ਆਖਰ ਕਿਉਂ ਨਹੀਂ ਬਣਾਈ ਜਾ ਰਹੀ ਸ਼ਹੀਦੀ ਯਾਦਗਾਰ?

ਸੁਨੇਹਾ
0
ਲੇਖਕ : ਹਰਪਾਲ ਸਿਘ ਚੀਮਾ
20ਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਜਦੋਂ ਦਿੱਲੀ ਤਖ਼ਤ, ਅਕਾਲ ਤਖ਼ਤ ਸਾਹਿਬ ਸਾਹਮਣੇ ਛਿੱਥਾ ਪੈਣਾ ਸ਼ੁਰੂ ਹੋ ਗਿਆ ਤੇ ਹਰ ਮਜ਼ਲੂਮ ਦੀ ਫਰਿਆਦਗਾਹ ਤੇ ਇਨਸਾਫ ਦਾ ਕੇਂਦਰ ਬਣ ਚੁੱਕੇ ਅਕਾਲ ਤਖ਼ਤ ਸਾਹਿਬ ਦੀ ਵਧਦੀ ਮਕਬੂਲੀਅਤ ਕਾਰਨ ਜਦੋਂ ਨੇੜ ਭੱਵਿਖ ਵਿੱਚ ਹਿੰਦੁਸਤਾਨੀ ਹਾਕਮਾਂ ਨੂੰ ਦਿੱਲੀ ਤਖ਼ਤ ਦੇ ਹਾਸੀਏ ਤੋਂ ਹਟਣ ਦੀ ਸੂਰੂਆਤ ਨਜ਼ਰ ਆਉਂਦੀ ਜਾਪੀ ਤਾਂ ਇਸ ਰੱਬੀ ਤਖ਼ਤ ਨੂੰ ਨੇਸਤੋ ਨਾਬੂਦ ਕਰਨਾ ਉਨ੍ਹਾਂ ਦੀ ਇਤਿਹਾਸਿਕ ਤੇ ‘ਕੌਮੀ’ ਮਜ਼ਬੂਰੀ ਬਣ ਗਿਆ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਇਸ ਤਖ਼ਤ ਸਮੇਤ ਹੀ ਮਿਟੀ ਵਿੱਚ ਮਿਲਾ ਦੇਣ ਲਈ ਆਖਰ ਹਿੰਦੁਸਤਾਨ ਨੇ ਪੂਰੇ ਲਾਮ ਲਸ਼ਕਰ ਨਾਲ ਜੂਨ 1984 ਵਿੱਚ ਇਸ ਤਖ਼ਤ ’ਤੇ ਹਮਲਾ ਕਰ ਹੀ ਦਿੱਤਾ। 6 ਜੂਨ ਤੱਕ ਚੱਲੀ ਇਸ ਗਹਿਗਚ ਲੜਾਈ ਵਿਚ ਸੰਤ ਭਿੰਡਰਾਂਵਾਲਿਆਂ ਤੇ ਉਨ੍ਹਾ ਦੇ 40 ਦੇ ਕਰੀਬ ਸਾਥੀ ਸਿੰਘਾਂ ਨੇ ਮਾਮੂਲੀ ਹਥਿਆਰਾਂ ਨਾਲ ਭਾਰਤੀ ਤੋਪਾਂ ਟੈਕਾਂ ਨਾਲ ਲੈੱਸ ਭਾਰਤ ਦੀਆਂ ਤਿੰਨਾਂ ਸੈਨਾਵਾਂ ਦਾ ਅੰਤਾਂ ਦੀ ਗਰਮੀ ਵਿਚ ਭੁੱਖੇ ਪਿਆਸੇ ਰਹਿ ਕੇ ਡਟ ਕੇ ਟਾਕਰਾ ਕੀਤਾ। ਬੁਖਲਾਈਆਂ ਹੋਈਆਂ ਭਾਰਤੀ ਫੋਜਾਂ ਨੇ ਇਸ ਮੌਕੇ ਸ੍ਰੀ ਗੁਰੁ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਪਹੁੰਚੀਆਂ ਆਮ ਸਿੱਖ ਸੰਗਤਾਂ ’ਤੇ ਇਸਦਾ ਗੁੱਸਾ ਕੱਢਿਆ ਤੇ ਇਨ੍ਹਾਂ ਸੰਗਤਾਂ ਨੂੰ ਮਾਸੂਮ ਬਚਿਆਂ ਸਮੇਤ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ। ਪ੍ਰਤੱਖ ਦਰਸ਼ੀਆਂ ਅਨੁਸਾਰ ਛੋਟੇ ਬੱਚਿਆਂ ਨੂੰ ਤਾਂ ਭਾਰਤੀ ਸੈਨਿਕਾਂ ਨੇ ਕੰਧਾਂ ਨਾਲ ਪਟਕਾ-ਪਟਕਾ ਕੇ ਸ਼ਹੀਦ ਕੀਤਾ। ਇਨ੍ਹਾਂ
ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣਾਉਣ ਦੀ ਮੰਗ ਸਿੱਖ ਕੌਮ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। ਸਮੇਂ-ਸਮੇਂ ’ਤੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪ ਕੇ ਅਪਣੀਆਂ ਕੌਮੀ ਭਾਵਨਾਵਾਂ ਅਨੁਸਾਰ ਸਿੱਖਾਂ ਨੇ ਇਸ ਯਾਦਗਾਰ ਦੀ ਉਸਾਰੀ ਲਈ ਬੇਨਤੀਆਂ ਕੀਤੀਆਂ ਹਨ ਪਰ ਅੱਜ ਤੱਕ ਇਹ ਯਾਦਗਾਰ ਨਹੀਂ ਬਣਾਈ ਗਈ। ਭਾਵੇਂ 20 ਫਰਵਰੀ 2002 ਨੂੰ ਸ਼੍ਰੋਮਣੀ ਕਮੇਟੀ ਅਪਣੇ ਮਤੇ ਰਾਹੀਂ ਇਹ ਯਾਦਗਾਰ ਬਣਾਉਣ ਦਾ ਫੈਸਲਾ ਕਰ ਚੁੱਕੀ ਹੈ ਤੇ ਇਸ ਤੋਂ ਬਾਅਦ 27 ਮਈ 2002 ਨੂੰ ਉਸ ਸਮੇਂ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੋਈ ਇਕ ਮੀਟਿੰਗ ਵਿੱਚ ਵੀ ਇਹ ਯਾਦਗਾਰ ਬਣਾਏ ਜਾਣ ਦਾ ਫੈਸਲਾ ਲਿਆ ਗਿਆ ਪਰ ਐਨ ਆਖਰੀ ਸਮੇਂ ਬਿਨਾਂ ਕੋਈ ਕਾਰਨ ਦੱਸੇ ਇਸ ਫੈਸਲੇ ਨੂੰ ਮੀਟਿੰਗ ਦੀ ਕਾਰਵਾਈ ਵਿੱਚ ਪਾਉਣ ਤੋਂ ਇਨਕਾਰ ਕਰ ਦਿੱਤਾ ਗਿਆ।

ਇਤਿਹਾਸ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਜਦੋਂ ਵੀ ਗੁਰਦੁਆਰਾ ਪ੍ਰਬੰਧ ਜਾਂ ਰਾਜਸੀ ਸੱਤਾ, ਮੁਕੰਮਲ ਜਾਂ ਅੰਸ਼ਕ ਰੂਪ ਵਿਚ – ਲੰਮੇ ਜਾਂ ਥੋੜ੍ਹੇ ਸਮੇਂ ਲਈ ਵੀ, ਹਾਸਿਲ ਕੀਤੀ ਹੈ ਤਾਂ ਉਨ੍ਹਾਂ ਦਾ ਇਕ ਅਹਿਮ ਕਾਰਜ ਸ਼ਹੀਦੀ ਯਾਦਗਾਰਾਂ ਸਥਾਪਤ ਕਰਨ ਦਾ ਰਿਹਾ ਹੈ। ਜਦੋਂ ਸਿੱਖਾਂ ਨੇ ਲਾਹੌਰ ਦੀ ਰਾਜਸੱਤਾ ਹਾਸਿਲ ਕੀਤੀ ਤਾਂ ਸਿੰਘਾਂ ਦੀ ਕਤਲਗਾਹ ਵੱਜੋਂ ਜਾਣੇ ਜਾਂਦੇ ਸਥਾਨ ਉੱਤੇ “ਸ਼ਹੀਦ ਗੰਜ” ਸਾਹਿਬ ਸਥਾਪਤ ਕੀਤਾ ਜੋ ਅੱਜ ਵੀ ਬਰਕਰਾਰ ਹੈ। ਇਸੇ ਤਰ੍ਹਾਂ ਜਦੋਂ ਬਾਬਾ ਬਘੇਲ ਸਿੰਘ ਨੇ “ਦਿੱਲੀ ਫਤਹਿ” ਕੀਤੀ ਤਾਂ ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਉੱਤੇ ਗੁਰ ਅਸਥਾਨ ਸਥਾਪਤ ਕਰਵਾਇਆ। ਜਦੋਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸਿੱਖਾਂ ਕੋਲ ਅਇਆ ਤਾਂ ਬਿਨਾਂ ਦੇਰੀ ਦੇ “ਸ਼ਹੀਦੀ ਜੰਡ” ਤੇ ਹੋਰਨਾਂ ਨਿਸ਼ਾਨੀਆਂ ਨੂੰ ਸ਼ਹੀਦਾਂ ਅਤੇ ਸਾਕੇ ਦੀਆਂ ਯਾਦਗਾਰਾਂ ਵਜੋਂ ਸਾਂਭਿਆ ਗਿਆ ਜੋ ਕਿ ਅੱਜ ਵੀ ਕਾਇਮ ਹਨ।ਸ਼ਹੀਦੀਆਂ ਤੇ ਸ਼ਹੀਦੀ ਸਾਕਿਆਂ ਦੀਆਂ ਯਾਦਗਾਰਾਂ ਕਾਇਮ ਕਰਨ ਦੀ ਉਕਤ ਇਤਿਹਾਸਕ ਪ੍ਰੰਪਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸਦੇ ਹੱਕ ਵਿੱਚ ਮਤੇ ਪਾਸ ਕਰਨ ਤੇ ਮੀਟਿਗਾਂ ਵਿੱਚ ਫੈਸਲੇ ਲੈਣ ਦੇ ਵਾਵਯੂਦ ਵੀ ਇਹ ਯਾਦਗਾਰ ਨਾ ਬਣਾਏ ਜਾਣ ਦੇ ਇਹ ਮੁੱਖ ਕਾਰਨ ਹਨ:-

ਸਭ ਤੋਂ ਪਹਿਲਾਂ ਤਾਂ ਇਸ ਦੇਸ਼ ਨੂੰ ਚਲਾ ਰਹੀਆਂ ਸ਼ਕਤੀਆਂ ਨਹੀਂ ਚਾਹੰਦੀਆਂ ਕਿ ਦੁਨੀਆਂ ਦੇ ਇਤਿਹਾਸ ਵਿੱਚ ਵਿਲੱਖਣਤਾ ਰੱਖਦੇ ਇਸ ਸ਼ਹੀਦੀ ਸਾਕੇ ਦੀ ਕੋਈ ਯਾਦਗਾਰ ਬਣੇ। ਜੇ ਅਜਿਹਾ ਹੁੰਦਾ ਤਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤ ਵਲੋਂ ਕੀਤੀ ਤਬਾਹੀ ਦੇ ਨਿਸ਼ਾਨ ਹੀ ਨਹੀਂ ਸਨ ਮਿਟਾਏ ਜਾਣੇ ਤੇ ਦੁਨੀਆਂ ਦੀਆਂ ਬਾਕੀ ਕੌਮਾਂ ਵਾਂਗ ਸਿੱਖਾ ਨੇ ਵੀ ਇਸ ਸਾਕੇ ਦੇ ਇਹ ਅਹਿਮ ਸਬੂਤ ਸੰਭਾਲ ਕੇ ਰੱਖਣੇ ਸਨ ਪਰ ਮੌਜ਼ੂਦਾ ਗ਼ੁਲਾਮ ਸ਼੍ਰੋਮਣੀ ਕਮੇਟੀ ਦੇ ਹੱਥੀਂ ਭਾਰਤੀ ਢਾਂਚੇ ਨੇ ਇਹ ਸਬੂਤ ਸਦਾ ਲਈ ਖ਼ਤਮ ਕਰਵਾ ਦਿੱਤੇ ਹਨ। ਦੁਨੀਆਂ ਦੇ ਇਤਿਹਾਸ ਵਿੱਚ ਕਾਬਜ਼ ਕੌਮਾਂ ਨੇ ਹਮੇਸਾਂ ਗੁਲਾਮ ਕੌਮਾਂ ਦੇ ਇਤਿਹਾਸਿਕ, ਸਿਧਾਂਤਕ ਤੇ ਸਭਿਆਚਰਿਕ ਤੱਥਾਂ ਨੂੰ ਇਸੇ ਤਰ੍ਹਾਂ ਨਸ਼ਟ ਕੀਤਾ ਹੈ। ਇਨ੍ਹਾਂ ਸ਼ਕਤੀਆਂ ਵਲੋਂ ਹੀ ਦ੍ਰਾਵਿੜਾਂ ਤੇ ਬੋਧੀਆਂ ’ਤੇ ਢਾਹਿਆ ਗਿਆ ਸਰੀਰਕ ਤੇ ਸਭਿਆਚਾਰਿਕ ਕਹਿਰ ਇਤਿਹਾਸ ਦੇ ਰੂਪ ਵਿੱਚ ਸਾਡੇ ਸਾਹਮਣੇ ਪਿਆ ਹੈ। ਉਹ ਨਹੀਂ ਚਾਹੁੰਦੇ ਕਿ ਉਕਤ ਸਾਕੇ ਅਤੇ ਸ਼ਹੀਦਾਂ ਦੀ ਯਾਦਗਾਰ ਬਣਨ ਨਾਲ ਨਵੀਂ ਪੀੜ੍ਹੀ ਇਸਦੇ ਅਸਲ ਕਾਰਨਾਂ ਦੀ ਇਤਿਹਾਸਕ ਤੇ ਸਭਿਆਚਾਰਿਕ ਪ੍ਰਸੰਗ ਵਿੱਚ ਘੋਖ ਕਰੇ ਤੇ ਇਸ ਘੋਖ ਵਿੱਚੋਂ ਪੰਜਾਬ ਅਤੇ ਸਿੱਖਾਂ ਦੀ ਸਰਬੱਤ ਦੇ ਭਲੇ ਵਾਲੀ ਤੇ ਹਿੰਦੁਸਤਾਨੀਅਤ ਦੀ ਗੈਰ ਮਾਨਵੀ ਪਹੁੰਚ ਦਾ ਵਖਰੇਵਾਂ ਸਪੱਸ਼ਟ ਰੁਪ ਵਿੱਚ ਉਜਾਗਰ ਹੋਵੇ। ਭਾਰਤੀ ਸ਼ਕਤੀਆਂ ਸਮੇਤ ਬਾਦਲ ਦਲ ਇਹ ਨਹੀਂ ਚਾਹੁੰਦਾ ਕਿ ਇਸ ਯਾਦਗਾਰ ਦੇ ਬਣਨ ਨਾਲ ਇਨ੍ਹਾਂ ਸ਼ਹੀਦਾਂ ਦੀ ਸੋਚ ਨੂੰ ਪ੍ਰਣਾਈਆਂ ਪੰਥਕ ਧਿਰਾਂ ਦੀ ਗੱਲ ਲੋਕਾਂ ਵਿੱਚ ਜਾਣ ਨਾਲ ਸਿੱਖ ਕੌਮ ਦਾ ਵੱਡਾ ਹਿੱਸਾ ਇਕ ਵਾਰ ਫਿਰ ਸੁਚੇਤ ਹੋ ਕੇ ਗੁਲਾਮੀ ਦੇ ਸੰਗਲ ਤੋੜਣ ਦੇ ਯੋਗ ਹੋ ਜਾਵੇ।

ਇਹ ਯਾਦਗਾਰ ਬਣਾਉਣ ਲਈ ਜਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰ ਸਿੱਖ ਪ੍ਰੰਪਰਾਵਾ, ਕਲਚਰ ਤੇ ਸਿਧਾਂਤ ਤੋਂ ਕੋਹਾਂ ਦੂਰ ਹਨ। ਬਹੁਤੇ ਤਾਂ ਉਹ ਹਨ ਜਿਨਾਂ ਨੇ ਸਿਰਫ਼ ਨੌਕਰੀਆਂ ਤੇ ਆਹੁਦਿਆ ਲਈ ਹੀ ਸਿੱਖੀ ਸਰੂਪ ਧਾਰਨ ਕੀਤਾ ਹੈ। ਸਿੱਖੀ ਵਿਰੋਧੀ ਤੇ ਗੈਰ ਸਮਾਜਿਕ ਸੋਚ ਵਾਲਾ ਇਕ ਕਾਮਰੇਡ ਵਿਅਕਤੀ ਤਾਂ ਸਿੱਖ ਇਤਿਹਾਸ ਰਿਸਰਚ ਬੋਰਡ ਵਿੱਚ ਅਹਿਮ ਆਹੁਦੇ ’ਤੇ ਰਹਿ ਚੁੱਕਿਆ ਹੈ। ਸੇਵਾ ਭਾਵਨਾ ਤੋਂ ਸੱਖਣੇ ਅਤੇ ਹਿੰਦੂ ਸੋਚ ਵਾਲੇ ਤਬਕੇ ਵਲੋਂ ਸਾਡੀ ਇਸ ਅਹਿਮ ਸੰਸਥਾ ’ਤੇ ਕਾਬਜ਼ ਹੁੰਦੇ ਹੋਏ ਇਸ ਯਾਦਗਾਰ ਦੇ ਬਣਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਾਡੀਆਂ ਮਹਾਨ ਸੰਸਥਾਵਾਂ, ਸਮੇਤ ਅਕਾਲ ਤਖ਼ਤ ਸਾਹਿਬ ’ਤੇ ਨਿੱਜੀ ਸਵਾਰਥ ਨਾਲ ਗ੍ਰਸਤ ਸਿਆਸਤ ਭਾਰੂ ਪੈ ਚੁੱਕੀ ਹੈ। ਹਾਲਾਤ ਇਹ ਹਨ ਕਿ ਆਰ.ਐਸ. ਐਸ. ਦੇ ਹੈੱਡ ਕੁਆਰਟਰ ਵਿੱਚ ਡਰਾਫਟ ਹੋਏ ‘ਹੁਕਮਾਨਮੇ’ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਲੱਗ ਪਏ ਹਨ!

ਸਿੱਖ ਕੌਮ ਦੀ ਮੌਜ਼ੂਦਾ ਸਥਿਤੀ ਵੀ ਇਸ ਯਾਦਗਾਰ ਦੇ ਨਾ ਬਣਨ ਦਾ ਇਕ ਕਾਰਨ ਹੈ। ਸਿੱਖ ਅਪਣੇ ਧਰਮ ਪ੍ਰਤੀ, ਅਪਣੇ ਮੂਲ ਪ੍ਰਤੀ ਤੇ ਅਪਣੀ ਸੰਤਾਨ ਦੇ ਭੱਵਿਖ ਪ੍ਰਤੀ ਚਿੰਤਤ ਨਹੀਂ ਹਨ। ਉਨ੍ਹਾਂ ਨੂੰ ਆਪ ਵੀ ਪੜ੍ਹਣ ਲਿਖਣ ਦੀ ਆਦਤ ਨਹੀਂ ਜਿਸ ਕਾਰਨ ਉਹ ਅਪਣੇ ਬੱਚਿਆ ’ਚ ਵੀ ਇਹ ਰੁਚੀ ਪੈਦਾ ਨਹੀਂਕਰ ਸਕਦੇ? ਕਿਸੇ ਕੌਮ ਦਾ ਗਿਆਨ ਤੋਂ ਸੱਖਣੀ ਹੋਣਾ ਕਿਸੇ ਸੰਤਾਪ ਤੋਂ ਘੱਟ ਨਹੀਂ ਤੇ ਸਿੱਖ ਕੌਮ ਦਾ ਇਹ ਸੰਤਾਪ ਸਾਡੇ ਦੁਸ਼ਮਣਾਂ ਨੂੰ ਬੇਹੱਦ ਰਾਸ ਆ ਰਿਹਾ ਹੈ। ਗੁਰੂ ਸਾਹਿਬਾਨ ਨੇ ਸ਼ਰਧਾ ਨਾਲੋਂ ਗਿਆਨ ਤੇ ਦਲੀਲ ਨੂੰ ਜ਼ਿਆਦਾ ਮਹੱਤਵ ਦਿੱਤਾ ਸੀ ਪਰ ਅੱਜ ਸਿੱਖ ਕੌਮ ਵਿੱਚ ਦਲੀਲ ਤੇ ਗਿਆਨ ਵਿਹੂਣੀ ਸ਼ਰਧਾ ਦਾ ਪਸਾਰਾ ਹੋ ਚੁੱਕਾ ਹੈ। ਜਦਕਿ ਸਿੱਖੀ ਵਰਗੇ ਫਲਸਫੇ ਵਾਲੀਆਂ ਕੌਮਾਂ ਸ਼ਰਧਾ ਦੀ ਬਜਾਏ ਗਿਆਨ ਨਾਲ ਹੀ ਤਰੱਕੀ ਕਰ ਸਕਦੀਆਂ ਹਨ।

ਦਮਦਮੀ ਟਕਸਾਲ ਦਾ ਸਿੱਖ ਇਤਿਹਾਸ ਵਿੱਚ ਅਹਿਮ ਯੋਗਦਾਨ ਰਿਹਾ ਹੈ ਪਰ ਅਫਸੋਸ ਕਿ ਅੱਜ ਇਸਦਾ ਮੌਜ਼ੂਦਾ ਮੁਖੀ ਬਣਦੇ ਢੰਗ ਨਾਲ ਅਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਿਹਾ। ਵੱਖ ਵੱਖ ਸਿੱਖ ਸੰਸਥਾਵਾਂ ਵਿੱਚ ਏਕੇ ਦੀ ਘਾਟ ਵੀ ਪੰਥਕ ਮੁੱਦਿਆਂ ਦੇ ਲਟਕਣ ਦਾ ਇਕ ਇਕ ਵੱਡਾ ਕਾਰਨ ਹੈ। ਜਿਸ ਕਾਰਨ ਪੰਥ ਵਿਰੋਧੀ ਸ਼ਕਤੀਆਂ ਵਲੋਂ ਇਸ ਵਖਰੇਵੇਂ ਨੂੰ ਹੋਰ ਪੀਡਾ ਕਰਨ ਲਈ ਰਹਿਤ ਮਰਿਯਾਦਾ ਅਤੇ ਹੋਰ ਵਿਵਾਦਤ ਮੁੱਦਿਆਂ ਦਾ ਹੱਲ ਕਰਨ ਤੋਂ ਵੀ ਸ਼੍ਰੋਮਣੀ ਕਮੇਟੀ ਨੂੰ ਰੋਕਿਆ ਜਾ ਰਿਹਾ ਹੈ ਤੇ ਵੱਖ-ਵੱਖ ਧੜਿਆਂ ਨੂੰ ਅਜਿਹੇ ਵਿਵਾਦਾਂ ਅਤੇ ਮਸਲਿਆਂ ’ਤੇ ਅਪਣੀ-ਅਪਣੀ ਜ਼ਿੱਦ ’ਤੇ ਅੜੇ ਰਹਿਣ ਲਈ ਉਕਸਾਇਆ ਜਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਮੌਜ਼ੂਦਾ ‘ਸੰਤ ਸਮਾਜ’ ਅਪਣੇ ਨਾਲ ਜੁੜੇ ਲੋਕਾਂ ਨੂੰ ਅਸਲੀ ਮੁੱਦਿਆਂ ਲਈ ਮਾਨਸਿਕ ਤੌਰ ’ਤੇ ਤਿਆਰ ਨਹੀਂ ਕਰ ਰਿਹਾ। ਇਸਦਾ ਪ੍ਰਚਾਰ ਸਿਰਫ ਤੇ ਸਿਰਫ ਅਪਣੀ ਰੋਜ਼ੀ ਰੋਟੀ ਚਲਦੇ ਰੱਖਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਸ ਲਈ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਾਰਸ ਅਖਵਾਉਣ ਵਾਲੇ ‘ਸੰਤ’ ਉਸ 27 ਸਾਲ ਪਹਿਲਾਂ ਵਾਲੇ ਸੰਤ ਦੇ ਨੇੜੇ ਤੇੜੇ ਵੀ ਨਹੀਂ ਢੁਕਦੇ। ਕੁੱਲ ਮਿਲਾ ਕੇ ਇਸ ‘ਸੰਤ ਕਲਚਰ’ ’ਤੇ ਗੁਰੂ ਨਾਨਕ ਸਾਹਿਬ ਦਾ ਮਹਾਂਵਾਕ “ਰੋਟੀਆ ਕਾਰਣਿ ਪੂਰਹਿ ਤਾਲ” ਹੂ-ਬ-ਹੂ ਢੁਕਦਾ ਹੈ।

ਪੰਜਾਬ ਤੇ ਸਿੱਖਾਂ ਦੀ ਹਿੰਦੁਸਤਾਨ ਨਾਲੋਂ ਵੱਖਰੀ ਹਸਤੀ ਵੀ ਇਕ ਗਿਣਨਯੋਗ ਕਾਰਨਾਂ ਵਿੱਚੋਂ ਇੱਕ ਹੈ। ਇਸ ਵੱਖਰੀ ਹਸਤੀ ਨੂੰ ਦਬਾਏ ਰੱਖਣਾ ਹਿੰਦੁਸਤਾਨੀ ਹਾਕਮਾਂ ਲਈ ਜ਼ਰੂਰੀ ਹੈ। ਕਾਨੂੰਨ ਮੁਤਾਬਕ ਦੇਸ਼ ਦੇ ਅੰਦਰੂਨੀ ਹਾਲਤਾਂ ਨਾਲ ਨਜਿੱਠਣ ਲਈ ਕਿਸੇ ਵੀ ਹਾਲਤ ਵਿੱਚ ਤੋਪਾਂ ਟੈਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਕਿਉਂਕਿ ਪੰਜਾਬ ਇਤਿਹਾਸਕਿ, ਭੂਗੋਲਿਕ, ਧਾਰਮਿਕ ਤੇ ਸਭਿਆਰਿਕ ਪੱਖੋਂ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਰਿਹਾ ਤੇ ਹਿੰਦੁਸਤਾਨ ਨੇ ਇਸ ’ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਲਈ ਇਕ ਦੂਜੇ ਦੇਸ਼ ’ਤੇ ਹਮਲੇ ਦੀ ਭਾਵਨਾ ਨਾਲ ਹੀ ਇਸ ਹਮਲੇ ਵਿੱਚ ਫ਼ੌਜ ਦੀ ਵਰਤੋਂ ਕੀਤੀ ਗਈ। ਜਦਕਿ ਕਾਨੂੰਨ ਮੁਤਾਬਿਕ ਦੇਸ਼ ਦੀ ਅੰਦਰੂਨੀ ਸਥਿਤੀ ਨਾਲ ਨਜਿੱਠਣ ਲਦੀ ਕਦੇ ਵੀ ਫ਼ੌਜ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਦੇਸ ਦੇ ਕਈ ਇਲਾਕਿਆਂ ਵਿੱਚ ਅਪਣਾ ਸ਼ਾਸਨ ਚਲਾ ਰਹੇ ਮਾਓਵਾਦੀਆਂ ਖ਼ਿਲਾਫ ਵੀ ਫ਼ੌਜ ਦੀ ਵਰਤੋਂ ਕਰਨ ਤੋਂ ਭਾਰਤ ਇਨਕਾਰੀ ਹੈ ਪਰ ਕਿਉਂਕਿ ਭਾਰਤੀ ਨਿਜ਼ਾਮ ਖ਼ੁਦ ਵੀ ਪੰਜਾਬ ਨੂੰ ਇਕ ਅਲੱਗ ਦੇਸ਼ ਸਮਝਦਾ ਹੈ ਇਸ ਲਈ ਤਿੰਨੋਂ ਸੈਨਾਵਾਂ ਨੂੰ ਇਸ ਹਮਲੇ ਵਿੱਚ ਝੋਕ ਦਿੱਤਾ ਗਿਆ। ਸ਼ਾਹ ਮਹੁੰਮਦ ਨੇ ਵੀ ਅਪਣੇ ਜੰਗਨਾਮੇ “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ” ਵਰਗੀਆਂ ਤੁਕਾਂ ਰਾਹੀਂ ਪੰਜਾਬ ਤੇ ਹਿੰਦੁਸਤਾਨ ਦੀ ਇਸ ਵੱਖੋ-ਵੱਖਰੀ ਹੋਂਦ ’ਤੇ ਹੀ ਮੋਹਰ ਲਗਾਈ ਹੈ।

-ਹਰਪਾਲ ਸਿੰਘ ਚੀਮਾ
ਸਕੱਤਰ ਜਨਰਲ
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)

Post a Comment

0 Comments
Post a Comment (0)
To Top