ਓਬਾਮਾ ਦੀ ਭਾਰਤ ਫੇਰੀ ਦਾ ਲੇਖਾ-ਜੋਖਾ

ਸੁਨੇਹਾ
0
ਕੀ ਓਬਾਮਾ ਦੀ ‘ਕਾਮਨਾ’ ਨਾਲ ਭਾਰਤ ਨੂੰ ਸੁਰੱਖਿਆ ਕੌਂਸਲ ਵਿੱਚ ਸਥਾਈ ਸੀਟ ਮਿਲ ਜਾਏਗੀ?
#ਯੂਨਾਇਟਿਡ ਨੇਸ਼ਨਜ਼ ਦੀ ਮਨੁੱਖੀ ਵਿਕਾਸ ਰਿਪੋਰਟ-2010 ਵਿੱਚ ਭਾਰਤ ਨੂੰ ਸ਼ਰਮਨਾਕ 119ਵਾਂ ਸਥਾਨ! ਮਲੇਸ਼ੀਆ, ਈਰਾਨ, ਚੀਨ, ਸ੍ਰੀਲੰਕਾ, ਥਾਈਲੈਂਡ, ਫਿਲਪੀਨਜ਼ ਵਰਗੇ ਮੁਲਕ ਕਰਮਵਾਰ 57ਵੇਂ, 70ਵੇਂ, 89ਵੇਂ, 91ਵੇਂ, 92ਵੇਂ ਅਤੇ 97ਵੇਂ ਨੰਬਰ ’ਤੇ
#ਭਾਰਤ ਦੇ ਮੀਡੀਆ ਸੰਪਨ-ਮਾਸਟਰਾਂ ਨੇ, ਪ੍ਰਧਾਨ ਓਬਾਮਾ ਦੇ ਦੌਰੇ ਦੀ ਅਖੌਤੀ ਕਾਮਯਾਬੀ ਨੂੰ ਸੱਤ ਅਸਮਾਨੀਂ ਚੁੱਕਿਆ!

-ਡਾ. ਅਮਰਜੀਤ ਸਿੰਘ ਵਾਸਿੰਗਟਨ

ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਆਪਣੀ ਤਿੰਨ ਰੋਜ਼ਾ ਭਾਰਤ ਯਾਤਰਾ ਸਮਾਪਤ ਕਰਕੇ, ਇੰਡੋਨੇਸ਼ੀਆ ਦੇ ਦੌਰੇ ’ਤੇ ਰਵਾਨਾ ਹੋ ਗਏ। ਆਪਣੀ ਇਸ ਯਾਤਰਾ ਦੇ ਪਹਿਲੇ ਪੜਾਅ ’ਤੇ ਉਹ ਮੁੰਬਈ ਦੇ ਤਾਜ ਹੋਟਲ ਵਿੱਚ ਠਹਿਰੇ ਅਤੇ ਮੁੰਬਈ ਦੇ ਦਹਿਸ਼ਤਗਰਦ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ, ਸਟੀਫਨਜ਼ ਕਾਲਜ ਦੇ ਵਿਦਿਆਰਥੀਆਂ ਅਤੇ ਸਕੂਲੀ ਬੱਚਿਆਂ ਨਾਲ ਵੀ ਅਕਾਦਮਿਕ ਅਤੇ ‘ਡਾਂਸ’ ਦੇ ਹਲਕੇ-ਫੁਲਕੇ ਪਲ ਸਾਂਝੇ ਕੀਤੇ। ਦਿੱਲੀ ਦੀ ਦੋ ਰੋਜ਼ਾ ਫੇਰੀ ਦੌਰਾਨ, ਪ੍ਰਧਾਨ ਓਬਾਮਾ ਗਾਂਧੀ ਦੀ ਸਮਾਧੀ ਰਾਜਘਾਟ ਗਏ ਅਤੇ 1550ਵਿਆਂ ਵਿੱਚ ਤਾਮੀਰ ਕੀਤੇ ਗਏ ਹਮਾਯੂੰ ਦੇ ਮਕਬਰੇ ’ਤੇ ਵੀ ਉਨ੍ਹਾਂ ਨੇ ਆਪਣੀ ਪਤਨੀ ਮਿਸ਼ੈਲ ਓਬਾਮਾ ਨਾਲ ਜ਼ਿਆਰਤ ਕੀਤੀ। ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਲੋਂ ਦਿੱਤੇ ਗਏ ‘ਭੋਜਾਂ’ ਤੋਂ ਇਲਾਵਾ, ਪ੍ਰਧਾਨ ਓਬਾਮਾ ਨੇ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕੀਤਾ। ਇਸ ਸੰਬੋਧਨ ਵਿੱਚ ਪ੍ਰਧਾਨ ਓਬਾਮਾ ਨੇ ਕੂਟਨੀਤਕ ਜ਼ੁਬਾਨ ਵਿੱਚ ਭਾਰਤੀ ਲੋਕਤੰਤਰ ਨੂੰ ਵਡਿਆਇਆ। ਭਾਰਤ ਦੇ ਬੀਤੇ ਦੇ ਲੀਡਰਾਂ ਗਾਂਧੀ, ਟੈਗੋਰ, ਵਿਵੇਕਾਨੰਦ ਆਦਿਕ ਦੇ ਨਾਮ ਲੈ ਕੇ ਉਨ੍ਹਾਂ ਦੀ ਵਿਚਾਰਧਾਰਾ ਦੀ ਤਾਰੀਫ਼ ਕੀਤੀ ਅਤੇ ਮਾਰਟਿਨ ਲੂਥਰ ਕਿੰਗ ਨਾਲ ਆਪਣੇ ਸੁਫਨੇ ਨੂੰ ਜੋੜ ਕੇ, ਇਸ ਨੂੰ ਗਾਂਧੀ ਦੀ ਝੋਲੀ ਵਿੱਚ ਪਾਇਆ। ਉਨ੍ਹਾਂ ਨੇ ਦਲਿਤ ਲੀਡਰ ਅੰਬੇਦਕਰ ਦੀ ਸਲਾਹਣਾ ਕਰਦਿਆਂ ‘ਦਲਿਤ ਫੈਕਟਰ’ ਨੂੰ ਵੀ ਤਸਲੀਮ ਕੀਤਾ। ਭਾਰਤ ਦੇ ਨਕਸ਼ੇ ਵਿੱਚ ਕੈਦ ਘੱਟਗਿਣਤੀਆਂ ਦੇ ਸੰਘਰਸ਼ ਸਬੰਧੀ ਉਨ੍ਹਾਂ ਨੇ ਚੁੱਪ ਹੀ ਵੱਟੀ। ਇਥੋਂ ਤੱਕ ਕਿ ‘ਕਸ਼ਮੀਰ ਸਮੱਸਿਆ’ (ਜਿਸਨੂੰ ਪ੍ਰਧਾਨ ਓਬਾਮਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਪਹਿਲ ਦਿੱਤੀ ਸੀ) ਸਬੰਧੀ ਵੀ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਪ੍ਰਧਾਨ ਓਬਾਮਾ ਦੇ ਸੰਸਦ ਵਿਚਲੇ ਭਾਸ਼ਣ (ਜਿਸ ਨੂੰ ਫੜ ਕੇ ਸਾਰਾ ਭਾਰਤ ਝੂਮ-ਝੂਮ ਕੇ ਨੱਚ ਰਿਹਾ ਹੈ) ਦੀ ਇੱਕ ਕੂਟਨੀਤਕ ਟਿੱਪਣੀ ਦੀ ਗੋਲਮੋਲ ਭਾਸ਼ਾ ਨੂੰ, ਭਾਰਤੀ ਹਾਕਮਾਂ ਵਲੋਂ ਸੁਰੱਖਿਆ ਕੌਂਸਲ ਵਿੱਚ ਭਾਰਤ ਦਾ ‘ਸਥਾਈ ਸੀਟ ਦਾ ਦਾਅਵਾ ਪੱਕਾ’ ਹੋਣ ਵਜੋਂ ਉਭਾਰਿਆ ਜਾ ਰਿਹਾ ਹੈ - ਜਿਹੜਾ ਕਿ ਦਰੁਸਤ ਨਹੀਂ ਹੈ।

ਅਮਰੀਕਾ ਦੀ ਪ੍ਰਸਿੱਧ ਅਖਬਾਰ ‘ਦੀ ਵਾਲ ਸਟਰੀਟ ਜਨਰਲ’ ਦੇ 9 ਨਵੰਬਰ ਦੇ ਅੰਕ ਵਿੱਚ ਪ੍ਰਕਾਸ਼ਿਤ ਖਬਰ ਅਨੁਸਾਰ, ਪ੍ਰਧਾਨ ਓਬਾਮਾ ਨੇ ਕਿਹਾ - ‘‘ਦੁਨੀਆ ਵਿੱਚ ਇੱਕ ਇਨਸਾਫਪਸੰਦ ਅਤੇ ਸਥਾਈ ਇੰਟਰਨੈਸ਼ਨਲ ਸੰਸਾਰਕ ਸਿਸਟਮ ਦੀ ਉਸਾਰੀ ਲਈ ਅਮਰੀਕਾ ਚਾਹੁੰਦਾ ਹੈ ਕਿ ਯੂਨਾਇਟਿਡ ਨੇਸ਼ਨਜ਼ ਦੇ ਰੋਲ ਵਿੱਚ ਵਾਧਾ ਹੋਵੇ। ਯੂਨਾਇਟਿਡ ਨੇਸ਼ਨਜ਼ ਸੰਸਥਾ ਪ੍ਰਭਾਵਸ਼ਾਲੀ, ਨਿਪੁੰਨ, ਸਤਿਕਾਰਤ ਅਤੇ ਨਿਆਂਸੰਗਤ ਹੋਣੀ ਚਾਹੀਦੀ ਹੈ। ਇਸ ਲਈ ਅੱਜ ਮੈਂ ਕਹਿ ਸਕਦਾ ਹਾਂ ਕਿ ਆਉਣ ਵਾਲੇ ਵਰ੍ਹਿਆਂ ਵਿੱਚ, ਮੈਂ ਸੁਧਾਰਾਂ ਵਾਲੀ ਯੂਨਾਇਟਿਡ ਨੇਸ਼ਨਜ਼ ਸੰਸਥਾ ਦੀ ਕਾਮਨਾ ਕਰਦਾ ਹਾਂ, ਜਿਸ ਵਿੱਚ ਭਾਰਤ ਦਾ ਦਰਜਾ ਵੀ ਇੱਕ ਸਥਾਈ ਮੈਂਬਰ ਵਾਲਾ ਹੋਵੇ...।’’

ਪਾਠਕਜਨ! ਮੁੰਬਈ ਵਿਖੇ, 10 ਬਿਲੀਅਨ ਡਾਲਰ ਦੇ ‘ਵਪਾਰਕ ਸਮਝੌਤਿਆਂ’ ਦਾ ਫਾਇਦਾ ਲੈਣ ਤੋਂ ਬਾਅਦ (ਪ੍ਰਧਾਨ ਓਬਾਮਾ ਅਨੁਸਾਰ ਇਨ੍ਹਾਂ 10 ਬਿਲੀਅਨ ਡਾਲਰ ਦੇ ਸਮਝੌਤਿਆਂ ਨਾਲ ਅਮਰੀਕਾ ਵਿੱਚ 50 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ) ਅਮਰੀਕੀ ਪ੍ਰਧਾਨ ਦੀ ਉਪਰੋਕਤ ਟਿੱਪਣੀ ਤਾਂ ਘੱਟੋ-ਘੱਟ ‘ਭਰੋਸਾ’ ਸੀ, ਜਿਹੜਾ ਕਿ ਦੇਣਾ ਬਣਦਾ ਹੀ ਸੀ। ਨਾ ਤਾਂ ਸੁਰੱਖਿਆ ਕੌਂਸਲ ਦੀ ‘ਪੱਕੀ ਮੈਂਬਰੀ’ ਦੇਣਾ, ਸਿਰਫ ਅਮਰੀਕਾ ਦੇ ਹੱਥ-ਵੱਸ ਹੈ ਅਤੇ ਨਾ ਹੀ ਇਸ ਦੀ ਕੋਈ ਸਮਾਂ-ਸੀਮਾ ਤਹਿ ਹੈ। ਅਮਰੀਕਾ ਨੇ ਇਹੋ ਜਿਹਾ ਇਕਰਾਰ, ਬੀਤੇ ਵਿੱਚ ਜਪਾਨ, ਜਰਮਨੀ, ਸਾਊਥ ਅਫਰੀਕਾ, ਬ੍ਰਾਜ਼ੀਲ ਆਦਿ ਨਾਲ ਵੀ ਕੀਤਾ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਇਟਲੀ, ਅਰਜਨਟੀਨਾ, ਇੰਡੋਨੇਸ਼ੀਆ ਆਦਿ ਦੇਸ਼ ਵੀ ‘ਪੱਕੀ ਸੀਟ’ ਦੇ ਦਾਅਵੇਦਾਰ ਹਨ। ਅਜੇ ਯੂ. ਐਨ. ਵਿੱਚ ‘ਸੁਧਾਰਾਂ’ ਸਬੰਧੀ ਗੱਲਬਾਤ ਨੂੰ ਕਈ ਵਰ੍ਹੇ ਲੱਗਣਗੇ ਅਤੇ ਫਿਰ ਹਰ ਮਹਾਂਦੀਪ ਵਿੱਚ ਉਭਰ ਰਹੀਆਂ ਸ਼ਕਤੀਆਂ ਦੀਆਂ ‘ਮਹਾਂ-ਇੱਛਾਵਾਂ’ ਨੂੰ ਇਸ ਵਿੱਚ ਮਾਨਤਾ ਦੇਣੀ ਪਵੇਗੀ। ਅਖੀਰ ਵਿੱਚ ਫੈਸਲਾ, ਯੂ. ਐਨ. ਸੁਰੱਖਿਆ ਕੌਂਸਲ ਵਿੱਚ ‘ਵੀਟੋ ਪ੍ਰਾਪਤ’ ਮੈਂਬਰ, ਚੀਨ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਚੀਨ ਦੇ ‘ਪੱਖਧਾਰੀ’ ਪਾਕਿਸਤਾਨ ਨੇ, ਇਸ ਦਾ ਇੱਕਦਮ ਵਿਰੋਧ ਕੀਤਾ ਹੈ ਜਦੋਂਕਿ ਚੀਨ ਨੇ ਹਮੇਸ਼ਾਂ ਵਾਂਗ, ਕੂਟਨੀਤਕ ਜ਼ੁਬਾਨ ਵਿੱਚ ‘ਗੋਲਮੋਲ’ ਗੱਲ ਕੀਤੀ ਹੈ। ਜੇ ਹੁਣ ਤੋਂ 10 ਸਾਲ ਬਾਅਦ, ਭਾਰਤ ਬਾਕੀ ਹੋਰ ਦੇਸ਼ਾਂ (ਜਪਾਨ, ਜਰਮਨੀ, ਬ੍ਰਾਜ਼ੀਲ, ਸਾਊਥ ਅਫਰੀਕਾ) ਦੇ ਨਾਲ ‘ਸੁਰੱਖਿਆ ਕੌਂਸਲ’ ਵਿੱਚ ਪਹੁੰਚ ਵੀ ਜਾਂਦਾ ਹੈ, ਤਾਂ ਇਹ ਸਾਰੇ ਦੇਸ਼ ‘ਵੀਟੋ ਸ਼ਕਤੀ ਤੋਂ ਰਹਿਤ ਸਥਾਈ ਮੈਂਬਰ’ ਹੋਣਗੇ। ਵੀਟੋ ਸ਼ਕਤੀ ਦਾ ਹੱਕ ਸਿਰਫ ਅਮਰੀਕਾ, ਚੀਨ, ਰੂਸ, ਫਰਾਂਸ ਅਤੇ ਇੰਗਲੈਂਡ ਕੋਲ ਹੀ ਰਹੇਗਾ, ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਸੁਬ੍ਹਾ ਨਹੀਂ ਹੈ। ਸੋ ਇਸ ਜ਼ਮੀਨੀ ਹਕੀਕਤ ਨੂੰ ਸਮਝਣ ਤੋਂ ਬਾਅਦ, ਭਾਰਤੀ ਹਾਕਮਾਂ ਤੇ ਉਨ੍ਹਾਂ ਦੇ ਦੁੱਮਛੱਲਿਆਂ ਵਲੋਂ ਮਾਰੀਆਂ ਜਾ ਰਹੀਆਂ ਟਪੂਸੀਆਂ ਦੀ ਕੀ ਤੁੱਕ ਬਣਦੀ ਹੈ?

ਦਿਲਚਸਪ ਗੱਲ ਇਹ ਹੈ ਕਿ ਦਿੱਲੀ ਵਿੱਚ, ਪ੍ਰਧਾਨ ਓਬਾਮਾ ਜਦੋਂ ਇਹ ਕਹਿ ਰਿਹਾ ਸੀ ਕਿ ‘ਭਾਰਤ ਮਹਾਂ-ਸ਼ਕਤੀ ਬਣਨ ਵੱਲ ਸਿਰਫ ਵਧ ਹੀ ਨਹੀਂ ਰਿਹਾ ਬਲਕਿ ਮਹਾਂ-ਸ਼ਕਤੀ ਬਣ ਚੁੱਕਾ ਹੈ... (ਉਸ ਨੇ ਉਹ ਹੀ ਕੁਝ ਕਿਹਾ ਜੋ ਭਾਰਤੀ ਸੁਣਨਾ ਚਾਹੁੰਦੇ ਸਨ)’ ਤਾਂ ਠੀਕ ਇਸ ਮੌਕੇ, ਯੂਨਾਇਟਿਡ ਨੇਸ਼ਨਜ਼ ਦੀ ਮਨੁੱਖੀ ਵਿਕਾਸ ਰਿਪੋਰਟ - 2010 ਜਾਰੀ ਕੀਤੀ ਗਈ, ਜਿਸ ਵਿੱਚ ਭਾਰਤ ਨੂੰ ਸ਼ਰਮਨਾਕ 119ਵਾਂ ਸਥਾਨ ਮਿਲਿਆ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਹ ‘ਮਹਾਂ-ਸ਼ਕਤੀ’ ਭਾਰਤ ਦੀ ਅਸਲੀ ਤਸਵੀਰ ਹੈ, ਜਿਹੜਾ ਕਿ ਯੂ. ਐਨ. ਸੁਰੱਖਿਆ ਕੌਂਸਲ ਦਾ ‘ਪੱਕਾ ਮੈਂਬਰ’ ਬਣਨ ਲਈ ਤਰਲੋਮੱਛੀ ਹੋ ਰਿਹਾ ਹੈ। ਯੂਰਪੀਅਨ ਦੇਸ਼ਾਂ ਦੀ ਤਰੱਕੀ ਦੀ ਗੱਲ ਤਾਂ ਛੱਡੋ, ਏਸ਼ੀਆ ਵਿਚਲੇ ਦੂਸਰੇ ਹੋਰ ਮੁਲਕ, ਭਾਰਤ ਨਾਲੋਂ ਕਿਤੇ ਬਿਹਤਰ ਸਥਿਤੀ ਵਿੱਚ ਹਨ। ਉਦਾਹਰਣ ਦੇ ਤੌਰ ’ਤੇ ਇਸ ਰਿਪੋਰਟ ਅਨੁਸਾਰ ਮਲੇਸ਼ੀਆ 57ਵੇਂ ਨੰਬਰ ’ਤੇ, ਈਰਾਨ 70ਵੇਂ ਨੰਬਰ ’ਤੇ, ਚੀਨ 89ਵੇਂ ਨੰਬਰ ’ਤੇ, ਸ੍ਰੀਲੰਕਾ 91ਵੇਂ ਨੰਬਰ ’ਤੇ, ਥਾਈਲੈਂਡ 92ਵੇਂ ਨੰਬਰ ’ਤੇ ਅਤੇ ਫਿਲਪੀਨਜ਼ 97ਵੇਂ ਨੰਬਰ ’ਤੇ ਹੈ।

ਇਸ ਤੋਂ ਇਲਾਵਾ ਇੱਕ ਹੋਰ ਅਹਿਮ ਅੰਤਰਰਾਸ਼ਟਰੀ ਰਿਪੋਰਟ (ਵਰਲ਼ਡ ਬੈਂਕ ਵਲੋਂ ਪ੍ਰਕਾਸ਼ਿਤ) - ‘ਡੂਇੰਗ ਬਿਜ਼ਨਸ ਇਕੌਨੋਮੀ ਰੇਟਿੰਗਜ਼’ ਵਿੱਚ ਭਾਰਤ ਨੂੰ ਸ਼ਰਮਨਾਕ 134ਵੇਂ ਨੰਬਰ ’ਤੇ ਰੱਖਿਆ ਗਿਆ ਹੈ। ਇਸ ਰਿਪੋਰਟ ਵਿੱਚ ਭਾਰਤ ਦੇ ਗੁਆਂਢੀ ਦੇਸ਼, ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ। ਵਰਲਡ ਬੈਂਕ ਦੀ ਇਸ ਰਿਪੋਰਟ ਅਨੁਸਾਰ - ਪਾਕਿਸਤਾਨ 83ਵੇਂ ਨੰਬਰ ’ਤੇ, ਮਾਲਦੀਵਜ਼ 85ਵੇਂ ਨੰਬਰ ’ਤੇ, ਸ੍ਰੀਲੰਕਾ 102ਵੇਂ ਨੰਬਰ ’ਤੇ, ਬੰਗਲਾ ਦੇਸ਼ 107ਵੇਂ ਨੰਬਰ ’ਤੇ ਅਤੇ ਨੇਪਾਲ 116ਵੇਂ ਨੰਬਰ ’ਤੇ ਹੈ। ਉਪਰੋਕਤ ਦੋਹਾਂ ਰਿਪੋਰਟਾਂ ਦੀ ਰੌਸ਼ਨੀ ਵਿੱਚ ਪ੍ਰਧਾਨ ਓਬਾਮਾ ਵਲੋਂ, ਭਾਰਤ ਨੂੰ ‘ਉੱਭਰ-ਚੁੱਕੀ ਪਾਵਰ’ ਕਹਿਣਾ, ਇੱਕ ਹਲਕੇ ਅੰਦਾਜ਼ ਦਾ ਮਜ਼ਾਕ ਤਾਂ ਅਖਵਾ ਸਕਦਾ ਹੈ - ਪਰ ਹਕੀਕਤ ਤੋਂ ਇਹ ਕੋਹਾਂ ਦੂਰ ਹੈ।

ਬੀ. ਬੀ. ਸੀ. ਰਿਪੋਰਟ ਅਨੁਸਾਰ, ਭਾਰਤੀ ਮੀਡੀਆ, ਪ੍ਰਧਾਨ ਓਬਾਮਾ ਦੀ ਫੇਰੀ ਨੂੰ ਜਿੰਨਾ ਮਰਜ਼ੀ ਕਾਮਯਾਬ ਦੱਸੇ ਪਰ ਅਮਰੀਕੀ ਮੀਡੀਏ ਵਿੱਚ, ਇਸ ਨੂੰ ਕੋਈ ਵਿਸ਼ੇਸ਼ ਥਾਂ ਨਹੀਂ ਦਿੱਤੀ ਗਈ। ਪ੍ਰਧਾਨ ਓਬਾਮਾ ਦੀ ਮੱਧ-ਵਰਤੀ ਚੋਣ ਵਿੱਚ ਕਾਂਗਰਸ ਵਿਚਲੀ ਹਾਰ ਹੀ, ਅਮਰੀਕੀ ਮੀਡੀਏ ਦੇ ਧਿਆਨ ਦਾ ਕੇਂਦਰ ਬਣੀ ਹੋਈ ਹੈ। ਪ੍ਰਧਾਨ ਓਬਾਮਾ ਦੇ ‘ਖੂਬਸੂਰਤ ਭਾਸ਼ਣ’ ਵੀ ਹੁਣ ‘ਅਸਰਹੀਣ’ ਲੱਗਦੇ ਹਨ ਕਿਉਂਕਿ ਪ੍ਰਧਾਨ ਓਬਾਮਾ ਈਰਾਕ, ਅਫਗਾਨਿਸਤਾਨ, ਕਸ਼ਮੀਰ ਆਦਿ ਸਬੰਧੀ ਆਪਣੇ ਚੋਣ-ਮਨੋਰਥ ਪੱਤਰ ਦੇ ਐਲਾਨਾਂ ਤੋਂ ਵੀ ਥਿੜਕੇ ਹੋਏ ਹਨ। ਆਰਥਿਕ ਸਥਿਤੀ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ। ਜੇ ਅਗਲੇ ਦੋ ਸਾਲਾਂ ਵਿੱਚ ਸਥਿਤੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੁੰਦਾ ਹੈ (ਜਿਸ ਦੀ ਬਹੁਤ ਸੰਭਾਵਨਾ ਨਹੀਂ ਹੈ) ਤਾਂ ਹੀ ਡੈਮੋਕ੍ਰੈਟ, ਵਾਈਟ ਹਾਊਸ ’ਤੇ ਕਬਜ਼ਾ ਰੱਖ ਸਕਣਗੇ, ਨਹੀਂ ਤਾਂ ਮੌਜੂਦਾ ਐਡਮਿਨਿਸਟਰੇਸ਼ਨ ਚੱਲਦਾ ਹੋਵੇਗਾ। ਫਿਰ ਨਵਾਂ ਰਾਜਾ ਅਤੇ ਉਸ ਦੀਆਂ ਨਵੀਂਆਂ ਨੀਤੀਆਂ, ਸਾਊਥ ਏਸ਼ੀਆ ਸਮੇਤ ਅੰਤਰਰਾਸ਼ਟਰੀ ਨੀਤੀਆਂ ’ਤੇ ਹਾਵੀ ਹੋਣਗੀਆਂ। ਸਾਊਥ ਏਸ਼ੀਆ ਵਾਸੀਆਂ ਅਤੇ ਅਮਰੀਕਾ ਵਾਸੀਆਂ ਲਈ ਇਹ ਜ਼ਰੂਰ ਸ਼ਾਂਤੀ ਦਾ ਵਾਇਸ ਹੈ ਕਿ ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਹਿੰਸਾ ਮੁਕਤ ਰਹੀ, ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਘੱਟਗਿਣਤੀ ਕੌਮਾਂ, ਕਸ਼ਮੀਰੀਆਂ ਨੂੰ ਨਿਰਾਸ਼ਤਾ ਹੈ ਕਿ ਪ੍ਰਧਾਨ ਓਬਾਮਾ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੋਈ ਓਪਰਾ ਜਿਹਾ ਯਤਨ ਵੀ ਨਹੀਂ ਕੀਤਾ ਪਰ ਦੁਨੀਆ ਦੀ ਸਿਆਸਤ ਤੇ ਕੂਟਨੀਤੀ ਨੂੰ, ਮਨੁੱਖੀ, ਇਖਲਾਕੀ ਜਾਂ ਇਨਸਾਫ ਦਾ ਪੈਮਾਨਾ ਤਹਿ ਨਹੀਂ ਕਰਦਾ ਬਲਕਿ ਸਵੈ-ਹਿੱਤ ਤਹਿ ਕਰਦੇ ਹਨ। ਦੇਸ਼ਾਂ ਦੇ, ਇਨ੍ਹਾਂ ਰਿਸ਼ਤਿਆਂ ਵਿੱਚ ਕੋਈ ‘ਪੱਕੇ ਦੋਸਤ’ ਜਾਂ ‘ਪੱਕੇ ਦੁਸ਼ਮਣ’ ਨਹੀਂ ਹੁੰਦੇ ਬਲਕਿ ਪੱਕੇ ਸਿਰਫ ‘ਸਵੈ-ਹਿੱਤ’ ਹੀ ਹੁੰਦੇ ਹਨ। ਇਸ ਹਕੀਕਤ ਦੀ ਰੌਸ਼ਨੀ ਵਿੱਚ ਅਮਰੀਕਾ ਤੋਂ ਕਿਸੇ ਵੱਖਰੇ ਵਿਹਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਸੀ?
--------------------------------

ਓਬਾਮਾ ਦੀ ਫੇਰੀ ਮੌਕੇ ਚਿੱਠੀ ਸਿੰਘਪੁਰਾ ਵਾਂਗ ਸਿੱਖ ਕਤਲੇਆਮ ਦਾ ਦੋਹਰਾਅ ਟਲਿਆ

ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਦੀ ਤਿੰਨ ਰੋਜ਼ਾ ਭਾਰਤ ਫੇਰੀ ਤੋਂ ਪਹਿਲਾਂ ਹੀ, ਇਸ ਦੌਰੇ ਨਾਲ ਸਬੰਧਿਤ ਘਟਨਾਵਾਂ, 26 ਮਿਲੀਅਨ ਸਿੱਖ ਕੌਮ ਦੇ ਵਿਹੜੇ ਵਿੱਚ ਇੱਕ ਵੀਚਾਰ-ਚਰਚਾ ਛੇੜ ਗਈਆਂ ਸਨ। ਲਗਭਗ ਤਿੰਨ ਮਹੀਨੇ ਪਹਿਲਾਂ, ਕਸ਼ਮੀਰ ਵਾਦੀ ਵਿੱਚ ਵਸਦੇ ਕੁਝ ਪ੍ਰਮੁੱਖ ਸਿੱਖਾਂ ਦੇ ਘਰ ‘ਗੁੰਮਨਾਮ ਪੱਤਰ’ ਆਏ, ਜਿਨ੍ਹਾਂ ਵਿੱਚ ਸਿੱਖਾਂ ਨੂੰ ਇਸਲਾਮ ਕਬੂਲਣ, ਵਾਦੀ ਛੱਡ ਜਾਣ ਜਾਂ ਭਾਰਤ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦਾ ਫਤਵਾ ਸੁਣਾਇਆ ਗਿਆ ਸੀ। ਇਨ੍ਹਾਂ ‘ਚਿੱਠੀਆਂ’ ਨੂੰ ਭਾਰਤੀ ਏਜੰਸੀਆਂ ਦੀ ਕਰਤੂਰ ਸਮਝਦਿਆਂ, ਸਿੱਖਾਂ ਨੇ ਪੂਰੀ ਗੰਭੀਰਤਾ ਨਾਲ ਲਿਆ ਅਤੇ ਇਸ ਸਬੰਧੀ ਦੇਸ਼-ਵਿਦੇਸ਼ ਵਿੱਚ, ਜ਼ੋਰਦਾਰ ਲਾਮਬੰਦੀ ਕੀਤੀ ਗਈ। ਕਸ਼ਮੀਰ ਵਾਦੀ ਵਿੱਚ ਆਜ਼ਾਦੀ ਲਹਿਰ ਦੀ ਅਗਵਾਈ ਕਰ ਰਹੀ ‘ਹੁਰੀਅਤ ਕਾਨਫਰੰਸ’ ਜਮਾਤ ਦੇ ਆਗੂਆਂ ਨੂੰ, ਇਹ ਕਰੈਡਿਟ ਜਾਂਦਾ ਹੈ ਕਿ ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ, ਇਸ ਸਬੰਧੀ ਫੌਰਨ ਆਪਣੀ ਪ੍ਰਤੀਕ੍ਰਿਆ ਦਿੱਤੀ। ਹੁਰੀਅਤ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਉਮਰ ਫਾਰੂਖ ਸਮੇਤ ਅੱਡ-ਅੱਡ ਲੀਡਰਾਂ ਨੇ, ਸਿੱਖਾਂ ਨੂੰ ਪੂਰਨ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਬਹੁਗਿਣਤੀ ਮੁਸਲਿਮ ਭਾਈਚਾਰੇ ਨੂੰ, ਸਿੱਖਾਂ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ। ਕਸ਼ਮੀਰ ਵਾਦੀ ਦੇ ਸਿੱਖਾਂ ਨੇ ਵੀ ਇਸ ਸਥਿਤੀ ਵਿੱਚ, ਆਪਣਾ ਮਨੋਬਲ ਵੀ ਕਾਇਮ ਰੱਖਿਆ ਅਤੇ ਮੁਸਲਮਾਨਾਂ ਪ੍ਰਤੀ ਸਦਭਾਵਨਾ ਵਿੱਚ ਵੀ ਕੋਈ ਕਮੀ ਨਹੀਂ ਆਣ ਦਿੱਤੀ।

ਕਸ਼ਮੀਰ ਵਾਦੀ ਦੇ ਸਿੱਖਾਂ ਦੀ ਸੁਰੱਖਿਆ ਸਬੰਧੀ ‘ਚਿੰਤਾ’ ਦਾ ਪ੍ਰਗਟਾਅ ਅਜੇ ਜਾਰੀ ਸੀ, ਜਦੋਂ ਕਿ ਪ੍ਰਧਾਨ ਓਬਾਮਾ ਦੇ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਪ੍ਰੋਗਰਾਮ ਸਾਹਮਣੇ ਆਇਆ। ਹੋ ਸਕਦਾ ਹੈ ਕਿ ਇਹ ਸਿੱਖਾਂ ਪ੍ਰਤੀ ਸਦਭਾਵਨਾ ਦੇ ਪ੍ਰਗਟਾਅ ਦੇ ਨਾਲ ਨਾਲ, ਮਾਰਚ 2000 ਵਿੱਚ ਪ੍ਰਧਾਨ ਕਲਿੰਟਨ ਦੇ ਭਾਰਤ ਦੌਰੇ ਦੌਰਾਨ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਵਿਚਲੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਮਾਰੇ ਗਏ 35 ਸਿੱਖਾਂ ਦੀ ਯਾਦ ਨੂੰ ਅਮਰੀਕੀ ਪ੍ਰਧਾਨ ਦੀ ਚੁੱਪ-ਸ਼ਰਧਾਂਜਲੀ ਦਾ ਪ੍ਰਗਟਾਅ ਵੀ ਹੋਵੇ। ਪ੍ਰਧਾਨ ਕਲਿੰਟਨ ਨੇ, ਮੈਡਲੀਨ ਅਲਬਰਾਈਟ (ਕਲਿੰਟਨ ਦੌਰ ਵਿੱਚ ਵਿਦੇਸ਼ ਮੰਤਰੀ) ਦੀ ਕਿਤਾਬ ‘ਮਾਈਟੀ ਐਂਡ ਅਲਮਾਈਟੀ’ ਵਿੱਚ, ਇਨ੍ਹਾਂ 35 ਸਿੱਖਾਂ ਦੇ ਕਤਲੇਆਮ ਲਈ ‘ਹਿੰਦੂ ਦਹਿਸ਼ਤਗਰਦਾਂ’ ਨੂੰ ਦੋਸ਼ੀ ਦੱਸਿਆ ਹੈ। ਪ੍ਰਧਾਨ ਓਬਾਮਾ ਦੀ ਅੰਮ੍ਰਿਤਸਰ ਫੇਰੀ ਦੀ ਅਹਿਮੀਅਤ ਜੇ ਸਿੱਖਾਂ ਨੂੰ ਸਮਝ ਆਉਂਦੀ ਸੀ ਤਾਂ ਭਾਰਤੀ ਏਜੰਸੀਆਂ ਨੂੰ ਕਿਉਂ ਸਮਝ ਨਹੀਂ ਆਉਂਦੀ? ਇਨ੍ਹਾਂ ਏਜੰਸੀਆਂ ਨੇ, ਪ੍ਰਧਾਨ ਓਬਾਮਾ ਦੀ ਹਰਿਮੰਦਰ ਸਾਹਿਬ ਫੇਰੀ ਨੂੰ ‘ਸਿਰ ਢਕਣ’ ਦੇ ਮੁੱਦੇ ਨਾਲ ਜੋੜ ਕੇ, ਐਸਾ ਭੰਬਲਭੂਸਾ ਪੈਦਾ ਕੀਤਾ ਕਿ ਅਮਰੀਕੀ ਅਧਿਕਾਰੀਆਂ ਨੇ ਇਹ ਯਾਤਰਾ ਹੀ ਰੱਦ ਕਰ ਦਿੱਤੀ।
ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਸ਼ੁਰੂ ਹੋਣ ਮੌਕੇ, ਭਾਰਤੀ ਮੀਡੀਏ ਨੇ, ਅਮਰੀਕਾ ਹਵਾਈ ਅਥਾਰਿਟੀ ਵਲੋਂ ‘ਦਸਤਾਰਾਂ’ ਦੀ ਐਡੀਸ਼ਨਲ ਸਕਿਓਰਟੀ ਦੀ ਖਬਰ ਨੂੰ, ਇਸ ਢੰਗ ਨਾਲ ਉਛਾਲਿਆ, ਮਾਨੋ ਅਮਰੀਕਾ ਨੇ ਏਅਰਪੋਰਟਾਂ ’ਤੇ ਦਸਤਾਰਾਂ ’ਤੇ ਪਾਬੰਦੀ ਲਾ ਦਿੱਤੀ ਹੋਵੇ। ਇਸ ਖਬਰ ਨੇ ਹਰ ਸਿੱਖ ਨੂੰ ਇੱਕ ਝਟਕਾ ਦਿੱਤਾ ਕਿਉਂਕਿ ਕਿੱਥੇ ਪ੍ਰਧਾਨ ਓਬਾਮਾ ਦੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਗੱਲ ਤੇ ਕਿੱਥੇ ਦਸਤਾਰ ’ਤੇ ਵਾਧੂ ਪਾਬੰਦੀਆਂ ਦੀ ਗੱਲ? ਪਰ ਭਾਰਤੀ ਮੀਡੀਆ ਸਪਿਨ-ਮਾਸਟਰ, ਆਪਣੀ ਕਲਾ ਦੇ ਮਾਹਰ ਹਨ ਅਤੇ ਅਸੀਂ ਆਪਣੇ ਸੁਭਾਅ ਅਨੁਸਾਰ ਤਿੱਖੀ ਪ੍ਰਤੀਕ੍ਰਿਆ ਦੇਣੀ ਹੀ ਦੇਣੀ ਹੁੰਦੀ ਹੈ। ਇਸ ਕੇਸ ਵਿੱਚ ਵੀ ਇਵੇਂ ਹੀ ਹੋਇਆ। ‘ਬਿਆਨਬਾਜ਼ੀ’ ਬੜੇ ਜ਼ੋਰ-ਸ਼ੋਰ ਨਾਲ ਹੋਈ ਅਤੇ ਗੱਲ ਉੱਥੇ ਹੀ ਮੁੱਕ ਗਈ, ਕਿਸੇ ਨੇ ਅੱਗੋਂ ਫੌਲੋ-ਅੱਪ ਨਹੀਂ ਕਰਨਾ।

ਭਾਰਤੀ ਏਜੰਸੀਆਂ ਨੂੰ ਇੰਨੀ ਕਾਰਗੁਜ਼ਾਰੀ ਨਾਲ ਸੰਤੋਖ ਨਹੀਂ ਹੋਇਆ। ਉਨ੍ਹਾਂ ਨੇ ‘ਚਿੱਠੀ ਸਿੰਘਪੁਰਾ ਦਾ ਦੋਹਰਾਅ’ ਕਰਨ ਦੀ ਠਾਣੀ। ਭਾਰਤੀ ਮੀਡੀਏ ਦੀਆਂ ਖਬਰਾਂ ਅਨੁਸਾਰ (ਇਸ ਖਬਰ ਨੂੰ ਗ੍ਰੇਟਰ ਕਸ਼ਮੀਰ ਮੀਡੀਏ ਨੇ ਪ੍ਰਮੁੱਖਤਾ ਨਾਲ ਛਾਪਿਆ) ਪ੍ਰਧਾਨ ਓਬਾਮਾ ਉਦੋਂ ਮੁੰਬਈ ਤੋਂ ਦਿੱਲੀ ਵੱਲ ਰਵਾਨਾ ਹੋ ਰਹੇ ਸਨ, ਤਾਂ (5 ਨਵੰਬਰ) ਸ਼ੁੱਕਰਵਾਰ ਦੇਰ ਸ਼ਾਮ ਨੂੰ ਕਸ਼ਮੀਰ ਵਾਦੀ ਵਿੱਚ ਮੱਟਨ ਦੇ ਨੇੜੇ ਇੱਕ ਸਿੱਖ ਪਿੰਡ - ‘ਹੁੱਟਮਰਾਹ’ ਵਿੱਚ ਸੁਰੱਖਿਆ ਦਸਤਿਆਂ ਦੀ ਵਰਦੀ ਵਿੱਚ ਕੁਝ ਬੰਦੂਕਧਾਰੀ ਆਏ ਅਤੇ ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਆਉਣ ਲਈ ਕਿਹਾ। ਲੋਕਲ ਸਿੱਖਾਂ ਦੇ ਆਗੂ ਨੇ, ਮੀਡੀਏ ਨੂੰ ਦੱਸਿਆ - ‘‘ਕਾਫੀ ਦੇਰ ਰਾਤ ਗਈ ਸੂਮੋ ਗੱਡੀ ਵਿੱਚ 10 ਤੋਂ 12 ਵਰਦੀਧਾਰੀ - ਬੰਦੂਕਧਾਰੀ ਲੋਕ ਸਾਡੇ ਪਿੰਡ ਵਿੱਚ ਆਏ। ਉਨ੍ਹਾਂ ਨੇ ਸਾਡੇ ਘਰਾਂ ਦੇ ਦਰਵਾਜ਼ੇ ਖੜਕਾ ਕੇ, ਸਾਨੂੰ ਬਾਹਰ ਆਉਣ ਲਈ ਕਿਹਾ। ਪਰ ਅਸੀਂ ਹਾਲ-ਦੋਹਾਈ ਪਾ ਦਿੱਤੀ। ਇਸ ਦੌਰਾਨ ਉਹ ਉੱਥੋਂ ਭੱਜ ਨਿੱਕਲੇ। ਪਰ ਅਸੀਂ ਸੂਮੋ ਡਰਾਇਵਰ ਨੂੰ ਸਮੇਤ ਉਸ ਦੀ ਗੱਡੀ ਦੇ ਫੜ੍ਹ ਕੇ ਮੱਟਨ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਸੂਮੋ ਗੱਡੀ ਦਾ ਨੰਬਰ ਜੇ. ਕੇ. -03-3077 ਹੈ।’’ ਯਾਦ ਰਹੇ ਸਿੱਖ ਵਸੋਂ ਵਾਲਾ ਇਹ ਪਿੰਡ, ਖਾਨਬਲ ਤੋਂ ਪਹਿਲਗਾਮ ਜਾਣ ਵਾਲੀ ਸੜਕ ’ਤੇ, ਅਨੰਤਨਾਗ ਕਸਬੇ ਤੋਂ ਸਿਰਫ 10 ਕਿਲੋਮੀਟਰ ਦੂਰ ਹੈ। ਇਹ ਘਟਨਾ ਵਾਪਰਨ ਤੋਂ ਫੌਰਨ ਬਾਅਦ, ਇਲਾਕੇ ਦੇ ਸੈਂਕੜੇ ਮੁਸਲਮਾਨ ਵੀ ਆਪਣੇ ਘਰਾਂ ਵਿੱਚੋਂ ਨਿਕਲ ਕੇ, ‘ਹੱਟਮੁਰਾਹ’ ਪਿੰਡ ਵਿੱਚ ਪਹੁੰਚ ਗਏ। ਇਨ੍ਹਾਂ ਨੇ ਸਿੱਖਾਂ ਨਾਲ ਮਿਲ ਕੇ, ਸੁਰੱਖਿਆ ਦਸਤਿਆਂ ਦੇ ਖਿਲਾਫ ਰੋਸ-ਵਿਖਾਵਾ ਵੀ ਕੀਤਾ।

ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਗਲਤਫਹਿਮੀ’ ਕਹਿ ਕੇ ਦਬਾਉਣ ਦਾ ਯਤਨ ਕੀਤਾ। ਪਰ ਜੰਮੂ-ਕਸ਼ਮੀਰ ਦੇ ਸਿੱਖਾਂ ਵਿੱਚ, ਇਸ ਘਟਨਾ ਨੂੰ ਲੈ ਕੇ ਬੜਾ ਰੋਸ ਪੈਦਾ ਹੋਇਆ। ਜੰਮੂ ਦੇ ਨੇੜੇ ਸਿੱਖਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਟ੍ਰੈਫਿਕ ਵੀ ਰੋਕਿਆ। ਗੁਰਦੁਆਰਾ ਪ੍ਰਬੰਧਕ ਕਮੇਟੀ (ਜੰਮੂ-ਕਸ਼ਮੀਰ) ਨੇ ਸਿੱਖਾਂ ਨੂੰ ਸ਼ਾਂਤ ਪਰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰ ਵਾਇਜ਼ ਫਾਰੂਖ ਨੇ ਕਿਹਾ - ‘ਅਸੀਂ ਸਿੱਖ ਭਾਈਚਾਰੇ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣ ਅਤੇ ਸ਼ਰਾਰਤੀਆਂ ਨੂੰ ਪਛਾਣਨ ਦੀ ਅਪੀਲ ਕਰਦੇ ਹਾਂ। ਸਮੁੱਚੀ ਕਸ਼ਮੀਰ ਵਾਦੀ ਦਾ ਮੁਸਲਮਾਨ ਭਾਈਚਾਰਾ, ਤੁਹਾਡੀ ਪਿੱਠ ’ਤੇ ਖੜ੍ਹਾ ਹੈ।’ ਹੁਰੀਅਤ ਕਾਨਫਰੰਸ ਦੇ ਸਈਅਦ ਅਲੀ ਸ਼ਾਹ ਗਿਲਾਨੀ ਨੇ, ਇਸ ਘਟਨਾ ’ਤੇ ‘ਡਾਢੀ ਚਿੰਤਾ’ ਦਾ ਇਜ਼ਹਾਰ ਕਰਦਿਆਂ ਕਿਹਾ - ‘‘ਮੈਂ ਮੁਸਲਮਾਨਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਤੱਕ ਪ੍ਰਧਾਨ ਓਬਾਮਾ ਦਾ ਭਾਰਤ ਦੌਰਾ ਜਾਰੀ ਹੈ, ਉਹ ਸਿੱਖਾਂ ਦੀ ਪੂਰਨ ਸੁਰੱਖਿਆ ਲਈ ਅੱਗੇ ਆਉਣ। ਭਾਰਤੀ ਖੁਫੀਆ ਏਜੰਸੀਆਂ, ਚਿੱਠੀ ਸਿੰਘਪੁਰਾ ਦੀ ਘਟਨਾ ਦਾ ਦੋਹਰਾਅ ਕਰਨ ’ਤੇ ਉਤਾਰੂ ਜਾਪਦੀਆਂ ਹਨ।’’

ਅਸੀਂ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਾਂ ਕਿ ਇਸ ਵਾਰ ਕਸ਼ਮੀਰੀ ਸਿੱਖ, ਭਾਰਤੀ ਏਜੰਸੀਆਂ ਦੀ ਮੰਦੀ ਸਾਜ਼ਿਸ਼ ਦਾ ਸ਼ਿਕਾਰ ਹੋਣੋਂ ਬਚ ਗਏ। ਇਸ ਵਿੱਚ, ਜਿਥੇ ਦੁਨੀਆ ਭਰ ਦੇ ਸਿੱਖਾਂ ਦੀ ‘ਸਾਵਧਾਨੀ’ ਅਤੇ ਪਹਿਲਾਂ ਹੀ ਪਾਏ ਗਏ ਸ਼ੋਰ-ਸ਼ਰਾਬੇ ਦਾ ਕਾਫੀ ਵੱਡਾ ਰੋਲ ਹੈ, ਉਥੇ ਅਸੀਂ ਕਸ਼ਮੀਰ ਵਾਦੀ ਵਿਚਲੀ ਸੁਚੱਜੀ ‘ਹੁਰੀਅਤ ਕਾਨਫਰੰਸ’ ਦੇ ਲੀਡਰਾਂ ਦੇ ਵਿਸ਼ੇਸ਼ ਧੰਨਵਾਦੀ ਹਾਂ। ਭਾਰਤੀ ਏਜੰਸੀਆਂ ਨੇ, ਪ੍ਰਧਾਨ ਓਬਾਮਾ ਦੀ ਯਾਤਰਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ, ਦਹਿਸ਼ਤਗਰਦ ਹੈਡਲੀ (ਜਿਹੜਾ ਕਿ ਅਮਰੀਕੀ ਏਜੰਸੀਆਂ ਅਤੇ ਲਸ਼ਕਰ-ਏ-ਤੋਇਬਾ ਦਾ ਦੋਹਰਾ ਦਲਾਲ ਸੀ) ਦੇ ਹਵਾਲੇ ਨਾਲ ਇਹ ਖਬਰ ‘ਪਲਾਂਟ’ ਕੀਤੀ ਸੀ ਕਿ ਹੈਡਲੀ ਅਨੁਸਾਰ, 20 ਮਾਰਚ, 2000 ਦਾ ਚਿੱਠੀ ਸਿੰਘਪੁਰਾ ਵਿਚਲਾ 35 ਸਿੱਖਾਂ ਦਾ ਕਤਲੇਆਮ, ਲਸ਼ਕਰ-ਏ-ਤੋਇਬਾ ਦਾ ਕੰਮ ਸੀ। ਸੋ ਜ਼ਾਹਰ ਹੈ ਕਿ ਭਾਰਤੀ ਏਜੰਸੀਆਂ, ਪ੍ਰਧਾਨ ਓਬਾਮਾ ਦੀ ਯਾਤਰਾ ਦੌਰਾਨ, ਚਿੱਠੀ ਸਿੰਘਪੁਰਾ ਦਾ ਦੋਹਰਾਅ ਕਰਕੇ, ਇਸ ਨੂੰ ‘ਪਾਕਿਸਤਾਨੀ ਦਹਿਸ਼ਤਗਰਦੀ’ ਦੇ ਖਾਤੇ ਵਿੱਚ ਪਾਉਣਾ ਚਾਹੁੰਦੀਆਂ ਸਨ। ਪ੍ਰਧਾਨ ਓਬਾਮਾ ਦਾ ਭਾਰਤ ਦੌਰਾ ਮੁੱਕ ਗਿਆ ਹੈ ਅਤੇ ਹਾਲ ਦੀ ਘੜੀ ਕਸ਼ਮੀਰੀ ਸਿੱਖਾਂ ਦੇ ਗਲੋਂ ਬਲਾ ਟਲ ਗਈ ਜਾਪਦੀ ਹੈ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਭਾਰਤੀ ਏਜੰਸੀਆਂ ਵਲੋਂ ਕਸ਼ਮੀਰ ਵਾਦੀ ਵਿੱਚੋਂ ਸਿੱਖਾਂ ਦੀ ਹਿਜ਼ਰਤ ਕਰਵਾਉਣ ਦਾ ਏਜੰਡਾ, ਅਜੇ ਪੂਰਾ ਹੋਣਾ ਬਾਕੀ ਹੈ। ਕਸ਼ਮੀਰ ਵਾਦੀ ਦੇ ਸਿੱਖ, ਭਾਰਤੀ ਖੁਫੀਆ ਏਜੰਸੀਆਂ ਦੇ ‘ਦਹਿਸ਼ਤਗਰਦ ਬਾਰੂਦ’ ਦੇ ਢੇਰ ਉੱਪਰ ਬੈਠੇ ਹੋਏ ਹਨ - ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਭਾਰਤੀ ਏਜੰਸੀਆਂ ਇੱਕ ਪਾਸੇ ਸਿੱਖਾਂ ਨੂੰ ਉਥੋਂ ਭਜਾਉਣਾ ਚਾਹੁੰਦੀਆਂ ਹਨ ਅਤੇ ਦੂਸਰੇ ਪਾਸੇ ਸਿੱਖਾਂ, ਮੁਸਲਮਾਨਾਂ ਵਿੱਚ ਨਫਰਤ ਦੀ ਅੱਗ ਫੈਲਾ ਕੇ ਸਿੱਖ ਕੌਮ ਨੂੰ ‘ਇਸਲਾਮਿਕ ਦਹਿਸ਼ਤਗਰਦੀ’ ਦੇ ਖਿਲਾਫ ਸੁੱਕੇ-ਬਾਲਣ ਵਾਂਗ ਵਰਤਣਾ ਚਾਹੁੰਦੀਆਂ ਹਨ। ਜੇ ਸਿੱਖ ਭੜਕ ਉੱਠਦੇ ਹਨ, ਤਾਂ ਕਸ਼ਮੀਰ ਦੀ ਅਜ਼ਾਦੀ ਲਹਿਰ ਦਾ ਵੀ ਆਪਣੇ ਆਪ ਭੋਗ ਪੈ ਜਾਂਦਾ ਹੈ ਅਤੇ ਦੇਸ਼ ਭਰ ਵਿੱਚ ਫਿਰਕੂ ਦੰਗਿਆਂ ਦਾ ਮਾਹੌਲ ਵੀ ਸਿਰਜਿਆ ਜਾਂਦਾ ਹੈ। ਇਹ ਘਟਨਾਕ੍ਰਮ ‘ਹਿੰਦੂ ਰਾਸ਼ਟਰਵਾਦੀਆਂ’ ਦੀ ਖੇਡ ਨੂੰ ਬਿਲਕੁਲ ਸੌਖਿਆਂ ਕਰ ਦਿੰਦਾ ਹੈ। ਕੀ 26 ਮਿਲੀਅਨ ਸਿੱਖ ਕੌਮ, ਇਸ ਖੁਫੀਆ ਏਜੰਸੀਆਂ ਦੀ ਹਿੰਦੂਤਵੀ ਖੇਡ ਦੀਆਂ ‘ਪੇਚੀਦਗੀਆਂ’ ਨੂੰ ਸਮਝੇਗੀ?

-ਡਾ. ਅਮਰਜੀਤ ਸਿੰਘ ਵਾਸਿੰਗਟਨ

Post a Comment

0 Comments
Post a Comment (0)
To Top