ਦੇਸ਼ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਚੰਡੀਗੜ੍ਹ ’ਚ ਉਤਰੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ’ਚ ਕਿਹਾ ਹੈ ਕਿ ਕੇਂਦਰ, ਪੰਜਾਬ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਨਜ਼ਰ ਪੰਜਾਬ ’ਚ ਵੱਸਦੇ ਸਿੱਖਾਂ ਦੀ ਜਾਗਦੀ ਜ਼ਮੀਰ, ਕੌਮੀ ਸਵੈਮਾਣ ਦੀ ਭਾਵਨਾ, ਸਿੱਖੀ ਲਈ ਮਰ ਮਿਟਣ ਦੇ ਜ਼ਜਬੇ ਤੇ ਰੱਖੀ ਜਾ ਰਹੀ ਹੈ ਜਾਂ ਫਿਰ ਸਿੱਖੀ ਦੀ ਹੋਂਦ ਅਤੇ ਸਿੱਖਾਂ ’ਚ ਸਿੱਖੀ ਭਾਵਨਾ ਦੇ ਖ਼ਾਤਮੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਸਫ਼ਲਤਾਂ ਤੇ ਰੱਖੀ ਜਾ ਰਹੀ ਹੈ। ਦੇਸ਼ ਦੀ ਬਹੁਗਿਣਤੀ ਜਿਸ ਦਾ ਦੇਸ਼ ਦੇ ਗ੍ਰਹਿ ਮੰਤਰੀ ਵੀ ਹਿੱਸਾ ਹਨ, ਪੰਜਾਬ ’ਚ ਵਾਰ ਵਾਰ ‘ਅੱਤਵਾਦ’ ਦਾ ਰੌਲਾ ਪਾ ਰਹੀ ਹੈ, ਜਦੋਂ ਕਿ ਸਿੱਖ ਹਮੇਸ਼ਾ ‘ਜੀਓ ਅਤੇ ਜਿਓਣ ਦਿਓ’ ਦੀ ਸੋਚ ਦੇ ਪਹਿਰੇਦਾਰ ਰਹੇ ਹਨ। ਪ੍ਰੰਤੂ ਦੇਸ਼ ਦੀ ਬਹੁਗਿਣਤੀ ਸਿੱਖਾਂ ਨੂੰ ‘ਹਲਾਲ’ ਵੀ ਕਰੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰੌਲਾ ਪਾਉਣ ਦੀ ਆਗਿਆ ਵੀ ਨਹੀਂ ਦਿੰਦੀ। ਗ੍ਰਹਿ ਮੰਤਰੀ ਨੇ ਇਹ ਤਾਂ ਆਖ਼ ਦਿੱਤਾ ਕਿ ਕੇਂਦਰ, ਪੰਜਾਬ ਤੇ ਨੇੜਿਓਂ ਨਜ਼ਰ ਰੱਖ ਰਿਹਾ, ਪਰ ਇਹ ਨਹੀਂ ਦੱਸਿਆ ਕਿ ਪੰਜਾਬ ’ਚ ਗੁੱਸੇ, ਰੋਹ, ਰੋਸ ਤੇ ਬਗਾਵਤ ਦੀ ਚਿੰਗਾਰੀ ਆਖ਼ਰ ਸੁਲਗ ਕਿਉਂ ਰਹੀ ਹੈ? ਸਿੱਖਾਂ ਦੇ ਮਨਾਂ ’ਚ ਇਸ ਦੇਸ਼ ’ਚ ਰਹਿੰਦਿਆਂ ‘ਬੇਗਾਨਗੀ’ ਦੀ ਭਾਵਨਾਂ ਕਿਉਂ ਬਣੀ ਹੋਈ ਹੈ? ਸਿੱਖਾਂ ਦੇ ਮਨਾਂ ਨੂੰ ਜਿੱਤਣ ਲਈ ਕੇਂਦਰ ਸਰਕਾਰ ਤੇ ਦੇਸ਼ ਦੀ ਬਹੁਗਿਣਤੀ ਕਿਉਂ ਕਦਮ ਨਹੀਂ ਚੁੱਕਦੀਆਂ? ਉਲਟਾ ਸਿੱਖਾਂ ਨੂੰ ਦਬਾਉਣ ਦਾ ਹਰ ਯਤਨ ਕੀਤਾ ਜਾਂਦਾ ਹੈ, ਸਿੱਖਾਂ ਨਾਲ ਵਿਤਕਰੇਬਾਜ਼ੀ ਸਿਖ਼ਰਾਂ ’ਤੇ ਹੈ। ਗ੍ਰਹਿ ਮੰਤਰੀ, ਕਾਂਗਰਸ ਦੇ ਵੱਡੇ ਆਗੂ ਵੀ ਹਨ, ਉਨ੍ਹਾਂ ਨੇ ਇਹ ਸਾਫ਼ ਕਿਉਂ ਨਹੀਂ ਕੀਤਾ ਕਿ ਆਖ਼ਰ ਸਿੱਖਾਂ ਵੱਲੋਂ ਆਪਣੀ ਕੌਮ ਦੇ ਸ਼ਹੀਦਾਂ ਦੀ ਯਾਦਗਾਰ, ਬਣਾਉਣ ਨਾਲ ਕਿਹੜਾ ਅਸਮਾਨ ਥੱਲੇ ਡਿੱਗ ਪਵੇਗਾ? ਜਿਹੜੇ ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ, ਸਰਹੱਦਾਂ ਦੀ ਸੁਰੱਖਿਆ ਲਈ 80 ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ, ਇਸ ਭੁੱਖੇ ਦੇਸ਼ ਦਾ ਢਿੱਡ ਭਰਨ ਲਈ 80 ਫ਼ੀਸਦੀ ਅੰਨ ਨਾਲ ਕੇਂਦਰੀ ਭੰਡਾਰ ਭਰਿਆ ਹੈ, ਆਖ਼ਰ ਉਹ ਸਿੱਖ ਹੁਣ ‘ਅੱਤਵਾਦੀ ਤੇ ਵੱਖਵਾਦੀ’ ਕਿਵੇਂ ਬਣ ਗਏ ਹਨ। ਜਦੋਂ ਤੱਕ ਦੇਸ਼ ਦੇ ਹਾਕਮ ਆਪਣੀ ਨੀਅਤ ਤੇ ਨੀਤੀ ਨੂੰ ਸਿੱਖਾਂ ਪ੍ਰਤੀ ਸਾਫ਼ ਨਹੀਂ ਕਰਦੇ, ਉਦੋਂ ਤੱਕ ਦੋਵਾਂ ਧਿਰਾਂ ’ਚ ਬੇ-ਭਰੋਸਗੀ ਬਣੀ ਰਹੇਗੀ। ਸਿੱਖਾਂ ਲਈ ਦੇਸ਼ ਦੀ ਬਹੁਗਿਣਤੀ ਜਿਹੜੀ ਉਨ੍ਹਾਂ ਦੀ ਹੋਂਦ ਨੂੰ ਹੜੱਪਣ ਲਈ ਕਾਹਲੀ ਹੈ, ਅੱਤਵਾਦੀ ਬਣੀ ਰਹੇਗੀ ਅਤੇ ਦੇਸ਼ ਦੀ ਬਹੁਗਿਣਤੀ ਲਈ ਜ਼ੋਰ-ਜਬਰ ਤੇ ਜ਼ੁਲਮ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਸਿੱਖ ‘ਅੱਤਵਾਦੀ’ ਬਣੇ ਰਹਿਣਗੇ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਸਰਕਾਰ ਨੂੰ ਪੰਜਾਬ ਨੂੰ ਨੇੜਿਓਂ ਜ਼ਰੂਰ ਵੇਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਇਹ ਵੀ ਪਤਾ ਲੱਗ ਸਕੇ ਕਿ ਇਸ ਸੂਬੇ ਤੋਂ ਉਸਦਾ ਪਾਣੀ ਖੋਹਿਆ ਜਾ ਰਿਹਾ ਹੈ, ਸੂਬਾ ਮਾਰੂਥਲ ਬਣਨ ਵੱਲ ਵਧ ਰਿਹਾ ਹੈ, ਸੂਬੇ ਦੀ ਧਰਤੀ ਤੇ ਸੂਬੇ ਦੇ ਲੋਕਾਂ ਨੂੰ ਉਜਾੜ ਕੇ ਬਣਾਏ ਬਿਜਲੀਘਰ, ਪੰਜਾਬ ਤੋਂ ਖੋਹ ਲਏ ਗਏ ਹਨ, ਸੂਬੇ ਦੀ ਆਪਣੀ ਰਾਜਧਾਨੀ ਨਹੀਂ ਹੈ, ਸੂਬਾ ਤੇ ਸੂਬੇ ਦੇ ਕਿਸਾਨ ਕਰਜ਼ੇ ਥੱਲੇ ਦਮ ਤੋੜ ਰਹੇ ਹਨ, ਸੂਬੇ ’ਚੋ ਜਾਣ ਬੁੱਝ ਕੇ ਸੱਨਅਤਾਂ ਭਜਾ ਦਿੱਤੀਆਂ ਗਈਆਂ ਹਨ, ਵਾਰ-ਵਾਰ ‘‘ਅੱਤਵਾਦ ਆ ਗਿਆ ਅੱਤਵਾਦ ਆ ਗਿਆ’’ ਦਾ ਰੌਲਾ ਪਾ ਕੇ, ਸੂਬੇ ਦੇ ਵਿਕਾਸ ਨੂੰ ਪੱਕੀਆਂ ਬਰੇਕਾਂ ਲਾਈਆਂ ਜਾ ਚੁੱਕੀਆਂ ਹਨ, ਸੂਬੇ ਦੀ ਜੁਆਨੀ ਨੂੰ ਤਬਾਹ ਕਰਨ ਲਈ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਦਿੱਤਾ ਗਿਆ ਹੈ, ਪੰਜਾਬ ’ਚ ਸਿੱਖਾਂ ਨੂੰ ਘੱਟ ਗਿਣਤੀ ’ਚ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ’ਤੇ ਹੱਲਾ ਬੋਲਿਆ ਹੋਇਆ ਹੈ, ਸਿੱਖੀ ਦੇ ਖ਼ਾਤਮੇ ਲਈ ਡੇਰਾਵਾਦ ਫ਼ੈਲਾਇਆ ਜਾ ਰਿਹਾ ਹੈ, ਆਖਰ ਇਹ ਬੰਬ ਜਿਹੜੇ ਕੇਂਦਰ ਸਰਕਾਰ ਤੇ ਦੇਸ਼ ਦੀ ਬਹੁਗਿਣਤੀ ਨੇ ਪੰਜਾਬ ’ਚ ਫਿੱਟ ਕੀਤੇ ਹੋਏ ਹਨ, ਇਨ੍ਹਾਂ ਦੀ ਮਾਰ ਥੱਲੇ ਕਿਸਨੇ ਆਉਣਾ ਹੈ? ਸਿੱਖਾਂ ਦੀ ਤਬਾਹੀ ਦਾ ਹਰ ‘ਮਸੌਦਾ’ ਤਿਆਰ ਕਰੀ ਬੈਠੇ ਲੋਕ, ਉਲਟਾ ਸਿੱਖਾਂ ਤੇ ਇਜ਼ਲਾਮ ਲਾ ਰਹੇ ਹਨ, ਇਸ ਤੋਂ ਚਲਾਕ ਤੇ ਮਾਰੂ ਸੋਚ ਭਲਾ ਹੋਰ ਕੀ ਹੋ ਸਕਦੀ ਹੈ? ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ, ਇਹ ਭਗਤੀ ਦੇ ਮਾਰਗ ਵਾਲੀ ਕੌਮ ਹੈ, ਪ੍ਰੰਤੂ ਸਮਰੱਥਾਹੀਨ ‘ਭਗਤੀ’ ਨੂੰ ਪਾਖੰਡ ਵੀ ਮੰਨਦੀ ਹੈ, ਇਸ ਲਈ ਬੇਇਨਸਾਫ਼ੀ ਧੱਕੇਸ਼ਾਹੀ ਜ਼ੋਰ-ਜਬਰ ਤੇ ਜ਼ੁਲਮ ਸਹਿਣਾ ਤੇ ਕਰਨਾ ਇਕੋ ਜਿਹਾ ਗੁਨਾਹ ਮੰਨਦੀ ਹੈ। ਜੇ ਦੇਸ਼ ਦੀ ਬਹੁਗਿਣਤੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਨਾ ਸਿੱਖ ਲਵੇ, ਪੰਜਾਬ ਤੇ ਸਿੱਖਾਂ ਨੂੰ ਖਤਮ ਕਰਨ ਦੀ ਆਪਣੀ ਜਾਨੂੰਨੀ ਤੇ ਗੰਦੀ ਸੋਚ ਦਾ ਤਿਆਗ ਕਰ ਦੇਵੇ, ਫਿਰ ਉਸਨੂੰ ਪੰਜਾਬ ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਨਹੀਂ ਰਹੇਗੀ।
ਲੇਖਕ ਰੋਜ਼ਾਨਾ 'ਪਹਿਰੇਦਾਰ' ਦੇ ਮੁੱਖ ਸੰਪਾਦਕ ਹਨ