ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਸਿੱਖ ਨੌਜਵਾਨਾਂ ਦੇ ਕਤਲ ਕਰਨ ਵਾਲੀ ‘ਆਲਮ ਸੈਨਾ’ ਦੇ ਮੁਖੀ ਇਜ਼ਹਾਰ ਆਲਮ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ‘ਕਲੀਨ-ਚਿੱਟ’ ਦਿਤੇ ਜਾਣ, ਸ. ਬਾਦਲ ਵਲੋਂ ਆਲਮ ਨੂੰ ਸਿਰੋਪਾ ਦੇ ਕੇ ਸਨਮਾਨਤ ਕਰਨ ਅਤੇ ਖ਼ੁਦ ਆਲਮ ਵਲੋਂ ਅਪਣੇ-ਆਪ ਨੂੰ ‘ਮਾਸੂਮ’ ਦਸਦੇ ਬਿਆਨਾਂ ਦੀ ਹਵਾ ਕਢਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਅੱਜ ਇਜ਼ਹਾਰ ਆਲਮ ਦੇ ‘ਕਾਰਨਾਮਿਆਂ’ ਦਾ ਕੱਚਾ ਚਿੱਠਾ ਪੇਸ਼ ਕਰਦਿਆਂ ਸ: ਬਾਦਲ ਅਤੇ ਢੀਂਡਸਾ ਸਣੇ ਸਮੁੱਚੇ ਅਕਾਲੀ ਦਲ ਨੂੰ ਆਖਿਆ ਹੈ ਕਿ ਉਹ ਇਜ਼ਹਾਰ ਆਲਮ ਦੇ ‘ਕਾਰਨਾਮਿਆਂ’ ਤੋਂ ਅਣਜਾਣ ਨਾ ਬਣਨ ਅਤੇ ਆਲਮ ਜਿਹੇ ਪੰਥ ਦੋਖੀ ਨੂੰ ਮਲੇਰਕੋਟਲਾ ਵਰਗੀ ਪਵਿੱਤਰ ਧਰਤੀ ਤੋਂ ਚੋਣ ਲੜਾਉਣ ਦਾ ਇਰਾਦਾ ਤਿਆਗ ਦੇਣ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਹਾਂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਜੇ ਆਲਮ ਵਿਰੁਧ ਅੱਜ ਦੇ ਪ੍ਰਗਟਾਵਿਆਂ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਲਮ ਨੂੰ ਉਮੀਦਵਾਰ ਐਲਾਨਿਆ ਤਾਂ ਦੋਵੇਂ ਜਥੇਬੰਦੀਆਂ ਇਸ ਫ਼ੈਸਲੇ ਦਾ ਤਗੜਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਪੰਥ ਦੋਖੀ ਫ਼ੈਸਲੇ ਵਿਰੁਧ ਪੰਜਾਬ ਭਰ ਵਿਚ ਪ੍ਰਚਾਰ ਕਰਨਗੀਆਂ। ਸ: ਦਲਬੀਰ ਸਿੰਘ, ਸ: ਹਰਮਨਦੀਪ ਸਿੰਘ ਸਰਹਾਲੀ, ਸ: ਗੁਰਬਚਨ ਸਿੰਘ ਅਤੇ ਸ: ਕ੍ਰਿਪਾਲ ਸਿੰਘ ਰੰਧਾਵਾ ਅਤੇ ਸ: ਸਤਵਿੰਦਰ ਸਿੰਘ ਪਲਾਸੌਰ ਨੇ ਜਿਥੇ ਮੁੱਖ ਮੰਤਰੀ ਦੇ ਨਾਮ ਦੋਹਾਂ ਜਥੇਬੰਦੀਆਂ ਵਲੋਂ ਇਸੇ ਸੰਦਰਭ ਵਿਚ ਲਿਖੀ ਇਕ ਚਿੱਠੀ ਜਾਰੀ ਕੀਤੀ, ਉਥੇ ਨਾਲ ਹੀ ਉਨ੍ਹਾਂ ਨੇ ਇਜ਼ਹਾਰ ਆਲਮ ਦੇ ਅੰਮ੍ਰਿਤਸਰ ਦੇ ਐਸ.ਐਸ.ਪੀ. ਹੁੰਦਿਆਂ 1 ਜੁਲਾਈ 1986 ਤੋਂ 19 ਅਪ੍ਰੈਲ 1988 ਤਕ ਅਣਪਛਾਤੀਆਂ ਲਾਸ਼ਾਂ ਦੱਸ ਕੇ ਅਣਮਨੁੱਖੀ ਤਰੀਕੇ ਨਾਲ ਸਾੜੇ ਗਏ 34 ਨੌਜਵਾਨਾਂ ਦੀ ਸੂਚੀ ਵੀ ਪੇਸ਼ ਕੀਤੀ ਜਿਸ ਵਿਚ ਬਾਕਾਇਦਾ ਨੌਜਵਾਨਾਂ ਦੇ ਨਾਂਵਾਂ, ਪਤਿਆਂ ਤੋਂ ਇਲਾਵਾ ਇਹ ਵੀ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਕਿਹੜੇ ਦਿਨ ਚੁਕਿਆ ਅਤੇ ਮਾਰ ਮੁਕਾਉਣ ਉਪਰੰਤ ਕਿਹੜੇ ਦਿਨ ਉਨ੍ਹਾਂ ਦਾ ਅਣਮਨੁੱਖੀ ਅਤੇ ਗ਼ੈਰ-ਮਰਿਆਦਤ ਢੰਗ-ਤਰੀਕੇ ਨਾਲ ਸਸਕਾਰ ਕਰ ਦਿਤਾ। ਇਸ ਸਬੰਧੀ ਅਹਿਮ ਗੱਲ ਇਹ ਹੈ ਕਿ ਇਹ ਸੂਚੀ ਕੋਈ ਅਣਅਧਿਕਾਰਤ ਸੂਚੀ ਨਹੀਂ ਸਗੋਂ ਅਣਪਛਾਤੀਆਂ ਲਾਸ਼ਾਂ ਦੀ ਉਹ ਸੂਚੀ ਹੈ ਜਿਹੜੀ ਮਨੁੱਖੀ ਅਧਿਕਾਰ ਕਾਰਕੁਨ, ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਬੜੀ ਮਿਹਨਤ ਅਤੇ ਹਿੰਮਤ ਨਾਲ ਤਿਆਰ ਅਤੇ ਜਾਰੀ ਕੀਤੀ ਗਈ ਸੀ। ਇਹੀ ਸੂਚੀ ਸੁਪਰੀਮ ਕੋਰਟ ਵਿਚ ਗਈ ਜਿਸ ਨੇ ਇਹ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪੀ ਅਤੇ ਜਾਂਚ ਉਪਰੰਤ ਸਹੀ ਪਾਏ ਜਾਣ ਮਗਰੋਂ ਇਸੇ ਦੇ ਆਧਾਰ ’ਤੇ ਸੁਪਰੀਮ ਕੋਰਟ ਵਲੋਂ ਦਿਤੀ ਹਦਾਇਤ ’ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਕਤ ਸਾਰੇ 34 ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਢਾਈ ਲੱਖ ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਅਦਾ ਕੀਤਾ। ਸ: ਬਾਦਲ ਵਲੋਂ ਇਜ਼ਹਾਰ ਆਲਮ ਨੂੰ ਬਰੀਅਲ ਜੁੰਮਾ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਦੋਹਾਂ ਜਥੇਬੰਦੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਵਿਅਕਤੀ ਤੋਂ ਇਹੋ ਜਿਹੇ ਸ਼ਬਦ ਸੁਣ ਕੇ ਹਰ ਸਿੱਖ ਦਾ ਹਿਰਦਾ ਇਕ ਵਾਰ ਤਾਂ ਸੁੰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਜ਼ਹਾਰ ਆਲਮ ਦੇ ਜ਼ੁਲਮਾਂ ਦੀ ਪੁਸ਼ਟੀ ਤਾਂ ਅਮਰੀਕਾ ਵਰਗੇ ਇਕ ਸਿਰਕੱਢ ਦੇਸ਼ ਦੇ ਰਾਜਦੂਤ ਵਲੋਂ ਅਪਣੇ ਦੇਸ਼ ਨੂੰ ਭੇਜੀ ਜਾਣਕਾਰੀ ਵਿਚੋਂ ਵੀ ਹੁੰਦੀ ਹੈ ਜਿਸ ਨੂੰ ‘ਵਿਕੀਲੀਕਸ’ ਨੇ ਵੀ ਉਜਾਗਰ ਕੀਤਾ ਹੈ। (ਬਾਕੀ ਸਫ਼ਾ 11 ’ਤੇ) ਇਥੇ ਹੀ ਬੱਸ ਨਹੀਂ ਸਗੋਂ ਉਸ ਵੇਲੇ ਦੀਆਂ ਵਖਰੀਆਂ-ਵਖਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਇਸ ਬਾਰੇ ਜਾਰੀ ਕੀਤੀਆਂ ਗਈਆਂ ਰੀਪੋਰਟਾਂ ਵੀ ਮੌਜੂਦ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਖੱਬੇ-ਪੱਖੀ ਮਾਸਿਕ ਪਰਚੇ ‘ਪੈਗਾਮ’ ਵਲੋਂ ਅਪਣੇ ਸਤੰਬਰ 1987 ਦੇ ਅੰਕ ਵਿਚ ਛਾਪੀ ਇਕ ਹੋਰ ਸੂਚੀ ਵੀ ਜਾਰੀ ਕੀਤੀ ਹੈ ਜਿਸ ਵਿਚਆਲਮ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੇ ਬਣਾਏ ਗਏ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਜਾਣਕਾਰੀ ਦਿਤੀ ਗਈ ਸੀ। ਇਸ ਵਿਚ ਦਰਜ ਹੈ ਕਿ ਜ਼ਿਲ੍ਹਾ ਅੰ੍ਰਿਮਤਸਰ ਸਚਮੁਚ ਹੀ ਸਿੱਖ ਨੌਜਵਾਨਾਂ ਦੀ ਖ਼ੂਨੀ ਕਤਲਗਾਹ ਦੀ ਤਸਵੀਰ ਪੇਸ਼ ਕਰਦਾ ਹੈ। ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ’ਚ ਪੈਰ ਰੱਖੋ ਤਾਂ ਹਰ ਥਾਂ ਪੁਲਿਸ ਬੁੱਚੜਖਾਨਿਆਂ ’ਚ ਕੋਹੇ ਗਏ, ਕੀਮਾ-ਕੀਮਾ ਕੀਤੇ ਜਾ ਰਹੇ, ਨਹਿਰਾਂ ਦੇ ਪੁਲਾਂ, ਸੜਕਾਂ ਦੇ ਕਿਨਾਰਿਆਂ ਤੇ ਖੇਤਾਂ ’ਚ ਗੋਲੀਆਂ ਨਾਲ ਵਿੰਨ੍ਹੇ ਗਏ ਤੇ ਭੁੰਨੇ ਜਾ ਰਹੇ ਛਟੀਆਂ ਵਰਗੇ ਸਿੱਖ ਗੱਭਰੂਆਂ ਦੀ ਹੋਣੀ ਦੇ ਦਰਦਨਾਕ ਕਿੱਸੇ ਸੁਣਾਏ ਜਾਂਦੇ ਹਨ। ਸਿੱਖ ਜਵਾਨੀ ਦਾ ਸਰਵਨਾਸ਼ ਕਰਨ ਲਈ ਆਲਮ ਸੈਨਾ ਦੇ ਹਥਿਆਰਬੰਦ ਗਰੋਹਾਂ ਵਲੋਂ ਉਹ ਕਿਹੜਾ ਢੰਗ ਹੈ ਜਿਹੜਾ ਵਰਤਿਆ ਨਹੀਂ ਜਾ ਰਿਹਾ, ਉਹ ਕਿਹੜਾ ਕਹਿਰ ਹੈ ਜਿਹੜਾ ਢਾਹਿਆ ਨਹੀਂ ਜਾ ਰਿਹਾ।’ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਇਕ ਰੀਪੋਰਟ ਉਸ ਵੇਲੇ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ‘ਦੇਸ਼ ਪੰਜਾਬ ਸਟੂਡੈਂਟਸ ਯੂਨੀਅਨ’ ਨੇ ਜਾਰੀ ਕੀਤੀ ਸੀ ਜਿਸ ਵਿਚ ਦਸਤਾਵੇਜ਼ੀ ਸਬੂਤਾਂ ਨਾਲ ਇਜ਼ਹਾਰ ਆਲਮ ਵਲੋਂ ਬਣਾਈ ਗਈ ਗ਼ੈਰ-ਕਾਨੂੰਨੀ ‘ਆਲਮ ਸੈਨਾ’ ਦੇ ਜ਼ੁਲਮਾਂ ਦਾ ਕੱਚਾ ਚਿੱਠਾ ਫੋਲਿਆ ਗਿਆ ਸੀ। ਸ: ਢੀਂਡਸਾ ਵਲੋਂ ਆਲਮ ਦੇ 1989 ਤੋਂ 1995 ਤਕ ਪੰਜਾਬ ਤੋਂ ਬਾਹਰ ਹੋਣ ਸਬੰਧੀ ਬਿਆਨ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਉਨ੍ਹਾਂ ਆਖਿਆ ਕਿ ਸ. ਢੀਂਡਸਾ ਵਲੋਂ ਇੰਜ ਆਖ ਕੇ ਆਲਮ ਨੂੰ ਬਰੀ ਕਰਨਾ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਇਹ ਸਾਰੇ ਦੋਸ਼ 1989 ਤੋਂ ਪਹਿਲਾਂ ਦੇ ਹਨ। ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਸਤੰਬਰ 1987 ਦੇ ਖੱਬੇ-ਪੱਖੀ ਮਾਸਿਕ ਪਰਚੇ ‘ਪੈਗਾਮ’ ਵਿਚ ਛਪੀ ‘ਇਜ਼ਹਾਰ ਆਲਮ ਖਾਂ ਦੇ ਜ਼ੁਲਮਾਂ ਦੀ ਕਹਾਣੀ, ਉਸ ਵਲੇ ਛਪੀ ਇਕ ਰੀਪੋਰਟ ਦੀ ਜ਼ੁਬਾਨੀ’ ਸਿਰਲੇਖ ਹੇਠ ਵਿਸਤਾਰਤ ਰੀਪੋਰਟ ਪੱਤਰਕਾਰਾਂ ਨੂੰ ਸੌਂਪੀ ਗਈ ਜਿਸ ਵਿਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਚੁੱਕ ਲੈਣ ਅਤੇ ਉਨ੍ਹਾਂ ਨੂੰ ਮਾਰ ਮੁਕਾਉਣ ਦੇ ਅਨੇਕਾਂ ਦਿਲ-ਕੰਬਾਊ ਮਾਮਲੇ ਦਰਜ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ‘ਆਲਮ ਸੈਨਾ’ ਵਲੋਂ ਕਤਲ ਕੀਤੇ ਨੌਜਵਾਨਾਂ ਵਿਚੋਂ ਵਧੇਰੇ ਲੋਕ ਬੇਕਸੂਰ ਸਨ ਅਤੇ ਉਨ੍ਹਾਂ ਦਾ ਕਿਸੇ ਵੀ ਖਾੜਕੂ ਜਾਂ ਅਪਰਾਧਕ ਕਾਰਵਾਈ ਨਾਲ ਕੋਈ ਸਬੰਧ ਹੀ ਨਹੀਂ ਸੀ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ‘ਆਲਮ ਸੈਨਾ’ ਨੇ ਤਾਂ ਸਿੱਖ ਖਾੜਕੂਆਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਵਿਰੁਧ ਨਫ਼ਰਤ ਪੈਦਾ ਕਰਨ ਲਈ ਵੱਖ-ਵੱਖ ਜਗ੍ਹਾ ਹਮਲੇ ਕਰ ਕੇ ਸਿੱਖਾਂ ਅਤੇ ਹੋਰ ਲੋਕਾਂ ਨੂੰ ਮਾਰ ਮੁਕਾਇਆ ’ਤੇ ਕਾਰਵਾਈਆਂ ਖਾੜਕੂਆਂ ਸਿਰ ਮੜ੍ਹ ਦਿਤੀਆਂ। ਉਨ੍ਹਾਂ ਦਸਿਆ ਕਿ 31 ਦਸੰਬਰ 1987 ਨੂੰ ਸ਼ੁਰੂ ਹੋਏ ਇਸ ਸਿਲਸਿਲੇ ਵਿਚ ਪਹਿਲੀ ਘਟਨਾ ਚੀਮਾ ਬਾਠ ਪਿੰਡ ਵਿਖੇ ਵਾਪਰੀ ਜਿਥੇ ਇਕੋ ਪਰਵਾਰ ਦੇ 7 ਜੀਅ ਆਲਮ ਸੈਨਾ ਵਲੋਂ ਮਾਰ ਦਿਤੇ ਗਏ। ਜਨਵਰੀ, 7 ਅਤੇ 17 ਜਨਵਰੀ 1988 ਨੂੰ ਹੋਈਆਂ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਪਰਵਾਰਾਂ ਦੇ ਪੰਜ-ਪੰਜ ਜੀਅ ਕਤਲ ਕਰ ਦਿਤੇ ਗਏ। ਇਸੇ ਤਰ੍ਹਾਂ 2 ਫ਼ਰਵਰੀ 1988 ਨੂੰ ਅੰਮ੍ਰਿਤਸਰ ਦੇ ਪਿੰਡ ਸਹਿੰਸਰਾ ਵਿਚ ਇਕੋ ਪਰਵਾਰ ਦੇ 8 ਜੀਅ ਮਾਰ ਦਿਤੇ ਗਏ। ਮਾਰਚ, 1988 ਵਿਚ 11 ਵੱਖ-ਵੱਖ ਪਿੰਡਾਂ ਵਿਚ ਵੱਖ-ਵੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚੋਂ ਇਕ ਘਟਨਾ ਅੰਮ੍ਰਿਤਸਰ ਦੇ ਪਿੰਡ ਥੇਹ ਰਜਬ ਦੀ ਸੀ ਜਿਥੇ ਇਕੋ ਪਰਵਾਰ ਦੇ 18 ਜੀਅ ਮਾਰ ਦਿਤੇ ਗਏ। ਪਹਿਲੀ ਅਪ੍ਰੈਲ 1988 ਨੂੰ 37 ਵਿਅਕਤੀ ਕਤਲ ਕਰ ਦਿਤੇ ਗਏ ਜਿਨ੍ਹਾਂ ਵਿਚ ਪੱਟੀ ਨੇੜਲੇ ਪਿੰਡ ਪਨਗੋਟਾ ਦੇ ਇਕੋ ਪਰਵਾਰ ਦੇ 18 ਜੀਅ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ‘ਆਲਮ ਸੈਨਾ’ ਵਲੋਂ ਅੰਜਾਮ ਦਿਤੀਆਂ ਇਨ੍ਹਾਂ ਘਟਨਾਵਾਂ ਨੂੰ ਸਿੱਖ ਖਾੜਕੂਆਂ ਸਿਰ ਮੜੇ ਜਾਣ ਤੋਂ ਬਾਅਦ 4 ਅਪ੍ਰੈਲ 1988 ਨੂੰ ਖਾੜਕੂ ਜਥੇਬੰਦੀਆਂ ਨੇ ਇਸ ਸਬੰਧ ਵਿਚ ਅਪਣਾ ਪੱਖ ਰਖਦਿਆਂ ਸਪੱਸ਼ਟੀਕਰਨ ਦਿਤਾ ਕਿ ਇਨ੍ਹਾਂ ਘਟਨਾਵਾਂ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਇਕ ਹੋਰ ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ 4 ਫ਼ਰਵਰੀ 1986 ਨੂੰ ਆਲਮ ਨੇ ਜਲੰਧਰ ਦੇ ਐਸ.ਐਸ.ਪੀ. ਹੁੰਦਿਆਂ ਨਕੋਦਰ ਵਿਖੇ ਹੋਈ ਇਕ ਘਟਨਾ ਦੇ ਸਬੰਧ ਵਿਚ 4 ਸਿੱਖ ਨੌਜਵਾਨਾਂ ਨੂੰ ਮਰਵਾ ਦਿਤਾ ਸੀ। ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੁਪ ਨੂੰ ਅਗਨ ਭੇਂਟ ਕਰਨ ਦੀ ਇਕ ਘਟਨਾ ਮਗਰੋਂ 5 ਬੇਕਸੂਰ ਸਿੱਖ ਨੌਜਵਾਨ, ਪੰਜ ਪਿਆਰਿਆਂ ਦੇ ਰੂਪ ਵਿਚ, ਕਰਫ਼ਿਊ ਦੌਰਾਨ ਅਗਨ ਭੇਟ ਹੋਏ ਸਰੂਪ ਨੂੰ ਗੋਇੰਦਵਾਲ ਸਾਹਿਬ ਵਲ ਲੈ ਕੇ ਜਾ ਰਹੇ ਸਨ ਜਿਨ੍ਹਾਂ ਨੂੰ ਗੋਲੀਆਂ ਮਰਵਾ ਦਿਤੀਆਂ ਗਈ। ਚਾਰ ਨੌਜਵਾਨ ਜਲੰਧਰ ਲਿਆਂਦੇ ਗਏ ਜਿਨ੍ਹਾਂ ਵਿਚੋਂ 3 ਮਰ ਚੁੱਕੇ ਸਨ ਅਤੇ ਇਕ ਜ਼ਿੰਦਾ ਸੀ ਪਰ ਪਤਾ ਲੱਗਣ ’ਤੇ ਜ਼ਿੰਦਾ ਨੌਜਵਾਨ ਨੂੰ ਜਲੰਧਰ ਦੇ ਸਿਵਲ ਹਸਪਤਾਲ ਤੋਂ ਵਾਪਸ ਲਿਜਾ ਕੇ ਮੁੜ ਗੋਲੀ ਮਾਰ ਕੇ ਮਾਰ ਦੇਣ ਉਪਰੰਤ ਵਾਪਸ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਕਤ ਰੀਪੋਰਟਾਂ ਤੋਂ ਇਲਾਵਾ ਉਸ ਸਮੇਂ ਦੀਆਂ ਵੱਖ-ਵੱਖ ਅਖ਼ਬਾਰਾਂ ਵੀ ਇਨ੍ਹਾਂ ਘਟਨਾਵਾਂ ਅਤੇ ਇਨ੍ਹਾਂ ਮਗਰਲੇ ਸੱਚ ਦਾ ਜ਼ਿਕਰ ਕਰਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਨ੍ਹਾਂ ਤੋਂ ਅਣਜਾਣ ਹੋਣਾ ਹੈਰਾਨ ਕਰਨ ਵਾਲੀ ਗੱਲ ਹੈ।
* ਬਿਊਰੋ ਚੀਫ਼-'ਰੋਜ਼ਾਨਾ ਸਪੋਕਸਮੈਨ'
* ਬਿਊਰੋ ਚੀਫ਼-'ਰੋਜ਼ਾਨਾ ਸਪੋਕਸਮੈਨ'