

ਮੀਡੀਆ ਰਿਪੋਰਟਾਂ ਅਨੁਸਾਰ, ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਭਾਰਤੀ ਹਾਕਮਾਂ ਵਲੋਂ ਇਸ ਸਬੰਧੀ ਫੌਜ ਨੂੰ ਜ਼ਰੂਰ ਕੋਈ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ 'ਤੇ ਅਧਾਰਤ ਉਹ 45 ਸੈਂਟੀਗਰੇਡ ਦੇ ਗਰਮੀ ਵਾਲੇ ਮੌਸਮ ਵਿੱਚ ਵੀ ਪਾਕਿਸਤਾਨ ਨਾਲ ਲੱਗਦੀ ਪੰਜਾਬ ਤੇ ਰਾਜਸਥਾਨ ਦੀ ਸਰਹੱਦ 'ਤੇ ਵਿਸ਼ੇਸ਼ ਮਸ਼ਕਾਂ ਕਰ ਰਹੀ ਹੈ। ਟ੍ਰਿਬਿਊਨ ਅਖਬਾਰ ਦੀ ਇੱਕ ਤਾਜ਼ਾ ਰਿਪੋਰਟ ਦਾ ਸਿਰਲੇਖ ਹੈ - 'ਅਪਰੇਸ਼ਨ ਜੈਰੋਨੀਮੋ ਭਾਰਤ ਦੀ ਸਟਰਾਈਕ ਕੋਰਪਸ (ਇੰਡੀਅਨ ਏਅਰ ਫੋਰਸ) ਦੀਆਂ ਮਸ਼ਕਾਂ 'ਤੇ ਹਾਵੀ'। ਯਾਦ ਰਹੇ ਅਮਰੀਕਨ ਫੌਜ ਨੇ ਆਪਣੇ ਐਬਟਾਬਾਦ ਅਪਰੇਸ਼ਨ ਦਾ ਨਾਂ, ਇੱਕ ਰੈੱਡ ਇੰਡੀਅਨ ਲੜਾਕੇ ਯੋਧੇ - ਜੈਰੋਨੀਮੋ ਦੇ ਨਾਂ 'ਤੇ ਰੱਖਿਆ ਸੀ। ਇਸ ਮੀਡੀਆ ਰਿਪੋਰਟ ਅਨੁਸਾਰ, ਭਾਰਤੀ ਫੌਜ ਨੇ ਆਪਣੀ 2-ਸਟਰਾਈਕ ਕਾਰਪਸ (ਜਿਸ ਵਿੱਚ 60 ਹਜ਼ਾਰ ਜਵਾਨ ਸ਼ਾਮਲ ਹਨ, ਇਸ ਦਾ ਨਾਂ ਖੜਗ ਕੋਪਸ ਵੀ ਹੈ ਅਤੇ ਇਸ ਦਾ ਹੈੱਡਕੁਆਰਟਰ ਅੰਬਾਲਾ ਹੈ) ਨੂੰ, ਭਾਰਤੀ ਹਵਾਈ ਫੌਜ ਨਾਲ ਮਿਲ ਕੇ, ਮਸ਼ਕਾਂ ਕਰਨ 'ਤੇ ਲਾ ਦਿੱਤਾ ਹੈ। ਇਸ ਮਸ਼ਕ ਦਾ ਨਾਂ 'ਵਿਜੈ ਭਵਾ' ਰੱਖਿਆ ਗਿਆ ਹੈ। ਇਹ ਮਸ਼ਕ ਸਮੁੱਚੇ ਗਰਮੀਆਂ ਦੇ ਮੌਸਮ ਵਿੱਚ ਜਾਰੀ ਰਹੇਗੀ। ਇਹ ਬੜੇ ਸਖਤ ਮੌਸਮ ਅਤੇ ਸਖਤ ਪਥਰੀਲੀ ਜ਼ਮੀਨ 'ਤੇ ਕੀਤੀ ਜਾ ਰਹੀ ਮਸ਼ਕ ਹੈ। ਇਸ ਸਮੁੱਚੀ ਮਸ਼ਕ ਦਾ ਮਕਸਦ, ਤੇਜ਼ੀ ਨਾਲ ਪਾਕਿਸਤਾਨ ਦੇ ਹਦੂਦ 'ਚ ਦਾਖਲ ਹੋਣਾ, ਕਾਰਵਾਈ ਕਰਨਾ, ਇਸ ਕਾਰਵਾਈ ਦਾ ਹਵਾਈ ਫੋਰਸ ਅਤੇ ਫੌਜੀ ਸ਼ਕਤੀ ਨਾਲ ਤਾਲਮੇਲ ਬਿਠਾਉਣਾ ਅਤੇ ਫਿਰ ਆਪਣੇ ਨਿਸ਼ਾਨੇ ਨੂੰ ਹਾਸਲ ਕਰਕੇ, ਸੁਰੱਖਿਅਤ ਵਾਪਸ ਮੁੜਨਾ ਹੈ। ਸੋ ਜ਼ਾਹਰ ਹੈ ਕਿ ਭਾਰਤੀ ਫੌਜ ਨੇ, ਯਸ਼ਵੰਤ ਸਿਨਹਾ ਤੇ ਉਸ ਵਰਗੇ ਹੋਰ ਹਿੰਦੂਤਵੀਆਂ ਦੇ ਸੁਝਾਅ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਾਕਿਸਤਾਨ ਦੇ ਫੌਜੀ ਮੁਖੀ ਨੇ, ਸਪੱਸ਼ਟ ਸ਼ਬਦਾਂ ਵਿੱਚ ਭਾਰਤ ਨੂੰ ਸੁਨੇਹਾ ਦਿੱਤਾ ਹੈ ਕਿ ਕਿਸੇ ਵੀ ਦਿਲਵਧੀ ਦੀ ਸੂਰਤ ਵਿੱਚ ਭਾਰਤ, ਉਸ ਦਾ ਅੰਜ਼ਾਮ ਭੁਗਤਣ ਲਈ ਤਿਆਰ ਰਹੇ। ਸਾਦਾ ਪੰਜਾਬੀ ਵਿੱਚ ਉਸ ਨੇ ਕਿਹਾ ਕਿ ‘ਸਵਾਦ ਚੱਖਣਾ ਹੈ ਤਾਂ ਆ ਜਾਓ।’ ਵਿਕੀਲੀਕਸ ਦੇ ਇੱਕ ਪ੍ਰਗਟਾਵੇ ’ਚੋਂ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦਾ ਫੌਜੀ ਮੁਖੀ ਕਿਆਨੀ, ਕਿਸੇ ਵੀ ਹੰਗਾਮੀ ਸੂਰਤ ਵਿੱਚ, ਨਿਊਕਲੀਅਰ ਹਥਿਆਰਾਂ ਨੂੰ ਪਹਿਲੀ ਚੋਣ (ਫਸਟ ਆਪਸ਼ਨ) ਵਜੋਂ ਵਰਤਣ ਦੇ ਹੱਕ ਵਿੱਚ ਹੈ। ਇਸ ਵਿਕੀਲੀਕਸ ਪ੍ਰਗਟਾਵੇ ਦਾ ਪਿਛੋਕੜ ਪਾਕਿਸਤਾਨ ਦੇ ਪ੍ਰਧਾਨ ਜ਼ਰਦਾਰੀ ਦਾ ਇਹ ਬਿਆਨ ਸੀ ਕਿ ਅਸੀਂ ਪਹਿਲਾਂ ਨਿਊਕਲੀਅਰ ਹਥਿਆਰ ਇਸਤੇਮਾਲ ਨਹੀਂ ਕਰਾਂਗੇ। ਪਰ ਜਨਰਲ ਕਿਆਨੀ ਨੇ ਪ੍ਰਧਾਨ ਜ਼ਰਦਾਰੀ ਨਾਲ ਅਸਹਿਮਤੀ ਪ੍ਰਗਟਾਈ ਹੈ।
ਭਾਰਤ ਵਲੋਂ ਕੀਤੀ ਕੋਈ ਵੀ ‘ਭੜਕਾਊ ਕਾਰਵਾਈ’, ਨਾ-ਸਿਰਫ, ਭਾਰਤ-ਪਾਕਿਸਤਾਨ ਵਿਚਾਲੇ ਸਿੱਧੇ ਟਕਰਾਅ ਦਾ ਕਾਰਨ ਬਣੇਗੀ ਬਲਕਿ ਇਹ ਟਕਰਾਅ, ਨਿਊਕਲੀਅਰ ਹੋਵੇਗਾ। ਪਾਕਿਸਤਾਨ ਨੇ ਪਿਛਲੇ ਕੁਝ ਸਮੇਂ ਵਿੱਚ ਨੇੜੇ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦੇ ਖਾਸ ਟੈਸਟ ਕੀਤੇ ਹਨ, ਜਿਨ੍ਹਾਂ ਦਾ ਨਿਸ਼ਾਨਾ ਪੰਜਾਬ ਸਮੇਤ ਦਿੱਲੀ ਤੱਕ ਦੇ ਲੋਕ ਬਣ ਸਕਦੇ ਹਨ। ਕਿਉਂਕਿ ਭਾਰਤੀ 2-ਸਟਰਾਈਕ ਕਾਰਪਸ ਦਾ ਹੈੱਡ ਕੁਆਰਟਰ ਅੰਬਾਲੇ ਹੈ ਅਤੇ ਭਾਰਤੀ ਫੌਜ (ਹਵਾਈ ਫੌਜ) ਨੇ ਕੋਈ ਵੀ ਕਾਰਵਾਈ ਪੰਜਾਬ ਬਾਰਡਰ ਤੋਂ ਹੀ ਕਰਨੀ ਹੈ, ਸੋ ਜ਼ਾਹਰ ਹੈ ਕਿ ਜਵਾਬੀ ਕਾਰਵਾਈ ਵੀ ਪੰਜਾਬ ’ਤੇ ਹੀ ਹੋਵੇਗੀ। ਇਸ ਕਿਸਮ ਦੇ ਟਕਰਾਅ ਦੀ ਸੂਰਤ ਵਿੱਚ ਵਾਘਾ ਸਰਹੱਦ ਤੋਂ ਜਮਨਾ (ਦਿੱਲੀ) ਤੱਕ ਦੇ ਸਿੱਖ ਹੋਮਲੈਂਡ, ਸਿੱਖ ਸੱਭਿਅਤਾ, ਸ੍ਰੀ ਹਰਿਮੰਦਰ ਸਾਹਿਬ ਸਮੇਤ ਸਿੱਖ ਗੁਰਦੁਆਰਿਆਂ ਅਤੇ ਕਰੋੜਾਂ ਲੋਕਾਂ ਦੀ ਸੁਰੱਖਿਆ, ਖਤਰੇ ਵਿੱਚ ਪੈ ਜਾਵੇਗੀ। ਬਾਕੀ ਜਿੱਥੋਂ ਤੱਕ ਭਾਰਤੀ ‘ਸਰਜੀਕਲ ਅਪਰੇਸ਼ਨ ਮੁਹਾਰਤ’ ਦਾ ਸਬੰਧ ਹੈ - ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਾਦਸਾਗ੍ਰਸਤ ਹੈਲੀਕਾਪਟਰ ਦਾ ਹਸ਼ਰ ਸਾਹਮਣੇ ਹੈ। ਅਰੁਣਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਦਾ ਹੈਲੀਕਾਪਟਰ, ਰੇਡਾਰ ਸਕਰੀਨ ਤੋਂ ਗਾਇਬ ਹੋ ਗਿਆ। ਭਾਰਤ ਦੀ ਬੜੀ ਪ੍ਰਤੀਸ਼ਠਿਤ ਸਪੇਸ ਏਜੰਸੀ ਆਈ.ਐਸ.ਆਰ.ਓ. ਅਤੇ ਭਾਰਤੀ ਹਵਾਈ ਫੌਜ (ਜਿਸ ਕੋਲ ਸੁਖੋਈ - 30 ਏਰੀਅਲ ਇਨਫਰਾ-ਰੈਡ ਮੈਪਿੰਗ ਸਹੂਲਤ ਹੈ) ਤਿੰਨ ਦਿਨ ਤੱਕ ਇਸ ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਨਹੀਂ ਲੱਭ ਸਕੇ। ਅਖੀਰ, ਲੁੰਗਥਾਂਗ ਪਿੰਡ ਦੀ ਪੰਚਾਇਤ ਦੇ ਸਰਪੰਚ ਨੇ ਆਪਣੇ 40 ਸਾਥੀਆਂ ਦੀ ਮੱਦਦ ਨਾਲ, 16 ਹਜ਼ਾਰ ਫੁੱਟ ਦੀ ਉਚਾਈ ਤੋਂ ਹੈਲੀਕਾਪਟਰ ਦੇ ਮਲਬੇ ਨੂੰ ਲੱਭਿਆ। ਆਈ. ਐਸ. ਆਰ. ਓ. ਦੇ ਇਮੇਜ਼, ਗਲਤ ਦਿਸ਼ਾ ਵੱਲ ਹਵਾਈ ਫੌਜ ਨੂੰ ਤੋਰਦੇ ਰਹੇ। ਇਸ ਤੋਂ, ਭਾਰਤੀ ‘ਯੋਗਤਾ’ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਦੀ ‘ਜਾਂਚ’ ਦਾ ਹੁਕਮ ਦਿੱਤਾ ਹੈ। ਭਾਰਤੀ ਜੰਗਬਾਜ਼ਾਂ ਨੂੰ ਆਪਣੀ ਔਕਾਤ ਪਛਾਣਨੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ‘ਚਿੱਟੀਂ ਅਖੀਂ ਮਰਨ’ ਤੋਂ ਬਚਣਾ ਚਾਹੀਦਾ ਹੈ।