ਜਸਬੀਰ ਸਿੰਘ ਲਾਸ ਏਂਜਲਸ
ਡਾ.ਪ੍ਰੇਮ ਸਿੰਘ ਨੂੰ ਇਸ ਗੱਲੋਂ ਦਾਦ ਦੇਣੀ ਬਣਦੀ ਹੈ ਕਿ ਉਸਨੇ ਸਿੱਖਾਂ ਬਾਰੇ ਆਪਣੀ ਸਿਧਾਂਤਕ ਪਹੁੰਚ ਬਹੁਤ ਹੀ ਬੇਬਾਕ ਲਹਿਜ਼ੇ ਵਿੱਚ ਪ੍ਰਗਟ ਕੀਤੀ ਹੈ। ਕੋਈ ਹੋਰ ਚੁਸਤ-ਚਲਾਕ ਮਾਰਕਸਵਾਦੀ ਚਿੰਤਕ ਹੁੰਦਾ ਤਾਂ ਉਸ ਨੇ ਦਰਜਨਾਂ ਵੱਲ ਪਾ ਕੇ ਗੱਲ ਕਰਨੀ ਸੀ ਅਤੇ ਸੌ ਓਹਲੇ ਰੱਖਣੇ ਸਨ। ਡਾ.ਪ੍ਰੇਮ ਸਿੰਘ ਦੀ ਲਿਖਤ ਵਿਚੋਂ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਰਾਜਨੀਤੀ ਬਾਰੇ ਉਸ ਦੀ ਸਿਧਾਂਤਕ ਸਮਝ ਦਾ ਬੜਾ ਹੀ ਸਾਫ ਪਰ 'ਨਾਪਾਕ' ਖਾਕਾ ਉਘੜ ਆਉਂਦਾ ਹੈ। ਸੰਖੇਪ ਰੂਪ ਵਿਚ ਗੱਲ ਕਰਨੀ ਹੋਵੇ ਤਾਂ
:
(1) ਉਹ ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਅੰਗ ਸਮਝਦਾ ਹੈ ਅਤੇ ਸਿੱਖਾਂ ਦੀ ਵੱਖਰੀ ਤੇ ਨਿਆਰੀ ਹਸਤੀ ਦੇ ਦਾਅਵੇ ਨੂੰ ਹਕਾਰਤ ਨਾਲ ਰੱਦ ਕਰਦਾ ਹੈ।
(2) ਉਨ੍ਹੀਵੀਂ ਸਦੀ ਦੇ ਆਖਰੀ ਦੌਰ ਵਿੱਚ ਆਰੀਆ ਸਮਾਜ ਤੇ ਸਿੰਘ ਸਭਾ ਲਹਿਰ ਵਿਚਕਾਰ ਪੈਦਾ ਹੋਏ ਵਿਵਾਦ ਲਈ ਉਹ ਆਰੀਆ ਸਮਾਜ ਨੂੰ ਘੱਟ ਤੇ ਸਿੰਘ ਸਭਾ ਲਹਿਰ ਦੇ ਮੋਢੀਆਂ ਨੂੰ ਵੱਧ ਕਸੂਰਵਾਰ ਠਹਿਰਾਉਂਦਾ ਹੈ। ਉਸ ਦਾ ਮੱਤ ਹੈ ਕਿ ਜੇਕਰ ਆਰੀਆ ਸਮਾਜ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਰਸਾਉਣ ਲਈ ਬਜ਼ਿਦ ਸੀ ਅਤੇ ਜੇਕਰ ਸਵਾਮੀ ਦਯਾ ਨੰਦ ਨੇ ਆਪਣੇ ਗ੍ਰੰਥ-ਸਤਿਆਰਥ ਪ੍ਰਕਾਸ਼- ਵਿਚ ਗੁਰੂਆਂ ਖਿਲਾਫ਼ ਨਿਰਾਦਰੀ ਭਰੇ ਸ਼ਬਦ ਲਿਖ ਵੀ ਦਿੱਤੇ ਸਨ, ਫਿਰ ਵੀ ਸਿੰਘ ਸਭਾਈ ਆਗੂਆਂ ਨੂੰ ਇਸ ਉਤੇ ਲੋਹੇ-ਲਾਖੇ ਹੋਣ ਦੀ ਲੋੜ ਨਹੀਂ ਸੀ ਅਤੇ ਇਸ ਸਾਰੇ ਕੁੱਝ ਨੂੰ ਚੁੱਪ ਕਰਕੇ ਬਰਦਾਸ਼ਤ ਕਰ ਲੈਣਾ ਚਾਹੀਦਾ ਸੀ।
(3) ਉਸ ਮੁਤਾਬਕ ਆਜ਼ਾਦ ਭਾਰਤ ਅੰਦਰ ਸਿੱਖ ਬਰਾਬਰ ਪੂਰੀ ਆਜ਼ਾਦੀ ਮਾਣ ਰਹੇ ਹਨ ਅਤੇ ਉਨ੍ਹਾਂ ਨਾਲ ਧਾਰਮਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਖੇਤਰਾਂ ਅੰਦਰ ਕੋਈ ਵਿਸ਼ੇਸ਼ ਵਿਤਕਰਾ ਜਾਂ ਬੇਇਨਸਾਫੀ ਨਹੀਂ ਹੋ ਰਹੀ।
(4) ਇਸ ਕਰਕੇ ਅੱਸੀਵਿਆਂ ਵਿਚ ਸਿੱਖਾਂ ਵੱਲੋਂ ਭਾਰਤੀ ਹਾਕਮਾਂ ਖਿਲਾਫ਼ ਲੜੀ ਗਈ ਲੜਾਈ ਬਿਲਕੁਲ ਨਹੱਕੀ ਤੇ ਬੇਵਜ੍ਹਾ ਸੀ।
(5) ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਭਾਰਤ ਸਰਕਾਰ ਵੱਲੋਂ ਛਾਪੇ ਗਏ 'ਵਾਈਟ ਪੇਪਰ'' ਵਿਚ ਪੇਸ਼ ਕੀਤੇ ਗਏ ਤੱਥਾਂ ਨੂੰ ਸਹੀ ਮੰਨ ਕੇ ਚਲਦਾ ਹੈ ਅਤੇ ਇਸ ਅਧਾਰ 'ਤੇ ਸੰਤ ਭਿੰਡਰਾਂਵਾਲਿਆਂ ਨੂੰ ਇਕ 'ਖੂਨੀ ਦਹਿਸ਼ਤਗਰਦ'' ਸਮਝਦਾ ਹੈ, ਜਿਸ ਦੇ ਹਥਿਆਰਬੰਦ ਟੋਲਿਆਂ ਨੇ, ਉਸ ਮੁਤਾਬਕ, ਪੰਜਾਬ ਅੰਦਰ ਮਾਸੂਮ ਅਤੇ ਨਿਹੱਥੇ ਹਿੰਦੂਆਂ ਦਾ ਕਤਲੇਆਮ ਕੀਤਾ।
(6) ਇਸ ਅਧਾਰ 'ਤੇ ਉਹ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੌਤ ਉਤੇ ਖੁਸ਼ੀ ਤੇ ਰਾਹਤ ਦਾ ਪ੍ਰਭਾਵ ਪ੍ਰਗਟਾਉਂਦਾ ਹੈ।
(7) ਦਰਬਾਰ ਸਾਹਿਬ ਉਤੇ ਹਮਲੇ ਲਈ ਉਹ ਭਾਰਤੀ ਹਾਕਮਾਂ ਦੀ ਥਾਵੇਂ ਸਿੱਖ ਆਗੂਆਂ ਦਾ ਕਸੂਰ ਕਢਦਾ ਹੈ।
(8) ਉਹ ਸ਼ਹੀਦ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੁਆਰਾ ਇੰਦਰਾ ਗਾਂਧੀ ਦੀ ਕੀਤੀ ਗਈ ਹੱਤਿਆ ਨੂੰ ਇਕ ਜ਼ਾਲਮ ਹੁਕਮਰਾਨ ਦੀ ਹੱਤਿਆ ਨਹੀਂ ਮੰਨਦਾ, ਸਗੋਂ ਇਕ 'ਨਿਹੱਥੀ' ਤੇ 'ਮਜ਼ਲੂਮ'' ਔਰਤ ਦੀ ਹੱਤਿਆ ਕਹਿੰਦਾ ਹੈ। ਉਹ ਇਸ ਕਤਲ ਨੂੰ 'ਬੁਜ਼ਦਿਲਾਨਾ ਕਾਰਵਾਈ' ਕਹਿਕੇ ਨਿੰਦਦਾ ਹੈ।
(9) ਉਹ ਇਸ ਗੱਲ ਨਾਲ ਸਹਿਮਤ ਨਹੀਂ ਕਿ ਹਿੰਦੂ ਵਿਦਵਾਨਾਂ ਨੇ ਭਾਰਤੀ ਰਾਸ਼ਟਰਵਾਦ ਦੀਆਂ ਲੋੜਾਂ ਅਨੁਸਾਰ ਸਿੱਖ ਇਤਿਹਾਸ ਨਾਲ ਕੋਈ ਖਰਾਬੀ ਜਾਂ ਛੇੜ-ਛਾੜ ਕੀਤੀ ਹੈ ਅਤੇ ਸਿੱਖ ਗੁਰੂਆਂ ਨੂੰ ਰਾਸ਼ਟਰਵਾਦੀ ਦਰਸਾ ਕੇ ਕੋਈ ਅਪਰਾਧ ਕੀਤਾ ਹੈ।
(10) ਉਹ ਸਿੱਖ ਕੌਮ ਪ੍ਰਸਤੀ ਨੂੰ 'ਜ਼ਹਿਰ'' ਤੇ ਭਾਰਤੀ ਕੌਮਪ੍ਰਸਤੀ ਨੂੰ 'ਅੰਮ੍ਰਿਤ' ਮੰਨਕੇ ਚਲਦਾ ਹੈ ਅਤੇ ਇਸ ਅਧਾਰ 'ਤੇ 'ਖਾਲਿਸਤਾਨੀ ਦਹਿਸ਼ਤਗਰਦਾਂ' ਨੂੰ ਹਕੂਮਤੀ ਤਾਕਤ ਨਾਲ ਕੁਚਲ ਦੇਣ ਦੀ ਨੀਤੀ ਦੀ ਨਿਸ਼ੰਗ ਹਮਾਇਤ ਤੇ ਪ੍ਰੋੜਤਾ ਕਰਦਾ ਹੈ।
ਉਪਰੋਕਤ ਸਾਰੇ ਨੁਕਤਿਆਂ ਬਾਰੇ ਡਾ.ਪ੍ਰੇਮ ਸਿੰਘ ਦੀ ਸਮਝ ਹਿੰਦੂ ਕੱਟੜਪੰਥੀਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਦੋਵਾਂ ਵਿਚਕਾਰ ਕਿਸੇ ਇਕ ਵੀ ਨੁਕਤੇ ਬਾਰੇ ਰਤੀ ਭਰ ਵੀ ਕੋਈ ਵਿਰੋਧ-ਵਖਰੇਵਾਂ ਨਹੀਂ ਹੈ। ਅਸਲੀਅਤ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਤੋਂ ਲੈ ਕੇ ਆਰਐਐਸ ਤੱਕ, ਕਿਸੇ ਨੂੰ ਵੀ ਡਾ. ਪ੍ਰੇਮ ਸਿੰਘ ਦੀ ਇਸ ਸਮਝ ਨਾਲ ਕੋਈ ਮੱਤਭੇਦ ਨਹੀਂ। ਇਸ ਕਰਕੇ, ਇਸ ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਕਿ ਸਿੱਖਾਂ ਦੇ ਮਾਮਲੇ ਵਿਚ ਡਾ. ਪ੍ਰੇਮ ਸਿੰਘ ਪੂਰੀ ਤਰ੍ਹਾਂ ਭਾਰਤੀ ਹਾਕਮਾਂ ਦੀ ਬੋਲੀ ਬੋਲਦਾ ਹੈ ਅਤੇ ਉਨ੍ਹਾਂ ਦੇ ਹਰ ਕੁਕਰਮ ਨੂੰ ਨਿਰਲੱਜਤਾ ਨਾਲ ਵਾਜਬ ਠਹਿਰਾਉਂਦਾ ਹੈ। ਮੇਰੇ ਵਿਚਾਰ ਵਿਚ ਅਜਿਹੇ ਸ਼ਖਸ ਨੂੰ 'ਮਾਰਕਸਵਾਦੀ ਚਿੰਤਕ'' ਕਹਿਣਾ ਉਚਿਤ ਨਹੀਂ ਬਣਦਾ। ਇਹ ਤਾਂ ਮਾਰਕਸ ਦਾ ਅਪਮਾਨ ਕਰਨ ਦੇ ਤੁਲ ਹੈ। ਖਬਰਾਂ ਅਨੁਸਾਰ ਪਿਛਲੇ ਦਿਨੀਂ ਦਿੱਲੀ ਵਿਖੇ ਕਸ਼ਮੀਰ ਦੇ ਮੁੱਦੇ 'ਤੇ ਇਕ ਅਹਿਮ ਕਨਵੈਨਸ਼ਨ ਹੋਈ ਸੀ, ਜਿਸ ਵਿਚ ਅਰੁੰਧਤੀ ਰਾਏ ਸਮੇਤ ਨਕਸਲੀ ਲਹਿਰ ਦੇ ਸਮਰਥਕ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਕਵੀ ਵਰਵਰਾ ਰਾਓ ਅਤੇ ਹੋਰਨਾਂ ਨੇ 'ਭਾਰਤੀ ਕੌਮ' ਦੀ ਧਾਰਨਾ ਦਾ ਤਿੱਖਾ ਖੰਡਨ ਕੀਤਾ ਸੀ ਅਤੇ ਦੇਸ਼ ਦੇ ਅਲੱਗ-ਅਲੱਗ ਹਿਸਿਆਂ ਵਿਚ ਅਲੱਗ-ਅਲੱਗ ਵਰਗਾਂ ਵੱਲੋਂ ਆਪਣੀ ਸੁਤੰਤਰ ਪਛਾਣ ਕਾਇਮ ਰੱਖਣ ਦੇ ਅਰਮਾਨਾਂ ਦੀ ਡਟਵੀਂ ਹਮਾਇਤ ਕਰਦੇ ਹੋਏ, ਭਾਰਤ ਦੀ ਏਕਤਾ ਤੇ ਅਖੰਡਤਾ ਦੇ ਨਾਂ ਉਤੇ ਲੋਕਾਂ ਦੀਆਂ ਇਨ੍ਹਾਂ ਹੱਕੀ ਲਹਿਰਾਂ ਉਤੇ ਢਾਏ ਜਾ ਰਹੇ ਵਹਿਸ਼ੀ ਜਬਰ ਦੀ ਜ਼ੋਰਦਾਰ ਨਿੰਦਿਆ ਕੀਤੀ ਸੀ। ਸੋ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਤੋਂ ਬਾਹਰਲੇ, ਖਾਸ ਕਰਕੇ ਦੱਖਣੀ ਰਾਜਾਂ ਦੇ ਨਕਸਲੀ ਭਾਰਤੀ ਕੌਮ ਦੀ ਧਾਰਨਾ ਨੂੰ ਮੁੱਢੋਂ ਰੱਦ ਕਰਦੇ ਹਨ ਅਤੇ ਭਾਰਤ ਅੰਦਰ ਹਿੰਦੂ ਹਾਕਮਾਂ ਦੇ ਜਬਰ ਦੇ ਦਾਬੇ ਦਾ ਸ਼ਿਕਾਰ ਹੋ ਰਹੀਆਂ ਸਭਨਾਂ ਕੌਮੀਅਤਾਂ ਤੇ ਧਾਰਮਿਕ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਜੋਰਦਾਰ ਆਵਾਜ਼ ਬੁਲੰਦ ਕਰਦੇ ਹਨ। ਇਹ ਸਿਰਫ ਪੰਜਾਬ ਦੇ ਕਾਮਰੇਡ ਹੀ ਹਨ ਜੋ ਇਸ ਅਹਿਮ ਮਸਲੇ 'ਤੇ ਭਾਰਤ ਦੇ ਹਿੰਦੂ ਹਾਕਮਾਂ ਦੀ ਬੋਲੀ ਬੋਲਣ ਵਿਚ ਭੋਰਾ ਸ਼ਰਮ ਨਹੀਂ ਮੰਨਦੇ। ਪਰ ਪੰਜਾਬ ਦੇ ਸਾਰੇ ਕਾਮਰੇਡਾਂ ਨੂੰ ਵੀ ਇਕੋ ਰੱਸੇ ਬੰਨ੍ਹਣਾ ਠੀਕ ਨਹੀਂ। ਸੀ.ਪੀ.ਆਈ ਤੇ ਸੀ.ਪੀ.ਐਮ ਤੋਂ ਇਲਾਵਾ ਪੰਜਾਬ ਅੰਦਰ ਥੋੜ੍ਹੇ ਜਿਹੇ ਨਕਸਲੀਆਂ ਨੂੰ ਛੱਡਕੇ, ਬਾਕੀ ਕਾਮਰੇਡ ਡਾ.ਪ੍ਰੇਮ ਸਿੰਘ ਦੀ ਹੱਦ ਤੱਕ ਨਹੀਂ ਨਿਘਰੇ ਹੋਏ। ਸੋ ਭਾਰਤ ਦੇ ਹਿੰਦੂ ਹੁਕਮਰਾਨਾਂ ਦੀ ਬੋਲੀ ਬੋਲਣ ਵਾਲੇ ਖੱਬੇ ਪੱਖੀ ਵਿਦਵਾਨਾਂ ਨਾਲ 'ਮਾਰਕਸਵਾਦੀ ਚਿੰਤਕ'' ਦਾ ਲਕਬ ਜੋੜਨ ਤੋਂ ਵਾਹ ਲੱਗਦੀ ਪਰਹੇਜ਼ ਕਰਨਾ ਚਾਹੀਦਾ ਹੈ।
ਡਾ.ਪ੍ਰੇਮ ਸਿੰਘ: 'ਮਾਰਕਸਵਾਦੀ ਚਿੰਤਕ' ਕਿ ਹਿੰਦੂਸ਼ਾਹੀ ਦਾ ਵਕੀਲ ?
2:54 AM
0
Tags
Share to other apps