ਗੋਲੀ ਤੋਂ ਬਾਅਦ ਨਸਲਘਾਤ ਦੀ ਨੀਤੀ ਦਾ ਹਿੱਸਾ-ਜਵਾਨ ਪੀੜ੍ਹੀ ਵੱਲ ਸੇਧਤ ਸਭਿਆਚਾਰਿਕ ਹਮਲੇ -ਪਰਦੀਪ ਸਿੰਘ

ਸੁਨੇਹਾ
0
ਪਰਦੀਪ ਸਿੰਘ
ਜਦੋਂ ਕੋਈ ਕਮਿਊਨਟੀ ਬਿਨਾਂ ਕਿਸੇ ਜੱਦੋ-ਜਹਿਦ ਦੇ ਰਾਜ ਸੱਤਾ ’ਤੇ ਕਾਬਜ਼ ਹੋ ਜਾਵੇ ਤੇ ਇਸ ਦੇ ਨਾਲ ਹੀ ਜੇ ਉਸ ਦਾ ਕੋਈ ਫਖਰਯੋਗ ਇਤਿਹਾਸ ਨਾ ਹੋਵੇ ਤੇ ਭੱਵਿਖ ਵਿਚ ਵੀ ਉਹ ਨੈਤਿਕ ਸਾਧਨਾ ਰਾਹੀਂ ਕੋਈ ਪ੍ਰਾਪਤੀ ਕਰਨ ਦੇ ਯੋਗ ਨਾ ਹੋਵੇ, ਤਾਂ ਹਰ ਖੇਤਰ ’ਚ ਆਪਣੀ ਅਜ਼ਾਰੇਦਾਰੀ ਕਾਇਮ ਕਰਨ ਲਈ ਆਪਣੇ ਅਧੀਨ ਕੌਮਾਂ, ਖ਼ਾਸ ਕਰ ਉਸ ਕੌਮ ਦਾ, ਜਿਸ ਰਾਹੀਂ ਉਹ ਰਾਜ-ਸੱਤਾ ’ਤੇ ਕਾਬਜ਼ ਹੋਈ ਹੋਵੇ ਦਾ ਨਸਲਘਾਤ ਕਰਨਾ ਜ਼ਰੂਰੀ ਸਮਝਦੀ ਹੈ। ਵੱਖ-ਵੱਖ ਕੌਮਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਦੇ ਨਸਲਘਾਤ ਲਈ ਵੀ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਹਥਿਆਰ ਵਰਤੇ ਜਾ ਰਹੇ ਹਨ। ਪਰ ਇਥੇ ਗੋਲੀ ਤੋਂ ਬਾਅਦ ਵੱਡੇ ਪੱਧਰ ਤੇ ਵਰਤੇ ਜਾ ਰਹੇ ਸਭਿਆਚਾਰਿਕ ਤੇ ਸੰਚਾਰ ਦੇ ਹਥਿਆਰਾਂ ਬਾਰੇ ਹੀ ਚਰਚਾ ਕਰ ਰਹੇ ਹਾਂ।

ਸਿੱਖ ਕੌਮ ’ਤੇ ਸਭਿਆਚਾਰਿਕ ਹਮਲੇ ਤਾਂ ਗੁਰੂ ਕਾਲ ਵਿਚ ਹੀ ਸ਼ੁਰੂ ਹੋ ਗਏ ਸਨ। ਗੁਰੂ ਕਾਲ ਤੋਂ ਬਾਅਦ ਗੁਰੂ ਸਾਹਿਬਾਨ ਦੇ ਨਾਂ ਹੇਠ ਕੂੜ ਰਚਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਸਿੱਖ ਇਤਿਹਾਸ, ਸਿਧਾਂਤਾਂ ਤੇ ਫ਼ਲਸਫੇ ਦੇ ਵਿਰੋਧੀ ‘ਸਾਹਿਤ’ ਨੂੰ ਵੀ ਆਮ ਲੋਕਾ ਨੇ ਅਪਣਾਉਣਾ ਸ਼ੁਰੂ ਕਰ ਦਿੱਤਾ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਨੂੰ ਜੰਗਲਾਂ ਆਦਿ ਵਿਚ ਰਹਿਣਾ ਪਿਆ ਤਾਂ ਪੰਥ ਦੁਸ਼ਮਣ ਤਾਕਤਾਂ ਗੁਰਧਾਮਾਂ ’ਤੇ ਕਾਬਜ਼ ਹੋ ਕੇ ਸਿੱਖੀ ਦੇ ਇਲਾਹੀ ਸੰਦੇਸ਼ ਦੀ ਥਾਂ ਬਿਪਰ ਦਾ ਕੂੜ ਪ੍ਰਚਾਰ ਕਰਨ ਲੱਗੀਆਂ। ਗੁਰਦੁਆਰਿਆਂ ਨੂੰ ਮੰਦਰਾਂ ’ਚ ਬਦਲ ਦਿਤਾ ਗਿਆ ਭਾਵੇਂ ਇਕ ਵੱਡੀ ਜਦੋ-ਜਹਿਦ ਤੇ ਸ਼ਹੀਦੀਆਂ ਉਪਰੰਤ ਸਿੱਖਾਂ ਨੇ ਆਪਣੇ ਗੁਰਧਾਮ ਅਜ਼ਾਦ ਤਾ ਕਰਵਾ ਲਏ ਪਰ ਹਿੰਦੂ ਮਹੰਤਾਂ ਵਲੋਂ ਸਿੱਖ ਸਿਧਾਂਤਾਂ ’ਚ ਪਾਇਆ ਗਿਆ ਰਲ਼ਾ ਪੂਰਨ ਤੌਰ ’ਤੇ ਸਾਫ਼ ਨਹੀਂ ਹੋ ਸਕਿਆ ਜੋ ਹੁਣ ਫਿਰ ਇਕ ਸ਼ਾਜਿਸ ਤਹਿਤ ਬਹੁਤ ਵਧ ਚੁੱਕਾ ਹੈ।

1947 ਤੋਂ ਬਾਅਦ ਜਿਵੇਂ ਗੋਲੀ ਨਾਲ ਸਿੱਖਾਂ ਦਾ ਨਸਲਘਾਤ ਕਰਨ ਦੀ ਕੋਸ਼ਿਸ ਕੀਤੀ ਗਈ, 1984 ਦੇ ਦੋ ਵੱਡੇ ਘੱਲੂਘਾਰੇ ਵਰਤਾਏ ਗਏ, ਵੱਡੀ ਪੱਧਰ ’ਤੇ ਸਿੱਖ ਬੱਚੀਆਂ/ਔਰਤਾਂ ਨਾਲ ਬਲਾਤਕਾਰ ਕੀਤੇ ਗਏ ੳਸ ਦੇ ਵਿਸਥਾਰ ਵਿਚ ਜਾਣਾ ਇਸ ਲੇਖ ਦਾ ਵਿਸ਼ਾ ਨਹੀਂ।

ਕੌਮ ਵਿਰੁੱਧ ਵਿੱਢੀ ਗਈ ਇਸ ਹਥਿਆਰਬੰਦ ਲੜਾਈ ਤੋਂ ਇਲਾਵਾ ਸਭਿਆਚਾਰਿਕ ਖੇਤਰ ਵਿਚ ਵੀ ਕੌਮ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ। ਤਾਂ ਜੋ ਗੋਲੀ ਤੋਂ ਬਚ ਗਈ ਸਿੱਖ ਜਵਾਨੀ ਨੂੰ ਇਸ ਹੜ੍ਹ ਵਿਚ ਰੋੜ੍ਹ ਦਿੱਤਾ ਜਾਵੇ। ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰ ਵਿਚ ਸਿੱਖ ਨੌਜਵਾਨੀ ਨੂੰ ਕੁਰਾਹੇ ਪਾਉਣ ਲਈ ਪੰਜਾਬੀ ਫ਼ਿਲਮਾ ਰਾਹੀਂ ਇੰਨੀ ਅਸ਼ਲੀਲਤਾ ਤੇ ਗੁੰਮਰਾਹਕੁੰਨ ਸਿੱਖਿਆ ਪਰੋਸੀ ਗਈ ਕਿ ਇਸਨੇ ਪਹਿਲਾਂ ਹੀ ਵੈਣ ਪਾ ਰਹੀ ਪੰਜਾਬ ਦੀ ਧਰਤੀ ’ਤੇ ਸਿੱਖ ਮੁੰਡੇ-ਕੁੜੀਆਂ ਨੂੰ ਆਸ਼ਕ / ਮਸ਼ੂਕ ਲੱਭਣ ਲਗਾ ਦਿੱਤਾ। ਇਸੇ ਸਮੇਂ ਇਸ ਲੱਚਰ ਪ੍ਰਚਾਰ ਨੂੰ ਪਿੰਡਾਂ ’ਚ ਹੇਠਲੇ ਪੱਧਰ ’ਤੇ ਪਹੁੰਚਾੳਣ ਲਈ ਸਹਿਰਾਂ ਦੇ ਹਿੰਦੂ ਦੁਕਾਨਦਾਰਾਂ ਰਾਹੀਂ ਵੀ. ਸੀ. ਆਰ. ਅਤੇ ਫ਼ਿਲਮਾਂ ਕਿਰਾਏ ’ਤੇ ਦੇਣ ਦੀ ਪਿਰਤ ਸ਼ੁਰੂ ਕੀਤੀ ਗਈ। ਅਸ਼ਲੀਲ (ਬਲੂ) ਫ਼ਿਲਮਾਂ ਦਾ ਜਾਲ ਇਕ ਸ਼ਜਿਸੀ ਢੰਗ ਨਾਲ ਪਿੰਡ ਪੱਧਰ ’ਤੇ ਫ਼ੈਲਾਇਆ ਗਿਆ। ਸ਼ਹਿਰਾਂ ’ਚ ਬਹੁਗਿਣਤੀ ਹਿੰਦੂਆ ਦੀ ਰਹਿੰਦੀ ਹੋਣ ਕਾਰਨ ਉੱਥੇ ਇਨ੍ਹਾਂ ਫ਼ਿਲਮਾਂ ’ਤੇ ਸਖ਼ਤਾਈ ਵਰਤੀ ਗਈ।

ਇਸੇ ਤਰ੍ਹਾਂ ਫ਼ਿਲਮਾਂ ’ਤੇ ਨਾਟਕਾਂ ਰਾਹੀਂ ਹੀ ਸਿੱਖ ਸਪਿਰਟ ਨੂੰ ਜੱਟਵਾਦ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਗਈ ਜੱਟਾਂ (ਸਿੱਖਾਂ) ਨੂੰ ਸ਼ਰਾਬਾਂ ਪੀ ਕੇ ਸ਼ਰੀਕਾਂ ਵਿਰੋਧੀਆਂ ਨਾਲ ਗੰਡਾਸੇ ਚਲਾਉਣ ਲਈ ਭਰਪੂਰ ਉਕਸਾਇਆ ਗਿਆ ਤਾਂ ਜੋ ਸਿੱਖ ਆਪਸ ’ਚ ਹੀ ਲੜ-ਭਿੜ ਕੇ ਮਰਦੇ ਰਹਿਣ, ਜੇਲ੍ਹਾਂ, ਥਾਣਿਆਂ, ਕਚਿਹਰੀਆਂ ’ਚ ਰੁਲਣ ਤੇ ਪੈਸਾ ਬਰਬਾਦ ਕਰਨ ਤੇ ਇਹ ਸਭ ਹੋਇਆ ਵੀ ਤੇ ਹੋ ਰਿਹਾ ਹੈ। ਇਸ ਸ਼ਾਜਿਸ ਵਿਚੋਂ ਆਰਥਿਕ ਹਮਲਿਆਂ ਦੀ ਬੋਅ ਵੀ ਆਉਂਦੀ ਹੈ ਪਰ ਇਹ ਇਕ ਵੱਖਰਾ ਤੇ ਵੱਡਾ ਵਿਸ਼ਾ ਹੈ। ਗੱਲ ਕੀ ਜੱਟ ਦਾ ਸ਼ਰਾਬ ਨਾਲ ਰਿਸ਼ਤਾ ਪੱਕੇ ਤੌਰ ’ਤੇ ਜ਼ੋਰ ਦਿੱਤਾ ਗਿਆ ਤੇ ਅੱਜ ਇਸ ’ਚ ਬਹਾਦਰੀ ਦੇ ਨਾਂ ਹੇਠ ਬਦਮਾਸ਼ੀ ਨੂੰ ਵੀ ਜੋੜ ਦਿੱਤਾ ਗਿਆ ਹੈ। ਪਿੰਡਾਂ ਦੇ ਮੁੰਡਿਆਂ ’ਤੇ ਅੱਜ ਇਸਦਾ ਅਸਰ ਵੇਖਿਆ ਜਾ ਸਕਦਾ ਹੈ। ਅੱਜ ਪੰਜਾਬ ਦੀ ਧਰਤੀ ਤੋਂ ਇਨ੍ਹਾਂ ਲੋਕਾਂ ਨੂੰ ਪ੍ਰੋ. ਪੂਰਨ ਸਿੰਘ ਵਾਂਗ ਗੁਰਬਾਣੀ ਦੀ ਮਹਿਕਾਂ ਵੰਡਦੀ ਵਿਗਿਆਨਕ ਖੂਸ਼ਬੋ ਨਹੀਂ ਆਉਂਦੀ ਸਗੋਂ ਉਹ ਭੁੱਖੇ ਮਰਦੇ ਹਿੰਦੂ ਭਾਰਤ ਦੀਆਂ ਗੋਗੜਾਂ ਭਰਨ ਵਾਲੇ ਪੰਜਾਬ (ਸਿੱਖ ਹੋਮਲੈਂਡ) ਦੇ ਖੇਤਾਂ ’ਚੋਂ ਵੀ ਸ਼ਰਾਬਾਂ ਦੀਆਂ ‘ਖੁਸ਼ਬੋਆਂ’ ਭਾਲਦੇ ਹਨ। ਕੋਈ ‘ਤਾਰਾ’ ਵਿਦੇਸ਼ਾਂ ’ਚ ਜਾ ਕੇ ਵੀ ਸਿੱਖੀ ਦੇ ਖ਼ੂਨ ਨਾਲ ਸਿੰਜੀ ਪੰਜ-ਪਾਣੀਆਂ ਦੀ ਧਰਤੀ ਨੂੰ ਨਹੀਂ ਸਗੋਂ ‘ਘਰ ਦੀ ਕੱਢੀ’ ਨੂੰ ਯਾਦ ਕਰ ਕੇ ਹੀ ਭੁੱਬਾਂ ਮਾਰਦਾ ਹੈ। ਇਹ ਬਣਾ ਦਿੱਤੀ ਗਈ ਹੈ ਅੱਜ ਪੰਜਾਬ ਦੇ ‘ਸਪੂਤਾਂ’ ਦੀ ਔਕਾਤ। ਸਮਝ ਨਹੀਂ ਆਉਂਦੀ ਕਿ ਪੰਮੀ ਬਾਈ ਵਰਗੇ ਸੰਜੀਦਾ ਗਾਇਕ ਨੇ ਵੀ ਇਹ ਗੀਤ ਕਿਵੇਂ ਗਾ ਦਿੱਤਾ ਕਿ “ਜੇ ਪੀਣੀ ਛੱਡ’ਤੀ ਜੱਟਾਂ ਨੇ ਫਿਰ ਕੌਣ ਮਾਰੂ ਲਲਕਾਰੇ।” ਮੀਡੀਏ ਦੇ ਸਭਿਆਚਾਰਿਕ ਹਮਲਿਆਂ ਰਾਹੀਂ ਹੀ ਦਲਿਤਾਂ ਨੂੰ ਵੀ ਜੱਟਾਂ ਦੀ ਹੈਂਕੜ ਰਾਹੀਂ ਸਿੱਖੀ ਤੋਂ ਦੂਰ ਕਰਨ ਦੇ ਯਤਨ ਕੀਤੇ ਗਏ।ਇਸ ਸਭਿਆਚਾਰਿਕ ਜੰਗ ਦਾ ਨਿਸ਼ਾਨਾਂ ਭਾਵੇਂ ਪੂਰੀ ਕੌਮ ਵੱਲ ਸੇਧਤ ਸੀ। ਪਰ ਇਸਦਾ ਮੁੱਖ ਨਿਸ਼ਾਨਾ ਸਿੱਖਾਂ ਦੇ ਬੱਚੇ ਅਤੇ ਨੌਜਵਾਨ ਮੁੰਡੇ-ਕੁੜੀਆਂ ਹੀ ਸਨ। ਇਸੇ ਸਮੇਂ ਦੌਰਾਨ ਸਕੂਲਾਂ ਵਿਚ ਸਵੇਰ ਦੀ ਸਭਾ ਵੇਲੇ ਗੁਰਬਾਣੀ ’ਚੋਂ ਪੜ੍ਹੇ ਜਾਂਦੇ ਸਬਦ ਬੰਦ ਕਰਵਾ ਕੇ “ਜਨ ਗਨ ਮਨ”, “ਬੰਦੇ ਮਾਤਰਮ”, ਜਾਂ “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ” ਵਰਗੇ ਕਥਿੱਤ ‘ਰਾਸ਼ਟਰੀ ਗਾਨ’ ਸ਼ੁਰੂ ਕਰਵਾ ਦਿੱਤੇ ਗਏ। ਗੋਲੀ ਤੋਂ ਬਚ ਗਈ ਸਿੱਖ ਜਵਾਨੀ ਨੂੰ ਅਜਿਹੇ ਸਭਿਆਚਾਰਿਕ ਹੜ੍ਹ ਵਿਚ ਰੋੜ੍ਹ ਦੇਣ ਲਈ ਵਹਾਅ ਹੋਰ ਵੀ ਤੇਜ਼ ਹੰਦਾ ਗਿਆ। ਖਾੜਕੂ ਲਹਿਰ ਦੇ ਅੰਤਲੇ ਪੜਾਅ ਵਿਚ ਹੀ ਜਗਦੇਵ ਸਿੰਘ ਜੱਸੋਵਾਲ ਵਰਗਿਆ ਰਾਹੀਂ ਸ਼ੁਰੂ ਕਰਵਾਏ ਗਏ ਕੱਥਿਤ ਸਭਿਆਚਾਰਿਕ ਮੇਲਿਆਂ ਨੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਇਸ ਉਪਰੰਤ ਪੰਜਾਬ ’ਚ ਟਿੱਡੀ ਦਲ ਵਾਂਗ ਉੱਠੀ ‘ਗਾਇਕਾਂ’ ਦੀ ਫ਼ੌਜ ਨੇ ਵੀ ਘੱਟ ਨਹੀਂ ਗੁਜਾਰੀ। ਇਸ ਗੱਲ ਤੋਂ ਵੀ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਗਾਇਕੀ ਦੇ ਇਸ ਰੁਝਾਨ ਨੂੰ ਖੁਫੀਆ ਏਜੰਸੀਆਂ ਨੇ ਨਾ ਵਰਤਿਆ ਹੋਵੇ। ਉਪ੍ਰੋਕਤ ਜੱਟਵਾਦੀ ਹੈਂਕੜ ਤੇ ਸ਼ਰਾਬ ਨਾਲ ਸਬੰਧਿਤ ਗੀਤ ਇਸ ਦੀ ਇਕ ਉਦਾਹਰਨ ਹਨ। ਲੱਚਰਤਾ ਦਾ ਕਲਚਰ ਅੱਜ ਵੀ ਚਮਕੀਲੇ ਵਰਗਿਆਂ ਰਾਹੀਂ ਲਗਾਤਾਰ ਫ਼ੈਲਾਇਆ ਜਾ ਰਿਹਾ ਹੈ।

ਫ਼ਿਲਮ “ਸ਼ੂਟ ਐਟ ਲੋਖੰਡਵਾਲਾ” ਵਿਚ ਮਾਯਾ ਦੁਲਾਸ ਨਾਮ ਦੇ ਇਕ ਗੈਂਗਸਟਰ ਤੇ ਉਸਦੇ ਸਾਥੀਆਂ ਦੀ ਘਟਨਾ ਨੂੰ ਸਿੱਖਾਂ ਨਾਲ ਜੋੜ ਕੇ ਸਿੱਖ ਖਾੜਕੂਆਂ ਨੂੰ ਭਾਰਤੀ ਪੁਲਿਸ ਹੱਥੋਂ ਕੁੱਤੇ ਦੀ ਮੌਤ ਮਰਦੇ ਵਿਖਾਇਆ ਗਿਆ ਹੈ ਤੇ ਸਿੱਖ ਖਾੜਕੂ ਲਹਿਰ ਬਾਰੇ ਗਲਤ ਫਹਿਮੀਆਂ ਪੈਦਾ ਕੀਤੀਆਂ ਗਈਆਂ ਹਨ। ਅਸਲੀ ਮੁਕਾਬਲਿਆਂ ਸਮੇਂ ਆਪਣੀਆਂ ਜੁੱਤੀਆਂ ਤੱਕ ਛੱਡ ਕੇ ਭੱਜ ਜਾਣ ਵਾਲੀ ਭਾਰਤੀ ਪੁਲਿਸ ਦੀ ਕਥਿਤ ਬਹਾਦਰੀ ਬਾਰੇ ਪੰਜਾਬ ਤੇ ਕਸ਼ਮੀਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸਿੱਖਾਂ ਦਾ ਜਦੋਂ ਸਿਰ੍ਹੜ ਲੜਦਾ ਸੀ ਤਾਂ ਦਿੱਲੀ ਦੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਸਨ। ਉਪ੍ਰੋਕਤ ਫ਼ਿਲਮ ਖ਼ਾਸ ਕਰ ਸਿੱਖਾਂ ਦੀ ਤੇ ਭਾਰਤ ਦੀ ਨਵੀਂ ਜਵਾਨ ਹੋਈ ਪੀੜ੍ਹੀ ਦੇ ਮਨ੍ਹਾਂ ਸਿੱਖ ਮੁੱਖਧਾਰਾ ਪ੍ਰਤੀ ਘਿਰਣਾ ਪੈਦਾ ਕਰਨ ਦੀ ਅਤੇ ਜੋ ਸਿੱਖਾਂ ਨਾਲ ਬੀਤੀ ਉਸਨੂੰ ਜਾਇਜ਼ ਦਰਸਾਉਣ ਦੀ ਹੀ ਇਕ ਕੜੀ ਹੈ।
ਹਿੰਦੀ ਫ਼ਿਲਮਾਂ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਉਡਾਇਆ ਜਾ ਰਿਹਾ ਸਿੱਖਾਂ ਦਾ ਮਜ਼ਾਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਸਗੋਂ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਜਿੱਥੇ ਹਿੰਦੂਵਾਦੀਆਂ ਵਲੋਂ ਬਿਨਾਂ ਕਿਸੇ ਫ਼ਖਰਯੋਗ ਇਤਿਹਾਸ ਦੇ, ਬਿਨਾਂ ਕਿਸੇ ਕੌਮੀ ਪ੍ਰਾਪਤੀ ਜਾਂ ਜੱਦੋ-ਜਹਿਦ ਦੇ ਆਪਣੇ ਆਪ ਨੂੰ ਦੁਨੀਆਂ ਦੀ ਨਹੀਂ ਤਾਂ ਭਾਰਤ ਦੀ ਇੱਕ ਬਹੁਤ ਹੀ ਸਭਿਆਕ, ਬਹਾਦਰ ਤੇ ਪੜ੍ਹੀ ਲਿਖੀ ਕੌਮ ਵਜੋਂ ਪ੍ਰਚਾਰਿਤ ਕਰ ਰਹੀਆਂ ਹਨ ਅਤੇ ਤੜਕ-ਭੜਕ ਰਾਹੀਂ ਵੀ ਆਪਣੀ ਜਵਾਨ ਪੀੜ੍ਹੀ ਨੂੰ ਆਪਣੇ ‘ਮੂਲ’ ਨਾਲ ਜੋੜਣ ਦੀ ਕੋਸ਼ਿਸ ਕਰ ਰਹੀਆਂ ਹਨ ਉੱਥੇ ਫ਼ਿਲ਼ਮਾਂ ਸੀਰੀਅਲਾਂ ਰਾਹੀਂ ਸਿੱਖਾਂ ਨੂੰ ਡਰਪੋਕਾਂ, ਜੋਕਰਾਂ, ਮੂਰਖਾਂ ,ਅਨਪੜ੍ਹਾਂ, ਸ਼ਰਾਬੀਆਂ, ਡਰਾਇਵਰਾਂ ਆਦਿ ਦੇ ਰੂਪ ’ਚ ਪੇਸ਼ ਕਰਕੇ ਲੋਕਾਂ ’ਚ ਸਿੱਖਾਂ ਬਾਰੇ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ ਤਾਂ ਜੋ ਸਿੱਖਾਂ ਦੀ ਜਵਾਨ ਪੀੜ੍ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਵਿਚ ਹੀ ਸ਼ਰਮ ਮਹਿਸੂਸ ਕਰੇ ਤੇ ਬੱਚੇ ਵੀ ਸਿੱਖੀ ਸਰੂਪ ਤੋਂ ਦੂਰ ਭੱਜਣ।ਹਿੰਦੀ ਫ਼ਿਲਮਾਂ ਵਿੱਚ ਪੰਜਾਬੀ ਗੀਤ ਚਲ ਰਿਹਾ ਹੁੰਦਾ ਹੈ, ਫਰੰਟ ’ਤੇ ਮੋਨੇ ‘ਅਭਿਨੇਤਾ’ ਨੱਚ ਰਹੇ ਹੁੰਦੇ ਹਨ ਤੇ ਦੂਰ ਪਿੱਛੇ ਪੱਗਾਂ ਵਾਲੇ ਮੁੰਡੇ ਵੀ ਵਿਖਾਈ ਦੇ ਰਹੇ ਹੁੰਦੇ ਹਨ। ਇਸਦੀ ਰੀਸ ਅੱਜ ਪੰਜਾਬੀ ਫ਼ਿਲਮਾਂ ਵਿਚ ਵੀ ਬੇਵਕੂਫੀ ਜਾਂ ਕਮੀਨੇਪਣ ਕਾਰਨ ਇਸੇ ਤਰ੍ਹਾਂ ਸਿੱਖਾਂ ਨੂੰ ਦੂਜੇ ਨੰਬਰ ਤੇ ਵਿਖਾਇਆ ਜਾਂਦਾ ਹੈ।ਇਸ ਕੂੜ ਪ੍ਰਚਾਰ ਦਾ ਅਸਰ ਹੋਇਆ ਵੀ।ਸਿੱਖ ਮੁੰਡੇ ਸਿੱਖੀ ਸਰੂਪ ਤੋਂ ਭੱਜਣ ਲੱਗੇ। ਸਿੱਖ ਪਰਿਵਾਰਾਂ ਦੀਆਂ ਕੁੜੀਆਂ ਵਿਆਹ ਵਾਸਤੇ ਘੋਨ-ਮੋਨ ਮੁੰਡਿਆਂ ਨੂੰ ਪਸੰਦ ਕਰਨ ਲੱਗੀਆਂ। ਇੱਥੋਂ ਤੱਕ ਕਿ ਉਹ ਸਿੱਖ ਪਰਿਵਾਰਾਂ ਦੀ ਥਾਂ ਹਿੰਦੂ ਪਰਿਵਾਰਾਂ ਵਿਚ ਵਿਆਹ ਨੂੰ ਤਰਜੀਹ ਦੇਣ ਲੱਗੀਆਂ ਕਿਉਂਕਿ ਉਨ੍ਹਾਂ ਦੇ ਮਨ ਵਿਚ ਹੀ ਸ਼ਾਨਾਂ-ਮੱਤੇ ਇਤਿਹਾਸ ਤੇ ਵਰਤਮਾਨ ਵਾਲੀ ਸਿੱਖ ਕੌਮ ਨਾਲੋਂ ਦੂਜੀ ਕੌਮ ਦੇ ਵੱਧ ਸਭਿਅਕ ਹੋਣ ਬਾਰੇ ਹੈਰਾਨੀਜਨਕ ਗਲਤ ਫ਼ਹਿਮੀਆਂ ਭਰ ਦਿੱਤੀਆਂ ਗਈਆਂ। ਅਸਲ ਵਿਚ ਰਾਜ ਸੱਤਾ ’ਤੇ ਕਾਬਜ਼ ਕੌਮਾਂ ਆਪਣੇ ਸਬੰਧ ’ਚ ਸਕਾਰਾਤਮਿਕ ਤੇ ਦੂਜੀਆਂ ਕੌਮਾਂ ਬਾਰੇ ਨਾਕਾਰਾਤਮਿਕ ਭਰਮ ਭੁਲੇਖੇ ਪੈਦਾ ਕਰ ਦਿੰਦੀਆਂ ਹਨ।

ਲੜਕੀਆਂ ਦੇ ਮਾਮਲੇ ’ਚ ਉਪ੍ਰੋਕਤ ਰੁਝਾਨ ਪੈਦਾ ਕਰ ਦੇਣਾ ਹਿੰਦੂਵਾਦੀਆਂ ਦੀ ਇਕ ਵੱਡੀ ਤੇ ਆਦਿ ਕਾਲੀ ਜਿੱਤ ਸੀ/ਹੈ। ਜਦੋਂ ਵੀ ਕੋਈ ਧਾੜਵੀ ਕਿਸੇ ਦੂਜੀ ਕੌਮ ਤੇ ਕਬਜ਼ਾ ਕਰਦਾ ਹੈ ਜਾਂ ਜਿੱਤ ਪ੍ਰਾਪਤ ਕਰਦਾ ਹੈ ਤਾਂ ਧੰਨ ਦੌਲਤ ਦੇ ਨਾਲ ਉਸਦਾ ਪਹਿਲਾ ਸ਼ਿਕਾਰ ਗ਼ੁਲਾਮ ਕੌਮ ਦੀਆਂ ਔਰਤਾਂ /ਲੜਕੀਆਂ ਹੀ ਹੁੰਦੀਆਂ ਹਨ। ਇਹ ਪਸ਼ੂਪੁਣੇ ਵਾਲਾ ਰੁਝਾਨ ਹ। ਬਾਂਦਰ ਦੀਆਂ ਕਈ ਕਿਸਮਾਂ ਦੇ ਨਰ ਜੀਵ ਆਪਣੇ ਹਰਮਾਂ ਵਿਚ ਕਈ ਕਈ ਮਾਦਾਵਾਂ ਰੱਖਦੇ ਹਨ ਕਈ ਵਾਰ ਉਸ ਦੇ ਹਮ-ਜ਼ਾਤੀ ਦੂਜੇ ਨਰ ਜੀਵ ਉਸ ਨੂੰ ਖਦੇੜ ਕੇ ਜਾਂ ਮਾਰ ਕੇ ਉਸਦੀਆਂ ਮਾਦਾਵਾਂ’ਤੇ ਕਬਜ਼ੇ ਕਰ ਲੈਂਦੇ ਹਨ। ਪਰ ਮਨੁੱਖੀ ਸਮਾਜ ਵਿਚ ਔਰਤਾਂ/ਲੜਕੀਆਂ ਨੂੰ ਘਰ/ਸਮਾਜ ਦੀਆਂ ਇਜ਼ਤ ਵਜੋਂ ਵੇਖਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਦੁਸ਼ਮਣ ਦਾ ਪਹਿਲਾ ਨਿਸ਼ਾਨਾ ਵੀ ਹਮੇਸ਼ਾਂ ਇਹੋ ਹੁੰਦੀਆਂ ਹਨ। ’47 ਦੀ ਵੰਡ ਵੇਲੇ ਹਿੰਦੂਆਂ ਵਲੋਂ ਮੁਸਲਿਮ ਔਰਤਾਂ ਦੀ ਬੇਕਦਰੀ ਤੇ ਜ਼ਬਰਨ ਵਿਆਹ ਤੇ ਮੁਸਲਮਾਨਾਂ ਵਲੋਂ ਹਿੰਦੂ ਅਤੇ ਸਿੱਖ ਔਰਤਾਂ ਦੀ ਬੇਕਦਰੀ ਤੇ ਉਨ੍ਹਾਂ ਨਾਲ ਜ਼ਬਰਨ ਵਿਆਹ ਕਰਨੇ, ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰਤੀ ਫੌਜ ਵਲੋਂ ਤੇ ਨਵੰਬਰ ’84 ਦੇ ਸਿੱਖ ਕਤਲੇਆਮ ਦੌਰਾਨ ਹਿੰਦੂ ਗੁੰਡਿਆਂ ਵਲੋਂ ਸਿੱਖ ਔਰਤਾਂ/ ਲੜਕੀਆਂ ਨਾਲ ਕੀਤੇ ਗਏ ਵਹਿਸ਼ੀ ਬਲਾਤਕਾਰ ਇਸਦੀਆਂ ਉਦਾਹਰਨਾਂ ਹਨ।

ਇਸੇ ਨੀਤੀ ਤਹਿਤ ਹੀ ਪੜਾਈ ਲਿਖਾਈ ਦੇ ਖੇਤਰ ਵਿਚ ਸਿੱਖ ਕੁੜੀਆਂ ਨੂੰ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਸਿੱਖ ਮੁਡਿਆਂ ਨੂੰ ਨਾਂ ਮਾਤਰ ਹੀ। (ਮੈਂ ਸਿੱਖ ਕੁੜੀਆਂ ਦੀ ਪੜ੍ਹਾਈ ਦੇ ਬਿਲਕੁਲ ਵੀ ਵਿਰੁੱਧ ਨਹੀਂ ਹਾਂ) ਇਹ ਫ਼ਿਲਮਾਂ ਤੇ ਮੀਡੀਏ ਰਾਹੀਂ ਵੀ ਹੋ ਰਿਹਾ ਹੈ, ਸਰਕਾਰੀ ਤੇ ਗੈਰ ਸਰਕਾਰੀ ਪੱਧਰ ’ਤੇ ਵੀ। ਪੰਜਾਬੀ ਫ਼ਿਲਮਾਂ ਰਾਹੀਂ ਤਾਂ ਅਨਪੜ੍ਹਤਾ ਨੂੰ ਜਾਣ-ਬੁੱਝ ਕੇ ਹੀਰੋਪੁਣੇ ਨਾਲ ਜੋੜਿਆ ਗਿਆ। ਵੇਖੋ ਵਰਿੰਦਰ ਦੀਆਂ ਫ਼ਿਲਮਾਂ ਵਿੱਚ ਉਹ ਅਨਪੜ੍ਹ ਹੀਰੋ ਤੇ ਉਸਦੀ ਭੈਣ ਕਾਲਜੀਏਟ ਕੁੜੀ ਹੁੰਦੀ ਹੈ। ਅਜੋਕੀਆਂ ਹਿੰਦੀ ਫ਼ਿਲਮਾਂ ਵਿਚ ਵੀ ਜੇ ਕਿਸੇ ਸਿੱਖ ਨੂੰ ਹੀਰੋ ਵਜੋਂ ਲੈਣਾ ਹੋਵੇ ਤਾਂ ਉਸ ਨੂੰ ਵੀ ਜਾਣ ਬੁੱਝ ਕੇ ਅਨਪੜ੍ਹ ਜਾਂ ਅੱਧਪੜ੍ਹ ਵਜੋਂ ਹੀ ਪੇਸ ਕੀਤਾ ਜਾਂਦਾ ਹੈ। ਗ਼ਦਰ ਅਤੇ ਬੋਲੇ ਸੋ ਨਿਹਾਲ ਵੀ ਅਜਿਹੀਆਂ ਫ਼ਿਲਮਾ ਹੀ ਹਨ। ਸਿੱਖ ਮੁੰਡਿਆਂ ਨੂੰ ਅਨਪੜ੍ਹ ਰੱਖਣ ਤੇ ਲੋਕਾ ’ਚ ਸਿੱਖਾਂ ਦਾ ਅਕਸ ਅਨਪੜ੍ਹਾਂ ਵਜੋਂ ਪੇਸ਼ ਕਰਨ ਤੋਂ ਇਲਾਵਾ ਇਨ੍ਹਾਂ ਫ਼ਿਲਮਾਂ ਰਾਹੀਂ ਸਾਡੇ ’ਤੇ ਧਾਰਮਿਕ ਹਮਲੇ ਵੀ ਕੀਤੇ ਗਏ ਹਨ। ਯੋਜਨਾਬੱਧ ਤਰੀਕੇ ਨਾਲ ਹੋ ਰਹੇ ਇਸ ਪ੍ਰਚਾਰ ਦਾ ਅਸਰ ਵੀ ਹੋਇਆ। ਪੇਂਡੂ ਸਿੱਖਾਂ ਦੇ ਅਨਪੜ੍ਹ ਮੁੰਡਿਆ ਦੀ ਅੱਜ ਇਕ ਵੱਡੀ ਫ਼ੌਜ ਤਿਆਰ ਹੋ ਗਈ ਹੈ ਉਹ ਖੇਤਾਂ ਵਿਚ ਕੰਮ ਕਰਨ ਜੋਗੇ ਵੀ ਨਹੀਂ ਰਹੇ ਤੇ ਕੁੜੀਆਂ ਜ਼ਰੂਰ ਪੜ੍ਹ ਲਿਖ ਗਈਆਂ। ਹੁਣ ਪੜ੍ਹੀਆਂ ਲਿਖੀਆਂ ਕੁੜੀਆਂ, ਅਨਪੜ੍ਹ ਤੇ ਵਿਹਲੜ੍ਹ ਮੁਡਿਆਂ ਨਾਲ ਕਿਉਂ ਵਿਆਹ ਕਰਵਾਉਣਗੀਆਂ? ਪੜ੍ਹੀਆਂ ਲਿਖੀਆਂ ਸਿੱਖ ਕੁੜੀਆਂ ਜਦੋਂ ਕਿਤੇ ਨੌਕਰੀ ਕਰਨਗੀਆਂ ਤਾਂ ਉੱਥੇ ਸਹਿ ਕਰਮੀ ਮੁੰਡੇ ਵੀ ਹਿੰਦੂ ਪਰਿਵਾਰਾਂ ਵਿਚੋਂ ਹੀ ਹੋਣਗੇ ਤੇ ਉਨ੍ਹਾਂ ’ਚ ਰੋਜ਼ਾਨਾਂ ਦਾ ਮੇਲ ਜੋਲ ਵਿਆਹ ਸਬੰਧਾਂ ਤੱਕ ਵੀ ਪੁੱਜ ਜਾਵੇਗਾ ਇਹੀ ਤਾਂ ਦੁਸ਼ਮਣ ਦੀ ਨੀਤੀ ਹੈ। ਯਾਦ ਕਰੋ ਹਿੰਦੂਵਾਦੀਆਂ ਦੇ ਉਹ ਲਲਕਾਰੇ “ਅਸੀਂ ਤੁਹਾਡੀ ਨਸਲ ਹੀ ਬਦਲ ਕੇ ਰੱਖ ਦਿਆਂਗੇ।”

ਪੰਜਾਬੀ ਫ਼ਿਲਮ ‘ਸਤਿ ਸ੍ਰੀ ਅਕਾਲ’ ਵਿੱਚ ਇਕ ਸਾਬਤ-ਸੂਰਤ ਤੇ ਪੜ੍ਹੇ-ਲਿਖੇ ਸਿੱਖ ਮੁੰਡੇ ਨੂੰ ਹੀਰੋ ਵਜੋਂ ਲਿਆ ਗਿਆ ਹੈ ਇਹ ਫ਼ਿਲਮ ਇਕ ਚੰਗਾ ਕਦਮ ਹੈ।ਇਕ ਸਿੱਖ ਰੋਲ ਮਾਡਲ ਦੁਸ਼ਮਣ ਨੂੰ ਕਿਵੇਂ ਰੜਕਦਾ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਮਰਹੂਮ ਇਸ਼ਮੀਤ ਸਿੰਘ ਵਲੋਂ ‘ਵਾਇਸ ਆਫ ਇੰਡੀਆ’ ਦਾ ਖ਼ਿਤਾਬ ਜਿੱਤੇ ਜਾਣ ’ਤੇ ਹਿੰਦੂਤਵੀ ਤਿਲਮਿਲਾ ਉੱਠੇ ਸਨ। ਹਿੰਦੂਵਾਦੀ ਚੈਨਲ ਅੱਜ ਤੱਕ ਨੇ ਤੁਰੰਤ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਇਸ਼ਮੀਤ ਦੀ ਇਸ ਜਿੱਤ ਦਾ ਰੱਜ ਕੇ ‘ਪਿੱਟ-ਸਿਆਪਾ’ ਕੀਤਾ। ਅੱਜ ਤੱਕ ਦੇ ਐਂਕਰਾਂ ਤੇ ਪ੍ਰੋਗਰਾਮ ਦੇ ਅਖੌਤੀ ਮਹਿਮਾਨਾਂ ਤੋਂ ਵਾਰ-ਵਾਰ ਅਕਵਾਇਆ ਗਿਆ ਕਿ ਇਸ਼ਮੀਤ ਸਿੰਘ (ਸਿੱਖ ਹੋਣ ਕਾਰਨ) ਵਾਇਸ ਆਫ ਪੰਜਾਬ ਤਾਂ ਹੋ ਸਕਦਾ ਹੈ ਪਰ ਵਾਇਸ ਆਫ ਇੰਡੀਆ ਨਹੀਂ।ਮੁੰਬਈ ਵਿਚ ਇਸ਼ਮੀਤ ’ਤੇ ਇਸ ਗੱਲ ਲਈ ਬੇਹੱਦ ਜ਼ੋਰ ਪਾਇਆ ਗਿਆ ਕਿ ਉਹ ਅਪਣੇ ਕੇਸ ਕਟਵਾ ਦਵੇ। ਇਸ ਤੋਂ ਬਾਅਦ ਇਸ਼ਮੀਤ ਸਿੰਘ ਦੀ ਮਾਲਦੀਵ ਵਿੱਚ ਹੋਈ ਮੌਤ ਅਜੇ ਤੱਕ ਇੱਕ ਭੇਦ ਬਣੀ ਹੋਈ ਹੈ। ਇਸ਼ਮੀਤ ਦੇ ਪਰਿਵਾਰ ਨਾਲ ਵਾਅਦਾ ਕਰਨ ਦੇ ਬਾਵਯੂਦ ਵੀ ਭਾਰਤ ਸਰਕਾਰ ਉਸਦੇ ਡੁੱਬਣ ਦੇ ਅਸਲ ਕਾਰਨਾਂ ਦੀ ਜਾਂਚ ਕਰਵਾਉਣ ਤੋਂ ਪਾਸਾ ਵੱਟ ਗਈ। ਇਸ਼ਮੀਤ ਦਾ ਇੱਕ ਸਿੱਖ ਰੋਲ ਮਾਡਲ ਵਜੋਂ ਅੱਗੇ ਆਉਣਾ ਪੰਥ ਦੁਸ਼ਮਣਾਂ ਲਈ ਸ਼ਾਇਦ ਇੱਕ ਵੱਡੀ ਚਣੌਤੀ ਸੀ ਤੇ ਸ਼ਾਇਦ ਇਹੋ ਉਸਦਾ ਕਸੂਰ ਵੀ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਸੱਤਪਾਲ ਗੋਸਾਈਂ ਨੇ ਫਾਸਟ-ਵੇਅ ਟੀਵੀ ’ਤੇ ਅਪਣੇ ਨਿਜ਼ੀ ਵਿਚਾਰ ਪੇਸ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ਼ਮੀਤ ਡੁੱਬਿਆ ਨਹੀਂ, ਉਸਨੂੰ ਡੁਬੋਇਆ ਗਿਆ ਹੈ।

ੳਪ੍ਰੋਕਤ ਸਭਿਆਚਾਰਿਕ ਚੁੰਗਲ ’ਚ ਨਾ ਫ਼ਸਣ ਵਾਲੇ ਲੋਕਾਂ ਵਾਸਤੇ ਅਪਰਾਧੀ ਤੇ ਗੁੰਡੇ ਕਿਸਮ ਦੇ ਲੋਕਾਂ ਦੀ ਚੋਣ ਕਰਕੇ ਪੰਜਾਬ ’ਚ ਥਾਂ-ਥਾਂ ‘ਸੰਤ ਬਾਬਿਆਂ’ ਵਜੋਂ ਸਥਾਪਿਤ ਕਰ ਦਿੱਤਾ ਗਿਆ ਤੇ ਬੇਖੌਫ਼ ਹੋ ਕੇ ਲੋਕਾਂ ਦੀ ਧੰਨ ਦੌਲ਼ਤ ਤੇ ਔਰਤਾਂ ਦੀਆਂ ਇਜ਼ਤਾਂ ਨਾਲ ਖੇਡਣ ਦੀ ਖੁੱਲ੍ਹ ਇਨ੍ਹਾਂ ਗੁੰਡਿਆਂ ਨੂੰ ਦੇ ਦਿੱਤੀ ਗਈ। ਇਹ ‘ਚਿਮਟਾ ਕਲਚਰ’ ਸਿੱਖ ਸਿਧਾਂਤਾਂ, ਫਲਸਫੇ ਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਰਿਹਾ ਹੈ। ਅੱਜ ਵੀ ਇਨ੍ਹਾਂ ਲੋਕਾਂ ਦੇ ਦੀਵਾਨਾਂ ਵਿਚ ਸਿੱਖੀ ਸੰਦੇਸ਼ ਦੀ ਥਾਂ ਹਿੰਦੂ ਮਿਥਿਹਾਸ ਦੇ ਰਮਾਇਣ ਤੇ ਮਹਾਂਭਾਰਤ ਆਦਿ ਨਾਟਕਾਂ ਦੀਆਂ ਕਥਾਂ ਕਹਾਣੀਆਂ ਦਾ ਹੀ ਪ੍ਰਚਾਰ ਹੋ ਰਿਹਾ ਹੈ। ਰਾਮ ਤੇ ਕ੍ਰਿਸ਼ਨ ਵਰਗੇ ਮਿਥਿਹਾਸਿਕ ਪਾਤਰਾਂ ਨਾਲ ਸਿੱਖਾਂ ਨੂੰ ਜੋੜਣ ਦੀਆਂ ਕੋਸ਼ਿਸਾ ’ਚ ਇਹ ਲੋਕ ਸਿਰ ਤੋੜ ਕੇ ਲੱਗੇ ਹਨ।

Post a Comment

0 Comments
Post a Comment (0)
To Top