|
( ਏ. ਐਸ. ਆਈ . ਰਵਿੰਦਰਪਾਲ ਸਿੰਘ ਤੇ ਬੇਟੀ ਰੌਬਨਜੀਤ
ਨੂੰ ਸਮਰਪਿਤ )
ਮੈਨੂੰ ਮਾਫ ਕਰੀਂ ਬੇਟੀ
ਮੇਰੇ ਕੋਲ ਸਿਰਫ ਜਾਨ ਹੀ ਸੀ
ਤੇਰੀ ਇੱਜ਼ਤ ਦੀ ਰਾਖੀ ਲਈ ਦੇਣ ਖਾਤਰ !
ਬਘਿਆੜਾਂ ਦੀ ਇਸ ਦੁਨੀਆਂ ‘ਚ
ਮੈਂ ਤੈਨੂੰ ਇਸ ਆਸ ਤੇ
ਛੱਡ ਕੇ ਜਾ ਰਿਹਾ ਕਿ
ਇੱਕ ਦਿਨ ਇਨਸਾਨ ਜਾਗਣਗੇ !
ਤੇ ਖੁਦ ਕਰਨਗੇ ਜੰਗਲੀ ਜੀਵਾਂ ਤੋਂ
ਆਪਣੇ ਪਰਿਵਾਰਾਂ ਦੀ ਰੱਖਿਆ !
ਕਿ ਇੱਕ ਦਿਨ ਧੀਆਂ ਖੁਦ
ਹਥਿਆਰ ਹੋ ਜਾਣਗੀਆਂ !
ਮੇਰੀ ਇਹੋ ਗਲਤੀ ਸੀ ਕਿ
ਮੈਂ ਜਿੰਨਾਂ ਲਈ ਹਥਿਆਰ ਬਣਿਆ ,
ਜਿੰਨਾਂ ਦੇ ਘਰਾਂ ਦਾ ਪਹਿਰੇਦਾਰ ਬਣਿਆ ,
ਜਿੰਨਾਂ ਦੀਆਂ ਰੈਲੀਆਂ
ਜਿੰਨਾਂ ਦੇ ਜਲੂਸਾਂ ਦੇ ਨਾਲ ਨਾਲ ਰਿਹਾ
ਲੱਕੜ ਦਾ ਸਿਪਾਹੀ ਬਣ ਕੇ ,
ਜਿੰਨਾਂ ਦੇ ਹੁਕਮ ਮੰਨੇ
ਬਿਨਾਂ ਸੋਚੇ ਸਮਝੇ ,
ਜਿੰਨਾਂ ਦੇ ਹਰ
ਜਾਇਜ-ਨਜਾਇਜ਼ ” ਆਡਰ ” ਨੂੰ
” ਡਿਊਟੀ ” ਮੰਨਿਆ ,
ਉਨਾਂ ਹੀ ਅੱਜ
ਤੇਰੀ ਇੱਜ਼ਤ ਨੂੰ ਹੱਥ ਪਾਇਆ
ਤੇ ਮੇਰੀ ਜਾਨ ਲਈ !
ਮੈਨੂੰ ਮਾਫ ਕਰੀਂ ਬੇਟੀ !
ਮੇਰੇ ਕੋਲ ਸਿਰਫ ਜਾਨ ਹੀ ਸੀ
ਤੇਰੀ ਇੱਜ਼ਤ ਦੀ ਰਾਖੀ ਲਈ ਦੇਣ ਖਾਤਰ !
ਬਘਿਆੜਾਂ ਦੀ ਇਸ ਦੁਨੀਆਂ ‘ਚ
ਮੈਂ ਤੈਨੂੰ ਇਸ ਆਸ ਤੇ
ਛੱਡ ਕੇ ਜਾ ਰਿਹਾ ਕਿ
ਇੱਕ ਦਿਨ ਇਨਸਾਨ ਜਾਗਣਗੇ !
ਤੇ ਖੁਦ ਕਰਨਗੇ ਜੰਗਲੀ ਜੀਵਾਂ ਤੋਂ
ਆਪਣੇ ਪਰਿਵਾਰਾਂ ਦੀ ਰੱਖਿਆ !
ਕਿ ਇੱਕ ਦਿਨ ਧੀਆਂ ਖੁਦ
ਹਥਿਆਰ ਹੋ ਜਾਣਗੀਆਂ !
-ਅਮਰਦੀਪ ਸਿੰਘ ਗਿੱਲ