ਬਰਸੀ ’ਤੇ ਵਿਸ਼ੇਸ਼ : ਲੋਕ ਕਵੀ ਸੰਤ ਰਾਮ ਉਦਾਸੀ

ਸੁਨੇਹਾ
0
ਸੂਰਜ ਕਦੇ ਮਰਿਆ ਨਹੀਂ...

-ਪ੍ਰਿਤਪਾਲ ਕੌਰ ਉਦਾਸੀ
ਮੇਰੇ ਪਾਪਾ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਸਾਡੇ ਪ੍ਰਵਾਰ ਲੱਖਾਂ, ਸਨੇਹੀਆਂ, ਸਰੋਤਿਆਂ ਅਤੇ ਪਾਠਕਾਂ ਕੋਲੋਂ ਸਦਾ ਲਈ ਵਿਛੜਿਆਂ 24 ਸਾਲ ਹੋਣ ਲੱਗੇ ਹਨ। 2 ਨਵੰਬਰ 1986 ਦੀ ਉਹ ਮਨਹੂਸ ਸ਼ਾਮ ਕੱਲ੍ਹ ਵਾਂਗ ਯਾਦ ਹੈ ਜਦ ਪਾਪਾ ਜੀ ਸ੍ਰੀ ਹਜ਼ੂਰ ਸਾਹਿਬ ਜਾਣ ਲਈ ਘਰੋਂ ਤੁਰੇ ਸਨ। ਜਦੋਂ ਵੀ ਪਾਪਾ ਜੀ ਕਿਸੇ ਪਾਸੇ ਜਾਂਦੇ ਸਨ ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਅੱਗੇ ਖੜ੍ਹ ਕੇ ਅਰਦਾਸ ਕਰਿਆ ਕਰਦੇ ਸਨ :

‘ਨਾ ਭੁੱਲੀਂ ਨਾ ਭੁਲਾਈਂ
ਨਾ ਵਿਸਰੀਂ ਨਾ ਵਿਸਾਰੀਂ
ਸਿਰ ’ਤੇ ਮਿਹਰਾਂ ਭਰਿਆ ਹੱਥ ਰੱਖੀਂ
ਜਿਥੇ ਵੀ ਰੱਖੀਂ ਆਪਣੇ ਚਰਨਾਂ ਵਿੱਚ ਰੱਖੀਂ।’

ਉਸ ਦਿਨ ਵੀ ਪਾਪਾ ਜੀ ਇਹੋ ਅਰਦਾਸ ਕਰਕੇ ਘਰੋਂ ਤੁਰੇ ਸਨ। ਸੋਚਦੀ ਹਾਂ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਵੀਆਂ ਨਾਲ ਅੰਤਾਂ ਦਾ ਪਿਆਰ ਸੀ, ਫਿਰ ਪਾਪਾ ਜੀ ਤਾਂ ਉਹਨਾਂ ਦੇ ਅਸਲ ਵਾਰਸ ਕਵੀ ਸਨ, ਗੁਰੂ ਸਾਹਿਬ ਦੀ ਜਬਰ-ਜ਼ੁਲਮ ਵਿਰੁੱਧ ਲੜਨ ਵਾਲੀ ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਹੀ ਪਾਪਾ ਜੀ ਨੇ ਨਕਸਲਵਾੜੀ ਲਹਿਰ ਵਿਚ ਸ਼ਾਮਲ ਹੋ ਕੇ, ਤਸੀਹੇ ਝੱਲੇ ਸਨ ਤੇ ਆਪਣੇ ਲੋਕਾਂ ਦੀ ਮੁਕਤੀ ਲਈ ਸੰਘਰਸ਼ ਕੀਤਾ ਸੀ, ਸ਼ਾਇਦ ਇਸੇ ਪਿਆਰ ਵੱਸ ਹੀ ਗੁਰੂ ਸਾਹਿਬ ਨੇ ਆਪਣੇ ਚਰਨਾਂ ਕੋਲ ਹੀ ਉਨ੍ਹਾਂ ਨੂੰ ਸ੍ਰੀ ਹਜ਼ੂਰ ਸਾਹਿਬ ਰੱਖ ਲਿਆ ਹੋਵੇ। ਪਾਪਾ ਜੀ ਵੀ ਆਪਣੇ ਗੀਤਾਂ, ਕਵਿਤਾਵਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਰ-ਵਾਰ ਜ਼ਿਕਰ ਕਰਿਆ ਕਰਦੇ ਸਨ :

‘ਮੈਂ ਏਸੇ ਲਈ ਹੀ ਆਪਣੇ ਆਪ ਨੂੰ ਮੰਨਿਆ ਹੈ ਗੁਰ-ਚੇਲਾ
ਕਿ ਰਿਸ਼ਤਾ ਜੱਗ ’ਤੇ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ
ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ
ਕਿ ਕੱਚੇ ਕੋਠੜੇ ਮੂਹਰੇ ਮਹਿਲ ਮੀਨਾਰ ਝੁਕ ਜਾਵੇ।’


ਪਾਪਾ ਜੀ ਦੀ ਇਕ ਹੋਰ ਕਵਿਤਾ ‘ਔਰੰਗਜ਼ੇਬ ਦਾ ਖ਼ਤ ਦਸਮੇਸ਼ ਦਾ ਜਵਾਬ’ ਵਿਚ ਗੁਰੂ ਸਾਹਿਬ ਇੰਝ ਆਖਦੇ ਹਨ :

‘ਮੇਰੇ ਆਦਰਸ਼ ਤੋਂ ਮੈਨੂੰ ਥਿੜਕਾਅ ਨਹੀਂ ਸਕਦਾ
ਵਿਛੋੜਾ ਬਾਪ, ਮਾਤਾ ਦਾ ਅਤੇ ਪੁੱਤਰਾਂ ਹਜ਼ਾਰਾਂ ਦਾ
ਜੇ ਦੀਵਾ ਰਹਿ ਸਕੇ ਬਲਦਾ ਮਾਸੂਮਾਂ ਤੇ ਅਨਾਥਾਂ ਦਾ
ਮੈਂ ਰੀਝਾਂ ਨਾਲ ਪਾਇਆ ਖ਼ੂਨ ਹੈ ਵਿਚ ਲਾਲ ਚਾਰਾਂ ਦਾ।।’


ਪਾਪਾ ਜੀ ਲਈ ‘ਦਿੱਲੀ’ ਮਹਿਜ ਦੇਸ਼ ਦੀ ਰਾਜਧਾਨੀ ਹੀ ਨਹੀਂ ਹੈ, ਇਹ ਜ਼ਬਰ ਜੁਲਮ ਦੀ ਪ੍ਰਤੀਕ ਵੀ ਹੈ। ਜੋ ਵੀ ਜੁਝਾਰੂ ਦਿੱਲੀ ਦਰਬਾਰ ਦੇ ਜ਼ਬਰ ਜ਼ੁਲਮ ਵਿਰੁੱਧ ਲੜਦੇ ਹਨ, ਪਾਪਾ ਜੀ ਲਈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹੀ ਹਨ :

ਦਿੱਲੀਏ ਦਿਆਲਾ ਦੇਖ ਦੇਗ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ
ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ
ਲੈ ਕੇ ਫ਼ੌਜੀ ਖਾਲਸੇ ਖੜ੍ਹੇ।’

ਪਾਪਾ ਜੀ ਨੇ ਸਿੱਖ ਇਤਿਹਾਸ ਦੇ ਅਮੀਰ ਵਿਰਸੇ ਨੂੰ, ਆਪਣੇ ਗੀਤਾਂ, ਕਵਿਤਾਵਾਂ ਵਿਚ ਸਮੇਂ-ਸਮੇਂ ਦੀਆਂ ਲੋਕ ਲਹਿਰਾਂ ਨੂੰ ਮਜ਼ਬੂਤ, ਉਤਸ਼ਾਹਿਤ ਅਤੇ ਉਤੇਜਤ ਕਰਨ ਲਈ, ਪ੍ਰੇਰਨਾ ਸਰੋਤ ਵਜੋਂ ਪੇਸ਼ ਕੀਤਾ ਹੈ। ਪਾਪਾ ਜੀ ਨੂੰ ਇਸ ਗੱਲ ਦਾ ਬਾਖ਼ੂਬੀ ਅਹਿਸਾਸ ਸੀ ਕਿ ਕੋਈ ਵੀ ਲੋਕ ਲਹਿਰ ਇਤਿਹਾਸਕ ਵਿਰਸੇ ਤੋਂ ਪ੍ਰੇਰਨਾ ਲਏ ਬਗੈਰ ਅਗਾਂਹ ਨਹੀਂ ਵੱਧ ਸਕਦੀ, ਜੋ ਲਹਿਰਾਂ ਆਪਣੇ ਵਿਰਸੇ ਨਾਲੋਂ ਟੁੱਟੀਆਂ ਹਨ, ਉਹ ਖ਼ਤਮ ਹੋ ਗਈਆਂ ਹਨ।

ਮੇਰੇ ਪਾਪਾ ਜੀ ਬਹੁਪੱਖੀ ਕਵੀ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਹਨਾਂ ਦੀ ਕਵਿਤਾ ਜ਼ਿੰਦਗੀ ਦਾ ਬਹੁਰੰਗਾ ਗੁਲਦਸਤਾ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜਿਥੇ ਉਹਨਾਂ ਨੇ ਆਪਣੇ ਗੀਤਾਂ ਕਵਿਤਾਵਾਂ ਵਿਚ ਇਤਿਹਾਸਕ ਵਿਰਸੇ ਨੂੰ ਨਗੀਨਿਆਂ ਵਾਂਗ ਪਰੋਇਆ ਹੈ, ਉਥੇ ਆਮ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ, ਕਿਸਾਨਾਂ-ਮਜ਼ਦੂਰਾਂ ਦੀ ਦੁੱਭਰ ਜ਼ਿੰਦਗੀ ਦੀ ਤਸਵੀਰ ਤੇ ਦਲਿਤ ਲੋਕਾਂ ਦੇ ਆਰਥਿਕ ਤੇ ਮਾਨਸਿਕ, ਸਰੀਰਕ ਸ਼ੋਸ਼ਣ ਨੂੰ ਅਤਿ ਸੂਖਮਤਾ ਦੀ ਪੱਧਰ ਤੱਕ ਜਾ ਕੇ ਫੜਿਆ ਹੈ, ਖਾਸ ਕਰ ਦਲਿਤ ਔਰਤਾਂ ਦੀ ਜ਼ਿੰਦਗੀ ਦਾ ਜੋ ਚਿਤਰਨ ਪਾਪਾ ਜੀ ਨੇ ਕੀਤਾ ਹੈ ਉਹ ਹਾਲਾਂ ਤੱਕ ਵੀ ਕਿਸੇ ਕਵੀ ਨੇ ਨਹੀਂ ਕੀਤਾ। ਉਹਨਾਂ ਦਾ ਗੀਤ ‘ਅੰਮੜੀ ਨੂੰ ਤਰਲਾ’ ਰਾਹੀਂ ਦਲਿਤ ਕੁੜੀਆਂ ਦੇ ਨਾਲ ਨਾਲ ਉਹਨਾਂ ਦੇ ਪ੍ਰਵਾਰਾਂ ਦੀ ਵੀ ਤਰਸਯੋਗ ਹਾਲਤ ਨੂੰ ਸਮਝਿਆ ਜਾ ਸਕਦਾ ਹੈ ਜੋ ਸਦੀਆਂ ਤੋਂ ਹੀ ਇਹੋ ਜੂਨ ਭੋਗਦੇ ਆਏ ਹਨ ਤੇ ਹਾਲਾਂ ਤੱਕ ਆਜ਼ਾਦੀ ਦਾ ਫ਼ਲ ਉਹਨਾਂ ਦੀ ਪਹੁੰਚ ਤੋਂ ਕੋਹਾਂ ਦੂਰ ਨਜ਼ਰ ਆ ਰਿਹਾ ਹੈ:

‘ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ’ਤੇ ਸੰਗਲ ਰਵੇ
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਤੱਕ ਮੁੱਲ ਨਾ ਪਵੇ’

ਬ੍ਰਾਹਮਣੀ ਸਮਾਜਿਕ ਬਣਤਰ ਕਾਰਨ ਦਲਿਤ ਕੁੜੀਆਂ ਦਾ ਦੂਹਰਾ ਸੋਸ਼ਣ ਹੁੰਦਾ ਹੈ। ਇੱਕ ਤਾਂ ਉਨ੍ਹਾਂ ਨੂੰ ਆਪਣਾ ਹੀ ਨਹੀਂ ਆਪਣੇ ਪ੍ਰੀਵਾਰ ਦਾ ਪੇਟ ਪਾਲਣ ਲਈ ਨੀਵੇਂ ਤੋਂ ਨੀਵੇਂ ਦਰਜੇ ਦੀ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ। ਇੱਕ ਦਲਿਤ ਕੁੜੀ ਆਪਣੀ ਵੇਦਨਾ, ਆਪਣੀ ਮਾਂ ਤੋਂ ਬਿਨਾਂ ਕੀਹਨੂੰ ਸੁਣਾ ਸਕਦੀ ਹੈ?

‘ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿਥੇ
ਅਕਲਾਂ ਨੂੰ ਪੈ ਗਿਆ ਏ ਜੰਗ ਨੀ
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿੱਚ ਟੁੱਟੀ ਜਾਪੇ
ਔਹ ਜਿਹੜੀ ਰੁਲਦੀ ਐ ਵੰਗ ਨੀ
ਪਿੰਡਾ ਕਿਸੇ ਚੋਗੀ ਦਾ ਨੀ ਨਰਮੇ ਦੇ ਫੁੱਟ ਜਿਹਾ
ਖਿਲ ਕੇ ਵੀ ਰੋਂਦਿਆਂ ਰਵੇ।’


ਇਹ ਜੋ ਹਾਲਤ ਸਦੀਆਂ ਤੋਂ ਚੱਲੀ ਆ ਰਹੀ ਹੈ, ਕੀ ਗਰੀਬਾਂ ਦੀ ਇਹੋ ਕਿਸਮਤ ਹੈ? ਨਹੀਂ, ਪਾਪਾ ਜੀ ਇਹ ਨਹੀਂ ਸਮਝਦੇ। ਉਹਨਾਂ ਨੂੰ ਪਤਾ ਹੈ ਕਿ ਇਹ ਹਾਲਤ ਬਦਲੀ ਜਾ ਸਕਦੀ ਹੈ ਪਰ ਇਹ ਓਨਾ ਚਿਰ ਸੰਭਵ ਨਹੀਂ ਜਦੋਂ ਤੱਕ ਇਨ੍ਹਾਂ ਲੋਕਾਂ ਦੇ ਦਿਲਾਂ ਅੰਦਰ ਦੱਬੀ ਪਈ ਅੱਗ ਜਵਾਲਾਮੁਖੀ ਦਾ ਰੂਪ ਧਾਰ ਕੇ ਬਗਾਵਤ ਦੇ ਰਾਹ ਨਹੀਂ ਪੈਂਦੀ :

‘ਪੱਥਰਾਂ ਨੂੰ ਤੋੜੇ ਬਿਨਾਂ ਅੱਗ ਨਾ ਈਜ਼ਾਦ ਹੋਣੀ
ਕਿਹੜਾ ਭੋਲੇ ਬਾਪੂ ਨੂੰ ਕਵੇ,
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ....।’


ਭਾਵੇਂ ਪਾਪਾ ਜੀ ਨੇ ਗਰੀਬ ਕਿਸਾਨ ਦੀ ਹਾਲਤ ਦਾ ਵੀ ਬੜੀ ਬਰੀਕੀ ’ਚ ਜਾ ਕੇ ਚਿਤਰਨ ਕੀਤਾ ਹੈ, ਜੱਟ ਤੇ ਸੀਰੀ ਦੀ ਸਾਂਝ ਵੀ ਬਿਆਨ ਕੀਤੀ ਹੈ, ਉਨ੍ਹਾਂ ਅੰਦਰਲੇ ਵਿਰੋਧ ਵੀ ਪ੍ਰਗਟ ਕੀਤੇ ਹਨ ਪਰ ਜੋ ਹਾਲਤ ਉਨ੍ਹਾਂ ਨੇ ਕੰਮੀਆਂ ਦੇ ਵਿਹੜੇ ਦੀ ਚਿਤਰੀ ਹੈ, ਉਹ ਸ਼ਾਇਦ ਪੰਜਾਬੀ ਕਵਿਤਾ ਵਿਚ ਕਿਸੇ ਕਵੀ ਨੇ ਪਹਿਲੀ ਵਾਰ ਚਿਤਰੀ ਹੋਵੇ। ਪਰ ਉਹ ਸਿਰਫ਼ ਉਨ੍ਹਾਂ ਦੇ ਦੁੱਖਾਂ ਦਲਿੱਦਰਾਂ ਦਾ ਚਿਤਰਨ ਕਰਨ ਤੱਕ ਹੀ ਸੀਮਤ ਨਹੀਂ ਰਹਿੰਦੇ, ਇਨਕਲਾਬ ਦੇ ਸੂਰਜ ਨੂੰ ਕੰਮੀਆਂ ਦੇ ਵਿਹੜੇ ਵਿਚ ਸਦਾ ਮਘਣ ਲਈ ਵੀ ਪ੍ਰੇਰਨਾ ਕਰਦੇ ਹਨ, ਜਿਥੇ ਉਸ ਦੀ ਰੌਸ਼ਨੀ ਅਤੇ ਸੇਕ ਦੀ ਅਤਿ ਜ਼ਰੂਰਤ ਹੈ :

‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ
ਜਿਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ
ਤੂੰ ਮਘਦਾ ਰਹੀਂ ਵੇ ਸੂਰਜਾ.....।’

ਪਾਪਾ ਜੀ ਦੇ ਧੁਰ ਹਿਰਦੇ ਤੱਕ ਆਪਣੇ ਲੋਕਾਂ ਦਾ ਦਰਦ ਪਹੁੰਚਿਆ ਹੋਇਆ ਸੀ। ਪਾਪਾ ਜੀ ਨੂੰ ਪਤਾ ਸੀ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜੋ ਲੋਕਾਂ ਤੋਂ ਪੰਜਾਂ ਸਾਲਾਂ ਬਾਅਦ ਵੋਟਾਂ ਤਾਂ ਲੈ ਜਾਂਦੀਆਂ ਹਨ ਪਰ ਲੋਕਾਂ ਦਾ ਕੋਈ ਭਲਾ ਕਰਨ ਦੀ ਬਜਾਏ ਹਰ ਤਰ੍ਹਾਂ ਦੀ ਲੁੱਟ ਖਸੁੱਟ ਹੀ ਕਰ ਰਹੀਆਂ ਹਨ। ਉਹ ਇਨ੍ਹਾਂ ਪਾਰਟੀਆਂ ਤੋਂ ਆਪਣੇ ਲੋਕਾਂ ਨੂੰ ਸੁਚੇਤ ਕਰਨਾ ਆਪਣਾ ਜ਼ਰੂਰੀ ਫਰਜ਼ ਸਮਝਦੇ ਹਨ :

‘ਲੋਕੋ ਬਾਜ ਆ ਜਾਓ! ਝੂਠੇ ਲੀਡਰਾਂ ਤੋਂ
ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣੈ।
ਇਹਨਾਂ ਦੇਸ਼ ਦਾ ਕੁੱਝ ਵੀ ਛੱਡਿਆ ਨੀ
ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣੈ।’

ਉਨ੍ਹਾਂ ਨੂੰ ਪਤਾ ਹੈ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਲੀਡਰ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਵੋਟਾਂ ਤਾਂ ਲੈ ਲੈਂਦੇ ਹਨ ਪਰ ਜਿੱਤਣ ਤੋਂ ਬਾਅਦ ਅਗਲੀਆਂ ਚੋਣਾਂ ਤੱਕ ਲੋਕਾਂ ਨੂੰ ਮੁੜ ਕੇ ਮੂੰਹ ਨਹੀਂ ਵਿਖਾਉਂਦੇ :

‘ਇਹ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ
ਆਪੂੰ ਸਾਂਭ ਲੈਂਦੇ ਆਪੂੰ ਖੱਟ ਜਾਂਦੇ
ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਂਗੂ
ਆਪੇ ਥੁੱਕ ਕੇ ਤੇ ਆਪੇ ਚੱਟ ਜਾਂਦੇ।’

ਪਾਪਾ ਜੀ ਦੀ ਲੋਕਾਂ ਨੂੰ ਚਾਲੀ ਸਾਲ ਪਹਿਲਾਂ ਦਿੱਤੀ ਗਈ ਇਹ ਚਿਤਾਵਨੀ ਅੱਜ ਵੀ ਉਨ੍ਹਾਂ ਨੂੰ ਸੁਚੇਤ ਕਰ ਰਹੀ ਹੈ ਪਰ ਆਪਣੇ ਲੋਕਾਂ ਦਾ ਦਰਦੀ, ਉਨ੍ਹਾਂ ਦੇ ਹੱਕਾਂ ਦਾ ਪਹਿਰੇਦਾਰ, ਧੀਆਂ-ਧਿਆਣੀਆਂ ਦੀਆਂ ਇੱਜ਼ਤਾਂ ਦਾ ਰਾਖਾ ਇਹ ਸ਼ਾਇਰ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਹੋਏ ਛੋਟੇ ਸਾਹਿਬਜ਼ਾਦਿਆਂ ਸਬੰਧੀ ਪ੍ਰੋਗਰਾਮ ਵਿਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਜਦ 6 ਨਵੰਬਰ 1986 ਨੂੰ ਵਾਪਸ ਘਰ ਆ ਰਿਹਾ ਸੀ ਤਾਂ ਮਨਮਾੜ ਸਟੇਸ਼ਨ ’ਤੇ ਗੱਡੀ ਬਦਲਣ ਤੋਂ ਪਹਿਲਾਂ ਹੀ ਆਪਣੇ ਇਸ਼ਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਸਦਾ ਸਦਾ ਲਈ ਬਿਰਾਜ ਗਿਆ। ਅਫਸੋਸ ਇਸ ਲੋਕ ਦਰਦੀ ਸ਼ਾਇਰ ਦੀ ਮ੍ਰਿਤਕ ਦੇਹ ਦਾ ਮਨਮਾੜ ਦੀ ਸੰਗਤ ਵੱਲੋਂ ਲਵਾਰਸਾਂ ਵਾਂਗ ਉਥੇ ਹੀ ਸਸਕਾਰ ਕਰ ਦਿੱਤਾ ਗਿਆ। ਪੰਜਾਬ ਦੀ ਜਿਸ ਮਿੱਟੀ ਨੂੰ ਉਹ ਅੰਤਾਂ ਦਾ ਪਿਆਰ ਕਰਦਾ ਸੀ, ਉਸ ਦੀ ਮ੍ਰਿਤਕ ਦੇਹ ਨੂੰ ਉਹ ਨਸੀਬ ਨਾ ਹੋ ਸਕੀ। ਉਨ੍ਹਾਂ ਦੀ ਰੂਹ ਹਾਲਾਂ ਵੀ ਆਪਣੇ ਲੋਕਾਂ ਲਈ ਸ਼ਾਇਰੀ ਦੇ ਰੂਪ ਵਿਚ ਸੰਦੇਸ਼ ਵੰਡ ਰਹੀ ਹੈ।
ਰਾਏਸਰ (ਬਰਨਾਲਾ)
ਮੋਬ. 98157-37051

Post a Comment

0 Comments
Post a Comment (0)
To Top