Friday, June 10, 2011

ਏਕ ਜੋਤਿ ਦੁਇ ਮੂਰਤੀ
ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਵਿਚ ਰਹਿ ਰਹੇ ਸੋਹਣਾ ਤੇ ਮੋਹਣਾ ਦੇ ਸਰੀਰ ਦਾ ਹੇਠਲਾ ਹਿੱਸਾ ਇਕ ਅਤੇ ਧੜ ਦੋ

ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ਬੜੀ ਚੁਣੌਤੀ ਭਰੀ ਹੈ, ਪਰ ਉਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਹੋਇਆ ਹੈ। ਹੇਠਲਾ ਹਿੱਸਾ ਇਕ ਅਤੇ ਪੇਟ ਤੋਂ ਉਪਰ ਦੇ ਵੱਖ ਵੱਖ ਸਿਰ ਧੜ ਵਾਲੇ ਜੌੜੇ ਭਰਾਵਾਂ ਨਾਲ ਬੇਸ਼ੱਕ ਕੁਦਰਤ ਨੇ ਵਧੀਕੀ ਹੀ ਕੀਤੀ ਹੈ ਪਰ ਸੋਹਣਾ ਅਤੇ ਮੋਹਣਾ ਆਪਣਾ ਜੀਵਨ ਬੜੀ ਹਿੰਮਤ ਅਤੇ ਹੌਂਸਲੇ ਨਾਲ ਬਤੀਤ ਕਰ ਰਹੇ ਹਨ। ਉਹ ਕਿਸੇ ਪੱਖੋਂ ਵੀ ਸਕੂਲ ਦੇ ਬਾਕੀ ਬੱਚਿਆਂ ਨਾਲੋਂ ਪਿੱਛੇ ਨਹੀਂ ਹਨ। ਉਨ੍ਹਾਂ ਦੀਆਂ ਦੋਵੇਂ ਲੱਤਾਂ ਵੱਖਰੇ ਵੱਖਰੇ ਤੌਰ ‘ਤੇ ਕੰਟਰੋਲ ਹੁੰਦੀਆਂ ਹਨ। ਲਿਖਣ ਦਾ ਭਾਵ ਕਿ ਇਕ ਲੱਤ ਸੋਹਣੇ ਦਾ ਦਿਮਾਗ ਕੰਟਰੋਲ ਕਰਦਾ ਹੈ ਤੇ ਦੂਜੇ ਮੋਹਣੇ ਦਾ। ਉਨ੍ਹਾਂ ਨੇ ਆਪਸ ਵਿਚ ਇਸ ਤਰ੍ਹਾਂ ਤਾਲਮੇਲ ਬਣਾਇਆ ਹੋਇਆ ਹੈ ਕਿ ਉਨ੍ਹਾਂ ਨੂੰ ਚੱਲਣ ਵੇਲੇ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।
ਉਹ ਬਾਕੀ ਬੱਚਿਆਂ ਵਾਂਗ ਲੜਦੇ ਝਗੜਦੇ, ਹਸਦੇ ਖੇਡਦੇ, ਸ਼ਰਮਾਉਂਦੇ ਅਤੇ ਖੇਡਦੇ ਹਨ। ਉਹ ਹੁਣ 8 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਦਿੱਲੀ ਦੇ ਇਕ ਹਸਪਤਾਲ ਵਿਚ ਹੋਇਆ ਸੀ, ਜਿਥੇ ਉਨ੍ਹਾਂ ਦੇ ਮਾਪਿਆਂ ਨੇ ਇਹ ਕਹਿ ਕੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਉਹ ਅਜਿਹੇ ਜੌੜੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਪਤਾ ਲੱਗਣ ‘ਤੇ ਇਸ ਨੇ ਇਨ੍ਹਾਂ ਦੇ ਪਾਲਣ ਪੋਸ਼ਣ ਦਾ ਜ਼ਿੰਮਾ ਲੈ ਲਿਆ ਅਤੇ ਇਨ੍ਹਾਂ ਦਾ ਨਾਮ ਸੋਹਣਾ ਤੇ ਮੋਹਣਾ ਰੱਖ ਦਿੱਤਾ।

ਪਿੰਗਲਵਾੜਾ ਸੁਸਾਇਟੀ ਨੇ ਇਨ੍ਹਾਂ ਬੱਚਿਆਂ ਲਈ ਕੰਪਲੈਕਸ ਵਿਚ ਵੱਖਰਾ ਕਮਰਾ ਦਿੱਤਾ ਹੋਇਆ ਹੈ, ਜਿਥੇ ਇਨ੍ਹਾਂ ਦੇ ਆਰਾਮ ਅਤੇ ਸੌਣ ਲਈ ਵਿਸ਼ੇਸ਼ ਬੈਡ ਬਣਾਇਆ ਹੋਇਆ ਹੈ। ਇਨ੍ਹਾਂ ਦੀ ਦੇਖ ਭਾਲ ਅਤੇ ਸੇਵਾ ਸੰਭਾਲ ਲਈ ਇਕ ਵਿਸ਼ੇਸ਼ ਅਟੈਂਡੈਂਟ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਲਈ ਸਕੂਲ ਦੀ ਵਰਦੀ ਵੀ ਵਿਸ਼ੇਸ਼ ਤੌਰ ‘ਤੇ ਡਿਜ਼ਾਇਨ ਕੀਤੀ ਗਈ ਹੈ, ਜਿਸ ਵਿਚ ਅਸਮਾਨੀ ਰੰਗ ਦੀ ਟੀਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਹੈ। ਜਦੋਂ ਇਕ ਅਖ਼ਬਾਰ ਦੀ ਟੀਮ ਇਨ੍ਹਾਂ ਬੱਚਿਆਂ ਬਾਰੇ ਪਤਾ ਕਰਨ ਲਈ ਇਨ੍ਹਾਂ ਦੇ ਕਮਰੇ ਵਿਚ ਗਈ ਤਾਂ ਇਹ ਬੜਾ ਖੁਸ਼ ਹੋਏ ਅਤੇ ਵੱਖੋ ਵੱਖਰੇ ਅੰਦਾਜ਼ ਵਿਚ ਤਸਵੀਰਾਂ ਖਿਚਵਾਈਆਂ ਤੇ ਕੈਮਰਾਮੈਨ ਤੋਂ ਕੈਮਰਾ ਲੈ ਕੇ ਖੁਦ ਵੀ ਤਸਵੀਰਾਂ ਖਿੱਚੀਆਂ।

ਨਾਸ਼ਤਾ ਕਰਨ ਤੋਂ ਬਾਅਦ ਇਹ ਬੱਚੇ ਸਕੂਲ ਲਈ ਤਿਆਰ ਹੋਏ ਅਤੇ ਇਕ ਵਿਸ਼ੇਸ਼ ਤੌਰ ‘ਤੇ ਡਿਜ਼ਾਇਨ ਕੀਤੇ ਵਾਕਰ ਦੀ ਸਹਾਇਤਾ ਨਾਲ ਸਕੂਲ ਲਈ ਚੱਲੇ। ਇਹ ਵਾਕਰ ਜਦ ਇਨ੍ਹਾਂ ਨੇ ਕਾਫ਼ੀ ਦੂਰ ਜਾਣਾ ਹੋਵੇ, ਉਸ ਵਕਤ ਸਹਾਈ ਹੁੰਦਾ ਹੈ। ਇਹ ਜੌੜੇ ਬੱਚੇ ਦੂਜੇ 100 ਬੱਚਿਆਂ ਦੇ ਨਾਲ ਕਤਾਰਾਂ ਵਿਚ ਆਰਾਮ ਨਾਲ ਖੜ੍ਹੇ ਹੋ ਕੇ ਪ੍ਰਾਰਥਨਾ ਕਰਦੇ ਹਨ। ਦੂਜੇ ਬੱਚੇ ਵੀ ਇਨ੍ਹਾਂ ਨਾਲ ਕੋਈ ਵੱਖਰਾ ਵਰਤਾਓ ਨਹੀਂ ਕਰਦੇ। ਉਹ ਇਨ੍ਹਾਂ ਨੂੰ ਆਪਣੇ ਵਾਂਗ ਹੀ ਸਮਝਦੇ ਹਨ। ਦੂਜੀ ਜਮਾਤ ਦੇ ਇਹ ਵਿਦਿਆਰਥੀ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੇ ਹਨ। ਕਲਾਸ ਰੂਮ ਵਿਚ ਬਲੈਕ ਬੋਰਡ ਤੇ ਪੂਰੀ ਨੀਝ ਨਾਲ ਵੇਖ ਕੇ ਪੜ੍ਹਾਈ ਕਰਦੇ ਹਨ ਅਤੇ ਅਧਿਆਪਕ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਪੂਰੀ ਉਤਸੁਕਤਾ ਨਾਲ ਦਿੰਦੇ ਹਨ। ਇਨ੍ਹਾਂ ਦੀ ਕਲਾਸ ਅਧਿਆਪਕਾ ਰਜਨੀ ਬਾਲਾ ਧਵਨ ਨੇ ਦੱਸਿਆ ਕਿ ਇਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹਨ ਅਤੇ ਕਲਾਸਾਂ ਵਿਚ ਇਨ੍ਹਾਂ ਦਾ ਰਵੱਈਆ ਵੀ ਬਹੁਤ ਚੰਗਾ ਹੈ। ਇਹ ਥੋੜ੍ਹੇ ਸ਼ਰਾਰਤੀ ਵੀ ਹਨ ਅਤੇ ਆਪਣੇ ਦੋਸਤਾਂ ਨਾਲ ਖ਼ੂਬ ਗੱਲਾਂ ਮਾਰਦੇ ਹਨ। ਇਕ ਹੋਰ ਅਧਿਆਪਕ ਨੇ ਇਨ੍ਹਾਂ ਦਾ ਪਹਿਲੀ ਜਮਾਤ ਦਾ ਨਤੀਜਾ ਵਿਖਾਇਆ। ਸੋਹਣੇ ਦੇ 150 ਵਿਚੋਂ 143 ਨੰਬਰ ਹਨ ਤੇ ਮੋਹਣੇ ਦੇ 139 ਹਨ, ਜੋ ਕਿ ਬਹੁਤ ਚੰਗੀ ਕਾਰਗੁਜ਼ਾਰੀ ਹੈ।

ਇਨ੍ਹਾਂ ਬੱਚਿਆਂ ਨੂੰ ਦੁਪਹਿਰ 12:30 ਵਜੇ ਸਕੂਲੋਂ ਛੁੱਟੀ ਹੋ ਜਾਂਦੀ ਹੈ ਅਤੇ ਦੁਪਹਿਰ ਦਾ ਖਾਣਾ ਖਾਣ ਮਗਰੋਂ ਇਹ ਦੂਜੇ ਬੱਚਿਆਂ ਨਾਲ ਖੇਡਦੇ ਹਨ ਅਤੇ ਸ਼ਾਮ ਨੂੰ ਕੀਰਤਨ ਕਲਾਸ ਵਿਚ ਹਿੱਸਾ ਲੈਂਦੇ ਹਨ। ਉਹ ਦੋਵੇਂ ਤਬਲਾ ਵਜਾਉਂਦੇ ਹਨ।

ਪਾਲਕ ਪਿੰਕੀ ਅਤੇ ਰੁਕਸਾਰ, ਸੋਹਣੇ ਅਤੇ ਮੋਹਣੇ ਦੀ ਸਭ ਤੋਂ ਨੇੜੇ ਦੇ ਦੋਸਤ ਹਨ। ਜੌੜੇ ਭਰਾ ਇਨ੍ਹਾਂ ਨਾਲ ਖੇਡਣਾ ਅਤੇ ਗੱਪਾਂ ਮਾਰਨੀਆਂ ਪਸੰਦ ਕਰਦੇ ਹਨ। ਇਹ ਬੱਚੇ ਵੀ ਇਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਕਲਾਸ ਵਿਚ ਇਨ੍ਹਾਂ ਦੀ ਹਰ ਮਦਦ ਕਰਦੇ ਹਨ। ਇਨ੍ਹਾਂ ਨੂੰ ਪੁੱਛੇ ਜਾਣ ਤੇ ਕਿ ਕੀ ਉਨ੍ਹਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਤਾਂ ਨਹੀਂ ਆਉਂਦੀ, ਦੋਹਾਂ ਨੇ ਇਕੱਠਿਆਂ ਹੀ ਜੁਆਬ ਦਿੱਤਾ ਕਿ ਨਹੀਂ, ਕੋਈ ਮੁਸ਼ਕਲ ਨਹੀਂ ਆਉਂਦੀ। ਅਟੈਂਡੈਂਟ ਪਰਮਜੀਤ ਨੇ ਦੱਸਿਆ ਕਿ ਕਈ ਵਾਰ ਇਹ ਆਪਸ ਵਿਚ ਝਗੜਾ ਵੀ ਕਰਦੇ ਹਨ। ਖਾਸ ਕਰਕੇ ਜਦ ਇਕ ਸੌਂ ਰਿਹਾ ਹੁੰਦਾ ਹੈ। ਇਸ ਤੇ ਦੋਹਾਂ ਬੱਚਿਆਂ ਨੇ ਕਿਹਾ ਕਿ ਨਹੀਂ ਉਹ ਨਹੀਂ ਝਗੜਦੇ। ਪਿੰਗਲਵਾੜਾ ਸੁਸਾਇਟੀ ਵੱਲੋਂ ਇਨ੍ਹਾਂ ਬੱਚਿਆਂ ਦੀ ਦੇਖ ਭਾਲ ਲਈ 4 ਅਟੈਂਡੈਂਟ ਲਗਾਏ ਹੋਏ ਹਨ ਜੋ ਸਿਫ਼ਟਾਂ ਵਿਚ ਕੰਮ ਕਰਦੇ ਹਨ। ਪਰਮਜੀਤ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿਚ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਇਕ ਨਵਾਂ ਅਨੁਭਵ ਸੀ ਪਰ ਹੁਣ ਉਨ੍ਹਾਂ ਨੂੰ ਆਮ ਵਰਗੀ ਗੱਲ ਜਾਪਦੀ ਹੈ।

ਉਨ੍ਹਾਂ ਦੀ ਵਿਲੱਖਣ ਸਥਿਤੀ ਹੋਣ ਕਰਕੇ, ਬਹੁਤ ਸਾਰੇ ਲੋਕ, ਸੈਲਾਨੀ ਇਨ੍ਹਾਂ ਨੂੰ ਵੇਖਣ ਆਉਂਦੇ ਹਨ। ਪਰ ਇਨ੍ਹਾਂ ਦੇ ਮਾਂ ਪਿਓ ਕਦੇ ਵੀ ਇਨ੍ਹਾਂ ਨੂੰ ਮਿਲਣ ਲਈ ਨਹੀਂ ਆਏ। ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਦੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਇਕ ਮਾਲ ਵਿਚ ਖਿੱਚੀਆਂ ਤਸਵੀਰਾਂ ਮੌਜੂਦ ਹਨ। ਉਹ ਹਰੇਕ ਮਿਲਣ ਵਾਲੇ ਨੂੰ ਮੈਕਡੋਨਲਡ ਦੇ ਮਸਖਰੇ ਨਾਲ ਖਿੱਚੀ ਹੋਈ ਇਕ ਤਸਵੀਰ ਜ਼ਰੂਰ ਵਿਖਾਉਂਦੇ ਹਨ ਅਤੇ ਖੁਸ਼ ਹੁੰਦੇ ਹਨ।

ਦੋ ਲੱਤਾਂ, ਹਰੇਕ ਦਾ ਕੰਟਰੋਲ ਵੱਖ ਵੱਖ

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਡਾæ ਇੰਦਰਜੀਤ ਕੌਰ ਨੇ ਦੱਸਿਆ ਕਿ ਸੋਹਣਾ ਅਤੇ ਮੋਹਣਾ ਉਸ ਦੇ ਬਹੁਤ ਹੀ ਨੇੜੇ ਹਨ। ਸਾਨੂੰ ਦਿੱਲੀ ਵਿਚ ਇਨ੍ਹਾਂ ਦੇ ਜਨਮ ਬਾਰੇ ਇਕ ਅਖ਼ਬਾਰ ਦੀ ਖ਼ਬਰ ਤੋਂ ਪਤਾ ਲੱਞਾ। ਅਸੀਂ ਉਸ ਵਕਤ ਇਨ੍ਹਾਂ ਬੱਚਿਆਂ ਨੂੰ ਇਕ ਘਰ ਦੇਣ ਲਈ ਆਪਣੀ ਟੀਮ ਦਿੱਲੀ ਭੇਜੀ। ਇਨ੍ਹਾਂ ਦੇ ਨਾਂ ਸੋਹਣਾ ਅਤੇ ਮੋਹਣਾ, ਭਾਈ ਵੀਰ ਸਿੰਘ ਦੀ ਇਕ ਕਿਤਾਬ ਤੋਂ ਪ੍ਰੇਰਨਾ ਲੈ ਕੇ ਰੱਖੇ ਗਏ ਹਨ। ਡਾ. ਇੰਦਰਜੀਤ ਕੌਰ ਜੋ ਕਿ ਖੁਦ ਇਕ ਯੋਗਤਾ ਪ੍ਰਾਪਤ ਮਾਹਿਰ ਡਾਕਟਰ ਹਨ, ਨੇ ਦੱਸਿਆ ਕਿ ਇਹ ਸਾਂਝੇ ਸਰੀਰ ਵਾਲੇ ਜੁੜਵੇਂ ਬੱਚੇ ਹਨ। ਪਰ ਇਨ੍ਹਾਂ ਦੇ ਅਹਿਮ ਅੰਗ ਠੀਕ ਹਾਲਤ ਵਿਚ ਹਨ ਅਤੇ ਦੂਜੇ ਬੱਚਿਆਂ ਵਾਂਗ ਕੰਮ ਕਰਦੇ ਹਨ। ਇਨ੍ਹਾਂ ਨੂੰ ਇਸ ਲਈ ਵੱਖਰਾ ਕਮਰਾ ਦਿੱਤਾ ਗਿਆ ਹੈ ਕਿ ਸਾਂਝੇ ਹੋਸਟਲ ਵਿਚ ਰਹਿੰਦਿਆਂ ਕੋਈ ਮੁਸ਼ਕਲ ਨਾ ਆਵੇ। ਇਹ ਪੁੱਛੇ ਜਾਣ ‘ਤੇ ਕਿ ਕੀ ਇਨ੍ਹਾਂ ਦਾ ਸਰੀਰ ਵੱਖ ਵੱਖ ਹੋ ਸਕਦਾ ਹੈ, ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿਚ ਟੈਸਟ ਕਰਵਾਏ ਸਨ, ਜਿਨ੍ਹਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਜੁੜਵਾਂ ਹਾਲਤ ਵਿਚ ਹੀ ਰਹਿਣਾ ਪਵੇਗਾ।

ਇਨ੍ਹਾਂ ਦੇ ਪੇਟ ਦਾ ਹੇਠਲਾ ਹਿੱਸਾ ਇਕੋ ਹੈ ਜਦਕਿ ਦਿਮਾਗ, ਦਿਲ ਅਤੇ ਬਾਹਾਂ ਵੱਖ ਵੱਖ ਹਨ। ਇਨ੍ਹਾਂ ਦੀਆਂ ਲੱਤਾਂ ਦੋ ਹੀ ਹਨ, ਜਿਨ੍ਹਾਂ ਵਿਚੋਂ ਇਕ ਇਕ ਲੱਤ ਦੋਹਾਂ ਦੇ ਦਿਮਾਗ ਵੱਲੋਂ ਕੰਟਰੋਲ ਹੁੰਦੀ ਹੈ। ਪਰ ਇਹ ਅਸਾਨੀ ਨਾਲ ਤੁਰ ਲੈਂਦੇ ਹਨ ਅਤੇ ਕੁਝ ਦੂਰੀ ਤੱਕ ਦੌੜ ਵੀ ਲੈਂਦੇ ਹਨ।

ਸਿਆਮੀ ਟਵਿਨਜ਼ (ਜੌੜੇ)

ਇਹ ਲਫ਼ਜ਼ ਅਜਿਹੇ ਜੌੜੇ (ਜੁੜਵਾ) ਬੱਚਿਆਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਸਰੀਰ ਆਪਸ ਵਿਚ ਜੁੜਿਆ ਹੋਇਆ ਹੋਵੇ ਸਿਰ ਧੜ ਵੱਖ ਵੱਖ ਹੋਣ। 50,000 ਤੋਂ 1 ਲੱਖ ਬੱਚਿਆਂ ਵਿਚੋਂ ਇਕ ਬੱਚਾ ਅਜਿਹਾ ਪੈਦਾ ਹੁੰਦਾ ਹੈ। ਅਜਿਹੇ ਬੱਚਿਆਂ ਦੇ ਜਿਉਂਦੇ ਰਹਿਣ ਦੀ ਦਰ ਕੋਈ 25 ਪ੍ਰਤੀਸ਼ਤ ਹੈ। ਅਜਿਹੇ ਬੱਚਿਆਂ ਦੇ ਜਨਮ ਬਾਰੇ ਜੀਵ ਵਿਗਿਆਨੀਆਂ ਦੇ ਦੋ ਸਿਧਾਂਤ ਹਨ। ਜ਼ਿਆਦਾ ਪ੍ਰਵਾਨਿਤ ਸਿਧਾਂਤ ਵਿਖੰਡਨ ਦਾ ਸਿਧਾਂਤ ਹੈ ਜੋ ਅੰਡੇ ਤੋਂ ਭਰੂਣ ਬਣਨ ਸਮੇਂ ਅੰਸ਼ਕ ਦੋਫਾੜ ਹੋ ਜਾਂਦਾ ਹੈ, ਦੂਜਾ ਸਿਧਾਂਤ ਫਿਊਜ਼ਨ (ਸੁਮੇਲ) ਦਾ ਹੈ, ਜਿਸ ਵਿਚ ਦੋ ਵੱਖ ਵੱਖ ਅੰਡੇ ਹੁੰਦੇ ਹਨ ਅਤੇ ਸਟੈਮ ਸੈਲ ਇਕੋ ਹੁੰਦਾ ਹੈ।

ਲਫ਼ਜ਼ ਸਿਆਮੀ ਟਵਿਨਜ਼ ਉਘੇ ਜੌੜੇ ਚਾਂਗ ਅਤੇ ਐਂਗ ਬੰਕਰ (1811-1847) ਤੋਂ ਆਇਆ ਹੈ ਜੋ ਦੋਵੇਂ ਥਾਈ ਭਰਾ ਸਨ। ਜਿਨ੍ਹਾਂ ਦਾ ਜਨਮ ਸਿਆਮ ਵਿਚ ਹੋਇਆ ਸੀ। ਜਿਸ ਨੂੰ ਥਾਈਲੈਂਡ ਕਿਹਾ ਜਾਂਦਾ ਹੈ। ਉਹ ਇਕ ਸਰਕਸ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਸਿਰਫ਼ ਚਮੜੀ ਤੇ ਮਿਹਦਾ ਆਪਸ ਵਿਚ ਜੁੜੇ ਹੋਏ ਸਨ। ਜੇ ਉਹ ਅੱਜ ਪੈਦਾ ਹੋਏ ਹੁੰਦੇ ਤਾਂ ਅਸਾਨੀ ਨਾਲ ਵੱਖ ਹੋ ਸਕਦੇ ਸਨ।

(ਅੰਮ੍ਰਿਤਸਰ ਟਾਈਮਜ਼ ਵਿੱਚੋਂ ਧੰਨਵਾਦ ਸਾਹਿਤ)

No comments:

Post a Comment