Sunday, June 24, 2012

ਪੰਜਾਬ ਤੇ ਸਿੱਖ ਵਿਰੋਧੀ ਕੋਈ ਵੱਡੀ ਏਜੰਸੀ ਕਰਵਾ ਰਹੀ ਹੈ- ਪੰਜਾਬ ’ਚ ਪੋਸਤ ਅਫੀਮ ਦੀ ਖੇਤੀ ਅਤੇ ਠੇਕੇ ਖੋਲ੍ਹਣ ਦਾ ਪ੍ਰਚਾਰ

ਕਿਰਪਾਲ ਸਿੰਘ ਬਠਿੰਡਾ
98554-80797
 
ਪੰਜਾਬ, ਕੇਂਦਰੀ ਸਰਕਾਰ ਦੇ ਧੱਕਿਆਂ ਦਾ ਹਮੇਸ਼ਾਂ ਸ਼ਿਕਾਰ ਰਿਹਾ ਹੈ। ਹਰ ਤਰ੍ਹਾਂ ਦੇ ਲੋਕ ਤੰਤਰਕ ਢੰਗ ਨਾਲ ਲਾਏ ਗਏ ਮੋਰਚਿਆਂ ਉਪ੍ਰੰਤ ਵੀ ਜਦ ਕੇਂਦਰ ਸਰਕਾਰ, ਪੰਜਾਬ ਦੀਆਂ ਆਰਥਿਕ, ਰਾਜਨੀਤਕ ਅਤੇ ਸਿੱਖਾਂ ਦੀਆਂ ਜਾਇਜ਼ ਧਾਰਮਿਕ ਮੰਗਾਂ ਮੰਨਣ ਦੀ ਥਾਂ ਇਨ੍ਹਾਂ ਨੂੰ ਫਿਰਕੂ ਰੰਗਤ ਦੇ ਕੇ ਹੋਰ ਉਲਝਾਉਣ ਦੇ ਰਾਹ ਪੈ ਤੁਰੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਧਰਮ ਯੁੱਧ ਮੋਰਚੇ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੱਥ ਆ ਗਈ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਫ਼ਰਨਾਮੇ ’ਚ ਦਰਜ ਇਹ ਤੁਕਾਂ ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥ ਦਾ ਹਵਾਲਾ ਦੇ ਕੇ ਸਿੱਖ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਹਥਿਆਰ ਚੁੱਕਣ ਦੀ ਪ੍ਰੇਰਣਾ ਕੀਤੀ। ਸਾਰੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਕਨੂੰਨਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਵੱਲੋਂ ਅਪਣਾਏ ਗਏ ਕਠੋਰ ਰਵਈਏ ਕਾਰਣ ਸੰਤ ਜਰਨੈਲ ਸਿੰਘ ਦੀ ਇਸ ਅਪੀਲ ਨੇ ਸਿੱਖ ਨੌਜਾਵਾਨਾਂ ’ਤੇ ਜਾਦੂਈ ਢੰਗ ਨਾਲ ਅਸਰ ਕੀਤਾ ਤੇ ਬਹੁਤ ਸਾਰੇ ਸਿੱਖ ਨੌਜਵਾਨ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਤੁਰੇ। ਸ਼ਾਇਦ ਸਿੱਖਾਂ ਨੂੰ ਕੁਚਲਣ ਤੇ ਸਬਕ ਸਿਖਾਉਣ ਵਾਸਤੇ ਬਹਾਨਾ ਲੱਭਣ ਲਈ ਅਜਿਹੀ ਸਥਿਤੀ ਕੇਂਦਰ ਸਰਕਾਰ ਨੇ ਖ਼ੁਦ ਹੀ ਪੈਦਾ ਕੀਤੀ ਸੀ। ਇਹ ਛੱਕ ਉਸ ਸਮੇਂ ਯਕੀਨ ਵਿੱਚ ਬਦਲ ਗਿਆ ਜਦੋਂ ਖਾੜਕੂ ਸਿੰਘਾਂ ਨੂੰ ਅਤਿਵਾਦੀ ਦੱਸ ਕੇ ਉਨ੍ਹਾਂ ਨੂੰ ਫੜਨ ਦੇ ਬਹਾਨੇ ਜੂਨ 1984 ਦੇ ਪਹਿਲੇ ਹਫਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜਦੋਂ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਪ੍ਰੀਸ਼ਰ ’ਚ ਪਹੁੰਚੇ ਹੋਏ ਸਨ ੳਸ ਸਮੇਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ 37 ਹੋਰ ਗੁਰਦੁਆਰਿਆਂ ’ਤੇ ਟੈਂਕਾਂ, ਤੋਪਾਂ ਤੇ ਹਵਾਈ ਮਿਜ਼ਾਇਲਾਂ ਰਾਹੀਂ ਜ਼ਬਰਦਸਤ ਹਮਲਾ ਕਰ ਦਿੱਤਾ। ਸਿੱਖ ਹੋਰ ਸਭ ਕੁਝ ਬ੍ਰਦਾਸ਼ਤ ਕਰ ਸਕਦੇ ਹਨ ਪਰ ਆਪਣੇ ਗੁਰਧਾਮਾਂ ’ਤੇ ਹਮਲਾ ਬਿਲਕੁਲ ਬ੍ਰਦਾਸ਼ਤ ਨਹੀਂ ਕਰ ਸਕਦੇ।

ਇਸ ਲਈ ਸੀਮਤ ਹਥਿਆਰਾਂ ਨਾਲ ਸੰਤ ਭਿੰਡਰਾਂਵਾਲੇ ਅਤੇ ਜਨਰਲ (ਰਿਟਾਇਰਡ) ਸੁਬੇਗ ਸਿੰਘ ਦੀ ਅਗਵਾਈ ਹੇਠ ਆਧੁਨਿਕ ਹਥਿਆਰਾਂ ਨਾਲ ਲੈਸ ਭਾਰਤੀ ਫੌਜ ਦਾ ਜ਼ਬਰਦਸਤ ਮੁਕਾਬਲਾ ਕੀਤਾ। ਇਸ ਅਸਾਵੀਂ ਜੰਗ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਸਾਥੀਆਂ ਸਮੇਤ ਸ਼ਹੀਦ ਕਰਨ ਉਪ੍ਰੰਤ ਸਰਕਾਰ ਸਮਝ ਰਹੀ ਸੀ ਕਿ (ਸਰਕਾਰੀ ਨਾਮ) ਅਤਿਵਾਦ (ਅਸਲ ਵਿੱਚ ਸਿੱਖਾਂ) ਦਾ ਸਿਰ ਕੁਚਲ ਦਿੱਤਾ ਗਿਆ ਹੈ। ਪਰ ਜਦੋਂ ਸਰਕਾਰੀ ਸ਼ਹਿ ਅਤੇ ਸ਼ਾਜਿਸ਼ ਰਾਹੀਂ ਨਵੰਬਰ 1984 ਦੇ ਸਿੱਖ ਕਤਲੇਆਮ ਮੌਕੇ ਜੁਲਮ ਦੀ ਇੰਤਹਾ ਹੋਣ ਕਾਰਣ ਸਿੰਘਾਂ ਦਾ ਖੂਨ ਖੌਲਿਆ, ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਥਾਂ ਉਨ੍ਹਾਂ ਨੂੰ ਸਰਕਾਰੀ ਉਚ ਅਹੁਦਿਆਂ ਤੇ ਰਾਜਨੀਤਕ ਟਿਕਟਾਂ ਦੇ ਕੇ ਨਿਵਾਜਿਆ ਗਿਆ ਤਾਂ ਇਸ ਨੇ ਸਿੱਖਾਂ ਵਿੱਚ ਰੋਸ ਪੈਦਾ ਕਰ ਦਿੱਤਾ। ਇਸ ਰੋਸ ਕਾਰਣ ਥੋਹੜੇ ਹੀ ਸਮੇਂ ਬਾਅਦ ਬਚੇ ਖੁਚੇ ਖਾੜਕੂ ਸਿੰਘ ਮੁੜ ਜਥੇਬੰਦ ਹੋਣੇ ਅਰੰਭ ਹੋਏ ਤੇ ਉਨ੍ਹਾਂ ਨੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ। ਖਾੜਕੂ ਸਿੰਘਾਂ ਨੂੰ ਕੁਚਲਣ ਲਈ ਇੱਕ ਪਾਸੇ ਕੇਂਦਰ ਸਰਕਾਰ ਨੇ ਬੇਅੰਤ ਸਿੰਘ ਦੀ ਪੰਜਾਬ ਸਰਕਾਰ ਰਾਹੀਂ ਸਿੰਘਾਂ ਦਾ ਸ਼ਰੇਆਮ ਸ਼ਿਕਾਰ ਖੇਡ੍ਹਣਾ ਸ਼ੁਰੂ ਕੀਤਾ ਤੇ ਦੂਸਰੇ ਪਾਸੇ ਨਵੀਂ ਸਿੱਖ ਜਵਾਨੀ ਨੂੰ ਇਸ ਖਾੜਕੂ ਲਹਿਰ ਅਤੇ ਸਿੱਖੀ ਨਾਲੋਂ ਕੱਟਣ ਲਈ ਸੱਭਿਆਚਾਰਕ ਮੇਲਿਆਂ ਦੇ ਨਾਮ ’ਤੇ ਲੱਚਰ ਗਾਇਕੀ ਤੇ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਰਾਹੀਂ ਅਸਭਿਆਚਾਰ ਫੈਲਾਇਆ। ਭਾਰਤ ਪਾਕਿਸਤਾਨ ਸਰਹੱਦ ਜਿੱਥੇ ਭਾਰੀ ਸੁਰੱਖਿਆ ਅਤੇ ਕੰਡਿਆਲੀ ਤਾਰ ਲੱਗੀ ਹੋਈ ਹੈ ਉਥੇ ਨਸ਼ਿਆਂ ਦੀ ਸਮਗਲਿੰਗ ਨੂੰ ਜਾਣ ਬੁੱਝ ਕੇ ਵਡਾਵਾ ਦਿੱਤਾ ਤਾਂ ਕਿ ਸਿੱਖ ਨੌਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਪੰਜਾਬ ਤੇ ਪੰਥ ਦੀਆਂ ਮੰਗਾਂ ਅਤੇ ਸਿੱਖੀ ਗੌਰਵ ਨੂੰ ਬਿਲਕੁਲ ਹੀ ਭੁੱਲ ਜਾਣ।

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਚਲਾ ਕੇ ਸਰਕਾਰ ਇੱਕ ਤਰ੍ਹਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਈ। ਦੁੱਖ ਦੀ ਗੱਲ ਇਹ ਹੈ ਕਿ ਬੇਅੰਤ ਸਿੰਘ ਦੀ ਸਰਕਾਰ ਪਿੱਛੋਂ ਵੀ ਸਰਕਾਰ ਬੇਸ਼ੱਕ ਕਾਂਗਰਸ ਦੀ ਆਈ ਜਾਂ ਅਕਾਲੀ ਭਾਜਪਾ ਦੀ, ਹਰ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੀ ਥਾਂ ਇਸ ਨੂੰ ਵਡਾਵਾ ਹੀ ਦਿੱਤਾ ਤੇ ਚੋਣਾ ਮੌਕੇ ਦੋਵੇਂ ਧਿਰਾਂ ਨੇ ਵੋਟਾਂ ਲਈ ਨਸ਼ੇ ਵੰਡਣ ’ਚ ਮਸ਼ਰੂਫ਼ ਰਹੀਆਂ। ਸਿੱਟੇ ਵਜੋਂ ਤੇ 80 % ਤੋਂ ਵੱਧ ਸਿੱਖ ਨੌਜਵਾਨ ਪਤਿਤਪੁਣੇ ਤੇ ਨਸ਼ਿਆਂ ’ਚ ਗਲਤਾਨ ਹੋ ਕੇ ਸਿੱਖੀ ਵੱਲੋਂ ਪੂਰੀ ਤਰ੍ਹਾਂ ਮੂੰਹ ਮੋੜ ਚੁੱਕੇ ਹਨ।

ਬੇਅੰਤ ਸਿੰਘ ਦੇ ਕਾਤਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਲਈ 31 ਮਾਰਚ 2012 ਦੀ ਤਰੀਖ ਤਹਿ ਕਰਨ ਉਪ੍ਰੰਤ ਭਾਈ ਰਾਜੋਆਣਾ ਦੀਆਂ ਪ੍ਰਧਾਨ ਮੰਤਰੀ ਅਤੇ ਅਦਾਲਤਾਂ ਨੂੰ ਵੰਗਾਰ ਪਾਉਂਦੀਆਂ ਚਿੱਠੀਆਂ ਮੀਡੀਏ ਵਿੱਚ ਛਪਣ ਉਪ੍ਰੰਤ ਜਿਸ ਤਰ੍ਹਾਂ ਸਿੱਖਾਂ ਦੀ ਜਮੀਰ ਜਾਗੀ ਤੇ ਕੇਂਦਰੀ ਸਰਕਾਰ ਦੀ ਸਿੱਖਾਂ ਪ੍ਰਤੀ ਅਪਣਾਈ ਨੀਤੀ ਵਿਰੁਧ ਇੱਕ ਲਹਿਰ ਖੜ੍ਹੀ ਹੋਈ, ਇਸ ਨਾਲ ਬੇਸ਼ੱਕ ਇੱਕ ਵਾਰ ਤਾਂ ਭਾਈ ਰਾਜੋਆਣਾ ਦੀ ਫਾਂਸੀ ’ਤੇ ਆਰਜੀ ਰੋਕ ਲਾਉਣੀ ਪਈ ਪਰ ਸਿੱਖਾਂ ਵਿੱਚ ਆਏ ਇਸ ਉਭਾਰ ਤੋਂ ਚਿੰਤਤ ਜਰੂਰ ਹੈ। ਸਰਕਾਰੀ ਏਜੰਸੀਆਂ ਨੇ ਬੇਅੰਤ ਸਿੰਘ ਵੱਲੋਂ ਅਪਣਾਈ ਨੀਤੀ ’ਤੇ ਮੁੜ ਅਮਲ ਸ਼ੁਰੂ ਕਰਦਿਆਂ 20 ਕੁ % ਨਸ਼ਿਆਂ ਤੋਂ ਬਚੀ ਨੌਜਵਾਨੀ ਨੂੰ ਨਸ਼ਿਆਂ ਦੇ ਆਦੀ ਬਣਾਉਣ ਲਈ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ।

 ਜਥੇਦਾਰ ਬਲਕਾਰ ਸਿੰਘ ਢਿੱਲੋਂ ਵੱਲੋਂ ‘ਸਮਾਜ ਬਚਾਓ ਮਿਸ਼ਨ ਕਮੇਟੀ ਪੰਜਾਬ’ ਦੇ ਬੈਨਰ ਹੇਠ ਜਿਸ ਤਰ੍ਹਾਂ ਪੰਜਾਬ ਵਿੱਚ ਖਸਖਸ, ਪੋਸਤ ਅਤੇ ਅਫੀਮ ਦੀ ਖੇਤੀ ਕਰਨ ਨੂੰ ਖੁੱਲ੍ਹ ਦੇਣ ਅਤੇ ਇਨ੍ਹਾਂ ਦੇ ਠੇਕੇ ਖੋਲ੍ਹਣ ਦੀ ਵਕਾਲਤ ਕੀਤੀ ਜਾ ਰਹੀ ਹੈ, ਇਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਸ ਪਿਛੇ ਬਹੁਤ ਵੱਡੀ ਏਜੰਸੀ ਕੰਮ ਕਰ ਰਹੀ ਹੈ। ਉਸ ਨੇ ਬੜੀਆਂ ਲੁਭਾਣੀਆਂ ਪਰ ਬੇਤੁਕੀਆਂ ਦਲੀਲਾਂ ਦਿੱਤੀਆਂ ਹਨ ਕਿ ਇਸ ਤਰ੍ਹਾਂ ਕਰਨ ਨਾਲ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਨਿਜਾਤ ਮਿਲਣ ਦੇ ਨਾਲ ਨਾਲ ਵਡਮੁੱਲਾ ਰੁਜ਼ਗਾਰ ਮਿਲ ਸਕਦਾ ਹੈ, ਪੰਜਾਬ ਸਰਕਾਰ ਨੂੰ ਠੇਕਿਆਂ ਤੋਂ ਭਾਰੀ ਆਮਦਾਨ ਹੋ ਸਕਦੀ ਹੈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਾਨ ਲੇਵਾ ਨਸ਼ਿਆਂ ਦੇ ਨਾਲ ਨਾਲ ਅਪਰਾਧ ਤੋਂ ਵੀ ਬਚਾਇਆ ਜਾ ਸਕਦਾ ਹੈ।

ਕਿੰਨੀ ਹਾਸੋਹੀਣੀ ਦਲੀਲ ਹੈ ਕਿ ਸਮੈਕ ਹੈਰੋਇਨ ਅਤੇ ਹੋਰ ਮੈਡੀਕਲ ਨਸ਼ਿਆਂ ਦੀ ਵਜਾਏ ਘਰ ਦੀ ਖੇਤੀ ਚੋਂ ਭੁੱਕੀ ਅਫੀਮ ਆਦਿ ਦੇ ਨਸ਼ਿਆਂ ਦੀ ਵਰਤੋਂ ਕਰਨ ਨਾਲ ਨਸ਼ਿਆਂ ਦੇ ਨਾਲ ਨਾਲ ਅਪਰਾਧਾਂ ਤੋਂ ਵੀ ਬਚਾਇਆ ਜਾ ਸਕਦਾ ਹੈ। ਪਹਿਲੀ ਗੱਲ ਤਾਂ ਇੱਕ ਕਿਸਮ ਦੇ ਨਸ਼ੇ ਦੀ ਥਾਂ ਦੂਜੀ ਕਿਸਮ ਦਾ ਨਸ਼ਾ ਵਰਤਣ ਨਾਲ ਨਸ਼ਿਆਂ ਅਤੇ ਅਪਰਾਧਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਦੂਸਰੀ ਗੱਲ ਕਿ ਪੋਸਤ ਅਫੀਮ ਦੀ ਫਸਲ ਹੀ ਇੱਕੋ ਇੱਕ ਫਸਲੀ ਚੱਕਰ ਦਾ ਬਦਲ ਨਹੀਂ ਹੈ। ਪੰਜਾਬ ਵਿੱਚ ਅਨੇਕਾਂ ਕਿਸਮ ਦੀਆਂ ਹੋਰ ਉਪਯੋਗੀ ਫਸਲਾਂ, ਸਬਜੀਆਂ ਤੇ ਫਲਦਾਰ ਬੂਟੇ ਲੱਗ ਸਕਦੇ ਹਨ ਜਿਨ੍ਹਾਂ ਨਾਲ ਕਿਸਾਨ ਨੂੰ ਚੰਗੀ ਆਮਦਨ ਦੇ ਨਾਲ ਨਾਲ ਚੰਗੀ ਸਿਹਤ ਵੀ ਬਣ ਸਕਦੀ ਹੈ। ਨਸ਼ਿਆਂ ਦੇ ਠੇਕਿਆਂ ਤੋਂ ਹੋਣ ਵਾਲੀ ਆਮਦਨ ਕਿਸੇ ਤਰ੍ਹਾਂ ਵੀ ਸਮਾਜ ਭਲਾਈ ਦਾ ਸਾਧਨ ਨਹੀਂ ਬਣ ਸਕਦੀ।

ਮੈਂ ਜਥੇਦਾਰ ਬਲਕਾਰ ਸਿੰਘ ਢਿੱਲੋਂ ਜੀ ਨੂੰ ਨਿੰਮ੍ਰਤਾ ਸਾਹਿਤ ਦੱਸਣਾ ਚਾਹੁੰਦਾ ਹਾਂ ਕਿ ਸਿੱਖੀ ਵਿੱਚ ਨਸ਼ੇ ਪੂਰੀ ਤਰ੍ਹਾਂ ਵਿਵਰਜਿਤ ਹਨ। ਸੂਬੇ ਦੀ ਆਮਦਨ ਦੇ ਨਾਮ ’ਤੇ ਨਸ਼ਿਆਂ ਦੇ ਠੇਕੇ ਖੋਲ੍ਹਣ ਦੀ ਵਕਾਲਤ ਸਿੱਧੇ ਤੌਰ ’ਤੇ ਸਮਾਜ ਅਤੇ ਸਿੱਖ ਧਰਮ ’ਤੇ ਹਮਲਾ ਜਾਪਦਾ ਹੈ। ਮੈਂ ਉਨ੍ਹਾਂ ਤੋਂ ਨਿਮ੍ਰਤਾ ਸਹਿਤ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਦੇ ਕੁਝ ਦੂਸਰੇ ਰਾਜਾਂ ਦੀ ਤਰਜ ’ਤੇ ਪੰਜਾਬ ਵਿੱਚ ਖਸਖਸ ਪੋਸਤ ਦੀ ਖੇਤੀ ਅਤੇ ਭੁੱਕੀ, ਪੋਸਤ, ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕਰਨ ਵਾਂਗ ਕੀ ਤੁਸੀਂ ਹੋਰਨਾਂ ਰਾਜਾਂ ਦੀ ਤਰਜ ’ਤੇ ਪੰਜਾਬ ਵਿੱਚ ਬੁੱਚੜ ਖਾਨੇ ਖੋਲ੍ਹਣ ਦੀ ਮੰਗ ਕਰਨ ਦੀ ਹਿੰਮਤ ਵੀ ਕਰ ਸਕਦੇ ਹੋ? ਕਿਉਂਕਿ ਦਲੀਲ ਦਿੱਤੀ ਜਾ ਸਕਦੀ ਹੈ ਕਿ ਜੇ ਪੰਜਾਬ ਵਿੱਚ ਬੁੱਚੜਖਾਨੇ ਖੁੱਲ੍ਹ ਜਾਣ ਤਾਂ ਇੱਕ ਤਾਂ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਤੇ ਸੜਕਾਂ ’ਤੇ ਹਾਦਸਿਆਂ ਦਾ ਕਾਰਣ ਬਣ ਰਹੇ ਅਵਾਰਾ ਪਸ਼ੂਆਂ ਦੀ ਸਮਸਿਆ ਹੱਲ ਹੋ ਸਕਦੀ ਹੈ।

ਦੂਸਰਾ ਗਊਸ਼ਾਲਾਵਾਂ ’ਤੇ ਹੋ ਰਿਹਾ ਭਾਰੀ ਖਰਚਾ ਬਚ ਸਕਦਾ ਹੈ। ਤੀਸਰਾ ਬੇਰੁਜ਼ਗਾਰ ਲੋਕ ਮੁਰਗੀ ਪਾਲਣ ਵਾਂਗ ਪਸ਼ੂ ਪਾਲ ਕੇ ਭਾਰੀ ਮੁਨਾਫਾ ਕਮਾ ਸਕਦੇ ਹਨ। ਚੌਥਾ ਮੀਟ ਪਲਾਂਟ ਬਾਹਰਲੇ ਦੇਸ਼ਾਂ ਨੂੰ ਮਾਸ ਨਿਰਯਾਤ ਕਰਕੇ ਕਾਫੀ ਵਿਦੇਸ਼ੀ ਮੁਦਰਾ ਕਮਾ ਸਕਦੇ ਹਨ। ਮੈਨੂੰ ਪਤਾ ਹੈ ਕਿ ਤੁਸੀਂ ਇਹ ਮੁਨਾਫੇ ਵਾਲੀ ਮੰਗ ਬਿਲਕੁਲ ਨਹੀਂ ਕਰ ਸਕੋਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਊ ਨਾਲ ਹਿੰਦੂ ਵੀਰਾਂ ਦੀ ਆਸਥਾ ਜੁੜੀ ਹੋਈ ਹੈ ਤੇ ਤੁਸੀਂ ਉਨ੍ਹਾਂ ਦੀ ਆਸਥਾ ਦੇ ਵਿਰੁਧ ਜਾਣ ਵਾਲੀ ਕੋਈ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਜਾਂ ਇਹ ਕਹਿ ਲਵੋ ਕਿ ਤੁਹਾਡੇ ਪਿੱਛੇ ਖੜ੍ਹੀ ਏਜੰਸੀ ਇਹ ਮੰਗ ਕਰਨ ਦੀ ਇਜਾਜਤ ਨਹੀਂ ਦੇਵੇਗੀ। ਫਿਰ ਮੈਨੂੰ ਇਹ ਦੱਸੋ ਕਿ ਸਿੱਖ ਧਰਮ ਵਿੱਚ ਜਿੱਥੇ ਨਸ਼ਿਆਂ ਦੀ ਵਰਤੋਂ ਪੂਰੀ ਤਰ੍ਹਾਂ ਵਿਵਰਜਿਤ ਹੈ ਉਥੇ ਸਮਾਜ ਲਈ ਵੀ ਵਿਨਾਸ਼ਕਾਰੀ ਹੈ ਤਾਂ ਤੁਸੀਂ ਗੁਮਰਾਹਕੁਨ ਨਾਮ ਵਾਲੀ ‘ਸਮਾਜ ਬਚਾਓ ਮਿਸ਼ਨ ਕਮੇਟੀ’ ਦੀ ਸੰਸਥਾ ਦੇ ਬੈਨਰ ਹੇਠ ਪੰਜਾਬ ਵਿੱਚ ਖਸਖਸ ਪੋਸਤ ਦੀ ਖੇਤੀ ਅਤੇ ਪੋਸਤ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕਿਸ ਸਾਜਿਸ਼ ਅਧੀਨ ਕਰ ਰਹੇ ਹੋ।

ਜਿਸ ਸਮੇਂ ਪੰਜਾਬ ਦੇ ਕਿਸਾਨ ਸਰਕਾਰੀ ਨੀਤੀਆਂ ਕਾਰਣ ਆਰਥਕ ਮੰਦਵਾੜੇ ਦਾ ਸ਼ਿਕਾਰ ਹੋ ਕੇ ਖ਼ੁਦਕਸ਼ੀਆਂ ਕਰ ਰਹੇ ਹਨ, ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਹੜ੍ਹ ਤੋਂ ਚਿੰਤਤ ਹੋ ਕੇ ਨਸ਼ਿਆਂ ਦੀ ਤਸ਼ਕਰੀ ਤੇ ਸਰਕਾਰ ਵੱਲੋਂ ਸ਼ਰਾਬ ਦੇ ਵੱਡੀ ਗਿਣਤੀ ਵਿੱਚ ਠੇਕੇ ਖੋਲ੍ਹਣ ਦਾ ਵਿਰੋਧ ਕਰ ਰਹੀਆਂ ਹਨ। ਉਸ ਸਮੇਂ ਸਾਰੇ ਅਖ਼ਬਾਰਾਂ ਵਿੱਚ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਨਸ਼ਿਆਂ ਦਾ ਪ੍ਰਚਾਰ ਕਰਨ ਲਈ ਤੁਹਾਨੂੰ ਪੈਸੇ ਕਿਹੜੀ ਏਜੰਸੀ ਦੇ ਰਹੀ ਹੈ? ਇਹ ਕੁਝ ਸਵਾਲ ਹਨ ਜਿਹੜੇ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਛਡਦੇ ਕਿ ਪੰਜਾਬ ਤੇ ਸਿੱਖ ਵਿਰੋਧੀ ਕੋਈ ਵੱਡੀ ਏਜੰਸੀ ਤੁਹਾਡੇ ਪਿਛੇ ਖੜ੍ਹੀ ਹੈ। ਸਭ ਤੋਂ ਦੁੱਖ ਦੀ ਗੱਲ ਹੈ ਕਿ ਬੜੀ ਗੰਭੀਰਤਾ ਨਾਲ ਨਸ਼ਿਆਂ ਦਾ ਪ੍ਰਚਾਰ ਕਰ ਰਹੀ ਇਸ ਸਾਜਿਸ਼ ਦਾ ਕਿਸੇ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀ ਨੇ ਇਸ ਦਾ ਹੁਣ ਤੱਕ ਕੋਈ ਵਿਰੋਧ ਨਹੀਂ ਕੀਤਾ।

ਧਰਮ, ਮਨੁੱਖਤਾ ਅਤੇ ਸਮਾਜ ਹਿਤੂ ਸਮੂਹ ਜਥੇਬੰਦੀਆਂ, ਰਾਜਨੀਤਕ ਤੇ ਧਾਰਮਿਕ ਆਗੂਆਂ ਨੂੰ ਮੇਰੀ ਅਪੀਲ ਹੈ ਕਿ ਨਸ਼ਿਆਂ ਦੇ ਹੋ ਰਹੇ ਇਸ ਪ੍ਰਚਾਰ ਦਾ ਸਖਤ ਵਿਰੋਧ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਠੇਕਿਆਂ ਦੀ ਵਧਾਈ ਜਾ ਰਹੀ ਗਿਣਤੀ ਦਾ ਵਿਰੋਧ ਕਰਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਚਲਾਈ ਜਾਵੇ।

No comments:

Post a Comment