Pages

Showing posts with label ਏਐਸਆਈ ਕਤਲ. Show all posts
Showing posts with label ਏਐਸਆਈ ਕਤਲ. Show all posts

ਗੁੰਡਾਗਰਦੀ ਦੀ ਹੱਦ ਹੋਈ

ਜਸਪਾਲ ਸਿੰਘ ਹੇਰਾਂ
ਜਸਪਾਲ ਸਿੰਘ ਹੇਰਾਂ (ਲੇਖਕ)
ਪੰਜਾਬ ‘ਚ ਆਏ ਦਿਨ ਹੋ ਰਹੀਆਂ ਗੁੰਡਾ ਗਰਦੀਆਂ ਦੀ ਘਟਨਾਵਾਂ ਅਤੇ ਖ਼ਾਸ ਕਰਕੇ ਅਕਾਲੀ ਸੱਤਾਧਾਰੀ ਧਿਰ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸੂਬੇ ‘ਚ ਧੀਆਂ-ਭੈਣਾਂ ਦੀ ਇੱਜ਼ਤ ਨੂੰ ਵੱਧ ਰਿਹਾ ਖ਼ਤਰਾ, ਗੁੰਡਿਆਂ ਦੇ ਵੱਧਦੇ ਹੌਂਸਲੇ ਤੇ ਦੂਜੇ ਪਾਸੇ ਪੁਲਿਸ ਦੀ ਬੇਵੱਸੀ, ਇਸ ਸਮੇਂ ਪੰਜਾਬ ਦੇ ਮੱਥੇ ਤੇ ਕਾਲੇ ਧੱਬੇ ਹਨ ਅਤੇ ਇਨ੍ਹਾਂ ਧੱਬਿਆਂ ਤੋਂ ਜਿਸ ਤਰ੍ਹਾਂ ਹਾਕਮ ਧਿਰ ਘੋਗਲ ਕੰਨੀ ਹੋਈ ਬੈਠੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਜਿਹੜਾ ਸੂਬੇ ਦਾ ਅਸਲ ਕਰਤਾ-ਧਰਤਾ ਹੈ, ਮਜ਼ਾਕੀਏ ਲਹਿਜ਼ੇ ‘ਚ ਇਸ ਗੰਭੀਰ ਸਥਿਤੀ ‘ਤੇ ਟਿੱਪਣੀ ਕਰਦਾ ਹੈ, ਉਸ ਤੋਂ ਸਾਫ਼ ਹੈ ਕਿ ਪੰਜਾਬ ‘ਚ ਗੁੰਡਿਆਂ ਦੇ ਵੱਧਦੇ ਹੌਂਸਲਿਆਂ ਪਿੱਛੇ ਸੱਤ੍ਹਾਧਾਰੀ ਧਿਰ ਦਾ ਥਾਪੜਾ ਹੈ। ਛੇਹਰਟਾ ਕਾਂਡ ਤੋਂ ਬਾਅਦ ਥਾਣਾ ਅਜਨਾਲਾ ਦੇ ਪਿੰਡ ਵੰਝਾਂ ਵਾਲੇ ਦੇ ਅਕਾਲੀ ਸਰਪੰਚ ਨੇ ਇੱਕ ਮੁੰਡੇ ਨੂੰ ਉਸਦੇ ਘਰੋਂ ਅਗਵਾ ਕਰਕੇ ਕੁੱਟ-ਕੁੱਟ ਕੇ ਮਾਰ ਦਿੱਤਾ, ਚੰਡੀਗੜ੍ਹ ‘ਚ ਬੀਤੀ ਰਾਤ ਗਾਇਕ ਕਲਾਕਾਰ ਬਾਬੂ ਚੰਡੀਗੜ੍ਹੀਏ ਨੂੰ ਪਹਿਲਾਂ ਬੰਧੂਆਂ ਮਜ਼ਦੂਰਾਂ ਵਾਂਗੂ ਗਾਣੇ ਗਾਉਣ ਲਈ ਮਜ਼ਬੂਰ ਕੀਤਾ ਗਿਆ ਅਤੇ ਬਾਅਦ ਵਿੱਚ ਆਪਣੀ ਸਿਆਸੀ ਹੈਂਕੜ ਅਤੇ ਸੱਤਾ ਦੇ ਨਸ਼ੇ ‘ਚ ਚੂਰ ਅਕਾਲੀ ਆਗੂਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇੱਥੇ ਹੀ ਬੱਸ ਨਹੀਂ ਜਲੰਧਰ ‘ਚ ਇੱਕ ਪੱਤਰਕਾਰ ਤੇ ਇਸ ਕਾਰਨ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ ਕਿ ਉਸਨੇ ਗੁੰਡਾ ਅਨਸਰ ਨੂੰ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਵਰਜਿਆ ਸੀ, ਰਾਏਕੋਟ ‘ਚ ਇੱਕ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ।

ਅਪਰਾਧੀ ਲੋਕ ਅਕਸਰ ਅਪਰਾਧ ਕਰਕੇ ਰਹਿੰਦੇ ਹਨ, ਪ੍ਰੰਤੂ ਜਿਸ ਤਰ੍ਹਾਂ ਪੰਜਾਬ ‘ਚ ਧੀਆਂ-ਭੈਣਾਂ ਨਾਲ ਛੇੜ-ਛਾੜ ਦੀਆਂ ਸ਼ਰੇਆਮ ਕਮੀਨੀਆਂ ਹਰਕਤਾਂ ‘ਚ ਵਾਧਾ ਹੋਇਆ ਹੈ ਅਤੇ ਸੱਤ੍ਹਾਧਾਰੀ ਧਿਰ ਨਾਲ ਸੰਬੰਧਿਤ ਲੋਕਾਂ ਦੇ ਅਪਰਾਧ ਕਰਨ ਲਈ ਹੌਂਸਲੇ ਬੁਲੰਦ ਹੋਏ ਹਨ, ਉਹ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ। ਸੱਤ੍ਹਾਧਾਰੀ ਧਿਰ ‘ਚ ਗੁੰਡਾ ਅਨਸਰਾਂ ਦੀ ਘੁੱਸਪੈਠ, ਇਸ ਸਮੇਂ ਇਸ ਪਾਰਟੀ ਦੇ ਕਰਤੇ-ਧਰਤਿਆਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦੀ ਸੀ, ਪ੍ਰੰਤੂ ਅੰਮ੍ਰਿਤਸਰ ਸਾਹਿਬ ਵਿਖੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ‘ਚ ਸੁਖਬੀਰ ਬਾਦਲ ਨੇ ਇਸ ਪ੍ਰਸ਼ਨ ਨੂੰ ਹਵਾ ‘ਚ ਉਡਾਇਆ ਅਤੇ ਮਜ਼ਾਕੀਏ ਲਹਿਜ਼ੇ ‘ਚ ਪੱਤਰਕਾਰਾਂ ਨੂੰ ਜਵਾਬ ਦਿੱਤਾ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਪੰਜਾਬ ‘ਚ ਗੁੰਡਾਗਰਦੀ ਰੋਕਣ ਲਈ ਗੰਭੀਰ ਨਹੀਂ ਹੈ। ਅਸਲ ‘ਚ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਲਈ ਤਿਆਰ ਨਹੀਂ ਹੈ।
ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ. ‘ਚ ਕਿੰਨੇ ਫੀਸਦੀ ਉਹ ਨੌਜਵਾਨ ਹਨ, ਜਿੰਨ੍ਹਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ, ਸ਼ਾਇਦ ਇੰਨ੍ਹਾਂ ਅੰਕੜਿਆਂ ‘ਤੇ ਅੱਜ ਤੱਕ ਸੁਖਬੀਰ ਬਾਦਲ ਨੇ ਕਦੇ ਨਜ਼ਰ ਹੀ ਨਹੀਂ ਮਾਰੀ ਜਾਂ ਫਿਰ ਇਹ ਸਾਰਾ ਕੁਝ ਆਮ ਸਹਿਮਤੀ ਨਾਲ ਹੋ ਰਿਹਾ ਹੈ ? ਐਸ.ਓ.ਆਈ. ਦੇ ਸੁਧਾਰ ਕਾਲਜ ਬਾਹਰ ਲੱਗੇ ਇਸ਼ਤਿਹਾਰੀ ਬੋਰਡ ‘ਤੇ ਜਿਹੜੀਆਂ ਦਰਜਨ ਭਰ ਫੋਟੋਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ‘ਚੋਂ 80 ਫ਼ੀਸਦੀ ‘ਤੇ ਗੰਭੀਰ ਅਪਰਾਧਿਕ ਮਾਮਲੇ ਜਿੰਨ੍ਹਾਂ ‘ਚ ਕਤਲ ਤੇ ਇਰਾਦਾ ਕਤਲ ਦੇ ਕੇਸ ਵੀ ਸ਼ਾਮਲ ਹਨ, ਦਰਜ ਹਨ। ਇੱਥੋ ਤੱਕ ਕਿ ਕਈ ਤਾਂ ਜੇਲ੍ਹਾਂ ‘ਚ ਵੀ ਬੰਦ ਹਨ। ਇਹੋ ਹਾਲ ਲੱਗਭਗ ਪੰਜਾਬ ਦੇ ਹਰ ਜ਼ਿਲ੍ਹੇ ਦੀ ਜੱਥੇਬੰਦੀ ‘ਚ ਹੈ। ਅਸੀਂ ਵਾਰ-ਵਾਰ ਲਿਖ ਚੁੱਕੇ ਹਾਂ ਕਿ ਪੰਜਾਬ ‘ਚ ਸੱਤਾਧਾਰੀ ਧਿਰ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦਾ ਗਠਜੋੜ ਪੰਜਾਬ ਨੂੰ ਲੁੱਟਣ ਤੇ ਕੁੱਟਣ ‘ਚ ਲੱਗਿਆ ਹੋਇਆ ਹੈ। ਹਰ ਥਾਣੇ ‘ਚ ਇੰਨ੍ਹਾਂ ਸਿਆਸੀ ਥਾਪੜੇ ਵਾਲੇ ਗੁੰਡਾਂ ਅਨਸਰਾਂ ਨੂੰ ਭਾਰੂ ਹੋਇਆ ਵੇਖਿਆ ਜਾ ਸਕਦਾ ਹੈ, ਪ੍ਰੰਤੂ ਕਿਉਂਕਿ ਆਮ ਆਦਮੀ ਸਿਰ ਨੀਵਾਂ ਕਰ ਚੁੱਕਾ ਹੈ, ਇਸ ਕਾਰਣ ਇਹ ਲੁੱਟ ਤੇ ਕੁੱਟ ਦਿਨੋਂ-ਦਿਨ ਵੱਧ ਰਹੀ ਹੈ।
ਅੱਜ ਜਦੋਂ ਇਹ ਸਾਫ਼ ਹੋ ਚੁੱਕਾ ਹੈ ਕਿ ਪੰਜਾਬ ‘ਚ ਵੱਧਦੀ ਗੁੰਡਾਗਰਦੀ ਪਿੱਛੇ ਸੱਤ੍ਹਾਧਾਰੀ ਥਾਪੜਾ ਹੈ, ਭਾਵੇਂ ਉਹ ਕਿਸੇ ਰੂਪ ‘ਚ ਹੋਵੇ, ਉਸ ਸਮੇਂ ਪੰਜਾਬ ਦੀਆਂ ਸਮੂਹ ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਲੋਕਾਂ ਨੂੰ ਇਸ ਗੁੰਡਾਗਰਦੀ ਵਿਰੁੱਧ ਮੈਦਾਨ ‘ਚ ਨਿੱਤਰਣਾ ਹੋਵੇਗਾ। ਪੰਜਾਬ ‘ਚ ਇੱਕ ਦੋ ਥਾਵਾਂ ਤੇ ਇਸ ਗੁੰਡਾਗਰਦੀ ਵਿਰੁੱਧ ਲੋਕ ਮੈਦਾਨ ‘ਚ ਨਿੱਤਰੇ ਹਨ। ਕਾਂਗਰਸ ਵੱਲੋਂ ਭਾਵੇਂ ਇਸ ਮੁੱਦੇ ਨੂੰ ਸਿਆਸੀ ਮੁੱਦਾ ਬਣਾਉਣ ਦੇ ਯਤਨ ਹੋ ਰਹੇ ਹਨ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਗੁੰਡਾਂ ਅਨਸਰਾਂ ਵਿਰੁੱਧ ਲਾਮਬੰਦ ਹੋਣ ਅਤੇ ਸਿਆਸੀ ਐਨਕ ਨੂੰ ਲਾਹ ਕੇ ਸਿਰਫ਼ ਪੰਜਾਬ ਦੀ ਆਨ-ਸ਼ਾਨ ਤੇ ਪੁਰਾਤਨ ਕਦਰਾਂ-ਕੀਮਤਾਂ ਦੀ ਰਾਖੀ ਲਈ ਜੱਦੋ-ਜਹਿਦ ਕੀਤੀ ਜਾਵੇ। ਚੰਗਾ ਹੋਵੇ ਜੇ ਸਾਰੀਆਂ ਸਿਆਸੀ ਧਿਰਾਂ ਹੀ ਆਪੋ-ਆਪਣੀ ਸਕਰੀਨਿੰਗ ਉਪਰ ਤੋਂ ਥੱਲੇ ਤੱਕ ਖ਼ੁਦ ਹੀ ਕਰ ਲੈਣ। ਅਪਰਾਧਿਕ ਰਿਕਾਰਡ ਵਾਲਿਆਂ ਨੂੰ ਬਾਹਰ ਕੀਤਾ ਜਾਵੇ। ਅੱਜ ਲੀਡਰਾਂ ਦੇ ਅੱਗੇ-ਪਿੱਛੇ ਜਿਸ ਤਰ੍ਹਾਂ ਮਾੜੇ ਅਨਸਰਾਂ ਦਾ ਜਮਾਵੜਾ ਵੱਧ ਚੁੱਕਾ ਹੈ, ਜੇ ਇਸਨੂੰ ਨੱਥ ਨਾ ਪਈ ਗਈ ਤਾਂ ਪੰਜਾਬ ‘ਚ ਗੁੰਡਾਗਰਦੀ ਨੂੰ ਨਕੇਲ ਪਾਉਣੀ ਸੰਭਵ ਨਹੀਂ ਹੋਵੇਗੀ। ਇਸਤੋਂ ਪਹਿਲਾਂ ਕਿ ਇਹ ਅੱਗ ਹਰ ਪੰਜਾਬੀ ਦੇ ਬੂਹੇ ਤੱਕ ਪੁੱਜ ਜਾਵੇ, ਸਾਨੂੰ ਕੁੰਭਕਰਨੀ ਨੀਂਦ ਤੋਂ ਜਾਗ ਕੇ ਗੁੰਡਾ ਅਨਸਰਾਂ ਅਤੇ ਉਨ੍ਹਾਂ ਦੇ ਸਿਆਸੀ ਆਕਿਆਂ ਵਿਰੁੱਧ ਲੋਕ ਸੰਘਰਸ਼ ਵਿੱਢਣਾ ਚਾਹੀਦਾ ਹੈ।

*ਲੇਖਕ ਰੋਜ਼ਾਨਾ ‘ਪਹਿਰੇਦਾਰ’ ਦੇ ਮੁੱਖ ਸੰਪਾਦਕ ਹਨ।

ਜ਼ੁਰਮ, ਸਿਆਸਤ ਤੇ ਪੁਲਿਸ ਦੇ ਨਾਪਾਕ ਗੱਠਜੋੜ ’ਚੋਂ ਪੈਦਾ ਹੁੰਦੇ ਨੇ ਰਣਜੀਤ ਰਾਣੇ ਵਰਗੇ ਦਰਿੰਦੇ


ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਹੈ ਰਾਣੇ ਦੀ ਡੂੰਘੀ ਨੇੜਤਾ

ਥਾਣਾ ਛੇਹਰਟਾ ਦੇ ਮੁਖੀ ਅਸ਼ਵਨੀ ਕੁਮਾਰ ਦੀ ਭਾਈਵਾਲੀ ਨਾਲ ਚੱਲਦਾ ਸੀ ਸਮੈਕੀਏ ਰਾਣੇ ਦਾ ਦੋ ਨੰਬਰ ਦਾ ਕਾਰੋਬਾਰ
ਅਕਾਲੀ ਦਲ ਦੀ ਦਹਿਸ਼ਤ ਕਾਰਨ ਰਾਣੇ ਸਾਹਮਣੇ ਭਿੱਜੀ ਬਿੱਲੀ ਬਣ ਜਾਂਦੇ ਸਨ ਪੁਲਿਸ ਅਫਸਰ
-ਜਸਬੀਰ ਸਿੰਘ ਪੱਟੀ*
ਕਾਤਲ ਅਕਾਲੀ ਆਗੂ ਰਣਜੀਤ ਰਾਣੇ
ਦੀ ਫ਼ਾਈਲ ਫ਼ੋਟੋ
ਅੱਜ ਰਾਜਨੀਤੀ ਅਤੇ ਰਾਜਸੀ ਨੇਤਾਵਾਂ ਵੱਲੋਂ ਅਪਰਾਧੀਆ ਨੂੰ ਸਿਆਸੀ ਪਾਰਟੀਆ ਵਿੱਚ ਮਹੱਤਵਪੂਰਣ ਸਥਾਨ ਦਿੱਤੇ ਜਾ ਰਹੇ ਹਨ। ਅਪਰਾਧੀ ਲੋਕ ਰਾਜਨੀਤੀ ਵਿੱਚ ਇਸ ਕਰਕੇ ਆ ਰਹੇ ਹਨ ਕਿਉਕਿ ਸਿਆਸੀ ਪਹੁੰਚ ਤੋਂ ਬਿਨਾਂ ਉਹਨਾਂ ਦੇ ਕਾਲੇ ਧੰਦੇ ਨਹੀ ਚੱਲ ਸਕਦੇ ਪਰ ਅਜਿਹੇ ਅਨਸਰਾਂ ਨੂੰ ਸਿਆਸੀ ਪਾਰਟੀਆ ਵਿੱਚ ਪਨਾਹ ਦੇਣ ਨਾਲ ਸਮਾਜਿਕ ਤਾਣਾ ਪੂਰਾ ਤਰਾ ਹਿੱਲ ਜਾਂਦਾ ਹੈ ਅਤੇ ਇੱਕ ਜ਼ਰਾਇਮ ਪੇਸ਼ਾ ਵਿਅਕਤੀ ਨੂੰ ਪਨਾਹ ਦੇਣ ਨਾਲ ਹੀ ਬੀਤੇ ਦਿਨੀ ਆਪਣੀ ਧੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਦਾ ਹੋਇਆ ਇੱਕ ਥਾਣੇਦਾਰ ਉਸ ਵੇਲੇ ਸ਼ਹੀਦ ਹੋ ਗਿਆ ਜਦੋਂ ਕੁਝ ਗੁੰਡੇ ਉਸ ਨੂੰ ਅਗਵਾ ਕਰਨਾ ਚਾਹੁੰਦੇ ਸਨ ਪਰ ਥਾਣਾ ਮੁੱਖੀ ਅਸ਼ਵਨੀ ਕੁਮਾਰ ਮੂਕ ਦਰਸ਼ਕ ਬਣ ਕੇ ਸਾਰੇ ਤਾਂਡਵ ਨੂੰ ਵੇਖਦਾ ਰਿਹਾ ਤੇ ਕਿਸੇ ਨੇ ਵੀ ਥਾਣੇਦਾਰ ਦੀ ਮਦਦ ਕਰਨ ਦੀ ਹਿੰਮਤ ਨਹੀ ਦਿਖਾਈ।
ਸਰਹੱਦੀ ਥਾਣਾ ਘਰਿੰਡਾ ਵਿਖੇ ਤਾਇਨਾਤ ਐਸਿਸਟੈਂਟ ਸਬ ਇੰਸਪੈਕਟਰ ਰਾਵਿੰਦਰਪਾਲ ਸਿੰਘ ਦੀ ਆਪਣੀ ਧੀ ਛੇਹਰਟਾ ਖੇਤਰ ਦੇ ਰੋਬਿਨਜੀਤ ਕੌਰ ਸਟੇਟ ਬੈਂਕ ਆਫ ਇੰਡੀਆ ਵਿੱਚ ਮੁਲਾਜਮ ਹੈ ਅਤੇ ਉਸ ਨੂੰ ਜਦੋਂ ਆਪਣੀ ਧੀ ਨਾਲ ਹੁੰਦੀ ਜ਼ਿਆਦਤੀ ਦਾ ਪਤਾ ਲੱਗਾ ਤਾਂ ਉਸ ਨੇ ਧੀ ਰੱਖਿਆ ਕਰਨ ਲਈ ਕਿਸੇ ਹੋਰ ਨਹੀ ਭੇਜਿਆ ਸਗੋਂ ਖੁਦ ਮੌਕੇ ਤੇ ਪੁੱਜਾ। ਰਾਵਿੰਦਰਪਾਲ ਸਿੰਘ ਦਾ ਪਰਿਵਾਰ ਵੀ ਬਹੁਤ ਛੋਟਾ ਪਰਵਿਰਾ ਹੈ ਅਤੇ ਉਸਦੀ ਇੱਕ ਧੀ ਤੇ ਦੋ ਪੁੱਤਰ ਹਨ ਜਿਹਨਾਂ ਛੋਟਾ ਪੁੱਤਰ ਕਿਸੇ ਕਾਰਨ ਪਿਛਲੇ ਸਾਲ ਹੀ ਫਾਹ ਲੈ ਕੇ ਮਰ ਗਿਆ ਸੀ ਤੇ ਦੂਸਰਾ ਵੱਡਾ ਪੁੱਤਰ ਅੱਜ ਕਲ ਆਸਟਰੇਲੀਆ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਥਾਣੇਦਾਰ ਨਾਲ ਦੋਸ਼ੀ ਰਣਜੀਤ ਸਿੰਘ ਰਾਣਾ ਨਾਲ ਪਹਿਲਾਂ ਤੱਤਕਾਰ ਨਹੀ ਹੋਇਆ ਸਗੋਂ ਦੋਵੇ ਧਿਰਾਂ ਇੱਕ ਦਿਨ ਪਹਿਲਾਂ ਛੇਹਰਟਾ ਥਾਣੇ ਵਿੱਚ ਵੀ ਥਾਣਾ ਮੁੱਖੀ ਅਸ਼ਵਨੀ ਕੁਮਾਰ ਦੇ ਸਾਮਹਣੇ ਹੋਇਆ ਸੀ। ਥਾਣਾ ਮੁੱਖੀ ਨੇ ਜੇਕਰ ਉਸ ਦਿਨ ਕਾਰਵਾਈ ਕੀਤੀ ਹੁੰਦੀ ਤਾਂ ਉਸ ਦੇ ਕੁਲੀਕ ਰਾਵਿੰਦਰਪਾਲ ਦੀ ਜਾਨ ਬੱਚ ਸਕਦੀ ਸੀ ਪਰ ਥਾਣਾ ਮੁੱਖੀ ਵੀ ਵਿਰੋਧੀਆ ਨਾਲ ਘਿਉ ਖਿਚੜੀ ਹੋਇਆ ਸੀ ਕਿਉਕਿ ਰਾਣੇ ਦੇ ਦੋ ਨੰਬਰ ਦੇ ਧੰਦੇ ਵਿੱਚ ਉਹ ਪੂਰੀ ਤਰਾ ਭਾਈਵਾਲ ਸੀ ਜਿਸਦੇ ਵਿਰੁੱਧ ਵੀ ਬਰਾਬਰ ਦੀ ਕਾਰਵਾਈ ਕਰਨੀ ਬਣਦੀ ਹੈ।
ਰਣਜੀਤ ਸਿੰਘ ਰਾਣਾ ਦਾ ਭਾਂਵੇ ਕੋਈ ਅਪਰਾਧਿਕ ਪਿਛੋਕੜ ਸਾਹਮਣੇ ਨਹੀ ਆਇਆ ਪਰ ਮੁੱਢਲੇ ਰੂਪ ਵਿੱਚ ਉਹ ਜ਼ਰਾਇਮ ਪੇਸ਼ਾ ਵਿਅਕਤੀ ਸੀ। ਉਸ ਦੀਆ ਆਦਤਾਂ ਤੋਂ ਦੁੱਖੀ ਹੋ ਕੇ ਪਹਿਲਾਂ ਉਸ ਦੇ ਪਿਤਾ ਨੇ ਫਾਹਾ ਲੈ ਕੇ ਖੁਦਕਸ਼ੀ ਕੀਤੀ ਤੇ ਫਿਰ ਉਸ ਦੀ ਮਾਂ ਨੇ ਵੀ ਜ਼ਹਿਰਲੀ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ ਸੀ। ਰਾਣਾ ਦੋ ਭੈਣਾਂ ਦਾ ਇੱਕਲਾ ਭਰਾ ਹੈ ਅਤੇ ਇਕ ਭੈਣ ਸ਼ਾਦੀ ਸ਼ੁਦਾ ਹੈ ਜਦ ਕਿ ਦੂਜੀ ਹਾਲੇ ਕੁਆਰੀ ਹੈ। ਰਣਜੀਤ ਸਿੰਘ ਰਾਣੇ ਦੀ ਸਰਹੱਦੀ ਪਿੰਡ ਛਿੱਡਣ ਵਿਖੇ ਸਾਢੇ ਅੱਠ ਏਕੜ ਜ਼ਮੀਨ ਸੀ ਜਿਹੜੀ ਉਹ ਵੇਚ ਚੁੱਕਾ ਹੈ ਅਤੇ ਪਹਿਲਾਂ ਉਸ ਨੇ ਜ਼ਮੀਨ ਦੇ ਪੈਸਿਆ ਦੀ ਛੇਹਰਟਾ ਵਿਖੇ ਕੋਠੀ ਬਣਾਈ ਤੇ ਫਿਰ ਜਠਾਉਲ ਪਿੰਡ ਵਿਖੇ ਕੋਠੀ ਬਣਾ ਕੇ ਰਹਿਣ ਲੱਗ ਪਿਆ। ਸ਼ਾਦੀ ਸ਼ੁਦਾ ਰਣਜੀਤ ਸਿੰਘ ਦੀ ਆਪਣੀ ਵੀ ਇੱਕ ਬੇਟੀ ਹੈ ਪਰ ਬੀਬੀਆ ਦੇ ਰਸੀਏ ਇਸ ਵਿਅਕਤੀ ਦੀਆ ਆਦਤਾਂ ਜ਼ਰਾਇਮ ਪੇਸ਼ਾ ਵਿਅਕਤੀਆ ਵਾਲੀਆ ਹੀ ਹਨ। ਉਸ ਨੇ ਇੱਕ ਭੂ ਮਾਫੀਆ ਗਿਰੋਹ ਵੀ ਬਣਾਇਆ ਹੋਇਆ ਸੀ ਜਿਸ ਦਾ ਕੰਮ ਲੋਕਾਂ ਦੀਆ ਝਗੜੇ ਵਾਲੀਆ ਜ਼ਮੀਨਾਂ ਦੇ ਬੰਦੂਕ ਦੀ ਨੋਕ ਤੇ ਕਬਜੇ ਕਰਨਾ ਸੀ। ਜਿਹੜੀ ਗੱਡੀ ਉਸ ਕੋਲੋ ਬਰਾਮਦ ਕੀਤੀ ਗਈ ਦੱਸੀ ਜਾਂਦੀ ਹੈ ਉਹ ਵੀ ਕਿਸੇ ਕਬਜੇ ਵਿੱਚੋਂ ਉਸ ਨੂੰ ਇਨਾਮ ਵਜੋਂ ਮਿਲੀ ਦੱਸੀ ਜਾਂਦੀ ਹੈ ਅਤੇ ਇਸ ਭੂ ਮਾਫੀਆ ਦੇ ਖਿਲਾਫ ਜਦੋਂ ਕੋਈ ਸ਼ਕਾਇਤ ਲੈ ਕੇ ਥਾਣੇ ਜਾਂਦਾ ਤਾਂ ਥਾਣਾ ਮੁੱਖੀ ਉਸ ਦੀ ਸ਼ਕਾਇਤ ਵੀ ਦਰਜ ਨਗੀ ਕਰਦਾ ਸੀ ਲੋਕ ਦੁੱਖੀ ਸਨ ਪਰ ਸੀਨੀਅਰ ਪੁਲੀਸ ਅਧਿਕਾਰੀ ਉਸ ਦੀ ਕਾਰਗੁਜਾਰੀ ਤੋ ਖੁਸ਼ ਸਨ। ਜਿਲਾ ਪੁਲੀਸ ਮੁੱਖੀ ਦੀ ਕਾਰਗੁਜਾਰੀ ਵੀ ਸ਼ੱਕ ਦੇ ਘੇਰੇ ਵਿੱਚ ਹੈ।
ਜ਼ਮੀਨ ਵੇਚ ਕੇ ਜਦੋਂ ਉਹ ਛੇਹਰਟਾ ਖੇਤਰ ਵਿੱਚ ਆ ਕੇ ਰਹਿਣ ਲੱਗ ਪਿਆ ਤਾਂ ਉਸ ਨੂੰ ਸਮੈਕ ਪੀਣ ਦੀ ਵੀ ਆਦਤ ਪੈ ਗਈ ਅਤੇ ਸਹਿਜੇ ਸਹਿਜੇ ਉਹ ਥਾਣਾ ਮੁੱਖੀ ਅਸ਼ਵਨੀ ਕੁਮਾਰ ਦਾ ਆੜੀ ਬਣ ਕੇ ਉਸ ਦੇ ਅਸ਼ੀਰਵਾਦ ਨਾਲ ਸਮੈਕ ਵੇਚਣ ਦਾ ਧੰਦਾ ਵੀ ਕਰਨ ਲੱਗ ਪਿਆ ਜੋ ਕਾਫੀ ਵੱਡੀ ਪੱਧਰ ਤੇ ਕਰ ਰਿਹਾ ਸੀ। ਥਾਣਾ ਮੁੱਖੀ ਦੇ ਕਹਿਣ ‘ਤੇ ਹੀ ਉਹ ਛੇਹਰਟਾ ਖੇਤਰ ਦੇ ਇੱਕ ਅਕਾਲੀ ਆਗੂ ਰਾਹੀ ਸ਼੍ਰੌਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਇਆ ਤੇ ਨੋਟਾਂ ਦੀ ਚਕਾਚੋਧ ਨੇ ਜਿਲਾ ਸ਼੍ਰੌਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਸੰਧੂ ਨੇ ਉਸ ਦੁਆਰਾ ਛੇਹਰਟਾ ਖੇਤਰ ਦੇ ਇੱਕ ਵੱਡੇ ਰੀਜੋਰਟ ਵਿੱਚ ਸਮਾਗਮ ਦੌਰਾਨ ਉਸ ਨੂੰ ਜਿਲਾ ਜਨਰਲ ਸਕੱਤਰ ਦੇ ਆਹੁਦੇ ਦਾ ਪੱਤਰ ਸੋਪਦਿਆ ਇਥੋਂ ਤੱਕ ਕਿਹਾ ਸੀ ਕਿ ਰਣਜੀਤ ਸਿੰਘ ਰਾਣਾ ਦੇ ਆਉਣ ਨਾਲ ਪਾਰਟੀ ਬੱਲ ਮਿਲੇਗਾ ਅਤੇ ਪਾਰਟੀ ਸਿਆਸੀ ਪੱਧਰ ਤੇ ਵੀ ਮਜਬੂਤ ਹੋਈ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਰਾਣਾ ਪਾਰਟੀ ਦਾ ਨਾਮ ਰੌਸ਼ਨ ਕਰੇਗਾ ਜਿਹੜਾ ਉਸ ਨੇ ਕਰੀਬ ਦੋ ਮਹੀਨੇ ਬਾਅਦ ਹੀ ਕਰ ਵਿਖਾਇਆ। ਅਖੀਰ ਸ੍ਰੀ ਸੰਧੂ ਨੂੰ ਰਾਤੋ ਰਾਤ ਉਸ ਨੂੰ ਪਾਰਟੀ ਵਿੱਚੋਂ ਖਾਰਜ ਕਰਨ ਦਾ ਐਲਾਨ ਕਰਨਾ ਪਿਆ। ਜਿਲਾ ਅਕਾਲੀ ਜੱਥੇ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਸੰਧੂ ਦਾ ਵੀ ਕੋਈ ਰਿਕਾਰਡ ਇੰਨਾ ਸਾਫ ਸੁਥਰਾ ਨਹੀ ਹੈ ਸਗੋਂ ਪਿਛਲਾ ਰਿਕਾਰਡ ਉਸ ਦਾ ਵੀ ਨਜਾਇਜ ਕਬਜਿਆ ਵਿੱਚ ਸ਼ਾਮਲ ਹੋਣ ਦਾ ਹੈ ਅਤੇ ਕਈ ਪਰਚੇ ਵੀ ਹੋਣ ਦਾ ਸਮਾਚਾਰ ਮਿਲਿਆ ਹੈ। ਸ਼੍ਰੌਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀਆ ਨੂੰ ਪਾਰਟੀ ਵਿੱਚ ਪਨਾਹ ਦੇ ਕੇ ਅਕਾਲੀ ਦਲ ਨੂੰ ਮਜਬੂਤ ਕਰਨਾ ਚਾਹੁੰਦੇ ਹਨ ਜਾਂ ਫਿਰ ਬਰਬਾਦ ਕਰਨਾ ਚਾਹੁੰਦੇ ਹਨ, ਇਹ ਉਹੀ ਹੀ ਬੇਹਤਰ ਜਾਣਦੇ ਹਨ। ਜੇਕਰ ਵਾਕਿਆ ਜੂਨੀਅਰ ਬਾਦਲ ਪੰਜਾਬ ਵਿੱਚ 25 ਸਾਲ ਰਾਜ ਕਰਨਾ ਚਾਹੁੰਦੇ ਹਨ ਤਾਂ ਫਿਰ ਉਹਨਾਂ ਨੂੰ ਪਾਰਟੀ ਵਿੱਚੋਂ ਹਿਸਟਰੀ ਸੀਟਰਾਂ ਨੂੰ ਬਾਹਰ ਕੱਢਣਾ ਪਵੇਗਾ ਅਤੇ ਪਾਰਟੀ ਵਿੱਚ ਸ਼ਾਮਲ ਵਿਅਕਤੀਆ ਦੀ ਸਕਰੀਨਿੰਗ ਕਰਾਉਣੀ ਪਵੇਗੀ ਪਰ ਅਜਿਹਾ ਹੋਣਾ ਸੰਭਵ ਨਹੀ ਜਾਪਦਾ ਕਿਉਕਿ ਕਰੀਬ ਦੋ ਸਾਲ ਪਹਿਲਾਂ ਜਦੋ ਲੁਧਿਆਣੇ ਦੇ ਬੈਂਸ ਭਰਾਵਾ ਨੇ ਇੱਕ ਤਹਿਸੀਲਦਾਰ ਦੀਆ ਮਾਰ ਮਾਰ ਕੇ ਕਚਿਹਰੀਆ ਵਿੱਚ ਹੀ ਲੱਤਾਂ ਤੋੜ ਦਿੱਤੀਆ ਸਨ ਤਾਂ ਪਹਿਲਾਂ ਤਾਂ ਤਹਿਸੀਲਦਾਰ ਤੇ ਰਾਜੀਨਾਵਾ ਕਰਨ ਦਾ ਦਬਾ ਪੈਦਾ ਰਿਹਾ ਪਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਦਖਲ ਅੰਦਾਜੀ ਤੇ ਵੱਖ ਵੱਖ ਜਥੇਬੰਦੀਆ ਦੇ ਦਬਾ ਕਾਰਨ ਬੈਂਸ ਭਰਾਵਾ ਤੇ ਪਰਚਾ ਦਰਜ ਹੋ ਸਕਿਆ ਸੀ ਤੇ ਉਹਨਾਂ ਨੂੰ ਜੇਲ ਵਿੱਚ ਵੀ.ਵੀ.ਆਈ.ਪੀ ਸਹੂਲਤਾਂ ਦਿੱਤੀਆ ਜਾਂਦੀਆ ਰਹੀਆ। ਕਦੇ ਕਦੇ ਜੂਨੀਅਰ ਬਾਦਲ ਕੇ ਸ੍ਰੀ ਬਿਕਰਮ ਸਿੰਘ ਮਜੀਠਾ ਉਹਨਾਂ ਨੂੰ ਜੇਲ ਵਿੱਚ ਮਿਲਣ ਵੀ ਜਾਂਦੇ ਰਹੇ। ਕੁਝ ਸਮਾਂ ਜੇਲ ਵਿੱਚ ਰਹਿਣ ਉਪਰੰਤ ਜਦੋਂ ਦੋਵੇਂ ਭਰਾ ਬਾਇੱਜਤ ਬਾਹਰ ਆਏ ਤਾਂ ਉਹਨਾਂ ਦਾ ਸ਼ਾਹਆਨਾ ਸੁਆਗਤ ਕੀਤਾ ਗਿਆ ਸੀ। ਵਿਧਾਨ ਸਭਾ ਚੋਣਾਂ ਵਿੱਚ ਉਹ ਪਾਰਟੀ ਤੋਂ ਬਾਗੀ ਹੋ ਕੇ ਚੋਣਾਂ ਵੀ ਲੜ ਕੇ ਜਿੱਤੇ ਤੇ ਵਿਧਾਇਕ ਵੀ ਬਣੇ। ਅੱਜ ਫਿਰ ਉਹ ਸ਼੍ਰੌਮਣੀ ਅਕਾਲੀ ਦਲ ਦੇ ਸਰਗਰਮ ਆਗੂ ਹਨ ਅਤੇ ਸ੍ਰੀ ਸੁਖਬੀਰ ਸਿੰਘ ਬਾਦਲ ਅਕਸਰ ਹੀ ਉਹਨਾਂ ਦੇ ਗ੍ਰਹਿ ਵਿਖੇ ਦਰਸ਼ਨ ਦੇਣ ਜਾਂਦੇ ਰਹਿੰਦੇ ਹਨ। ਸੁਖਬੀਰ ਸਿੰਘ ਬਾਦਲ ਨੂੰ ਚਹੀਦਾਹੈ ਕਿ ਉਹ ਸ਼ਹੀਦਾਂ ਮੁਰੀਦਾਂ ਦੀ ਇਸ ਜਥੇਬੰਦੀ ਅਕਾਲੀ ਦਲ ਦੇ ਸ਼ਾਨਾਮੱਤੀ ਇਤਿਹਾਸ ਨੂੰ ਕਲੰਕਿਤ ਹੋਣ ਤੋ ਬਚਾਉਣ ਨਹੀ ਤਾਂ ਇਤਿਹਾਸ ਨੇ ਨਾ ਕਦੇ ਕਿਸੇ ਨੂੰ ਮੁਆਫ ਕੀਤਾ ਹੈ ਅਤੇ ਨਾ ਹੀ ਕਰੇਗਾ।
ਰਾਵਿੰਦਰਪਾਲ ਸਿੰਘ ਜੋ ਇੱਕ ਥਾਣੇਦਾਰ ਸੀ ਆਪਣੀ ਧੀ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ ਹੈ ਤਾਂ ਸਾਰੀ ਸਰਕਾਰ ਪੂਰੀ ਤਰਾ ਹਿੱਲ ਗਈ ਅਤੇ ਪੰਜਾਬ ਪੁਲੀਸ ਦੇ ਡੀ.ਜੀ.ਪੀ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਖੁਦ ਰਾਣੇ ਤੇ ਉਸ ਦੇ ਸਾਥੀਆ ਨੂੰ ਗਿਰਫਤਾਰ ਕਰਨ ਲਈ ਆਪਰੇਸ਼ਨ ਦੀ ਕਮਾਂਡ ਸੰਭਾਲਣੀ ਪਈ। ਇਸ ਕਾਂਡ ਦੇ ਨਾਲ ਇੱਰ ਹੋਰ ਅਧਿਆਇ ਵੀ ਜੁੜਦਾ ਹੈ ਜੋ ਕਾਫੀ ਸਨਸਨੀਖੇਜ ਹੈ। ਰਾਣੇ ਤੇ ਥਾਣੇਦਾਰ ਦਾ ਕਤਲ ਕਰਨ ਉਪਰੰਤ ਜਦੋਂ ਪਿੰਡ ਛਿੱਡਣ ਦੇ ਹੀ ਇੱਕ ਪਰਿਵਾਰ ਫੋਨ ਤੇ ਲਲਕਾਰਿਆ ਸੀ ਕਿ ਉਸ ਨੇ ਰਾਵਿੰਦਰਪਾਲ ਥਾਣੇਦਾਰ ਦਾ ਕਤਲ ਕਰ ਦਿੱਤਾ ਹੈ ਅਤੇ ਹੁਣ ਤੁਹਾਡੇ ਪਰਿਵਾਰ ਨੂੰ ਕਤਲ ਕਰਕੇ ਹੀ ਪੇਸ਼ ਹੋਵਾਗਾ। ਪਰਿਵਾਰ ਵਾਲਿਆ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤਾਂ ਜਿਲਾ ਮੁੱਖੀ ਦਿਹਾਤੀ ਸ੍ਰੀ ਪ੍ਰੀਤਪਾਲ ਸਿੰਘ ਵਿਰਕ ਨੇ ਹਥਿਆਰਬੰਦ ਕਰੀਬ ਤਿੰਨ ਦਰਜਨ ਮੁਲਾਜ਼ਮ ਉਸ ਘਰ ਵਿੱਚ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਸਨ ਤਾਂ ਕਿ ਪਰਿਵਾਰ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਪਰਿਵਾਰ ਨਾਲ ਰਾਣੇ ਦੀ ਕੋਈ ਜ਼ਮੀਨ ਜਾਇਦਾਦ ਦੀ ਦੁਸ਼ਮਣੀ ਨਹੀ ਸੀ ਸਗੋਂ ਕਰੀਬ ਇੱਕ ਮਹੀਨਾ ਪਹਿਲਾਂ ਉਸ ਪਰਿਵਾਰ ਦੀ ਕੁੜੀ ਕੋਈ ਕੱਢ ਕੇ ਲੈ ਗਿਆ ਤੇ ਪਰਿਵਾਰ ਵਾਲਿਆ ਦਾ ਸ਼ੱਕ ਰਾਣੇ ਵੱਲ ਸੀ ਪਰ ਪੁਲੀਸ ਦੀ ਹਿੰਮਤ ਨਹੀ ਸੀ ਕਿ ਉਹ ਗਰੀਬ ਕਿਸਾਨ ਦੀ ਪੱਛ ਗਿੱਛ ਲਈ ਰਾਣੇ ਨੂੰ ਥਾਣੇ ਵਿੱਚ ਬੁਲਾਉਦਾ। ਜੇਕਰ ਪੁਲੀਸ ਨੇ ਉਸ ਗਰੀਬ ਪਰਿਵਾਰ ਦੀ ਫਰਿਆਦ ਸਮੇਂ ਸਿਰ ਸੁਣੀ ਹੁੰਦੀ ਤਾਂ ਸ਼ਾਇਦ ਰਾਵਿੰਦਰਪਾਲ ਸਿੰਘ ਥਾਣੇਦਾਰ ਦੀ ਬੇਟੀ ਨਾਲ ਅਜਿਹਾ ਨਾ ਵਾਪਰਦਾ ਤੇ ਉਸ ਦੀ ਵੀ ਜਾਣ ਬੱਚ ਜਾਂਦੀ। ਥਾਣਾ ਛੇਹਰਟਾ ਦੇ ਨਾਲ ਨਾਲ ਥਾਣਾ ਘਰਿੰਡਾ ਦੀ ਵੀ ਪੁਲੀਸ ਬਰਾਬਰ ਦੀ ਦੋਸ਼ੀ ਹੈ ਜਿਸ ਨੇ ਰਾਣੇ ਖਿਲਾਫ ਕਾਰਵਾਈ ਕਰਕੇ ਉਸ ਪਰਿਵਾਰ ਨੂੰ ਇਨਸਾਫ ਨਹੀ ਦਿੱਤਾ ਜਿਸ ਦੀ ਧੀ ਪਿਛਲੇ ਇੱਕ ਮਹੀਨੇ ਤੋ ਗਾਇਬ ਹੈ। ਪੁਲੀਸ ਮੁੱਖੀ ਨੂੰ ਉਸ ਕੇਸ ਦਾ ਰਿਕਾਰਡ ਵੀ ਤਲਬ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਗਰੀਬ ਦੀ ਪਹਿਲਾਂ ਤਾਂ ਨਹੀ ਹੁਣ ਹੀ ਕੋਈ ਸੁਣਵਾਈ ਹੋ ਸਕੇ। ਵੱਖ ਵੱਖ ਅਖਬਾਰਾ ਵੱਲੋ ਲਿਖਿਆ ਗਿਆ ਹੈ ਕਿ ਜੇਕਰ ਗਰੀਬ ਦੀ ਦੀ ਹੁੰਦੀ ਤਾਂ ਉਸ ਦੀ ਸੁਣਵਾਈ ਨਹੀ ਹੋਣੀ ਸੀ ਪਰ ਸੱਚਾਈ ਇਹ ਹੈ ਇਸ ਕੇਸ ਨਾਲ ਹੀ ਗਰੀਬ ਦੀ ਦੀ ਧੀ ਦਾ ਅਧਿਆਇ ਜੁੜਦਾ ਹੈ ਜੋ ਆਪਣੀ ਧੀ ਦੀ ਭਾਲ ਵਿੱਚ ਦਰ ਦਰ ਠੋਕਰਾ ਖਾ ਰਿਹਾ ਹੈ ਪਰ ਇਨਸਾਫ ਦੀ ਉਸ ਨੂੰ ਕੋਈ ਕਿਰਨ ਹਾਲੇ ਵੀ ਨਜ਼ਰ ਨਹੀ ਆਉਦੀ। ਵੇਖੋ ਹੁਣ ਵੀ ਪੁਲੀਸ ਕੁਝ ਕਰਦੀ ਹੈ ਜਾਂ ਫਿਰ ਹੁਣ ਮਾਮਲਾ ਘੱਟੇ ਕੌਡੀਆਵਿੱਚ ਰਲ ਜਾਂਦਾ ਹੈ।

*ਲੇਖਕ ਅੰਮ੍ਰਿਤਸਰ ਤੋਂ ਰੋਜ਼ਾਨਾ ਪਹਿਰੇਦਾਰ ਦੇ ਪੱਤਰਕਾਰ ਹਨ।

ਮੈਨੂੰ ਮਾਫ ਕਰੀਂ ਬੇਟੀ



ਰਾਜਿਆ ਵੇ...

ਰਾਜਿਆ ਵੇ 
ਤੇਰੇ ਮਹਿਲੋਂ ਆਈ
ਜੰਝ ਪਾਪ ਦੀ ਚੜਕੇ ,
ਹਰ ਇੱਕ ਧੀਅ ਦਾ
ਬਾਬਲ ਰੋਇਆ
ਰੋਇਆ ਅੰਦਰ ਵੜਕੇ !

ਰਾਜਿਆ ਵੇ
ਤੇਰੇ ਰਾਜ ਦੇ ਅੰਦਰ
ਦਿਨ ਰਾਤ ਗਰੀਬਾਂ ਰੋਣਾ ,
ਇੰਝ ਲਗਦੈ ਜਿਵੇਂ
ਗੁਨਾਹ ਵੇ ਹੋਵੇ
ਧੀਅ ਦਾ ਬਾਬਲ ਹੋਣਾ !

ਰਾਜਿਆ ਵੇ
ਅਸੀਂ ਕਿੱਥੇ ਲੁਕਾ ਕੇ
ਰੱਖੀਏ ਧੀਆਂ ਭੈਣਾਂ ,
ਕਿਉਂ ਭੁੱਲਿਆ ਤੂੰ
ਹਰ ਹੰਝੂ ਦਾ
ਲੇਖਾ ਦੇਣਾ ਪੈਣਾਂ !

ਰਾਜਿਆ ਵੇ
ਤੂੰ ਕੰਨ ਵਲੇਟੀਂ
ਬੂਹੇ ਢੋਈ ਰੱਖਦਾ ,
ਰਾਜਿਆ ਵੇ
ਸਾਡੇ ਦੁੱਖੜੇ ਡਾਅਢੇ
ਤੂੰ ਸਮਝ ਨਹੀਂ ਸਕਦਾ !

ਰਾਜਿਆ ਵੇ
ਇਹ ਤਖਤ ਜੋ ਉੱਚੜੇ
ਸਾਰੇ ਇੱਕ ਦਿਨ ਢਹਿੰਦੇ ,
ਜਾਰ , ਹਿਟਲਰ , ਔਰੰਗਜੇਬ
ਸਦਾ ਨੀ ਬੈਠੇ ਰਹਿੰਦੇ !

-ਅਮਰਦੀਪ ਸਿੰਘ ਗਿੱਲ

( ਏ. ਐਸ. ਆਈ . ਰਵਿੰਦਰਪਾਲ ਸਿੰਘ ਤੇ ਬੇਟੀ ਰੌਬਨਜੀਤ 
ਨੂੰ ਸਮਰਪਿਤ )

ਮੈਨੂੰ ਮਾਫ ਕਰੀਂ ਬੇਟੀ
ਮੇਰੇ ਕੋਲ ਸਿਰਫ ਜਾਨ ਹੀ ਸੀ
ਤੇਰੀ ਇੱਜ਼ਤ ਦੀ ਰਾਖੀ ਲਈ ਦੇਣ ਖਾਤਰ !
ਬਘਿਆੜਾਂ ਦੀ ਇਸ ਦੁਨੀਆਂ ‘ਚ
ਮੈਂ ਤੈਨੂੰ ਇਸ ਆਸ ਤੇ

ਛੱਡ ਕੇ ਜਾ ਰਿਹਾ ਕਿ
ਇੱਕ ਦਿਨ ਇਨਸਾਨ ਜਾਗਣਗੇ !
ਤੇ ਖੁਦ ਕਰਨਗੇ ਜੰਗਲੀ ਜੀਵਾਂ ਤੋਂ
ਆਪਣੇ ਪਰਿਵਾਰਾਂ ਦੀ ਰੱਖਿਆ !
ਕਿ ਇੱਕ ਦਿਨ ਧੀਆਂ ਖੁਦ
ਹਥਿਆਰ ਹੋ ਜਾਣਗੀਆਂ !
ਮੇਰੀ ਇਹੋ ਗਲਤੀ ਸੀ ਕਿ
ਮੈਂ ਜਿੰਨਾਂ ਲਈ ਹਥਿਆਰ ਬਣਿਆ ,
ਜਿੰਨਾਂ ਦੇ ਘਰਾਂ ਦਾ ਪਹਿਰੇਦਾਰ ਬਣਿਆ ,
ਜਿੰਨਾਂ ਦੀਆਂ ਰੈਲੀਆਂ
ਜਿੰਨਾਂ ਦੇ ਜਲੂਸਾਂ ਦੇ ਨਾਲ ਨਾਲ ਰਿਹਾ
ਲੱਕੜ ਦਾ ਸਿਪਾਹੀ ਬਣ ਕੇ ,
ਜਿੰਨਾਂ ਦੇ ਹੁਕਮ ਮੰਨੇ
ਬਿਨਾਂ ਸੋਚੇ ਸਮਝੇ ,
ਜਿੰਨਾਂ ਦੇ ਹਰ
ਜਾਇਜ-ਨਜਾਇਜ਼ ” ਆਡਰ ” ਨੂੰ
” ਡਿਊਟੀ ” ਮੰਨਿਆ ,
ਉਨਾਂ ਹੀ ਅੱਜ
ਤੇਰੀ ਇੱਜ਼ਤ ਨੂੰ ਹੱਥ ਪਾਇਆ
ਤੇ ਮੇਰੀ ਜਾਨ ਲਈ !
ਮੈਨੂੰ ਮਾਫ ਕਰੀਂ ਬੇਟੀ !
ਮੇਰੇ ਕੋਲ ਸਿਰਫ ਜਾਨ ਹੀ ਸੀ
ਤੇਰੀ ਇੱਜ਼ਤ ਦੀ ਰਾਖੀ ਲਈ ਦੇਣ ਖਾਤਰ !
ਬਘਿਆੜਾਂ ਦੀ ਇਸ ਦੁਨੀਆਂ ‘ਚ
ਮੈਂ ਤੈਨੂੰ ਇਸ ਆਸ ਤੇ
ਛੱਡ ਕੇ ਜਾ ਰਿਹਾ ਕਿ
ਇੱਕ ਦਿਨ ਇਨਸਾਨ ਜਾਗਣਗੇ !
ਤੇ ਖੁਦ ਕਰਨਗੇ ਜੰਗਲੀ ਜੀਵਾਂ ਤੋਂ
ਆਪਣੇ ਪਰਿਵਾਰਾਂ ਦੀ ਰੱਖਿਆ !
ਕਿ ਇੱਕ ਦਿਨ ਧੀਆਂ ਖੁਦ
ਹਥਿਆਰ ਹੋ ਜਾਣਗੀਆਂ !

-ਅਮਰਦੀਪ ਸਿੰਘ ਗਿੱਲ