- ਬਾਬਾ ਅਕਾਲੀ ਦਲ ਤੋਂ ਸਿੱਖ ਸਿਆਸਤ ਦਾ ਧੁਰਾ ਬਣਿਆ ਮਾਨ ਨਿਰਾਸ਼ਾ ਦੇ ਆਲਮ ’ਚ
- ਕਦੇ ਮਾਨ ਬਾਬੇ ਦੀ ਕਿਰਪਾਨ ਦੇ ਇਸ਼ਾਰੇ ’ਚ ਬਾਦਲ, ਅਮਰਿੰਦਰ, ਟੌਹੜਾ, ਤਲਵੰਡੀ ਵਰਗੇ ਲੀਡਰ ਵੀ ਸਨ
ਸਿੱਖਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਕੜਕ ਆਈ ਪੀ ਐਸ ਅਫਸਰੀ ਤੋਂ ਕੱਢੇ ਗਏ ਸਿਮਰਨਜੀਤ ਸਿੰਘ ਮਾਨ ਬਾਬਾ ਅਕਾਲੀ ਦਲ ਤੋਂ ਸਿੱਖ ਸਿਆਸਤ ਦੇ ਧੁਰੇ ਵਜੋਂ ਕੰਮ ਕਰਦੇ ਗਏ ਅਤੇ ਉਸ ਦੀ ਛਤਰੀ ਹੇਠਾਂ ਅੱਜ ਦੇ ਵੱਡੇ ਲੀਡਰ ਵੀ ਆਏ, ਪਾਰਲੀਮੈਂਟ ਵਿਚ ਕਿਰਪਾਨ ਲੈ ਜਾਣ ਦੇ ਮੁੱਦੇ ਤੇ ਸਾਰੇ ਵਿਸ਼ਵ ਵਿਚ ਚਰਚਾ ਵਿਚ ਆਏ ਇਸ ਕਿਰਪਾਨ ਵਾਲੇ ਬਾਬੇ ਦੀ ਆਸ਼ ਨਿਰਾਸ਼ ਦੇ ਆਲਮ ਵਿਚ ਹੈ। ਨਿਰਾਸ਼ਾ ਅਜਿਹੀ ਕਿ ਉਹ ਅੱਜ ਲੋਕਤੰਤਰ ਦੀ ਕਿਸੇ ਵੀ ਕੜੀ ਵਿਚ ਆਪਣੇ ਆਪ ਨੂੰ ਸ਼ਾਮਲ ਕਰਨ ਤੋਂ ਤੌਬਾ ਕਰ ਰਹੇ ਹਨ।
ਬਾਬੇ ਸਿਮਰਨਜੀਤ ਸਿੰਘ ਮਾਨ ਦਾ ਸਖਤ ਲਹਿਜਾ ਸ਼ੇਰ ਵਰਗੀ ਦਹਾੜ ਤੋਂ ਕਈ ਸਿਆਸੀ ਲੋਕ ਤਾਂ ਭੇਅ ਖਾਂਦੇ ਹੀ ਸਨ ਸਗੋਂ ਉਸ ਤੋਂ ਉਸ ਦੇ ਨੇੜਲੇ ਸਾਥੀ ਵੀ ਸਹਿਮ ਜਾਂਦੇ ਸਨ। ਇਸ ਬਾਬੇ ਨਾਲੋਂ ਇਸਦੀ ਫੌਜ ਬਿਖਰਦੀ ਗਈ, ਕਦੇ ਇਸ ਬਾਬੇ ਦੀ ਖੁੰਡੀ ਦੇ ਇਸ਼ਾਰੇ ਥੱਲੇ ਅਮ੍ਰਿਤਸਰ ਐਲਾਨਨਾਮੇ ਮੌਕੇ, ਅੱਜ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਰਹੇ ਹਨ, ਮਰਹੂਮ ਜਥੇ. ਗੁਰਚਰਨ ਸਿੰਘ ਟੌਹੜਾ ਐਸ ਜੀ ਪੀ ਸੀ ਦੇ ਪ੍ਰਧਾਨ ਬਣਦੇ ਰਹੇ, ਜਥੇ. ਜਗਦੇਵ ਸਿੰਘ ਤਲਵੰਡੀ ਕਈ ਵੱਡੇ ਆਹੁਦੇ ਹਾਸਲ ਕਰਦੇ ਰਹੇ, ਆਦਿ ਵੀ ਸੰਯੂਕਤ ਅਕਾਲੀ ਦਲ ਦੀ 9 ਮੈਂਬਰੀ ਕਮੇਟੀ ਵਿਚ ਸਨ ਜਿਸ ਦੇ ਕਨਵੀਨਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪਿਤਾ ਜੀ ਸ. ਜੋਗਿੰਦਰ ਸਿੰਘ ਭਿੰਡਰਾਂਵਾਲੇ ਸਨ, ਅਕਾਲੀ ਦਲ ਦਾ ਦਿਮਾਗ ਮੰਨੇ ਜਾਂਦੇ ਇੰਦਰਜੀਤ ਸਿੰਘ ਸੇਖੋਂ ਜਨਰਲ ਸਕੱਤਰ ਵਜੋਂ ਮਾਨ ਬਾਬੇ ਦੇ ਅਕਾਲੀ ਦਲ ਵਿਚ ਸਨ ਜੋ ਕਿ ਅੱਜ ਚੁੱਪ ਹਨ। ਮਾਨ ਬਾਬੇ ਨੂੰ ਉਸ ਦੇ ਸਾਥੀ ਛਡਦੇ ਕਈ ਚੁੱਪ ਹੋ ਗਏ ਕਈ ਲਾਲਚਾਂ ਦੇ ਵਸ ਵਿਚ ਆਪਣੇ ਸਿਧਾਂਤ ਤਿਆਗਦੇ ਗਏ।
ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਮਾਨ ਬਾਬੇ ਨਾਲ ਭਾਈ ਰਾਮ ਸਿੰਘ ਜਨਰਲ ਸਕੱਤਰ ਰਹੇ ਪਰ ਉਹ ਬਾਦਲ ਸਾਹਿਬ ਦੀ ਛੱਤਰੀ ਹੇਠਾਂ ਆ ਗਏ, ਕਹਿੰਦੇ ਹਨ ਕਿ ਰਾਮ ਸਿੰਘ ਨੇ ਮਾਨ ਬਾਬੇ ਦੀ ਸਿਆਸਤ ਦਾ ਬਹੁਤ ਨੁਕਸਾਨ ਕੀਤਾ।
ਪ੍ਰੋ. ਜਗਮੋਹਨ ਸਿੰਘ ਟੋਨੀ ਜੋ ਕਿ ਇੰਦਰਾ ਗਾਂਧੀ ਦੇ ਕਤਲ ਵਿਚ 120 ਬੀ ਤਹਿਤ ਮਾਨ ਬਾਬੇ ਦੇ ਨਾਲ ਹੀ ਸਨ ਵੀ ਮਾਨ ਨੂੰ ਛੱਡ ਗਏ, ਚਰਨ ਸਿੰਘ ਲੋਹਾਰਾ ਜਨਰਲ ਸਕੱਤਰ ਅਤੇ ਟਰਾਂਸਪੋਟਰ ਹਨ ਨੇ ਵੀ ਮਾਨ ਬਾਬੇ ਦੇ ਪਰਾਂ ਤੋਂ ਉਡਣਾ ਸਿੱਖ ਕੇ ਬਾਦਲ ਦੇ ਘਰ ਆਲਣਾ ਬਣਾ ਲਿਆ।
ਧਿਆਨ ਸਿੰਘ ਮੰਡ ਸਾਬਕਾ ਐਮ ਪੀ ਸੀ. ਮੀ. ਪ੍ਰਧਾਨ ਅੱਜ ਵੀ ਬਾਬੇ ਦੀ ਸ਼ਰਨ ਵਿਚ ਲੱਗ ਰਹੇ ਹਨ, ਸੁੱਚਾ ਸਿੰਘ ਛੋਟੇਪੁਰ ਜ. ਸਕੱਤਰ ਪਹਿਲਾਂ ਕਾਂਗਰਸ ਵਿਚ ਚਲੇ ਗਏ ਪਰ ਅੱਜ ਕੱਲ ਉਸ ਨੂੰ ਅਜਾਦ ਹੀ ਕਿਹਾ ਜਾ ਰਿਹਾ ਹੈ।
ਅਜੀਤ ਸਿੰਘ ਮੋਫਰ ਮਾਨਸਾ ਤੋਂ ਅੱਜ ਕੱਲ ਕਾਂਗਰਸ ਦੀ ਡੱਫਲੀ ਵਜਾ ਰਹੇ ਹਨ, ਰਾਜਿੰਦਰ ਕੌਰ ਬੁਲਾਰਾ ਐਮ ਪੀ ਜੋ ਕਿ ਰਾਜਿੰਦਰ ਸਿੰਘ ਬੁਲਾਰਾ ਦੀ ਪਤਨੀ ਹੈ, ਵੀ ਅੱਜ ਕੱਲ ਚੁੱਪ ਹੈ ਜਾਂ ਫਿਰ ਉਸ ਨੂੰ ਵੀ ਬਾਦਲ ਦਲ ਦਾ ਪੱਖ ਕਰਦੇ ਹੀ ਕਿਹਾ ਜਾ ਰਿਹਾ ਹੈ।
ਜਿਸ ਤਰਾਂ ਬਰਜਿੰਦਰ ਸਿੰਘ ਸੋਢੀ ਪਟਿਆਲਾ ਜੇਲ ਵਿਚ ਬੰਦ ਖਾੜਕੂਆਂ ਦੇ ਕੇਸ ਲੜਦਾ ਰਿਹਾ ਹੈ, ਉਸੇ ਤਰਾਂ ਹੀ ਸੰਗਰੂਰ ਜੇਲ ਵਿਚ ਬੰਦ ਖਾੜਕੁਆਂ ਦੇ ਕੇਸ ਲੜਨ ਵਾਲਾ ਰਾਜ ਦੇਵ ਸਿੰਘ ਖਾਲਸਾ ਸਾਬਕਾ ਐਮ.ਪੀ. ਵੀ ਅੱਜ ਕੱਲ ਚੁਪ ਹੈ, ਸੰਤ ਅਜੀਤ ਸਿੰਘ ਪਰਵਾਰ ਵਿਛੋੜਾ ਵਾਲੇ ਮੀਤ ਪ੍ਰਧਾਨ ਸਨ ਪਰ ਉਹ ਬਾਦਲ ਦਲ ਦੀ ਅਗਵਾਹੀ ਕਬੂਲ ਚੁੱਕੇ ਹਨ, ਬੇਸ਼ਕ ਉਸ ਨੇ ਮਨਪ੍ਰੀਤ ਬਾਦਲ ਨਾਲ ਵੀ ਭਿਆਲੀ ਪਾ ਲਈ ਸੀ, ਪਰ ਬਾਦਲੀਆਂ ਨੇ ਉਸ ਨੂੰ ਫਿਰ ਆਪਣੀ ਬੁੱਕਲ ਵਿਚ ਲੈ ਹੀ ਲਿਆ, ਚਰਨਜੀਤ ਸਿੰਘ ਵਾਲੀਆ ਮਾਨ ਬਾਬੇ ਦੇ ਸਕੱਤਰ ਜਨਰਲ ਸਨ ਚੋਣ ਵੀ ਪਟਿਆਲਾ ਤੋਂ ਲੜੇ, ਪਰ ਉਸ ਨੇ ਵੀ ਮਾਨ ਬਾਬੇ ਨੂੰ ਬਾਇ ਬਾਇ ਕਹਿ ਕੇ, ਬਾਦਲ ਦਲ ਨੂੰ ਅਪਣਾ ਲਿਆ, ਪਰ ਫਿਰ ਉਹ ਕਾਂਗਰਸ ਵਿਚ ਚਲੇ ਗਏ, ਆਈ ਏ ਐਸ ਗੁਰਤੇਜ ਸਿੰਘ ਮਾਨ ਬਾਬੇ ਦੇ ਜਨਰਲ ਸਕੱਤਰ ਸਨ, ਪਰ ਵੀ ਅੱਜ ਕੱਲ ਚੁੱਪ ਹਨ, ਕਮਿਕਰ ਸਿੰਘ ਜੋ ਕਿ ਨੇਪਾਲ ਬਾਰਡਰ ਤੇ 6 ਹੋਰਾਂ ਰਾਮ ਸਿੰਘਠ ਚਿੰਤਨ ਸਿੰਘ, ਮੁਖਤਾਜ ਸਿੰਘ (ਮਾਨ ਬਾਬੇ ਦੇ ਭਾਣਜੇ) ਗ੍ਰਿਫਤਾਰ ਹੋਏ ਸਨ ਅੱਜ ਕੱਲ ਮਾਨ ਬਾਬੇ ਤੋਂ ਦੂਰ ਹਨ ਇਥੇ ਤੱਕ ਕਿ ਮਾਨ ਬਾਬੇ ਦਾ ਭਾਣਜੀ ਵਿਦੇਸ਼ ਬੈਠਾ ਹੈ, ਇਥੋਂ ਤੱਕ ਕਿ ਮਾਨ ਬਾਬੇ ਦੇ ਬਾਬਾ ਅਕਾਲੀ ਦਲ ਦੇ ਜਿਨੇ ਵੀ ਜ਼ਿਲਾ ਜਥੇਦਾਰ ਸਨ ਕਿਹਾ ਜਾ ਰਿਹਾ ਹੈ ਕਿ 95 ਫੀਸਦੀ ਉਸ ਨੂੰ ਛੱਡ ਗਏ ਹਨ।
ਇਸ ਬਾਬਤ ਇਕ ਵਕੀਲ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦਸਿਆ ਕਿ ਸਿਮਰਨਜੀਤ ਸਿੰਘ ਮਾਨ ਸੱਚ ਦੇ ਲੜ ਲੱਗੇ ਰਹੇ, ਕੜਕ ਸਨ, ਪਰ ਕਈ ਸਾਰੇ ਫੈਸਲੇ ਉਨਾਂ ਤੋਂ ਵੀ ਗਲਤ ਹੋਏ ਜਿਸ ਕਰਕੇ ਉਨਾਂ ਦੀ ਬਾੜੀ ਵਿਚ ਖਿੜੇ ਹੋਏ ਫੁੱਲ ਵੀ ਕਿਸੇ ਹੋਰ ਦੇ ਹੱਥਾਂ ਵਿਚ ਮਹਿਕਾਂ ਖਿੰਡਾ ਜਾਂਦੇ ਸਨ। ਮਾਨ ਬਾਬੇ ਨਾਲ ਕੰਧੇ ਨਾਲ ਕੰਧਾ ਲਾਕੇ ਚਲੇ ਤੇ ਫਿਰ ਮਾਨ ਬਾਬੇ ਦੀ ਕਥਿਤ ਮਨਮਰਜੀ ਦਾ ਸ਼ਿਕਾਰ ਹੋਏ ਦਲਜੀਤ ਸਿੰਘ ਬਿੱਟੂ ਨਾਭਾ ਜੇਲ ਵਿਚ ਬੰਦ ਹਨ, ਉਨਾਂ ਕਿਹਾ ਕਿ ਅਸਲ ਵਿਚ ਸਾਡਾ ਮਿਸ਼ਨ ਇਕ ਹੈ, ਤੇ ਚਲਣਾ ਵੀ ਇਕ ਰਸਤੇ ਤੇ ਹੀ ਹੈ. ਪਰ ਫੇਰ ਵੀ ਮਾਨ ਸਾਹਿਬ ਮੈਨੂੰ ਪਹਿਛਾਣ ਨਹੀਂ ਸਕੇ। ਇਸੇ ਤਰਾਂ ਹੀ ਮਾਨ ਬਾਬੇ ਦੇ ਸਖਤ ਵਿਰੋਧੀ ਸ. ਅਤਿੰਦਰਪਾਲ ਸਿੰਘ ਖਾਲਿਸਤਾਨੀ ਕਹਿੰਦੇ ਹਨ, ਕਿ ਮਾਨ ਸਾਹਿਬ ਇਕ ਤਰਾਂ ਨਾਲ ਤਾਨਾਸਾਹ ਵਾਂਗ ਕੰਮ ਕਰਦੇ ਰਹੇ ਹਨ, ਜਿਸ ਕਰਕੇ ਉਸ ਦੀ ਪਿਟਾਰੀ ਬਿਖਰਦੀ ਗਈ।
ਸਦੀ ਦੇ ਇਕ ਵੱਡੇ ਸੰਘਰਸ ਵਿਚ ਮੁਹਰਲੀਆਂ ਸਫਾਂ ਵਿਚ ਚਲਣ ਵਾਲੇ ਸ਼ ਸਿਮਰਨਜੀਤ ਸਿੰਘ ਮਾਨ ਅੱਜ ਨਿਰਾਸ਼ਾ ਦੇ ਆਲਮ ਵਿਚ ਹਨ, ਉਹ ਕਦੇ ਕਹਿ ਦਿੰਦੇ ਹਨ ਕਿ ਸਾਡਾ ਅਕਾਲੀ ਦਲ ਹੁਣ ਕੋਈ ਚੋਣ ਨਹੀਂ ਲੜੇਗਾ, ਫੇਰ ਕਹਿ ਦਿੰਦੇ ਹਨ ਕਿ ਇਹ ਤਾਂ ਪੱਤਰਕਾਰ ਨੇ ਸਾਡੇ ਵਲੋਂ ਕੀਤੀ ਗੱਲਬਾਤ ਨੂੰ ਗਲਤ ਰੰਗਤ ਦੇ ਦਿਤੀ ਹੈ। ਅਸਲ ਵਿਚ ਮਾਨ ਬਾਬੇ ਨੂੰ ਇਹ ਵੀ ਇਲਮ ਸਾਇਦ ਹੋਵੇਗਾ ਕਿ ਅੱਜ ਦਾ ਯੁੱਗ ਪਦਾਰਥਵਾਦ ਦੇ ਵਿਚ ਗੜੁੱਚ ਹੈ ਜਿਸ ਕਰਕੇ ਸਾਰੇ ਨਹੀਂ ਤਾਂ ਜਿਆਦਾ ਤਰ ਅਜਿਹੇ ਲੋਕ ਸਿਆਸਤ ਵਿਚ ਆਉਦੇ ਹਨ ਜੋ ਕਿ ਕਿਸੇ ਨਾ ਕਿਸੇ ਲਾਲਚ ਕਾਰਨ ਕੇ ਦਲ ਬਦਲ ਸਕਦੇ ਹਨ ਸੋ ਬਦਲ ਰਹੇ ਹਨ।
- ਗੁਰਨਾਮ ਸਿੰਘ ਅਕੀਦਾ (81460 01100)