Monday, November 14, 2011

ਖ਼ਾਲਿਸਤਾਨੀ ਸੰਘਰਸ਼ ਦਾ ਇਕ ਲੇਖਾ ਇਹ ਵੀ

ਬਠਿੰਡੇ ਜ਼ਿਲੇ ਦੇ ਇਕ ਪਿੰਡ (ਮਹਿਮੇ) ਵਿਚ ਅਸੀਂ ਸ਼ਹੀਦ ਪਰਿਵਾਰ ਦੀ ਮਦਦ ਲਈ ਗਏ। ਵਾਢੀਆਂ ਦੇ ਦਿਨ ਸਨ। ਪਿੰਡ (ਓਥੇ ਨੇੜੇ-ਨੇੜੇ ਮਹਿਮਾ ਨਾਂ ਦੇ ਪੰਜ ਪਿੰਡ ਹਨ) ਲਭਦੇ ਲਭਦੇ ਅਸੀਂ ਢਲੀ ਦੁਪਹਿਰ ਮਜ਼ਦੂਰ ਬਸਤੀ ਵਿਚ ਉਹਨਾਂ ਦੇ ਘਰ ਪਹੁੰਚੇ। ਘਰ ਦੀ ਮਾਲਕਣ ਦਿਹਾੜੀ ਤੇ ਕਣਕ ਵੱਢਣ ਗਈ ਹੋਈ ਸੀ। ਘਰ ਇਕ ਮੁਟਿਆਰ ਕੁੜੀ ਤੇ ਦੋ ਬੱਚੇ ਸਨ। ਆਂਢ-ਗੁਆਂਢ ਓਪਰੇ ਬੰਦੇ ਵੇਖ ਕੇ ਡਰ ਅਤੇ ਹੈਰਾਨੀ ਨਾਲ ਭਰ ਗਿਆ। ਘਰ ਦੀ ਮਾਲਕਣ ਦੇ ਆਉਣ ਤੱਕ ਕੋਈ ਬਾਹਰ ਨਹੀਂ ਆਇਆ। ਜਦੋਂ ਅਸੀਂ ਉਸ ਬੀਬੀ ਨਾਲ ਰਸਮੀ ਬੋਲਾਂ ਮਗਰੋਂ ਆਪਣੇ ਆਉਣ ਦਾ ਮਕਸਦ ਦਸਦਿਆਂ ਕਿਹਾ ਕਿ ਅਸੀਂ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਠਾ ਕਰ ਰਹੇ ਹਾਂ ਤਾਂ ਉਸ ਨੇ ਕੁਰਖਤ ਲਹਿਜੇ ਵਿਚ ਆਪਣੇ ਘਰ ਵਾਲੇ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ”ਮਰ ਗਿਆ ਆਵਦੇ ਮਾੜੇ ਕਰਮੀਂ, ਵੱਡਾ ਗੁਰੂ ਗਬਿੰਦ ਸਿਉਂ ਬਣਦਾ ਸੀ। ਇਹ ਜੁਆਕ ਕਾਸ ਨੂੰ ਜੰਮੇ ਸੀ ਜੇ ਅਹੇ ਜੇ ਕੰਮ ਕਰਨੇ ਸੀ, ਆਵਦੇ ਜੁਆਕ ਮੇਰੀ ਜਾਨ ਖਾਣ ਨੂੰ ਕਿਉਂ ਛੱਡ ਗਿਆ”। 10-15 ਮਿੰਟ ਉਸ ਨੇ ਜੀਅ ਭਰ ਕੇ ਆਪਣੇ ਘਰ ਵਾਲੇ ਨੂੰ, ਸਕੇ ਸੰਬਧੀਆਂ ਨੂੰ, ਸਾਨੂੰ ਤੇ ਲਹਿਰ ਵਾਲਿਆਂ ਨੂੰ ਵੀ ਬੁਰਾ ਭਲਾ ਕਿਹਾ। ਮੇਰੇ ਨਾਲ ਗਏ ਵਿਦਿਆਰਥੀ ਸੁੰਨ ਹੋ ਗਏ। ਉਹ ਚੰਗੇ ਭਲੇ ਘਰਾਂ ਤੋਂ ਸਨ, ਬਿਨਾਂ ਕਿਸੇ ਇਹੋ ਜਿਹੀ ਵਿਰਾਸਤ ਦੇ ਅਤੇ ਉਹਨਾਂ ਨੂੰ ਨਵਾਂ ਨਵਾਂ ਪੰਥ ਵਾਲਾ ਪਾਹ ਲੱਗਿਆ ਸੀ। ਆਂਢ ਗੁਆਂਢ ਨੇ ਜਾਣਨ-ਵੇਖਣ ਲਈ ਕੰਧਾਂ-ਕੋਠਿਆਂ ਤੋਂ ਵੇਖਣ ਕੁ ਜੋਗਰੇ ਸਿਰ ਕੱਢੇ ਹੋਏ ਸਨ। ਅਸੀਂ ਉਸ ਨਾਲ ਬਹੁਤ ਅਰਾਮ ਨਾਲ ਹੌਲੀ ਹੌਲੀ ਸਾਰੀਆਂ ਗੱਲਾਂ ਕੀਤੀਆਂ, ਹੌਸਲਾ ਦਿੱਤਾ, ਜੋ ਹੋਰਾਂ ਨਾਲ ਹੋਇਆ ਬੀਤਿਆ, ਉਸ ਦਾ ਵੀ ਹਾਲ ਸੁਣਾਇਆ। ਆਪਣੇ ਨਾਲ ਆਏ ਨੌਜਵਾਨਾਂ ਦੀ ਪੜ੍ਹਾਈ ਅਤੇ ਥਾਂ ਟਿਕਾਣਿਆਂ ਬਾਰੇ ਦੱਸਿਆ। ਆਪਣੇ ਆਉਣ ਦਾ ਮਕਸਦ (ਦੁਹਰਾਇਆ ਕਿ ) ਸ਼ਹੀਦਾਂ ਬਾਰੇ ਜਾਣਕਾਰੀ ਕੱਠੀ ਕਰਨੀ ਐ, ਤਾਂ ਕਿ ਅਗਲੀਆਂ ਨਸਲਾਂ ਉਹਨਾਂ ਨੂੰ ਜਾਣ ਸਕਣ, ਯਾਦ ਕਰ ਸਕਣ। ਕੁਝ ਸਮੇਂ ਬਾਅਦ ਗੱਲਾਂ ਸੁਣਦਿਆਂ ਉਸ ਦਾ ਗੱਚ ਭਰ ਆਇਆ, ਅੱਖਾਂ ਵਿਚੋਂ ਹੰਝੂ ਧਾਰਾਂ ਬਣ ਕੇ ਵਹਿ ਤੁਰੇ। ਉਸ ਨੇ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੱਥਾਂ ਵਿਚ ਚੁੰਨੀ ਲੈ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ”ਤੁਸੀਂ ਧਰਤੀ ਤੇ ਪਹਿਲੇ ਬੰਦੇ ਓਂ। ਪਹਿਲੀ ਵਾਰ ਕਿਸੇ ਨੇ ਏਨੇ ਸਾਲਾਂ ਵਿਚ ਉਹਨੂੰ ਸਹੀ ਕ੍ਹਿਐ। ਅਗਲਿਆਂ ਨੇ ਮੇਰੀ ਧੀ ਛੱਡਤੀ ਅਖੇ ਅਤਿਵਾਦੀ ਦੀ ਕੁੜੀ ਐ। ਕਿਸੇ ਨੇ ਧਰਤੀ ਦੀ ਕੰਡ ਤੇ ਇਕ ਵਾਰੀ ਵੀ ਉਹਨੂੰ ਸਹੀ ਨ੍ਹੀ ਕ੍ਹਿਆ। (ਢਿੱਡ ਨੂੰ ਹੱਥ ਲਾ ਕੇ) ਅੰਦਰ ਗੁੰਮਾ ਬਣਿਆ ਪਿਐ, ਕਾਲਜਾ ਪਾਟਦੈ ਵੀਰਾ। ਜਿਹੜੇ ਕੰਮ ਨੂੰ ਬੰਦਾ ਮਰਜੇ ਉਹਦੇ ਖਾਤੇ ਚ ਉਹਦਾ ਨਾਂ ਤਾਂ ਪੈਣਾ ਚਾਹੀਦੈ”। 
ਉਸ ਦੇ ਦਰਦ ਭਿੱਜੇ ਬੋਲਾਂ ਨੇ ਸਾਡੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਸਾਡੇ ਉੱਤੇ ਮਣਾਂ ਮੂੰਹੀ ਬੋਝ ਲੱਦ ਦਿੱਤਾ ਕਿ ਆਖਰ ਓਹਦੇ ਦੁੱਖਾਂ ਦਾ ਪਾਰਾਵਾਰ ਕੀ ਸੀ : ਦਲਿਤ ਹੋਣਾ, ਗਰੀਬੀ, ਰੰਡੇਪਾ ਜਾਂ ਜੁਆਨ ਜਹਾਨ ਧੀ ਦਾ ਰਿਸ਼ਤਾ ਛੁੱਟਣਾ? ਇਹਨਾਂ ਦੁੱਖਾਂ ਨਾਲੋਂ ਇਹ ਹੋਰ ਵੱਡਾ ਦੁੱਖ ਸੀ : ਨਾਂ ਦਾ ਲਕਬਹੀਣ ਹੋਣਾ, ਪ੍ਰਵਾਨਗੀ ਦਾ ਵਿਗੋਚਾ ਕਿ ਜਿਹੜੇ ਕੰਮ ਲਈ ਬੰਦਾ ਮਰਜੇ ਉਹ ਖਾਤੇ ਵਿਚ ਨਾਂ ਤਾਂ ਪੈਣਾ ਚਾਹੀਦੈ’। 
ਇਸੇ ਦਰਦ ਦਾ ਗੁੰਮਾ ਉਹਦੇ ਅੰਦਰ ਬਣਿਆ ਸੀ। ਅੱਧਾ-ਪੌਣਾ ਘੰਟਾ ਪਹਿਲਾਂ ਅਸੀਂ ਉਹਨਾਂ ਲਈ ਪੁਲਸ ਨਾਲੋਂ ਵੀ ਭਿਆਨਕ ਹੋਣੀ ਦੇ ਦੂਤ, ਦੁੱਖ ਦੇਣੀ ਦੁਨੀਆ ਦਾ ਹਿੱਸਾ ਸਾਂ। ਅਸੀਂ ਕੌਣ ਸਾਂ, ਕਿਥਂ ਆਏ ਸੀ, ਕਿਉਂ ਆਏ ਸੀ, ਕੁਝ ਲਫਜ਼ਾਂ ਦੀ ਸਾਂਝ ਮਗਰੋਂ ਸਿਰਫ ਸਾਡੀਆਂ ਗੱਲਾਂ ਉਪਰ ਯਕੀਨ ਕਰਕੇ, ਸਾਡੇ ਅੱਗੇ ਉਸ ਨੇ ਆਪਣੇ ਮਨ ਦਾ ਵਰ੍ਹਿਆਂ ਦਾ ਭਾਰ ਹੌਲਾ ਕੀਤਾ ਅਤੇ ਆਪਣਾ ਦਿਲ ਖੋਹਲ ਦਿੱਤਾ। ਮੁੜਨ ਵੇਲੇ ਉਹਦੇ ਚਿਹਰੇ, ਹੱਥਾਂ ਦੇ ਜੁੜਨ ਦੇ ਤਰੀਕੇ ਅਤੇ ਬੋਲਾਂ ਵਿਚ ਏਨੀ ਨਿਮਰਤਾ, ਖਿਮਾ-ਜਾਚਨਾ ਤੇ ਮੋਹ ਸੀ ਕਿ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਏ। ਉਸ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ, ”ਵੀਰਾ ਅਸੀਂ ਅਣਪੜ੍ਹ, ਗਰੀਬ, ਭੁੱਲ ਹੋ ਗਈ ਥੋਨੂੰ ਰੁਖਾ ਬੋਲਿਆ ਗਿਆ, ਤੁਸੀਂ ਤਾਂ ਸਾਡਾ ਭਲਾ ਕਰਨ ਆਏ ਸੀ”।
 ਸਾਡੇ ਸਮਾਜ ਵਿਚ ਦਲਿਤ ਗਰੀਬ ਔਰਤ ਦਾ ਭਰ ਜੁਆਨੀ ਵਿਚ ਵਿਧਵਾ ਹੋ ਕੇ ਬੱਚੇ ਪਾਲਣਾ ਕਿੰਨਾ ਔਖਾ ਹੈ, ਇਹ ਬਿਆਨ ਕਰਨਾ ਵੀ ਮੁਹਾਲ ਏ। ਇਸ ਤੋਂ ਉਪਰ ਉਹ ਘਾਟ ਕਿੰਨਾ ਔਖਾ ਕਰਦੀ ਹੈ ਕਿ ਜਿਸ ਮੌਤੇ ਸਿਰ ਦਾ ਸਾਈਂ ਮਰ ਗਿਆ ਏ ਉਹਨੂੰ ਉਹ ਨਾਂ ਵੀ ਨਾ ਮਿਲੇ ਸਗੋਂ ਉਲਟਾ ਮਿਹਣਾ ਮਿਲੇ। ਆਖਰ ਕੋਈ ਤਾਂ ਆ ਕੇ ਉਸ ਦੀ ਮਾਨਤਾ ਦਾ ਐਲਾਨ ਕਰੇ, ਚਾਹੇ ਉਹ ਕੋਈ ਅਣਜਾਣ ਪਰੇਦਸੀ ਕਿਉਂ ਨਾ ਹੋਵੇ। ਇਹ ਵਰਤਾਰਾ ਅਸਲ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਵਿਚ ਅਜੇ ਵੀ ਖਾੜਕੂ ਲਹਿਰ ਦੀ ਮਾਨਤਾ ਦਾ ਕਿੰਨਾ ਵੱਡਾ ਵਿਗੋਚਾ ਹੈ। ਕੁਝ ਸਮੇਂ ਬਾਅਦ ਜਦ ਅਸੀਂ ਉਹਨਾਂ ਦੀ ਧੀ ਦੇ ਵਿਆਹ ਤੇ ਗਏ ਤਾਂ ਸਾਰੇ ਕੋੜਮੇ ਕਬੀਲੇ ਅਤੇ ਰਿਸ਼ਤੇਦਾਰਾਂ ਨੇ ਏਨਾ ਸਤਿਕਾਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਭਾਵਨਾ ਸਾਹਮਣੇ ਸਾਨੂੰ ਆਪਣਾ ਆਪ ਹੌਲਾ ਜਾਪਣ ਲੱਗ ਪਿਆ।
-ਸੇਵਕ ਸਿੰਘ

No comments:

Post a Comment