Pages

Showing posts with label ਰਾਸ਼ਟਰਮੰਡਲ ਖੇਡਾਂ. Show all posts
Showing posts with label ਰਾਸ਼ਟਰਮੰਡਲ ਖੇਡਾਂ. Show all posts

ਕੁਫਰ ਟੂਟਾ ਖੁਦਾ-ਖੁਦਾ ਕਰਕੇ...

‘ਕਾਮਨਵੈਲਥ ਗੇਮਜ਼ ਵਿਲੇਜ’ ਦੀ ਤਿਆਰੀ ਸਬੰਧੀ ਭਾਰਤ ਦਾ ਜਲੂਸ ਨਿਕਲਣ ਤੋਂ ਬਾਅਦ, ਹੁਣ ਕੂਟਨੀਤਕ ਤੇ ਪ੍ਰਾਹੁਣਚਾਰੀ ਮਾਮਲੇ ਵਿੱਚ ਵੀ ਛੀ ਛੀ! #ਕਾਮਨਵੈਲਥ ਖੇਡਾਂ ਦੇ ਉਦਘਾਟਨੀ ਸਮਾਰੋਹ ਮੌਕੇ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਸਟਾਫ ਨੇ, ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਉਸ ਦੀ ਕੁਰਸੀ ਤੋਂ ਉਠਾ ਕੇ, ਉਥੇ ‘ਰਾਸ਼ਟਰਪਤੀ ਦੇ ਪਤੀ’ ਨੂੰ ਲਿਆ ਬਿਠਾਇਆ! #ਰਾਸ਼ਟਰਪਤੀ ਭਵਨ ਦੇ ਬਹਿਰੇ, ਰਾਸ਼ਟਰਪਤੀ ਤੇ ਉਸ ਦੇ ਪਤੀ ਦੀ ਖਾਣ-ਪਾਣ ਸੇਵਾ ਕਰਦੇ ਰਹੇ ਜਦੋਂਕਿ ਪ੍ਰਿੰਸ ਚਾਰਲਸ, ਉਸ ਦੀ ਪਤਨੀ ਕੈਮਿਲਾ ਅਤੇ ਦੂਸਰੇ ਵੀ. ਆਈ. ਪੀ. ਮੂੰਹ ਤੱਕਦੇ ਰਹੇ! #‘ਉਲੰਪਿਕ ਖੇਡਾਂ ਸੁਪਰੀਮ ਹਨ! ਉਲੰਪਿਕ ਖੇਡਾਂ ਦਾ ਮੁਕਾਬਲਾ ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਨਾਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ’ - ਉਲੰਪਿਕ ਵਿੱਚ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ #2006 ਦੀਆਂ ਮੈਲਬੌਰਨ ਕਾਮਨਵੈਲਥ ਖੇਡਾਂ ਵਿੱਚ ਚੌਥੇ ਨੰਬਰ ’ਤੇ ਆਉਣ ਵਾਲੇ ਭਾਰਤ ਨੂੰ 2008 ਦੀਆਂ ਬੀਜਿੰਗ ਉਲੰਪਿਕਸ ਵਿੱਚ 50ਵਾਂ ਸਥਾਨ ਹਾਸਲ ਹੋਇਆ ਸੀ
ਭ੍ਰਿਸ਼ਟਾਚਾਰ, ਗੰਦਗੀ, ਪੁਲ ਦਾ ਡਿਗਣਾ ਆਦਿਕ ਭਾਰਤ ਲਈ ਬਦਨਾਮੀ ਭਰੀਆਂ ਖਬਰਾਂ ਤੋਂ ਬਾਅਦ ਅਖੀਰ ਨਵੀਂ ਦਿੱਲੀ, ਵਿੱਚ 19ਵੀਂਆਂ ਬ੍ਰਿਟਿਸ਼ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਹੋ ਹੀ ਗਈ। ਅਸਟ੍ਰੇਲੀਆ, ਨੀਊਜ਼ੀਲੈਂਡ, ਇੰਗਲੈਂਡ ਆਦਿਕ ਦੇਸ਼ਾਂ ਦੇ ਕੁਝ ਵਰਲਡ ਕਲਾਸ ਖਿਡਾਰੀ, ਇਨ੍ਹਾਂ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਰਹੇ, ਸੋ ਜ਼ਾਹਰ ਹੈ ਕਿ ਭਾਰਤ ਵਲੋਂ ਇਸ ਵਾਰ ਜ਼ਿਆਦਾ ਮੈਡਲ ਜਿੱਤਣ ਦੀਆਂ ਸੰਭਾਵਨਾਵਾਂ ਹਨ, ਜਿਸ ਨੂੰ ਕਿ ਭਾਰਤ ਦੀ ਜਿੱਤ ਵਜੋਂ ਉਭਾਰਿਆ ਜਾਵੇਗਾ। ਦਿੱਲੀ ਵਿਚਲੀਆਂ ਇਨ੍ਹਾਂ ਖੇਡਾਂ ਦਾ ਭੋਗ ਪੈ ਜਾਣਾ ਸੀ, ਜੇ ਅਖੀਰਲੇ ਮਿੰਟ ’ਤੇ ਬ੍ਰਿਟੇਨ, ਇਨ੍ਹਾਂ ਨੂੰ ਬਚਾਉਣ ਲਈ ਆਪਣਾ ਪ੍ਰਭਾਵ ਨਾ ਵਰਤਦਾ। ਆਪਣੀ ਪਿਛਲੀ ਲਿਖਤ ਵਿੱਚ ਮੈਂ ਕਿਹਾ ਸੀ - ‘‘ਇਸ ਵੇਲੇ ਥਰਡ-ਰੇਟ ਪਾਵਰ ਬਣੇ ਬਰਤਾਨੀਆ ਕੋਲ ਦੋ ਹੀ ਚੀਜ਼ਾਂ ‘ਬੀਤੇ ਯੁੱਗ’ ਦੇ ਮਾਣ ਦੀਆਂ ਹਨ, ਇੱਕ ਜਿਨ੍ਹਾਂ ਲਗਭਗ 70 ਦੇਸ਼ਾਂ ’ਤੇ ਉਨ੍ਹਾਂ ਨੇ ਰਾਜ ਕੀਤਾ ਸੀ, ਉਸ ਦਾ ਸਬੂਤ ਕਾਮਨਵੈਲਥ ਖੇਡਾਂ ਅਤੇ ਦੂਸਰਾ ਲੰਡਨ ਦੇ ‘ਅਲਬਰਟ ਤੇ ਵਿਕਟੋਰੀਆ ਮਿਊਜ਼ੀਅਮ ਵਿੱਚ ਇਨ੍ਹਾਂ 70 ਦੇਸ਼ਾਂ ਤੋਂ ਲੁੱਟ ਕੇ ਲਿਆਂਦੀਆਂ ਵਸਤੂਆਂ ਦੀ ਮੌਜੂਦਗੀ।’’ ਸੋ ਇਨ੍ਹਾਂ ਕਾਮਨਵੈਲਥ ਖੇਡਾਂ ਦਾ ਦਿੱਲੀ ਵਿੱਚ ਹੋ ਸਕਣਾ ਇਸ ਲਈ ਨਹੀਂ ਹੋਇਆ ਕਿ ਭਾਰਤੀ ‘ਮਿਸਤਰੀ -ਮਜ਼ਦੂਰਾਂ’ ਨੇ ਸਭ ਕੁਝ ਵੇਲੇ ਸਿਰ ਟਿਚਨ ਕਰ ਦਿੱਤਾ ਪਰ ਇਸ ਲਈ ਸੰਭਵ ਹੋਇਆ ਕਿਉਂਕਿ ਬ੍ਰਿਟੇਨ ਨੇ ਆਪਣਾ ਪੂਰਾ ਭਾਰ ਇਨ੍ਹਾਂ ਨੂੰ ਸੰਭਵ ਕਰਵਾਉਣ ਲਈ ਵਰਤਿਆ। ਇਸ ਵਜ੍ਹਾ ਕਰਕੇ ਮੀਡੀਏ ਨੇ ਵੀ ‘ਊਣਤਾਈਆਂ’ ਨੂੰ ਉਜਾਗਰ ਕਰਨ ਵਾਲੀ ਲਾਈਨ ਛੱਡ ਦਿੱਤੀ।
ਕਾਮਨਵੈਲਥ ਖੇਡਾਂ ਦਾ ਉਦਘਾਟਨੀ ਸਮਾਰੋਹ, ਹਾਜ਼ਰੀ ਅਤੇ ਸ਼ੋਰ-ਸ਼ਰਾਬੇ ਪੱਖੋਂ ਤਾਂ ‘ਸਫਲ’ ਕਿਹਾ ਜਾ ਸਕਦਾ ਹੈ ਪਰ ਇਹ ਭਾਰਤ ਲਈ ਕੂਟਨੀਤਕ ਪੱਖੋਂ, ‘ਸ਼ਰਮਿੰਦਗੀ ਵਾਲਾ’ ਬਣ ਗਿਆ। ਉਦਘਾਟਨੀ ਸਮਾਰੋਹ ਦੌਰਾਨ, ਭਾਰਤੀ ਉਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ, ਸੁਰੇਸ਼ ਕਲਮਾਡੀ (ਜਿਹੜਾ ਕਿ ਸੋਨੀਆ ਗਾਂਧੀ ਦਾ ਅਤਿ-ਕਰੀਬੀ ਹੈ ਅਤੇ ਭ੍ਰਿਸ਼ਟਾਚਾਰ ਨਾਲ ਸਿਰ ਤੋਂ ਪੈਰਾਂ ਤੱਕ ਲਿਬੜਿਆ ਹੋਇਆ ਹੈ) ਲੋਕਾਂ ਵਲੋਂ ਕੀਤੀ ਗਈ ਹੂਟਿੰਗ ਦਾ ਸ਼ਿਕਾਰ ਹੋਇਆ। ਕਾਹਲੀ-ਕਾਹਲੀ ਵਿੱਚ ਖ਼ਤਮ ਕੀਤੀ ਆਪਣੀ ਸਪੀਚ ਵਿੱਚ ਉਹ ਸਾਬਕਾ ਭਾਰਤੀ ਰਾਸ਼ਟਰਪਤੀ ਅਬਦੁਲ ਕਲਾਮ’ ਨੂੰ ‘ਅਬੁੱਲ ਕਲਾਮ ਅਜ਼ਾਦ’ ਦੇ ਨਾਂ ਨਾਲ ਸੰਬੋਧਿਤ ਕਰ ਰਿਹਾ ਸੀ। ਖੇਡ ਸਟੇਡੀਅਮ ਦੇ ‘ਸ਼ਾਹੀ-ਬਾਕਸ’ ਵਿੱਚ ਤਾਂ ਸਥਿਤੀ ‘ਕੂਟਨੀਤਕ ਭੂਚਾਲ’ ਵਾਲੀ ਬਣ ਗਈ। ਖੇਡ ਸਮਾਰੋਹ ਦਾ ਉਦਘਾਟਨ ਇੰਗਲੈਂਡ ਦੇ ਪ੍ਰਿੰਸ ਆਫ ਵੇਲਜ਼ - ਪ੍ਰਿੰਸ ਚਾਰਲਸ ਅਤੇ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਾਂਝੇ ਤੌਰ ’ਤੇ ਕਰਨਾ ਸੀ। ਉਦਘਾਟਨ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਸੀਟਾਂ ’ਤੇ ਜਾ ਬਹਿਣਾ ਸੀ। ਸੀਟਾਂ ’ਤੇ ਬਹਿਣ ਦੀ ਤਰਤੀਬ ਅਨੁਸਾਰ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਵਿਚਕਾਰ ਬੈਠਣਾ ਸੀ, ਪ੍ਰਿੰਸ ਚਾਰਲਸ ਨੇ ਉਸ ਦੇ ਸੱਜੇ ਪਾਸੇ ਬੈਠਣਾ ਸੀ ਅਤੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ, ਉਸ ਦੇ ਖੱਬੇ ਪਾਸੇ ਬੈਠਣਾ ਸੀ। ਪਰ ਜਿਉਂ ਹੀ ਰਾਸ਼ਟਰਪਤੀ ਉਥੇ ਪਹੁੰਚੀ, ਰਾਸ਼ਟਰਪਤੀ ਦੇ ਸੈਕਟਰੀ ਕ੍ਰਿਸਟੀ ਫਰਨਾਂਡੇਜ਼ ਨੇ, ਪ੍ਰਧਾਨ ਮੰਤਰੀ ਨੂੰ ਮੋਢੇ ਤੋਂ ਫੜ ਕੇ ਹਲੂਣਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਲਈ ਸੀਟ ਖਾਲੀ ਕਰ ਦੇਣ ਅਤੇ ਉਸ ਤੋਂ ਅਗਲੀ ਸੀਟ ’ਤੇ ਬੈਠ ਜਾਣ। ਪ੍ਰਧਾਨ ਮੰਤਰੀ ਨੇ ਇੱਕ ‘ਆਗਿਆਕਾਰ ਪੁੱਤਰ’ ਵਾਂਗ ਸੈਕਟਰੀ ਦੇ ਹੁਕਮ ਦੀ ਪਾਲਣਾ ਕੀਤੀ। ਇਸ ‘ਤਬਦੀਲੀ’ ਨੇ ਸਭ ਕੁਝ ਹੀ ਉਥਲ ਪੁਛਲ ਕਰ ਦਿੱਤਾ। ਅਖੀਰ ਵਿੱਚ ਇਹ ਹੋਇਆ ਕਿ ਦੇਵੀ ਸ਼ੇਖਾਵਤ ‘ਵਿਚਕਾਰ’ ਬੈਠਾ ਸੀ, ਉਸ ਦੇ ਸੱਜੇ ਪਾਸੇ ਪ੍ਰਿੰਸ ਚਾਰਲਸ ਸੀ ਤੇ ਖੱਬੇ ਪਾਸੇ ਉਸ ਦੀ ਪਤਨੀ ‘ਰਾਸ਼ਟਰਪਤੀ’ ਸੀ। ਪ੍ਰਿੰਸ ਚਾਰਲਸ ਤੇ ਰਾਸ਼ਟਰਪਤੀ ਆਪਸ ਵਿੱਚ ਗੱਲਬਾਤ ਵੀ ਨਹੀਂ ਸਨ ਕਰ ਸਕਦੇ। ਤਰਤੀਬ ਮੁਤਾਬਿਕ ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਨਾਲ ਸੋਨੀਆ ਗਾਂਧੀ ਨੇ ਬਹਿਣਾ ਸੀ ਪਰ ਇਹ ਪ੍ਰਬੰਧ ਵੀ ਉਖੜ ਗਿਆ। ਇਸ ਤੋਂ ਵੀ ਬਦਤਰ ਹਾਲਤ ਉਦੋਂ ਬਣੀ ਜਦੋਂ ਰਾਸ਼ਟਰਪਤੀ ਭਵਨ ਦੇ ਬਹਿਰਿਆਂ (ਬਟਲਰਜ਼) ਨੇ, ‘ਸ਼ਾਹੀ ਬਾਕਸ’ ਵਿੱਚ ਆ ਕੇ, ਸਿਰਫ ਰਾਸ਼ਟਰਪਤੀ ਤੇ ਉਸ ਦੇ ਪਤੀ ਨੂੰ ਹੀ ਖਾਣ-ਪੀਣ ਦਾ ਸਮਾਨ ਦਿੱਤਾ, ਬਾਕੀਆਂ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ। ਸੀਨੀਅਰ ਅਧਿਕਾਰੀਆਂ ਵਲੋਂ ਕਾਫੀ ਦਬਾਅ ਪਾਉਣ ਤੋਂ ਬਾਅਦ, ਉਨ੍ਹਾਂ ਨੇ ਪ੍ਰਿੰਸ ਤੇ ਉਸ ਦੀ ਪਤਨੀ ਵੱਲ ਵੀ ਮੂੰਹ ਕੀਤਾ। ਪ੍ਰਿੰਸ ਚਾਰਲਸ ਨੇ ਤਾਂ ਕੁਝ ਵੀ ਲੈਣ ਤੋਂ ਨਾਂਹ ਕਰ ਦਿੱਤੀ ਜਦੋਂਕਿ ਕੈਮਿਲਾ ਨੇ ਇੱਕ ਗਿਲਾਸ ਪਾਣੀ ਦੀ ਮੰਗ ਕੀਤੀ। ‘ਪ੍ਰਿੰਸ ਜੋੜੀ’ ਨੇ ਇਸ ਤਰ੍ਹਾਂ ਭਾਰਤੀ ਮਹਿਮਾਨਨਿਵਾਜ਼ੀ ਦਾ ਅਨੰਦ ਮਾਣਿਆ।

ਭਾਰਤੀ ਉਲੰਪਿਕ ਐਸੋਸੀਏਸ਼ਨ ਰਾਹੀਂ, ਭਾਰਤੀ ਹਾਕਮਾਂ ਨੇ ‘ਕਾਮਨਵੈਲਥ ਖੇਡਾਂ’ ਖਰੀਦੀਆਂ, 7-8 ਬਿਲੀਅਨ ਡਾਲਰ (ਲੋਕਾਂ ਦਾ ਪੈਸਾ,ਟੈਕਸਪੇਅਰ ਮਨੀ) ਸੁਰੇਸ਼ ਕਲਮਾਡੀ ਦੀ ਭ੍ਰਿਸ਼ਟ ਟੀਮ ਦੇ ਹਵਾਲੇ ਕੀਤਾ। ਭਾਰਤੀ ਹਾਕਮ ਸਮਝਦੇ ਸਨ ਕਿ ਇਨ੍ਹਾਂ ਖੇਡਾਂ ਦਾ ‘ਸਫਲ ਆਯੋਜਨ’, ਭਾਰਤ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਏਗਾ ਅਤੇ ਭਵਿੱਖ ਵਿੱਚ ਉਲੰਪਿਕ ਖੇਡਾਂ ਕਰਵਾਉਣ ਲਈ, ਉਸ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਤਰ੍ਹਾਂ ਭਾਰਤੀ ਹਾਕਮ ਆਪਣੇ ‘ਸੁਪਰ ਪਾਵਰ’ ਹੋਣ ਦੇ ‘ਝੂਠ’ ਤੇ ਆਪ ਹੀ ਯਕੀਨ ਕਰਨ ਲੱਗ ਪਏ ਸਨ। ਪਰ 7-8 ਬਿਲੀਅਨ ਡਾਲਰ ਵਾਲਾ ‘ਟੂਣਾ’ ਤਾਂ ਪੁੱਠਾ ਪੈ ਗਿਆ ਅਤੇ ਭਾਰਤੀ ਸਟੇਟ ਨੇ, ਇਨ੍ਹਾਂ ਖੇਡਾਂ ਦੀ ਬਦੌਲਤ ਰੱਜ ਕੇ ਬਦਨਾਮੀ ਖੱਟੀ। ਹੁਣ ਇਸ ਬਦਨਾਮੀ ਨੂੰ ਧੋਣ ਲਈ ਕਿਸੇ ਹੋਰ ‘ਮੰਤਰ’ ਦੀ ਤਲਾਸ਼ ਹੈ।

ਹੁਣ, ਕਾਮਨਵੈਲਥ ਖੇਡਾਂ ਵਿੱਚ ‘ਪਹਿਲਾਂ ਨਾਲੋਂ ਵੱਧ ਮੈਡਲ’ ਜਿੱਤਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਯਾਦ ਰਹੇ, ਕਾਮਨਵੈਲਥ ਖੇਡਾਂ, ਬ੍ਰਿਟੇਨ ਦਾ ਤਾਂ ਮਾਣ ਹਨ ਕਿਉਂਕਿ ਇਹ ਉਨ੍ਹਾਂ ਦੇ ‘ਬੀਤੇ ਦੇ ਬਾਦਸ਼ਾਹ’ ਹੋਣ ਦੀ ਯਾਦ ਹੈ ਪਰ ਇਨ੍ਹਾਂ ਖੇਡਾਂ ਵਿੱਚ ਪ੍ਰਾਪਤੀਆਂ ਦਾ ਉਲੰਪਿਕ ਨਾਲ ਕੋਈ ਮੁਕਾਬਲਾ ਨਹੀਂ ਹੈ। ਉਦਾਹਰਣ ਦੇ ਤੌਰ ’ਤੇ 2006 ਵਿੱਚ, ਮੈਲਬੌਰਨ (ਅਸਟ੍ਰੇਲੀਆ) ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਕੁੱਲ 50 ਮੈਡਲ ਹਾਸਲ ਕੀਤੇ ਸਨ ਅਤੇ ਉਹ ਚੌਥੇ ਨੰਬਰ ’ਤੇ ਰਿਹਾ ਸੀ। ਇਨ੍ਹਾਂ 50 ਮੈਡਲਾਂ ਵਿੱਚ 22 ਸੋਨੇ ਦੇ, 17 ਚਾਂਦੀ ਦੇ ਅਤੇ 11 ਕਾਂਸੀ ਦੇ ਸਨ। ਇਨ੍ਹਾਂ ਖੇਡਾਂ ਤੋਂ ਬਾਅਦ 2008 ਦੀਆਂ ਉਲੰਪਿਕਸ, ਬੀਜਿੰਗ (ਚੀਨ) ਵਿੱਚ ਹੋਈਆਂ। ਇਨ੍ਹਾਂ ਉਲੰਪਿਕਸ ਵਿੱਚ ਭਾਰਤ ਨੂੰ ਕੁੱਲ 3 ਮੈਡਲ ਮਿਲੇ, ਜਿਨ੍ਹਾਂ ਵਿੱਚ ਸਿਰਫ ਇੱਕ ਗੋਲਡ ਮੈਡਲ ਸੀ। ਜਿਸ ਚੀਨ ਨਾਲ ਭਾਰਤ ਆਪਣਾ ‘ਮੁਕਾਬਲਾ’ ਕਰ ਰਿਹਾ ਸੀ, ਉਸ ਨੇ ਬੀਜਿੰਗ ਉਲੰਪਿਕਸ ਵਿੱਚ ਅਮਰੀਕਾ ਨੂੰ ਪਛਾੜ ਕੇ, ਦੁਨੀਆ ਵਿੱਚ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਸਨ।
ਬੀਜਿੰਗ ਉਲੰਪਿਕਸ ਵਿੱਚ, ਭਾਰਤ ਲਈ ਇੱਕੋ-ਇੱਕ ਸੋਨ ਤਗਮਾ ਜਿੱਤਣ ਵਾਲੇ ਅਭਿਨਵ ਬਿੰਦਰਾ (ਜਿਸ ਨੇ ਹੁਣ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਸ਼ੂਟਿੰਗ ਵਿੱਚ ਪਹਿਲਾ ਸੋਨ ਤਗਮਾ ਜਿੱਤਿਆ ਹੈ) ਨੇ ‘ਆਊਟਲੁੱਕ’ ਮੈਗਜ਼ੀਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ, ਬਿਲਕੁਲ ਠੀਕ ਕਿਹਾ ਹੈ - ‘‘ਉਲੰਪਿਕ ਖੇਡਾਂ ਸੁਪਰੀਮ ਹਨ, ਉਲੰਪਿਕ ਖੇਡਾਂ ਦਾ ਮੁਕਾਬਲਾ ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਨਾਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ।’’

ਕਾਮਨਵੈਲਥ ਖੇਡਾਂ ਦੇ ਬਾਲੀਵੁੱਡ ਸਟਾਈਲ, ਚਕਾਚੌਂਧ ਭਰੇ, ਉਦਘਾਟਨੀ ਸਮਾਰੋਹ ਤੋਂ ਬਾਅਦ, ਐਸੋਸੀਏਟਿਡ ਪ੍ਰੈੱਸ ਵਲੋਂ ਦਿੱਤੀ ਗਈ ਤਾਜ਼ਾ ਖਬਰ, ਭਾਰਤ ਦੇ ਲਈ ਹੋਰ ਵੀ ਸ਼ਰਮਿੰਦਗੀ ਵਾਲੀ ਹੈ। ਇਸ ਖਬਰ ਅਨੁਸਾਰ, ਅਸਟ੍ਰੇਲੀਆ ਦੇ ਕੁਝ ਖਿਡਾਰੀ ‘ਬਿਮਾਰ’ ਹੋ ਗਏ ਹਨ, ਜਿਸ ਦੀ ਪੁਸ਼ਟੀ ਕਾਮਨਵੈਲਥ ਖੇਡਾਂ ਦੇ ਮੁਖੀ ਮਾਈਕਲ ਫੈਨਲ ਨੇ ਵੀ ਕੀਤੀ ਹੈ। ਭਾਰ ਚੁੱਕਣ ਵਾਲੇ ਸਕੇਲਾਂ ਦੀ ‘ਰੀਕਾਰਡਿੰਗ’ ਗਲਤ ਹੋਣ ਕਰਕੇ, ਵਿਦੇਸ਼ੀ ਖਿਡਾਰੀਆਂ ਨੇ ਪ੍ਰੋਟੈਸਟ ਕੀਤਾ ਹੈ, ਜਿਸ ’ਤੇ ਕਲਮਾਡੀ ਨੇ ਕਿਹਾ ਹੈ - ‘ਹੁਣ ਸਕੇਲ ਠੀਕ ਕਰ ਦਿੱਤੇ ਗਏ ਹਨ।’ ਇਸੇ ਕਲਮਾਡੀ ਨੇ ਆਪਣੀ ਪ੍ਰੈੱਸ ਮਿਲਣੀ ਵਿੱਚ ਖੇਡਾਂ ਦੇ ਉਦਘਾਟਨੀ ਸਮਾਰੋਹ ’ਤੇ ਆਉਣ ਲਈ ‘ਪ੍ਰਿੰਸੈਸ ਡਾਇਨਾ’ ਦਾ ਧੰਨਵਾਦ ਕੀਤਾ। ਜਦੋਂ ਉਸ ਨੂੰ ਦੱਸਿਆ ਗਿਆ ਕਿ ਡਾਇਨਾ ਨੂੰ ਮਰਿਆਂ ਤਾਂ ਕਈ ਸਾਲ ਹੋ ਗਏ ਹਨ ਅਤੇ ਹੁਣ ਪ੍ਰਿੰਸ ਚਾਰਲਸ ਦੀ ਪਤਨੀ ਦਾ ਨਾਂ ‘ਕੈਮਿਲਾ’ ਹੈ ਤਾਂ ਉਸ ਨੇ ਗਲਤੀ ਦੀ ਦਰੁਸਤੀ ਕੀਤੀ।

‘ਐਸੋਸੀਏਟਿਡ ਪ੍ਰੈੱਸ’ ਦੀ ਰਿਪੋਰਟ ਅਨੁਸਾਰ, ਭਾਰਤੀ ਲੋਕਾਂ ਦੀ ਕਾਮਨਵੈਲਥ ਖੇਡਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਰਿਪੋਰਟ ਅਨੁਸਾਰ
-‘ਕਾਮਨਵੈਲਥ ਖੇਡਾਂ ਦੇ ਮੁਢਲੇ ਦਿਨ ਉਵੇਂ ਹੀ ਕਸ਼ਟਦਾਇਕ ਹਨ ਜਿਵੇਂ ਕਿ ਖੇਡਾਂ ਤੋਂ ਪਹਿਲਾਂ ਸਾਹਮਣੇ ਆਇਆ ਭ੍ਰਿਸ਼ਟਾਚਾਰ ਅਤੇ ਗੰਦਗੀ ਦਾ ਸਕੈਂਡਲ। ਖੇਡਾਂ ਦੇ ਦੂਸਰੇ ਦਿਨ, 19 ਹਜ਼ਾਰ ਸੀਟਾਂ ਵਾਲੇ ਸਟੇਡੀਅਮ ਵਿੱਚ, ਸਿਰਫ 100 ਲੋਕ ਬੈਠੇ ਸਨ। ਟੂਰਨਾਮੈਂਟ ਦੇ ਪਹਿਲੇ ਟੈਨਿਸ ਮੈਚ ਵਿੱਚ, 5000 ਦੀ ਪਹੁੰਚ ਵਾਲੇ ਟੈਨਿਸ ਸਟੇਡੀਅਮ ਵਿੱਚ 20 ਤੋਂ ਵੀ ਘੱਟ ਬੰਦੇ ਸਨ। ਸਾਈਕਲਿੰਗ ਦੇ 4000 ਦੀ ਪਹੁੰਚ ਵਾਲੇ ਵੈਲੋਡਰੋਮ ਵਿੱਚ ਸਿਰਫ 500 ਵਿਅਕਤੀ ਸਨ। ਨੈਟਬਾਲ ਦੇ ਓਪਨਿੰਗ ਮੈਚ ਨੂੰ ਸਿਰਫ 58 ਵਿਅਕਤੀਆਂ ਨੇ ਦੇਖਿਆ। ਮੰਗਲਵਾਰ ਦੀ ਦੁਪਹਿਰ (ਜਦੋਂ ਕਿ ਕੱਲ ਇਥੇ ਟਰੈਕ ਤੇ ਫੀਲਡ ਈਵੈਂਟਸ ਸ਼ੁਰੂ ਹੋਣੀਆਂ ਹਨ) ਵੇਲੇ ਅਧਿਕਾਰੀ ਅਜੇ ਖੇਡ ਮੈਦਾਨ ਨੂੰ ਤਿਆਰ ਕਰ ਰਹੇ ਹਨ, ਗਰਾਊਂਡ ਵਿੱਚ ਘਾਹ ਵਿਛਾ ਰਹੇ ਹਨ ਅਤੇ ਗੰਦਮੰਦ ਚੁੱਕ ਰਹੇ ਹਨ। ਖੇਡ ਪ੍ਰਬੰਧਕ ਸੋਚ ਰਹੇ ਹਨ ਕਿ ਸਟੇਡੀਅਮਜ਼ ਨੂੰ ਭਰਨ ਲਈ ਸਕੂਲੀ ਬੱਚਿਆਂ ਅਤੇ ਗਰੀਬ ਗੁਰਬਿਆਂ ਨੂੰ ‘ਮੁਫਤ ਟਿਕਟਾਂ’ ਦਿੱਤੀਆਂ ਜਾਣ। ਸੁਰੇਸ਼ ਕਲਮਾਡੀ ਦਾ ਕਹਿਣਾ ਹੈ - ‘ਲੋਕਾਂ ਨੂੰ ਟਿਕਟ ਲੈਣ ਲਈ ਇੱਕ ਲੰਬੀ ਲਾਈਨ ਵਿੱਚ ਖੜ੍ਹਾ ਹੋਣਾ ਪੈਂਦਾ ਹੈ, ਇਸ ਲਈ ਲੋਕ ਘੱਟ ਆਏ ਹਨ। ਹੁਣ ਅਸੀਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ, ਹਰ ਖੇਡ ਸਟੇਡੀਅਮ ਦੇ ਬਾਹਰ ਟਿਕਟਾਂ ਵੇਚੀਆਂ ਜਾਣਗੀਆਂ। ਹੁਣ ਸਭ ਠੀਕ ਠਾਕ ਹੋ ਗਿਆ ਹੈ।’’

ਐਸੋਸੀਏਟਿਡ ਪ੍ਰੈੱਸ ਦੀ ਉਪਰੋਕਤ ਰਿਪੋਰਟ ਮਹਾਨ, ਸੁਪਰ-ਪਾਵਰ ਭਾਰਤ ਦੀ ‘ਮਹਾਨਤਾ’ ਦੀਆਂ ਬਾਤਾਂ ਕੁਲ ਦੁਨੀਆ ਤੱਕ ਪਹੁੰਚਾ ਰਹੀ ਹੈ। ਹੋਰ ਦੱਸੋ ‘ਮਹਾਨ’ ਕਿਸ ਨੂੰ ਕਹਿੰਦੇ ਹਨ?
-ਡਾ. ਅਮਰਜੀਤ ਸਿੰਘ
ਚੜ੍ਹਦੀਕਲਾ ਕੈਨੇਡਾ ਵਿੱਚੋਂ ਧੰਨਵਾਦ ਸਾਹਿਤ

ਭਾਰਤੀ ਭ੍ਰਿਸ਼ਟਾਚਾਰ ਦਾ ‘ਲਿਸ਼ਕਦਾ ਮੀਨਾਰ’ ਬਣੀਆਂ ਕਾਮਨਵੈਲਥ ਖੇਡਾਂ

ਕਾਮਨਵੈਲਥ ਖੇਡਾਂ ਬਣੀਆਂ ਉਨ੍ਹਾਂ ਦੀ
Common Wealth

ਨਵੀਂ ਦਿੱਲੀ ਵਿੱਚ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਨੇ ਭਾਰਤ ਨੂੰ ਜਿੰਨੀ ਬਦਨਾਮੀ ਦਿੱਤੀ ਹੈ, ਉਸ ਨੂੰ ‘ਭਾਰਤੀ ਭ੍ਰਿਸ਼ਟਾਚਾਰ ਦੇ ਲਿਸ਼ਕਦੇ ਮੀਨਾਰ’ ਦੀ ੳਪਮਾ ਦਿੱਤੀ ਜਾ ਸਕਦੀ ਹੈ। ਇਸ ਵੇਲੇ ਥਰਡ-ਰੇਟ ਪਾਵਰ ਬਣੇ ਬਰਤਾਨੀਆ ਕੋਲ ਦੋ ਹੀ ਚੀਜ਼ਾਂ ‘ਬੀਤੇ ਯੁੱਗ’ ਦੇ ਮਾਣ ਦੀਆਂ ਹਨ, ਇੱਕ ਜਿਨ੍ਹਾਂ ਲਗਭਗ 70 ਦੇਸ਼ਾਂ ’ਤੇ ਉਨ੍ਹਾਂ ਨੇ ਰਾਜ ਕੀਤਾ ਸੀ, ਉਸ ਦਾ ਸਬੂਤ ਕਾਮਨਵੈਲਥ ਖੇਡਾਂ, ਅਤੇ ਦੂਸਰਾ ਲੰਡਨ ਦੇ ਅਲਬਰਟਾ ਤੇ ਵਿਕਟੋਰੀਆ ਮਿਊਜ਼ੀਅਮ ਵਿੱਚ ਇਨ੍ਹਾਂ 70 ਦੇਸ਼ਾਂ ਤੋਂ ਲੁੱਟ ਕੇ ਲਿਆਂਦੀਆਂ ਵਸਤੂਆਂ ਦੀ ਮੌਜੂਦਗੀ। ਸੋ, ਆਪਣੀਆਂ ‘ਕਾਮਨਵੈਲਥ ਖੇਡਾਂ’ ਦੀ ਸ਼ਾਖ ਨੂੰ ਬਚਾਉਣ ਲਈ ਅਖੀਰ ਬ੍ਰਿਟੇਨ ਨੇ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ ਅਤੇ ਨਾਲ ਹੀ ਕੈਨੇਡਾ, ਅਸਟ੍ਰੇਲੀਆ, ਨੀਊਜ਼ੀਲੈਂਡ ਆਦਿ ‘ਵਿਕਸਤ ਦੇਸ਼ਾਂ’ ਨੂੰ ਵੀ ਇਸ ਵਿੱਚ ਸ਼ਮੂਲੀਅਤ ਲਈ ਪ੍ਰੇਰਿਆ। ਹੁਣ ਬ੍ਰਿਟੇਨ ਦੇ ਪ੍ਰਿੰਸ ਚਾਰਲਸ, ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ, ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਹ ਵੱਖਰੀ ਗੱਲ ਹੈ ਕਿ ਹੁਣ ਭਾਰਤੀ ਹਾਕਮ ਬਾਹਰਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਮੀਡੀਏ ਤੋਂ ਦੂਰ ਰੱਖਣ ਲਈ ਪੂਰਾ ਤਾਣ ਲਾ ਰਹੇ ਹਨ ਜਿਵੇਂ ਕਿ ਅਸਟ੍ਰੇਲੀਆ ਦੇ ਖਿਡਾਰੀ ਜਦੋਂ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਸਟ੍ਰੇਲੀਆਈ ਮੀਡੀਏ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਇੱਕਾ-ਦੁੱਕਾ ਸ਼ਿਕਾਇਤਾਂ ਦਾ ਸਿਲਸਿਲਾ ਵੀ ਜਾਰੀ ਹੈ ਜਿਵੇਂ ਕਿ ਅਫਰੀਕਾ ਦੇ ਇੱਕ ਖਿਡਾਰੀ ਨੇ ਦੱਸਿਆ ਕਿ ਉਸਦੇ ਕਮਰੇ ਵਿੱਚ ਇੱਕ ਸੱਪ ਮੌਜੂਦ ਸੀ। ਭਾਰਤੀ ਮੀਡੀਏ ਦਾ ਧਿਆਨ ਹੁਣ ਅਯੁੱਧਿਆ ਸਬੰਧੀ ਆਉਣ ਵਾਲੇ ਫੈਸਲੇ ਵੱਲ ਵੀ ਹੈ, ਸੋ ਬਹੁਗਿਣਤੀ ਵਾਲੀ ‘ਦੇਸ਼-ਭਗਤੀ’ ਦਾ ਸਬੂਤ ਦਿੰਦਿਆਂ, ਹੁਣ ਉਨ੍ਹਾਂ ਕਾਮਨਵੈਲਥ ਖੇਡਾਂ ਦੀਆਂ ਖਬਰਾਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਰ ਇਸ ਹਫ਼ਤੇ ਦੀਆਂ ਦੋ ਪ੍ਰਮੁੱਖ ਰਿਪੋਰਟਾਂ, ਕਾਮਨਵੈਲਥ ਖੇਡ ਆਯੋਜਨ ਨਾਲ ਜੁੜੇ ਹੋਏ ਮੁੱਖ ਮੁੱਦੇ-ਭ੍ਰਿਸ਼ਟਾਚਾਰ ਵੱਲ ਝਾਤੀ ਪਵਾਉਂਦੀਆਂ ਹਨ। ਪਹਿਲੀ ਰਿਪੋਰਟ, ‘ਆਊਟਲੁੱਕ ਰਸਾਲੇ’ ਵਿੱਚ ਛਪੇ ਲੇਖ ਨਾਲ ਸਬੰਧਿਤ ਹੈ ਅਤੇ ਦੂਸਰੀ ‘ਇੰਡੀਅਨ ਐਕਸਪ੍ਰੈੱਸ’ ਦੀ ਇੱਕ ਸਨਸਨੀਖੇਜ਼ ਪੜਤਾਲੀਆ ਰਿਪੋਰਟ ਹੈ। ਪਹਿਲਾਂ ਅਸੀਂ ‘ਆਊਟਲੁੱਕ’ ਰਸਾਲੇ ਨਾਲ ਸਬੰਧਿਤ ਲੇਖ ਦੀ ਗੱਲ ਕਰਦੇ ਹਾਂ।

ਮਣੀਸ਼ੰਕਰ ਆਇਰ, ਭਾਰਤ ਦੀ ਸ਼ਾਸ਼ਕ ਪਾਰਟੀ (ਕਾਂਗਰਸ) ਦੇ ਮੈਂਬਰ ਪਾਰਲੀਮੈਂਟ ਹਨ ਅਤੇ ਮਨੋਹਰ ਸਿੰਘ ਗਿੱਲ ਦੇ ਕੇਂਦਰੀ ਖੇਡ ਮੰਤਰੀ ਬਣਨ ਤੋਂ ਪਹਿਲਾਂ ਭਾਰਤ ਦੇ ਖੇਡ ਮੰਤਰੀ ਸਨ। ਕਾਮਨਵੈਲਥ ਖੇਡਾਂ ਦੇ ਮੁੱਦੇ ’ਤੇ ਉਨ੍ਹਾਂ ਦੀ ਸਪੱਸ਼ਟ, ਈਮਾਨਦਾਰ ਪਹੁੰਚ ਹੋਣ ਕਰਕੇ, ਉਹ ਸੁਰੇਸ਼ ਕਲਮਾਡੀ (ਜੋ ਕਿ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਅਤੇ ਭਾਰਤ ਦੀ ਕਾਮਨਵੈਲਥ ਖੇਡ ਆਯੋਜਨ ਸਮਿਤੀ ਦਾ ਪ੍ਰਧਾਨ ਵੀ ਹੈ) ਦੀਆਂ ਅੱਖਾਂ ਵਿੱਚ ਰੜਕਦੇ ਸਨ। ਅਖੀਰ ਕਲਮਾਡੀ ਨੇ, ਆਪਣੀ ਵਿਸ਼ੇਸ਼ ਕ੍ਰਿਪਾਲੂ ਸੋਨੀਆ ਗਾਂਧੀ ਨੂੰ ਕਹਿ ਕੇ, ਮਣੀਸ਼ੰਕਰ ਆਇਰ ਦੀ ਵਜ਼ਾਰਤ ’ਚੋਂ ਹੀ ‘ਛੁੱਟੀ’ ਕਰਵਾ ਦਿੱਤੀ। ਜਦੋਂ ਤੋਂ ਕਾਮਨਵੈਲਥ ਖੇਡਾਂ ਵਿਚਲੀਆਂ ਕਮਜ਼ੋਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਹਨ, ਮਣੀਸ਼ੰਕਰ ਆਇਰ ਇਸ ਸਬੰਧੀ ਖੁੱਲ੍ਹ ਕੇ ਬੋਲ ਰਿਹਾ ਹੈ ਭਾਵੇਂ ਕਿ ਸੋਨੀਆ ਗਾਂਧੀ ਨੇ ਉਸ ਦੀਆਂ ਲਗਾਮਾਂ ਖਿੱਚਣ ਦਾ ਯਤਨ ਵੀ ਕੀਤਾ ਹੈ। ‘ਆਊਟਲੁੱਕ’ ਦੇ ਹੱਥਲੇ ਅੰਕ ਵਿੱਚ ਮਿਸਟਰ ਆਇਰ ਨੇ ਦੋ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੱਤਰਕਾਰਾਂ ਬੋਰੀਆ ਅਤੇ ਨਲਿਨ ਵਲੋਂ ਲਿਖੀ ਪੁਸਤਕ - ‘ਦਿੱਲੀ ਅਤੇ ਕਾਮਨਵੈਲਥ ਖੇਡਾਂ’ ਦਾ ਰੀਵਿਊ ਲਿਖਿਆ ਹੈ। ਇਸ ਰੀਵੀਊ ਵਿੱਚ ਆਇਰ ਨੇ, ਕਲਮਾਡੀ ਨੂੰ ਚੰਗੇ ਰਗੜੇ ਲਾਏ ਹਨ ਅਤੇ ਉਸ ਨੂੰ ‘ਇੱਕ ਹੰਕਾਰੀ, ਬੜਬੋਲੇ ਅਤੇ ਭ੍ਰਿਸ਼ਟ’ ਚੌਖਟੇ ਵਿੱਚ ਪੇਸ਼ ਕੀਤਾ ਹੈ। ਕਾਮਨਵੈਲਥ ਖੇਡਾਂ ਸਬੰਧੀ, ਚਰਚਿਤ ‘ਘਟੀਆ ਚੁਟਕਲਿਆਂ’ ਨੂੰ ਵੀ ਉਸ ਨੇ ਆਪਣੀ ਲਿਖਤ ਦਾ ਅਧਾਰ ਬਣਾਇਆ ਹੈ। ਕਾਮਨਵੈਲਥ ਖੇਡ ਆਯੋਜਨ ਨੂੰ ਇੱਕ ‘ਸਰਕਸ’ ਦੀ ਸੰਗਿਆਂ ਦਿੰਦਿਆਂ ਉਸ ਨੇ ਇਸ ਨੂੰ ‘ਦੰਭ, ਝੂਠ, ਮੱਕਾਰੀ ਅਤੇ ਰਾਸ਼ਟਰੀ ਕਦਰਾਂ-ਕੀਮਤਾਂ ਦਾ ਕੀਤਾ ਗਿਆ ਘਾਣ’ ਐਲਾਨਿਆ ਹੈ। ਮਿਸਟਰ ਆਇਰ ਨੇ ਆਪਣੀ ਲਿਖਤ ਵਿੱਚ ਕਿਹਾ ਹੈ ਕਿ ਇਹ ਆਯੋਜਨ ਘੱਟ ਤੇ ‘ਜੁਗਾੜ’ ਜ਼ਿਆਦਾ ਹੈ।

ਮਣੀਸ਼ੰਕਰ ਆਇਰ ਨੇ ਵੇਰਵੇ ਸਾਹਿਤ ਦੱਸਿਆ ਕਿ ਕਿਵੇਂ ਕਈ ਬਿਲੀਅਨ ਡਾਲਰ ਦਾ ‘ਚੂਨਾ’ ਆਯੋਜਕਾਂ ਨੇ ਲਾਇਆ ਹੈ। ਆਇਰ ਅਨੁਸਾਰ- ‘ਆਯੋਜਕਾਂ ਨੇ ਦਸੰਬਰ, 2002 ਵਿੱਚ ਅਪਰੇਟਿੰਗ ਖਰਚਾ 399 ਕਰੋੜ ਰੁਪਿਆ ਦੱਸਿਆ ਸੀ, ਜਿਹੜਾ ਕਿ ਹੁਣ ਵਧ ਕੇ 1,628 ਕਰੋੜ ਹੋ ਗਿਆ ਹੈ। ਪਹਿਲਾਂ ਦਿੱਲੀ ਵਿਚਲੇ ਇਨਫਰਾਸਟਰੱਕਚਰ ਦਾ ਖਰਚਾ 218.5 ਕਰੋੜ ਦੱਸਿਆ ਗਿਆ ਸੀ, ਜਿਹੜਾ ਕਿ ਹੁਣ 67,185 ਕਰੋੜ ਬਣਾ ਦਿੱਤਾ ਗਿਆ ਹੈ। ਐਥਲੀਟਾਂ ਦੀ ਟਰੇਨਿੰਗ ਦਾ ਖਰਚਾ 300 ਕਰੋੜ ਤੋਂ 678 ਕਰੋੜ ਤੱਕ ਪਹੁੰਚ ਗਿਆ ਹੈ। ਹੁਣ ਜ਼ਰਾ ਸਾਹ ਰੋਕ ਕੇ ਸੁਣੋ। ਦਸੰਬਰ 2002 ਵਿੱਚ, ਕੁੱਲ ਖਰਚੇ ਦਾ ਅੰਦਾਜ਼ਾ 617 ਕਰੋੜ ਲਾਇਆ ਗਿਆ ਸੀ, ਜਿਹੜੀ ਰਕਮ ਕਿ ਹੁਣ 70,608 ਕਰੋੜ ਰੁਪਈਏ ਬਣਾ ਦਿੱਤੀ ਗਈ ਹੈ। ਇਸ ਮਹਿਫਲ ਵਿੱਚ ਪੈਸੇ ਦੀ ਬਹੁਤਾਤ ਹੈ, ਸੋ ਸਾਰੇ ਹੀ ‘ਪਾਰਟੀ’ ਖਾਣ ਆਏ ਹਨ। ਖੇਡ ਸਟਰੱਕਚਰ ਦੀ ਦੇਰੀ ਦਾ ਕਾਰਨ ਵੀ ਇਸ ਖਾਣ-ਪੀਣ ਨਾਲ ਜੁੜਿਆ ਹੋਇਆ ਹੈ। ਅੰਦਾਜ਼ਾ ਲਾਓ ਕਿ ਕਾਮਨਵੈਲਥ ਖੇਡਾਂ ’ਤੇ ਕੀਤਾ ਜਾਣ ਵਾਲਾ ਖਰਚਾ 2002 ਦੇ ‘ਬੱਜਟ’ ਨਾਲੋਂ 114 ਗੁਣਾ ਵਧਾ ਦਿੱਤਾ ਗਿਆ ਹੈ। ਮੈਲਬੌਰਨ (ਅਸਟ੍ਰੇਲੀਆ) ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦਾ ਖਰਚ, ਉਨ੍ਹਾਂ ਦੇ ਕਿਆਸੇ ਬੱਜਟ ਨਾਲੋਂ ਸਿਰਫ 0.6 ਫੀ ਸਦੀ ਵੱਧ ਸੀ। ਹਕੀਕਤ ਇਹ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਅਨਾੜੀਆਂ ਨੂੰ ਕਾਮਨਵੈਲਥ ਖੇਡਾਂ ਦੇ ਆਯੋਜਨ ਲਈ ‘ਕੋਰਾ ਚੈੱਕ’ ਦਿੱਤਾ, ਜਿਹਨਾਂ ਨੂੰ ‘ਇੱਲ ਦਾ ਨਾਂ ਕੋਕੋ’ ਦਾ ਵੀ ਇਲਮ ਨਹੀਂ ਸੀ।’’


ਹੁਣ ਗੱਲ ਇੰਡੀਅਨ ਐਕਸਪ੍ਰੈੱਸ ਅਖਬਾਰ ਦੀ ਸਨਸਨੀਖੇਜ਼ ਰਿਪੋਰਟ ਦਾ ਕਰਦੇ ਹਾਂ, ਜਿਸ ਦਾ ਸਿਰਲੇਖ ਦਿੱਤਾ ਗਿਆ ਹੈ – “AN EXPRESS INVESTIGATION : Their Common Wealth” ਇਸ ਰਿਪੋਰਟ ਦੇ ਸ਼ੁਰੂਆਤੀ ਸ਼ਬਦ ਹਨ - ‘‘ਪਿਓ ਤੇ ਧੀ, ਚਾਚਾ ਅਤੇ ਭਤੀਜਾ, ਜੁੜਵਾਂ ਭੈਣਾਂ, ਮਾਂ ਅਤੇ ਪੁੱਤਰ, ਭੈਣ ਤੇ ਭਰਾ, ਪਿਓ ਤੇ ਨੂੰਹ - ਇਹ ਲਿਸਟ ਕਾਮਨਵੈਲਥ ਖੇਡ ਸਮਿਤੀ (ਜਿਸ ਦਾ ਪ੍ਰਧਾਨ ਸੁਰੇਸ਼ ਕਲਮਾਡੀ ਹੈ) ਦੇ ਮੁਲਾਜ਼ਮਾਂ ਦੀ ਹੈ - ਘੱਟੋ ਘੱਟ ਇਸ ਵਿੱਚ 38 ਵਿਅਕਤੀ, ਜੋ ਆਪਸ ਵਿੱਚ ਨੇੜਲੇ ਰਿਸ਼ਤੇਦਾਰ ਹਨ, ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਮਾਅਰਕਾਖੇਜ਼ ਗੱਲ ਇਹ ਹੈ ਕਿ ਇਨ੍ਹਾਂ ‘ਰਿਸ਼ਤੇਦਾਰਾਂ’ ਨੂੰ ਬਕਾਇਦਾ, ਅਖਬਾਰਾਂ ਵਿੱਚ ਦਿੱਤੀਆਂ ‘ਐਡਾਂ’ ਦੇ ਅਧਾਰ ’ਤੇ ‘ਇੰਟਰਵਿਊ’ ਕਰਕੇ, ‘ਹਾਇਰ’ (ਨੌਕਰੀ ਤੇ ਰੱਖਣਾ) ਕੀਤਾ ਗਿਆ।’ ਇਨ੍ਹਾਂ ਅਹੁਦਿਆਂ ’ਤੇ ਬਿਰਾਜਮਾਨ ‘ਰਿਸ਼ਤੇਦਾਰਾਂ’ ਦੀ ਤਨਖਾਹ, ਲੱਖਾਂ ਰੁਪਈਏ ਪ੍ਰਤੀ ਮਹੀਨਾ ਹੈ।’’ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਇਨ੍ਹਾਂ ਸਾਰੇ 38 ਵਿਅਕਤੀਆਂ ਦੇ ਨਾਂ ਅਤੇ ‘ਰਿਸ਼ਤੇਦਾਰੀਆਂ’ ਵੀ ਦਿੱਤੀਆਂ ਹਨ। ਇਸ ‘ਭ੍ਰਿਸ਼ਟ ਘਪਲੇ’ ਸਬੰਧੀ ਜਦੋਂ ਅਖਬਾਰ ਦੇ ਨੁਮਾਇੰਦੇ ਨੇ, ਕਾਮਨਵੈਲਥ ਕਮੇਟੀ ਦੇ ਜਾਇੰਟ ਡਾਇਰੈਕਟਰ, ਐਨ. ਪੀ. ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ - ‘ਇਹ ਇੱਕ ਮਹਿਜ਼ ਇਤਫਾਕ ਹੀ ਹੈ ਕਿ ਇਨ੍ਹਾਂ ਵਿੱਚ ਰਿਸ਼ਤੇਦਾਰੀਆਂ ਨਿਕਲ ਆਈਆਂ ਹਨ। ਅਸੀਂ ਤਾਂ ਸਾਰਾ ਕੰਮ ਕਾਨੂੰਨ ਅਨੁਸਾਰ ਐਡਾਂ ਦੇ ਕੇ ਹੀ ਕੀਤਾ ਹੈ।’ ਕਿਆ ਕਹਿਣੇ ਭਾਰਤੀ ‘ਈਮਾਨਦਾਰੀ’ ਦੇ।

ਕਿਸੇ ਹੋਰ ਮੁਲਕ ਵਿੱਚ ਇਹੋ ਜਿਹਾ ‘ਭ੍ਰਿਸ਼ਟਾਚਾਰ’ ਦਾ ਸਕੈਂਡਲ ਹੋਇਆ ਹੁੰਦਾ ਤਾਂ ਜਨਤਾ ਸੜਕਾਂ ’ਤੇ ਹੁੰਦੀ ਅਤੇ ਦੇਸ਼ ਦੇ ਮੁਖੀ ਤੋਂ ਲੈ ਕੇ ਹੇਠਾਂ ਤੱਕ ਸਬੰਧਿਤ ਸਭ ਅਧਿਕਾਰੀ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੰਦ ਹੁੰਦੇ। ਪਰ ਵਾਰੇ-ਵਾਰੇ ਜਾਈਏ ਮਹਾਨ ਦੇਸ਼ ਭਾਰਤ ਦੇ, ਜਿਸ ਦੇ ਪ੍ਰਧਾਨ ਮੰਤਰੀ ਨੇ, ਇੰਨੀ ਵੱਡੀ ‘ਰਾਸ਼ਟਰੀ ਸ਼ਰਮ’ ਲਈ ਜ਼ਿੰਮੇਵਾਰ, ਸੁਰੇਸ਼ ਕਲਮਾਡੀ ਤੋਂ ਅਸਤੀਫਾ ਮੰਗਣਾ ਵੀ ਜ਼ਰੂਰੀ ਨਹੀਂ ਸਮਝਿਆ। ਯਾਦ ਰਹੇ, ਇੰਡੀਅਨ ਹਾਕੀ ਫੈਡਰੇਸ਼ਨ ਦੀ ਚੋਣ ਦੌਰਾਨ, ਪ੍ਰਧਾਨਗੀ ਲਈ ਚੋਣ ਲੜ ਰਹੇ ਉਮੀਦਵਾਰ ਹਾਕੀ ਉਲੰਪੀਅਨ ਪ੍ਰਗਟ ਸਿੰਘ ਨੇ ਜਨਵਰੀ, 2010 ਵਿੱਚ ਕਿਹਾ ਸੀ - ‘ਸੁਰੇਸ਼ ਕਲਮਾਡੀ ਇੱਕ ਸਪੋਰਟਸ ਮਾਫੀਆ ਦਾ ਸਰਗਣਾ ਹੈ।’ ਇਸ ਮਾਫੀਆ-ਸਰਗਣੇ ਨੇ ਪ੍ਰਗਟ ਸਿੰਘ ਨੂੰ ਹਰਾ ਕੇ, ਇੱਕ 82 ਸਾਲਾ ਬੁੱਢੀ ਮਾਈ ਵਿੱਦਿਆ ਸਟੋਕਸ ਨੂੰ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਬਣਵਾਇਆ ਸੀ।

ਵੇਖਣ ਵਾਲੀ ਗੱਲ ਇਹ ਹੈ ਕਿ ਕਾਮਨਵੈਲਥ ਖੇਡ ਬੱਜਟ ਦੇ ਕਈ ਬਿਲੀਅਨ ਡਾਲਰ ਹੜੱਪ ਜਾਣ ਵਾਲਾ ਸੁਰੇਸ਼ ਕਲਮਾਡੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਅਤਿ-ਨਜ਼ਦੀਕੀ ਹਲਕਿਆਂ ਨਾਲ ਸਬੰਧਿਤ ਹੈ। ਭ੍ਰਿਸ਼ਟਾਚਾਰੀ ਕਲਮਾਡੀ ਦੀ ਸੋਨੀਆ-ਰਾਹੁਲ ਨਾਲ ‘ਨਜ਼ਦੀਕੀ’ ਦਾ ਕੀ ‘ਅਧਾਰ’ ਹੋਵੇਗਾ, ਕੀ ਇਸ ਬਾਰੇ ਕੋਈ ਭੁਲੇਖਾ ਰਹਿ ਜਾਂਦਾ ਹੈ?
‘ਸਈਆਂ ਭਏ ਕੋਤਵਾਲ, ਤੋ ਡਰ ਕਾਹੇ ਕਾ?’

ਇਹ ਹੀ ਕਾਰਨ ਹੈ ਕਿ ਜਿਹੜਾ ਮਨਮੋਹਨ ਸਿੰਘ ‘ਇਮਾਨਦਾਰ’ ਲਕਬ ਨਾਲ ਜਾਣਿਆ ਜਾਂਦਾ ਹੈ, ਉਸ ਵਿੱਚ ਇੰਨਾ ਹੌਂਸਲਾ ਨਹੀਂ ਕਿ ਉਹ ਕਲਮਾਡੀ ਨੂੰ ਅਸਤੀਫਾ ਦੇਣ ਲਈ ਕਹਿ ਸਕੇ। ਅਸੀਂ ਤਾਂ ਮਨਮੋਹਨ ਸਿੰਘ ਨੂੰ ਪਹਿਲਾਂ ਤੋਂ ਹੀ ਬੌਧਿਕ ਤੌਰ’ ਤੇ ਈਮਾਨਦਾਰ ਨਹੀਂ ਮੰਨਦੇ। ਪਰ ਹੁਣ ਤਾਂ ਕਾਮਨਵੈਲਥ ਖੇਡਾਂ ਦੇ ਹਵਾਲੇ ਨਾਲ ਉਸ ਦੇ ‘ਨਜ਼ਦੀਕੀਆਂ’ ਦਾ ਭ੍ਰਿਸ਼ਟਾਚਾਰੀ ਭਾਂਡਾ ਚੌਰਾਹੇ ਵਿੱਚ ਫੁੱਟ ਹੀ ਗਿਆ ਹੈ, ਜੇ ਉਹ ਹੋਰ ਕੁਝ ਕਰਨ ਤੋਂ ‘ਬੇਵੱਸ’ ਹੈ, ਘੱਟੋ-ਘੱਟ ਆਪ ਤਾਂ ਅਸਤੀਫਾ ਦੇ ਹੀ ਸਕਦਾ ਹੈ।
-ਡਾ. ਅਮਰਜੀਤ ਸਿੰਘ