ਜਸਪਾਲ ਸਿੰਘ ਹੇਰਾਂ (ਲੇਖਕ) |
ਪੰਜਾਬ ‘ਚ ਆਏ ਦਿਨ ਹੋ ਰਹੀਆਂ ਗੁੰਡਾ ਗਰਦੀਆਂ ਦੀ ਘਟਨਾਵਾਂ ਅਤੇ ਖ਼ਾਸ ਕਰਕੇ ਅਕਾਲੀ ਸੱਤਾਧਾਰੀ ਧਿਰ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸੂਬੇ ‘ਚ ਧੀਆਂ-ਭੈਣਾਂ ਦੀ ਇੱਜ਼ਤ ਨੂੰ ਵੱਧ ਰਿਹਾ ਖ਼ਤਰਾ, ਗੁੰਡਿਆਂ ਦੇ ਵੱਧਦੇ ਹੌਂਸਲੇ ਤੇ ਦੂਜੇ ਪਾਸੇ ਪੁਲਿਸ ਦੀ ਬੇਵੱਸੀ, ਇਸ ਸਮੇਂ ਪੰਜਾਬ ਦੇ ਮੱਥੇ ਤੇ ਕਾਲੇ ਧੱਬੇ ਹਨ ਅਤੇ ਇਨ੍ਹਾਂ ਧੱਬਿਆਂ ਤੋਂ ਜਿਸ ਤਰ੍ਹਾਂ ਹਾਕਮ ਧਿਰ ਘੋਗਲ ਕੰਨੀ ਹੋਈ ਬੈਠੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਜਿਹੜਾ ਸੂਬੇ ਦਾ ਅਸਲ ਕਰਤਾ-ਧਰਤਾ ਹੈ, ਮਜ਼ਾਕੀਏ ਲਹਿਜ਼ੇ ‘ਚ ਇਸ ਗੰਭੀਰ ਸਥਿਤੀ ‘ਤੇ ਟਿੱਪਣੀ ਕਰਦਾ ਹੈ, ਉਸ ਤੋਂ ਸਾਫ਼ ਹੈ ਕਿ ਪੰਜਾਬ ‘ਚ ਗੁੰਡਿਆਂ ਦੇ ਵੱਧਦੇ ਹੌਂਸਲਿਆਂ ਪਿੱਛੇ ਸੱਤ੍ਹਾਧਾਰੀ ਧਿਰ ਦਾ ਥਾਪੜਾ ਹੈ। ਛੇਹਰਟਾ ਕਾਂਡ ਤੋਂ ਬਾਅਦ ਥਾਣਾ ਅਜਨਾਲਾ ਦੇ ਪਿੰਡ ਵੰਝਾਂ ਵਾਲੇ ਦੇ ਅਕਾਲੀ ਸਰਪੰਚ ਨੇ ਇੱਕ ਮੁੰਡੇ ਨੂੰ ਉਸਦੇ ਘਰੋਂ ਅਗਵਾ ਕਰਕੇ ਕੁੱਟ-ਕੁੱਟ ਕੇ ਮਾਰ ਦਿੱਤਾ, ਚੰਡੀਗੜ੍ਹ ‘ਚ ਬੀਤੀ ਰਾਤ ਗਾਇਕ ਕਲਾਕਾਰ ਬਾਬੂ ਚੰਡੀਗੜ੍ਹੀਏ ਨੂੰ ਪਹਿਲਾਂ ਬੰਧੂਆਂ ਮਜ਼ਦੂਰਾਂ ਵਾਂਗੂ ਗਾਣੇ ਗਾਉਣ ਲਈ ਮਜ਼ਬੂਰ ਕੀਤਾ ਗਿਆ ਅਤੇ ਬਾਅਦ ਵਿੱਚ ਆਪਣੀ ਸਿਆਸੀ ਹੈਂਕੜ ਅਤੇ ਸੱਤਾ ਦੇ ਨਸ਼ੇ ‘ਚ ਚੂਰ ਅਕਾਲੀ ਆਗੂਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇੱਥੇ ਹੀ ਬੱਸ ਨਹੀਂ ਜਲੰਧਰ ‘ਚ ਇੱਕ ਪੱਤਰਕਾਰ ਤੇ ਇਸ ਕਾਰਨ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ ਕਿ ਉਸਨੇ ਗੁੰਡਾ ਅਨਸਰ ਨੂੰ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਵਰਜਿਆ ਸੀ, ਰਾਏਕੋਟ ‘ਚ ਇੱਕ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ।
ਅਪਰਾਧੀ ਲੋਕ ਅਕਸਰ ਅਪਰਾਧ ਕਰਕੇ ਰਹਿੰਦੇ ਹਨ, ਪ੍ਰੰਤੂ ਜਿਸ ਤਰ੍ਹਾਂ ਪੰਜਾਬ ‘ਚ ਧੀਆਂ-ਭੈਣਾਂ ਨਾਲ ਛੇੜ-ਛਾੜ ਦੀਆਂ ਸ਼ਰੇਆਮ ਕਮੀਨੀਆਂ ਹਰਕਤਾਂ ‘ਚ ਵਾਧਾ ਹੋਇਆ ਹੈ ਅਤੇ ਸੱਤ੍ਹਾਧਾਰੀ ਧਿਰ ਨਾਲ ਸੰਬੰਧਿਤ ਲੋਕਾਂ ਦੇ ਅਪਰਾਧ ਕਰਨ ਲਈ ਹੌਂਸਲੇ ਬੁਲੰਦ ਹੋਏ ਹਨ, ਉਹ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ। ਸੱਤ੍ਹਾਧਾਰੀ ਧਿਰ ‘ਚ ਗੁੰਡਾ ਅਨਸਰਾਂ ਦੀ ਘੁੱਸਪੈਠ, ਇਸ ਸਮੇਂ ਇਸ ਪਾਰਟੀ ਦੇ ਕਰਤੇ-ਧਰਤਿਆਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦੀ ਸੀ, ਪ੍ਰੰਤੂ ਅੰਮ੍ਰਿਤਸਰ ਸਾਹਿਬ ਵਿਖੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ‘ਚ ਸੁਖਬੀਰ ਬਾਦਲ ਨੇ ਇਸ ਪ੍ਰਸ਼ਨ ਨੂੰ ਹਵਾ ‘ਚ ਉਡਾਇਆ ਅਤੇ ਮਜ਼ਾਕੀਏ ਲਹਿਜ਼ੇ ‘ਚ ਪੱਤਰਕਾਰਾਂ ਨੂੰ ਜਵਾਬ ਦਿੱਤਾ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਪੰਜਾਬ ‘ਚ ਗੁੰਡਾਗਰਦੀ ਰੋਕਣ ਲਈ ਗੰਭੀਰ ਨਹੀਂ ਹੈ। ਅਸਲ ‘ਚ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਲਈ ਤਿਆਰ ਨਹੀਂ ਹੈ।
ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ. ‘ਚ ਕਿੰਨੇ ਫੀਸਦੀ ਉਹ ਨੌਜਵਾਨ ਹਨ, ਜਿੰਨ੍ਹਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ, ਸ਼ਾਇਦ ਇੰਨ੍ਹਾਂ ਅੰਕੜਿਆਂ ‘ਤੇ ਅੱਜ ਤੱਕ ਸੁਖਬੀਰ ਬਾਦਲ ਨੇ ਕਦੇ ਨਜ਼ਰ ਹੀ ਨਹੀਂ ਮਾਰੀ ਜਾਂ ਫਿਰ ਇਹ ਸਾਰਾ ਕੁਝ ਆਮ ਸਹਿਮਤੀ ਨਾਲ ਹੋ ਰਿਹਾ ਹੈ ? ਐਸ.ਓ.ਆਈ. ਦੇ ਸੁਧਾਰ ਕਾਲਜ ਬਾਹਰ ਲੱਗੇ ਇਸ਼ਤਿਹਾਰੀ ਬੋਰਡ ‘ਤੇ ਜਿਹੜੀਆਂ ਦਰਜਨ ਭਰ ਫੋਟੋਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ‘ਚੋਂ 80 ਫ਼ੀਸਦੀ ‘ਤੇ ਗੰਭੀਰ ਅਪਰਾਧਿਕ ਮਾਮਲੇ ਜਿੰਨ੍ਹਾਂ ‘ਚ ਕਤਲ ਤੇ ਇਰਾਦਾ ਕਤਲ ਦੇ ਕੇਸ ਵੀ ਸ਼ਾਮਲ ਹਨ, ਦਰਜ ਹਨ। ਇੱਥੋ ਤੱਕ ਕਿ ਕਈ ਤਾਂ ਜੇਲ੍ਹਾਂ ‘ਚ ਵੀ ਬੰਦ ਹਨ। ਇਹੋ ਹਾਲ ਲੱਗਭਗ ਪੰਜਾਬ ਦੇ ਹਰ ਜ਼ਿਲ੍ਹੇ ਦੀ ਜੱਥੇਬੰਦੀ ‘ਚ ਹੈ। ਅਸੀਂ ਵਾਰ-ਵਾਰ ਲਿਖ ਚੁੱਕੇ ਹਾਂ ਕਿ ਪੰਜਾਬ ‘ਚ ਸੱਤਾਧਾਰੀ ਧਿਰ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦਾ ਗਠਜੋੜ ਪੰਜਾਬ ਨੂੰ ਲੁੱਟਣ ਤੇ ਕੁੱਟਣ ‘ਚ ਲੱਗਿਆ ਹੋਇਆ ਹੈ। ਹਰ ਥਾਣੇ ‘ਚ ਇੰਨ੍ਹਾਂ ਸਿਆਸੀ ਥਾਪੜੇ ਵਾਲੇ ਗੁੰਡਾਂ ਅਨਸਰਾਂ ਨੂੰ ਭਾਰੂ ਹੋਇਆ ਵੇਖਿਆ ਜਾ ਸਕਦਾ ਹੈ, ਪ੍ਰੰਤੂ ਕਿਉਂਕਿ ਆਮ ਆਦਮੀ ਸਿਰ ਨੀਵਾਂ ਕਰ ਚੁੱਕਾ ਹੈ, ਇਸ ਕਾਰਣ ਇਹ ਲੁੱਟ ਤੇ ਕੁੱਟ ਦਿਨੋਂ-ਦਿਨ ਵੱਧ ਰਹੀ ਹੈ।
ਅੱਜ ਜਦੋਂ ਇਹ ਸਾਫ਼ ਹੋ ਚੁੱਕਾ ਹੈ ਕਿ ਪੰਜਾਬ ‘ਚ ਵੱਧਦੀ ਗੁੰਡਾਗਰਦੀ ਪਿੱਛੇ ਸੱਤ੍ਹਾਧਾਰੀ ਥਾਪੜਾ ਹੈ, ਭਾਵੇਂ ਉਹ ਕਿਸੇ ਰੂਪ ‘ਚ ਹੋਵੇ, ਉਸ ਸਮੇਂ ਪੰਜਾਬ ਦੀਆਂ ਸਮੂਹ ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਲੋਕਾਂ ਨੂੰ ਇਸ ਗੁੰਡਾਗਰਦੀ ਵਿਰੁੱਧ ਮੈਦਾਨ ‘ਚ ਨਿੱਤਰਣਾ ਹੋਵੇਗਾ। ਪੰਜਾਬ ‘ਚ ਇੱਕ ਦੋ ਥਾਵਾਂ ਤੇ ਇਸ ਗੁੰਡਾਗਰਦੀ ਵਿਰੁੱਧ ਲੋਕ ਮੈਦਾਨ ‘ਚ ਨਿੱਤਰੇ ਹਨ। ਕਾਂਗਰਸ ਵੱਲੋਂ ਭਾਵੇਂ ਇਸ ਮੁੱਦੇ ਨੂੰ ਸਿਆਸੀ ਮੁੱਦਾ ਬਣਾਉਣ ਦੇ ਯਤਨ ਹੋ ਰਹੇ ਹਨ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਗੁੰਡਾਂ ਅਨਸਰਾਂ ਵਿਰੁੱਧ ਲਾਮਬੰਦ ਹੋਣ ਅਤੇ ਸਿਆਸੀ ਐਨਕ ਨੂੰ ਲਾਹ ਕੇ ਸਿਰਫ਼ ਪੰਜਾਬ ਦੀ ਆਨ-ਸ਼ਾਨ ਤੇ ਪੁਰਾਤਨ ਕਦਰਾਂ-ਕੀਮਤਾਂ ਦੀ ਰਾਖੀ ਲਈ ਜੱਦੋ-ਜਹਿਦ ਕੀਤੀ ਜਾਵੇ। ਚੰਗਾ ਹੋਵੇ ਜੇ ਸਾਰੀਆਂ ਸਿਆਸੀ ਧਿਰਾਂ ਹੀ ਆਪੋ-ਆਪਣੀ ਸਕਰੀਨਿੰਗ ਉਪਰ ਤੋਂ ਥੱਲੇ ਤੱਕ ਖ਼ੁਦ ਹੀ ਕਰ ਲੈਣ। ਅਪਰਾਧਿਕ ਰਿਕਾਰਡ ਵਾਲਿਆਂ ਨੂੰ ਬਾਹਰ ਕੀਤਾ ਜਾਵੇ। ਅੱਜ ਲੀਡਰਾਂ ਦੇ ਅੱਗੇ-ਪਿੱਛੇ ਜਿਸ ਤਰ੍ਹਾਂ ਮਾੜੇ ਅਨਸਰਾਂ ਦਾ ਜਮਾਵੜਾ ਵੱਧ ਚੁੱਕਾ ਹੈ, ਜੇ ਇਸਨੂੰ ਨੱਥ ਨਾ ਪਈ ਗਈ ਤਾਂ ਪੰਜਾਬ ‘ਚ ਗੁੰਡਾਗਰਦੀ ਨੂੰ ਨਕੇਲ ਪਾਉਣੀ ਸੰਭਵ ਨਹੀਂ ਹੋਵੇਗੀ। ਇਸਤੋਂ ਪਹਿਲਾਂ ਕਿ ਇਹ ਅੱਗ ਹਰ ਪੰਜਾਬੀ ਦੇ ਬੂਹੇ ਤੱਕ ਪੁੱਜ ਜਾਵੇ, ਸਾਨੂੰ ਕੁੰਭਕਰਨੀ ਨੀਂਦ ਤੋਂ ਜਾਗ ਕੇ ਗੁੰਡਾ ਅਨਸਰਾਂ ਅਤੇ ਉਨ੍ਹਾਂ ਦੇ ਸਿਆਸੀ ਆਕਿਆਂ ਵਿਰੁੱਧ ਲੋਕ ਸੰਘਰਸ਼ ਵਿੱਢਣਾ ਚਾਹੀਦਾ ਹੈ।
*ਲੇਖਕ ਰੋਜ਼ਾਨਾ ‘ਪਹਿਰੇਦਾਰ’ ਦੇ ਮੁੱਖ ਸੰਪਾਦਕ ਹਨ।