ਪਾਠਕਾਂ ਨੂੰ ਯਾਦ ਹੋਵੇਗਾ ਕਿ ਅਕਤੂਬਰ, 1997 ਵਿੱਚ, ਇੰਗਲੈਂਡ ਦੀ ਰਾਣੀ ਐਲਿਜ਼ਾਬੈਥ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਖਾਹਿਸ਼ ਜ਼ਾਹਰ ਕੀਤੀ ਤਾਂ ਉਸ ਵੇਲੇ ਦੀ ਆਈ. ਕੇ. ਗੁਜਰਾਲ (ਅਖੌਤੀ ਸਿੱਖ ਦੋਸਤ) ਦੀ ਸਰਕਾਰ ਨੇ ਰਾਣੀ ਨੂੰ ਜਵਾਬੀ ਤਜ਼ਵੀਜ ਦਿੱਤੀ ਕਿ ਜੇ ਉਸ ਨੇ ਹਰਿਮੰਦਰ ਸਾਹਿਬ ਆਉਣਾ ਹੈ ਤਾਂ ਉਹ ਦੁਰਗਿਆਣਾ ਮੰਦਰ ਵੀ ਜਾਏ, ਜਿਸ ਨੂੰ ਰਾਣੀ ਨੇ ਨਹੀਂ ਮੰਨਿਆ। ਫੇਰ ਚਰਚਾ ਛੇੜ ਦਿੱਤੀ ਗਈ ਕਿ ਉਹ ਜਲ੍ਹਿਆਂਵਾਲਾ ਬਾਗ ਜਾ ਕੇ, 1919 ਦੇ ਗੋਲੀ-ਕਾਂਡ ਲਈ ਮਾਫੀ ਮੰਗੇ। ਗੱਲ ਇਥੇ ਹੀ ਨਹੀਂ ਰੁਕੀ, ਏਜੰਸੀਆਂ ਨੇ ਆਪਣੇ ਧਾਰਮਿਕ ਘੁਸਪੈਠੀਆਂ ਰਾਹੀਂ ਇਹ ਚਰਚਾ ਸ਼ੁਰੂ ਕਰਵਾ ਦਿੱਤੀ ਕਿ ਉਹ ਪੈਰੀਂ ਜੁਰਾਬਾਂ ਨਹੀਂ ਪਾ ਸਕਦੀ ਅਤੇ ਨਾ ਹੀ ਸਿਰ 'ਤੇ ਹੈਟ ਰੱਖ ਸਕਦੀ ਹੈ। ਇਸ ਗੱਲ ਦਾ ਕਰੈਡਿਟ, ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਟੌਹੜਾ ਨੂੰ ਜਾਂਦਾ ਹੈ ਕਿ ਉਸ ਨੇ ਇਨ੍ਹਾਂ ਚਾਲਾਂ ਤੋਂ ਖਬਰਦਾਰ ਹੁੰਦਿਆਂ, ਰਾਣੀ ਐਲਿਜ਼ਾਬੈਥ ਨੂੰ ਉਸ ਦੇ ਸ਼ਾਹੀ ਲਿਬਾਸ (ਹੈਟ ਅਤੇ ਜੁਰਾਬਾਂ ਆਦਿਕ) ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਕੀਤਾ।


ਕਸ਼ਮੀਰ ਵਿੱਚ ਸਿੱਖਾਂ ਨੂੰ 'ਗੁੰਮਨਾਮ ਚਿੱਠੀਆਂ' ਰਾਹੀਂ ਮਿਲਣ ਵਾਲੀਆਂ ਕਸ਼ਮੀਰ ਵਾਦੀ ਛੱਡ ਜਾਣ ਦੀਆਂ ਧਮਕੀਆਂ ਨੂੰ ਵੀ ਭਾਰਤੀ ਖੁਫੀਆ ਏਜੰਸੀਆਂ ਦੀਆਂ ਕਾਰਵਾਈਆਂ ਦੇ ਹਵਾਲੇ ਨਾਲ ਹੀ ਦੇਖਿਆ ਜਾ ਰਿਹਾ ਸੀ ਤਾਂ ਕਿ ਪ੍ਰਧਾਨ ਓਬਾਮਾ ਦੇ ਦੌਰੇ ਮੌਕੇ, ਚਿੱਠੀ ਸਿੰਘਪੁਰਾ (ਜਦੋਂਕਿ 20 ਮਾਰਚ, 2000 ਨੂੰ ਪ੍ਰਧਾਨ ਕਲਿੰਟਨ ਦੀ ਭਾਰਤ ਫੇਰੀ ਮੌਕੇ 35 ਸਿੱਖਾਂ ਦਾ ਖੂਨ ਕੀਤਾ ਗਿਆ ਸੀ) ਵਰਗਾ ਕੋਈ ਕਾਂਡ ਦੋਹਰਾਉਣਾ ਸੌਖਾ ਹੋ ਜਾਵੇ। ਪੰਜਾਬ ਵਿੱਚ ਕੋਈ ਹਿੰਸਕ ਕਾਰਵਾਈ ਕਰਵਾ ਕੇ ਇਸ ਨੂੰ 'ਸਿੱਖ ਖਾੜਕੂਆਂ' ਦੇ ਖਾਤੇ ਵਿੱਚ ਪਾਉਣ ਦਾ ਅੰਦੇਸ਼ਾ ਵੀ ਸੀ ਤਾਂਕਿ ਅਮਰੀਕਾ ਵਿਚਲੇ ਖਾਲਿਸਤਾਨੀਆਂ ਦੀ 'ਢਿੰਬਰੀ ਟਾਈਟ' ਕਰਨ ਦਾ ਰਾਹ ਖੁੱਲ੍ਹ ਜਾਵੇ। ਅਜੇ ਵੀ ਇਹ ਉਪਰੋਕਤ ਖਤਰੇ ਕਾਇਮ ਹਨ, ਪਰ ਭਾਰਤੀ ਏਜੰਸੀਆਂ ਨੇ ਪਹਿਲਾਂ ਪ੍ਰਧਾਨ ਓਬਾਮਾ ਦੀ ਅੰਮ੍ਰਿਤਸਰ ਫੇਰੀ ਰੱਦ ਕਰਵਾਉਣ ਵੱਲ ਕਦਮ ਚੁੱਕੇ ਹਨ।
ਭਾਰਤੀ ਏਜੰਸੀਆਂ ਨੇ ਓਬਾਮਾ ਦੀ ਦਰਬਾਰ ਸਾਹਿਬ ਫੇਰੀ ਰੱਦ ਕਰਵਾਉਣ ਲਈ, ਜਿਸ 'ਇਸ਼ੂ' ਨੂੰ ਉਭਾਰਿਆ ਹੈ, ਹੈਰਤ ਸਿਰਫ ਇਹ ਨਹੀਂ ਕਿ ਉਹ ਨਾਨ-ਇਸ਼ੂ ਹੈ ਪਰ ਸਿਤਮਜ਼ਰੀਫੀ ਇਹ ਹੈ ਕਿ ਜਿਹੜੀ ਸਿੱਖ ਧਰਮ ਦੀ, ਬਾਕੀ ਧਰਮਾਂ ਦੇ ਮੁਕਾਬਲੇ ਬੁਲੰਦੀ ਹੈ, ਸਭ ਦਾ ਸਵਾਗਤ (ਓਪਨਨੈਸ), ਉਸ ਨੂੰ ਬਿਲਕੁਲ ਉਲਟ ਰੰਗਤ ਵਿੱਚ ਪੇਸ਼ ਕਰਕੇ, 'ਕੱਟੜਤਾ' ਦੇ ਖਾਤੇ ਵਿੱਚ ਪਾ ਦਿੱਤਾ ਗਿਆ ਹੈ। ਨਾ ਤਾਂ ਮੁਸਲਮਾਨਾਂ ਦੇ ਮੱਕੇ ਵਿੱਚ ਕੋਈ ਗੈਰ-ਮੁਸਲਿਮ ਜਾ ਸਕਦਾ ਹੈ ਅਤੇ ਨਾ ਹੀ ਹਿੰਦੂਆਂ ਦੇ ਪ੍ਰਮੁਖੀ ਤ੍ਰਿਪੁਤੀ ਵਰਗੇ ਮੰਦਰਾਂ ਵਿੱਚ ਕਿਸੇ ਈਸਾਈ, ਮੁਸਲਮਾਨ ਆਦਿ ਨੂੰ ਜਾਣ ਦੀ ਆਗਿਆ ਹੈ, ਨਾ ਹੀ ਈਸਾਈ ਗਿਰਜਿਆਂ (ਖਾਸ ਕਰਕੇ ਰੋਮਨ ਕੈਥੋਲਿਕ) ਵਿੱਚ ਕੋਈ ਗੈਰ-ਈਸਾਈ 'ਪਵਿੱਤਰ ਬਰੈੱਡ' ਦਾ ਪ੍ਰਸ਼ਾਦਿ ਲੈਣ ਦਾ ਅਧਿਕਾਰੀ ਹੈ ਪਰ ਸਿੱਖ ਗੁਰਦੁਆਰੇ (ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ) ਹਰ ਧਰਮ, ਨਸਲ, ਜਾਤ, ਰੰਗ, ਲਿੰਗ ਦੇ ਲੋਕਾਂ ਲਈ ਖੁੱਲ੍ਹੇ ਹਨ। ਪ੍ਰਸ਼ਾਦਿ ਅਤੇ ਲੰਗਰ ਲੈਣ ਦਾ ਹਰ ਕੋਈ ਅਧਿਕਾਰੀ ਹੈ। ਮੀਡੀਏ ਵਿੱਚ ਚਰਚਾ ਛੇੜ ਦਿੱਤੀ ਗਈ ਹੈ ਕਿ ਪ੍ਰਧਾਨ ਓਬਾਮਾ ਵਲੋਂ 'ਸਿਰ ਢੱਕਣ' ਦੇ ਤਰੀਕੇ ਵਿੱਚ ਪੈਦਾ ਹੋਏ 'ਵਿਵਾਦ' ਕਰਕੇ, ਪ੍ਰਧਾਨ ਓਬਾਮਾ ਦੀ ਅੰਮ੍ਰਿਤਸਰ ਫੇਰੀ ਰੱਦ ਕੀਤੀ ਜਾ ਸਕਦੀ ਹੈ।

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰਿਚੀਅਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ 'ਨਿੱਜੀ ਯਾਤਰਾ' ਦੇ ਖਾਤੇ ਵਿੱਚ ਪਾ ਕੇ, ਪ੍ਰਧਾਨ ਮੰਤਰੀ ਨੂੰ ਸਰਕਾਰੀ ਪ੍ਰੋਟੋਕੋਲ ਤੋਂ ਵਾਂਝਿਆਂ ਰੱਖਿਆ ਗਿਆ। ਇਹ ਵੀ ਇਸ ਲਈ ਕੀਤਾ ਗਿਆ, ਕਿਉਂਕਿ ਪ੍ਰਧਾਨ ਮੰਤਰੀ ਕ੍ਰਿਚੀਅਨ ਨੇ, ਭਾਰਤ ਸਰਕਾਰ ਦੇ ਦੁਰਗਿਆਣਾ ਮੰਦਰ ਜਾਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
ਸਾਡਾ ਅੰਦੇਸ਼ਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਲਾਇਕ, ਬਾਦਲ -ਲਿਫਾਫਾ ਪ੍ਰਧਾਨ ਅਵਤਾਰ ਸਿੰਘ ਮੱਕੜ, ਉਸ ਦੇ ਚਾਪਲੂਸ ਸਕੱਤਰ ਦਿਲਮੇਘ ਸਿੰਘ, ਰਜਿੰਦਰ ਮਹਿਤੇ ਵਰਗੇ 'ਅਨਪੜ੍ਹ ਪਿੱਠੂਆਂ' ਅਤੇ ਇਨ੍ਹਾਂ ਦੇ ਜੁੰਡਲੀ ਦੇ ਯਾਰਾਂ ਨੂੰ, ਭਾਰਤੀ ਏਜੰਸੀਆਂ ਨੇ ਆਪਣੇ ਮਕਸਦ ਲਈ ਵਰਤ ਲਿਆ ਹੈ। ਕਿਤੇ ਨਾ ਕਿਤੇ ਇਨ੍ਹਾਂ ਰਾਹੀਂ, ਅਮਰੀਕਨ ਅਧਿਕਾਰੀਆਂ ਦੇ ਮਨਾਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਗਿਆ, ਜਿਸ ਕਰਕੇ ਅੰਮ੍ਰਿਤਸਰ ਦੌਰੇ ਨੂੰ ਰੱਦ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਪ੍ਰਧਾਨ ਮੱਕੜ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਹੁਣ ਲੱਖ ਖੁੱਲ੍ਹਦਿਲੀ ਵਾਲੀਆਂ ਬਿਆਨਬਾਜ਼ੀਆਂ ਕਰਦੇ ਫਿਰਨ (ਹੁਣ ਉਹ ਕਹਿ ਰਹੇ ਹਨ ਕਿ ਪ੍ਰਧਾਨ ਓਬਾਮਾ ਹੈਟ ਪਾ ਕੇ ਆ ਜਾਵੇ, ਭਾਵੇਂ ਗੌਲਫ ਟੋਪੀ ਪਾ ਲਵੇ, ਭਾਵੇਂ ਬੇਸਬਾਲ ਟੋਪੀ ਪਾ ਲਏ ਸਭ ਮਨਜ਼ਰੂਰ ਹੈ) ਪਰ ਇਉਂ ਜਾਪਦਾ ਹੈ ਕਿ ਇਨ੍ਹਾਂ ਨੇ ਸਥਿਤੀ ਨੂੰ ਠੀਕ ਤਰ੍ਹਾਂ ਸਮਝਿਆ ਅਤੇ ਸੰਭਾਲਿਆ ਨਹੀਂ ਹੈ (ਮਿਸਹੈਂਡਲ ਕੀਤਾ ਹੈ)। ਜੇ ਪ੍ਰਧਾਨ ਓਬਾਮਾ ਦੀ ਅੰਮ੍ਰਿਤਸਰ ਫੇਰੀ ਰੱਦ ਹੁੰਦੀ ਹੈ (ਜਿਸ ਦੀਆਂ ਕਾਫੀ ਸੰਭਾਵਨਾਵਾਂ ਮੌਜੂਦ ਹਨ) ਤਾਂ ਇਸ ਨੂੰ ਜਿਥੇ ਭਾਰਤੀ ਏਜੰਸੀਆਂ ਦੀ ਕਾਰਸਤਾਨੀ ਸਮਝਿਆ ਜਾਵੇ, ਉਥੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਨਾ-ਅਹਿਲ ਲੀਡਰਸ਼ਿਪ ਨੂੰ ਵੀ ਇਸ ਲਈ ਦੋਸ਼ੀ ਐਲਾਨਿਆ ਜਾਵੇ। ਅਕਾਲੀ ਲੀਡਰਸ਼ਿਪ ਲਈ ਹੀ ਸ਼ਾਇਦ ਸ਼ਾਇਰ ਨੇ ਇਹ ਅਗਾਊਂ ਹੀ ਕਹਿ ਦਿੱਤਾ ਸੀ –
ਹਰ ਸ਼ਾਖ ਪੇ ਉੱਲੂ ਬੈਠਾ ਹੈ,
ਅੰਜ਼ਾਮੇ ਗੁਲਿਸਤਾਂ ਕਿਆ ਹੋਗਾ।
ਬਰਬਾਦ ਗੁਲਿਸਤਾਂ ਕਰਨੇ ਕੋ,
ਜਬ ਏਕ ਹੀ ਉੱਲੂ ਕਾਫੀ ਹੈ।
-ਡਾ. ਅਮਰਜੀਤ ਸਿੰਘ