ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੁੜ ਕਤਲ --ਗੁਰਤੇਜ ਸਿੰਘ (ਪ੍ਰੋ. ਆੱਵ ਸਿੱਖਇਜ਼ਮ)

ਸੁਨੇਹਾ
0
1984 ਵਿੱਚ ਗੁਰੂ ਦੇ ਦਰਬਾਰ ਉੱਤੇ ਫ਼ੌਜੀ ਹਮਲਾ ਕਰਨ ਵਾਲੇ ਕੁਕਰਮੀ ਹਰ ਸਾਲ ਇਹਨੀਂ ਦਿਨੀਂ ਏਸ ਕਾਰੇ ਨੂੰ ਅੰਜਾਮ ਦੇਣ ਦੇ ਕਾਰਣਾਂ ਸਬੰਧੀ ਆਪਣੇ ਵਿਚਾਰ ਨਸ਼ਰ ਕਰਦੇ ਹਨ। ਹਰ ਵਾਰ ਉਹ ਕੋਈ ਨਵਾਂ ਸ਼ੋਸ਼ਾ ਛੱਡਦੇ ਹਨ – ਕਈ ਵਾਰ ਦੂਜਿਆਂ ਪ੍ਰਤੀ ਸਿਰੇ ਦੇ ਉਜੱਡਪੁਣੇ ਵਾਲੀ ਕਮੀਨਗੀ ਪ੍ਰਗਟਾਉਂਦੇ, ਜਿਨ੍ਹਾਂ ਨੂੰ ਲਾਪਰਵਾਹੀ ’ਚੋਂ ਉਪਜੀ ਨਫ਼ਰਤ ਦੇ ਨਾਂ ਨਹੀਂ ਮੜ੍ਹਿਆ ਜਾ ਸਕਦਾ। ਹਰ ਵਾਰ ਸਾਡੇ ਸ਼ਹੀਦਾਂ ਦੀ ਖਿੱਲੀ ਉਡਾਈ ਜਾਂਦੀ ਹੈ ਤੇ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਨਾਲ ਜੋ ਕੁਝ ਕੀਤਾ ਗਿਆ ਹੈ ਅਸੀਂ ਏਸੇ ਦੇ ਯੋਗ ਸਾਂ। ਤਾਂ ਵੀ ਅਸੀਂ ਹਰ ਵਾਰ ਤੱਥਾਂ, ਜਿਨ੍ਹਾਂ ਤੋਂ ਅਸੀਂ ਵਾਕਫ਼ ਹਾਂ, ਦੇ ਆਧਾਰ ’ਤੇ ਆਪਣਾ ਨੁਕਤਾ-ਏ-ਨਿਗਾਹ ਪਰਗਟ ਕਰਨ ਤੋਂ ਝਕ ਜਾਂਦੇ ਹਾਂ। ਕੋਈ ਬਦਨੀਯਤ ਬਿਲਕੁਲ ਸਾਡੇ ਨੱਕ ਹੇਠ ਸਾਡਾ ਸਮਕਾਲੀ ਇਤਿਹਾਸ ਲਿਖ ਰਿਹਾ ਹੈ। ਕੀ ਅਸੀਂ ਪੂਰੀ ਇੱਕ ਸਦੀ ਲੰਘਾ ਕੇ ਹੀ ਏਸ ਸਬੰਧੀ ਗੰਭੀਰਤਾ ਨਾਲ ਸਤਰਕ ਹੋ ਕੇ ਸੋਚਾਂਗੇ?
ਇਹ ਸਮਝ ਤੋਂ ਬਾਹਰ ਹੈ ਕਿ ਅਜਿਹਾ ਕਿਉਂ ਹੋਣਾ ਚਾਹੀਦਾ ਹੈ! 1984 ਵਿੱਚ ਇੱਕ ਜੰਗ ਹੋਈ ਸੀ (ਭਾਵੇਂ ਕਿੰਨੀ ਵੀ ਅਸਾਵੀਂ ਸੀ)।
ਹਿੰਦੁਸਤਾਨੀ ਮੀਡੀਆ ਨੇ ਏਸ ਨੂੰ ਤੀਸਰੀ ਸਿੱਖ ਜੰਗ ਕਰਾਰ ਦਿੱਤਾ। ‘ਜੰਗੀ ਕੈਦੀਆਂ’ ਵਿੱਚ ਪੰਜ ਸਾਲ ਦੇ ਬੱਚਿਆਂ ਤੋਂ ਲੈ ਕੇ ਔਰਤਾਂ, ਬਜ਼ੁਰਗ, ਗ੍ਰੰਥੀ, ਸੇਵਾਦਾਰ ਅਤੇ ਸ਼ਰਧਾਲੂ ਤੱਕ ਸ਼ਾਮਲ ਸਨ। ਦਰਬਾਰ ਸਾਹਿਬ ਦੇ ਅਹਾਤੇ ’ਚ ਉਹ ਸਭ ਕੁਝ ਕੀਤਾ ਗਿਆ ਜੋ ਕੋਈ ਹਮਲਾਵਰ ਫ਼ੌਜ ਹਾਰਨ ਵਾਲੀ ਧਿਰ ਨਾਲ ਕਰਦੀ ਹੈ। ਸਾਡੀਆਂ ਸਭ ਤੋਂ ਉੱਤਮ ਸ਼ਖ਼ਸੀਅਤਾਂ ਵਿੱਚੋਂ ਇੱਕ, ਭਗਤ ਪੂਰਨ ਸਿੰਘ, ਨੇ ਏਸ ਦੇ ਕਈ ਪੱਖਾਂ ਦਾ ਉਲੇਖ ਕੀਤਾ ਸੀ।
ਜੰਗ ਵਿਚਲੀ ਇੱਕ ਧਿਰ ਦੀ ਪਿੱਠ ’ਤੇ ਆਧੁਨਿਕ ਰਾਜ ਦੀ ਸ਼ਕਤੀ ਸੀ। ਉਸ ਨੇ ਸਿੱਖਿਅਤ ਫ਼ੌਜ, ਹਵਾਈ ਫ਼ੌਜ, ਜਲ ਸੈਨਾ, ਤੋਪਖਾਨੇ, ਹੈਲੀਕੌਪਟਰਾਂ, ਹਵਾਈ ਜਹਾਜ਼ ਫੁੰਡਣ ਵਾਲੀਆਂ ਤੋਪਾਂ, ਬਖ਼ਤਰਬੰਦ ਗੱਡੀਆਂ, ਜੰਗੀ ਟੈਂਕਾਂ, ਬੇਹੋਸ਼ ਕਰਨ ਵਾਲੇ ਬੰਬਾਂ, ਜ਼ਹਿਰੀਲੀਆਂ ਗੈਸਾਂ ਅਤੇ ਜ਼ਖ਼ੀਰੇ ਵਿੱਚ ਹੋਰ ਜੋ ਕੁਝ ਵੀ ਬਾਕੀ ਸੀ, ਦੀ ਵਰਤੋਂ ਕੀਤੀ। ਮੁਕਾਬਲਤਨ, ਦੂਸਰੀ ਧਿਰ ਕੋਲ ਯਹੂਦੀ ਡੇਵਿਡ ਵਾਲਾ ਗੋਪੀਆ ਸੀ। ਜੇ ਤੁਸੀਂ ਲੜਾਈ ਵਿੱਚ ਨਾ ਸ਼ਾਮਲ, ਕਤਲ ਕੀਤੇ ਗਏ, ਨਿਰਦੋਸ਼ਾਂ ਦੀ ਗਿਣਤੀ ਨਾ ਕਰੋ ਤਾਂ ਅਸੀਂ ਪੰਤਾਲੀ ਦੇ ਕਰੀਬ ਬੇਹੱਦ ਨਿਸ਼ਠਾਵਾਨ ਉੱਤਮ ਮਰਦ ਅਤੇ ਔਰਤਾਂ ਤੋਂ ਮਹਿਰੂਮ ਹੋ ਗਏ। ਇਜ਼ਰਾਈਲ ਵਿਚਲਾ ਮਸਾਡਾ-ਕਤਲੇਆਮ ਅਤੇ ਚਮਕੌਰ ਦਾ ਇਤਿਹਾਸ ਦੁਹਰਾਇਆ ਗਿਆ। ਓਧਰ ਦੁਸ਼ਮਣ ਧਿਰ ਦੇ ਘੱਟੋ-ਘੱਟ ਸੱਤ ਸੌ ਫ਼ੌਜੀ (ਰਾਜੀਵ ਗਾਂਧੀ ਅਨੁਸਾਰ) ਮਾਰੇ ਗਏ ਅਤੇ ਹੋਰ ਵੀ ਅਣਗਿਣਤ ਅਤੇ ਅਨਿਸ਼ਚਿਤ ਜ਼ਖ਼ਮੀ ਹੋਏ। ਇਹ ਧਿਰ ਪਿਛਲੇ ਪੱਚੀ ਸਾਲਾਂ ਤੋਂ ਆਪਣੀ ‘ਜਿੱਤ’ ਦੀ ਕਾਂਵਾਂ-ਰੌਲੀ ਪਾ ਰਹੀ ਹੈ ਜਦੋਂ ਕਿ ਇਸ ਦੇ ਟਾਕਰੇ ’ਚ ਅਸਲ ਜੇਤੂਆਂ ਨੇ ਆਪਣੇ ਜੰਗੀ ਵੇਰਵੇ ਲਿਖਣ ਦੀ ਸ਼ੁਰੂਆਤ ਤੱਕ ਨਹੀਂ ਕੀਤੀ।
ਸਵਾ ਦੋ ਸਦੀਆਂ ਪਹਿਲਾਂ ਵੀ ਏਸੇ ਦਰਬਾਰ ਵਿਖੇ ਅਜਿਹਾ ਹੀ ਮੁਕਾਬਲਾ ਹੋਇਆ ਸੀ। ਉਦੋਂ ਅਸੀਂ ਮਹਿਜ਼ ਬਾਈ ਸੂਰਮੇ ਸਾਂ। ਦੂਸਰੇ ਪਾਸੇ ਵੱਡੀ ਫ਼ੌਜ ਵਾਲਾ, ਪਾਣੀਪਤ ਦਾ ਜੇਤੂ, ਏਸ਼ੀਆ ਦਾ ਸਭ ਤੋਂ ਖੌਫ਼ਨਾਕ ਜਰਨੈਲ ਅਹਿਮਦ ਸ਼ਾਹ ਅਬਦਾਲੀ ਸੀ। ਪਰ ਅਸੀਂ ਅਖ਼ੀਰਲੇ ਆਦਮੀ ਅਤੇ ਅਖ਼ੀਰਲੀ ਚੱਲਣਯੋਗ ਕਿਰਪਾਨ ਤੱਕ ਗੁਰੂ-ਦਰਬਾਰ ਦੀ ਸੁਰੱਖਿਆ ਕੀਤੀ। ਮੈਦਾਨੇ ਜੰਗ ਵਿੱਚ ਸਾਡਾ ਜਰਨੈਲ ਗੁਰਬਖ਼ਸ਼ ਸਿੰਘ ਨਿਹੰਗ ਸੀ। ਧੱਕੇਸ਼ਾਹੀ ਨਾਲ ਕਬਜ਼ਾ ਕਰਨ ਵਾਲੇ ਅਬਦਾਲੀ ਨੇ ਪੰਜਾਬ ਉੱਤੇ ਕਾਨੂੰਨੀ ਹੱਕ ਜਿਤਾਇਆ ਕਿਉਂਕਿ ਇਹ ਦਿੱਲੀ ਦੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੇ ਉਸ ਦੇ ਸਪੁਰਦ ਕੀਤਾ ਸੀ। ਪਰ ਇਹ ਗੁਰੂ ਦਾ ਦਰਬਾਰ ਸੀ ਅਤੇ ਕਿਉਂਕਿ ਅਸੀਂ ਦਿੱਲੀ ਦੇ ਝੂਠੇ ਦਾਅਵੇਦਾਰ ਜਾਂ ਉਸ ਤੋਂ ਲਾਹਾ ਲੈਣ ਵਾਲੇ ਕਿਸੇ ਨੂੰ ਨਹੀਂ ਸਾਂ ਸਿਆਣਦੇ, ਇਹ ਸਾਡਾ ਪੰਜਾਬ ਸੀ ਜਿਸ ਦੀ ਅਸੀਂ ਸੁਰੱਖਿਆ ਕੀਤੀ। ਸਵਾ ਦੋ ਸਦੀਆਂ ਪਹਿਲਾਂ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਸਲਤਨਤ ਸਾਨੂੰ ਹਰਾਉਣ ਵਿੱਚ ਅਸਫ਼ਲ ਰਹੀ - ਸਾਡੇ ’ਚੋਂ ਕੇਵਲ ਮੁੱਠੀ ਭਰ ਨੂੰ ਮਾਰ ਸਕੀ। ਅਸੀਂ ਸ਼ਾਨ ਨਾਲ ਸੁਰਖਰੂ ਹੋਏ। ਇਸ ਵਾਰ ਅਸੀਂ ਬਿਹਤਰ ਨਿਭੇ। ਇਸ ਵਾਰ ਖ਼ੁਦਮੁਖ਼ਤਾਰ ਪੰਥ ਦਾ ਨੁਮਾਇੰਦਾ ਸੰਤ ਜਰਨੈਲ ਸਿੰਘ ਜੂਝਿਆ ਤੇ ਏਸ ਤੋਂ ਇਲਾਵਾ ਸਾਡਾ ਜਰਨੈਲ ਸੁਬੇਗ ਸਿੰਘ ਵੀ।
ਮੌਤ ਤਾਂ ਸਰਬਸ਼ਕਤੀਮਾਨ ਦੇ ਹੱਥ ਹੈ ਤੇ ਜਦੋਂ ਆਉਣੀ ਹੈ ਆ ਹੀ ਜਾਣੀ ਹੈ। ਮੌਤ ਦਾ ਸਮਾਂ ਅਤੇ ਸਬੱਬ ਨਿਸ਼ਚਿਤ ਕਰਨਾ ਫ਼ਾਨੀਆਂ ਦੇ ਹੱਥ ਨਹੀਂ ਹੈ। ਫ਼ਤਹਿ ਤਾਂ ਇੱਕ ਅਨੁਭਵ ਹੈ, ਇਹ ਸਦੀਵੀ ਅਜਿੱਤ ਮਾਨਸਿਕਤਾ ਦਾ ਸ਼ਿੰਗਾਰ ਹੈ। ਦੋਹਾਂ ਘਟਨਾਵਾਂ ਰਾਹੀਂ ਹਮਲਾਵਰ ਸਾਡੇ ਅੰਦਰ ਮੌਤ ਦਾ ਖ਼ੌਫ਼ ਪੈਦਾ ਕਰਨਾ ਚਾਹੁੰਦੇ ਸਨ। ਅਸੀਂ ਉਹਨਾਂ ਦੀ ਸ਼ਕਤੀ ਨੂੰ ਸਿਫ਼ਰ ਬਰਾਬਰ ਜਾਣਿਆ। ਸਾਡੇ ਸੂਰੇ ਦੋਹਾਂ ਹਮਲਿਆਂ ਸਮੇਂ ਗੁਰੂ-ਦਰਬਾਰ ਦੀ ਰਾਖੀ ਕਰਦੇ ਸ਼ਹੀਦ ਹੋਏ ਅਤੇ ਦੁਸ਼ਮਣ ਫ਼ੌਜਾਂ ਦੇ ਵੱਡੀ ਗਿਣਤੀ ਵਿੱਚ ਆਹੂ ਲਾਹੇ। ਦੋਹਾਂ ਮਾਮਲਿਆਂ ’ਚ, ਬੁਖਲਾਏ ਹੋਏ ਦੁਸ਼ਮਣ ਨੇ ਪਵਿੱਤਰ ਅਸਥਾਨ ਢਾਹੇ। 1984 ’ਚ ਇੰਦਰਾ ਗਾਂਧੀ ਅਬਦਾਲੀ ਤੋਂ ਇੱਕ ਕਦਮ ਅਗਾਂਹ ਲੰਘ ਗਈ। ਓਸ ਨੇ ਸਿੱਖ ਰੈਫ਼ਰੈਂਸ ਲਾਇਬਰੇਰੀ ਵੀ ਸਾੜ ਕੇ ਸੁਆਹ ਕਰ ਦਿੱਤੀ। ਉਹ ਹੋਰ ਵੀ ਕਈ ਪੱਖਾਂ ਤੋਂ ਅਬਦਾਲੀ ਨੂੰ ਪਿੱਛੇ ਛੱਡ ਗਈ।
ਅਬਦਾਲੀ ਕੋਲ ਵਾਜਬ ਜਾਪਦਾ ਬਹਾਨਾ ਸੀ ਕਿਉਂਕਿ ਮੁਲਕ ਕਾਨੂੰਨੀ ਤੌਰ ’ਤੇ ਓਸ ਦਾ ਸੀ। ਪਰ ਕਿਸੇ ਲੋਕਤੰਤਰੀ ਗਣਰਾਜ ਵਿੱਚ ਓਸ ਦੀ ਧਰਤੀ ਦੇ ਹਰ ਕਣ ਉੱਤੇ ਓਥੋਂ ਦੇ ਹਰ ਸ਼ਹਿਰੀ ਦਾ ਅਧਿਕਾਰ ਹੈ। ਸੰਤ ਜਰਨੈਲ ਸਿੰਘ ਅਤੇ ਓਸ ਦੇ ਸਾਥੀ ਹੱਕਬਜਾਨਬ ਗੁਰੂ ਦੇ ਦਰਬਾਰ ਵਿੱਚ ਸਨ। ਹਮਲਾਵਰਾਂ ਨੂੰ ਓਥੇ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ ਸੀ। ਜਿਵੇਂ ਇੱਕ ਵਿਅਕਤੀ, ਜਿਹੜਾ ਕਿ ਮਗਰੋਂ ਹਿੰਦੁਸਤਾਨ ਦਾ ਕਾਨੂੰਨ ਮੰਤਰੀ ਬਣਿਆ, ਵੱਲੋਂ ਸਵਿਕਾਰ ਕੀਤਾ ਗਿਆ ਸੀ, ਸੰਤ ਕੋਲ ਸਵੈ-ਰੱਖਿਆ ਦਾ ਅਧਿਕਾਰ ਸੀ। ਫ਼ੌਜ ਓਥੇ ਓਸ ਨੂੰ ਮਾਰਨ ਲਈ ਗਈ ਸੀ। ਦੁਨਿਆਵੀ ਅਤੇ ਅਧਿਆਤਮਕ, ਦੋਹਾਂ, ਪੱਧਰਾਂ ’ਤੇ ਓਸ ਵੱਲੋਂ ਹਮਲੇ ਦਾ ਟਾਕਰਾ ਕਰਨਾ ਬਿਲਕੁਲ ਵਾਜਬ ਸੀ।
ਦੂਸਰੀ ਧਿਰ ਓਥੋਂ ਕੋਈ ਵਿਆਪਕ ਤਬਾਹੀ ਦੇ ਹਥਿਆਰ (ਾਂੲੳਪੋਨਸ ੋਡ ੰੳਸਸ ਧੲਸਟਰੁਚਟੋਿਨ - ਾਂੰਧ) ਬਰਾਮਦ ਨਾ ਕਰ ਸਕੀ, ਖ਼ਾਲਿਸਤਾਨ ਦੀ ਮੰਗ ਕਰਦਾ ਕੋਈ ਰਾਜਸੀ ਮਤਾ ਨਾ ਲੱਭ ਸਕੀ ਅਤੇ ਮੁਲਕ-ਵੰਡ ਦੀ ਹਮਾਇਤ ਕਰਦੀ ਕੋਈ ਰਾਜਨੀਤਕ ਪਾਰਟੀ ਨਾ ਢੂੰਡ ਸਕੀ। ਓਦੋਂ ਤੋਂ ਇਸ ਦੇ ਨੁਮਾਇੰਦੇ ਸ਼ਰਮਿੰਦਗੀ ਭਰਪੂਰ ਢੀਠਤਾ ਨਾਲ ਇਤਿਹਾਸ ਦੀ ਜਵਾਬਦੇਹੀ ਤੋਂ ਮੂੰਹ ਲੁਕੋਂਦੇ ਫ਼ਿਰ ਰਹੇ ਹਨ ਅਤੇ ਆਪਣੇ ਵੱਲੋਂ ਅਕਾਰਣ ਕੀਤੀ ਤਬਾਹੀ ’ਤੇ ਦੁੱਖ ਪਰਗਟ ਕਰਦੇ ਆ ਰਹੇ ਹਨ। ਪਰ ਉਹਨਾਂ ਵੱਲੋਂ ਆਪਣੇ ਚਿਹਰਿਆਂ ’ਤੇ ਨਕਾਬ ਪਾ ਕੇ ਨੱਚਣ ਦੀ ਅੜੀ ਨੇ ਉਹਨਾਂ ਦੁਆਰਾ ਪ੍ਰਗਟਾਏ ਦੁੱਖ ਦੇ ਹਾਵ-ਭਾਵਾਂ ਦਾ ਸੱਤਿਆਨਾਸ ਕਰ ਦਿੱਤਾ ਹੈ। ਉਹ ਆਪਣੇ ਨਕਾਬ ਲਾਹੁਣ ਅਤੇ ਖੁੱਲ੍ਹ ਕੇ ਏਸ ਨੀਚ ਕਾਰੇ ਦੀ ਦਰਿੰਦਗੀ ਦਾ ਇਕਬਾਲ ਕਰਨ। ਉਹ ਪੂਰੀ ਤਰ੍ਹਾਂ ਅਤੇ ਸਪਸ਼ਟ ਰੂਪ ਵਿੱਚ ਤਫ਼ਸੀਲ ਦੇਣ ਕਿ ਉਹ ਕਾਸ ਦੀ ਮੁਆਫ਼ੀ ਮੰਗ ਰਹੇ ਹਨ। ਉਹ ਸਾਨੂੰ ਏਸ ਦੇ ਦੋਸ਼ੀਆਂ ਦੇ ਨਾਂ ਲਾਜ਼ਮੀ ਦੱਸਣ। ਅਸੀਂ ਉਹਨਾਂ ਵੱਲੋਂ ਕੀਤੇ ਕੁਕਰਮਾਂ ਨਾਲ ਕਾਲੇ ਹੋਏ ਉਹਨਾਂ ਦੇ ਚਿਹਰੇ ਵੇਖਣਾ ਚਾਹੁੰਦੇ ਹਾਂ। ਉਹ ਅਵੱਸ਼ ਆਪਣੇ ਪਾਪਾਂ ਦਾ ਵਾਜਬ ਢੰਗ ਨਾਲ ਪਸ਼ਚਾਤਾਪ ਕਰਨ, ਖੁੱਲ੍ਹਦਿਲ਼ੀ ਨਾਲ ਏਸ ਦਾ ਇਵਜ਼ਾਨਾ ਦੇਣ ਅਤੇ ਆਪਣੇ ਪਛਤਾਵੇ ਨੂੰ ਭਵਿੱਖ ਵਿੱਚ ਅਜਿਹੀ ਮੂਰਖਤਾ ਨੂੰ ਕਦੇ ਨਾ ਦੁਹਰਾਉਣ ਦੇ ਰਸਮੀ ਜਨਤਕ ਐਲਾਨ ਦਾ ਤਾਜ ਪਹਿਨਾਉਣ।
ਅਜੇ ਤਾਈਂ ਉਹਨਾਂ ਦੀ ਮੁਆਫ਼ੀ ਅਤੇ ਪਸ਼ਚਾਤਾਪ ਦੀ ਭਾਵਨਾ ਨੂੰ ਤਸ਼ੱਦਦ ਦੇ ਸਿਲਸਿਲੇ ਦੀ ਮਾਰ ਵੀ ਪੈ ਰਹੀ ਹੈ ਜਿਸ ਦੇ ਠੱਲ੍ਹਣ ਦੇ ਕੋਈ ਸੰਕੇਤ ਨਜ਼ਰੀਂ ਨਹੀਂ ਪੈਂਦੇ। ਪੁਲੀਸ ਸਦਾ ਵਾਂਗ ਹੀ ਜ਼ਾਲਮ ਹੈ। ਨਿਰਦੋਸ਼ ਲੋਕਾਂ ਦਾ ਪੁਲੀਸ ਦੀ ਗੋਲ਼ੀ ਨਾਲ ਮਾਰੇ ਜਾਣਾ ਜਾਰੀ ਹੈ। ਪੁਲੀਸ ਹਿਰਾਸਤ ਵਿੱਚ ਮੌਤਾਂ ਘਿਣਾਉਣੇ ਨਿੱਤ-ਕਰਮ ਵਜੋਂ ਜਾਰੀ ਹਨ ਅਤੇ ਕਾਨੂੰਨੀ ਕੁੰਡੇ ਤੋਂ ਬਾਹਰੇ ਕਾਨੂੰਨ ਦੇ ਰਖਵਾਲੇ ਸਜ਼ਾ ਤੋਂ ਬਚ ਨਿਕਲਦੇ ਹਨ ਜਿਵੇਂ ਕਿ ਕਈ ਦਹਾਕਿਆਂ ਦਾ ਅਮਲ ਦੱਸਦਾ ਹੈ। ਲੋਕਾਂ ਦੇ ਕਸ਼ਟਾਂ ਅਤੇ ਜ਼ਲਾਲਤ ਦਾ ਅੰਤ ਨਜ਼ਰ ਨਹੀਂ ਆਉਂਦਾ।
ਸਿੱਖਾਂ ਵੱਲੋਂ ਵੀ ਸਪਸ਼ਟ ਰੂਪ ’ਚ ਦੱਸਣਾ ਲੋੜੀਂਦਾ ਹੈ ਕਿ ਉਹਨਾਂ ਨੂੰ ਕਿਵੇਂ ਦੀ ਮੁਆਫ਼ੀ ਪ੍ਰਵਾਨ ਹੈ ਅਤੇ ਕਿਸ ਤਰ੍ਹਾਂ ਦੇ ਭਵਿੱਖੀ ਰੱਖਿਆ-ਇੰਤਜ਼ਾਮ ਨੂੰ ਕਾਰਗਰ ਜਾਣਦੇ ਹਨ। ਜੇ ਇਹ ਮੇਰੀ ਸੁਣਦੇ ਹੁੰਦੇ ਤਾਂ ਮੈਂ ਸਿੱਖਾਂ ਨੂੰ ਸਲਾਹ ਦੇਂਦਾ ਕਿ ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ’ਤੇ ਇੱਕ ਸੰਜੀਦਾ ਇਕੱਠ ਵਿੱਚ ਇਕੱਤਰ ਹੋ ਕੇ ਬੁਲੰਦ ਆਵਾਜ਼ ’ਚ, ਬੇਝਿਜਕ, ਉਚਿਤ ਅਤੇ ਸਪਸ਼ਟ ਪ੍ਰਗਟਾਵਾ ਕਰਨ ਕਿ ਇਹਨਾਂ ਏਸ ਵਾਕਿਆ ਤੋਂ ਕੀ ਸਿੱਖਿਆ ਹੈ ਅਤੇ ਇਹ ਗਾਹੇ-ਬਗਾਹੇ ਸੁਣੇ ਜਾਂਦੇ ਪਛਤਾਵੇ ਦੇ ਅੱਧੇ ਮਨ ਨਾਲ ਪ੍ਰਗਟਾਏ ਭਾਵਾਂ – ਕਦੇ ਸ਼ਬਦਾਂ ਰਾਹੀਂ, ਕਦੇ ਇਸ਼ਾਰਿਆਂ ਵਿੱਚ – ਨੂੰ ਕਿਵੇਂ ਸਮਝਦੇ ਹਨ। ਇਹਨਾਂ ਨੂੰ ਅਵੱਸ਼ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਜਿਸ ਨਿਜ਼ਾਮ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਹੀਂ ਓਸ ਦੇ ਅਧੀਨ, ਇਹਨਾਂ ਦੀ ਰਾਇ ਵਿੱਚ, ਭਵਿੱਖ ਇਹਨਾਂ ਲਈ ਕੀ ਸਾਂਭੀ ਬੈਠਾ ਹੈ। ਇਹ ਅਗਲੀਆਂ ਪੀੜ੍ਹੀਆਂ ਦੇ ਏਸ ਸਵਾਲ ਦਾ ਜਵਾਬ ਦੇਣ ਸਬੰਧੀ ਕਰਜ਼ਾਈ ਹਨ ਕਿ ਕੀ ਉਹਨਾਂ ਦਾ ਧਰਮ ਅਤੇ ਔਲਾਦ ਅਜਿਹੇ ਮੁਲਕ ਵਿੱਚ ਸੁਰੱਖਿਅਤ ਹਨ ਜਿਸ ਵਿੱਚ ਕੋਈ ਕਾਨੂੰਨ, ਕੋਈ ਅਦਾਲਤ, ਕੋਈ ਕਾਨੂੰਨ ਘਾੜਨੀ ਸਭਾ, ਕੋਈ ਮੀਡੀਆ, ਕੋਈ ਮਨੁੱਖੀ ਅਧਿਕਾਰ ਜਥੇਬੰਦੀ ਲੋੜ ਪੈਣ ’ਤੇ ਉਹਨਾਂ ਦਾ ਬਚਾਅ ਨਹੀਂ ਕਰ ਸਕਦੇ। ਏਨਾਂ ਕਾਫ਼ੀ ਨਹੀਂ ਹੈ ਕਿ ਜਦੋਂ ਪਰਖ ਦੇ ਹਾਲਾਤ ਨਾ ਹੋਣ, ਜਦੋਂ ਸਭ ਅੱਛਾ ਹੋਵੇ ਓਦੋਂ ਇਹ ਸਭ ਸੰਸਥਾਵਾਂ ਅਤੇ ਜਥੇਬੰਦੀਆਂ ਅਨੇਕਾਂ ਮਨਮੋਹਕ, ਇੱਕ ਦੂਜੇ ਤੋਂ ਗੂੜ੍ਹੇ, ਰੰਗਾਂ ਵਿੱਚ ਆਪਾ ਪ੍ਰਗਟਾਉਣ।
ਸਿੱਖਾਂ ਨੂੰ ਇਹ ਵੀ ਲਾਜ਼ਮੀ ਦੱਸਣਾ ਚਾਹੀਦਾ ਹੈ ਕਿ ਕੀ ਇਹਨਾਂ ਦੀ 1947 ਮਗਰੋਂ ਹਿੰਦੁਸਤਾਨ ਵਿੱਚ ਸਰਕਾਰੀ ਕਾਰਵਾਈ ਦੁਆਰਾ ਮਾਰੇ ਗਏ ਆਪਣੇ ਹਜ਼ਾਰਾਂ ਲੋਕਾਂ ਦੀ ਯਾਦ ਨਾਲ ਹੀ ਤਸੱਲੀ ਹੈ? ਜਾਂ ਕੀ ਉਹਨਾਂ ਦੀ ਹੋਣੀ ਇਹਨਾਂ ਦੇ ਦਿਲ਼ਾਂ ਵਿੱਚ ਰੜਕਦੀ ਹੈ ਅਤੇ ਉਹਨਾਂ ਦੀਆਂ ਚਿਖਾਵਾਂ ਇਹਨਾਂ ਦੇ ਮਨ-ਮਸਤਕ ਵਿੱਚ ਹਮੇਸ਼ਾ ਬਲਦੀਆਂ ਹਨ? ਕੀ ਇਹਨਾਂ ਨੂੰ ਇਹ ਪੁਨਰ-ਯਕੀਨਦਹਾਨੀ ਕਰਾਈ ਗਈ ਹੈ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਅਜਿਹੀ ਮੌਤ ਨਹੀਂ ਮਰਨਾ ਪਵੇਗਾ?
ਏਸ ਸਭ ਕੁਝ ਨੂੰ ਸਪਸ਼ਟ ਰੂਪ ’ਚ ਕਹਿਣ ਲਈ ਇਹਨਾਂ ਨੂੰ ਆਪਣੀ ਧਾਰਨਾ ਬਣਾਉਣ ਦੀ ਲੋੜ ਹੈ ਕਿ ਇਹਨਾਂ ਨਾਲ ਸਬੰਧਤ ਮਾਮਲਿਆਂ ਨੇ ਹਮੇਸ਼ਾ ਦੁੱਖਦਾਈ ਮੋੜ ਕਿਉਂ ਲੈ ਲਿਆ। ਇਹ ਅਵੱਸ਼ ਨਿੱਗਰ ਤੋਂ ਨਿੱਗਰ ਤੱਥਾਂ ਉੱਤੇ ਅਧਾਰਤ ਹੋਣੀ ਚਾਹੀਦੀ ਹੈ ਜੋ ਸਾਨੂੰ ਪਤਾ ਹਨ ਕਿਉਂਕਿ ਅਸੀਂ ਬਾਜ਼ਮੀਰ ਨੇਕਨੀਯਤ ਲੋਕਾਂ ਨੂੰ ਜਾਣਕਾਰੀ ਦੇਣ ਦਾ ਪਾਕ ਫ਼ਰਜ਼ ਨਿਭਾਉਣਾ ਹੈ। ਗੁਰੂ ਨਾਨਕ ਵੱਲੋਂ ਸਾਨੂੰ ਦਿੱਤਾ ਗਿਆ ਉਪਦੇਸ਼ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ” ਸਾਡਾ ਆਦਰਸ਼ ਹੈ। ਹੁਣ ਤੱਕ ਏਸ ਵਿਸ਼ੇ ’ਤੇ ਉੱਚੀ ਬੋਲਣਾ, ਜੇ ‘ਦਹਿਸ਼ਤਗਰਦ’ ਹੋਣ ਦਾ ਨਹੀਂ ਤਾਂ ‘ਦਹਿਸ਼ਤਗਰਦਾਂ’ ਦੇ ਹਮਦਰਦ ਹੋਣ ਦਾ ਠੱਪਾ ਲੱਗਣ ਦੇ ਡਰੋਂ, ਔਖਾ ਸੀ। ਇਹ ਖ਼ਤਰਾ ਹੁਣ ਬਹੁਤ ਘਟ ਗਿਆ ਹੈ ਕਿਉਂਕਿ ਸਿੱਖਾਂ ਨਾਲ ਕੀਤੇ ਗਏ ਦੁਰਵਿਹਾਰ ਦਾ ਅਹਿਸਾਸ ਹਰ ਸੂਝਵਾਨ ਵਿਅਕਤੀ ਦੇ ਮਨ ਵਿੱਚ ਸਿੰਮ ਗਿਆ ਹੈ। ਸਿੱਖ ਲੇਖਕਾਂ, ਇਤਿਹਾਸਕਾਰਾਂ, ਨੀਤੀਵਾਨਾਂ, ਸਿਧਾਂਤਕਾਰਾਂ, ਸਮਾਜ ਅਤੇ ਰਾਜਨੀਤੀ ਵਿਗਿਆਨੀਆਂ ਅਤੇ ਆਗੂਆਂ ਨੂੰ ਲਾਜ਼ਮੀ ਹਿੰਮਤ ਜੁਟਾਉਣੀ ਚਾਹੀਦੀ ਹੈ ਅਤੇ ਆਪਣੇ ਗੁਣਕਾਰੀ ਵਿਚਾਰਾਂ ਨੂੰ ਸ਼ਾਨ ਨਾਲ ਓਸੇ ਅੰਦਾਜ਼ ਵਿੱਚ ਪ੍ਰਗਟਾਉਣਾ ਚਾਹੀਦਾ ਹੈ ਜਿਵੇਂ 1947 ਤੋਂ ਹੁਣ ਤੱਕ ਬਹੁਤ ਕੁਝ ਗਵਾਉਣ ਵਾਲਿਆਂ ਦਾ ਬਣਦਾ ਹੈ। ਅਸੀਂ ਬਾਬਾ ਬੰਦਾ ਸਿੰਘ ਤੋਂ ਬਾਅਦ ਆਪਣਾ ਪੱਖ ਉਭਾਰਨ ਲਈ ਪੱਚੀ ਸਾਲ ਉਡੀਕ ਕੀਤੀ ਸੀ। ਪੱਚੀ ਸਾਲ ਹੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ ਤੋਂ ਬਾਅਦ ਖੁੱਸ ਚੁੱਕੇ ਹਨ।
ਏਸ ਕਾਰਵਾਈ ਵਿੱਚ ਨਿਮਾਣੇ ਯੋਗਦਾਨ ਵਜੋਂ ਅਤੇ ਕੇਵਲ ਉਡੀਕੀ ਜਾ ਰਹੀ ਬਹਿਸ ਲਈ ਇੱਕ ਮੁੱਢਲੀ ਰੂਪ-ਰੇਖਾ ਦਰਸਾਉਂਦਾ ਪੇਪਰ ਮੁਹੱਈਆ ਕਰਨ ਹਿਤ ਹੇਠਲਾ ਲੇਖ ਲਿਖਿਆ ਜਾ ਰਿਹਾ ਹੈ। ਇਹ ਤੱਥਾਂ ਨਾਲ ਸੰਪੂਰਨ ਹੈ ਜਿਵੇਂ ਕਿ ਮੈਨੂੰ ਇਹਨਾਂ ਦੀ ਜਾਣਕਾਰੀ ਹੈ। ਉਮੀਦ ਹੈ ਕਿ ਜੂਨ 2011 ਦੌਰਾਨ ਪੂਰੇ ਸੰਸਾਰ ਵਿੱਚ ਹੋਣ ਵਾਲੇ ਇਕੱਠਾਂ ਵਿੱਚ ਹੋਰ ਵੀ ਬਿਹਤਰ ਜਾਣਕਾਰੀ ਅਤੇ ਸੋਝੀ ਭਰੇ ਵਿਚਾਰ ਪ੍ਰਗਟ ਹੋਣਗੇ। ਇਹ ਸਾਡੀ ਸਵੈ-ਪੜਚੋਲ ਅਤੇ ਸਵੈ-ਪ੍ਰਗਟਾਵੇ ਦਾ ਵਰ੍ਹਾ ਹੋ ਨਿੱਬੜਨਾ ਚਾਹੀਦਾ ਹੈ। ਸਿੱਖ ਪ੍ਰਗਟਾਵਾ ਚਿਰੋਕਣਾ ਪਛੜ ਚੁੱਕਾ ਹੈ – ਲੇਖਕ॥

ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਕਤਲ ਕੌਂਗਰਸ (ਇੰਦਰਾ) ਨੇ ਚੰਗੀ ਤਰ੍ਹਾਂ, ਉਹਨਾਂ ਦੇ ਕਤਲ ਤੋਂ ਬਹੁਤ ਪਹਿਲਾਂ ਵਿਉਂਤ ਲਿਆ ਸੀ। ਦਸੰਬਰ 1982 ਵਿੱਚ ਲਿਖੇ ਅਤੇ ਅਪ੍ਰੈਲ 1983 ਵਿੱਚ ਛਪੇ ਇੱਕ ਲੇਖ ਵਿੱਚ ਇਹਨਾਂ ਸਤਰਾਂ ਦੇ ਲੇਖਕ ਨੇ ਪੇਸ਼ੀਨਗੋਈ ਕੀਤੀ ਸੀ ਕਿ ਸੰਤ ਨੂੰ ਕਤਲ ਕੀਤਾ ਜਾਵੇਗਾ। ਓਸ ਦੇ ਕਤਲ ਅਤੇ ਬਾਅਦ ਦੇ ਦਮਨ-ਚੱਕਰ ਰਾਹੀਂ ਪੂਰੇ ਹਿੰਦੁਸਤਾਨ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਏਸ ਅਸ਼ਾਂਤ ਕੌਮ, ਜਿਹੜੀ ਕਿ ਇਸ ਗੱਲ ’ਤੇ ਦ੍ਰਿੜ੍ਹ ਹੈ ਕਿ 1950 ਦੇ ਸੰਵਿਧਾਨ ਤਹਿਤ ਓਸ ਨੂੰ ਕੁਝ ਅਧਿਕਾਰ ਹਾਸਲ ਹਨ ਜਿਨ੍ਹਾਂ ਦਾ ਕੁਚਲਿਆ ਜਾਣਾ ਉਹ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ, ਨੂੰ ਸਬਕ ਸਿਖਾਉਣ ਦਾ ਏਹੋ ਕਾਰਗਰ ਹਥਿਆਰ ਹੈ। ਹਰ ਪਾਰਟੀ ਅਤੇ ਵਿਅਕਤੀ ਏਸ ਮਨਸੂਬੇ ਨਾਲ ਰਜ਼ਾਮੰਦ ਹੋਇਆ। ਇੰਦਰਾ ਗਾਂਧੀ ਤਕਰੀਬਨ ਹਰ ਵਿਅਕਤੀ, ਜਿਸ ਦੀ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕੋਈ ਅਹਿਮੀਅਤ ਸੀ, ਨੂੰ ਆਪਣੇ ਜਾਲ ਵਿੱਚ ਫ਼ਸਾਉਣ ’ਚ ਕਾਮਯਾਬ ਰਹੀ। ਇਹ ਇੱਕ ਬਾਕਮਾਲ ਚੱਕਰਵਿਊ ਸੀ – ਜਿਸ ਵਿੱਚ ਦੇਸ਼ ਦੇ ਸਿਰਮੌਰ ਲੋਕ ਆਪਣਾ ਰੋਲ ਅਦਾ ਕਰ ਰਹੇ ਸਨ। ਫ਼ਿਰ ਵੀ ਸਾਰੇ ਨਹੀਂ – ਕੇਵਲ ਚੰਦਰ ਸ਼ੇਖਰ, ਸੁਬਰਾਮਨੀਅਮ ਸਵਾਮੀ ਅਤੇ ਅਚਾਰੀਆ ਰਜਨੀਸ਼ ਹੀ ਸਨ ਜਿਹੜੇ ਦਲੇਰੀਪੂਰਵਕ ਅਸਹਿਮਤ ਹੋਏ। ਬਿਨਾ ਸ਼ੱਕ, ਇਹ ਤੇਜ਼ੀ ਨਾਲ ਵੱਧ ਰਹੀਆਂ ਘਟਨਾਵਾਂ ਦੇ ਜਗਨਨਾਥ ਦੇ ਰੱਥ ਨੂੰ ਨਾ ਠੱਲ੍ਹ ਸਕੇ ਅਤੇ ਅਨੇਕਾਂ ਦੁਖਾਂਤ ਟਾਲਣ ਵਿੱਚ ਅਸਫ਼ਲ ਰਹੇ। ਜੂਨ 1984 ਦੀ ਘਟਨਾ ਤੋਂ ਲੈ ਕੇ ਅੱਜ ਤਾਈਂ ਸੰਤ ਨੂੰ ਅਨੇਕਾਂ ਵਾਰ ਕਤਲ ਕੀਤਾ ਗਿਆ ਹੈ ਤਾਂ ਕਿ ਹੁਕਮਰਾਨਾਂ ਦੇ ਕਾਲ਼ੇ ਮਨਸੂਬਿਆਂ ’ਤੇ ਪਰਦਾ ਪਾਇਆ ਜਾ ਸਕੇ। ਏਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਸੱਚ ਅਜਿਹੀ ਕਮਾਲ ਰੌਸ਼ਨ ਅਵਸਥਾ ਵਿੱਚ ਉਦੈ ਚੱਲਿਆ ਆ ਰਿਹਾ ਹੈ ਕਿ ਹਰ ਘੜੀ, ਗਾਹੇ-ਬਗਾਹੇ ਏਸ ਦਾ ਨਿਰੰਤਰ ਖੰਡਨ ਕਰਨਾ ਅਤੇ ਏਸ ਨੂੰ ਚਿਰ-ਸਥਾਈ ਤੌਰ ’ਤੇ ਧੁੰਦਲਾਉਣਾ ਇੱਕ ਜ਼ਰੂਰੀ ਲੋੜ ਬਣ ਗਈ ਹੈ। ਸਰਕਾਰੀ ਪ੍ਰੌਪੇਗੰਡਾ ਮਸ਼ੀਨਰੀ ਦੁਆਰਾ ਮਨ ਨੂੰ ਚਕਰਾ ਦੇਣ ਵਾਲੇ ਵੰਨ-ਸੁਵੰਨੇ ਸ਼ੋਸ਼ੇ ਅਤੇ ਅਫ਼ਵਾਹਾਂ ਛੱਡੇ ਗਏ ਹਨ। ਅਜਿਹਾ ਸਰਾਸਰ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਸੱਚ ਬੇਪਛਾਣ ਹੋ ਕੇ ਰਹਿ ਜਾਏ।

ਏਸ ਸਾਲ ਦਾ ਸ਼ੋਸ਼ਾ ਬੜਾ ਚਾਤਰਤਾਪੂਰਣ ਹੈ ਅਤੇ ਅਧਿਕਾਰਤ ਤੌਰ ’ਤੇ ਪਹਿਲੀ ਵਾਰ ਬਿਆਨ ਕੀਤਾ ਜਾ ਰਿਹਾ ਹੈ। ਮੀਡੀਆ ਅਤੇ ਜਨਤਾ ਵੱਲੋਂ ਬਿਨਾਂ ਪੜਚੋਲ ਗਲ਼ ਲਾਉਣ ਲਈ, ਜਿਵੇਂ ਕਿ ਇਹ ਹੁਣ ਤਾਈਂ ਏਸ ਵਿਸ਼ੇ ਸਬੰਧੀ ਸਰਕਾਰੀ ਭੰਡੀ-ਪ੍ਰਚਾਰ ਨੂੰ ਸਵਿਕਾਰ ਕਰਦੇ ਆਏ ਹਨ, ਕੌਂਗਰਸ ਦੇ ਇਤਿਹਾਸ ਦੀ ਪੰਜਵੀਂ ਜਿਲਦ ਲਿਆਂਦੀ ਜਾ ਰਹੀ ਹੈ। ਪਰ ਅਜਿਹੇ ਉਚਿਤ ਕਾਰਣ ਅਤੇ ਤੱਥ ਮੌਜੂਦ ਹਨ ਜਿਹੜੇ ਏਸ ਪ੍ਰਸਤਾਵਤ ਥਿਊਰੀ ¬¬ਨੂੰ ਝੁਠਲਾਉਂਦੇ ਹਨ ਅਤੇ ਇਹਨਾਂ ਨੂੰ ਜਨਤਾ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੈ ਤਾਂ ਕਿ ਲੋਕ ਫ਼ੈਲਾਈ ਜਾਣ ਵਾਲੀ ਪ੍ਰਸਤਾਵਤ ਅਫ਼ਵਾਹ ਦਾ ਸ਼ਿਕਾਰ ਹੋਏ ਬਿਨਾਂ ਆਪਣੀ ਰਾਇ ਬਣਾ ਸਕਣ। ਛਪਣ ਮੀਡੀਆ (ਇੰਡੀਅਨ ਐਕਸਪ੍ਰੈਸ, ਮਈ 8, 2011) ਨੇ ਕੌਂਗਰਸ ਪਾਰਟੀ ਦੇ ਇਤਿਹਾਸ ਦੀ ਪੰਜਵੀਂ ਜਿਲਦ ਸਬੰਧੀ ਬਿਓਰਾ ਛਾਪਿਆ ਹੈ ਜਿਸ ਨੂੰ ਕਿ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ – ਬਿਲਕੁਲ ਸਮੇਂ ਸਿਰ ਤਾਂ ਕਿ ਜੂਨ ਵਰ੍ਹੇਗੰਢ ਸਮਾਗਮਾਂ ਵਿੱਚ 1984 ਦੇ ਦਰਬਾਰ ਸਾਹਿਬ ’ਤੇ ਹਮਲੇ ਸਬੰਧੀ ਹੋਣ ਵਾਲੀ ਵਿਚਾਰ-ਚਰਚਾ ਨੂੰ ਪ੍ਰਭਾਵਤ ਕੀਤਾ ਜਾ ਸਕੇ। ਏਸ ਦੀ ਇੱਕ ਅਗਾਊਂ ਜਿਲਦ ਇੰਡੀਅਨ ਐਕਸਪ੍ਰੈਸ ਨੂੰ ਮੁਹੱਈਆ ਕੀਤੀ ਗਈ ਹੈ। ਪੱਤਰਕਾਰ ਇਉਂ ਸਮਝਦਾ ਪ੍ਰਤੀਤ ਹੁੰਦਾ ਹੈ ਕਿ ਇਹ ਚੌਂਕਾਉਣ ਵਾਲਾ ਰਹੱਸ-ਉਦਘਾਟਨ ਕਰਦੀ ਹੈ। ਸੀਮਾ ਚਿਸਤੀ ਲਿਖਦੀ ਹੈ ਕਿ ‘ਇੱਕ ਪਾਰਟੀ ਜਿਸ ਵਿੱਚ ਕੋਈ ਵੀ ਲੀਡਰਸ਼ਿਪ ’ਤੇ ਜਨਤਕ ਰੂਪ ’ਚ ਕਿੰਤੂ ਨਹੀਂ ਕਰਦਾ, ਸਿੱਖ ਖ਼ਾੜਕੂਵਾਦ ਦੇ “ਭਸਮਾਸੁਰ” ਨੂੰ ਇੰਦਰਾ ਗਾਂਧੀ ਨਾਲ ਜੋੜਨਾ ਇੱਕ ਚੌਂਕਾ ਦੇਣ ਵਾਲਾ ਇਕਬਾਲ ਹੈ।’ ਜੇ ਇਹ ਸੱਚ-ਮੁੱਚ ਅਜਿਹਾ ਹੀ ਹੈ ਤਾਂ ਇਹ ਵਾਕਿਆ ਹੀ ਇੰਡੀਅਨ ਨੈਸ਼ਨਲ ਕੌਂਗਰਸ ਵੱਲੋਂ ਭਲੀ-ਭਾਂਤ ਸਥਾਪਤ ਅਤੇ ਸਾਵਧਾਨੀਪੂਰਵਕ ਅਖ਼ਤਿਆਰ ਕੀਤੀ ਪੱਕੀ-ਪੀਢੀ ਪ੍ਰੰਪਰਾ ਦੇ ਰਸਤੇ ਤੋਂ ਭਟਕਣ ਦੀ ਹੈਰਾਨੀਜਨਕ ਘਟਨਾ ਹੋਵੇਗੀ। ਇਹ ਪ੍ਰੰਪਰਾ ਉਦੋਂ ਵੀ ਕਾਇਮ ਰਹੀ ਜਦੋਂ ਮੋਹਨ ਦਾਸ ਕਰਮ ਚੰਦ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਨੂੰ ਇਹ ਸਪਸ਼ਟ ਕਰਨ ਲਈ ਨਾ ਸੱਦਿਆ ਗਿਆ ਕਿ ਉਹਨਾਂ ਦੇਸ਼-ਵੰਡ ਕਿਉਂ ਕਰਵਾਈ। ਏਸ ਦਾ ਦੋਸ਼ ਜਿਨਾਹ ’ਤੇ ਮੜ੍ਹ ਦਿੱਤਾ ਗਿਆ ਜਿਹੜਾ ਕਿ ਦੇਸ਼-ਵੰਡ ਦਾ ਸਭ ਤੋਂ ਘੱਟ ਹਿਮਾਇਤੀ ਸੀ। ਉਹ ਪੜਤਾਲ ਤੋਂ ਉਦੋਂ ਮੁੜ ਬਚ ਗਏ ਜਦੋਂ ਉਹ 1947 ਵਿੱਚ ਅਬਾਦੀ ਦੇ ਵਟਾਂਦਰੇ ਲਈ ਸਹਿਮਤ ਨਾ ਹੋਏ ਅਤੇ ਇੱਕ ਕਰੋੜ ਤੋਂ ਵੱਧ ਲੋਕਾਂ ਦੇ ਉਜਾੜੇ ਅਤੇ ਦਸ ਲੱਖ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੇ ਵਹਿਸ਼ੀਆਨਾ ਕਤਲਾਂ ਲਈ ਜ਼ਿੰਮੇਵਾਰ ਬਣੇ। ਘਾੜਤ ਨਾਲੋਂ ਸੱਚ ਵਧੇਰੇ ਹੈਰਾਨੀਜਨਕ ਹੁੰਦਾ ਹੈ। ਗਾਂਧੀ ਅਤੇ ਨਹਿਰੂ, ਜਿਨ੍ਹਾਂ ਨੇ ਸਿੱਖਾਂ ਅਤੇ ਦਲਿਤਾਂ ਨੂੰ ਗ਼ੁਲਾਮੀ ਵਾਲੀ ਸਥਿਤੀ ਦੇ ਸਪੁਰਦ ਕਰ ਕੇ ਇਹਨਾਂ ਉੱਤੇ ਬੇਹੱਦ ਤਸ਼ੱਦਦ ਢਾਹਿਆ ਅਤੇ ਇਸ ਦੇ ਨਾਲ ਹੀ ਹਿੰਦੁਸਤਾਨ ਨੂੰ ਕਸ਼ਮੀਰ ਦਾ ਸਦਾ ਰਿਸਦਾ ਰਹਿਣ ਵਾਲਾ ਨਾਸੂਰ ਤੋਹਫ਼ੇ ਵਜੋਂ ਦਿੱਤਾ, ਨੂੰ ਉਹਨਾਂ ਦੇ ਗੁਨਾਹਾਂ ਦੀ ਜਵਾਬਤਲਬੀ ਲਈ ਕਦੇ ਇਤਿਹਾਸ ਦੇ ਕਟਹਿਰੇ ਵਿੱਚ ਖੜ੍ਹੇ ਨਹੀਂ ਕੀਤਾ ਜਾਂਦਾ ਸਗੋਂ “ਸ਼ਾਂਤੀ ਦੇ ਦੂਤਾਂ” ਵਜੋਂ ਪੂਜਿਆ ਜਾਂਦਾ ਹੈ। ਉਹਨਾਂ ਦੀਆਂ ਸੂਰਤਾਂ ਗਣਰਾਜ ਦੀ ਮੁਦਰਾ ’ਤੇ ਵੇਖੀਆਂ ਜਾ ਸਕਦੀਆਂ ਹਨ।

ਇੱਕ ਸੋਝੀ ਅਨੁਸਾਰ ਇੰਦਰਾ ਗਾਂਧੀ ਹਿੰਦੁਸਤਾਨੀ ਸਿਆਸਤ ਦੀ ਭਸਮਾਸੁਰ ਸੀ ਅਤੇ ਓਸ ਦੇ ਉਭਾਰ ਤੋਂ ਤੁਰੰਤ ਮਗਰੋਂ ਹੀ ਲਾਲ ਬਹਾਦਰ ਸ਼ਾਸਤਰੀ ਦੀ ਰੂਸ ਵਿੱਚ ਨਿਹਾਇਤ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਦਰਬਾਰ ਸਾਹਿਬ ’ਤੇ ਹਮਲੇ ਦੇ ਮੌਕੇ ਚਰਚਾ ਸੀ ਕਿ ਹਿੰਦੁਸਤਾਨ ਵਿੱਚ ਰੂਸੀ ਟੋਲੀਆਂ ਮੌਜੂਦ ਸਨ ਤੇ ਪਿੱਛੇ ਰਹਿ ਕੇ ਮਦਦ ਅਤੇ ਮਸ਼ਵਰਾ ਪ੍ਰਦਾਨ ਕਰ ਰਹੀਆਂ ਸਨ।

ਆਪਣੇ ਅਧਿਕਾਰਤ ਇਤਿਹਾਸ ਦੇ ਇਸ ਹਿੱਸੇ ਵਿੱਚ, ਕੌਂਗਰਸ ਪਾਰਟੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਉਭਾਰ ਲਈ ਜ਼ਾਹਰਾ ਤੌਰ ’ਤੇ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਸਿਰ ਦੋਸ਼ ਮੜ੍ਹ ਰਹੀ ਹੈ। ਸਧਾਰਨ ਪਾਠਕ ਨੂੰ ਇਹ ਬੜਾ ਅਜੀਬ ਲੱਗੇਗਾ ਕਿ ‘ਸਖ਼ਤ ਆਲੋਚਨਾ’ ਸਾਂਭੀ ਬੈਠੀ ਏਸ ਪੁਸਤਕ ਨੂੰ ਪਰਿਵਾਰ ਦੇ ਉੱਘੇ ਵਫ਼ਾਦਾਰ, ਮੌਜੂਦਾ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਉਦਯੋਗ ਮੰਤਰੀ ਅਨੰਦ ਸ਼ਰਮਾ ਨੇ ਸੰਪਾਦਤ ਕੀਤਾ ਹੈ। ਭਵਿੱਖ ਦੇ ਬਹਿਸ-ਮੁਬਾਹਸੇ ਨੂੰ ਸਦਾ ਵਾਸਤੇ ਇਹਨਾਂ ਘੱਟ ਤੋਂ ਘੱਟ ਹਾਨੀਕਾਰਕ ਲੀਹਾਂ ਉੱਤੇ ਤੋਰਨ ਲਈ ਅਜਿਹਾ ਸੋਚ-ਵਿਚਾਰ ਕੇ ਕੀਤਾ ਗਿਆ ਹੈ। ਲੋਕ-ਮਾਨਸਿਕਤਾ ਨੂੰ ਕਾਬੂ ਕਰਨ ਅਤੇ ਧੁੰਦਲਾਉਣ ਦੀਆਂ ਅਜਿਹੀਆਂ ਕੁਚਾਲਾਂ ਤੋਂ ਇਤਿਹਾਸ ਨਾਵਾਕਫ਼ ਨਹੀਂ ਹੈ। ਪੁਸਤਕ ਅਜੇ ਜਾਰੀ ਨਹੀਂ ਹੋਈ। ਏਸ ਦੀਆਂ ਅਗਾਊਂ ਕਾਪੀਆਂ ਕੁਝ ਪੱਤਰਕਾਰਾਂ, ਜਿਨ੍ਹਾਂ ਬਾਰੇ ਜ਼ਿਆਦਾ ਸੰਭਾਵਨਾ ਹੈ ਕਿ ੳੇੁਹ ਏਸ ਵਿਸ਼ੇ ਸਬੰਧੀ ਸਰਕਾਰੀ ਲੀਹ ਉੱਤੇ ਚੱਲਣਗੇ ਜਾਂ ਜਿਨ੍ਹਾਂ ਨੂੰ ਅਜਿਹਾ ਕਰਨ ਲਈ ਚੋਖੇ ਸਿੱਧੜ ਸਮਝਿਆ ਜਾਂਦਾ ਹੈ, ਨੂੰ ਮੁਹੱਈਆ ਕੀਤੀਆਂ ਗਈਆਂ ਹਨ। ਅਜਿਹੇ ਪੂਰਵ-ਵਿਚਾਰ ਦਾ ਗੁਰੂ-ਦਰਬਾਰ ’ਤੇ ਹਥਿਆਰਬੰਦ ਫ਼ੌਜਾਂ ਦੇ ਹਮਲੇ ਦੀ ਜੂਨ ਵਿਚਲੀ ਵਰ੍ਹੇਗੰਢ ਤੋਂ ਐਨ ਪਹਿਲਾਂ ਸਾਹਮਣੇ ਆਉਣਾ ਹਮਲੇ ਸਬੰਧੀ ਬਹਿਸ-ਮੁਬਾਹਸੇ, ਜਿਨ੍ਹਾਂ ਦਾ ਹੋਣਾ ਅਟੱਲ ਹੈ, ਨੂੰ ਪ੍ਰਭਾਵਤ ਕਰਨ ਲਈ ਗਿਣ-ਮਿਥ ਕੇ ਪੁੱਟਿਆ ਗਿਆ ਕਦਮ ਹੈ।
ਇਹ ਥਿਊਰੀ ਕਦਾਚਿਤ ਨਵੀਂ ਨਹੀਂ ਹੈ। ਪਹਿਲਾਂ-ਪਹਿਲ ਇਹ ਦੋਸ਼ ਕੌਂਗਰਸ (ਆਈ) ਦੀ ਮਿਲੀਭੁਗਤ ਨਾਲ ਹੋਰਨਾਂ ਵੱਲੋਂ ਇਲਜ਼ਾਮ ਦੇ ਰੂਪ ’ਚ ਮੜ੍ਹਿਆ ਜਾਂਦਾ ਸੀ। ਹੁਣ ਇਹ ਥਿਊਰੀ ਆਲੋਚਨਾਤਮਕ ਸਵੈ-ਪੜਚੋਲ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ ਅਤੇ ਏਸ ਨੂੰ ਉਦੋਂ ਤੋਂ ਹਜ਼ਾਰਾਂ ਨਿਰਦੋਸ਼ ਔਰਤਾਂ, ਬੱਚਿਆਂ, ਗੁਰਦੁਆਰਾ ਕਰਮਚਾਰੀਆਂ ਦੇ ਕੀਤੇ ਗਏ ਕਤਲਾਂ ਦੇ ਸਪਸ਼ਟੀਕਰਨ ਵਜੋਂ ਪ੍ਰਚਾਰਿਆ ਜਾਵੇਗਾ। ਇਹ ਗੁਰੂ-ਦਰਬਾਰ ਉੱਤੇ ਫ਼ੌਜੀ ਹਮਲੇ, ਅਕਾਲ ਤਖ਼ਤ ਦੀ ਤਬਾਹੀ ਅਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਾੜਨ ਨੂੰ ਵਾਜਬ ਠਹਿਰਾਉਣ ਲਈ ਵੀ ਕੰਮ ਆਵੇਗੀ। ਇਹ ਵਿਚਾਰਹੀਣ ਲੇਖਕਾਂ ਅਤੇ ਮੂੜ੍ਹ ਪੱਤਰਕਾਰਾਂ ਨੂੰ ਜਚਾਈ ਜਾ ਰਹੀ ਹੈ। ਦੂਸਰੇ ਅਧਿਆਇ “ਇੰਦਰਾ ਗਾਂਧੀ: ਇੱਕ ਰੀਵਿਊ” ਦਾ ਲੇਖਕ, ਇੰਦਰ ਮਲਹੋਤਰਾ, ਏਸ ਫ਼ਰਜ਼ੀ ਧਾਰਨਾ ਪ੍ਰਤੀ ਆਕਰਸ਼ਿਤ ਰਹੇ ਪੁਰਾਣੇ ਪੱਤਰਕਾਰਾਂ ਵਿੱਚੋਂ ਇੱਕ ਹੈ। ਕਿ ਸੰਤ ਜਰਨੈਲ ਸਿੰਘ ਨੂੰ ਜ਼ੈਲ ਸਿੰਘ ਅਤੇ ਸੰਜੇ ਗਾਂਧੀ ਨੇ ਉਭਾਰਿਆ ਸੀ, ਇੱਕ ਘਸਿਆ-ਪਿਟਿਆ ਟੋਪ ਹੈ ਜਿਸ ਉੱਤੋਂ ਨਵੇਂ ਮੌਕੇ ਲਈ ਮਿੱਟੀ-ਘੱਟਾ ਝਾੜਿਆ ਜਾ ਰਿਹਾ ਹੈ।

ਸੰਤ ਜਰਨੈਲ ਸਿੰਘ ਦਾ ‘ਅਕਾਲੀ ਲੀਡਰਸ਼ਿਪ ਦੇ ਵਿਰੋਧੀ ਵਜੋਂ ਸਥਾਪਤ ਕਰਨ ਦੀ ਦ੍ਰਿਸ਼ਟੀ ਨਾਲ’ ਚੁਣੇ ਗਏ ਇੱਕ ‘ਮੁਕਾਬਲਤਨ ਅਗਿਆਤ, ਅੱਲ੍ਹੜ ਅਤੇ ਮੂਲਵਾਦੀ ਸਧਾਰਨ ਪ੍ਰਚਾਰਕ’ ਵਜੋਂ ਚਿਤਰਨ ਬੇਥਵੀਆਂ, ਗ਼ਲਤ-ਬਿਆਨੀਆਂ, ਤਰਕਹੀਣ ਦਾਅਵਿਆਂ ਅਤੇ ਯਕੀਨਨ ਝੂਠਾਂ ਦੀ ਰਲੀ-ਮਿਲੀ ਪੰਡ ਹੈ। ਅਜਿਹੇ ਮੁਲਾਂਕਣ ਕੇਵਲ ਇਹੀ ਸਿੱਧ ਕਰਦੇ ਹਨ ਕਿ ਇੰਦਰ ਮਲਹੋਤਰਾ ਕੌਂਗਰਸ ਵੱਲੋਂ ਚਤੁਰਾਈ ਨਾਲ ਵਿਛਾਏ ਜਾਲ ਵਿੱਚ ਸਵੈ-ਇੱਛਾ ਨਾਲ ਫਸਿਆ ਹੈ। ਸੰਤ ਇੱਕ ਪ੍ਰਭਾਵਸ਼ਾਲੀ ਇਕੱਠ ਵਿੱਚ, ਜਿੱਥੇ ਕਿ ਓਸ ਸਮੇਂ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਸ਼ਾਮਲ ਸੀ, ਆਪਣੇ ਪੂਰਵ-ਅਧਿਕਾਰੀ ਦਾ ਬਾਕਾਇਦਾ ਜਾਨਸ਼ੀਨ ਬਣਿਆ। ਦੋ ਸਿਆਸਤਦਾਨਾਂ ਵੱਲੋਂ ‘ਚੁਣੇ ਗਏ’ ਦਾ ਤਾਂ ਏਨਾਂ ਜਵਾਬ ਹੀ ਕਾਫ਼ੀ ਹੈ। ਕਿ ਸੰਤ ਨੂੰ ਅਕਾਲੀਆਂ ਨੂੰ ਪਸ਼ੇਮਾਨ ਕਰਨ ਲਈ ਉਭਾਰਿਆ ਗਿਆ ਤਾਂ ਕਿ ਉਹਨਾਂ ਨੂੰ ਸਹਿਜੇ ਹੀ ਤਬਾਹੀ ਦੇ ਸਪੁਰਦ ਕੀਤਾ ਜਾ ਸਕੇ, ਵੀ ਮਘੋਰਿਆਂ ਵਾਲਾ ਗਪੌੜ ਹੈ। ਅਕਾਲੀ ਦਲ਼ ਓਦੋਂ ਇੱਕ ਉਤਰਾਵਾਂ-ਚੜ੍ਹਾਵਾਂ ਵਾਲੀ ਬਹੁਤ ਵਧੀਆ ਸਥਾਪਤ ਰਾਜਸੀ ਜਥੇਬੰਦੀ ਸੀ। ਓਦੋਂ ਤੱਕ ਇਹ ਪੰਜਾਬ ਵਿੱਚ ਤਿੰਨ ਵਾਰ ਸਰਕਾਰ ਬਣਾ ਚੁੱਕਾ ਸੀ। ਇਹ ਕਦੇ ਵਿਚਾਰਿਆ ਹੀ ਨਹੀਂ ਗਿਆ ਕਿ ਸੰਤ ਸਿਆਸਤ ਵਿੱਚ ਆਉਣ ਦੀ ਭੋਰਾ ਵੀ ਰੁਚੀ ਤੋਂ ਬਿਨਾਂ ਪ੍ਰਸਿੱਧ ਧਾਰਮਕ ਸੰਸਥਾਵਾਂ ਵਿੱਚੋਂ ਇੱਕ ਦਾ ਨਵਾਂ ਮੁਖੀ ਸੀ। ਓਸ ਕੋਲ ਕੋਈ ਸਿਆਸੀ ਪਾਰਟੀ ਨਹੀਂ ਸੀ ਜੋ ਉਸ ਦੀ ਪਿੱਠ ਪੂਰੇ ਤੇ ਨਾ ਹੀ ਓਸ ਨੇ ਆਪਣੇ ਸੰਖੇਪ ਉੱਜਲ ਜਨਤਕ ਜੀਵਨ ਦੌਰਾਨ ਕੋਈ ਪਾਰਟੀ ਖੜ੍ਹੀ ਕੀਤੀ। ਸੰਤ ਕੋਈ ‘ਸਧਾਰਨ ਪ੍ਰਚਾਰਕ’ ਵੀ ਨਹੀਂ ਸੀ। ਓਸ ਨੂੰ ਜੀਵਨ ਦਾ ਬਹੁਤਾ ਹਿੱਸਾ ਟਕਸਾਲ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ ਅਤੇ ਓਦੋਂ ਓਸ ਦੀ ਉਮਰ ਤੀਹ ਸਾਲ ਸੀ। ਓਸ ਨੇ ਆਪਣੇ ਖ਼ੇਤਰ ਵਿੱਚ ਏਨੇਂ ਸਾਲ ਸਿੱਖਿਆ ਪ੍ਰਾਪਤ ਕੀਤੀ ਸੀ ਜਿੰਨੇ ਕਿ ਜ਼ੈਲ ਸਿੰਘ, ਸੰਜੇ ਗਾਂਧੀ ਅਤੇ ਇੰਦਰਾ ਗਾਂਧੀ ਤਿੰਨਾਂ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਬਿਤਾਏ ਸਾਲਾਂ ਦਾ ਜੋੜ ਕੀਤਿਆਂ ਵੀ ਨਹੀਂ ਬਣਦੇ।

ਓਸ ਨੂੰ ਮੂਲਵਾਦੀ ਵਜੋਂ ਸੰਬੋਧਨ ਕਰਨਾ ਅਤੇ ਏਸ ਸ਼ਬਦਾਵਲੀ ਨੂੰ ਸਾਮੀ, ਮੁੱਖ ਰੂਪ ’ਚ ਇਸਾਈ, ਭਾਵ ਵਾਲੇ ਅਰਥਾਂ ਵਿੱਚ ਵਰਤਣਾ ਵੀ ਗੁੰਮਰਾਹਕੁੰਨ ਹੈ। ਏਸ ਸ਼ਬਦ ਦਾ, ਸਿੱਖੀ ਦੇ ਪ੍ਰਸੰਗ ਵਿੱਚ, ਅਜਿਹਾ ਕੋਈ ਭਾਵਾਰਥ ਨਹੀਂ ਬਣਦਾ ਜਿਹੋ ਜਿਹਾ ਕਿ ਇਹ ਆਪਣੇ ਮੂਲ-ਸ੍ਰੋਤ-ਧਰਮ ਵਿੱਚੋਂ ਪਰਗਟ ਕਰਦਾ ਹੈ। ਸਿੱਖੀ ਦਾ ਅਜਿਹਾ ਕੋਈ ਪੈਂਤੜਾ ਨਹੀਂ ਜੋ ਮਨੁੱਖੀ ਅਧਿਕਾਰਾਂ, ਵਿਗਿਆਨਕ ਤਹਿਕੀਕਾਤ, ਉਦਾਰਵਾਦ, ਅਨੇਕਤਾਵਾਦੀ ਸਿਧਾਂਤ ਜਾਂ ਵਿਅਕਤੀਵਾਦ ਨਾਲ ਭਿੜਦਾ ਹੋਵੇ। ਨਾ ਹੀ ਸਿੱਖੀ ਦਾ ਤਰਕਵਾਦੀ ਸੋਚ ਜਾਂ ਤਰੱਕੀ ਕਰਨ ਦੀ ਮਨੁੱਖੀ ਪ੍ਰਵਿਰਤੀ, ਨਵੀਨਤਾ ਅਤੇ ਤਰੱਕੀ ਦੀਆਂ ਲੋੜਾਂ ਅਨੁਕੂਲ ਢਲਣ ਨਾਲ ਕੋਈ ਟਕਰਾਉ ਹੈ। ਸਿੱਖੀ ਵਿੱਚ ਮੂਲਵਾਦ ਦਾ ਭਾਵਾਰਥ ਹੈ ਵਿਸ਼ਵ-ਵਿਆਪੀ ਕਦਰਾਂ-ਕੀਮਤਾਂ ਪ੍ਰਤੀ ਮੁਕੰਮਲ ਵਚਨਬੱਧਤਾ। ਅਜਿਹਾ ‘ਮੂਲਵਾਦ’ ਤਾਂ ਕਿਸੇ ਹੋਰ ਮਨੁੱਖ ਨਾਲ ਵੀ ਝਗੜੇ ਨੂੰ ਉਤਸ਼ਾਹਤ ਨਹੀਂ ਕਰਦਾ, ਕਿਸੇ ਸਮਾਜ ਜਾਂ ਕੌਮ ਨਾਲ ਤਾਂ ਕਿਤੇ ਰਿਹਾ। “ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” ਸਿੱਖੀ ਦਾ ਬੁਨਿਆਦੀ ਧਰਮ-ਸਿਧਾਂਤਕ ਪੈਂਤੜਾ ਹੈ।

ਉਹਨਾਂ ਸਮਿਆਂ ਦਾ ਸਭ ਤੋਂ ਪ੍ਰਬਲ ਵਰਤਾਰਾ ਸੀ ਕਿ ਸਿੱਖ ਮਸਲਿਆਂ ਨੂੰ ਮੁਖਾਤਬ ਹੋਣ ਤੋਂ ਮੁਨਕਰ ਹੋ ਜਾਣ ਕਾਰਣ ਅਕਾਲੀ ਦਲ ਸਬੰਧੀ ਲੋਕਾਂ ਦੇ ਭਰਮ ਟੁੱਟਣ ਵਿੱਚ ਵਾਧਾ ਹੋ ਰਿਹਾ ਸੀ ਅਤੇ ਪਾਰਟੀ ਦੀ ਅੰਦਰੂਨੀ ਸ਼ਕਤੀ ਨੂੰ ਖੋਰਾ ਲੱਗ ਰਿਹਾ ਸੀ। ਸਿਰਦਾਰ ਕਪੂਰ ਸਿੰਘ ਵਰਗੇ ਨੀਤੀਵੇਤਾ ਬੇਹੱਦ ਸਮਾਂ ਅਤੇ ਜ਼ੋਰ ਸਿੱਖ ਸਿਆਸਤ ਨੂੰ ਨਵੀਂ ਸੇਧ ਦੇਣ ਲਈ ਖਰਚ ਕਰ ਰਹੇ ਸਨ। ਨੌਜਵਾਨ ਅਕਾਲੀਆਂ ਤੋਂ ਉਚਾਟ ਹੋ ਗਏ ਸਨ ਅਤੇ ਆਪਣੇ-ਆਪ ਨੂੰ ਮੁੜ ਜਥੇਬੰਦ ਕਰ ਰਹੇ ਸਨ। ਬਦਲਵੀਂ ਲੀਡਰਸ਼ਿਪ ਉਭਾਰਨ ਦੀਆਂ ਕੋਸ਼ਿਸ਼ਾਂ ਸੁਣਨ ਵਿੱਚ ਆ ਰਹੀਆਂ ਸਨ ਤੇ ਵਧ ਰਹੀਆਂ ਸਨ। ਤਦੋਂ ਇਹ ਜਾਪਣ ਲੱਗਾ ਕਿ ਸੰਤ ਜਰਨੈਲ ਸਿੰਘ ਭਵਿੱਖ ਦਾ ਮਹੱਤਵਪੂਰਨ ਆਗੂ ਹੋਵੇਗਾ। ਅਜਿਹੇ ਹਾਲਾਤ ਦਰਮਿਆਨ ਅਕਾਲੀਆਂ ਅਤੇ ਕੌਂਗਰਸ ਨੇ ਸਿੱਖਾਂ ਵਿੱਚ ਸੁਭਾਵਕ ਉੱਭਰ ਰਹੀ ਨਵੀਂ ਲੀਡਰਸ਼ਿਪ ਨੂੰ ਤਬਾਹ ਕਰਨ ਲਈ ਸਾਜ਼ਿਸ਼ ਕੀਤੀ। ਇੰਦਰਾ ਗਾਂਧੀ ਦੇ ਸਕੱਤਰੇਤ ਨਾਲ ਅਕਾਲੀਆਂ ਦੀ ਖ਼ਤੋ-ਖ਼ਤਾਬਤ ਵਿੱਚੋਂ ਕੁਝ ਏਸ ਹਕੀਕਤ ਦਾ ਜ਼ੋਰਦਾਰ ਸਬੂਤ ਹਨ ਕਿ ਇਹਨਾਂ ਨੇ ਇਕਬਾਲ ਦੀ ਸ਼ੈਲੀ ’ਚ ‘ਸਿੱਖ ਗ਼ੁਲਿਸਤਾਨ ਨੂੰ ਨੇਸਤੋ ਨਾਬੂਦ ਕਰਨ ਲਈ ਤੂਫ਼ਾਨ ਅਤੇ ਬਿਜਲੀ’ ਨੂੰ ਆਪ ਸੱਦਾ ਦਿੱਤਾ।

ਕੌਂਗਰਸ (ਆਈ) ਦੀ ਕਾਰਸਤਾਨੀ ਦੇ ਸਿੱਟੇ ਵਜੋਂ ਅਕਾਲੀ ਕਿਉਂ ਤਬਾਹ ਨਾ ਹੋਏ, ਦਾ ਏਹੋ ਕਾਰਣ ਹੈ। ਸਭ ਤੋਂ ਪ੍ਰਮੁੱਖ ਅਕਾਲੀ ਪਰਕਾਸ਼ ਸਿੰਘ ਬਾਦਲ ਸੀ ਜਿਹੜਾ ਕਿ 1984 ਤੋਂ ਪਹਿਲਾਂ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਜਾ ਚੁੱਕਾ ਸੀ ਪਰ ਕੇਵਲ ਛਿਆਲੀ (46) ਮਹੀਨੇ ਦੇ ਲਗਭਗ ਹੀ ਅਹੁਦੇ ’ਤੇ ਰਿਹਾ। 1984 ਤੋਂ ਬਾਅਦ ਉਹ ਮੁੜ ਦੋ ਵਾਰ ਮੁੱਖ ਮੰਤਰੀ ਚੁਣਿਆ ਗਿਆ ਹੈ ਅਤੇ ਉਸ ਵੱਲੋਂ 120 ਮਹੀਨੇ ਦੀ ਮੁਕੰਮਲ ਮਿਆਦ ਪੂਰੀ ਕਰਨੀ ਤੈਅ ਹੈ। ਸਿਆਸਤ ਲਈ ਉਪਲਬਧ ਉਸ ਦੇ ਸਾਰੇ ਪਰਿਵਾਰਕ ਮੈਂਬਰ ਕਬੀਨਾ ਮੰਤਰੀ ਰਹੇ ਹਨ ਅਤੇ ਉਸ ਦਾ ਪੁੱਤਰ ਅੱਜ-ਕੱਲ੍ਹ ਉਪ ਮੁੱਖ ਮੰਤਰੀ ਹੈ, ਜ਼ਾਹਰ ਰੂਪ ’ਚ ਉਸ ਦਾ ਉੱਤਰਾਧਿਕਾਰੀ ਵੀ। ਅਗਲਾ ਅਤਿਅੰਤ ਮਹੱਤਵਪੂਰਨ ਲੀਡਰ ਗੁਰਚਰਨ ਸਿੰਘ ਟੌਹੜਾ ਸੀ ਜਿਹੜਾ 1984 ਤੋਂ ਮਗਰੋਂ ਚੌਦਾਂ (14) ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ, ਜਦੋਂ ਤੱਕ ਕਿ ਮੌਤ ਨੇ ਉਸ ਨੂੰ ਉਸ ਦੀ ਮਹਿਬੂਬ ਕੁਰਸੀ ਤੋਂ ਜੁਦਾ ਨਾ ਕਰ ਦਿੱਤਾ। ਏਸ ਪ੍ਰਸੰਗ ਵਿੱਚ ਤੀਸਰਾ ਵਿਅਕਤੀ ਸੁਰਜੀਤ ਸਿੰਘ ਬਰਨਾਲਾ ਹੈ ਜਿਹੜਾ ਕਿ 1984 ਤੋਂ ਪਹਿਲਾਂ ਛੋਟੇ ਸਮਾਂ-ਖੰਡਾਂ ਲਈ ਮੰਤਰੀ ਰਿਹਾ ਹੈ। ਮਗਰੋਂ ਉਹ ਕਰੀਬ ਉੱਨੀਂ (19) ਮਹੀਨਿਆਂ ਲਈ ਮੁੱਖ ਮੰਤਰੀ ਬਣਿਆ। ਉਹ ਚੌਦਾਂ ਸਾਲ ਤੋਂ ਗਵਰਨਰੀ ਅਹੁਦੇ ’ਤੇ ਹੈ ਤੇ ਅੱਜ-ਕੱਲ੍ਹ ਤਾਮਿਲਨਾਡੂ ਰਾਜ ਭਵਨ ਵਿੱਚ ਬਿਰਾਜਮਾਨ ਹੈ। ਇਵੇਂ ਹੀ ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ ਅਤੇ ਕੰਵਲਜੀਤ ਸਿੰਘ ਵਰਗਿਆਂ ਨੇ ਤਰੱਕੀ ਕੀਤੀ। ਹੁਣ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਵੀ ਅਕਾਲੀ ਦਲ ਦੀ ਦਰਜਾਬੰਦੀ ਵਿੱਚ ਏਨੇਂ ਹੀ ਮਹੱਤਵਪੂਰਨ ਰੁਤਬੇ ਮੱਲੇ ਹੋਏ ਹਨ ਅਤੇ ਇਹਨਾਂ ਹੱਥ ਭਵਿੱਖ ਦੀ ਵਾਗਡੋਰ ਸੌਂਪੇ ਜਾਣ ਦੇ ਸੰਕੇਤ ਹਨ। ਇਤਫ਼ਾਕ ਨਾਲ, ਸਾਰੇ ਅਕਾਲੀਆਂ ਦੀ ਮਾਲੀ ਹੈਸੀਅਤ ਵਿੱਚ ਹੈਰਾਨੀਜਨਕ ਹੱਦ ਤੱਕ ਵਾਧਾ ਹੋਇਆ ਹੈ।ਜਿਹੜੇ ਕੇਵਲ ਦੋ ਅਕਾਲੀ ਏਸ ਗੱਫ਼ੇ ਦਾ ਲਾਹਾ ਨਾ ਲੈ ਸਕੇ ਉਹ ਹਨ ਸੰਤ ਹਰਚੰਦ ਸਿੰਘ ਲੌਂਗੋਵਾਲ, ਭਾਵੇਂ ਕਿ ਮਹਿਮਾ ਓਸ ਦੀ ਵੀ ਬਹੁਤ ਗਾਈ ਜਾਂਦੀ ਰਹੀ, ਅਤੇ ਬਲਵੰਤ ਸਿੰਘ ਜਿਹੜਾ ਕਿ ਨਜ਼ਰਅੰਦਾਜ਼ ਕੀਤੇ ਜਾਣ ਦੇ ਯੋਗ ਸੀ ਅਤੇ ਕੀਤਾ ਗਿਆ। ਇਹ ਦੋਵੇਂ ਕਰੀਬ ਚੌਥਾਈ ਸਦੀ ਪਹਿਲਾਂ ਮਾਰ ਦਿੱਤੇ ਗਏ। ਲੌਂਗੋਵਾਲ ਦੀ ਸਰਕਾਰੀ ਖਰਚੇ ’ਤੇ ਯਾਦਗਾਰ ਉਸਾਰੀ ਗਈ। ਇਹ ਪ੍ਰਤੱਖ ਹੈ ਕਿ ਅਕਾਲੀਆਂ ਨੂੰ ਤਬਾਹ ਨਹੀਂ ਸੀ ਕੀਤਾ ਗਿਆ। ਅਸਲ ਵਿੱਚ ਕੌਂਗਰਸ (ਆਈ) ਨੇ ਇਹਨਾਂ ਨੂੰ ਭੀਮਕਾਯ ਦਿੱਖ ਵਿੱਚ ਉਸਾਰਿਆ (ਭਾਵੇਂ ਮਿੱਟੀ ਦੇ ਪੈਰਾਂ ਉੱਤੇ ਹੀ)।

ਜੇ ਇਹ ਤਬਾਹੀ ਹੈ ਤਾਂ ਫ਼ਿਰ ਪੁਨਰ-ਜਵਾਨ ਹੋਣਾ, ਪੁਨਰ-ਸ਼ਕਤੀਸ਼ਾਲੀ ਹੋਣਾ ਅਤੇ ਸਦੀਵੀ ਜੀਵਨ-ਦਾਨ ਮਿਲਣਾ ਕੀ ਹੁੰਦਾ ਹੈ?
ਜੇ ਇੰਦਰਾ ਗਾਂਧੀ ਦਾ ਨਿਸ਼ਾਨਾ ਕੇਵਲ ਅਕਾਲੀਆਂ ਨੂੰ ਤਬਾਹ ਕਰਨਾ ਹੀ ਹੁੰਦਾ ਤਾਂ ਓਸ ਨੇ ਘੱਟੋ ਘੱਟ 1980 ਤੋਂ 1984 ਦੇ ਸਮੇਂ ਦੌਰਾਨ ਦੂਸਰਿਆਂ ਨੂੰ ਇਹਨਾਂ ਦੇ ਬਰਾਬਰ ਰੱਖਣਾ ਸੀ। ਜੇ ਸੰਤ ਨੂੰ ਅਕਾਲੀਆਂ ਦੇ ਵਿਰੋਧੀ ਵਜੋਂ ਪ੍ਰਫ਼ੁੱਲਤ ਕਰਨਾ ਹੁੰਦਾ ਤਾਂ ਅਕਾਲੀ ਦਲ ਨਾਲ ਹੋਈਆਂ ਅਨੇਕਾਂ ਵਾਰਤਾਵਾਂ ਵਿੱਚ ਓਸ ਦਾ ਨੁਮਾਇੰਦਾ ਵੀ ਲਿਆ ਜਾਂਦਾ। ਓਸ ਨੂੰ ਸੁਚੇਤ ਰੂਪ ’ਚ ਏਸ ਪ੍ਰਕਿਰਿਆ ਤੋਂ ਲਾਂਭੇ ਰੱਖਿਆ ਗਿਆ। ਇਹ ਵੀ ਜਾਣਿਆ-ਪਛਾਣਿਆ ਤੱਥ ਹੈ ਕਿ ਸੰਤ ਨੂੰ ਸਿਆਸਤ ਦਾ ਬਿਲਕੁਲ ਮੱਸ ਨਹੀਂ ਸੀ ਤੇ ਓਸ ਨੇ ਆਪਣਾ ਕੋਈ ਵੱਖਰਾ ਰਾਜਸੀ ਏਜੰਡਾ ਨਹੀਂ ਸੀ ਬਣਾਇਆ। ਉਹ ਆਪਣੇ ਸਿਰਹਾਣੇ ਹੇਠ ਅਨੰਦਪੁਰ ਸਾਹਿਬ ਦੇ ਮਤੇ ਦੀ ਕਾਪੀ ਰੱਖਦਾ ਸੀ ਅਤੇ ਹਰ ਸੰਭਵ ਮੌਕੇ ’ਤੇ ਹਵਾਲਾ ਦੇਣ ਲਈ ਓਸ ਨੂੰ ਕੱਢ ਲੈਂਦਾ ਸੀ।

ਦੂਸਰੇ ਪਾਸੇ ਅਕਾਲੀ, ਮੋਹਨ ਲਾਲ ਸੁਖਾਡੀਆ, ਪਰਤਾਪ ਸਿੰਘ ਕੈਰੋਂ ਅਤੇ ਜਵਾਹਰ ਲਾਲ ਨਹਿਰੂ ਦੇ ਦੁੱਮਛੱਲੇ ਵਜੋਂ ਜਾਣੇ ਜਾਂਦੇ ਸੰਤ ਫ਼ਤਹਿ ਸਿੰਘ ਦੇ ਆਗਮਨ ਦੇ ਨਾਲ, ਹਿੰਦੁਸਤਾਨ ਦੀ ਸਿਆਸਤ ਵਿੱਚ ਸਿੱਖ ਸਿਆਸੀ ਨਜ਼ਰੀਏ ਦਾ ਪ੍ਰਗਟਾਵਾ ਕਰਨ ਦੇ ਮੂਲ ਮਕਸਦ ਤੋਂ ਥਿੜਕ ਚੁੱਕੇ ਸਨ। ਬਾਦਲ-ਬਰਨਾਲਾ-ਟੌਹੜਾ ਤਿੱਕੜੀ ਦੇ ਵਾਗਡੋਰ ਸੰਭਾਲਣ ਤੱਕ ਅਕਾਲੀ ਦਲ ਸਿੱਖ ਸਿਆਸੀ ਆਸ਼ੇ ਜਾਂ ਮਾਨਸਿਕਤਾ ਤੋਂ ਹਜ਼ਾਰਾਂ ਮੀਲ ਦੂਰ ਵਹਿ ਚੁੱਕਾ ਸੀ। ਸੰਜੇ ਗਾਂਧੀ ਅਤੇ ਜ਼ੈਲ ਸਿੰਘ ਦੇ ਸਮੇਂ ਉਹਨਾਂ ਦਾ ਭਰੋਸੇਮੰਦ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਪਹਿਲਾਂ ਹੀ ਬਲਵੰਤ ਸਿੰਘ, ਗੁਰਚਰਨ ਸਿੰਘ ਟੌਹੜਾ, ਅੱਖਰ-ਗਿਆਨ ਤੋਂ ਕੋਰੇ ਜਗਦੇਵ ਸਿੰਘ ਤਲਵੰਡੀ ਅਤੇ ਹੋਰਨਾਂ ਰਾਹੀਂ, ਜਿਨ੍ਹਾਂ ਵਿੱਚ ਸੁਰਿੰਦਰਪਾਲ ਸਿੰਘ ਮਾਨ ਵੀ ਸ਼ਾਮਲ ਸੀ, ਅਕਾਲੀਆਂ ਨੂੰ ਸਲਾਹ-ਮਸ਼ਵਰਾ ਦੇਂਦਾ ਸੀ। ਉਹ ਬੇਝਿਜਕ ਓਸ ਨੂੰ “ਗੁਰੂ ਜੀ” ਤਸਲੀਮ ਕਰਦੇ ਸਨ। ਉਹ ਅਕਾਲੀ ਦਲ ਦੀ ਇੱਕ ਕਮੇਟੀ, ਜਿਸ ਨੂੰ ਅਨੰਦਪੁਰ ਸਾਹਿਬ ਦੇ ਅਸਲ ਮਤੇ ਵਿੱਚ ਤਰਮੀਮ ਕਰਨ ਦਾ ਕਾਰਜ ਸੌਂਪਿਆ ਗਿਆ ਸੀ, ਦਾ ਪਰਦਾਨਸ਼ੀਨ ਪ੍ਰਧਾਨ ਸੀ। ਇਹ ਯਾਦ ਰੱਖਿਆ ਜਾਵੇਗਾ ਕਿ ਏਸ ਦਸਤਾਵੇਜ਼ ਨੂੰ ਇੰਦਰਾ ਗਾਂਧੀ ਅਤੇ ਓਸ ਦੇ ਪੁੱਤ ਨੇ ਅਕਾਲੀਆਂ ਖਿਲਾਫ਼ ਵੱਖਵਾਦੀ ਪ੍ਰੌਪੇਗੰਡੇ ਦੇ ਧੁਰੇ ਵਜੋਂ ਵਰਤਿਆ।

ਅਕਾਲੀਆਂ ਦੀ ਸਥਿਤੀ ਨਾਲ ਸੰਤ ਜਰਨੈਲ ਸਿੰਘ ਦੀ ਹੋਣੀ ਦੀ ਤੁਲਨਾ ਕੀਤੀ ਜਾ ਸਕਦੀ ਹੈ ਜਿਸ ਨੂੰ ਇਹਨਾਂ ਦੇ ਕਹਿਣ ਅਨੁਸਾਰ ਕੌਂਗਰਸ (ਆਈ) ਨੇ ਦਿਖਾਵੇ ਖ਼ਾਤਰ ਆਪਣੇ ਸਹਾਇਕ ਵਜੋਂ ਚੁਣਿਆ ਸੀ। ਓਸ ਨੂੰ ਓਸੇ ਅਹਾਤੇ ਅੰਦਰ ਸ਼ਹੀਦ ਕੀਤਾ ਗਿਆ ਸੀ ਜਿੱਥੋਂ ਅਨੇਕਾਂ ਪ੍ਰਮੁੱਖ ਅਕਾਲੀਆਂ ਨੂੰ ਬੜੀ ਸਨੇਹ ਭਰੀ ਸਾਵਧਾਨੀ ਨਾਲ ਬਾਹਰ ਕੱਢਿਆ ਗਿਆ। ਓਸ ਦੇ ਪਰਿਵਾਰ ਦੇ ਅੱਧੀ ਦਰਜਨ ਦੇ ਕਰੀਬ ਮੈਂਬਰ, ਬਹੁਤ ਸਾਰੇ ਲਫ਼ਟੈਨ ਅਤੇ ਸਾਥੀ ਵੀ ਸ਼ਹੀਦ ਹੋਏ। ਜਿਹੜੇ ਬਚ ਗਏ, ਉਹਨਾਂ ’ਚੋਂ ਕੋਈ ਵੀ ਸਿਆਸੀ ਸਫ਼ਾਂ ਵਿੱਚ ਉੱਘਾ ਨਹੀਂ ਹੈ। ਕਿਸੇ ਨੇ, ਭਾਈ ਜਸਬੀਰ ਸਿੰਘ ਤੱਕ ਨੇ, ਵੀ ਏਨੀਂ ਆਰਥਕ ਤਰੱਕੀ ਨਹੀਂ ਕੀਤੀ ਜਿੰਨੀ ਕਿ ਅਕਾਲੀ ਦਲ ਦੇ ਸੇਵਾਦਾਰਾਂ ਨੇ ਕੀਤੀ ਹੈ। ਸੰਤ ਨਾਲ ਮੇਲ-ਜੋਲ ਰੱਖਣਾ ਸਦੀ ਦੀ ਆਖ਼ਰੀ ਚੌਥਾਈ ਦੌਰਾਨ ਕਿਸੇ ਲਈ ਵੀ ਨਕਾਰੇ ਜਾਣ ਜਾਂ ਘੱਟੋ ਘੱਟ ਫ਼ੌਰੀ ਘਿਰਣਾ ਅਤੇ ਗੁੰਮਨਾਮੀ ਦੇ ਸਪੁਰਦ ਹੋਣ ਲਈ ਚੋਖਾ ਸਿੱਧ ਹੋਇਆ।

ਇਹ ਜ਼ਾਹਰ ਹੈ ਕਿ ਦਰਬਾਰ ਕੰਪਲੈਕਸ ’ਤੇ ਹਮਲੇ ਦੀ ਚਿਰੋਕਣੀ ਸਾਜ਼ਿਸ਼ ਦੇ ਕਾਰਣ ਕਿਤੇ ਹੋਰ ਢੂੰਡਣੇ ਪੈਣਗੇ। ਚੇਤਨਾ ਦੀ ਅੱਖ ਨੂੰ ਏਸ ਦੀ ਪਛਾਣ ਕਰਨ ਤੋਂ ਰੋਕਣ ਲਈ ਜ਼ੈਲ ਸਿੰਘ-ਸੰਜੇ ਕਹਾਣੀ ਦਾ ਮਾਇਆਜਾਲ ਬੁਣਿਆ ਗਿਆ ਹੈ। ਇਹ ਸੰਘਣੀ ਧੁੰਦ ਦੇ ਸਮਾਨ ਹੈ ਜੋ ਨਜ਼ਰ ਨੂੰ ਧਰਤੀ (ਅਸਲੀਅਤ) ’ਤੇ ਪਹੁੰਚਣੋਂ ਰੋਕਦੀ ਹੈ।

ਹੁਣ ਤੱਕ ਇਹ ਸੁਪ੍ਰਸਿੱਧ ਹੋ ਚੁੱਕਾ ਹੈ ਕਿ ਇੰਦਰਾ ਗਾਂਧੀ ਆਪਣੇ ਪਿਤਾ ਵਾਂਗ ਹੀ ਕਿਸੇ ਧਰਮ ਵਿੱਚ ਕਦੇ ਪਰਪੱਕ ਨਹੀਂ ਸੀ ਅਤੇ ਮਨੋਂ ਇੱਕ ਸ਼ੰਕਾਵਾਦੀ ਹੁੰਦੇ ਹੋਏ ਇੱਕ ਤੋਂ ਵੱਧ ਧਰਮਾਂ ਦਾ ਸਫ਼ਰ ਕਰ ਚੁੱਕੀ ਸੀ। ਪਰ ਅਚਾਨਕ, ਪ੍ਰਧਾਨ ਮੰਤਰੀ ਵਜੋਂ ਆਪਣੇ ਆਖ਼ਰੀ ਕਾਰਜ-ਕਾਲ ਦੇ ਆਰੰਭ ਵਿੱਚ ਉਸ ਨੇ ਇੱਕ ਵਧੀਆ ਹਿੰਦੂ ਹੋਣ ਦੇ ਲੱਛਣ ਵਿਖਾਉਣੇ ਸ਼ੁਰੂ ਕਰ ਦਿੱਤੇ। ਭਗਵੇ ਰੰਗੀਆਂ ਸਾੜ੍ਹੀਆਂ ਅਤੇ ਰੁਦਰਾਕਸ਼ ਦੀਆਂ ਮਾਲਾ ਪਹਿਨਣਾ, ਹਿੰਦੂ ਦੇਵੀ-ਦੇਵਤਿਆਂ ਦੇ ਤੀਰਥਾਂ ਦੀ ਯਾਤਰਾ, ਹਿੰਦੂ ਸੰਤਾਂ ਦੀ ਮਿਜ਼ਾਜ਼ਪੋਸ਼ੀ ਅਤੇ ਅਜਿਹਾ ਹੋਰ ਬਹੁਤ ਕੁਝ ਓਸ ਦੇ ਨਵੇਂ ਅਵਤਾਰ ਦੇ ਉੱਘੜਵੇਂ ਲੱਛਣਾਂ ਵਿੱਚੋਂ ਕੁਝ ਸਨ। ਬੜੇ ਸਪਸ਼ਟ ਕਾਰਣਾਂ ਕਰ ਕੇ ਉਸ ਨੂੰ ਇੱਕ-ਦੋ ਤੀਰਥਾਂ ਅੰਦਰ ਜਾਣ ਤੋਂ ਰੋਕਿਆ ਵੀ ਗਿਆ ਪਰ ਉਹ ਬਜ਼ਿੱਦ ਰਹੀ। ਦੇਸ਼ ਦੀ ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੁ) ਅੰਦਰ ਤੇਜ਼ੀ ਨਾਲ ਫ਼ੈਲ ਰਹੀ ਫ਼ਿਰਕੂ ਭਾਵਨਾ ਦੀ ਫ਼ਸਲ ਵੱਢਣ ਲਈ ਓਸ ਦੇ ਅਜਿਹੇ ਚੋਜ ਸਨ। ਓਸ ਨੇ ਬੁੱਝ ਲਿਆ ਸੀ ਕਿ ਭਵਿੱਖ ਵਿੱਚ ਉੱਭਰ ਰਹੇ ਰਾਜਸੀ ਦ੍ਰਿਸ਼ ਅੰਦਰ ਖ਼ਾਨਦਾਨੀ ਰਾਜ ਨੂੰ ਸਦੀਵੀ ਸਥਾਪਤ ਕਰਨ ਲਈ ਓਸ ਦਾ ਹਿੰਦੂ ਦੇਵੀ ਵਜੋਂ ਅਵਤਾਰ ਧਾਰਨਾ ਲਾਜ਼ਮੀ ਸੀ। ਉਹ ਹਿੰਦੁਸਤਾਨੀ ਕਲਪਨਾ ਦੀ ਮਹਿਸਾਸੁਰਮਰਦਿਨੀ ਵਜੋਂ ਉੱਭਰਨ ਲਈ ਆਸਵੰਦ ਸੀ। ਏਸ ਦੇ ਅਟੁੱਟ ਹਿੱਸੇ ਵਜੋਂ ਕਿਸੇ ਨੂੰ ਮਹਿਸਾਸੁਰ ਵਜੋਂ ਭੰਡਣ ਦੀ ਲੋੜ ਵੀ ਜ਼ਰੂਰੀ ਸੀ। ਉੱਤਰ-ਪੂਰਬੀ ਖ਼ੇਤਰ ਵਿੱਚ ਸਿਰਾਂ ਦਾ ਸ਼ਿਕਾਰ ਸਦੀ ਦੇ ਮੱਧ ਤੋਂ ਹੀ ਨਿੱਤ-ਕਰਮ ਵਜੋਂ ਚੱਲਿਆ ਆ ਰਿਹਾ ਸੀ। ਨੇਅਲੀ (ਅਸਾਮ) ਕਤਲੇਆਮ ਨੇ ਓਸ ਨੂੰ ਫ਼ਿਰਕਾਪ੍ਰਸਤੀ ਦੀ ਪਉੜੀ ’ਤੇ ਮਾਮੂਲੀ ਜਿਹਾ ਉਤਾਂਹ ਸਰਕਾਉਣ ਤੋਂ ਵੱਧ ਕੋਈ ਫਲ਼ ਨਹੀਂ ਸੀ ਦਿੱਤਾ। ਮੁਸਲਮਾਨਾਂ ਨੂੰ ਕਤਲ ਕਰਨਾ ਵੀ ਅਸੁਖਾਵਾਂ ਸੀ ਕਿਉਂਕਿ ਪੰਜਾਹ ਦੇ ਕਰੀਬ ਮੁਸਲਿਮ ਦੇਸ਼ ਮੌਜੂਦ ਸਨ ਜੋ ਤਿੱਖੀ ਨਿਗਾਹ ਰੱਖਦੇ ਸਨ। ਏਸ ਤੋਂ ਇਲਾਵਾ ਸਾਧਾਰਨ ਹਿੰਦੂ ਸਦੀਆਂ ਤੋਂ ਮੁਸਲਮਾਨਾਂ ਦੇ ਭਿਅੰਕਰ ਖ਼ੌਫ਼ ਹੇਠ ਜੀਵਿਆ ਹੈ ਇਸ ਲਈ ਉਹ ਸੋਚ ਵੀ ਨਹੀਂ ਸਕਦਾ ਕਿ ਹਿੰਦੁਸਤਾਨ ‘ਮੁਸਲਿਮ ਸਮੱਸਿਆ’ ਦਾ ਸਦੀਵੀ ਹੱਲ ਕੱਢਣ ਦੇ ਸਮਰੱਥ ਹੈ। ਇਹ ਹਕੀਕਤ ਕਿ ਮੁਸਲਮਾਨ ਹਿੰਦੁਸਤਾਨ ਦੀ ਆਬਾਦੀ ਦਾ ਪੰਜਵਾਂ ਹਿੱਸਾ ਸਨ ਅਤੇ ਗਿਣਤੀ ਪੱਖੋਂ ਤੇਜ਼ੀ ਨਾਲ ਵਧ ਰਹੇ ਸਨ, ਵੀ ਧਿਆਨ ’ਚ ਰੱਖਣੀ ਪੈਣੀ ਸੀ। ਉਹ ਦਿਨ ਦੂਰ ਨਹੀਂ ਜਦੋਂ ਮੁੜ ਗਿਣਤੀ ਨੂੰ ਨਜ਼ਰਅੰਦਾਜ਼ ਕਰਨਾ ਡਾਢਾ ਮੁਸ਼ਕਲ ਹੋ ਜਾਵੇਗਾ। ਸੰਭਵ ਰੂਪ ’ਚ ਤਾਕਤਵਰ ਦੁਸ਼ਮਣ ’ਤੇ ਯਕੀਨਨ ਜਿੱਤ ਹਾਸਲ ਕਰਨ ਸਬੰਧੀ ਜਨਤਾ ਨੂੰ ਕਾਇਲ ਕਰ ਸਕਣਾ ਵੀ ਟੇਢੀ ਖੀਰ ਸੀ।

ਐਨ ਏਸ ਮੌਕੇ ’ਤੇ ਸਭ ਤੋਂ ਮਨਭਾਉਂਦੇ ਬਲ਼ੀ ਦੇ ਬੱਕਰੇ, ਸਿੱਖ, ਨੇ ਮੰਚ ’ਤੇ ਪ੍ਰਵੇਸ਼ ਕੀਤਾ। ਸਿੱਖ ਰੱਬੀ ਭੈਅ ’ਚ ਜਿਊਣ ਵਾਲੇ ਸਾਦੇ ਲੋਕ ਸਨ ਜਿਨ੍ਹਾਂ ਦਾ ਹਰ ਹੀਲੇ ਹੌਲ਼ੀ-ਹੌਲ਼ੀ ਖ਼ਾਤਮਾ ਮਿਥਿਆ ਹੋਇਆ ਸੀ। ਉਹ ਆਪਣੇ-ਆਪ ਨੂੰ ਦੇਸ਼-ਭਗਤ ਸਮਝਦੇ ਸਨ ਅਤੇ ਉਹਨਾਂ ਦੇਸ਼ ਦੇ ਭਲ਼ੇ ਅਤੇ ਸੁਰੱਖਿਆ ਲਈ ਖਾਸਾ ਯੋਗਦਾਨ ਪਾਇਆ ਸੀ ਅਤੇ ਸਾਂਝੇ ਸਰੋਕਾਰਾਂ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਨ ਪਰ ਉਹ ਕਦੇ ਨਹੀਂ ਸਨ ਸਮਝ ਸਕਦੇ ਕਿ ਹਾਲਾਤ ਬਦਲ ਚੁੱਕੇ ਸਨ। ਉਹਨਾਂ ਕਿਸੇ ਵਿਰੁੱਧ ਵੀ ਕੋਈ ਸਾਜ਼ਿਸ਼ ਨਹੀਂ ਸੀ ਕੀਤੀ ਅਤੇ ਕਤਈ ਨਹੀਂ ਸਨ ਜਾਣਦੇ ਕਿ ਕੋਈ ਦੂਸਰਾ ਉਹਨਾਂ ਦੇ ਮੁਕੰਮਲ ਸਫ਼ਾਏ ਦਾ ਮਨਸੂਬਾ ਘੜੇਗਾ। ਉਹਨਾਂ ਦਾ ਇੱਕ ਹੋਰ ਪੱਖੋਂ ਵੀ ਲਾਭਦਾਇਕ ਵਾਧਾ ਸੀ ਕਿ ਉਹਨਾਂ ਨੂੰ ਫ਼ਾਹੁਣ ਦੀਆਂ ਸੰਭਾਵਨਾਵਾਂ ਬਹੁਤ ਸਨ ਕਿਉਂਕਿ ਫ਼ਤਹਿ ਸਿੰਘ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਮਗਰੋਂ ਉਹਨਾਂ ਦੇ ਲੀਡਰ ਕੌਂਗਰਸੀ ਬੇੜੇ ’ਚ ਸਵਾਰ ਹੋ ਗਏ ਸਨ। ਸਿੱਖਾਂ ਨੂੰ ਮੀਡੀਆ ਦਾ ਵੀ ਕੋਈ ਸਮਰਥਨ ਪ੍ਰਾਪਤ ਨਹੀਂ ਸੀ। ਅਜਿਹੇ ਲੋਕਾਂ ਨੂੰ ਮਹਿਸਾਸੁਰ ਦੇ ਰੋਲ ਲਈ ਵਧੇਰੇ ਢੁਕਵੇਂ ਸਮਝਿਆ ਗਿਆ।

ਉਹਨਾਂ ਨੂੰ ਅਜਿਹੇ ਰੋਲ ਵਿੱਚ ਢਾਲਣ ਦੀ ਪ੍ਰਕਿਰਿਆ ਸੰਵਿਧਾਨ-ਘਾੜਨੀ-ਸਭਾ ਵਿੱਚ ਹੀ ਸ਼ੁਰੂ ਹੋ ਗਈ ਸੀ ਜਿੱਥੇ ਪਟੇਲ ਨੇ ਉਹਨਾਂ ’ਤੇ ਦੇਸ਼ ਤੋਂ ਅਲਹਿਦਗੀ ਚਾਹੁਣ ਦਾ ਇਲਜ਼ਾਮ ਲਾਇਆ ਸੀ ਕਿਉਂਕਿ ਉਹ ਸਭਾ ਦੇ ਮੁੱਢਲੇ ਮਤੇ ਅਨੁਸਾਰ ਵੱਖਰੇ ਚੋਣ-ਹਲਕੇ ਮੰਗਦੇ ਸਨ। ਮੋਹਨ ਦਾਸ ਕਰਮ ਚੰਦ ਗਾਂਧੀ ਨੇ ਆਪਣੇ ਆਖ਼ਰੀ ਦਿਨਾਂ ਦੌਰਾਨ ਕੀਤੀਆਂ ਜਾਂਦੀਆਂ ‘ਪ੍ਰਾਰਥਨਾ ਸਭਾਵਾਂ’ ਵਿੱਚ ਉਹਨਾਂ ਨੂੰ ਹਿੰਸਕ ਅਤੇ ਅਨੁਸ਼ਾਸਨਹੀਣ ਲੋਕਾਂ ਵਜੋਂ ਭੰਡ ਕੇ ਮਹਿਸਾਸੁਰ ਦਾ ਬੁੱਤ ਉਸਾਰਨ ਵਿੱਚ ਯੋਗਦਾਨ ਪਾਇਆ। ਸਿੱਖਾਂ ਨੇ ਆਪਣੀ ਤਕਦੀਰ ਨਾਲ ਲਗਭਗ ਸਮਝੌਤਾ ਕਰ ਲਿਆ ਕਿਉਂਕਿ ਉਹ ਆਪਣੇ ਮਿਰਤਕਾਂ ਦੇ ਸੋਗ ਵਿੱਚ ਡੁੱਬੇ ਹੋਏ ਸਨ ਅਤੇ ਉਹਨਾਂ ਦੇ ਆਗੂ, ਜਿਹੜੇ ਕਦੇ ਵੀ ਬਹੁਤੇ ਸੂਝਵਾਨ ਨਹੀਂ ਸਨ, ਸਫ਼ਲਤਾਪੂਰਵਕ ਵਰਗਲਾ ਲਏ ਗਏ ਸਨ ਅਤੇ ਟੋਟੇ-ਟੋਟੇ ਹੋਏ ਪਏ ਸਨ। ਉਹਨਾਂ ਵਿਰੁੱਧ ਸਸਬਹੁ ਦੀਆਂ ਬਦਨੀਤੀਆਂ ਕਦੇ ਵੀ ਢੈਲੀਆਂ ਨਹੀਂ ਸਨ ਪਈਆਂ ਅਤੇ ਇਹਨਾਂ ਦੀ ਕਦੇ ਸਮਾਪਤ ਹੋਣ ਦੀ ਕੋਈ ਉਮੀਦ ਨਹੀਂ ਸੀ। ਏਸ ਨੇ ਮਾਨਵ-ਧਰਮ-ਸ਼ਾਸਤਰ ਵਿਰੁੱਧ ਸਿੱਖਾਂ ਦੀ ਬਗ਼ਾਵਤ ਨੂੰ ਕਦੇ ਨਹੀਂ ਭੁਲਾਇਆ ਅਤੇ ਸਦਾ ਉਹਨਾਂ ਦੀ ਤਬਾਹੀ ਦੇਖਣ ਦੀ ਇਛੁੱਕ ਰਹੀ ਹੈ। ਸਸਬਹੁ-ਸਿੱਖ ਸਬੰਧਾਂ ਦੇ ਪੰਜ ਸੌ ਸਾਲਾਂ ਦੇ ਇਤਿਹਾਸ ਦੇ ਮੁੱਢ ਤੋਂ ਲੈ ਕੇ ਇਹੀ ਪ੍ਰਗਟ ਹੁੰਦਾ ਹੈ।

ਕੌਂਗਰਸ (ਆਈ) ਵੱਲੋਂ, ਭਾਵੇਂ ਲੁਕਵੇਂ ਰੂਪ ’ਚ ਜਾਂ ਅਧਿਕਾਰਤ ਤੌਰ ’ਤੇ ਜਿਵੇਂ ਹੁਣ ਜ਼ਾਹਰ ਹੁੰਦਾ ਹੈ, ਪੇਸ਼ ਕੀਤਾ ਗਿਆ ਤਰਕ ਬਣਾਵਟੀ ਹੈ। ਅਜਿਹਾ ਸਿੱਖਾਂ ਦੀ ਦਸ਼ਾ ਲਈ ਜੋ ਕੁਝ ਪ੍ਰਾਸੰਗਕ ਹੈ, ਓਸ ਨੂੰ ਵੱਧ ਤੋਂ ਵੱਧ ਲੁਕੋਣ ਲਈ ਕੀਤਾ ਗਿਆ ਹੈ। ਏਸ ਧਾਰਨਾ ਦੇ ਖ਼ਿਲਾਫ਼ ਸਭ ਤੋਂ ਪੁਖਤਾ ਸਬੂਤ ਅਕਾਲੀ ਲੀਡਰਾਂ ਵੱਲੋਂ ਇੰਦਰਾ ਗਾਂਧੀ ਦੇ ਦਫ਼ਤਰ ਨੂੰ ਲਿਖੀਆਂ ਗਈਆਂ ਅੱਧੀ ਦਰਜਨ ਦੇ ਕਰੀਬ ਚਿੱਠੀਆਂ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਸੰਤ ਜਰਨੈਲ ਸਿੰਘ ਸਾਂਝਾ ਦੁਸ਼ਮਣ ਸੀ ਅਤੇ ਉਸ ਨੂੰ ਖ਼ਤਮ ਕਰਨ ਲਈ ਦੋਵੇਂ ਧਿਰਾਂ ਸਾਂਠ-ਗਾਂਠ ਕਰ ਰਹੀਆਂ ਸਨ। ਸੰਤ ਸਿੰਘ ਤੇਗ਼ ਵੱਲੋਂ ਸੁਣੀ ਗਈ ਇੱਕ ਟੈਲੀਫ਼ੋਨ ਵਾਰਤਾਲਾਪ ਵੀ ਏਸ ਦੀ ਪੁਸ਼ਟੀ ਕਰਦੀ ਹੈ। ਮਈ 1984 ਵਿੱਚ ਸੰਤ ਹਰਚੰਦ ਸਿੰਘ ਅਤੇ ਗੁਰਚਰਨ ਸਿੰਘ ਟੌਹੜਾ ਵੱਲੋਂ ਇੰਦਰਾ ਗਾਂਧੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਸੰਤ ਜਰਨੈਲ ਸਿੰਘ ਸਾਡੇ ਤੋਂ ਬਹੁਤ ਤਾਕਤਵਰ ਹੋ ਗਿਆ ਹੈ ਅਤੇ ਇਸ ਤੋਂ ਖਹਿੜਾ ਛੁਡਾਇਆ ਜਾਵੇ। ਮੌਜੂਦਾ ਸ਼ੋਸ਼ਾ ਇੰਦਰਾ ਗਾਂਧੀ ਸਰਕਾਰ ਦੀ ਉਕਸਾਹਟ ਦੇ ਅਸਲ ਕਾਰਣਾਂ ਸਬੰਧੀ ਦੇਸ਼ ਨੂੰ ਘੋਰ ਹਨੇਰੇ ਵਿੱਚ ਰੱਖਣ ਦੇ ਮੰਤਵ ਨਾਲ ਛੱਡਿਆ ਗਿਆ ਹੈ। ਪ੍ਰਸਿੱਧ ਅਖਾਣ, ‘ਕੋਈ ਵੀ ਜਾਣਕਾਰੀ ਓਨੀਂ ਦੇਰ ਤੱਕ ਨਿਸ਼ਚਿਤ ਰੂਪ ਵਿੱਚ ਗ਼ਲਤ ਨਹੀਂ ਸਮਝੀ ਜਾਣੀ ਚਾਹੀਦੀ ਜਿੰਨੀ ਦੇਰ ਤੱਕ ਓਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਾ ਕੀਤੀ ਗਈ ਹੋਵੇ’ ਏਥੇ ਪੂਰਾ ਢੁੱਕਦਾ ਹੈ।

ਜੇ ਇੰਦਰਾ ਗਾਂਧੀ ਦੀ ਵਾਕਿਆ ਹੀ ਅਕਾਲੀ ਦਲ ਨੂੰ ਤਬਾਹ ਕਰਨ ਦੀ ਮਨਸ਼ਾ ਸੀ ਤਾਂ ਏਸ ’ਤੇ ਉਦੋਂ ਪੂਰੀ ਤਰ੍ਹਾਂ ਪਾਣੀ ਫਿਰ ਗਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਭਰੋਸੇਮੰਦ ਆਦਮੀ ਗੁਰਦੇਵ ਸਿੰਘ ਬਾਦਲ ਸਮੇਤ ਬਹੁਤੇ ਵਿਧਾਨ ਸਭਾ ਦੇ ਅਕਾਲੀ ਮੈਂਬਰ ਜਨਤਕ ਤੌਰ ’ਤੇ ਅਕਾਲੀ ਦਲ ਛੱਡ ਕੇ ਪੂਰੇ ਮੀਡੀਆ ਦੀਆਂ ਨਜ਼ਰਾਂ ਸਾਹਮਣੇ ਸੰਤ ਜਰਨੈਲ ਸਿੰਘ ਨਾਲ ਜਾ ਮਿਲੇ। ਓਸ ਦੁਪਹਿਰ (27 ਅਪ੍ਰੈਲ 1984 ਨੂੰ) ਅਕਾਲੀ ਦਲ ਦੀ ਲਗਭਗ ਕੋਈ ਹੋਂਦ ਨਹੀਂ ਸੀ ਰਹੀ। ਏਸ ਸਥਿਤੀ ਤੋਂ ਲਾਹਾ ਲੈਂਦਿਆਂ ਏਸ ਦਾ ਭੋਗ ਪਾਉਣ ਦੀ ਬਜਾਏ ਇੰਦਰਾ ਗਾਂਧੀ ਸੰਤ ਜਰਨੈਲ ਸਿੰਘ ਦੀ ਹਰ ਪਲ਼ ਵਧ ਰਹੀ ਚੜ੍ਹਤ ਨੂੰ ਕੁਚਲਣ ਲਈ ਤੁਰੰਤ ਹਰਕਤ ਵਿੱਚ ਆ ਗਈ।

ਇਹ ਮੰਨ ਲੈਣਾ ਵੀ ਬੜਾ ਸਿੱਧੜਪੁਣਾ ਹੋਵੇਗਾ ਕਿ ਉਹ ਸਰਕਾਰੀ ਕਾਰਵਾਈਆਂ ਅਤੇ ਪੜ੍ਹਾਏ ਗਏ ਮੀਡੀਏ ਦੀ ਸਹਾਇਤਾ ਨਾਲ ਸੰਤ ਦਾ ਲੋੜੀਂਦੇ ਆਕਾਰ ਦਾ ਦੈਂਤ-ਰੂਪੀ ਬਿੰਬ ਉਸਾਰਨ ਮਗਰੋਂ ਕੇਵਲ ਓਸ ਨੂੰ ਹੀ ਮਾਰਨਾ ਚਾਹੁੰਦੀ ਸੀ। ਜੇ ਓਸ ਦੇ ਮਨ ਵਿੱਚ ਕੇਵਲ ਸੰਤ ਦਾ ਹੀ ਖਿਆਲ ਹੁੰਦਾ ਤਾਂ ਓਸ ਨੂੰ ਮਾਰਨ ਨਾਲੋਂ ਸੌਖਾ ਕੰਮ ਹੋਰ ਕੋਈ ਨਹੀਂ ਸੀ। ਦਰਬਾਰ-ਸਮੂਹ ਦੇ ਚੁਫ਼ੇਰੇ ਉੱਚੀਆਂ ਇਮਾਰਤਾਂ ਦੀਆਂ ਛੱਤਾਂ ’ਤੇ ਨੀਮ-ਸੁਰੱਖਿਆ-ਬਲਾਂ ਦੀਆਂ ਚੌਂਕੀਆਂ ਸਨ ਤੇ ਇਹ ਉਸ ਨੂੰ ਮਾਰਨ ਲਈ ਸੰਸਾਰ ਦਾ ਸਭ ਤੋਂ ਸੌਖਾ ਰਾਹ ਸੀ ਕਿਉਂਕਿ ਉਹ ਦਰਬਾਰ ਦੀ ਹਦੂਦ ਵਿੱਚ ਖੁੱਲ੍ਹੇਆਮ ਤੁਰੇ-ਫ਼ਿਰਦੇ ਸਨ। 29 ਅਪ੍ਰੈਲ 1984 ਨੂੰ ਹਥਲੀਆਂ ਸਤਰਾਂ ਦੇ ਲੇਖਕ ਨੇ ਲੰਗਰ-ਬਿਲਡਿੰਗ ਦੀ ਛੱਤ ਉੱਤੇ ਸੰਤ ਨਾਲ ਕਈ ਘੰਟੇ ਬਿਤਾਏ। ਉਹ ਵਿਚਾਲੇ ਬਣੀ ਮਮਟੀ ਦੀ ਛਾਂਵੇਂ ਭੁੰਜੇ ਬੈਠੇ ਰਹੇ। ਲੇਖਕ ਨੇ ਓਦੋਂ ਮੌਜੂਦ ਸਿੰਧੀ ਹੋਟਲ ਦੀ ਛੱਤ ’ਤੇ ਇੱਕ ਪੁਲੀਸ-ਚੌਂਕੀ ਵੇਖੀ। ਉਹ ਸੱਠ ਗ਼ਜ਼ ਤੋਂ ਵੀ ਘੱਟ ਦੂਰੀ ’ਤੇ ਸੀ। ਜਿੱਥੇ ਲੇਖਕ ਬੈਠਾ ਸੀ ਓਥੋਂ ਉਹ ਚੌਂਕੀ ’ਤੇ ਤਾਇਨਾਤ ਹਥਿਆਰਬੰਦ ਸਿਪਾਹੀ ਦੀਆਂ ਅੱਖਾਂ ਵੇਖ ਸਕਦਾ ਸੀ। ਸੰਗਲ ਵਾਲੇ ਅਖਾੜੇ ’ਤੇ ਬਣੀ ਇੱਕ ਹੋਰ ਚੌਂਕੀ ਬਿਲਕੁਲ ਸਾਹਮਣੇ ਸੀ। ਇਹ ਸਗੋਂ ਹੋਰ ਵੀ ਨੇੜੇ ਸੀ। ਓਥੇ ਬੈਠਿਆਂ ਲੇਖਕ ਨੂੰ ਇੱਕਦਮ ਖਿਆਲ ਆਇਆ ਕਿ ਸਿਪਾਹੀ ਉਹਨਾਂ ਨੂੰ ਬੜੀ ਆਸਾਨੀ ਨਾਲ ਫੁੰਡ ਸਕਦੇ ਹਨ। ਸੀ.ਆਰ.ਪੀ.ਐਫ਼. ਦੀਆਂ ਬੰਦੂਕਾਂ ਹਮੇਸ਼ਾਂ ਦਰਬਾਰ ਸਾਹਿਬ ਵੱਲ ਸੇਧ ਕੇ ਰੱਖੀਆਂ ਜਾਂਦੀਆਂ ਸਨ। ਕੇਵਲ ਨਿਸ਼ਾਨਾ ਸੇਧ ਕੇ ਘੋੜਾ ਦਬਾਉਣ ਦੀ ਲੋੜ ਸੀ। ਪਲ਼ ਭਰ ਵਿੱਚ ਸੰਤ ਨੇ ‘ਹੈ’ ਤੋਂ ‘ਸੀ’ ਹੋ ਜਾਣਾ ਸੀ। ਚੰਗੀ ਰਵਾਂ ਕੀਤੀ ਹੋਈ ਪ੍ਰੌਪੇਗੰਡਾ ਮਸ਼ੀਨ, ਜੋ ਸਦਾ ਸਰਕਾਰ ਨਾਲ ਇੱਕਸੁਰ ਸੀ, ਰਾਹੀਂ ਸੰਤ ਦੇ ਕਤਲ ਲਈ ਸੈਂਕੜੇ ਵਧੀਆ ਤੋਂ ਵਧੀਆ ਸਫ਼ਾਈਆਂ ਲੱਭੀਆਂ ਜਾ ਸਕਦੀਆਂ ਸਨ।

ਇੰਦਰਾ ਗਾਂਧੀ ਦਾ ਇਰਾਦਾ ਏਸ ਤੋਂ ਕਿਤੇ ਮਨਹੂਸ ਸੀ। ਅਜਿਹੇ ਅਨੇਕਾਂ ਤੱਥ ਹਨ ਜੋ ਸੁਝਾਉਂਦੇ ਹਨ ਕਿ ਉਹ ਇਕੱਲੇ ਸੰਤ ਦਾ ਸ਼ਿਕਾਰ ਨਹੀਂ ਸੀ ਕਰ ਰਹੀ। ਸੰਤ ਨੂੰ ਜਿਸ ਸੰਕਟ ਵਿੱਚ ਓਸ ਨੇ ਧੱਕਿਆ ਸੀ ਓਸ ਦਾ ਲਾਹਾ ਲੈਂਦਿਆਂ ਓਸ ਨੇ ਪੂਰੀ ਸਿੱਖ ਕੌਮ ਨੂੰ ਮਲੀਆਮੇਟ ਕਰਨ ਅਤੇ ਸਿੱਖ ਵਿਰਾਸਤ ਨੂੰ ਮੁਕੰਮਲ ਰੂਪ ’ਚ ਨੇਸਤੋ-ਨਾਬੂਦ ਕਰਨ ਦਾ ਨਿਸ਼ਾਨਾ ਮਿਥਿਆ ਸੀ। ਓਸ ਨੇ ਬਦਨੀਤੀ ਤਹਿਤ ਅਕਾਲੀਆਂ ਨਾਲ ਸਮਝੌਤੇ ਦੇ ਸਾਰੇ ਮੌਕੇ ਖੁੰਝਾਏ। ਕਾਮਰੇਡ ਸੁਰਜੀਤ, ਜਿਹੜਾ ਸਭ ਕਾਸੇ ਤੋਂ ਵਾਕਿਫ਼ ਸੀ, ਨੇ ਪੁਸ਼ਟੀ ਕੀਤੀ ਹੈ ਕਿ ਘੱਟੋ-ਘੱਟ ਤਿੰਨ ਮੌਕਿਆਂ ’ਤੇ ਓਸ ਦੇ ਅਧਿਕਾਰਤ ਨੁਮਾਇੰਦਿਆਂ ਰਾਹੀਂ ਸਮਝੌਤਿਆਂ ਤਾਈਂ ਗੱਲ ਅੱਪੜੀ ਪਰ ਉਹ ਹਰ ਵਾਰ ਉਹਨਾਂ ਤੋਂ ਮੁੱਕਰ ਗਈ। ਸਪਸ਼ਟ ਹੈ ਕਿ ਉਹ ਗੁਬਾਰੇ ਨੂੰ ਬੇਹਿਸਾਬ ਫ਼ੁਲਾਉਣਾ ਚਾਹੁੰਦੀ ਸੀ ਤਾਂ ਕਿ ਉਹ ਉਸ ਨੂੰ ਚਮਤਕਾਰੀ ਅਸਰ ਲਈ ਵਿੰਨ੍ਹ ਸਕੇ।

ਤਕਰੀਬਨ ਆਖ਼ਰੀ ਪਲ਼ ਤੱਕ ਉਹ ਰਸਮੀ ਦਾਅਵੇ ਕਰਦੀ ਰਹੀ ਕਿ ਓਸ ਦੀ ਫ਼ੌਜ ਦੀ ਪਵਿੱਤਰ-ਅਸਥਾਨ ਦੇ ਅੰਦਰ ਦਾਖ਼ਲ ਹੋਣ ਦੀ ਕੋਈ ਯੋਜਨਾ ਨਹੀਂ। ਦਰਬਾਰ ਉੱਤੇ ਧਾਵਾ ਓਦੋਂ ਬੋਲਿਆ ਗਿਆ ਜਦੋਂ ਗੁਰੂ ਅਰਜਨ ਦੇ ਸ਼ਹੀਦੀ ਪੁਰਬ ਦੇ ਦਿਨ (3 ਜੂਨ) ਸ਼ਰਧਾਲੂਆਂ ਦੀ ਭੀੜ ਵੱਧ ਤੋਂ ਵੱਧ ਹੋਣ ਦੀ ਉਮੀਦ ਸੀ। ਦਰਬਾਰ ਉਦਾਲੇ ਲਾਗੂ ਕਰਫ਼ਿਊ ਸੰਗਤ ਦੀ ਵੱਡੀ ਭੀੜ ਅੰਦਰ ਦਾਖ਼ਲ ਹੋਣ ਦੇਣ ਲਈ ਕੁਝ ਘੰਟਿਆਂ ਲਈ ਹਟਾ ਕੇ ਮਗਰੋਂ ਮੁੜ ਲਾਗੂ ਕਰ ਦਿੱਤਾ ਗਿਆ। ਇੰਦਰਾ ਗਾਂਧੀ ਯਕੀਨਨ ਵੱਧ ਤੋਂ ਵੱਧ ਨੁਕਸਾਨ ਪਹੁੰਚਾ ਕੇ ਲੋਕਾਂ ਦੇ ਹੌਂਸਲੇ ਪਸਤ ਕਰਨਾ ਚਾਹੁੰਦੀ ਸੀ। ਪੂਰੇ ਪੰਜਾਬ ’ਚ ਚਾਲੀ ਹੋਰ ਗੁਰਦੁਆਰਿਆਂ ’ਤੇ ਵੀ ਚੜ੍ਹਾਈ ਕੀਤੀ ਗਈ ਜਿੱਥੇ ਕੋਈ ਭਿੰਡਰਾਂਵਾਲਾ ਨਹੀਂ ਸੀ। ਇੰਦਰਾ ਦੀ ਚੋਣ-ਮੁਹਿੰਮ ਚੋਖੀ ਵਿਸ਼ਾਲ ਅਤੇ ਮਨਸੂਬੇ ਵਧੇਰੇ ਨਹਿਸ਼ ਸਨ।

ਦਰਬਾਰ-ਸਮੂਹ ਵਿਚਲੇ ਸਿੱਖਾਂ ਨੂੰ ਚਿਤਾਵਨੀ ਨਾ ਦਿੱਤੀ ਗਈ ਕਿ ਫ਼ੌਜੀ ਹਮਲਾ ਅਟੱਲ ਹੈ। ਏਨੀਂ ਗੱਲ ਤਾਂ ਹਿੰਦੁਸਤਾਨ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਜਿਹੜਾ ਕਮਾਂਡਰ-ਇਨ-ਚੀਫ਼ ਵੀ ਸੀ, ਨੇ ਆਪਣੀ ਸਵੈ-ਜੀਵਨੀ ਵਿੱਚ ਵੀ ਬਿਆਨ ਕੀਤੀ ਹੈ। ਸਪਸ਼ਟ ਹੈ ਕਿ ਅਧਿਕਾਰੀ ਕਿਸੇ ¬¬ਨੂੰ ਵੀ ਧਿਆਨਪੂਰਵਕ ਵਿਛਾਏ ਮੌਤ-ਜਾਲ, ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਫਾਹਿਆ ਸੀ, ਵਿੱਚੋਂ ਬਚ ਕੇ ਨਹੀਂ ਸਨ ਨਿਕਲਣ ਦੇਣਾ ਚਾਹੁੰਦੇ। ਹਿੰਦੁਸਤਾਨੀ ਫ਼ੌਜ ਦੇ ਰਸਾਲੇ, ਬਾਤਚੀਤ, ਤੋਂ ਸਰਕਾਰ ਦਾ ਇਰਾਦਾ ਜ਼ਾਹਰ ਹੋ ਗਿਆ ਜਿਸ ਰਾਹੀਂਅੰਮ੍ਰਿਤਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਸਲਾਹ ਦਿੱਤੀ ਗਈ ਸੀ।

ਪੂਰੇ ਅੰਦੋਲਨ ਦੌਰਾਨ ਇੰਦਰਾ ਗਾਂਧੀ ਨੇ ਆਗਿਆਕਾਰੀ ਮੀਡੀਏ ਵਿੱਚ ਸਿੱਖਾਂ ਵਿਰੁੱਧ ਬਹੁਤ ਹੀ ਜ਼ਹਿਰੀ ਪੌਪੇਗੰਡੇ ਦਾ ਜ਼ੋਰੋ-ਜ਼ੋਰ ਢੋਲ ਵਜਾਇਆ। ਮੀਡੀਆ ਨੇ ਇੱਛਾਪੂਰਵਕ ਓਸ ਦੀ ਨੀਤੀ ਅੱਗੇ ਵੇਸਵਾਪੁਣਾ ਕੀਤਾ। ਨਿਸ਼ਾਨਾ ਇਹ ਸੀ ਕਿ ਦੇਸ਼ ਨੂੰ ਖ਼ਤਰੇ ਦਾ ਵੱਧ ਤੋਂ ਵੱਧ ਅਹਿਸਾਸ ਕਰਾਇਆ ਜਾਵੇ ਤਾਂ ਕਿ ਉਹ ਆਸਾਨੀ ਨਾਲ ਫੁੰਡੇ ਜਾ ਸਕਣ ਵਾਲੇ ਮੁੱਠੀ ਭਰ ਲੋਕਾਂ ’ਤੇ ਜ਼ੋਰਦਾਰ ਹਮਲਾ ਕਰ ਸਕੇ। ਇਹ ਮਹਿਜ਼ ਅਕਾਲੀਆਂ ਜਾਂ ਭਿੰਡਰਾਂਵਾਲੇ ਦੇ ਵਿਰੁੱਧ ਨਹੀਂ ਸੀ ਜਿਵੇਂ ਕਿ ਅਕਸਰ ਸਮਝਿਆ ਜਾਂਦਾ ਹੈ। 1983 ਦੇ ਆਰੰਭ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ, ਮਾਮਲਾ ਉਸ ਦੇ ਧਿਆਨ ਵਿੱਚ ਲਿਆਉਣ ’ਤੇ, ਸੁਰਜੀਤ ਸਿੰਘ ਬਰਨਾਲਾ ਦੇ ਅਧੀਨ ਇੱਕ ਕਮੇਟੀ ਬਣਾ ਕੇ ਹਿਦਾਇਤ ਕੀਤੀ ਕਿ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਜਾ ਕੇ ਸਿੱਖ-ਨਜ਼ਰੀਏ ਦੀ ਵਿਆਖਿਆ ਕੀਤੀ ਜਾਵੇ। ਸੰਤ ਜਰਨੈਲ ਸਿੰਘ ਨੇ ਆਪਣਾ ਇਹਤਿਆਤੀ ਬੰਦੋਬਸਤ ਕੀਤਾ।
ਇੰਦਰਾ ਗਾਂਧੀ ਨੇ ਅੰਦੋਲਨ ਵਿਚਲੇ ਸਾਰੇ ਪ੍ਰਮੁੱਖ ਵਿਅਕਤੀਆਂ ਨਾਲ ਰਾਬਤਾ ਬਣਾਈ ਰੱਖਿਆ ਅਤੇ ਉਹਨਾਂ ਨੂੰ ਆਪਣੇ ਇਰਾਦਿਆਂ ਦੀ ਗ਼ਲਤ ਜਾਣਕਾਰੀ ਦੇਂਦੀ ਰਹੀ। ਓਸ ਨੇ ਆਪਣੇ ਸੰਪਰਕਾਂ ਰਾਹੀਂ ਚਾਮਚੜਿੱਕ ਦੇ ਖੰਭਾਂ, ਉੱਲੂ ਦੇ ਲਹੂ ਅਤੇ ਮੁਰਗੇ ਦੀ ਧੌਣ ਵਾਲੀ ਦੇਗ ਨੂੰ ਨਿਸ਼ਚਿਤ ਦਿਨ ਤੱਕ ਉੱਬਲਦਾ ਰੱਖਿਆ। ਹੋਰ ਕਿਸੇ ਵੀ ਲੋਕਤੰਤਰ ਵਿੱਚ ਅਜਿਹੇ ਸ਼ੜਯੰਤਰ ਨੂੰ ਮੁਲਕ ਦੀ ਕੀਮਤ ਉੱਤੇ ਹੇਰਾਫ਼ੇਰੀ, ਕਮੀਨੀ ਚਾਲਬਾਜ਼ੀ ਅਤੇ ਘਟੀਆ ਮੌਕਾਪ੍ਰਸਤੀ ਸਮਝਿਆ ਜਾਂਦਾ। ਪਰ ਏਸ ਅਭਾਗੇ ਮੁਲਕ ਵਿੱਚ ਏਸ ਨੂੰ ਕਮਾਲ ਦੀ ‘ਦੂਰਅੰਦੇਸ਼ੀ’ ਕਿਹਾ ਜਾਂਦਾ ਹੈ।
ਓਸ ਸਮੇਂ ਵਿਆਪਕ ਸਥਿਤੀ ਦੇ ਹਕੀਕੀ ਮੁਲਾਂਕਣ ਲਈ ਉਪਰੋਕਤ ਜਾਣਕਾਰੀ ਭਰੇ ਤੱਥ ਲਾਜ਼ਮੀ ਯੋਗਦਾਨ ਪਾਉਣਗੇ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਕੌਂਗਰਸ (ਆਈ) ਨਾਲ ਸਬੰਧਾਂ ਦਾ ਸਹੀ ਖਾਸਾ ਜਾਣਨ ਲਈ ਘਟਨਾਵਾਂ ਦਾ ਹੋਰ ਪਾਏਦਾਰ ਅਤੇ ਬਿਲਕੁਲ ਵਾਸਤਵਿਕ ਖਾਕਾ ਚਿਤਰਨਾ ਇਹਨਾਂ ਅਤੇ ਹੋਰ ਸਬੰਧਤ ਪ੍ਰਸਥਿਤੀਆਂ ਨੂੰ ਧਿਆਨ ’ਚ ਰੱਖ ਕੇ ਹੀ ਸੰਭਵ ਹੈ। ਇਹ ਕਿਸੇ ਇੱਕ ਜਾਂ ਦੂਸਰੀ ਪਾਰਟੀ ਵੱਲੋਂ ਆਪਣੇ ਹਿਤ ਅਨੁਸਾਰ ਮਹਿਜ਼ ਦਾਅਵਾ ਕਰਨ ਦਾ ਮਸਲਾ ਨਹੀਂ ਹੈ।

ਕੌਂਗਰਸ ਸਰਕਾਰ ਨੇ ਸਸਬਹੁ ਦੇ ਮਨ ’ਚ ਡੂੰਘੀ ਸਮਾਈ ਬਦਨੀਤੀ ਨੂੰ ਮਾਨਤਾ ਅਤੇ ਸਤਿਕਾਰ ਦੇਣ ਲਈ ਹੀ ਨਿਰੰਕਾਰੀ ਸੰਪਰਦਾ ਨੂੰ ਠੁੰਮ੍ਹਣਾ ਦੇ ਕੇ ਉਭਾਰਿਆ ਸੀ। ਨਿਰੰਕਾਰੀਆਂ ਨੂੰ ਅੰਤਮ ਨਿਸ਼ਾਨੇ ਦੀ ਪੂਰਤੀ ਲਈ ਇੱਕ ਪਾਏਦਾਰ ਵਸੀਲਾ ਮਿਥਿਆ ਗਿਆ ਸੀ। ਸਸਬਹੁ ਦਾ ਜ਼ਾਹਰਾ ਮਕਸਦ ਹੁਣ ਦਸਤਾਵੇਜ਼ੀ ਰੂਪ ’ਚ ਬਖ਼ੂਬੀ ਪ੍ਰਮਾਣਤ ਹੈ। ਇਹ ਹਿੰਦੁਸਤਾਨ ’ਚੋਂ ਗੁਰੂ ਸਾਹਿਬਾਨ ਦੇ ਵਿਰਸੇ ਦੇ ਮੁਕੰਮਲ ਸਫ਼ਾਏ ਦੇ ਮੁੱਢਲੇ ਕਦਮ ਵਜੋਂ ਸਿੱਖਾਂ ਦੀ ਖ਼ਾਲਸਈ ਪਛਾਣ ਦੀ ਤਬਾਹੀ ਕਰਨਾ ਹੈ। 1984 ਅਤੇ ਮਗਰੋਂ ਸਿੱਖਾਂ ਵਿਰੁੱਧ ਕੀਤੀ ਗਈ ਸੈਨਿਕ ਕਾਰਵਾਈ ਬਹੁਤ ਹੱਦ ਤੱਕ ਸ਼ੰਕਰਾਚਾਰੀਆ ਵੱਲੋਂ ਹਿੰਦੁਸਤਾਨ ’ਚੋਂ ਬੁੱਧ ਧਰਮ ਨੂੰ ਮਿਟਾਉਣ ਲਈ ਕੀਤੇ ਯਤਨਾਂ ਦੀਆਂ ਲੀਹਾਂ ’ਤੇ ਹੈ। ਉੱਪਰੋਥਲੀ ਚਾਰ ਦਹਾਕਿਆਂ ਦੀ ਮਰਦਮਸ਼ੁਮਾਰੀ ਦੇ ਆਂਕੜੇ ਇੰਦਰਾ ਗਾਂਧੀ ਅਤੇ ਓਸ ਦੇ ਬਾਪ ਦੀ ਪ੍ਰਾਪਤੀ ਦੀ ਕਹਾਣੀ ਦੱਸਦੇ ਹਨ। ਸਿੱਖਾਂ ਦੀ ਵਾਧਾ ਦਰ 1961 ਤੋਂ 1971 ਤੱਕ 32%, 1971 ਤੋਂ 1981 ਤੱਕ 26.2%, 1981 ਤੋਂ 1991 ਤੱਕ 25.2% ਸੀ ਅਤੇ 1991 ਤੋਂ 2001 ਤੱਕ ਇਹ ਅਚਾਨਕ 16.9% ’ਤੇ ਆ ਡਿੱਗੀ।

ਹਿੰਦੁਸਤਾਨ ਵਿੱਚ ਸਮਾਜਕ ਅਧਿਕਾਰਾਂ ਦੇ 19 ਮਹੀਨਿਆਂ ਦੇ ਨਿਲੰਬਨ ਦੌਰਾਨ ਇਹਨਾਂ ਦੀ ਬਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਦੇ ਕੇ ਰਸਮੀ ਰੂਪ ’ਚ ਕੀਤੇ ਗਏ ਰੋਜ਼ਾਨਾ ਸਿਆਸੀ ਵਿਰੋਧ ਕਾਰਣ ਇੰਦਰਾ ਗਾਂਧੀ ਖ਼ਫ਼ਾ ਸੀ। ਪਰ ਉਹ ਸਸਬਹੁ ਦੀਆਂ ਇੱਛਾਵਾਂ ਦੀ ਜੀ-ਹਜ਼ੂਰੀ ਕਰਦੀ ਸਰਕਾਰ ਦੀ ਸ਼ਹਿ ਪ੍ਰਾਪਤ ਸਿੱਖ-ਧਰਮ-ਵਿਰੋਧੀ ਨਿਰੰਕਾਰੀ ਸੰਪਰਦਾ ਦੇ ਵਿਰੁੱਧ ਸੰਤ ਕਰਤਾਰ ਸਿੰਘ ਭਿੰਡਰਾਂਵਲਿਆਂ ਦੀ ਅਗਵਾਈ ਹੇਠ ਖੁੱਲ੍ਹੇਆਮ ਕੱਢੇ ਗਏ ਵਿਸ਼ੇਸ਼ ਰੋਸ-ਮਾਰਚਾਂ ਤੋਂ ਡਾਢੀ ਬੁਖਲਾਹਟ ਵਿੱਚ ਸੀ। ਸੰਤ ਕਰਤਾਰ ਸਿੰਘ ਨੇ, ਸਾਰੇ ਪੰਜਾਬ ਅੰਦਰ 36 ਅਤੇ ਇੱਕ ਦਿੱਲੀ ਵਿੱਚ, ਵਿਸ਼ਾਲ ਰੋਸ-ਮਾਰਚਾਂ ਦਾ ਆਯੋਜਨ ਕੀਤਾ ਸੀ। ਨਿਰੰਕਾਰੀ ਸੰਪਰਦਾ ਨੂੰ ਸਿੱਖ ਧਰਮ ਦੇ ਤੇਜ਼ੀ ਨਾਲ ਹੋ ਰਹੇ ਪਸਾਰ ਦੇ ਵਿਰੁੱਧ ਇੱਕ ਕਾਰਗਰ ਰੋਕ ਵਜੋਂ ਵਰਤਿਆ ਜਾ ਰਿਹਾ ਸੀ ਜਿਵੇਂ ਕਿ ਮਰਦਮਸ਼ੁਮਾਰੀ ਦੇ ਆਂਕੜਿਆਂ ਤੋਂ ਸਪਸ਼ਟ ਜ਼ਾਹਰ ਹੁੰਦਾ ਹੈ। ਇੱਕ ਵਿਸ਼ਵਾਸ ਅਨੁਸਾਰ ਸੰਤ ਕਰਤਾਰ ਸਿੰਘ ਨੂੰ ਨਿਰੰਕਾਰੀਆਂ ਵੱਲੋਂ ਇੱਕ ਆਯੋਜਿਤ ਸੜਕ-ਹਾਦਸੇ ਵਿੱਚ ਮਾਰ ਦਿੱਤਾ ਗਿਆ ਸੀ। ਓਸ ਦੇ ਨੌਜਵਾਨ ਉੱਤਰਾਧਿਕਾਰੀ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ, ਕੋਲ ਹੁਣ ਨਿਰੰਕਾਰੀਆਂ ਦਾ ਵਿਰੋਧ ਕਰਨ ਲਈ ਦੋ ਠੋਸ ਕਾਰਣ ਮੌਜੂਦ ਸਨ। ਉਹ ਓਸ ਦੇ ਧਰਮ ਦੇ ਦੁਸ਼ਮਣ ਅਤੇ ਲੋਕਾਂ ਵਿੱਚ ਬੇਹੱਦ ਸਤਿਕਾਰਤ ਇੱਕ ਧਰਮੀ ਮਹਾਂਪੁਰਸ਼ ਦੇ ਕਾਤਲ ਸਮਝੇ ਜਾਂਦੇ ਸਨ।
ਸੂਬੇ ਅਤੇ ਕੇਂਦਰ ਵਿਚਲੀਆਂ ਦੋਵੇਂ ਕੌਂਗਰਸ ਸਰਕਾਰਾਂ ਆਪਣੇ ਅੰਤਮ ਮਨਸੂਬੇ ਨੂੰ ਪਛਾਣਦੇ ਹੋਏ ਨਿਰੰਕਾਰੀ ਸੰਪਰਦਾ ਦਾ ਸਮਰਥਨ ਕਰਦੀਆਂ ਰਹੀਆਂ। ਇਹ ਯੋਜਨਾ ਨੂੰ ਸਸਬਹੁ ਨੇ ਏਨੇਂ ਵਿਆਪਕ ਪੱਧਰ ’ਤੇ ਪ੍ਰਵਾਨਗੀ ਦੇ ਰੱਖੀ ਸੀ ਕਿ ਮੁਰਾਰਜੀ ਦੇਸਾਈ ਅਤੇ ਚਰਨ ਸਿੰਘ ਦੀਆਂ ਅੰਤ੍ਰਿਮ ਸਰਕਾਰਾਂ ਨੇ ਉਹਨਾਂ ਦਾ ਹੋਰ ਵੀ ਜੋਸ਼ੋ-ਖਰੋਸ਼ ਨਾਲ ਸਮਰਥਨ ਜਾਰੀ ਰੱਖਿਆ। 1980 ਵਿੱਚ ਮੁੜ ਸੱਤਾ ਵਿੱਚ ਆਉਣ ਉਪਰੰਤ ਇੰਦਰਾ ਗਾਂਧੀ ਨੇ ਜਾਣਿਆ ਕਿ ਜੇ ਨਿਰੰਕਾਰੀ-ਵਿਰੋਧ ਨੂੰ ਠੱਲ੍ਹਣਾ ਹੈ ਤਾਂ ਸੰਤ ਜਰਨੈਲ ਸਿੰਘ ਨੂੰ ਖ਼ਤਮ ਕੀਤੇ ਬਿਨਾਂ ਹੋਰ ਕੋਈ ਚਾਰਾ ਨਹੀਂ। ਏਸ ਦੇ ਨਾਲ ਹੀ ਉਹ ਅਜਿਹਾ ਐਸੇ ਢੰਗ ਨਾਲ ਕਰਨਾ ਚਾਹੁੰਦੀ ਸੀ ਜਿਸ ਨਾਲ ਸਿੱਖੀ ਨੂੰ ਜੜ੍ਹੋਂ ਉਖੇੜਨ ਦੇ ਮੁੱਖ-ਮੰਤਵ ਦੀ ਪ੍ਰਾਪਤੀ ਲਈ ਦੂਰਰਸੀ ਨਤੀਜੇ ਨਿਕਲ ਸਕਣ। ਏਸ ਨਾਲ ਪੰਜਾਬ ਉੱਤੋਂ ਅਕਾਲੀਆਂ ਦੀ ਪਕੜ ਵੀ ਲਾਜ਼ਮੀ ਢਿੱਲੀ ਪੈਣੀ ਸੀ ਕਿਉਂਕਿ ਓਸ ਮੌਕੇ ਉਹਨਾਂ ਦੀ ਟੇਕ ਸਿੱਖ ਵੋਟਾਂ ’ਤੇ ਹੀ ਹੁੰਦੀ ਸੀ। ਇਹਨਾਂ ਪ੍ਰਸਥਿਤੀਆਂ ਵਿੱਚ ਮੰਨਣਯੋਗ ਹੋਣ ਤੋਂ ਇਲਾਵਾ ਇਹ ਧਾਰਨਾ ਸਸਬਹੁ-ਸਿੱਖ ਸਬੰਧਾਂ ਦੇ ਸਦੀਆਂ ਦੇ ਇਤਿਹਾਸ ਨਾਲ ਵੀ ਪੂਰੀ ਤਰ੍ਹਾਂ ਢੁਕਦੀ ਹੈ। ਇਹ ਮਗਰਲੇ ਘਟਨਾਕ੍ਰਮ ਦੀ ਵੀ ਤਸੱਲੀਪੂਰਵਕ ਵਿਆਖਿਆ ਕਰਦੀ ਹੈ।

ਹਿੰਦੁਸਤਾਨੀ ਸਿਆਸਤ ਦੀ ਮਹਿਸਾਸੁਰ ਨੇ ‘ਰੱਬ ਨੇ ਕਿਹਾ ਕਿ ਸੰਸਾਰ ਵਿੱਚੋਂ ਜੋ ਚਾਹੀਦਾ ਹੈ ਲੈ ਅਤੇ ਓਸ ਦੀ ਕੀਮਤ ਚੁਕਾ’ ਅਨੁਸਾਰ ਆਪਣੀ ਕਾਰਸਤਾਨੀ ਦੀ ਕੀਮਤ ਅਦਾ ਕੀਤੀ। ਅੱਖਾਂ ’ਤੇ ਪੱਟੀ ਬੰਨ੍ਹ ਕੇ ਇੱਛਾਪੂਰਵਕ ਅੰਨ੍ਹਾ ਬਣਨ ਵਾਲੇ (ਗੰਧਾਰੀ ਵਾਂਗ) ਅਤੇ ਬਦਨੀਤੀ ਤਹਿਤ ਇੱਕਦਮ ਬੋਲ਼ਾ ਬਣਨ ਵਾਲੇ (ਧ੍ਰਿਤਰਾਸ਼ਟਰ ਵਾਂਗ) ਕਿਸੇ ਨੇ ਵੀ ਅਜਿਹੇ ਭਿਆਨਕ ਕਾਰਜ ਵਿੱਚ ਸ਼ਾਮਲ ਖ਼ਤਰਿਆਂ ਦਾ ਹਕੀਕੀ ਮੁਲਾਂਕਣ ਕਰਨ ਵਿੱਚ ਅਯੋਗ ਸਿੱਧ ਹੋਣਾ ਸੀ। ਸਾਰਾ ਇਤਿਹਾਸ, ਮਿਥਿਹਾਸ ਸਾਨੂੰ ਦੱਸਦਾ ਹੈ ਕਿ ਨਫ਼ਰਤ, ਘਿਰਣਾ ਅਤੇ ਕਦੇ ਤ੍ਰਿਪਤ ਨਾ ਹੋਣ ਵਾਲੀ ਮਨੁੱਖੀ ਲਹੂ ਦੀ ਪਿਆਸ ਅਕਸਰ ਬੰਜਰ ਤੋਂ ਬੰਜਰ ਪ੍ਰਸਥਿਤੀਆਂ ਵਿੱਚੋਂ ਵੀ ਦੁਸ਼ਮਣ ਪੈਦਾ ਕਰ ਦਿੰਦੀ ਹੈ। ਭਗਤ ਪ੍ਰਹਿਲਾਦ ਲੋਹੇ ਦੇ ਲਾਲ-ਸੁਰਖ ਤੱਤੇ ਥੰਮ੍ਹ ਨੂੰ ਕਲਾਵੇ ਵਿੱਚ ਲੈਣ ਲਈ ਅਗਾਂਹ ਵਧਿਆ ਸੀ ਜਦੋਂ ਓਸ ਨੇ ਇੱਕ ਕੀੜੀ ਨੂੰ ਬੜੇ ਆਰਾਮ ਨਾਲ ਓਸ ’ਤੇ ਟਹਿਲਦਿਆਂ ਦੇਖਿਆ। ਥੰਮ੍ਹ ਦੇ ਵਿੱਚੋਂ ਹੀ ਨਰਸਿਮਹਾ ਪ੍ਰਗਟ ਹੋਇਆ ਅਤੇ ਓਸ ਨੇ ਰੱਬ-ਵਿਰੋਧੀ ਹੈਂਕੜਬਾਜ਼ ਜ਼ਾਲਮ ਨੂੰ ਆਪਣੇ ਪੰਜਿਆਂ ਨਾਲ ਪਾੜ ਦਿੱਤਾ। ਸੱਚ ਨੂੰ ਛੁਪਾਉਣ ਲਈ ਝੂਠੀਆਂ ਕਹਾਣੀਆਂ ਪ੍ਰਚੱਲਤ ਕਰਨ ਦੀ ਬਜਾਏ ਏਸ ਨੂੰ ਹਲੀਮੀਪੂਰਵਕ ਤਸਲੀਮ ਕਰਨਾ ਚਾਹੀਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਪਾਪਗ੍ਰਸਤ ਅਤੇ ਧਰਮ ਦੀ ਤੌਹੀਨ ਭਰੇ ਕਾਰੇ ਧਰਮ-ਨਿਰਪੱਖ ਅਤੇ ਲੋਕਤੰਤਰੀ ਰਾਜ-ਪ੍ਰਬੰਧ ਦੇ ਮੁਖੀਆਂ ਨੂੰ ਨਹੀਂ ਸੋਭਦੇ। ਏਸ ਤੋਂ ਪਹਿਲਾਂ ਕਿ ਇਹ ਦੇਸ਼ ਦਾ ਹੋਰ ਨੁਕਸਾਨ ਕਰਨ, ਇਹਨਾਂ ਨੂੰ ਐਲਾਨੀਆ ਤਜਿਆ ਜਾਵੇ। ਜਦੋਂ ਤੱਕ ਏਸ ਸਬੰਧੀ ਧਰਮ ਨੂੰ ਸਾਖੀ ਜਾਣ ਕੇ ਬਿਆਨ ਨਹੀਂ ਦਿੱਤਾ ਜਾਂਦਾ, ਸਿੱਖ ਸਮੇਂ ਦੇ ਗੇੜ ਵਿੱਚ ਫ਼ਸੇ ਰਹਿਣਗੇ ਅਤੇ ਅਗਾਂਹ ਨਹੀਂ ਵਧ ਸਕਣਗੇ। ਹਿੰਦ ਦੀ ਸਿਆਸਤ ਵਿੱਚ ਹਿੱਸੇਦਾਰ ਸਿੱਖਾਂ ਉੱਤੇ ‘ਜ਼ਰਖਰੀਦ ਗ਼ੁਲਾਮਾਂ’ ਦੇ ਸਮਰਥਨ ਨਾਲ ਅੱਤਿਆਚਾਰ ਕਰਨਾ ਅਜੋਕੇ ਯੁੱਗ ਵਿੱਚ ਹਕੂਮਤ ਕਰਨ ਦਾ ਸਭ ਤੋਂ ਬਦਤਰ ਤਰੀਕਾ ਹੈ। ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦੀ ਸ਼ਹੀਦੀ ਨੂੰ ਛੁਟਿਆਉਣ ਦੀਆਂ ਕੋਸ਼ਿਸ਼ਾਂ ਘਟਨਾਵਾਂ ਦੀ ਈਮਾਨਦਾਰੀ ਨਾਲ ਨਿਰਖ-ਪਰਖ ਕਰਨ ਵਾਲਿਆਂ ਦੇ ਮਨਾਂ ਅੰਦਰ ਕਿਸੇ ਤੂਫ਼ਾਨ ਨੂੰ ਸੱਦਾ-ਪੱਤਰ ਹਨ ਅਤੇ ਦਿਆਨਤਦਾਰੀ, ਮਨੁੱਖਤਾ ਅਤੇ ਦੇਸ਼-ਭਲਾਈ ਦੇ ਹਿਤ ਵਿੱਚ ਤੁਰੰਤ ਤਿਆਗੀਆਂ ਜਾਣੀਆਂ ਚਾਹੀਦੀਆਂ ਹਨ।

Post a Comment

0 Comments
Post a Comment (0)
To Top