ਪ੍ਰਿੰਸ ਚਾਰਲਸ ਪੰਜਾਬ ਦੇ ਪਾਣੀ ਬਾਰੇ ਫ਼ਿਕਰਮੰਦ

ਸੁਨੇਹਾ
0
ਸਿੱਖ ਕੌਮ ਨਾਲ ਡੂੰਘਾ ਲਗਾਉ ਹੈ ਪ੍ਰਿੰਸ ਚਾਰਲਸ ਨੂੰ

ਭੂਸ਼ਨ ਸੂਦ
ਬਰਤਾਨੀਆ ਦੇ ਸ਼ਹਿਜ਼ਾਦੇ ਚਾਰਲਸ ਨੇ ਭਾਵੇਂ ਅੱਜ ਦੂਜੀ ਵਾਰ ਪੰਜਾਬ ਦਾ ਦੌਰਾ ਕੀਤਾ ਪਰ ਉਹ ਵੱਖ-ਵੱਖ ਦੇਸ਼ਾਂ ਦੇ ਦੌਰਿਆਂ ਦੌਰਾਨ ਆਪਣੇ ਦਿੱਤੇ ਭਾਸ਼ਨਾਂ ਵਿਚ ਪੰਜਾਬ ਦਾ ਜ਼ਿਕਰ ਕਰਦੇ ਰਹਿੰਦੇ ਹਨ। ਸ਼ਹਿਜ਼ਾਦਾ ਚਾਰਲਸ ਦਾ ਪੰਜਾਬ ਦੇ ਕਿਸਾਨਾਂ ਅਤੇ ਸਿੱਖ ਭਾਈਚਾਰੇ ਨਾਲ ਕਾਫੀ ਲਗਾਓ ਹੈ। ਅੱਜ ਜਦੋਂ ਮੈਂ ਪ੍ਰਿੰਸ ਚਾਰਲਸ ਦੀ ਸਰਕਾਰੀ ਵੈਬਸਾਇਟ ਦੇਖੀ ਤਾਂ ਪਤਾ ਚੱਲਿਆ ਕਿ ਸਹਿਜ਼ਾਦਾ ਚਾਰਲਸ ਕਦੇ ਵੀ ਪੰਜਾਬ ਦੇ ਕਿਸਾਨਾਂ ਦੀ ਪ੍ਰਸੰਸਾ ਕਰਨ ਵਿਚ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਵਿਸ਼ਵ ਦੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਆਪਣੇ ਦੌਰਿਆਂ ਵਿਚ ਪੰਜਾਬ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਆ ਹੈ।

ਘੋਖ ਕਰਨ ’ਤੇ ਪਤਾ ਚੱਲਿਆ ਕਿ ਪ੍ਰਿੰਸ ਦੀ ਆਰਕੀਟੈਕਟ, ਇੰਨਰ ਸੀਟੀਜ਼, ਸਿੱਖਿਆ, ਧਰਮ, ਸਿਹਤ ਅਤੇ ਕਿਸਾਨੀ ਆਦਿ ਦੇ ਖੇਤਰਾਂ ਵਿਚ ਵਿਸ਼ੇਸ਼ ਰੁਚੀ ਹੈ। ਇਸੇ ਕਾਰਨ ਉਹ ਆਪਣੇ ਭਾਸ਼ਨਾਂ ਵਿਚ ਇਨ੍ਹਾਂ ਵਿਸ਼ਿਆਂ ਦਾ ਜ਼ਿਆਦਾ ਜ਼ਿਕਰ ਕਰਦੇ ਹਨ। ਪ੍ਰਿੰਸ ਨੇ ਕੰਜ਼ਿਊਮਰ ਫੋਰਮ, ਲੰਡਨ ਵਿਖੇ ਆਪਣੇ 23 ਜੂਨ 2010 ਵਿਚ ਦਿੱਤੇ ਭਾਸ਼ਨ ਵਿਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ‘ਤੇ ਵਿਚਾਰ ਕਰਨ ਦੀ ਲੋੜ ਹੈ ਕਿ ਉਹ ਪਾਣੀ ਦਾ ਕਿਸ ਤਰ੍ਹਾਂ ਇਸਤੇਮਾਲ ਕਰਦੇ ਹਨ। ਉਨ੍ਹਾਂ ਵਿਸ਼ਵ ਬੈਂਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ 200 ਫੁੱਟ ਤੱਕ ਦੇ ਬੋਰ ਕਰਨੇ ਪੈ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਖਰਚੇ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਰ ਵਰ੍ਹੇ ਪਹਿਲਾਂ ਉਨ੍ਹਾਂ ਪੰਜਾਬ ਜਾ ਕੇ ਪੰਜਾਬ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦਿੱਤੀ ਸੀ।

ਬ੍ਰਿਟਿਸ਼ ਏਸ਼ੀਅਨ ਟਰੱਸਟ ਵੱਲੋਂ ਸੇਂਟ ਜੇਮਜ ਪੈਲੇਸ ਲੰਡਨ ਵਿਖੇ 21 ਅਪਰੈਲ 2010 ਨੂੰ ਰਾਤਰੀ ਭੋਜ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰਿੰਸ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਸੰਸਥਾਵਾਂ ਹਮੇਸ਼ਾ ਉਦਮ ਕਰਨ ਦੇ ਯਤਨ ਕਰਨ ਲਈ ਪ੍ਰੇਰਦੀਆਂ ਹਨ। ਇਸੇ ਲਈ ਉਨ੍ਹਾਂ ਪੰਜਾਬ ਦਾ ਦੌਰਾ ਕੀਤਾ। 24 ਅਪਰੈਲ 2009 ਨੂੰ ਵਿਸਾਖੀ ਦੇ ਤਿਉਹਾਰ ਮੌਕੇ ਦਿੱਤੇ ਭਾਸ਼ਨ ਵਿਚ ਉਨ੍ਹਾਂ ਨੇ ਇਕ ਸਿੱਖ ਹਰਵਿੰਦਰ ਸਿੰਘ ਦੀ ਰੱਜ ਕੇ ਪ੍ਰਸੰਸਾ ਕੀਤੀ ਜਿਨ੍ਹਾਂ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਧਰਮ ਬਾਰੇ ਜਾਣਕਾਰੀ ਦਿੱਤੀ। ਸਿੱਖ ਕੌਮ ਦੇ ਪਾਏ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਿੱਖਾਂ ਦੇ ਹੌਸਲੇ ਅਤੇ ਕੁਰਬਾਨੀ ਦੇ ਜਜ਼ਬੇ ਦੀ ਪ੍ਰਸੰਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਯੁਧ ਅਤੇ ਦੂਜੇ ਵਿਸ਼ਵ ਯੁੱਧ ਵਿਚ ਸਿੱਖਾਂ ਨੇ ਕਮਾਲ ਦੀ ਬਹਾਦਰੀ ਦਿਖਾਈ। ਜਦੋਂ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਨੇ ਮਾਰਚ 2006 ਵਿਚ ਆਨੰਦਪੁਰ ਸਾਹਿਬ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤਾਂ ਉਨ੍ਹਾਂ ਨੇ ਆਪਣੇ ਬੂਟ ਉਤਾਰੇ, ਫੇਰ ਸਿਰ ਢਕੇ ਅਤੇ ਗੁਰਦੁਆਰਾ ਸਾਹਿਬ ਦੀ ਧਰਤੀ ਨੂੰ ਚੁੰਮਣ ਤੋਂ ਬਾਅਦ ਮੱਥਾ ਟੇਕਿਆ।

9 ਜੂਨ 2010 ਨੂੰ ਸੈਲਡੀਅਨ ਥੀਏਟਰ ਵਿਖੇ ‘ਇਸਲਾਮ ਅਤੇ ਵਾਤਾਵਰਨ’ ਵਿਸ਼ੇ ਬਾਰੇ ਦਿੱਤੇ ਭਾਸ਼ਨ ਵਿਚ ਉਨ੍ਹਾਂ ਨੇ ਪਵਿੱਤਰ ਕੁਰਾਨ ਦਾ ਹਵਾਲਾ ਦੇ ਕੇ ਪਾਣੀ ਦੀ ਸੰਭਾਲ ਦੀ ਗੱਲ ਕਹੀ। ਇਸ ਮੌਕੇ ਉਨ੍ਹਾਂ ਚਿੰਤਾ ਪ੍ਰਗਟ ਕੀਤੀ ਸੀ ਕਿ ਪੰਜਾਬ ਦੇ ਕਿਸਾਨ ਕਿਸ ਤਰ੍ਹਾਂ ਜ਼ਿਆਦਾ ਫਸਲ ਪ੍ਰਾਪਤ ਕਰਨ ਲਈ ਰਸਾਇਣਕ ਖਾਦਾਂ ਦੀ ਵਰਤੋਂ ਕਰ ਰਹੇ ਹਨ। ਪੰਜਾਬ ਦੀ ਧਰਤੀ ਵਿਚੋਂ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ।

ਲੇਖਕ ਪੱਤਰਕਾਰ ਹਨ

Post a Comment

0 Comments
Post a Comment (0)
To Top