ਸਿੱਖ ਛੁਡਾਵਨ ਹੈ ਬਡ ਧਰਮ

ਸੁਨੇਹਾ
0
ਅੱਜ ਇੱਕ ਬੇਹੱਦ ਸੰਵੇਦਨਸ਼ੀਲ ਪਰ ਨਾਲੋ ਨਾਲ ਇੱਕ ਬੇਹੱਦ ਖ਼ਤਰਨਾਕ ਮੁੱਦੇ ਉੱਤੇ ਕਲਮ ਚੁੱਕਣ ਦੀ ਲੋੜ ਪੈ ਰਹੀ ਹੈ। ਵਿਸ਼ਾ ਹੈ ਪੰਜਾਬ ਵਿੱਚ ਆਪਣੇ-ਆਪ ਨੂੰ ਸਿੱਖ ਸਮਝਣ ਵਾਲੇ ਜਾਂ ਜ਼ਾਹਰਾ ਤੌਰ ਉੱਤੇ ਸਿੱਖ ਪੰਥ ਨਾਲ ਜੁੜੇ ਹੋਏ ਸਰੋਕਾਰਾਂ ਬਾਰੇ ਚਿੰਤਤ ਲੋਕਾਂ ਦੇ ਹਸ਼ਰ ਦਾ। ਇਹ ਮੁੱਦਾ ਨਾ ਗ਼ੈਰ ਸੰਵਿਧਾਨਕ ਹੈ, ਨਾ ਕਿਸੇ ਦੇ ਵੈਰ-ਵਿਰੋਧ ਵਿੱਚ ਅਤੇ ਨਾ ਹੀ ਕਿਸੇ ਦਾ ਕਿਵੇਂ ਵੀ ਨੁਕਸਾਨ ਕਰਨ ਦੀ ਭਾਵਨਾ ਰੱਖਦਾ ਹੈ। ਏਸ ਦਾ ਖ਼ਤਰਨਾਕ ਪੱਖ ਹੈ ਏਸ ਦਾ ਸਿੱਖਾਂ ਦੀ ਸਿੱਖ-ਪਛਾਣ ਨੂੰ ਖ਼ਤਮ ਕਰ ਕੇ ਉਹਨਾਂ ਨੂੰ ਭਾਰਤ ਦੇ ਗੁੰਮਨਾਮ ਸ਼ਹਿਰੀ ਦਰਸਾ ਕੇ ਉਹਨਾਂ ਦੀ ਵਿਲੱਖਣਤਾ ਨੂੰ ਮਲੀਆਮੇਟ ਕਰਨ ਦੀ ਲਗਾਤਾਰ ਚੱਲੀ ਆ ਰਹੀ ਮੁਹਿੰਮ ਨਾਲ ਸਬੰਧਤ ਹੋਣਾ। ਜੇ ਕੁਈ ਹਿੱਕ ਥਾਪੜ ਕੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਹੁੰਦਾ ਤਾਂ ਦੱਸ ਸਕਦਾ ਸੀ ਕਿ ਸਿੱਖਾਂ ਦੀ ਵਿਲੱਖਣਤਾ ਦੇਸ਼ ਦਾ ਵੱਡਾ ਸਰਮਾਇਆ ਅਤੇ ਪੰਜ ਸਦੀਆਂ ਦੇ ਇਤਿਹਾਸ ਦੇ ਹਰ ਗੌਰਵਮਈ ਪੱਖ ਦੀ ਜਿੰਦ-ਜਾਨ ਰਹੀ ਹੈ। ਇਹ ਸਿੱਖੀ ਹੀ ਸੀ ਜਿਸ ਨੇ 'ਮਿੱਟੀ ਵਿੱਚ ਮਿਲੇ ਹੋਏ ਹਿੰਦ ਦੇ ਧਰਮ ਨੂੰ ਸੰਪੂਰਣਤਾ' ਦੀ ਜਾਗ ਲਾਈ, ਜਿਵੇਂ ਭਾਈ ਗੁਰਦਾਸ ਫ਼ਰਮਾਉਂਦੇ ਹਨ।

ਖ਼ੈਰ!ਗਿਲ਼ੇ-ਸ਼ਿਕਵੇ ਕਰਨ ਦਾ ਸਮਾਂ ਨਹੀਂ,ਹਿੰਦ ਦੀ ਸਿਆਸਤ ਉੱਤੇ ਕਾਬਜ਼ ਲੋਕ ਇਤਿਹਾਸ ਤੋਂ ਨਾਵਾਕਫ਼ ਹਨ ਅਤੇ ਸਿੱਖਾਂ ਨੂੰ ਗ਼ੁਲਾਮੀ ਦੀ ਪੰਜਾਲੀ ਵਿੱਚ ਜਕੜਨਾ 'ਭਾਰਤ ਦੀ ਏਕਤਾ ਅਖੰਡਤਾ' ਲਈ ਲਾਹੇਵੰਦ ਸਮਝਦੇ ਹਨ। ਸਿਤਮ ਜ਼ਰੀਫ਼ੀ ਇਹ ਕਿ ਏਹੋ ਏਕਤਾ-ਅਖੰਡਤਾ ਵਾਲੇ ਮੁਲਕ ਦੇ ਕਈ ਟੁਕੜੇ ਕਰਵਾ ਚੁੱਕੇ ਹਨ; ਪਾਕਿਸਤਾਨ, ਚੀਨ ਆਦਿ ਨੂੰ ਹਜ਼ਾਰਾਂ ਕਿਲੋਮੀਟਰ ਦੇਸ਼ ਦਾ ਹਿੱਸਾ ਬਖ਼ਸ਼ ਚੁੱਕੇ ਹਨ ਪਰ ਆਪਣੀ ਫ਼ੋਕੀ, ਨਿਰਜਿੰਦ ਹੈਂਕੜ, ਡਰੂ ਤਬੀਅਤ, ਜਿਸ ਨੇ ਇਹ ਕਾਰੇ ਕਰਵਾਏ ਹਨ, ਨੂੰ ਛੱਡਣ ਲਈ ਤਿਆਰ ਨਹੀਂ ਅਤੇ ਦੂਜੀਆਂ ਘੱਟ-ਗਿਣਤੀ ਕੌਮਾਂ ਨੂੰ ਦਬਾ ਕੇ ਉਹਨਾਂ ਉੱਤੇ ਆਪਣੀਆਂ ਇਹਨਾਂ ਕੁਰੁਚੀਆਂ ਨੂੰ ਪ੍ਰਗਟ ਕਰਨ ਲਈ ਸਦਾ ਉਤਾਵਲੇ ਰਹਿੰਦੇ ਹਨ।

ਪਿੱਛੇ ਜਿਹੇ ਭਾਰਤੀ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਕੇ ਐਸ. ਐਮ. ਮੁਸ਼ਰਿਫ਼ ਨੇ ਇੱਕ ਕਿਤਾਬ (ਹੂ ਕਿਲਡ ਕਰ ਕਰੇ?) ਲਿਖੀ ਜਿਸ ਵਿੱਚ ਭਾਰਤ ਦੀ ਸਥਾਪਤੀ ਦੀ ਕੋਝੀ ਮਾਨਸਿਕਤਾ ਨੂੰ ਤੱਥਾਂ ਦਾ ਸਹਾਰਾ ਲੈ ਕੇ ਮੁਸਲਮਾਨਾਂ ਉੱਤੇ ਹੁੰਦੇ ਜ਼ੁਲਮਾਂ ਦੇ ਸੰਦਰਭ ਵਿੱਚ ਨੰਗਿਆਂ ਕੀਤਾ ਹੈ। ਓਸ ਦਾ ਕਹਿਣਾ ਹੈ ਕਿ ਭਾਰਤ ਦਾ ਖੁਫ਼ੀਆ ਤੰਤਰ ਅਤੇ ਭਾਰਤ ਦਾ ਸਾਰਾ ਮੀਡੀਆ ਓਹਨਾਂ ਲੋਕਾਂ ਦੇ ਹੱਥ ਹੈ ਜਿਨ੍ਹਾਂ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਠਾਣੀ ਹੋਈ ਹੈ। ਇਹ ਸਥਿਤੀ ਕਈ ਦਹਾਕਿਆਂ ਤੋਂ ਬਣੀ ਆ ਰਹੀ ਹੈ ਅਤੇ ਵੱਡੇ ਸਿਆਸਤਦਾਨਾਂ ਦੀ ਮਿਲੀਭੁਗਤ ਕਾਰਣ ਸਰਕਾਰੇ-ਹਿੰਦ ਕੋਲੋਂ ਕਈ ਵੱਡੇ-ਵੱਡੇ ਕਾਰੇ ਕਰਵਾ ਚੁੱਕੀ ਹੈ।ਜਿਨ੍ਹਾਂ ਵਿੱਚ ਸਿੱਖਾਂ ਦੇ ਕਈ ਕਤਲੇਆਮ ਸ਼ਾਮਲ ਹਨ। ਜਦੋਂ ਵੀ ਇਹਨਾਂ ਦੇ ਮਾਲਕਾਂ ਦੀ ਗੱਦੀ ਡੋਲਦੀ ਹੈ ਤਾਂ ਇਹ ਸਭ ਤੋਂ ਕਮਜ਼ੋਰ, ਸਭ ਤੋਂ ਨਿਹੱਥੇ, ਸਭ ਤੋਂ ਵੱਧ ਲਾਵਾਰਸ ਲੋਕ-ਸਮੂਹ ਦੇ ਕਤਲੇਆਮ ਦਾ ਬੰਦੋਬਸਤ ਕਰ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਗੱਦੀ ਨੂੰ ਕਾਇਮ ਰੱਖਣ ਦਾ ਇੰਤਜ਼ਾਮ ਕਰਦੇ ਹਨ।

ਏਸ ਮਕਸਦ ਲਈ ਪਿਛਲੇ ਸਮਿਆਂ ਤੋਂ ਸਿੱਖ ਬਹੁਤ ਕਾਮਯਾਬ ਬਲੀ ਦੇ ਬੱਕਰੇ ਚੱਲੇ ਆ ਰਹੇ ਹਨ। ਕਤਲਗਾਹ ਤੱਕ ਦੇ ਸਫ਼ਰ ਦੇ ਕਈ ਪੜਾਅ ਹਨ ਪਰ ਸਭ ਦਾ ਆਰੰਭ ਮੀਡੀਆ ਰਪਟਾਂ ਤੋਂ ਹੁੰਦਾ ਹੈ ਜਿਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਸਿੱਖ ਹੁਣ ਫੇਰ ਅੱਤਵਾਦ ਦੇ ਰਾਹ ਤੁਰ ਪਏ ਹਨ ਅਤੇ ਵਿਆਪਕ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਸੋਚ ਰਹੇ ਹਨ। ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਫਲਾਂ-ਫਲਾਂ ਮੁਲਕ ਏਸ ਅੱਤਵਾਦ ਨੂੰ ਸ਼ਹਿ ਦੇ ਰਹੇ ਹਨ। 1995 ਤੱਕ ਕਨੇਡਾ, ਯੂਕੇ ਸਮੇਤ ਪਾਕਿਸਤਾਨ ਦੇ ਸਿਰ ਸ਼ਹਿ ਦੇਣ ਦਾ ਭਾਂਡਾ ਭੰਨਿਆ ਜਾਂਦਾ ਰਿਹਾ ਪਰ ਕਦੇ ਵੀ ਕਿਸੇ ਮੁਲਕ ਨਾਲ ਇਹ ਮੁੱਦਾ ਕਰੜੇ ਹੱਥੀਂ ਨਾ ਉਠਾਇਆ ਗਿਆ ਕਿਉਂਕਿ ਸਭ ਨੂੰ ਪਤਾ ਸੀ ਕਿ ਇਹ ਮਹਿਜ਼ ਸਿੱਖਾਂ ਵਿਰੁੱਧ ਪ੍ਰਚਾਰ ਹੈ। ਉਲਟਾ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਮਰਨ ਤੋਂ ਪਹਿਲਾਂ ਇਹ ਬਿਆਨ ਦੇ ਕੇ ਸਾਫ਼ ਕਰ ਦਿੱਤਾ ਕਿ ਪਾਕਿਸਤਾਨ ਤਾਂ ਸਦਾ ਹਿੰਦੁਸਤਾਨ ਦਾ ਮਦਦਗਾਰ ਰਿਹਾ ਹੈ।ਅਤੇ ਇਹ ਵੀ ਕਿ ਆਖ਼ਰੀ ਦੌਰ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਨਾਂਅ-ਥਾਂ ਦੱਸ ਕੇ ਪਾਕਿਸਤਾਨ ਨੇ ਹੀ ਇਹ ਮਰਵਾਏ ਸਨ। ਹੁਣ ਮਲੇਸ਼ੀਆ ਨੂੰ 'ਅਤਿਵਾਦੀਆਂ ਦਾ ਅੱਡਾ' ਪ੍ਰਚਾਰਨਾ ਆਰੰਭ ਹੀ ਕੀਤਾ ਸੀ ਕਿ ਮਲੇਸ਼ੀਆ ਦੀ ਸਰਕਾਰ ਨੇ ਏਸ ਦਾਅਵੇ ਦਾ ਤੁਰੰਤ ਖੰਡਨ ਕਰ ਦਿੱਤਾ। ਓਸ ਆਖਿਆ ਕਿ ਮਲੇਸ਼ੀਆ ਦੀ ਧਰਤੀ ਉੱਤੇ ਕੁਈ ਅਤਿਵਾਦੀ ਨਹੀਂ।

ਕਈ ਕਾਰਣਾਂ ਕਰ ਕੇ ਮੈਨੂੰ ਕਈ ਸਾਲ ਅਗਿਆਤਵਾਸ ਰਹਿਣਾ ਪਿਆ। ਇਹਨੀ ਦਿਨੀਂ ਮੇਰੇ ਛੋਟੇ ਭਰਾ ਨੂੰ ਇਹ ਪੇਸ਼ਕਸ਼ ਆਈ ਕਿ ਕੁਝ ਹਮਦਰਦ ਲੋਕ ਮੈਨੂੰ ਪਾਕਿਸਤਾਨ ਸਰਹੱਦ ਲੰਘਾ ਸਕਦੇ ਹਨ ਜਿੱਥੇ ਮੇਰਾ ਨਾ ਮਾਰੇ ਜਾਣਾ ਯਕੀਨੀ ਬਣਾਇਆ ਜਾ ਸਕਦਾ ਹੈ। ਮੈਨੂੰ ਇਹ ਪੇਸ਼ਕਸ਼ ਪੁਲਿਸ ਸੂਤਰਾਂ ਵੱਲੋਂ ਆਈ ਜਾਪੀ ਅਤੇ ਮੈਂ ਏਸ ਨੂੰ ਅਣਗੌਲਿਆ ਕਰ ਦਿੱਤਾ। ਮੈਂ ਕੁਝ ਦੇਰ ਲਈ ਛੋਟੇ ਭਰਾ ਨਾਲੋਂ ਸੰਪਰਕ ਵੀ ਤੋੜ ਲਿਆ। ਤਕਰੀਬਨ ਡੇਢ ਕੁ ਮਹੀਨੇ ਬਾਅਦ ਇੱਕ ਨਾਮੀ ਰਸਾਲੇ ਵਿੱਚ ਖ਼ਬਰ ਛਪੀ ਕਿ ਗੁਰਤੇਜ ਸਿੰਘ ਪਾਕਿਸਤਾਨ ਪਹੁੰਚ ਗਿਆ ਹੈ ਅਤੇ ਉੱਥੇ ਉਸ ਨੇ ਖਾੜਕੂ ਸਿੱਖਾਂ ਨੂੰ ਸਲਾਹ-ਮਸ਼ਵਰਾ ਦੇਣਾ ਸ਼ੁਰੂ ਕਰ ਦਿੱਤਾ ਹੈ, ਕਮਾਨ ਸੰਭਾਲ ਲਈ ਹੈ ਆਦਿ।

ਮੈਂ ਰਸਾਲੇ ਨੂੰ ਚਿੱਠੀ ਲਿਖੀ ਅਤੇ ਆਖਿਆ ਕਿ ਇਹ ਪ੍ਰਚਾਰ ਬੰਦ ਹੋਣਾ ਚਾਹੀਦਾ ਹੈ। ਆਖ਼ਰ ਘਰ ਵਾਲਿਆਂ ਨੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਦਵਾਇਆ ਤਾਂ ਜਾ ਕੇ ਰਸਾਲੇ ਨੇ ਲਿਖਤੀ ਮੁਆਫ਼ੀ ਮੰਗੀ। ਉਹਨਾਂ ਨੇ ਆਪਣੇ ਰਸਾਲੇ ਵਿੱਚ ਇਹ ਵੀ ਲਿਖਿਆ ਕਿ ਇਹ ਖ਼ਬਰ ਉਹਨਾਂ ਨੂੰ 'ਪੁਲਿਸ ਸਰੋਤਾਂ ਤੋਂ ਪ੍ਰਾਪਤ ਹੋਈ ਸੀ।' ਇਹ ਖ਼ਬਰ, ਹਰ ਐਸੀ ਖ਼ਬਰ ਵਾਂਗ ਹੀ ਖੁਫ਼ੀਆ ਤੰਤਰ ਅਤੇ ਮੀਡੀਆ ਦੀ ਮਿਲੀਭੁਗਤ ਦਾ ਨਤੀਜਾ ਸੀ।

ਪੰਜਾਬ ਦੇ ਸੰਤਾਪ ਦੇ ਹਰ ਦੌਰ ਵਿੱਚ ਖੁਫ਼ੀਆ ਤੰਤਰ ਦੇ ਪੜ੍ਹਾਏ ਹੋਏ 'ਪੁਲਿਸ ਸ੍ਰੋਤ' ਅਜਿਹੀਆਂ ਬੇਬੁਨਿਆਦ ਅਫ਼ਵਾਹਾਂ ਫ਼ੈਲਾਉਂਦੇ ਵੇਖੇ ਜਾ ਸਕਦੇ ਹਨ ਜਿਨ੍ਹਾਂ ਦਾ ਵੇਰਵਾ ਦੱਸਦਾ ਹੈ ਕਿ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਗਈਆਂ ਕਿੰਨੀਆਂ ਮੁਜ਼ਰਮਾਨਾ ਕਾਰਵਾਈਆਂ ਇਹ ਮੀਡੀਆ ਦੀ ਮਿਲੀਭੁਗਤ ਨਾਲ ਕਰਵਾ ਚੁੱਕੇ ਹਨ। ਜੇ ਸਾਡੇ ਮਹਾਨ ਨੇਤਾਵਾਂ ਕੋਲ ਸਮਾਂ ਹੁੰਦਾ ਤਾਂ ਸ਼ਾਇਦ ਉਹ ਏਸ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਛੜਯੰਤਰ ਵੱਲ ਧਿਆਨ ਦੇ ਕੇ ਰੋਕਥਾਮ ਦਾ ਕੋਈ ਉਪਰਾਲਾ ਕਰਦੇ। ਪਰ ਉਹ ਤਾਂ ਵਿਚਾਰੇ ਅਖ਼ਬਾਰੀ ਬਿਆਨਾਂ, ਮੁਜ਼ਾਹਰਿਆਂ, ਪਾਰਟੀ ਕਨਵੈਨਸ਼ਨਾਂ ਵਿੱਚ ਏਨੇਂ ਰੁੱਝੇ ਹੋਏ ਹਨ ਕਿ ਗੰਭੀਰ ਮਸਲਿਆਂ ਲਈ ਉਹਨਾਂ ਕੋਲ ਸਮਾਂ ਹੀ ਘੱਟ ਬਚਦਾ ਹੈ।

ਬੇਅੰਤ ਸਿੰਘ ਤੋਂ ਬਾਅਦ ਪੰਜਾਬ ਵਿੱਚ ਕੋਈ ਐਸੀ ਘਟਨਾ ਨਹੀਂ ਵਾਪਰੀ ਜਿਸ ਨੂੰ 'ਅੱਤਵਾਦੀ ਕਾਰਵਾਈ' ਗਰਦਾਨਿਆ ਜਾ ਸਕੇ ਪ੍ਰੰਤੂ ਖੁਫ਼ੀਆ ਤੰਤਰ ਅਤੇ ਮੀਡੀਆ ਗਾਹੇ-ਬਗਾਹੇ ਘਟਨਾਵਾਂ ਵਾਪਰ ਜਾਣ ਦਾ ਖ਼ਤਰਾ ਪ੍ਰਚਾਰਦਾ ਰਿਹਾ। ਇਸੇ ਪ੍ਰਚਾਰ ਤੋਂ ਬਾਅਦ 'ਅਤਿਵਾਦੀ ਕਾਰਵਾਈ ਕਰਨ ਚੱਲੇ' ਨੌਜਵਾਨ ਵੀ ਫੜੇ ਜਾਂਦੇ ਹਨ, ਆਰ.ਡੀ.ਐਕਸ ਵੀ ਭਾਰੀ ਮਾਤਰਾ ਵਿੱਚ ਬਰਾਮਦ ਹੁੰਦਾ ਹੈ ਅਤੇ ਹਥਿਆਰਾਂ ਦੀ ਵੱਡੀ ਖੇਪ ਵੀ ਹੱਥ ਲੱਗਦੀ ਹੈ। ਤਫ਼ਤੀਸ਼ ਹੁੰਦੀ ਹੈ ਜਿਸ ਦੌਰਾਨ ਅੱਤਵਾਦੀ ਗਰਦਾਨਿਆਂ ਨੂੰ ਫੜ ਕੇ ਉਹਨਾਂ ਕੋਲੋਂ ਟੈਲੀਫ਼ੋਨ ਕਰਵਾ ਕੇ ਕਈਆਂ ਨੂੰ 'ਜ਼ੁਰਮ' ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਮੁਕੱਦਮੇ ਚੱਲਦੇ ਹਨ ਅਤੇ ਸਜ਼ਾਵਾਂ ਹੁੰਦੀਆਂ ਹਨ ਖ਼ਾਸ ਤੌਰ ਉੱਤੇ ਏਸ ਲਈ ਕਿ ਕਾਨੂੰਨ ਹੀ ਐਸਾ ਹੈ ਜਿਸ ਵਿੱਚੋਂ ਉਹ ਬੇਹੱਦ ਸਤਰਕ ਆਦਮੀ ਹੀ ਬਚ ਸਕਦਾ ਹੈ ਜਿਸ ਦੇ ਵਾਰਸ ਪੂਰੀ ਪੈਰਵੀ ਕਰਨ ਦੇ ਕਾਬਲ ਹੋਣ। ਪਰ ਹਿਰਾਸਤ ਵਿੱਚ ਲੈਂਦੇ ਵਕਤ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹੱਥ ਅਜਿਹੇ ਕਮਜ਼ੋਰ ਵਿਅਕਤੀਆਂ ਨੂੰ ਪਾਇਆ ਜਾਵੇ ਜੋ ਆਪਣੀ ਰੱਖਿਆ ਕਰਨ ਦੇ ਸਮਰੱਥ ਨਾ ਹੋਣ। ਬਰੂਦ ਦੇ ਭੰਡਾਰ ਅਤੇ ਹਥਿਆਰਾਂ ਦੀ ਵੱਡੀ ਖੇਪ ਨੂੰ ਅਗਾਂਹ ਕੰਮ ਆਉਣ ਲਈ, ਮਾਲਖਾਨੇ ਤੋਂ ਬਾਹਰ, ਹੋਰ ਥਾਏਂ ਰੱਖ ਲਿਆ ਜਾਂਦਾ ਹੈ।

ਏਸ ਖ਼ੂਨੀ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਪਹਿਲੀ ਪੱਧਰ ਉੱਤੇ ਲੋਕ-ਤਾਂਤਰਿਕ ਸਰਕਾਰ ਦੀ ਲੋੜ ਹੁੰਦੀ ਹੈ। ਪਰ ਲੋਕ-ਤਾਂਤਰਿਕ ਸਰਕਾਰਾਂ ਦਾ ਅੱਜ-ਕੱਲ੍ਹ ਰਿਵਾਜ ਨਹੀਂ ਰਿਹਾ। ਆਉਣ ਵਾਲੇ ਜ਼ਮਾਨੇ ਦੀ ਰੀਹਰਸਲ ਚੱਲ ਰਹੀ ਹੈ ਜਿਸ ਵਿੱਚ ਰਾਣੀਆਂ ਰਾਜੇ ਜੰਮਿਆਂ ਕਰਨਗੀਆਂ ਅਤੇ ਭੁੱਕੀ, ਸ਼ਰਾਬ ਆਦਿ ਨਾਲ ਖੀਵੇ ਹੋ ਕੇ ਲੋਕ ਵੋਟਾਂ ਦੀ ਮੁਹਰ ਲਾ ਕੇ ਆਉਣ ਵਾਲੇ ਆਕਾ ਨੂੰ ਸਲਾਮ ਵਜਾਇਆ ਕਰਨਗੇ। ਇਹ ਅਮਲ ਤਕਰੀਬਨ ਹਰ ਪ੍ਰਦੇਸ਼ ਵਿੱਚ ਅਤੇ ਕੇਂਦਰ ਵਿੱਚ ਪੂਰਨ ਜਾਂ ਅੰਸ਼ਕ ਰੂਪ ਵਿੱਚ ਲਾਗੂ ਹੋ ਚੁੱਕਾ ਹੈ। ਏਸ ਲਈ ਰਾਜੇ ਨੂੰ ਡਰਾਉਣ ਲਈ ਤਾਂ ਪੁਲਿਸ ਨੇ ਏਹੋ ਅਰਜ਼ ਪੇਸ਼ੇ ਖਿਦਮਤ ਕਰਨੀ ਹੈ ਕਿ ਹਜ਼ੂਰੇ ਵਾਲਾ ਆਪ ਨੂੰ/ਆਪ ਦੇ ਵਾਰਸ ਨੂੰ ਮਾਰਨ ਦਾ ਯਤਨ ਸੀ। ਇਉਂ ਡਰੇ ਹੋਏ ਹੋਰ ਡਰ ਜਾਂਦੇ ਹਨ ਅਤੇ ਜਨਤਾ ਵਿਰੁੱਧ ਹਰ ਜ਼ਾਲਮਾਨਾ ਪੁਲਿਸ ਕਾਰਵਾਈ ਨੂੰ ਜਾਇਜ਼ ਪ੍ਰਵਾਨ ਕਰ ਲੈਂਦੇ ਹਨ। ਕੱਲ੍ਹ ਭਾਈ ਜਸਬੀਰ ਸਿੰਘ ਰੋਡੇ ਪੰਜ-ਸੱਤ ਕਿਲੋ ਆਰ.ਡੀ.ਐਕਸ ਲੈ ਕੇ ਬਾਦਲ ਪਰਵਾਰ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਦੱਸੀਦਾ ਸੀ ਅਤੇ ਪੁਲਿਸ ਦੀ ਅੱਖ ਓਸ ਵੱਲ ਕੈਰੀ ਸੀ। ਅੱਜ ਉਹੀ ਰੋਡੇ ਤੇ ਓਹਨਾਂ ਦੇ ਕੇਸਾਂ ਵਾਲੇ ਸਾਥੀ ਬਾਦਲ ਪਰਿਵਾਰ ਦੀ ਸੱਜੀ ਬਾਂਹ ਹਨ। ਇਹ ਕ੍ਰਿਸ਼ਮਾ ਪੁਲਿਸ ਦੀ ਕਾਰਵਾਈ ਨੇ ਹੀ ਕੀਤਾ ਹੈ।

ਦੂਜੀ ਪੱਧਰ ਉੱਤੇ ਲੋਕਾਂ ਦੀ ਰੱਖਿਆ ਉਹਨਾਂ ਦੇ ਨੇਤਾਵਾਂ ਨੇ ਕਰਨੀ ਹੁੰਦੀ ਹੈ ਜੋ ਕਿ ਕਾਨੂੰਨੀ ਕਾਰਵਾਈ ਕਰ ਕੇ,ਜਨਤਾ ਨੂੰ ਆਗਾਹ ਕਰ ਕੇ, ਸਰਕਾਰੀ ਜ਼ਬਰ ਨੂੰ ਠੱਲ੍ਹ ਪਾਉਣ ਦੇ ਸਿਰਤੋੜ ਯਤਨ ਕਰਦੇ ਹਨ। ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਹਸ਼ਰ ਤੋਂ ਸਾਡੇ ਨੇਤਾਵਾਂ ਨੇ ਇਹੀ ਸਿੱਖਿਆ ਹੈ ਕਿ ਏਨਾਂ ਖ਼ਤਰਨਾਕ ਕੰਮ ਉਹਨਾਂ ਦੇ ਕਰਨ ਦਾ ਨਹੀਂ। ਟੱਸਰ ਦੀਆਂ ਪੱਗਾਂ ਬੰਨ੍ਹ ਕੇ,ਪੰਜ ਫੁੱਟੀਆਂ ਕ੍ਰਿਪਾਨਾਂ ਫੜ ਕੇ ਲੋਕਾਂ ਨੂੰ ਰਵਾਇਤੀ ਨੇਤਾਵਾਂ ਦੇ ਭੇਖ ਰਾਹੀਂ ਭਰਮਾ ਕੇ ਗਲ਼ਾਂ ਵਿੱਚ ਹਾਰ ਪੁਆ ਲੈਣ ਅਤੇ ''ਬਾਬਰ ਬ-ਐਸ਼ ਕੋਸ਼, ਆਲਮ ਦੁਬਾਰਾ ਨੇਸਤ'' ਉੱਤੇ ਅਮਲ ਕਰਨਾ ਸਾਡੇ ਨੇਤਾ ਖ਼ੂਬ ਸਿੱਖ ਚੁੱਕੇ ਹਨ।

ਪਹਿਲਾਂ ਹੋਏ ਜ਼ੁਲਮਾਂ ਨੂੰ ਨਸ਼ਰ ਕਰ ਕੇ ਵੀ ਜ਼ੁਲਮ ਕਰਨ ਵਾਲਿਆਂ ਨੂੰ ਦੱਸਿਆ ਜਾ ਸਕਦਾ ਹੈ ਕਿ ਉਹਨਾਂ ਦੀਆਂ ਘ੍ਰਿਣਾਯੋਗ ਕਾਰਵਾਈਆਂ ਜਨਤਾ ਜਨਾਰਧਨ ਦੀ ਅੱਖ ਵੇਖ ਰਹੀ ਹੈ; ਉਹ ਦਿਨ ਦੂਰ ਨਹੀਂ ਜਦੋਂ ਹਿਸਾਬ ਚੁਕਾਉਣਾ ਪਵੇਗਾ। ਸਾਡੇ ਨੇਤਾ, ਵੋਟਾਂ ਦੀ ਖਾਤਰ, ਅਣਮਨੁੱਖੀ ਕਾਰਵਾਈਆਂ ਦੀ ਤਫ਼ਤੀਸ਼ ਕਰਵਾਉਣ ਦੇ ਵਾਅਦੇ ਆਪਣੇ ਚੋਣ-ਪੱਤਰਾਂ ਵਿੱਚ ਕਰਦੇ ਹਨ ਅਤੇ ਓਸ ਤੋਂ ਬਾਅਦ ਗਹਿਰ-ਗੰਭੀਰ ਮੁਦ੍ਰਾ ਅਖਤਿਆਰ ਕਰ ਕੇ ਐਲਾਨ ਕਰ ਦਿੰਦੇ ਹਨ ਕਿ ''ਪੁਰਾਣੇ ਜ਼ਖ਼ਮਾਂ ਨੂੰ ਉਚੇੜਨ'' ਨਾਲ ਲੋਕਾਂ ਨੂੰ ਤਕਲੀਫ਼ ਹੋਵੇਗੀ। ਜਨਤਾ ਸਿਰ ਸੁੱਟ ਕੇ 'ਹਾਂ ਜੀ, ਮੇਰੇ ਆਕਾ, ਤੁਹਾਡਾ ਵਚਨ ਹੈ ਤਾਂ ਸਾਰੇ ਸੰਸਾਰ ਦੇ ਤਜ਼ਰਬੇ ਦੇ ਵਿਰੁੱਧ ਪਰ ਸਾਡੇ ਵਰਗੇ ਪਸ਼ੂ, ਪ੍ਰੇਤਾਂ ਉੱਤੇ ਏਹੋ ਢੁਕਦਾ ਹੈ।' ''ਪਸ਼ੂ ਪ੍ਰੇਤਹੁਂ ਦੇਵ'' ਕਰਨ ਵਾਲੇ ਸਤਿਗੁਰੂ ਅੱਜ ਬੀਤੇ ਜ਼ਮਾਨੇ ਦੀਆਂ ਕਥਾ-ਕਹਾਣੀਆਂ ਹੋ ਚੁੱਕੇ ਹਨ।

ਜਾਂ ਫੇਰ ਅਜੇਹੇ ਕੂੜੇ-ਕਰਕਟ ਨੂੰ ਸਮੇਟਣ ਲਈ ਜਨਤਕ ਲਹਿਰਾਂ ਆਉਂਦੀਆਂ ਹਨ। ਅਜੇਹੀ ਇੱਕ ਸਦੀਵੀ ਲਹਿਰ ਜ਼ੁਲਮ, ਧੱਕੇ ਨੂੰ ਸਮਾਜ ਵਿੱਚੋਂ ਸਦਾ ਲਈ ਮਨਫ਼ੀ ਕਰਨ ਲਈ ਗੁਰੂ ਨਾਨਕ ਨੇ ਚਲਾਈ ਸੀ। ਉਸ ਦਾ ਹੁਲੀਆ ਵਿਗਾੜਨ ਲਈ ਸਾਨੂੰ ਕਈ ਸਦੀਆਂ ਮੂਰਖਤਾ ਅਤੇ ਉਜੱਡਪੁਣੇ ਤੋਂ ਕੰਮ ਲੈਣਾ ਪਿਆ ਅਤੇ ਜਬਰ-ਵਿਰੋਧੀ ਜਥੇਬੰਦੀ ਨੂੰ ਖੋਰਦੇ-ਖੋਰਦੇ ਅੰਤ ਅਸੀਂ ਪਹੁੰਚੇ ਪੇਤਲੇ ਜਿਹੇ ਅਕਾਲੀ ਦਲ ਉੱਤੇ। ਅਜਿਹੇ ਅਕਾਲੀ ਦਲ ਦਾ ਵੀ 1996ਵਿੱਚ ਮੁਕੰਮਲ ਭੋਗ ਪਾ ਕੇ ਅਸੀਂ ਏਸ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਲਿਆ। ਪਹਿਲਾਂ ਜਦੋਂ ਕੋਈ ਕੱਟਾ-ਵੱਛਾ ਮਰ ਜਾਂਦਾ ਸੀ ਤਾਂ ਸੱਜਰੀ ਸੂਈ ਮੱਝ-ਗਊ ਦਾ ਦੁੱਧ ਚੋਣ ਲਈ ਉਸ ਦਾ ਮੂਰਾ ਬਣਾ ਲਿਆ ਜਾਂਦਾ ਸੀ ਯਾਨੀ ਕਿ ਓਸ ਦੀ ਖੱਲ ਵਿੱਚ ਤਾਰਾ-ਮੀਰਾ, ਗੁਆਰੇ ਆਦਿ ਦੇ ਡੱਕੇ ਭਰ ਕੇ ਕਾਰਜ ਸਿੱਧ ਕਰ ਲਿਆ ਜਾਂਦਾ ਸੀ। ਕੁਝ ਏਸੇ ਤਰਜ਼ ਉੱਤੇ ਸਾਡੇ ਕਿਸਾਨ ਪਿਛੋਕੜ ਵਾਲੇ ਆਗੂਆਂ ਨੇ ਅਕਾਲੀ ਦਲ ਦਾ ਨਾਂਅ ਕਾਇਮ ਰੱਖ ਕੇ ਸਿੱਖ ਜਨਤਾ ਦੀਆਂ ਵੋਟਾਂ ਚੋਣ ਦਾ ਕਰਿਸ਼ਮਾ ਕਰ ਵਿਖਾਇਆ ਹੈ। ਜਨਤਕ ਲਹਿਰ ਕਿਹੜੇ ਸੋਮੇ ਵਿੱਚੋਂ ਫੁਟ ਕੇ ਨਿਕਲੇ?

1984 ਤੋਂ ਪਹਿਲਾਂ ਦੇ ਸਿੱਖ ਸੰਘਰਸ਼ ਨੇ ਲੈ-ਦੇ ਕੇ ਪਿਛਲੇ ਦਹਾਕਿਆਂ ਦੀ ਪੁਰਾਣੀ ਲੀਡਰਸ਼ਿਪ ਨੂੰ ਨਕਾਰ ਕੇ ਨਵੇਂ ਲੋਕਾਂ ਨੂੰ ਮੂਹਰੇ ਲਿਆਂਦਾ ਸੀ। ਨਵੇਂ ਨੇਤਾਵਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਵੀ ਮਿਲਿਆ। ਗੱਲ ਏਥੋਂ ਤੱਕ ਪਹੁੰਚਾ ਦਿੱਤੀ ਗਈ ਕਿ ਕਿਸੇ ਇੱਕ ਹਲਕੇ ਤੋਂ ਵੀ ਪੁਰਾਣੀ ਸਰਦਾਰੀ ਆਪਣੀ ਹੋਂਦ ਕਾਇਮ ਨਾ ਰੱਖ ਸਕੀ। ਪਰ ਨਵੇਂ ਨੇਤਾਵਾਂ ਨੂੰ ਕਿਧਰੇ ਪੰਜ ਫੁੱਟੀ ਕ੍ਰਿਪਾਨ ਡਹਿਆ ਬਣ ਕੇ ਨਿੱਸਲ ਕਰ ਗਈ, ਕਿਧਰੇ ਸਮਾਜ ਉੱਤੇ ਆਪਣੇ ਹਨੇਰੇ ਦਿਮਾਗ਼ ਵਿੱਚ ਉਸਾਰਿਆ ਸਿੱਖ-ਸਿਧਾਂਤ ਦਾ ਹਊਆ ਡੰਗ ਮਾਰ ਗਿਆ। ਆਖ਼ਰ ਲੋਕਾਂ ਵੱਲੋਂ ਨਕਾਰੀ ਲੀਡਰਸ਼ਿਪ ਨੂੰ ਆਪ ਖਾਰਿਆਂ ਵਿੱਚ ਬਿਠਾ ਕੇ ਲਿਆਏ ਨਵੇਂ ਨੇਤਾਵਾਂ ਨੇ ਹੱਥੀਂ ਇਸ਼ਨਾਨ ਕਰਵਾ ਕੇ ਗੱਦੀਆਂ ਉੱਤੇ ਸਥਾਪਤ ਕੀਤਾ। ਓਸ ਤੋਂ ਬਾਅਦ ਓਹੀ ਮਹਾਨ ਨੇਤਾ ਕ੍ਰਿਪਾਨਾਂ ਤਿਆਗ ਕੇ ਮੰਦਰੀਂ ਮੱਥੇ ਘਸਾ ਕੇ ਫੇਰ ਪ੍ਰਵਾਨ ਹੋਏ ਅਤੇ ਹੁਣ ਫੇਰ ਕਿਸੇ ਦਾਅ ਦੀ ਤਾਕ ਵਿੱਚ ਪਪੀਹੇ ਵਾਂਗੂੰ ''ਖ਼ਾਲਿਸਤਾਨ, ਖ਼ਾਲਿਸਤਾਨ'' ਕੂਕ ਰਹੇ ਹਨ। ਕੋਈ ਉਹਨਾਂ ਨੂੰ ਨਹੀਂ ਪੱਛਦਾ ਕਿ ਜਦੋਂ ਸ਼ਕਤੀ ਤੁਹਾਡੇ ਕੋਲ ਸੀ ਓਦੋਂ ਕਿਉਂ ਓਸ ਨੂੰ ਖ਼ਾਲਿਸਤਾਨ ਬਣਾਉਣ ਲਈ ਨ ਵਰਤਿਆ ਅਤੇ ਹੁਣ ਸੱਤਾਹੀਣ ਹੋ ਕੇ ਕਿਵੇਂ ਖ਼ਾਲਿਸਤਾਨ ਬਣਵਾਉਗੇ?

ਕੁਲ ਮਿਲਾ ਕੇ ਸਥਿਤੀ ਇਹ ਹੈ ਕਿ ਹੁਣ ਹਿੰਦੋਸਤਾਨ ਵਿੱਚ ਕਈ ਘਾਤਕ ਪ੍ਰਕਿਰਿਆਵਾਂ ਵਾਪਰ ਰਹੀਆਂ ਹਨ ਜਿਵੇਂ ਕਿ ਨਕਸਲੀ ਵਿਦ੍ਰੋਹ, ਨੇਪਾਲ ਦਾ ਹਿੰਦੂ ਰਾਸ਼ਟਰ ਦੇ ਘੋੜੇ ਤੋਂ ਉੱਤਰ ਕੇ ਮਾਉਵਾਦੀਆਂ ਦੀ ਪਿੱਠ ਉੱਤੇ ਸਵਾਰ ਹੋ ਜਾਣਾ, ਕਸ਼ਮੀਰ ਦੇ ਕਮਸਿਨ ਮੁੰਡਿਆਂ ਦਾ ਪੱਥਰ-ਵੱਟੇ ਲੈ ਕੇ ਸੜਕਾਂ ਉੱਤੇ ਆ ਜਾਣਾ ਅਤੇ ਚੀਨ ਦਾ ਹਿੰਦੋਸਤਾਨ ਦੇ ਇਲਾਕਿਆਂ ਉੱਤੇ ਕਾਬਜ਼ ਹੋਣ ਦੀਆਂ ਖ਼ਬਰਾਂ ਦਾ ਆ ਜਾਣਾ। ਚਾਰੇ ਘਟਨਾਵਾਂ ਦੱਸਦੀਆਂ ਹਨ ਕਿ ਹਿੰਦੋਸਤਾਨ ਆਪਣੇ-ਆਪ ਨੂੰ ਕਾਇਮ ਰੱਖਣ ਪੱਖੋਂ ਖਿਸਕਦਾ ਜਾ ਰਿਹਾ ਹੈ। ਏਸ ਸੰਦਰਭ ਵਿੱਚ 'ਹਿੰਦੂ ਰਾਸ਼ਟਰ' ਦਾ ਮਨੋਬਲ ਉੱਚਾ ਰੱਖਣ ਲਈ ਫੇਰ ਨਰ-ਬਲੀਆਂ ਦੀ ਲੋੜ ਜਾਪਣ ਲੱਗੀ ਹੈ। ਕੁਝ ਸਮਾਂ ਪਹਿਲਾਂ ਖੁਫ਼ੀਆ ਏਜੰਸੀਆਂ ਦਾ ਐਲਾਨ ਅਖ਼ਬਾਰਾਂ ਨੇ ਛਾਪਿਆ ਕਿ ਖਾਲਿਸਤਾਨੀ ਫੇਰ ਸਰਗਰਮ ਹੋ ਰਹੇ ਹਨ। ਤੁਰੰਤ ਬਾਅਦ ਕਈ ਲੋਕਾਂ ਨੂੰ ਅੱਤਵਾਦ ਫ਼ੈਲਾਉਣ ਦੇ ਦੋਸ਼ ਹੇਠ ਫੜ ਲਿਆ ਗਿਆ। ਇਹਨਾਂ ਕੋਲੋਂ ਏਨਾਂ ਕੁ ਅਸਲਾ ਅਤੇ ਬਾਰੂਦ (ਆਰ.ਡੀ. ਐਕਸ) ਬਰਾਮਦ ਹੋਇਆ (?) ਜਿੰਨਾਂ ਕੁ ਕਿ ਅੱਧੇ ਪੰਜਾਬ ਨੂੰ ਤਬਾਹ ਕਰਨ ਲਈ ਕਾਫ਼ੀ ਸੀ। ਅਜੇਹੇ ਮੌਕੇ ਉੱਤੇ ਇਹ ਕਦੇ ਵੀ ਦੱਸਿਆ ਨਹੀਂ ਜਾਂਦਾ ਕਿ ਇਹ ਅਸਲਾ ਚੱਲਦਾ ਕਿਉਂ ਨਹੀਂ ਅਤੇ ਅੱਤਵਾਦ ਨੂੰ ਪ੍ਰਣਾਏ ਲੋਕ ਬੀਬੇ ਰਾਣੇ ਬਣ ਕੇ ਕਿਉਂ ਸਭ ਕੁਝ ਪੁਲਿਸ ਨੂੰ 'ਪਿਆਰ ਸਹਿਤ ਭੇਟ' ਕਰ ਦਿੰਦੇ ਹਨ?

ਏਨਾ ਕੁ ਹੁੰਦਿਆਂ ਕਈ 'ਅੱਤਵਾਦੀ' ਵੀ ਗ੍ਰਿਫ਼ਤਾਰ ਕਰ ਲਏ ਗਏ। ਇਹ ਦੱਸਣ ਲਈ ਕੋਈ ਵੀ ਤਿਆਰ ਨਹੀਂ ਕਿ ਇਹਨਾਂ ਨੇ ਪਿਛਲੇ ਸਮਿਆਂ ਵਿੱਚ ਕਿਹੜੀਆਂ-ਕਿਹੜੀਆਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਸੀ ਜਿਸ ਕਰ ਕੇ ਇਹਨਾਂ ਨੂੰ 'ਅੱਤਵਾਦੀ' ਲਕਬ ਨਾਲ ਸ਼ਿੰਗਾਰਿਆ ਗਿਆ ਹੈ। ਇਹਨੀਂ ਦਿਨੀਂ ਹੀ ਪਤਾ ਲੱਗਿਆ ਕਿ ਇੱਕ ਰਸਾਲਾ ਚਲਾਉਣ ਵਾਲੇ ਅਤੇ ਕਵਿਤਾਵਾਂ ਦੀਆਂ ਚਾਰ ਕਿਤਾਬਾਂ ਲਿਖਣ ਵਾਲੇ ਭਾਈ ਨਰੈਣ ਸਿੰਘ ਦੀ ਵੀ ਪੁਲਿਸ ਨੂੰ ਭਾਲ ਹੈ। ਇੱਕ ਇਸ਼ਤਿਹਾਰ ਵੀ ਅਖ਼ਬਾਰ ਵਿੱਚ ਓਸ ਦੀ ਗ੍ਰਿਫ਼ਤਾਰੀ ਕਰਵਾਉਣ ਵਾਲੇ ਨੂੰ ਇਨਾਮ ਦੇਣ ਲਈ ਪੁਲਿਸ ਵੱਲੋਂ ਛਾਪਿਆ ਗਿਆ। ਇਹ ਨਰੈਣ ਸਿੰਘ ਓਹੋ ਹੈ ਜਿਸ ਨੂੰ ਪੁਲਿਸ ਪਹਿਲਾਂ ਵੀ ਗਿਆਰਾਂ ਮੁਆਮਲਿਆਂ ਵਿੱਚ ਫ਼ਸਾ ਚੁੱਕੀ ਹੈ ਅਤੇ ਕੁੱਲ ਮਿਲਾ ਕੇ ਲੰਬਾ ਅਰਸਾ ਜੇਲ੍ਹ ਵਿੱਚ ਰੱਖ ਚੁੱਕੀ ਹੈ। ਹਰ ਵਾਰੀ ਓਸ ਨੂੰ ਗ੍ਰਿਫ਼ਤਾਰ ਕਰ ਕੇ ਓਸ ਉੱਤੇ ਤਸ਼ੱਦਦ ਕੀਤਾ ਜਾ ਚੁੱਕਾ ਹੈ। ਉਹ ਕੇਸ ਝੂਠੇ ਹੋਣ ਕਾਰਣ ਹਰ ਵਾਰੀ ਬਰੀ ਹੋ ਜਾਂਦਾ ਹੈ ਅਤੇ ਅਦਾਲਤਾਂ ਪੁਲਿਸ ਵਿਰੁੱਧ ਟਿੱਪਣੀਆਂ ਵੀ ਕਰਦੀਆਂ ਹਨ ਪਰ ਨਰੈਣ ਸਿੰਘ ਦੇ ਦੁੱਖਾਂ ਦਾ ਅੰਤ ਨਹੀਂ ਹੁੰਦਾ। ਪਿੱਛੇ ਓਸ ਨੂੰ ਜੇਲ੍ਹ ਤੋੜਨ ਦੇ ਮਸਲੇ ਵਿੱਚ ਫ਼ਸਾਇਆ ਗਿਆ। ਇਲਜ਼ਾਮ ਸੀ ਕਿ ਏਸ ਨੇ ਜੇਲ੍ਹ ਵਿੱਚ ਹਨੇਰਾ ਕਰਨ ਲਈ ਮੋਟੀਆਂ ਬਿਜਲੀ ਦੀਆਂ ਤਾਰਾਂ ਉੱਤੇ ਸੰਗਲ ਚਲਾ ਕੇ ਮਾਰਿਆ ਸੀ। ਸੰਗਲ ਢਾਈ ਕੁ ਮਣ ਦਾ ਹੈ ਅਤੇ ਤਾਰਾਂ ਜ਼ਮੀਨ ਤੋਂ ਤੀਹ ਕੁ ਫੁੱਟ ਉੱਚੀਆਂ ਹਨ ਅਤੇ ਨਰੈਣ ਸਿੰਘ ਦੇ ਕਈ ਵਾਰ ਪੁਲਿਸ ਤਸ਼ੱਦਦ ਸਹਿਣ ਕਾਰਣ ਹੱਥ-ਪੈਰ ਆਮ ਵਾਂਗ ਕੰਮ ਵੀ ਨਹੀਂ ਕਰਦੇ। ਸ਼ਾਇਦ ਗਾਮਾ ਪਹਿਲਵਾਨ ਭਰ ਜੋਬਨ ਵਿੱਚ ਵੀ ਇਹ ਕਾਰਨਾਮਾ ਨਾ ਕਰ ਸਕਦਾ।

ਏਸੇ ਕੇਸ ਵਿੱਚ ਪਾਲ ਸਿੰਘ ਫ਼ਰਾਂਸ ਵਾਲੇ ਨੂੰ ਘਰੋਂ ਚੁੱਕ ਕੇ ਫਸਾਇਆ ਗਿਆ ਹੈ। ਏਸ ਨੂੰ 54 ਸਾਲ ਦਾ ਦੱਸਿਆ ਗਿਆ ਹੈ ਜਦੋਂ ਕਿ ਜਾਣਕਾਰਾਂ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ) ਮੁਤਾਬਕ ਏਸ ਦੀ ਅਸਲ ਉਮਰ 74 ਸਾਲ ਹੈ।

ਹੁਣੇ-ਹੁਣੇ ਆਈ.ਬੀ.ਦੇ ਡਾਇਰੈਕਟਰ ਦਾ ਬਿਆਨ ਆਇਆ ਹੈ ਕੇ ਉਹਨਾਂ ਨੇ ਸਮਾਂ ਰਹਿੰਦੇ ਕਾਰਵਾਈ ਕਰ ਕੇ ਖ਼ਾਲਿਸਤਾਨੀ ਅੱਤਵਾਦ ਨੂੰ ਠੱਲ੍ਹ ਪਾ ਦਿੱਤੀ ਹੈ। ਏਸ ਠੱਲ੍ਹ ਦੇ ਸਿਲਸਿਲੇ ਵਿੱਚ ਇੱਕ ਨਿਰਦੋਸ਼ ਨੌਜਵਾਨ ਨੂੰ ਪੁਲਿਸ ਹਿਰਾਸਤ ਵਿੱਚ ਏਨਾਂ ਕੁੱਟਿਆ, ਮਾਰਿਆ ਗਿਆ ਕਿ ਓਸ ਦੇ ਗੁਰਦੇ ਫੇਲ੍ਹ ਹੋ ਗਏ ਅਤੇ ਹਸਪਤਾਲ ਵਾਲਿਆਂ ਕਈ ਦਿਨ ਮਿਹਨਤ ਕਰ ਕੇ ਬੜੀ ਮੁਸ਼ਕਲ ਨਾਲ ਓਸ ਨੂੰ ਬਚਾਇਆ। ਇਹਨਾਂ ਮਜ਼ਲੂਮਾਂ ਦਾ ਕੁਈ ਵਾਰਸ ਹੋਵੇ ਤਾਂ ਪੁੱਛੇ ਕਿ ਭੀਲਵਾੜੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ 850 ਟਨ ਬਰੂਦ ਨਾਲ ਲੱਦੇ ਸਰਕਾਰੀ ਟਰੱਕ ਗਾਇਬ ਹੋ ਚੁੱਕੇ ਹਨ। ਦੂਰ-ਦੁਰਾਡੇ ਸਿੱਖਾਂ ਦੇ ਘਰੀਂ ਪਏ ਪਾਈਆ-ਪਾਈਆ ਆਰ.ਡੀ.ਐਕਸ. ਦੀ ਤਾਂ ਆਈ.ਬੀ. ਦੇ ਡਾਇਰੈਕਟਰ ਨੂੰ ਝੱਟ ਖੁਸ਼ਬੂ ਆ ਜਾਂਦੀ ਹੈ ਪਰ ਮਣਾਂ ਮੂੰਹੀਂ, ਟਰੱਕਾਂ ਦੇ ਟਰੱਕ ਗਾਇਬ ਹੋਣ ਦੀ ਓਸ ਨੂੰ ਭਿਣਕ ਤੱਕ ਵੀ ਨਹੀਂ ਪੈਂਦੀ। ਕੌਣ ਪੁੱਛੇ ਕਿ ਇਹ ਮਾਜਰਾ ਕੀ ਹੈ?

ਏਸੇ ਤਰ੍ਹਾਂ ਹੀ ਹਿੰਦੂ ਅੱਤਵਾਦੀ ਸੰਗਠਨਾਂ ਵੱਲੋਂ ਕੀਤੇ ਗਏ ਵਿਸਫ਼ੋਟਾਂ ਦੀ ਖ਼ਬਰ ਸਾਲਾਂ ਬੱਧੀ ਕਿਉਂ ਆਈ.ਬੀ. ਨੂੰ ਨਹੀਂ ਲੱਗਦੀ? ਪੰਜਾਬ ਦੀ ਸਾਰੀ ਸਰਹੱਦ ਉੱਤੇ ਤਾਰਾਂ ਲੱਗੀਆਂ ਹਨ ਅਤੇ ਏਸ ਦੀ ਸੁਰੱਖਿਆ ਬੀ.ਐੱਸ.ਐੱਫ. ਅਤੇ ਆਈ. ਬੀ. ਦੇ ਹਵਾਲੇ ਹੈ। ਫੇਰ ਵੀ ਏਥੋਂ ਰੋਜ਼ ਮਣਾਂ ਮੂੰਹੀਂ ਘਾਤਕ ਨਸ਼ੇ ਪੰਜਾਬ ਵਿੱਚ ਆ ਜਾਂਦੇ ਹਨ। ਇਹ ਸਿਲਸਿਲਾ ਸਾਲਾਂ ਤੋਂ ਜਾਰੀ ਹੈ। ਫੇਰ ਵੀ ਕਿਉਂ ਏਸ ਦਾ ਕੋਈ ਬੰਦੋਬਸਤ ਨਹੀਂ ਹੋ ਸਕ ਰਿਹਾ? ਨਕਸਲੀਆਂ ਨੇ ਪੂਰੀਆਂ-ਪੂਰੀਆਂ ਪਲਟੂਨਾਂ ਸਿਪਾਹੀਆਂ ਦੀਆਂ ਖਪਾ ਦਿੱਤੀਆਂ, ਰੇਲ ਗੱਡੀਆਂ ਨੂੰ ਘੰਟਿਆਂ ਬੱਧੀ ਰੋਕੀ ਰੱਖਿਆ ਪਰ ਆਈ.ਬੀ. ਨੂੰ ਅਗਾਊਂ ਕੁਝ ਵੀ ਸੂਹ ਨਾ ਮਿਲੀ! ਜ਼ਾਹਰ ਹੈ ਕਿ ਆਈ. ਬੀ. ਇੱਕ ਐਸੀ ਫ਼ੋਰਸ ਹੈ ਜਿਸ ਨੇ ਘੱਟ-ਗਿਣਤੀਆਂ ਅਤੇ ਦੂਜੀਆਂ ਕੌਮਾਂ ਨੂੰ ਭੰਡ ਕੇ ਉਹਨਾਂ ਉੱਤੇ ਤਸ਼ੱਦਦ ਕਰਨ ਦਾ ਰਾਹ ਪੱਧਰਾ ਕਰਨਾ ਹੁੰਦਾ ਹੈ।

ਜੇ ਸਾਰੇ ਤੱਥਾਂ ਸਮੇਤ ਸਾਡੇ ਨੇਤਾ ਲੋਕ ਜਨਤਾ ਦੇ ਸਾਹਮਣੇ ਇਹ ਗੱਲਾਂ ਰੱਖਣ ਤਾਂ ਇਹਨਾਂ ਨੂੰ ਝੂਠਲਾਉਣ ਵਾਲਾ ਕੀ ਆਖ ਕੇ ਤੱਥਾਂ ਦਾ ਵਿਰੋਧ ਕਰੇਗਾ? ਜਾਪਦਾ ਇਹ ਹੈ ਕਿ ਸਾਡੇ ਨੇਤਾ ਆਪਣੀ ਜਨਤਾ ਨੂੰ ਮਨੋਂ ਵਿਸਾਰ ਚੁੱਕੇ ਹਨ। ਉਹ ਏਸ ਗੱਲ ਤੋਂ ਵੀ ਬੇਖ਼ਬਰ ਹਨ ਕਿ ਅੱਤਵਾਦੀਆਂ ਦੇ ਬਹਾਨੇ ਜੇ ਹਰ ਚੜ੍ਹਦੇ ਮਹੀਨੇ ਸੁਰੱਖਿਆ ਬਲ ਇਵੇਂ ਹੀ ਸਾਬਤ-ਸੂਰਤ ਸਿੰਘਾਂ ਦਾ ਘਾਣ ਕਰਦੇ ਰਹਿਣਗੇ ਤਾਂ ਸਿੱਖਾਂ ਦੇ ਰਹਿਤ ਇਤਿਆਦਿ ਰੱਖਣ ਉੱਤੇ ਏਸ ਦਾ ਕੀ ਅਸਰ ਹੋਏਗਾ। ਕੀ ਸਾਡੇ ਵੱਡੇ ਮਹਾਨ ਨੇਤਾਵਾਂ ਦੇ ਦਿਲ-ਹਿਲਾਊ ਨਾਅਰੇ ਲਾਉਣ ਵਾਲੇ ਪੈਰੋਕਾਰ ਇੱਕ ਜੁੱਟ ਹੋ ਕੇ ਘੱਟੋ-ਘੱਟ ਏਸ ਅਤੇ ਅਜਿਹੇ ਪੰਜ, ਸੱਤ ਨੁਕਤਿਆਂ ਉੱਤੇ ਆਮ ਸਹਿਮਤੀ ਨਹੀਂ ਕਰ ਸਕਦੇ? ਬੀ.ਜੇ.ਪੀ., ਕੌਂਗਰਸ, ਕੌਮਿਊਨਿਸਟ, ਮਾਯਾਵਤੀ ਵਰਗੇ ਸਭ ਕਈ ਮੁੱਦਿਆਂ ਉੱਤੇ ਇਕੱਠੇ ਹੋ ਸਕਦੇ ਹਨ ਤਾਂ ਕੀ ਇਹ ਆਪਣੇ ਨੇਤਾ ਕੌਮ ਨੂੰ ਬਦਨਾਮੀ ਤੋਂ ਬਚਾਉਣ ਲਈ ਅਤੇ ਨੌਜਵਾਨਾਂ ਦਾ ਘਾਣ ਰੋਕਣ ਲਈ ਏਸ ਹੱਦ ਤੱਕ ਵੀ ਹਉਮੈ ਨੂੰ ਤਿਆਗ ਕੇ ਢੁੱਕਵੀਂ ਕਾਰਵਾਈ ਨਹੀਂ ਕਰ ਸਕਦੇ?

ਕੀ ਇਹ ਏਨੇ ਹੀ 'ਅੰਨ੍ਹੇ' ਹਨ ਕਿ ਚੀਨ, ਇਤਿਆਦਿ ਵੱਲੋਂ ਆ ਰਿਹਾ ਮਹਾਂ ਸੰਕਟ ਵੀ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ? ਹਿੰਦੋਸਤਾਨ ਦੇ ਜਿਹੜੇ ਨੇਤਾ ਨਕਸਲੀਆਂ ਸਾਹਮਣੇ ਗੋਡੇ ਟੇਕਣ ਲਈ ਉਤਾਵਲੇ ਹਨ ਕੀ ਇਹ ਚੀਨੀ ਸੰਕਟ ਦਾ ਮੁਕਾਬਲਾ ਕਰ ਸਕਣਗੇ? ਚੀਨ ਦੀ ਇੱਕ ਘੁਰਕੀ ਸੁਣ ਕੇ ਤਾਂ ਜਵਾਹਰ ਲਾਲ ਲਹਿਰੂ ਨੂੰ ਵੀ ਲਕਵਾ ਮਾਰ ਗਿਆ ਸੀ। ਕੀ ਸਿੱਖ ਨੇਤਾ ਨਹੀਂ ਜਾਣਦੇ ਕਿ ਜਿਨ੍ਹਾਂ ਨੇ ਹਜ਼ਾਰਾਂ ਵਰ੍ਹੇ ਮੁਲਕ ਦੀ ਰੱਖਿਆ ਕਰਨ ਤੋਂ ਕਿਨਾਰਾ ਕਰੀ ਰੱਖਿਆ ਹੈ, ਉਹ ਹੁਣ ਕਿਹੜੀ ਸਵਰਣ ਭਸਮ ਖਾ ਕੇ ਚੀਨ ਦੇ ਮੁਕਾਬਲੇ ਵਿੱਚ ਉੱਤਰਨਗੇ? ਜੇ ਇਹ ਬੋਝ ਵੀ ਆਖ਼ਰ ਸਿੱਖਾਂ ਨੇ ਝੱਲਣਾ ਹੈ ਤਾਂ ਸਾਡੇ 'ਦੇਸ਼ ਭਗਤ' ਨੇਤਾ ਕਿਉਂ ਏਸ ਨਾਤੇ ਹੀ ਸਿੱਖੀ ਨੂੰ ਬਚਾਉਣ ਦਾ ਉਪਰਾਲਾ ਨਹੀਂ ਕਰਦੇ? ਪਿਛਲੇ ਕੁਝ ਦਹਾਕਿਆਂ ਦਾ ਇਤਿਹਾਸ ਦੱਸਦਾ ਹੈ ਕਿ ਇਹ ਨੇਤਾ ਆਪਣੀ ਨੱਕ ਤੋਂ ਅੱਗੇ ਵੇਖ ਸਕਣ ਦੇ ਕਾਬਲ ਨਹੀਂ ਹਨ। ਅਜੇਹੇ ਸਮਿਆਂ ਉੱਤੇ ਲੋਕ ਆਪ ਹੀ ਆਪਣੇ ਗੁਰੂ ਨੂੰ ਧਿਆ ਕੇ ਉੱਠਦੇ ਹਨ ਅਤੇ ਕਈ ਇਤਿਹਾਸਕ ਕ੍ਰਿਸ਼ਮੇ ਕਰ ਵਿਖਾਉਂਦੇ ਹਨ। ਉਹ ਆਪਣੇ ਨੇਤਾ ਵੀ ਤੁਰਦੇ-ਤੁਰਦੇ ਲੱਭ ਲੈਂਦੇ ਹਨ ਜਿਵੇਂ ਸਲੰਘਾਂ, ਤੰਗਲੀਆਂ, ਡਾਂਗਾਂ, ਘੋਟਣਿਆਂ ਵਾਲਿਆਂ ਨੇ ਬਾਬਾ ਦੀਪ ਸਿੰਘ ਨੂੰ ਲੱਭਿਆ ਸੀ। ਫੇਰ ਵੱਡੀਆਂ-ਵੱਡੀਆਂ ਫੌਜਾਂ, ਦਿਉ ਕੱਦ ਜਰਨੈਲ ਇਹਨਾਂ ਦੇ ਸਾਹਮਣੇ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਜਾਂਦੇ ਹਨ।

ਜੇ ਕੁਝ ਸਮੇਂ ਲਈ ਵੱਡੇ ਦਾਈਏ ਭੁੱਲ ਵੀ ਜਾਈਏ ਤਾਂ ਕੀ ਗੁਰੂ ਕੇ ਸਿੱਖਾਂ ਨੂੰ ਜ਼ਾਲਮਾਂ ਦੇ ਪੰਜਿਆਂ ਵਿੱਚੋਂ ਕੱਢਣਾ ਕਰਨ ਯੋਗ ਕੰਮ ਨਹੀਂ? ਸਾਡੇ ਬਜ਼ੁਰਗ ਤਾਂ ਆਖਦੇ ਸਨ: ''ਸਿੱਖ ਛੁਡਾਵਨ ਹੈ ਬਡ ਧਰਮ, ਗਊ ਬ੍ਰਹਮਣ ਤੇ ਸੌ ਗੁਨੋਂ ਕਰਮ।'' ਅਸੀਂ 'ਜੋ ਬੋਲੇ ਸੋ ਨਿਹਾਲ' ਦਾ ਨਾਅਰਾ ਕਈ ਸਦੀਆਂ ਤੋਂ ਲਾਉਂਦੇ ਅਤੇ ਨਿਭਾਉਂਦੇ ਰਹੇ ਹਾਂ। ਜਦੋਂ ਮਜ਼ਲੂਮਾਂ ਨੇ ਸਾਨੂੰ ਯਾਦ ਕੀਤਾ, ਅਸੀਂ ਬੋਲੇ। ਅਸੀਂ ਆਖਿਆ ''ਹੌਂਸਲਾ ਰੱਖੋ, ਅਸੀਂ ਆਏ।'' ਗੁਰੂ ਨੇ ਸਾਡੀ ਬਹੁੜੀ ਕੀਤੀ ਅਤੇ ਵੱਡੇ-ਵੱਡੇ ਰੁਤਬੇ ਬਖ਼ਸ਼ੇ, ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰਾਂ ਉੱਤੇ ਰੱਖਿਆ। ਓਦੋਂ ਸਾਡੀ ਗਿਣਤੀ ਵੀ ਥੋੜ੍ਹੀ ਸੀ; ਕਾਇਦਾ ਕਾਨੂੰਨ ਵੀ ਕੋਈ ਪ੍ਰਚੱਲਤ ਨਹੀਂ ਸੀ। ਕੀ ਅਸੀਂ ਐਨੀ ਗਿਣਤੀ ਵਿੱਚ ਹੁੰਦਿਆਂ ਵੀ ਅੱਜ ਨਹੀਂ ''ਬੋਲਾਂਗੇ''? ਮਜ਼ਲੂਮਾਂ ਦੇ ਹੱਕ ਵਿੱਚ ਬੋਲਣਾ, ਜਿਸ ਨੂੰ ਗੁਰੂ ਗ੍ਰੰਥ ਜੀ ''ਲਰੈ ਦੀਨ ਕੇ ਹੇਤ'' ਆਖਦੇ ਹਨ, ਸਿੱਖੀ ਦੀ ਇੱਕੋ-ਇੱਕ ਮਹਾਂ-ਮਹੱਤਵਪੂਰਣ ਸਿੱਖਿਆ ਹੈ। ਏਸ ਬੋਲਣ ਨਾਲ ਹੀ ਅਸੀਂ ਸਿੱਖ ਬਣਦੇ ਹਾਂ ਅਤੇ ਪਰਮ-ਪਿਤਾ ਦੀ ਸਥਾਈ ਕ੍ਰਿਪਾ ਦੇ ਪਾਤਰ ਬਣ ਕੇ ਨਿਹਾਲ ਹੁੰਦੇ ਹਾਂ। ਕੀ ਇਹ ਸਿੱਖੀ ਦਾ ਧੁਰਾ, ਮੁੱਢਲਾ ਵੱਡਾ ਅਸੂਲ ਇੱਕ ਫ਼ੋਕਾ ਨਾਅਰਾ ਬਣ ਕੇ ਹੀ ਰਹਿ ਜਾਵੇਗਾ?
ਸਿੱਖੀ ਦੇ ਵਿਹੜੇ ਵਿੱਚ ਪਸਰਿਆ ਇਹ ਵੱਡਾ ਸੁਆਲ, ਜੁਆਬ ਦੀ ਉਡੀਕ ਵਿੱਚ ਹੈ।
-ਗੁਰਤੇਜ ਸਿੰਘ ਆਈਏਐਸ
(ਪ੍ਰੋ. ਆਵ ਸਿੱਖਇਜ਼ਮ)

Post a Comment

0 Comments
Post a Comment (0)
To Top