Pages

Showing posts with label ਗੁੰਡੀ ਸਿਆਸਤ. Show all posts
Showing posts with label ਗੁੰਡੀ ਸਿਆਸਤ. Show all posts

ਗੁੰਡਾਗਰਦੀ ਦੀ ਹੱਦ ਹੋਈ

ਜਸਪਾਲ ਸਿੰਘ ਹੇਰਾਂ
ਜਸਪਾਲ ਸਿੰਘ ਹੇਰਾਂ (ਲੇਖਕ)
ਪੰਜਾਬ ‘ਚ ਆਏ ਦਿਨ ਹੋ ਰਹੀਆਂ ਗੁੰਡਾ ਗਰਦੀਆਂ ਦੀ ਘਟਨਾਵਾਂ ਅਤੇ ਖ਼ਾਸ ਕਰਕੇ ਅਕਾਲੀ ਸੱਤਾਧਾਰੀ ਧਿਰ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸੂਬੇ ‘ਚ ਧੀਆਂ-ਭੈਣਾਂ ਦੀ ਇੱਜ਼ਤ ਨੂੰ ਵੱਧ ਰਿਹਾ ਖ਼ਤਰਾ, ਗੁੰਡਿਆਂ ਦੇ ਵੱਧਦੇ ਹੌਂਸਲੇ ਤੇ ਦੂਜੇ ਪਾਸੇ ਪੁਲਿਸ ਦੀ ਬੇਵੱਸੀ, ਇਸ ਸਮੇਂ ਪੰਜਾਬ ਦੇ ਮੱਥੇ ਤੇ ਕਾਲੇ ਧੱਬੇ ਹਨ ਅਤੇ ਇਨ੍ਹਾਂ ਧੱਬਿਆਂ ਤੋਂ ਜਿਸ ਤਰ੍ਹਾਂ ਹਾਕਮ ਧਿਰ ਘੋਗਲ ਕੰਨੀ ਹੋਈ ਬੈਠੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਜਿਹੜਾ ਸੂਬੇ ਦਾ ਅਸਲ ਕਰਤਾ-ਧਰਤਾ ਹੈ, ਮਜ਼ਾਕੀਏ ਲਹਿਜ਼ੇ ‘ਚ ਇਸ ਗੰਭੀਰ ਸਥਿਤੀ ‘ਤੇ ਟਿੱਪਣੀ ਕਰਦਾ ਹੈ, ਉਸ ਤੋਂ ਸਾਫ਼ ਹੈ ਕਿ ਪੰਜਾਬ ‘ਚ ਗੁੰਡਿਆਂ ਦੇ ਵੱਧਦੇ ਹੌਂਸਲਿਆਂ ਪਿੱਛੇ ਸੱਤ੍ਹਾਧਾਰੀ ਧਿਰ ਦਾ ਥਾਪੜਾ ਹੈ। ਛੇਹਰਟਾ ਕਾਂਡ ਤੋਂ ਬਾਅਦ ਥਾਣਾ ਅਜਨਾਲਾ ਦੇ ਪਿੰਡ ਵੰਝਾਂ ਵਾਲੇ ਦੇ ਅਕਾਲੀ ਸਰਪੰਚ ਨੇ ਇੱਕ ਮੁੰਡੇ ਨੂੰ ਉਸਦੇ ਘਰੋਂ ਅਗਵਾ ਕਰਕੇ ਕੁੱਟ-ਕੁੱਟ ਕੇ ਮਾਰ ਦਿੱਤਾ, ਚੰਡੀਗੜ੍ਹ ‘ਚ ਬੀਤੀ ਰਾਤ ਗਾਇਕ ਕਲਾਕਾਰ ਬਾਬੂ ਚੰਡੀਗੜ੍ਹੀਏ ਨੂੰ ਪਹਿਲਾਂ ਬੰਧੂਆਂ ਮਜ਼ਦੂਰਾਂ ਵਾਂਗੂ ਗਾਣੇ ਗਾਉਣ ਲਈ ਮਜ਼ਬੂਰ ਕੀਤਾ ਗਿਆ ਅਤੇ ਬਾਅਦ ਵਿੱਚ ਆਪਣੀ ਸਿਆਸੀ ਹੈਂਕੜ ਅਤੇ ਸੱਤਾ ਦੇ ਨਸ਼ੇ ‘ਚ ਚੂਰ ਅਕਾਲੀ ਆਗੂਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇੱਥੇ ਹੀ ਬੱਸ ਨਹੀਂ ਜਲੰਧਰ ‘ਚ ਇੱਕ ਪੱਤਰਕਾਰ ਤੇ ਇਸ ਕਾਰਨ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ ਕਿ ਉਸਨੇ ਗੁੰਡਾ ਅਨਸਰ ਨੂੰ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਵਰਜਿਆ ਸੀ, ਰਾਏਕੋਟ ‘ਚ ਇੱਕ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ।

ਅਪਰਾਧੀ ਲੋਕ ਅਕਸਰ ਅਪਰਾਧ ਕਰਕੇ ਰਹਿੰਦੇ ਹਨ, ਪ੍ਰੰਤੂ ਜਿਸ ਤਰ੍ਹਾਂ ਪੰਜਾਬ ‘ਚ ਧੀਆਂ-ਭੈਣਾਂ ਨਾਲ ਛੇੜ-ਛਾੜ ਦੀਆਂ ਸ਼ਰੇਆਮ ਕਮੀਨੀਆਂ ਹਰਕਤਾਂ ‘ਚ ਵਾਧਾ ਹੋਇਆ ਹੈ ਅਤੇ ਸੱਤ੍ਹਾਧਾਰੀ ਧਿਰ ਨਾਲ ਸੰਬੰਧਿਤ ਲੋਕਾਂ ਦੇ ਅਪਰਾਧ ਕਰਨ ਲਈ ਹੌਂਸਲੇ ਬੁਲੰਦ ਹੋਏ ਹਨ, ਉਹ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ। ਸੱਤ੍ਹਾਧਾਰੀ ਧਿਰ ‘ਚ ਗੁੰਡਾ ਅਨਸਰਾਂ ਦੀ ਘੁੱਸਪੈਠ, ਇਸ ਸਮੇਂ ਇਸ ਪਾਰਟੀ ਦੇ ਕਰਤੇ-ਧਰਤਿਆਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦੀ ਸੀ, ਪ੍ਰੰਤੂ ਅੰਮ੍ਰਿਤਸਰ ਸਾਹਿਬ ਵਿਖੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ‘ਚ ਸੁਖਬੀਰ ਬਾਦਲ ਨੇ ਇਸ ਪ੍ਰਸ਼ਨ ਨੂੰ ਹਵਾ ‘ਚ ਉਡਾਇਆ ਅਤੇ ਮਜ਼ਾਕੀਏ ਲਹਿਜ਼ੇ ‘ਚ ਪੱਤਰਕਾਰਾਂ ਨੂੰ ਜਵਾਬ ਦਿੱਤਾ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਪੰਜਾਬ ‘ਚ ਗੁੰਡਾਗਰਦੀ ਰੋਕਣ ਲਈ ਗੰਭੀਰ ਨਹੀਂ ਹੈ। ਅਸਲ ‘ਚ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਲਈ ਤਿਆਰ ਨਹੀਂ ਹੈ।
ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ. ‘ਚ ਕਿੰਨੇ ਫੀਸਦੀ ਉਹ ਨੌਜਵਾਨ ਹਨ, ਜਿੰਨ੍ਹਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ, ਸ਼ਾਇਦ ਇੰਨ੍ਹਾਂ ਅੰਕੜਿਆਂ ‘ਤੇ ਅੱਜ ਤੱਕ ਸੁਖਬੀਰ ਬਾਦਲ ਨੇ ਕਦੇ ਨਜ਼ਰ ਹੀ ਨਹੀਂ ਮਾਰੀ ਜਾਂ ਫਿਰ ਇਹ ਸਾਰਾ ਕੁਝ ਆਮ ਸਹਿਮਤੀ ਨਾਲ ਹੋ ਰਿਹਾ ਹੈ ? ਐਸ.ਓ.ਆਈ. ਦੇ ਸੁਧਾਰ ਕਾਲਜ ਬਾਹਰ ਲੱਗੇ ਇਸ਼ਤਿਹਾਰੀ ਬੋਰਡ ‘ਤੇ ਜਿਹੜੀਆਂ ਦਰਜਨ ਭਰ ਫੋਟੋਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ‘ਚੋਂ 80 ਫ਼ੀਸਦੀ ‘ਤੇ ਗੰਭੀਰ ਅਪਰਾਧਿਕ ਮਾਮਲੇ ਜਿੰਨ੍ਹਾਂ ‘ਚ ਕਤਲ ਤੇ ਇਰਾਦਾ ਕਤਲ ਦੇ ਕੇਸ ਵੀ ਸ਼ਾਮਲ ਹਨ, ਦਰਜ ਹਨ। ਇੱਥੋ ਤੱਕ ਕਿ ਕਈ ਤਾਂ ਜੇਲ੍ਹਾਂ ‘ਚ ਵੀ ਬੰਦ ਹਨ। ਇਹੋ ਹਾਲ ਲੱਗਭਗ ਪੰਜਾਬ ਦੇ ਹਰ ਜ਼ਿਲ੍ਹੇ ਦੀ ਜੱਥੇਬੰਦੀ ‘ਚ ਹੈ। ਅਸੀਂ ਵਾਰ-ਵਾਰ ਲਿਖ ਚੁੱਕੇ ਹਾਂ ਕਿ ਪੰਜਾਬ ‘ਚ ਸੱਤਾਧਾਰੀ ਧਿਰ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦਾ ਗਠਜੋੜ ਪੰਜਾਬ ਨੂੰ ਲੁੱਟਣ ਤੇ ਕੁੱਟਣ ‘ਚ ਲੱਗਿਆ ਹੋਇਆ ਹੈ। ਹਰ ਥਾਣੇ ‘ਚ ਇੰਨ੍ਹਾਂ ਸਿਆਸੀ ਥਾਪੜੇ ਵਾਲੇ ਗੁੰਡਾਂ ਅਨਸਰਾਂ ਨੂੰ ਭਾਰੂ ਹੋਇਆ ਵੇਖਿਆ ਜਾ ਸਕਦਾ ਹੈ, ਪ੍ਰੰਤੂ ਕਿਉਂਕਿ ਆਮ ਆਦਮੀ ਸਿਰ ਨੀਵਾਂ ਕਰ ਚੁੱਕਾ ਹੈ, ਇਸ ਕਾਰਣ ਇਹ ਲੁੱਟ ਤੇ ਕੁੱਟ ਦਿਨੋਂ-ਦਿਨ ਵੱਧ ਰਹੀ ਹੈ।
ਅੱਜ ਜਦੋਂ ਇਹ ਸਾਫ਼ ਹੋ ਚੁੱਕਾ ਹੈ ਕਿ ਪੰਜਾਬ ‘ਚ ਵੱਧਦੀ ਗੁੰਡਾਗਰਦੀ ਪਿੱਛੇ ਸੱਤ੍ਹਾਧਾਰੀ ਥਾਪੜਾ ਹੈ, ਭਾਵੇਂ ਉਹ ਕਿਸੇ ਰੂਪ ‘ਚ ਹੋਵੇ, ਉਸ ਸਮੇਂ ਪੰਜਾਬ ਦੀਆਂ ਸਮੂਹ ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਲੋਕਾਂ ਨੂੰ ਇਸ ਗੁੰਡਾਗਰਦੀ ਵਿਰੁੱਧ ਮੈਦਾਨ ‘ਚ ਨਿੱਤਰਣਾ ਹੋਵੇਗਾ। ਪੰਜਾਬ ‘ਚ ਇੱਕ ਦੋ ਥਾਵਾਂ ਤੇ ਇਸ ਗੁੰਡਾਗਰਦੀ ਵਿਰੁੱਧ ਲੋਕ ਮੈਦਾਨ ‘ਚ ਨਿੱਤਰੇ ਹਨ। ਕਾਂਗਰਸ ਵੱਲੋਂ ਭਾਵੇਂ ਇਸ ਮੁੱਦੇ ਨੂੰ ਸਿਆਸੀ ਮੁੱਦਾ ਬਣਾਉਣ ਦੇ ਯਤਨ ਹੋ ਰਹੇ ਹਨ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਗੁੰਡਾਂ ਅਨਸਰਾਂ ਵਿਰੁੱਧ ਲਾਮਬੰਦ ਹੋਣ ਅਤੇ ਸਿਆਸੀ ਐਨਕ ਨੂੰ ਲਾਹ ਕੇ ਸਿਰਫ਼ ਪੰਜਾਬ ਦੀ ਆਨ-ਸ਼ਾਨ ਤੇ ਪੁਰਾਤਨ ਕਦਰਾਂ-ਕੀਮਤਾਂ ਦੀ ਰਾਖੀ ਲਈ ਜੱਦੋ-ਜਹਿਦ ਕੀਤੀ ਜਾਵੇ। ਚੰਗਾ ਹੋਵੇ ਜੇ ਸਾਰੀਆਂ ਸਿਆਸੀ ਧਿਰਾਂ ਹੀ ਆਪੋ-ਆਪਣੀ ਸਕਰੀਨਿੰਗ ਉਪਰ ਤੋਂ ਥੱਲੇ ਤੱਕ ਖ਼ੁਦ ਹੀ ਕਰ ਲੈਣ। ਅਪਰਾਧਿਕ ਰਿਕਾਰਡ ਵਾਲਿਆਂ ਨੂੰ ਬਾਹਰ ਕੀਤਾ ਜਾਵੇ। ਅੱਜ ਲੀਡਰਾਂ ਦੇ ਅੱਗੇ-ਪਿੱਛੇ ਜਿਸ ਤਰ੍ਹਾਂ ਮਾੜੇ ਅਨਸਰਾਂ ਦਾ ਜਮਾਵੜਾ ਵੱਧ ਚੁੱਕਾ ਹੈ, ਜੇ ਇਸਨੂੰ ਨੱਥ ਨਾ ਪਈ ਗਈ ਤਾਂ ਪੰਜਾਬ ‘ਚ ਗੁੰਡਾਗਰਦੀ ਨੂੰ ਨਕੇਲ ਪਾਉਣੀ ਸੰਭਵ ਨਹੀਂ ਹੋਵੇਗੀ। ਇਸਤੋਂ ਪਹਿਲਾਂ ਕਿ ਇਹ ਅੱਗ ਹਰ ਪੰਜਾਬੀ ਦੇ ਬੂਹੇ ਤੱਕ ਪੁੱਜ ਜਾਵੇ, ਸਾਨੂੰ ਕੁੰਭਕਰਨੀ ਨੀਂਦ ਤੋਂ ਜਾਗ ਕੇ ਗੁੰਡਾ ਅਨਸਰਾਂ ਅਤੇ ਉਨ੍ਹਾਂ ਦੇ ਸਿਆਸੀ ਆਕਿਆਂ ਵਿਰੁੱਧ ਲੋਕ ਸੰਘਰਸ਼ ਵਿੱਢਣਾ ਚਾਹੀਦਾ ਹੈ।

*ਲੇਖਕ ਰੋਜ਼ਾਨਾ ‘ਪਹਿਰੇਦਾਰ’ ਦੇ ਮੁੱਖ ਸੰਪਾਦਕ ਹਨ।

ਅਕਾਲੀ ਸਰਪੰਚ ਦੀ ਨੀਚ ਹਰਕਤ : ਲੀਡਰਸ਼ਿਪ ਲਈ ਕੁਝ ਕਰ ਗੁਜ਼ਰਨ ਦਾ ਸਮਾਂ

ਜਦੋਂ 4 ਜੂਨ ਐਤਵਾਰ ਵਾਲੇ ਦਿਨ 40 ਮੁਕਤਿਆਂ ਦੀ ਪਵਿੱਤਰ ਯਾਦ ਵਿਚ ਬਣੇ ਜ਼ਿਲ੍ਹਾ ਮੁਕਤਸਰ ਦੇ ਇੱਕ ਪਿੰਡ ਦੌਲਾ ਵਿੱਚ ਇੱਕ ਅਕਾਲੀ ਸਰਪੰਚ ਆਪਣਾ ਜਾਇਜ਼ ਹੱਕ ਮੰਗ ਰਹੀ ਇੱਕ ਅਧਿਆਪਕ ਬੀਬੀ ਵਰਿੰਦਰਪਾਲ ਕੌਰ ਨੂੰ ਬਾਰ ਬਾਰ ਵਾਲਾਂ ਤੋਂ ਪੁੱਟ ਰਿਹਾ ਸੀ ਅਤੇ ਉਸ ਨੂੰ ਬਿਨਾਂ ਰੁਕੇ ਚਪੇੜਾਂ ਮਾਰ ਰਿਹਾ ਸੀ ਤਾਂ ਤੁਸੀਂ ਹੀ ਦੱਸੋ ਕਿ ਇਸ ਕੁਲੱਛਣੀ, ਨੀਚ ਤੇ ਬਦਨਾਮ ਘਟਨਾ ਨੂੰ ਕੀ ਨਾਂਅ ਦੇਣਾ ਚਾਹੋਗੇ ? ਸ਼ਰਮਨਾਮ ਕਾਂਡ ? ਜਾਂ ਅਦਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਉਤੇ ਕਾਲਾ ਧੱਬਾ ? ਜਾਂ ਅੱਜ ਦੀ ਅਕਾਲੀ ਲੀਡਰਸ਼ਿਪ ਲਈ ਡੁੱਬ ਕੇ ਮਰ ਜਾਣ ਦੀ ਸਿਫਾਰਸ਼ ? ਜਾਂ ਸਿੱਖ ਕੌਮ ਲਈ ਬੁਰੇ ਦਿਨਾਂ ਦਾ ਦੌਰ ?
ਜੇ ਸਿੱਖ ਕੌਮ ਆਪਣੇ ਰੂਹਾਨੀ ਸੋਮਿਆਂ ਨਾਲੋਂ ਅਜੇ ਪੂਰੀ ਤਰ੍ਹਾਂ ਟੁਟ ਨਹੀਂ ਗਈ ਅਤੇ ਜੇ ਇਸ ਕੌਮ ਦੇ ਨਿਰਮਲ ਅਤੇ ਕੋਮਲ ਜਜ਼ਬਿਆਂ ਵਿੱਚ ਔਰਤ ਪ੍ਰਤੀ ਪੂਰਾ ਪੂਰਾ ਸਤਿਕਾਰ ਕਾਇਮ ਰੱਖਣ ਬਾਰੇ ਗੁਰੂ ਨਾਨਕ ਸਾਹਿਬ ਦੀ ਹਦਾਇਤ ਅਤੇ ਸਾਡਾ ਇਤਿਹਾਸ ਥੋੜਾ ਬਹੁਤਾ ਵੀ ਅਸਰ ਰੱਖਦਾ ਹੈ ਤਾਂ ਸਾਡੀ ਕੌਮ ਨੂੰ ਆਪਣੀ ਤਮਾਸ਼ਬੀਨ ਚੁੱਪ ਤੋੜਨੀ ਚਾਹੀਦੀ ਹੈ ਅਤੇ ਨੀਚ ਹਰਕਤ ਕਰਨ ਵਾਲੇ ਅਤੇ ਸਿੱਖ ਅਖਵਾਉਂਦੇ ਅਕਾਲੀ ਸਰਪੰਚ ਨੂੰ ਕਰੜੀ ਤੋਂ ਕਰੜੀ ਸਜ਼ਾ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਕ ਹੋਰ ਜ਼ਰੂਰੀ ਗੱਲ। ਸਾਡੇ ਲਈ ਇਹ ਸੋਚਣ ਦਾ ਵੀ ਸਮਾਂ ਹੈ ਕਿ ਵਰਤਮਾਨ ਅਕਾਲੀ ਸਫ਼ਾਂ ਵਿੱਚ ਇਖਲਾਕੀ ਤੇ ਰੂਹਾਨੀ ਕਦਰਾਂ ਕੀਮਤਾਂ ਦਾ ਸੋਮਾ ਪੂਰੀ ਤਰ੍ਹਾਂ ਕਿਉਂ ਸੁਕਿਆ ਨਜ਼ਰ ਆ ਰਿਹਾ ਹੈ? ਇਸ ਉਤੇ ਪਤਝੜ੍ਹ ਦੀ ਰੁਤ ਆਉਣ ਪਿਛੇ ਅਸਲ ਕਾਰਨ ਕੀ ਹਨ? ਸੰਤਾਂ ਮਹਾਂ ਪੁਰਸ਼ਾਂ ਦੇ ਵਿਸ਼ਾਲ ਡੇਰਿਆਂ ਉਤੇ ਕੋਈ ਸੰਤ-ਸਿਪਾਹੀ ਨਜ਼ਰ ਕਿਉਂ ਨਹੀਂ ਆਉਂਦਾ ਜੋ ਉਨ੍ਹਾਂ ਸ਼ੋਕਰਿਆਂ ਦਾ ਬੁਥਾੜ ਭੱਨੇ ਜੋ ਸਿੱਖ ਭੇਸ ਵਿੱਚ ਗੁੰਡੇ ਬਣ ਕੇ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਰਹੇ ਹਨ ਅਤੇ ਜਿਨ੍ਹਾਂ ਨੂੰ ਮਨ-ਆਈਆਂ ਕਰਨ ਤੋਂ ਰੋਕਣ ਲਈ ਚੋਟੀ ਦੀ ਲੀਡਰਸ਼ਿਪ ਵੀ ਬੇਵੱਸ ਹੋਈ ਨਜ਼ਰ ਆ ਰਹੀ ਹੈ। ਇਸ ਘਟਨਾ ਨੂੰ ਇਤਾਫਕੀਆ ਜਾਂ ਅਚਾਨਕ ਵਾਪਰੀ ਘਟਨਾ ਹੀ ਨਹੀਂ ਕਹਿਣਾ ਚਾਹੀਦਾ ਸਗੋਂ ਇਸ ਤੋਂ ਪਹਿਲਾਂ ਵੀ ਲੁਧਿਆਣਾ ਸ਼ਹਿਰ ਵਿਚ ਇਕ ਤਹਿਸੀਲਦਾਰ ਨੂੰ ਬੁਰੀ ਤਰ੍ਹਾਂ ਕੁਟਣ ਵਾਲੇ ਅਤੇ ਉਸ ਦੀ ਪੱਗ ਲਾਹੁਣ ਵਾਲੇ ਬੰਦੇ ਵੀ ਸਥਾਨਕ ਅਕਾਲੀ ਆਗੂ ਹੀ ਸਨ। ਅਕਾਲੀ ਦਲ ਦੇ ਯੂਥ ਵਿੰਗ ਉਤੇ ਇਕ ਸਰਸਰੀ ਝਾਤ ਪਰ ਬਾਜ਼ ਨਿਗਾਹ ਹੀ ਤੁਹਾਨੂੰ ਦੱਸ ਦੇਵੇਗੀ ਕਿ ਇਨ੍ਹਾਂ ਦੇ ਚਿਹਰਿਆਂ ਉਤੇ ਨਾ ਹੀ ਸਿੱਖੀ ਦਾ ਕੋਈ ਰੰਗ ਹੈ, ਨਾ ਹੀ ਇਤਿਹਾਸ ਦੀ ਕੋਈ ਚਮਕ ਹੈ ਅਤੇ ਨਾ ਹੀ ਵੱਡੀਆਂ ਜ਼ਿੰਮੇਵਾਰੀਆਂ ਸਾਂਭਣ ਦਾ ਕੋਈ ਪਵਿੱਤਰ ਅਹਿਸਾਸ ਹੈ। ਜੇ ਇਹੋ ਜਿਹੇ ਨੌਜਵਾਨਾਂ ਨੇ ਹੀ ਕੱਲ੍ਹ ਨੂੰ ਅਕਾਲੀ ਦਲ ਦੀ ਵਾਗ ਡੋਰ ਸੰਭਾਲਣੀ ਹੈ ਤਾਂ ਨੀਲੇ ਘੋੜੇ ਦੇ ਸ਼ਾਹਸਵਾਰ ਦੀ ਮਿਹਰ, ਅਸੀਸ ਤੇ ਬਖਸ਼ਿਸ਼ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਸਾਰਾ ਰੋਣਾ ਤਾਂ ਇਸ ਗੱਲ ਦਾ ਵੀ ਹੈ ਕਿ ਚੋਟੀ ਦੀ ਸਿੱਖ ਲੀਡਰਸ਼ਿਪ ਦੇ ਸਾਰੇ ਰੁਝੇਵੇਂ ਅੱਜ ਕੱਲ੍ਹ ਇਕ ਸੁਰ ਹੋ ਕੇ ਖ਼ਾਲਸਾ ਚੇਤਨਾ ਨਾਲ ਛਲ ਕਪਟ ਕਰਨ ਵਿੱਚ ਖਰਚ ਹੋ ਰਹੇ ਹਨ।
ਇਕ ਨਿਹੱਥੀ ਤੇ ਪੁਰਅਮਨ ਅਧਿਆਪਕਾ ਉਤੇ ਕਮੀਨੇ ਵਾਰ ਕਰਨ ਵਾਲੇ ਬਲਵਿੰਦਰ ਸਰਪੰਚ ਦੀ ਕਮੀਨਗੀ ਹੁਣ ਯੂ-ਟਿਊਬ ਉਤੇ ਵੀ ਨਸ਼ਰ ਹੋ ਗਈ ਹੈ ਅਤੇ ਇਥੋਂ ਤਕ ਕਿ ਕਬੱਡੀ ਮੈਚ ਦੇ ਉਦਘਾਟਨ ਸਮੇਂ ਅੱਧ ਨੰਗੀਆਂ ਔਰਤਾਂ ਵਿਚ ਨਾਚ ਕਰਨ ਵਾਲੇ ਐਕਟਰ ਸ਼ਾਹਰੁਖ ਖਾਨ ਨੂੰ ਵੀ ਇਹ ਕਹਿਣਾ ਪੈ ਰਿਹਾ ਹੈ ਕਿ ਇਸ ਘਟਨਾ ਨੇ ਸਾਨੂੰ ਮਾਯੂਸ ਕਰ ਕੇ ਰੱਖ ਦਿੱਤਾ ਹੈ। ਅਕਾਲੀ ਲੀਡਰੋ! ਕੁਝ ਤਾਂ ਸੋਚੋ। ਜੇ ਦੁਨੀਆਂਦਾਰੀ ਤ੍ਰਿਸ਼ਨਾ ਤੋਂ ਉੱਚੀ ਸਾਹਿਬ ਕੌਰ ਜਿਸ ਦੀ ਝੋਲੀ ਵਿੱਚ ਦਸ਼ਮੇਸ਼ ਨੇ ਖ਼ਾਲਸਾ ਪੰਥ ਨੂੰ ਪਾਇਆ ਸੀ ਅਤੇ ਜੋ ਸਾਡੀ ਮਾਤਾ ਹੈ ਤੇ ਦਸ਼ਮੇਸ਼ ਗੁਰੂ ਸਾਡੇ ਪਿਤਾ ਹਨ ਤਾਂ ਨਰਿੰਦਰ ਪਾਲ ਕੌਰ ਉਤੇ ਹਮਲਾ ਪੰਥ ਦੀ ਧੀ ਉਤੇ ਹਮਲਾ ਹੈ। ਇਸ ਹਮਲੇ ਦੀ ਰਸਮੀ ਨਿੰਦਾ ਹੀ ਕਾਫ਼ੀ ਨਹੀਂ ਅਤੇ ਨਾ ਹੀ ਉਹ ਸੁੱਕੀ ਸੜੀ ਹਮਦਰਦੀ ਚਾਹੀਦੀ ਹੈ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਕੁਝ ਇਸ ਅੰਦਾਜ਼ ਵਿਚ ਵਿਖਾਈ ਹੈ ਜਿਵੇਂ ਘਾਗ ਸਿਆਸਤਦਾਨ ਅਕਸਰ ਹੀ ਇਹੋ ਜਿਹੇ ਮੌਕਿਆਂ ‘ਤੇ ਲੋਕਾਚਾਰੀ ਲਈ ਵਿਖਾਉਂਦੇ ਹਨ। ਜੇ ਇਸ ਹਮਦਰਦੀ ਵਿਚ ਥੋੜੀ ਬਹੁਤੀ ਅਪਣੱਤ ਤੇ ਪਛਤਾਵਾ ਵੀ ਹੁੰਦਾ ਤਾਂ ਫਿਰ ਸਵਾਲ ਪੁਛਿਆ ਜਾ ਸਕਦਾ ਹੈ ਕਿ ਗਿੱਦੜਬਾਹਾ ਦੇ ਥਾਣੇਦਾਰ ਨੂੰ ਐਫਆਈਆਰ ਦਰਜ ਕਰਨ ਵਿੱਚ ਕਿਹੜੇ ਲੋਕ ਰੁਕਾਵਟਾਂ ਪਾ ਰਹੇ ਸਨ? ਕੀ ਗੱਲ ਸੀ ਕਿ ਜ਼ਾਲਮ ਤੇ ਦੋਸ਼ੀ ਵਿਅਕਤੀ ਦੇ ਸਿਆਸੀ ਦਬਾਅ ਹੇਠ ਥਾਣੇਦਾਰ ਵੀ ਮਜ਼ਲੂਮ ਵਰਿੰਦਰਪਾਲ ਕੌਰ ਨੂੰ ਰਾਜ਼ੀਨਾਮਾ ਕਰਨ ਦੀ ਸ਼ਰਤ ਰੱਖ ਰਿਹਾ ਸੀ?
ਅਕਾਲ ਤੋਂ ਬੁਰੀ ਤਰ੍ਹਾਂ ਟੁਟ ਚੁਕੇ ਅਤੇ ਸੱਤਾ ਦੇ ਨਸ਼ੇ ਵਿਚ ਡੁਬੇ ਅਕਾਲੀ ਆਗੂਆਂ ਨੂੰ ਇਹ ਚਿਤਾਵਨੀ ਕੌਣ ਦੇਵੇਗਾ ਕਿ ‘ਅਕਾਲ ਪੁਰਖ ਤੋਂ ਡਰ ਕੇ ਰਹੋ। ਉਸ ਦੀ ਸੋਟੀ ਆਵਾਜ਼ ਨਹੀਂ ਕਰਦੀ ਪਰ ਜਦੋਂ ਉਹ ਵੱਜਦੀ ਹੈ ਤਾਂ ਇਸ ਦੀ ਚੋਟ ਦਾ ਕੋਈ ਇਲਾਜ ਨਹੀਂ ਹੁੰਦਾ।’
-ਕਰਮਜੀਤ ਸਿੰਘ (ਫੋਨ : 91-99150-91063)