Saturday, June 11, 2011

ਗਲੀ ਜੋਗੁ ਨਾ ਹੋਈ…

ਪੈਸੇ ਅਤੇ ਪ੍ਰਸਿੱਧੀ ਦੇ ਜੋਰ ਅਸਮਾਨੀਂ ਉੱਡ ਰਹੇ ਰਾਮ ਦੇਵ ਨੇ ਹੋਰ ਵੱਡੀ ਉਡਾਣ ਭਰਨ ਅਤੇ ਅਪਣੇ ‘ਹਿੰਦੂ’ ਏਜੰਡੇ ਨੂੰ ਲਾਗੂ ਕਰਨ ਲਈ ਦਿੱਲੀ ਵਿੱਚ ਅਖ਼ਾੜਾ ਆ ਲਾਇਆ। ਰਾਜਸੀ ਖਿਡਾਰੀਆਂ ਦੀ ਸਮਰੱਥਾ ਤੋਂ ਅਣਜਾਣ ਰਾਮ ਦੇਵ ਨੇ ‘ਗੱਲਬਾਤ’ ਦੇ ਚੱਕਰਵਿਊ ਵਿੱਚ ਪੈਣ ਵੇਲੇ ਸੋਚਿਆ ਨਹੀਂ ਸੀ ਕਿ ਇਸ ‘ਘੋਲ’ ‘ਚ ਉਹ ਐਨੀ ਬੁਰੀ ਤਰ੍ਹਾਂ ਮੂਧੇ ਮੂੰਹ ਡਿਗੇਗਾ ਕਿ ਪੈਰ ਲੱਗਣੇ ਮੁਸ਼ਕਲ ਹੋ ਜਾਣਗੇ। ਮੰਤਰੀਆਂ ਨਾਲ ਗੱਲਬਾਤ ਦੌਰਾਨ ਹੋਟਲ ਵਿੱਚ ‘ਵਾਅਦੇ’ ਅਤੇ ਲੋਕਾਂ ਦੀ ਭੀੜ ਵੇਖ ਚਾਂਭਲ ਕੇ ‘ਵੱਡੇ ਦਾਅਵੇ’ ਕਰਨ ਵਾਲੇ ਰਾਮ ਦੇਵ ਨੂੰ ਦਿੱਲੀ ਵਿਚਲੇ ਰਾਜਸੀ ਖਿਡਾਰੀਆਂ ਨੇ ਅੰਤ ਐਸਾ ਧੋਬੀ ਪਟੜਾ ਮਾਰਿਆ ਕਿ ਰਾਤੋ ਰਾਤ ਜ਼ਨਾਨਾਂ ਕਪੜੇ ਪਹਿਣ ਅਤੇ ਜ਼ਨਾਨੀਆਂ ਵਿੱਚ ਲੁਕ ਕੇ ਬੱਚ ਜਾਣ ਵਿੱਚ ਵੀ ਸਫ਼ਲਤਾ ਨਾ ਮਿਲੀ। 


ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਜੜੋਂ ਖ਼ਤਮ ਕਰਨ ਦੇ ਨਾਂਅ ਹੇਠ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚਲ ਰਹੀਆਂ ਰਾਜਸੀ ਮਸ਼ਕਾਂ ਦੌਰਾਨ ‘ਯੋਗਾ ਗੁਰੂ’ ਅਤੇ ‘ਬਾਬਾ’ ਰਾਮ ਦੇਵ ਦੇ ਦਿੱਲੀ ਉੱਤੇ ਧਾਵੇ ਅਤੇ ਪੁਲੀਸ ਵਲੋਂ ਧੌਣੋਂ ਫੜ੍ਹ ਕੇ ਹਰਿਦੁਆਰ ਨੇੜ੍ਹਲੇ ਉਸਦੇ ‘ਖੁੱਡੇ’ ਵਿੱਚ ਬੰਦ ਕਰ ਦੇਣ ਨੇ ਰੂਹਾਨੀਅਤ ਅਤੇ ਰਾਜਨੀਤੀ ਦੇ ਕਈ ਪਹਿਲੂਆਂ ਤੋਂ ਪਰਦਾ ਉਠਾਇਆ ਹੈ। ਕੇਂਦਰ ਵਿਚਲੀ ਯੂਨਾਈਟਡ ਪ੍ਰਾਗਰੈਸਿਵ ਅਲਾਇੰਸ (ਯੂਪੀਏ) ਦੇ ਰਾਜ ਦੌਰਾਨ ਜੀ-2 ਸਪੈਕਟਰਮ ਘੁਟਾਲੇ ਅਤੇ ਕਾਮਨਵੈਲਥ ਖੇਡਾਂ ਦੌਰਾਨ ਵੱਡੀ ਪੱਧਰ ਉੱਤੇ ਮਾਲੀ ਹੇਰਾਫੇਰੀਆਂ ਸਾਹਮਣੇ ਆਉਣ ਬਾਅਦ ਚੱਲੀ ਮੁਹਿੰਮ ਕਿਸੇ ਨਾ ਕਿਸੇ ਰੂਪ ਵਿੱਚ ਵਾਰ-ਵਾਰ ਅਤੇ ਪਹਿਲਾਂ ਨਾਲੋਂ ਵੀ ਵੱਧ ਜੋਰਸ਼ੋਰ ਨਾਲ ਉਭਰਣ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਰਗਸ ਪ੍ਰਧਾਨ ਸੋਨੀਆਂ ਗਾਂਧੀ ਦੇ ਈਮਾਨਦਾਰੀ ਵਾਲੇ ਅਕਸ ਨੂੰ ਜਿਹੜੀ ਭਾਰੀ ਢਾਹ ਲਾਈ ਹੈ, ਉਸਦੇ ਅਸਰ ਤੋਂ ਮੁਕਤ ਹੋਣਾ ਕਾਂਗਰਸ ਪਾਰਟੀ ਲਈ ਇੰਨਾ ਸੁਖਾਲਾ ਨਹੀਂ ਹੋਵੇਗਾ।

ਰਾਜਸੀ ਜੀਵਨ ਅਤੇ ਸਰਕਾਰੀ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਅਚਾਨਕ ਪੈਦਾ ਨਹੀਂ ਹੋਇਆ। ਭਾਰਤੀ ਸਮਾਜ ਨੂੰ ਕੋਹੜ ਵਾਂਗ ਚੰਬੜੀ ਇਸ ਬੀਮਾਰੀ ਲਈ ਕੋਈ ਇੱਕ ਪਾਰਟੀ ਜੁੰਮੇਵਾਰ ਨਹੀਂ। ਹਾਂ ਦੇਸ਼ ਆਜ਼ਾਦ ਹੋਣ ਤੋਂ ਲੈਕੇ ਸਭ ਤੋਂ ਲੰਮਾ ਸਮਾਂ ਕੇਂਦਰ ਅਤੇ ਰਾਜਾਂ ਵਿੱਚ ਰਾਜ ਕਰਦੀ ਆਉਣ ਕਾਰਨ ਕਾਂਗਰਸ ਸਿਰ ਭਾਂਡਾ ਵੱਧ ਫੁੱਟਦਾ ਹੈ । ਨਾਲ ਹੀ ਜੀ-2 ਸਪੈਕਟਰਮ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਆਰਦਸ਼ ਹਾਊਸ ਬਿਲਡਿੰਗ ਸੁਸਾਇਟੀ ਵਰਗੇ ਘੁਟਾਲਿਆਂ ਕਾਰਨ ਕੇਂਦਰੀ ਮੰਤਰੀ ਏ ਰਾਜਾ ਅਤੇ ਮਹਾਂਰਾਸ਼ਟਰ ਦੇ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਅਸਤੀਫ਼ਾ ਦੇਣ ਲਈ ਮਜਬੂਰ ਹੋਣ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਦਰੁਸਤ ਸਿੱਧ ਕਰਕੇ ਕਾਂਗਰਸ ਲਈ ਮੁਸ਼ਕਲਾਂ ਵਧਾਈਆਂ। ਸਮਾਜ ਸੇਵੀ ਅਤੇ ਸਮਾਜ ਸੁਧਾਰ ਲਈ ਵਰ੍ਹਿਆਂ ਤੋਂ ਜਦੋ ਜਹਿਦ ਕਰਦੇ ਆ ਰਹੇ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਪਿਛਲੇ ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਦੇਸ਼ ਵਿਆਪੀ ਮੁਹਿੰਮ ਨੇ ਸਰਕਾਰ ਨੂੰ ਅਸਰਦਾਰ ਢੰਗ ਨਾਲ ਕਾਰਵਾਈ ਕਰਨ ਲਈ ਝੁਕਾਉਣ ਵਿੱਚ ਕਾਮਯਾਬੀ ਹਾਸਲ ਕਰਨਾ ਵੱਡੀ ਪ੍ਰਾਪਤੀ ਸੀ। ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਲੋਕ ਪਾਲ ਬਿੱਲ ਸਬੰਧੀ ਵਿਚਾਰ ਵਟਾਂਦਰਾ ਅਜੇ ਸ਼ੁਰੂ ਹੀ ਹੋਇਆ ਸੀ ਕਿ ਸਥਿੱਤੀ ਦਾ ਲਾਹਾ ਲੈਣ ਲਈ ਕਾਹਲਾ ਰਾਮ ਦੇਵ ਮੈਦਾਨ ਵਿੱਚ ਉੱਤਰ ਆਇਆ। ਯੋਗਾ ਦੇ ਅਪਣੇ ਕ੍ਰਿਸ਼ਮਿਆਂ ਅਤੇ ਕਰੱਤਵਾਂ ਰਾਹੀਂ ਦੇਸ਼ ਦੇ ਬੱਚੇ ਬੱਚੇ ਨੂੰ ਅਪਣੇ ਵੱਲ ਖਿੱਚਣ ਵਿੱਚ ਰਿਕਾਰਡ ਤੋੜ ਕਾਮਯਾਬੀ ਹਾਸਲ ਕਰਨ ਵਾਲੇ ਰਾਮ ਦੇਵ, ਜਿਹੜਾ ਅਪਣੇ ਆਪ ਨੂੰ ਸਿਰਫ਼ ਯੋਗਾ ਗੁਰੂ ਹੀ ਨਹੀਂ ਸਗੋਂ ਬਾਬਾ ਤੋਂ ਵੀ ਅਗਾਂਹ ‘ਸੰਤ ਮਹਾਂਪੁਰਸ਼’ ਤੋਂ ਵੀ ਵੱਧ ਸਮਝਣ ਲੱਗ ਪਿਆ ਹੈ, ਨੇ ਅੰਨਾ ਹਜ਼ਾਰੇ ਤੋਂ ਵੀ ਅਗਾਂਹ ਦੀ ਕਾਰਵਾਈ ਇੰਨੀ ਛੇਤੀ ਕਿਉਂ ਆਰੰਭੀ। ਇਸਦੀ ਸਮਝ ਦਿੱਲੀ ਦੇ ਰਾਮ ਲੀਲਾ ਗਰਾਉਡ ਵਿੱਚ ਖੇਡੀ ਗਈ ‘ਰਾਜਸੀ ਲੀਲਾ’ ਨੂੰ ਵੇਖਣ ਬਾਅਦ ਆਉਂਦੀ ਹੈ।

ਅਸਲ ਵਿੱਚ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ), ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਹਿੰਦੂ ਕੱਟੜਵਾਦੀਆਂ ਦਾ ਲੁਕਵਾਂ ਏਜੰਡਾ ਲਾਗੂ ਕਰਨ ਲਈ ਦਿੱਲੀ ਉੱਤੇ ਬੜੇ ਹੀ ‘ਸ਼ਾਹੀ ਢੰਗ’ ਨਾਲ ਚੜ੍ਹਾਈ ਕਰਨ ਵਾਲੇ ਰਾਮ ਦੇਵ ਦੇ ਹਵਾਈ ਅੱਡੇ ਉੱਤੇ ਪੁੱਜਣ ਮੌਕੇ ਕੇਂਦਰ ਸਕਰਾਰ ਦੇ ਚਾਰ ਸੀਨੀਅਰ ਮੰਤਰੀਆਂ ਦਾ ਪੁੱਜਣਾ ‘ਯੋਗਾ ਕੈਂਪ’ ਦੀ ਸ਼ਕਤੀ ਨੂੰ ਦਰਸਾਉਂਦਾ ਸੀ। ਦਿੱਲੀ ਵਿੱਚ ਡੇਰਾ ਲਾਉਣ ਦੇ ਦੋ-ਤਿੰਨ ਦਿਨ ਦੌਰਾਨ ਬਾਬਾ ਰਾਮ ਦੇਵ ਮੀਡੀਆ ਦੀ ਕਵਰੇਜ ਕਾਰਨ ਇਸ ਕਦਰ ‘ਸਭਨਾਂ ਦੇ ਧਿਆਨ ਦਾ ਕੇਂਦਰ’ ਬਣਿਆ ਕਿ ਉਹ ਅਪਣੀ ਸੁੱਧ ਬੁੱਧ ਭੁੱਲਣ ਲੱਗਾ। ਜੇ ਅਜਿਹਾ ਨਾ ਹੁੰਦਾ ਤਾਂ ਉਹ ਸਰਕਾਰ ਨਾਲ ਸੀਨੀਅਰ ਮੰਤਰੀਆਂ ਰਾਹੀਂ ਚੱਲ ਰਹੀ ਗੱਲਬਾਤ ਦੌਰਾਨ ਇੰਨੇ ਰੰਗ ਨਾ ਬਦਲਦਾ ਅਤੇ ਉਸਦੀ ਅਸਲੀਅਤ ਛੁਪੀ ਰਹਿੰਦੀ। ਹਰਿਆਣਾ ਦੇ ਮਹਿੰਦਰ ਗੜ੍ਹ ਜਿਲ੍ਹੇ ਦੇ ਅਲੀਪੁਰ ਪਿੰਡ ਵਿੱਚ ਸਾਧਾਰਨ ਜਿਹੇ ਘਰ ਵਿੱਚ ਪੈਦਾ ਹੋਏ ਰਾਮ ਕ੍ਰਿਸ਼ਨ ਯਾਦਵ ਦੀ ‘ਬਾਬਾ ਰਾਮਦੇਵ’ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਛੋਟੇ ਹੁੰਦਿਆਂ ਪੜ੍ਹਾਈ ਵਿੱਚ ਨਿਕੰਮੇ ਰਾਮ ਕ੍ਰਿਸ਼ਨ ਨੇ ਸ਼ਾਹਜਾਦਪੁਰ ਦੇ ਸਕੂਲ ਵਿਚੋਂ ਮਸਾਂ 8ਵੀਂ ਜਮਾਤ ਪਾਸ ਕੀਤੀ। ਅੱਗੋਂ ਉਹ ਆਰੀਆ ਗੁਰੂਕੁਲ ਖਾਨਪੁਰ ਜਾ ਪੁੱਜਾ। ਅੱਗੋਂ ਉਹ ਜਿੱਥੇ ਕਿਤੇ ਵੀ ਗਿਆ ਅਪਣੇ ਹਰ ‘ਗੁਰੂ’ ਤੇ ਸਹਿਯੋਗੀ ਨੂੰ ਠਿੱਬੀ ਲਾਉਂਦਾ ਅਗਾਂਹ ਹੀ ਅਗਾਂਹ ਵਧਦਾ ਗਿਆ। ਉਸਦੀ ਅਸਲ ਚੜ੍ਹਤ ਉਸ ਵਲੋਂ ਅਚਾਰੀਆ ਬਾਲ ਕ੍ਰਿਸ਼ਨ ਨਾਲ ਮਿਲ ਕੇ ਦਿਵਿਆ ਯੋਗ ਮੰਦਿਰ ਟਰੱਸਟ ਸ਼ੁਰੂ ਕਰਨ ਅਤੇ ਆਸਥਾ ਟੀਵੀ ਚੈਨਲ ਤੋਂ ਅਪਣੇ ਯੋਗਾ ਅਭਿਆਸ ਦਾ ਲੋਕਾਂ ਨੂੰ ਪ੍ਰਦਰਸ਼ਨ ਸ਼ੁਰੂ ਕੀਤੇ ਜਾਣ ਬਾਅਦ ਹੋਈ।

 ਇਸੇ ਦੌਰਾਨ ਹਰਿਦੁਆਰ ਨੇੜ੍ਹੇ ਪੰਤਾਜਲੀ ਸੰਸਥਾ ਅਤੇ ਦਵਾਈਆਂ ਤਿਆਰ ਕਰਨ ਦੀਆਂ ਫੈਕਟਰੀਆਂ ਲਾ ਕੇ ‘ਬਾਬਾ’ ਰਾਮ ਦੇਵ ਕਰੋੜਾਂ ਵਿੱਚ ਖੇਡਣ ਅਤੇ ਹਵਾਈ ਜਹਾਜਾਂ ਰਾਹੀਂ ਉੱਡ ਲੱਗ ਪਿਆ। ਪੈਸੇ ਅਤੇ ਪ੍ਰਸਿੱਧੀ ਦੇ ਜੋਰ ਅਸਮਾਨੀਂ ਉੱਡ ਰਹੇ ਰਾਮ ਦੇਵ ਨੇ ਰਾਜਸੀ ਮੈਦਾਨ ਖਾਲ੍ਹੀ ਹੁੰਦਾ ਸਮਝ ਹੋਰ ਵੱਡੀ ਉਡਾਣ ਭਰਨ ਅਤੇ ਅਪਣੇ ‘ਹਿੰਦੂ’ ਏਜੰਡੇ ਨੂੰ ਲਾਗੂ ਕਰਨ ਲਈ ਦਿੱਲੀ ਵਿੱਚ ਅਖ਼ਾੜਾ ਆ ਲਾਇਆ। ਰਾਜਸੀ ਖਿਡਾਰੀਆਂ ਦੀ ਸਮਰੱਥਾ ਤੋਂ ਅਣਜਾਣ ਰਾਮ ਦੇਵ ਨੇ ‘ਗੱਲਬਾਤ’ ਦੇ ਚੱਕਰਵਿਊ ਵਿੱਚ ਪੈਣ ਵੇਲੇ ਸੋਚਿਆ ਨਹੀਂ ਸੀ ਕਿ ਇਸ ‘ਘੋਲ’ ‘ਚ ਉਹ ਐਨੀ ਬੁਰੀ ਤਰ੍ਹਾਂ ਮੂਧੇ ਮੂੰਹ ਡਿਗੇਗਾ ਕਿ ਪੈਰ ਲੱਗਣੇ ਮੁਸ਼ਕਲ ਹੋ ਜਾਣਗੇ। ਮੰਤਰੀਆਂ ਨਾਲ ਗੱਲਬਾਤ ਦੌਰਾਨ ਹੋਟਲ ਵਿੱਚ ‘ਵਾਅਦੇ’ ਅਤੇ ਲੋਕਾਂ ਦੀ ਭੀੜ ਵੇਖ ਚਾਂਭਲ ਕੇ ‘ਵੱਡੇ ਦਾਅਵੇ’ ਕਰਨ ਵਾਲੇ ਰਾਮ ਦੇਵ ਨੂੰ ਦਿੱਲੀ ਵਿਚਲੇ ਰਾਜਸੀ ਖਿਡਾਰੀਆਂ ਨੇ ਅੰਤ ਐਸਾ ਧੋਬੀ ਪਟੜਾ ਮਾਰਿਆ ਕਿ ਰਾਤੋ ਰਾਤ ਜ਼ਨਾਨਾਂ ਕਪੜੇ ਪਹਿਣ ਅਤੇ ਜ਼ਨਾਨੀਆਂ ਵਿੱਚ ਲੁਕ ਕੇ ਬੱਚ ਜਾਣ ਵਿੱਚ ਵੀ ਸਫ਼ਲਤਾ ਨਾ ਮਿਲੀ। ਉਸਤੋਂ ਬਾਅਦ ਰਾਮ ਦੇਵ ਜਿਸ ਕਦਰ ਵਿਡਰਿਆ ਹੋਇਆ ਸਾਹਮਣੇ ਆਇਆ ਅਤੇ ਹੁਣ ਭੜਕ ਕੇ ਤਰ੍ਹਾਂ ਤਰ੍ਹਾਂ ਦੀ ਬਿਆਨਬਾਜੀ ਕਰ ਰਿਹਾ ਹੈ, ਉਹ ਕਿਸੇ ‘ਬਾਬਾ’, ‘ਯੋਗੀ’, ‘ਸੰਤ’ ਜਾਂ ‘ਰੂਹਾਨੀਅਤ ਵਾਲੇ ਮਹਾਂਪੁਰਸ’ ਦੀ ਨਾਂ ਹੋ ਕੇ ਮੁਹੱਲੇ ਵਾਲੇ ਟੁਚੀਅਲ ਜਿਹੇ ਬਦਮਾਸ਼ ਤੋਂ ਨੇਤਾ ਬਣੇ ਦੀ ਬੋਲ-ਬਾਣੀ ਤੋਂ ਵੱਧ ਕੁਝ ਨਹੀਂ। ਦੂਜੇ ਪਾਸੇ ਸਰਕਾਰ ਵਲੋਂ ਬਾਬਾ ਰਾਮਦੇਵ ਅਤੇ ਉਸਦੇ ਜੁੰਡਲੀਦਾਰਾਂ ਦੇ ਸਾਰੇ ਆਰਥਿਕ ਮਾਮਲਿਆਂ, ਕਾਰੋਬਾਰ, ਹੋਰ ਸਰਗਰਮੀਆਂ ਦੀ ਛਾਣ ਬੀਣ ਦਾ ਕੰਮ ਸ਼ੁਰੂ ਕਰਨ ਨੇ ਰਾਮ ਦੇਵ ਅਤੇ ਉਸਦੇ ਖਾਸੋਖਾਸ਼ ਅਚਾਰੀਆ ਬਾਲ ਕ੍ਰਿਸ਼ਨ ਨੂੰ ਅਪਣੇ ਆਪ ਨੂੰ ਦੁਧ ਧੋਤੇ ਸਿੱਧ ਕਰਨ ਲਈ ‘ਪੱਤਰਕਾਰਾਂ’ ਅੱਗੇ ਰੋਣ ਧੋਣ ਲਈ ਮਜਬੂਰ ਕੀਤਾ ਹੈ। ਅਜਿਹੇ ਹੀ ਪਾਖੰਡੀਆਂ ਬਾਰੇ ਗੁਰਬਾਣੀ ਵਿੱਚ ਫੁਰਮਾਨ ਹੈ,


‘ਗਲੀ ਜੋਗੁ ਨ ਹੋਈ ।। ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ।।੧।।’
(ਅੰਮ੍ਰਿਤਸਰ ਟਾਈਮਜ਼ ਵਿੱਚੋਂ)

No comments:

Post a Comment