Pages

ਵਿਵੇਕਾਨੰਦ ਤੋਂ ਲੈ ਕੇ ਕਰਮ ਚੰਦ ਗਾਂਧੀ ਤੱਕ ਹੁੰਦਿਆਂ ਪ੍ਰਤਿਭਾ ਪਾਟਿਲ ਤੱਕ ਸਿੱਖਾਂ ਦੀ ਬੇਇਜ਼ਤੀ ਦਾ ਸਿਲਸਿਲਾ ਜਾਰੀ

ਜਸਪਾਲ ਸਿੰਘ ਹੇਰਾਂ*

ਦੇਸ਼ ਦੀ ‘ਰਾਸ਼ਟਰਪਤੀ’ ਪ੍ਰਤਿਭਾ ਪਾਟਿਲ ਨੂੰ ਬਾਦਲ ਪਰਿਵਾਰ ਨੇ ਨੰਨੀ ਛਾਂ ਲਹਿਰ ਦੀ ਪਹਿਲੀ ਵਰ੍ਹੇਗੰਢ ਮੌਕੇ ਸਿੱਖ ਪੰਥ ਦੇ ਮਹਾਨ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸਮਾਗਮ ’ਚ ਬੁਲਾਇਆ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਸ ਸਮਾਗਮ ’ਚ ਪਹੁੰਚ ਕੇ ਜਿਸ ਤਰ੍ਹਾਂ ਸਿੱਖਾਂ ਦੀ ਬੇਇੱਜ਼ਤੀ ਕੀਤੀ, ਉਹ ਸਿੱਖ ਪੰਥ ਨਾਲ ਪਹਿਲੀ ਵਾਰ ਨਹੀਂ ਹੋਇਆ ਅਤੇ ਅਫ਼ਸੋਸ ਹੈ ਕਿ ਸੌੜੇ ਸੁਆਰਥ ਲਈ ਬੌਣੇ ਹੋਏ ਸਿੱਖ ਆਗੂ ਕੌਮ ਦੀ ਹੋ ਰਹੀ, ਇਸ ਜ਼ਲਾਲਤ ਨੂੰ ਲਗਾਤਾਰ ਖੁਸ਼ੀ ਨਾਲ ਝੱਲੀ ਜਾ ਰਹੇ ਹਨ। ਰਾਸ਼ਟਰਪਤੀ ਨੇ ਆਪਣੇ ਲਿਖਤੀ ਸੰਬੋਧਨ ’ਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 4 ਵਾਰ ਗੋਬਿੰਦ ਦਾਸ ਵੱਜੋਂ ਸੰਬੋਧਨ ਕੀਤਾ ਅਤੇ ਖਿਦਰਾਣੇ ਦੀ ਢਾਬਾ ਤੇ ਟੁੱਟੀ ਗੰਢਾਉਣ ਵਾਲੇ ਕੌਮ ਦੇ ਮਹਾਨ ਸ਼ਹੀਦ ਭਾਈ ਮਹਾਂ ਸਿੰਘ ਨੂੰ ਮੋਹਨ ਦਾਸ ਆਖ ਕੇ ਸੰਬੋਧਨ ਕੀਤਾ। ਸਿੱਖਾਂ ਦੇ ਇਤਿਹਾਸਕ ਸਮਾਗਮਾਂ ’ਚ ਆ ਕੇ ਸਿੱਖਾਂ ਦੀ ਬੇਇੱਜ਼ਤੀ ਕਰਨ ਦਾ ਸਿਲਸਿਲਾ ਵਿਵੇਕਾਨੰਦ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਹੁੰਦਿਆਂ ਰਾਸ਼ਟਰਪਤੀ ਪਾਟਿਲ ਤੱਕ ਜਾਰੀ ਹੈ। ਮਹਾਤਮਾ ਗਾਂਧੀ ਵਰਗਿਆਂ ਨੇ ਤਾਂ ਗੁਰੂ ਸਾਹਿਬਾਨ ਵਿਰੁੱਧ ਜ਼ਹਿਰੀਲੀ ਟਿੱਪਣੀਆਂ ਤੱਕ ਕਰ ਮਾਰੀਆਂ ਸਨ। ਹਾਲੇ ਪਿਛਲੀ ਮਈ ਨੂੰ ਜਦੋਂ ਸਿੱਖ ਪੰਥ ਵੱਲੋਂ ਕੌਮ ਦੇ ਪਹਿਲੇ ਬਾਦਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਿਹ ਦਿਵਸ ਦੀ ਤੀਜੀ ਸ਼ਤਾਬਦੀ ਦੇ ਸਮਾਗਮ ਕਰਵਾਏ ਜਾ ਰਹੇ ਸਨ ਤਾਂ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਨਾਮ ਨਾਲ ਪੁਕਾਰਿਆ ਸੀ, ਪਰ ਉਦੋਂ ਵੀ ਤੇ ਅੱਜ ਵੀ ਸਟੇਜ ਤੇ ਬੈਠੇ ਕਿਸੇ ਸਿੱਖ ਆਗੂ ਨੇ ਗਲਤ ਸੰਬੋਧਨ ਕਰਨ ਵਾਲਿਆਂ ਨੂੰ ਟੋਕਣ ਜਾਂ ਬਾਅਦ ’ਚ ਗਲਤੀ ਦੀ ਦਰੁੱਸਤੀ ਕਰਨ ਦੀ ਲੋੜ ਨਹੀਂ ਸਮਝੀ ਸੀ। ਅਸਲ ’ਚ ਕੱਟੜ ਹਿੰਦੂ ਸ਼ਕਤੀਆਂ ਵੱਲੋਂ ਸਿੱਖਾਂ ਨੂੰ ਚਿੜਾਉਣ ਦਾ ਕੋਈ ਮੌਕਾ ਖਾਲੀ ਨਹੀਂ ਜਾਣ ਦਿੱਤਾ ਜਾਂਦਾ ਅਤੇ ਜਦੋਂ ਤੋਂ ਸਿੱਖ ਆਗੂਆਂ ਨੇ ਅਣਖ, ਗੈਰਤ ਤੇ ਸਿੱਖੀ ਸਵੈਮਾਨ ਨੂੰ ਤਿਲਾਂਜਲੀ ਦੇ ਕੇ ਸਿੱਖ ਵਿਰੋਧੀ ਸ਼ਕਤੀਆਂ ਦੇ ਪੈਰਾਂ ’ਚ ਬੈਠਣਾ ਸ਼ੁਰੂ ਕਰ ਦਿੱਤਾ ਹੈ, ਉਦੋਂ ਤੋਂ ਇਹ ਸਿਲਸਿਲਾ ਤੇਜ਼ ਹੋ ਗਿਆ ਹੈ।ਜਦੋਂ ਕੋਈ ਨਾਮੀ-ਗਰਾਮੀ ਗੈਰ ਸਿੱਖ ਸ਼ਖਸ਼ੀਅਤ ਸ਼੍ਰੀ ਦਰਬਾਰ ਸਾਹਿਬ ਜਾਂ ਸਿੱਖਾਂ ਦੇ ਇਤਿਹਾਸਕ ਸਮਾਗਮ ’ਚ ਆਉਂਦੀ ਤਾਂ ਉਸਨੂੰ ਸਿੱਖ ਧਰਮ ਦੇ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਦੀ ਮੋਟੀ-ਮੋਟੀ ਜਾਣਕਾਰੀ ਦੇਣ ਲਈ ਸਿੱਖ ਬੁੱਧੀਜੀਵੀਆਂ ਦੀ ਇੱਕ ਟੀਮ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਨੂੰ ਜਿਸ ਵਿਅਕਤੀ ਨੇ ਨੰਨੀ ਛਾਂ ਸਮਾਗਮਾਂ ਦਾ ਭਾਸ਼ਣ ਲਿਖ ਕੇ ਦਿੱਤਾ, ਕੀ ਉਹ ਸਿੱਖ ਸਿਧਾਤਾਂ ਤੋਂ ਜਾਣੂ ਨਹੀਂ ਹੋਵੇਗਾ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਰਾਸ਼ਟਰਪਤੀ ਭੋਰਾ-ਭਰ ਜਾਣਕਾਰੀ ਨਹੀਂ ਰੱਖਦੀ ਕਿ ਉਹਨਾਂ ਨੂੰ ਵਾਰ-ਵਾਰ ਗੋਬਿੰਦ ਦਾਸ ਬੋਲਣ ਤੇ ਵੀ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਹੋਇਆ? ਭਾਵੇਂ ਕਿ ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਆਗੂਆਂ ਦੀ ਜ਼ਮੀਰ ’ਤੇ ਸਤਾ ਅਤੇ ਸੁਆਰਥੀ ਪੁਣਾ ਭਾਰੂ ਹੋ ਚੁੱਕਾ ਹੈ, ਉਹਨਾਂ ਲਈ ਕੌਮ ਦਾ ਸਵੈਮਾਨ ਕੋਈ ਅਰਥ ਨਹੀਂ ਰੱਖਦਾ, ਪਰ ਫਿਰ ਵੀ ਅਸੀਂ ਅਪੀਲ ਕਰਾਂਗੇ ਕਿ ਸਿੱਖਾਂ ਦੇ ਸਮਾਗਮਾਂ ’ਚ ਗੈਰ ਸਿੱਖਾਂ ਵੱਲੋਂ ਜਾਣਬੁੱਝ ਕੇ ਜਾਂ ਅਣਜਾਣਪੁਣੇ ’ਚ ਕੀਤੀਆਂ ਗਈਆਂ ਬੱਜਰ ਗਲਤੀਆਂ ਨੂੰ ਰੋਕਣ ਲਈ ਅਗਾਊ ਸਾਵਧਾਨੀਆਂ ਵਰਤਣੀਆਂ ਬੇਹੱਦ ਜ਼ਰੂਰੀ ਹਨ। ਜੇ ਸਿੱਖਾਂ ਦੀ ਸਟੇਜ ਤੇ ਸਿੱਖਾਂ ਦੀ ਵੱਡੀ ਹਾਜ਼ਰੀ ’ਚ ਗਲਤ ਬਿਆਨ ਨੂੰ ਸੁਣ ਕੇ ਬਰਦਾਸ਼ਤ ਕਰ ਲਿਆ ਜਾਂਦਾ ਹੈ ਤਾਂ ਉਹ ਇਤਿਹਾਸਕ ਦਸਤਾਵੇਜ਼ ਬਣ ਜਾਂਦਾ ਹੈ, ਜਿਸ ਵਿੱਚ ਅਸੀਂ ਬਰਾਬਰ ਦੇ ਦੋਸ਼ੀ ਬਣ ਜਾਵਾਂਗੇ।

*ਲੇਖਕ ਰੋਜ਼ਾਨਾ ‘ਪਹਿਰੇਦਾਰ’ ਦੇ ਮੁੱਖ ਸੰਪਾਦਕ ਹਨ