

ਕੈਨੇਡਾ ਦੀ ਧਰਤੀ ’ਤੇ ਇਸ ਸਮੇਂ ਸਿੱਖ ਨੌਜਵਾਨ ਪੀੜ੍ਹੀ ਵੱਲੋਂ ਗ਼ੈਰ-ਸਿੱਖਾਂ ਤੱਕ ਪਹੁੰਚ ਕਰਕੇ ਸੇਵਾ ਦੀਆਂ ਅਜਿਹੀਆਂ ਮਹਾਨ ਉਦਾਹਰਨਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਵਿਸ਼ਵ ਪੱਧਰ ’ਤੇ ਗੂੰਜ ਪੈ ਰਹੀ ਹੈ। ਹੈਤੀ ’ਚ ਆਏ ਭੁਚਾਲ ਸਮੇਂ ਕੈਨੇਡੀਅਨ ਸਿੱਖ ਯੂਥ ਵੱਲੋਂ ਕਰੋੜਾਂ ਡਾਲਰ ਇਕੱਠੇ ਕਰਕੇ ਹੱਥੀਂ ਸੇਵਾ ਕਰਦਿਆਂ ਭਾਈ ਘਨੱਈਆ ਜੀ ਦਾ ਇਤਿਹਾਸ ਦੁਹਰਾਇਆ ਗਿਆ, ਜਿਸ ਦੀ ਪ੍ਰਸੰਸਾ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਤੱਕ ਨੇ ਕੀਤੀ ਤੇ ਸੰਸਥਾ ਯੂਨਾਈਟਿਡ ਸਿੱਖਸ ਦੀ ਘਾਲਣਾ ਨੂੰ ਭਰਪੂਰ ਸਲਾਹਿਆ। ਵਿਡੰਬਨਾ ਇਸ ਗੱਲ ਦੀ ਹੈ ਕਿ ਅੱਜ ਸਿੱਖਾਂ ਦੀ ਕੈਨੇਡਾ ’ਚ ਦੂਜੀ ਤੇ ਤੀਜੀ ਪੀੜ੍ਹੀ ਗੋਰਿਆਂ ਨੂੰ ਤਾਂ ਵਧੀਆ ਕੈਨੇਡੀਅਨ ਯੂਥ ਤੇ ਮਹਾਨ ਵਲੰਟੀਅਰ ਨਜ਼ਰ ਆ ਰਹੀ ਹੈ, ਪ੍ਰੰਤੂ ਕੁਝ ਭਾਰਤੀ ਮੂਲ ਦੇ ਕੈਨੇਡੀਅਨ ਸਿਆਸਤਦਾਨਾਂ ਨੂੰ ਇਹ ਵੱਖਵਾਦੀ, ਅੱਤਵਾਦੀ ਤੇ ਜ਼ਹਿਰੀਲਾ ਪ੍ਰਚਾਰ ਕਰਨ ਵਾਲੀ ਦਿਸ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਕੁਝ ਸੰਸਥਾਵਾਂ ਵੱਲੋਂ ਮਿਲੇਨੀਅਮ ਸਿੱਖ ਭਾਵ ‘ਦਹਿਸਦੀ ਦੇ ਮਹਾਨ ਸਿੱਖ’ ਵਜੋਂ ਸਨਮਾਨਿਤ ਕੀਤੇ ਗਏ ਉੱਜਲ ਦੁਸਾਂਝ ਵੱਲੋਂ ਭਾਰਤ ਜਾ ਕੇ ਉਥੋਂ ਦੇ ਮੀਡੀਏ ਅੰਦਰ ਸਿੱਖਾਂ ਦੀ ਕੈਨੇਡਾ ਜੰਮੀ-ਪਲੀ ਦੂਜੀ ਤੇ ਤੀਜੀ ਪੀੜ੍ਹੀ ਬਾਰੇ ਕੀਤੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਦੁਸਾਂਝ ਨੂੰ ਕੈਨੇਡੀਅਨ ਸਿੱਖ ਨੌਜਵਾਨਾਂ ’ਚੋਂ ਕੋਈ ਚੰਗਾ ਗੁਣ ਨਜ਼ਰ ਨਹੀਂ ਆਉਂਦਾ, ਬਲਕਿ ਉਹ ‘ਜ਼ਹਿਰੀਲੇ’ ਹੀ ਦਿਸਦੇ ਹਨ। ਉਂਜ ਇਹ ਪਹਿਲੀ ਵਾਰ ਨਹੀਂ, ਜਦੋਂ ਉੱਜਲ ਦੁਸਾਂਝ ਨੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਜਾਂ ਭਾਰਤ-ਵਿਰੋਧੀ ਵਿਚਰਨ ਕਿਹਾ ਹੋਵੇ। ਸਚਾਈ ਤਾਂ ਇਹ ਹੈ ਕਿ ਉਹ ਮੁੱਖ ਧਾਰਾ ਦੇ ਮੀਡੀਏ ਅੰਦਰ ਚਰਚਿਤ ਰਹਿਣ ਲਈ ਹਮੇਸ਼ਾ ਹੀ ਅਜਿਹੀ ਬਿਆਨਬਾਜ਼ੀ ਕਰਦੇ ਆਏ ਹਨ ਤੇ ਸਰਕਾਰਾਂ ਦੀਆਂ ਨਜ਼ਰਾਂ ’ਚ ‘ਲਾਡਲੇ’ ਲੀਡਰ ਬਣਦੇ ਰਹੇ ਹਨ।
ਇਸ ਸੰਦਰਭ ਵਿਚ ਕੈਨੇਡਾ ਦੇ ਦੌਰੇ ’ਤੇ ਆਏ ਭਾਰਤੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਇਸ ਧਰਤੀ ’ਤੇ ਕਦਮ ਰੱਖਦਿਆਂ ਹੀ ਅਜਿਹਾ ਬਿਆਨ ਦਿੱਤਾ ਗਿਆ ਕਿ ਕੈਨੇਡਾ ’ਚ ਸਿਰ ਚੁੱਕ ਰਹੇ ‘ਸਿੱਖ ਅੱਤਵਾਦ’ ਤੋਂ ਭਾਰਤ ਨੂੰ ਖ਼ਤਰਾ ਹੈ ਤੇ ਕੈਨੇਡਾ ਸਰਕਾਰ ਇਸ ਨੂੰ ਕਾਬੂ ਕਰੇ। ਹਾਲਾਂ ਕਿ ਦੁਸਾਂਝ ਨੇ ਭਾਰਤੀ ਕੈਨੇਡੀਅਨ ਸਿਆਸਤਦਾਨਾਂ ਦੀ ਡਾ: ਸਿੰਘ ਨਾਲ ਮੁਲਾਕਾਤ ਵੇਲੇ ਵੀ ਸਿੱਖਾਂ ਦੀ ਕੈਨੇਡਾ ’ਚ ਤਰੱਕੀ ਦੀ ਥਾਂ ‘ਦਹਿਸ਼ਤਗਰਦ ਸੋਚ’ ਦੀ ਹੀ ਦੁਹਾਈ ਪਾਈ ਸੀ। ਪੰਰਤੂ ਹੋਰਨਾਂ ਭਾਰਤੀ ਮੂਲ ਤੇ ਕੈਨੇਡੀਅਨ ਜੰਮਪਲ ਸਿੱਖ ਐਮ. ਪੀਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੈਨੇਡਾ ਦੇ ਸਿੱਖਾਂ ਬਾਰੇ ਉਨ੍ਹਾਂ ਦਾ ਨਿਰਣਾ ਸੰਤੁਲਿਤ ਨਹੀਂ, ਜਦੋਂ ਕਿ ਇਥੇ ਵਸਦੇ ਸਿੱਖਾਂ ਦੀਆਂ ਵਪਾਰ-ਕਾਰੋਬਾਰ ਤੇ ਮਿਹਨਤ ਪੱਖੋਂ ਪ੍ਰਾਪਤੀਆਂ ਕਰਕੇ ਹੀ ਭਾਰਤ ਨੂੰ ਕੈਨੇਡਾ ’ਚ ਸਨਮਾਨ ਮਿਲਿਆ ਹੈ।
ਦੂਜੇ ਪਾਸੇ ਉੱਜਲ ਦੁਸਾਂਝ ਦੀ ਸਿਆਸਤ ਇਹ ਹੈ ਕਿ ਜਿਸ ਪਾਰਟੀ ਨੇ ਉਨ੍ਹਾਂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ, ਉਸ ਨੂੰ ਵੀ ਪਿੱਠ ਵਿਖਾ ਸਕਦੇ ਹਨ। 70ਵਿਆਂ ’ਚ ਕੈਨੇਡਾ ਦੀ ਰਾਜਨੀਤੀ ’ਚ ਸਰਗਰਮ ਹੋਏ ਦੁਸਾਂਝ ਪਹਿਲਾਂ ਖੱਬੇ-ਪੱਖੀ ਰਹੇ ਤੇ ਕੌਂਸਲਖਾਨਿਆਂ ਖਿਲਾਫ਼ ਮੁਜ਼ਾਹਰਿਆਂ ’ਚ ਸ਼ਾਮਿਲ ਹੋਏ ਪੰਰਤੂ ਮਗਰੋਂ ਗਾਂਧੀਵਾਦੀ ਬਣਨ ’ਚ ਉਨ੍ਹਾਂ ਨੂੰ ਲਾਭ ਨਜ਼ਰ ਆਇਆ ਤਾਂ ’84 ’ਚ ਸਿੱਖ ਵਿਰੋਧੀ ਸਰਗਰਮੀਆਂ ਕਰਨ ਲੱਗੇ।
ਸਵਾਲ ਇਹ ਉੱਠਦਾ ਹੈ ਕਿ ਇਕ ਪਾਸੇ ਇਸ ‘ਅਨੁਭਵੀ’ ਸਿਆਸਤਦਾਨ ਨੂੰ ਦੂਜੀ ਤੇ ਤੀਜੀ ਸਿੱਖ ਪੀੜ੍ਹੀ ਵੱਖਵਾਦੀ ਤੇ ਜ਼ਹਿਰੀਲਾ ਪ੍ਰਚਾਰ ਕਰਨ ਵਾਲੀ ਨਜ਼ਰ ਆਉਂਦੀ ਹੈ, ਜਦ ਕਿ ਦੂਜੇ ਪਾਸੇ ਇਸ ਪੀੜ੍ਹੀ ਵਿਚੋਂ ਹੀ ਕੈਨੇਡੀਅਨ ਜੰਮਪਲ ਗੁਰਸਿੱਖ ਐਮ. ਪੀਜ਼ ਨਵਦੀਪ ਸਿੰਘ ਬੈਂਸ, ਟਿਮ ਉੱਪਲ ਅਤੇ ਡਾ: ਰੂਬੀ ਢਾਲਾ ਤੋਂ ਇਲਾਵਾ ਦੂਜੀ ਪੀੜ੍ਹੀ ਵਿਚੋਂ ਵੀ ਐਮ.ਪੀ. ਸੁੱਖ ਧਾਲੀਵਾਲ, ਨੀਨਾ ਗਰੇਵਾਲ ਤੇ ਸੰਸਦ ’ਚ ਪਹਿਲੇ ਦਸਤਾਰਧਾਰੀ ਸਿੰਘ ਗੁਰਬਖਸ਼ ਸਿੰਘ ਮੱਲ੍ਹੀ, ਅਗਲੀਆਂ ਪੀੜ੍ਹੀਆਂ ਦਾ ਅਕਸ ਸਹੀ ਢੰਗ ਨਾਲ ਪੇਸ਼ ਕਰਨ ਦੇ ਯਤਨਾਂ ਵਿਚ ਹਨ। ਦਰਅਸਲ ਇਸ ਸਮੇਂ ਕੈਨੇਡਾ ਦੇ ਸਿੱਖ ਨੌਜਵਾਨ, ਆਉਂਦੇ ਸੌ ਸਾਲਾਂ ’ਚ ਸੁਨਹਿਰੀ ਇਤਿਹਾਸ ਸਿਰਜਣ ਦੀ ਕੋਸ਼ਿਸ਼ ਵਿਚ ਹਨ, ਤਾਂ ਕਿ ਕੈਨੇਡਾ ਤੋਂ ਉੱਠੀ ਜਾਗ੍ਰਿਤੀ ਦੀ ਲਹਿਰ ਹੋਰਨਾਂ ਲਈ ਵੀ ਚਾਨਣ-ਮੁਨਾਰਾ ਬਣੇ। ਇਥੇ ਹੀ ਬੱਸ ਨਹੀਂ, ਸਿੱਖ ਨਸਲਕੁਸ਼ੀ 1984 ਦੇ ਮਾਮਲੇ ’ਚ ਕੈਨੇਡਾ ਦੀ ਪਾਰਲੀਮੈਂਟ ’ਚ ਪਟੀਸ਼ਨ ਪੇਸ਼ ਕੀਤੇ ਜਾਣ ਦੇ ਮਾਮਲੇ ’ਚ ਵੀ ਸਿੱਖ ਵਿਰੋਧੀ ਭਾਰਤੀ ਸਿਆਸਤਦਾਨ ਇਸ ਕਦਮ ਨੂੰ ਭਾਰਤ ਵਿਰੋਧੀ ਤੇ ਬੇਇੱਜ਼ਤੀ ਭਰਿਆ ਦੱਸਦਿਆਂ ਇਸ ਨੂੰ ਰੋਕਣ ਦਾ ਹਰ ਯਤਨ ਕਰ ਰਹੇ ਸਨ, ਜਦ ਕਿ ਸੁੱਖ ਧਾਲੀਵਾਲ ਤੇ ਇਥੋਂ ਤੱਕ ਇਕ ਗ਼ੈਰ-ਭਾਰਤੀ ਲਿਬਰਲ ਐਂਡਰਿਊ ਕੇਨੀਆ ਵਰਗੇ ਲੋਕ ਇਨਸਾਫ਼ ਲਈ ਹਾਅ ਦਾ ਨਾਅਰਾ ਮਾਰ ਰਹੇ ਹਨ। ਹੁਣ ਕੈਨੇਡਾ ਤੋਂ ਇਲਾਵਾ ਸਿੱਖਾਂ ਦੀ ਕੇਂਦਰੀ ਲੀਡਰਸ਼ਿਪ ਦਾ ਫਰਜ਼ ਬਣਦਾ ਹੈ ਕਿ ਉਹ 21ਵੀਂ ਸਦੀ ਦੀ ਪੜ੍ਹੀ-ਲਿਖੀ ਸਿੱਖ ਪੀੜ੍ਹੀ ਬਾਰੇ ਗੰਭੀਰ ਇਲਜ਼ਾਮਤਰਾਸ਼ੀ ਨੂੰ ਚੁਣੌਤੀ ਦੇਵੇ ਤੇ ਦੋਸ਼ ਮੜ੍ਹਨ ਵਾਲਿਆਂ ਨੂੰ ਜਵਾਬਦੇਹ ਬਣਾਏ।
- ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ
(‘ਰੋਜਾਨਾ ਅਜੀਤ’ 15 ਸਤੰਬਰ, 2010 ‘ਚੋਂ ਧੰਨਵਾਦ ਸਹਿਤ)