Friday, May 27, 2011

ਸਿੱਖ ਕੌਮ ਜਿਊਂਦੀ ਵੀ ਹੈ ਤੇ ਜਾਗਦੀ ਵੀ

ਪਿਛਲੇ ਸਾਲ ਮਈ ਵਿੱਚ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹੰਦ ਦੇ ਜਾਲਮ ਹਾਕਮਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਸਜ਼ਾ ਦੇ ਕੇ ਖਾਲਸਾ ਰਾਜ ਦੀ ਸਿਰਜਣਾ ਕਰਨ ਦੀ ਸ਼ਤਾਬਦੀ ਦੇ ਸਮਾਗਮ ਸ਼ੋਮ੍ਰਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਵੱਲੋਂ ਕਰਵਾਏ ਗਏ ਸਨ। ਇਨ੍ਹਾਂ ਸਮਾਗਮਾਂ ਵਿੱਚ ਚੱਪੜਚਿੜੀ ਅਤੇ ਫਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਪੁਰਖਿਆਂ ਵੱਲੋਂ ਇਤਿਹਾਸ ਵਿੱਚ ਜੋੜੇ ਸਨੁਹਿਰੀ ਪੰਨਿਆਂ ਨੂੰ ਸ਼ਰਧਾ ਅਤੇ ਪਤ੍ਰੀਬੱਧਤਾ ਨਾਲ ਨਤਮਸਤਕ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਸਮੁੱਚੇ ਭਾਰਤ ਵਿੱਚ ਵਸਦੀਆਂ ਸਿੱਖ ਸੰਗਤਾਂ ਨੇ ਹਾਜਰੀ ਭਰੀ ਅਤੇ ਬਹੁਤ ਹੀ ਸ਼ਰਧਾ ਨਾਲ ਸੰਗਤਾਂ ਨੇ ਸ਼ਹੀਦਾਂ ਨੂੰ ਆਪਣੀ ਰੁਹਾਨੀ ਅਕੀਦਤ ਭੇਂਟ ਕੀਤੀ।

ਦੇਸ਼ ਵਿਦੇਸ਼ ਦੀ ਮੀਡੀਆ ਨੇ ਇਸ ਸਮਾਗਮ ਦੀ ਆਪਣੀ ਵਿੱਤ ਅਤੇ ਸਮਝ ਅਨੁਸਾਰ ਰਿਪੋਰਟਿੰਗ ਕੀਤੀ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਵੀ ਇਤਿਹਾਸ ਦੇ ਇਸ ਰੰਗ ਨੂੰ ਇੱਕ ਸੱਚੇ ਸਿੱਖ ਵਾਂਗ ਦੇਖਿਆ। ਉਨ੍ਹਾਂ ਨੇ ਆਪਣੀ ਰਿਪੋਰਟਿੰਗ ਵਿੱਚ ਸਿੱਖੀ ਦੇ ਜਜਬੇ ਨੂੰ ਵੀ ਉਜਾਗਰ ਕੀਤਾ ਅਤੇ ਸੰਗਤਾਂ ਦੀ ਰੂਹਾਨੀ ਮਸੂਮੀਅਤ ਉੱਤੇ ਇੱਕ ਗੰਭੀਰ ਟਿੱਪਣੀ ਵੀ ਕੀਤੀ। ਆਪ ਜੀ ਨੇ ਉਸ ਸਮਾਗਮ ਦੀ ਰਿਪੋਰਟਿੰਗ ਕਰਦੇ ਹੋਏ ਲਿਖਿਆ ਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਪਣੇ ਇਤਿਹਾਸ ਦੇ ਬਹੁਤ ਹੀ ਵੱਡੇ ਨਾਇਕ ਦੀ ਸ਼ਖਸ਼ੀਅਤ ਅਤੇ ਕਾਰਨਾਮੇ ਨੂੰ ਸਿਜ਼ਦਾ ਕਰ ਰਹੀਆਂ ਹਨ ਪਰ ਉਨ੍ਹਾਂ ਦੀ ਰੂਹਾਨੀਅਤ ਵਿੱਚੋਂ ਮੁੜ ਤੋਂ ਰਾਜ ਕਰਨ ਦਾ ਜਜਬਾ ਗਾਇਬ ਹੈ। ਆਪ ਜੀ ਨੇ ਲਿਖਿਆ ਕਿ ਵਰਤਮਾਨ ਸਮੇਂ ਜਿਸ ਕਿਸਮ ਦੇ ਲੀਡਰਾਂ ਨੇ ਸਿੱਖੀ ਦੇ ਧਾਰਮਿਕ ਅਤੇ ਸਿਆਸੀ ਪਿੜ ਨੂੰ ਘੇਰਿਆ ਹੋਇਆ ਹੈ ਉਨ੍ਹਾਂ ਵਿੱਚੋਂ ਕੋਈ ਵੀ ਅਜਿਹਾ ਨਹੀ ਹੈ ਜੋ ਸਿੱਖਾਂ ਵਿੱਚ ਰਾਜ ਕਰਨ ਦਾ ਸੁਪਨਾ ਜਗਾ ਸਕਣ ਦੀ ਸ਼ਕਤੀ ਪੈਦਾ ਕਰ ਸਕੇ। ਕਰਮਜੀਤ ਸਿੰਘ ਦੀ ਰਿਪੋਰਟ ਦਾ ਸਿਰਲੇਖ ਸੀ ’ਸਿੱਖ ਜਿਉਂਦੇ ਹਨ ਪਰ ਜਾਗਦੇ ਨਹੀਂ’।

ਬੇਸ਼ੱਕ ਕਰਮਜੀਤ ਸਿੰਘ ਦੀ ਇਹ ਰਿਪੋਰਟ ਅਸੀਂ ਇੱਕ ਸਾਲ ਪਹਿਲਾਂ ਪੜ੍ਹੀ ਸੀ ਪਰ ਉਸ ਨਾਲ ਉਸੇ ਵੇਲੇ ਅਸੀਂ ਮਾਨਸਿਕ ਤੌਰ ਤੇ ਅਸਹਿਮਤੀ ਜਤਾ ਦਿੱਤੀ ਸੀ। ਹੋ ਸਕਦਾ ਹੈ ਇਹ ਮੇਰੀ ਸਮਝ ਦੀ ਸੀਮਾ ਹੋਵੇ ਪਰ ਮੈਂ ਸਿੱਖ ਕੌਮ ਦੇ ਇਸ ਸਿਆਸੀ-ਮਾਨਸਿਕ ਵਰਤਾਰੇ ਨੂੰ ਬਿਲਕੁਲ ਦੂਜੇ ਪਾਸੇ ਤੋਂ ਦੇਖਦਾ ਆ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਜਿੰਨੇ ਵੀ ਸੱਜਣ 20ਵੀਂ ਸਦੀ ਦੀ ਸਿੱਖ ਲਹਿਰ ਨਾਲ ਸਬੰਧਿਤ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਖਾੜਕੂ ਲਹਿਰ ਦੇ ਹਥਿਆਰਬੰਦ ਵਿੰਗ ਦੇ ਖਤਮ ਹੋ ਜਾਣ ਨਾਲ ਇਹ ਸਮਝ ਬਣ ਗਈ ਹੈ ਕਿ ਸਿੱਖਾਂ ਵਿੱਚੋਂ ਸਿੱਖੀ ਦਾ ਅਸਲ ਤੰਤ ਮਰ ਗਿਆ ਹੈ ਜਾਂ ਕੌਮ ਹੁਣ ਆਪਣੇ ਤੇ ਵਾਪਰ ਰਹੇ ਪ੍ਰਤੀ ਉਸ ਤਰ੍ਹਾਂ ਦੇ ਪ੍ਰਤੀਕਰਮ ਨਹੀ ਕਰਦੀ ਜਿਹੋ ਜਿਹੇ ਪ੍ਰਤੀਕਰਮ ਉਹ ਸਿੱਖ ਖਾੜਕੂ ਲਹਿਰ ਦੀ ਚੜ੍ਹਤ ਵੇਲੇ ਕਰਦੀ ਹੁੰਦੀ ਸੀ।

ਸਾਡੀ ਸਮਝ ਅਨੁਸਾਰ ਇਹ ਸਾਡਾ ਸਾਰਿਆਂ ਦਾ ਭੁਲੇਖਾ ਹੈ। ਮੈਂ ਜਿਸ ਤਰ੍ਹਾਂ ਸਿੱਖ ਕੌਮ ਦੇ ਪ੍ਰਤੀਕਰਮਾਂ ਨੂੰ ਨੋਟ ਕਰਦਾ ਆ ਰਿਹਾ ਹਾਂ ਉਹ ਬਿਲਕੁਲ ਹੀ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਸਿੱਖ ਕੌਮ ਦੇ ਗੁੱਝੇ ਅਤੇ ਪ੍ਰਤੀਬੱਧ ਪ੍ਰਤੀਕਰਮ ਦੇਖਕੇ ਤਾਂ ਕਦੇ ਕਦੇ ਮੈਨੂੰ ਆਪ ਨੂੰ ਵੀ ਹੈਰਾਨੀ ਹੋਣ ਲੱਗ ਜਾਂਦੀ ਹੈ। ਇਸ ਲੇਖ ਰਾਹੀਂ ਮੈਂ ਉਸ ਕੌਮ ਦੇ ਪਤ੍ਰੀਕਰਮ ਆਪਣੇ ਪਾਠਕਾਂ ਨਾਲ ਸਾਂਝੇ ਕਰਾਂਗਾ ਜਿਸ ਦੇ ਖਿਲਾਫ਼ ਦੁਨੀਆਂ ਦੀ ਇੱਕ ਵੱਡੀ ਤਾਕਤ ਦੇ ਸਾਰੇ ਸਾਧਨਾਂ ਨੇ ਜੰਗ ਲੜੀ ਅਤੇ ਉਸ ਜੰਗ ਵਿੱਚ ਤਾਕਤਵਰ ਨੇ ਤਹਿਜ਼ੀਬ, ਤਮੀਜ਼, ਬੇਕਿਰਕੀ ਅਤੇ ਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦਾਬੇ ਵਾਲੇ ਹਾਲਾਤ ਵਿੱਚ ਰਹਿ ਰਹੀਆਂ ਕੌਮਾਂ ਦੇ ਸੁਭਾਅ, ਲੱਛਣਾਂ ਅਤੇ ਪ੍ਰਤੀਕਰਮਾਂ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆ ਜਾਇਆ ਕਰਦੀ ਹੈ। ਇਹ ਕੌਮਾਂ ਜਿੱਥੇ ਸੰਘਰਸ਼ ਦੀ ਚੜ੍ਹਤ ਵੇਲੇ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਕੇ ਆਪਣੇ ਨਿਸ਼ਾਨੇ ਲਈ ਸ਼ਹਾਦਤਾਂ ਦੀ ਝੜੀ ਲਾ ਦੇਂਦੀਆਂ ਹਨ ਉਥੇ ਵਿਰੋਧੀ ਧਿਰ ਦੇ ਦਾਬੇ ਥੱਲੇ ਆ ਜਾਣ ਵੇਲੇ ਆਪਣੇ ਅੰਦਰ ਨੂੰ ਸਮੇਟ ਲੈਂਦੀਆਂ ਹਨ। ਉਹ ਆਪਣੇ ਦਿਲ ਦੀ ਘੁੰਡੀ ਫਿਰ ਕਿਸੇ ਕੋਲ ਵੀ ਨਹੀਂ ਖੋਲ੍ਹਦੀਆਂ। ਅਜਿਹੀ ਹਾਲਤ ਵਿੱਚ ਰਹਿ ਰਹੀਆਂ ਕੌਮਾਂ ਦੇ ਪ੍ਰਤੀਕਰਮ ਫਿਰ ਜੰਗ ਦੇ ਮੈਦਾਨ ਵਾਲੇ ਨਹੀਂ ਰਹਿੰਦੇ ਬਲਕਿ ਬਹੁਤ ਹੀ ਸੂਖਮ ਕਿਸਮ ਦੇ ਹੋ ਜਾਂਦੇ ਹਨ। ਦਾਬੇ ਦੀ ਹਾਲਤ ਵਿੱਚ ਰਹਿ ਰਹੀਆਂ
ਅਜਿਹੀਆਂ ਕੌਮਾਂ ਦੀ ਰੂਹ ਨੂੰ ਪੜਨ੍ਹ ਲਈ ਫਿਰ ਫਲਸਫੇ, ਮਾਨਸਿਕ ਵਿਗਿਆਨ ਅਤੇ ਰਾਜਨੀਤੀ ਦੇ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਗੋਤੇ ਲਾਉਣੇ ਪੈਂਦੇ ਹਨ। ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸ਼ਤਰ ਦੀ ਸਿਖਿਆ ਦੇ ਰਹੇ ਸੰਸਾਰ ਪ੍ਰਸਿੱਧ ਵਿਦਵਾਨ ਜੇਮਜ਼ ਸੀ ਸਕਾਟ ਨੇ ਇਸ ਵਿਸ਼ੇ ਤੇ ਬਹੁਤ ਹੀ ਕਮਾਲ ਦੀਆਂ ਖੋਜਾਂ ਕੀਤੀਆਂ ਹਨ। ਉਨ੍ਹਾਂ ਨੇ ਕਈ ਕਈ ਸਾਲਾਂ ਦੀ ਮਿਹਨਤ ਅਤੇ ਖੋਜ ਤੋਂ ਬਾਅਦ ਗੁਲਾਮੀ ਅਤੇ ਦਾਬੇ ਹੇਠ ਲੰਬੇ ਸਮੇਂ ਤੋਂ ਰਹਿ ਰਹੀਆਂ ਕੌਮਾਂ ਦੀਆਂ ਆਦਤਾਂ, ਮਾਨਸਿਕ ਮਨੋਭਾਵਾਂ ਅਤੇ ਸਿਆਸੀ ਸੋਚ ਉਡਾਰੀਆਂ ਬਾਰੇ ਦੋ ਬੇਮਿਸਾਲ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀ ਪਹਿਲੀ ਕਿਤਾਬ ਹੈ, DOMINATION AND THE ARTS OF RESISTANCE ਅਤੇ ਦੂਜੀ ਕਿਤਾਬ THE ART OF NOT BEING GOVERNED. ਪਹਿਲੀ ਕਿਤਾਬ ਵਿੱਚ ਜੇਮਜ਼ ਨੇ ਗੁਲਾਮੀ ਦੀ ਜੂਨ ਹੰਢਾ ਰਹੀਆਂ ਕੌਮਾਂ ਦੀ ਮਾਨਸਿਕ ਅਵਸਥਾ ਨੂੰ ਬਹੁਤ ਹੀ ਗੰਭੀਰਤਾ ਨਾਲ ਪੜਚੋਲਿਆ ਹੈ। ਉਨ੍ਹਾਂ ਕਿਸੇ ਇੱਕ ਕੌਮ ਨੂੰ ਆਪਣੀ ਖੋਜ ਦਾ ਅਧਾਰ ਬਣਾ ਕੇ ਸਿੱਟੇ ਨਹੀਂ ਕੱਢ ਮਾਰੇ ਬਲਕਿ ਬਹੁਤ ਸਾਰੀਆਂ ਕੌਮਾਂ ਦੀ ਸਿਆਸੀ ਮਾਨਸਿਕਤਾ, ਉਨ੍ਹਾਂ ਸਾਹਮਣੇ ਪੇਸ਼ ਹੋਈਆਂ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਬਾਰੇ ਕੌਮਾਂ ਦੇ ਗੁਝੇਪ੍ਰਤੀਕਰਮਾਂ ਦਾ ਵਿਸ਼ਲੇਸ਼ਣ ਕੀਤਾ ਹੈ। ਵਿਦਵਾਨ ਰਾਜਸੀ ਵਿਗਿਆਨੀ ਦਾ ਕਹਿਣਾ ਹੈ ਕਿ ਗੁਲਾਮੀ ਵਾਲੇ ਹਾਲਾਤ ਵਿੱਚ ਰਹਿ ਰਹੀਆਂ ਕੌਮਾਂ ਦੇ ਪ੍ਰਤੀਕਰਮਾਂ ਨੂੰ ਤੁਸੀਂ ਸਿੱਧੀ ਅੱਖ ਨਾਲ ਨਹੀਂ ਦੇਖ ਸਕਦੇ। ਇਸ ਲਈ ਤੁਹਾਨੂੰ ਕੌਮ ਦੀਆਂ ਰਗਾਂ ਵਿੱਚ, ਕੌਮ ਦੇ ਇਤਿਹਾਸ ਵਿੱਚ ਅਤੇ ਕੌਮ ਦੇ ਮੌਜੂਦਾ ਸਿਆਸੀ-ਮਾਨਸਿਕ ਵਰਤਾਰੇ ਦੇ ਗਹਿਰ ਗੰਭੀਰ ਸਮੁੰਦਰਾਂ ਵਿੱਚ ਉਤਰਨਾ ਪੈਂਦਾ ਹੈ। ਉਸਦਾ ਕਹਿਣਾ ਹੈ ਕਿ ਕੌਮਾਂ ਦੀ ਅਸਲ ਤਾਸੀਰ ਪੜ੍ਹਨ ਲਈ ਤੁਹਾਨੂੰ ਕੌਮ ਦੀ ਮਾਨਸਿਕਤਾ ਦੇ HIDDEN SCRIPTS ਨੂੰ ਪੜ੍ਹਨ ਦੀ ਸਮਰਥਾ ਪੈਦਾ ਕਰਨੀ ਪੈਂਦੀ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਕੌਮਾਂ ਆਪਣੀਆਂ HIDDEN SCRIPTS ਦੇ ਝਲਕਾਰੇ ਕਦੇ ਕਦੇ ਹੀ ਬਿਖੇਰਦੀਆਂ ਹਨ ਅਤੇ ਦਹਾਕਿਆਂ ਤੱਕ ਵਿਰੋਧੀਆਂ ਨੂੰ ਆਪਣੇ ਦਿਲ ਦੀ ਗੱਲ ਨਹੀਂ ਬੁੱਝਣ ਦਿੰਦੀਆਂ। ਕੌਮਾਂ ਦੀ ਹੋਣੀ ਨਾਲ ਸਬੰਧਿਤ ਇਸ ਖੋਜ ਭਰਪੂਰ ਵਿਦਵਤਾ ਦੇ ਅਸਲ ਨਜ਼ਾਰੇ ਤਾਂ ਸਾਰੀ ਕਿਤਾਬ ਪੜ੍ਹਕੇ ਹੀ ਲਏ ਜਾ ਸਕਦੇ ਹਨ ਪਰ ਆਪਣੇ ਲੇਖ ਦੇ ਅਧਾਰ ਲਈ ਅਸੀਂ ਉਸ ਦਾ ਸਾਰ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਹੈ।

ਹੁਣ ਅਸੀਂ ਜੇਮਜ਼ ਸੀ ਸਕਅਟ ਵੱਲੋਂ ਦਿੱਤੇ ਗਏ ਨਿਰਣਿਆਂ ਦੇ ਅਧਾਰ ਤੇ ਸਿੱਖ ਕੌਮ ਵੱਲੋਂ ਆਪਣੀਆਂ HIDDEN SCRIPTS ਦੇ ਝਲਕਾਰੇ ਪੇਸ਼ ਕਰਨ ਦੀਆਂ ਕੁਝ ਉਦਾਹਰਨਾਂ ਸਾਂਝੀਆਂ ਕਰਾਂਗੇ ਫਿਰ ਕੋਈ ਫੈਸਲਾ ਕਰਨਾ ਪਾਠਕਾਂ ਦੇ ਹੱਥ ਵਿੱਚ ਹੋਵੇਗਾ। ਪਿਛਲੇ ਸਾਲ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਰਾਜਨੀਤਿਕ ਗਾਣਿਆਂ ਦੀ ਸੀਡੀ ਪੰਜਾਬ ਵਿੱਚ ਜਾਰੀ ਹੋਈ ਜਿਸਦਾ ਟਾਈਟਲ ਸੀ ‘ਸਿੰਘ ਬੈਟਰ ਦੈਨ ਕਿੰਗ’, ਉਸ ਸੀਡੀ ਵਿੱਚ ਪੰਜਾਬੀ ਦੇ ਕਿਸੇ ਗਾਇਕ ਨੇ ਪਹਿਲੀ ਵਾਰ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨਾਲ ਹੋਏ ਧੱਕਿਆਂ ਦੀ ਗੱਲ ਗੰਭੀਰਤਾ ਨਾਲ ਕੀਤੀ ਸੀ। ਉਸਦੀ ਸੀਡੀ ਦੇ ਗੀਤ ‘ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ’ ਅਤੇ ‘ਜਿਹੜੇ ਕੌਮ ਦੇ ਹੀਰੇ ਸੀ ਦਸ ਉਹ ਕਿਉਂ ਫਾਂਸੀ ਟੰਗੇ, ਜੋ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ’ ਬਹੁਤ ਜ਼ਿਆਦਾ ਮਕਬੂਲ ਹੋਏ। ਇੰਟਰਨੈਟ ਸਾਈਟ ਯੂਟਿਊਬ ਦੇ ਸੈਂਕੜੇ ਸਿੱਖ ਨੌਜਵਾਨਾਂ ਨੇ ਉਨ੍ਹਾਂ ਗਾਣਿਆਂ ਦੀਆਂ ਆਪਣੀ ਸਮਝ ਅਨੁਸਾਰ ਵੀਡੀਓਜ਼ ਬਣਾਕੇ ਪੇਸ਼ ਕੀਤੀਆਂ। ਹਰ ਕਿਸੇ ਨੇ ਉਸ ਗਾਣੇ ਵਿੱਚ ਸੰਤ ਜਰਨੈਲ ਸਿੰਘ ਦੇ ਨਾਲ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਅਤੇ ਭਾਈ ਸੁਖਦੇਵ ਸਿੰਘ ਬੱਬਰ ਅਤੇ ਹੋਰ ਪ੍ਰਮੱਖੁ ਖਾੜਕੂਆਂ ਦੀਆਂ ਤਸਵੀਰਾਂ ਲਗਾ ਕੇ ਉਹ ਵੀਡੀਓਜ਼ ਬਣਾਈਆਂ। ਹਰ ਕਿਸੇ ਨੇ ਕੋਸ਼ਿਸ਼ ਕੀਤੀ ਕਿ ਉਹ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਖੂਬਸੂਰਤ ਬਣਾਵੇ। ਬੱਬੂ ਮਾਨ ਦੇ ਹਰ ਗਾਣੇ ਦੀ ਵੀਡੀਓ ਦੇ ਥੱਲੇ ਜੋ ਆਪਣੇ ਵਿਚਾਰ ਦੇਣ ਦਾ ਖਾਨਾ ਹੁੰਦਾ ਹੈ ਜਰਾ ਉਸ ਖਾਨੇ ਵਿੱਚ ਚੱਲੀ ਉਸਾਰੂ ਬਹਿਸ ਨੂੰ ਪੜ੍ਹਕੇ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਬੇਸ਼ੱਕ ਆਮ ਲੋਕਾਂ ਕੋਲ ਆਪਣੇ ਜਜ਼ਬਾਤ ਪੇਸ਼ ਕਰਨ ਲਈ ਬਹੁਤ ਵਧੀਆ ਸ਼ਬਦ ਨਹੀਂ ਹਨ ਪਰ ਉਸ ਬਹਿਸ ਵਿੱਚ ਪੇਸ਼ ਕੀਤੇ ਵਿਚਾਰਾਂ ਦੀਆਂ ਜੜ੍ਹਾਂ ਨੂੰ ਫੜਨ ਦੀ ਜੇ ਸਾਡੇ ਵਿੱਚ ਤਾਕਤ ਹੈ ਤਾਂ ਉਸਦੀ ਵਰਤਂ ਕਰ ਲੈਣੀ ਚਾਹੀਦੀ ਹੈ। ਉਸ ਸੀਡੀ ਦੇ ਹਰ ਜਜ਼ਬਾਤੀ ਗਾਣੇ ਦੀਆਂ ਲਗਭਗ ਸੌ-ਸੌ ਵੀਡੀਓਜ਼ ਬਣੀਆਂ ਹੋਈਆਂ ਹਨ ਅਤੇ ਕੁਲ ਮਿਲਾਕੇ ਹਰ ਗਾਣੇ ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਹੈ।

ਇੱਥੇ ਹੀ ਬਸ ਨਹੀਂ ਬੱਬੂ ਮਾਨ ਤੋਂ ਬਾਅਦ ਰਾਜ ਕਾਕੜੇ ਦਾ ਗਾਣਾ ‘ਰਾਜਨੀਤੀ’ ਪੰਜਾਬ ਦੇ ਹੌਕਿਆਂ ਅਤੇ ਹਾਵਿਆਂ ਦੀ ਬਾਤ ਪਾਉਂਦਾ ਹੈ। ਰਾਜ ਕਾਕੜੇ ਨੇ ਸਿੱਖਾਂ ਦੇ ਹਉਕਿਆਂ ਨੂੰ ਸ਼ਬਦਾਂ ਨਾਲ ਪੇਸ਼ ਕਰਨ ਦਾ ਬਹੁਤ ਹੀ ਕਾਵਿਕ ਅੰਦਾਜ਼ ਅਪਣਾਇਆ ਹੈ। ਉਸ ਗਾਣੇ ਦੀ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ ਵੀ ਦੋ ਲੱਖ ਤੋਂ ਉਪਰ ਟੱਪ ਗਈ ਹੈ। ਰਾਜ ਕਾਕੜੇ ਦੇ ਗਾਣੇ ਦੀ ਵੀਡੀਓ ਬਾਰੇ ਵੀ ਦੇਸ਼ ਵਿਦੇਸ਼ ਦੇ ਸਿੱਖਾਂ ਨੇ ਜੋ ਆਪਣੇ ਵਿਚਾਰ ਪੇਸ਼ ਕੀਤੇ ਹਨ ਉਹ ਕਿਤਾਬਾਂ ਨਾਲ ਮੱਥਾ ਮਾਰ ਰਹੇ ਸਾਡੇ ਵਰਗਿਆਂ ਲਈ ਕਈ ਭੇਦਾਂ ਤੋਂ ਪਰਦਾ ਚੁੱਕ ਰਹੇ ਹਨ। ਉਨ੍ਹਾਂ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ।ਇੰਟਰਨੈਟ ਤੇ ਹੀ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਦੇਖਦਿਆਂ ਸਾਡੀ ਨਿਗਾਹ ਸਿੱਖ ਖਾੜਕੂਆਂ ਹੱਥੋਂ ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਧਾਰਮਕ ਗੀਤ ‘ਤੇ ਪੈ ਗਈ ਜਿਸਦਾ ਸਿਰਲੇਖ ਹੈ, ‘ਪਾਣੀ ਦਿਆ ਬੁਲ ਬੁਲਿਆ ਕੀ ਮਨਿਆਦਾਂ ਤੇਰੀਆਂ'।
ਜਦੋਂ ਅਸੀਂ ਇਹ ਗੀਤ ਚਲਾ ਕੇ ਵੇਖਿਆ ਤਾਂਦੇਖਕੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਸ ਗਾਣੇ ਦੀ ਵੀਡੀਓ ਬਣਾਉਣ ਵਾਲੇ ਨੇ ਪ੍ਰਮੁੱਖ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਚਲਾਈਆਂ ਹੋਈਆਂ ਹਨ। ਜਦੋਂ ਵੀ ਗਾਣੇ ਦਾ ਅੰਤਰਾ ਚਲਦਾ ਹੈ ਵਾਰ ਵਾਰ ਦੋਵਾਂ ਪਿਓ ਪੁੱਤਰਾਂ ਦੀ ਫੋਟੋ ਆ ਜਾਂਦੀ ਹੈ। ਹੁਣ ਜਿਸ ਕਿਸੇ ਨੇ ਵੀ ਉਹ ਵੀਡੀਓ ਬਣਾਈ ਹੈ ਉਸ ਨੂੰ ਬਾਦਲ ਪਿਓ ਪੁੱਤਰਾਂ ਦੇ ਕਿਰਦਾਰ ਦਾ ਬਾਖੂਬ ਪਤਾ ਹੈ। ਇਸ ਗੱਲ ਦੇ ਸਿੱਖਾਂ ਲਈ ਕੁਝ ਅਰਥ ਨਿਕਲਦੇ ਹਨ।

ਸਮਾਜਕ ਮੀਡੀਆ ਅੱਜ ਦੁਨੀਆਂ ਭਰ ਵਿੱਚ ਰਾਜਸੀ ਇਨਕਲਾਬਾਂ ਦਾ ਵੱਡਾ ਮੰਚ ਬਣ ਰਿਹਾ ਹੈ ਅਤੇ ਦਾਬੇ ਹੇਠ ਰਹਿ ਰਹੀਆਂ ਕੌਮਾਂ ਇਸ ਸਮਾਜਕ ਮੀਡੀਏ ਦੀ ਆਪਣੀ ਸਿਆਸੀ ਹੋਣੀ ਲਈ ਭਰਪੂਰ ਵਰਤੋਂ ਕਰ ਰਹੀਆਂ ਹਨ। ਹਾਲ ਵਿੱਚ ਵੀ ਅਰਬ ਜਗਤ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਸਮਾਜਕ ਮੀਡੀਏ ਦਾ ਬਹੁਤ ਵੱਡਾ ਹੱਥ ਮੰਨਿਆ ਜਾ ਰਿਹਾ ਹੈ। ਮੀਡੀਏ ਦੀ ਇਸ ਨਵੀਂ ਵਰਤੋਂ ਨੇ ਸੰਸਾਰ ਦੇ ਦਿਮਾਗਾਂ ਨੂੰ ਕਬਜ਼ੇ ਹੇਠ ਰੱਖਣ ਦੀ ਨੀਤੀ ਅਪਣਾਕੇ ਚੱਲ ਰਹੇ ਅਮਰੀਕੀ ਪ੍ਰਸ਼ਾਸ਼ਨ ਨੂੰ ਵੀ ਵਖਤ ਪਾਇਆ ਹੋਇਆ ਹੈ। ਇਜ਼ਰਾਈਲ ਦਾ ਹੱਥਠੋਕਾ ਬਣਕੇ ਆਪਣੇ ਲੋਕਾਂ ਤੇ ਜ਼ੁਲਮ ਕਮਾਉਣ ਵਾਲੇ ਮਿਸਰ ਦੇ ਪ੍ਰਧਾਨ ਹੋਸਨੀ ਮੋਬਾਰਕ ਦੀ ਤਾਨਾਸ਼ਹੀ ਦਾ ਅੰਤ ਕਰਨ ਵਿੱਚ ਯੂਟਿਊਬ ਅਤੇ ਫੇਸ ਬੁੱਕ ਨੇ ਵੱਡਾ ਯੋਗਦਾਨ ਪਾਇਆ ਹੈ। ਦੁਖੀ ਤਾਂ ਲੋਕ ਸਾਲਾਂ ਤੋਂ ਸਨ ਪਰ ਉਥੋਂ ਦੇ ਹਾਕਮ ਵੀ ਲੋਕਾਂ ਨੂੰ ਇਕੱਠੇ ਨਹੀਂ ਸਨ ਹੋਣ ਦਿੰਦੇ। ਫੇਸਬੁੱਕ ਅਤੇ ਯੂਟਿਊਬ ਨੇ ਲੋਕਾਂ ਨੂੰ ਉਹ ਮੰਚ ਪ੍ਰਦਾਨ ਕਰ ਦਿੱਤਾ ਜੋ ਸਰਕਾਰੀ ਟੀਵੀ, ਅਖ਼ਬਾਰਾਂ ਅਤੇ ਸਰਕਾਰ ਦੀ ਰਜ਼ਾ ਵਿੱਚ ਚੱਲਣ ਵਾਲੇ ਮੀਡੀਆ ਦੀ ਤਾਨਾਸ਼ਾਹੀ ਵਿੱਚ ਨਹੀਂ ਸੀ ਮਿਲ ਰਿਹਾ। ਸਮਾਜਕ ਮੀਡੀਏ ਦੀ ਤਾਕਤ ਇਸ ਵੇਲੇ ਕਿਸ ਕਦਰ ਮਜ਼ਬੂਤ ਹੋ ਰਹੀ ਹੈ ਇਸਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅਮਰੀਕੀ ਨੀਤੀ ਨੂੰ ਘੜਨ ਵਾਲੇ ਅਤੇ ਪ੍ਰਭਾਵਿਤ ਕਰਨ ਵਾਲੇ ਸਿਧਾਂਤਿਕ ਮੈਗਜ਼ੀਨ ‘ਫਾਰਨ ਅਫੇਅਰਜ਼’ ਨੇ ਆਪਣਾ ਤਾਜ਼ਾ ਅੰਕ ਸਮੁੱਚੇ ਰੂਪ ਵਿੱਚ ਇਸੇ ਵਿਸ਼ੇ ਤੇ ਕੱਢਿਆ ਹੈ। ਇਸ ਵਾਰ ਉਸਦੀ ਮੁਖ ਸਟੋਰੀ ਦਾ ਸਿਰਲੇਖ ਸੀ, The Political Power Of Social Media ਖੈਰ ਅਸੀਂ ਗੱਲ ਪੰਜਾਬ ਦੀ ਅਤੇ ਸਿੱਖਾਂ ਦੇ ਪ੍ਰਤੀਕਰਮਾਂ ਦੀ ਕਰ ਰਹੇ ਸੀ ਉਸੇ ਤੇ ਮੁੜ ਕੇਂਦਰਿਤ ਹੁੰਦੇ ਹਾਂ। ਸਿੱਖਾਂ ਦੇ ਪ੍ਰਤੀਕਰਮਾਂ ਦੀ ਖੂਬਸੂਰਤੀ ਵਿੱਚ ਕਮੀ ਨਹੀ ਆਈ ਬਲਕਿ ਪ੍ਰਤੀਕਰਮਾਂ ਨੂੰ ਪ੍ਰਗਟ ਕਰਨ ਦੀ ਤਾਸੀਰ ਬਦਲ ਗਈ ਹੈ। ਇਹ ਸਿਰਫ ਆਦਤ ਵਿੱਚ ਤਬਦੀਲੀ ਹੈ, ਮਾਨਸਿਕ ਅਵਸਥਾ ਵਿੱਚ ਜੋ ਚੱਲ ਰਿਹਾ ਹੈ ਉਹ ਗੁੱਝਾ ਨਹੀਂ ਹੈ। ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਹਨ ਸਿੱਖਾਂ ਨੇ ਉਸੇ ਤਰ੍ਹਾਂ ਆਪਣੇ ਪ੍ਰਤੀਕਰਮਾਂ ਦਾ ਸੁਭਾਅ ਬਦਲ ਲਿਆ ਹੈ।

ਰੋਜ਼ਾਨਾ ‘ਅਜੀਤ’ ਪੰਜਾਬੀ ਦਾ ਪ੍ਰਮੁੱਖ ਅਖਬਾਰ ਹੈ। ਇਸ ਦੇ ਪਾਠਕ ਮੁਖ ਤੌਰ ਤੇ ਸਿੱਖ ਹੀ ਹਨ। ਸਾਡੇ ਅੰਦਾਜ਼ੇ ਅਨੁਸਾਰ ਤਾਂ ‘ਅਜੀਤ’ ਦੇ 99 ਫੀਸਦੀ ਪਾਠਕ ਹੀ ਸਿੱਖ ਹਨ ਕਿਉਂਕਿ ਕੋਈ ਵੀ ਹਿੰਦੂ ਸ਼ਾਇਦ ਹੀ ਇਸਨੂੰ ਪੜ੍ਹਦਾ ਹੋਵੇ। ਚਲੋ ਆਪਾਂ ਇਹ ਮੰਨ ਲੈਂਦੇ ਹਾਂ ਕਿ ‘ਅਜੀਤ’ ਦੇ 95 ਫੀਸਦੀ ਪਾਠਕ ਤਾਂ ਸਿੱਖ ਹਨ। ਇੰਟਰਨੈਟ ਦੇ ਇਸਦੇ ਐਡੀਸ਼ਨ ਨੂੰ ਪੜ੍ਹਨ ਵਾਲੇ ਵੀ 95 ਫੀਸਦੀ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਹਨ। ਜਿਹੜੇ ਸੱਜਣ ਇੰਟਰਨੈਟ ਤੇ ‘ਅਜੀਤ’ ਦਾ ਐਡੀਸ਼ਨ ਪੜ੍ਹਦੇ ਹਨ ਉਨ੍ਹਾਂ ਬਾਰੇ ਆਪਾਂ ਇਹ ਆਖ ਸਕਦੇ ਹਾਂ ਕਿ ਉਹ ਪੜ੍ਹੇ ਲਿਖੇ ਅਤੇ ਸੁਚੇਤ ਸਿੱਖ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅੱਜਕੱਲ੍ਹ ਮੀਡੀਆ ਕਿਵੇਂ ਸਰਕਾਰਾਂ ਦੀ ਸੱਜੀ ਬਾਂਹ ਬਣਕੇ ਸਥਾਪਤੀ ਦੀ ਰਾਜਨੀਤੀ ਆਪਣੇ ਪਾਠਕਾਂ ਨੂੰ ਪਰੋਸ ਰਿਹਾ ਹੈ। ਇਹ ਪਾਠਕ ਖਬਰਾਂ ਦੇ ਪਿੱਛੇ ਚਲਦੀ ਰਾਜਨੀਤੀ ਨੂੰ ਵੀ ਪੂਰੀ ਤਰ੍ਹਾਂ ਸਮਝਦੇ ਹਨ ਜੋ ਸੱਥਾਂ ਵਿੱਚ ਬੈਠਕੇ ਅਖਬਾਰ ਪੜ੍ਹਨ ਵਾਲੇ ਨਹੀਂ ਦੇਖ ਸਕਦੇ।

‘ਅਜੀਤ’ ਦੇ ਇੰਟਰਨੈਟ ਐਡੀਸ਼ਨ ਵਿੱਚ ਅਖ਼ਬਾਰ ਦੇ ਸੰਪਾਦਕੀ ਮੰਡਲ ਵੱਲਂ ਪਾਠਕਾਂ ਦੇ ਹੁੰਗਾਰੇ ਲਈ ਕੋਈ ਸਵਾਲ ਪਾਇਆ ਜਾਂਦਾ ਹੈ ਜਿਸਦਾ ਜਵਾਬ ਹਾਂ ਜਾਂ ਨਾਹ ਵਿੱਚ ਹੁੰਦਾ ਹੈ। ਸੰਪਾਦਕੀ ਮੰਡਲ ਸੁਆਲਾਂ ਦੀ ਘਾੜਤ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖਦਾ ਹੈ ਕਿ ਪਾਇਆ ਜਾਣ ਵਾਲਾ ਸੁਆਲ ਸਥਾਪਤੀ ਦੇ ਖਿਲਾਫ ਨਾ ਜਾਂਦਾ ਹੋਵੇ ਅਤੇ ਕਿਸੇ ਨਾ ਕਿਸੇ ਢੰਗ ਨਾਲ ‘ਅਜੀਤ’ ਦੇ ਪਾਠਕਾਂ ਨੂੰ ਸਥਾਪਤੀ ਦੇ ਹੱਕ ਵਿੱਚ ਭੁਗਤਾਇਆ ਜਾਵੇ। ਖਾਸ ਕਰਕੇ ਪੰਜਾਬ ਸਰਕਾਰ ਨੂੰ ਹਮੇਸ਼ਾ ਬਚਾਕੇ ਰੱਖਣ ਦਾ ਖਿਆਲ ਸੰਪਾਦਕੀ ਮੰਡਲ ਦੇ ਮਨ ਵਿੱਚ ਰਹਿੰਦਾ ਹੈ। ਪਰ ਗਾਹੇ ਬਗਾਹੇ ਕੰਮ ਦੇ ਬੋਝ ਨਾਲ ਸੰਪਾਦਕੀ ਮੰਡਲ ਕਈ ਵਾਰ ਅਣਜਾਣ ਪੁਣੇ ਵਿੱਚ ਹੀ ਅਜਿਹੇ ਸੁਆਲ ਪਾ ਜਾਂਦਾ ਹੈ ਜਿਸਦੇ ਨਤੀਜੇ ਸਿੱਖਾਂ ਦੀ ਮਾਨਸਿਕਤਾ ਦਾ ਅਧਿਐਨ ਕਰਨ ਵਾਲਿਆਂ ਲਈ ਕਾਫੀ ਲਾਹੇਵੰਦੇ ਹੁੰਦੇ ਹਨ।

ਇੱਥੇ ਅਸੀਂ ਸਿੱਖ ਮਾਨਸਿਕਤਾ ਵਿੱਚ ਪੈਦਾ ਹੋਏ ਉਸ ਸ਼ਾਂਤ ਇਨਕਲਾਬ ਦੇ ਲੱਛਣ ਕੁਝ ਉਦਾਹਰਨਾਂ ਰਾਹੀਂ ਦੇਖਾਂਗੇ। ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ਵਿਚਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਵੋਟਾਂ ਪਵਾਈਆਂ ਗਈਆਂ ਸਨ। ਸਿੱਖ ਸੰਗਤਾਂ ਨੇ ਉਸ ਚੋਣ ਵਿੱਚ ਕਨੇਡਾ ਦੀ ਧਰਤੀ ਦੇ ਜੰਮਪਲ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜਿਤਾਕੇ ਗੁਰਦੁਆਰੇ ਦਾ ਪ੍ਰਬੰਧ ਸੌਂਪ ਦਿੱਤਾ ਸੀ। ਉਸ ਚੋਣ ਦੇ ਨਤੀਜੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਤੇ ਸੁਆਲ ਪਾਇਆ ਗਿਆ ਕਿ, ਕੀ ਤੁਸੀਂ ਸਰੀ ਦੇ ਗੁਰੂਘਰ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਨੌਜਵਾਨਾਂ ਨੂੰ ਸੌਂਪਣ ਦੇ ਹੱਕ ਵਿੱਚ ਹੋ। ਇਸ ਦੇ ਜੁਆਬ ਵਿੱਚ 86 ਫੀਸਦੀ ਸੁਚੇਤ ਸਿੱਖ ਪਾਠਕਾਂ ਨੇ ਹਾਂ ਆਖਿਆ। ਹੁਣ ਪੰਥ ਦੀ ਮੁਖਧਾਰਾ ਨਾਲ ਜੁੜੇ ਸਾਰੇ ਸੱਜਣਾਂ ਨੂੰ ਪਤਾ ਹੈ ਕਿ ਸਰੀ ਦੇ ਉਸ ਗੁਰੂਘਰ ਵਿੱਚ ਨੌਜਵਾਨਾਂ ਤੋਂ ਪਹਿਲਾਂ ਕਿਨ੍ਹਾਂ ਲੋਕਾਂ ਦਾ ਕਬਜ਼ਾ ਸੀ, ਉਹ ਕਿਸਦੇ ਇਸ਼ਾਰੇ ਤੇ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਅਤੇ ਉਨ੍ਹਾਂ ਦੀ ਹਾਰ ਨਾਲ ਕਿਸ ਕਿਸ ਧਿਰ ਨੂੰ ਸਭ ਤੋਂ ਵੱਡਾ ਧੱਕਾ ਲੱਗਾ ਹੈ। ਹੁਣ ਪ੍ਰਬੰਧ ਸੰਭਾਲ ਰਹੇ ਸਿੱਖ ਨੌਜਵਾਨਾਂ ਦੀ ਕੀ ਰਾਜਸੀ ਵਿਚਾਰਧਾਰਾ ਹੈ ਇਸ ਬਾਰੇ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਉੱਜਲ ਦੁਸਾਂਝ ਨੂੰ ਉਨ੍ਹਾਂ ਨੌਜਵਾਨਾਂ ਖਿਲਾਫ ਬੋਲਣ ਦੀ ਲੋੜ ਕਿਉਂ ਪਈ ਇਸਦਾ ਵੀ ਸਭ ਨੂੰ ਪਤਾ ਹੈ। ਇਸ ਲਈ ਜੇ 86 ਫੀਸਦੀ ਸਿੱਖ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਜਿਹੀ ਸੋਚ ਵਾਲੇ ਨੌਜਵਾਨਾਂ ਨੂੰ ਦੇਣ ਦੀ ਹਮਾਇਤ ਕਰਦੇ ਹਨ ਤਾਂ ਇਸਦੇ ਬਹੁਤ ਡੂੰਘੇ ਅਰਥ ਹਨ। ਸਿਰਫ ਉਨ੍ਹਾਂ ਅਰਥਾਂ ਨੂੰ ਪੜ੍ਹਨ ਵਾਲੀ ਅੱਖ ਚਾਹੀਦੀ ਹੈ।

ਇਕ ਵਾਰ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਤੇ ਫਿਰ ਸੁਆਲ ਪਾਇਆ ਗਿਆ ਕਿ ਕੀ ਤੁਸੀਂ ਭਾਰਤ ਵਿੱਚ ਪ੍ਰੈਸ ਦੀ ਭੂਮਿਕਾ ਤੋਂ ਸੰਤੁਸ਼ਟ ਹੋ? 75 ਫੀਸਦੀ ਪਾਠਕਾਂ ਨੇ ਇਸਦਾ ਉਤਰ ਨਾਂਹ ਵਿੱਚ ਦਿੱਤਾ। ਇਸਦਾ ਭਾਵ ਹੈ ਕਿ 70 ਫੀਸਦੀ ਸਿੱਖ ਭਾਰਤ ਵਿੱਚ ਪ੍ਰੈਸ ਦੀ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਨ। ਇਸ ਗੱਲ ਦੇ ਵੀ ਡੂੰਘੇ ਅਰਥ ਹਨ। ਭਾਰਤ ਵਿੱਚ ਪ੍ਰੈਸ ਭਾਰਤੀ ਵਿਦੇਸ਼ ਵਜ਼ਾਰਤ ਅਤੇ ਗ੍ਰਹਿ ਵਜ਼ਾਰਤ ਦੀ ਸੱਜੀ ਬਾਂਹ ਬਣਕੇ ਚੱਲਦੀ ਹੈ। ਭਾਰਤੀ ਪ੍ਰੈਸ ਦੇ ਸਮੁੱਚੇ ਵਰਤਾਰੇ ਤੇ ਨਜ਼ਰ ਮਾਰਿਆਂ ਕਦੇ ਵੀ ਇਹ ਨਹੀਂ ਜਾਪਦਾ ਕਿ ਉਹ ਅਜ਼ਾਦ ਹੈ। ਉਹ ਆਪਣਾ ਮੂੰਹ ਰੱਖਣ ਲਈ ਸਥਾਪਤੀ ਦੇ ਮਿੱਠੀਆਂ ਮਿੱਠੀਆਂ ਚੂੰਢੀਆਂ ਵੱਢ ਕੇ ਫਰੈਂਡਲੀ ਮੈਚ ਤਾਂ ਖੇਡ ਲੈਂਦੀ ਹੈ ਪਰ ਉਸਦੇ ਜਰਜਰੇ ਢਾਂਚੇ ਨੂੰ ਢਾਹਢੇਰੀ ਕਰਨ ਲਈ ਕਦੇ ਵੀ ਕਦਮ ਨਹੀਂ ਚੁੱਕਦੀ।
ਘੱਟ ਗਿਣਤੀਆਂ ਉੱਤੇ ਭਾਵੇਂ ਜੁਲਮੋ ਸਿਤਮ ਦੀ ਹਨੇਰੀ ਵਗ ਜਾਵੇ ਭਾਰਤੀ ਪ੍ਰੈਸ ਜਾਲਮਾਂ ਨਾਲ ਹਮੇਸ਼ਾ ਹੀ ਜੋਟੀ ਪਾਕੇ ਰੱਖਦੀ ਹੈ। ਭਾਰਤੀ ਪ੍ਰੈਸ ਜਿੰਨੀ ਨਫ਼ਰਤ ਅਤੇ ਜਾਲਮ ਤਰੀਕੇ ਨਾਲ ਘੱਟ ਗਿਣਤੀਆਂ ਦੇ ਖਿਲਾਫ ਬੋਲਦੀ ਹੈ ਹੁਣ ਉਨਾਂ ਜੋਰ ਭਰਿਸ਼ਟਾਚਾਰੀਆਂ ਦੇ ਮੁਲਕ ਤੋਂ ਬਾਹਰ ਪਏ ਪੈਸੇ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਭੱਦਰਪੁਰਸ਼ਾਂ ਨੂੰ ਬੇਨਕਾਬ ਕਰਨ ਲਈ ਨਹੀਂ ਲਾ ਰਹੀ ਜੋ ਦੇਸ਼ ਦੇ ਅਸਲ ਅੱਤਵਾਦੀ ਹਨ। ਇਸ ਵੇਲੇ ਸਮੁੱਚੀ ਭਾਰਤੀ ਪ੍ਰੈਸ ਪੂਰੀ ਤਰ੍ਹਾਂ ਭਰਿਸ਼ਟਾਚਾਰੀਆਂ ਦੇ ਨਾਲ ਖੜ੍ਹੀ ਹੈ। ਜੇ ਇਸ ਹਾਲਤ ਵਿੱਚ 70 ਫੀਸਦੀ ਸਿੱਖ ਭਾਰਤੀ ਪ੍ਰੈਸ ਖਿਲਾਫ ਆਪਣੀ ਰਾਇ ਦੇ ਰਹੇ ਹਨ ਤਾਂ ਇਸ ਬਾਰੇ ਸੋਚਣਾ ਬਣਦਾ ਹੈ।

ਬਾਬਰੀ ਮਸਜਿਦ ਅਤੇ ਰਾਮ ਮੰਦਰ ਵਾਲੇ ਝਗੜੇ ਦਾ ਫੈਸਲਾ ਆਉਣ ਤੋਂ ਪਹਿਲਾਂ ’ਅਜੀਤ’ ਨੇ ਸਵਾਲ ਪਾਇਆ ਕਿ ਕੀ ਅਦਾਲਤ ਦਾ ਫ਼ੈਸਲਾ ਮਸਜਿਦ ਦੇ ਹੱਕ ਵਿੱਚ ਆਵੇਗਾ? ਤਾਂ 77 ਫੀਸਦੀ ਪਾਠਕਾਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ ਕਿਉਂਕਿ ਇਨਸਾਫ ਦੇ ਮਾਮਲੇ ਵਿੱਚ ਭਾਰਤੀ ਅਦਾਲਤੀ ਢਾਂਚੇ ਦੀ ਭੂਮਿਕਾ ਵੀ ਭਾਰਤੀ ਪ੍ਰੈਸ ਵਰਗੀ ਹੀ ਰਹੀ ਹੈ। ਇਸ ਹਾਲਤ ਵਿੱਚ ਸਿੱਖ ਪਾਠਕਾਂ ਦੀ ਰਾਇ ਸੁਟ ਪਾਉਣ ਵਾਲੀ ਨਹੀਂ ਹੈ। ਉਹ ਆਪਣੇ ਜੀਵਨ ਦੇ ਤਜਰਬੇ ਦੇ ਅਧਾਰ ਤੇ ਹੀ ਆਪਣੀ ਰਾਇ ਦੇ ਰਹੇ ਸਨ। ਇਸੇ ਤਰ੍ਹਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ 25ਵੀ ਵਰੇਗੰਢ ਮੌਕੇ ਜ਼ੀ ਟੀਵੀ ਨੇ ਉਸ ਕਤਲੇਆਮ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਅਤੇ ਅੰਤ ਵਿੱਚ ਸੁਆਲ ਪਾਇਆ ਕਿ ਕੀ ਨਵੰਬਰ 1984 ਦੇ ਕਤਲੇਆਮ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਗਿਆ ਹੈ? ਤਾਂ 98 ਫੀਸਦੀ ਵੋਟਾਂ ਪਾਉਣ ਵਾਲਿਆਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ।

ਇਸ ਮਾਮਲੇ ਵਿੱਚ ਸਭ ਤੋਂ ਦਿਲਚਸਪ ਵਰਤਾਰਾ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੇ ਮਾਮਲੇ ਵਿੱਚ ਵਾਪਰਿਆ ਜਿਸ ਨੇ ਸਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਅਸੀਂ ਕੌਮ ਦੇ ਅੰਦਰੂਨੀ ਵਲਵਲਿਆਂ ਨੂੰ ਇੱਕ ਤੰਦ ਵਿੱਚ ਪਰੋ ਕੇ ਦੇਖਣਯੋਗ ਹੋਏ। ਹੰਸ ਰਾਜ ਹੰਸ ਨੂੰ ਅਕਾਲੀ ਦਲ ਵਿੱਚ ਪੈਰਾਸ਼ੂਟ ਰਾਹੀਂ ਉਤਾਰ ਕੇ ਅਤੇ ਫਿਰ ਜਲੰਧਰ ਤੋਂ ਉਸ ਨੂੰ ਲੋਕ ਸਭਾ ਲਈ ਅਕਾਲੀ ਦਲ ਦਾ ਨੁਮਾਇੰਦਾ ਨਿਯੁਕਤ ਕਰਨ ਤੋਂ ਇੱਕ ਦੋ ਦਿਨਾ ਬਾਅਦ ਹੀ ‘ਅਜੀਤ’ ਦੇ ਇੰਟਰਨੈਟ ਐਡੀਸ਼ਨ ਉਤੇ ਅਜਿਹਾ ਸੁਆਲ ਪਾਇਆ ਗਿਆ ਜਿਸ ਨੇ ਸਿੱਖਾਂ ਦੇ ਕੌਮੀ ਚਰਿੱਤਰ ਦੀ ਨਿਸ਼ਾਨਦੇਹੀ ਕੀਤੀ। ਸੁਆਲ ਇਹ ਸੀ ਕਿ, ਕੀ ਹੰਸ ਰਾਜ ਹੰਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਨਾਲ ਪੰਜਾਬੀਅਤ ਦੀ ਭਾਵਨਾ ਮਜਬੂਤ ਹੋਵੇਗੀ? 67ਫੀਸਦੀ ਪਾਠਕਾਂ ਨੇ ਇਸਦਾ ਜੁਆਬ ਨਾਂਹ ਵਿੱਚ ਦਿੱਤਾ। ਸਿੱਖ ਪਾਠਕਾਂ ਦੀ ਇਸ ਸੁਚੇਤ ਚੋਣ ਨੇ ਹੀ ਅਸਲ ਵਿੱਚ ਸਾਨੂੰ ਸਿੱਖਾਂ ਦੇ ਅੰਦਰੂਨੀ ਵਲਵਲਿਆਂ ਨੂੰ ਸਮਝਣ ਦੀ ਨਵੀਂ ਦਿਸ਼ਾ ਦਿੱਤੀ ਸੀ। ਬੇਸ਼ੱਕ 67ਫੀਸਦੀ ਪਾਠਕ ਗਿਣਤੀ ਬਹੁਤੀ ਜਿਆਦਾ ਨਹੀਂ ਹੈ ਪਰ ਫਿਰ ਵੀ ਬਹੁਗਿਣਤੀ ਹੋਣ ਕਰਕੇ ਅਸੀਂ ਇਸਦਾ ਸੁਆਗਤ ਕਰਦੇ ਹਾਂ। ਇਸ ਗੱਲ ਦੀ ਸਾਨੂੰ ਵੀ ਆਸ ਨਹੀਂ ਸੀ ਕਿ ‘ਅਜੀਤ’ ਦੇ ਸੁਚੇਤ ਸਿੱਖ ਪਾਠਕ ਏਨੀ ਵੱਡੀ ਗਿਣਤੀ ਵਿੱਚ ਅਤੇ ਏਨੀ ਸਪੱਸ਼ਟਤਾ ਨਾਲ ਇਸ ਸੁਆਲ ਦਾ ਜੁਆਬ ਦੇਣਗੇ, ਕਿਉਂਕਿ ਪੰਜਾਬੀਅਤ ਦੇ ਸੰਕਲਪ ਨੂੰ ਜਿਵੇਂ ਮਿੱਠੀਆਂ ਗੋਲੀਆਂ ਵਿੱਚ ਲਪੇਟ ਕੇ ਜਿੰਨੀ ਸੱਭਿਅਕ ਭਾਸ਼ਾ ਵਿੱਚ ਸਿੱਖਾਂ ਦੀ ਸ਼ਰੀਕ ਧਿਰ ਵੱਜੋਂ ਉਸਾਰਿਆ ਅਤੇ ਉਭਾਰਿਆ ਗਿਆ ਸੀ ਉਸ ਹਾਲਤ ਵਿੱਚ ਇਹ ਲਗਦਾ ਨਹੀਂ ਸੀ ਕਿ ਸਿੱਖ ਪਾਠਕਾਂ ਦਾ ਪ੍ਰਤੀਕਰਮ ਏਨਾ ਸੂਝਵਾਨ ਹੋਵੇਗਾ। ਇਸ ਸੁਆਲ ਦੇ ਜੁਆਬ ਨੇ ਇਹ ਵੀ ਸਪਸ਼ਟ ਕੀਤਾ ਕਿ ਮੀਡੀਆ ਆਪਣੇ ਨਿੱਜੀ ਨਿਸ਼ਾਨਿਆਂ ਦੀ ਪੂਰਤੀ ਲਈ ਸਿੱਖਾਂ ਦੇ ਦਿਮਾਗਾਂ ਨੂੰ ਅਗਵਾ ਕਰਨ ਵਿੱਚ ਹਾਲੇ ਵੀ ਸਫਲ ਨਹੀਂ ਹੋਇਆ। ਹੰਸ ਰਾਜ ਹੰਸ ਦਾ ਅਕਾਲੀ ਦਲ ਜਾਂ ਸਿੱਖਾਂ ਦੇ ਸੰਘਰਸ਼ ਨਾਲ ਕੁਝ ਵੀ ਸਾਂਝਾ ਨਹੀਂ ਹੈ ਨਾ ਉਹ ਕਦੇ ਸਿੱਖਾਂ ਵੱਲੋਂ ਪੰਜਾਬ ਦੀ ਗੈਰਤ ਲਈ ਕੀਤੇ ਸੰਘਰਸ਼ ਵਿੱਚ ਝੱਲੇ ਤਸੀਹਿਆਂ ਦਾ ਹਮਸਫਰ ਰਿਹਾ ਹੈ ਅਤੇ ਨਾ ਹੀ ਸਿੱਖਾਂ ਦੀਆਂ ਰੁਹਾਨੀ ਖੁਸ਼ੀਆਂ ਦਾ ਭਾਈਵਾਲ ਰਿਹਾ ਹੈ। ਉਹ ਕੁਝ ਲੋਕਾਂ ਦੀਆਂ ‘ਨਿੱਜੀ ਲੋੜਾਂ’ ਦੀ ਪੂਰਤੀ ਕਰਦਾ ਰਹਿੰਦਾ ਹੈ ਜਿਸਦੇ ਇਵਜ਼ ਵੱਜੋਂ ਉਸ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਸੀ।

ਹੁਣ ਬਾਅਦ ਵਿੱਚ ਵੀ ਉਹ ਕਦੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਇਆ। ਇਸ ਲਈ ਜੇ 67ਫੀਸਦੀ ਪਾਠਕਾਂ ਨੇ ਉਸਦੀ ਨੁਮਾਇੰਦਗੀ ਨੂੰ ਅਖੌਤੀ ਪੰਜਾਬੀਅਤ ਦੀ ਮਜਬੂਤੀ ਨਾਲ ਜੋੜਕੇ ਨਹੀਂ ਦੇਖਿਆ ਤਾਂ ਉਨ੍ਹਾਂ ਕੁਝ ਵੀ ਗਲਤ ਨਹੀਂ ਸੀ ਕੀਤਾ। ਸਿੱਖ ਪਾਠਕਾਂ ਦਾ ਫਤਵਾ ਕਿਸੇ ਗੱਲੋਂ ਵੀ ਸੁੱਟ ਪਾਉਣ ਵਾਲਾ ਨਹੀਂ ਸੀ ਕਿਉਂਕਿ ਆਪਣੀ ‘ਪੰਜਾਬੀਅਤ’ ਦਾ ਮੁਜਾਹਰਾ ਹੰਸ ਰਾਜ ਹੰਸ ਨੇ ਕੁਝ ਦਿਨਾਂ ਬਾਅਦ ਹੀ ਕਰ ਦਿੱਤਾ ਸੀ। ਅਕਾਲੀ ਦਲ ਦੀ ਟਿਕਟ ਮਿਲਣ ਤੋਂ ਬਾਅਦ ਦਿੱਲੀ ਵਿੱਚ ਇੱਕ ਸਿੱਖ ਪੱਤਰਕਾਰ ਨੇ ਹੰਸ ਰਾਜ ਹੰਸ ਨੂੰ ਪੁੱਛ ਲਿਆ ਕਿ ਕੀ ਉਹ ਭਾਰਤ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਸਦ ਵਿੱਚ ਕੋਈ ਅਵਾਜ਼ ਉਠਾਵੇਗਾ? ਤਾਂ ਹੰਸ ਰਾਜ ਹੰਸ ਦਾ ਉੱਤਰ ਦਿੱਤਾ ਸੀ ਕਿ ਮੈਂ ਕਿਸੇ ਇੱਕ ਧਰਮ ਨਾਲ ਬੱਝਾ ਹੋਇਆ ਨਹੀਂ ਹਾਂ। ਇਸਦਾ ਕੀ ਭਾਵ ਹੈ? ਸਪਸ਼ਟ ਹੈ ਕਿ ਉਹ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੋਈ ਅਵਾਜ਼ ਨਹੀਂ ਉਠਾਵੇਗਾ। ਇਸ ਇੱਕ ਜੁਆਬ ਨਾਲ ਹੀ ਹੰਸ ਰਾਜ ਹੰਸ ਦਾ ਕਿਰਦਾਰ ਵੀ ਸਾਹਮਣੇ ਆ ਗਿਆ ਅਤੇ ਪੰਜਾਬੀਅਤ ਦੇ ਹੋਕੇ ਮਾਰ ਰਹੇ ਲੋਕਾਂ ਦਾ ਵੀ। ਇਸ ਜੁਆਬ ਨੇ ਸਾਡੀ ਸੋਚ ਨੂੰ ਹੋਰ ਵੀ ਪੱਕਾ ਕੀਤਾ ਕਿ ਪੰਜਾਬੀਅਤ ਅਸਲ ਵਿੱਚ ਸਿੱਖੀ ਦੇ ਪੰਥਕ ਜਜਬੇ ਨੂੰ ਖ਼ਤਮ ਕਰਨ ਲਈ ਉਸਾਰਿਆ ਗਿਆ ਸ਼ਰੀਕ ਕਿਸਮ ਦਾ ਬੇਸਿਰ ਪੈਰਾ ਸੰਕਲਪ ਹੈ ਜਿਸਦਾ ਸਿੱਖ ਮਾਨਸਿਕਤਾ ਨੇ ਗੰਭੀਰ ਤੌਰ ਤੇ ਕੋਈ ਅਸਰ ਨਹੀਂ ਕਬੂਲਿਆ। ਇਹ ਵਰਤਾਰਾ ਸਿਰਫ ਪੰਜਾਬੀ ਅਖ਼ਬਾਰਾਂ ਜਾਂ ਹੋਰ ਭਾਰਤੀ ਮੀਡੀਆ ਤੱਕ ਸੀਮਤ ਨਹੀਂ ਹੈ ਬਲਕਿ ਇਸ ਵਰਤਾਰੇ ਦੀਆਂ ਪੈੜਾਂ ਕੌਮਾਂਤਰੀ ਮੀਡੀਆ ਤੱਕ ਵੀ ਜਾਂਦੀਆਂ ਹਨ। ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਵਸਦੇ ਸਿੱਖਾਂ ਦੇ ਖਿਲਾਫ ਕੁਝ ਹਿੰਸਕ ਕਾਰਵਾਈਆਂ ਕਸ਼ਮੀਰ ਵਿੱਚ ਹੋਈਆਂ। ਸਿੱਖ ਲੀਡਰਾਂ ਨੇ ਇਸ ਖਿਲਾਫ ਕਾਫੀ ਉਚੀ ਅਵਾਜ਼ ਬੁਲੰਦ ਕੀਤੀ। ਸਾਰੇ ਮੀਡੀਆ ਨੇ ਇਸ ਘਟਨਾ ਦੀ ਕਵਰੇਜ਼ ਕੀਤੀ। ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਇੱਕੋ ਸਮੇਂ ਛਪਣ ਵਾਲੇ ਹਫਤਾਵਾਰੀ ਮੈਗਜ਼ੀਨ ‘ਦਾ ਇਕਾਨੌਮਿਸਟ’ ਦੇ ਦਿੱਲੀ ਸਥਿਤ ਬਿਊਰੋ ਚੀਫ ਨੇ ਵਿਸ਼ੇਸ਼ ਤੌਰ ਤੇ ਕਸ਼ਮੀਰ ਜਾਕੇ ਇਸਦੀ ਰਿਪੋਰਟਿੰਗ ਕੀਤੀ। ਉਸਦੇ ਲੇਖ ਥੱਲੇ ਬਹੁਤ ਸਾਰੇ ਪਾਠਕਾਂ ਨੇ ਆਪਣੇ ਵਿਚਾਰ ਦਿੱਤੇ ਹੋਏ ਸਨ। ਜਿਨ੍ਹਾਂ ਵਿੱਚ ਬਹੁਤੇ ਸਰਕਾਰੀ ਸਾਜਿਸ਼ ਵੱਲ ਸੰਕੇਤ ਕਰਦੇ ਸਨ। ਅਸੀਂ ਉਹ ਵਿਚਾਰ ਧਿਆਨ ਨਾਲ ਪੜ੍ਹੇ। ਕਾਫੀ ਵਿਚਾਰ ਤਾਂ ਫੌਰੀ ਸਮੱਸਿਆ ਬਾਰੇ ਪ੍ਰਤੀਕਰਮ ਸਨ ਪਰ ਕਿਸੇ ਸਿੱਖ ਨੇ ਕਿਸੇ ਗੋਰੇ ਦੇ ਨਾਂਅ ਦੀ ਇੰਟਰਨੈਟ ਆਈਡੀ ਬਣਾਕੇ ਸਿੱਖਾਂ ਅਤੇ ਹਿੰਦੂਆਂ ਦੇ ਰਿਸ਼ਤੇ ਦੇ ਫਰਕ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ ਹੋਇਆ ਸੀ ਅਤੇ ਸਿੱਖੀ ਦੀ ਵੱਖਰੀ ਪਹਿਚਾਣ ਬਾਰੇ ਕਾਫੀ ਖੋਲ੍ਹਕੇ ਲਿਖਿਆ ਹੋਇਆ ਸੀ। ਅਜਿਹੇ ਹੋਰ ਵੀ ਬਹੁਤ ਸਾਰੇ ਮੌਕੇ ਜੀਵਨ ਦੀ ਤੌਰ ਦੌਰਾਨ ਮਿਲਦੇ ਰਹਿੰਦੇ ਹਨ ਜਦੋਂ ਸਿੱਖ ਕੌਮ ਆਪਣੇ ਕੌਮੀ ਜਜਬੇ ਦਾ ਸੁਚੇਤ ਤੌਰ ਤੇ ਪ੍ਰਗਟਾਵਾ ਕਰਦੀ ਰਹਿੰਦੀ ਹੈ।

ਆਪਾਂ ਸਾਰੇ ਜੋ ਕੌਮ ਦੇ ਮਾਨਸਿਕ ਧਰਾਤਲ ਦਾ ਥਾਹ ਪਾਉਣ ਲਈ ਯਤਨਸ਼ੀਲ ਹਾਂ, ਸਾਨੂੰ ਇਹ ਗੱਲ ਮੰਨਕੇ ਚੱਲਣਾ ਚਾਹੀਦਾ ਹੈ ਕਿ ਕੌਮ ਨੇ ਆਪਣੇ ਪ੍ਰਤੀਕਰਮਾਂ ਦੇ ਅੰਦਾਜ਼ ਬਦਲੇ ਹਨ ਆਪਣੀ ਸੋਚ ਨਹੀਂ ਬਦਲੀ। ਜਦੋਂ ਕੌਮ ਦੇ ਹਿੱਸੇ ਆਪਣੇ ਸੁਰੱਖਿਅਤ ਘੇਰੇ ਵਿੱਚ ਬੈਠਦੇ ਹਨ ਉਸ ਵੇਲੇ ਉਨ੍ਹਾਂ ਦੇ ਜਜਬਾਤ ਨੂੰ ਬੁਝਣ ਦਾ ਸਹੀ ਵੇਲਾ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਵਿਰੋਧੀ ਧਿਰ ਦਾ ਕੋਈ ਬੰਦਾ ਉਨ੍ਹਾਂ ਦੇ ਘੇਰੇ ਵਿੱਚ ਘੁਸਪੈਠ ਕਰਨ ਦੇ ਕਾਬਲ ਨਹੀਂ ਹੈ ਤਾਂ ਉਹ ਆਪਣੇ ਦਿਲ ਦੀ ਗੱਲ ਕਰਦੇ ਹਨ। ਗੁਰਦੁਆਰੇ ਅਤੇ ਇੰਟਰਨੈਟ ਦਾ ਸਮਾਜਕ ਮੀਡੀਆ ਸਿੱਖਾਂ ਲਈ ਆਪਣੇ ਵਿਚਾਰ ਪ੍ਰਗਟਾਵੇ ਦਾ ਸੁਰੱਖਿਅਤ ਮੰਚ ਹਨ। ਇਸੇ ਲਈ ਸਮੇਂ ਦੀਆਂ ਸਰਕਾਰਾਂ ਗੁਰਦੁਆਰਿਆਂ ਉਤੇ ਵੀ ਆਪਣੇ ਬੰਦਿਆਂ ਦੇ ਕਬਜ਼ੇ ਕਰਵਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ। ਸ਼੍ਰੋਮਣੀ ਕਮੇਟੀ ਤਂ ਲੈ ਕੇ ਅਮਰੀਕਾ, ਇੰਗਲਂਡ ਅਤੇ ਕੈਨੇਡਾ ਦੇ ਗੁਰੂਘਰਾਂ ਉਤੇ ਆਪਣੇ ਬੰਦਿਆਂ ਦੇ ਕਬਜੇ ਕਰਵਾਉਣ ਲਈ ਭਾਰਤੀ ਸਫਾਰਤਖਾਨਿਆ ਵਿੱਚ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਜੇਮਜ਼ ਸੀ ਸਕਾਟ ਨੇ ਵੀ ਲਿਖਿਆ ਹੈ ਕਿ ਨਾਜ਼ੀ ਫੌਜਾਂ ਵੀ ਪੱਬਾਂ ਅਤੇ ਕਲੱਬਾਂ ਵਿੱਚ ਆਮ ਲੋਕਾਂ ਦੇ ਦਾਖਲੇ ਨੂੰ ਰੋਕਣ ਜਾਂ ਉਥੇ ਆਪਣੀ ਕਿਸਮ ਦੀ ਵਿਚਾਰ ਚਰਚਾ ਕਰਵਾਉਣ ਲਈ ਯਤਨਸ਼ੀਲ ਰਹਿੰਦੀਆਂ ਸਨ। ਯੂਰਪ ਵਿੱਚ ਪੱਬ ਅਤੇ ਕਲੱਬ ਹੀ ਸਮਾਜੀ ਮਿਲਵਰਤਣ ਦੀ ਇੱਕ ਸਰੁੱਖਿਅਤ ਪਨਾਹ ਸਨ ਜਿੱਥੇ ਉਹ ਆਪਣੇ ਵਲਵਲੇ ਖੱਲੁ ਕੇ ਪ੍ਰਗਟ ਕਰ ਸਕਦੇ ਸਨ। ਇਸ ਲਈ ਸਿੱਖ ਕੌਮ ਦੀ ਮਾਨਸਿਕ ਹਾਲਤ ਦਾ ਥਾਹ ਪਾਉਣ ਲਈ ਇਨ੍ਹਾਂ HIDDEN SCRIPTS ਨੂੰ ਪੜਨ੍ਹ ਦੀ ਲੋੜ ਹੈ।

-ਅਵਤਾਰ ਸਿੰਘ

No comments:

Post a Comment