Monday, November 15, 2010

ਮਾਰਕਸੀ ਚਿੰਤਕਾਂ ਦੀ ਬੌਧਿਕ ਕਾਬਲੀਅਤ ਉੱਤੇ ਹੱਸੀਏ ਕਿ ਰੋਈਏ ?

ਪ੍ਰੇਮ ਸਿੰਘ ਅਪਣੇ ਨਾਂ ਹੇਠਲੇ ਲੇਖ ਅਪਣੀ ਪਤਨੀ ਤੋਂ ਲਿਖਵਾਉਂਦਾ ਹੈ?

ਅਜਮੇਰ ਸਿੰਘ ਦੀਆਂ ਕਿਤਾਬਾਂ 'ਤੇ ਸਿੱਖ ਵਿਰੋਧੀ ਤੱਥ-ਹੀਣ ਟੀਕਾ-ਟਿੱਪਣੀਆਂ ਕਰਨ ਵਾਲਾ ਮਾਰਕਸੀ ਪ੍ਰੇਮ ਸਿੰਘ ਇਸ ਲੇਖ ਦੇ ਲੇਖਕ ਸ. ਰਾਜਿੰਦਰ ਸਿੰਘ ਰਾਹੀ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਸਗੋਂ ਗੱਲਬਾਤ ਦੌਰਾਨ ਉਸ ਵਲੋਂ ਵਾਰ-ਵਾਰ ਅਪਣੀ ਪਤਨੀ ਤੋਂ ਪੁੱਛਣਾ ਕਿ "ਹੁਣ ਮੈਂ ਕੀ ਜਵਾਬ ਦਵਾਂ" ਇਹੋ ਇਸ਼ਾਰਾ ਕਰਦਾ ਹੈ ਕਿ ਉਹ ਅਪਣੇ ਨਾਂ ਤੇ ਲੇਖ ਵੀ ਅਪਣੀ ਪਤਨੀ ਤੋਂ ਹੀ ਲਿਖਵਾਉਂਦਾ ਹੈ।ਇੰਨਾ ਹੀ ਨਹੀਂ ਸਗੋਂ ਅਪਣੇ ਲੇਖ ਸਬੰਧੀ ਤੱਥ ਅਤੇ ਸਬੂਤ ਪੇਸ਼ ਕਰਨ ਦੀ ਜਿੰਮੇਵਾਰੀ ਤੋਂ ਵੀ ਉਹ ਬੜੀ ਬੇਸ਼ਰਮੀ ਅਤੇ ਕਮੀਨਗੀ ਨਾਲ ਭੱਜਦਾ ਨਜ਼ਰ ਆਇਆ। ਉਸਦਾ ਕਹਿਣਾ ਹੈ ਕਿ ਅਪਣੇ ਲਿਖੇ ਬਾਰੇ ਤੱਥ ਤੇ ਸਬੂਤ ਪੇਸ਼ ਕਰਨਾ ਉਸਦੀ ਜਿੰਮੇਵਾਰੀ ਨਹੀਂ ਸਗੋਂ ਪਾਠਕ ਆਪ 'ਇਤਿਹਾਸ' ਦੀਆਂ ਕਿਤਾਬਾਂ ਨਾਲ ਮੱਥੇ ਮਾਰ ਕੇ ਉਸਦੇ ਲਿਖੇ ਕਾਲੇ ਲੇਖਾਂ ਬਾਰੇ ਸਬੂਤ ਅਤੇ ਤੱਥ ਲੱਭਣ।...ਇਹ ਹੈ ਅਖੌਤੀ ਕਾਮਰੇਡ 'ਵਿਦਵਾਨਾਂ' ਦੀ ਲਿਆਕਤ...ਪੜ੍ਹੋ ਇਹ ਲੇਖ :

-ਰਾਜਿੰਦਰ ਸਿੰਘ ਰਾਹੀ
ਪਿਛਲੇ ਦਿਨੀ ਬਜੁਰਗ ਮਾਰਕਸਵਾਦੀ ਚਿੰਤਕ ਡਾ.ਪ੍ਰੇਮ ਸਿੰਘ ਨੇ ਸਿੱਖ ਰਾਜਨੀਤੀ ਦੇ ਵਿਸ਼ਲੇਸ਼ਕ ਸ.ਅਜਮੇਰ ਸਿੰਘ ਦੀਆਂ ਤਿੰਨ ਪੁਸਤਕਾਂ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’, ‘ਕਿਸ ਬਿਧ ਰੁਲੀ ਪਾਤਸ਼ਾਹੀ’, ਤੇ ‘1984-ਅਣਚਿਤਵਿਆ ਕਹਿਰ’ ’ਤੇ ਟਿੱਪਣੀ ਕੀਤੀ ਹੈ। ਡਾ. ਸਾਹਿਬ ਦੀ ਇਹ ਟਿੱਪਣੀ ਪੜ੍ਹ ਕੇ ਨਾ ਹੀ ਕੋਈ ਹੈਰਾਨੀ ਹੋਈ ਹੈ ਤੇ ਨਾ ਹੀ ਉਨ੍ਹਾਂ ਨਾਲ ਕਿਸੇ ਬੌਧਿਕ ਸੰਵਾਦ ਵਿਚ ਪੈਣ ਦੀ ਉਤੇਜਨਾ ਪੈਦਾ ਹੋਈ ਹੈ ਕਿਉਂਕਿ ਜਿਸ ਮਨਸ਼ਾ ਅਤੇ ਜਿਸ ਨਜ਼ਰੀਏ ਤੋਂ ਡਾ.ਪ੍ਰੇਮ ਸਿੰਘ ਨੇ ਇਨ੍ਹਾਂ ਪੁਸਤਕਾਂ ’ਤੇ ਟਿੱਪਣੀ ਕੀਤੀ ਹੈ,

ਉਹ ਭਾਰਤੀ ਸਟੇਟ, ਹਿੰਦੂ ਬਹੁਗਿਣਤੀ ਅਤੇ ਖੱਬੇਪੱਖੀਆਂ ਦਾ ਸਾਂਝਾ ਨਜ਼ਰੀਆ ਹੈ। ਡਾ.ਪ੍ਰੇਮ ਸਿੰਘ ਇਸ ਧਿਰ ਦਾ ਬੁਲਾਰਾ ਹੋਣ ਕਰਕੇ ਉਹ ਇਸ ਵਿਚਾਰਧਾਰਾ ਦੀ ਹੀ ਪ੍ਰਤੀਨਿਧਤਾ ਕਰਦਾ ਹੈ।
ਉਹ ਪ੍ਰਤੱਖ ਤੌਰ ’ਤੇ, ਭਾਰਤੀ ਸਟੇਟ ਤੇ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਘਿਣਾਉਣੇ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਂਦਾ ਹੈ, ਅਤੇ ਇਸ ਕੁਕਰਮ ਨੂੰ ਸਹੀ ਠਹਿਰਾਉਣ ਲਈ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ‘ਵਾਈਟ ਪੇਪਰ’ ਦਾ ਸਹਾਰਾ ਲੈਂਦਾ ਹੈ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਖ ਜੁਝਾਰੂਆਂ ਉਤੇ ਵਾਰ ਵਾਰ ਦੋਸ਼ ਲਾਉਂਦਾ ਹੈ ਕਿ ਉਨ੍ਹਾਂ ਨੇ ਨਿਹੱਥੇ ਹਿੰਦੂਆਂ ਦੇ ਕਤਲ ਕੀਤੇ। ਪਰ ਉਹ ਭਾਰਤੀ ਸਟੇਟ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਹੀ ਸਿੱਖਾਂ ਦਾ ਇਕ ਵਾਰ ਵੀ ਜ਼ਿਕਰ ਨਹੀਂ ਕਰਦਾ। ਇਸ ਤੋਂ ਉਸ ਦੀਆਂ ਹਮਦਰਦੀਆਂ ਦਾ ਸਾਫ਼ ਪਤਾ ਚੱਲ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਿੱਖਾਂ ਦੀ ਸ਼ਰਧਾ ਦੇ ਸ਼੍ਰੋਮਣੀ ਕੇਂਦਰ ਸ੍ਰੀ ਦਰਬਾਰ ਸਾਹਿਬ ਉਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਬੇਹਿਮੀ ਨਾਲ ਕਤਲ ਕਰ ਦੇਣ ਵਾਲੀ ਇੰਦਰਾ ਗਾਂਧੀ ਉਸ ਨੂੰ ਇਕ ‘ਭੋਲੀ ਭਾਲੀ ਤੇ ਬੇਕਸੂਰ ਔਰਤ’ ਨਜ਼ਰ ਆਉਂਦੀ ਹੈ, ਅਤੇ ਉਸ ਦੇ ਰੋਹ ਵਿਚ ਆਏ ਸਿੱਖ ਬਾਡੀ ਗਾਰਡਾਂ ਵਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਪ੍ਰੇਮ ਸਿੰਘ ਜੀ ਨੂੰ ‘ਬੁਜ਼ਦਿਲਾਨਾ ਕਾਰਵਾਈ’ ਲਗਦੀ ਹੈ।

ਡਾ. ਪ੍ਰੇਮ ਸਿੰਘ, ਸ.ਅਜਮੇਰ ਸਿੰਘ ਦੀਆਂ ਹੀ ਨਹੀਂ, ਸਿੱਖ ਇਤਿਹਾਸ ਦੀਆਂ ਕੁਝ ਸਥਾਪਤ ਧਾਰਨਾਵਾਂ ਤੇ ਸੱਚਾਈਆਂ ਨੂੰ ਰੱਦ ਕਰਦਾ ਹੈ, ਜਦੋਂ ਉਹ ਆਖਦਾ ਹੈ ਕਿ:

1. ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਜੰਗ ਵਾਸਤਵ ਵਿਚ ‘ਹਿੰਦ ਪੰਜਾਬ’ ਦੀ ਜੰਗ ਸੀ। ਇਹ ਇਕੱਲੇ ਸਿੱਖਾਂ ਦੀ ਜੰਗ ਨਹੀਂ ਸੀ।

2. ‘ਰਾਣੀ ਜਿੰਦਾਂ ਦੇ ਨੇਪਾਲ ’ਚ ਸ਼ਰਨ ਲੈਣ ਮੌਕੇ ਇਕੱਲੇ ਸਿੱਖਾਂ ਵਿਚ ਹੀ ਨਹੀਂ, ਸਮੂਹ ਪੰਜਾਬੀਆਂ ਵਿਚ ਅੰਗਰੇਜ਼ ਵਿਰੋਧੀ ਭਾਵਨਾ ਸੀ।’

ਸਿੱਖ ਕੌਮ ਦੇ ਚੇਤੰਨ ਬੁੱਧੀਜੀਵੀਆਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਤੋਂ ਭਾਰਤੀ ਸਟੇਟ ਅਤੇ ਖੱਬੇ ਪੱਖੀ ਵਿਦਵਾਨ ਸਿੱਖਾਂ ਦੇ ਇਤਿਹਾਸ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਤੋੜ ਮਰੋੜ ਕੇ ਪੇਸ਼ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਕਿਸੇ ਕੌਮ ਦਾ ਇਤਿਹਾਸ ਵਿਗਾੜ ਦਿਤਾ ਜਾਵੇ ਤਾਂ ਕੌਮ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ। ਡਾ. ਪ੍ਰੇਮ ਸਿੰਘ ਵੀ ਉਨ੍ਹਾਂ ਵਿਚ ਸ਼ਾਮਲ ਕਿਹਾ ਜਾ ਸਕਦਾ ਹੈ। ਇਹ 1947 ਤੋਂ ਪਹਿਲਾਂ ਦੇ ਸਿੱਖ ਇਤਿਹਾਸ ਨੂੰ ਪੰਜਾਬੀਆਂ ਦਾ ਇਤਿਹਾਸ ਆਖਦੇ ਹਨ, ਜਿਸ ਦਾ ਭਾਵ ਹੈ ਕਿ ਇਸ ਵਿਚ ਹਿੰਦੂ ਸਿੱਖ ਤੇ ਮੁਸਲਮਾਨ ਤਿੰਨੇ ਕੌਮਾਂ ਸ਼ਾਮਲ ਹਨ। ਜਦ ਇਹ 1947 ਤੋਂ ਬਾਅਦ ਦੇ ਸਿੱਖ ਇਤਿਹਾਸ ਨੂੰ ਪੰਜਾਬ ਜਾਂ ਪੰਜਾਬੀਆਂ ਦਾ ਇਤਿਹਾਸ ਆਖਦੇ ਹਨ ਤਾਂ ਇਸ ਦਾ ਭਾਵ ਇਹੋ ਹੁੰਦਾ ਹੈ ਕਿ ਇਸ ਵਿਚ ਹਿੰਦੂ ਸਿੱਖ ਦੋਵੇਂ ਕੌਮਾਂ ਸਾਂਝੇ ਰੂਪ ਵਿਚ ਸ਼ਾਮਲ ਹਨ। ਜੋ ਇਤਿਹਾਸ ਦਾ ਵੱਡਾ ਵਿਗਾੜ ਹੈ। ਇਨ੍ਹਾਂ ਨੇ ਸ਼ਾਹ ਮੁਹੰਮਦ ਦੀ ਰਚਨਾ ‘ਜੰਗ ਸਿੰਘਾਂ ਤੇ ਫ਼ਰੰਗੀਆਂ’ ਨੂੰ ‘ਜੰਗ ਹਿੰਦ ਪੰਜਾਬ ਦਾ’ ਬਣਾ ਦਿਤਾ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ‘ਜੱਗ ਦੀ ਚਾਦਰ’ ਤੋਂ ‘ਹਿੰਦ ਦੀ ਚਾਦਰ’ ਬਣਾ ਦਿੱਤਾ ਹੈ।

ਇੱਕ ਗੱਲ ਹੋਰ ਮੈਂ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰੇ ਮਨ ਵਿੱਚ ਡਾ.ਪ੍ਰੇਮ ਸਿੰਘ ਬਾਰੇ ਇੱਕ ਪ੍ਰੌੜ ਮਾਰਕਸੀ ਚਿੰਤਕ ਦਾ ਅਕਸ ਬਣਿਆ ਹੋਇਆ ਸੀ। ਇਸਦੇ ਨਾਲ ਹੀ ਬਜ਼ੁਰਗ ਹੋਣ ਕਾਰਨ ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਸੀ ਅਤੇ ਹੁਣ ਵੀ ਕਰਦਾ ਹਾਂ। ਮੈਂ ਉਨ੍ਹਾਂ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਉਨ੍ਹਾਂ ਦੀਆਂ ਕਮਜ਼ੋਰੀਆਂ ਫੜਣ ਜਾਂ ਘੁਣਤਰਾਂ ਕੱਢਣ ਲਈ ਨਹੀਂ ਸਗੋਂ ਅਪਣੀ ਬੌਧਿਕ ਜਗਿਆਸਾ ਕਾਰਨ ਉਨ੍ਹਾਂ ਤੋਂ ਵਿਸਥਾਰ ਵਿੱਚ ਅਜਮੇਰ ਸਿੰਘ ਦੇ ਸਿੱਖ ਇਤਿਹਾਸ ਸਬੰਧੀ ਲੇਖੇ ਜੋਖੇ ਬਾਰੇ ਮਾਰਕਸੀ ਪਹੁੰਚ ਜਾਣਨ ਦੇ ਨਾਲ ਨਾਲ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਆਖ਼ਰ ਅਜਮੇਰ ਸਿੰਘ ਕਿੱਥੇ ਟਪਲਾ ਕਾ ਗਿਆ ਹੈ। ਕਿਉਂਕਿ ਅਜਮੇਰ ਸਿੰਘ ਵਲੋਂ ਕੀਤੇ ਖੋਜ ਕਾਰਜ ਦਾ ਪਾਠਕ ਅਤੇ ਪ੍ਰਸੰਸਕ ਹੋਣ ਦੇ ਬਾਵਜੂਦ ਮੇਰੀ ਧਾਰਨਾ ਹੈ ਕਿ ਕੋਈ ਵਿਅਕਤੀ ਹਸਤੇ ਆਖ਼ਰ (ਸੋਲਾਂ ਕਲਾਂ ਸੰਪੂਰਨ) ਨਹੀਂ ਹੁੰਦਾ। ਪਰ ਪ੍ਰੇਮ ਸਿੰਘ ਨਾਲ ਹੋਈ ਗੱਲਬਾਤ ਨੇ ਮੈਨੂੰ ਨਿਰਾਸ਼ ਹੀ ਨਹੀਂ ਕੀਤਾ ਸਗੋਂ ਮਾਰਕਸੀ ਚਿੰਤਕਾਂ ਦੇ ਇੱਕ ਪੜਾਅ ਉੱਤੇ ਜਾ ਕੇ ਬੌਧਿਕ ਵਿਕਾਸ ਦੇ ਦਰ ਬੰਦ ਹੋ ਜਾਣ ਦੀ ਉਦਾਸੀ ਵੀ ਹੋਈ। ਜਿੱਥੋਂ ਤੱਕ ਨੌਜਵਾਨ ਮਾਰਕਸੀ ਚਿੰਤਕ ਜਸਵੀਰ ਸਮਰ, ਜਿਸਨੂੰ ਪ੍ਰੇਮ ਸਿੰਘ ਵਰਗੇ ਹੰਢੇ ਵਰਤੇ ਵਿਦਵਾਨ ਨੇ ਅਪਣੀਆਂ ਦਲੀਲਾਂ ਦੇ ਪੱਖ ਵਿੱਚ ਮੈਦਾਨ ਵਿੱਚ ੳਤਾਰਿਆ ਹੈ, ਦੀਆਂ ਧਾਰਨਾਵਾਂ ਅਤੇ ਲਿਖਤਾਂ ਸਵਾਲ ਹੈ, ਮੇਰਾ ਇੰਨਾ ਹੀ ਕਹਿਣਾ ਹੈ ਕਿ ਪੱਤਰਕਾਰੀ ਦੇ ਖੇਤਰ ਵਿੱਚ ਹੋਣ ਕਾਰਨ ਕਿਸੇ ਅਖ਼ਬਾਰ ਰਿਸਾਲੇ ’ਚ ਅਪਣੀ ਮਾੜੀ ਮੋਟੀ ਰਚਨਾ ਛਪਵਾ ਲੈਣ ਨਾਲ (ਹਲਦੀ ਦੀ ਗੰਢੀ ਨਾਲ ਪੰਸਾਰੀ ਬਣ ਜਾਣ ਦੀ ਲੋਕ ਕਹਾਣੀ ਵਾਂਗ) ਕੋਈ ਇਸ ਕਦਰ ਮਹਾਨ ਨਹੀਂ ਹੋ ਜਾਂਦਾ ਕਿ ਅਪਣੀ ਸਾਰੀ ਉਮਰ ਕਮਿਉਨਿਸਟ ਵਿਚਾਰਧਾਰਾ ਨੂੰ ਸਮ੍ਰਪਿਤ ਕਰਨ ਵਾਲੇ ੍ਰਂੇਮ ਸਿੰਘ ਨੂੰ ਢਲਦੀ ਉਮਰੇ ਅਜਿਹੇ ਉਤਸ਼ਾਹੀ ਨੌਜਵਾਨਾਂ ਦੀਆਂ ਸੰਕੀਰਣ ਗੱਲਾਂ ਦਾ ਸਹਾਰਾ ਲੈਣਾ ਪਏ।

‘ਚਿਰਾਗ’ ਵਿਚ ਛਪੀ ਡਾ.ਪ੍ਰੇਮ ਸਿੰਘ ਦੀ ਲਿਖਤ (ਜਿਸਨੂੰ ਅੰਮ੍ਰਿਤਸਰ ਟਾਈਮਜ਼ ਨੇ ਅਪਣੇ ਪਿਛਲੇ ਅੰਕ ਵਿੱਚ ਛਾਪਿਆ) ਪੜ੍ਹ ਕੇ ਮੇਰੇ ਕੋਲੋਂ ਰਿਹਾ ਨਾ ਗਿਆ, ਅਤੇ ਮੇਰੇ ਮਨ ਵਿਚ ਦੋ ਵੱਡੇ ਸੁਆਲ ਉਠ ਖੜ੍ਹੇ ਹੋਏ। ਇਕ ਤਾਂ ਇਹ ਕਿ ਅੰਗਰੇਜ਼ਾਂ ਵੱਲੋਂ ਪੰਜਾਬ ਉਤੇ ਕਬਜ਼ਾ ਕਰ ਲੈਣ ਤੋਂ ਬਾਅਦ ਜਦ ਖਾਲਸਾ ਫੌਜ ਨੂੰ ਭੰਗ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਘਰੋ-ਘਰੀ ਭੇਜ ਦਿਤਾ ਗਿਆ ਸੀ, ਤਾਂ ਉਸ ਵਿਚ ਕਿੰਨੇ ਕਿੰਨੇ ਹਿੰਦੂ ਤੇ ਮੁਸਲਮਾਨ ਸਨ, ਅਤੇ ਖਾਲਸਾ ਰਾਜ ਦੇ ਖਾਤਮੇ ਤੋਂ ਬਾਅਦ ਹਿੰਦੂਆਂ ਤੇ ਮੁਸਲਮਾਨ ਵਲੋਂ ਅੰਗਰੇਜ਼ਾਂ ਖਿਲਾਫ ਕਿਹੜੀਆਂ ਕਿਹੜੀਆਂ ਲੜਾਈਆਂ ਲੜੀਆਂ ਗਈਆਂ ਸਨ? ਦੂਜਾ, ਰਾਣੀ ਜਿੰਦਾਂ ਦੇ ਦੇਸ ਨਿਕਾਲੇ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਵਲੋਂ ਆਪਣੇ ਵਿਰੋਧ ਦਾ ਕਿਵੇਂ ਕਿਵੇਂ ਤੇ ਕਿਥੇ ਕਿਥੇ ਪ੍ਰਗਟਾਵਾ ਕੀਤਾ ਗਿਆ ਸੀ (ਸਿੱਖਾਂ ਦੇ ਵਿਰੋਧ ਬਾਰੇ ਤਾਂ ਸ.ਅਜਮੇਰ ਸਿੰਘ ਨੇ ਆਪਣੀਆਂ ਪੁਸਤਕਾਂ ਵਿਚ ਤਫ਼ਸੀਲ ਨਾਲ ਦੱਸ ਹੀ ਦਿੱਤਾ ਹੈ)। ਮੈਂ 17 ਅਕਤੂਬਰ ਨੂੰ ਡਾ. ਪ੍ਰੇਮ ਸਿੰਘ ਨੂੰ ਫੋਨ ਲਾ ਲਿਆ ਤੇ ਆਪਣੇ ਦੋਵੇਂ ਸੁਆਲ ਦੁਹਰਾਅ ਦਿਤੇ। ਡਾਕਟਰ ਸਾਹਿਬ ਨੇ ਕਿਹਾ ਕਿ ਸਿੱਖ ਫੌਜਾਂ ਵਿਚ ਹਿੰਦੂ ਮੁਸਲਮਾਨ ਦੋਵੇਂ ਹੀ ਸਨ, ਸਾਰੇ ਪੰਜਾਬੀ ਹੀ ਅੰਗਰੇਜ਼ਾਂ ਖਿਲਾਫ ਲੜੇ ਸਨ। ਮੈਂ ਫਿਰ ਕਿਹਾ ਕਿ ਡਾਕਟਰ ਸਾਹਿਬ ਮੇਰਾ ਸੁਆਲ ਤਾਂ ਹਿੰਦੂਆਂ ਮੁਸਲਮਾਨਾਂ ਦੀ ਗਿਣਤੀ ਤੋਂ ਹੈ, ਇਹ ਕਿੰਨੀ ਕਿੰਨੀ ਗਿਣਤੀ ਵਿਚ ਸ਼ਾਮਲ ਸਨ। ਡਾਕਟਰ ਸਾਹਿਬ ਨੇ ਕਿਹਾ ਕਿ ਗਿਣਤੀ ਦੇ ਅੰਕੜੇ ਤਾਂ ਇਸ ਵਕਤ ਮੇਰੇ ਕੋਲ ਨਹੀਂ ਹਨ ਪਰ ਇਹ ਗੱਲ ਪ੍ਰਚੱਲਤ ਹੈ। ਮੈਂ ਕਿਹਾ, ‘ਡਾਕਟਰ ਸਾਹਿਬ ਤੁਸੀਂ ਵੱਡੇ ਵਿਦਵਾਨ ਹੋ, ਜਦ ਤੁਸੀਂ ਅਜਮੇਰ ਸਿੰਘ ਵਲੋਂ ਅਪਣੀਆਂ ਲਿਖਤਾਂ ਵਿੱਚ ਪੇਸ਼ ਦਲੀਲਾਂ ਨੂੰ ਕੱਟਣਾ ਹੈ ਤਾਂ ਤੱਥ ਰਹਿਤ ਗੱਲਾਂ ਨਾਲ ਨਹੀਂ ਹੋਣਾ। ਇਸ ਦੀ ਖਾਤਰ ਠੋਸ ਲਿਖਤੀ ਸਬੂਤ ਅਤੇ ਇਤਿਹਾਸਕ ਤੱਥ ਪੇਸ਼ ਕਰੋ। ਮੇਰੀ ਇਸ ਗੱਲ ਨਾਲ ਡਾਕਟਰ ਸਾਹਿਬ ਘਬਰਾਅ ਗਏ। ਉਹ ਆਪਣੀ ਜੀਵਨ ਸਾਥਣ ਸ੍ਰੀਮਤੀ ਦਲਵੀਰ ਕੌਰ ਨੂੰ ਪੁੱਛਣ ਲੱਗੇ (ਜੋ ਮੈਨੂੰ ਫੋਨ ਰਾਹੀਂ ਸੁਣ ਰਿਹਾ ਸੀ) ‘ਦਲਬੀਰ ਇਹ ਕੋਈ ਬੰਦਾ ਬੜੀ ਡੀਟੇਲ enqury ਕਰ ਰਿਹਾ ਹੈ, ਮੈਂ ਇਸ ਨੂੰ ਕੀ ਕਹਾਂ?….. ਅੱਛਾ ਮੈਂ ਉਸ ਨੂੰ ਕਹਿ ਦਿੰਦਾ ਹਾਂ ਕਿ ਉਹ ਅਖ਼ਬਾਰ ਨੂੰ ਲਿਖ ਕੇ ਭੇਜ ਦੇਵੇ ਮੈਂ ਉਥੇ ਜੁਆਬ ਦਿਆਂਗਾ।’
ਡਾਕਟਰ ਸਾਹਿਬ ਨੇ ਮੈਨੂੰ ਕਹਿ ਦਿਤਾ ਕਿ ‘ਆਪਣੇ ਸੁਆਲ ਅਖਬਾਰ ਨੂੰ ਲਿਖ ਕੇ ਭੇਜ ਦੇ।’

‘ਛੱਡੋ ਡਾਕਟਰ ਸਾਹਿਬ ਮੇਰੇ ਤਾਂ ਐਵੇਂ ਮਾਮੂਲੀ ਜੇ ਦੋ ਸੁਆਲ ਨੇ, ਮੈਨੂੰ ਲਿਖਣਾ ਵੀ ਨਹੀਂ ਆਉਂਦਾ, ਜੇ ਲਿਖ ਵੀ ਲਏ ਤਾਂ ਅਖਬਾਰ ਛਾਪਦਾ ਨਹੀਂ, ਤੁਸੀਂ ਫੋਨ ’ਤੇ ਹੀ ਜੁਆਬ ਦੇ ਦੇਵੋ।’ (ਮੈਂ ਆਪਣਾ ਨਾਂ ਰਾਜਿੰਦਰ ਸਿੰਘ ਦੱਸ ਦਿਤਾ ਸੀ ਪਰ ਸ਼ਾਇਦ ਡਾ. ਪ੍ਰੇਮ ਸਿੰਘ ਨੂੰ ਮੇਰੀ ਪਛਾਣ ਨਹੀਂ ਸੀ ਆਈ)

‘ਦੇਖੋ ਸ਼ਾਹ ਮੁਹੰਮਦ ਇਸ ਨੂੰ ਹਿੰਦ ਪੰਜਾਬ ਦਾ ਜੰਗ ਆਖਦਾ ਹੈ, ਇਸ ਦਾ ਮਤਲਬ ਹੈ, ਸਾਰੇ ਪੰਜਾਬੀ ਕੱਠੇ ਲੜੇ ਨੇ।’
ਡਾਕਟਰ ਪ੍ਰੇਮ ਸਿੰਘ ਨੇ ਸ਼ਾਹ ਮੁਹੰਮਦ ਦਾ ਲੰਗੜਾ ਸਹਾਰਾ ਲਿਆ ਤਾਂ ਮੈਂ ਅੱਗੋਂ ਕਿਹਾ:
‘ਡਾਕਟਰ ਸਾਹਿਬ ਸ਼ਾਹ ਮੁਹੰਮਦ ਪੰਜਾਬ ਦੀ GeogrophicAl Term ਵਰਤਦਾ ਹੈ, ਜਿਸ ਦਾ ਅਰਥ ਸਿੱਖ ਪੰਜਾਬ ਤੋਂ ਹੀ ਹੈ ਜਿਸ ਦੀ ਖਾਤਰ ਸਿੱਖ ਫੌਜਾਂ, ਅੰਗਰੇਜ਼ਾਂ ਤੇ ਪੂਰਬੀਆਂ ਨਾਲ ਲੜ ਰਹੀਆਂ ਨੇ, ਜੋ ਹਿੰਦ ਦੇ ਮਾਲਕ ਹਨ।

‘ਸ਼ਾਹ ਮੁਹੰਮਦ ਹਿੰਦੂ ਸਿੱਖਾਂ ਤੇ ਮੁਸਲਮਾਨਾਂ ਦਾ ਜਿਕਰ ਕਰਦਾ ਹੈ।’ ਡਾ. ਪ੍ਰੇਮ ਸਿੰਘ ਨੇ ਆਪਣੀ ਗੱਲ ’ਤੇ ਜ਼ੋਰ ਦਿਤਾ।
ਮੈਂ ਕਿਹਾ: ‘ਡਾਕਟਰ ਸਾਹਿਬ ਉਹ ਪੰਜਾਬ ਦੇ ਭੂਗੋਲਿਕ ਖਿਤੇ ਵਿਚ ਤਿੰਨੇ ਜਾਤਾਂ ਦੇ ਵਸਣ ਦੀ ਗੱਲ ਜ਼ਰੂਰ ਕਰਦਾ ਹੈ ਪਰ ਲੜਾਈ ਵਿਚ ਸਿਰਫ਼ ਸਿੱਖਾਂ ਦਾ ਹੀ ਜ਼ਿਕਰ ਕਰਦਾ ਹੈ, ਜਿਵੇਂ :-
‘ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,
ਚਲੋ ਜਾ ਫ਼ਰੰਗੀ ਨੂੰ ਮਾਰੀਏ ਜੀ।….
ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।….
ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮੰਟ
ਖੰਡੇ ਧਾਰ ਦੇ ਸਿਕਲ ਕਰਾਂਵਦੇ ਜੀ…..
ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸੁਮਾਰ ਮੀਆਂ
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ
ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ…
ਛੱਡ ਗਏ ਨੇ ਸਿੰਘ ਮੈਦਾਨ ਖਾਲੀ
ਖੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ…..
ਸ਼ਾਹ ਮੁਹੰਮਦ ਕਹਿੰਦੇ ਨੇ ਲੋਕ ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾਇ ਆਏ।
ਪਿਛੇ ਬੈਠ ਸਰਦਾਰਾਂ ਗੁਰਮਤਾ ਕੀਤਾ
ਕੋਈ ਅਕਲ ਦਾ ਕਰੋ ਇਲਾਜ ਯਾਰੋ
ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ
ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ….
ਸ਼ਾਹ ਮੁੰਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ…..
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ
ਜੇੜੀਆਂ ਖਾਲਸੇ ਨੇ ਤੇਗਾ ਮਾਰੀਆਂ ਜੀ।’

ਮੇਰੀ ਇਸ ਤਰ੍ਹਾਂ ਦੀ ੜੋਲਲਏ ਨਾਲ ਡਾ. ਪ੍ਰੇਮ ਸਿੰਘ ਇਕ ਤਰ੍ਹਾਂ ਨਾਲ ਬੌਂਦਲ ਗਿਆ। ਮੈਂ ਉਸ ਨੂੰ ਠਰੰਮੇ ਨਾਲ ਕਿਹਾ:
‘ਡਾਕਟਰ ਸਾਹਿਬ ਸ਼ਾਹ ਮੁਹੰਮਦ, ਅਜ਼ਹਰ ਮਾਲੀ ਤੇ ਮਾਖੇ ਖਾਂ ਵਰਗੇ ਮੁਸਲਮਾਨਾਂ ਦਾ ਜ਼ਿਕਰ ਵੀ ਕਰਦਾ, ਪਰ ਉਹ ਖਾਲਸਾ ਫੌਜਾਂ ਦੇ ਮੁਲਾਜ਼ਮ ਸੀ, ਜੇਕਰ ਜੰਗ ਵਿਚ ਜਨਰਲ ਵੈਨਤੂਰਾ ਲੜਦਾ ਹੁੰਦਾ ਤਾਂ ਇਹਦੇ ਨਾਲ ਇਹ ਜੰਗ ਪੰਜਾਬੀ+ਫਰਾਂਸੀਸੀਆਂ ਤੇ ਅੰਗਰੇਜ਼ਾਂ ਦੀ ਨਹੀਂ ਸੀ ਬਣ ਜਾਣੀ।’

‘ਤੁਸੀਂ ਇਹ ਸਾਰਾ ਕੁਝ ਅਖਬਾਰ ਨੂੰ ਲਿਖ ਕੇ ਭੇਜੋ, ਮੈਂ ਉਥੇ ਜੁਆਬ ਦੇਉਂਗਾ।’ ਡਾ. ਪ੍ਰੇਮ ਸਿੰਘ ਨੇ ਫਿਰ ਕਿਹਾ।
ਮੈਂ ਕਿਹਾ, ‘ਡਾਕਟਰ ਸਾਹਿਬ ਇਹ ਮਾਮੂਲੀ ਸੁਆਲ ਨੇ, ਤੁਸੀਂ ਟਾਈਮ ਲੈ ਲਵੋ, ਫੋਨ ’ਤੇ ਹੀ ਗੱਲ ਕਰ ਲਵਾਂਗੇ।’
‘ਚੰਗਾ ਫਿਰ ਕੱਲ੍ਹ ਨੂੰ ਗੱਲ ਕਰ ਲੈਣੀ।’ ਡਾਕਟਰ ਸਾਹਿਬ ਨੇ ਖਹਿੜਾ ਛੁਡਾਉਣਾ ਚਾਹਿਆ।
‘ਕੱਲ੍ਹ ਨੂੰ ਕਿੰਨੇ ਵਜੇ?’ ਮੈਂ ਇੰਨੀ ਛੇਤੀ ਖਹਿੜਾ ਛੱਡਣ ਵਾਲਾ ਨਹੀਂ ਸੀ।
ਡਾਕਟਰ ਪ੍ਰੇਮ ਸਿੰਘ ਨੇ ਆਪਣੀ ਜੀਵਨ ਸਾਥਣ ਦਲਬੀਰ ਕੌਰ ਨਾਲ ਸਲਾਹ ਕਰਕੇ ਕਿਹਾ, ‘ਕੱਲ੍ਹ ਨੂੰ ਸ਼ਾਮ ਦੇ ਸਾਢੇ ਪੰਜ ਵਜੇ ਗੱਲ ਕਰ ਲੈਣੀ।’
‘ਅੱਛਾ! ਡਾਕਟਰ ਸਾਹਿਬ ਇਕ ਛੋਟੀ ਜਿਹੀ ਹੋਰ ਗੱਲ। ਤੁਸੀਂ ਆਪਣੇ ਲੇਖ ਵਿਚ ਅਜਮੇਰ ਸਿੰਘ ਦੀਆਂ ਕਿਤਾਬਾਂ ਬਾਰੇ ਪੱਤਰਕਾਰ ਜਸਬੀਰ ਸਮਰ ਦੀ ਟਿੱਪਣੀ ਦਾ ਹਵਾਲਾ ਦਿਤਾ ਹੈ, ਇਸ ਸਬੰਧੀ ਕੁਝ ਪੁੱਛਣਾ ਹੈ।’
‘ਹਾਂ, ਹਾਂ, ਪੁੱਛੋ ਜੀ।’ ਡਾਕਟਰ ਪ੍ਰੇਮ ਸਿੰਘ ਨੇ ਕਾਹਲ ਨਾਲ ਕਿਹਾ।
‘ਇਕ ਤਾਂ ਤੁਸੀਂ ਸਮਰ ਦੀ ਇਹ ਟਿੱਪਣੀ ਕਿਥੋਂ ਲਈ ਹੈ, ਦੂਜਾ ਤੁਸੀਂ ਉਸ ਨੂੰ ਚਿੰਤਕ ਕਿਹਾ ਹੈ, ਉਸ ਦੀਆਂ ਕਿਹੜੀਆਂ ਕਿਹੜੀਆਂ ਕਿਤਾਬਾਂ ਛਪੀਆਂ ਹਨ, ਇਹਨਾਂ ਦੇ ਨਾ ਲਿਖਾਓ।’
ਡਾ. ਪ੍ਰੇਮ ਸਿੰਘ, ‘ਉਸ ਦੀਆਂ ਕਿਤਾਬਾਂ ਤਾਂ ਨਹੀਂ ਛਪੀਆਂ, ਉਸ ਦੇ ਦੋ ਚਾਰ ਆਰਟੀਕਲ ਛਪੇ ਨੇ, ਸਿਰਜਣਾ ’ਚ ਵੀ, ਹੋਰ ਥਾਂ ਵੀ।’
ਮੈਂ, ‘’ਯਾਨੀ ਜੀਹਦੇ ਦੋ ਚਾਰ ਆਰਟੀਕਲ ਛਪੇ ਹੋਣ, ਉਹਨੂੰ ਆਪਾਂ ਚਿੰਤਕ ਕਹਿ ਸਕਦੇ ਹਾਂ?’
ਡਾ. ਪ੍ਰੇਮ ਸਿੰਘ, ‘ਹਾਂ ਜੀ, ਹਾਂ ਜੀ।’
ਮੈਂ, ‘ਜਸਵੀਰ ਸਮਰ ਦੀ ਇਹ ਟਿਪਣੀ ਤੁਸੀਂ ਕਿਥੋਂ ਲਈ ਹੈ?’
ਡਾ. ਪ੍ਰੇਮ ਸਿੰਘ , ‘ਉਹਦਾ ਆਰਟੀਕਲ ਛਪਿਆ ਸੀ ਅਜਮੇਰ ਸਿੰਘ ਦੀਆਂ ਕਿਤਾਬਾਂ ਬਾਰੇ।’
ਮੈਂ, ‘ਕਿਥੇ? ਕਿਹੜੇ ਪਰਚੇ ’ਚ? ਕਦੋਂ?’
ਡਾ. ਪ੍ਰੇਮ ਸਿੰਘ, ਆਪਣੀ ਪਤਨੀ ਦਲਬੀਰ ਕੌਰ ਤੋਂ ਆਰਟੀਕਲ ਬਾਰੇ ਪੁੱਛਦੇ ਹੋਏ, ‘ਉਹ ਹੁਣ ਤਾਂ ਨੀ ਮਿਲਣਾ, ਮੈਂ ਲੱਭ ਕੇ ਰੱਖਦਾ ਹਾਂ, ਤੁਸੀਂ ਕੱਲ੍ਹ ਗੱਲ ਕਰ ਲੈਣਾ।’
ਮੈਂ, ‘ਚੰਗਾ ਜੀ ਸਾਸਰੀ ਕਾਲ। ਮੈਂ ਕੱਲ੍ਹ ਨੂੰ ਠੀਕ ਸਾਢੇ ਪੰਜ ਵਜੇ ਗੱਲ ਕਰਾਂਗਾ।’

ਦੂਸਰੇ ਦਿਨ 18 ਅਕਤੂਬਰ : ਮੈਂ ਸ਼ਾਮ ਦੇ ਸਾਢੇ ਪੰਜ ਵਜੇ ਡਾ.ਪ੍ਰੇਮ ਸਿੰਘ ਨੂੰ ਫੋਨ ਲਾ ਲਿਆ। ਉਨ੍ਹਾਂ ਦੀ ਸਾਥਣ ਦਲਬੀਰ ਕੌਰ ਨੇ ਫੋਨ ਚੁੱਕਿਆ ਤੇ ਕਿਹਾ ਕਿ ਡਾਕਟਰ ਸਾਹਿਬ ਅਜੇ ਬਿਜ਼ੀ ਹਨ, ਤੁਸੀਂ ਸਾਢੇ ਛੇ ਵਜੇ ਫੋਨ ਲਾ ਲੈਣਾ। ਮੈਂ ਕਿਹਾ,‘‘ਸਤਿ ਬਚਨ ਜੀ, ਮੈਂ ਛੇ ਪੈਂਤੀ ’ਤੇ ਫੋਨ ਲਾਵਾਂਗਾ’।
ਛੇ ਪੈਂਤੀ ’ਤੇ ਫੋਨ ਡਾ. ਪ੍ਰੇਮ ਸਿੰਘ ਨੇ ਚੁਕਿਆ ਮੈਂ ਆਜ਼ਾਦੀ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ ਤੇ ਡਾ. ਸਾਹਿਬ ਨੇ ਮੈਨੂੰ ਦੋ ਕਿਤਾਬਾਂ ਪੜ੍ਹਨ ਦੀ ਸਲਾਹ ਦਿਤੀ ਸੀ, ਇਕ ਸੀ ਡਾ. ਗੋਪਾਲ ਸਿੰਘ ਦੀ A History the sikh people
ਤੇ ਦੂਜੀ ਪ੍ਰਿੰ. ਸੰਤ ਸਿੰਘ ਸੇਖੋਂ ਦਾ ਨਾਟਕ, ‘ਮੋਇਆਂ ਸਾਰ ਨਾ ਕਾਈ’।
ਮੈਂ ਕਿਹਾ, ‘ਡਾਕਟਰ ਸਾਹਿਬ ਇਨ੍ਹਾਂ ਕਿਤਾਬਾਂ ਦੇ ਕਿਹੜੇ ਪੰਨੇ ’ਤੇ ਹਿੰਦੂਆਂ, ਮੁਸਲਮਾਨਾਂ ਦਾ ਜਿਕਰ ਹੈ?
ਡਾ. ਪ੍ਰੇਮ ਸਿੰਘ, ‘ਡਾ. ਗੋਪਾਲ ਸਿੰਘ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਇਕ ਤਾਂ ਅਦਨ ਵਿਚ ਤੇ ਦੂਜਾ ਕਲਕੱਤੇ ਵਿਚ। ਸਿੱਖਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਸਲਾਮੀ ਦੇਣ ਦੀ ਕੋਸ਼ਿਸ ਕੀਤੀ ਸੀ….।’
ਮੈਂ:- (ਵਿਚੋਂ ਟੋਕ ਕੇ) ਠਹਿਰੋ! ਠਹਿਰੋ ਡਾਕਟਰ ਸਾਹਿਬ, ਮੈਨੂੰ ਸਿੱਖਾਂ ਬਾਰੇ ਨਾ ਦੱਸੋ ਮੈਨੂੰ ਹਿੰਦੂਆਂ ਮੁਸਲਮਾਨਾਂ ਬਾਰੇ ਜਾਣਕਾਰੀ ਚਾਹੀਦੀ ਹੈ।
ਡਾ. ਪ੍ਰੇਮ ਸਿੰਘ (ਤਲਖ ਹੋ ਕੇ), ‘ਫਿਰ ਏਹਦੇ ਲਈ ਤੁਸੀਂ ਹਿਸਟਰੀ ਦੀਆਂ ਕਿਤਾਬਾਂ ਪੜੋ। ਆਪੇ ਖੋਜ ਕਰੋ।’
ਮੈਂ :- ਡਾਕਟਰ ਸਾਹਿਬ, ਤੁਸੀਂ ਅਜਮੇਰ ਸਿੰਘ ਦੇ ਤੱਥਾਂ ’ਤੇ ਟਿੱਪਣੀ ਕੀਤੀ ਹੈ, ਓਹਦਾ ਸਬੂਤ ਦੇਣ ਲਈ ਜੁਆਬਦੇਹ ਤੁਸੀਂ ਹੋ?
ਡਾ. ਪ੍ਰੇਮ ਸਿੰਘ: (ਗੁੱਸੇ ਨਾਲ), ‘ਜੁਆਬ ਦੇਣ ਨੂੰ ਮੈਂ ਕਚਹਿਰੀ ’ਚ ਖੜਾਂ ਹਾਂ?
ਮੈਂ: (ਨਰਮੀ ਨਾਲ), ‘ਡਾਕਟਰ ਸਾਹਿਬ ਮੈਂ ਇਕ ਪਾਠਕ ਦੇ ਨਾਤੇ ਤੁਹਾਡੇ ਕੋਲੋਂ ਪੁਛ ਰਿਹਾ ਹਾਂ, ਤੁਸੀਂ ਪਾਠਕਾਂ ਦੀ ਕਚਹਿਰੀ ਵਿਚ ਜੁਆਬ ਦੇਹ ਹੋ।’
ਡਾ. ਪ੍ਰੇਮ ਸਿੰਘ : ਤੁਸੀਂ ਅਖ਼ਬਾਰ ਵਿਚ ਲਿਖ ਕੇ ਭੇਜੋ।
ਮੈਂ: ਡਾਕਟਰ ਸਾਹਿਬ, ਮੈਂ ਲਿਖ ਨਹੀਂ ਸਕਦਾ, ਜੇਕਰ ਲਿਖਿਆ ਵੀ ਤਾਂ ਅਖ਼ਬਾਰ ਛਾਪਦੇ ਨਹੀਂ, ਮੈਨੂੰ ਏਹਦਾ ਤਲਖ ਤਜਰਬਾ ਹੈ, ਤੁਸੀਂ ਹੋਰ ਟਾਈਮ ਲੈ ਲਵੋ, ਫੋਨ ’ਤੇ ਹੀ ਗੱਲ ਕਰ ਲਵਾਂਗੇ।

ਡਾ. ਪ੍ਰੇਮ ਸਿੰਘ: ਤੁਸੀਂ ਕਰਦੇ ਕੀ ਹੋ? ਏਥੇ ਚੰਡੀਗੜ੍ਹ ਆ ਸਕਦੇ ਹੋ?
ਮੈਂ:-ਡਾਕਟਰ ਸਾਹਿਬ ਮੈਂ ਖੇਤੀਬਾੜੀ ਕਰਦਾ ਹਾਂ, ਚੰਡੀਗੜ੍ਹ ਨਹੀਂ ਆ ਸਕਦਾ।
ਡਾਕਟਰ ਸਾਹਿਬ :-ਖੇਤੀਬਾੜੀ ਵਾਲਿਆਂ ਕੋਲ ਤਾਂ ਟਾਈਮ ਈ ਟਾਈਮ ਹੁੰਦਾ, ਏਥੇ ਚੰਡੀਗੜ੍ਹ ਆਵੋ, ਇਥੇ ਬੰਦੇ ਇਕੱਠੇ ਕਰ ਲਵੋ। ਮੈਂ ਉਹਨਾਂ ਵਿਚ ਜੁਆਬ ਦੇਵਾਂਗਾ।
ਮੈਂ : – ਚਲੋ ਛੱਡੋ ਡਾਕਟਰ ਸਾਹਿਬ! (ਮੈਨੂੰ ਡਾਕਟਰ ਸਾਹਿਬ ਦੀ ਬਦਹਵਾਸੀ ਤੇ ਘਬਰਾਹਟ ਦਾ ਪਤਾ ਲੱਗ ਗਿਆ ਸੀ।) ਅੱਛਾ ਜਸਵੀਰ ਸਮਰ ਦੇ ਆਰਟੀਕਲ ਬਾਰੇ ਦੱਸੋ। ਇਹ ਕਿਥੇ ਛਪਿਆ ਹੈ।
ਡਾ. ਪ੍ਰੇਮ ਸਿੰਘ:- ਇਹ ਹਾਲਾਂ ਮੈਨੂੰ ਮਿਲਿਆ ਨਹੀਂ, ਤੁਸੀਂ ਆਪਣਾ ਐਡਰੈਸ ਲਿਖਵਾ ਦੇਵੋ, ਮੈਂ ਪੋਸਟ ਕਰ ਦੇਵਾਂਗਾ।
ਮੈਂ :- ਛੱਡੋ ਇਹ ਵੀ, ਇਹ ਵੀ ਨਹੀਂ ਮਿਲਣਾ, ਮੈਂ ਆਪੇ ਲੈ ਲਵਾਂਗਾ। (ਮੈਨੂੰ ਪਤਾ ਸੀ ਕਿ ਅਜਿਹਾ ਕੋਈ ਆਰਟੀਕਲ ਛਪਿਆ ਹੀ ਨਹੀਂ ਹੈ, ‘ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ’।)
ਡਾ. ਪ੍ਰੇਮ ਸਿੰਘ : – ਜੇ ਤੁਸੀਂ ਏਹਨਾਂ ਗੱਲਾਂ ਦੇ ਜੁਆਬ ਲੈਣੇ ਨੇ ਤਾਂ ਥੋਨੂੰ ਚੰਡੀਗੜ੍ਹ ਆਉਣਾ ਪਊ।
ਮੈਂ :- ਨਹੀਂ ਜੀ, ਜੁਆਬ ਮਿਲ ਗਏ ਨੇ, ਮੈਂ ਨਹੀਂ ਆ ਸਕਦਾ, ਸਾਸਰੀ ਕਾਲ।’

ਅੰਤਿਕਾ : ਸਿੱਖਾਂ ਬਾਰੇ, ਡਾ. ਪ੍ਰੇਮ ਸਿੰਘ, ਸ.ਅਜਮੇਰ ਸਿੰਘ ਦੀ ਗੱਲ ਰੱਦ ਕਰਦਾ ਆਖਦਾ ਹੈ ਕਿ ਭਾਰਤ ਵਿਚ ਸਿੱਖਾਂ ਨਾਲ ਕੋਈ ਵਿਤਕਰਾ, ਕੋਈ ਧੱਕੇਸ਼ਾਹੀ, ਕੋਈ ਬੇਇਨਸਾਫ਼ੀ ਨਹੀਂ ਹੋ ਰਹੀ, ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਸਿੱਖ ਰਾਸ਼ਟਰਪਤੀ ਰਿਹਾ ਹੈ, ਆਦਿ। ਇਸ ਦੇ ਜੁਆਬ ਵਿਚ ਮੈਂ ਡਾ.ਪ੍ਰੇਮ ਸਿੰਘ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਸਿੱਖ ਵੀ ਡਾ. ਪ੍ਰੇਮ ਸਿੰਘ ਵਰਗੇ ਹੀ ਹਨ, ਜਿਹੜੇ ਨਾ ਸਿੱਖ ਭਾਈਚਾਰੇ ਦਾ ਅੰਗ ਹਨ, ਨਾ ਹੀ ਇਸ ਦੀ ਪੀੜ ਵਿਚ ਸ਼ਾਮਲ ਹਨ, ਭਾਰਤੀ ਸਟੇਟ ਦੇ ਹੱਥ ਠੋਕੇ ਹਨ। ਜੇਕਰ ਭਾਜਪਾ ਨੇ ਦੋ ਚਾਰ ਮੁਸਲਮਾਨ ਮੂਹਰੇ ਲਾ ਲਏ ਹਨ ਤਾਂ ਇਸ ਦਾ ਇਹ ਅਰਥ ਨਹੀਂ ਬਣਦਾ ਕਿ ਮੁਸਲਮਾਨਾਂ ਨਾਲ ਕੋਈ ਧੱਕੇਸ਼ਾਹੀ ਹੀ ਨਹੀਂ ਹੋ ਰਹੀ। ਸਿੱਖਾਂ ਵਾਂਗ ਹੀ, ਟਾਵੇ ਵਿਰਲੇ ਮੁਸਲਮਾਨ ਵੀ ਭਾਰਤੀ ਰਾਜ ਅੰਦਰ ਉਚੇ ਅਹੁਦਿਆਂ ਉਤੇ ਬਿਰਾਜਮਾਨ ਹਨ। ਕੀ ਡਾ.ਪ੍ਰੇਮ ਸਿੰਘ ਇਹ ਸਮਝਦੇ ਹਨ ਕਿ ਭਾਰਤ ਅੰਦਰ ਮੁਸਲਮਾਨਾਂ ਨਾਲ ਕੋਈ ਵਿਤਕਰਾ ਜਾਂ ਧੱਕੇਸ਼ਾਹੀ ਨਹੀਂ ਹੁੰਦੀ। ਪਾਠਕ ਆਪ ਅੰਦਾਜ਼ਾ ਲਾ ਸਕਦੇ ਹਨ ਕਿ ਡਾ.ਪ੍ਰੇਮ ਸਿੰਘ ਕਿਸਦੀ ਬੋਲੀ ਬੋਲ ਰਿਹਾ ਹੈ ਅਤੇ ਉਸ ਨੂੰ ਸ.ਅਜਮੇਰ ਸਿੰਘ ਦੀਆਂ ਕਿਤਾਬਾਂ ਨੇ ਕਿੰਨੀ ਮਾਨਸਿਕ ਪੀੜ੍ਹ ਪਹੁੰਚਾਈ ਹੋਵੇਗੀ!
(98157-51332)

No comments:

Post a Comment