍ਰਧਾਨ ਰੱਬਾਨੀ ਅਤੇ ਮਸੂਦ ਤਾਜ਼ਿਕ ਮੂਲ ਦੇ ਸਨ। ਸੋ ਜ਼ਾਹਰ ਹੈ ਕਿ ਭਾਰਤੀ ਫੌਜ ਦੀ ਅਫਗਾਨਿਸਤਾਨ ਵਿੱਚ ਮੌਜੂਦਗੀ ਨਾ-ਸਿਰਫ ਪਾਕਿਸਤਾਨ ਨੂੰ ਤੁਖਣੀ ਦੇਣੀ ਸਾਬਤ ਹੋਏਗੀ ਬਲਕਿ ਤਾਲਿਬਾਨਾਂ ਨਾਲ ਪੱਕੇ ਤੌਰ ’ਤੇ ਵੈਰ ਸਹੇੜਨਾ ਵੀ ਹੋਵੇਗਾ। ਸਾਨੂੰ ਇਹ ਖਦਸ਼ਾ ਵੀ ਹੈ ਕਿ ਇਸ ਮਕਸਦ ਲਈ ਸਿੱਖ ਫੌਜ ਨੂੰ ਇਵੇਂ ਹੀ ਕੁਰਬਾਨੀ ਦਾ ਬੱਕਰਾ ਬਣਾਇਆ ਜਾਵੇਗਾ ਜਿਵੇਂ ਕਿ ਸ੍ਰੀਲੰਕਾ ਵਿੱਚ ‘ਪੀਸ ਕੀਪਿੰਗ ਫੋਰਸ’ ਦੇ ਨਾਂ ਹੇਠ, ਹਜ਼ਾਰਾਂ ਸਿੱਖ ਫੌਜੀਆਂ ਨੂੰ ਮਰਵਾਇਆ ਗਿਆ ਸੀ। ਅਖੀਰ ਅਫਗਾਨਿਸਤਾਨ ਵਿੱਚ ਭਾਰਤੀ ਫੌਜ ਜਾਂ ਉਸ ਦੇ ਟਰੇਂਡ ਕੀਤੇ ਫੌਜੀਆਂ ਦਾ ਹਸ਼ਰ ਵੀ ਉਹੀ ਹੋਵੇਗਾ, ਜੋ ਕਿ ਭਾਰਤੀ ਫੌਜ ਦਾ ਸ੍ਰੀਲੰਕਾ ਵਿੱਚ ਹੋਇਆ ਸੀ। ਜੇ ਪਿਛਲੇ 30 ਸਾਲਾਂ ਵਿੱਚ ਦੋ ਸੁਪਰ ਪਾਵਰਾਂ (ਸੋਵੀਅਤ ਯੂਨੀਅਨ ਅਤੇ ਅਮਰੀਕਾ) ਅਫਗਾਨਿਸਤਾਨ ਵਿੱਚੋਂ ਦੁੰਮਦੁਮਾ ਕੇ ਭੱਜਣ ਲਈ ਮਜ਼ਬੂਰ ਹੋਈਆਂ ਹਨ ਤਾਂ ਭਾਰਤ ਅਫ਼ਗਾਨਾਂ ਸਾਹਮਣੇ ਕਿਵੇਂ ਟਿਕ ਸਕੇਗਾ। (ਸੰਪਾਦਕੀ ਟਿੱਪਣੀ- ਇਤਿਹਾਸ ’ਤੇ ਨਜ਼ਰ ਮਾਰਿਆਂ ਵੀ ਭਾਰਤੀਆਂ ਨੇ ਅਫ਼ਗਾਨਾਂ ਤੋਂ ਹਮੇਸ਼ਾਂ ਮਾਰ ਹੀ ਖਾਧੀ ਹੈ ਤੇ ਸਿੱਖਾਂ ਨੇ ਹੀ ਹਮੇਸ਼ਾਂ ਢਾਲ ਬਣ ਕੇ ਅਫ਼ਗਾਨਾਂ ਤੇ ਹੋਰ ਧਾੜਵੀਆਂ ਤੋਂ ਇਸ ਖਿੱਤੇ ਦੀ ਰਾਖੀ ਕੀਤੀ। ਹੁਣ ਇਨ੍ਹਾਂ ਇਤਿਹਾਸਿਕ ਪੱਖਾਂ ਨੂੰ ਸਾਹਮਣੇ ਰੱਖ ਕੇ ਅਫ਼ਗਾਨਿਸਤਾਨ ‘ਮਿਸ਼ਨ’ ਲਈ ਦੇਸ਼ ਦੇ ਨੀਤੀਘਾੜਿਆਂ ਵਲੋਂ ਸਿੱਖ ਸੈਨਿਕਾਂ ਦੀ 'ਵਰਤੋਂ' ਕੀਤੀ ਜਾ ਸਕਦੀ ਹੈ।)
ਕਰਜ਼ਈ ਨੇ ਤਾਂ, ਸਪੱਸ਼ਟ ਐਲਾਨ ਕਰ ਦਿੱਤਾ ਹੈ ਕਿ ਉਹ ਅਮਰੀਕਾ-ਪਾਕਿਸਤਾਨ ਜਾਂ ਭਾਰਤ-ਪਾਕਿਸਤਾਨ ਜੰਗ ਹੋਣ ਦੀ ਸੂਰਤ ਵਿੱਚ ਡੱਟ ਕੇ ਪਾਕਿਸਤਾਨ ਨਾਲ ਖਲੋਵੇਗਾ, ਜੇ ਕੁਝ ਦਿਨਾਂ ਵਿੱਚ ਕਰਜ਼ਈ ਆਪਣੇ ਕੀਤੇ ਇਕਰਾਰਾਂ ਤੋਂ ਮੁੱਕਰ ਸਕਦਾ ਹੈ ਤਾਂ ਭਾਰਤੀ ਨੀਤੀ-ਘਾੜਿਆਂ ਨੂੰ ਆਪਣੇ ਸਟੈਂਡ ’ਤੇ ਪੁਨਰਵਿਚਾਰ ਕਰਨਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਦੁਨੀਆ ਦੇ 129 ਦੇਸ਼ਾਂ ਨੇ ਪਾਕਿਸਤਾਨ ਨੂੰ ਸੁਰੱਖਿਆ ਕੌਂਸਲ ਵਿੱਚ ਭੇਜ ਕੇ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਪਾਕਿਸਤਾਨ ਨਾ ਤਾਂ ਇੱਕ ‘ਫੇਲ੍ਹ ਸਟੇਟ’ ਹੈ ਅਤੇ ਨਾ ਹੀ ‘ਦਹਿਸ਼ਤਗਰਦ ਸਟੇਟ।’
ਭਾਰਤ ਨੂੰ ਇੱਕ ਜ਼ਿੰਮੇਵਾਰ, ਵੱਡੇ ਗੁਆਂਢੀ ਵਾਂਗ, ਪਾਕਿਸਤਾਨ ਨਾਲ ਹਮਜੋਲੀ ਵਾਲਾ ਰਿਸ਼ਤਾ ਕਾਇਮ ਕਰਨ ਲਈ ਪੇਸ਼ਕਦਮੀਂ ਕਰਨੀ ਚਾਹੀਦੀ ਸੀ। 2014 ਤੋਂ ਬਾਅਦ, ਸਾਊਥ ਏਸ਼ੀਆ ਵਿੱਚ ਸਦੀਵੀ ਸ਼ਾਂਤੀ ਤੇ ਖੁਸ਼ਹਾਲੀ ਦੀ ਖਾਤਰ, ਪਾਕਿਸਤਾਨ ਨਾਲ ਬਗਲਗੀਰ ਹੋਣ ਲਈ, ਕੁਝ ਦੋਸਤਾਨਾ ਕਦਮ ਚੁੱਕਣੇ ਚਾਹੀਦੇ ਸਨ ਤਾਂਕਿ ਉਹ ਅਸੁਰੱਖਿਅਤ ਮਹਿਸੂਸ ਨਾ ਕਰਦਾ। ਪਰ ਇਉਂ ਜਾਪਦਾ ਹੈ ਕਿ ਭਾਰਤੀ ਹਾਕਮਾਂ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ। 1979 ਵਿੱਚ ਸੋਵੀਅਤ ਯੂਨੀਅਨ ਵਲੋਂ ਅਫਗਾਨਿਸਤਾਨ ’ਤੇ ਜਦੋਂ ਕਬਜ਼ਾ ਕੀਤਾ ਗਿਆ ਤਾਂ ਇੰਦਰਾ ਗਾਂਧੀ ਸਰਕਾਰ ਨੇ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੀ ਹਮਾਇਤ ਕੀਤੀ। ਜਦੋਂ ਅਫਗਾਨ 1979 ਤੋਂ 1991 ਤੱਕ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸਨ ਤਾਂ ਭਾਰਤੀ ਹਾਕਮ, ਕਾਬਜ਼ ਧਿਰ ਸੋਵੀਅਤ ਯੂਨੀਅਨ ਦੇ ਨਾਲ ਖੜੇ ਸਨ। 2001 ਵਿੱਚ ਅਫ਼ਗਿਨਸਤਾਨ ’ਤੇ ਹੋਏ ਹਮਲੇ ਦਾ ਵੀ ਭਾਰਤ ਨੇ ਸਮਰਥਨ ਕੀਤਾ। ਭਾਰਤ ਦਾ ਅਫਗਾਨਿਸਤਾਨ ਨਾਲ ਕੋਈ ਬਾਰਡਰ ਵੀ ਨਹੀਂ ਲੱਗਦਾ ਜਦੋਂਕਿ ਪਾਕਿਸਤਾਨ ਦੀ 2640 ਕਿਲੋਮੀਟਰ ਤੋਂ ਜ਼ਿਆਦਾ ਸੀਮਾ ਅਫਗਾਨਿਸਤਾਨ ਨਾਲ ਲੱਗਦੀ ਹੈ ਅਤੇ ਪਾਕਿਸਤਾਨ ਵਿੱਚ, ਅਫਗਾਨਿਸਤਾਨ ਨਾਲੋਂ ਜ਼ਿਆਦਾ ਗਿਣਤੀ ਵਿੱਚ ਪਖਤੂਨ ਮੂਲ ਦੇ ਪਠਾਣ ਵਸਦੇ ਹਨ। ਜੇ ਭਾਰਤ, ਅਫਗਾਨਿਸਤਾਨ ਵਿੱਚ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਦਾ ਹੈ ਤਾਂ ਅਫਗਾਨਿਸਤਾਨ ਪਾਕਿਸਤਾਨ ਦੀਆਂ ਸਰਕਾਰਾਂ ਹੀ ਨਹੀਂ ਬਲਕਿ ਆਮ ਲੋਕਾਂ ਦੀ ਵੀ ਕੀ ਪ੍ਰਤੀਕ੍ਰਿਆ ਇਸ ਖਿੱਤੇ ਵਿੱਚ ਬਦ-ਅਮਨੀ ਦਾ ਕਰਨ ਬਣ ਸਕਦੀ ਹੈ? ਭਾਰਤ ਦੇ ਹਿੰਦੂਤਵੀ ਪ੍ਰਭਾਵ ਹੇਠਲੇ ਜਨੂੰਨੀ ਨੀਤੀਘਾੜਿਆਂ ਨੂੰ, ਸਾਊਥ ਏਸ਼ੀਆ ਨੂੰ ਨੀਊਕਲੀਅਰ ਜੰਗੀ-ਮੈਦਾਨ ਬਣਾਉਣ ਦੇ ਰਸਤੇ ’ਤੇ ਨਹੀਂ ਪੈਣਾ ਚਾਹੀਦਾ।
-ਡਾ. ਅਮਰਜੀਤ ਸਿੰਘ

‘ਐਬਟਾਬਾਦੀ’ ਨਕਲ ਜਾਂ ‘ਚਿੱਟੀ ਅੱਖੀਂ ਮਰਨ’ ਦੀ ਤਿਆਰੀ?

ਅਮਰੀਕਾ ਵਲੋਂ ਉੱਚ ਤਕਨੀਕ ਤੇ ਅਪਣੀ ਫ਼ੌਜੀ ਯੋਗਤਾ ਨਾਲ ਪਾਕਿਸਤਾਨ ਦੇ ਐਬਟਾਬਾਦ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰੇ ਜਾਣ ਦੀ ਕਾਰਵਾਈ ਤੋਂ ਬਾਅਦ ਫੁਕਰੇ ਭਾਰਤੀ ਮੀਡੀਏ ਤੇ ਹਿੰਦੂਤਵੀਆਂ ਵੱਲੋਂ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਹੁਣ ਭਾਰਤ ਵੀ ਅਮਰੀਕਾ ਦੀ ਰੀਸ ਵਿੱਚ ‘ਪਾਕਿਸਤਾਨ ਵਿੱਚ ਛੁਪੇ ਬੈਠੇ’ ਮੁੰਬਈ ਹਮਲੇ ਦੇ ‘ਦੋਸ਼ੀਆਂ’ ’ਤੇ ਹਮਲਾ ਕਰ ਦਵੇ ਪਰ ਅਜਿਹੀ ਮੰਗ ਕਰਨ ਵਾਲੇ ਇਸ ਪੱਖ ਵੱਲ ਧਿਆਨ ਨਹੀਂ ਦੇ ਰਹੇ ਕਿ ਸਾਡਾ ਦੇਸ਼ ਅਮਰੀਕਾ ਦੀ ਅਜਿਹੀ ਰੀਸ ਕਰਨ ਦੇ ਯੋਗ ਵੀ ਹੈ ਜਾਂ ਨਹੀਂ। ਕੀ ਅਜਿਹਾ ਕਰਨ ਲਈ ਅਸੀਂ ਤਕਨੀਕ ਤੇ ਫੌਜੀ ਸ਼ਕਤੀ ਪੱਖੋਂ ਅਮਰੀਕਾ ਦੇ ਨੇੜੇ ਤੇੜੇ ਵੀ ਢੁਕਦੇ ਹਾਂ? ਸਾਡੀ ਪੁਲਾੜ ਏਜੰਸੀ ਇਸਰੋ ਤਾਂ ਅਰੁਨਾਚਲ ਦੇ ਮੁੱਖ ਮੰਤਰੀ ਦੇ ਹਾਦਸਾਗ੍ਰਤ ਹੋਏ ਹੈਲੀਕਾਪਟਰ ਨੂੰ ਕਈ ਦਿਨਾਂ ਤੱਕ ਨਹੀਂ ਲੱਭ ਸਕੀ ਜਦਕਿ ਦੂਜੇ ਪਾਸੇ ਅਮਰੀਕਾ ਅਪਣੀ ਤਕਨੀਕ ਰਾਹੀਂ ਦੁਨੀਆਂ ਦੇ ਚੱਪੇ-ਚੱਪੇ ਨੂੰ ਛਾਣ ਸਕਦਾ ਹੈ। ਕੀ ਸਾਡੀ ਭੂਗੋਕਿਲ ਸਥਿਤੀ ਸਾਨੂੰ ਅਜਿਹੀ ਕਾਰਵਾਈ ਕਰਨ ਦੀ ਇਜ਼ਾਜ਼ਤ ਵੀ ਦਿੰਦੀ ਹੈ? ਸਾਡੀਆਂ ਤੇ ਪਾਕਿਸਤਾਨ ਦੀਆਂ ਹੱਦਾਂ ਸਾਂਝੀਆਂ ਹਨ। ਭਾਰਤ ਵਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਦਾ ਅੰਜਾਮ ਦੋਵਾਂ ਦੇਸ਼ਾਂ ਵਿਚਕਾਰ ਪ੍ਰਮਾਣੂ ਯੁੱਧ ਤੱਕ ਪਹੁੰਚ ਸਕਦਾ ਹੈ ਜਿਸ ਵਿੱਚ ਬਰਬਾਦ ਸਾਡਾ ਪੰਜਾਬ ਹੀ ਹੋਵੇਗਾ ਨਾ ਤਾਂ ਦੇਸ਼ ਦੇ ਫੁਕਰੇ ਬਿਜਲਈ ਮੀਡੀਏ ਨੂੰ ਤੇ ਨਾ ਹੀ ਦੇਸ਼ ਦੇ ਢਾਂਚੇ ’ਤੇ ਕਾਬਜ਼  ਫਿਰਕੂ ਸੋਚ ਨੂੰ ਹੀ ਕੋਈ ਫਰਕ ਪੈਣਾ ਹੈ ਪਰ ਜਿਵੇਂ ਭਾਰਤ ਵਲੋਂ ਅਜਿਹੀ ਕਿਸੇ ਕਾਰਵਾਈ ਲਈ ਪੰਜਾਬ ’ਤੇ ਰਾਜਸਥਾਨ ਦੇ ਇਲਾਕਿਆਂ ਵਿਚ 45 ਡਿਗਰੀ ਦੇ ਉੱਚ ਤਾਪਮਾਨ ਵਿੱਚ ਵੀ ‘ਵਿਜੈ ਭਵਾ’ ਦੇ ਨਾਮ ਹੇਠ ਸਖਤ ਫੌਜੀ ਮਸਕਾਂ ਕੀਤੀਆਂ ਜਾ ਰਹੀਆਂ ਹਨ ਉਹ ਇਹੀ ਡਰ ਪੈਦਾ ਕਰ ਰਹੀਆਂ ਹਨ ਕਿ ਅਮੀਰਕਨ ਕਾਰਵਾਈ ਤੋਂ 'ਜੋਸ਼' ਵਿੱਚ ਆਏ ਭਾਰਤੀ ‘ਨੀਤੀਵਾਨ’ ਕਿਧਰੇ ‘ਚਿੱਟੀ ਅੱਖੀਂ’ ਹੀ ਮਨੁੱਖਤਾ ਦਾ ਤੇ ਖਾਸ ਕਰਕੇ ਪੰਜਾਬ ਦਾ ਘਾਣ ਨਾ ਕਰਵਾ ਦੇਣ। ਇਸ ਸਬੰਧ ਵਿੱਚ ਪੇਸ਼ ਹੈ ਡਾ. ਅਮਰਜੀਤ ਸਿੰਘ ਵਾਸਿੰਗਟਨ ਦੀ ਇਹ ਰਿਪੋਰਟ

ਜਦੋਂ ਤੋਂ ਅਮਰੀਕਨ ਨੇਵੀ ਸੀਲਜ਼ ਨੇ, ਐਬਟਾਬਾਦ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਸਫਲ ਫੌਜੀ ਅਪਰੇਸ਼ਨ ਕੀਤਾ ਹੈ, ਉਦੋਂ ਤੋਂ ਹੀ ਭਾਰਤੀ ਜੰਗਬਾਜ਼ ਅਤੇ ਗੈਰ-ਜ਼ਿੰਮੇਵਾਰ ਅਨਸਰ ਇਸੇ ਤਰਜ਼ ’ਤੇ ਭਾਰਤ ਨੂੰ ਵੀ ਕਾਰਵਾਈ ਕਰਨ ਲਈ ਉਕਸਾ ਰਹੇ ਹਨ। ਸਭ ਤੋਂ ਪਹਿਲਾਂ ਭਾਰਤੀ ਫੌਜ ਦੇ ਮੁਖੀ ਨੇ ਗੈਰ-ਜ਼ਿੰਮੇਵਰਾਨਾ ਬਿਆਨ ਦਾਗਦਿਆਂ ਕਿਹਾ ਕਿ ‘ਭਾਰਤੀ ਫੌਜ, ਇਸ ਕਿਸਮ ਦਾ ਅਪਰੇਸ਼ਨ ਕਰਨ ਦੇ ਸਮਰੱਥ ਹੈ।’ ਭਾਰਤੀ ਮੀਡੀਏ ਨੇ ਵੀ ਇਸ ਸਬੰਧੀ ਭੜਕਾਊ ਪ੍ਰਚਾਰ ਜਾਰੀ ਰੱਖਿਆ। ਅਮਰੀਕਨ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮਾਰਕ ਟੋਨਰ ਦੀ ਇੱਕ ਪ੍ਰੈੱਸ-ਕਾਨਫਰੰਸ ਦੌਰਾਨ, ਇੱਕ ਭਾਰਤੀ ਪੱਤਰਕਾਰ ਨੇ ਸਵਾਲ ਕੀਤਾ - ‘ਕੀ ਅਮਰੀਕਾ ਦੀ ਸ੍ਵੈ-ਰੱਖਿਆ ਦੇ ਹੱਕ ਦੀ ਨੀਤੀ ਦੂਸਰੇ ਦੇਸ਼ਾਂ ’ਤੇ ਵੀ ਲਾਗੂ ਹੁੰਦੀ ਹੈ। ਕੀ ਭਾਰਤ, 26/11 ਦੇ ਮੁੰਬਈ ਦਹਿਸ਼ਤਗਰਦ ਹਮਲਿਆਂ ਲਈ ਜਿੰਮੇਵਾਰ ਦਹਿਸ਼ਤਗਰਦਾਂ, ਜਿਹੜੇ ਕਿ ਪਾਕਿਸਤਾਨ ਵਿੱਚ ਖੁੱਲ੍ਹੇਆਮ ਘੁੰਮ ਰਹੇ ਹਨ, ਦੇ ਖਿਲਾਫ ਕਾਰਵਾਈ ਕਰਨ ਦਾ ਹੱਕ ਨਹੀਂ ਰੱਖਦਾ?’ ਇਸ ਦੇ ਜਵਾਬ ਵਿੱਚ ਮਾਰਕ ਟੋਨਰ ਨੇ ਸਪੱਸ਼ਟ ਰੂਪ ਵਿੱਚ ਕਿਹਾ ‘9/11 ਤੇ 26/11 ਵਿੱਚ ਕੋਈ ਸਮਾਨਤਾ ਨਹੀਂ ਹੈ। ਓਸਾਮਾ ਬਿਨ ਲਾਦੇਨ ਦੇ ਖਿਲਾਫ ਕਾਰਵਾਈ ਮਨੁੱਖੀ ਇਤਿਹਾਸ ਅਤੇ ਅਮਰੀਕੀ ਇਤਿਹਾਸ ਦੀ ਇੱਕ ਵਿਸ਼ੇਸ਼ ਮਹੱਤਤਾ ਵਾਲੀ ਕਾਰਵਾਈ ਹੈ। ਓਸਾਮਾ ਉਹ ਵਿਅਕਤੀ ਸੀ, ਜਿਸ ਦੀ ਸਾਰੀ ਦੁਨੀਆ ਨੂੰ ਭਾਲ ਸੀ ਕਿਉਂਕਿ ਉਹ ਹਜ਼ਾਰਾਂ ਸ਼ਹਿਰੀਆਂ (ਜਿਨ੍ਹਾਂ ਵਿੱਚ ਅੱਡ-ਅੱਡ ਦੇਸ਼ਾਂ ਦੇ ਸ਼ਹਿਰੀ ਸ਼ਾਮਲ ਸਨ) ਦਾ ਕਾਤਲ ਸੀ ਅਤੇ ਉਹ ਮਨੁੱਖਤਾ ਦੇ ਖਿਲਾਫ ਜ਼ੁਲਮਾਂ ਲਈ ਜ਼ਿੰਮੇਵਾਰ ਸੀ।’


ਮੀਡੀਆ ਰਿਪੋਰਟਾਂ ਅਨੁਸਾਰ, ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਭਾਰਤੀ ਹਾਕਮਾਂ ਵਲੋਂ ਇਸ ਸਬੰਧੀ ਫੌਜ ਨੂੰ ਜ਼ਰੂਰ ਕੋਈ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ 'ਤੇ ਅਧਾਰਤ ਉਹ 45 ਸੈਂਟੀਗਰੇਡ ਦੇ ਗਰਮੀ ਵਾਲੇ ਮੌਸਮ ਵਿੱਚ ਵੀ ਪਾਕਿਸਤਾਨ ਨਾਲ ਲੱਗਦੀ ਪੰਜਾਬ ਤੇ ਰਾਜਸਥਾਨ ਦੀ ਸਰਹੱਦ 'ਤੇ ਵਿਸ਼ੇਸ਼ ਮਸ਼ਕਾਂ ਕਰ ਰਹੀ ਹੈ। ਟ੍ਰਿਬਿਊਨ ਅਖਬਾਰ ਦੀ ਇੱਕ ਤਾਜ਼ਾ ਰਿਪੋਰਟ ਦਾ ਸਿਰਲੇਖ ਹੈ - 'ਅਪਰੇਸ਼ਨ ਜੈਰੋਨੀਮੋ ਭਾਰਤ ਦੀ ਸਟਰਾਈਕ ਕੋਰਪਸ (ਇੰਡੀਅਨ ਏਅਰ ਫੋਰਸ) ਦੀਆਂ ਮਸ਼ਕਾਂ 'ਤੇ ਹਾਵੀ'। ਯਾਦ ਰਹੇ ਅਮਰੀਕਨ ਫੌਜ ਨੇ ਆਪਣੇ ਐਬਟਾਬਾਦ ਅਪਰੇਸ਼ਨ ਦਾ ਨਾਂ, ਇੱਕ ਰੈੱਡ ਇੰਡੀਅਨ ਲੜਾਕੇ ਯੋਧੇ - ਜੈਰੋਨੀਮੋ ਦੇ ਨਾਂ 'ਤੇ ਰੱਖਿਆ ਸੀ। ਇਸ ਮੀਡੀਆ ਰਿਪੋਰਟ ਅਨੁਸਾਰ, ਭਾਰਤੀ ਫੌਜ ਨੇ ਆਪਣੀ 2-ਸਟਰਾਈਕ ਕਾਰਪਸ (ਜਿਸ ਵਿੱਚ 60 ਹਜ਼ਾਰ ਜਵਾਨ ਸ਼ਾਮਲ ਹਨ, ਇਸ ਦਾ ਨਾਂ ਖੜਗ ਕੋਪਸ ਵੀ ਹੈ ਅਤੇ ਇਸ ਦਾ ਹੈੱਡਕੁਆਰਟਰ ਅੰਬਾਲਾ ਹੈ) ਨੂੰ, ਭਾਰਤੀ ਹਵਾਈ ਫੌਜ ਨਾਲ ਮਿਲ ਕੇ, ਮਸ਼ਕਾਂ ਕਰਨ 'ਤੇ ਲਾ ਦਿੱਤਾ ਹੈ। ਇਸ ਮਸ਼ਕ ਦਾ ਨਾਂ 'ਵਿਜੈ ਭਵਾ' ਰੱਖਿਆ ਗਿਆ ਹੈ। ਇਹ ਮਸ਼ਕ ਸਮੁੱਚੇ ਗਰਮੀਆਂ ਦੇ ਮੌਸਮ ਵਿੱਚ ਜਾਰੀ ਰਹੇਗੀ। ਇਹ ਬੜੇ ਸਖਤ ਮੌਸਮ ਅਤੇ ਸਖਤ ਪਥਰੀਲੀ ਜ਼ਮੀਨ 'ਤੇ ਕੀਤੀ ਜਾ ਰਹੀ ਮਸ਼ਕ ਹੈ। ਇਸ ਸਮੁੱਚੀ ਮਸ਼ਕ ਦਾ ਮਕਸਦ, ਤੇਜ਼ੀ ਨਾਲ ਪਾਕਿਸਤਾਨ ਦੇ ਹਦੂਦ 'ਚ ਦਾਖਲ ਹੋਣਾ, ਕਾਰਵਾਈ ਕਰਨਾ, ਇਸ ਕਾਰਵਾਈ ਦਾ ਹਵਾਈ ਫੋਰਸ ਅਤੇ ਫੌਜੀ ਸ਼ਕਤੀ ਨਾਲ ਤਾਲਮੇਲ ਬਿਠਾਉਣਾ ਅਤੇ ਫਿਰ ਆਪਣੇ ਨਿਸ਼ਾਨੇ ਨੂੰ ਹਾਸਲ ਕਰਕੇ, ਸੁਰੱਖਿਅਤ ਵਾਪਸ ਮੁੜਨਾ ਹੈ। ਸੋ ਜ਼ਾਹਰ ਹੈ ਕਿ ਭਾਰਤੀ ਫੌਜ ਨੇ, ਯਸ਼ਵੰਤ ਸਿਨਹਾ ਤੇ ਉਸ ਵਰਗੇ ਹੋਰ ਹਿੰਦੂਤਵੀਆਂ ਦੇ ਸੁਝਾਅ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ।



ਪਾਕਿਸਤਾਨ ਦੇ ਫੌਜੀ ਮੁਖੀ ਨੇ, ਸਪੱਸ਼ਟ ਸ਼ਬਦਾਂ ਵਿੱਚ ਭਾਰਤ ਨੂੰ ਸੁਨੇਹਾ ਦਿੱਤਾ ਹੈ ਕਿ ਕਿਸੇ ਵੀ ਦਿਲਵਧੀ ਦੀ ਸੂਰਤ ਵਿੱਚ ਭਾਰਤ, ਉਸ ਦਾ ਅੰਜ਼ਾਮ ਭੁਗਤਣ ਲਈ ਤਿਆਰ ਰਹੇ। ਸਾਦਾ ਪੰਜਾਬੀ ਵਿੱਚ ਉਸ ਨੇ ਕਿਹਾ ਕਿ ‘ਸਵਾਦ ਚੱਖਣਾ ਹੈ ਤਾਂ ਆ ਜਾਓ।’ ਵਿਕੀਲੀਕਸ ਦੇ ਇੱਕ ਪ੍ਰਗਟਾਵੇ ’ਚੋਂ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦਾ ਫੌਜੀ ਮੁਖੀ ਕਿਆਨੀ, ਕਿਸੇ ਵੀ ਹੰਗਾਮੀ ਸੂਰਤ ਵਿੱਚ, ਨਿਊਕਲੀਅਰ ਹਥਿਆਰਾਂ ਨੂੰ ਪਹਿਲੀ ਚੋਣ (ਫਸਟ ਆਪਸ਼ਨ) ਵਜੋਂ ਵਰਤਣ ਦੇ ਹੱਕ ਵਿੱਚ ਹੈ। ਇਸ ਵਿਕੀਲੀਕਸ ਪ੍ਰਗਟਾਵੇ ਦਾ ਪਿਛੋਕੜ ਪਾਕਿਸਤਾਨ ਦੇ ਪ੍ਰਧਾਨ ਜ਼ਰਦਾਰੀ ਦਾ ਇਹ ਬਿਆਨ ਸੀ ਕਿ ਅਸੀਂ ਪਹਿਲਾਂ ਨਿਊਕਲੀਅਰ ਹਥਿਆਰ ਇਸਤੇਮਾਲ ਨਹੀਂ ਕਰਾਂਗੇ। ਪਰ ਜਨਰਲ ਕਿਆਨੀ ਨੇ ਪ੍ਰਧਾਨ ਜ਼ਰਦਾਰੀ ਨਾਲ ਅਸਹਿਮਤੀ ਪ੍ਰਗਟਾਈ ਹੈ।

ਭਾਰਤ ਵਲੋਂ ਕੀਤੀ ਕੋਈ ਵੀ ‘ਭੜਕਾਊ ਕਾਰਵਾਈ’, ਨਾ-ਸਿਰਫ, ਭਾਰਤ-ਪਾਕਿਸਤਾਨ ਵਿਚਾਲੇ ਸਿੱਧੇ ਟਕਰਾਅ ਦਾ ਕਾਰਨ ਬਣੇਗੀ ਬਲਕਿ ਇਹ ਟਕਰਾਅ, ਨਿਊਕਲੀਅਰ ਹੋਵੇਗਾ। ਪਾਕਿਸਤਾਨ ਨੇ ਪਿਛਲੇ ਕੁਝ ਸਮੇਂ ਵਿੱਚ ਨੇੜੇ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦੇ ਖਾਸ ਟੈਸਟ ਕੀਤੇ ਹਨ, ਜਿਨ੍ਹਾਂ ਦਾ ਨਿਸ਼ਾਨਾ ਪੰਜਾਬ ਸਮੇਤ ਦਿੱਲੀ ਤੱਕ ਦੇ ਲੋਕ ਬਣ ਸਕਦੇ ਹਨ। ਕਿਉਂਕਿ ਭਾਰਤੀ 2-ਸਟਰਾਈਕ ਕਾਰਪਸ ਦਾ ਹੈੱਡ ਕੁਆਰਟਰ ਅੰਬਾਲੇ ਹੈ ਅਤੇ ਭਾਰਤੀ ਫੌਜ (ਹਵਾਈ ਫੌਜ) ਨੇ ਕੋਈ ਵੀ ਕਾਰਵਾਈ ਪੰਜਾਬ ਬਾਰਡਰ ਤੋਂ ਹੀ ਕਰਨੀ ਹੈ, ਸੋ ਜ਼ਾਹਰ ਹੈ ਕਿ ਜਵਾਬੀ ਕਾਰਵਾਈ ਵੀ ਪੰਜਾਬ ’ਤੇ ਹੀ ਹੋਵੇਗੀ। ਇਸ ਕਿਸਮ ਦੇ ਟਕਰਾਅ ਦੀ ਸੂਰਤ ਵਿੱਚ ਵਾਘਾ ਸਰਹੱਦ ਤੋਂ ਜਮਨਾ (ਦਿੱਲੀ) ਤੱਕ ਦੇ ਸਿੱਖ ਹੋਮਲੈਂਡ, ਸਿੱਖ ਸੱਭਿਅਤਾ, ਸ੍ਰੀ ਹਰਿਮੰਦਰ ਸਾਹਿਬ ਸਮੇਤ ਸਿੱਖ ਗੁਰਦੁਆਰਿਆਂ ਅਤੇ ਕਰੋੜਾਂ ਲੋਕਾਂ ਦੀ ਸੁਰੱਖਿਆ, ਖਤਰੇ ਵਿੱਚ ਪੈ ਜਾਵੇਗੀ। ਬਾਕੀ ਜਿੱਥੋਂ ਤੱਕ ਭਾਰਤੀ ‘ਸਰਜੀਕਲ ਅਪਰੇਸ਼ਨ ਮੁਹਾਰਤ’ ਦਾ ਸਬੰਧ ਹੈ - ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਾਦਸਾਗ੍ਰਸਤ ਹੈਲੀਕਾਪਟਰ ਦਾ ਹਸ਼ਰ ਸਾਹਮਣੇ ਹੈ। ਅਰੁਣਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਦਾ ਹੈਲੀਕਾਪਟਰ, ਰੇਡਾਰ ਸਕਰੀਨ ਤੋਂ ਗਾਇਬ ਹੋ ਗਿਆ। ਭਾਰਤ ਦੀ ਬੜੀ ਪ੍ਰਤੀਸ਼ਠਿਤ ਸਪੇਸ ਏਜੰਸੀ ਆਈ.ਐਸ.ਆਰ.ਓ. ਅਤੇ ਭਾਰਤੀ ਹਵਾਈ ਫੌਜ (ਜਿਸ ਕੋਲ ਸੁਖੋਈ - 30 ਏਰੀਅਲ ਇਨਫਰਾ-ਰੈਡ ਮੈਪਿੰਗ ਸਹੂਲਤ ਹੈ) ਤਿੰਨ ਦਿਨ ਤੱਕ ਇਸ ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਨਹੀਂ ਲੱਭ ਸਕੇ। ਅਖੀਰ, ਲੁੰਗਥਾਂਗ ਪਿੰਡ ਦੀ ਪੰਚਾਇਤ ਦੇ ਸਰਪੰਚ ਨੇ ਆਪਣੇ 40 ਸਾਥੀਆਂ ਦੀ ਮੱਦਦ ਨਾਲ, 16 ਹਜ਼ਾਰ ਫੁੱਟ ਦੀ ਉਚਾਈ ਤੋਂ ਹੈਲੀਕਾਪਟਰ ਦੇ ਮਲਬੇ ਨੂੰ ਲੱਭਿਆ। ਆਈ. ਐਸ. ਆਰ. ਓ. ਦੇ ਇਮੇਜ਼, ਗਲਤ ਦਿਸ਼ਾ ਵੱਲ ਹਵਾਈ ਫੌਜ ਨੂੰ ਤੋਰਦੇ ਰਹੇ। ਇਸ ਤੋਂ, ਭਾਰਤੀ ‘ਯੋਗਤਾ’ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਦੀ ‘ਜਾਂਚ’ ਦਾ ਹੁਕਮ ਦਿੱਤਾ ਹੈ। ਭਾਰਤੀ ਜੰਗਬਾਜ਼ਾਂ ਨੂੰ ਆਪਣੀ ਔਕਾਤ ਪਛਾਣਨੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ‘ਚਿੱਟੀਂ ਅਖੀਂ ਮਰਨ’ ਤੋਂ ਬਚਣਾ ਚਾਹੀਦਾ ਹੈ।