ਅਵਤਾਰ ਸਿੰਘ
ਪੰਜਾਬ ਦੇ ਬੁੱਢੇ ਹੋ ਚੁੱਕੇ ਖੱਬੇ-ਪੱਖੀਆਂ ਨੂੰ ਇੱਕ ਵਾਰ ਫਿਰ ਇਨਕਲਾਬ ਦਾ ਚਾਅ ਚੜ੍ਹ ਗਿਆ ਹੈ। ਬਹੁਤ ਲੰਬੇ ਸਮੇਂ ਤੋਂ ਜਿਹੜੇ ਵੀਰ ਥੱਕ ਹਾਰ ਕੇ ਬੈਠ ਗਏ ਸਨ, ਉਨ੍ਹਾਂ ਨੂੰ ਛੱਤੀਸਗੜ੍ਹ ਵਿੱਚ ਚੱਲ ਰਹੀ ਮਾਓਵਾਦੀਆਂ ਦੀ ਲਹਿਰ ਨੇ ਇੱਕ ਵਾਰ ਫਿਰ ਕੋਈ ਸਰਗਰਮੀ ਕਰਨ ਦਾ ਅਵਸਰ ਦੇ ਦਿੱਤਾ ਹੈ। ਜ਼ੁਬਾਨੀ ਜਮ੍ਹਾ ਖਰਚ ਕਰਨ ਵਾਲੇ ਇਨ੍ਹਾਂ ਸੱਜਣਾਂ ਨੇ ਰਵਾਇਤੀ ਰਾਜਸੀ ਲੀਡਰਾਂ ਵਾਂਗ ਭੀੜ ਇਕੱਠੀ ਕਰ ਕੇ ਖਬਰਾਂ ਲਵਾਉਣ ਤੱਕ ਸੀਮਤ ਸਰਗਰਮੀ ਕਰਨ ਲਈ ਇਸ ਵਾਰ ਬੀਬੀ ਅਰੁੰਧਿਤੀ ਰਾਏ ਨੂੰ ਚੁਣਿਆ। ਬੀਬੀ ਅਰੁੰਧਿਤੀ ਰਾਏ ਜਿਸ ਨੇ ਆਪਣੇ ਜੀਵਨ ਦੀ ਸੱਚੀ ਅਤੇ ਸੁੱਚੀ ਕਮਾਈ ਨਾਲ ਹਾਸਲ ਕੀਤੇ ਗਿਆਨ ਰਾਹੀਂ ਭਾਰਤ ’ਤੇ ਰਾਜ ਕਰ ਰਹੀਆਂ ਫਾਸ਼ੀ ਤਾਕਤਾਂ ਦੀ ਅਸਲੀਅਤ ਸੰਘਰਸ਼ਸ਼ੀਲ ਲੋਕਾਂ ਸਾਹਮਣੇ ਪੇਸ਼ ਕਰਕੇ ਭਾਰਤੀ ਜ਼ਮਹੂਰੀਅਤ ਦਾ ਨੰਗ ਸਭ ਦੇ ਸਾਹਮਣੇ ਬੇਪਰਦ ਕਰ ਦਿੱਤਾ ਹੈ। ਉਸ ਦੇ ਵਿਚਾਰਾਂ ਦੀ ਮਹਿਫਲ ਜਮਾਉਣ ਲਈ ਇਸ ਵਾਰ ਪੰਜਾਬ ਦੇ ਕਾਮਰੇਡਾਂ ਨੇ ਆਖਰੀ ਹੰਭਲਾ ਮਾਰਿਆ।
ਬੀਬੀ ਅਰੁੰਧਿਤੀ ਰਾਏ ਦੀ ਆਮਦ ਤੋਂ ਕੁੱਝ ਚਿਰ ਪਹਿਲਾਂ ਉਨ੍ਹਾਂ ਦੇ ਸਮਾਗਮ ਸਬੰਧੀ ਪੰਜਾਬੀ ਦੇ ਕਿਸੇ ਅਖਬਾਰ ਵਿੱਚ ਇੱਕ ਖਬਰ ਪੜ੍ਹਨ ਨੂੰ ਮਿਲੀ ਕਿ ਛੱਤੀਸਗੜ੍ਹ ਵਿੱਚ ਨਕਸਲੀਆਂ ਦੇ ਖਿਲਾਫ਼ ਚਲਾਏ ਜਾ ਰਹੇ ਅਪ੍ਰੇਸ਼ਨ ਗਰੀਨ ਹੰਟ ਦਾ ਵਿਰੋਧ ਕਰਨ ਲਈ ਗਰੀਨ ਹੰਟ ਵਿਰੋਧੀ ਸੰਸਥਾ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਬੀਬੀ ਅਰੁੰਧਿਤੀ ਰਾਏ ਆਪਣੇ ਕੀਮਤੀ ਵਿਚਾਰ ਸਭ ਦੇ ਨਾਲ ਸਾਂਝੇ ਕਰਨਗੇ। ਉਸ ਖਬਰ ਵਿੱਚ ਜਿਨ੍ਹਾਂ ਲੋਕਾਂ ਦੇ ਨਾਂਅ ਇਸ ਸਮਾਗਮ ਦੇ ਕਰਤਾ-ਧਰਤਾ ਵੱਜੋਂ ਛਾਪੇ ਗਏ ਸਨ, ਉਨ੍ਹਾਂ ਨੂੰ ਪੜ੍ਹ ਕੇ ਮੇਰੇ ਮਨ ਵਿੱਚ ਇਕ ਦਮ ਇਹ ਵਿਚਾਰ ਪੈਦਾ ਹੋਏ ਕਿ ਪੰਜਾਬ ਵਿੱਚ ਜਿਹੜੇ ਲੋਕ ‘ਸਲਵਾ ਜੁਡਮ’’ ਦੀ ਭੂਮਿਕਾ ਨਿਭਾਉਂਦੇ ਰਹੇ ਹਨ ਕੀ ਉਹ ਸੱਚਮੁੱਚ ਹੀ ਬੀਬੀ ਅਰੁੰਧਿਤੀ ਰਾਏ ਦੇ ਵਿਚਾਰਾਂ ਦੀ ਪੈਰੋਕਾਰੀ ਕਰ ਰਹੇ ਹਨ? ਖੈਰ! ਅਸੀਂ ਬੀਬੀ ਅਰੁੰਧਿਤੀ ਰਾਏ ਦੇ ਸਮਾਗਮ ਦੀ ਉਡੀਕ ਕੀਤੀ ਅਤੇ ਉਸ ਦੇ ਵਿਚਾਰਾਂ ਨੂੰ ਜਾਣਿਆਂ।
ਬੀਬੀ ਅਰੁੰਧਿਤੀ ਰਾਏ ਆਏ ਅਤੇ ਆਪਣੇ ਜੀਵਨ ਦੀ ਅਨਮੋਲ ਕਮਾਈ ਨਾਲ ਗ੍ਰਹਿਣ ਕੀਤੇ ਗਿਆਨ ਦੇ ਸੁੱਚੇ ਮੋਤੀ ਬਿਖੇਰ ਕੇ ਚਲੀ ਗਈ। ਕਾਮਰੇਡ ਵੀਰਾਂ ਨੇ ਇਨਕਲਾਬ ਦੀ ਜੈ-ਜੈ ਕਾਰ ਕੀਤੀ, ਫੋਟੋਆਂ ਖਿਚਵਾਈਆਂ ਅਤੇ ਘਰਾਂ ਨੂੰ ਚਲੇ ਗਏ। ਬੀਬੀ ਅਰੁੰਧਿਤੀ ਰਾਏ ਨੇ ਉਸ ਸਮਾਗਮ ਵਿੱਚ ਜੋ ਗੱਲਾਂ ਕੀਤੀਆਂ, ਉਹ ਬਹੁਤ ਧਿਆਨ ਨਾਲ ਸੁਨਣ ਵਾਲੀਆਂ ਅਤੇ ਗ੍ਰਹਿਣ ਕਰਨ ਵਾਲੀਆਂ ਹਨ।
ਅੰਗਰੇਜ਼ੀ ਦੇ ਪਰਚੇ ‘ਆਊਟਲੁੱਕ’’ ਵਿੱਚ ਛਪੇ ਆਪਣੇ ਲੰਬੇ ਵਿੱਚ ਅਰੁੰਧਿਤੀ ਰਾਏ ਨੇ ਸਪੱਸ਼ਟ ਤੌਰ ’ਤੇ ਆਖਿਆ ਕਿ ਭਾਰਤ ਵਿੱਚ ਜ਼ਮਹੂਰੀਅਤ ਨਾਂ ਦੀ ਕੋਈ ਚੀਜ ਨਹੀਂ ਰਹਿ ਗਈ, ਬਲਕਿ ਬਹੁਗਿਣਤੀ ਦਾ ਫਾਸੀ ਵਿਚਾਰਾਂ ਵਾਲਾ ਹਿੱਸਾ ਦੇਸ਼ ਉੱਤੇ ਰਾਜ ਕਰ ਰਿਹਾ ਹੈ। ਜਲੰਧਰ ਵਿਖੇ ਹੋਏ ਸਮਾਗਮ ਵਿੱਚ ਵੀ ਅਰੁੰਧਿਤੀ ਰਾਏ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ‘‘ਅੱਜ ਭਾਰਤੀ ਸੰਵਿਧਾਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਕਿਉਂਕਿ ਅਦਾਲਤਾਂ, ਮੀਡੀਆ ਅਤੇ ਸੰਸਦ ਸਭ ਖੋਖਲੇ ਹੋ ਚੁੱਕੇ ਹਨ. ਅਦਾਲਤਾਂ ਆਮ ਲੋਕਾਂ ਨੂੰ ਇਨਸਾਫ ਦੇਣ ਦੇ ਕਾਬਲ ਨਹੀਂ ਰਹੀਆਂ, ਬਲਕਿ ਅਮੀਰਾਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਉਸ ਨੇ ਇਹ ਵੀ ਆਖਿਆ ਕਿ ‘‘ਜਿੱਥੇ ਜਿੱਥੇ ਵੀ ਬੇਇਨਸਾਫੀ ਹੋ ਰਹੀ ਹੈ, ਉਸ ਦੇ ਖਿਲਾਫ ਲੜਨਾ ਹੀ ‘ਗਰੀਨ ਹੰਟ’ ਦੇ ਖਿਲਾਫ ਲੜਨਾ ਹੈ।’’
ਬੀਬੀ ਅਰੁੰਧਿਤੀ ਰਾਏ ਨੇ ਇਹ ਵੀ ਆਖਿਆ ਕਿ ‘‘ ਇਸ ਮੁਲਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਕੁਦਰਤੀ ਸਾਧਨਾਂ, ਇਤਿਹਾਸ ਅਤੇ ਸੱਭਿਆਚਾਰ ਤੋਂ ਵੱਖ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਸਦਾ ਲਈ ਮਾਰ ਦਿੱਤਾ ਜਾਵੇ, ਭਾਰਤ ਵਿੱਚ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਹੌਲੀ-ਹੌਲੀ ਮਰਨ ਦਿੱਤਾ ਜਾ ਰਿਹਾ ਹੈ।’’
ਆਪਣੇ ਭਾਸ਼ਣ ਵਿੱਚ ਬੀਬੀ ਅਰੁੰਧਿਤੀ ਰਾਏ ਨੇ ਇਹ ਗੱਲ ਬਹੁਤ ਧੜੱਲੇ ਨਾਲ ਆਖੀ ਕਿ
"ਬਾਹਰੋਂ ਜਾ ਕੇ ਆਦਿਵਾਸੀਆਂ ਨੂੰ ਇਹ ਲੈਕਚਰ ਦੇਣਾ ਠੀਕ ਨਹੀਂ ਹੈ ਕਿ ਉਹ ਅਹਿੰਸਕ ਤਰੀਕੇ ਨਾਲ ਹੀ ਲੜਨ, ਸੰਘਰਸ਼ਸ਼ੀਲ ਤਾਕਤਾਂ ਨੇ ਕਿਹੜੇ ਸਮੇਂ ਕਿਹੜੇ ਢੰਗ ਨਾਲ ਲੜਨਾ ਹੈ। ਇਹ ਉਨ੍ਹਾਂ ਨੇ ਫੈਸਲਾ ਕਰਨਾ ਹੁੰਦਾ ਹੈ।’’
ਆਪਣੀ ਜਲੰਧਰ ਫੇਰੀ ਸਮੇਂ ਬੀਬੀ ਅਰੁੰਧਿਤੀ ਰਾਏ ਨੇ ਸਿਰਫ਼ ਇਹੋ ਨਹੀਂ ਆਖਿਆ, ਬਲਕਿ ਹੋਰ ਵੀ ਬਹੁਤ ਕੁੱਝ ਅਜਿਹਾ ਆਖਿਆ ਕਿ ਭਾਰਤ ਵਿੱਚ ਹਿੰਦੂ ਫਾਸ਼ੀਵਾਦ ਦਾ ਬੁਰਕਾ ਪਾ ਕੇ ਰਾਜ ਕਰ ਰਹੀ ਅਸਹਿਣਸ਼ੀਲ ਬਹੁਗਿਣਤੀ ਖਿਲਾਫ ਸੰਘਰਸ਼ ਦੀ ਪ੍ਰੇਰਨਾ ਦੇਂਦਾ ਹੈ ਪਰ ਇਸ ਵੇਲੇ ਸੁਆਲਾਂ ਦਾ ਸੁਆਲ ਇਹ ਹੈ ਕਿ ਕੀ ਪੰਜਾਬ ਦੇ ਖੱਬੇ-ਪੱਖੀ ਵੀਰ ਬੀਬੀ ਅਰੁੰਧਿਤੀ ਰਾਏ ਦੇ ਇਨ੍ਹਾਂ ਵਿਚਾਰਾਂ ਦੀ ਆਪਣੇ ਦਿਲ ਦੀਆਂ ਡੂੰਘਾਈਆਂ ਵਿੱਚੋਂ ਪ੍ਰੋੜਤਾ ਕਰਦੇ ਹਨ? ਕੀ ਇਹ ਅਗਾਂਹਵਧੂ ਵੀਰ ਭਾਰਤ ਵਿੱਚ ਹਿਦੂ ਗੁਲਾਮੀ ਦੇ ਝੂਲੇ ਤੋਂ ਮੁਕਤੀ ਹਾਸਲ ਕਰਨ ਲਈ ਯਤਨਸ਼ੀਲ ਸਾਰੀਆਂ ਕੌਮਾਂ ਦੇ ਅਜ਼ਾਦੀ ਸੰਘਰਸ਼ ਦੀ ਹਮਾਇਤ ਕਰਦੇ ਹਨ? ਕਿਉਂਕਿ ਅਰੁੰਧਿਤੀ ਰਾਏ ਦੇ ਸਮੁੱਚੇ ਵਿਚਾਰਧਾਰਕ ਨਜ਼ਰੀਏ ਤੋਂ ਤਾਂ ਇਹ ਹੀ ਗੱਲ ਉੱਭਰ ਕੇ ਸਾਹਮਏ ਆਉਂਦੀ ਹੈ ਕਿ ਭਾਰਤ ਵਿੱਚ ਹਿੰਦੂ ਬਹੁ-ਗਿਣਤੀ ਦੀ ਮਲਾਈ ਪਰਤ ਰਾਜ ਕਰ ਰਹੀ ਹੈ ਅਤੇ ਉਹ ਬਹੁਤ ਹੀ ਕਰੂਰਤਾ ਭਰੇ ਢੰਗ ਨਾਲ ਵੱਖ-ਵੱਖ ਕੌਮਾਂ ਦੇ ਇਤਿਹਾਸਕ ਵਿਰਸੇ, ਸੱਭਿਆਚਾਰ, ਕੁਦਰਤੀ ਸਾਧਨਾਂ ਅਤੇ ਜ਼ਿੰਦਗੀ ਭਰ ਦੀ ਕਮਾਈ ਨਾਲ ਹਾਸਲ ਕੀਤੇ ਗਿਆਨ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ ਅਤੇ ਉਹ ਭਾਰਤ ਨੂੰ ਹਿੰਦੂ ਰੰਗ ਵਿੱਚ ਰੰਗਣ ਦੇ ਇੱਕ ਯੋਜਨਾਬੱਧ ਪ੍ਰੋਜੈਕਟ ’ਤੇ ਕੰਮ ਕਰ ਰਹੀ ਹੈ। ਬੀਬੀ ਅਰੁੰਧਿਤੀ ਰਾਏ ਆਪਣੇ ਬੌਧਿਕ ਗਿਆਨ ਰਾਹੀਂ ਇਹ ਹੋਕਾ ਦੇ ਰਹੀ ਹੈ ਕਿ ਸਾਨੂੰ ਹਰ ਕਿਸਮ ਦੇ ਦਾਬੇ ਅਤੇ ਵੱਖ-ਵੱਖ ਕੌਮਾਂ ਨੂੰ ਧੱਕੇ ਨਾਲ ਦਬਾਉਣ ਦੀ ਇਸ ਰਾਜਨੀਤੀ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਹੈ, ਸਿਰਫ ਵਿਚਾਰਧਾਰਕ ਸੰਘਰਸ ਹੀ ਨਹੀਂ, ਬਲਕਿ ਹਥਿਆਰਬੰਦ ਸੰਘਰਸ਼ ਵੀ ਇਸ ਜੰਗ ਦੀ ਇੱਕ ਅਣਸਰਦੀ ਲੋੜ ਹੈ। ਜੰਮੂ ਕਸ਼ਮੀਰ ਨੂੰ ਉਹ ਭਾਰਤ ਦਾ ਅਨਿੱਖੜਵਾਂ ਅੰਗ ਨਹੀਂ ਮੰਨਦੀ ਅਤੇ ਉਸ ਨੂੰ ਆਜ਼ਾਦ ਕਰਨ ਦੀ ਖੁੱਲ੍ਹੀ ਵਕਾਲਤ ਕਰਦੀ ਹੈ?
ਕੀ ਪੰਜਾਬ ਦੇ ਕਾਮਰੇਡ ਵੀਰ ਅਰੁੰਧਿਤੀ ਰਾਏ ਦੀ ਇਸ ਵਿਚਾਰਧਾਰਕ ਪਹੁੰਚ ਨਾਲ ਸਹਿਮਤ ਹਨ?
ਅੱਜ ਜੋ ਗੱਲਾਂ ਬੀਬੀ ਅਰੁੰਧਿਤੀ ਰਾਏ ਕਰ ਰਹੀ ਹੈ 28 ਸਾਲ ਪਹਿਲਾਂ ਬਿਲਕੁਲ ਇਹੋ ਹੀ ਗੱਲਾਂ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕੀਤੀਆਂ ਸਨ। ਸੰਤ ਜਰਨੈਲ ਸਿੰਘ ਜੀ ਨੇ ਵੀ ਉਸ ਵੇਲੇ ਇਹੋ ਹੀ ਆਖਿਆ ਸੀ ਕਿ ਦਿੱਲੀ ਦੇ ਤਖਤ ’ਤੇ ਵਹਿਸ਼ੀ ਕਿਸਮ ਦੇ ਹਿੰਦੂਆਂ ਦਾ ਰਾਜ ਹੈ, ਜੋ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੇ ਆਹਰ ਵਿੱਚ ਲੱਗੇ ਹੋਏ ਹਨ। ਉਸ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਆਖਿਆ ਕਿ ਇਹ ਗੁਲਾਮੀ ਅਸੀਂ ਗਲੋਂ ਲਾਹੁਣੀ ਹੈ। ਅੱਜ ਬੀਬੀ ਅਰੁੰਧਿਤੀ ਰਾਏ ਵੀ ਇਹੋ ਆਖ ਰਹੀ ਹੈ ਕਿ ਭਾਰਤੀ ਸਟੇਟ ਲੋਕਾਂ ਨੂੰ ਤਿਲ-ਤਿਲ ਕਰ ਕੇ ਖਤਮ ਕਰ ਦੇਣ ਦੇ ਵੱਡੇ ਪੇੋਜੈਕਟ ’ਤੇ ਕੰਮ ਕਰ ਰਹੀ ਹੈ। ਸੰਤ ਜਰਨੈਲ ਸਿੰਘ ਜੀ ਨੇ ਉਸ ਵੇਲੇ ਆਖਿਆ ਸੀ ਕਿ ਕੇਂਦਰ ਸਾਡਾ ਪਾਣੀ, ਸਾਡੇ ਕੁਦਰਤੀ ਸਰੋਤ ਅਤੇ ਸਾਡੇ ਇਤਿਹਾਸ ਨੂੰ ਸਾਡੇ ਤੋਂ ਖੋਹ ਰਿਹਾ ਹੈ। ਅੱਜ ਬੀਬੀ ਅਰੁੰਧਿਤੀ ਰਾਏ ਵੀ ਬਿਲਕੁਲ ਇਹੋ ਆਖ ਰਹੀ ਹੈ। ਸੰਤ ਜਰਨੈਲ ਸਿੰਘ ਜੀ ਨੇ ਉਦੋਂ ਆਖਿਆ ਸੀ ਕਿ ਅਸੀਂ ਪਹਿਲਾਂ ਕਿਸੇ ’ਤੇ ਵਾਰ ਕਰਨਾ ਨਹੀਂ, ਪਰ ਜੇ ਕੋਈ ਸਾਡੇ ਵੱਲ ਕੈਰੀ ਅੱਖ ਨਾਲ ਵੇਖੇਗਾ, ਉਸ ਦੀ ਭਾਜੀ ਦੂਣੀ ਕਰ ਕੇ ਮੋੜਨੀ ਹੈ। ਅੱਜ ਬੀਬੀ ਅਰੁੰਧਿਤੀ ਰਾਏ ਵੀ ਇਹੋ ਆਖ ਰਹੀ ਹੈ ਕਿ ਇਨਸਾਫ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਵੀ ਇੱਕ ਅਣਸਰਦੀ ਲੋੜ ਹੈ। ਉਹ ਬਿਲਕੁਲ ਸਪੱਸ਼ਟ ਤਰੀਕੇ ਨਾਲ ਹਥਿਆਰਬੰਦ ਸੰਘਰਸ਼ ਦੀ ਹਮਾਇਤ ਕਰ ਰਹੀ ਹੈ। ਉਸ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ਗਾਂਧੀਵਾਦ ਤਰੀਕਾ ਇੱਕ ਰਾਜਸੀ ਥੀਏਟਰ ਤੋਂ ਵੱਧ ਕੁੱਝ ਨਹੀਂ ਹੈ। ਗੁਲਾਮ ਹੋਈਆਂ ਕੌਮਾਂ ਨੂੰ ਆਪਣੀ ਗੁਲਾਮੀ ਦੇ ਸੰਗਲ ਤੋੜਨ ਲਈ ਗਾਂਧੀਵਾਦੀ ਤਰੀਕੇ ਰਾਸ ਨਹੀਂ ਆਉਂਦੇ। ਉਸ ਨੇ ਇਹ ਵੀ ਆਖਿਆ ਕਿ ਜਿਸ ਥਾਂ ’ਤੇ ਵੀ ਕੋਈ ਆਪਣੀ ਹੋਣੀ ਲਈ ਸੰਘਰਸ਼ ਕਰ ਰਿਹਾ ਹੈ, ਉਸ ਦੀ ਸਾਨੂੰ ਹਮਾਇਤ ਕਰਨੀ ਚਾਹੀਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਖੱਬੇ-ਪੱਖੀ ਵੀਰ ਬੀਬੀ ਅਰੁੰਧਿਤੀ ਰਾਏ ਦਾ ਭਾਸ਼ਣ ਸੁਣ ਕੇ ਜੈ-ਜੈ ਕਾਰ ਕਰ ਰਹੇ ਸਨ। ਉਨ੍ਹਾਂ ਨੂੰ ਸਿੱਖ ਕੌਮ ਦੀ ਹਿੰਦੂ ਫਾਸ਼ੀਵਾਦ ਵਿਰੋਧੀ ਲਹਿਰ ਰਾਸ ਨਾ ਆਈ ਅਤੇ ਉਨ੍ਹਾਂ ਸਿੱਖਾਂ ਦੀ ਸਿਧਾਂਤਿਕ ਹਮਾਇਤ ਕਰਨ ਤੋਂ ਸਿਰਫ ਪਾਸਾ ਹੀ ਨਹੀ ਵੱਟਿਆ, ਬਲਕਿ ਸਿੱਖਾਂ ਦੇ ਖਿਲਾਫ ਜ਼ੁਲਮੋਂ ਸਿਤਮ ਦੀ ਹਨ੍ਹੇਰੀ ਚਲਾ ਰਹੀ ਫਾਸ਼ੀ ਸਟੇਟ ਦੇ ਦਸਤੇ ਬਣ ਕੇ ਉਨ੍ਹਾਂ ਸਿੱਖਾਂ ਦੇ ਖਿਲਾਫ ਲੜਾਈ ਲੜੀ। ਪੰਜਾਬ ਦੇ ਮੌਜੂਦਾ ਕਾਮਰੇਡ ਛੱਤੀਸਗੜ੍ਹ ਵਿੱਚ ਚਲਾਏ ਜਾ ਰਹੇ ਜਿਸ ਗਰੀਨ ਹੰਟ ਦਾ ਵਿਰੋਧ ਕਰਨ ਦਾ ਅੱਜ ਢੋਂਗ ਕਰ ਰਹੇ ਹਨ, ਉਨ੍ਹਾਂ ਨੇ ਪੰਜਾਬ ਵਿੱਚ ਭਾਰਤੀ ਸਟੇਟ ਵੱਲੋਂ ਚਲਾਏ ਗਏ ਹਰ ਅਪ੍ਰੇਸ਼ਨ ਦੀ ਸਿਰਫ ਕਮੀਨਗੀ ਨਾਲ ਹਮਾਇਤ ਹੀ ਨਹੀਂ ਕੀਤੀ, ਬਲਕਿ ‘ਸਲਵਾ ਜੁਡਮ’’ ਬਣ ਕੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਜਿਸ ਭਾਰਤੀ ਸਟੇਟ ਦੇ ਖਿਲਾਫ ਲੜਾਈ ਲੜਨ ਦਾ ਅੱਜ ਦੇ ਪੰਜਾਬੀ ਕਾਮਰੇਡ ਦਮ ਭਰਨ ਲੱਗੇ ਹਨ। ਉਸੇ ਭਾਰਤੀ ਸਟੇਟ ਦੇ ਹਥਿਆਰਾਂ ਨਾਲ ਤਾਂ ਉਹ ਸਿੱਖਾਂ ਦੇ ਘਰਾਂ ਵਿੱਚ ਜਾ ਕੇ ਨੌਜਵਾਨਾਂ ਦਾ ਕਤਲੇਆਮ ਕਰਦੇ ਰਹੇ ਹਨ। ਸਿੱਖ ਬੀਬੀਆਂ ਦੀ ਬੇਪੱਤੀ ਕਰਦੇ ਰਹੇ ਹਨ ਅਤੇ ਸਿੱਖਾਂ ਦੇ ਨਾਂ ’ਤੇ ਬੈਂਕ ਲੁੱਟਦੇ ਰਹੇ ਸਨ।
ਭਾਰਤੀ ਸਟੇਟ ਦੀ ਸੇਵਾ ਕਰਨ ਬਦਲੇ ਪੰਜਾਬ ਦੇ ਕਾਮਰੇਡਾਂ ਨੇ ਦਿੱਲੀ ਦੇ ਤਾਜਦਾਰਾਂ ਤੋਂ ਸਿਰਫ ਪੈਸਾ ਅਤੇ ਹਥਿਆਰ ਹੀ ਪ੍ਰਾਪਤ ਨਹੀਂ ਕੀਤੇ, ਬਲਕਿ ਦਿੱਲੀ ਵਾਲਿਆਂ ਨੇ ਇਨ੍ਹਾਂ ‘‘ਸੂਰਬੀਰਾਂ’’ ਨੂੰ ਬਹਾਦਰੀ ਦੇ ਤਗਮਿਆਂ ਨਾਲ ਵੀ ਨਿਵਾਜਿਆ। ਅੱਜ ਵੀ ਇਨ੍ਹਾਂ ਦੇ ਸਾਥੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜੀ ਗਈ ਜੰਗ ਵਿੱਚ ਨਿਭਾਈ ਗਈ ਭੂਮਿਕਾ ਕਾਰਨ ਮਿਲੇ ਤਗਮਿਆਂ ਨੂੰ ਲਹਿਰਾ-ਲਹਿਰਾ ਕੇ ਆਪਣੇ ਲਈ ਪੁਲਿਸ ਸੁਰੱਖਿਆ ਦੀ ਮੰਗ ਕਰਦੇ ਅਕਸਰ ਦੇਖੇ ਜਾ ਸਕਦੇ ਹਨ।
ਪੰਜਾਬ ਦੇ ਕਾਮਰੇਡਾਂ ਨੇ ਸਿੱਖਾਂ ਦੇ ਖਿਲਾਫ ਸਿਰਫ ਹਥਿਆਰਬੰਦ ਜੰਗ ਹੀ ਨਹੀਂ ਲੜੀ, ਬਲਕਿ ਸਿਧਾਂਤਿਕ ਤੌਰ ’ਤੇ ਵੀ ਉਹ ਸਿੱਖਾਂ ਦਾ ਸ਼ਿਕਾਰ ਖੇਡ ਰਹੀ ਭਾਰਤੀ ਸਟੇਟ ਦੇ ਹਥਿਆਰਬੰਦ ਦਸਤਿਆਂ ਦਾ ਮਨੋਬਲ ਵਧਾਉਣ ਲਈ ਆਪਣੀਆਂ ਕਲਮਾਂ ਚਲਾਉਂਦੇ ਰਹੇ ਹਨ। ਪੰਜਾਬ ਦੇ ਕਾਮਰੇਡਾਂ ਦਾ ਇੱਕ ਅਖਬਾਰ ਸਿੱਖ ਖਾੜਕੂ ਲਹਿਰ ਵੇਲੇ ਪੰਜਾਬ ਦੇ ਸਾਰੇ ਪੁਲਿਸ ਥਾਣਿਆਂ ਵਿੱਚ ਵਿਸ਼ੇਸ਼ ਤੌਰ ’ਤੇ ਭੇਜਿਆ ਜਾਂਦਾ ਸੀ ਤਾਂ ਕਿ ਸਿੱਖਾਂ ਖਿਲਾਫ ਲੜ ਰਹੇ ਪੁਲਿਸ ਮੁਲਾਜਮਾਂ ਦਾ ਮਨੋਬਲ ਕਾਇਮ ਰੱਖਿਆ ਜਾ ਸਕੇ। ਬੀਬੀ ਅਰੁੰਧਿਤੀ ਰਾਏ ਦੇ ਸਮਾਗਮ ਲਈ ਚਾਈੰ-ਚਾਈੰ ਅਖਬਾਰਾਂ ਵਿੱਚ ਖਬਰਾਂ ਲਵਾਉਣ ਵਾਲੇ ਕਾਮਰੇਡ ਵੀਰ ਭੋਲੇ-ਭਾਲੇ ਵਰਕਰਾਂ ਨੂੰ ਸਿੱਖਾਂ ਦੇ ਖਿਲਾਫ ਸਿਰਫ ਭੜਕਾਉਂਦੇ ਹੀ ਨਹੀਂ ਰਹੇ, ਬਲਕਿ ਆਪ ਪਿੱਛੇ ਰਹਿ ਕੇ ਵਰਕਰਾਂ ਨੂੰ ਮਰਵਾਉਣ ਲਈ ਵੀ ਭੇਜਦੇ ਰਹੇ ਹਨ। ਸੇਵੇਵਾਲਾ ਵਿੱਚ ਜਦੋਂ ਸਿੱਖ ਖਾੜਕੂਅ੍ਯਾਂ ਨੇ ਕਾਮਰੇਡਾਂ ਦੇ ਇੱਕ ਸਮਾਗਮ ਤੇ ਕਾਰਵਾਈ ਕੀਤੀ ਤਾਂ ਉਸ ਤੋਂ ਪਹਿਲਾਂ ਇਨ੍ਹਾਂ ਖੱਬੇ-ਪੱਖੀ ਲੀਡਰਾਂ ਨੇ ਉੱਚੀ ਸੁਰ ਵਿੱਚ ਲਲਕਾਰੇ ਮਾਰੇ ਸਨ ਕਿ ‘‘ਜੇ ਕਿੱਧਰੇ ਪੀਲੇ ਗਿੱਦੜ ਲੁਕੇ ਹੋਏੇ ਹਨ ਤਾਂ ਆ ਕੇ ਰੈੱਡ ਗਾਰਡਾਂ ਦਾ ਮੁਕਾਬਲਾ ਕਰਨ’’। ਇੱਥੇ ਹੀ ਬੱਸ ਨਹੀਂ, ਪੱਡੇ ਪਿੰਡ ਵਿੱਚ ਹਿੰਦੂ ਫਾਸ਼ੀਵਾਦ ਦਾ ਮੋਹਰਾ ਬਣੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਿੱਖ ਸੂਰਬੀਰਾਂ ਦੀ ਬਰਸੀ ਮਨਾਉਣ ਲਈ ਲਾਏ ਟੈਟ ਨੂੰ ਇਨ੍ਹਾਂ ਵੀਰਾਂ ਨੇ ਪਾੜ ਦਿੱਤਾ ਸੀ ਅਤੇ ਸਮਾਗਮ ਨਾ ਹੋਣ ਦਿੱਤਾ, ਜਿਸ ਕਰਕੇ ਇਨ੍ਹਾਂ ਦਾ ਕੁੱਝ ਸੱਜਣ ਖਾੜਕੂ ਲਹਿਰ ਦਾ ਸ਼ਿਕਾਰ ਹੋ ਗਏ। ਸਿੱਖਾਂ ਦੇ ਖਿਲਾਫ ਇਨ੍ਹਾਂ ਸੱਜਣਾਂ ਨੇ ਭਾਰਤੀ ਸਟੇਟ ਦਾ ਹਿੱਸਾ ਬਣ ਕੇ ਲੜਾਈ ਲੜੀ ਹੈ ਪਰ ਅੱਜ ਉਹ ਹੀ ਆਪਣੀ ਬੁਰਛਾਗਰਦੀ ਪਹੁੰਚ ਨੂੰ ਕੋਈ ਮੰਚ ਪ੍ਰਦਾਨ ਕਰਨ ਲਈ ਇਨ੍ਹਾਂ ਵੀਰਾਂ ਨੇ ਜਲੰਧਰ ਦੇ ਹਿੰਦੂ ਮਹਾਸ਼ਾ ਪਹਿਵਾਰ ਦੇ ਮੀਡੀਆ ਦਾ ਸਹਾਰਾ ਲਿਆ। ਕਿੰਨੇ ਸਿਤਮ ਦੀ ਗੱਲ ਹੈ ਕਿ ਆਪਣੇ ਆਪ ਨੂੰ ਇਨਕਲਾਬੀ ਕਹਾਉਣ ਵਾਲਿਆਂ ਦੇ ਵਿਚਾਰ ਫਿਰਕੂ ਹਿੰਦੂਆਂ ਦੇ ਪਹਿਰੇਦਾਰਾਂ ਨਾਲ ਇੱਕ-ਮਿੱਕ ਹੋ ਗਏ ਸਨ।
ਅੱਜ ਜਿਹੜੇ ਸੱਜਣ ਬੀਬੀ ਅਰੁੰਧਿਤੀ ਰਾਏ ਦੇ ਵਿਚਾਰ ਸੁਣ ਕੇ ਤਾੜੀਆਂ ਮਾਰ ਰਹੇ ਹਨ, ਉਨ੍ਹਾਂ ਨੂੰ 28 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੇ ਮੂੰਹੋਂ ਉਚਰੇ ਬਿਲਕੁਲ ਅਜਿਹੇ ਹੀ ਵਿਚਾਰਾਂ ਤੋਂ ਸਿਰਫ਼ ਭੈਅ ਹੀ ਨਹੀਂ ਸੀ ਆਉਂਦਾ, ਬਲਕਿ ਉਹ ਇਨ੍ਹਾਂ ਵਿਚਾਰਾਂ ਨਾਲ ਘੋਰ ਨਫਰਤ ਕਰਦੇ ਸਨ। ਅੱਜ ਫਰਕ ਸਿਰਫ ਏਨਾ ਹੈ ਕਿ ਬੀਬੀ ਅਰੁੰਧਿਤੀ ਰਾਏ ਲਾਲ ਸਲਾਮ ਨਾਲ ਆਪਣਾ ਭਾਸ਼ਣ ਸ਼ੁਰੂ ਕਰਦੀ ਹੈ, ਜਦੋਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾਈ ਬੋਲੇ ਨਾਲ ਆਪਣਾ ਭਾਸ਼ਣ ਆਰੰਭ ਕਰਦੇ ਸਨ।
ਜਿਸ ਕਿਸਮ ਦੀ ਵਿਚਾਰਧਾਰਾ ਬੀਬੀ ਅਰੁੰਧਿਤੀ ਰਾਏ ਲੈ ਕੇ ਆ ਰਹੀ ਹੈ , ਉਸ ਪਵਿੱਤਰ ਵਿਚਾਰਧਾਰਾ ਦੇ ਅੰਗ-ਸੰਗ ਰਹਿੰਦਿਆਂ ਸੰਘਰਸ਼ ਕਰਨ ਲਈ ਵੱਡੇ ਆਤਮਿਕ ਬਲ ਦੀ ਜ਼ਰੂਰਤ ਹੈ। ਇਹ ਆਤਮਿਕ ਬਲ ਤੁਹਾਡੇ ਪਿਛਲੇ 30 ਸਾਲਾਂ ਦੌਰਾਨ ਭਾਰਤੀ ਸਟੇਟ ਦੇ ਹਥਿਆਰਾਂ ਦੇ ਦਸਤੇ ਬਣ ਕੇ ਆਪਣਾ ਜੀਵਨ ਬਤੀਤ ਕੀਤਾ ਹੈ। ਉਨ੍ਹਾਂ ਤੋਂ ਕਿਸੇ ਇਨਕਲਾਬ ਦੀ ਆਸ ਕਰਨੀ ਬੇਮਾਇਨਾ ਹੈ। ਨਾਲੇ ਕਾਮਰੇਡ ਗੰਧਰਵ ਜਿਸ ਨੇ ਆਪਣੇ ਜੀਵਨ ਦਾ ਇੱਕ ਇੱਕ ਪਲ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਅਰਪਣ ਕੀਤਾ ਹੈ, ਉਸ ਤੋਂ ਇਹ ਆਸ ਕਰਨੀ ਕਿ ਹੁਣ ਉਮਰ ਦੇ ਆਖਰੀ ਵਰ੍ਹੇ ਉਹ ਉਸ ਭਾਰਚੀ ਸਟੇਟ ਦੇ ਖਿਲਾਫ ਮੈਦਾਨੇ ਜੰਗ ਵਿੱਚ ਜੂਝ ਮਰੇਗਾ, ਆਪਣੇ ਆਪ ਨੂੰ ਭੁਲੇਖਾ ਦੇਣ ਵਾਲੀ ਗੱਲ ਹੈ।
ਪੰਜਾਬ ਵਿੱਚ ਸਿੱਖ ਖਾੜਕੂ ਲਹਿਰ ਦੇ ਖਿਲਾਫ ਅੱਗ ਉਗਲਣ ਵਾਲਿਆਂ ਨੂੰ ਛੱਤੀਸਗੜ੍ਹ ਦੀ ਜੇਲ੍ਹ ਵਿੱਚ ਬੰਦ ਇੱਕ ਸੀਨੀਅਰ ਨਕਸਲੀ ਆਗੂ ਦੀ ਹੁਣੇ ਜਿਹੇ ਜੇਲ੍ਹ ਵਿੱਚੋਂ ਲਿਖੀ ਚਿੱਠੀ ਪੜ੍ਹ ਲੈਣੀ ਚਾਹੀਦੀ ਹੈ, ਜਿਸ ਵਿੱਚ ਉਸ ਨੇ ਮੰਨਿਆ ਹੈ ਕਿ ਨਕਸਲੀ ਲਹਿਰ ਵੱਡੇ ਅੰਦਰੂਨੀ ਵਿਗਾੜਾਂ ਦਾ ਸ਼ਿਕਾਰ ਹੋ ਰਹੀ ਹੈ। ਉਸ ਨੇ ਲਿਖਿਆ ਹੈ ਕਿ ਨਕਸਲੀ ਵਰਕਰ ਆਪਣੇ ਨਿੱਜੀ ਕੰਮਾਂ ਲਈ ਹਥਿਆਰਾਂ ਦੀ ਵਰਤੋਂ ਕਰਨ ਲੱਗ ਪਏ ਹਨ। ਆਪਣੇ ਨਿੱਜੀ ਕੰਮਾਂ ਲਈ ਡਾਕੇ ਮਾਰ ਰਹੇ ਹਨ। ਔਰਤਾਂ ਦਾ ਸਾਥ ਮਾਨਣ ਲੱਗ ਪਏ ਹਨ ਅਤੇ ਜਦੋਂ ਉਨ੍ਹਾਂ ਨੂੰ ਅਨੁਸ਼ਾਸ਼ਨਬੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਹ ਆਪਣਾ ਵੱਖਰਾ ਗਰੁੱਪ ਬਣਾ ਲੈਂਦੇ ਹਨ।
ਨਕਸਲੀ ਲਹਿਰ ਲਈ ਇਹ ਲੱਛਣ ਕੋਈ ਸ਼ੁੱਭ ਸ਼ਗਨ ਨਹੀਂ ਹਨ ਕਿਉਂਕਿ ਅਜਿਹੇ ਵਿਗਾੜ ਹਮੇਸ਼ਾਂ ਹੀ ਲਹਿਰ ਨੂੰ ਨਿਸ਼ਾਨੇ ਤੋਂ ਭਟਕਾ ਦਿੰਦੇ ਹਨ। ਖਾੜਕੂ ਸਿੱਖ ਲਹਿਰ ਵਿੱਚ ਵੀ ਅਜਿਹੇ ਵਿਗਾੜ ਪੈਦਾ ਹੋ ਗਏ ਸਨ। ਇਹ ਲਹਿਰ ਦੀ ਆਪਣੇ ਸਿਧਾਂਤ ਤੋਂ ਟੁੱਟ ਜਾਣ ਦੀ ਨਿਸ਼ਾਨੀ ਹੁੰਦੀ ਹੈ। ਸਿੱਖ ਲਹਿਰ ਦਾ ਹਿੱਸਾ ਹੋਣ ਦੇ ਨਾਤੇ ਅਸੀਂ ਪੰਜਾਬ ਦੇ ਕਾਮਰੇਡਾਂ ਵਾਂਗ ਨਕਸਲੀ ਲਹਿਰ ਦੇ ਇਨ੍ਹਾਂ ਅੰਦਰੂਨੀ ਵਿਗਾੜਾਂ ’ਤੇ ਚਾਂਭਰਾਂ ਨਹੀਂ ਪਾਉਣ ਲੱਗੇ, ਬਲਕਿ ਇੱਕ ਸੱਚੇ ਸੰਘਰਸ਼ਸੀਲ ਵਾਂਗ ਸਾਨੂੰ ਇਨ੍ਹਾਂ ਵਿਗਾੜਾਂ ਦਾ ਦੁੱਖ ਹੈ। ਅਸੀਂ ਚਾਹੁੰਦੇ ਹਾਂ ਕਿ ਕਿਰਤੀ ਲੋਕਾਂ ਦਾ ਸੰਘਰਸ਼ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਅਤੇ ਕਿਸੇ ਵੀ ਝੰਡੇ ਥੱਲੇ ਲੜਿਆ ਜਾਵੇ, ਉਹ ਆਪਣੀ ਮੰਜ਼ਿਲ ਦੀ ਪ੍ਰਾਪਤੀ ਤੱਕ ਤੋੜ ਨਿਭੇ। ਪੰਜਾਬ ਦੇ ਕਾਮਰੇਡਾਂ ਵਾਂਗ ਅਸੀਂ ਅਸੀਂ ਵਕਤ ਦੀਆਂ ਸਰਕਾਰਾਂ ਨਾਲ ਯਾਰੀ ਪਾ ਕੇ ‘ਸਲਵਾ ਜੁਡਮ’ ਬਨਣ ਦੀ ਮਾੜੀ ਸੋਚ ਨਹੀਂ ਰੱਖਦੇ।