ਦੋ ਸਿੱਖ ਭਰਾਵਾਂ ਨੇ ਤਿਆਰ ਕੀਤਾ ਦੁਨੀਆਂ ਦਾ ਸਭ ਤੋਂ ਸਸਤਾ 'ਆਕਾਸ਼' ਕੰਪਿਊਟਰ

ਸੁਨੇਹਾ
0
'ਟੈਬਲੇਟ ਕੰਪਿਊਟਰ' ਤਿਆਰ
ਕਰਨ ਵਾਲੇ ਸਿੱਖ ਇੰਜੀਨੀਅਰ
 ਅਤੇ
 ਬਰਤਾਨਵੀ ਕੰਪਨੀ ਦੇ
 ਸੀਈਓ ਸ. ਸੁਨੀਤ ਸਿੰਘ ਤੁਲੀ
ਬੀਤੇ ਕੱਲ੍ਹ ਨਵੀਂ ਦਿੱਲੀ ਵਿਚ ਦੁਨੀਆਂ ਦਾ ਸਭ ਤੋਂ ਸਸਤਾ 'ਟੈਬਲੇਟ ਕੰਪਿਊਟਰ' (ਬਹੁਤ ਛੋਟੇ ਆਕਾਰ ਦਾ ਪਰ ਆਧੁਨਿਕ) ਜਾਰੀ ਕੀਤਾ ਗਿਆ ਜੋ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਸਕੂਲਾਂ ਵਿਚ ਪੜ੍ਹਦੇ 1 ਲੱਖ ਵਿਦਿਆਰਥੀਆਂ ਨੂੰ 1200 ਰੁਪਏ ਵਿਚ ਵੰਡਿਆ ਜਾਵੇਗਾ ਪਰ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਇਲਮ ਹੋਵੇਗਾ ਕਿ ਭਾਰਤ ਦੀ ਝੋਲੀ ਇਹ ਬਾਕਮਾਲ ਨਿੱਕਾ ਕੰਪਿਊਟਰ ਪਾਉਣ ਵਾਲੇ 2 ਸਿੱਖ ਇੰਜੀਨੀਅਰ ਹਨ ਜੋ ਕਈ ਵਰ੍ਹੇ ਪਹਿਲਾਂ ਆਪਣੇ ਪਿਤਾ ਨਾਲ ਪੰਜਾਬ ਤੋਂ ਕੈਨੇਡਾ ਚਲੇ ਗਏ ਸਨ। ਇਨ੍ਹਾਂ ਸਿੱਖ ਇੰਜੀਨੀਅਰਾਂ ਬਾਰੇ ਪ੍ਰਾਪਤ ਹੋਈ ਰੌਚਕ ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਜਨਵਰੀ ਮਹੀਨੇ ਵਿਚ ਇਕ ਸਾਬਤ ਸੂਰਤ ਸਿੱਖ ਇੰਜੀਨੀਅਰ ਅੰਮ੍ਰਿਤਸਰ ਤੋਂ ਲੰਦਨ ਜਾਣ ਵਾਸਤੇ ਹਵਾਈ ਜਹਾਜ਼ 'ਚ ਬੈਠਿਆ, ਇਸ ਸਿਵਲ ਇੰਜੀਨੀਅਰ ਦਾ ਨਾਂਅ ਸ. ਸੁਨੀਤ ਸਿੰਘ ਤੁਲੀ ਸੀ ਜੋ ਕਿ ਯੂ. ਕੇ. ਦੀ ਇਕ ਨਾਮੀ ਕੰਪਨੀ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹੈ। ਜਹਾਜ਼ ਵਿਚ ਉਸ ਨੇ ਇਕ ਅਖ਼ਬਾਰ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਸ ਵਿਚ ਭਾਰਤ ਸਰਕਾਰ ਦਾ ਇਕ ਇਸ਼ਤਿਹਾਰ ਛਪਿਆ ਸੀ। ਇਹ ਇਸ਼ਤਿਹਾਰ ਟੈਂਡਰ ਦੇ ਰੂਪ 'ਚ ਸੀ ਜਿਸ ਵਿਚ ਭਾਰਤੀ ਵਿਦਿਆਰਥੀਆਂ ਲਈ ਕੇਵਲ 2250 ਰੁਪਏ ਵਿਚ 'ਟੈਬਲੇਟ ਕੰਪਿਊਟਰ' ਤਿਆਰ ਕਰਨ ਲਈ ਦੁਬਾਰਾ ਟੈਂਡਰ ਮੰਗੇ ਸਨ ਕਿਉਂਕਿ ਐਨੀ ਘੱਟ ਕੀਮਤ ਵਿਚ ਕਈ ਸਹੂਲਤਾਂ ਨਾਲ ਲੈਸ ਆਧੁਨਿਕ ਕੰਪਿਊਟਰ ਤਿਆਰ ਕਰਨ ਲਈ ਕਿਸੇ ਕੰਪਨੀ ਨੇ ਸਰਕਾਰ ਦੇ ਪਹਿਲਾਂ ਕੱਢੇ ਟੈਂਡਰ ਪ੍ਰਤੀ ਹੁੰਗਾਰਾ ਨਹੀਂ ਸੀ ਭਰਿਆ। ਟੈਂਡਰ ਪੜ੍ਹ ਕੇ ਸ. ਸੁਨੀਤ ਸਿੰਘ ਨੂੰ ਅਫਸੋਸ ਹੋਇਆ ਕਿਉਂਕਿ ਟੈਂਡਰ ਵਾਸਤੇ ਅਰਜ਼ੀ ਦੇਣ ਦੀ ਤਰੀਕ ਨਿਕਲ ਚੁੱਕੀ ਸੀ। ਸੁਨੀਤ ਸਿੰਘ ਦੇ ਨਿਰਾਸ਼ ਹੋਣ ਦਾ ਇੱਕ ਕਾਰਨ ਹੋਰ ਵੀ ਸੀ ਪਰ ਫਿਰ ਵੀ ਉਸ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨੂੰ ਫੋਨ ਕੀਤਾ ਜਿੱਥੋਂ ਉਸ ਨੂੰ ਪਤਾ ਲੱਗਾ ਕਿ ਇਹ ਖੁੱਲ੍ਹਾ ਟੈਂਡਰ ਹੈ ਤੇ ਉਹ ਇਸ ਵਾਸਤੇ 16 ਫਰਵਰੀ ਤੱਕ ਅਰਜ਼ੀ ਦੇ ਸਕਦੇ ਹਨ। ਲੰਦਨ ਪਹੁੰਚ ਕੇ ਸ. ਸੁਨੀਤ ਸਿੰਘ ਨੇ ਆਪਣੇ ਵੱਡੇ ਭਰਾ ਰਾਜਾ ਸਿੰਘ ਤੁਲੀ ਜੋ ਕੰਪਿਊਟਰ ਇੰਜੀਨੀਅਰ ਹੈ, ਨਾਲ ਮਿਲ ਕੇ ਅਜਿਹਾ ਕੰਪਿਊਟਰ ਤਿਆਰ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ ਅਤੇ ਕੁਝ ਟੈਬਲੇਟ ਕੰਪਿਊਟਰਾਂ ਦੀ ਰੂਪ-ਰੇਖਾ ਤਿਆਰ ਕਰਕੇ ਭਾਰਤ ਸਰਕਾਰ ਅੱਗੇ ਪੇਸ਼ ਕੀਤੇ। ਮਿਹਨਤ ਨੂੰ ਬੂਰ ਪਿਆ ਤੇ ਸਰਕਾਰ ਨੇ ਉਨ੍ਹਾਂ ਨੂੰ ਟੈਂਡਰ ਦੇ ਦਿੱਤਾ।

ਪਰ ਇਸ ਸ. ਸੁਨੀਤ ਸਿੰਘ ਦੀ ਕੰਪਨੀ ਨੂੰ ਟੈਂਡਰ ਮਿਲ ਜਾਣ ਬਾਰੇ ਜਦੋਂ ਦੇਸ਼ਾਂ-ਵਿਦੇਸ਼ਾਂ ਦੀਆਂ ਨਾਮੀ ਤੇ ਵੱਡੀਆਂ 'ਟੈਬਲੇਟ ਕੰਪਿਊਟਰ' ਨਿਰਮਾਣ ਕੰਪਨੀਆਂ ਨੂੰ ਪਤਾ ਲੱਗਾ ਤਾਂ ਸਾਰਿਆਂ ਦੀ ਇਹੋ ਸੋਚ ਸੀ ਕਿ ਸੁਨੀਤ ਸਿੰਘ ਦੀ ਕੰਪਨੀ ਐਨੀ ਘੱਟ ਕੀਮਤ 2250 ਰੁਪਏ ਵਿਚ ਟੈਬਲੇਟ ਕੰਪਿਊਟਰ ਤਿਆਰ ਨਹੀਂ ਕਰ ਸਕਦੀ।  
ਸੁਨੀਤ ਸਿੰਘ ਅਤੇ ਰਾਜਾ ਸਿੰਘ ਤੁਲੀ ਵਲੋਂ ਤਿਆਰ ਕੰਪਿਊਟਰ
ਲਾਂਚ ਕਰਦੇ ਹੋਏ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿੱਲ ਸਿੱਬਲ
ਟੈਂਡਰ ਮਿਲਣ ਮਗਰੋਂ ਜਦੋਂ ਉਹ ਭਾਰਤ ਵਿਚ ਰਿਕਸ਼ੇ ਵਾਲਿਆਂ ਨੂੰ ਰੋਕ ਕੇ ਉਨ੍ਹਾਂ ਨਾਲ ਗੱਲ ਕਰਦੇ ਸਨ ਕਿ ਉਹ ਕਿੰਨੇ ਰੁਪਏ ਵਿਚ ਟੈਬਲੇਟ ਕੰਪਿਊਟਰ ਖਰੀਦਣ ਦੇ ਯੋਗ ਹਨ ਤਾਂ ਲੋਕ ਉਨ੍ਹਾਂ ਨੂੰ ਮੂਰਖ ਸਮਝਦੇ ਸਨ। ਦੋਵੇਂ ਸਿੱਖ ਭਰਾਵਾਂ ਨੇ ਇਸ ਸਭ ਨੂੰ ਚੁਣੌਤੀ ਵਜੋਂ ਲਿਆ ਅਤੇ 1 ਸਾਲ ਦੇ ਵਕਫੇ ਵਿਚ 2250 ਰੁਪਏ 'ਚ ਟੈਬਲੇਟ ਕੰਪਿਊਟਰ ਤਿਆਰ ਕਰ ਦਿੱਤਾ ਜਿਸ ਵਿਚ ਆਮ ਆਦਮੀ ਤੇ ਵਿਦਿਆਰਥੀਆਂ ਦੀਆਂ ਰੋਜ਼ਾਨਾ ਵਰਤੋਂ ਵਾਲੀਆਂ ਕੰਪਿਊਟਰ ਐਪਲੀਕੇਸ਼ਨਜ਼ ਤੋਂ ਇਲਾਵਾ ਮੋਬਾਈਲ ਫੋਨ, ਇੰਟਰਨੈੱਟ, ਵੀਡੀਓਜ਼, ਹਾਰਡ ਡਿਸਕ ਅਤੇ ਹੋਰ ਕਈ ਸਹੂਲਤਾਂ ਮੌਜੂਦ ਹਨ। ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੁੱਝ ਸਮਾਂ ਪਹਿਲਾਂ ਸ. ਸੁਨੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਰਾਜਾ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੀ ਕੰਪਨੀ ਵੱਲੋਂ 'ਪਾਕੇਟ ਸਰਫਰ 2' ਨਾਮ ਦਾ ਛੋਟਾ ਜਿਹਾ ਕੰਪਿਊਟਰ ਤਿਆਰ ਕੀਤਾ ਸੀ ਜੋ ਯੂ. ਕੇ., ਜਰਮਨੀ, ਸਪੇਨ, ਕੈਨੇਡਾ ਅਤੇ ਅਮਰੀਕਾ ਵਿਚ ਲੋਕਾਂ ਵੱਲੋਂ ਐਨਾ ਪਸੰਦ ਕੀਤਾ ਕਿ ਉਨ੍ਹਾਂ ਦੀ ਲੋੜ ਹੀ ਬਣ ਗਿਆ। ਇਸ ਤੋਂ ਵੀ ਪਹਿਲਾਂ 18 ਕੁ ਸਾਲ ਪਹਿਲਾਂ ਇਨ੍ਹਾਂ ਸਿੱਖ ਇੰਜੀਨੀਅਰਾਂ ਨੇ ਕੈਨੇਡਾ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਫੈਕਸ ਮਸ਼ੀਨ ਤਿਆਰ ਕਰਕੇ ਚੀਨ, ਜਾਪਾਨ ਤੇ ਹੋਰ ਦੇਸ਼ਾਂ ਦੇ ਇੰਜੀਨੀਅਰਾਂ ਨੂੰ ਸੋਚਾਂ ਵਿਚ ਪਾ ਦਿੱਤਾ ਸੀ। ਇਹ ਫੈਕਸ ਮਸ਼ੀਨ ਤਿਆਰ ਕਰਨ ਦੀ ਲੋੜ ਇਸ ਕਰਕੇ ਪਈ ਸੀ ਕਿਉਂਕਿ ਉਸ ਵੇਲੇ ਫੈਕਸ ਮਸ਼ੀਨਾਂ ਦਾ ਦੌਰ ਸੀ ਪਰ ਫੈਕਸ ਮਸ਼ੀਨਾਂ ਰਾਹੀਂ ਸੀਮਿਤ ਆਕਾਰ (ਏ4 ਸਾਈਜ਼) ਵਾਲੇ ਪੇਜ਼ ਹੀ ਭੇਜੇ ਜਾ ਸਕਦੇ ਸਨ ਜਦਕਿ ਵੱਡੇ ਵੱਡੇ ਨਕਸ਼ੇ ਤੇ ਹੋਰ ਦਸਤਾਵੇਜ਼ ਇਨ੍ਹਾਂ ਮਸ਼ੀਨਾਂ ਰਾਹੀਂ ਨਹੀਂ ਸਨ ਭੇਜੇ ਸਕਦੇ। ਇਸ ਲਈ ਦੋਵਾਂ ਭਰਾਵਾਂ ਨੇ ਵੱਡੀ ਫੈਕਸ ਮਸ਼ੀਨ ਤਿਆਰ ਕੀਤੀ ਜਿਸ ਵਾਸਤੇ ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਵਿਚ ਵੀ ਦਰਜ ਹੋਇਆ ਤੇ ਕੈਨੇਡਾ ਦੇ 'ਹਾਊਸ ਆਫ ਕਾਮਨ' ਵਿਚ ਉੱਥੋਂ ਦੇ ਸਥਾਨਿਕ ਸੰਸਦ ਮੈਂਬਰ ਨੇ ਦੋਵਾਂ ਭਰਾਵਾਂ ਨੂੰ ਮੁਬਾਰਕਬਾਦ ਵੀ ਦਿੱਤੀ। 

ਪਿਤਾ ਵੀ ਸਨ ਇੰਜੀਨੀਅਰ : ਦੋਵੇਂ ਸਿੱਖ ਭਰਾਵਾਂ ਦੇ ਪਿਤਾ ਸ. ਲਖਬੀਰ ਸਿੰਘ ਵੀ ਸਿਵਲ ਇੰਜੀਨੀਅਰ ਸਨ ਜਿਨ੍ਹਾਂ ਇੰਜੀਨੀਅਰ ਵਜੋਂ ਆਪਣਾ ਕੈਰੀਅਰ ਭਾਰਤ ਤੋਂ ਹੀ ਸ਼ੁਰੂ ਕੀਤਾ। 60ਵੇਂ ਤੇ 70ਵੇਂ ਦਹਾਕਿਆਂ ਦੌਰਾਨ ਉਨ੍ਹਾਂ ਇਕਰਾਜ ਵਿਚ ਵੀ ਇੰਜੀਨੀਅਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ। ਸ. ਲਖਬੀਰ ਸਿੰਘ ਨੇ ਆਪਣੇ ਦੋਵੇਂ ਬੱਚਿਆਂ ਨੂੰ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਵਿਚ ਪੜ੍ਹਾਇਆ ਜਿੱਥੇ ਸੁਨੀਤ ਸਿੰਘ ਨੇ ਸਿਵਲ ਇੰਜੀਨੀਅਰਿੰਗ ਤੇ ਵੱਡੇ ਭਰਾ ਰਾਜਾ ਸਿੰਘ ਨੇ ਕੰਪਿਊਟਰ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ। ਦੋਵਾਂ ਭਰਾਵਾਂ ਦੀ ਇਕ ਭੈਣ ਹੈ ਜੋ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਡਾਕਟਰ ਹੈ। ਸ. ਲਖਬੀਰ ਸਿੰਘ ਦੀ ਸੁਪਤਨੀ ਜੋ ਪ੍ਰਵੀਨ ਨਾਂਅ ਤੋਂ ਵੀ ਜਾਣੇ ਜਾਂਦੇ ਹਨ, ਇਕ ਬਿਹਤਰੀਨ ਚਿੱਤਰਕਾਰ ਤੇ ਕਵਿੱਤਰੀ ਹਨ ਜੋ ਕੈਨੇਡਾ ਤੇ ਅਮਰੀਕਾ ਵਿਚ ਆਪਣੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਉਂਦੇ ਰਹੇ ਹਨ।
  •  ਰੋਜ਼ਾਨਾ 'ਅਜੀਤ' ਵਿੱਚੋਂ ਗੁਰਸੇਵਕ ਸਿੰਘ ਸੋਹਲ ਦੀ ਰਿਪੋਰਟ

Post a Comment

0 Comments
Post a Comment (0)
To Top