Pages

Showing posts with label ਭਗਤ ਸਿੰਘ. Show all posts
Showing posts with label ਭਗਤ ਸਿੰਘ. Show all posts

ਸਿੱਖ ਚੇਤਨਾ ਅਤੇ ਭਗਤ ਸਿੰਘ : ਇੱਕ ਵਿਸ਼ਲੇਸ਼ਣ

-ਗੁਰਤੇਜ ਸਿੰਘ ਆਈਏਐਸ*

ਬੀਤੀ ਸਦੀ ਦੌਰਾਨ ਭਗਤ ਸਿੰਘ ਸਬੰਧੀ ਕਈ ਵਾਰ ਤਿੱਖੀ ਬਹਿਸ ਹੋ ਚੁੱਕੀ ਹੈ। ਹਿੰਦੋਸਤਾਨ ਦੇ ਖ਼ਾਸ ਹਾਕਮ ਤਬਕੇ ਵਿੱਚ ਸਿੱਖਾਂ ਦੇ ਅਸਲ ਹਿਤਾਂ ਨੂੰ ਢਾਅ ਲਾ ਕੇ ਸਿੱਖੀ ਦਾ ਨੁਕਸਾਨ ਕਰਨ ਦੀ ਤੀਬਰ ਇੱਛਾ ਚਿਰੋਕਣੀ ਹੈ ਅਤੇ ਇਹੋ ਆਖ਼ਰ ਅਜਿਹੀਆਂ ਨਿਰਮੂਲ ਬਹਿਸਾਂ ਦਾ ਪ੍ਰੇਰਨਾ ਸ੍ਰੋਤ ਬਣਦੀ ਹੈ। ਚੰਗਾ ਭਲਾ ਆਪਣਾ ਕੰਮ ਕਰਦੇ ਲੋਕਾਂ ਨੂੰ ਊਂਜਾਂ ਲਾ-ਲਾ ਕੇ ਜੁਆਬ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਫੇਰ ‘ਝਗੜਾਲੂ’ ਆਦਿ ਉਪਾਧੀਆਂ ਨਾਲ ਸ਼ਿੰਗਾਰ ਕੇ ਸਿੱਖ-ਵਿਰੋਧੀ ਤੱਤਾਂ ਵੱਲੋਂ ਅਕਾਰਣ ਭੰਡਿਆ ਜਾਂਦਾ ਹੈ। ਇਸ ਸਾਰੀ ਕਵਾਇਦ ਦੀ ਖ਼ਾਸ ਗੱਲ ਇਹ ਹੈ ਕਿ ਨਿਰਧਾਰਤ ਸਿੱਖੀ-ਵਿਰੋਧੀ ਟੀਚਿਆਂ ਦੀ ਪ੍ਰਾਪਤੀ ਲਈ ਭਗਤ ਸਿੰਘ ਦੇ ਬਿੰਬ ਨੂੰ ਉਭਾਰਨਾ ਬੇ-ਰੋਕ-ਟੋਕ ਜਿਉਂ ਦਾ ਤਿਉਂ ਜਾਰੀ ਰਹਿੰਦਾ ਹੈ। ਭਗਤ ਸਿੰਘ ਨੇ ਹਿੰਦੋਸਤਾਨ ਦੀ ਬਿਹਤਰੀ ਲਈ, ਮਾਨਵਤਾ ਦੇ ਭਲ਼ੇ ਲਈ ਕੀ-ਕੀ ਘਾਲਣਾਵਾਂ ਘਾਲੀਆਂ ਜਾਂ ਨਾ ਘਾਲੀਆਂ, ਏਸ ਲੇਖ ਦਾ ਵਿਸ਼ਾ ਨਹੀਂ। ਅੱਜ ਦੇ ਸਮੇਂ ਜੇ ਉਸ ਦਾ ਇਤਿਹਾਸਕ ਮੁਲਾਂਕਣ ਕਰਨਾ ਹੋਵੇ ਤਾਂ ਕੇਵਲ ਤਿੰਨ, ਚਾਰ ਘਟਨਾਵਾਂ ਉੱਤੇ ਆਧਾਰਤ ਕਰਨਾ ਪਵੇਗਾ। ਇਹਨਾਂ ਵਿੱਚੋਂ ਪ੍ਰਮੁੱਖ ਹਨ ਸੌਂਡਰਸ ਦਾ ਕਤਲ, ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣਾ ਅਤੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਜੋ ਉਸ ਦੀ ਪ੍ਰਸਿੱਧੀ ਦੇ ਪ੍ਰਮੁੱਖ ਕਾਰਣ ਜਾਂ ਸਵੱਬ ਸਨ। ਇਹਨਾਂ ਘਟਨਾਵਾਂ ਦੀ ਚੀਰ-ਫਾੜ ਵਿੱਚ ਉਸ ਦੀ ਪਾਰਟੀ ਅਤੇ ਸਾਥੀਆਂ ਦੀ ਸਿਧਾਂਤਕ ਪਹੁੰਚ ਆਦਿ ਦਾ ਵਿਸ਼ਲੇਸ਼ਣ ਵੀ ਤਰਕਸੰਗਤ ਹੋਵੇਗਾ; ਪ੍ਰਾਪਤੀਆਂ ਦਾ ਬਿਉਰਾ ਆਦਿ ਵੀ ਵਿਚਾਰਨਾ ਜ਼ਰੂਰੀ ਹੋਵੇਗਾ।

ਭਗਤ ਸਿੰਘ ਦੀ ਆਪਣੀ ਸਿਧਾਂਤਕ ਪਹੁੰਚ ਬਾਰੇ ਵੀ, ਉਸ ਦੇ ਪ੍ਰਸੰਸਕਾਂ ਦੀ ਕਮਜ਼ੋਰ ਨਜ਼ਰ ਦੇ ਤੰਗ ਦਾਇਰੇ ਅਤੇ ਪਰਿਵਾਰਕ ਹੱਦ-ਬੰਨਿਆਂ ਤੋਂ ਉੱਤੇ ਉੱਠ ਕੇ ਲੇਖਾ-ਜੋਖਾ ਕਰਨਾ ਪਵੇਗਾ। ਪੌਣੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਉਸ ਦੀਆਂ ਲਿਖਤਾਂ, ਜੋ ਸਨ ਅਤੇ ਜੋ ਨਹੀਂ ਵੀ ਹਨ, ਸਭ ਸਾਹਮਣੇ ਆ ਚੁੱਕੀਆਂ ਹਨ। ਕੁਝ ਲਿਖਤਾਂ ਬਾਰੇ ਤਾਂ ਸਪਸ਼ਟ ਹੀ ਹੈ ਕਿ ਉਸ ਦੇ ਨਾਂਅ ਨਾਲ ਖਾਹ-ਮਖਾਹ ਮੜ੍ਹੀਆਂ ਗਈਆਂ ਹਨ। ਕੁਝ ਏਨੀਆਂ ਸ੍ਵੈਵਿਰੋਧੀ ਹਨ ਕਿ ਆਮ ਲੇਖਕ ਲਈ ਵੀ ਸੋਭਨੀਕ ਨਹੀਂ। ਮੂਲ ਸ੍ਰੋਤ ਤਾਂ ਨੱਬੇ ਪ੍ਰਤੀਸ਼ਤ ਦੇ ਨਹੀਂ ਦੱਸੇ ਗਏ। ਇਤਿਹਾਸਕ ਨਜ਼ਰੀਏ ਤੋਂ ਘੋਖਿਆਂ ਸ਼ਾਇਦ ਬਹੁਤ ਘੱਟ ਲਿਖਤਾਂ ਭਗਤ ਸਿੰਘ ਦੀਆਂ ਸਾਬਤ ਹੋ ਸਕਣ। ਜੋ ਹਨ ਵੀ ਉਹਨਾਂ ਦਾ ਤੁਅਲਕ ਉਸ ਦੀ ਜਾਤ, ਪਹੁੰਚ, ਮਾਨਸਿਕਤਾ, ਮਹਤਵਾਕਾਂਕਸ਼ਾ ਨਾਲ ਜ਼ਿਆਦਾ ਹੈ ਅਤੇ ਦ੍ਰਿੜ੍ਹ ਸਿਆਸੀ ਸੋਚ ਨਾਲ ਘੱਟ। ਉਸ ਦੇ ਸਮਰਥਕ ਜੇ ਚਾਹੁਣ ਤਾਂ ਉਹ ਸਾਰੀਆਂ ਲਿਖਤਾਂ ਨੂੰ ਰਿੜਕ ਕੇ ਅਸਲ ਨੂੰ ਲੋਕ-ਕਚਿਹਰੀ ਵਿੱਚ ਪੇਸ਼ ਕਰਨ ਤਾਂ ਕਿ ਉਹਨਾਂ ਦੀ ਸਤਿਕਾਰ ਯੋਗ ਹਸਤੀ ਦਾ ਸਹੀ ਅੰਦਾਜ਼ਾ ਲਗਾਉਣਾ ਸੰਭਵ ਹੋਵੇ। ਇਤਿਹਾਸ ਦੀ ਚੱਕੀ ਇਨਸਾਫ਼ ਦੀ ਚੱਕੀ ਦਾ ਹੀ ਰੂਪ ਹੈ : ਇਹ ਚੱਲਦੀ ਹੌਲੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ। ਚੱਕੀ ਦਾ ਗਲ਼ਾ ਭਗਤ ਸਿੰਘ ਦੇ ਸਮਰਥਕ ਤੈਅ ਕਰ ਸਕਦੇ ਹਨ ਪਰ ਪੀਠਾ ਤਾਂ ਸਿਧਾਂਤਾਂ, ਪੀਹਣ-ਵਿਧੀ ਅਤੇ ਦਾਣਿਆਂ ਦੀ ਪੌਸ਼ਟਕਤਾ ਅਨੁਸਾਰ ਹੀ ਜਾਵੇਗਾ। ਜਿਨ੍ਹਾਂ ਦੇ ਸੱਚ ਪੱਲੇ ਹੁੰਦਾ ਹੈ ਉਹ ਸੌ-ਸੌ ਕਸਵੱਟੀਆਂ ਦੀ ਪਰਖ ਸਹਿਣ ਨੂੰ ਸਹਿਜੇ ਹੀ ਤਿਆਰ ਹੋ ਜਾਂਦੇ ਹਨ। ਅਸਲ ਲਿਖਤਾਂ ਨੂੰ ਪਹਿਲਾਂ ਨਿਰਧਾਰਤ ਕਰ ਕੇ, ਸਿਧਾਂਤਕ ਪੱਖੋਂ ਉਹਨਾਂ ਦਾ ਮੁਲਾਂਕਣ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ; ਕੀਤਾ ਜਾਣਾ ਜਾਇਜ਼ ਵੀ ਹੈ।

ਭਗਤ ਸਿੰਘ ਦੇ ਧਾਰਮਕ ਵਿਚਾਰਾਂ ਦਾ ਵਿਸ਼ਲੇਸ਼ਣ ਵੀ ਲੋੜੀਂਦਾ ਹੈ ਕਿਉਂਕਿ ਬਹੁਤੇ ਝਗੜੇ ਦੀ ਜੜ੍ਹ ਵੀ ਏਸ ਦੀ ਸਹੀ ਜਾਣਕਾਰੀ ਦੀ ਅਣਹੋਂਦ ਹੀ ਹੈ। ਪ੍ਰਾਪਤ ਸਮਗਰੀ ਨੂੰ ਘੋਖ ਕੇ ਸੰਭਾਵੀ ਨਿਰਣੇ ਉੱਤੇ ਪਹੁੰਚਣਾ ਵਿਦਿਆਰਥੀਆਂ, ਵਿਦਵਾਨਾਂ ਦਾ ਧਰਮ ਹੈ ਅਤੇ ਏਸ ਨੂੰ ਨਾ ਨਿਭਾਉਣ ਦੀ ਕੋਤਾਹੀ ਜਦੋਂ ਕੌਮੀ ਨੁਕਸਾਨ ਦਾ ਮੁੱਢ ਬਣਦੀ ਜਾਪਦੀ ਹੈ ਤਾਂ ਮੁਜਰਮਾਨਾ ਹੋ ਨਿੱਬੜਦੀ ਹੈ। ਨਿਆਂ ਪੱਖੀ ਕਲਮਾਂ ਦਾ ਏਸ ਮਸਲੇ ਉੱਤੇ ਚੱਲਣਾ ਲੋਕ-ਹਿਤ ਵਿੱਚ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਾਪਾ ਪੂਰਾ ਕੀਤਾ ਜਾ ਸਕੇਗਾ।

ਜਦੋਂ ਤੱਕ ਇਹ ਸਾਰਾ ਕੁਝ ਨਹੀਂ ਹੋ ਜਾਂਦਾ ਭਗਤ ਸਿੰਘ ਬਾਰੇ ਇਤਿਹਾਸਕ ਮੁਲਾਂਕਣ ਸੰਭਵ ਨਹੀਂ ਅਤੇ ਏਸ ਲਈ ਇਹ ਹੱਥਲੇ ਲੇਖ ਦਾ ਵਿਸ਼ਾ ਨਹੀਂ। ਕਮਸਿਨ, ਬਹਾਦਰ ਪ੍ਰਤੀ ਯੋਗ ਆਦਰ ਦਾ ਵੀ ਏਹੋ ਤਕਾਜ਼ਾ ਹੈ ਕਿ ਡੂੰਘੀ ਖੋਜ ਤੋਂ ਬਿਨਾ ਉਸ ਬਾਰੇ ਕੋਈ ਵਿਸ਼ਾ ਛੋਹਿਆ ਨਾ ਜਾਵੇ। ਪ੍ਰੰਤੂ ਯੋਗ ਘੋਖ ਪੜਤਾਲ ਉਪਰੰਤ ਏਸ ਮਸਲੇ ਨੂੰ ਨਜਿੱਠਣਾ, ਪੰਜਾਬ ਦੇ ਸਮਾਜਕ ਜੀਵਨ ਵਿੱਚੋਂ ਰੌਲ-ਘਚੌਲਾ ਖ਼ਤਮ ਕਰਨ ਲਈ ਬੇਹੱਦ ਜ਼ਰੂਰੀ ਹੈ। ਹੱਥਲੇ ਲੇਖ ਵਿੱਚ ਇੱਕ ਸੀਮਤ ਬਹਿਸ ਨਾਲ ਸਬੰਧਤ ਕੁਝ ਨੁਕਤੇ ਹੀ ਵਿਚਾਰੇ ਗਏ ਹਨ। ਭਗਤ ਸਿੰਘ ਦੇ ਨਾਂਅ ਉੱਤੇ ਪ੍ਰਚੱਲਤ ਲੇਖਾਂ ਦਾ ਸੰਖੇਪ ਅਤੇ ਸਰਸਰੀ ਵਿਸ਼ਲੇਸ਼ਣ ਓਸੇ ਸੰਦਰਭ ਵਿੱਚ ਸਮਝਣਾ ਲੋੜੀਂਦਾ ਹੈ। ਉਸ ਵਿੱਚ ਖ਼ਾਸ ਤੌਰ ਉੱਤੇ ਉਹਨਾਂ ਮੁਸ਼ਕਲਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਜੋ ਇਹਨਾਂ ਲਿਖਤਾਂ ਨੂੰ ਭਗਤ ਸਿੰਘ ਦੀਆਂ ਲਿਖੀਆਂ ਤਸਲੀਮ ਕਰਨ ਦੇ ਰਾਹ ਵਿੱਚ ਵੱਡਾ ਅੜਿੱਕਾ ਹਨ। ਉਸ ਦੇ ਸਮਰਥਕਾਂ ਦਾ ਪ੍ਰਤੀਕਰਮ ਯੋਗ ਸਮੇਂ ਤੱਕ ਉਡੀਕ ਕੇ ਆਖ਼ਰੀ ਵਿਸ਼ਲੇਸ਼ਣ ਉਸ ਨੂੰ ਵਿਚਾਰ ਕੇ ਕਰਨਾ ਯੋਗ ਹੈ।

ਜੇ ਭਗਤ ਸਿੰਘ ਦੇ ਭਗਤ ਉਸ ਨੂੰ ਸਿੱਖ ਪਰੰਪਰਾ ਤੋਂ ਬਾਹਰ ਖੜ੍ਹਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਉਸ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਲਾਜ਼ਮੀ ਹੈ। ਲਿਖਤਾਂ ਨੂੰ ਪੜਚੋਲਣ ਦੀ ਲੋੜ ਤੋਂ ਇਲਾਵਾ ਉਸ ਦੇ ਬਿੰਬ ਨੂੰ ਠੁੰਮ੍ਹਣੇ ਦੇਣ ਲਈ ਵਰਤੀ ਜਾਂਦੀ ਸਿੱਖ ਧਾਰਮਕ ਸ਼ਬਦਾਵਲੀ ਤੋਂ ਗ਼ੁਰੇਜ਼ ਕਰਨਾ ਪਵੇਗਾ (ਮਸਲਨ ਸ਼ਬਦ ਸ਼ਹੀਦ) ਅਤੇ ਉਸ ਦੇ ਸਹਾਰੇ ਸਿੱਖ ਸ਼ਹੀਦਾਂ ਉੱਤੇ ਕਿੰਤੂ-ਪ੍ਰੰਤੂ ਕਰਨਾ (ਜਿਵੇਂ ਕਿ ਕੁਲਦੀਪ ਨੱਈਯਰ ਕਰਦਾ ਹੈ) ਜਾਂ ਸਿੱਖ ਸੰਘਰਸ਼ ਨੂੰ ਨੀਵਾਂ ਵਿਖਾਉਣ ਲਈ ਵਰਤਣਾ ਬੰਦ ਕਰਨਾ ਪਵੇਗਾ। ਸਿਰਦਾਰ ਕਪੂਰ ਸਿੰਘ, ਭਾਈ ਸਾਹਿਬ ਰਣਧੀਰ ਸਿੰਘ ਦੀਆਂ ਸਤਿਕਾਰਯੋਗ ਹਸਤੀਆਂ ਉੱਤੇ ਆਨੇ-ਬਹਾਨੇ ਕਮੀਨੇ ਹਮਲੇ ਛੱਡਣੇ ਪੈਣਗੇ ਅਤੇ ‘ਸਾਚੀ ਸਾਖੀ’ ਨੂੰ ਵਿਸਾਰਨ, ਸਾੜਨ ਦੀ ਥਾਂ ਉਸ ਨੂੰ ਪੜ੍ਹ-ਘੋਖ ਕੇ ਵਾਜਬ ਸੱਭਿਅਕ ਟਿੱਪਣੀ ਸਾਊ ਵਿਚਾਰਵਾਨਾਂ ਦੀ ਬੋਲੀ ਵਿੱਚ ਕਰਨੀ ਪਵੇਗੀ। ਸਿੱਖ ਧਰਮ, ਇਤਿਹਾਸ, ਰਾਜਸੀ ਨਿਸ਼ਾਨੇ, ਸਿੱਖ ਧਾਰਮਕ ਰਹਿਤ, ਪੰਜਾਬੀ ਬੋਲੀ ਦੇ ਰੁਤਬੇ ਅਤੇ ਸਿੱਖ ਕਦਰਾਂ-ਕੀਮਤਾਂ ਨੂੰ ਖੋਰਾ ਲਾਉਣ ਲਈ ਭਗਤ ਸਿੰਘ ਦੇ ਬਿੰਬ ਨੂੰ ਵਰਤਣ ਦਾ ਯਥਾਸ਼ਕਤ ਵਿਰੋਧ ਕਰਨ ਲਈ ਗੁਰੂ ਕੇ ਸਿੱਖ ਵਚਨਬੱਧ ਹਨ। ਹੁਣ ਇਹ ਸਮਝਣਾ ਲਾਜ਼ਮੀ ਹੈ ਕਿ ਦੋ ਘੋੜਿਆਂ ਦੀ ਸਵਾਰੀ ਕਿਸੇ ਧਿਰ ਲਈ ਵੀ ਲਾਹੇਵੰਦ ਨਹੀਂ।

ਸਾਰੇ ਮਸਲੇ ਨੂੰ ਨਜਿੱਠਣ ਲਈ ਦੋਹਾਂ ਪਾਸਿਆਂ ਤੋਂ ਉੱਚ ਪਾਏ ਦੇ ਨਿਰਪੱਖ ਯਤਨਾਂ ਦੀ ਲੋੜ ਹੈ। ਨਿਸੰਗ ਹੋ ਕੇ, ਹਰ ਪ੍ਰਕਾਰ ਦੀ ਦੁਬਿਧਾ ਵਿਸਾਰ ਕੇ, ਸੱਚੇ ਮਨ ਨਾਲ ਵਿਗਿਆਨਕ ਪਹੁੰਚ ਅਪਣਾ ਕੇ, ਮਨ ਚਾਹੇ ਨਤੀਜਿਆਂ ਦੀ ਆਸ ਤਿਆਗ ਕੇ, ਇੱਕ ਮਨ ਇੱਕ ਚਿੱਤ ਹੋ ਕੇ ਵਿਸ਼ਲੇਸ਼ਣ ਕਰਨਾ ਯੋਗ ਹੈ। ਸਾਚੀ ਸਾਖੀ ਦੇ ਸਾੜੇ ਜਾਣ ਤੋਂ ਬਾਅਦ ਦਾ ਸਮਾਂ, ਸਿੱਖ ਧਾਰਮਕ ਅਤੇ ਸਿਆਸੀ ਪਛਾਣ ਬਾਰੇ ਸਹੀ ਨਜ਼ਰੀਆ ਬਣਾਉਣ ਦੇ ਚਾਹਵਾਨ ਪਾਠਕਾਂ ਤੋਂ ਮੰਗ ਕਰਦਾ ਹੈ ਕਿ ਉਹ ਸਾਰੇ ਮਸਲੇ ਦਾ ਗੰਭੀਰ ਜਾਇਜ਼ਾ ਲੈ ਕੇ ਦੁਬਿਧਾ ਤਿਆਗ ਦੇਣ। ਕਬੀਰ ਸਾਹਿਬ ਦੇ ਫੁਰਮਾਨ ਦੇ ਸੰਦਰਭ ਵਿੱਚ ਇਹ ਲਿਖਤ ਪਾਠਕਾਂ ਦੇ ਹੱਥ ਪਹੁੰਚਾਈ ਜਾ ਰਹੀ ਹੈ। ਮਨੋਰਥ ਕੇਵਲ ਇਹੋ ਹੈ ਕਿ ਇਹ ਉਹਨਾਂ ਨੂੰ ਨਿਰਪੱਖ ਹੋ ਕੇ ‘ਮਨੁ ਸਚ ਕਸਵੱਟੀ’ ਲਾ ਕੇ ਵਿਸ਼ੇ ਨਾਲ ਸਬੰਧਤ ਨਿਰਣੇ ਕਰ ਸਕਣ ਵਿੱਚ ਸਹਾਇਤਾ ਕਰ ਸਕੇ :

ਡਗਮਗ ਛਾਡਿ ਰੇ ਮਨ ਬਉਰਾ ।।
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ।।1।। ਰਹਾਉ ।।
(ਰਾਗ ਗਉੜੀ ਪੂਰਬੀ ਕਬੀਰ ਜੀ, ਸ੍ਰੀ.ਗੁ.ਗ੍ਰ.ਸਾ. 338)


ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦੀ ਛਵੀ ਨੂੰ ਨੌਜਵਾਨ ਸਿੱਖਾਂ ਨੂੰ ਕੇਸ ਕਤਲ ਕਰਵਾਉਣ ਲਈ ਉਤਸ਼ਾਹਤ ਕਰਨ ਲਈ ਅਤੇ ਅਸਲ ਆਜ਼ਾਦੀ ਦੀ ਅਸਲ ਜੰਗ ਦੇ ਸੱਚੇ-ਸੁੱਚੇ ਨਾਇਕਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਕਰਨ ਲਈ ਵਰਤੀਂਦਾ ਰਿਹਾ ਹੈ। ਭਾਈ ਰਣਧੀਰ ਸਿੰਘ ਜੀ ਵਰਗੇ ਸਾਧੂ ਪੁਰਸ਼ ਦੇ ਸਪਸ਼ਟ ਵਚਨਾਂ ਦੇ ਹੁੰਦਿਆਂ, ਕਿ ਭਗਤ ਸਿੰਘ ਆਖ਼ਰੀ ਸਮੇਂ ਗੁਰੂ ਦੀ ਸ਼ਰਣ ਵਿੱਚ ਪਰਤ ਆਇਆ ਸੀ, ਭਗਤ ਸਿੰਘ ਦੀ ਪਤਿਤ ਰੂਪ ਵਾਲੀ ਤਸਵੀਰ ਨੂੰ ਪ੍ਰਚੱਲਤ ਕੀਤਾ ਜਾ ਰਿਹਾ ਹੈ ਅਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਸ ਨੂੰ ਨਾਸਤਕ ਪ੍ਰਚਾਰਿਆ ਜਾ ਰਿਹਾ ਹੈ। ਕਸੂਰ ਤੋਂ ਖ਼ਾਸ ਤੌਰ ਉੱਤੇ ਗ੍ਰੰਥੀ ਮੰਗਵਾ ਕੇ ਸਿੱਖ ਰਹੁ-ਰੀਤ ਅਨੁਸਾਰ ਉਸ ਦਾ ਅੰਤਮ ਸੰਸਕਾਰ ਉਸ ਦੀ ਅੰਤਮ ਇੱਛਾ ਮੁਤਾਬਕ ਕਰਨਾ ਦੱਸਦਾ ਹੈ ਕਿ ਅੰਤ ਸਮੇਂ ਉਸ ਦੇ ਧਾਰਮਕ ਵਿਚਾਰ ਕੀ ਸਨ। ਉਸ ਦੀ ਆਖ਼ਰੀ ਤਸਵੀਰ ਵੀ ਉਸ ਨੂੰ ਸਿੱਖੀ ਸਰੂਪ ਵਿੱਚ ਦਰਸਾਉਂਦੀ ਹੈ ਅਤੇ ਭਾਈ ਰਣਧੀਰ ਸਿੰਘ ਦੇ ਲਿਖੇ ਬਚਨਾਂ ਦੇ ਅਕੱਟ ਸਬੂਤ ਵਜੋਂ ਵੇਖੀ ਜਾਣੀ ਜਾਇਜ਼ ਹੈ। ਇਹ ਜਾਣ ਲੈਣ ਤੋਂ ਬਾਅਦ ਲੋੜ ਜਾਪਦੀ ਹੈ ਏਸ ਰਹੱਸ ਨੂੰ ਬੁੱਝਣ ਦੀ ਕਿ ਭਗਤ ਸਿੰਘ ਦੇ ਸਾਥੀ, ਪੈਰੋਕਾਰ ਅਤੇ ਉਸ ਦੀ ਸ਼ੁਹਰਤ ਤੋਂ ਫ਼ਾਇਦਾ ਉਠਾਉਣ ਵਾਲੇ ਲੋਕ ਉਸ ਦੀ ਟੋਪੀ ਵਾਲੀ ਤਸਵੀਰ (ਬੁੱਤ ਆਦਿ) ਪ੍ਰਚਾਰ ਕੇ ਕੀ ਲਾਹਾ ਲੈਣਾ ਚਾਹੁੰਦੇ ਹਨ? ਜੇ ਭਗਤ ਸਿੰਘ ਸਿੱਖੀ ਸਰੂਪ ਅਤੇ ਮਾਨਸਿਕਤਾ ਨੂੰ ਆਖ਼ਰੀ ਸਮੇਂ ਅਪਣਾ ਚੁੱਕਿਆ ਸੀ ਤਾਂ ਉਸ ਨੂੰ ਨਿਰੋਲ ਧੱਕੇ ਨਾਲ, ਗ਼ੈਰ-ਸਿੱਖ ਅਤੇ ਸਿੱਖ-ਵਿਰੋਧੀ ਪ੍ਰੈੱਸ ਦੀ ਸਹਾਇਤਾ ਨਾਲ ਉਸ ਵੱਲੋਂ ਅੰਤ ਸਮੇਂ ਰੱਦ ਕੀਤੇ ਨਾਸਤਕ ਵਿਚਾਰਾਂ ਦਾ ਧਾਰਨੀ ਕਿਉਂ ਪ੍ਰਗਟ ਕੀਤਾ ਜਾ ਰਿਹਾ ਹੈ? ਕੀ ਇਹ ਭਗਤ ਸਿੰਘ ਦੀ ਯਾਦ ਨੂੰ ਸਦਾ ਲਈ ਫਾਂਸੀ ਲਟਕਾਉਣ ਤੋਂ ਘੱਟ ਹੈ?

ਮੁੱਢਲੇ ਤੌਰ ’ਤੇ ਭਗਤ ਸਿੰਘ ਨੂੰ ਇਹੋ ਜਿਹਾ ਪ੍ਰਚਾਰਨ ਦੀ ਵੱਡੀ ਲੋੜ ਫ਼ਿਰਕੂ ਹਿੰਦੂ ਮਾਨਸਿਕਤਾ ਦੀ ਹੈ ਜਿਵੇਂ ਕਿ ਡੇਵਿਡ ਪੈਟਰੀ ਦਾ ਹਵਾਲਾ ਦੇ ਕੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ‘ਸਾਚੀ ਸਾਖੀ’ ਵਿੱਚ ਦਰਜ ਹੈ। ਲਾਜਪਤ ਰਾਇ ਨੂੰ ਪੰਜਾਬ ਕੇਸਰੀ ਆਜ਼ਾਦੀ ਘੁਲਾਟੀਆ ਅਤੇ ਅਜ਼ਾਦੀ ਲਈ ਜੂਝਦੇ ਜਾਨ ਕੁਰਬਾਨ ਕਰਨ ਵਾਲਾ ਸਾਬਤ ਕਰਨ ਵਾਸਤੇ ਵੀ ਭਗਤ ਸਿੰਘ ਦੀ ਲੋੜ ਸਪਸ਼ਟ ਹੈ। ਏਸ ਤੱਥ ਤੋਂ ਇਨਕਾਰ ਕਰਨਾ ਵੀ ਸੰਭਵ ਨਹੀਂ ਕਿ ਲਾਜਪਤ ਰਾਏ ਨੂੰ ਮਰਣੋਪਰੰਤ ਉਭਾਰਨ ਦਾ ਯਤਨ ਵੀ ਕੱਟੜਵਾਦ ਮਾਨਸਿਕਤਾ ਦੇ ਉਪਰੋਕਤ ਰੁਝਾਨ ਦਾ ਇੱਕ ਹਿੱਸਾ ਹੈ। ਉਸ ਦੀ ਜੀਵਨੀ ਪੜ੍ਹਨ ਤੋਂ, ਉਸ ਨੂੰ ਕੌਂਗਰਸ ਦੀ ਪ੍ਰਧਾਨਗੀ ਦਾ ਪ੍ਰਸਤਾਵ ਵਾਪਸ ਲੈਣ ਦੇ ਕਾਰਣਾਂ ਤੋਂ ਅਤੇ ਉਸ ਦੇ ਸ਼ੁੱਧੀ ਬਹਾਨੇ ਸਿੱਖਾਂ ਨੂੰ ਪਤਿਤ ਕਰਨ ਦੇ ਮਾਸਟਰ ਤਾਰਾ ਸਿੰਘ ਵੱਲੋਂ ਪ੍ਰਗਟ ਕੀਤੇ ਸੱਚ ਦੇ ਸੰਦਰਭ ਵਿੱਚ ਮੁਲਾਂਕਣ ਕੀਤਿਆਂ ਏਹੀ ਜਾਪਦਾ ਹੈ ਕਿ ਉਸ ਦੀ ਯਾਦ ਨੂੰ ਸਤਿਕਾਰਯੋਗ ਬਣਾਉਣ ਲਈ ਅਜਿਹੇ ਅਨੇਕਾਂ ਠੁੰਮ੍ਹਣਿਆਂ ਦੀ ਸਖ਼ਤ ਲੋੜ ਹੈ। ਭਗਤ ਸਿੰਘ ਏਸ ਲੋੜ ਨੂੰ ਆਪਣੇ ਟੋਪੀ ਵਾਲੇ ਸਰੂਪ ਵਿੱਚ ਅਤੇ ਉਸ ਦੀ ਮੌਤ ਦਾ ਬਦਲਾ ਲੈਣ ਵਾਲੇ ਦੇ ਰੂਪ ਵਿੱਚ ਹੀ ਪੂਰਾ ਕਰ ਸਕਦਾ ਹੈ। ਵਿਚਾਰਧਾਰਕ ਤੌਰ ਉੱਤੇ ਦੋਨੋਂ ਸੈਂਕੜੇ ਕੋਹਾਂ ਦੂਰ ਸਨ।

ਏਹੋ ਵਿਡੰਬਨਾ ਖੱਬੇ ਪੱਖੀ ਲੇਖਕਾਂ ਦੀ ਹੈ ਜਿਹੜੇ ਕਿ ਭਗਤ ਸਿੰਘ ਨੂੰ ਇੱਕ ਬਹੁਤ ਵੱਡਾ ਚਿੰਤਕ, ਲੇਖਕ, ਸਿਆਸੀ ਨੇਤਾ ਅਤੇ ਮਾਰਕਸੀ ਵਿਚਾਰਧਾਰਾ ਦਾ ਕ੍ਰਾਂਤੀਕਾਰੀ ਥੰਮ੍ਹ ਬਣਾ ਕੇ ਉਸਾਰਨਾ ਚਾਹੁੰਦੇ ਹਨ। ਉਹਨਾਂ ਦੀ ਮਕਸਦ-ਪੂਰਤੀ ਵੀ ਉਸ ਦੇ ਪਤਿਤ ਸਰੂਪ ਉੱਤੇ ਹੀ ਨਿਰਭਰ ਹੈ। ਜ਼ਰਖ਼ੇਜ਼ ਪੰਜਾਬ ਵਿੱਚ ਉਹ ਇਸ ਦੇ ਅਜਿਹੇ ਬਿੰਬ ਨੂੰ ਮਾਰਕਸਇਜ਼ਮ ਦੇ ਪ੍ਰਚਾਰ ਲਈ ਸਹਾਇਕ ਜਾਣਦੇ ਹਨ। ਅਜਿਹੇ ਪ੍ਰਚਾਰ ਲਈ ਉਹ ਤਰਕ, ਤੱਥ, ਦਲੀਲ, ਸੱਚ ਅਤੇ ਪ੍ਰਮਾਣ ਨੂੰ ਬਿਲਕੁਲ ਨਹੀਂ ਵਿਚਾਰਦੇ ਪ੍ਰੰਤੂ ‘ਤੇਲੀ ਉਇ ਤੇਲੀ ਤੇਰੇ ਸਿਰ ਉੱਤੇ ਕੋਹਲੂ’ ਵਾਲਾ ਭਾਰੀ-ਭਰਕਮ ਯਥਾਰਥਵਾਦੀ ਅਮਲ ਹੀ ਵਰਤਦੇ ਹਨ। ਵਿਚਾਰਾਂ ਦੇ ਮੈਦਾਨ ਵਿੱਚ ਉੱਤਰਨ ਨਾਲੋਂ ਧੱਕਾ, ਧੌਂਸ, ਗਾਲੀ-ਗਲੋਚ, ਮਿਹਣੇ-ਤਾਅਨੇ ਅਤੇ ਕਿਤਾਬਾਂ-ਅਰਥੀਆਂ ਸਾੜਨ ਵਾਲੇ ਫ਼ੈਸਿਸਟ ਹਰਬੇ ਵਰਤ ਕੇ ਭਗਤ ਸਿੰਘ ਨੂੰ ਵਡਿਆਉਣਾ ਲੋਚਦੇ ਹਨ। ਜੇ ਸੱਚ ਪੱਲੇ ਨਾ ਹੋਏ ਤਾਂ ਏਹੋ ਕੁਝ ਹੀ ਸਹਾਈ ਹੋ ਸਕਦਾ ਹੈ।

ਇੱਕ ਜੇਲ੍ਹ ਡਾਇਰੀ ਜਿਸ ਵਿੱਚ ਵੱਖ-ਵੱਖ ਕਿਤਾਬਾਂ ਵਿੱਚੋਂ ਪੜ੍ਹਨ ਸਮੇਂ ਨਕਲ ਕੀਤੀਆਂ ਟਿੱਪਣੀਆਂ ਹਨ ਅਤੇ ਚੰਦ ਚਿੱਠੀਆਂ, ਅੱਧੀ ਦਰਜਨ ਤੋਂ ਘੱਟ ਲੇਖਾਂ ਇਤਿਆਦਿ ਦੇ ਆਧਾਰ ਉੱਤੇ ਉਹ ਉਸ ਨੂੰ ਵੱਡਾ ਮਾਰਕਸੀ ਚਿੰਤਕ ਸਥਾਪਤ ਕਰਨ ਦੀ ਚੇਸ਼ਟਾ ਵਿੱਚ ਹਨ। ਜੇ ਕਦੇ ਇਹ ਕਿਤਾਬਾਂ ਪੜ੍ਹਨ ਦੇ ਦਸਤੂਰ ਤੋਂ ਚੰਗੇ ਵਾਕਫ਼ ਹੁੰਦੇ ਤਾਂ ਜਾਣਦੇ ਕਿ ਏਂਨੀਆਂ ਕੁ ਟਿੱਪਣੀਆਂ ਦੋ, ਤਿੰਨ ਕਿਤਾਬਾਂ ਅਤੇ ਉਹਨਾਂ ਦੇ ਫੁੱਟ-ਨੋਟਾਂ ਵਿੱਚੋਂ ਵੀ ਇਕੱਠੀਆਂ ਕਰਨੀਆਂ ਸੰਭਵ ਹਨ। ਏਸ ਤੋਂ ਇਲਾਵਾ ਇਹਨਾਂ ਵੱਡੇ ਯਤਨ ਕਰ ਕੇ ਕੁਝ ਕੁ ਹੋਰ ਚਿੱਠੀਆਂ, ਇਸ਼ਤਿਹਾਰ, ਚੰਦ ਲੇਖ ਅਤੇ ਕੁਝ ਬੋਲਚਾਲ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਹਨ ਅਤੇ ਸਮਝਦੇ ਹਨ ਕਿ ਇਹ ਭਗਤ ਸਿੰਘ ਨੂੰ ਵੱਡਾ ਵਿਚਾਰਵਾਨ ਸਿੱਧ ਕਰਨ ਲਈ ਕਾਫ਼ੀ ਹਨ।

ਮਾਰਕਸੀ ਵਿਚਾਰਧਾਰਾ ਦੇ ਤੌਰ ਤਰੀਕਿਆਂ ਤੋਂ ਨਾਵਾਕਫ਼ ਲੋਕ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਇਹ ਤਰੀਕਾ ਇਹਨਾਂ ਦੀ ਵਿਦਵਤਾ-ਪ੍ਰਣਾਲੀ ਦੀ ਰੀਤ ਅਨੁਸਾਰ ਹੈ ਜਾਂ ਨਹੀਂ ਪਰ ਬਾਕੀ ਦੁਨੀਆ ਏਸ ਨੂੰ ਥੋਥਾ ਨਿਰਾਰਥਕ ਯਤਨ ਹੀ ਜਾਣੇਗੀ। ਇਹਨਾਂ ਦਾ ਤਰਕ ਕਿੰਨਾ ਨਿਰਬਲ ਹੈ ਕੇਵਲ ਏਸ ਤੱਥ ਤੋਂ ਜਾਣਿਆ ਜਾ ਸਕਦਾ ਹੈ ਕਿ ‘ਜੇਲ੍ਹ ਡਾਇਰੀ’ ਦੇ ਮੁੱਖ ਪੰਨੇ ਉੱਤੇ ਭਗਤ ਸਿੰਘ ਦੀ ਕੇਸਾਧਾਰੀ ਤਸਵੀਰ ਛਪੀ ਹੈ। ਭਗਤ ਸਿੰਘ ਦੀ ਅਜਿਹੀ ਤਸਵੀਰ ਉੇਸ ਦੇ ਵਿਚਾਰਾਂ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਸੂਚਕ ਹੈ। ਭਾਈ ਰਣਧੀਰ ਸਿੰਘ ਦੀ ਲਿਖ਼ਤ, ਕਸੂਰ ਦੇ ਗ੍ਰੰਥੀ ਦੇ ਬਿਆਨ, ਸਿੱਖ ਰਹੁ-ਰੀਤ ਅਨੁਸਾਰ ਅੰਤਮ ਸੰਸਕਾਰ ਦੱਸਦੇ ਹਨ ਕਿ ਆਖ਼ਰੀ ਸਮੇਂ ਭਗਤ ਸਿੰਘ ਮਾਰਕਸੀ ਵਿਚਾਰਧਾਰਾ ਦੇ ਛਲਾਵੇ ਤੋਂ ਮੁਕਤ ਹੋ ਚੁੱਕਾ ਸੀ ਅਤੇ ਸਭ ਕਾਸੇ ਉੱਤੇ ਲਕੀਰ ਫੇਰ ਕੇ ਸੁਖਸਾਗਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸਮਾ ਚੁੱਕਿਆ ਸੀ। ਕੀ ਅਜਿਹੇ ਬੰਦੇ ਨੂੰ ਮਹਾਨ ਨਾਸਤਕ ਵਿਚਾਰਵਾਨ ਸਥਾਪਤ ਕਰਨ ਦੀ ਚੇਸ਼ਟਾ ਕਰਨਾ ਵਗਦੇ ਦਰਿਆ ਵਿੱਚ ਰੇਤ ਦਾ ਮਹਿਲ ਉਸਾਰਨ ਬਰਾਬਰ ਤਾਂ ਨਹੀਂ?

ਵੱਡਾ ਵਿਦਵਾਨ ਪ੍ਰਚੱਲਤ ਕਰਨ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਭਗਤ ਸਿੰਘ ਦੀਆਂ ਮੁਕੰਮਲ ਲਿਖਤਾਂ ਨੂੰ ਇਕੱਠਾ ਕਰ ਕੇ ਪ੍ਰਮਾਣਿਤ ਕਰਨਾ। ਇਹ ਦੋ ਕਿਤਾਬਾਂ ਦੀ ਸਮਗਰੀ ਉਸ ਦੇ ਨਾਂਅ ਮੜ੍ਹ ਚੁੱਕੇ ਹਨ। ਅਸਲ ਸਥਿਤੀ ਇਹ ਹੈ ਕਿ ਪੰਜਾਹ ਕੁ ਸਫ਼ਿਆਂ ਤੋਂ ਵੱਧ ਲਿਖਤਾਂ ਨੂੰ ਸੱਚਮੁਚ ਭਗਤ ਸਿੰਘ ਦੀਆਂ ਲਿਖੀਆਂ ਸਾਬਤ ਕਰਨਾ ਅਸੰਭਵ ਹੈ। ਇਹਨਾਂ ਨੂੰ ਰਿੜਕ ਕੇ ਉਸ ਪੱਧਰ ਦੀਆਂ ਸਿਧਾਂਤਕ ਸੇਧਾਂ ਉਹਨਾਂ ਵਿੱਚੋਂ ਪ੍ਰਗਟ ਕਰਨਾ ਜਿਨ੍ਹਾਂ ਦਾ ਭਗਤ ਸਿੰਘ, ਇਹਨਾਂ ਮੁਤਾਬਕ, ਧਾਰਨੀ ਸੀ, ਬੇਹੱਦ ਜ਼ੋਖਮ ਵਾਲਾ ਕੰਮ ਹੈ।

ਏਸ ਤਰਕ ਨੂੰ ਰਤਾ ਕੁ ਹੋਰ ਅਗਾਂਹ ਤੋਰੀਏ! ਆਪਣੀਆਂ ਲਿਖਤਾਂ ਦੇ ਆਧਾਰ ਉੱਤੇ ਸੱਤ ਸਾਲ ਦੀ ਉਮਰ ਤੋਂ ਲੈ ਕੇ ਕੌਲਿਜ ਪੜ੍ਹਨ ਦੇ ਦਿਨਾਂ ਤੱਕ ਭਗਤ ਸਿੰਘ ਜਨੇਊ ਧਾਰੀ ਕੱਟੜ ਆਰੀਆ ਸਮਾਜੀ ਸੀ। ਸਕੂਲ ਪੜ੍ਹਨ ਦੇ ਦਿਨਾਂ ਵਿੱਚ ਕਈ-ਕਈ ਪਾਠ ਗਾਇਤ੍ਰੀ ਮੰਤਰ ਦੇ ਕਰਦਾ ਹੁੰਦਾ ਸੀ। ਉਹ ਆਪ ਵੀ ਲਿਖਦਾ ਹੈ ਕਿ ਪੜ੍ਹਾਈ-ਲਿਖਾਈ ਪੱਖੋਂ ਉਹ ਬਹੁਤਾ ਨਹੀਂ ਸੀ ਜਾਣਿਆ ਜਾਂਦਾ। ਲੈ ਦੇ ਕੇ ਉਸ ਦੇ ਗੰਭੀਰਤਾ ਨਾਲ ਪਠਨ, ਮਨਨ, ਚਿੰਤਨ ਦੇ ਉਹੀ ਦੋ ਸਾਲ ਹਨ ਜੋ ਉਸ ਨੇ ਜੇਲ੍ਹ ਵਿੱਚ ਬਿਤਾਏ। ਅਜਿਹੀਆਂ ਹਾਲਤਾਂ ਵਿੱਚ ਚਿੰਤਨ ਦੀਆਂ ਕਿੰਨੀਆਂ ਕੁ ਮੰਜ਼ਲਾਂ ਇੱਕ ਇਨਸਾਨ ਉਲੰਘ ਸਕਦਾ ਸੀ, ਓਨੀਆਂ ਕੁ ਨਾਲ ਭਗਤ ਸਿੰਘ ਨੂੰ ਕੰਮ ਚਲਾਉਣਾ ਪਵੇਗਾ। ਫ਼ੇਰ ਏਸ ਸਮੇਂ ਵਿੱਚੋਂ ਚਾਰ ਕਿਤਾਬਾਂ ਲਿਖਣ ਦਾ ਸਮਾਂ ਵੀ ਕੱਢਣਾ ਪਵੇਗਾ ਜਿਹੜੀਆਂ ਕਿ ਉਸ ਨੇ ਜੇਲ੍ਹ-ਜੀਵਨ ਦੌਰਾਨ ਲਿਖੀਆਂ ਸਨ ਅਤੇ ਜਿਨ੍ਹਾਂ ਦੇ ਖਰੜੇ 1947 ਦੀ ਮੁਲਕੀ-ਵੰਡ ਸਮੇਂ ਦੇ ਗਦਰ ਦੀ ਭੇਟ ਚੜ੍ਹ ਗਏ ਸਨ। ਜੇਲ੍ਹ ਨੇਮਾਂ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਨਾ ਹੋਣਾ, ਚਾਰ ਮਹੀਨੇ ਦੀ ਭੁੱਖ ਹੜਤਾਲ ਦਾ ਸਮਾਂ, ਅਦਾਲਤਾਂ ਦੀਆਂ ਤਰੀਕਾਂ ਆਦਿ ਦਾ ਸਮਾਂ ਕੱਢ ਕੇ ਬਚਦੇ ਸਮੇਂ ਵਿੱਚ ਹੀ ਜੋ ਅਕਾਦਮਿਕ ਕੁਸ਼ਲਤਾ ਸੰਭਵ ਹੋ ਸਕਦੀ ਹੈ ਓਨੀਂ ਕੁ ਹੀ ਭਗਤ ਸਿੰਘ ਉੱਤੇ ਠੋਸਣੀ ਜਾਇਜ਼ ਹੈ। ਆਖ਼ਰ ਫ਼ੇਰ ਉਸ ਦੇ ਸਿੱਖੀ ਵੱਲ ਮੋੜੇ ਦੇ ਵੱਡੇ ਅੜਿੱਕੇ ਨੂੰ ਉਲੰਘ ਕੇ ਹੀ ਕਿਸੇ ਚੇਤਨਾ ਨੂੰ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਪ੍ਰਚਾਰਨਾ ਇਮਾਨਦਾਰੀ ਹੈ। ਕੀ ਉਸ ਦੇ ਦੋਸਤਾਂ, ਸਮਰਥਕਾਂ ਵਿੱਚ ਏਨਾਂ ਕੰਮ ਕਰਨ ਦਾ ਠਰ੍ਹੰਮਾ, ਸਬਰ-ਸੰਤੋਖ, ਸਮਰੱਥਾ ਅਤੇ ਹਲੀਮੀ ਹੈ? ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਦਾ।

ਭਗਤ ਸਿੰਘ ਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਏਸ ਤੋਂ ਇਲਾਵਾ ਵੀ ਸਹਿਲ ਨਹੀਂ। ਪਹਿਲਾਂ ਪਹਿਲ ਉਹ ਬੈਕਿਊਨਿਨ ਭਗਤ ਨਿਹਲਿਸਟ (ਸਰਵਨਾਸ਼ੀ) ਸਿਆਸੀ ਵਿਚਾਰਧਾਰਾ ਦਾ ਸੀ। 1928 ਤੱਕ ਉਹ ਭਾਰਤ ਨੌਜਵਾਨ ਸਭਾ ਵਿੱਚ ਕੰਮ ਕਰਦਾ ਸੀ ਜਿਸ ਬਾਰੇ ਵਾਇਸਰਾਏ ਇਰਵਿਨ ਦੀ ਟਿੱਪਣੀ ਹੈ ਕਿ ਸਭਾ ਦੀ ਸਿਆਸੀ ਸੋਚ ਇੰਨ-ਬਿੰਨ ਕੌਂਗਰਸ ਨਾਲ ਮਿਲਦੀ ਸੀ। ਵਿਦਿਆਰਥੀ ਸੰਗਠਨ ਨੂੰ ਜੇਲ੍ਹ ਵਿੱਚੋਂ 19, 20 ਅਕਤੂਬਰ 1929 ਨੂੰ ਭੇਜੇ ਸੰਦੇਸ਼, ਜਿਸ ਨੂੰ ਸੁਭਾਸ਼ ਚੰਦਰ ਬੋਸ ਨੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ, ਤੋਂ ਜ਼ਾਹਰ ਹੈ ਕਿ ਉਹ ਅਜੇ ਵੀ ਕੌਂਗਰਸੀ ਵਿਚਾਰਧਾਰਾ ਦੇ ਬਹੁਤ ਨੇੜੇ ਸੀ। ਖਿੱਚ ਧੂਹ ਕੇ, ਵਿੱਚ ਵਿਚਾਲੇ, ਤਕਰੀਬਨ ਸਾਲ ਕੁ ਦਾ ਸਮਾਂ ਹੈ ਜਦੋਂ ਕਿ ਉਸ ਨੂੰ ਮਾਰਕਸੀ ਕ੍ਰਾਂਤੀਕਾਰੀ ਵੀ ਆਖਿਆ ਜਾ ਸਕਦਾ ਹੈ।

ਜੇਲ੍ਹ ਦਾ ਸਾਰਾ ਸਮਾਂ - ਭਾਈ ਰਣਧੀਰ ਸਿੰਘ ਦੀ ਰਿਹਾਈ (ਅਕਤੂਬਰ 4, 1930) ਤੱਕ - ਉਹ ਆਪਣੇ-ਆਪ ਨੂੰ ਮਾਰਕਸੀ ਸੋਸ਼ਲਿਸਟ ਅਖਵਾਉਂਦਾ ਜਾਪਦਾ ਹੈ। ਆਖ਼ਰੀ ਸਮੇਂ ਬਾਰੇ ਆਪਾਂ ਜਾਣਦੇ ਹੀ ਹਾਂ। 23 ਸਾਲ ਕੁਝ ਮਹੀਨੇ ਦੀ ਉਮਰ ਵਿੱਚੋਂ ਆਰੀਆ ਸਮਾਜ ਨੂੰ ਤਿਆਗ ਕੇ ਬਾਕੀ ਸਾਰੀਆਂ ਵਿਚਾਰਧਾਰਾਵਾਂ ਨੂੰ ਪਾਲਣ ਲਈ ਉਸ ਕੋਲ ਕੇਵਲ ਪੰਜ ਕੁ ਸਾਲ ਦਾ ਸਮਾਂ ਸੀ। ਜਾਪਦਾ ਇਹ ਹੈ ਕਿ ਏਸ ਵਿੱਚ ਉਪਰੋਕਤ ਨੂੰ ਛੱਡ ਕੇ ਪਹਿਲੇ ਪੂਰ ਦੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਤਰਜ਼ ਉੱਤੇ ਕੁਝ ਦੇਰ ਉਸ ਨੇ ਭਾਰਤ ਮਾਤਾ ਦੀ ਦੇਵੀ ਰੂਪ ਵਿੱਚ ਪ੍ਰਸਤਿਸ਼ ਵੀ ਕੀਤੀ। ਸ਼ਾਇਦ ਸਾਂਡਰਸ ਦੇ ਕਤਲ ਸਮੇਂ ਇਹ ਵਿਚਾਰ ਉਸ ਦੇ ਮਨ ਵਿੱਚ ਸਭ ਤੋਂ ਪ੍ਰਬਲ ਸੀ; ਅਜਿਹੇ ਸੰਕੇਤ ਮਿਲਦੇ ਹਨ। ਉਸਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਜੇ ਇਮਾਨਦਾਰੀ ਨਾਲ ਤੱਥਾਂ ਦੇ ਆਧਾਰ ਉੱਤੇ ਕਰੀਏ ਤਾਂ ਭਲਾ ਮਾਰਕਸੀਆਂ ਦੇ ਹੱਥ ਭਗਤ ਸਿੰਘ ਦਾ ਕਿੰਨਾ ਕੁ ਹਿੱਸਾ ਆਵੇਗਾ? ਖ਼ੈਰ! ਇਹ ਮਸਲਾ ਸੋਚਣ ਵਾਲਿਆਂ ਦਾ ਹੈ। ਜਿਨ੍ਹਾਂ ਨੇ ਵਿਰੋਧੀ ਕਿਤਾਬਾਂ ਸਾੜ ਕੇ ਬੌਧਿਕ ਨਿਰਣੇ ਕਰਨੇ ਹੋਣ ਉਹਨਾਂ ਨੂੰ ਇਹਨਾਂ ਬਾਰੀਕੀਆਂ ਨਾਲ ਕੀ? ਸੱਚ ਤਾਂ ਇਹ ਹੈ ਕਿ ਸ਼ਾਇਦ ਛੋਟੇ-ਛੋਟੇ ਦੋ, ਤਿੰਨ ਸਮਾਂ-ਖੰਡਾਂ ਨੂੰ ਛੱਡ ਕੇ ਆਪਣੇ ਸਿਆਸੀ ਜੀਵਨ ਦਾ ਬਹੁਤਾ ਹਿੱਸਾ ਭਗਤ ਸਿੰਘ ਕੌਂਗਰਸੀ ਵਿਚਾਰਧਾਰਾ ਦੇ ਸਮਰਥਕ ਰਹੇ। ਕੀ ਸੁਖਦੇਵ ਵੱਲੋਂ ਗਾਂਧੀ ਕੋਲ ਅੰਤਮ ਪੱਤਰ ਰਾਹੀਂ ਪ੍ਰਗਟ ਕੀਤੇ ਗਿਲ਼ੇ ਏਸ ਤੱਥ ਵੱਲ ਇਸ਼ਾਰਾ ਨਹੀਂ ਕਰਦੇ? ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਕਬੂਲਣ ਦੇ ਹੱਕ ਦੇ ਲੇਖ ਵੀ ਹਨ। ਇਸ਼ਾਰੇ ਮਿਲਦੇ ਹਨ ਕਿ ਸ਼ਾਇਦ ਇੱਕ ਵੇਲੇ ਮਨੂੰਸਮ੍ਰਿਤੀ ਵਾਲਾ ਮਨੂੰ ਵੀ ਭਗਤ ਸਿੰਘ ਦਾ ਪ੍ਰੇਰਨਾ-ਸ੍ਰੋਤ ਸੀ। ਕਦੇ ਭਗਤ ਸਿੰਘ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਪ੍ਰਭਾਵਤ ਹੋ ਕੇ ਕਾਲ਼ੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀ ਅਤੇ ਗੁਰਮੁਖੀ ਵੀ ਸਿੱਖੀ ਸੀ। ਸਭ ਕਾਸੇ ਨੂੰ ਵਿਚਾਰਦਿਆਂ ਅਜੇ ਗੰਭੀਰ ਮੁਲਾਂਕਣ ਤੋਂ ਬਿਨਾ ਕਹਿਣਾ ਕਿ ਭਗਤ ਸਿੰਘ ਖੱਬੇ ਪੱਖੀ ਅਗਾਂਹ ਵਧੂ (?) ਨਾਸਤਕ ਲਹਿਰ ਦਾ ਆਗੂ ਸੀ, ਹਵਾਈ ਕਹਾਣੀ ਹੀ ਜਾਪਦੀ ਹੈ - ਘੱਟੋ ਘੱਟ ਤਰਕਸੰਗਤ ਜਾਂ ਨਿਆਂਪੂਰਣ ਤਾਂ ਨਹੀਂ ਜਾਪਦੀ।

ਜੇ ਕੋਈ ਸੋਚਵਾਨ ਤੱਥਾਂ ਦੇ ਆਧਾਰ ਉੱਤੇ ਕੌਂਗਰਸ ਨੂੰ ਭਾਰਤ ਦੀ ਆਜ਼ਾਦੀ ਦਾ ਮੋਢੀ ਨਾ ਮੰਨਦਾ ਹੋਵੇ ਅਤੇ ਸਪਸ਼ਟ ਜਾਣਦਾ ਹੋਵੇ ਕਿ ਇਹ ਜਮਾਤ ਅੰਗ੍ਰੇਜ਼ਾਂ ਦੇ ਝੋਲੀ-ਚੁੱਕਾਂ ਦੀ ਸੀ ਜਿਸ ਦਾ ਅਸਲ ਅੰਤਮ ਮਕਸਦ ਕੇਵਲ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਪੁਰਾਤਨ ਕਬੀਲਿਆਂ ਉੱਤੇ ਹਿੰਦੂ ਸਾਮਰਾਜ ਠੋਸਣਾ ਸੀ ਤਾਂ ਉਹ ਕੌਂਗਰਸੀ ਗੌਰਵ ਵਧਾਉਣ ਪਿੱਛੇ ਕੁਰਬਾਨ ਹੋਏ ਭਗਤ ਸਿੰਘ ਨੂੰ ਕੀ ਸਮਝੇ? ਕਿਸੇ ਵੇਲੇ ਖੱਬੇ ਪੱਖੀਆਂ ਦੀ ਵੀ ਇਹੋ ਵਿਚਾਰਧਾਰਾ ਸੀ ਅਤੇ ਗਾਂਧੀ ਵੱਲੋਂ ਚੌਰਾ-ਚੌਰਾ ਘਟਨਾ ਤੋਂ ਬਾਅਦ ਅੰਦੋਲਨ ਦੀ ਵਾਪਸੀ ਦੇ ਵਿਸ਼ਲੇਸ਼ਣ ਨੂੰ ਉਹ ਗਾਂਧੀ ਦੇ ਅੰਗ੍ਰੇਜ਼ ਪ੍ਰਸਤ ਹੋਣ ਉੱਤੇ ਹੀ ਆਧਾਰਤ ਕਰਦੇ ਸਨ। ਜਲ੍ਹਿਆਂ ਵਾਲੇ ਬਾਗ਼ ਤੋਂ ਬਾਅਦ ਹੜਤਾਲ ਵਾਪਸ ਲਏ ਜਾਣ ਨੂੰ ਵੀ ਕਈ ਚਿੰਤਕਾਂ ਨੇ ਇਵੇਂ ਹੀ ਸਮਝਿਆ ਹੈ। ਅਨੇਕਾਂ ਕਿਤਾਬਾਂ ਏਸ ਵਿਸ਼ੇ ਉੱਤੇ ਹੁਣ ਉਪਲਭਧ ਹਨ ਜਿਨ੍ਹਾਂ ਨੂੰ ਵਾਚ ਕੇ ਉਪਰੋਕਤ ਨਿਰਣੇ ਦੀ ਪ੍ਰੋੜ੍ਹਤਾ ਹੁੰਦੀ ਹੈ। ਏਸੇ ਸੰਦਰਭ ਵਿੱਚ ਹੈ ਸਿਰਦਾਰ ਦੀ ‘ਸਾਚੀ ਸਾਖੀ’ ਜਿਸ ਦਾ ਮੁੱਢਲਾ ਤਰਕ ਉਪਰੋਕਤ ਵਿਚਾਰ ਦੇ ਹੱਕ ਵਿੱਚ ਹੈ।

ਸੱਚ ਤਾਂ ਇਹੋ ਹੈ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਆਖ਼ਰ ਤੱਕ ਕੌਂਗਰਸ ਨਾਲ ਪੱਕੀ-ਪੀਢੀ ਤਰ੍ਹਾਂ ਜੁੜੇ ਹੋਏ ਸਨ। ਮਾਰਚ 5, 1931 ਤੋਂ ਬਾਅਦ (ਫਾਂਸੀ ਲੱਗਣ ਤੋਂ ਕੇਵਲ 17 ਕੁ ਦਿਨ ਪਹਿਲਾਂ) ਹੀ ਸੁਖਦੇਵ ਕੌਂਗਰਸ ਨਾਲੋਂ ਕਤਈ ਨਾਤਾ ਤੋੜਨ ਬਾਰੇ ਸੋਚਦਾ ਹੈ। ਅਜਿਹੀ ਹਾਲਤ ਵਿੱਚ ਮਹਰੂਮ ਘੱਟ ਗਿਣਤੀ ਕੌਮਾਂ ਕਿਵੇਂ ਭਗਤ ਸਿੰਘ ਨੂੰ ਆਪਣੀ ਸਿਮ੍ਰਤੀ ਵਿੱਚ ਲੋਕਾਂ ਦਾ ਮਸੀਹਾ ਤਸੱਵਰ ਕਰਨ? ਫ਼ੇਰ ਸੱਚ ਇਹ ਵੀ ਹੈ ਕਿ ਤਕਰੀਬਨ ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦਾ ਬਿੰਬ ਸਿੱਖ ਰਹਿਤ-ਮਰਿਯਾਦਾ, ਪੰਜਾਬੀ ਬੋਲੀ ਦੇ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ।

ਪਰਿਵਾਰ ਦੇ ਚੰਦ ਮੈਂਬਰਾਂ ਨੂੰ ਲਿਖੀਆਂ ਚਿੱਠੀਆਂ ਨੂੰ ਛੱਡ ਕੇ, ‘ਲਿਖਤਾਂ’ ਵਿੱਚ ਭਗਤ ਸਿੰਘ ਉੱਤੇ ਠੋਸਿਆ ਸ੍ਰੀ ਭੀਮ ਸੈਨ ਵਿਦਿਆਲੰਕਾਰ ਦਾ ‘ਪੰਜਾਬ ਦੀ ਭਾਸ਼ਾ ਅਤੇ ਲਿਪੀ ਦੇ ਮਜ਼ਬੂਨ ਸਬੰਧੀ ਮਸਲੇ’ ਵਾਲਾ ਸਭ ਤੋਂ ਪਹਿਲਾਂ ਛਪਿਆ ਲੇਖ ਹੈ। ਇਹ ਲੇਖ 1933 ਵਿੱਚ, ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਦੋ ਸਾਲ ਬਾਅਦ, ਪ੍ਰਗਟ ਕੀਤਾ ਗਿਆ ਹੈ। ਏਸ ਵਿੱਚ ਮਿਸਲ ਕਾਲ ਵੱਲ ਇਸ਼ਾਰਾ ਕਰਦਿਆਂ, ਰਵਿੰਦਰਨਾਥ ਟੈਗੋਰ ਦੇ 1911 ਵਾਲੇ ਲੇਖ ਦੀ ਤਰਜ਼ ਉੱਤੇ, ਸਿੱਖ ਸੰਪਰਦਾ ਨੂੰ ਇੱਕ ਅਰਾਜਕਤਾ ਦਾ ਸਮੂਹ”ਕਰਾਰ ਦਿੱਤਾ ਗਿਆ ਹੈ। ਰਾਜਨੀਤਕ ਤੌਰ ਉੱਤੇ ਏਸ ਮਿਸਲ ਦੇ ਸਮੇਂ ਦੀ ਕੁੱਖ ਵਿੱਚੋਂ ਹੀ ਪੰਜਾਬ ਦੇ ਇਤਿਹਾਸ ਦਾ ਗੌਰਵ, ਖ਼ਾਲਸਾ ਰਾਜ ਨਿਕਲਿਆ ਸੀ। ਗੁਰੂ ਨਾਨਕ ਹਜ਼ੂਰ ਦੇ ਮਹਾਂਵਾਕ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ’’” ਅਤੇ ਕਬੀਰ ਜੀ ਦੇ ‘‘ਸੂਰਾ ਸੋ ਪਹਿਚਾਨੀਐ’’” ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਲਿਖਿਆ ਹੈ। ਤਉ”ਦੀ ਥਾਂ ਤੋਹੇ”ਆਦਿ ਵਰਤੇ ਲਫ਼ਜ਼ ਦੱਸਦੇ ਹਨ ਕਿ ਲੇਖਕ ਸਿੱਖ ਮਾਨਸਿਕਤਾ ਤੋਂ ਕੋਹਾਂ ਦੂਰ ਹੈ। ਸਿੱਖਾਂ ਉੱਤੇ ਪੰਜਾਬੀ ਨੂੰ ਮਜ਼ਹਬੀ ਭਾਸ਼ਾ ਬਣਾ ਕੇ ਉਸ ਨਾਲ ਚਿਪਕ ਜਾਣ”ਦਾ ਇਲਜ਼ਾਮ ਲਾਇਆ ਗਿਆ ਹੈ ਅਤੇ ਹਿੰਦੀ ਤੋਂ ਘਿਰਣਾ ਕਰਦਿਆਂ ਦਰਸਾਇਆ ਹੈ। ਮੁਸਲਮਾਨ ਨੂੰ ਅੱਜ ਦੀ ਰਾਸ਼ਟ੍ਰੀਯ ਸਵੱਯਮ ਸੇਵਕ ਸੰਘ ਦੀ ਤਰਜ਼ ਉੱਤੇ ਭਾਰਤੀ ਬਣ ਜਾਣ”ਦੀ ਪ੍ਰੇਰਨਾ ਕੀਤੀ ਗਈ ਹੈ। ਪੰਜਾਬੀ ਸਾਹਿਤਕ ਭਾਸ਼ਾ ਨਹੀਂ,.... ਨਾ ਹੀ ਵਿਗਿਆਨਕ ਹੀ, .... ਲਿੱਪੀ ਦੀ ਅਪੂਰਨਤਾ,.... ਜੁੜਵੇਂ ਅੱਖਰਾਂ ਦੀ ਘਾਟ, ਹਲੰਤ ਨ ਲਿਖ ਸਕਣ”ਦੀਆਂ ਥੋਥੀਆਂ ਪੰਜਾਬੀ-ਵਿਰੋਧੀ ਦਲੀਲਾਂ ਨੂੰ ਪ੍ਰਚਾਰਿਆ ਗਿਆ ਹੈ ਅਤੇ ਨਿਰਣਾ ਕੀਤਾ ਗਿਆ ਹੈ ਕਿ ਪੰਜਾਬੀ ਵਿੱਚ ਪੂਰਣ ਸ਼ਬਦ ਵੀ ਨਹੀਂ ਲਿਖਿਆ ਜਾ ਸਕਦਾ; ਇਹ ਲਿਪੀ ਤਾਂ ਉਰਦੂ ਤੋਂ ਵੀ ਵੱਧ ਅਪੂਰਣ ਹੈ। ... ਗੁਰਮੁਖੀ ਲਿਪੀ ਤਾਂ ਹਿੰਦੀ ਅੱਖਰਾਂ ਦਾ ਹੀ ਵਿਗੜਿਆ ਹੋਇਆ ਰੂਪ ਹੈ”ਆਦਿ ਧਾਰਨਾਵਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਵਰਤੋਂ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਦੋ ਦਹਾਕੇ ਹੁੰਦੀ ਰਹੀ। ਭਗਤ ਸਿੰਘ ਨੂੰ ਪੰਜਾਬੀ ਬੋਲੀ ਦੇ ਵਿਰੁੱਧ ਏਸ ਤਰ੍ਹਾਂ ਵਰਤਿਆ ਗਿਆ ਹੈ। ਅੱਜ ਅਸੀਂ ਜਾਣਦੇ ਹਾਂ ਕਿ ਇਹ ਬੇ-ਸਿਰ-ਪੈਰ ਤਰਕ ਹਨ।

ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਨੂੰ ਲਿਖਤਾਂ”ਦੀ ਜਿਲਦ ਉੱਤੇ ਵਰਤਿਆ ਗਿਆ ਹੈ ਅਤੇ ਆਮ ਤਸਵੀਰਾਂ, ਮੂਰਤੀਆਂ ਵਿੱਚ ਵਰਤਿਆ ਜਾਂਦਾ ਹੈ। ਏਸ ਗੱਲ ਦੇ ਸੰਕੇਤ ਹਨ ਕਿ ਸੁਖਦੇਵ ਨੇ ਵੀ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਦਾੜ੍ਹੀ ਕੇਸ ਰੱਖ ਲਏ ਸਨ ਪਰ ਪਤਾ ਨਹੀਂ ਕੀ ਸਬੱਬ ਹੈ ਕਿ ਪਿਛਲੇ 70 ਸਾਲਾਂ ਵਿੱਚ, ਪੂਰੇ ਹਿੰਦੋਸਤਾਨ ਵਿੱਚ, ਤੁਸੀਂ ਸੁਖਦੇਵ ਦੀ ਇੱਕ ਵੀ ਮੂਰਤੀ ਜਾਂ ਤਸਵੀਰ ਏਸ ਵੇਸ ਵਿੱਚ ਨਹੀਂ ਵੇਖ ਸਕਦੇ। ਭਗਤ ਸਿੰਘ ਦੀ ਪ੍ਰਤੱਖ ਆਖ਼ਰੀ ਕੇਸਾਧਾਰੀ ਤਸਵੀਰ ਨੂੰ ਏਨਾਂ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਹ ਪਹਿਲੀ ਗ੍ਰਿਫ਼ਤਾਰੀ ਵੇਲੇ ਦੀ ਹੈ ਅਤੇ ਫ਼ਲਾਂ ਕੋਲ ਅਸਲ ਹੈ। ਪਹਿਲੀ ਵਾਰ ਭਗਤ ਸਿੰਘ ਨੂੰ ਦੁਸਹਿਰੇ ਦੇ ਮੇਲੇ ਵਿੱਚ ਬੰਬ ਸੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਨਾ ਤਾਂ ਏਨਾਂ ਮਸ਼ਹੂਰ ਸੀ, ਨਾ ਹੀ ਇਹ ਕਾਰਵਾਈ ਏਨੀਂ ਚੰਗੀ ਸੀ ਕਿ ਕੋਈ ਸੀ.ਆਈ. ਡੀ. ਦਾ ਇੰਸਪੈਕਟਰ ਉਸ ਨਾਲ ਫ਼ੋਟੋ ਖਿਚਵਾਉਣ ਵਿੱਚ ਮਾਣ ਮਹਿਸੂਸ ਕਰਦਾ। ਜੇ ਅਜਿਹੀ ਗੱਲ ਸੀ ਤਾਂ ‘ਅਸਲ’ ਤਸਵੀਰ ਮੁਕਾਬਲੇ ਵਿੱਚ ਛਾਪੀ ਜਾ ਸਕਦੀ ਸੀ ਲੇਕਿਨ ਨਹੀਂ ਛਾਪੀ ਗਈ। ਏਸ ਤਸਵੀਰ ਵਿੱਚ ਭਗਤ ਸਿੰਘ ਦੇ ਸਿਰ ਉੱਤੇ ਛੇ-ਛੇ ਇੰਚ ਲੰਬੇ ਕੇਸ ਸਪਸ਼ਟ ਦਿੱਸਦੇ ਹਨ ਅਤੇ ਅੰਤਮ ਅਰਦਾਸ ਕਰਨ ਵਾਲੇ ਗ੍ਰੰਥੀ ਸਿੰਘ ਦੇ ਬਿਆਨ ਦੀ ਪ੍ਰੋੜ੍ਹਤਾ ਕਰਦੇ ਹਨ।

ਪੰਦਰਾਂ-ਵੀਹ ਸਾਲ ਪਹਿਲਾਂ ਉਸ ਦੇ ਅੰਮ੍ਰਿਤ ਅਭਿਲਾਸ਼ੀ ਹੋਣ ਦੇ ਮਸਲੇ ਨੂੰ ਲੈ ਕੇ ਭਾਈ ਰਣਧੀਰ ਸਿੰਘ ਨੂੰ ਭੰਡਣ ਦੀ ਚੇਸ਼ਟਾ ਖੱਬੇ ਪੱਖੀਆਂ ਵੱਲੋਂ ਹੋਈ। ਇਹ ਵੀ ਨਾ ਵਿਚਾਰਿਆ ਗਿਆ ਕਿ ਭਾਈ ਸਾਹਿਬ ਇਨਕਲਾਬੀ ਕਾਰਨਾਮਿਆਂ ਪੱਖੋਂ ਅਤੇ ਪੰਜਾਬ ਵਿੱਚ ਮਾਣ-ਸਤਿਕਾਰ ਪਾਉਣ ਵਿੱਚ ਭਗਤ ਸਿੰਘ ਨਾਲੋਂ ਕਿਤੇ ਵੱਧ ਅਹਿਮ ਹਸਤੀ ਹਨ। ਉਹਨਾਂ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਅਨੇਕਾਂ ਸਿੰਘ, ਸਿੰਘਣੀਆਂ ਪੰਜਾਬ ਦੀ ਅਸਲ ਆਜ਼ਾਦੀ ਦੀ ਲੜਾਈ ਵਿੱਚ ਅਜੇ ਵੀ ਰੱਤ ਹਨ। ਭਾਈ ਫ਼ੌਜਾ ਸਿੰਘ ਵਰਗੇ ਆਪਾ ਵਾਰੂ, ਪਰਉਪਕਾਰੀ, ਨਿਰਭੈ ਸਿੱਖ ਜੋ ਕਿ ਕਈ ਕ੍ਰਾਂਤੀਕਾਰੀਆਂ ਨਾਲੋਂ ਕਈ ਹੱਥ ਉੱਚਾ ਰੂਹਾਨੀ ਤੇ ਸਮਾਜੀ ਰੁਤਬਾ ਰੱਖਦੇ ਹਨ, ਭਾਈ ਰਣਧੀਰ ਸਿੰਘ ਦੇ ਸੇਵਕ ਆਪਣੇ-ਆਪ ਨੂੰ ਅਖਵਾਉਂਦੇ ਸਨ। ਖ਼ੈਰ! ਚੰਗਾ ਹੋਇਆ ਕਿ ਕੁਝ ਸਿਆਣਿਆਂ ਵਾਜਬ ਜਵਾਬ ਦੇ ਕੇ ਏਸ ਸ਼ੋਰੋ-ਗੁੱਲ ਨੂੰ ਠੱਲ੍ਹ ਪਾਈ।

ਖੱਬੇ ਪੱਖੀਆਂ ਵੱਲੋਂ ਆਮ ਤੌਰ ਉੱਤੇ ਪੰਜਾਬ ਦੇ ਸਿੱਖ ਵਿਰਸੇ ਨੂੰ, ਇੱਕ ਕੱਲ੍ਹ ਨਵੇਂ ਉੱਠੇ ਅਤੇ ਅੱਜ ਹਰ ਪੱਖੋਂ ਅਤੀਤ ਦਾ ਖੰਡਰ ਬਣ ਚੁੱਕੇ, ਲਾਲ ਇਨਕਲਾਬ ਦੀ ਭੇਟਾ ਚਾੜ੍ਹਨ ਦਾ ਨਿਰੰਤਰ ਯਤਨ ਤਾਂ ਵੱਖਰੇ ਅਧਿਐਨ ਦਾ ਅਧਿਕਾਰੀ ਹੈ। ਕਿਸੇ ਹੋਰ ਸੂਬੇ ਦੇ ਲੋਕਾਂ ਆਪਣੇ ਵਿਰਸੇ ਨੂੰ ਸੋਸ਼ਲਿਜ਼ਮ, ਮਾਰਕਸਇਜ਼ਮ ਦੇ ਨਾਂਅ ਉੱਤੇ ਆਂਚ ਨਹੀਂ ਆਉਣ ਦਿੱਤੀ ਪਰ ਸਾਡੇ ਕੁਝ ਪੰਜਾਬੀਆਂ ਅਗਾਂਹ ਵਧ-ਵਧ ਕੇ ਸਿੱਖ ਵਿਰਸੇ ਦੇ ਬਿਹਤਰੀਨ ਪੱਖਾਂ ਦੀ ਆਹੂਤੀ ਮਾਰਕਸ ਦੇ ਹਵਨ-ਕੁੰਡ ਵਿੱਚ ਪਾਈ। ਇਹ ਲੋਕ ਇਹ ਵੀ ਨਾ ਸਮਝ ਸਕੇ ਕਿ ਏਸ ਪੁਰਾਤਨ ਧਰਤੀ ਦੇ ਨਵੇਂ-ਨਰੋਏ ਵਿਚਾਰਾਂ ਨੂੰ ਨਸ਼ਟ ਕਰ ਕੇ ਤਾਂ ਏਥੇ ਉਹੋ ਕੋਝ ਰਹਿ ਜਾਏਗਾ ਜਿਸ ਨੂੰ ਪੰਜਾਬ ਦੇ ਲੋਕਾਂ ਸਦੀਆਂ ਤੱਕ ਜਿਗਰ ਦਾ ਖ਼ੂਨ ਪਾ ਕੇ ਨਵਿਆਇਆ ਸੀ। ਅੰਤ ਇਹਨਾਂ ਦੀ ਮਿਹਰ ਨਾਲ ਪੰਜਾਬ, ਕਈ ਸਦੀਆਂ ਬਾਅਦ, ਹਿੰਦੁਸਤਾਨ ਦਾ ਬੌਧਿਕ ਰੇਗਿਸਤਾਨ ਹੋ ਨਿੱਬੜਿਆ ਜਿਸ ਦੇ ਪੁਰਾਣੇ ਰੁੱਖ ਇਹਨਾਂ ਬੇਕਿਰਕ ਹੋ ਕੇ ਛਾਂਗ ਦਿੱਤੇ ਅਤੇ ਨਵੀਆਂ ਬੂਈਆਂ, ਜੋ ਇਹ ਬੀਜਣਾ ਚਾਹੁੰਦੇ ਸਨ, ਏਸ ਧਰਤੀ ਨੇ ਨਾ ਕਬੂਲੀਆਂ। ਨਤੀਜੇ ਵਜੋਂ ਪਿਛਲੇ ਪੰਜਾਹ ਸਾਲਾਂ ਵਿੱਚ ਸਿਰ੍ਹੜੀ ਪੰਜਾਬੀਆਂ ਨੂੰ ਲੋਕ-ਪੱਖੀ ਯੁੱਧ ਨੰਗੇ ਧੜ ਹੀ ਲੜਨੇ ਪਏ। ਇਹ ਚਿੰਤਕ ਨਾ ਅੱਗੇ ਲੱਗ ਸਕੇ ਨਾ ਪਿੱਛੇ; ਜਦੋਂ ਕਦੇ ਡੂੰਘੀ ਨਜ਼ਰ ਵੇਖੇ ਗਏ, ਦੁਸ਼ਮਣ ਦੀਆਂ ਧਾੜਾਂ ਵਿੱਚ ਖੜ੍ਹੇ ਹੀ ਵਿਖਾਈ ਦਿੱਤੇ। ਤਰਕ ਇਹਨਾਂ ਕਈ ਘੜੇ, ਨਿੱਤ ਨਵੇਂ ਸੂਰਜ ਘੜੇ - ‘‘ਅਗਦੁ ਪੜੈ ਸੈਤਾਨੁ ਵੇ ਲਾਲੋ’’ - ਪਰ ਇਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਨਾ ਜੂਝੇ। ‘‘ਕਚਾ ਰੰਗੁ ਕਸੁੰਭ ਕਾ ਥੋਥੜਿਆ ਦਿਨ ਚਾਰਿ’’”ਦੇ ਲੜ ਹੀ ਲੱਗੇ ਰਹੇ।

ਭਗਤ ਸਿੰਘ ਦੇ ਪਰਿਵਾਰ ਦੇ ਇੱਕ ਸਭ ਤੋਂ ਬੜਬੋਲੇ ਸਦੱਸਯ ਦਾ ਐਲਾਨ ਸੀ ਕਿ ਸਿਰਦਾਰ ਕਪੂਰ ਸਿੰਘ ਨੂੰ ਆਈ. ਸੀ. ਐਸ. ਤੋਂ ਡਿਸਮਿਸ ਕਰਵਾਉਣ ਵਿੱਚ ਵੀ ਏਸੇ ਪ੍ਰਵਾਰ ਦਾ ਹੱਥ ਸੀ। ਇਉਂ ਹੋਣਾ ਵੀ ਚਾਹੀਦਾ ਸੀ। ਸਿੱਖ ਹਿਤਾਂ, ਸਿੱਖੀ, ਪੰਜਾਬ, ਪੰਜਾਬੀ ਵਿਰੋਧੀ ਜੋ ਵੀ ਹਨੇਰੀ ਪਿਛਲੇ ਸੱਤਰ ਕੁ ਸਾਲਾਂ ਵਿੱਚ ਉੁੱਠੀ ਹੈ, ਏਸੇ ਕੁਲਹਿਣੇ ਟਿੱਬੇ ਤੋਂ ਹੀ ਉੱਠੀ ਹੈ। ਸਿਰਦਾਰ ਬਾਰੇ ਵਾਕਫ਼ੀਅਤ ਰੱਖਦੇ ਲੋਕ ਜਾਣਦੇ ਹਨ ਕਿ ਉਹ ਸਦਾ ਰਹਿਣਾ ਧਰੁੰਦਰ ਵਿਦਵਾਨ ਹੈ। ਉਹ ਅਜੋਕੇ ਸਮੇਂ ਵਿੱਚ ਸਿੱਖੀ ਅਤੇ ਪੰਜਾਬੀ ਪ੍ਰੰਪਰਾਵਾਂ ਦਾ ਸਭ ਤੋਂ ਮਜ਼ਬੂਤ ਥੰਮ੍ਹ ਹੈ। ਬਿਨਾਂ ਇੱਕ ਪਲ਼ ਆਰਾਮ ਕੀਤੇ ਉਹ ਪੂਰੀ ਸਿਦਕਦਿਲ਼ੀ ਨਾਲ ਪੰਜਾਬ ਦੇ ਹੱਕਾਂ, ਜਿਨ੍ਹਾਂ ਨੂੰ ਉਹ ਕਦੇ ਵੀ ਦੇਸ਼-ਹਿਤ ਵਿਰੁੱਧ ਨਹੀਂ ਸੀ ਸਮਝਦਾ, ਲਈ ਜੂਝਦਾ ਰਿਹਾ। ਵਿਦਵਤਾ ਪੱਖੋਂ, ਸਿਦਕ ਪੱਖੋਂ, ਭਵਿੱਖ ਦਰਸ਼ਨ ਦੀ ਕਾਬਲੀਅਤ ਪੱਖੋਂ ਇਹਨਾਂ ਦੇ ਸਾਰੇ ਟੋਲੇ ਦੀਆਂ ਲਿਖਤਾਂ, ਉਸ ਸਿਰਦਾਰ ਦੇ ਇੱਕ ਲੇਖ ਦੀਆਂ ਵੀ ਪਾਸਕੂ ਨਹੀਂ। ਕਦੇ ਤੋਲਣ, ਪਰਖਣ ਦੀ ਜਾਚ ਸਿੱਖਣ ਤਾਂ ਜਾਣਨ। ਪਰ ਫ਼ੇਰ ਵੀ ਸਿਰਦਾਰ ਦੀਆਂ ਲਿਖਤਾਂ, ਕੋਰਟ-ਕਚਿਹਰੀਆਂ ਦੇ ਦਸਤਾਵੇਜ਼ਾਂ, ਜ਼ਮਾਨੇ ਦੇ ਰੌਂਅ ਵਿੱਚੋਂ ਸਿਰਦਾਰ ਨਾਲ ਹੋਏ ਧੱਕੇ ਦੀ ਜੋ ਗੂੰਜ ਪੈਂਦੀ ਹੈ ਉਸ ਵਿੱਚ ਇਹਨਾਂ ਦੀ ਤੂਤੀ ਦੀ ਸੁਰ ਨਹੀਂ ਸੁਣਦੀ।

ਸਿਰਦਾਰ ਕੌਣ ਵਿਚਾਰਾ ਸੀ, ਇਹਨਾਂ ਤਾਂ ਅਸਮਾਨ ਨੂੰ ਵੀ ਪਉੜੀਆਂ ਲਾਈਆਂ। ਇਹਨਾਂ ਕਦੇ ਨਾ ਸੋਚਿਆ ਕਿ ਨਵੇਂ ਉੱਭਰ ਰਹੇ ਸਾਮਰਾਜ ਦੀ ਉਸਾਰੀ ਹਿਤ ਇੱਕ ਨਿਰਦੋਸ਼ ਦੇ ਗ਼ਲਤ ਕਾਰਣਾਂ ਕਾਰਣ ਕੀਤੇ ਕਤਲ ਦੀ ਝੂਠੀ ਜ਼ਿੰਮੇਵਾਰੀ ਲੈਣ ਨਾਲ ਕੋਈ ਸ਼ਹੀਦ ਨਹੀਂ ਅਖਵਾ ਸਕਦਾ। ਇਹਨਾਂ ਤਾਂ ਗੁਰੂ ਅਰਜਨ ਹਜ਼ੂਰ ਦੀ ਸ਼ਾਨ ਵਿੱਚ ਗੁਸਤਾਖੀ ਕਰਦਿਆਂ ‘ਸ਼ਹੀਦਾਂ ਦੇ ਸਿਰਤਾਜ’ ਲਫ਼ਜ਼ਾਂ ਦਾ ਉਰਦੂ ਅਨੁਵਾਦ ਹੀ ਭਗਤ ਸਿੰਘ ਦੇ ਨਾਂਅ ਨਾਲ ਜੋੜ ਦਿੱਤਾ। ਇੱਕ ਨਵੀਂ ਸੱਭਿਅਤਾ ਨੂੰ ਜਨਮ ਦੇਣ ਵਾਲੇ, ਜੁੱਗੋ ਜੁੱਗ ਅਟੱਲ ਗੁਰੂ ਗ੍ਰੰਥ ਦੀ ਸਿਰਜਨਾ ਕਰਨ ਵਾਲੇ, ਗੁਰਬਾਣੀ ਦੇ ਜਹਾਜ਼, ਧਰਮ-ਰੱਖਿਅਕ, ਬ੍ਰਹਮ ਗਿਆਨੀ ਪ੍ਰਤੱਖ ਹਰਿ ਸਤਿਗੁਰੂ ਦਾ ਲਕਬ ਅਖ਼ਤਿਆਰ ਕਰਦਿਆਂ ਇਹਨਾਂ ਜ਼ਰਾ ਸੰਗ ਨਾ ਕੀਤੀ। ਇਹ ਤਾਂ ਇਹਨਾਂ ਨੂੰ ਕੀ ਪਤਾ ਹੋਣਾ ਸੀ ਕਿ ਸ਼ਹਾਦਤ ਇੱਕ ਪ੍ਰੰਪਰਾ ਹੁੰਦੀ ਹੈ ਜਿਹੜੀ ਕਿ ਖ਼ਾਸ ਦਾਰਸ਼ਨਿਕ ਪ੍ਰਬੰਧ ਵਿੱਚ ਹੀ ਪ੍ਰਜ੍ਵੱਲਤ ਹੁੰਦੀ ਹੈ। ਇਹ ਵੀ ਇਹਨਾਂ ਕੀ ਜਾਣਨਾ ਸੀ ਕਿ ਇਹ ਪ੍ਰੰਪਰਾ ਕੇਵਲ ਇਸਾਈ ਮਤ, ਇਸਲਾਮ ਅਤੇ ਸਿੱਖ-ਧਰਮ-ਇਤਿਹਾਸ ਵਿੱਚ ਹੀ ਪਾਈ ਜਾਂਦੀ ਹੈ। ਪਾਠਕ ਖ਼ੁਦ ਮੁਲਾਂਕਣ ਕਰ ਲੈਣ ਕਿ ਸਿੱਖ ਧਾਰਮਕ ਅਕੀਦਿਆਂ ਉੱਤੇ ਸਿੱਖ ਧਰਮ ਦੀ ਸ਼ਬਦਾਬਲੀ ਵਰਤ ਕੇ ਮਾਰੇ ਜਾ ਰਹੇ ਡਾਕੇ ਆਖ਼ਰ ਕਿਸ ਪ੍ਰਸਤਾਵ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਇਹਨਾਂ ਕਾਰਵਾਈਆਂ ਨੂੰ ਜ਼ਮਾਨੇ ਦੀ ਰੌਂਅ ਬਣਾਉਣਾ ਲੋਚਦੇ ਭਵਿੱਖ ਦੇ ਕੀ-ਕੀ ਸੁਪਨੇ ਆਪਣੇ ਕਾਲੇ ਮਨਾਂ ਵਿੱਚ ਵਸਾਈ ਬੈਠੇ ਹਨ। ਲੱਭਣ ਵਾਲੇ ਨੂੰ ਸਿਰਦਾਰ ਦੀ ਜ਼ਾਤ ਉੱਤੇ ਹਮਲਿਆਂ ਅਤੇ ‘ਸਾਚੀ ਸਾਖੀ’ ਨੂੰ ਸਾੜਨ ਦੀਆਂ ਘਟਨਾਵਾਂ ਵਿੱਚੋਂ ਕਈ ਰਮਜ਼ਾਂ ਮਿਲ ਜਾਣਗੀਆਂ। ਭਗਤ ਸਿੰਘ ਬਾਰੇ ਉਸ ਦੇ ਕੁਝ ਹੋਰ ਸਮਕਾਲੀਆਂ ਦੀਆਂ ਟਿੱਪਣੀਆਂ ਵੀ ਪ੍ਰਾਪਤ ਹਨ। ਇਹਨਾਂ ਤੋਂ ਸਪਸ਼ਟ ਹੈ ਕਿ ਸਭ ਤੋਂ ਭ੍ਰਾਤਰੀਭਾਵਪੂਰਣ ਅਤੇ ਸੁਹਿਰਦ ਟਿੱਪਣੀਆਂ ਸਿਰਦਾਰ ਦੀਆਂ ਹੀ ਹਨ। ਸਿਰਦਾਰ ਦੀ ਕਈ ਸਾਲ ਪਹਿਲਾਂ ਲਿਖੀ ਪੁਸਤਕ ਨੂੰ ਸਾੜਨ ਵਾਲਿਆਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਦੇ ਨਫ਼ਰਤ ਨਾਲ ਨੱਕੋ-ਨੱਕ ਭਰੇ ਅਤੇ ਈਰਖਾ ਨਾਲ ਚੋਂਦੇ ਲਫ਼ਜ਼ ਕਦੇ ਦਿੱਸੇ ਹੀ ਨਹੀਂ? ਏ. ਜੀ. ਨੂਰਾਨੀ ਦੀ ਕਿਤਾਬ ਦੇ ਅੰਸ਼ਾਂ ਤੋਂ ਸਪਸ਼ਟ ਹੈ ਕਿ ਗਾਂਧੀ ਦੇ ਅਸ਼ੀਰਵਾਦ, ਚੜ੍ਹ ਜਾ ਬੇਟਾ ਸੂਲੀ ਭਲੀ ਕਰੇਂਗੇ ਰਾਮ, ਨੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਤਖ਼ਤੇ ਦੇ ਨੇੜੇ ਧੱਕਿਆ ਸੀ। ਹੁਣ ਫੇਰ ਉਸ ਨਾਲ ਕੀ ਕਰੋਗੇ?

ਉਪਰੋਕਤ ਸੰਦਰਭ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੀ ਕਮੀਨੀ ਹਰਕਤ ਜਿਸ ਨੇ ਕਿ ਆਪਣੇ ਸਿਆਸੀ ਪ੍ਰਚਾਰ ਇਸ਼ਤਿਹਾਰ ਵਿੱਚ ਸਾਹਿਬ ਦਸਵੇਂ ਪਾਤਸ਼ਾਹ ਹਜ਼ੂਰ ਦੀ ਸ਼ਾਨ ਵਿੱਚ ਗੁਸਤਾਖੀ ਕੀਤੀ। ਏਸ ਵਿੱਚ ਹੀ ਭਗਤ ਸਿੰਘ ਦੇ ਪ੍ਰਚੱਲਤ ਬਿੰਬ ਦੀ ਵਰਤੋਂ ਕੀਤੀ ਗਈ। ਆਖ਼ਰ ਆਈਏ ਭਗਤ ਸਿੰਘ ਦੇ ਧਾਰਮਕ ਅਕੀਦਿਆਂ ਤੱਕ।

ਲੈ ਦੇ ਕੇ ਸਾਰੀ ਗੱਲ ਦਾ ਨਿਰਣਾ ਹੋ ਸਕਦਾ ਹੈ ਭਗਤ ਸਿੰਘ ਦੇ ਧਾਰਮਕ ਅਕੀਦਿਆਂ ਦੇ ਨਿਰੂਪਣ ਨਾਲ ਅਤੇ ਇਹਨਾਂ ਨੂੰ ਸਹਿਜੇ ਜਾਣਨਾ ਅਸੰਭਵ ਬਣਾ ਦਿੱਤਾ ਹੈ ਉਹਨਾਂ ਲੇਖਕਾਂ ਨੇ ਜਿਨ੍ਹਾਂ ਨੇ ਉਸ ਨੂੰ ਵਿਦਵਾਨ ਅਤੇ ਸੋਸ਼ਲਿਸਟ ਥਾਪਣ ਲਈ ਦੁਨੀਆਂ ਭਰ ਦੇ ਗੁੰਮਨਾਮ ਲਿਖੇ ਲੇਖ ਉਸ ਦੇ ਨਾਂਅ ਨਾਲ ਨੱਥੀ ਕਰ ਦਿੱਤੇ ਹਨ। ਇਹਨਾਂ ਸਾਰਿਆਂ ਦਾ ਡੂੰਘਾ ਵਿਸ਼ਲੇਸ਼ਣ ਤਿਆਰ ਹੈ ਪਰ ਏਥੇ ਕੇਵਲ ਉਸ ਦਾ ਸਾਰੰਸ਼ ਹੀ ਦਿੱਤਾ ਗਿਆ ਹੈ। ਜਿੰਨੀ ਲਾਪਰਵਾਹੀ ਨਾਲ ਉਸ ਦੀਆਂ ਲਿਖਤਾਂ ਦੀ ਸੰਪਾਦਨਾ ਹੋਈ ਹੈ, ਏਨੀਂ ਲਾਪਰਵਾਹੀ ਲਈ ਤਾਂ ਕਈਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜਾਇਜ਼ ਹੈ। ਕੇਵਲ ਚਾਰ ਕੁ ਸੌ ਸਫ਼ਿਆਂ ਦੀ ਛੋਟੀ ਜਿਹੀ ਕਿਤਾਬ ਵਿੱਚ ਤੁਸੀਂ ਇੱਕ ਤੋਂ ਵੱਧ ਵਾਰ ਇਹ ਲਿਖਿਆ ਪਾਉਗੇ ਕਿ ‘ਇਹ ਲੇਖ ਫ਼ਲਾਨੇ ਦਾ ਲਿਖਿਆ ਹੋ ਸਕਦਾ ਹੈ’। ਅਨੇਕਾਂ ਲੇਖ ਐਸੇ ਹਨ ਜਿਨ੍ਹਾਂ ਦੇ ਲੇਖਕਾਂ ਵੱਲ ਗੁੱਝੀਆਂ ਸੈਨਤਾਂ ਮਾਰ ਕੇ ਇਸ਼ਾਰੇ ਦਾ ਬੋਝ ਭਗਤ ਸਿੰਘ ਦੇ ਪੱਲੜੇ ਵਿੱਚ ਟਿਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਕੇਵਲ ਕੂਕਿਆਂ ਵਾਲੇ ਦੋ ਲੇਖਾਂ ਨੂੰ ਲੈ ਕੇ ਸਹਿਜੇ ਹੀ ਸਾਬਤ ਕੀਤਾ ਜਾ ਸਕਦਾ ਹੈ ਕਿ ਦੋ ਵੱਖੋ ਵੱਖਰੇ ਵਿਅਕਤੀਆਂ ਵੱਲੋਂ ਲਿਖੇ ਗਏ ਹਨ। ਯਕੀਨਨ ਇਹਨਾਂ ਵਿੱਚੋਂ ਇੱਕ ਭਗਤ ਸਿੰਘ ਨਹੀਂ ਸੀ।

ਕਈ ਲੇਖਾਂ ਵਿੱਚ ਅਹਿਮ ਗੱਲਾਂ ਕਹੀਆਂ ਗਈਆਂ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਲੇਖ ਕਿਵੇਂ ਪ੍ਰਾਪਤ ਹੋਏ। ਦਸਤਾਵੇਜ਼ਾਂ ਦੇ ਮੁਲਾਂਕਣ ਲਈ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੁੰਦੀ ਹੈ ਕਿ ਕਿਸ-ਕਿਸ ਆਦਮੀ ਕੋਲ ਇਹ ਦਸਤਾਵੇਜ਼ ਰਿਹਾ, ਕਿਸ ਕੋਲੋਂ ਛਾਪਣ ਵਾਲੇ ਨੂੰ ਪ੍ਰਾਪਤ ਹੋਇਆ ਅਤੇ ਕਿਸ ਹਾਲਤ ਵਿੱਚ ਮਿਲਿਆ ਆਦਿ। ਏਸ ਕਿਸਮ ਦੀ ਜਾਣਕਾਰੀ ਕਿਸੇ ਇੱਕ ਦਸਤਾਵੇਜ਼ ਨਾਲ ਵੀ ਮੁਕੰਮਲ ਨਹੀਂ ਅਤੇ ਕਚਹਿਰੀ ਵਿੱਚ ਦਾਖਲ ਕੀਤੀ ਇੱਕ ਚਿੱਠੀ ਤੋਂ ਬਿਨਾ ਕਿਸੇ ਇੱਕ ਦੀ ਵੀ ਤਸਵੀਰ ਨਹੀਂ ਦਿੱਤੀ ਗਈ ਜਿਸ ਤੋਂ ਕਿ ਦਸਤਾਵੇਜ਼ ਦੇ ਸਹੀ ਹੋਣ ਬਾਰੇ ਅੰਦਾਜ਼ਾ ਲਾਇਆ ਜਾ ਸਕੇ। ਸਮਗਰੀ ਛਾਪਣ ਦੀ ਸਮੁੱਚੀ ਸਕੀਮ ਏਸ ਤਰ੍ਹਾਂ ਦੀ ਹੈ ਕਿ ਜੋ ਸੰਪਾਦਕ ਚਾਹੇ ਭਗਤ ਸਿੰਘ ਦੇ ਮੂੰਹ ਵਿੱਚ ਪਾਇਆ ਜਾ ਸਕੇ। ਇੱਕ ਜਗ੍ਹਾ ਭਗਤ ਸਿੰਘ ਤੋਂ ਇਹ ਅਖਵਾਇਆ ਗਿਆ ਹੈ ਕਿ ਸਾਰੀ ਉਮਰ ਤਾਂ ਮੈਂ ਉਸ (ਪ੍ਰਮਾਤਮਾ) ਨੂੰ ਯਾਦ ਨਹੀਂ ਕੀਤਾ। ਏਸੇ ਪੁਸਤਕ ਵਿੱਚ ਭਗਤ ਸਿੰਘ ਦਾ ਇੱਕ ਹੋਰ ਬਿਆਨ ਹੈ ਕਿ ਮੈਂ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਜ਼ਾਹਰ ਹੈ ਕਿ ਦੋਨਾਂ ਬਿਆਨਾਂ ਵਿੱਚੋਂ ਇੱਕ ਝੂਠਾ ਹੈ। ਕਈ ਦਸਤਾਵੇਜ਼ਾਂ ਬਾਰੇ ਤਾਂ ਇਹ ਵੀ ਨਹੀਂ ਲਿਖਿਆ ਕਿ ਉਹ ਕਿਹੜੇ ਸੋਮੇ ਤੋਂ ਪ੍ਰਾਪਤ ਹੋਏ ਸਨ। 14 ਨੰਬਰ ਦਸਤਾਵੇਜ਼ ਦਾ ਸੋਮਾ ਇੱਕ ਅਖ਼ਬਾਰ”ਦੱਸਿਆ ਗਿਆ ਹੈ।

ਦਸਤਾਵੇਜ਼ਾਂ ਬਾਰੇ ਇੱਕ ਅਜਬ ਤੱਥ ਇਹ ਹੈ ਕਿ ਜਿੰਨੇਂ ਵੀ ਲੇਖ, ਚਿੱਠੀਆਂ ਆਦਿ ਜੇਲ੍ਹ ਵਿੱਚੋਂ ਲਿਖੇ ਦੱਸੇ ਹਨ ਉਹਨਾਂ ਵਿੱਚੋਂ ਇੱਕ ਵੀ ਜੇਲ੍ਹ ਵਾਲਿਆਂ ਵੱਲੋਂ ਸੈਂਸਰ ਹੋਇਆ ਨਹੀਂ ਵਿਖਾਇਆ ਗਿਆ। ਜੇਲ੍ਹ ਨਿਯਮਾਂ ਅਨੁਸਾਰ ਇਹ ਜ਼ਰੂਰੀ ਹੈ। ਰਾਜਿੰਦਰ ਨਾਥ ਲਹਿਰੀ ਅਤੇ ਰੌਸ਼ਨ ਸਿੰਘ ਦੀਆਂ ਚਿੱਠੀਆਂ ਵਿੱਚ ਜੇਲ੍ਹ ਅਧਿਕਾਰੀਆਂ ਨੇ ਕੱਟ-ਵੱਢ ਕੀਤੀ ਹੋਈ ਹੈ। ਜੇ ਜੇਲ੍ਹ ਅਧਿਕਾਰੀ ਭਗਤ ਸਿੰਘ ਦੇ ਪ੍ਰਗਟਾਏ ਵਿਚਾਰਾਂ ਨਾਲ ਸਦਾ ਅਤੇ ਇੰਨ-ਬਿੰਨ ਸਹਿਮਤ ਰਹੇ ਤਾਂ ਵਿਚਾਰਾਂ ਨੂੰ ਡੂੰਘੀ ਨਜ਼ਰ ਨਾਲ ਵੇਖਣਾ ਪਵੇਗਾ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਇੱਕ ਪਾਸੇ ਤਾਂ ਬਹੁਤ ਸੁਲਝੇ ਹੋਏ ਇਨਕਲਾਬੀ ਵਿਖਾਇਆ ਗਿਆ ਹੈ ਦੂਜੇ ਪਾਸੇ ਉਹ ਦੇਸੀ ਸੰਮਤਾਂ ਅਤੇ ਖੁਸ਼ੀ ਰਾਮ ਦੀ ਜਾਤ ਅਰੋੜਾ”ਹੋਣ ਨੂੰ ਖ਼ਾਸ ਅਹਿਮੀਅਤ ਦੇ ਰਹੇ ਹਨ।

ਇਹ ਸਾਰੀਆਂ ਖਾਮੀਆਂ ਅਤੇ ਕਈ ਹੋਰਾਂ ਦੇ ਹੁੰਦਿਆਂ ਭਗਤ ਸਿੰਘ ਦੇ ਸਿਆਸੀ ਵਿਚਾਰਾਂ ਅਤੇ ਧਾਰਮਕ ਅਕੀਦਿਆਂ ਦੇ ਨਿਰੂਪਣ ਲਈ ਮੁੱਢਲੇ ਤੌਰ ਉੱਤੇ ਅਤੇ ਖ਼ਾਸ ਕਰ ਪਹਿਲੇ ਦੌਰ ਵਿੱਚ ਉਸ ਦੇ ਦੋਸਤਾਂ, ਪੈਰੋਕਾਰਾਂ ਵੱਲੋਂ ਉਸ ਦੇ ਕਰ ਕੇ ਪ੍ਰਚਾਰੇ ਜਾਂਦੇ ਦਸਤਾਵੇਜ਼ ਹੀ ਵਰਤਣੇ ਜਾਇਜ਼ ਹਨ। ਸਿਆਸੀ ਤੌਰ ਉੱਤੇ ਭਗਤ ਸਿੰਘ ਦੇ ਦੋ ਗੁਰੂ ਦੱਸੇ ਹਨ, ਇੱਕ ਤਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਕਾਰਲ ਮਾਰਕਸ। ਉਸ ਦੀ ਸਿਆਸੀ ਸੋਚ ਕਦੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੋਂ ਪ੍ਰੇਰਿਤ ਅਕਾਲੀ ਲਹਿਰ ਨਾਲ ਮਿਲਦੀ ਦੱਸੀ ਹੈ, ਕਦੇ ਬੈਕਿਊਨਿਨ ਤੋਂ ਪ੍ਰਭਾਵਤ ਨਿਹਲਇਜ਼ਮ, ਅਨਾਰਕਿਸਟ ਪ੍ਰਗਟਾਈ ਹੈ, ਕਦੇ ਸੋਸ਼ਲਇਜ਼ਮ ਅਤੇ ਕਦੇ ਕੌਂਗਰਸ, ਕਦੇ ਲਾਜਪਤ ਰਾਇ ਨਾਲ ਮਿਲਦੀ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਭਗਤ ਸਿੰਘ ਨੂੰ ਬੰਕਮਚੰਦਰ ਚੈਟਰਜੀ ਦਾ ਚੇਲਾ ਸਾਬਤ ਕਰਨਾ ਚਾਹੁਣ ਉਹਨਾਂ ਨੂੰ ਭਗਤ ਸਿੰਘ ਦੇ ਨਾਂਅ ਪ੍ਰਚੱਲਤ ਕੀਤੀਆਂ ਲਿਖਤਾਂ ਵਿੱਚੋਂ ਬਹੁਤ ਸਮੱਗਰੀ ਮਿਲ ਜਾਵੇਗੀ।

ਏਹੋ ਪ੍ਰਭਾਵ ਉਸ ਦੇ ਧਾਰਮਕ ਵਿਚਾਰਾਂ ਬਾਰੇ ਇਹਨਾਂ ਲਿਖਤਾਂ ਤੋਂ ਮਿਲਦਾ ਹੈ। ਬਚਪਨ ਤੋਂ ਲੈ ਕੇ 1928 ਤੱਕ ਅਤੇ ਅੰਤ ਸਮੇਂ ਤੱਕ ਕੇਸਾਧਾਰੀ ਹੋਣ ਦੇ ਬਾਵਜੂਦ ਉਸ ਨੂੰ ਸਿੱਖ ਆਖਣ ਤੋਂ ਜ਼ਬਰਦਸਤ ਗ਼ੁਰੇਜ਼ ਕੀਤਾ ਗਿਆ ਹੈ। ਇੱਕ ਕਦਮ ਹੋਰ ਅਗਾਂਹ ਵਧ ਕੇ ਉਸ ਨੂੰ ਸਿੱਖੀ-ਵਿਰੋਧੀ ਪ੍ਰਗਟਾਇਆ ਗਿਆ ਹੈ। ਇੱਕ ਵਾਰ ਉਸ ਨੂੰ ਮਨੂੰ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਦੱਸਿਆ ਹੈ, ਫ਼ੇਰ ਕੱਟੜ ਆਰੀਯਾ ਸਮਾਜੀ; ਸ਼ਾਕਤ ਰੰਗ ਵਿੱਚ ਭਾਰਤ ਮਾਤਾ ਦੀ ਪੂਜਾ ਦੀ ਪ੍ਰੇਰਨਾ ਵੀ ਉਸ ਦੀ ਜ਼ੁਬਾਨ ਤੋਂ ਕਾਰਵਾਈ ਗਈ ਹੈ। ਇੱਕ ਲੇਖਕ ਨੇ ਤਾਂ ਉਸ ਨੂੰ ਹਲਾਲ ਖੁਆ ਕੇ ਇਸਲਾਮ ਨਾਲ ਵੀ ਉਸ ਦਾ ਗੂੜ੍ਹਾ ਨਾਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਖ਼ਰ ਉਸ ਦੇ ਨਾਂਅ ਕਾਫ਼ੀ ਬਾਅਦ ਵਿੱਚ ਛਪੀ ਮੈਂ ਨਾਸਤਕ ਕਿਉਂ ਹਾਂ?” ਲਿਖਤ ਮੜ੍ਹ ਕੇ ਉਸ ਨੂੰ ਸਭ ਧਾਰਮਕ ਅਕੀਦਿਆਂ ਤੋਂ ਮੁਕਤ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਲੇਖ ਕਿੱਥੋਂ ਅਤੇ ਕਿਵੇਂ ਮਿਲਿਆ, ਕਿਸ ਕੋਲ ਪਿਆ ਰਿਹਾ, ਅਸਲ ਕਿੱਥੇ ਹੈ ਜਾਂ ਸੀ ਆਦਿ ਸਵਾਲਾਂ ਦਾ ਕੋਈ ਜੁਆਬ ਨਹੀਂ ਦੱਸਿਆ ਗਿਆ। ਕਿਸ ਆਧਾਰ ਉੱਤੇ ਇਸ ਨੂੰ 5, 6 ਅਕਤੂਬਰ 1930 ਨੂੰ ਲਿਖਿਆ ਦਰਸਾਇਆ ਹੈ, ਬਾਰੇ ਵੀ ਕੋਈ ਜਾਣਕਾਰੀ ਨਹੀਂ। ਜਾਪਦਾ ਹੈ ਕਿ ਇਹ ਕੇਵਲ ਭਾਈ ਰਣਧੀਰ ਸਿੰਘ ਨੂੰ ਝੂਠਾ ਸਾਬਤ ਕਰਨ ਲਈ ਹੀ ਤਿਆਰ ਕੀਤਾ ਗਿਆ ਹੈ। ਵੈਸੇ ਵੀ ਏਸ ਲੇਖ ਦੀਆਂ ਬਚਕਾਨਾ ਦਲੀਲਾਂ ਕਿਸੇ ਅਨਾੜੀ ਮਨ ਦੀ ਸੂਚਨਾ ਦਿੰਦੀਆਂ ਹਨ। ਬੁਰਾਈ ਦਾ ਟਾਕਰਾ ਕਰਨਾ ਅਤੇ ਪ੍ਰਮਾਤਮਾ ਨਾਲ ਰਿਸ਼ਤਾ ਜੋੜਨਾ ਧਰਮ ਦੀ ਹੋਂਦ ਦਾ ਆਧਾਰ ਹੈ ਨਾ ਕਿ ਬੁਰਾਈ ਦੀ ਹੋਂਦ ਦਾ ਫ਼ਲਸਫ਼ਾ। ‘‘ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’’” ਅਤੇ ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ’’” ਸੱਚੇ ਸਾਹਿਬਾਂ ਦੇ ਬਚਨ ਹਨ।

ਏਸ ਲੇਖ ਦਾ ਆਧਾਰ ਭਗਤ ਸਿੰਘ ਨੂੰ ਛੁਟਿਆਉਣ ਦੀ ਚੇਸ਼ਟਾ ਨਹੀਂ। ਖ਼ਾਸ ਤੌਰ ਉੱਤੇ ਏਸ ਲਈ ਕਿ ਇਹ ਭੁੱਲਿਆ ਨਹੀਂ ਜਾ ਸਕਦਾ ਕਿ ਉਹ ਆਖ਼ਰੀ ਸਮੇਂ ਗੋਸਵਾਮੀ ਤੁਲਸੀਦਾਸ ਦੇ ਲਫ਼ਜਾਂ ‘ਜੈਸੇ ਉੜਿ ਜਹਾਜ਼ ਕਾ ਪੰਛੀ, ਫਿਰਿ ਜਹਾਜ਼ ਪਰ ਆਵੇ’ ਵਿੱਚ ਦਿੱਤੇ ਸੰਕੇਤ ਅਨੁਸਾਰ ਫ਼ੇਰ ਗੁਰੂ ਦੇ ਜਹਾਜ਼ ਉੱਤੇ ਆ ਬੈਠਾ ਸੀ। ਉਸ ਦੇ ਇਨਕਲਾਬੀ ਕਾਰਨਾਮੇ ਨੂੰ ਉੱਚ ਕੋਟੀ ਦੀ ਨੀਤੀ ਸਮਝਣਾ ਭੁੱਲ ਹੈ। ਖ਼ਾਸ ਤੌਰ ਉੱਤੇ ਜਦੋਂ ਤੱਕ ਏਸ ਦਾ ਮੁਲਾਂਕਣ ਸੁਖਦੇਵ ਦੇ ਤਾਅਨੇ-ਮਿਹਣਿਆਂ ਦੇ ਪ੍ਰਤੀਕਰਮ ਤੋਂ ਮੁਕਤ ਨਹੀਂ ਕੀਤਾ ਜਾਂਦਾ। ਫ਼ੇਰ ਏਸ ਨੂੰ ਹਿੰਦੋਸਤਾਨ ਦੀ ਅਖ਼ੌਤੀ ਆਜ਼ਾਦੀ ਦੀ ਲੜਾਈ ਦੇ ਸੰਦਰਭ ਵਿੱਚ ਵੀ ਪਰਖਣਾ ਪਵੇਗਾ। ਅੰਤ ਉਸ ਦੇ ਲੋਕ-ਪੱਖੀ ਜਜ਼ਬੇ ਦੀ ਡੂੰਘਾਈ ਨੂੰ ਉਸ ਦੀ ਸ਼ੁਹਰਤ ਹਾਸਲ ਕਰਨ ਦੀ ਤੀਬਰ ਇੱਛਾ ਤੋਂ ਨਿਖੇੜ ਕੇ ਦੋਨਾਂ ਦਾ ਨਿਰਪੱਖ ਮੁਲਾਂਕਣ ਕਰਨਾ ਵੀ ਨਿਹਾਇਤ ਜ਼ਰੂਰੀ ਹੈ। ਇਹ ਬੜਾ ਘਾਲਣਾ ਦਾ ਕੰਮ ਹੈ ਅਤੇ ਸਾਲ ਸਵਾ ਸਾਲ ਦਾ ਸਮਾਂ ਮੰਗਦਾ ਹੈ।

ਏਸ ਲੇਖ ਦਾ ²ਉਦੇਸ਼ ਭਗਤ ਸਿੰਘ ਨੂੰ ਉਸ ਦੇ ਨਾਦਾਨ ਅਤੇ ਕਈ ਵਾਰੀ ਨੈਤਿਕਤਾ, ਵਿਦਵਤਾ ਤੋਂ ਬੇਖ਼ਬਰ ਪੈਰੋਕਾਰਾਂ ਦੇ ਖਰ੍ਹਵੇ ਸ਼ਿਕੰਜੇ ਵਾਲੀ ਕੈਦ ਤੋਂ ਮੁਕਤ ਕਰਨਾ ਮਾਤਰ ਹੀ ਹੈ। ਉਸ ਦੀ ਛਵੀ ਨੂੰ ਪੰਜਾਬ ਦੇ ਅਸਲ ਹਿਤਾਂ ਵਿਰੁੱਧ ਅਤੇ ਸਿੱਖ ਸਿਆਸੀ ਸ਼ਕਤੀ ਨੂੰ ਸੰਗਸਾਰ ਕਰਨ ਲਈ ਹੁਣ ਤੱਕ ਵਰਤਿਆ ਗਿਆ ਹੈ। ਏਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਉਘਾੜਨਾ ਬੇਹੱਦ ਜ਼ਰੂਰੀ ਸੀ। ਅਸਾਧਾਰਨ ਅਤੇ ਸੁਹਿਰਦ ਵਿਦਵਾਨ, ਮਹਾਂ ਤੱਤ-ਵੇਤਾ, ਮੁਕੰਮਲ ਤੌਰ ਉੱਤੇ ਨਿਰਪੱਖ ਸਿਰਦਾਰ ਨੇ ਉਸ ਨੂੰ ਪੰਜਾਬ ਦਾ ਬਹਾਦਰ ਅਬੋਧ”ਬਾਲਕ ਜਾਣਿਆ ਸੀ। ਏਵੇਂ ਜਾਣਨਾ ਹੀ ਵਾਜਬ ਹੈ। ਉਸ ਦੇ ਦੁਸ਼ਮਣੀ ਕਮਾ ਰਹੇ ਸਮਰਥਕਾਂ ਨੂੰ ਜੋ ਸੁਨੇਹਾ ਦੇਣਾ ਏਸ ਲੇਖ ਦਾ ਮਕਸਦ ਹੈ, ਉਹ ਬਾਬਾ ਫ਼ਰੀਦ ਦੀ ਮਾਖਿੳਂ ਮਿੱਠੀ ਪੰਜਾਬੀ ਵਿੱਚ ਪੇਸ਼ ਹੈ :

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ।।
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ।।

---00---
*ਪ੍ਰੋਫੈਸਰ ਆੱਵ ਸਿੱਖਇਜ਼ਮ

ਪੰਜਾਬੀ ਬੋਲੀ ਅਤੇ ਪ੍ਰੰਪਰਾ ਵਿੱਚ ਸ਼ਹੀਦੀ ਰੁਤਬਾ

-ਗੁਰਤੇਜ ਸਿੰਘ ਆਈਏਐਸ

ਏਨਾ ਕੁ ਤੱਥ ਜਾਣਨ ਲਈ ਧੁਰੰਦਰ ਭਾਸ਼ਾ ਵਿਗਿਆਨੀ ਹੋਣ ਦੀ ਲੋੜ ਨਹੀ' ਕਿ ਕਿਸੇ ਵੀ ਬੋਲੀ ਦੇ ਲਫਜ਼ਾਂ ਦੀ ਪਿੱਠ ਉਤੇ ਉਸ ਬੋਲੀ ਨੂੰ ਬੋਲਣ ਵਾਲਿਆਂ ਦੇ ਅਨੇਕਾਂ ਧਾਰਮਕ ਅਕੀਦੇ, ਸਭਿਆਚਾਰਕ ਕਦਰਾਂ ਕੀਮਤਾਂ, ਇਤਿਹਾਸਕ ਪਰੰਪਰਾਵਾਂ ਅਤੇ ਮਨੌਤਾਂ ਆਦਿ ਦੇ ਕਈ ਪਹਿਲੂ ਅਸਵਾਰ ਹੁੰਦੇ ਹਨ । ਹਰ ਬੋਲੀ ਵਿੱਚ ਕਈ ਸ਼ਬਦਾਂ ਨਾਲ ਅਧਿਆਤਮਕ ਜੀਵਨ ਦੇ ਕਈ ਪੱਖ, ਸਦੀਵੀ ਜੀਵਨ ਦੀਆਂ ਤਾਂਘਾਂ, ਮੁਕਤੀ ਦੇ ਸੰਕਲਪ ਅਤੇ ਪ੍ਰਮਾਤਮਾਂ ਨੂੰ ਰਿਝਾਉਣ ਦੀ ਘਾਲਣਾ ਦੇ ਸੰਕੇਤ ਇਤਿਆਦੀ ਵੀ ਰਲਗੱਡ ਹੁੰਦੇ ਹਨ । ਅਰਬੀ ਮੂਲ ਦਾ ਅਜਿਹਾ ਲਫਜ਼ ਹੈ 'ਸ਼ਹਾਦਤ'। ਪ੍ਰਮੁਖ ਤੌਰ ਉਤੇ ਸ਼ਹਾਦਤ ਦਾ ਸੰਕਲਪ ਇਸਾਈ ਮੱਤ, ਇਸਲਾਮ ਅਤੇ ਸਿੱਖ ਮੱਤ ਵਿੱਚ ਪ੍ਰਚੱਲਤ ਹੈ । ਜਦੋ'ਇਸਲਾਮੀ ਸਭਿਅਤਾ ਹਿੰਦੋਸਤਾਨ ਉਤੇ ਭਾਰੂ ਹੋਈ ਤਾਂ ਸ਼ਹੀਦ ਦਾ ਸੰਕਲਪ ਵੀ ਏਸ ਨਾਲ ਏਥੇ ਪੁੱਜਾ । ਇਸਲਾਮ ਵਿੱਚ ਵੀਹ ਕਿਸਮ ਦੀ ਮੌਤ ਮਰਨ ਵਾਲਿਆਂ ਨੂੰ ਸ਼ਹੀਦੀ ਦਰਜਾ ਮਿਲਦਾ ਹੈ । ਸੁਲਤਾਨ ਮਹਿਮੂਦ ਗਜ਼ਨੀ ਦਾ ਭਤੀਜਾ ਗਾਜ਼ੀ ਮੀਆਂ (ਸਲਾਰ ਮਸੂਦ) ਸ਼ਾਇਦ ਹਿੰਦ ਵਿੱਚ ਪਹਿਲਾ ਮੁਸਲਮਾਨ ਸ਼ਹੀਦ ਸੀ ਜੋ ਕਿ 'ਕਾਫਿਰਾਂ' ਵਿਰੁੱਧ ਜਹਾਦ ਵਿੱਚ ਮਰਿਆ । ਏਸ ਨੂੰ ਸ਼ਹੀਦੀ ਰੁਤਬਾ ਮਿਲਿਆ ਅਤੇ ਏਸਦੀ ਮਜ਼ਾਰ ਦੀ ਪੂਜਾ ਅੱਜ ਤੱਕ ਹਿੰਦੂ ਮੁਸਲਮਾਨ ਦੋਨੋ'ਕਰਦੇ ਹਨ । ਫਿਰੋਜ਼ਪੁਰ ਐਸ। ਐਸ। ਪੀ। ਦੀ ਕੋਠੀ ਦੀ ਕੰਧ ਨਾਲ ਜਿਸ ਪੀਰ ਬਹਾਵਲ ਸ਼ਾਹ ਦਾ ਮਜ਼ਾਰ ਹੈ ਉਸ ਦੇ ਸੁਤੇ ਪਏ ਦੇ ਸਰ੍ਹਾਣੇ ਚੋਰ, ਚੋਰੀ ਦਾ ਮਾਲ ਭੇਟ ਕਰ ਗਿਆ ਸੀ ਜੋ ਮਗਰੇ ਆਉ'ਦੀ ਵਾਹਰ ਨੇ ਬਰਾਮਦ ਕਰ ਲਿਆ ਅਤੇ ਏਸ ਨੂੰ ਚੋਰ ਸਮਝ ਕੇ ਮਾਰ ਦਿੱਤਾ । ਨਾ-ਹੱਕ ਮਾਰੇ ਜਾਣ ਕਾਰਨ ਇਹ ਵੀ ਸ਼ਹੀਦ ਅਖਵਾਇਆ ਅਤੇ ਏਸਦੀ ਮਜਾਰ ਉੱਤੇ ਚੰਗੀ ਰੌਣਕ ਲਗਦੀ ਹੈ ।

ਕੌਮਾਂ ਦੇ ਸਭਿਆਚਾਰਕ ਪ੍ਰਭਾਵ ਨੂੰ ਨਸ਼ਟ ਕਰਨ ਲਈ ਅਪਣਾਇਆ ਗਿਆ ਇੱਕ ਤਰੀਕਾ ਇਹ ਵੀ ਹੈ ਕਿ ਉਸਦੇ ਨਿਰਣਾਇਕ ਅਕੀਦਿਆਂ ਨੂੰ ਪ੍ਰਗਟ ਕਰਦੇ ਸ਼ਬਦ ਅਤੇ ਨਾਂਵਾਂ ਇਤਿਆਦਿ ਨੂੰ ਨਵੇ' ਅਤੇ ਕਈ ਵਾਰੀ' ਵਿਰੋਧੀ ਅਰਥ ਪ੍ਰਦਾਨ ਕੀਤੇ ਜਾਣ । ਧਰਮਾਂ ਦੇ ਇਤਿਹਾਸ ਵਿੱਚ ਇਹ ਵਰਤਾਰਾ ਕਈ ਵਾਰ ਵਰਤਿਆ ਹੈ । ਆਰੀਆਂ ਤੋ' ਬਾਅਦ ਇਰਾਨ ਵਿੱਚ ਵਸਣ ਵਾਲੇ ਪਾਰਸੀਆਂ ਦੀਆ ਧਰਮ ਪੁਸਤਕਾਂ ਨੇ ਇੰਦ੍ਰ ਨੂੰ ਦਾਨਵ ਰੂਪ ਵਿੱਚ ਚਿਤਰਿਆ । ਹਿੰਦ ਵਿੱਚ ਆਰੀਆਂ ਨੇ ਦ੍ਰਾਵਿੜ ਸਭਿਅਤਾ ਖਤਮ ਕਰਨ ਲਈ ਰਾਵਣ ਨੂੰ ਬੁਰਾਈ ਦਾ ਪ੍ਰਤੀਕ ਬਣਾ ਧਰਿਆ । ਇਉ'ਇਤਿਹਾਸ ਵਿੱਚ ਅਨੇਕਾਂ ਦੇਵਤਿਆਂ ਦਾ ਦਾਨਵੀਕਰਣ ਹੋਇਆ ।

ਸੁਲਹ ਕੁੱਲ ਸਿੱਖ ਧਰਮ ਨੇ ਨਵੀ' ਪਿਰਤ ਪਾਈ ਜਿਸ ਨੂੰ ਭਾਈ ਗੁਰਦਾਸ ਉਲਟੀ ਗੰਗ ਵਗਾਈਅਨ ਕਹਿੰਦੇ ਹਨ । ਸਿੱਖੀ ਨੇ ਸਭਿਆਚਾਰਕ ਮਸਲਿਆਂ ਵਿੱਚ ਵਡੀਆਂ ਲਕੀਰਾਂ ਖਿਚਣ ਦੀ ਰੀਤ ਚਲਾਈ । ਕਿੳ'ਕਿ ਭਾਈ ਸੰਤੋਖ ਸਿੰਘ ਦੇ ਅਮਰ ਬਚਨਾਂ ਅਨੁਸਾਰ ਹਮ ਲੇ ਜਾਣੋ ਪੰਥ ਉਚੇਰੇ ਦਾ ਸੰਕਲਪ ਸੀ । ਨਵੇ' ਇਤਿਹਾਸਿਕ ਸੰਦਰਭ ਵਿੱਚ ਸ਼ਹਾਦਤ ਦੇ ਮੁਢਲੇ ਅਰਥਾਂ ਨੂੰ ਕਾਇਮ ਰੱਖ ਕੇ ਏਸ ਦੇ ਨਵੇ' ਪਹਿਲੂ ਸਿਰਜੇ ਗਏ ਜੋ ਕਿ ਸਮੇ' ਨਾਲ ਸਮੂਹਿਕ ਮਨੁੱਖੀ ਮਨ ਵਿੱਚ ਅਮਿੱਟ ਯਾਦਾਂ ਅਤੇ ਸ਼ਰਧਾ ਭਰਪੂਰ, ਨਿਗਰ ਬਿੰਬ ਬਣ ਕੇ ਸਮਾ ਗਏ । ਸਿੱਖਾਂ ਦੇ ਕੌਮੀ ਜੀਵਨ ਦੇ ਜੋ ਮੁਢਲੇ ਅਧਾਰ ਬਣੇ ਉਹਨਾਂ ਵਿੱਚ ਹੈ ਸ਼ਹਾਦਤ ਦਾ ਸੰਕਲਪ । ਇਹ ਨੀਹਾਂ ਏਨੀਆਂ ਪ੍ਰਪੱਕ ਹਨ ਕਿ ਹਰ ਸਿੱਖ ਰੋਜ ਇਕ ਤੋ' ਵੱਧ ਵਾਰੀ ਸ਼ਹੀਦਾਂ ਮੁਰੀਦਾਂ, ਹਠੀਆਂ ਨੂੰ ਅਰਦਾਸ ਵਿੱਚ ਚਿਤਾਰਦਾ ਹੈ ਅਤੇ ਉਸ ਯਾਦ ਤੋ' ਇਤਿਹਾਸ ਸਿਰਜਣ ਦੀ ਅਥਾਹ ਸ਼ਕਤੀ ਹਾਸਲ ਕਰਦਾ ਹੈ ।

ਸਿੱਖਾਂ ਦੇ ਦੋਸਤ ਨਹੀ' ਜਾਣਦੇ ਪ੍ਰੰਤੂ ਵਿਰੋਧੀ ਸਪਸ਼ਟ ਹਨ ਕਿ ਏਸ ਬਿੰਬ ਦਾ ਤਿੜਕ ਜਾਣਾ ਸਿੱਖ ਕੌਮੀ ਜੀਵਨ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ ।

ਜ਼ਾਹਰ ਹੈ ਕਿ ਹਿੰਦੋਸਤਾਨਿਆਂ ਵਿੱਚੋ' ਸ਼ਹੀਦੀ ਪ੍ਰੰਪਰਾਂ ਨੂੰ ਨਵੇ' ਨਰੋਏ ਰੂਪ ਵਿੱਚ ਕੇਵਲ ਅਤੇ ਕੇਵਲ ਸਿੱਖਾਂ ਨੇ ਹੀ ਅਪਣਾਇਆ ਸੀ ਅਤੇ ਅੱਜ ਤੱਕ ਇਹ ਏਸ ਦੇ ਵਾਹਦ ਪੈਰੋਕਾਰ ਚਲੇ ਆਉ'ਦੇ ਹਨ । ਕਿਸੇ ਵੀ ਲੇਖੇ ਜੋਖੋ ਅਨੁਸਾਰ ਸ਼ਹਾਦਤ ਦਾ ਦਰਜਾ ਪ੍ਰਾਪਤ ਕਰਨ ਵਾਲੇ ਸਭ ਤੋ' ਵੱਧ ਸਿੱਖ ਹੀ ਹਨ । ਏਸ ਲਈ ਏਸ ਸ਼ਬਦ ਦੀ ਵਿਆਖਿਆ ਅਤੇ ਏਸ ਦਾ ਪ੍ਰੀਭਾਸ਼ਾ ਨਿਰਧਾਰਨ ਕੇਵਲ ਸਿੱਖ ਅਕੀਦਿਆਂ, ਸਿੱਖ-ਇਤਿਹਾਸ ਅਤੇ ਪੰਰਪਰਾ ਦੇ ਸੰਦਰਭ ਵਿੱਚ ਹੋ ਸਕਦਾ ਹੈ । ਸ਼ਹੀਦ ਸ਼ਬਦ ਦੇ ਓਹੋ ਅਰਥ ਜਾਇਜ਼ ਹਨ ਜਿਨ੍ਹਾਂ ਨੂੰ ਕਾਇਮ ਰੱਖਣ ਲਈ ਮਹਾਂ ਪਰਉਪਕਾਰੀ ਖਾਲਸਾ ਪੰਥ ਦੇ ਅਨੇਕਾਂ ਕਾਫਲੇ ਏਸ ਰਾਹ ਉਤੋ' ਹੋ ਗੁਜ਼ਰੇ ਹਨ । ਅਜੇਹਾ ਨਾ ਕਰਨਾ ਅਨਰਥ ਕਰਨਾ ਹੈ । ਅਰਥ ਸ਼ਬਦ ਤੋ' ਪੰਜਾਬੀ ਵਾਲੇ 'ਮਾਇਨਾ' ਸਮਝਦੇ ਹਨ, ਅੰਗ੍ਰੇਜ਼ੀ ਬੋਲੀ ਵਾਲੇ 'ਧਰਤੀ' ਅਤੇ ਸੰਸਕ੍ਰਿਤ ਵਾਲੇ 'ਦਰਬ' ਜਾਂ 'ਪਦਾਰਥ' । ਜੇ ਤਿਨੋ' ਆਪੋ ਆਪਣੇ ਤਸੱਵਰ ਉਤੇ ਕਾਇਮ ਰਹਿਣ ਤਾਂ ਕਿਸੇ ਕਿਸਮ ਦਾ ਅਰਥ ਭਰਪੂਰ ਵਾਰਤਾਲਾਪ ਸੰਭਵ ਨਹੀ' । ਵਿੱਚਾਰ ਅਗੇ ਤੋਰਨ ਤੋ' ਪਹਿਲਾਂ 'ਸ਼ਹੀਦ' ਸਬਦ ਦੀ ਏਥੋ' ਦੀ ਪ੍ਰੰਪਰਾ ਅਨੁਸਾਰ ਪ੍ਰੀਭਾਸ਼ਾ ਕਾਇਮ ਕਰਨਾ ਨਿਹਾਇਤ ਜ਼ਰੂਰੀ ਹੈ ।

ਸਭ ਤੋ' ਪਹਿਲਾਂ ਇਹ ਜ਼ਰੂਰੀ ਹੈ ਕਿ ਸ਼ਹੀਦ ਅਖਵਾਉਣ ਦਾ ਹੱਕਦਾਰ ਪ੍ਰਮਾਤਮਾਂ ਵਿੱਚ ਯਕੀਨ ਰੱਖਦਾ ਹੋਵੇ ਅਤੇ ਮੰਨਦਾ ਹੋਵੇ ਕਿ ਉਹ ਸਾਰੇ ਸੰਸਾਰ ਦਾ ਅਸਲ ਬਾਦਸ਼ਾਹ ਹੈ । ਉਹ ਸੰਸਾਰ ਵਿੱਚ ਜਨਤਾ ਨੂੰ ਨਿਆਂ ਦੇਣ, ਉਸਦੇ ਧਾਰਮਿਕ ਅਕੀਦਿਆਂ ਦੀ ਰੱਖਿਆ ਕਰਨ ਅਤੇ ਅਥਾਹ ਸੁਖ ਮਾਨਣ ਦੇ ਅਧਿਕਾਰਾਂ ਨੂੰ ਮਹਿਫੂਜ਼ ਰੱਖਣ ਦੇ ਇਰਾਦੇ ਨਾਲ ਹਾਕਮ ਸਿਰਜਦਾ ਹੈ । ਏਸ ਇਲਾਹੀ ਇਰਾਦੇ ਨੂੰ ਉਸਦਾ 'ਭਾਣਾਂ' ਜਾ 'ਹੁਕਮ' ਆਖਿਆ ਗਿਆ ਹੈ । ਜਦੋ' ਕੋਈ ਰਾਜ ਕਰਨ ਵਾਲਾ ਇਹਨਾਂ ਮੁੱਢਲੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਹੁਕਮ ਅੰਦਰ ਵਿੱਚਰਦੇ ਮਹਾਂਪੁਰਖਾਂ ਦਾ ਫਰਜ਼ ਬਣਦਾ ਹੈ ਕਿ ਉਹ ਅਸ਼ਾਂਤੀ, ਅਨਿਆਂ ਅਤੇ ਅਧਰਮ ਦਾ ਵਿਰੋਧ ਕਰਨ । ਏਸ ਪ੍ਰਕਿਰਿਆ ਦੀ ਪਉੜੀ ਦਾ ਆਖਰੀ ਡੰਡਾ ਹੈ ਜਾਨ ਕੁਰਬਾਨ ਕਰ ਦੇਣਾ । ਇਹ ਪੰਜਾਬ ਦੀ ਸ਼ਹੀਦੀ ਪ੍ਰੰਪਰਾ ਦਾ ਸਾਰ ਹੈ ।

ਏਸ ਮੱਤ ਅਨੁਸਾਰ ਸ਼ਹਾਦਤ ਇੱਕ ਦੋ-ਧਾਰਾ ਖੰਡਾ ਹੈ । ਏਸ ਦੀ ਸੰਸਾਰਮੁਖੀ ਧਾਰ ਪ੍ਰਗਟ ਕਰਦੀ ਹੈ ਕਿ ਸੱਚ ਕੀ ਹੈ ਅਤੇ ਉਸ ਰਾਹ ਉਤੇ ਤੁਰਨ ਦੀ ਧਰਮੀ' ਲੋਕਾਂ ਦੀ ਨਿਰੂਪਣ ਕੀਤੀ ਕੀ ਰੀਤ ਹੈ । ਏਸ ਦੀ ਦੂਜੀ ਧਾਰ ਹੈ ਪ੍ਰਮਾਤਮਾਂ ਦੀ ਦਰਗਾਹ ਵਿੱਚ ਪੁਕਾਰ ਕਰਨਾਂ ਤਾਕਿ ਜਾਲਮਾਂ ਦਾ ਰਾਜ ਕਰਨ ਦਾ ਅਧਿਕਾਰ ਵਾਪਸ ਲਿਆ ਜਾਵੇ ਕਿਉ'ਕਿ ਉਹ ਏਸ ਦੀ ਦੁਰਵਰਤੋ' ਕਰਕੇ ਲੋਕਾਂ ਨੂੰ ਦੁਖ ਦੇ ਰਹੇ ਹਨ ਅਤੇ ਧਰਮੀਆਂ ਦਾ ਜਿਉਣਾਂ ਦੂਭਰ ਕਰ ਰਹੇ ਹਨ । ਰਤਨ ਸਿੰਘ ਭੰਗੂ ਅਨੁਸਾਰ ਗੁਰਬਖਸ਼ ਸਿੰਘ ਸ਼ਹੀਦ ਅਤੇ ਉਹਨਾਂ ਦੇ ਚੰਦ ਸਾਥੀ ਏਸ ਅਕੀਦੇ ਅਧੀਨ ਅਤਰ ਫੁਲੇਲ ਮਲ ਕੇ ਫੁਲਾਂ ਦੇ ਹਾਰ ਪਾ ਕੇ ਤਿਆਰ ਹੋਏ ਅਤੇ ਬੜੇ ਚਾਵ੍ਹਾਂ ਮਲ੍ਹਾਰਾਂ ਨਾਲ ਅਹਿਮਦਸ਼ਾਹ ਅਬਦਾਲੀ ਦੇ ਟਿੱਡੀ ਦਲ ਦਾ ਮੁਕਾਬਲਾ ਕਰਨ ਲਈ ਮੈਦਾਨੇ ਜੰਗ ਵਿੱਚ ਉਤਰੇ ।

ਸ਼ਹੀਦ ਹੋਣ ਵਾਲੇ ਲਈ ਲਾਜ਼ਮੀ ਹੈ ਕਿ ਉਹ ਉਹਨਾਂ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ ਜਿਨ੍ਹਾਂ ਲਈ ਉਹ ਸ਼ਹੀਦ ਹੋਣਾਂ ਲੋਚਦਾ ਹੈ । ਉਸਦੇ ਕਿਰਦਾਰ ਵਿੱਚੋ' ਪ੍ਰਮਾਤਮਾਂ ਦੇ ਹੁਕਮ ਨੂੰ ਮੰਨਣ ਦੀ ਝਲਕ ਪੈਣੀ ਲਾਜ਼ਮੀ ਹੈ । ਕੁਈ ਰਾਜਪੂਤੀ ਸ਼ਾਨ ਨੂੰ ਕਾਇਮ ਰੱਖਣ ਲਈ ਮਾਤ੍ਰਭੂਮੀ ਤੋ' ਕੁਰਬਾਨ ਹੋ ਸਕਦਾ ਹੈ । ਓਸਦੀ ਕੁਰਬਾਨੀ ਸ਼ਲਾਘਾ ਯੋਗ ਹੈ ਲੇਕਿਨ ਇਹ 'ਬਲੀਦਾਨ' ਯਾ 'ਵੀਰਗਤੀ' ਤੋ' ਉਚਾ ਦਰਜਾ ਨਹੀ' ਰੱਖਦੀ । ਇਹ ਸ਼ਹੀਦੀ ਤੋ' ਹੇਠਾਂ ਦਾ ਦਰਜਾ ਹੈ । ਕੁਈ ਚਾਹੇ ਤਾਂ ਏਸਨੂੰ ਬਰਾਬਰ ਜਾਂ ਉਚਾ ਸਮਝ ਸਕਦਾ ਹੈ । ਖੁੰਢ ਉਤੇ ਬਹਿ ਕੇ ਰੋਟੀ ਖਾਣ ਵਾਲਾ ਉਸ ਨੂੰ ਕੁਰਸੀ ਮੇਜ਼ ਪਰਚਾਰੇ ਤਾਂ ਕਿਸੇ ਨੂੰ ਕੀ । ਪਰ ਉਹ ਹਰਗਿਜ਼ ਇਹ ਮੰਗ ਨਹੀ' ਕਰ ਸਕਦਾ ਕਿ ਅਗਾਂਹ ਤੋ' ਸਾਰੀ ਦੁਨੀਆਂ ਖੁੰਢ ਨੂੰ ਕੁਰਸੀ ਮੇਜ ਹੀ ਆਖੇ ਤੇ ਮੰਨੇ । ਸ਼ਹੀਦ ਅਖਵਾਉਣ ਲਈ 'ਹੁਕਮ' ਦਾ ਵਾਹਨ ਬਣ ਕੇ, ਸ਼ਹੀਦੀ ਪਲ ਵਿੱਚ ਪ੍ਰਮਾਤਮਾ ਰੂਪ ਧਾਰਣ ਕਰਕੇ ਉਹਨਾਂ ਕਦਰਾਂ ਕੀਮਤਾਂ ਲਈ ਜੂਝਣਾ ਜ਼ਰੂਰੀ ਹੈ ਜੋ ਪ੍ਰਭੂ ਗੁਣ ਹੋਣ ਕਾਰਨ ਜਗਤ ਦੇ ਅਧਿਆਤਮਕ ਆਧਾਰ ਦਾ ਦਰਜਾ ਰੱਖਦੀਆਂ ਹਨ । ਗੁਣਨਿਧਾਨ ਤੋ' ਪ੍ਰਾਪਤ ਕੀਤੇ ਇਹਨਾਂ ਗੁਣਾਂ ਨੂੰ ਮੁਕੰਮਲ ਰੂਪ ਵਿੱਚ ਧਾਰਣ ਕਰਕੇ ਅੰਤਮ ਸੱਚ ਵਿੱਚ ਵਿਲੀਨ ਹੋ ਜਾਣ ਦੀ ਚੇਸ਼ਟਾ (ਜੇਹਾ ਸੇਵੇ ਤੇਹਾ ਹੋਵੇ),ਸ਼ਹੀਦੀ ਜਜਬੇ ਦਾ ਧੁਰਾ ਹੈ ।

ਸ਼ਹੀਦੀ ਸਭਿਆਚਾਰਾਂ ਦੇ ਭੇੜਾਂ ਵਿੱਚ ਪਣਪਦੀ ਹੈ । ਸ਼ਹੀਦ ਲਈ ਉਤਮ ਸਭਿਆਚਾਰ ਦੇ ਦਾਰਸ਼ਨਿਕ ਪੱਖ ਦਾ ਸਮਰਥਨ ਜ਼ਰੂਰੀ ਹੈ। ਮਨੁਖੀ ਗੁਲਾਮੀ ਨੂੰ ਕਾਇਮ ਰੱਖਣ ਲਈ ਲੜਦੇ ਅੰਗ੍ਰੇਜ਼ਾਂ ਜਾਂ ਦੱਖਣੀ ਅਮਰੀਕਨਾਂ ਵਿੱਚੋ' ਕੁਈ ਵੀ ਸ਼ਹੀਦੀ ਦਰਜੇ ਦਾ ਦਾਅਵੇਦਾਰ ਨਹੀ' ਹੋ ਸਕਦਾ ।

ਸ਼ਹੀਦੀ ਦਰਜੇ ਦੀ ਇਕ ਬਾਰੀਕੀ ਇਹ ਵੀ ਹੈ ਕਿ ਸ਼ਹੀਦ ਹੋਣ ਵਾਲੇ ਕੋਲ ਜਾਨ ਬਚਾ ਲੈਣ ਦਾ ਵਿਕਲਪ ਮੌਜੂਦ ਹੋਵੇ । ਸਭ ਪੁਰਾਤਨ ਸਿੰਘਾਂ ਉਤੇ ਏਹੋ ਫਤਵਾ ਲੱਗਦਾ ਸੀ ਕਿ ਮੌਤ ਕਬੂਲੋ ਜਾਂ ਇਸਲਾਮ । ਜਿਉ'ਦੇ ਰਹਿਣ ਦੇ ਲਾਲਚ ਵਿੱਚ ਕੈਂਟਰਬਰੀ ਦਾ ਆਰਕਬਿਸ਼ਪ ਥੌਮਸ ਕਰੈਨਮਰ, ਇਮਾਨ ਤੋ' ਵਕਤੀ ਤੌਰ ਉਤੇ ਡੋਲ ਗਿਆ ਸੀ, ਏਸ ਲਈ ਉਸਨੂੰ ਧਦਕਦੀ ਅੱਗ ਵਿੱਚ ਆਪਣਾ ਬੇ-ਦਾਵਾ ਲਿਖਣ ਵਾਲਾ ਹੱਥ ਪਹਿਲਾਂ ਜਿਉ'ਦੇ ਜੀ ਸਾੜ ਕੇ ਸ਼ਹੀਦ ਪਦਵੀ ਦਾ ਦਾਅਵੇਦਾਰ ਬਣਨਾ ਪਿਆ । ਮੁਕਤਸਰ ਦੇ ਚਾਲੀ ਮੁਕਤਿਆਂ ਦੀ ਗਾਥਾ ਤੋ'ਤਾਂ ਹਰ ਕੁਈ ਵਾਕਫ ਹੈ ।

ਹੁਣ ਗੱਲ ਪੁਹੰਚਦੀ ਹੈ ਕਿਸੇ ਨੂੰ ਸ਼ਹੀਦ 'ਆਖਣ' ਜਾਂ 'ਮੰਨਣ' ਤੱਕ । ਆਖਣਾਂ ਮਨੁਖੀ ਬੋਲਚਾਲ ਦੀ ਸਾਧਾਰਨ ਪ੍ਰਕ੍ਰਿਆ ਵਿੱਚੋ' ਉਪਜਿਆ ਕਰਮ ਹੈ । ਆਖਣ ਵਾਲੇ ਦੀ ਆਮ ਵਰਤੀ ਬੋਲੀ ਤੋ' ਪਰ੍ਹੇ ਏਸ ਦੀ ਅਹਿਮੀਅਤ ਨਹੀ' (ਮੂਹ ਕਾ ਕਹਿਆ ਵਾਉ)। ਪਰ 'ਮੰਨਣਾਂ' ਕਿਸੇ ਹੋਰ ਗਹਿਰ ਗੰਭੀਰ ਆਲਮ ਦਾ ਵਾਸੀ ਸੰਕਲਪ ਹੈ । ਉੱਤਲੇ ਸੰਦਰਭ ਵਿੱਚ ਮੰਨਣ ਵਾਲੇ ਲਈ ਜ਼ਰੂਰੀ ਹੈ ਕਿ ਉਹ ਸਾਫ ਮਨ ਨਾਲ ਉਹਨਾਂ ਵਿਚਾਰਾਂ ਦਾ ਧਾਰਨੀ ਹੋਵੇ ਜਿਨ੍ਹਾਂ ਦੇ ਧਾਰਨੀ ਨੂੰ ਸ਼ਹੀਦ ਮੰਨਦਾ ਹੈ । ਉਹ ਉਹਨਾਂ ਨੂੰ ਜਗਤ ਕਲਿਆਣਕਾਰੀ ਪ੍ਰਚਾਰ ਸਕਦਾ ਹੋਵੇ ਅਤੇ ਉੱਤਮ ਮਨੁੱਖਾਂ ਦੇ ਅਧਿਆਤਮਕ ਜੀਵਨ ਦਾ ਮੂਲ ਆਧਾਰ ਦਰਸਾ ਸਕਦਾ ਹੋਵੇ । ਸ਼ੀਆ ਫਿਰਕੇ ਤੋ ਬਾਹਰ ਦੇ ਮੁਸਲਮਾਨ ਮੁਹੰਮਦ ਦੇ ਸਕੇ ਦੁਹਤਰਿਆਂ ਦਾ ਬੇ-ਹਦ ਸਤਕਾਰ ਕਰਦੇ ਹੋਏ ਵੀ ਉਹਨਾਂ ਨੂੰ ਸ਼ਹੀਦ ਨਹੀ' ਮੰਨ ਸਕਦੇ ਕਿਉ'ਕਿ ਇਉ' ਕੀਤਿਆਂ ਇਸਲਾਮ ਦੇ ਇਮਾਮੀ ਤਸਵਰ ਵਿੱਚ ਪਾੜਾ ਪੈਂਦਾ ਹੈ ਜੋ ਉਹਨਾਂ ਦੀ ਨਜ਼ਰ ਵਿੱਚ ਦੀਨੇ-ਮੁਹੰਮਦੀ ਦਾ ਨੁਕਸਾਨ ਕਰ ਸਕਦਾ ਹੈ । ਮਹਾਨ ਸੂਫੀ ਸਰਮਦ ਅਧੇ ਕਲਮੇ ਨੂੰ ਮੰਨਦਾ ਸੀ । ਬਾਕੀ ਅੱਧੇ ਨੂੰ ਨਾ ਮੰਨਣ ਦੇ ਜੁਰਮ ਵਿੱਚ ਉਸ ਸਿਰ ਕਲਮ ਕਰਵਾ ਲਿਆ ਸੀ । ਜੋ ਮੰਨਣ ਦੇ ਅਰਥ ਜਾਣਦੇ ਹਨ ਰਾਜ ਦੇ ਪ੍ਰਕੋਪ ਜਾਂ ਬਹੁਗਿਣਤੀ ਦੀ ਧਉ'ਸ ਨਾਲ ਕਦੇ ਨਹੀ' ਮੰਨਦੇ । ਆਪਣੇ ਸਮਾਜ ਦੇ ਅਕੀਦਿਆਂ, ਤੌਰ ਤਰੀਕਿਆਂ ਅਤੇ ਧਾਰਨਾਵਾਂ ਨੂੰ ਸ਼ੁੱਧ ਰੂਪ ਵਿੱਚ ਬਰਕਰਾਰ ਰੱਖਣਾਂ ਹਰ ਉਸ ਮਨੁਖ ਦਾ ਫਰਜ ਹੈ ਜੋ ਇਹਨਾਂ ਨੂੰ ਮਨੁਖ ਮਾਤਰ ਦੀ ਅਧਿਆਤਮਿਕ ਤਰੱਕੀ ਦੀ ਅਧਾਰਸ਼ਿਲਾ ਪ੍ਰਵਾਨ ਕਰਦਾ ਹੈ । ਸ਼ਬਦਾਂ ਦੇ ਅਨਰਥ ਕਰਦੀਆਂ ਕੌਮਾਂ ਆਪਣੀ ਹੋ'ਦ ਦੇ ਨਿਗਰ ਥੰਮ੍ਹਾਂ ਨੂੰ ਤਿੜਕਾ ਲੈਦੀਆਂ ਹਨ ਅਤੇ, ਪਤਾ ਲੱਗਣ ਤੋ' ਪਹਿਲਾਂ ਇਤਿਹਾਸ ਦੇ ਡੂੰਘੇ ਹਨੇਰਿਆਂ ਵਿੱਚ ਗਰਕ ਹੋ ਜਾਂਦੀਆਂ ਹਨ । ਸਫਾ-ਏ-ਹਸਤੀ ਤੋ' ਮਿਟ ਜਾਂਦੀਆਂ ਹਨ । ਸੈਂਕੜੇ ਸਾਲਾਂ ਦੀ ਘਾਲਣਾ ਨਾਲ ਤਰਾਸ਼ੇ ਆਪਣੀ ਬੋਲੀ ਦੇ ਨਿਰਣਾਇਕ ਸ਼ਬਦਾਂ ਦੇ ਅਸਲ ਅਰਥਾਂ ਨੂੰ ਕਾਇਮ ਰੱਖਣਾਂ ਹੀ ਮਨੁਖੀ ਵਰਤਾਰੇ ਦੀ ਉੱਤਮਤਾਈ ਦਾ ਮਿਆਰ ਹੈ । (ਇਸ਼ਕ ਨਗੀਨਾਂ ਸੋਈ ਸਮਝਣ ਜੋ ਹੋਵਣ ਆਪ ਨਗੀਨੇ । ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ ਕਾਇਰ ਲੋਕ ਕਮੀਨੇ)
(ਪੁਸਤਕ ਸਿੱਖ ਚੇਤਨਾ ਤੇ ਭਗਤ ਸਿੰਘ ਵਿਚੋ')

ਭਗਤ ਸਿੰਘ ਦੀ ਵਿਚਾਰਧਾਰਾ ਨਾਲ ਪੰਜਾਬ ਨਹੀਂ ਬਚਣਾ : ਸ. ਅਜਮੇਰ ਸਿੰਘ

ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜੇਕਰ ਉਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਰਤੀ ਰਾਸ਼ਟਰਵਾਦ ਦੇ ਕੋਹੜ ਨੂੰ ਗਲੋਂ ਲਾਹੁਣਾ ਪੈਣਾ ਹੈ…ਅੱਜ ਦੇ ਪ੍ਰਸੰਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ। ਇਸ ਵਿਚੋਂ ਪੰਜਾਬ ਦੀ ਬਰਬਾਦੀ ਦਾ ਰਾਹ ਨਿਕਲਦਾ ਹੈ ਅਤੇ ਇਹ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿਚ ਭੁਗਤਦੀ ਹੈ।…ਪੰਜਾਬ ਦੇ ਖੱਬੇ ਪੱਖੀ ਸਿਰਫ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਅਰੇ ਮਾਰ ਸਕਦੇ ਹਨ, ਪਰ ਭਾਰਤੀ ਸਟੇਟ ਦੇ ਖਿਲਾਫ਼ ਜੰਗ ਨਹੀਂ ਲੜ ਸਕਦੇ। ਉਹ ਭਾਰਤੀ ਸਟੇਟ ਦੀ ਬੋਲੀ ਬੋਲਣ ਲੱਗ ਪਏ ਹਨ ਅਤੇ ਸਿੱਖ ਸੰਘਰਸ਼ ਨੂੰ ਕੁਚਲਣ ਲਈ 'ਸਲਵਾ ਜੂਡਮ'' ਵੀ ਭੂਮਿਕਾ ਨਿਭਾਉਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।

ਰਾਜਿੰਦਰ ਸਿੰਘ ਰਾਹੀ

ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ 'ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ' ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਉਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਦਵਾਨਾਂ ਵਿੱਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਸ. ਅਜਮੇਰ ਸਿੰਘ ਤੋਂ ਇਲਾਵਾ, ਪ੍ਰੋ. ਐੱਸ. ਇਰਫਾਨ ਹਬੀਬ (ਅਲੀਗੜ੍ਹ), ਡਾ: ਆਤਮਾ ਰਾਮ, ਪ੍ਰੋ: ਜਗਮੋਹਣ ਸਿੰਘ, ਪ੍ਰੋ. ਕਮਲੇਸ਼ ਮੋਹਣ, ਪ੍ਰੋ. ਸੁਖਦੇਵ ਸਿੰਘ ਸੋਹਲ, ਡਾ. ਰਾਜਿੰਦਰਪਾਲ ਬਰਾੜ, ਡਾ. ਬਲਜੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਕੁਲਵੀਰ ਸਿੰਘ ਢਿਲੋਂ, ਸ੍ਰੀ ਸੁਧੀਰ ਵਿਦਿਆਰਥੀ, ਡਾ. ਦਰਸ਼ਨਪਾਲ, ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਵਾਈ.ਪੀ. ਬਜਾਜ, ਡਾ. ਗੁਰਜੰਟ ਸਿੰਘ, ਡਾ. ਚਮਕੌਰ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਅਵਤਾਰ ਸਿੰਘ, ਡਾ. ਸੁਖਪਾਲ ਸਿੰਘ, ਨਾਵਲਕਾਰ ਗੁਰਦਿਆਲ ਸਿੰਘ ਤੇ ਕਾਮਰੇਡ ਅੰਮ੍ਰਿਤਪਾਲ ਸ਼ਾਮਲ ਸਨ।

ਇਨ੍ਹਾਂ ਬੁਲਾਰਿਆਂ ਵਲੋਂ ਇੱਕ ਦੂਜੇ ਤੋਂ ਵੱਧ ਕੇ ਭਗਤ ਸਿੰਘ ਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਗਏ।ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ 'ਭਗਤ ਸਿੰਘ ਦਾ ਪਿਛੋਕੜ ਆਰੀਆ ਸਮਾਜੀ ਸੀ, ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ ਗ੍ਰੰਥ ਸਾਹਿਬ 'ਤੇ ਕਿਤਾਬ ਲਿਖ ਕੇ ਇਹ ਸਿੱਧ ਕੀਤਾ ਹੈ ਕਿ ਬਾਣੀ ਸਿਰਫ਼ ਵੇਦਾਂ ਦਾ ਹੀ ਉਤਾਰਾ ਹੈ। ਉਨ੍ਹਾਂ ਕਿਹਾ ਅੱਜ ਸਿੱਖਾਂ ਨੂੰ ਖੁਸ਼ ਕਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਵਿਚ ਸਿੱਖ ਸ਼ਬਦ ਘੁਸੇੜੇ ਜਾ ਰਹੇ ਹਨ ਜਦ ਕਿ ਉਸ ਦਾ ਸਿੱਖੀ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ।'


ਸ. ਅਜਮੇਰ ਸਿੰਘ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਿਛਲੇ ਸਾਲ 'ਹਿੰਦੁਸਤਾਨ ਟਾਈਮਜ਼' ਅਖਬਾਰ ਨੇ ਇਕ 'ਓਪੀਨੀਅਨ ਪੋਲ'' ਕਰਵਾਇਆ ਸੀ ਕਿ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਵਿਚੋਂ 'ਮਹਾਂ ਨਾਇਕ' ਦਾ ਰੁਤਬਾ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਸ ਵਿੱਚ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੀਆਂ ਵੋਟਾਂ ਤਕਰੀਬਨ ਬਰਾਬਰ ਬਰਾਬਰ ਸਨ। ਕਿਸੇ ਇਕ ਵੀ ਵਿਅਕਤੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਹੋਰ ਗਦਰੀ ਬਾਬੇ ਦਾ ਜ਼ਿਕਰ ਨਹੀਂ ਸੀ ਕੀਤਾ। ਸ: ਅਜਮੇਰ ਸਿੰਘ ਨੇ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਗਾਂਧੀ ਨੂੰ ਆਜ਼ਾਦੀ ਸੰਗਰਾਮ ਦੇ 'ਮਹਾਂ-ਨਾਇਕ'' ਵਜੋਂ ਜਾਣਿਆ ਜਾਂਦਾ, ਜਾਂ ਪੇਸ਼ ਕੀਤਾ ਜਾਂਦਾ ਹੈ। ਪ੍ਰੰਤੂ ਸੱਚ ਇਹ ਕਿ ਪੰਜਾਬੀ ਮਨ ਨੇ, ਜੇਕਰ ਹੋਰ ਵੱਧ ਠੀਕ ਤਰ੍ਹਾਂ ਕਹਿਣਾ ਹੋਵੇ ਤਾਂ 'ਸਿੱਖ ਮਨ' ਨੇ, ਕਦੇ ਵੀ ਗਾਂਧੀ ਨੂੰ 'ਮਹਾਂ-ਨਾਇਕ' ਵਜੋਂ ਪ੍ਰਵਾਨ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਕਈ ਵਿਚਾਰਧਾਰਾਵਾਂ ਕੰਮ ਕਰ ਰਹੀਆਂ ਸਨ ਅਤੇ ਇਨ੍ਹਾਂ ਵਿਚਕਾਰ ਤਿੱਖੀ ਕਸ਼ਮਕਸ਼ ਚਲਦੀ ਸੀ। ਇੱਕ ਗਾਂਧੀ ਦੀ ਵਿਚਾਰਧਾਰਾ ਸੀ, ਦੂਜੀ ਭਗਤ ਸਿੰਘ ਦੀ ਵਿਚਾਰਧਾਰਾ ਸੀ, ਇਕ ਹੋਰ ਤੀਜੀ ਵਿਚਾਧਾਰਾ ਮਹਾਤਮਾ ਫੂਲੇ ਤੇ ਡਾ. ਅੰਬੇਦਕਰ ਦੀ ਸੀ, ਜਿਹੜੀ ਦੇਸ਼ ਦੀ ਆਜ਼ਾਦੀ ਦੇ ਮਸਲੇ ਨੂੰ ਅਸਲੋਂ ਹੀ ਵੱਖਰੇ ਦ੍ਰਿਸ਼ਟੀਕੋਣ ਤੋਂ ਵਿਚਾਰਦੀ ਸੀ। ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿੱਚ ਇੱਕ ਸਾਂਝ ਸੀ ਕਿ ਉਨ੍ਹਾਂ ਦਾ ਸਾਰਾ ਜ਼ੋਰ ਰਾਜਨੀਤਕ ਆਜ਼ਾਦੀ ਦੇ ਪੱਖ ਵਿਚ ਉਲਰਿਆ ਹੋਇਆ ਸੀ। ਭਾਵੇਂ ਕਿ ਭਗਤ ਸਿੰਘ ਨਾਲ ਹੀ ਬਰਾਬਰ ਸਮਾਜਿਕ ਤਬਦੀਲੀ ਦੀ ਗੱਲ ਵੀ ਕਰਦਾ ਸੀ। ਪਰ ਇਸ ਦਾ ਉਸ ਕੋਲ ਮੌਲਿਕ ਤੇ ਠੋਸ ਮਾਡਲ ਕੋਈ ਨਹੀਂ ਸੀ। ਉਹ ਅਮੂਰਤ ਰੂਪ ਵਿਚ ਮਾਰਕਸਵਾਦੀ ਧਾਰਨਾਵਾਂ ਦਾ ਰਟਣ ਹੀ ਕਰਦਾ ਸੀ ਪਰ ਡਾ. ਅੰਬੇਡਕਰ ਅਤੇ ਮਹਾਤਮਾ ਫੂਲੇ ਕੋਲ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਰਥਿਕ ਤੇ ਸਮਾਜੀ ਵਿਵਸਥਾ ਦਾ ਇੱਕ ਵੱਖਰਾ ਮਾਡਲ ਸੀ। ਉਹ ਕਹਿੰਦੇ ਸਨ ਕਿ ਗੱਲ ਇਕੱਲੀ ਰਾਜਸੀ ਆਜ਼ਾਦੀ ਲੈਣ ਦੀ ਹੀ ਨਹੀਂ, ਉਨ੍ਹਾਂ ਕਰੋੜਾਂ ਦਲਿਤਾਂ ਨੂੰ ਮਨੁੱਖਾ ਜੂਨ ਪ੍ਰਦਾਨ ਕਰਨ ਦੀ ਹੈ ਜਿਨ੍ਹਾਂ ਨੂੰ ਸਦੀਆਂ ਤੋਂ ਬ੍ਰਾਹਮਣਵਾਦ ਦੇ ਜਾਤਪਾਤੀ ਸਿਸਟਮ ਨੇ ਪਸ਼ੂ ਬਣਾ ਰੱਖਿਆ ਹੈ। ਪਰ ਤ੍ਰਾਸਦੀ ਇਹ ਵਾਪਰੀ ਕਿ ਆਜ਼ਾਦੀ ਦੇ ਸੰਗਰਾਮ ਦੇ ਦੌਰਾਨ ਹੀ ਦੇਸ਼ ਦੇ ਕਰੋੜਾਂ ਦਲਿਤ ਲੋਕਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਬਹੁਤ ਹੀ ਹੁਸ਼ਿਆਰੀ, ਮੱਕਾਰੀ ਤੇ ਬੇਕਰਕੀ ਨਾਲ ਦਰਕਿਨਾਰ ਕਰ ਦਿੱਤਾ ਗਿਆ ਅਤੇ ਗਾਂਧੀ ਤੇ ਭਗਤ ਸਿੰਘ ਦੀ ‘ਰਾਸ਼ਟਰਵਾਦੀ’ ਵਿਚਾਰਧਾਰਾ ਨੂੰ 'ਸਰਵ-ਪ੍ਰਮਾਣਿਤ'' ਹੋਣ ਦਾ ਰੁਤਬਾ ਬਖ਼ਸ਼ ਦਿੱਤਾ ਗਿਆ। ਇਹੀ ਵਜ੍ਹਾ ਹੈ ਕਿ ਜੇਕਰ ਅੱਜ ਗੱਲ ਹੋ ਰਹੀ ਹੈ, ਤਾਂ ਉਹ ਸਿਰਫ਼ ਗਾਂਧੀ ਅਤੇ ਭਗਤ ਸਿੰਘ ਦੀ ਹੋ ਰਹੀ ਹੈ। ਦਲਿਤ ਚਿੰਤਕਾਂ ਤੇ ਆਗੂਆਂ ਨੂੰ ਲੱਗਭੱਗ ਦਫ਼ਨ ਕਰ ਦਿਤਾ ਗਿਆ ਹੈ।

ਸ: ਅਜਮੇਰ ਸਿੰਘ ਨੇ ਇਸ ਗੱਲ ਨੂੰ ਵੀ ਰੱਦ ਕੀਤਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਦਾ 'ਰੋਲ ਮਾਡਲ'' ਸਿਰਫ ਤੇ ਸਿਰਫ ਭਗਤ ਸਿੰਘ ਹੀ ਹੈ ਅਤੇ ਪੰਜਾਬ ਵਿਚ ਉਸੇ ਦੇ ਸਟਿੱਕਰ, ਕੈਲੰਡਰ ਅਤੇ ਫੋਟੋ ਵਿਕ ਰਹੇ ਹਨ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫੋਟੋ ਕੈਲੰਡਰ ਵੀ ਬਰਾਬਰ ਵੱਡੀ ਮਾਤਰਾ ਵਿਚ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੋਵਾਂ ਵਿਚ ਇਹ ਵੱਡਾ ਫਰਕ ਹੈ ਕਿ ਭਗਤ ਸਿੰਘ ਦੇ ਸਟਿੱਕਰ ਤਾਂ ਹਰ ਜਣਾ-ਖਣਾ ਫੈਸ਼ਨ ਵਜੋਂ ਵੀ ਲਾ ਸਕਦਾ ਹੈ ਜਦ ਕਿ ਸੰਤ ਭਿੰਡਰਾਂਵਾਲਿਆਂ ਦੇ ਫੋਟੋ ਸਟਿੱਕਰ ਉਹ ਹੀ ਵਰਤਦੇ ਹਨ ਜੋ ਇਕ ਵਿਚਾਰਧਾਰਾ ਨਾਲ ਪ੍ਰਤੀਬੱਧ ਹਨ। ਸਿੱਖ ਜਗਤ ਦਾ ਵੱਡਾ ਹਿਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 'ਰੋਲ ਮਾਡਲ'' ਵਜੋਂ ਦੇਖਦਾ ਹੈ।


ਸ. ਅਜਮੇਰ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਥੰਮ ਹਨ, ਪਹਿਲਾ ਨੈਸ਼ਨਲਲਿਜ਼ਮ (ਰਾਸ਼ਟਰਵਾਦ), ਦੂਜਾ ਸੈਕੂਲਰਿਜ਼ਮ (ਧਰਮ ਨਿਰਪੱਖਤਾ), ਤੇ ਤੀਜਾ ਸੋਸ਼ਲਿਜਮ (ਸਮਾਜਵਾਦ)। ਇਹ ਤਿੰਨੇ ਸੰਕਲਪ ਹੀ ਪੱਛਮ ਵਿਚ ਪੈਦਾ ਹੋਏ ਹਨ। ਪੱਛਮ ਦੇ ਚਿੰਤਕਾਂ ਨੇ ਰਾਸ਼ਟਰਵਾਦ ਨੂੰ ਧਰਮ ਤੋਂ ਉਪਰ ਥਾਂ ਦਿੱਤੀ ਹੈ, ਉਨ੍ਹਾਂ ਨੇ ਵੱਖ ਵੱਖ ਸੱਭਿਆਚਾਰਾਂ ਤੇ ਪਛਾਣਾਂ ਨੂੰ ਦਰੜਕੇ ਰਾਸ਼ਟਰਵਾਦ ਰਾਹੀਂ 'ਇੱਕ ਕੌਮ ਇੱਕ ਦੇਸ਼'' ਦਾ ਸੰਕਲਪ ਪੈਦਾ ਕੀਤਾ ਹੈ। ਇਸ ਰਾਸ਼ਟਰਵਾਦ ਵਿਚੋਂ ਹੀ ਬਸਤੀਵਾਦ ਦਾ ਜਨਮ ਹੋਇਆ ਸੀ ਅਤੇ ਇਸ ਵਿਚੋਂ ਹੀ ਸੰਸਾਰ ਜੰਗਾਂ ਦਾ ਕੈਂਸਰ ਤੇ ਹਿਟਲਰ ਦਾ ਫਾਂਸ਼ੀਵਾਦ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਰਾਸ਼ਟਰਵਾਦ ਦਾ ਸੰਕਲਪ ਬੰਗਾਲ ਦੇ ਸਵਰਨ ਜਾਤੀ ਬੁੱਧੀਮਾਨਾਂ ਨੇ ਅਪਣਾਇਆ ਤੇ ਪ੍ਰਚਾਰਿਆ। ਉਨ੍ਹਾਂ ਨੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਨੂੰ ਰਲਗੱਡ ਕਰ ਦਿੱਤਾ ਹੈ। ਦੇਸ਼ ਭਗਤੀ ਇੱਕ ਜਜ਼ਬਾ ਹੈ ਜਦ ਕਿ ਰਾਸ਼ਟਰਵਾਦ ਇੱਕ ਵਿਚਾਰਧਾਰਾ ਹੈ। ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਸ ਵਿਚ ਵੱਖ-ਵੱਖ ਧਰਮਾਂ ਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਪਰ ਰਾਸ਼ਟਰਵਾਦੀ ਦੇਸ਼ ਭਗਤਾਂ ਨੇ ਇਹ ਸ਼ਰਤ ਬਣਾ ਦਿੱਤੀ ਕਿ ਇਨ੍ਹਾਂ ਸੱਭਿਆਚਾਰਾਂ ਤੇ ਪਛਾਣਾਂ ਨੂੰ ਖ਼ਤਮ ਕਰਕੇ ਇਕੋ ਸਾਂਝੀ ਭਾਰਤੀ ਕੌਮ ਤੇ ਇਕੋ ਸਾਂਝੀ ਭਾਰਤੀ ਪਛਾਣ ਸਥਾਪਤ ਕੀਤੀ ਜਾਵੇ, ਤਾਂ ਕਿ ਦੇਸ਼ ਇੱਕ ਮੁੱਠ ਤੇ ਇਕੱਠਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਸਕੇ। ਭਗਤ ਸਿੰਘ ਇਸੇ ਰਾਸ਼ਟਰਵਾਦ ਦਾ ਬੁਲਾਰਾ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਹ ਰਾਸ਼ਟਰਵਾਦ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਹੈ, ਜਿਸ ਨੂੰ ਭਾਰਤ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ ਤੇ ਦਲਿਤਾਂ ਦੇ ਖਿਲਾਫ਼ ਹਥਿਆਰ ਵਜੋਂ ਬੇਰਹਿਮੀ ਨਾਲ ਵਰਤਿਆ ਜਾ ਰਿਹਾ ਹੈ। ਇਸ ਘਾਤਕ ਹਥਿਆਰ ਨਾਲ ਘੱਟ ਗਿਣਤੀ ਵਰਗਾਂ ਦੇ ਧਰਮ, ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹ-ਢੇਰੀ ਕੀਤਾ ਜਾ ਰਿਹਾ ਹੈ। ਰਾਸ਼ਟਰਵਾਦ ਵਿਚੋਂ ਹੀ ਕੌਮਾਂ ਦੇ ਸਰਬਨਾਸ਼ (Genocide) ਦਾ ਏਜੰਡਾ ਨਿਕਲਦਾ ਹੈ। ਸ: ਅਜਮੇਰ ਸਿੰਘ ਨੇ ਰਾਸ਼ਟਰਵਾਦ ਦੇ ਖ਼ਤਰੇ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਦੀ ਨਸਲੀ ਤੇ ਸਭਿਆਚਾਰਕ ਵਿਭਿੰਨਤਾ ਇਸ ਤਰ੍ਹਾਂ ਹੈ ਜਿਵੇਂ ਪਲੇਟ ਵਿਚ ਸਲਾਦ ਪਿਆ ਹੋਵੇ, ਜਿਸ ਵਿਚ ਖੀਰਾ, ਮੂਲੀ, ਪਿਆਜ, ਧਨੀਆ, ਚਕੰਦਰ, ਬਰੌਕਲੀ, ਅਦਿ ਵਸਤਾਂ ਵੱਖ-ਵੱਖ ਪਈਆਂ ਵੀ ਇਕੱਠੀਆਂ ਹੁੰਦੀਆਂ ਹਨ, ਪਰ ਜੇਕਰ ਇਨ੍ਹਾਂ ਨੂੰ ਗਰਾਇੰਡਰ ਵਿਚ ਪਾ ਕੇ ਚਟਣੀ ਬਣਾ ਦਿੱਤੀ ਜਾਵੇ ਤਾਂ ਚਟਣੀ ਵਿਚੋਂ ਉਸੇ ਚੀਜ਼ ਦਾ ਸੁਆਦ ਵੱਧ ਆਵੇਗਾ ਜਿਸ ਦੀ ਮਾਤਰਾ ਵੱਧ ਹੋਵੇਗੀ। ਸੋ ਭਾਰਤੀ ਸਟੇਟ ਅਤੇ ਭਗਤ ਸਿੰਘ ਦਾ ਰਾਸ਼ਟਰਵਾਦ, ਵੱਖ-ਵੱਖ ਕੌਮਾਂ, ਧਰਮਾਂ ਅਤੇ ਸੱਭਿਆਚਾਰਾਂ ਦੀ ਚਟਣੀ ਬਣਾਉਣ ਦਾ ਕੰਮ ਕਰਦਾ ਹੈ ਪਰ ਬਦਕਿਸਮਤੀ ਨਾਲ ਇਸ ਚਟਣੀ ਵਿਚ ਹਿੰਦੂ ਪਦਾਰਥ ਵੱਧ ਹੈ, ਸੋ ਇਹ ਚਟਣੀ ਹਿੰਦੂ ਚਟਣੀ ਹੀ ਵੱਜੇਗੀ। ਸੋ ਅੱਜ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜੇਕਰ ਉਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਰਤੀ ਰਾਸ਼ਟਰਵਾਦ ਦੇ ਕੋਹੜ ਨੂੰ ਗਲੋਂ ਲਾਹੁਣਾ ਪੈਣਾ ਹੈ ਅਤੇ ਸਿੱਖ ਗੁਰੂ ਸਾਹਿਬਾਨ ਦੇ ਸੁਪਨਿਆਂ ਦਾ ਨਵਾਂ ਪੰਜਾਬ ਸਿਰਜਣਾ ਪੈਣਾ ਹੈ। ਇਸ ਕਰਕੇ ਭਗਤ ਸਿੰਘ ਦੀ ‘ਸ਼ਹਾਦਤ’ ਤੇ ‘ਕੁਰਬਾਨੀ’ ਤੋਂ ਪ੍ਰੇਰਣਾ ਲੈਣੀ ਇਕ ਗੱਲ ਹੈ ਪਰ ਅੱਜ ਦੇ ਪ੍ਰਸੰਗ ਵਿਚ ਉਸ ਦੀ ਵਿਚਾਰਧਾਰਾ ਨੂੰ ਅਪਨਾਉਣਾ ਬਿਲਕੁਲ ਵੱਖਰੀ ਗੱਲ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਦੇ ਪ੍ਰਸੰਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ। ਇਸ ਵਿਚੋਂ ਪੰਜਾਬ ਦੀ ਬਰਬਾਦੀ ਦਾ ਰਾਹ ਨਿਕਲਦਾ ਹੈ ਅਤੇ ਇਹ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿਚ ਭੁਗਤਦੀ ਹੈ।

ਸ. ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਿੱਖ ਮਨ ਨੇ ਸਿਰਫ ਭਗਤ ਸਿੰਘ ਦੇ ‘ਸ਼ਹਾਦਤ’ ਵਾਲੇ ਪੱਖ ਨੂੰ ਹੀ ਅਪਣਾਇਆ ਹੈ, ਇਹ ਇਸ ਕਰਕੇ ਹੈ ਕਿਉਂਕਿ ਸਿੱਖਾਂ ਦਾ ਇਤਿਹਾਸਕ ਵਿਰਸਾ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਅੰਦਰੋਂ ਅੱਜ ਇਨਕਲਾਬੀ ਕਣ ਮਰ ਚੁੱਕਾ ਹੈ। ਉਹ ਸਿਰਫ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਅਰੇ ਮਾਰ ਸਕਦੇ ਹਨ, ਪਰ ਭਾਰਤੀ ਸਟੇਟ ਦੇ ਖਿਲਾਫ਼ ਜੰਗ ਨਹੀਂ ਲੜ ਸਕਦੇ। ਛਤੀਸਗੜ੍ਹ ਤੇ ਹੋਰਨਾਂ ਕਬਾਇਲੀ ਖੇਤਰਾਂ ਦੇ ਮਾਓਵਾਦੀਆਂ ਦੀ ਭਗਤ ਸਿੰਘ ਵਿਚ ਸ਼ਰਧਾ ਸੱਚੀ ਤੇ ਸੁੱਚੀ ਹੈ। ਪਰ ਪੰਜਾਬ ਦੇ ਖੱਬੇ ਪੱਖੀ ਭਗਤ ਸਿੰਘ ਦੇ ਵਾਰਸ ਨਹੀਂ ਰਹੇ। ਉਹ ਭਾਰਤੀ ਸਟੇਟ ਦੀ ਬੋਲੀ ਬੋਲਣ ਲੱਗ ਪਏ ਹਨ ਅਤੇ ਸਿੱਖ ਸੰਘਰਸ਼ ਨੂੰ ਕੁਚਲਣ ਲਈ 'ਸਲਵਾ ਜੂਡਮ'' ਵੀ ਭੂਮਿਕਾ ਨਿਭਾਉਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਸੋ ਭਾਰਤ ਦੇ ਅਜੋਕੇ ਪ੍ਰਸੰਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਦੇ ਗੁਣਾਂ, ਔਗੁਣਾਂ ਬਾਰੇ ਠੰਢੇ ਮਨ ਨਾਲ ਸੰਵਾਦ ਛੇੜਨ ਦੀ ਜ਼ਰੂਰਤ ਹੈ।
98157-51332