ਮੀਡੀਆ ਰਿਪੋਰਟਾਂ ਅਨੁਸਾਰ, ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਨੇ, 27 ਫਰਵਰੀ, 2002 ਨੂੰ ਸਾਬਰਮਤੀ ਐਕਸਪ੍ਰੈੱਸ ਗੱਡੀ ਦੇ ਇੱਕ ਡੱਬੇ (ਐਸ 6) ਨੂੰ ਗੋਧਰਾ ਵਿਖੇ ਲਗਾਈ ਗਈ ਅੱਗ ਦੇ ਸਬੰਧ ਵਿੱਚ ਚੱਲ ਰਹੇ (ਗੋਧਰਾ ਕਾਂਡ) ਕੇਸ ਦਾ ਫੈਸਲਾ ਸੁਣਾ ਦਿੱਤਾ ਹੈ। ਇਸ ਅਗਨੀ ਕਾਂਡ ਵਿੱਚ 59 ਲੋਕ ਮਾਰੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਅਯੁੱਧਿਆ ਤੋਂ ਵਾਪਸ ਮੁੜ ਰਹੇ ਹਿੰਦੂ ਕਾਰਸੇਵਕ ਸਨ। ਅਦਾਲਤ ਨੇ ਇਸ ਕਾਂਡ ਲਈ 31 ਵਿਅਕਤੀਆਂ ਨੂੰ ਦੋਸ਼ੀ ਪਾਇਆ, ਜਿਨ੍ਹਾਂ ’ਚੋਂ 11 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦੋਂਕਿ 20 ਬੰਦਿਆਂ ਨੂੰ ਉਮਰ ਕੈਦ ਦਿੱਤੀ ਗਈ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਅਗਜ਼ਨੀ ਦੀ ਘਟਨਾ ਨੂੰ ਪੂਰਵ-ਨਿਯੋਜਤ (ਪਹਿਲਾਂ ਤੋਂ ਹੀ ਘੜੀ ਗਈ ਸਾਜ਼ਿਸ਼) ਦੱਸਿਆ ਸੀ। ਸਰਕਾਰੀ ਧਿਰ ਨੇ ਇਸ ਫੈਸਲੇ ’ਤੇ ‘ਸੰਤੋਖ’ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ‘ਅਦਾਲਤ ਨੇ ਮਰੇ ਵਿਅਕਤੀਆਂ ਨੂੰ ਇਨਸਾਫ ਦਿੱਤਾ ਹੈ।’ ਭਾਰਤੀ ਜਨਤਾ ਪਾਰਟੀ ਦੇ ਬਲਬੀਰ ਪੁੰਜ ਨੇ ਕਿਹਾ ਹੈ - ‘ਇਹ ਇੱਕ ਵਧੀਆ ਫੈਸਲਾ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਗੋਧਰਾ ਰੇਲ ਕਾਂਡ ਇੱਕ ਸਾਜ਼ਿਸ਼ ਸੀ।’ ਬਚਾਅ ਪੱਖ ਦੇ ਵਕੀਲ ਆਈ. ਐਮ. ਮੁਨਸ਼ੀ ਦਾ ਕਹਿਣਾ ਹੈ - ‘ਇਹ ਇੱਕ ਬੜਾ ਅਸਧਾਰਨ ਫੈਸਲਾ ਹੈ, ਜਿਸ ’ਤੇ ਯਕੀਨ ਕਰਨਾ ਮੁਸ਼ਕਿਲ ਹੈ।’ ‘ਨਾਗਰਿਕ ਅਧਿਕਾਰ ਕਮੇਟੀ’ ਦੇ ਇੱਕ ਆਗੂ ਵਕੀਲ ਮੁਕਲ ਸਿਨਹਾ ਨੇ ਕਿਹਾ ਹੈ - ‘ਇਸ ਕੇਸ ਦੇ ਸਬੂਤ ਬਹੁਤ ਕਮਜ਼ੋਰ ਸਨ ਪਰ ਇਸ ਦੇ ਬਾਵਜੂਦ ਨਾ-ਸੋਚੀ ਜਾ ਸਕਣ ਵਾਲੀ ਸਜ਼ਾ ਸੁਣਾਈ ਗਈ ਹੈ।’ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਆਪਣੀ ਟਿੱਪਣੀ ਵਿੱਚ ਕਿਹਾ ਹੈ - ‘ਆਲੇ ਦੁਆਲੇ ’ਚੋਂ ਪੈਦਾ ਕੀਤੇ ਗਏ ਸਬੂਤਾਂ ਦੇ ਅਧਾਰ ’ਤੇ ਇਹ ਫੈਸਲਾ ਦਿੱਤਾ ਗਿਆ ਹੈ, ਜਿਹੜਾ ਕਿ ਬਹੁਤ ਸਖਤ ਹੈ ਅਤੇ ਇਸ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ।’ (ਕੁਲਦੀਪ ਨਈਅਰ ਦਾ ਇਹ ਲੇਖ ਇਸੇ ਲੇਖ ਦੇ ਹੇਠਾਂ ਲਗਾਇਆ ਗਿਆ ਹੈ।). ਜਮਾਇਤੇ-ਉਲਮਾ ਹਿੰਦ ਦੇ ਮੁਖੀ ਮਹਿਮੂਦ ਮਦਨੀ ਦਾ ਕਹਿਣਾ ਹੈ - ‘ਅਸੀਂ ਗੋਧਰਾ ਕਾਂਡ ਨੂੰ ਸਾਜ਼ਿਸ਼ ਨਹੀਂ ਮੰਨਦੇ। ਗੋਧਰਾ ਕਾਂਡ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਅਸਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’ ਇਸ ਕੇਸ ਦੀ ਸੁਣਵਾਈ ਸਾਬਰਮਤੀ ਸੈਂਟਰਲ ਜੇਲ੍ਹ ਵਿੱਚ ਹੋਈ ਅਤੇ ਗੁਜਰਾਤ ਪੁਲਿਸ ਨੇ 1,500 ਦੇ ਕਰੀਬ ਦਸਤਾਵੇਜ਼ ਪੇਸ਼ ਕੀਤੇ। ਕੇਸ ਦਾ ਫੈਸਲਾ ਸਪੈਸ਼ਲ ਜੱਜ ਪੀ. ਆਰ. ਪਟੇਲ (ਇੱਕ ਗੁਜਰਾਤੀ) ਨੇ ਸੁਣਾਇਆ।
ਯਾਦ ਰਹੇ, ਗੋਧਰਾ ਕਾਂਡ ਦੀ ਆੜ ਵਿੱਚ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ‘ਹੁਕਮਾਂ’ ਹੇਠ, ਗੁਜਰਾਤ ਭਰ ਵਿੱਚ ਮੁਸਲਮਾਨਾਂ ਦਾ ਭਾਰੀ ਕਤਲੇਆਮ ਕੀਤਾ ਗਿਆ ਸੀ। ਇੱਕ ਅੰਦਾਜ਼ੇ ਮੁਤਾਬਿਕ ਇਸ ਮੁਸਲਿਮ ਨਸਲਕੁਸ਼ੀ ਵਿੱਚ 3000 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਸਨ। ਸੈਂਕੜਿਆਂ ਮਸੀਤਾਂ, ਦਰਗਾਹਾਂ ਤੇ ਮੁਸਲਮਾਨਾਂ ਦੀਆਂ ਇਤਿਹਾਸਕ ਇਮਾਰਤਾਂ ਢਾਹੀਆਂ ਗਈਆਂ ਜਾਂ ਕਬਜ਼ੇ ਕੀਤੇ ਗਏ, ਲੱਖਾਂ ਲੋਕ ਬੇਘਰ ਹੋਏ ਅਤੇ ਅਰਬਾਂ ਦੀ ਜਾਇਦਾਦ, ਲੁੱਟੀ ਤੇ ਸਾੜੀ ਗਈ ਸੀ। ਇਹ ਮੁਸਲਮਾਨ ਨਸਲਕੁਸ਼ੀ ਉਸੇ ਤਰਜ਼ ’ਤੇ ਕੀਤੀ ਗਈ ਸੀ ਜਿਵੇਂ ਕਿ ਰਾਜੀਵ ਗਾਂਧੀ ਦੇ ਹੁਕਮਾਂ ਤੇ ਨਵੰਬਰ - 1984 ਦੀ ਸਿੱਖ ਨਸਲਕੁਸ਼ੀ ਕੀਤੀ ਗਈ ਸੀ। ਰਾਜੀਵ ਗਾਂਧੀ ਤੇ ਨਰਿੰਦਰ ਮੋਦੀ ਤੋਂ ‘ਪ੍ਰੇਰਣਾ’ ਲੈ ਕੇ, ਵਰ੍ਹਾ - 2007 ਤੇ 2008 ਵਿੱਚ ਬੀ. ਜੇ. ਪੀ. ਨੇ ਕਰਨਾਟਕਾ ਤੇ ਉੜੀਸਾ ਵਿੱਚ ਇਵੇਂ ਹੀ ਇਸਾਈਆਂ ਦਾ ਕਤਲੇਆਮ ਕੀਤਾ ਅਤੇ ਹਜ਼ਾਰਾਂ ਲੋਕਾਂ ਨੂੰ ਬੇਘਰੇ ਕੀਤਾ।
ਭਾਰਤ ਵਿਚਲੇ ਸਿਆਣੇ, ਈਮਾਨਦਾਰ, ਦੇਸ਼-ਭਗਤ, ਬੁੱਧੀਜੀਵੀਆਂ ਅਤੇ ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਗੋਧਰਾ ਕਾਂਡ, ਨਰਿੰਦਰ ਮੋਦੀ ਨੇ ਖੁਦ ਕਰਵਾਇਆ ਸੀ ਤਾਂ ਕਿ ਮੁਸਲਮਾਨਾਂ ਨੂੰ ‘ਸਬਕ ਸਿਖਾਉਣ’ ਦਾ ਰਾਹ ਪੱਧਰਾ ਹੋਵੇ। ਰੇਲਵੇ ਮੰਤਰਾਲੇ ਵਲੋਂ ਇਸ ਕਾਂਡ ਦੀ ਪੜਤਾਲ ਲਈ ਬਣਾਈ ਗਈ ਪੜਤਾਲੀਆ ਕਮੇਟੀ ਨੇ ਆਪਣੀ ਰਿਪੋਰਟ ਵਿੱਚ, ਵਿਗਿਆਨਕ ਤੱਥਾਂ ਅਤੇ ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਅਧਾਰ ’ਤੇ ਇਹ ਸਾਬਤ ਕੀਤਾ ਸੀ ਕਿ ਅੱਗ, ਡੱਬੇ ਦੇ ਅੰਦਰੋਂ ਲੱਗੀ ਸੀ ਕਿਉਂਕਿ ਕਾਰਸੇਵਕ ਡੱਬੇ ਦੇ ਅੰਦਰ ਸਟੋਵ ਬਾਲ ਕੇ, ਖਾਣਾ ਬਣਾ ਰਹੇ ਸਨ। ਅੱਡ-ਅੱਡ ਪੱਤਰਕਾਰਾਂ ਦੀ ਨਿਰਪੱਖ ਰਿਪੋਰਟਿੰਗ ਵੀ, ਡੱਬੇ ਦੇ ਅੰਦਰੋਂ ਅੱਗ ਲੱਗਣ ਵੱਲ ਹੀ ਇਸ਼ਾਰਾ ਕਰਦੀ ਸੀ। ਪਰ ਨਰਿੰਦਰ ਮੋਦੀ (ਇਸ ਨੂੰ ਆਰ. ਐਸ. ਐਸ., ਬੀ. ਜੇ. ਪੀ. ਸਮੇਤ ਸਮੁੱਚਾ ਸੰਘ ਪਰਿਵਾਰ ਹੀ ਪੜਿਆ ਜਾਵੇ) ਨੂੰ ਤਾਂ ਗੁਜਰਾਤ ਭਰ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੀ ਪਿੱਠਭੂਮੀ ਚਾਹੀਦੀ ਸੀ, ਜਿਸ ਵਿੱਚ ਗੋਧਰਾ ਕਾਂਡ ਪੂਰੀ ਤਰ੍ਹਾਂ ਫਿੱਟ ਬੈਠਦਾ ਸੀ। ਵੈਸੇ ਵੀ ਗੋਧਰਾ ਦੇ ਆਸ-ਪਾਸ, ਗਰੀਬ ਮੁਸਲਮਾਨਾਂ ਦੀ ਅਬਾਦੀ ਹੈ, ਸੋ ਇਸ ਕਹਾਣੀ ਨੂੰ ਸਰਕਾਰੀ ਤੌਰ ’ਤੇ ਪੂਰੀ ਤਰ੍ਹਾਂ ਪ੍ਰਚਾਰਿਆ ਗਿਆ ਕਿ ‘ਅਯੁੱਧਿਆ ਤੋਂ ਵਾਪਸ ਪਰਤ ਰਹੇ, ਹਿੰਦੂ ਕਾਰਸੇਵਕਾਂ ਨੂੰ ਮਲੇਛ ਮੁਸਲਮਾਨਾਂ ਨੇ, ਤੇਲ ਪਾ ਕੇ ਗੱਡੀ ਵਿੱਚ ਜਿਊਂਦਿਆ ਸਾੜ ਦਿੱਤਾ, ਇਸ ਲਈ ਇਨ੍ਹਾਂ ਤੋਂ ਬਦਲਾ ਲਿਆ ਜਾਵੇ...।’ ਨਵੰਬਰ 84 ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਖਬਰ ਨੂੰ, ਭਾਰਤੀ ਦੂਰਦਰਸ਼ਨ ਵਲੋਂ ‘ਖੂਨ ਕਾ ਬਦਲਾ ਖੂਨ’ ਦੇ ਨਾਅਰਿਆਂ ਦੀ ਪਿੱਠਭੂਮੀ ਵਿੱਚ ਲਗਾਤਾਰ ਪ੍ਰਸਾਰਿਤ ਕੀਤਾ ਜਾਂਦਾ ਰਿਹਾ। ਉਸ ਦੌਰ ਵਿੱਚ ਐਚ. ਕੇ. ਐਲ. ਭਗਤ (ਜਿਸ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਿੱਚ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਧਰਮ ਦਾਸ ਸ਼ਾਸ਼ਤਰੀ ਸਮੇਤ ਪ੍ਰਮੁੱਖ ਭੂਮਿਕਾ ਨਿਭਾਈ ਸੀ) ਭਾਰਤ ਸਰਕਾਰ ਵਿੱਚ ‘ਸੂਚਨਾ ਤੇ ਪ੍ਰਸਾਰਣ ਮੰਤਰੀ’ ਸੀ। ਵਰ੍ਹਾ 2002 ਦੇ ਗੋਧਰਾ ਕਾਂਡ ਦੌਰਾਨ, ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਬੀ. ਜੇ. ਪੀ. ਦੀ ਸਰਕਾਰ ਸੀ ਅਤੇ ਫਿਰਕੂ ਹਿੰਦਾਵਣੀ ਸ਼ੁਸ਼ਮਾ ਸਵਰਾਜ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸੀ। ਵਰ੍ਹਾ 2002 ਵਿੱਚ, ਨਵੰਬਰ-84 ਦੇ ਇਤਿਹਾਸ ਨੂੰ ਮੁੜ ਦੋਹਰਾਇਆ ਗਿਆ ਸੀ।
ਜਦੋਂ ਅਸੀਂ ਭਾਰਤੀ ਇਨਸਾਫ ਦੇ ਤਰਾਜੂ ਨੂੰ ‘ਡੰਡੀਮਾਰ ਹਿੰਦੂਤਵੀ’ ਕਹਿੰਦੇ ਹਾਂ ਤਾਂ ਇਹ ਕੋਈ ਅਸਾਵੀਂ ਬਿਆਨਬਾਜ਼ੀ ਨਾ ਹੋ ਕੇ, ਸੱਚ ’ਤੇ ਅਧਾਰਿਤ ਹੈ। ਜੂਨ-84, ਨਵੰਬਰ-84 ਅਤੇ 1984 ਤੋਂ 1994 ਤੱਕ ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ, ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਕਿਸੇ ਅਦਾਲਤ, ਸਪੈਸ਼ਲ ਅਦਾਲਤ, ਹਾਈ ਕੋਰਟ, ਸੁਪਰੀਮ ਕੋਰਟ ਨੇ ਸਜ਼ਾ-ਯਾਫਤਾ ਨਹੀਂ ਕੀਤਾ ਜਦੋਂਕਿ ਅਸਲ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਵਰਗਿਆਂ ਨੂੰ ਫਾਂਸੀ ਦਿੱਤੀ ਗਈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ‘ਵਾਰੀ’ ਦੀ ਉਡੀਕ ਕਰ ਰਹੇ ਹਨ। ਦਰਜਨਾਂ ਹੋਰ ਸਿੱਖ ਨੌਜਵਾਨਾਂ ਨੇ ਸਾਰੀਆਂ ਉਮਰਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਗਾਲ ਦਿੱਤੀਆਂ ਹਨ। ਸਿੱਖਾਂ ਦੇ ਕਾਤਲ ਅੱਜ ਵੀ ਦਨਦਨਾਂਦੇ ਫਿਰਦੇ ਹਨ। ਕੋਈ ਕੇਂਦਰ ਵਿੱਚ ਵਜ਼ੀਰ ਹੈ ਅਤੇ ਕਾਤਲ ਅਫਸਰ ਤਰੱਕੀਆਂ ਪਾ ਕੇ, ਸਿਪਾਹੀਆਂ ਤੋਂ ਐਸ. ਐਸ. ਪੀ. ਅਤੇ ਵੱਡੇ ਪੱਧਰ ਦੇ ਕਾਤਲ ਡੀ. ਜੀ. ਪੀ. ਰਿਟਾਇਰ ਹੋਏ ਹਨ ਜਾਂ ਲੱਗੇ ਹੋਏ ਹਨ।
ਗੁਜਰਾਤ ਵਿੱਚ 3000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਾਤਲ, ਨਰਿੰਦਰ ਮੋਦੀ ਤੀਸਰੀ ਵਾਰ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਾ ਹੈ ਤੇ ਭਵਿੱਖ ਵਿੱਚ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੈ। ਉੜੀਸਾ ਵਿੱਚ, ਈਸਾਈ ਡਾਕਟਰ ਗ੍ਰਾਹਮ ਸਟੇਨਜ਼ (ਅਸਟਰੀਅਨ) ਅਤੇ ਉਸ ਦੇ 8 ਅਤੇ 10 ਸਾਲ ਦੇ ਦੋ ਬੱਚੇ, ਵੈਨ ਵਿੱਚ ਜਿਊਂਦੇ ਸਾੜਨ ਵਾਲਾ ਦਾਰਾ ਸਿੰਘ ਅਤੇ ਉਸ ਦਾ ਸਾਥੀ, ‘ਸਿਰਫ ਉਮਰ ਕੈਦ’ ਦਾ ਭਾਗੀ ਬਣਦਾ ਹੈ ਜਦੋਂਕਿ ਉਸ ਦੀ ਸਾਥੀ ਕਾਤਲਾਂ ਦੀ ਜੁੰਡਲੀ ਬਰੀ ਕਰ ਦਿੱਤੀ ਜਾਂਦੀ ਹੈ। ਪਰ ਇਧਰ ਗੁਜਰਾਤ ਦੇ ‘ਪਟੇਲ ਜੱਜ’ ਦਾ ਕ੍ਰਿਸ਼ਮਾ ਦੇਖੋ - ਬਿਨਾਂ ਸਬੂਤਾਂ ਤੋਂ, ਸਿਰਫ ਆਲੇ -ਦੁਆਲੇ ਦੇ ਗਵਾਹਾਂ ਦੇ ਅਧਾਰ ’ਤੇ, 11 ਗਰੀਬ ਮੁਸਲਮਾਨਾਂ ਨੂੰ ਫਾਹੇ ਲਾਉਣ ਅਤੇ ਦੂਸਰੇ 20 ਮੁਸਲਮਾਨਾਂ ਨੂੰ ਉਮਰ ਭਰ ਲਈ ਜੇਲ੍ਹ ਵਿੱਚ ਤਾੜਨ ਦਾ ‘ਫਤਵਾ’ ਸੁਣਾ ਦਿੱਤਾ ਜਾਂਦਾ ਹੈ। ਇਹ ਫੈਸਲਾ ਉਸੇ ਭਾਰਤੀ ਸੰਵਿਧਾਨ ਅਤੇ ਉਸ ਦੀਆਂ ਅੱਡ-ਅੱਡ ਧਾਰਾਵਾਂ ਦਾ ਸਹਾਰਾ ਲੈ ਕੇ ਸੁਣਾਇਆ ਗਿਆ ਹੈ, ਜਿਹੜਾ ਭਾਰਤੀ ਸੰਵਿਧਾਨ ਬਾਕੀ ਘੱਟਗਿਣਤੀ ਕੌਮਾਂ (ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦਿ ਵਾਸੀਆਂ, ਬੌਧੀਆਂ ਆਦਿ) ਉਪਰ ਜ਼ੁਲਮ ਕਰਨ ਵਾਲਿਆਂ ਸਾਹਮਣੇ ਖਾਮੋਸ਼ ਹੋ ਜਾਂਦਾ ਹੈ। ਐਸੇ ਕੇਸਾਂ ਵਿੱਚ, ਪੁਲਿਸ ਐਫ. ਆਈ. ਆਰ. ਨਹੀਂ ਲਿਖਦੀ, ਵਕੀਲਾਂ ਦੀਆਂ ਜ਼ੁਬਾਨਾਂ ਨੂੰ ਤਾਲੇ ਲੱਗ ਜਾਂਦੇ ਹਨ, ਸੀ. ਬੀ. ਆਈ. ਨੂੰ ‘ਲੋੜੀਂਦੇ ਸਬੂਤ’ ਨਹੀਂ ਮਿਲਦੇ ਅਤੇ ਜੱਜਾਂ ਦੀਆਂ ਕਲਮਾਂ ਨੂੰ ਦੰਦਲ ਪੈ ਜਾਂਦੀ ਹੈ। ਭਾਰਤ ਦੀਆਂ ਘੱਟ-ਗਿਣਤੀ ਕੌਮਾਂ ਉਦੋਂ ਤੱਕ ਭਾਰਤੀ ਜ਼ੁਲਮਤੰਤਰ ਵਿੱਚ ਪਿਸਦੀਆਂ ਰਹਿਣਗੀਆਂ, ਜਦੋਂ ਤੱਕ ਉਹ ਜਾਗਰੂਕ ਹੋ ਕੇ, ਆਪਣੇ ਹੱਕਾਂ ਲਈ ਨਹੀਂ ਖਲੋਂਦੀਆਂ ਅਤੇ ਦੁਸ਼ਮਣ ਨੂੰ ਉਸ ਦੀ ਕਰਤੂਤ ਅਨੁਸਾਰ, ਭਾਜੀ ਨਹੀਂ ਮੋੜਦੀਆਂ। ਸਿਰਫ ਦੁਆ ਕਰਨੀ ਹੀ ਕਾਫੀ ਨਹੀਂ ਹੈ, ਆਪਣੇ ਹੱਕਾਂ ਲਈ ਸਿਰਧੜ੍ਹ ਦੀ ਬਾਜ਼ੀ ਲਾਏ ਬਿਨਾਂ, ‘ਹਿੰਦੂਤਵੀ ਚਾਣਕਿਆਤੰਤਰ’ ਤੋਂ ਛੁਟਕਾਰਾ ਨਹੀਂ ਹਾਸਲ ਕੀਤਾ ਜਾ ਸਕਦਾ। ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਲਲਕਾਰਿਆ ਸੀ - ‘ਹੱਕ ਹਮੇਸ਼ਾ ਖੋਏ ਜਾਂਦੇ ਹਨ, ਮੰਗਿਆਂ ਨਹੀਂ ਮਿਲਦੇ।’ ਬਹੁਗਿਣਤੀ ਹਿੰਦੂਤਵੀ ਤਾਂ ਸਾਥੋਂ ਇਹ ਹੀ ਭਾਲਦੇ ਹਨ ਕਿ
-‘ਘੁੱਟ-ਘੁੱਟ ਕੇ ਮਰ ਜਾਊਂ,
ਯਹ ਮਰਜ਼ੀ ਮੇਰੇ ਸਈਆਦ ਕੀ ਹੈ’
ਇਹ ਅਸੀਂ ਵੇਖਣਾ ਹੈ ਕਿ ਅਸੀਂ ਆਨ ਨਾਲ ਜਿਊਣਾ ਹੈ ਜਾਂ ਹਿੰਦੂਤਵੀ ਸਮੁੰਦਰ ਵਿੱਚ ਘੁੱਟ-ਘੁੱਟ ਕੇ ਮਰਨਾ ਹੈ।
-ਡਾ. ਅਮਰਜੀਤ ਸਿੰਘ ਵਾਸ਼ਿਗਟਨ
ਗੋਧਰਾ ਕਾਂਡ
ਭਾਰਤ ਦਾ ਡੰਡੀਮਾਰ ਹਿੰਦੂਤਵੀ ‘ਇਨਸਾਫ ਤਰਾਜੂ’
9:52 PM
0
Tags
Share to other apps