ਕਿਸ਼ਤ ਨੰ. 2: ਕਿਵੇਂ ਵਿਸਾਰੇ ਗਏ ਢੁੱਡੀਕਿਆਂ ਦੇ ਗ਼ਦਰੀ ਬਾਬੇ

ਸੁਨੇਹਾ
0
(ਨੋਟ : ਇਸ ਲੇਖ ਦੀ ਪਹਿਲੀ ਕਿਸ਼ਤ ਇਸੇ ਲੇਖ ਦੇ ਹੇਠਾਂ ਦਿੱਤੀ ਗਈ ਹੈ )

- ਰਾਜਿੰਦਰ ਸਿੰਘ ਰਾਹੀ

ਭਾਈ ਰੂੜ ਸਿੰਘ ਦਾ ਜਨਮ ਤਾਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ (ਨੇੜੇ ਮੋਗਾ) ਵਿਖੇ ਸ. ਸਮੁੰਦ ਸਿੰਘ ਦੇ ਘਰ ਹੋਇਆ ਸੀ ਪਰ ਅੰਗਰੇਜ਼ਾਂ ਦੇ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਨੂੰ ਸ.ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਹੀ ਜਾਣਿਆ ਜਾਂਦਾ ਹੈ। ਸਰਕਾਰੀ ਰਿਕਾਰਡ ਵਿਚ ਇਨ੍ਹਾਂ ਗ਼ਦਰੀਆਂ ਨੂੰ ‘ਢੁੱਡੀਕੇ ਗੈਂਗ` ਕਰਕੇ ਦਰਜ ਕੀਤਾ ਗਿਆ ਹੈ। ਦਰਅਸਲ ਢੁੱਡੀਕੇ ਤਾਂ ਭਾਈ ਰੂੜ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪਰ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਉਨ੍ਹਾਂ ਦੀ ਭੈਣ ਛੋਟੇ ਛੋਟੇ ਨਿਆਣੇ ਛੱਡ ਕੇ ਚੱਲ ਵਸੀ ਤੇ ਬਾਅਦ ਵਿਚ ਉਨ੍ਹਾਂ ਦਾ ਭਣੋਈਆ ਵੀ ਉਸੇ ਰਾਹ ਹੀ ਤੁਰ ਗਿਆ। ਜਦ ਛੋਟੇ ਛੋਟੇ ਨਿਆਣਿਆਂ ਨੂੰ ਪਾਲਣ ਦਾ ਸਵਾਲ ਆਇਆ ਤਾਂ ਭਾਈ ਰੂੜ ਸਿੰਘ ਆਪਣਾ ਪਿੰਡ ਛੱਡ ਕੇ ਢੁੱਡੀਕੇ ਆ ਕੇ ਹੀ ਰਹਿਣ ਲੱਗ ਪਿਆ ਤੇ ਆਪਣੇ ਭਾਣਜੇ ਭਾਣਜੀਆਂ ਦੀ ਪਾਲਣਾ ਪੋਸ਼ਣ ਵਿਚ ਜੁਟ ਗਿਆ। ਹੌਲੀ ਹੌਲੀ ਉਹ ਢੁੱਡੀਕਿਆਂ ਦੇ ਵਾਸ਼ਿੰਦੇ ਵਜੋਂ ਹੀ ਜਾਣਿਆ ਜਾਣ ਲੱਗਿਆ ਤੇ ਢੁੱਡੀਕਿਆਂ ਦੇ ਸਿਆਸੀ ਮਾਹੌਲ ਕਾਰਨ ਹੀ ਭਾਈ ਰੂੜ ਸਿੰਘ ਨੂੰ ਸਿਆਸੀ ਜਾਗ ਲੱਗੀ ਸੀ।

ਜਦ ਕੈਨੇਡਾ-ਅਮਰੀਕਾ ਦੇ ਗ਼ਦਰੀ ਬਾਬੇ ਗਦਰ ਕਰਨ ਲਈ ਆਪਣੇ ਦੇਸ਼ ਵਾਪਸ ਆਏ ਤਾਂ ਪਿੰਡ ਢੁੱਡੀਕਿਆਂ ਦੇ ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਵੀ ਕੈਨੇਡਾ ਤੋਂ ਆਪਣੇ ਪਿੰਡ ਪਰਤ ਆਏ। ਉਨ੍ਹਾਂ ਦੇ ਆਉਣ ਨਾਲ ਪਿੰਡ ਦੇ ਮਾਹੌਲ ਨੇ ਸਿਆਸੀ ਰੰਗਤ ਫੜਨੀ ਸ਼ੁਰੂ ਕਰ ਦਿੱਤੀ। ਇਸ ਸਿਆਸੀ ਰੰਗਤ ਵਿਚ ਇਕੱਲਾ ਪਿੰਡ ਢੁੱਡੀਕੇ ਹੀ ਨਹੀਂ ਰੰਗਿਆ ਗਿਆ, ਇਸ ਦੇ ਆਲੇ ਦੁਆਲੇ ਦੇ ਅਨੇਕਾਂ ਪਿੰਡ ਵੀ ਸਿਆਸੀ ਰੰਗ ਵਿਚ ਰੰਗੇ ਗਏ। ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਵੱਲੋਂ ਪਿੰਡ ਵਿਚ ਗ਼ਦਰ ਪਾਰਟੀ ਦਾ ਯੂਨਿਟ ਕਾਇਮ ਕਰਨ ਨਾਲ, ਇਥੇ ਮੀਟਿੰਗਾਂ ਹੋਣ ਲੱਗ ਪਈਆਂ ਤੇ ਆਲੇ ਦੁਆਲੇ ਦੇ ਗ਼ਦਰੀ ਵੀ ਇਥੇ ਇਕੱਠੇ ਹੋਣ ਲੱਗ ਪਏ। ਧਾਰਮਿਕ ਖਿਆਲਾਂ ਅਤੇ ਸਿੱਖੀ ਦੇ ਰੰਗ ਵਿਚ ਰੰਗੇ ਹੋਣ ਕਾਰਨ ਭਾਈ ਰੂੜ ਸਿੰਘ ਦੀ ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਨਾਲ ਵੀ ਨੇੜਤਾ ਹੋ ਗਈ। ਵੈਸੇ ਉਸ ਦੀ ਨੇੜਤਾ ਪਹਿਲਾਂ ਹੀ ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ (ਵੱਡਾ), ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ, ਮਾਸਟਰ ਫੇਰਾ ਸਿੰਘ, ਬਾਬਾ ਅਤਰ ਸਿੰਘ, ਬਾਬਾ ਸੁੰਦਰ ਸਿੰਘ ਵਰਗੀਆਂ ਧਾਰਮਿਕ ਤੇ ਸਮਾਜਿਕ ਕੰਮਾਂ ਦੀਆਂ ਮੋਹਰੀ ਸ਼ਖਸੀਅਤਾਂ ਨਾਲ ਸੀ।

ਪੰਜਾਬ ਵਿਚ ਗ਼ਦਰ ਕਰਨ ਬਾਰੇ ਰਾਤਾਂ ਨੂੰ ਮੀਟਿੰਗਾਂ ਭਾਈ ਪਾਖਰ ਸਿੰਘ ਦੇ ਖੂਹ `ਤੇ ਹੋਣ ਲੱਗੀਆਂ ਜਿਨ੍ਹਾਂ ਵਿਚ ਢੁੱਡੀਕਿਆਂ ਦੇ ਗ਼ਦਰੀਆਂ ਤੋਂ ਇਲਾਵਾ ਬਾਹਰੋਂ ਡਾ. ਅਰੂੜ ਸਿੰਘ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ, ਭਾਈ ਪ੍ਰੇਮ ਸਿੰਘ ਸੁਰਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ ਵਗੈਰਾ ਸ਼ਾਮਲ ਹੁੰਦੇ ਸਨ। ਇਨ੍ਹਾਂ ਮੀਟਿੰਗਾਂ ਵਿਚ ਗ਼ਦਰ ਕਰਕੇ ਅੰਗਰੇਜ਼ਾਂ ਨੂੰ ਦੇਸੋਂ ਬਾਹਰ ਕੱਢਣ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ। ਭਾਈ ਰੂੜ ਸਿੰਘ ਇਨ੍ਹਾਂ ਮੀਟਿੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਸ ਨੇ ਤਨੋ ਮਨੋ ਗ਼ਦਰੀਆਂ ਦੇ ਨਾਲ ਤੁਰਨ ਦਾ ਫੈਸਲਾ ਕਰ ਲਿਆ ਸੀ। ਜਦ ਉਨ੍ਹਾਂ ਨੂੰ ਸ੍ਰੀ ਕਰਤਾਰ ਸਿੰਘ ਸਰਾਭੇ ਰਾਹੀਂ ਸੁਨੇਹਾ ਮਿਲਿਆ ਕਿ 21 ਫਰਵਰੀ 1915 ਦਾ ਦਿਨ ਗ਼ਦਰ ਕਰਨ ਲਈ ਨਿਸ਼ਚਿਤ ਕੀਤਾ ਗਿਆ ਹੈ ਤਾਂ ਭਾਈ ਰੂੜ ਸਿੰਘ ਵੀ ਆਪਣੇ ਦੂਜੇ ਸਾਥੀਆਂ ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਪਾਲਾ ਸਿੰਘ ਵੱਡਾ ਆਦਿ ਨਾਲ ਨਾਰੰਗਵਾਲ (ਲੁਧਿਆਣਾ) ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਕੋਲ ਚਲਿਆ ਗਿਆ। ਭਾਈ ਸਾਹਿਬ ਦੇ ਪਿੰਡ ਤੋਂ ਇਕ ਕੋਹ ਦੱਖਣ ਵੱਲ ਵਸੇ ਪਿੰਡ ਗੁੱਜਰਵਾਲ ਵਿਖੇ 14 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ। ਜਿਥੇ ਮਾਲਵੇ ਵਿਚੋਂ ਹੋਰ ਵੀ ਸੱਠ ਦੇ ਕਰੀਬ ਗ਼ਦਰੀ ਆਏ ਹੋਏ ਸਨ। ਇਸ ਅਖੰਡ ਪਾਠ `ਤੇ ਸ.ਕਰਤਾਰ ਸਿੰਘ ਸਰਾਭਾ ਵੀ ਪਹੁੰਚਿਆ ਹੋਇਆ ਸੀ। ਇਸ ਮੌਕੇ `ਤੇ ਪਹੁੰਚੇ ਹੋਏ ਆਗੂਆਂ ਨੇ ਅਰਦਾਸ ਕਰਨ ਉਪਰੰਤ ਇਕੱਠੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਗ਼ਦਰੀਆਂ ਦੀ ਮਦਦ ਕੀਤੀ ਜਾਵੇ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਜਾਵੇ। ਸ.ਕਰਤਾਰ ਸਿੰਘ ਸਰਾਭਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ 21 ਫਰਵਰੀ ਨੂੰ ਫਿਰੋਜ਼ਪੁਰ ਜਥੇ ਸਮੇਤ ਪਹੁੰਚਣ ਦਾ ਪ੍ਰੋਗਰਾਮ ਬਣਾ ਕੇ ਸ਼ਾਮ ਨੂੰ ਸੱਜਣ ਸਿੰਘ ਨੂੰ ਨਾਲ ਲੈ ਕੇ ਚੱਲਿਆ ਗਿਆ। ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ 21 ਫਰਵਰੀ ਤੋਂ ਪਹਿਲਾਂ ਹੀ ਸੁਨੇਹਾ ਮਿਲ ਗਿਆ ਕਿ ਗ਼ਦਰ ਦੀ ਤਾਰੀਕ ਦੋ ਦਿਨ ਪਹਿਲਾਂ 19 ਫਰਵਰੀ ਦੀ ਕਰ ਦਿੱਤੀ ਗਈ ਹੈ, ਇਸ ਕਰਕੇ 19 ਫਰਵਰੀ ਸ਼ਾਮ ਨੂੰ ਫਿਰੋਜ਼ਪੁਰ ਪਹੁੰਚਿਆ ਜਾਵੇ। ਗ਼ਦਰ ਦੀ ਨਵੀਂ ਤਾਰੀਕ ਮਿਲਣ ਉਪਰੰਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੱਲੋਂ 17 ਫਰਵਰੀ ਨੂੰ ਫਿਰ ਢੰਡਾਰੀ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਰੇ ਗ਼ਦਰੀਆਂ ਨੂੰ 19 ਫਰਵਰੀ ਨੂੰ ਫਿਰੋਜ਼ਪੁਰ ਪਹੁੰਚਣ ਦਾ ਪ੍ਰੋਗਰਾਮ ਦੱਸਿਆ ਗਿਆ। ਇਸ ਮੌਕੇ ਵੀ ਭਾਈ ਰੂੜ ਸਿੰਘ ਆਪਣੇ ਬਾਕੀ ਸਾਥੀਆਂ ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਈਸ਼ਰ ਸਿੰਘ ਆਦਿ ਨਾਲ ਸੀ; ਸ੍ਰੀ ਅਖੰਡ ਪਾਠ ਦੀ ਅਰਦਾਸ ਉਪਰੰਤ ਸ਼ਹੀਦੀ ਗਾਨੇ ਬੰਨ੍ਹ ਕੇ ਭਾਈ ਸਾਹਿਬ ਦੇ ਘਰ ਆ ਕੇ ਪੰਜਾਂ ਪਿਆਰਿਆਂ ਕੋਲੋਂ ਪਿਛਲੀਆਂ ਭੁੱਲਾਂ ਬਖ਼ਸ਼ਾਈਆਂ ਗਈਆਂ। ਕਿਉਂਕਿ ਸਾਰੇ ਜਥੇ ਨੂੰ ਪਤਾ ਸੀ ਕਿ ਉਹ ਜੋ ਕੰਮ ਕਰਨ ਜਾ ਰਹੇ ਹਨ, ਇਸ ਵਿਚ ਸ਼ਹੀਦੀ ਦਾ ਇਨਾਮ ਅਵੱਸ਼ ਮਿਲੇਗਾ। ਪਿਛਲੀਆਂ ਭੁੱਲਾਂ ਬਖਸ਼ਾਉਣ ਦਾ ਉਨ੍ਹਾਂ ਦਾ ਮਤਲਬ ਸੀ ਕਿ ਬਿਲਕੁਲ ਪਵਿੱਤਰ ਗੁਰਸਿੱਖਾਂ ਵਾਂਗ ਸ਼ਹੀਦੀ ਪਾਈ ਜਾਵੇ। ਪਿਛਲਾ ਕੋਈ ਪਾਪ ਜਾਂ ਮੰਦਾ ਕਰਮ ਉਨ੍ਹਾਂ ਦੇ ਨਾਲੋਂ ਪੂਰੀ ਤਰ੍ਹਾਂ ਧੋਤਾ ਜਾਵੇ। ਭਾਈ ਸਾਹਿਬ ਕੋਲੋਂ ਸ਼ਹੀਦੀ ਗਾਨੇ ਬੰਨ੍ਹ ਕੇ ਬਹੁਤ ਸਾਰੇ ਗ਼ਦਰੀ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ। ਭਾਈ ਰੂੜ ਸਿੰਘ ਵੀ ਆਪਣੇ ਸਾਥੀਆਂ ਨਾਲ ਪਿੰਡ ਢੁੱਡੀਕੇ ਆ ਗਏ। ਪਰ ਭਾਈ ਈਸ਼ਰ ਸਿੰਘ ਭਗੌੜਾ ਹੋਣ ਕਾਰਨ ਪਿੰਡ ਨਹੀਂ ਆ ਸਕਿਆ। ਇਸ ਜਥੇ ਵੱਲੋਂ 19 ਫਰਵਰੀ ਨੂੰ ਗੱਡੀ ਵਿਚ ਫਿਰੋਜ਼ਪੁਰ ਜਾਣ ਦਾ ਪ੍ਰੋਗਰਾਮ ਸੀ, ਜਿਸ ਗੱਡੀ ਵਿਚ ਲੁਧਿਆਣੇ ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਥਾ ਆਉਣਾ ਸੀ। ਉਸ ਦਿਨ ਇਸ ਗੱਡੀ ਵਿਚ ਮੁੱਲਾਂਪੁਰ ਤੋਂ ਭਾਈ ਉਤਮ ਸਿੰਘ ਹਾਂਸ ਤੇ ਭਾਈ ਈਸ਼ਰ ਸਿੰਘ ਢੁੱਡੀਕੇ, ਜਗਰਾਉਂ ਤੋਂ ਭਾਈ ਅਰਜਣ ਸਿੰਘ ਆਦਿ ਤੇ ਅਜਿੱਤਵਾਲ ਤੋਂ ਭਾਈ ਰੂੜ ਸਿੰਘ ਦਾ ਜਥਾ ਸਵਾਰ ਹੋਇਆ। ਗੱਡੀ ਦੇ ਇਕ ਡੱਬੇ ਵਿਚ ਇਹ ਸਾਰਾ ਜਥਾ ਇਕੱਠਾ ਹੋ ਗਿਆ। ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਸਾਰਾ ਜਥਾ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦਾ ਆ ਰਿਹਾ ਸੀ ਤਾਂ ਉਸ ਡੱਬੇ ਦੀ ਪਛਾਣ ਕੋਈ ਮੁਸ਼ਕਲ ਨਹੀਂ ਸੀ। ਭਾਈ ਰੂੜ ਸਿੰਘ ਹੋਰੀਂ ਵੀ ਜਥੇ ਵਿਚ ਸ਼ਾਮਲ ਹੋ ਕੇ ਕੀਰਤਨ ਕਰਨ ਵਿਚ ਮਸਤ ਹੋ ਗਏ।

ਕੀਰਤਨ ਕਰਦਾ ਹੋਇਆ ਇਹ ਜਥਾ ਫਿਰੋਜ਼ਪੁਰ ਸਟੇਸ਼ਨ `ਤੇ ਪਹੁੰਚਿਆ। ਅੱਗੇ ਸਟੇਸ਼ਨ ਨੂੰ ਪੁਲਿਸ ਨੇ ਘੇਰਿਆ ਹੋਇਆ ਸੀ। ਇਹ ਜਥਾ ਪੁਲਿਸ ਨੂੰ ਚਕਮਾ ਦੇ ਕੇ ਲੰਘ ਗਿਆ ਕਿ ਅਸੀਂ ਤਾਂ ਕੀਰਤਨੀ ਜਥਾ ਹਾਂ, ਕਿਸੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਾਂ। ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਜਥੇ ਨੂੰ ਸ. ਕਰਤਾਰ ਸਿੰਘ ਸਰਾਭਾ ਮਿਲ ਗਿਆ, ਜਿਸ ਨੇ ਮੰਦਭਾਗੀ ਖ਼ਬਰ ਸੁਣਾ ਕੇ ਜਥੇ ਦੇ ਸ਼ਹੀਦੀ ਚਾਓ `ਤੇ ਪਾਣੀ ਫੇਰ ਦਿੱਤਾ ਕਿ ਗ਼ਦਰ ਦੀ ਇਹ ਸਕੀਮ ਵੀ ਫੇਲ੍ਹ ਹੋ ਗਈ ਹੈ ਤੇ ਛਾਉਣੀਆਂ ਦੇ ਫੌਜੀ ਤਾਂ ਬੇਹਥਿਆਰੇ ਕਰਕੇ, ਬਦਲ ਦਿੱਤੇ ਗਏ ਹਨ। ਸਿੱਖੀ ਸੰਗਤ ਤੇ ਸ਼ਬਦ ਕੀਰਤਨ ਵਿਚ ਮਸਤ ਜਥੇ ਅੰਦਰ ਖਾਲਸਈ ਜੋਸ਼ ਠਾਠਾਂ ਮਾਰ ਰਿਹਾ ਸੀ ਕਿ ਕਦੋਂ ਜਾ ਕੇ ਛਾਉਣੀ ਵਿਚੋਂ ਹਥਿਆਰ ਮਿਲਣ ਤੇ ਕਦੋਂ ਜੰਗ ਦਾ ਬਿਗਲ ਵਜਾ ਕੇ ਅੰਗਰੇਜ਼ਾਂ ਨੂੰ ਮਾਰੀਏ ਤੇ ਸ਼ਹੀਦੀਆਂ ਪਾਈਏ। ਪਰ ਇਹ ਸਧਰ ਦਿਲ ਵਿਚ ਹੀ ਰਹਿ ਗਈ। ਸ. ਕਰਤਾਰ ਸਿੰਘ ਸਰਾਭਾ ਜਥੇ ਨੂੰ ਚਾਂਦਮਾਰੀ ਵਾਲੇ ਮੈਦਾਨ ਵਿਚ ਲੈ ਗਿਆ ਤੇ ਉਥੇ ਹੋਰ ਗ਼ਦਰੀ ਵੀ ਇਕੱਠੇ ਹੋ ਗਏ। ਇਥੋਂ ਨਿਰਾਸ਼ ਹੋ ਕੇ ਭਾਵੇਂ ਗ਼ਦਰੀ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ, ਪਰ ਇਸ ਨਿਰਾਸ਼ਾ ਦਾ ਭਾਈ ਰੂੜ ਸਿੰਘ, ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਭਾਈ ਉਤਮ ਸਿੰਘ ਹਾਂਸ, ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ ਵੱਡਾ ਆਦਿ `ਤੇ ਕੋਈ ਮਾਰੂ ਅਸਰ ਨਾ ਹੋਇਆ।

ਭਾਵੇਂ 19 ਫਰਵਰੀ ਦੇ ਗ਼ਦਰ ਦੀ ਸਕੀਮ ਵੀ ਫੇਲ੍ਹ ਹੋ ਗਈ ਸੀ, ਸ. ਕਰਤਾਰ ਸਿੰਘ ਸਰਾਭਾ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਪਰ ਢੁੱਡੀਕਿਆਂ ਦੇ ਗ਼ਦਰੀਆਂ ਨੇ ਹਿੰਮਤ ਨਾ ਹਾਰੀ। ਉਹ ਸਮਝਦੇ ਸਨ ਕਿ ਜੇਕਰ ਉਨ੍ਹਾਂ ਕੋਲ ਚੰਗੇ ਹਥਿਆਰ ਆ ਜਾਣ, ਇਕ ਤਾਂ ਉਹ ਜੇਲ੍ਹਾਂ ਵਿਚ ਬੰਦ ਆਪਣੇ ਸਾਥੀਆਂ ਨੂੰ ਛੁਡਾ ਸਕਦੇ ਹਨ, ਦੂਜਾ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਨੂੰ ਸੋਧ ਸਕਦੇ ਹਨ। ਇਸ ਮਕਸਦ ਲਈ ਭਾਈ ਜਵੰਦ ਸਿੰਘ ਨੰਗਲ ਵੱਲੋਂ ਆਪਣੇ ਹੀ ਪਿੰਡ ਦੇ ਜ਼ੈਲਦਾਰ ਚੰਦਾ ਸਿੰਘ ਨੂੰ ਸੋਧਣ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਨੇ 12 ਅਪ੍ਰੈਲ 1915 ਨੂੰ ਕੈਨੇਡਾ ਤੋਂ ਆਏ ਗ਼ਦਰੀ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਭਾਈ ਜਵੰਧ ਸਿੰਘ ਨੰਗਲ 25 ਅਪ੍ਰੈਲ 1915 ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਮ ਨੂੰ ਜ਼ੈਲਦਾਰ ਚੰਦਾ ਸਿੰਘ ਦੇ ਘਰ ਪਹੁੰਚ ਗਏ ਤੇ ਉਸ ਨੂੰ ਸੋਧ ਦਿੱਤਾ। ਇਸ ਮੌਕੇ ਉਸ ਨਾਲ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਢੁੱਡੀਕੇ ਤੇ ਭਾਈ ਉਤਮ ਸਿੰਘ ਹਾਂਸ ਆਦਿ ਸਨ।

ਨੰਗਲ ਕਲਾਂ ਦੇ ਇਸ ਐਕਸ਼ਨ ਤੋਂ ਬਾਅਦ ਗ਼ਦਰੀਆਂ ਵੱਲੋਂ 25 ਮਈ 1915 ਨੂੰ ਪਿੰਡ ਢੁੱਡੀਕੇ ਵਿਖੇ ਰਾਤ ਨੂੰ ਦਾਉਧਰ ਵਾਲੇ ਪਾਸੇ ਸੂਏ ਕੋਲ ਵੱਡੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਭਰ ਦੇ ਗ਼ਦਰੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿਚ 5 ਜੂਨ ਨੂੰ ਕਪੂਰਥਲਾ ਦਾ ਅਸਲਾਖਾਨਾ ਲੁੱਟਣ ਦਾ ਪ੍ਰੋਗਰਾਮ ਬਣਾਇਆ ਗਿਆ। 5 ਜੂਨ ਨੂੰ ਭਾਈ ਰੂੜ ਸਿੰਘ, ਭਾਈ ਈਸ਼ਰ ਸਿੰਘ, ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ ਵੱਡਾ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ, ਭਾਈ ਵੀਰ ਸਿੰਘ ਬਾਹੋਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਅਰਜਨ ਸਿੰਘ ਜਗਰਾਉਂ, ਭਾਈ ਕਪੂਰ ਸਿੰਘ ਕਾਂਉਕੇ ਆਦਿ ਕਪੂਰਥਲੇ ਪਹੁੰਚ ਗਏ। ਪਰ ਬੰਦਿਆਂ ਅਤੇ ਹਥਿਆਰਾਂ ਦੀ ਘਾਟ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰਕੇ 11 ਜੂਨ ਨੂੰ ਅੰਮ੍ਰਿਤਸਰ ਦੇ ਵੱਲਾ ਪੁਲ ਦੀ ਰੇਲਵੇ ਗਾਰਦ ਕੋਲੋਂ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ ਤੇ ਗਦਰੀ ਵੱਖ-ਵੱਖ ਪਾਸਿਆਂ ਨੂੰ ਖਿੰਡ ਗਏ।

ਦੂਜੇ ਦਿਨ ਸੁੰਦਰ ਤੇ ਹਰਨਾਮਾ ਨਾਂ ਦੇ ਬੌਰੀਏ ਤਿੱਤਰ ਫੜਦੇ ਫੜਦੇ ਫੌਜੀ ਬੈਰਕਾਂ ਦੇ ਪਿਛੇ ਆ ਗਏ। ਉਥੇ ਐਨੇ ਸਾਰੇ ਬੰਦਿਆਂ ਦੀਆਂ ਪੈੜਾਂ `ਤੇ ਛਵੀਆਂ ਦੇ ਨਿਸ਼ਾਨ ਦੇਖ ਕੇ ਉਨ੍ਹਾਂ ਨੂੰ ਕਿਸੇ ਗੜਬੜ ਦੀ ਸ਼ੱਕ ਪੈ ਗਈ। ਉਨ੍ਹਾਂ ਇਹ ਵੀ ਦੇਖ ਲਿਆ ਕਿ 28 ਬੰਦੇ ਕੰਡਿਆਂ ਦੀ ਵਾੜ ਟੱਪ ਕੇ ਦੂਜੇ ਪਾਸੇ ਗਏ ਹਨ। ਉਹ ਪੈੜਾਂ ਮਗਰ ਹੋ ਤੁਰੇ। 18 ਗਦਰੀਆਂ ਵਿਚੋਂ 7 ਕਰਤਾਰਪੁਰ ਵਲ, 3 ਛਾਉਣੀ ਵਲ ਤੇ 4 ਜਾਣੇ ਕਾਲਾ ਸੰਘਿਆ ਵੱਲ ਗਏ ਸਨ। ਪੱਕੀ ਸੜਕ `ਤੇ ਜਾ ਕੇ ਕੁਝ ਪੈੜਾਂ ਗੁਆਚ ਗਈਆਂ ਪਰ ਬੌਰੀਏ ਕਾਲਾ ਸੰਘਿਆ ਨੂੰ ਜਾ ਰਹੀਆਂ ਚਾਰ ਪੈੜਾਂ ਪਿਛੇ ਹੋ ਤੁਰੇ। ਕਾਲਾ ਸੰਘਿਆ ਪਹੁੰਚ ਕੇ ਉਨ੍ਹਾਂ ਨਾਲ ਨਾਲ ਪੁਲਿਸ ਲੈ ਲਈ ਤੇ ਪਿੰਡ ਚਿੱਟੀ ਦੇ ਗੁਰਦੁਆਰਾ ਸਾਹਿਬ ਵਿਚ ਚਲੇ ਗਏ। ਉਥੋਂ ਗੁਰਦੁਆਰੇ ਵਿਚੋਂ ਪੁਲਿਸ ਨੇ ਭਾਈ ਬੀਰ ਸਿੰਘ ਬਾਹੋਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਅਰਜਣ ਸਿੰਘ ਜਗਰਾਉਂ ਤੇ ਭਾਈ ਕਪੂਰ ਸਿੰਘ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ।

ਭਾਵੇਂ ਪਾਰਟੀ ਲਈ ਇਹ ਕਾਫ਼ੀ ਵੱਡੀ ਸੱਟ ਸੀ ਪਰ ਫਿਰ ਵੀ ਭਾਈ ਰੂੜ ਸਿੰਘ ਅਤੇ ਸਾਥੀਆਂ ਨੇ ਹੌਂਸਲਾ ਨਾ ਹਾਰਿਆ। ਉਨ੍ਹਾਂ ਨੇ 11 ਜੂਨ ਦੇ ਵੱਲ੍ਹਾ ਪੁਲ ਵਾਲੇ ਐਕਸਨ ਨੂੰ ਕਰਨ ਦੀ ਤਿਆਰੀ ਰੱਖ। ਇਸ ਦਿਨ ਭਾਈ ਬੰਤਾ ਸਿੰਘ ਸੰਘਵਾਲ, ਭਾਈ ਜਵੰਧ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ, ਭਾਈ ਰੂੜ ਸਿੰਘ ਢੁੱਡੀਕੇ, ਭਾਈ ਈਸ਼ਰ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਭਾਈ ਪਾਲਾ ਸਿੰਘ ਢੁੱਡੀਕੇ (ਵੱਡਾ), ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ, ਭਾਈ ਪ੍ਰੇਮ ਸਿੰਘ ਸੁਰ ਸਿੰਘ, ਭਾਈ ਕਾਲਾ ਸਿੰਘ ਸੁਰ ਸਿੰਘ ਆਦਿ ਵਲੋਂ ਰਾਤ ਨੂੰ ਰੇਲਵੇ ਪੁਲ `ਤੇ ਲੱਗੀ ਗਾਰਦ ਦੇ ਦੋ ਬੰਦੇ ਮਾਰ ਕੇ ਅਸਲਾ ਲੁੱਟਿਆ ਗਿਆ। ਭਾਈ ਕਾਲਾ ਸਿੰਘ ਅਤੇ ਭਾਈ ਬੰਤਾ ਸਿੰਘ ਸੰਘਵਾਲ ਨੇ ਫੌਜੀਆਂ ਦੀਆਂ ਵਰਦੀਆਂ ਪਾ ਕੇ ਰਫ਼ਲਾਂ ਮੋਢਿਆਂ ਵਿਚ ਪਾ ਲਈਆਂ। ਰਾਹ ਜਾਂਦਿਆਂ ਗਦਰੀਆਂ ਨੇ ਇਕ ਰਾਜਪੂਤ ਜ਼ੈਲਦਾਰ ਦਾ ਘੋੜਾ ਖੋਹ ਲਿਆ। ਦਿਨ ਚੜ੍ਹਨ ਕਾਰਨ ਪੁਲਿਸ ਅਤੇ ਲੋਕਾਂ ਦੀ ਬਾਹਰ ਡਾਕੂ ਸਮਝ ਕੇ ਇਨ੍ਹਾਂ ਦੇ ਪਿਛੇ ਲੱਗ ਤੁਰੀ । ਗਦਰੀ ਮੁਕਾਬਲਾ ਕਰਦੇ ਹੋਏ ਗੋਇੰਦਵਾਲ ਤੋਂ ਦਰਿਆ ਬਿਆਸ ਪਾਰ ਗਏ। ਇਸ ਤੋਂ ਪਹਿਲਾਂ ਹੀ ਗਦਰੀਆਂ ਦੀਆਂ ਦੋ ਪਾਰਟੀਆਂ ਬਣ ਗਈਆਂ ਸਨ। ਭਾਈ ਰੂੜ ਸਿੰਘ ਢੁੱਡੀਕੇ ਤੇ ਭਾਈ ਬਚਨ ਸਿੰਘ ਢੁੱਡੀਕੇ ਹੋਰ ਰਸਤੇ ਕਪੂਰਥਲਾ ਪਹੁੰਚ ਗਏ ਸਨ। ਪੁਲਿਸ ਵਲੋਂ ਤਾਰਾਂ ਦੇਣ ਕਾਰਨ ਅਗਾਂਹ ਕਪੂਰਥਲਾ ਵਾਲੇ ਪਾਸੇ ਵੀ ਪੁਲਿਸ ਅਤੇ ਲੋਕਾਂ ਦੀ ਵਾਹਰ ਗਦਰੀਆਂ ਦਾ ਮੁਕਾਬਲਾ ਕਰਨ ਲਈ ਖੜੀ ਸੀ। ਗਦਰੀਆਂ ਦਾ ਇਹ ਮੁਕਾਬਲਾ ਛੱਤੀ ਘੰਟੇ ਚਲਿਆ। ਭਾਈ ਰੂੜ ਸਿੰਘ ਕਿਸੇ ਪਾਸਿਉਂ ਕੱਪੜਿਆਂ ਦੀ ਪੰਡ ਲੈ ਕੇ ਆ ਗਿਆ ਤਾਂ ਕਿ ਘਿਰੇ ਹੋਏ ਗਦਰੀ ਭੇਸ ਬਦਲ ਕੇ ਨਿਕਲ ਜਾਣ। ਗਦਰੀਆਂ ਨੇ ਹਥਿਆਰ ਰੇਤ ਵਿਚ ਦੱਬ ਦਿੱਤੇ ਅਤੇ ਉਹ ਭੇਸ ਬਦਲ ਕੇ ਬਚ ਨਿਕਲਣ ਵਿਚ ਸਫ਼ਲ ਹੋ ਗਏ। ਭਾਈ ਰੂੁੜ ਸਿੰਘ, ਭਾਈ ਈਸ਼ਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਪਾਲਾ ਸਿੰਘ ਵੱਡਾ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਜਵੰਦ ਸਿੰਘ ਨੰਗਲ ਆਦਿ ਬੈਠ ਕੇ ਨਿਕਲ ਗਏ।

ਭਾਈ ਰੂੜ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਪਹੁੰਚਣ ਵਿਚ ਸਫ਼ਲ ਹੋ ਗਿਆ। ਪੁਲਿਸ ਵਲੋਂ ਪੜਤਾਲ ਕਰਨ ਉਪਰੰਤ ਭਾਈ ਰੂੜ ਸਿੰਘ ਦਾ ਨਾਂ ਵੱਡੀਆਂ ਵਾਰਦਾਤਾਂ ਵਿਚ ਸ਼ਾਮਲ ਪਾਇਆ ਗਿਆ। ਅਖ਼ੀਰ ਇਨ੍ਹਾਂ ਨੂੰ ਪੁਲਿਸ ਨੇ 5 ਅਗਸਤ 1915 ਨੂੰ ਪਿੰਡ ਢੁੱਡੀਕੇ ਘਰੋਂ ਹੀ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਉਪਰ ਲਾਹੌਰ ਸਾਜਿਸ਼ ਕੇਸ-2 ਦਾ ਮੁੱਕਦਮਾ ਚਲਿਆ, ਜੋ ਕਿ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਤੇ ਜਿਸ ਦਾ ਫ਼ੈਸਲਾ 30 ਮਾਰਚ 1916 ਨੂੰ ਸੁਣਾਇਆ ਗਿਆ। ਇਸ ਫ਼ੈਸਲੇ ਵਿਚ ਭਾਈ ਰੂੜ ਸਿੰਘ ਢੁੱਡੀਕੇ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ ਤੇ ਭਾਈ ਰੰਗਾ ਸਿੰਘ ਖੁਰਦਪੁਰ ਫਾਂਸੀ ਅਤੇ ਘਰ ਘਾਟ ਜਯਤੀ ਦੀ ਸਜ਼ਾ ਸੁਣਾਈ ਗਈ।

ਜੇਲ੍ਹ ਵਿਚ ਆਪ ਪੂਰੀ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਅਤੇ ਨਿਰੰਤਰ ਪਾਠ ਤੇ ਸ਼ਬਦ ਕੀਰਤਨ ਕਰਦੇ ਸਨ। ਸ. ਹਰੀ ਸਿੰਘ ਢੁੱਡੀਕੇ ਦੇ ਦੱਸਣ ਅਨੁਸਾਰ ਭਾਈ ਰੂੜ ਸਿੰਘ ਦਾ ਘਰ ਭਾਈ ਪਾਖਰ ਸਿੰਘ ਦੇ ਘਰ ਨੇੜੇ ਹੋਣ ਕਾਰਨ ਗੁਰਬਾਣੀ ਅਤੇ ਸਿਆਸੀ ਵਿਚਾਰਾਂ ਦੀ ਪਾਹੁ ਉਨ੍ਹਾਂ ਤੋਂ ਚੜ੍ਹ ਗਈ ਸੀ। ਹਰੀ ਸਿੰਘ ਅਨੁਸਾਰ ਬਾਬਾ ਪਾਲਾ ਸਿੰਘ ਦੱਸਿਆ ਕਰਦੇ ਸਨ ਕਿ ਭਾਈ ਰੂੜ ਸਿੰਘ ਨੂੰ ਇੱਕ ਅੱਖੋ ਘੱਟ ਦਿਸਦਾ ਸੀ ਤੇ ਇਕ ਕੰਨੋ ਘੱਟ ਸੁਣਦਾ ਸੀ ਪਰ ਫਿਰ ਵੀ ਉਹ ਹਰ ਕੰਮ ਤੇ ਐਕਸ਼ਨ ਵਿਚ ਮੂਹਰੇ ਰਹਿੰਦਾ ਸੀ। ਹਾਰਡਕੌਰ ਹੋਣ ਕਰਕੇ ਉਸ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ ਸੀ। ਅਖ਼ੀਰ 5 ਯੋਧਿਆਂ ਨੂੰ 18 ਜੂਨ 1916 ਐਤਵਾਰ ਨੂੰ ਲਾਹੌਰ ਦੀ ਸੈਂਟਰਲ ਜੇਲ ਵਿਚ ਫਾਂਸੀ ਦੇ ਦਿੱਤੀ ਗਈ ਤੇ ਲਾਸ਼ਾਂ ਜੇਲ੍ਹ ਵਿਚ ਹੀ ਜਲਾ ਦਿੱਤੀਆਂ ਗਈਆਂ। ਇਸ ਯੋਧੇ ਦੀ ਪਿੰਡ ਢੁੱਡੀਕੇ ਵਿਖੇ ਕੋਈ ਯਾਦਗਾਰ ਨਹੀਂ ਹੈ।

ਇਸ ਲੇਖ ਦੀ ਪਹਿਲੀ ਕਿਸ਼ਤ ਇਸੇ ਲੇਖ ਦੇ ਹੇਠਾਂ ਦਿੱਤੀ ਗਈ ਹੈ। ਜੇ ਕਿਸੇ ਕਾਰਨ ਉਹ ਲੇਖ ਇੱਥੇ ਵਿਖਾਈ ਨਹੀਂ ਦੇ ਰਿਹਾ ਤਾਂ ਇੱਥੇ ਕਲਿਕ ਕਰਕੇ ਵੀ ਤੁਸੀਂ ਉਕਤ ਲੇਖ ਪੜ੍ਹ ਸਕਦੇ ਹੋ।

Post a Comment

0 Comments
Post a Comment (0)
To Top