Pages

Showing posts with label ਵਿਦੇਸ਼ਾਂ ਵਿੱਚ ਸਿੱਖ. Show all posts
Showing posts with label ਵਿਦੇਸ਼ਾਂ ਵਿੱਚ ਸਿੱਖ. Show all posts

ਦੋ ਸਿੱਖ ਭਰਾਵਾਂ ਨੇ ਤਿਆਰ ਕੀਤਾ ਦੁਨੀਆਂ ਦਾ ਸਭ ਤੋਂ ਸਸਤਾ 'ਆਕਾਸ਼' ਕੰਪਿਊਟਰ

'ਟੈਬਲੇਟ ਕੰਪਿਊਟਰ' ਤਿਆਰ
ਕਰਨ ਵਾਲੇ ਸਿੱਖ ਇੰਜੀਨੀਅਰ
 ਅਤੇ
 ਬਰਤਾਨਵੀ ਕੰਪਨੀ ਦੇ
 ਸੀਈਓ ਸ. ਸੁਨੀਤ ਸਿੰਘ ਤੁਲੀ
ਬੀਤੇ ਕੱਲ੍ਹ ਨਵੀਂ ਦਿੱਲੀ ਵਿਚ ਦੁਨੀਆਂ ਦਾ ਸਭ ਤੋਂ ਸਸਤਾ 'ਟੈਬਲੇਟ ਕੰਪਿਊਟਰ' (ਬਹੁਤ ਛੋਟੇ ਆਕਾਰ ਦਾ ਪਰ ਆਧੁਨਿਕ) ਜਾਰੀ ਕੀਤਾ ਗਿਆ ਜੋ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਸਕੂਲਾਂ ਵਿਚ ਪੜ੍ਹਦੇ 1 ਲੱਖ ਵਿਦਿਆਰਥੀਆਂ ਨੂੰ 1200 ਰੁਪਏ ਵਿਚ ਵੰਡਿਆ ਜਾਵੇਗਾ ਪਰ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਇਲਮ ਹੋਵੇਗਾ ਕਿ ਭਾਰਤ ਦੀ ਝੋਲੀ ਇਹ ਬਾਕਮਾਲ ਨਿੱਕਾ ਕੰਪਿਊਟਰ ਪਾਉਣ ਵਾਲੇ 2 ਸਿੱਖ ਇੰਜੀਨੀਅਰ ਹਨ ਜੋ ਕਈ ਵਰ੍ਹੇ ਪਹਿਲਾਂ ਆਪਣੇ ਪਿਤਾ ਨਾਲ ਪੰਜਾਬ ਤੋਂ ਕੈਨੇਡਾ ਚਲੇ ਗਏ ਸਨ। ਇਨ੍ਹਾਂ ਸਿੱਖ ਇੰਜੀਨੀਅਰਾਂ ਬਾਰੇ ਪ੍ਰਾਪਤ ਹੋਈ ਰੌਚਕ ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਜਨਵਰੀ ਮਹੀਨੇ ਵਿਚ ਇਕ ਸਾਬਤ ਸੂਰਤ ਸਿੱਖ ਇੰਜੀਨੀਅਰ ਅੰਮ੍ਰਿਤਸਰ ਤੋਂ ਲੰਦਨ ਜਾਣ ਵਾਸਤੇ ਹਵਾਈ ਜਹਾਜ਼ 'ਚ ਬੈਠਿਆ, ਇਸ ਸਿਵਲ ਇੰਜੀਨੀਅਰ ਦਾ ਨਾਂਅ ਸ. ਸੁਨੀਤ ਸਿੰਘ ਤੁਲੀ ਸੀ ਜੋ ਕਿ ਯੂ. ਕੇ. ਦੀ ਇਕ ਨਾਮੀ ਕੰਪਨੀ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹੈ। ਜਹਾਜ਼ ਵਿਚ ਉਸ ਨੇ ਇਕ ਅਖ਼ਬਾਰ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਸ ਵਿਚ ਭਾਰਤ ਸਰਕਾਰ ਦਾ ਇਕ ਇਸ਼ਤਿਹਾਰ ਛਪਿਆ ਸੀ। ਇਹ ਇਸ਼ਤਿਹਾਰ ਟੈਂਡਰ ਦੇ ਰੂਪ 'ਚ ਸੀ ਜਿਸ ਵਿਚ ਭਾਰਤੀ ਵਿਦਿਆਰਥੀਆਂ ਲਈ ਕੇਵਲ 2250 ਰੁਪਏ ਵਿਚ 'ਟੈਬਲੇਟ ਕੰਪਿਊਟਰ' ਤਿਆਰ ਕਰਨ ਲਈ ਦੁਬਾਰਾ ਟੈਂਡਰ ਮੰਗੇ ਸਨ ਕਿਉਂਕਿ ਐਨੀ ਘੱਟ ਕੀਮਤ ਵਿਚ ਕਈ ਸਹੂਲਤਾਂ ਨਾਲ ਲੈਸ ਆਧੁਨਿਕ ਕੰਪਿਊਟਰ ਤਿਆਰ ਕਰਨ ਲਈ ਕਿਸੇ ਕੰਪਨੀ ਨੇ ਸਰਕਾਰ ਦੇ ਪਹਿਲਾਂ ਕੱਢੇ ਟੈਂਡਰ ਪ੍ਰਤੀ ਹੁੰਗਾਰਾ ਨਹੀਂ ਸੀ ਭਰਿਆ। ਟੈਂਡਰ ਪੜ੍ਹ ਕੇ ਸ. ਸੁਨੀਤ ਸਿੰਘ ਨੂੰ ਅਫਸੋਸ ਹੋਇਆ ਕਿਉਂਕਿ ਟੈਂਡਰ ਵਾਸਤੇ ਅਰਜ਼ੀ ਦੇਣ ਦੀ ਤਰੀਕ ਨਿਕਲ ਚੁੱਕੀ ਸੀ। ਸੁਨੀਤ ਸਿੰਘ ਦੇ ਨਿਰਾਸ਼ ਹੋਣ ਦਾ ਇੱਕ ਕਾਰਨ ਹੋਰ ਵੀ ਸੀ ਪਰ ਫਿਰ ਵੀ ਉਸ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨੂੰ ਫੋਨ ਕੀਤਾ ਜਿੱਥੋਂ ਉਸ ਨੂੰ ਪਤਾ ਲੱਗਾ ਕਿ ਇਹ ਖੁੱਲ੍ਹਾ ਟੈਂਡਰ ਹੈ ਤੇ ਉਹ ਇਸ ਵਾਸਤੇ 16 ਫਰਵਰੀ ਤੱਕ ਅਰਜ਼ੀ ਦੇ ਸਕਦੇ ਹਨ। ਲੰਦਨ ਪਹੁੰਚ ਕੇ ਸ. ਸੁਨੀਤ ਸਿੰਘ ਨੇ ਆਪਣੇ ਵੱਡੇ ਭਰਾ ਰਾਜਾ ਸਿੰਘ ਤੁਲੀ ਜੋ ਕੰਪਿਊਟਰ ਇੰਜੀਨੀਅਰ ਹੈ, ਨਾਲ ਮਿਲ ਕੇ ਅਜਿਹਾ ਕੰਪਿਊਟਰ ਤਿਆਰ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ ਅਤੇ ਕੁਝ ਟੈਬਲੇਟ ਕੰਪਿਊਟਰਾਂ ਦੀ ਰੂਪ-ਰੇਖਾ ਤਿਆਰ ਕਰਕੇ ਭਾਰਤ ਸਰਕਾਰ ਅੱਗੇ ਪੇਸ਼ ਕੀਤੇ। ਮਿਹਨਤ ਨੂੰ ਬੂਰ ਪਿਆ ਤੇ ਸਰਕਾਰ ਨੇ ਉਨ੍ਹਾਂ ਨੂੰ ਟੈਂਡਰ ਦੇ ਦਿੱਤਾ।

ਪਰ ਇਸ ਸ. ਸੁਨੀਤ ਸਿੰਘ ਦੀ ਕੰਪਨੀ ਨੂੰ ਟੈਂਡਰ ਮਿਲ ਜਾਣ ਬਾਰੇ ਜਦੋਂ ਦੇਸ਼ਾਂ-ਵਿਦੇਸ਼ਾਂ ਦੀਆਂ ਨਾਮੀ ਤੇ ਵੱਡੀਆਂ 'ਟੈਬਲੇਟ ਕੰਪਿਊਟਰ' ਨਿਰਮਾਣ ਕੰਪਨੀਆਂ ਨੂੰ ਪਤਾ ਲੱਗਾ ਤਾਂ ਸਾਰਿਆਂ ਦੀ ਇਹੋ ਸੋਚ ਸੀ ਕਿ ਸੁਨੀਤ ਸਿੰਘ ਦੀ ਕੰਪਨੀ ਐਨੀ ਘੱਟ ਕੀਮਤ 2250 ਰੁਪਏ ਵਿਚ ਟੈਬਲੇਟ ਕੰਪਿਊਟਰ ਤਿਆਰ ਨਹੀਂ ਕਰ ਸਕਦੀ।  
ਸੁਨੀਤ ਸਿੰਘ ਅਤੇ ਰਾਜਾ ਸਿੰਘ ਤੁਲੀ ਵਲੋਂ ਤਿਆਰ ਕੰਪਿਊਟਰ
ਲਾਂਚ ਕਰਦੇ ਹੋਏ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿੱਲ ਸਿੱਬਲ
ਟੈਂਡਰ ਮਿਲਣ ਮਗਰੋਂ ਜਦੋਂ ਉਹ ਭਾਰਤ ਵਿਚ ਰਿਕਸ਼ੇ ਵਾਲਿਆਂ ਨੂੰ ਰੋਕ ਕੇ ਉਨ੍ਹਾਂ ਨਾਲ ਗੱਲ ਕਰਦੇ ਸਨ ਕਿ ਉਹ ਕਿੰਨੇ ਰੁਪਏ ਵਿਚ ਟੈਬਲੇਟ ਕੰਪਿਊਟਰ ਖਰੀਦਣ ਦੇ ਯੋਗ ਹਨ ਤਾਂ ਲੋਕ ਉਨ੍ਹਾਂ ਨੂੰ ਮੂਰਖ ਸਮਝਦੇ ਸਨ। ਦੋਵੇਂ ਸਿੱਖ ਭਰਾਵਾਂ ਨੇ ਇਸ ਸਭ ਨੂੰ ਚੁਣੌਤੀ ਵਜੋਂ ਲਿਆ ਅਤੇ 1 ਸਾਲ ਦੇ ਵਕਫੇ ਵਿਚ 2250 ਰੁਪਏ 'ਚ ਟੈਬਲੇਟ ਕੰਪਿਊਟਰ ਤਿਆਰ ਕਰ ਦਿੱਤਾ ਜਿਸ ਵਿਚ ਆਮ ਆਦਮੀ ਤੇ ਵਿਦਿਆਰਥੀਆਂ ਦੀਆਂ ਰੋਜ਼ਾਨਾ ਵਰਤੋਂ ਵਾਲੀਆਂ ਕੰਪਿਊਟਰ ਐਪਲੀਕੇਸ਼ਨਜ਼ ਤੋਂ ਇਲਾਵਾ ਮੋਬਾਈਲ ਫੋਨ, ਇੰਟਰਨੈੱਟ, ਵੀਡੀਓਜ਼, ਹਾਰਡ ਡਿਸਕ ਅਤੇ ਹੋਰ ਕਈ ਸਹੂਲਤਾਂ ਮੌਜੂਦ ਹਨ। ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੁੱਝ ਸਮਾਂ ਪਹਿਲਾਂ ਸ. ਸੁਨੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਰਾਜਾ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੀ ਕੰਪਨੀ ਵੱਲੋਂ 'ਪਾਕੇਟ ਸਰਫਰ 2' ਨਾਮ ਦਾ ਛੋਟਾ ਜਿਹਾ ਕੰਪਿਊਟਰ ਤਿਆਰ ਕੀਤਾ ਸੀ ਜੋ ਯੂ. ਕੇ., ਜਰਮਨੀ, ਸਪੇਨ, ਕੈਨੇਡਾ ਅਤੇ ਅਮਰੀਕਾ ਵਿਚ ਲੋਕਾਂ ਵੱਲੋਂ ਐਨਾ ਪਸੰਦ ਕੀਤਾ ਕਿ ਉਨ੍ਹਾਂ ਦੀ ਲੋੜ ਹੀ ਬਣ ਗਿਆ। ਇਸ ਤੋਂ ਵੀ ਪਹਿਲਾਂ 18 ਕੁ ਸਾਲ ਪਹਿਲਾਂ ਇਨ੍ਹਾਂ ਸਿੱਖ ਇੰਜੀਨੀਅਰਾਂ ਨੇ ਕੈਨੇਡਾ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਫੈਕਸ ਮਸ਼ੀਨ ਤਿਆਰ ਕਰਕੇ ਚੀਨ, ਜਾਪਾਨ ਤੇ ਹੋਰ ਦੇਸ਼ਾਂ ਦੇ ਇੰਜੀਨੀਅਰਾਂ ਨੂੰ ਸੋਚਾਂ ਵਿਚ ਪਾ ਦਿੱਤਾ ਸੀ। ਇਹ ਫੈਕਸ ਮਸ਼ੀਨ ਤਿਆਰ ਕਰਨ ਦੀ ਲੋੜ ਇਸ ਕਰਕੇ ਪਈ ਸੀ ਕਿਉਂਕਿ ਉਸ ਵੇਲੇ ਫੈਕਸ ਮਸ਼ੀਨਾਂ ਦਾ ਦੌਰ ਸੀ ਪਰ ਫੈਕਸ ਮਸ਼ੀਨਾਂ ਰਾਹੀਂ ਸੀਮਿਤ ਆਕਾਰ (ਏ4 ਸਾਈਜ਼) ਵਾਲੇ ਪੇਜ਼ ਹੀ ਭੇਜੇ ਜਾ ਸਕਦੇ ਸਨ ਜਦਕਿ ਵੱਡੇ ਵੱਡੇ ਨਕਸ਼ੇ ਤੇ ਹੋਰ ਦਸਤਾਵੇਜ਼ ਇਨ੍ਹਾਂ ਮਸ਼ੀਨਾਂ ਰਾਹੀਂ ਨਹੀਂ ਸਨ ਭੇਜੇ ਸਕਦੇ। ਇਸ ਲਈ ਦੋਵਾਂ ਭਰਾਵਾਂ ਨੇ ਵੱਡੀ ਫੈਕਸ ਮਸ਼ੀਨ ਤਿਆਰ ਕੀਤੀ ਜਿਸ ਵਾਸਤੇ ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਵਿਚ ਵੀ ਦਰਜ ਹੋਇਆ ਤੇ ਕੈਨੇਡਾ ਦੇ 'ਹਾਊਸ ਆਫ ਕਾਮਨ' ਵਿਚ ਉੱਥੋਂ ਦੇ ਸਥਾਨਿਕ ਸੰਸਦ ਮੈਂਬਰ ਨੇ ਦੋਵਾਂ ਭਰਾਵਾਂ ਨੂੰ ਮੁਬਾਰਕਬਾਦ ਵੀ ਦਿੱਤੀ। 

ਪਿਤਾ ਵੀ ਸਨ ਇੰਜੀਨੀਅਰ : ਦੋਵੇਂ ਸਿੱਖ ਭਰਾਵਾਂ ਦੇ ਪਿਤਾ ਸ. ਲਖਬੀਰ ਸਿੰਘ ਵੀ ਸਿਵਲ ਇੰਜੀਨੀਅਰ ਸਨ ਜਿਨ੍ਹਾਂ ਇੰਜੀਨੀਅਰ ਵਜੋਂ ਆਪਣਾ ਕੈਰੀਅਰ ਭਾਰਤ ਤੋਂ ਹੀ ਸ਼ੁਰੂ ਕੀਤਾ। 60ਵੇਂ ਤੇ 70ਵੇਂ ਦਹਾਕਿਆਂ ਦੌਰਾਨ ਉਨ੍ਹਾਂ ਇਕਰਾਜ ਵਿਚ ਵੀ ਇੰਜੀਨੀਅਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ। ਸ. ਲਖਬੀਰ ਸਿੰਘ ਨੇ ਆਪਣੇ ਦੋਵੇਂ ਬੱਚਿਆਂ ਨੂੰ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਵਿਚ ਪੜ੍ਹਾਇਆ ਜਿੱਥੇ ਸੁਨੀਤ ਸਿੰਘ ਨੇ ਸਿਵਲ ਇੰਜੀਨੀਅਰਿੰਗ ਤੇ ਵੱਡੇ ਭਰਾ ਰਾਜਾ ਸਿੰਘ ਨੇ ਕੰਪਿਊਟਰ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ। ਦੋਵਾਂ ਭਰਾਵਾਂ ਦੀ ਇਕ ਭੈਣ ਹੈ ਜੋ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਡਾਕਟਰ ਹੈ। ਸ. ਲਖਬੀਰ ਸਿੰਘ ਦੀ ਸੁਪਤਨੀ ਜੋ ਪ੍ਰਵੀਨ ਨਾਂਅ ਤੋਂ ਵੀ ਜਾਣੇ ਜਾਂਦੇ ਹਨ, ਇਕ ਬਿਹਤਰੀਨ ਚਿੱਤਰਕਾਰ ਤੇ ਕਵਿੱਤਰੀ ਹਨ ਜੋ ਕੈਨੇਡਾ ਤੇ ਅਮਰੀਕਾ ਵਿਚ ਆਪਣੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਉਂਦੇ ਰਹੇ ਹਨ।
  •  ਰੋਜ਼ਾਨਾ 'ਅਜੀਤ' ਵਿੱਚੋਂ ਗੁਰਸੇਵਕ ਸਿੰਘ ਸੋਹਲ ਦੀ ਰਿਪੋਰਟ

ਕੈਨੇਡਾ ਦੀਆਂ ਚੋਣਾਂ ‘ਚ ਸਿੱਖ ਨਸਲਕੁਸ਼ੀ ਦਾ ਮੁੱਦਾ ਅਹਿਮ ਰੂਪ ’ਚ ਉਠਿਆ

ਪੰਜਾਬੀ ਦੇ ਪ੍ਰਮੁੱਖ ਅਖਬਾਰ ਰੋਜਾਨਾ 'ਅਜੀਤ' ਵਿਚ 11 ਮਈ, 2011 ਨੂੰ ਛਪੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਦੇ ਹੇਠਲੇ ਲੇਖ ਨੂੰ ਧੰਨਵਾਦ ਸਹਿਤ ਇਥੇ ਮੁੜ ਛਾਪਿਆ ਜਾ ਰਿਹਾ ਹੈ।

ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਟੋਰਾਂਟੋ ‘ਚ ਖਾਲਸਾ ਸਾਜਨਾ ਦਿਹਾੜੇ ਸਬੰਧੀ ਨਗਰ ਕੀਰਤਨ ਕੱਢੇ ਗਏ। ਕੈਨੇਡਾ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਮੌਕੇ ਵਧ-ਚੜ੍ਹ ਕੇ ਹਾਜ਼ਰੀ ਲੁਆਈ। ਸਾਰਿਆਂ ਨੇ ਨਵੰਬਰ, 1984 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਛੋਹਿਆ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਇਮੀਗ੍ਰੇਸ਼ਨ ਮੰਤਰੀ ਰਹੇ ਜੇਸਨ ਕੈਨੀ ਨੇ ਭਰੋਸਾ ਦੁਆਇਆ ਕਿ ‘84 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਉਹ ਚੋਣਾਂ ਮਗਰੋਂ ਭਾਰਤ ਸਰਕਾਰ ਨਾਲ ਗੱਲਬਾਤ ਕਰਨਗੇ। ਲਿਬਰਲ ਪਾਰਟੀ ਦੇ ਮੁਖੀ ਮਾਈਕਲ ਇਗਨੈਟੀਅਫ ਨੇ ਕੈਨੇਡਾ ਦੀ ਪਾਰਲੀਮੈਂਟ ‘ਚ ਪਟੀਸ਼ਨ ਰਾਹੀਂ ਇਹ ਮਸਲਾ ਆਉਂਦੇ ਨਵੰਬਰ ਮਹੀਨੇ ਉਠਾਏ ਜਾਣ ਦੀ ਮੰਗ ‘ਤੇ ਸਹਿਮਤੀ ਪ੍ਰਗਟਾਈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜੈਕ ਲੇਟਨ ਨੇ ਪ੍ਰਭਾਵਸ਼ਾਲੀ ਭਾਸ਼ਣ ‘ਚ ਕਿਹਾ ਕਿ ਉਨ੍ਹਾਂ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੰਤਰੀ ਕਮਲ ਨਾਥ ਦਾ ਕੈਨੇਡਾ ਫੇਰੀ ਮੌਕੇ ਤਿੱਖਾ ਵਿਰੋਧ ਕੀਤਾ ਗਿਆ ਤੇ ਭਵਿੱਖ ‘ਚ ਉਹ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਜੇਕਰ ਭਾਰਤੀ ਸਿਆਸਤ ਦੇ ਨਜ਼ਰੀਏ ਤੋਂ ਵੇਖਿਆ ਜਾਏ ਤਾਂ ਕੈਨੇਡਾ ਦੇ ਰਾਜਸੀ ਆਗੂਆਂ ਵੱਲੋਂ ਸਿੱਖ ਨਸਲਕੁਸ਼ੀ ਦਾ ਮਾਮਲਾ ਉਭਾਰਨਾ ਸਿੱਖਾਂ ਤੋਂ ਵੋਟਾਂ ਖਾਤਰ ਲਾਹਾ ਲੈਣ ਦੀ ਨੀਤੀ ਹੋ ਸਕਦੀ ਹੈ ਪ੍ਰੰਤੂ ਕੈਨੇਡਾ ਦੀ ਸਿਆਸਤ ਦੀ ਗੰਭੀਰਤਾ ਦੇ ਪੱਖੋਂ ਇਹ ਦੋਸ਼ ਨਿਰਮੂਲ ਜਾਪਦੇ ਹਨ।

ਬੀਤੇ ਵਰ੍ਹੇ ਜਦੋਂ ਕੈਨੇਡਾ ਦੀ ਪਾਰਲੀਮੈਂਟ ‘ਚ ਵੈਨਕੂਵਰ ਤੋਂ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਤੇ ਟੋਰਾਂਟੋ ਤੋਂ ਐਂਡਰਿਊ ਕੈਨੀਆ ਨੇ 1984 ਦੀ ਸਿੱਖ ਨਸਲਕੁਸ਼ੀ ਦੀ ਪਟੀਸ਼ਨ ਪੇਸ਼ ਕੀਤੀ, ਤਾਂ ਇਸ ਸਬੰਧੀ ਚਰਚਾ ਭਾਰਤ ਸਣੇ ਦੁਨੀਆ ਭਰ ਵਿਚ ਹੋਈ। ਪਟੀਸ਼ਨ ਨੂੰ ਰੋਕਣ ਲਈ ਸਿੱਖ ਵਿਰੋਧੀ ਤਾਕਤਾਂ ਅੱਡੀ-ਚੋਟੀ ਦਾ ਜ਼ੋਰ ਲਾਉਂਦੀਆਂ ਰਹੀਆਂ, ਇਥੋਂ ਤੱਕ ਕਿ ਭਾਰਤੀ ਮੂਲ ਦੇ ਕਈ ਐਮ. ਪੀਜ਼ ਵੱਲੋਂ ਵੀ ਇਸ ਦੀ ਹਮਾਇਤ ਨਹੀਂ ਕੀਤੀ ਗਈ। ਪ੍ਰੰਤੂ ਕੈਨੇਡਾ ਵਸਦੇ ਸਿੱਖਾਂ ਦੀ ਜ਼ੋਰਦਾਰ ਮੰਗ ਨੂੰ ਖਿਆਲ ‘ਚ ਰੱਖਦਿਆਂ ਆਖਰਕਾਰ ਸਰਕਾਰ ਨੂੰ ਸੰਸਦ ‘ਚ ਪਟੀਸ਼ਨ ਰੱਖਣ ਦੀ ਮਨਜ਼ੂਰੀ ਦੇਣੀ ਹੀ ਪਈ। ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਲੀਮੈਂਟ ‘ਚ ਪਟੀਸ਼ਨ ਪੇਸ਼ ਕੀਤੇ ਜਾਣ ਮਗਰੋਂ ਇਸ ਦਾ ਕੁਝ ਵੀ ਨਹੀਂ ਬਣਿਆ, ਫਿਰ ਇਸ ਦੀ ਲੋੜ ਹੀ ਕੀ ਸੀ ਤੇ ਸਿੱਖਾਂ ਨੇ ਅਜਿਹਾ ਕਰਕੇ ਕੀ ਖੱਟਿਆ? ਦਰਅਸਲ ਕੈਨੇਡਾ ਦੀਆਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਮਸਲੇ ‘ਤੇ ਨਾ ਸਿਰਫ ਬੋਲਣਾ, ਸਗੋਂ ਇਸ ਦੇ ਹੱਲ ਲਈ ਭਰੋਸਾ ਦੁਆਉਣਾ, ਪਾਰਲੀਮੈਂਟ ‘ਚ ਪਟੀਸ਼ਨ ਰੱਖੇ ਜਾਣ ਦਾ ਹੀ ਨਤੀਜਾ ਸੀ।

ਕੈਨੇਡਾ ਦੀ 41ਵੀਂ ਪਾਰਲੀਮੈਂਟ ‘ਚ ਪੰਜਾਬੀ ਸੰਸਦ ਮੈਂਬਰਾਂ ਦੀ ਹਾਰ-ਜਿੱਤ ਦਾ ਇਸੇ ਪ੍ਰਸੰਗ ‘ਚ ਵਿਸ਼ਲੇਸ਼ਣ ਹੋ ਸਕਦਾ ਹੈ। ਇਹ ਸਹੀ ਹੈ ਕਿ ਕੈਨੇਡਾ ਦੀ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮਾਈਕਲ ਇਗਨੈਟੀਅਫ ਦੀ ਸਰਕਾਰ ਡੇਗ ਕੇ ਮੱਧਕਾਲੀ ਚੋਣਾਂ ਕਰਵਾਉਣ ਦੀ ਕਾਰਵਾਈ ਨੂੰ ਕੁੱਲ ਕੈਨੇਡੀਅਨ ਸ਼ਹਿਰੀਆਂ ਨੇ ਮੂਲੋਂ ਹੀ ਰੱਦ ਕਰ ਦਿੱਤਾ ਹੈ ਤੇ ਲਿਬਰਲ ਪਾਰਟੀ ਨੂੰ ਕਰਾਰੀ ਹਾਰ ਦੇ ਕੇ, ਟੋਰੀਆਂ ਨੂੰ ਸਪੱਸ਼ਟ ਬਹੁਮਤ ਦੁਆਇਆ ਹੈ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਮੁੱਖ ਵਿਰੋਧੀ ਦਲ ਬਣਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਕੈਨੇਡੀਅਨ ਸਿਆਸਤਦਾਨਾਂ ਦੀ ਹਾਰ ਦੇ ਹੋਰ ਕਾਰਨ ਵੀ ਨਾਲ ਆ ਜੁੜਦੇ ਹਨ। ਜਿਵੇਂ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਛੱਡ ਕੇ ਲਿਬਰਲ ਬਣੇ ਉੱਜਲ ਦੋਸਾਂਝ ਨੂੰ ਚੋਣ ਪ੍ਰਚਾਰ ‘ਚ ਵਿਰੋਧੀ ਉਮੀਦਵਾਰ ਉੱਪਰ ਏਅਰ ਇੰਡੀਆ ਬੰਬ ਧਮਾਕੇ ਨਾਲ ਜੁੜੇ ਵਿਅਕਤੀਆਂ ਤੇ ਖਾਲਸਾ ਸਕੂਲ ਤੋਂ ਸਮਰਥਨ ਲੈਣ ਦੇ ਦੋਸ਼ ਲਾਉਣੇ ਮਹਿੰਗੇ ਪਏ। ਲਿਬਰਲ ਉਮੀਦਵਾਰ ਡਾ: ਰੂਬੀ ਢੱਲਾ ਦੀ ਹਾਰ ਦਾ ਕਾਰਨ ਜਿਥੇ ਇਕ ਪਾਸੇ ਵਿਵਾਦਗ੍ਰਸਤ ਕਾਂਗਰਸੀ ਮੰਤਰੀ ਕਮਲ ਨਾਥ ਤੇ ਭਾਜਪਾ ਨਾਲ ਸੰਬੰਧਿਤ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਉਸ ਦੀ ਸਾਂਝ ਹੈ, ਉਥੇ ਦੂਜੇ ਪਾਸੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਮਹਿਮਾਨ ਨਿਵਾਜ਼ੀ ਤੇ ਖਰਚਿਆਂ ਦੀ ਅਦਾਇਗੀ ਨੇ ਵੀ ਉਸ ਦਾ ਅਕਸ ਵਿਗਾੜਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਕਾਰਨ ਲੋਕਾਂ ਪਰਮ ਗਿੱਲ ਨੂੰ ਸਫਲ ਬਣਾਇਆ। ਕੈਨੇਡਾ ਦੀ ਫੈਡਰਲ ਸਿਆਸਤ ‘ਚ ਪਹਿਲਾ ਕਦਮ ਰੱਖਣ ਵਾਲੇ ਕੈਨੇਡੀਅਨ ਜੰਮਪਲ ਸਿੱਖ ਨੌਜਵਾਨ ਜਗਮੀਤ ਸਿੰਘ ਧਾਲੀਵਾਲ ਵੱਲੋਂ ਛੇ ਵਾਰ ਚੋਣਾਂ ਜਿੱਤਣ ਵਾਲੇ ਐਮ. ਪੀ. ਗੁਰਬਖਸ਼ ਸਿੰਘ ਮੱਲੀ ਤੋਂ ਵੱਧ ਵੋਟਾਂ ਲੈ ਜਾਣਾ ਨੌਜਵਾਨ ਪੀੜ੍ਹੀ ਵੱਲੋਂ ਮੁੱਦਿਆਂ ‘ਤੇ ਕੇਂਦਰਿਤ ਸਿਆਸਤ ਦਾ ਸਿੱਟਾ ਕਿਹਾ ਜਾ ਸਕਦਾ ਹੈ। ਜਗਮੀਤ ਸਿੰਘ ਵੱਲੋਂ ਸਿੱਖ ਨਸਲਕੁਸ਼ੀ ‘ਤੇ ਪਟੀਸ਼ਨ ਤਿਆਰ ਕਰਨ ਤੋਂ ਲੈ ਕੇ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਲੀਡਰਸ਼ਿਪ ਅੰਦਰ ਹਮਾਇਤ ਜੁਟਾਉਣ ਤੱਕ ਕੀਤੇ ਗਏ ਬੇਮਿਸਾਲ ਯਤਨ ਉਸ ਦੀ ਹਰਮਨ-ਪਿਆਰਤਾ ਦਾ ਆਧਾਰ ਬਣੇ ਤੇ ਉਹ ਸੱਤਾਧਾਰੀ ਟੋਰੀ ਪਾਰਟੀ ਦੇ ਬਲਜੀਤ ਸਿੰਘ ਬੱਲ ਗੋਸਲ ਤੋਂ ਬਹੁਤ ਥੋੜ੍ਹੇ ਫ਼ਰਕ ਨਾਲ ਚੋਣ ਹਾਰੇ। ਕੈਨੇਡਾ ‘ਚ ਸਮਲਿੰਗੀ ਵਿਆਹਾਂ ਦੇ ਮਾਮਲੇ ‘ਚ ਚਾਹੇ ਲਿਬਰਲ ਤੇ ਐਨ. ਡੀ. ਪੀ. ਦੋਵਾਂ ਦਲਾਂ ਵੱਲੋਂ ਵਧੇਰੇ ਕਰਕੇ ਹਮਾਇਤ ਹੀ ਮਿਲੀ, ਪ੍ਰੰਤੂ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਲਿਬਰਲ ਐਮ. ਪੀ. ਨਵਦੀਪ ਸਿੰਘ ਬੈਂਸ ਨੂੰ ਭੁਗਤਣਾ ਪਿਆ ਤੇ ਰਵਾਇਤੀ ਸਿੱਖ ਲੀਡਰਸ਼ਿਪ ਵੱਲੋਂ ਵੀ ਇਥੇ ਵਿਰੋਧੀ ਉਮੀਦਵਾਰ ਦੀ ਹਮਾਇਤ ਕੀਤੀ ਗਈ। ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਇਕੋ-ਇਕ ਅਜਿਹੇ ਲਿਬਰਲ ਉਮੀਦਵਾਰ ਹਨ, ਜਿਹੜੇ ਪਾਰਟੀ ਵਿਰੋਧੀ ਤੂਫ਼ਾਨ ਦੇ ਬਾਵਜੂਦ ਤਿਕੋਣੀ ਟੱਕਰ ‘ਚ ਵੱਡੀ ਗਿਣਤੀ ‘ਚ ਹਮਾਇਤ ਜੁਟਾਉਣ ‘ਚ ਸਫਲ ਰਹੇ ਤੇ ਲਿਬਰਲ ਪੰਜਾਬੀਆਂ ‘ਚੋਂ ਸਭ ਤੋਂ ਘੱਟ ਕੇਵਲ 903 ਵੋਟਾਂ ਦੇ ਫ਼ਰਕ ਨਾਲ ਐਨ. ਡੀ. ਪੀ. ਦੀ ਉਮੀਦਵਾਰ ਜਿੰਨੀ ਜੋਗਿੰਦਰ ਕੌਰ ਸਿਮਜ਼ ਤੋਂ ਚੋਣ ਹਾਰੇ।

ਪਾਰਲੀਮੈਂਟ ‘ਚ ਇਸ ਸਮੇਂ ਜਿਥੇ ਦੁਬਾਰਾ ਜੇਤੂ ਬਣਨ ਵਾਲੇ ਨਰਿੰਦਰ ਕੌਰ ਨੀਨਾ ਗਰੇਵਾਲ, ਟਿਮ ਉੱਪਲ, ਦੀਪਕ ਉਬਰਾਏ ਤੇ ਦਵਿੰਦਰ ਸ਼ੋਰੀ ਸਮੇਤ ਦੋ ਨਵੇਂ ਚਿਹਰੇ ਪਰਮ ਗਿੱਲ ਅਤੇ ਬਲਜੀਤ ਸਿੰਘ ਬਲ ਗੋਸਲ ਸੱਤਾਧਾਰੀ ਪਾਰਟੀ ਵੱਲੋਂ ਲੋਕ ਨੁਮਾਇੰਦੇ ਬਣ ਕੇ ਪੁੱਜੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਤੋਂ ‘ਗਦਰੀ ਬਾਬਿਆਂ ਦਾ ਮੇਲਾ’ ਕਰਵਾਉਣ ਵਾਲੀ ਸੰਸਥਾ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਸੇਵਾਦਾਰ ਜਸਬੀਰ ਸਿੰਘ ਸੰਧੂ ਤੇ ਬੀ. ਸੀ. ਚੀਟਰ ਫੈਡਰੇਸ਼ਨ ਦੀ ਸਾਬਕਾ ਪ੍ਰਧਾਨ ਪੰਜਾਬੀ ਮੂਲ ਦੀ ਇਸਤਰੀ ਜਿੰਨੀ ਜੋਗਿੰਦਰ ਕੌਰ ਸਿਮਜ਼, ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਪਹਿਲੇ ਪੰਜਾਬੀ ਮਰਦ ਤੇ ਔਰਤ ਐਮ. ਪੀ. ਬਣਨ ਵਾਲੇ ਪਾਰਟੀ ਪ੍ਰਤੀਨਿਧ ਹੋ ਨਿਬੜੇ ਹਨ। ਲੋਕਾਂ ਨੂੰ ਆਸ ਹੈ ਕਿ ਚੁਣੇ ਗਏ ਪੰਜਾਬੀ ਮੂਲ ਦੇ ਸੰਸਦ ਮੈਂਬਰ ਜਿਥੇ ਕੈਨੇਡਾ ਦੇ ਹੋਰਨਾਂ ਮੁੱਦਿਆਂ ਨੂੰ ਅਹਿਮੀਅਤ ਦੇਣਗੇ ਉਥੇ ਭਾਈਚਾਰੇ ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਵੀ ਆਪਣੇ ਵਾਅਦੇ ਨਿਭਾਉਣਗੇ।