ਆਹ ਵੇਖੋ! ਕਾਮਰੇਡ 'ਜੀ' ਦੀ 'ਲਿਆਕਤ'
ਬਲਜੀਤ ਸਿੰਘ ਢਿੱਲੋਂ (ਮੋਹਾਲੀ )
ਅਮਰੀਕਾ ਤੋਂ ਛੱਪਦੇ ਹਫਤਾਵਾਰੀ ਅਖਬਾਰ ਅੰਮ੍ਰਿਤਸਰ ਟਾਈਮਜ਼ ਦੇ ਪਿਛਲੇ ਅੰਕ ਵਿੱਚ ਸ.ਅਜਮੇਰ ਸਿੰਘ ਦੀਆਂ ਕਿਤਾਬਾਂ ਸਬੰਧੀ ਡਾ.ਪ੍ਰੇਮ ਸਿੰਘ ਦੀ ਲਿਖਤ ਪੜ੍ਹਨ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਜਾਂ ਤਾਂ ਉਸਨੇ ਅਜਮੇਰ ਸਿੰਘ ਦੀਆਂ ਕਿਤਾਬਾਂ ਪੂਰੀਆਂ ਨਹੀਂ ਪੜ੍ਹੀਆਂ ਅਤੇ ਵਿਚੋਂ ਵਿਚੋਂ ਪੜ੍ਹਕੇ ਪੜਚੋਲੀਆ ਟਿੱਪਣੀ ਝਰੀਟ ਦੇਣ ਦੀ ਜਲਦਬਾਜ਼ੀ ਕੀਤੀ ਹੈ, ਅਤੇ ਜਾਂ ਫਿਰ ਉਸ ਨੇ ਅਜਮੇਰ ਸਿੰਘ ਦੀਆਂ ਕਿਤਾਬਾਂ ਨੂੰ ਅੱਖਾਂ ਉਤੇ ਅੰਨ੍ਹੇ ਵਿਰੋਧ ਦੀ ਪੱਟੀ ਬੰਨ੍ਹ ਕੇ ਪੜ੍ਹਿਆ ਹੈ, ਜਿਸ ਕਰਕੇ ਉਸ ਦੀ ਰੁਚੀ ਅਜਮੇਰ ਸਿੰਘ ਦੀਆਂ ਗੱਲਾਂ ਨੂੰ ਸਮਝਣ ਵਿਚ ਘੱਟ ਤੇ ਰੱਦ ਕਰਨ ਵਿਚ ਵੱਧ ਨਜ਼ਰ ਆਉਂਦੀ ਹੈ। ਇਸ ਕਰਕੇ ਕਿਤੇ ਤਾਂ ਉਹ ਅਜਮੇਰ ਸਿੰਘ ਦੀ ਲਿਖਤ ਚੋਂ ਆਪਣੀ ਮਨ ਮਰਜ਼ੀ ਦੇ ਅਰਥ ਕੱਢ ਕੇ, ਆਪਣਾ ਪੜਚੋਲ ਕਰਨ ਦਾ ਝੱਸ ਪੂਰਾ ਕਰਦਾ ਪਰਤੀਤ ਹੁੰਦਾ ਹੈ ਅਤੇ ਕਿਤੇ ਉਹ ਅਜਮੇਰ ਸਿੰਘ ਦੀ ਪੜਚੋਲ ਕਰਨ ਦੇ ਜਲਾਲ ਵਿੱਚ ਉਲਟਾ ਉਸ ਦੀ ਪ੍ਰੋੜਤਾ ਕਰਨ ਡਹਿ ਪੈਂਦਾ ਹੈ।
ਡਾ. ਪ੍ਰੇਮ ਸਿੰਘ ਨੇ ਆਪਣੀ ਲਿਖਤ ਵਿੱਚ ਸਭ ਤੋਂ ਪਹਿਲਾ ਮੁੱਦਾ, ਇਤਿਹਾਸ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਆਪਸੀ ਸਬੰਧਾਂ ਦਾ ਲਿਆ ਹੈ। ਜਿਥੇ ਸ.ਅਜਮੇਰ ਸਿੰਘ ਨੇ ਆਪਣੀਆਂ ਪੁਸਤਕਾਂ ਅੰਦਰ ਠੋਸ ਹਵਾਲਿਆਂ ਨਾਲ ਇਹ ਤੱਥ ਉਭਾਰਿਆ ਹੈ ਕਿ ਹਿੰਦੂਆਂ ਨੇ ਸਿੱਖ ਧਰਮ ਦੀ ਆਮਦ ਨੂੰ ਮੁੱਢ ਤੋਂ ਹੀ ਵਿਰੋਧ ਦੀ ਭਾਵਨਾ ਨਾਲ ਲਿਆ ਅਤੇ ਇਸ ਨੂੰ ਆਪਣੇ ਅੰਦਰ ਜ਼ਜ਼ਬ ਕਰ ਲੈਣ ਦੀਆਂ ਕੋਸ਼ਿਸ਼ਾਂ ਵਿੱਚ ਕਦੇ ਵੀ ਢਿੱਲ ਨਹੀਂ ਆਉਣ ਦਿੱਤੀ, ਉਥੇ ਪ੍ਰੇਮ ਸਿੰਘ ਦਾ ਦਾਅਵਾ ਹੈ ਕਿ ਕਦੇ ਵੀ 'ਹਿੰਦੂਆਂ ਤੇ ਸਿੱਖਾਂ ਵਿਚਕਾਰ ਕੋਈ ਵਿਰੋਧ ਨਹੀਂ ਸਨ'।
ਇਸ ਦੀ ਪੁਸ਼ਟੀ ਲਈ ਉਹ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਹਵਾਲਾ ਦਿੰਦਾ ਹੈ। ਉਸ ਦੀ ਇਹ ਦ੍ਰਿੜ੍ਹ ਧਾਰਨਾ ਹੈ ਕਿ ਨੌਵੇਂ ਪਾਤਸ਼ਾਹ ਨੇ ਤਿਲਕ ਤੇ ਜਨੇਊ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ।
ਸ.ਅਜਮੇਰ ਸਿੰਘ ਨੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਇਸ ਪ੍ਰਚਲਤ ਧਾਰਨਾ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਗੁਰੂ ਸਾਹਿਬ ਨੇ ਤਿਲਕ ਤੇ ਜਨੇਊ ਦੀ ਰੱਖਿਆ ਲਈ ਨਹੀਂ, ਬਲਕਿ ਧਰਮ ਦੀ ਆਜ਼ਾਦੀ ਦੇ ਵੱਡੇ ਸਰੋਕਾਰ ਨੂੰ ਸਾਹਮਣੇ ਰੱਖਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ। ਭਾਵ ਜੇਕਰ ਮੌਕੇ ਦਾ ਕੋਈ ਹਿੰਦੂ ਹਾਕਮ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਉਤੇ ਮਨਾਹੀ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਗੁਰੂ ਸਾਹਿਬ ਨੇ ਧਰਮ ਦੀ ਆਜ਼ਾਦੀ ਦੇ ਵੱਡੇ ਸਰੋਕਾਰ ਨੂੰ ਸਾਹਮਣੇ ਰੱਖਦੇ ਹੋਏ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਦੇ ਅਧਿਕਾਰ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਤੋਂ ਵੀ ਸੰਕੋਚ ਨਹੀਂ ਸੀ ਕਰਨਾ। ਡਾ.ਪ੍ਰੇਮ ਸਿੰਘ ਅਜਮੇਰ ਸਿੰਘ ਦੀ ਇਸ ਦਲੀਲ ਨੂੰ 'ਭੁਲੇਖਾਪਾਊ' ਕਹਿੰਦਾ ਹੈ ਅਤੇ ਆਪਣੇ ਵੱਲੋਂ ਇਹ 'ਸਿੱਕੇਬੰਦ' ਦਲੀਲ ਦਿੰਦਾ ਹੈ ਕਿ 'ਜੇ ਅਜਮੇਰ ਸਿੰਘ ਦੀ ਇਹ ਧਾਰਨਾ ਮੰਨ ਲਈ ਜਾਵੇ ਤਾਂ ਇਸ ਗੱਲ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਤਿਲਕ, ਜਨੇਊ ਦੀ ਰਾਖੀ ਲਈ ਕੁਰਬਾਨੀ ਦੇਣ ਲਈ ਕਿਉਂ ਦਿੱਲੀ ਤੋਰਿਆ?' ਉਸ ਦਾ ਦਾਅਵਾ ਹੈ ਕਿ 'ਗੁਰੂ ਗੋਬਿੰਦ ਸਿੰਘ ਨੇ ਖੁਦ ਤਿਲਕ, ਜਨੇਊ ਦੀ ਗੱਲ ਕਹੀ ਹੈ।' ਪਰ ਪ੍ਰੇਮ ਸਿੰਘ ਇਸ ਇਤਿਹਾਸਕ ਤੱਥ ਦੀ ਵਿਆਖਿਆ ਕਿਵੇਂ ਕਰੇਗਾ ਕਿ ਗੁਰੂ ਗੋਬਿੰਦ ਸਿੰਘ ਹੀ ਸਨ ਜਿਨ੍ਹਾਂ ਨੇ ਆਪਣੇ ਸਿੰਘਾਂ ਨੂੰ ਤਿਲਕ ਤੇ ਜਨੇਊ ਪਹਿਨਣ ਤੋਂ ਸਖਤੀ ਨਾਲ ਵਰਜ਼ ਦਿੱਤਾ ਸੀ ਅਤੇ ਜਿਸ ਉਤੇ ਸਵਰਨ ਜਾਤੀ ਹਿੰਦੂ ਵਰਗਾਂ ਨੇ ਆਪਣਾ ਤਿੱਖਾ ਰੋਸ ਪ੍ਰਗਟਾਇਆ ਸੀ। ਸੋ ਸਪੱਸ਼ਟ ਹੈ ਕਿ ਇਕ ਮੌਕੇ ਹਿੰਦੂਆਂ ਦੇ ਤਿਲਕ ਜਨੇਊ ਪਹਿਨਣ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਲਈ ਆਪਣੇ ਗੁਰੂ ਪਿਤਾ ਨੂੰ ਸ਼ਹਾਦਤ ਲਈ ਦਿੱਲੀ ਤੋਰਨ ਵਾਲੇ ਚੋਜੀ ਪ੍ਰੀਤਮ ਨੇ ਜਦ ਇਹ ਦੇਖਿਆ ਕਿ ਹਿੰਦੂ ਸਮਾਜ ਦੀਆਂ ਉਚੀਆਂ ਕਹੀਆਂ ਜਾਂ ਦੀਆਂ ਪਰਤਾਂ ਵਿਚੋਂ ਆਏ ਸਿੱਖਾਂ ਦੇ ਕੁੱਝ ਵਰਗਾਂ ਅੰਦਰ ਤਿਲਕ ਤੇ ਜਨੇਊ ਪ੍ਰਤੀ ਮੋਹ ਸਿੱਖ ਧਰਮ ਦੀ ਨਿਆਰੀ ਹਸਤੀ ਨੂੰ ਗੰਧਲਾ ਕਰਨ ਦਾ ਕਾਰਨ ਬਣ ਰਿਹਾ ਸੀ, ਤਾਂ ਉਨ੍ਹਾਂ ਇਸ ਮਸਲੇ 'ਤੇ ਹਿੰਦੂ ਸਮਾਜ ਨਾਲੋਂ ਤਿੱਖਾ ਨਿਖੇੜਾ ਕਰਨ ਲਈ ਸਿੱਖਾਂ ਨੂੰ ਤਿਲਕ ਜਨੇਊ ਦਾ ਮੋਹ ਹਮੇਸ਼ਾ ਵਾਸਤੇ ਤਿਆਗ ਦੇਣ ਦੇ ਆਦੇਸ਼ ਦੇ ਦਿੱਤੇ ਸਨ।
ਅਜਮੇਰ ਸਿੰਘ ਉਤੇ ਪ੍ਰੇਮ ਸਿੰਘ ਦਾ ਅਗਲਾ ਇਤਰਾਜ਼ ਇਹ ਹੈ ਕਿ 'ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਦੇ ਹਾਲਾਤ ਉੱਤੇ ਚਰਚਾ ਕਰਦਿਆਂ ਅਜਮੇਰ ਸਿੰਘ ਨੇ ਨਿਰਾਰਥਕ ਪੁਜੀਸ਼ਨਾਂ ਲਈਆਂ ਹਨ। ਉਸ ਨੇ ਕਈ ਮਹੱਤਵਪੂਰਨ ਤੱਥ ਨਜ਼ਰਅੰਦਾਜ਼ ਕੀਤੇ ਹਨ ਤੇ ਕਈ ਘੱਟ ਅਹਿਮ ਪਹਿਲੂਆਂ ਨੂੰ ਬੇਲੋੜਾ ਤੂਲ ਦਿੱਤਾ ਹੈ'। ਇਸ ਸੈਕਸ਼ਨ ਵਿੱਚ ਪ੍ਰੇਮ ਸਿੰਘ ਨੇ ਆਪਣੇ ਵੱਲੋਂ ਤਾਂ ਅਜਮੇਰ ਸਿੰਘ ਦੀਆਂ ਪੋਜੀਸ਼ਨਾਂ ਨੂੰ ਰੱਦ ਕਰਨ ਦਾ ਯਤਨ ਕੀਤਾ ਹੈ, ਪਰ ਅਸਲੀਅਤ ਵਿਚ ਉਹ ਉਲਟਾ ਅਜਮੇਰ ਸਿੰਘ ਦੀਆਂ ਹੀ ਕਹੀਆਂ ਕਈ ਗੱਲਾਂ ਦਾ ਸਮਰਥਨ ਕਰ ਜਾਂਦਾ ਹੈ। ਮਿਸਾਲ ਵਜੋਂ ਉਹ ਰਾਣੀ ਜਿੰਦਾਂ ਦੇ ਜਲਾਵਤਨ ਕੀਤੇ ਜਾਣ ਅਤੇ ਮਹਾਰਾਜਾ ਦਲੀਪ ਸਿੰਘ ਦੇ ਈਸਾਈ ਬਣਾ ਲਏ ਜਾਣ ਬਾਰੇ ਸਿੱਖਾਂ ਅੰਦਰ ਪੈਦਾ ਹੋਏ ਵਿਆਪਕ ਰੋਹ ਦੀ ਗੱਲ ਕਰਦਾ ਹੈ। ਪਰ ਇਸ ਨੁਕਤੇ ਉਤੇ ਉਸ ਦਾ ਅਜਮੇਰ ਸਿੰਘ ਨਾਲ ਭੋਰਾ ਵੀ ਅੰਤਰ ਵਖਰੇਵਾਂ ਨਹੀਂ ਹੈ। ਅਜਮੇਰ ਸਿੰਘ ਦੀ ਦੂਜੀ ਕਿਤਾਬ 'ਕਿਸ ਬਿਧ ਰੁਲੀ ਪਾਤਸ਼ਾਹੀ' ਅੰਦਰ ਸਫਾ ਨੰਬਰ 50, 52, 59-61, 63 ਤੇ 68 ਉਤੇ ਦਰਜ ਕੀਤੇ ਗਏ ਵੇਰਵਿਆਂ ਨੂੰ ਡੂੰਘੀ ਨੀਝ ਨਾਲ ਪੜ੍ਹਿਆਂ ਕੋਈ ਵੀ ਪਾਠਕ ਇਹ ਗੱਲ ਸਹਿਜੇ ਹੀ ਪਛਾਣ ਸਕਦਾ ਹੈ ਕਿ ਇਸ ਮਸਲੇ 'ਤੇ ਪ੍ਰੇਮ ਸਿੰਘ ਵੱਲੋਂ ਅਜਮੇਰ ਸਿੰਘ ਦੀ ਅਲੋਚਨਾ ਵਿਚ ਉਕਾ ਹੀ ਕੋਈ ਦਮ ਨਹੀਂ ਹੈ। ਇਹੀ ਗੱਲ 1857 ਦੀ ਹਿੰਸਾ ਉਤੇ ਲਾਗੂ ਹੁੰਦੀ ਹੈ। ਅਜਮੇਰ ਸਿੰਘ ਨੇ ਆਪਣੀ ਉਕਤ ਪੁਸਤਕ ਅੰਦਰ 1857 ਦੇ ਰਾਜ-ਰੌਲੇ ਬਾਰੇ ਬਹੁਤ ਹੀ ਠੋਸ ਤੇ ਭਰਵਾਂ ਵਿਖਿਆਨ ਕੀਤਾ ਹੈ। ਉਸ ਨੇ ਘੱਟੋ-ਘੱਟ ਤਿੰਨ ਸਫੇ (46-50) ਇਸੇ ਲੇਖੇ ਲਾਏ ਹਨ। ਪ੍ਰੇਮ ਸਿੰਘ ਨੇ ਅਜਮੇਰ ਸਿੰਘ ਦੀ ਗੱਲ ਕੱਟਣ ਦੀ ਬਜਾਇ ਉਸ ਦੀ ਪ੍ਰੋੜਤਾ ਹੀ ਕੀਤੀ ਹੈ। ਪਰ ਉਸ ਦੇ ਸਿਰ 'ਤੇ ਅਜਮੇਰ ਸਿੰਘ ਦੀ ਪੜਚੋਲ ਕਰਨ ਦਾ ਭੂਤ ਸਵਾਰ ਹੋਣ ਕਰਕੇ, ਉਸ ਕੋਲੋਂ ਪ੍ਰੋੜਤਾ ਨੂੰ ਪੜਚੋਲ ਕਹਿਣ ਦੀ ਗਲਤੀ ਹੋ ਗਈ ਜਾਪਦੀ ਹੈ।
ਪ੍ਰੇਮ ਸਿੰਘ ਦਾਅਵਾ ਕਰਦਾ ਹੈ ਕਿ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਜੰਗ ਇਕੱਲੇ ਸਿੱਖਾਂ ਦੀ ਜੰਗ ਨਹੀਂ ਸੀ, ਬਲਕਿ ਸਮੂਹ ਪੰਜਾਬੀਆਂ ਦੀ ਜੰਗ ਸੀ। ਆਪਣੇ ਇਸ ਦਾਅਵੇ ਦੇ ਪੱਖ ਵਿੱਚ ਉਸ ਨੇ ਇਕੋ ਇਕ ਦਲੀਲ ਇਹ ਦਿਤੀ ਹੈ ਕਿ ਸਮਕਾਲੀ ਕਵੀ ਸ਼ਾਹ ਮੁਹੰਮਦ ਨੇ ਇਸ ਨੂੰ 'ਹਿੰਦ ਪੰਜਾਬ ਦੀ ਜੰਗ' ਕਿਹਾ ਸੀ। ਸਾਫ਼ ਜ਼ਾਹਰ ਹੁੰਦਾ ਹੈ ਪ੍ਰੇਮ ਸਿੰਘ ਜੀ ਨੇ ਸ਼ਾਹ ਮੁਹੰਮਦ ਦੀ ਇਹ ਰਚਨਾ ਪੂਰੀ ਨਹੀਂ ਪੜ੍ਹੀ, ਸਿਰਫ ਇਸ ਦਾ ਸਿਰਲੇਖ ਪੜ੍ਹ ਕੇ ਹੀ ਬੁੱਤਾ ਸਾਰ ਲਿਆ। ਕਿਉਂਕਿ ਉਸ ਦੀ ਰੁਚੀ ਸੱਚ ਨੂੰ ਜਾਨਣ ਵਿਚ ਨਹੀਂ, ਬਲਕਿ ਆਪਣੀ ਬਣੀ ਹੋਈ ਧਾਰਨਾ ਨੂੰ ਸੱਚ ਬਣਾ ਕੇ ਪੇਸ਼ ਕਰਨ ਵਿਚ ਹੈ। ਇਹ ਰੁਚੀ ਉਸ ਨੂੰ ਜਗ੍ਹਾ ਜਗ੍ਹਾ ਕਸੂਤਾ ਫਸਾਉਂਦੀ ਹੈ। ਸ਼ਾਹ ਮੁਹੰਮਦ ਦੀ ਪੂਰੀ ਰਚਨਾ ਵਿੱਚੋਂ ਇਹ ਤੱਥ ਸਵੈ-ਸਿੱਧ ਪ੍ਰਮਾਣਿਤ ਹੋ ਜਾਂ ਦਾ ਹੈ ਕਿ ਅੰਗਰਜਾਂ ਦੇ ਵਿਰੁੱਧ ਇਹ ਜੰਗ ਵਾਸਤਵ ਵਿੱਚ ਇਕੱਲੇ ਸਿੱਖਾਂ ਨੇ ਹੀ ਲੜੀ ਸੀ। ਸਿੱਖ ਫੌਜਾਂ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੀ ਗਿਣਤੀ ਨਿਗੂਣੀ ਸੀ। ਸਾਰੀ ਜੰਗ ਅੰਦਰ ਕੋਈ ਇਕ ਵੀ ਹਿੰਦੂ ਜਾਂ ਮੁਸਲਮਾਨ ਨਾਇਕ ਉਭਰ ਕੇ ਸਾਹਮਣੇ ਨਹੀਂ ਆਇਆ। ਜੇਕਰ ਪ੍ਰੇਮ ਸਿੰਘ ਦੇ ਧਿਆਨ ਵਿੱਚ ਅਜਿਹਾ ਕੋਈ ਨਾਇਕ ਹੈ ਤਾਂ ਉਸ ਨੂੰ ਉਸ ਦਾ ਨਾਂ ਨਸ਼ਰ ਕਰਨ ਤੋਂ ਸ਼ਰਮਾਉਣਾ ਨਹੀਂ ਚਾਹੀਦਾ। ਅਸਲ ਵਿੱਚ ਪ੍ਰੇਮ ਸਿੰਘ ਦੀ ਮਰਜ਼ ਹੀ ਇਹ ਹੈ ਕਿ ਉਹ ਜਦੋਂ ਕੋਈ ਗੱਲ ਕਹਿੰਦਾ ਹੈ ਤਾਂ ਇਤਿਹਾਸ ਦੇ ਠੋਸ ਤੱਥਾਂ ਨੂੰ ਅਧਾਰ ਬਣਾਕੇ ਨਹੀਂ ਕਹਿੰਦਾ, ਬਲਕਿ ਆਪਣੇ ਮਨ ਅੰਦਰ ਪਹਿਲਾਂ ਤੋਂ ਬਣੀਆਂ ਧਾਰਨਾਵਾਂ ਨੂੰ ਹੀ ਪ੍ਰਮੁੱਖ ਰੱਖਦਾ ਹੈ। ਇਸ ਕਰਕੇ ਉਹ ਸਮੁੱਚੀ ਲਿਖਤ ਅੰਦਰ ਅਜਮੇਰ ਸਿੰਘ ਨੂੰ ਗਲਤ ਸਾਬਤ ਕਰਨ ਲਈ ਕੋਈ ਇਕ ਵੀ ਠੋਸ ਤੱਥ ਜਾਂ ਹਵਾਲਾ ਨਹੀਂ ਭੁਗਤਾ ਸਕਿਆ। ਜਦਕਿ ਸ.ਅਜਮੇਰ ਸਿੰਘ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਉਹ ਆਪਣੀ ਹਰ ਗੱਲ ਨੂੰ ਠੋਸ ਤੱਥਾਂ ਨਾਲ ਸਾਬਤ ਕਰਨ ਦੀ ਪਹੁੰਚ ਧਾਰਨ ਕਰਕੇ ਚਲਦੇ ਹਨ।
ਡਾ.ਪ੍ਰੇਮ ਸਿੰਘ ਦੀ ਲਿਖਤ ਦਾ ਸਭ ਨਾਲੋਂ ਅਹਿਮ ਹਿੱਸਾ, ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਦੌਰਾਨ ਪੰਜਾਬ ਅੰਦਰ ਆਰੀਆ ਸਮਾਜ ਤੇ ਸਿੰਘ ਸਭਾ ਲਹਿਰ ਦਰਮਿਆਨ ਚੱਲੇ ਵਾਦ-ਵਿਵਾਦ ਬਾਰੇ ਹੈ। ਉਸ ਦਾ ਕਹਿਣਾ ਹੈ ਕਿ ਇਤਿਹਾਸ ਦੇ ਉਸ ਅਹਿਮ ਮੋੜ ਉਤੇ ਸਿੰਘ ਸਭਾਵਾਂ ਨੇ ਆਰੀਆ ਸਮਾਜ ਨਾਲ ਖਾਹ-ਮ-ਖਾਹ ਆਢਾ ਲਾ ਕੇ ਪੰਜਾਬੀਆਂ ਦੇ ਏਕੇ ਨੂੰ ਗਹਿਰੀ ਸੱਟ ਮਾਰੀ। ਉਸ ਦੇ ਲਿਖੇ ਸ਼ਬਦ ਪੜ੍ਹੋ: 'ਆਰੀਆ ਸਮਾਜ ਨਾਲ ਚਲਦੇ ਵਿਵਾਦ ਵਿਚ ਸਿੰਘ ਸਭਾਵਾਂ ਨੇ ਸਰਗਰਮ ਹਿੱਸਾ ਲਿਆ ਤੇ ਇਓਂ ਪ੍ਰਾਂਤ ਵਿਚ ਪੰਜਾਬੀਆਂ ਵਿਚਲੇ ਆਪਸੀ ਤਫਰਕੇ ਨੂੰ ਵਧਾਇਆ। ਆਜ਼ਾਦੀ ਦੀ ਲਹਿਰ ਦੇ ਉਸ ਸਮੇਂ ਦੇ ਮੁਢਲੇ ਪੜਾਅ 'ਤੇ ਪੰਜਾਬੀਆਂ ਦੀ ਆਪਸੀ ਵੰਡ ਹਾਨੀਕਾਰਕ ਸੀ ਪਰ ਅਜਮੇਰ ਸਿੰਘ ਉਸ ਨੂੰ ਸਿੱਖ ਪਛਾਣ ਦੀ ਸਥਾਪਤੀ ਲਈ ਚੁੱਕੇ ਜਾ ਰਹੇ ਕਦਮਾਂ ਦਾ ਹਿੱਸਾ ਮੰਨਦਾ ਹੈ। ਜੇ ਹਿੰਦੂਆਂ ਦਾ ਇਕ ਪ੍ਰਭਾਵੀ ਤਬਕਾ ਸਿੱਖਾਂ ਨੂੰ ਆਪਣਾ ਅੰਗ ਕਹਿੰਦਾ ਸੀ ਤਾਂ ਇਸ 'ਤੇ ਸੀਖ-ਪਾਅ ਹੋਣ ਦੀ ਲੋੜ ਨਹੀਂ ਸੀ। …… ਜੇ ਸਿੰਘ ਸਭਾਵਾਂ ਦੇ ਆਗੂ ਇਹ ਪੁਜੀਸ਼ਨਾਂ ਲੈਂਦੇ ਕਿ ਅਸੀਂ ਹਿੰਦੂ ਨਹੀਂ , ਪਰ ਜੇ ਆਰੀਆ ਸਮਾਜੀ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਮੰਨਦੇ ਹਨ ਤਾਂ ਬੇਸ਼ੱਕ ਮੰਨਣ। ਇਹ ਪੁਜੀਸ਼ਨ ਤਾਂ ਸਿੱਖਾਂ ਲਈ ਮਾਣ ਵਾਲੀ ਗੱਲ ਵੀ ਬਣ ਸਕਦੀ ਸੀ ਕਿ ਹਿੰਦੂ ਆਗੂ ਉਨ੍ਹਾਂ ਨੂੰ ਆਪਣੇ ਧਰਮ ਦਾ ਅੰਗ ਮੰਨਦੇ ਹਨ। ਅਜਮੇਰ ਸਿੰਘ ਤਾਂ ਇਸ ਦੇ ਉਲਟ ਇਹ ਕਹਿੰਦਾ ਹੈ ਕਿ ਹਿੰਦੂ ਆਗੂਆਂ ਵੱਲੋਂ ਸਿੱਖ ਧਰਮ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਅ ਵੀ ਇਕ ਭੇਖ ਹੀ ਸੀ। ਜੇ ਇਹ ਉਸ ਦਾ ਤੁਅਸਬ ਨਹੀਂ ਤਾਂ ਹੋਰ ਕੀ ਹੈ?'
ਬਹੁਤ ਖੂਬ! ਜੇ ਹਿੰਦੂ ਇਹ ਕਹਿ ਰਹੇ ਸਨ ਕਿ ਸਿੱਖ ਹਿੰਦੂਆਂ ਦਾ ਹੀ ਅੰਗ ਹਨ ਤਾਂ ਇਸ ਉਤੇ ਸਿੱਖਾਂ ਨੂੰ ਔਖੇ ਭਾਰੇ ਹੋਣ ਦੀ ਥਾਂ , ਉਨ੍ਹਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ। ਜੇਕਰ ਆਰੀਆ ਸਮਾਜ ਦੇ ਬਾਨੀ ਦਯਾਨੰਦ ਨੇ ਆਪਣੇ ਗ੍ਰੰਥ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ਼ ਅਤਿ ਦਰਜੇ ਦੇ ਭੈੜੇ ਸ਼ਬਦ ਲਿਖ ਦਿੱਤੇ ਸਨ, ਤਾਂ ਵੀ ਸਿੱਖਾਂ ਨੂੰ ਇਸ ਦਾ ਬੁਰਾ ਨਹੀਂ ਸੀ ਮਨਾਉਣਾ ਚਾਹੀਦਾ, ਸਗੋਂ ਇਸ ਨੂੰ ਹੱਸ ਕੇ ਟਾਲ ਦੇਣਾ ਚਾਹੀਦਾ ਸੀ। (ਸੰਪਾਦਕੀ ਟਿੱਪਣੀ : ਅਜਿਹੀ ਸਲਾਹ ਉਹ ਵਿਅਕਤੀ ਹੀ ਦੇ ਸਕਦਾ ਹੈ ਜੋ ਅਪਣੀ ਮਾਂ ਨੂੰ ਕੰਜਰੀ ਅਖਵਾ ਕੇ ਖ਼ੁਦ ਖੁਸ਼ ਹੁੰਦਾ ਹੋਵੇ) ਜੇਕਰ ਕੋਈ ਵਿਅਕਤੀ ਸਿੱਖਾਂ ਦੇ ਘਰ ਜਨਮਿਆ ਹੋਣ ਦੇ ਬਾਵਜੂਦ, ਫਿਰ ਵੀ ਸਿੱਖਾਂ ਨੂੰ ਅਜਿਹੀ 'ਸੁਮੱਤ' ਦੇਣ ਦੀ ਗੁਸਤਾਖੀ ਕਰਦਾ ਹੈ, ਤਾਂ ਸਾਫ ਹੈ ਕਿ ਉਸ ਦੇ ਮਨ ਅੰਦਰ ਗੁਰੂ ਸਾਹਿਬਾਨ ਪ੍ਰਤੀ ਰਤੀ ਭਰ ਵੀ ਸ਼ਰਧਾ ਤੇ ਸਤਿਕਾਰ ਨਹੀਂ ਹੈ। ਸਿੱਖ ਮਰ ਜਾਣਗੇ ਜਿੱਦਣ ਉਨ੍ਹਾਂ ਨੇ ਆਪਣੇ ਗੁਰੂਆਂ ਦਾ ਅਪਮਾਨ ਸਹਿਣ ਕਰਨਾ 'ਸਿੱਖ ਲਿਆ'! ਸਿੱਖਾਂ ਦੀ ਆਪਣੇ ਗੁਰੂ ਨਾਲ ਮੁਹੱਬਤ ਨੂੰ ਕੋਈ ਸਿੱਖ ਹੀ ਸਮਝ ਸਕਦਾ ਹੈ। ਪ੍ਰੇਮ ਸਿੰਘ ਵਰਗੇ ਨਾਸਤਿਕ ਤੇ ਅਸ਼ਰਧਕ ਨੂੰ ਇਸ ਸੱਚਾਈ ਦੀ ਸਮਝ ਨਹੀਂ ਪੈ ਸਕਦੀ। ਬੱਸ ਇਹੀ ਬੁਨਿਆਦੀ ਗੱਲ ਹੈ ਜੋ ਪ੍ਰੇਮ ਸਿੰਘ ਨੂੰ ਅਜਮੇਰ ਸਿੰਘ ਨਾਲੋਂ ਨਿਖੇੜਦੀ ਹੈ। ਅਜਮੇਰ ਸਿੰਘ ਲਈ ਸਿੱਖ ਪਛਾਣ ਦਾ ਮਸਲਾ ਸਭ ਨਾਲੋਂ ਬੁਨਿਆਦੀ ਅਹਿਮੀਅਤ ਰੱਖਦਾ ਹੈ। ਇਸ ਕਰਕੇ ਉਹ ਇਤਿਹਾਸ ਦੇ ਹਰ ਕਰਮ ਨੂੰ ਇਸ ਨੁਕਤਾ-ਨਜ਼ਰ ਤੋਂ ਦੇਖਦਾ ਤੇ ਅੰਗਦਾ ਹੈ। ਉਹ ਇਤਿਹਾਸ ਦੇ ਹਰ ਉਸ ਕਰਮ ਦੀ ਪੜਚੋਲ ਕਰਦਾ ਹੈ, ਜਿਸ ਨਾਲ ਸਿੱਖ ਪਛਾਣ ਦੇ ਧੁੰਦਲੀ ਪੈਣ ਜਾਂ ਖਤਮ ਹੋ ਜਾਣ ਦਾ ਖਦਸ਼ਾ ਦਿਖਾਈ ਦਿੰਦਾ ਹੈ। ਇਸ ਨੂੰ ਪ੍ਰੇਮ ਸਿੰਘ ਉਸ ਦਾ 'ਤੁਅੱਸਬ' ਕਹਿੰਦਾ ਹੈ। ਇਸ ਦੇ ਐਨ ਉਲਟ, ਪ੍ਰੇਮ ਸਿੰਘ ਦੀਆਂ ਨਜ਼ਰਾਂ ਵਿਚ ਸਿੱਖ ਪਛਾਣ ਦੀ ਕੀਮਤ ਇਕ ਧੇਲੇ ਦੀ ਵੀ ਨਹੀਂ। ਇਸ ਕਰਕੇ ਉਹ ਇਤਿਹਾਸ ਦੇ ਹਰ ਉਸ ਕਰਮ, ਜਿਸ ਨਾਲ ਸਿੱਖ ਪਛਾਣ ਨੂੰ ਢਾਹ ਲਗਦੀ ਹੋਵੇ, ਦੀ ਜੈ-ਜੈ ਕਾਰ ਕਰਦਾ ਹੈ। ਇਹੀ ਉਸ ਦਾ ਤੁਅੱਸਬ ਹੈ, ਜਿਹੜਾ ਉਸ ਨੂੰ ਅਜਮੇਰ ਸਿੰਘ ਦੀ ਨਹੱਕੀ ਤੇ ਥੋਥੀ ਪੜਚੋਲ ਕਰਨ ਲਈ ਉਤੇਜਿਤ ਕਰਦਾ ਹੈ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਭੰਡਣ ਲਈ ਭਾਰਤ ਸਰਕਾਰ ਦੇ ਕੂੜ ਦੀ ਦਸਤਾਵੇਜ਼-'ਵਾਈਟ ਪੇਪਰ'- ਵਿਚ ਪੂਰਨ ਸ਼ਰਧਾ ਜਤਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਇਸ ਤੁਅੱਸਬ ਦੀ ਬਦੌਲਤ ਹੀ ਹੈ ਕਿ ਪ੍ਰੇਮ ਸਿੰਘ ਇੰਦਰਾ ਗਾਂਧੀ, ਜਿਸ ਨੇ ਸਿੱਖਾਂ ਉਤੇ ਵਹਿਸ਼ੀ ਜ਼ੁਲਮ ਢਾਹੁਣ ਵਿਚ ਅੰਗਰੇਜ਼ ਸਾਮਰਾਜੀਆਂ ਨੂੰ ਵੀ ਮਾਤ ਪਾ ਦਿਤਾ, ਨੂੰ ਤਾਂ 'ਮਾਸੂਮ' ਤੇ 'ਮਜ਼ਲੂਮ' ਔਰਤ ਕਹਿਕੇ ਉਸ ਦੇ ਕਤਲ ਉਤੇ ਮਣ ਮਣ ਹੰਝੂ ਕੇਰਦਾ ਹੈ, ਪਰ ਸਿੱਖਾਂ ਦੀ ਆਨ ਤੇ ਸ਼ਾਨ ਦੀ ਰੱਖਿਆ ਕਰਨ ਲਈ ਭਾਰਤੀ ਰਾਜ ਨੂੰ ਹੱਥਿਆਰਬੰਦ ਟਾਕਰੇ ਦੀ ਚੁਣੌਤੀ ਦੇਣ ਵਾਲੇ ਸਿਰਲੱਥ ਸੂਰਮੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਉਹ 'ਖੂਨੀ ਦਹਿਸ਼ਤਗਰਦ' ਕਹਿਕੇ ਨਿੰਦਦਾ ਹੈ ਅਤੇ ਉਸ ਦੀ ਮੌਤ ਉਤੇ ਢਿੱਡੋਂ ਖੁਸ਼ ਹੁੰਦਾ ਹੈ। ਇਸ ਤੁਅੱਸਬ ਨੇ ਇਕ 'ਸੁਲਝੇ ਹੋਏ' ਤੇ 'ਪ੍ਰੌੜ' ਵਿਦਵਾਨ ਨੂੰ ਇਸ ਕਦਰ ਅੰਨ੍ਹਾ ਕਰ ਦਿਤਾ ਹੈ ਕਿ ਉਸ ਨੂੰ, ਅਜਮੇਰ ਸਿੰਘ ਦੀਆਂ ਕਿਤਾਬਾਂ ਵਿਚੋਂ 'ਸਿੱਖ ਕੌਮ' ਦੀ ਵਿਆਖਿਆ ਨਜ਼ਰ ਨਹੀਂ ਆਈ।' ਉਹ ਗਿਲਾ ਜ਼ਾਹਰ ਕਰਦਾ ਲਿਖਦਾ ਹੈ ਕਿ 'ਅਜਮੇਰ ਸਿੰਘ ਦੀਆਂ ਤਿੰਨਾਂ ਪੁਸਤਕਾਂ ਵਿੱਚ ਸਿੱਖ ਕੌਮ ਦਾ ਸੰਕਲਪ ਤੇ ਇਸ ਕੌਮ ਵੱਲੋਂ ਇੱਕ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਰਾਜ-ਸੱਤਾ ਦੀ ਸਥਾਪਤੀ ਦਾ ਲਕਸ਼ ਵਿਦਮਾਨ ਹੈ ਪਰ ਉਸ ਨੇ ਕਿਸੇ ਥਾਂ ਵੀ ਇਸ ਸ਼ਬਦ ਦੀ ਵਿਆਖਿਆ ਨਹੀਂ ਕੀਤੀ।' ਇਥੇ ਆ ਕੇ ਡਾ.ਪ੍ਰੇਮ ਸਿੰਘ ਦੀ ਬੌਧਿਕ ਲਿਆਕਤ ਤੇ ਇਮਾਨਦਾਰੀ, ਦੋਵਾਂ ਬਾਰੇ ਮਨ ਅੰਦਰ ਸ਼ੰਕਾ ਖੜ੍ਹਾ ਹੋ ਜਾਂਦਾ ਹੈ। ਕੀ ਉਸ ਨੇ ਅਜਮੇਰ ਸਿੰਘ ਦੀਆਂ ਤਿੰਨੇ ਪੁਸਤਕਾਂ ਸੱਚਮੁੱਚ ਹੀ ਪੜ੍ਹੀਆਂ ਹਨ? ਕੀ ਉਸ ਨੇ ਅਜਮੇਰ ਸਿੰਘ ਦੀ ਪਹਿਲੀ ਪੁਸਤਕ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਦਾ ਪੰਜਵਾਂ ਚੈਪਟਰ 'ਸਿੱਖ ਕੌਮ ਦੀ ਰਾਜਸੀ ਤੜਪ' ਧਿਆਨ ਲਾ ਕੇ ਪੜ੍ਹਿਆ ਹੈ? ਪੂਰਾ ਚੈਪਟਰ ਨਾ ਸਹੀ, ਜੇਕਰ ਉਸ ਨੇ ਇਸ ਦੇ 125 ਤੋਂ ਲੈ ਕੇ 135 ਤੱਕ, ਸਿਰਫ 10 ਸਫੇ ਵੀ ਤੁਅੱਸਬ ਤੋਂ ਮੁਕਤ ਹੋ ਕੇ ਪੜ੍ਹੇ ਹੁੰਦੇ ਤਾਂ ਉਸ ਨੇ ਇਹ ਗੱਲ ਲਿਖਦਿਆਂ ਖੁਦ ਹੀ ਸੌ ਵਾਰ ਸੋਚਣਾ ਸੀ। ਪਰ ਅਫਸੋਸ ਕਿ ਡਾ.ਪ੍ਰੇਮ ਸਿੰਘ ਨੂੰ ਹਰ ਚੀਜ਼ ਤੁਅੱਸਬੀ ਦ੍ਰਿਸ਼ਟੀ ਤੋਂ ਦੇਖਣ ਦੀ ਆਦਤ ਪੈ ਗਈ ਹੈ। ਇਸ ਕਰਕੇ ਉਸ ਨੂੰ ਹਰ ਮਾਮਲੇ ਵਿਚ ਸਿੱਖ ਜ਼ਾਲਮ ਤੇ ਹਿੰਦੂ ਮਜ਼ਲੂਮ ਨਜ਼ਰ ਆਉਂਦੇ ਹਨ।
ਤੁਅੱਸਬੀ ਕੌਣ-ਅਜਮੇਰ ਸਿੰਘ ਜਾਂ ਪ੍ਰੇਮ ਸਿੰਘ
3:04 AM
0
Tags
Share to other apps