1950ਵਿਆਂ ’ਚ ਨਾਗਾਲੈਂਡ, 1960ਵਿਆਂ ’ਚ ਮਿਜ਼ੋਰਮ, ਜੂਨ 1984 ’ਚ ਸਿੱਖ ਕੌਮ, 1989 ਤੋਂ ਕਸ਼ਮੀਰੀ ਅਤੇ ਹੁਣ ਨਕਸਲਵਾਦੀ
ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਅਰਾਮਦੇਹ ਕੋਠੀਆਂ ਵਿੱਚ ਬੈਠੇ ਭਾਰਤੀ ਹਾਕਮਾਂ ਅਤੇ ਉਹਨਾਂ ਦੀ ਅਫਸਰਸ਼ਾਹੀ ਨੇ ਕਦੀ ਗੰਭੀਰਤਾ ਨਾਲ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਰਤੀ ਸੁਸਾਇਟੀ ਦੇ ਸਭ ਤੋਂ ਹੇਠਲੇ ਡੰਡੇ ’ਤੇ ਖਲੋਤੇ ਗਰੀਬ ਆਦਿਵਾਸੀਆਂ ਅਤੇ ਦਲਿਤਾਂ ਨੇ, ਨਕਸਲਵਾਦ ਵਰਗੀ ਸੰਗਠਤ ਹਥਿਆਰਬੰਦ ਬਗਾਵਤ ਕਿਉਂ ਸਿਰਜੀ? ਜਿਹਨਾਂ ਹੱਥਾਂ ਵਿੱਚ ਸਦੀਆਂ ਤੋਂ ਸਿਰਫ ਤੀਰ-ਕਮਾਨ ਫੜ੍ਹੇ ਹੋਏ ਸਨ, ਅੱਜ ਉਹ ਭਾਰਤੀ ਸੁਰੱਖਿਆ ਫੋਰਸਾਂ ਨੂੰ ਸਿੱਧੀ ਹਥਿਆਰਬੰਦ ਟੱਕਰ ਕਿਉਂ ਦੇ ਰਹੇ ਹਨ? ਜੇ ਭਾਰਤੀ ਸ਼ਾਸ਼ਕ ਇਸ ਸਮੱਸਿਆ ਦਾ ‘ਈਮਾਨਦਾਰੀ’ ਨਾਲ ਪੜਚੋਲ ਕਰਕੇ, ਹੱਲ ਕੱਢਣ ਦਾ ਯਤਨ ਕਰਦੇ ਤਾਂ ਇਹ ‘ਮਨੁੱਖੀ ਹੱਲ’ ਹੋਣਾ ਸੀ ਅਤੇ ਚਿਰ-ਸਥਾਈ ਵੀ ਹੋਣਾ ਸੀ। ਪਰ ਇਉਂ ਜਾਪਦਾ ਹੈ ਕਿ ਤਾਕਤ ਦੇ ਨਸ਼ੇ ਵਿੱਚ ਚੂਰ ਭਾਰਤੀ ਸਿਸਟਮ, ਨਕਸਲਵਾਦੀਆਂ ਨਾਲ ਨਜਿੱਠਣ ਲਈ ‘ਤਾਕਤ ਦੀ ਅੰਨ੍ਹੀ ਵਰਤੋਂ’ ਕਰਨ ਦੀ ਡਗਰ ’ਤੇ ਹੀ ਚੱਲ ਰਿਹਾ ਹੈ।
1967 ਵਿੱਚ ਪੱਛਮੀ ਬੰਗਾਲ ਦੇ ਇੱਕ ਛੋਟੇ ਜਿਹੇ ਪਿੰਡ ‘ਨਕਸਲਬਾੜ’ ਵਿੱਚ ਸ਼ੁਰੂ ਹੋਈ ਬੇ-ਜ਼ਮੀਨੇ ਕਿਸਾਨਾਂ ਦੀ ਬਗਾਵਤ, ਅੱਜ ਲਗਭਗ ਇੱਕ ਤਿਹਾਈ ਭਾਰਤ ਨੂੰ ਆਪਣੇ ਪ੍ਰਭਾਵ ਹੇਠ ਲੈਣ ਵਿੱਚ ਸਫਲ ਰਹੀ ਹੈ। ਇਸ ਨੂੰ ਨਕਸਲਬਾੜੀ, ਨਕਸਲਵਾਦੀ, ਮਾਓਵਾਦੀ ਆਦਿ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਭਾਰਤ ਦੇ 20 ਪ੍ਰਾਂਤਾਂ ਵਿੱਚਲੇ 260 ਜ਼ਿਲ੍ਹਿਆਂ ਵਿੱਚ (ਜਿਹੜਾ ਰਕਬਾ 4 ਲੱਖ ਵਰਗ ਮੀਲ ਤੋਂ ਜ਼ਿਆਦਾ ਬਣਦਾ ਹੈ) ਨਕਸਲਵਾਦੀਆਂ ਦਾ ‘ਰਾਜ’ ਹੈ। ਯੂਨਾਈਟਿਡ ਨੇਸ਼ਨਜ਼ ਨੇ ਆਪਣੀ ਇੱਕ ਹਾਲੀਆ ਰਿਪੋਰਟ ਵਿੱਚ, ‘ਨਕਸਲਵਾਦੀ ਅੰਦੋਲਨ’ ਨੂੰ ਦੁਨੀਆਂ ਦੀਆਂ ‘ਪ੍ਰਮੁੱਖ ਬਗਾਵਤਾਂ’ ਵਿੱਚ ਸ਼ਾਮਲ ਕੀਤਾ ਹੈ। ਇਉਂ ਜਾਪਦਾ ਹੈ ਕਿ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਓ-ਸੇ-ਤੁੰਗ ਵਲੋਂ ਅਰੰਭੀ 1930ਵਿਆਂ ਤੇ 1940ਵਿਆਂ ਵਿਚਲੀ ‘ਕਿਸਾਨ ਕ੍ਰਾਂਤੀ ਵਾਂਗ, ਨਕਸਲਵਾਦੀ ਲਹਿਰ ਵੀ ਇੱਕ ਭਾਰਤ ਪੱਧਰ ਦੀ ‘ਬੇ-ਜ਼ਮੀਨੇ’ ਕਿਸਾਨਾਂ ਦੀ ਲਹਿਰ’ ਬਣ ਚੁੱਕੀ ਹੈ- ਜਿਸਨੂੰ ਸ਼ਕਤੀ ਦੀ ਵਰਤੋਂ ਨਾਲ, ਦਬਾਇਆ ਨਹੀਂ ਜਾ ਸਕਦਾ। ਅੰਦਰੂਨੀ ਸਰੋਤਾਂ ਦੀ ਜਾਣਕਾਰੀ ਅਨੁਸਾਰ, ਭਾਰਤ ਸਰਕਾਰ ਨੇ, ਨਕਸਲਵਾਦੀਆਂ ਦੇ ਖਿਲਾਫ ਫੌਜੀ ਕਾਰਵਾਈ ਨੂੰ ਅੱਗੇ ਤੋਰਦਿਆਂ, ਭਾਰਤੀ ਹਵਾਈ ਫੌਜ ਦੀਆਂ ਸੇਵਾਵਾਂ ਲੈਣ ਦਾ ਵੀ ਫੈਸਲਾ ਕੀਤਾ ਹੈ। ਇਸ ਫੈਸਲੇ ਅਨੁਸਾਰ, ਨਕਸਲਵਾਦੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਭਾਰਤੀ ਹਵਾਈ ਫੌਜ, ਲਗਾਤਾਰਤਾ ਨਾਲ ‘ਜ਼ਬਰਦਸਤ ਬੰਬਾਰੀ’ (ਕਾਰਪੈਟ ਟੂ ਕਾਰਪੈਟ) ਕਰੇਗੀ। ਰੂਸ ਦੀ ਸਰਕਾਰ ਨੇ, ਚੈਚਨੀਆ ਵਿਚਲੀ ‘ਆਜ਼ਾਦੀ ਲਹਿਰ’ ਨੂੰ ਦਬਾਉਣ ਲਈ ਜਿਨ੍ਹਾਂ ਜਹਾਜ਼ਾਂ ਅਤੇ ਤੌਰ ਤਰੀਕਿਆਂ ਦਾ ਇਸਤੇਮਾਲ ਕੀਤਾ ਸੀ - ਉਹ ਹੀ ਕਾਰਜ-ਪ੍ਰਣਾਲੀ ਇੱਥੇ ਵੀ ਵਰਤੀ ਜਾਏਗੀ।
ਹੁਣ ਤੱਕ ਭਾਰਤ ਸਰਕਾਰ ਅਤੇ ਇਸਦਾ ਮੀਡੀਆ-ਤੰਤਰ, ਢੋਲ ਦੇ ਡੱਗੇ ਨਾਲ ਇਹ ਪ੍ਰਚਾਰਦੇ ਰਹੇ ਹਨ ਕਿ ਭਾਰਤ ਨੇ ਕਦੇ ਵੀ ਆਪਣੇ ਸ਼ਹਿਰੀਆਂ ਦੇ ਖਿਲਾਫ ਹਵਾਈ ਬੰਬਾਰੀ ਦਾ ਸਹਾਰਾ ਨਹੀਂ ਲਿਆ। ਨਕਸਲੀਆਂ ਦੇ ਖਿਲਾਫ ਚੱਲ ਰਹੇ ‘ਅਪਰੇਸ਼ਨ ਗਰੀਨ ਹੰਟ’ ਦੌਰਾਨ ਜਦੋਂ ਭਾਰਤੀ ਹਵਾਈ ਫੌਜ ਦੇ ਇਸਤੇਮਾਲ ਦੀਆਂ ਮੁੱਢਲੀਆਂ ਖਬਰਾਂ ਆਈਆਂ ਸਨ ਤਾਂ ਭਾਰਤ ਦੇ ਸਰਕਾਰੀ ਬੁਲਾਰੇ ਨੇ ਇਸਦੀ ਤਰਦੀਦ ਕਰਦਿਆਂ ਕਿਹਾ ਸੀ ਕਿ ਸਿਰਫ ‘ਇਨਸਾਨੀ ਭਲਾਈ ਕਾਰਜਾਂ’ (ਹਿਊਮੈਨੀਟੇਰੀਅਨ ਏਡ) ਲਈ ਹੀ ਹਵਾਈ ਫੌਜ ਦੀ ਵਰਤੋਂ ਕੀਤੀ ਜਾਂਦੀ ਹੈ - ਜੰਗੀ ਮਨੋਰਥਾਂ ਲਈ ਨਹੀਂ। ਨਕਸਲੀਆਂ ਦੇ ਖਿਲਾਫ ‘ਹਵਾਈ ਹਮਲਿਆਂ’ ਦੇ ਫੈਸਲੇ ਨੇ ਭਾਰਤ ਸਰਕਾਰ ਨੂੰ ‘ਝੂਠਿਆਂ’ ਸਾਬਤ ਕੀਤਾ ਹੈ। ਵੈਸੇ ਹਕੀਕਤ ਇਹ ਹੈ ਕਿ ਭਾਰਤ ਸਰਕਾਰ ਨੇ ਪਿਛਲੇ 63 ਸਾਲਾਂ ਵਿੱਚ, ਵੱਖ-ਵੱਖ ਆਜ਼ਾਦੀ ਲਹਿਰਾਂ ਨੂੰ ਖਤਮ ਕਰਨ ਲਈ, ਕਈ ਵਾਰ ਹਵਾਈ ਫੌਜ ਦੀ ਵਰਤੋਂ ਕੀਤੀ ਹੈ। ਭਾਰਤ ਦੇ ਇੱਕ ਰਿਟਾਇਰਡ ਫੌਜੀ ਜਰਨਲ ਧਰਿਤਰੀ ਕੁਮਾਰ ਪਲੀਤ ਨੇ 1984 ਵਿੱਚ, 334 ਸਫਿਆਂ ਦੀ ਇੱਕ ਪੁਸਤਕ ਪ੍ਰਕਾਸ਼ਤ ਕੀਤੀ ਸੀ - ਜਿਸ ਦਾ ਨਾਮ ਹੈ ‘ਉੱਤਰ-ਪੂਰਬ ਦੇ ਸਿਪਾਹੀ -ਅਸਾਮ ਰਾਈਫਲਜ਼’ ਇਸ ਪੁਸਤਕ ਵਿੱਚ ਜਨਰਲ ਪਲੀਤ ਦਾ ਕਹਿਣਾ ਹੈ - ‘‘5 ਤੇ 6 ਮਾਰਚ 1960 ਨੂੰ ਭਾਰਤੀ ਫੌਜ ਨੇ ਮਿਜ਼ੋਰਮ ਦੇ ਮਿਜ਼ੋਆਂ ’ਤੇ ਪੂਰੇ ਜ਼ੋਰ ਨਾਲ ਹਮਲਾ ਕਰਨ ਦੀ ਯੋਜਨਾ ਬਣਾਈ। ਇਸ ਯੋਜਨਾ ਤੋਂ ਪਹਿਲਾਂ ਹਵਾਈ ਫੌਜ ਨੇ, ਮਿਜ਼ੋਰਮ ਦੇ ਬਹੁਤ ਸਾਰੇ ਕਸਬਿਆਂ ਅਤੇ ਪਿੰਡਾਂ ’ਤੇ ਜ਼ੋਰਦਾਰ ਬੰਬਾਰੀ ਕੀਤੀ, ਜਿਨ੍ਹਾਂ ਵਿੱਚ ਮਿਜ਼ੋਰਮ ਦੀ ਰਾਜਧਾਨੀ - ਐਜਵਲ ਵੀ ਸ਼ਾਮਲ ਸੀ। ਇਸ ਦਾ ਬਹੁਤ ਫਾਇਦਾ ਹੋਇਆ ਅਤੇ ਮਿਜ਼ੋ ਲਹਿਰ ਦਾ ਭੋਗ ਪੈ ਗਿਆ।’’ ਜਨਰਲ ਪਲੀਤ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਜੇ 1960 ਵਿੱਚ, ਮਿਜ਼ੋ ਲਹਿਰ ਦਾ ਭੋਗ ਪੈ ਗਿਆ ਸੀ ਤਾਂ ਫਿਰ 1966 ਵਿੱਚ ਉਹ ਮੁੜ ਕਿਵੇਂ ਖੜ੍ਹੀ ਹੋ ਗਈ ਅਤੇ ਹੁਣ ਤੱਕ ਇਹ ਕਿਉਂ ਅਤੇ ਕਿਵੇਂ ਜਾਰੀ ਹੈ? ਇਹ ਹੀ ‘ਫੌਜੀ ਹੱਲ’ ਭਾਰਤ ਸਰਕਾਰ ਨੇ ਸਿੱਖ ਸਮੱਸਿਆ ਦਾ ਕੱਢਿਆ। ਜੂਨ ’84 ਦਾ ਘੱਲੂਘਾਰਾ (ਜਿਸ ਵਿੱਚ ਥਲ ਸੈਨਾ, ਵਾਯੂ ਸੈਨਾ ਅਤੇ ਜਲ ਸੈਨਾ ਤਿੰਨਾਂ ਦਾ ਹੀ ਇਸਤੇਮਾਲ ਕੀਤਾ ਗਿਆ), ਇਸ ‘ਹੱਲ’ ਲਈ ਹੀ ਵਰਤਾਇਆ ਗਿਆ। ਅੱਜ 26 ਸਾਲ ਬੀਤਣ ਬਾਅਦ, ਭਾਰਤੀ ਏਜੰਸੀਆਂ ਨੂੰ ਸਿੱਖ ਖਾੜਕੂਵਾਦ ਕਦੀ ਕੈਨੇਡਾ, ਅਮਰੀਕਾ ਵਿੱਚ ਉੱਭਰਦਾ ਨਜ਼ਰ ਆ ਰਿਹਾ ਹੈ ਤੇ ਕਦੀ ਮਲੇਸ਼ੀਆ, ਥਾਈਲੈਂਡ ਤੇ ਜਰਮਨੀ ਵਿੱਚ। ਕੀ ਭਾਰਤੀ ਫੌਜੀ ਹੱਲ, ਨਾਲ ਸਿੱਖ ਕੌਮ ਦੀ ਆਜ਼ਾਦੀ ਦੀ ਇੱਛਾ ਦਮ ਤੋੜ ਗਈ ਹੈ? ਕਦਾਚਿੱਤ ਨਹੀਂ।
ਬਹਾਦਰ ਨਾਗਿਆਂ ਦੀ ਕਹਾਣੀ, ਉਪਰੋਕਤ ਲਹਿਰਾਂ ਤੋਂ ਵੀ ਪੁਰਾਣੀ ਹੈ। 1950ਵਿਆਂ ਵਿੱਚ, ਹਥਿਆਰਬੰਦ ਸੰਘਰਸ਼ ਦੇ ਰਸਤੇ ’ਤੇ ਤੁਰੇ ‘ਨਾਗਾ ਯੋਧੇ’ ਅੱਜ ਵੀ ‘ਅਜ਼ਾਦ ਨਾਗਾਲਿਮ’ ਲਈ, ਉਨੇ ਹੀ ਉਤਸ਼ਾਹ ਭਰਪੂਰ ਹਨ, ਜਿੰਨੇ 60 ਸਾਲ ਪਹਿਲਾਂ ਸਨ। ਭਾਰਤੀ ਫੌਜ ਨੇ ਲੱਖਾਂ ਦੀ ਗਿਣਤੀ ਵਿੱਚ ਨਾਗਿਆਂ ਦਾ ਸਫਾਇਆ ਕੀਤਾ ਪਰ ਇਹ ‘ਫੌਜੀ ਹੱਲ’ ਸਫਲ ਨਹੀਂ ਹੋਇਆ। ਹੁਣ ਪਿਛਲੇ 17 ਸਾਲਾਂ ਤੋਂ, ਨਾਗਿਆਂ ਦੇ ਖਿਲਾਫ ਯੁੱਧਬੰਧੀ ਕਰਕੇ, ਉਨ੍ਹਾਂ ਦੇ ਲੀਡਰ ਮੁਆਵੀ ਨਾਲ, ਗੱਲਬਾਤ ਦਾ ਸਿਲਸਿਲਾ, ਭਾਰਤੀ ਹਾਕਮਾਂ ਨੇ ਅਰੰਭਿਆ ਹੋਇਆ ਹੈ।
ਕਸ਼ਮੀਰੀਆਂ ਦੇ ‘ਹਥਿਆਰਬੰਦ ਸੰਘਰਸ਼’ ਦੀ ਕਹਾਣੀ 1989 ਤੋਂ ਆਰੰਭ ਹੁੰਦੀ ਹੈ। ਇੱਕ ਅੰਦਾਜ਼ੇ ਮੁਤਾਬਿਕ, ਉਥੇ ਪਿਛਲੇ 21 ਵਰ੍ਹਿਆਂ ਤੋਂ ਤਾਇਨਾਤ 7 ਲੱਖ ਭਾਰਤੀ ਫੌਜ ਨੇ ਇੱਕ ਲੱਖ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਅੱਜ ਕਸ਼ਮੀਰੀ ਲਹਿਰ, ਉਸ ਦੌਰ ਵਿੱਚ ਦਾਖਲ ਹੋ ਗਈ ਹੈ, ਜਿਥੇ 10-12 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ, 70-80 ਸਾਲ ਦੀਆਂ ਮਾਤਾਵਾਂ ਤੱਕ, ਕਸਮੀਰੀ ਜਨਤਾ, ਸੜਕਾਂ ’ਤੇ ਆਣ ਖਲੋਤੀ ਹੈ। ਦਰਜਨਾਂ ਵਿਦਿਆਰਥੀ ਤੇ ਇਸਤਰੀਆਂ, ਪਿਛਲੇ ਕੁਝ ਹਫਤਿਆਂ ਵਿੱਚ ਮਾਰੀਆਂ ਗਈਆਂ ਹਨ ਪਰ ਲੋਕਾਂ ਦੇ ‘ਆਜ਼ਾਦੀ ਉਤਸ਼ਾਹ’ ਵਿੱਚ ਕੋਈ ਫਰਕ ਨਹੀਂ ਪਿਆ। ਭਾਰਤੀ ਪ੍ਰਧਾਨ ਮੰਤਰੀ ਐਲਾਨ ਕਰ ਰਿਹਾ ਹੈ ਕਿ ‘ਜੇ ਸਾਰੀਆਂ ਪਾਰਟੀਆਂ ਚਾਹੁੰਣ ਤਾਂ ਕਸ਼ਮੀਰੀਆਂ ਨੂੰ ਅੰਦਰੂਨੀ ਖੁਦਮੁਖਤਾਰੀ ਦਿੱਤੀ ਜਾ ਸਕਦੀ ਹੈ।’
ਕੀ ‘ਫੌਜੀ ਹੱਲ’, ਕਸ਼ਮੀਰੀਆਂ ਦੀਆਂ ਰਾਜਸੀ ਉਮੰਗਾਂ ਨੂੰ ਦਬਾ ਸਕਿਆ ਹੈ? ਦਰਅਸਲ ਹਕੀਕਤ ਇਹ ਹੈ ਕਿ 1947 ਦੀ ਦੇਸ਼-ਵੰਡ ਨਾਲ ਹੋਂਦ ਵਿੱਚ ਆਈ ਬਨਾਉਟੀ (ਕੁਦਰਤੀ ਨਹੀਂ) ਭਾਰਤੀ ਸਟੇਟ, ਪਿਛਲੇ 63 ਸਾਲਾਂ ਵਿੱਚ ਇੱਕ ਫੇਲ੍ਹ ਸਟੇਟ ਸਾਬਤ ਹੋ ਚੁੱਕੀ ਹੈ।ਭਾਰਤ ਦੇ ‘ਸੁਪਰ ਪਾਵਰ’ ਹੋਣ ਦੀਆਂ ਡੀਂਗਾਂ ਮਾਰਣ ਵਾਲੇ ਅਸਲ ਵਿੱਚ ਰੇਤ ਦੇ ਉੱਸਰੇ ਮਹਿਲ ਨੂੰ, ਇੱਕ ‘ਮਜ਼ਬੂਤ ਇਮਾਰਤ’ ਦੱਸਣ ਦਾ ਤਵਾਰੀਖੀ ਝੂਠ ਬੋਲ ਰਹੇ ਹਨ।