ਕੁਫਰ ਟੂਟਾ ਖੁਦਾ-ਖੁਦਾ ਕਰਕੇ...

ਸੁਨੇਹਾ
0
‘ਕਾਮਨਵੈਲਥ ਗੇਮਜ਼ ਵਿਲੇਜ’ ਦੀ ਤਿਆਰੀ ਸਬੰਧੀ ਭਾਰਤ ਦਾ ਜਲੂਸ ਨਿਕਲਣ ਤੋਂ ਬਾਅਦ, ਹੁਣ ਕੂਟਨੀਤਕ ਤੇ ਪ੍ਰਾਹੁਣਚਾਰੀ ਮਾਮਲੇ ਵਿੱਚ ਵੀ ਛੀ ਛੀ! #ਕਾਮਨਵੈਲਥ ਖੇਡਾਂ ਦੇ ਉਦਘਾਟਨੀ ਸਮਾਰੋਹ ਮੌਕੇ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਸਟਾਫ ਨੇ, ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਉਸ ਦੀ ਕੁਰਸੀ ਤੋਂ ਉਠਾ ਕੇ, ਉਥੇ ‘ਰਾਸ਼ਟਰਪਤੀ ਦੇ ਪਤੀ’ ਨੂੰ ਲਿਆ ਬਿਠਾਇਆ! #ਰਾਸ਼ਟਰਪਤੀ ਭਵਨ ਦੇ ਬਹਿਰੇ, ਰਾਸ਼ਟਰਪਤੀ ਤੇ ਉਸ ਦੇ ਪਤੀ ਦੀ ਖਾਣ-ਪਾਣ ਸੇਵਾ ਕਰਦੇ ਰਹੇ ਜਦੋਂਕਿ ਪ੍ਰਿੰਸ ਚਾਰਲਸ, ਉਸ ਦੀ ਪਤਨੀ ਕੈਮਿਲਾ ਅਤੇ ਦੂਸਰੇ ਵੀ. ਆਈ. ਪੀ. ਮੂੰਹ ਤੱਕਦੇ ਰਹੇ! #‘ਉਲੰਪਿਕ ਖੇਡਾਂ ਸੁਪਰੀਮ ਹਨ! ਉਲੰਪਿਕ ਖੇਡਾਂ ਦਾ ਮੁਕਾਬਲਾ ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਨਾਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ’ - ਉਲੰਪਿਕ ਵਿੱਚ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ #2006 ਦੀਆਂ ਮੈਲਬੌਰਨ ਕਾਮਨਵੈਲਥ ਖੇਡਾਂ ਵਿੱਚ ਚੌਥੇ ਨੰਬਰ ’ਤੇ ਆਉਣ ਵਾਲੇ ਭਾਰਤ ਨੂੰ 2008 ਦੀਆਂ ਬੀਜਿੰਗ ਉਲੰਪਿਕਸ ਵਿੱਚ 50ਵਾਂ ਸਥਾਨ ਹਾਸਲ ਹੋਇਆ ਸੀ
ਭ੍ਰਿਸ਼ਟਾਚਾਰ, ਗੰਦਗੀ, ਪੁਲ ਦਾ ਡਿਗਣਾ ਆਦਿਕ ਭਾਰਤ ਲਈ ਬਦਨਾਮੀ ਭਰੀਆਂ ਖਬਰਾਂ ਤੋਂ ਬਾਅਦ ਅਖੀਰ ਨਵੀਂ ਦਿੱਲੀ, ਵਿੱਚ 19ਵੀਂਆਂ ਬ੍ਰਿਟਿਸ਼ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਹੋ ਹੀ ਗਈ। ਅਸਟ੍ਰੇਲੀਆ, ਨੀਊਜ਼ੀਲੈਂਡ, ਇੰਗਲੈਂਡ ਆਦਿਕ ਦੇਸ਼ਾਂ ਦੇ ਕੁਝ ਵਰਲਡ ਕਲਾਸ ਖਿਡਾਰੀ, ਇਨ੍ਹਾਂ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਰਹੇ, ਸੋ ਜ਼ਾਹਰ ਹੈ ਕਿ ਭਾਰਤ ਵਲੋਂ ਇਸ ਵਾਰ ਜ਼ਿਆਦਾ ਮੈਡਲ ਜਿੱਤਣ ਦੀਆਂ ਸੰਭਾਵਨਾਵਾਂ ਹਨ, ਜਿਸ ਨੂੰ ਕਿ ਭਾਰਤ ਦੀ ਜਿੱਤ ਵਜੋਂ ਉਭਾਰਿਆ ਜਾਵੇਗਾ। ਦਿੱਲੀ ਵਿਚਲੀਆਂ ਇਨ੍ਹਾਂ ਖੇਡਾਂ ਦਾ ਭੋਗ ਪੈ ਜਾਣਾ ਸੀ, ਜੇ ਅਖੀਰਲੇ ਮਿੰਟ ’ਤੇ ਬ੍ਰਿਟੇਨ, ਇਨ੍ਹਾਂ ਨੂੰ ਬਚਾਉਣ ਲਈ ਆਪਣਾ ਪ੍ਰਭਾਵ ਨਾ ਵਰਤਦਾ। ਆਪਣੀ ਪਿਛਲੀ ਲਿਖਤ ਵਿੱਚ ਮੈਂ ਕਿਹਾ ਸੀ - ‘‘ਇਸ ਵੇਲੇ ਥਰਡ-ਰੇਟ ਪਾਵਰ ਬਣੇ ਬਰਤਾਨੀਆ ਕੋਲ ਦੋ ਹੀ ਚੀਜ਼ਾਂ ‘ਬੀਤੇ ਯੁੱਗ’ ਦੇ ਮਾਣ ਦੀਆਂ ਹਨ, ਇੱਕ ਜਿਨ੍ਹਾਂ ਲਗਭਗ 70 ਦੇਸ਼ਾਂ ’ਤੇ ਉਨ੍ਹਾਂ ਨੇ ਰਾਜ ਕੀਤਾ ਸੀ, ਉਸ ਦਾ ਸਬੂਤ ਕਾਮਨਵੈਲਥ ਖੇਡਾਂ ਅਤੇ ਦੂਸਰਾ ਲੰਡਨ ਦੇ ‘ਅਲਬਰਟ ਤੇ ਵਿਕਟੋਰੀਆ ਮਿਊਜ਼ੀਅਮ ਵਿੱਚ ਇਨ੍ਹਾਂ 70 ਦੇਸ਼ਾਂ ਤੋਂ ਲੁੱਟ ਕੇ ਲਿਆਂਦੀਆਂ ਵਸਤੂਆਂ ਦੀ ਮੌਜੂਦਗੀ।’’ ਸੋ ਇਨ੍ਹਾਂ ਕਾਮਨਵੈਲਥ ਖੇਡਾਂ ਦਾ ਦਿੱਲੀ ਵਿੱਚ ਹੋ ਸਕਣਾ ਇਸ ਲਈ ਨਹੀਂ ਹੋਇਆ ਕਿ ਭਾਰਤੀ ‘ਮਿਸਤਰੀ -ਮਜ਼ਦੂਰਾਂ’ ਨੇ ਸਭ ਕੁਝ ਵੇਲੇ ਸਿਰ ਟਿਚਨ ਕਰ ਦਿੱਤਾ ਪਰ ਇਸ ਲਈ ਸੰਭਵ ਹੋਇਆ ਕਿਉਂਕਿ ਬ੍ਰਿਟੇਨ ਨੇ ਆਪਣਾ ਪੂਰਾ ਭਾਰ ਇਨ੍ਹਾਂ ਨੂੰ ਸੰਭਵ ਕਰਵਾਉਣ ਲਈ ਵਰਤਿਆ। ਇਸ ਵਜ੍ਹਾ ਕਰਕੇ ਮੀਡੀਏ ਨੇ ਵੀ ‘ਊਣਤਾਈਆਂ’ ਨੂੰ ਉਜਾਗਰ ਕਰਨ ਵਾਲੀ ਲਾਈਨ ਛੱਡ ਦਿੱਤੀ।
ਕਾਮਨਵੈਲਥ ਖੇਡਾਂ ਦਾ ਉਦਘਾਟਨੀ ਸਮਾਰੋਹ, ਹਾਜ਼ਰੀ ਅਤੇ ਸ਼ੋਰ-ਸ਼ਰਾਬੇ ਪੱਖੋਂ ਤਾਂ ‘ਸਫਲ’ ਕਿਹਾ ਜਾ ਸਕਦਾ ਹੈ ਪਰ ਇਹ ਭਾਰਤ ਲਈ ਕੂਟਨੀਤਕ ਪੱਖੋਂ, ‘ਸ਼ਰਮਿੰਦਗੀ ਵਾਲਾ’ ਬਣ ਗਿਆ। ਉਦਘਾਟਨੀ ਸਮਾਰੋਹ ਦੌਰਾਨ, ਭਾਰਤੀ ਉਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ, ਸੁਰੇਸ਼ ਕਲਮਾਡੀ (ਜਿਹੜਾ ਕਿ ਸੋਨੀਆ ਗਾਂਧੀ ਦਾ ਅਤਿ-ਕਰੀਬੀ ਹੈ ਅਤੇ ਭ੍ਰਿਸ਼ਟਾਚਾਰ ਨਾਲ ਸਿਰ ਤੋਂ ਪੈਰਾਂ ਤੱਕ ਲਿਬੜਿਆ ਹੋਇਆ ਹੈ) ਲੋਕਾਂ ਵਲੋਂ ਕੀਤੀ ਗਈ ਹੂਟਿੰਗ ਦਾ ਸ਼ਿਕਾਰ ਹੋਇਆ। ਕਾਹਲੀ-ਕਾਹਲੀ ਵਿੱਚ ਖ਼ਤਮ ਕੀਤੀ ਆਪਣੀ ਸਪੀਚ ਵਿੱਚ ਉਹ ਸਾਬਕਾ ਭਾਰਤੀ ਰਾਸ਼ਟਰਪਤੀ ਅਬਦੁਲ ਕਲਾਮ’ ਨੂੰ ‘ਅਬੁੱਲ ਕਲਾਮ ਅਜ਼ਾਦ’ ਦੇ ਨਾਂ ਨਾਲ ਸੰਬੋਧਿਤ ਕਰ ਰਿਹਾ ਸੀ। ਖੇਡ ਸਟੇਡੀਅਮ ਦੇ ‘ਸ਼ਾਹੀ-ਬਾਕਸ’ ਵਿੱਚ ਤਾਂ ਸਥਿਤੀ ‘ਕੂਟਨੀਤਕ ਭੂਚਾਲ’ ਵਾਲੀ ਬਣ ਗਈ। ਖੇਡ ਸਮਾਰੋਹ ਦਾ ਉਦਘਾਟਨ ਇੰਗਲੈਂਡ ਦੇ ਪ੍ਰਿੰਸ ਆਫ ਵੇਲਜ਼ - ਪ੍ਰਿੰਸ ਚਾਰਲਸ ਅਤੇ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਾਂਝੇ ਤੌਰ ’ਤੇ ਕਰਨਾ ਸੀ। ਉਦਘਾਟਨ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਸੀਟਾਂ ’ਤੇ ਜਾ ਬਹਿਣਾ ਸੀ। ਸੀਟਾਂ ’ਤੇ ਬਹਿਣ ਦੀ ਤਰਤੀਬ ਅਨੁਸਾਰ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਵਿਚਕਾਰ ਬੈਠਣਾ ਸੀ, ਪ੍ਰਿੰਸ ਚਾਰਲਸ ਨੇ ਉਸ ਦੇ ਸੱਜੇ ਪਾਸੇ ਬੈਠਣਾ ਸੀ ਅਤੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ, ਉਸ ਦੇ ਖੱਬੇ ਪਾਸੇ ਬੈਠਣਾ ਸੀ। ਪਰ ਜਿਉਂ ਹੀ ਰਾਸ਼ਟਰਪਤੀ ਉਥੇ ਪਹੁੰਚੀ, ਰਾਸ਼ਟਰਪਤੀ ਦੇ ਸੈਕਟਰੀ ਕ੍ਰਿਸਟੀ ਫਰਨਾਂਡੇਜ਼ ਨੇ, ਪ੍ਰਧਾਨ ਮੰਤਰੀ ਨੂੰ ਮੋਢੇ ਤੋਂ ਫੜ ਕੇ ਹਲੂਣਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਲਈ ਸੀਟ ਖਾਲੀ ਕਰ ਦੇਣ ਅਤੇ ਉਸ ਤੋਂ ਅਗਲੀ ਸੀਟ ’ਤੇ ਬੈਠ ਜਾਣ। ਪ੍ਰਧਾਨ ਮੰਤਰੀ ਨੇ ਇੱਕ ‘ਆਗਿਆਕਾਰ ਪੁੱਤਰ’ ਵਾਂਗ ਸੈਕਟਰੀ ਦੇ ਹੁਕਮ ਦੀ ਪਾਲਣਾ ਕੀਤੀ। ਇਸ ‘ਤਬਦੀਲੀ’ ਨੇ ਸਭ ਕੁਝ ਹੀ ਉਥਲ ਪੁਛਲ ਕਰ ਦਿੱਤਾ। ਅਖੀਰ ਵਿੱਚ ਇਹ ਹੋਇਆ ਕਿ ਦੇਵੀ ਸ਼ੇਖਾਵਤ ‘ਵਿਚਕਾਰ’ ਬੈਠਾ ਸੀ, ਉਸ ਦੇ ਸੱਜੇ ਪਾਸੇ ਪ੍ਰਿੰਸ ਚਾਰਲਸ ਸੀ ਤੇ ਖੱਬੇ ਪਾਸੇ ਉਸ ਦੀ ਪਤਨੀ ‘ਰਾਸ਼ਟਰਪਤੀ’ ਸੀ। ਪ੍ਰਿੰਸ ਚਾਰਲਸ ਤੇ ਰਾਸ਼ਟਰਪਤੀ ਆਪਸ ਵਿੱਚ ਗੱਲਬਾਤ ਵੀ ਨਹੀਂ ਸਨ ਕਰ ਸਕਦੇ। ਤਰਤੀਬ ਮੁਤਾਬਿਕ ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਨਾਲ ਸੋਨੀਆ ਗਾਂਧੀ ਨੇ ਬਹਿਣਾ ਸੀ ਪਰ ਇਹ ਪ੍ਰਬੰਧ ਵੀ ਉਖੜ ਗਿਆ। ਇਸ ਤੋਂ ਵੀ ਬਦਤਰ ਹਾਲਤ ਉਦੋਂ ਬਣੀ ਜਦੋਂ ਰਾਸ਼ਟਰਪਤੀ ਭਵਨ ਦੇ ਬਹਿਰਿਆਂ (ਬਟਲਰਜ਼) ਨੇ, ‘ਸ਼ਾਹੀ ਬਾਕਸ’ ਵਿੱਚ ਆ ਕੇ, ਸਿਰਫ ਰਾਸ਼ਟਰਪਤੀ ਤੇ ਉਸ ਦੇ ਪਤੀ ਨੂੰ ਹੀ ਖਾਣ-ਪੀਣ ਦਾ ਸਮਾਨ ਦਿੱਤਾ, ਬਾਕੀਆਂ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ। ਸੀਨੀਅਰ ਅਧਿਕਾਰੀਆਂ ਵਲੋਂ ਕਾਫੀ ਦਬਾਅ ਪਾਉਣ ਤੋਂ ਬਾਅਦ, ਉਨ੍ਹਾਂ ਨੇ ਪ੍ਰਿੰਸ ਤੇ ਉਸ ਦੀ ਪਤਨੀ ਵੱਲ ਵੀ ਮੂੰਹ ਕੀਤਾ। ਪ੍ਰਿੰਸ ਚਾਰਲਸ ਨੇ ਤਾਂ ਕੁਝ ਵੀ ਲੈਣ ਤੋਂ ਨਾਂਹ ਕਰ ਦਿੱਤੀ ਜਦੋਂਕਿ ਕੈਮਿਲਾ ਨੇ ਇੱਕ ਗਿਲਾਸ ਪਾਣੀ ਦੀ ਮੰਗ ਕੀਤੀ। ‘ਪ੍ਰਿੰਸ ਜੋੜੀ’ ਨੇ ਇਸ ਤਰ੍ਹਾਂ ਭਾਰਤੀ ਮਹਿਮਾਨਨਿਵਾਜ਼ੀ ਦਾ ਅਨੰਦ ਮਾਣਿਆ।

ਭਾਰਤੀ ਉਲੰਪਿਕ ਐਸੋਸੀਏਸ਼ਨ ਰਾਹੀਂ, ਭਾਰਤੀ ਹਾਕਮਾਂ ਨੇ ‘ਕਾਮਨਵੈਲਥ ਖੇਡਾਂ’ ਖਰੀਦੀਆਂ, 7-8 ਬਿਲੀਅਨ ਡਾਲਰ (ਲੋਕਾਂ ਦਾ ਪੈਸਾ,ਟੈਕਸਪੇਅਰ ਮਨੀ) ਸੁਰੇਸ਼ ਕਲਮਾਡੀ ਦੀ ਭ੍ਰਿਸ਼ਟ ਟੀਮ ਦੇ ਹਵਾਲੇ ਕੀਤਾ। ਭਾਰਤੀ ਹਾਕਮ ਸਮਝਦੇ ਸਨ ਕਿ ਇਨ੍ਹਾਂ ਖੇਡਾਂ ਦਾ ‘ਸਫਲ ਆਯੋਜਨ’, ਭਾਰਤ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਏਗਾ ਅਤੇ ਭਵਿੱਖ ਵਿੱਚ ਉਲੰਪਿਕ ਖੇਡਾਂ ਕਰਵਾਉਣ ਲਈ, ਉਸ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਤਰ੍ਹਾਂ ਭਾਰਤੀ ਹਾਕਮ ਆਪਣੇ ‘ਸੁਪਰ ਪਾਵਰ’ ਹੋਣ ਦੇ ‘ਝੂਠ’ ਤੇ ਆਪ ਹੀ ਯਕੀਨ ਕਰਨ ਲੱਗ ਪਏ ਸਨ। ਪਰ 7-8 ਬਿਲੀਅਨ ਡਾਲਰ ਵਾਲਾ ‘ਟੂਣਾ’ ਤਾਂ ਪੁੱਠਾ ਪੈ ਗਿਆ ਅਤੇ ਭਾਰਤੀ ਸਟੇਟ ਨੇ, ਇਨ੍ਹਾਂ ਖੇਡਾਂ ਦੀ ਬਦੌਲਤ ਰੱਜ ਕੇ ਬਦਨਾਮੀ ਖੱਟੀ। ਹੁਣ ਇਸ ਬਦਨਾਮੀ ਨੂੰ ਧੋਣ ਲਈ ਕਿਸੇ ਹੋਰ ‘ਮੰਤਰ’ ਦੀ ਤਲਾਸ਼ ਹੈ।

ਹੁਣ, ਕਾਮਨਵੈਲਥ ਖੇਡਾਂ ਵਿੱਚ ‘ਪਹਿਲਾਂ ਨਾਲੋਂ ਵੱਧ ਮੈਡਲ’ ਜਿੱਤਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਯਾਦ ਰਹੇ, ਕਾਮਨਵੈਲਥ ਖੇਡਾਂ, ਬ੍ਰਿਟੇਨ ਦਾ ਤਾਂ ਮਾਣ ਹਨ ਕਿਉਂਕਿ ਇਹ ਉਨ੍ਹਾਂ ਦੇ ‘ਬੀਤੇ ਦੇ ਬਾਦਸ਼ਾਹ’ ਹੋਣ ਦੀ ਯਾਦ ਹੈ ਪਰ ਇਨ੍ਹਾਂ ਖੇਡਾਂ ਵਿੱਚ ਪ੍ਰਾਪਤੀਆਂ ਦਾ ਉਲੰਪਿਕ ਨਾਲ ਕੋਈ ਮੁਕਾਬਲਾ ਨਹੀਂ ਹੈ। ਉਦਾਹਰਣ ਦੇ ਤੌਰ ’ਤੇ 2006 ਵਿੱਚ, ਮੈਲਬੌਰਨ (ਅਸਟ੍ਰੇਲੀਆ) ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਕੁੱਲ 50 ਮੈਡਲ ਹਾਸਲ ਕੀਤੇ ਸਨ ਅਤੇ ਉਹ ਚੌਥੇ ਨੰਬਰ ’ਤੇ ਰਿਹਾ ਸੀ। ਇਨ੍ਹਾਂ 50 ਮੈਡਲਾਂ ਵਿੱਚ 22 ਸੋਨੇ ਦੇ, 17 ਚਾਂਦੀ ਦੇ ਅਤੇ 11 ਕਾਂਸੀ ਦੇ ਸਨ। ਇਨ੍ਹਾਂ ਖੇਡਾਂ ਤੋਂ ਬਾਅਦ 2008 ਦੀਆਂ ਉਲੰਪਿਕਸ, ਬੀਜਿੰਗ (ਚੀਨ) ਵਿੱਚ ਹੋਈਆਂ। ਇਨ੍ਹਾਂ ਉਲੰਪਿਕਸ ਵਿੱਚ ਭਾਰਤ ਨੂੰ ਕੁੱਲ 3 ਮੈਡਲ ਮਿਲੇ, ਜਿਨ੍ਹਾਂ ਵਿੱਚ ਸਿਰਫ ਇੱਕ ਗੋਲਡ ਮੈਡਲ ਸੀ। ਜਿਸ ਚੀਨ ਨਾਲ ਭਾਰਤ ਆਪਣਾ ‘ਮੁਕਾਬਲਾ’ ਕਰ ਰਿਹਾ ਸੀ, ਉਸ ਨੇ ਬੀਜਿੰਗ ਉਲੰਪਿਕਸ ਵਿੱਚ ਅਮਰੀਕਾ ਨੂੰ ਪਛਾੜ ਕੇ, ਦੁਨੀਆ ਵਿੱਚ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਸਨ।
ਬੀਜਿੰਗ ਉਲੰਪਿਕਸ ਵਿੱਚ, ਭਾਰਤ ਲਈ ਇੱਕੋ-ਇੱਕ ਸੋਨ ਤਗਮਾ ਜਿੱਤਣ ਵਾਲੇ ਅਭਿਨਵ ਬਿੰਦਰਾ (ਜਿਸ ਨੇ ਹੁਣ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਸ਼ੂਟਿੰਗ ਵਿੱਚ ਪਹਿਲਾ ਸੋਨ ਤਗਮਾ ਜਿੱਤਿਆ ਹੈ) ਨੇ ‘ਆਊਟਲੁੱਕ’ ਮੈਗਜ਼ੀਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ, ਬਿਲਕੁਲ ਠੀਕ ਕਿਹਾ ਹੈ - ‘‘ਉਲੰਪਿਕ ਖੇਡਾਂ ਸੁਪਰੀਮ ਹਨ, ਉਲੰਪਿਕ ਖੇਡਾਂ ਦਾ ਮੁਕਾਬਲਾ ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਨਾਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ।’’

ਕਾਮਨਵੈਲਥ ਖੇਡਾਂ ਦੇ ਬਾਲੀਵੁੱਡ ਸਟਾਈਲ, ਚਕਾਚੌਂਧ ਭਰੇ, ਉਦਘਾਟਨੀ ਸਮਾਰੋਹ ਤੋਂ ਬਾਅਦ, ਐਸੋਸੀਏਟਿਡ ਪ੍ਰੈੱਸ ਵਲੋਂ ਦਿੱਤੀ ਗਈ ਤਾਜ਼ਾ ਖਬਰ, ਭਾਰਤ ਦੇ ਲਈ ਹੋਰ ਵੀ ਸ਼ਰਮਿੰਦਗੀ ਵਾਲੀ ਹੈ। ਇਸ ਖਬਰ ਅਨੁਸਾਰ, ਅਸਟ੍ਰੇਲੀਆ ਦੇ ਕੁਝ ਖਿਡਾਰੀ ‘ਬਿਮਾਰ’ ਹੋ ਗਏ ਹਨ, ਜਿਸ ਦੀ ਪੁਸ਼ਟੀ ਕਾਮਨਵੈਲਥ ਖੇਡਾਂ ਦੇ ਮੁਖੀ ਮਾਈਕਲ ਫੈਨਲ ਨੇ ਵੀ ਕੀਤੀ ਹੈ। ਭਾਰ ਚੁੱਕਣ ਵਾਲੇ ਸਕੇਲਾਂ ਦੀ ‘ਰੀਕਾਰਡਿੰਗ’ ਗਲਤ ਹੋਣ ਕਰਕੇ, ਵਿਦੇਸ਼ੀ ਖਿਡਾਰੀਆਂ ਨੇ ਪ੍ਰੋਟੈਸਟ ਕੀਤਾ ਹੈ, ਜਿਸ ’ਤੇ ਕਲਮਾਡੀ ਨੇ ਕਿਹਾ ਹੈ - ‘ਹੁਣ ਸਕੇਲ ਠੀਕ ਕਰ ਦਿੱਤੇ ਗਏ ਹਨ।’ ਇਸੇ ਕਲਮਾਡੀ ਨੇ ਆਪਣੀ ਪ੍ਰੈੱਸ ਮਿਲਣੀ ਵਿੱਚ ਖੇਡਾਂ ਦੇ ਉਦਘਾਟਨੀ ਸਮਾਰੋਹ ’ਤੇ ਆਉਣ ਲਈ ‘ਪ੍ਰਿੰਸੈਸ ਡਾਇਨਾ’ ਦਾ ਧੰਨਵਾਦ ਕੀਤਾ। ਜਦੋਂ ਉਸ ਨੂੰ ਦੱਸਿਆ ਗਿਆ ਕਿ ਡਾਇਨਾ ਨੂੰ ਮਰਿਆਂ ਤਾਂ ਕਈ ਸਾਲ ਹੋ ਗਏ ਹਨ ਅਤੇ ਹੁਣ ਪ੍ਰਿੰਸ ਚਾਰਲਸ ਦੀ ਪਤਨੀ ਦਾ ਨਾਂ ‘ਕੈਮਿਲਾ’ ਹੈ ਤਾਂ ਉਸ ਨੇ ਗਲਤੀ ਦੀ ਦਰੁਸਤੀ ਕੀਤੀ।

‘ਐਸੋਸੀਏਟਿਡ ਪ੍ਰੈੱਸ’ ਦੀ ਰਿਪੋਰਟ ਅਨੁਸਾਰ, ਭਾਰਤੀ ਲੋਕਾਂ ਦੀ ਕਾਮਨਵੈਲਥ ਖੇਡਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਰਿਪੋਰਟ ਅਨੁਸਾਰ
-‘ਕਾਮਨਵੈਲਥ ਖੇਡਾਂ ਦੇ ਮੁਢਲੇ ਦਿਨ ਉਵੇਂ ਹੀ ਕਸ਼ਟਦਾਇਕ ਹਨ ਜਿਵੇਂ ਕਿ ਖੇਡਾਂ ਤੋਂ ਪਹਿਲਾਂ ਸਾਹਮਣੇ ਆਇਆ ਭ੍ਰਿਸ਼ਟਾਚਾਰ ਅਤੇ ਗੰਦਗੀ ਦਾ ਸਕੈਂਡਲ। ਖੇਡਾਂ ਦੇ ਦੂਸਰੇ ਦਿਨ, 19 ਹਜ਼ਾਰ ਸੀਟਾਂ ਵਾਲੇ ਸਟੇਡੀਅਮ ਵਿੱਚ, ਸਿਰਫ 100 ਲੋਕ ਬੈਠੇ ਸਨ। ਟੂਰਨਾਮੈਂਟ ਦੇ ਪਹਿਲੇ ਟੈਨਿਸ ਮੈਚ ਵਿੱਚ, 5000 ਦੀ ਪਹੁੰਚ ਵਾਲੇ ਟੈਨਿਸ ਸਟੇਡੀਅਮ ਵਿੱਚ 20 ਤੋਂ ਵੀ ਘੱਟ ਬੰਦੇ ਸਨ। ਸਾਈਕਲਿੰਗ ਦੇ 4000 ਦੀ ਪਹੁੰਚ ਵਾਲੇ ਵੈਲੋਡਰੋਮ ਵਿੱਚ ਸਿਰਫ 500 ਵਿਅਕਤੀ ਸਨ। ਨੈਟਬਾਲ ਦੇ ਓਪਨਿੰਗ ਮੈਚ ਨੂੰ ਸਿਰਫ 58 ਵਿਅਕਤੀਆਂ ਨੇ ਦੇਖਿਆ। ਮੰਗਲਵਾਰ ਦੀ ਦੁਪਹਿਰ (ਜਦੋਂ ਕਿ ਕੱਲ ਇਥੇ ਟਰੈਕ ਤੇ ਫੀਲਡ ਈਵੈਂਟਸ ਸ਼ੁਰੂ ਹੋਣੀਆਂ ਹਨ) ਵੇਲੇ ਅਧਿਕਾਰੀ ਅਜੇ ਖੇਡ ਮੈਦਾਨ ਨੂੰ ਤਿਆਰ ਕਰ ਰਹੇ ਹਨ, ਗਰਾਊਂਡ ਵਿੱਚ ਘਾਹ ਵਿਛਾ ਰਹੇ ਹਨ ਅਤੇ ਗੰਦਮੰਦ ਚੁੱਕ ਰਹੇ ਹਨ। ਖੇਡ ਪ੍ਰਬੰਧਕ ਸੋਚ ਰਹੇ ਹਨ ਕਿ ਸਟੇਡੀਅਮਜ਼ ਨੂੰ ਭਰਨ ਲਈ ਸਕੂਲੀ ਬੱਚਿਆਂ ਅਤੇ ਗਰੀਬ ਗੁਰਬਿਆਂ ਨੂੰ ‘ਮੁਫਤ ਟਿਕਟਾਂ’ ਦਿੱਤੀਆਂ ਜਾਣ। ਸੁਰੇਸ਼ ਕਲਮਾਡੀ ਦਾ ਕਹਿਣਾ ਹੈ - ‘ਲੋਕਾਂ ਨੂੰ ਟਿਕਟ ਲੈਣ ਲਈ ਇੱਕ ਲੰਬੀ ਲਾਈਨ ਵਿੱਚ ਖੜ੍ਹਾ ਹੋਣਾ ਪੈਂਦਾ ਹੈ, ਇਸ ਲਈ ਲੋਕ ਘੱਟ ਆਏ ਹਨ। ਹੁਣ ਅਸੀਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ, ਹਰ ਖੇਡ ਸਟੇਡੀਅਮ ਦੇ ਬਾਹਰ ਟਿਕਟਾਂ ਵੇਚੀਆਂ ਜਾਣਗੀਆਂ। ਹੁਣ ਸਭ ਠੀਕ ਠਾਕ ਹੋ ਗਿਆ ਹੈ।’’

ਐਸੋਸੀਏਟਿਡ ਪ੍ਰੈੱਸ ਦੀ ਉਪਰੋਕਤ ਰਿਪੋਰਟ ਮਹਾਨ, ਸੁਪਰ-ਪਾਵਰ ਭਾਰਤ ਦੀ ‘ਮਹਾਨਤਾ’ ਦੀਆਂ ਬਾਤਾਂ ਕੁਲ ਦੁਨੀਆ ਤੱਕ ਪਹੁੰਚਾ ਰਹੀ ਹੈ। ਹੋਰ ਦੱਸੋ ‘ਮਹਾਨ’ ਕਿਸ ਨੂੰ ਕਹਿੰਦੇ ਹਨ?
-ਡਾ. ਅਮਰਜੀਤ ਸਿੰਘ
ਚੜ੍ਹਦੀਕਲਾ ਕੈਨੇਡਾ ਵਿੱਚੋਂ ਧੰਨਵਾਦ ਸਾਹਿਤ

Post a Comment

0 Comments
Post a Comment (0)
To Top