
ਏਨਾ ਕੁ ਤੱਥ ਜਾਣਨ ਲਈ ਧੁਰੰਦਰ ਭਾਸ਼ਾ ਵਿਗਿਆਨੀ ਹੋਣ ਦੀ ਲੋੜ ਨਹੀ' ਕਿ ਕਿਸੇ ਵੀ ਬੋਲੀ ਦੇ ਲਫਜ਼ਾਂ ਦੀ ਪਿੱਠ ਉਤੇ ਉਸ ਬੋਲੀ ਨੂੰ ਬੋਲਣ ਵਾਲਿਆਂ ਦੇ ਅਨੇਕਾਂ ਧਾਰਮਕ ਅਕੀਦੇ, ਸਭਿਆਚਾਰਕ ਕਦਰਾਂ ਕੀਮਤਾਂ, ਇਤਿਹਾਸਕ ਪਰੰਪਰਾਵਾਂ ਅਤੇ ਮਨੌਤਾਂ ਆਦਿ ਦੇ ਕਈ ਪਹਿਲੂ ਅਸਵਾਰ ਹੁੰਦੇ ਹਨ । ਹਰ ਬੋਲੀ ਵਿੱਚ ਕਈ ਸ਼ਬਦਾਂ ਨਾਲ ਅਧਿਆਤਮਕ ਜੀਵਨ ਦੇ ਕਈ ਪੱਖ, ਸਦੀਵੀ ਜੀਵਨ ਦੀਆਂ ਤਾਂਘਾਂ, ਮੁਕਤੀ ਦੇ ਸੰਕਲਪ ਅਤੇ ਪ੍ਰਮਾਤਮਾਂ ਨੂੰ ਰਿਝਾਉਣ ਦੀ ਘਾਲਣਾ ਦੇ ਸੰਕੇਤ ਇਤਿਆਦੀ ਵੀ ਰਲਗੱਡ ਹੁੰਦੇ ਹਨ । ਅਰਬੀ ਮੂਲ ਦਾ ਅਜਿਹਾ ਲਫਜ਼ ਹੈ 'ਸ਼ਹਾਦਤ'। ਪ੍ਰਮੁਖ ਤੌਰ ਉਤੇ ਸ਼ਹਾਦਤ ਦਾ ਸੰਕਲਪ ਇਸਾਈ ਮੱਤ, ਇਸਲਾਮ ਅਤੇ ਸਿੱਖ ਮੱਤ ਵਿੱਚ ਪ੍ਰਚੱਲਤ ਹੈ । ਜਦੋ'ਇਸਲਾਮੀ ਸਭਿਅਤਾ ਹਿੰਦੋਸਤਾਨ ਉਤੇ ਭਾਰੂ ਹੋਈ ਤਾਂ ਸ਼ਹੀਦ ਦਾ ਸੰਕਲਪ ਵੀ ਏਸ ਨਾਲ ਏਥੇ ਪੁੱਜਾ । ਇਸਲਾਮ ਵਿੱਚ ਵੀਹ ਕਿਸਮ ਦੀ ਮੌਤ ਮਰਨ ਵਾਲਿਆਂ ਨੂੰ ਸ਼ਹੀਦੀ ਦਰਜਾ ਮਿਲਦਾ ਹੈ । ਸੁਲਤਾਨ ਮਹਿਮੂਦ ਗਜ਼ਨੀ ਦਾ ਭਤੀਜਾ ਗਾਜ਼ੀ ਮੀਆਂ (ਸਲਾਰ ਮਸੂਦ) ਸ਼ਾਇਦ ਹਿੰਦ ਵਿੱਚ ਪਹਿਲਾ ਮੁਸਲਮਾਨ ਸ਼ਹੀਦ ਸੀ ਜੋ ਕਿ 'ਕਾਫਿਰਾਂ' ਵਿਰੁੱਧ ਜਹਾਦ ਵਿੱਚ ਮਰਿਆ । ਏਸ ਨੂੰ ਸ਼ਹੀਦੀ ਰੁਤਬਾ ਮਿਲਿਆ ਅਤੇ ਏਸਦੀ ਮਜ਼ਾਰ ਦੀ ਪੂਜਾ ਅੱਜ ਤੱਕ ਹਿੰਦੂ ਮੁਸਲਮਾਨ ਦੋਨੋ'ਕਰਦੇ ਹਨ । ਫਿਰੋਜ਼ਪੁਰ ਐਸ। ਐਸ। ਪੀ। ਦੀ ਕੋਠੀ ਦੀ ਕੰਧ ਨਾਲ ਜਿਸ ਪੀਰ ਬਹਾਵਲ ਸ਼ਾਹ ਦਾ ਮਜ਼ਾਰ ਹੈ ਉਸ ਦੇ ਸੁਤੇ ਪਏ ਦੇ ਸਰ੍ਹਾਣੇ ਚੋਰ, ਚੋਰੀ ਦਾ ਮਾਲ ਭੇਟ ਕਰ ਗਿਆ ਸੀ ਜੋ ਮਗਰੇ ਆਉ'ਦੀ ਵਾਹਰ ਨੇ ਬਰਾਮਦ ਕਰ ਲਿਆ ਅਤੇ ਏਸ ਨੂੰ ਚੋਰ ਸਮਝ ਕੇ ਮਾਰ ਦਿੱਤਾ । ਨਾ-ਹੱਕ ਮਾਰੇ ਜਾਣ ਕਾਰਨ ਇਹ ਵੀ ਸ਼ਹੀਦ ਅਖਵਾਇਆ ਅਤੇ ਏਸਦੀ ਮਜਾਰ ਉੱਤੇ ਚੰਗੀ ਰੌਣਕ ਲਗਦੀ ਹੈ ।
ਕੌਮਾਂ ਦੇ ਸਭਿਆਚਾਰਕ ਪ੍ਰਭਾਵ ਨੂੰ ਨਸ਼ਟ ਕਰਨ ਲਈ ਅਪਣਾਇਆ ਗਿਆ ਇੱਕ ਤਰੀਕਾ ਇਹ ਵੀ ਹੈ ਕਿ ਉਸਦੇ ਨਿਰਣਾਇਕ ਅਕੀਦਿਆਂ ਨੂੰ ਪ੍ਰਗਟ ਕਰਦੇ ਸ਼ਬਦ ਅਤੇ ਨਾਂਵਾਂ ਇਤਿਆਦਿ ਨੂੰ ਨਵੇ' ਅਤੇ ਕਈ ਵਾਰੀ' ਵਿਰੋਧੀ ਅਰਥ ਪ੍ਰਦਾਨ ਕੀਤੇ ਜਾਣ । ਧਰਮਾਂ ਦੇ ਇਤਿਹਾਸ ਵਿੱਚ ਇਹ ਵਰਤਾਰਾ ਕਈ ਵਾਰ ਵਰਤਿਆ ਹੈ । ਆਰੀਆਂ ਤੋ' ਬਾਅਦ ਇਰਾਨ ਵਿੱਚ ਵਸਣ ਵਾਲੇ ਪਾਰਸੀਆਂ ਦੀਆ ਧਰਮ ਪੁਸਤਕਾਂ ਨੇ ਇੰਦ੍ਰ ਨੂੰ ਦਾਨਵ ਰੂਪ ਵਿੱਚ ਚਿਤਰਿਆ । ਹਿੰਦ ਵਿੱਚ ਆਰੀਆਂ ਨੇ ਦ੍ਰਾਵਿੜ ਸਭਿਅਤਾ ਖਤਮ ਕਰਨ ਲਈ ਰਾਵਣ ਨੂੰ ਬੁਰਾਈ ਦਾ ਪ੍ਰਤੀਕ ਬਣਾ ਧਰਿਆ । ਇਉ'ਇਤਿਹਾਸ ਵਿੱਚ ਅਨੇਕਾਂ ਦੇਵਤਿਆਂ ਦਾ ਦਾਨਵੀਕਰਣ ਹੋਇਆ ।

ਸਿੱਖਾਂ ਦੇ ਦੋਸਤ ਨਹੀ' ਜਾਣਦੇ ਪ੍ਰੰਤੂ ਵਿਰੋਧੀ ਸਪਸ਼ਟ ਹਨ ਕਿ ਏਸ ਬਿੰਬ ਦਾ ਤਿੜਕ ਜਾਣਾ ਸਿੱਖ ਕੌਮੀ ਜੀਵਨ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ ।
ਜ਼ਾਹਰ ਹੈ ਕਿ ਹਿੰਦੋਸਤਾਨਿਆਂ ਵਿੱਚੋ' ਸ਼ਹੀਦੀ ਪ੍ਰੰਪਰਾਂ ਨੂੰ ਨਵੇ' ਨਰੋਏ ਰੂਪ ਵਿੱਚ ਕੇਵਲ ਅਤੇ ਕੇਵਲ ਸਿੱਖਾਂ ਨੇ ਹੀ ਅਪਣਾਇਆ ਸੀ ਅਤੇ ਅੱਜ ਤੱਕ ਇਹ ਏਸ ਦੇ ਵਾਹਦ ਪੈਰੋਕਾਰ ਚਲੇ ਆਉ'ਦੇ ਹਨ । ਕਿਸੇ ਵੀ ਲੇਖੇ ਜੋਖੋ ਅਨੁਸਾਰ ਸ਼ਹਾਦਤ ਦਾ ਦਰਜਾ ਪ੍ਰਾਪਤ ਕਰਨ ਵਾਲੇ ਸਭ ਤੋ' ਵੱਧ ਸਿੱਖ ਹੀ ਹਨ । ਏਸ ਲਈ ਏਸ ਸ਼ਬਦ ਦੀ ਵਿਆਖਿਆ ਅਤੇ ਏਸ ਦਾ ਪ੍ਰੀਭਾਸ਼ਾ ਨਿਰਧਾਰਨ ਕੇਵਲ ਸਿੱਖ ਅਕੀਦਿਆਂ, ਸਿੱਖ-ਇਤਿਹਾਸ ਅਤੇ ਪੰਰਪਰਾ ਦੇ ਸੰਦਰਭ ਵਿੱਚ ਹੋ ਸਕਦਾ ਹੈ । ਸ਼ਹੀਦ ਸ਼ਬਦ ਦੇ ਓਹੋ ਅਰਥ ਜਾਇਜ਼ ਹਨ ਜਿਨ੍ਹਾਂ ਨੂੰ ਕਾਇਮ ਰੱਖਣ ਲਈ ਮਹਾਂ ਪਰਉਪਕਾਰੀ ਖਾਲਸਾ ਪੰਥ ਦੇ ਅਨੇਕਾਂ ਕਾਫਲੇ ਏਸ ਰਾਹ ਉਤੋ' ਹੋ ਗੁਜ਼ਰੇ ਹਨ । ਅਜੇਹਾ ਨਾ ਕਰਨਾ ਅਨਰਥ ਕਰਨਾ ਹੈ । ਅਰਥ ਸ਼ਬਦ ਤੋ' ਪੰਜਾਬੀ ਵਾਲੇ 'ਮਾਇਨਾ' ਸਮਝਦੇ ਹਨ, ਅੰਗ੍ਰੇਜ਼ੀ ਬੋਲੀ ਵਾਲੇ 'ਧਰਤੀ' ਅਤੇ ਸੰਸਕ੍ਰਿਤ ਵਾਲੇ 'ਦਰਬ' ਜਾਂ 'ਪਦਾਰਥ' । ਜੇ ਤਿਨੋ' ਆਪੋ ਆਪਣੇ ਤਸੱਵਰ ਉਤੇ ਕਾਇਮ ਰਹਿਣ ਤਾਂ ਕਿਸੇ ਕਿਸਮ ਦਾ ਅਰਥ ਭਰਪੂਰ ਵਾਰਤਾਲਾਪ ਸੰਭਵ ਨਹੀ' । ਵਿੱਚਾਰ ਅਗੇ ਤੋਰਨ ਤੋ' ਪਹਿਲਾਂ 'ਸ਼ਹੀਦ' ਸਬਦ ਦੀ ਏਥੋ' ਦੀ ਪ੍ਰੰਪਰਾ ਅਨੁਸਾਰ ਪ੍ਰੀਭਾਸ਼ਾ ਕਾਇਮ ਕਰਨਾ ਨਿਹਾਇਤ ਜ਼ਰੂਰੀ ਹੈ ।
ਸਭ ਤੋ' ਪਹਿਲਾਂ ਇਹ ਜ਼ਰੂਰੀ ਹੈ ਕਿ ਸ਼ਹੀਦ ਅਖਵਾਉਣ ਦਾ ਹੱਕਦਾਰ ਪ੍ਰਮਾਤਮਾਂ ਵਿੱਚ ਯਕੀਨ ਰੱਖਦਾ ਹੋਵੇ ਅਤੇ ਮੰਨਦਾ ਹੋਵੇ ਕਿ ਉਹ ਸਾਰੇ ਸੰਸਾਰ ਦਾ ਅਸਲ ਬਾਦਸ਼ਾਹ ਹੈ । ਉਹ ਸੰਸਾਰ ਵਿੱਚ ਜਨਤਾ ਨੂੰ ਨਿਆਂ ਦੇਣ, ਉਸਦੇ ਧਾਰਮਿਕ ਅਕੀਦਿਆਂ ਦੀ ਰੱਖਿਆ ਕਰਨ ਅਤੇ ਅਥਾਹ ਸੁਖ ਮਾਨਣ ਦੇ ਅਧਿਕਾਰਾਂ ਨੂੰ ਮਹਿਫੂਜ਼ ਰੱਖਣ ਦੇ ਇਰਾਦੇ ਨਾਲ ਹਾਕਮ ਸਿਰਜਦਾ ਹੈ । ਏਸ ਇਲਾਹੀ ਇਰਾਦੇ ਨੂੰ ਉਸਦਾ 'ਭਾਣਾਂ' ਜਾ 'ਹੁਕਮ' ਆਖਿਆ ਗਿਆ ਹੈ । ਜਦੋ' ਕੋਈ ਰਾਜ ਕਰਨ ਵਾਲਾ ਇਹਨਾਂ ਮੁੱਢਲੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਹੁਕਮ ਅੰਦਰ ਵਿੱਚਰਦੇ ਮਹਾਂਪੁਰਖਾਂ ਦਾ ਫਰਜ਼ ਬਣਦਾ ਹੈ ਕਿ ਉਹ ਅਸ਼ਾਂਤੀ, ਅਨਿਆਂ ਅਤੇ ਅਧਰਮ ਦਾ ਵਿਰੋਧ ਕਰਨ । ਏਸ ਪ੍ਰਕਿਰਿਆ ਦੀ ਪਉੜੀ ਦਾ ਆਖਰੀ ਡੰਡਾ ਹੈ ਜਾਨ ਕੁਰਬਾਨ ਕਰ ਦੇਣਾ । ਇਹ ਪੰਜਾਬ ਦੀ ਸ਼ਹੀਦੀ ਪ੍ਰੰਪਰਾ ਦਾ ਸਾਰ ਹੈ ।
ਏਸ ਮੱਤ ਅਨੁਸਾਰ ਸ਼ਹਾਦਤ ਇੱਕ ਦੋ-ਧਾਰਾ ਖੰਡਾ ਹੈ । ਏਸ ਦੀ ਸੰਸਾਰਮੁਖੀ ਧਾਰ ਪ੍ਰਗਟ ਕਰਦੀ ਹੈ ਕਿ ਸੱਚ ਕੀ ਹੈ ਅਤੇ ਉਸ ਰਾਹ ਉਤੇ ਤੁਰਨ ਦੀ ਧਰਮੀ' ਲੋਕਾਂ ਦੀ ਨਿਰੂਪਣ ਕੀਤੀ ਕੀ ਰੀਤ ਹੈ । ਏਸ ਦੀ ਦੂਜੀ ਧਾਰ ਹੈ ਪ੍ਰਮਾਤਮਾਂ ਦੀ ਦਰਗਾਹ ਵਿੱਚ ਪੁਕਾਰ ਕਰਨਾਂ ਤਾਕਿ ਜਾਲਮਾਂ ਦਾ ਰਾਜ ਕਰਨ ਦਾ ਅਧਿਕਾਰ ਵਾਪਸ ਲਿਆ ਜਾਵੇ ਕਿਉ'ਕਿ ਉਹ ਏਸ ਦੀ ਦੁਰਵਰਤੋ' ਕਰਕੇ ਲੋਕਾਂ ਨੂੰ ਦੁਖ ਦੇ ਰਹੇ ਹਨ ਅਤੇ ਧਰਮੀਆਂ ਦਾ ਜਿਉਣਾਂ ਦੂਭਰ ਕਰ ਰਹੇ ਹਨ । ਰਤਨ ਸਿੰਘ ਭੰਗੂ ਅਨੁਸਾਰ ਗੁਰਬਖਸ਼ ਸਿੰਘ ਸ਼ਹੀਦ ਅਤੇ ਉਹਨਾਂ ਦੇ ਚੰਦ ਸਾਥੀ ਏਸ ਅਕੀਦੇ ਅਧੀਨ ਅਤਰ ਫੁਲੇਲ ਮਲ ਕੇ ਫੁਲਾਂ ਦੇ ਹਾਰ ਪਾ ਕੇ ਤਿਆਰ ਹੋਏ ਅਤੇ ਬੜੇ ਚਾਵ੍ਹਾਂ ਮਲ੍ਹਾਰਾਂ ਨਾਲ ਅਹਿਮਦਸ਼ਾਹ ਅਬਦਾਲੀ ਦੇ ਟਿੱਡੀ ਦਲ ਦਾ ਮੁਕਾਬਲਾ ਕਰਨ ਲਈ ਮੈਦਾਨੇ ਜੰਗ ਵਿੱਚ ਉਤਰੇ ।

ਸ਼ਹੀਦੀ ਸਭਿਆਚਾਰਾਂ ਦੇ ਭੇੜਾਂ ਵਿੱਚ ਪਣਪਦੀ ਹੈ । ਸ਼ਹੀਦ ਲਈ ਉਤਮ ਸਭਿਆਚਾਰ ਦੇ ਦਾਰਸ਼ਨਿਕ ਪੱਖ ਦਾ ਸਮਰਥਨ ਜ਼ਰੂਰੀ ਹੈ। ਮਨੁਖੀ ਗੁਲਾਮੀ ਨੂੰ ਕਾਇਮ ਰੱਖਣ ਲਈ ਲੜਦੇ ਅੰਗ੍ਰੇਜ਼ਾਂ ਜਾਂ ਦੱਖਣੀ ਅਮਰੀਕਨਾਂ ਵਿੱਚੋ' ਕੁਈ ਵੀ ਸ਼ਹੀਦੀ ਦਰਜੇ ਦਾ ਦਾਅਵੇਦਾਰ ਨਹੀ' ਹੋ ਸਕਦਾ ।
ਸ਼ਹੀਦੀ ਦਰਜੇ ਦੀ ਇਕ ਬਾਰੀਕੀ ਇਹ ਵੀ ਹੈ ਕਿ ਸ਼ਹੀਦ ਹੋਣ ਵਾਲੇ ਕੋਲ ਜਾਨ ਬਚਾ ਲੈਣ ਦਾ ਵਿਕਲਪ ਮੌਜੂਦ ਹੋਵੇ । ਸਭ ਪੁਰਾਤਨ ਸਿੰਘਾਂ ਉਤੇ ਏਹੋ ਫਤਵਾ ਲੱਗਦਾ ਸੀ ਕਿ ਮੌਤ ਕਬੂਲੋ ਜਾਂ ਇਸਲਾਮ । ਜਿਉ'ਦੇ ਰਹਿਣ ਦੇ ਲਾਲਚ ਵਿੱਚ ਕੈਂਟਰਬਰੀ ਦਾ ਆਰਕਬਿਸ਼ਪ ਥੌਮਸ ਕਰੈਨਮਰ, ਇਮਾਨ ਤੋ' ਵਕਤੀ ਤੌਰ ਉਤੇ ਡੋਲ ਗਿਆ ਸੀ, ਏਸ ਲਈ ਉਸਨੂੰ ਧਦਕਦੀ ਅੱਗ ਵਿੱਚ ਆਪਣਾ ਬੇ-ਦਾਵਾ ਲਿਖਣ ਵਾਲਾ ਹੱਥ ਪਹਿਲਾਂ ਜਿਉ'ਦੇ ਜੀ ਸਾੜ ਕੇ ਸ਼ਹੀਦ ਪਦਵੀ ਦਾ ਦਾਅਵੇਦਾਰ ਬਣਨਾ ਪਿਆ । ਮੁਕਤਸਰ ਦੇ ਚਾਲੀ ਮੁਕਤਿਆਂ ਦੀ ਗਾਥਾ ਤੋ'ਤਾਂ ਹਰ ਕੁਈ ਵਾਕਫ ਹੈ ।

(ਪੁਸਤਕ ਸਿੱਖ ਚੇਤਨਾ ਤੇ ਭਗਤ ਸਿੰਘ ਵਿਚੋ')