ਸਿੱਖ ਧਰਮ ਦੇ ਮਾਡਰਨ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਕੈਨੇਡੀਅਨ ਮੰਤਰੀ ਦੀ ਧੀ ਅਲੈਗਜੈਂਡਰਾ ਐਤਕਨ ਸਿੱਖ ਬਣੀ

ਸੁਨੇਹਾ
0
ਕਿਸੇ ਵੇਲੇ ਲੰਡਨ ਵਿਚ ਪਾਰਟੀ ਗਰਲ ਵਜੋਂ ਜਾਣੀ ਜਾਂਦੀ ਸਾਬਕਾ ਮੰਤਰੀ ਜੋਨਾਥਨ ਦੀ ਧੀ ਅਲੈਗਜੈਂਡਰਾ ਐਤਕਨ ਹੁਣ ਸਿੱਖ ਬਣ ਚੁੱਕੀ ਹੈ ਅਤੇ ਉਸ ਦਾ ਨਾਂ ਹਰਵਿੰਦਰ ਕੌਰ ਹੈ। 30 ਸਾਲਾ ਹਰਵਿੰਦਰ ਕੌਰ ਦੇ ਜੀਵਨ ਵਿਚ ਇਹ ਤਬਦੀਲੀ ਕਿਵੇਂ ਆਈ, ਪੇਸ਼ ਹੈ, ਉਸ ਦੀ ਆਪਣੀ ਜ਼ੁਬਾਨੀ :

ਜੇ ਕੋਈ ਮੈਨੂੰ ਦਸ ਸਾਲ ਪਹਿਲਾਂ, ਜਦੋਂ ਮੈਂ ਲੰਡਨ ਵਿਚ ਇਕ ਪਾਰਟੀ ਗਰਲ ਵਜੋਂ ਮੌਜ ਮੇਲੇ ਵਾਲਾ ਜੀਵਨ ਬਿਤਾ ਰਹੀ , ਮੈਨੂੰ ਮੇਰੀ ਮੌਜ਼ੂਦਾ ਜ਼ਿੰਦਗੀ ਬਾਰੇ ਦੱਸਦਾ ਤਾਂ ਮੈਨੂੰ ਯਕੀਨ ਨਹੀਂ ਸੀ ਆਉਣਾ। ਜੇ ਕੋਈ ਇਹ ਦੱਸਦਾ ਕਿ ਤੂੰ ਸਿੱਖ ਧਰਮ ਧਾਰਨ ਕਰ ਲਵੇਂਗੀ ਅਤੇ ਆਪਣਾ ਨਾਂ ਬਦਲ ਕੇ ਹਰਵਿੰਦਰ ਕੌਰ ਰੱਖ ਲਵੇਂਗੀ ਤੇ ਆਪਣਾ ਵਿਆਹ ਇਕ ਸਿੱਖ ਨੌਜਵਾਨ ਨਾਲ ਕਰੇਂਗੀ, ਜਿਸ ਨਾਲ ਮੈਂ ਇਕ ਵੀ ਲਫ਼ਜ਼ ਸਾਂਝਾ ਕਰਨ ਤੋਂ ਪਹਿਲਾਂ ਪਿਆਰ ਕੀਤਾ, ਤਾਂ ਮੈਂ ਹਸ ਹਸ ਦੂਹਰੀ ਹੋ ਜਾਣਾ ਸੀ।
ਅਸਲ ਵਿਚ ਮੈਨੂੰ ਕਿਸੇ ਜਥੇਬੰਦਕ ਧਰਮ ਤੋਂ ਬਹੁਤ ਚਿੜ ਸੀ। ਇਹ ਮੈਨੂੰ ਬਹੁਤ ਭੈੜਾ ਲਗਦਾ ਸੀ। ਪਰ ਉਦੋਂ ਮੈਂ ਸਿੱਖ ਮਤ ਨੂੰ ਇਕ ਧਰਮ ਦੇ ਤੌਰ ‘ਤੇ ਨਹੀਂ ਸੀ ਜਾਣਦੀ, ਜੋ ਕਿਸੇ ਲਈ ਵੀ ਰੂਹਾਨੀਅਤ ਦਾ ਰਾਹ ਹੈ। ਅਸੀਂ ਕੰਪਿਊਟਰ ਯੁਗ ਵਿਚ ਰਹਿ ਰਹੇ ਹਾਂ ਜਿਥੇ ਜੀਵਨ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਦੁਨੀਆ ਦੀ ਰਫ਼ਤਾਰ ਤੇਜ਼ ਹੋ ਰਹੀ ਹੈ ਅਤੇ ਲੋਕ ਤਣਾਅ ਤੋਂ ਰਾਹਤ ਚਾਹੁੰਦੇ ਹਨ। ਜਿਵੇਂ ਮੈਂ ਵੇਖਿਆ, ਤੁਹਾਡੇ ਕੋਲ ਦੋ ਹੀ ਵਿਕਲਪ ਹਨ ਪਹਿਲਾ ਇਹ ਕਿ ਤਣਾਅ ਤੋਂ ਛੁਟਕਾਰੇ ਲਈ ਕਿਸੇ ਡਰੱਗ ਡੀਲਰ ਕੋਲ ਜਾਓ, ਦੂਜਾ ਤੁਸੀਂ ਉਹ ਰਸਤਾ ਲੱਭ ਸਕਦੇ ਹੋ ਜੋ ਤੁਹਾਨੂੰ ਰੂਹਾਨੀਅਤ ਤੌਰ ‘ਤੇ ਬਹੁਤ ਉੱਚਾ ਲੈ ਜਾਵੇ। ਹਰੇਕ ਕੁਝ ਨਾ ਕੁਝ ਲਭਦਾ ਹੈ। ਮੈਂ ਇਹ ਕੁਦਰਤੀ ਉਚਾਈ ਸਿੱਖ ਧਰਮ ਵਿਚ ਲੱਭੀ। ਪਰ ਮੈਂ ਇਕੋ ਦਮ ਸਿੱਖ ਧਰਮ ਧਾਰਨ ਨਹੀਂ ਕੀਤਾ। ਪਹਿਲਾਂ ਮੈਂ ਇਸ ਬਾਰੇ ਅਧਿਐਨ ਕੀਤਾ। ਮੈਂ ਧਰਮਾਂ ਬਾਰੇ ਬਹੁਤ ਕੁਝ ਪੜ੍ਹਿਆ। ਮੈਂ ਪਹਿਲਾਂ ਯਹੂਦੀਆਂ ਦੀ ਇਕ ਸੰਪਰਦਾ ਕਾਬਾਲਾਹ ਬਾਰੇ ਅਧਿਐਨ ਕੀਤਾ। ਮੈਂ ਇਸਲਾਮ ਬਾਰੇ ਪੜ੍ਹਿਆ, ਬੁੱਧ ਮੱਤ ਬਾਰੇ ਪੜ੍ਹਿਆ, ਜਦੋਂ ਮੈਂ 4 ਸਾਲ ਪਹਿਲਾਂ ਲੰਡਨ ਤੋਂ ਲਾਸ ਏਂਜਲਸ ਆ ਕੇ ਮੈਂ ਸਿੱਖ ਧਰਮ ਬਾਰੇ ਅਧਿਐਨ ਸ਼ੁਰੂ ਕੀਤਾ। ਇਸ ਦੌਰਾਨ ਮੈਂ ਸਿਮਰਨ ਕਰਨਾ ਸਿੱਖਿਆ। ਗੁਰੂ ਸਾਹਿਬਾਨ ਵਲੋਂ ਗੁਰਬਾਣੀ ਵਿੱਚ ਦਰਸਾਏ ਗਏ ਰੂਹਨੀਅਤ ਨਾਲ ਭਰਪੂਰ ਵਿਗਿਆਨਕ ਲਾਈਫ ਸਟਾਈਲ ਨੂੰ ਸਹੀ ਅਰਥਾਂ ਵਿਚ ਅਪਣੇ ਜੀਵਨ 'ਚ ਲਾਗੂ ਕਰਨ ਵਾਲੇ ਮੈਨੂੰ ਜਿੰਨੇ ਵੀ ਲੋਕ ਮਿਲੇ, ਉਹ ਬੜੇ ਹੀ ਖੁਸ਼ ਤਬੀਅਤ ਸਨ, ਜਿਸ ਨੇ ਮੈਨੂੰ ਇਹ ਸਚਾਈ ਜਾਨਣ ਲਈ ਮਜ਼ਬੂਰ ਕੀਤਾ। ਮੈਂ ਬਹੁਤ ਹੀ ਦਿਲਚਸਪ ਕਹਾਣੀਆਂ ਸੁਣੀਆਂ। ਇਸ ਲਾਈਫ ਸਟਾਈਲ ਨਾਲ ਨਸ਼ੀਲੇ ਪਦਾਰਥਾਂ ਦੇ ਆਦੀ ਲੋਕਾਂ ਦਾ ਜੀਵਨ ਬਿਲਕੁਲ ਬਦਲ ਗਿਆ, ਕੈਂਸਰ ਦੇ ਮਰੀਜ਼ ਠੀਕ ਹੋ ਗਏ। ਹਾਲਾਂਕਿ, ਮੇਰਾ ਜੀਵਨ ਅਜੇ ਕਿਸੇ ਅੱਤ ‘ਤੇ ਨਹੀਂ ਸੀ ਪਹੁੰਚਿਆ, ਮੈਨੂੰ ਵੀ ਬਹੁਤ ਰਾਹਤ ਮਹਿਸੂਸ ਹੋਈ। ਕਿਉਂਕਿ ਜ਼ਿਆਦਾਤਰ ਲੋਕ ਖੁਸ਼ੀ ਚਾਹੁੰਦੇ ਸਨ, ਅਸੀਂ ਸਿਰਫ਼ ਉਹੀ ਕਰਦੇ ਹਾਂ ਜੋ ਕਰ ਸਕਦੇ ਹਾਂ, ਭੱਜ ਨੱਠ ਦੀ ਜ਼ਿੰਦਗੀ ਵਿਚ ਅਸੀਂ ਵਕਤ ਦੇ ਪਿੱਛੇ ਦੌੜਦੇ ਹਾਂ, ਨਸ਼ੇ ਕਰਦੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹੋ ਚੀਜ਼ ਸਾਨੂੰ ਖੁਸ਼ੀ ਦੇਵੇਗੀ।
ਮੈਂ ਦੁਨੀਆ ਦੇ ਕੁਝ ਸਭ ਤੋਂ ਅਮੀਰ ਲੋਕਾਂ ਨੂੰ ਜਾਣਦੀ ਹਾਂ, ਦੁਨੀਆ ਵਿਚ ਕੁਝ ਪ੍ਰਸਿੱਧੀ ਵਾਲੇ ਲੋਕਾਂ ਨੂੰ ਵੀ ਜਾਣਦੀ ਹਾਂ, ਦੁਨੀਆ ਵਿਚ ਸਭ ਤੋਂ ਵੱਧ ਕਾਮਯਾਬ ਲੋਕਾਂ ਨੂੰ ਵੀ ਜਾਣਦੀ ਹਾਂ ਅਤੇ ਦੁਨੀਆ ਵਿਚ ਸਭ ਤੋਂ ਬੁੱਧੀਮਾਨ ਲੋਕਾਂ ਨੂੰ ਵੀ ਜਾਣਦੀ ਹਾਂ। ਪਰ ਸਭ ਤੋਂ ਵੱਧ ਖੁਸ਼ ਉਹ ਲੋਕ ਹਨ ਜੋ ਰੂਹਾਨੀਅਤ ਦਾ ਰਾਹ ਅਖਤਿਆਰ ਕਰਦੇ ਹਨ। ਇਹ ਸਾਰਾ ਕੁਝ ਮੈਨੂੰ ਇਕੋ ਦਿਨ ਵਿਚ ਪ੍ਰਾਪਤ ਨਹੀਂ ਹੋਇਆ। ਇਹ ਇਕ ਬੜੀ ਸਹਿਜ ਪ੍ਰਕਿਰਿਆ ਸੀ। ਮੈਂ ਇਸ ਦੀ ਕਿਸੇ ਹੋਰ ਨਾਲ ਤੁਲਨਾ ਕਰਦੀ ਹਾਂ ਜੋ ਕਦੀ ਜਿਮ ਨਹੀਂ ਜਾਂਦਾ, ਜੋ ਨਾਸ਼ਤੇ, ਲੰਚ ਅਤੇ ਡਿਨਰ ਵਿਚ ਚਿਪਸ ਅਤੇ ਚਾਕਲੇਟ ਕੇਕ ਖਾਂਦਾ ਹੈ। ਜੇ ਅਜਿਹਾ ਵਿਅਕਤੀ ਕਸਰਤ ਸ਼ੁਰੂ ਕਰਦਾ ਹੈ ਤਾਂ ਉਹ ਵੇਖੇਗਾ ਕਿ ਉਸ ਦਾ ਸਰੀਰ ਹੋਰ ਕਿਸਮ ਦੇ ਭੋਜਨ ਦੀ ਮੰਗ ਕਰਦਾ ਹੈ, ਉਹ ਹੋਰ ਪੌਸ਼ਟਿਕ ਭੋਜਨ ਖਾਣਾ ਸ਼ੁਰੂ ਕਰਦਾ ਹੈ, ਕਿਉਂਕਿ ਉਸ ਨੂੰ ਇਹ ਪਤਾ ਲਗ ਜਾਂਦਾ ਹੈ ਕਿ ਉਸ ਦਾ ਸਰੀਰ ਰਿਸ਼ਟ ਪੁਸ਼ਟ ਕਿਵੇਂ ਰਹਿੰਦਾ ਹੈ ਅਤੇ ਉਹ ਠੀਕ ਮਹਿਸੂਸ ਕਰਦਾ ਹੈ। ਮੈਂ ਵੀ ਇਸੇ ਤਰ੍ਹਾਂ ਸਿੱਖ ਮੱਤ ਬਾਰੇ ਮਹਿਸੂਸ ਕੀਤਾ। ਸਾਰਾ ਕੁਝ ਬਹੁਤ ਹੀ ਕੁਦਰਤੀ ਅਤੇ ਆਰਗੈਨਿਕ ਪ੍ਰਾਸੈਸ ਵਿਚ ਸੀ। ਇਕ ਇਕ ਕਰਕੇ ਸਾਰਾ ਕੁਝ ਮਿਲਦਾ ਰਿਹਾ।

ਇਸ ਪ੍ਰਕਿਰਿਆ ਦੌਰਾਨ ਮੇਰੀ ਮਿਲਣੀ ਇੰਦਰਜੋਤ ਸਿੰਘ ਨਾਲ ਹੋਈ ਜਿਸ ਨੂੰ ਪਹਿਲੇ ਦਿਨ ਤੋਂ ਹੀ ਮੈਂ ਆਪਣਾ ਪਤੀ ਕਹਿਣਾ ਸ਼ੁਰੂ ਕਰ ਦਿੱਤਾ। ਇਕ ਸਾਲ ਪਹਿਲਾਂ ਮੈਂ ਉਸ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿਚ ਛੱਤ ਉਪਰ ਮਿਲੀ ਅਤੇ ਮੈਨੂੰ ਪਤਾ ਲੱਗਾ ਕਿ ਅਸੀਂ ਸ਼ਾਦੀ ਕਰਨ ਜਾ ਰਹੇ ਹਾਂ।

6 ਹਫ਼ਤੇ ਬਾਅਦ ਮੈਂ ਲਾਸ ਏਂਜਲਸ ਵਾਪਸ ਆ ਗਈ। ਅਸੀਂ ਇਕ ਦੂਜੇ ਨੂੰ ਇਕ ਲਫ਼ਜ਼ ਵੀ ਨਾ ਬੋਲਿਆ, ਪਰ ਮੈਨੂੰ ਉਸ ਨਾਲ ਪ੍ਰੇਮ ਹੋ ਗਿਆ। ਮੈਨੂੰ ਪਤਾ ਲੱਗਾ ਕਿ ਮੈਨੂੰ ਉਸ ਨੂੰ ਲੱਭਣ ਲਈ ਵਾਪਸ ਭਾਰਤ ਜਾਣਾ ਪਵੇਗਾ। ਇਸ ਲਈ ਮੈਂ ਇਸੇ ਤਰ੍ਹਾਂ ਹੀ ਕੀਤਾ। ਮੈਂ ਇਸ ਦੀ ਵਿਆਖਿਆ ਨਹੀਂ ਕਰ ਸਕਦੀ।

ਮੇਰੇ ਦੋਸਤ ਅਤੇ ਪਰਿਵਾਰ ਇਸ ਵੱਲ ਧਿਆਨ ਦਿੰਦੇ ਹਨ ਕਿ ਮੈਂ ਖੁਸ਼ ਹਾਂ। ਮੇਰਾ ਨਵਾਂ ਨਾਮ ਮੇਰੀ ਜ਼ਿੰਦਗੀ ਦਾ ਪ੍ਰਤੀਕ ਹੈ ਜੋ ਮੈਂ ਇਕ ਸਿੱਖ ਵਜੋਂ ਸ਼ੁਰੂ ਕੀਤੀ ਹੈ। ਮੇਰੀ ਜੁੜਵਾਂ ਭੈਣ ਵਿਕਟੋਰੀਆ ਮੈਨੂੰ ਕਹਿੰਦੀ ਹੈ : ਮੈਂ ਤੈਨੂੰ ਕੀ ਕਹਿ ਕੇ ਬੁਲਾਵਾਂ?
ਲੋਕ ਜਿਵੇਂ ਪਸੰਦ ਕਰਦੇ ਹਨ ਮੈਨੂੰ ਬੁਲਾ ਸਕਦੇ ਹਨ, ਜਿਵੇਂ ਉਨ੍ਹਾਂ ਨੂੰ ਸੌਖਾ ਲਗਦਾ ਹੈ। ਮੈਂ ਇਹ ਉਮੀਦ ਨਹੀਂ ਕਰਦੀ ਕਿ ਮੇਰੇ ਮਿੱਤਰ ਮੈਨੂੰ ਐਲੀ ਕਹਿ ਕੇ ਬੁਲਾਉਣਾ ਬੰਦ ਕਰ ਦੇਣ।

ਜਿਵੇਂ ਕਿ ਮੇਰੇ ਮਾਪੇ, ਖ਼ਾਸ ਕਰਕੇ ਮੇਰੀ ਮਾਂ ਹਮੇਸ਼ਾ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਰਹੇ ਹਨ। ਇਕ ਗੱਲ ਜੇ ਮੇਰੇ ਡੈਡੀ ਨੇ ਮੈਨੂੰ ਦੱਸੀ, ਉਹ ਮੇਰੇ ਪੜਦਾਦੇ ਬਾਰੇ ਸੀ। ਮੇਰੇ ਪੜਦਾਦਾ ਜੀ-ਲਾਰਡ ਰਗਬੀ ਨੇ ਕਾਫ਼ੀ ਸਮਾਂ ਪੰਜਾਬ ਵਿਚ ਬਿਤਾਇਆ ਹੈ, ਜਿਥੋਂ ਦਾ ਇੰਦਰਜੋਤ ਹੈ। ਮੇਰੇ ਪੜਦਾਦਾ ਜੀ 1920ਵਿਆਂ ਵਿਚ ਨਾਰਥ ਵੈਸਟ ਸੂਬੇ ਦੇ ਚੀਫ ਕਮਿਸ਼ਨਰ ਰਹੇ ਹਨ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਮੇਰੇ ਬਾਰੇ ਲੋਕ ਜੋ ਵੀ ਕੁਝ ਸੋਚਦੇ ਹੋਣ, ਪਰ ਮੈਂ ਇਸ ਜੀਵਨ ਵਿਚ ਬਹੁਤ ਖੁਸ਼ ਹਾਂ।
(ਡੇਲੀ ਮੇਲ ਯੂਕੇ ਵਿਚੋਂ ਧੰਨਵਾਦ ਸਹਿਤ )

Post a Comment

0 Comments
Post a Comment (0)
To Top