ਸਿੱਖਾਂ ਤੋਂ ਉਨ੍ਹਾਂ ਦੇ ‘ਮਾਰਸ਼ਲ ਕੌਮ’ ਹੋਣ ਦਾ ਰੁਤਬਾ ਖੋਹਣ ਦੀ ਕੋਸ਼ਿਸ ਨੇ ਕੌਮ ਦੀ ਜ਼ਮੀਰ ਦੇ ਮੂੰਹ ਤੇ ਥੱਪੜ ਮਾਰਿਆ ਹੈ, ਪ੍ਰੰਤੂ ਜੇ ਜ਼ਮੀਰ ਤੇ ਵੱਜੇ ਥੱਪੜ ਨੇ ਵੀ ਕੌਮ ਦੀ ਜ਼ਮੀਰ ਨੂੰ ਜਗਾਇਆ ਜਾਂ ਟੁੰਬਿਆ ਨਹੀਂ ਤਾਂ ਫ਼ਿਰ ਸਿੱਖਾਂ ਤੋਂ ‘ਮਾਰਸ਼ਲ ਕੌਮ’ ਦਾ ਖਿਤਾਬ ਖੋਹਣ ਵਾਲਿਆਂ ਦੇ ਕਦਮ ਨੂੰ ਸਹੀ ਹੀ ਆਖਿਆ ਜਾਵੇਗਾ। ਟੀ. ਵੀ. ਚੈਨਲਾਂ, ਹਿੰਦੀ-ਫਿਲਮਾਂ, ਮੋਬਾਇਲ ਸੁਨੇਹਿਆਂ, ਇੰਟਰਨੈਟ ਤੋਂ ਇਲਾਵਾ ਸਿੱਖਾਂ ਦੇ ਇਤਿਹਾਸ ਨੂੰ ਹੀ ਤਰੋੜ-ਮਰੋੜ ਕੇ ਸਿੱਖ ਵਿਰੋਧੀ ਸ਼ਕਤੀਆਂ ਸਿੱਖੀ ਦਾ ਮਜ਼ਾਕ ਉਡਾਉਣ ਲੱਗੀਆਂ ਹੋਈਆਂ ਹਨ, ਪ੍ਰੰਤੂ ਸਿੱਖਾਂ ਨੇ ਸਿਵਾਏ ਕਦੇ-ਕਦਾਈ ਦੇ ਮਾੜੇ-ਮੋਟੇ ਵਿਰੋਧ ਦੇ ਇਸ ਨਾਪਾਕ ਸਾਜ਼ਿਸ ਵਿਰੁੱਧ ਸਾਂਝੇ ਰੂਪ ’ਚ ਯੋਜਨਾਬੱਧ ਢੰਗ ਤਰੀਕੇ ਨਾਲ, ਵਿਰੋਧ ਨਹੀਂ ਕੀਤਾ। ਜਿਸ ਕਾਰਨ ਸਿੱਖ ਵਿਰੋਧੀ ਸ਼ਕਤੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਆਪਣੇ ਮਨ ਦੀ ਖੁਸ਼ੀ ਲਈ ਸਿੱਖਾਂ ਨੂੰ ਜਖ਼ਮ ਦੇਣ ਅਤੇ ਪਹਿਲਾਂ ਲੱਗੇ ਜਖ਼ਮਾਂ ਤੇ ਲੂਣ ਛਿੜਕਣਾ ਨਿਰੰਤਰ ਜਾਰੀ ਰੱਖ ਰਹੀਆਂ ਹਨ। ਅੱਜ ਮੰਨੂਵਾਦ ਦੇ ਹਮਲੇ ਸਿੱਖ ਕੌਮ ਤੇ ਬਾਹਰੋਂ ਅਤੇ ਸਾਡੇ ਆਪਣਿਆਂ ਵੱਲੋਂ ਲਗਾਤਾਰ ਅਤੇ ਭਿਆਨਕ ਰੂਪ ’ਚ ਜਾਰੀ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਪਦਾਰਥਵਾਦ ਜਾਂ ਨਿਰਾਸ਼ਾ ਦੀ ਡੂੰਘੀ ਨੀਂਦ ਬੇਹੋਸ਼ੀ ਵਾਲੀ ਹਾਲਤ ’ਚ ਸੁੱਤੇ ਪਏ ਹਨ, ਜਦੋਂ ਕਿ ਇਨ੍ਹਾਂ ਹਮਲਿਆਂ ਨੂੰ ਪਛਾਣਨ ਦੀ ਅਤੇ ਸਿਆਸੀ ਤੇ ਧਾਰਮਿਕ ਫਰੰਟ ਤੇ ਇਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ, ਪਰ ਅਸੀਂ ਹਾਲੇਂ ਵੀ ਉਨ੍ਹਾਂ ਲੀਡਰਾਂ ਦੀ ਬੁੱਕਲ ’ਚੋਂ ਬਾਹਰ ਆਉਣ ਲਈ ਤਿਆਰ ਨਹੀਂ, ਜਿਹੜੇ ਆਪਣੇ ਸਿੱਖੀ ਦਰਦ ਦਾ ਝੂਠਾ ਨਕਾਬ ਪਾ ਕੇ ਸਿੱਖਾਂ ਨੂੰ ਇਹ ਭਰੋਸਾ ਦੇਈ ਬੈਠੇ ਹਨ ਕਿ ਉਹ ਪੰਥ ਦੇ ਠੇਕੇਦਾਰ ਹਨ, ਪ੍ਰੰਤੂ ਦੂਜੇ ਪਾਸੇ ਸਿੱਖ ਵਿਰੋਧੀ ਸ਼ਕਤੀਆਂ ਨਾਲ ਹੱਥ ਮਿਲਾਈ ਬੈਠੇ ਹਨ ਅਤੇ ਸਿੱਖਾਂ ਨੂੰ ਨੰਗੇ ਧੜ ਮੈਦਾਨ ’ਚ ਸੁੱਟ ਕੇ, ਉਨ੍ਹਾਂ ਦੀ ਚਮੜੀ ਲੁਹਾ ਰਹੇ ਹਨ। ਕਸ਼ਮੀਰ ’ਚ ਕੁਝ ਦਿਨ ਪਹਿਲਾਂ ਸਿੱਖਾਂ ਦੇ ਕੇਸ ਕਤਲ ਹੋਏ ਹਨ ਅਤੇ ਫ਼ਿਰ ਇਕ ਮੁਲਮਾਨ ਭਾਈਚਾਰੇ ਦਾ ਜੱਜ, ਇੱਕ ਟੀ. ਵੀ. ਚੈਨਲ ਤੇ ਸਿੱਖਾਂ ਦੀ ਮਾਰਸ਼ਲ ਖੇਡ ‘ਗੱਤਕੇ’ ਵਿਰੁੱਧ ਸ਼ਰੇਆਮ ਟਿੱਪਣੀ ਕਰਕੇ, ਸਿੱਖਾਂ ਦੇ ਮਾਰਸ਼ਲ ਕੌਮ ਹੋਣ ਤੇ ਟੇਢੇ ਢੰਗ ਨਾਲ ਵਿਅੰਗ ਪੂਰਨ ਸੁਆਲ ਖੜ੍ਹਾ ਕਰਦਾ ਹੈ। ਆਖ਼ਰ! ਇਹ ਸਾਰਾ ਕੁਝ ਕਿਸ ਸਾਜ਼ਿਸ ਦਾ ਹਿੱਸਾ ਹੈ? ਸਿੱਖਾਂ ਦੇ ਕਕਾਰਾਂ ਤੇ ਪਹਿਰਾਵੇ ਤੇ, ਖੇਡਾਂ ਤੇ, ਵਤੀਰੇ ਤੇ ਅਤੇ ਇੱਥੋਂ ਤੱਕ ਕਿ ਹੋਂਦ ਤੇ ਵਾਰ ਵਾਰ ਸੁਆਲ ਕਿਉਂ ਉੱਠਦੇ ਹਨ? ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਕਿਉਂ ਬਣਾਇਆ ਜਾਂਦਾ ਹੈ। ਸਾਰੇ ਸੁਆਲਾਂ ਦਾ ਇੱਕੋ ਇਕ ਜਵਾਬ, ਸਿੱਖਾਂ ’ਚੋਂ ਸਿੱਖੀ ਭਾਵਨਾ ਤੇ ਜ਼ਮੀਰ ਨੂੰ ਖ਼ਤਮ ਕਰਨਾ ਹੈ ਅਤੇ ਬਿਨਾਂ ਸ਼ੱਕ ਸਿੱਖ ਵਿਰੋਧੀ ਸ਼ਕਤੀਆਂ ਆਪਣੀ ਇਸ ਕਾਲੀ ਖੇਡ ’ਚ ਸਫ਼ਲ ਹੋ ਰਹੀਆਂ ਹਨ ਅਤੇ ਜ਼ਮੀਰ ਤੇ ਥੱਪੜ ਵੱਜਣ ਦੇ ਬਾਵਜੂਦ ਸਿੱਖ ਗਫ਼ਲਤ ਦੀ ਨੀਂਦ ਛੱਡਣ ਲਈ ਤਿਆਰ ਨਹੀਂ ਹਨ। ਜਦੋਂ ਤੱਕ ਕੌਮ ਅਜਿਹੀਆਂ ਕੋਝੀਆਂ ਕਰਤੂਤਾਂ ਦਾ ਢੁੱਕਵਾਂ ਤੇ ਮੂੰਹ-ਤੋੜ ਜਵਾਬ ਨਹੀਂ ਦਿੰਦੀ, ਉਦੋਂ ਤੱਕ ਇਹ ਕਰਤੂਤਾਂ ਜਾਰੀ ਰਹਿਣਗੀਆਂ। ਕੌਮ ਦੀ ਸਮੱਸਿਆ ਇਹ ਹੈ ਕਿ ਪਦਾਰਥਵਾਦ, ਚੌਧਰ ਤੇ ਨਿੱਜੀ ਸੁਆਰਥ ਦੀ ਅੰਨੀ ਦੌੜ ਨੇ ਕੌਮ ਦੇ ਕੌਮੀ ਚਰਿੱਤਰ ਨੂੰ ਖੋਰਾ ਲਾ ਦਿੱਤਾ ਹੈ। ਇਸ ਲਈ ਸਿਵਾਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਜਾਂ ਆਪਣੇ ਸੁਆਰਥ ਲਈ ਸਿੱਖ ਵਿਰੋਧੀ ਸ਼ਕਤੀਆਂ ਦੇ ਹੱਥਾਂ ’ਚ ਖੇਡਣ ਤੋਂ ਸਾਡੇ ਆਗੂ ਹੋਰ ਕੁਝ ਨਹੀਂ ਕਰ ਸਕਦੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਦੋ-ਚਾਰ ਲਾਈਨਾਂ ਦੇ ਬਿਆਨ ਤੋਂ ਅੱਗੇ ਕੁਝ ਨਹੀਂ ਕਰ ਸਕਦੇ, ਇਹੋ ਕਾਰਨ ਹੈ ਕਿ ਅਜਿਹੀਆਂ ਕਰਤੂਤਾਂ ਦਾ ਵਿਰੋਧ ਹੁਣ ਸਿਰਫ਼ ਅਖ਼ਬਾਰੀ ਸੁਰਖੀਆਂ ਤੱਕ ਸੀਮਤ ਰਹਿੰਦਾ ਹੈ, ਜਿਸਦਾ ਵਿਰੋਧੀ ਸ਼ਕਤੀਆਂ ਤੇ ਭੋਰਾ-ਭਰ ਅਸਰ ਨਹੀਂ ਹੁੰਦਾ। ‘ਖੈਰ!’ ਕੌਮ ਨੂੰ ਹੁਣ ਜਿੱਥੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਕੌਮ ਦੇ ਸਵੈਮਾਣ ਨੂੰ ਰੋਲਣ ਦੀਆਂ ਕਾਲੀਆਂ ਕਰਤੂਤਾਂ ਵਿਰੁੱਧ ਜਾਗਣਾ ਹੋਵੇਗਾ, ਉਥੇ ਸਿੱਖਾਂ ਤੇ ਮੁਸਲਮਾਨਾਂ ’ਚ ਟਕਰਾਅ ਪੈਦਾ ਕਰਨ ਦੀਆਂ ਚਾਲਾਂ ਦਾ ਪਰਦਾਫਾਸ ਕਰਨ ਲਈ ਇਸ ਸਾਜ਼ਿਸ ਦੀ ਗਹਿਰਾਈ ਤੱਕ ਜਾਂਚ ਕਰਨ ਅਤੇ ਇਸ ਕਾਲੀ ਖ਼ਤਰਨਾਕ ਖੇਡ ਨੂੰ ਬੇਨਕਾਬ ਕਰਨ ਦੀ ਲੋੜ ਹੈ।
ਜਸਪਾਲ ਸਿੰਘ ਹੇਰਾਂ
ਮੁੱਖ ਸੰਪਾਦਕ, ਰੋਜ਼ਾਨਾ ‘ਪਹਿਰੇਦਾਰ’
ਮੁੱਖ ਸੰਪਾਦਕ, ਰੋਜ਼ਾਨਾ ‘ਪਹਿਰੇਦਾਰ’