ਆਪਣੀ ਪਲੇਠੀ ਪਾਰਲੀਮੈਂਟ ਨੂੰ ਕੌਮ ਕਿਉਂ ਭੁੱਲੀ?

ਸੁਨੇਹਾ
0
ਅੱਜ ਦਾ ਦਿਨ ਸਿੱਖ ਇਤਿਹਾਸ ਚ ਹੀ ਨਹੀਂ ਸਗੋਂ ਦੁਨੀਆ ਚ ਆਮ ਆਦਮੀ ਨੂੰ ਬਰਾਬਰੀ ਦਾ ਰੁਤਬਾ ਦੇਣ ਲਈ ਯਾਦ ਕੀਤਾ ਜਾਣ ਵਾਲਾ ਇਨਕਲਾਬੀ ਇਤਿਹਾਸਕ ਦਿਹਾੜਾ ਵੀ ਹੈ, ਪਰ ਅਫ਼ਸੋਸ ਦੀ ਗੱਲ ਕਿ ਸਿੱਖ ਕੌਮ ਨਾ ਤਾਂ ਖ਼ੁਦ ਹੀ ਅਤੇ ਨਾ ਹੀ ਦੁਨੀਆਂ ਨੂੰ ਇਸ ਦਿਹਾੜੇ ਦੀ ਮਹਾਨਤਾ ਤੋਂ ਜਾਣੂ ਕਰਵਾ ਸਕੀ ਹੈ, ਜਿਸ ਕਾਰਨ ਗੁਰੂ ਸਾਹਿਬਾਨ ਦੇ ਸੰਕਲਪੇ ਰਾਜ ਦੇ ਜਿਸ ਮਾਡਲ ਨੂੰ ਦੁਨੀਆਂ ਨੇ ਅਪਣਾਉਣਾ ਸੀ, ਉਹ ਹਨੇਰਿਆਂ ਚ ਗੁਆਚਿਆ ਹੋਇਆ ਹੈ। ਅੱਜ ਤੋਂ ਠੀਕ 302 ਵਰ੍ਹੇ ਪਹਿਲਾ ਦੁਨੀਆਂ ਦੇ ਇਤਿਹਾਸ ਚ ਦਰਬਾਰ-ਏ-ਖ਼ਾਲਸਾ ਦੀ ਪਹਿਲੀ ਪਾਰਲੀਮੈਂਟ ਦਾ ਗਠਨ ਹੋਇਆ ਅਤੇ ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਲੋਕਤੰਤਰੀ ਢੰਗ ਤਰੀਕੇ ਨਾਲ ਨੀਂਹ ਰੱਖੀ ਸੀ। ਖ਼ਾਲਸਾਈ ਝੰਡੇ ਥੱਲੇ, ਸਿੱਖੀ ਸਿਧਾਂਤਾਂ ਦੀ ਰੋਸ਼ਨੀ ਚ ਸਰਬੱਤ ਦੇ ਭਲੇ ਲਈ ਅਤੇ ਜ਼ੋਰ ਜ਼ਬਰ ਦੇ ਖਾਤਮੇ ਲਈ ਅੱਜ ਤੋਂ 302 ਸਾਲ ਪਹਿਲਾ ਲੋਹਗੜ੍ਹ ਦੀ ਧਰਤੀ ਤੇ ਜਿਸ ਦਰਬਾਰ-ਏ-ਖ਼ਾਲਸਾ ਦੀ ਪਹਿਲੀ ਪਾਰਲੀਮੈਂਟ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਹੀ ਨਹੀਂ, ਮਨੁੱਖਤਾ ਚ ਬਰਾਬਰੀ ਦਾ ਰਾਜ ਚਲਾਇਆ ਸੀ, ਉਸਦੀ ਉਦਾਹਰਣ ਅੱਜ ਦੀ ਦੁਨੀਆ ਚ ਕਿਤੇ ਨਹੀਂ ਮਿਲਦੀ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪਹਿਲੀ ਖ਼ਾਲਸਾ ਪਾਰਲੀਮੈਂਟ ਦਾ ਗਠਨ, ਦੁਨੀਆਂ ਚ ਪਹਿਲਾ ਲੋਕਤੰਤਰੀ ਨਿਜ਼ਾਮ ਸੀ, ਜਿਸ ਚ ਆਮ ਲੋਕਾਂ ਨੂੰ ਸੱਤਾ ਸੌਂਪੀ ਗਈ ਸੀ, ਜਿਸ ਰਾਜ ਨੇ ਹਰ ਗਰੀਬ, ਦਲਿਤ ਤੇ ਮੁਜ਼ਾਰੇ ਕਿਸਾਨ ਨੂੰ ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਗ਼ੁਲਾਮੀ ਦੀ ਥਾਂ ਸਰਦਾਰੀ ਦਿੱਤੀ ਸੀ ਅਤੇ ਜਗੀਰਦਾਰਾਂ ਨੂੰ ਉਨ੍ਹਾਂ ਅੱਗੇ ਝੁੱਕ-ਝੁੱਕ ਸਲਾਮ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਉਸ ਰਾਜ ਚ ਧਰਮ ਨਿਰਲੇਪਤਾ ਨੂੰ ਉਚਤਾ ਦਿੱਤੀ ਗਈ। ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ। ਮਨੁੱਖੀ ਭੇਦਭਾਵ ਨੂੰ ਜੜੋ ਪੁੱਟਿਆ ਗਿਆ। ਮਨੁੱਖੀ ਬਾਰਬਰਤਾ, ਸਮਾਨਤਾ ਦੇ ਆਰਥਿਕ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਅਧਿਕਾਰ ਸੰਪੂਰਨ ਬਣਾਕੇ ਦੁਨੀਆ ਦੇ ਪਹਿਲੇ ਲੋਕਤੰਤਰੀ ਰਾਜ ਦੀ ਸਥਾਪਨਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸ਼ਮੇਸ਼ ਪਿਤਾ ਨੇ ਆਪਣਾ ਥਾਪੜਾ ਦੇ ਕੇ ਜਿਸ ਮਿਸ਼ਨ ਦੀ ਪੂਰਤੀ ਲਈ ਭੇਜਿਆ ਸੀ ਉਸਨੂੰ ਉਨ੍ਹਾਂ ਮੂਰਤੀਮਾਨ ਕੀਤਾ। ਸਰਹਿੰਦ ਫ਼ਤਹਿ ਇਸ ਮਿਸ਼ਨ ਦਾ ਸਿਖ਼ਰ ਨਹੀਂ ਸਗੋਂ ਮੁਢਲਾ ਪੜਾਅ ਸੀ, ਇਸ ਲਈ ਖ਼ਾਲਸਾ ਰਾਜ ਦੀ ਸਥਾਪਨਾ ਅਤੇ ਉਸਦੀ ਬਣਤਰ, ਜਿਸਨੇ ਦੁਨੀਆਂ ਚ ਪਹਿਲੀ ਵਾਰ ਮਨੁੱਖੀ ਬਰਾਬਰਤਾ ਨੂੰ ਲਾਗੂ ਕਰਕੇ ਵਿਖਾਇਆ ਅਤੇ ਉਹ ਦਰਬਾਰ-ਏ-ਖ਼ਾਲਸਾ ਦੁਨੀਆ ਚ ਆਰਥਿਕਤਾ ਬਰਾਬਰੀ ਦਾ ਹੀ ਨਹੀਂ, ਸਗੋਂ ਮਨੁੱਖੀ ਹੱਕਾਂ ਦੀ ਬਰਾਬਰੀ ਦਾ ਪਹਿਲਾ ਝੰਡਾ ਬਰਦਾਰ ਬਣਿਆ। ਅੱਜ ਜਦੋਂ ਦੁਨੀਆ ਦੇ ਸਾਮਰਾਜਵਾਦੀ ਮੁਲਕ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਅਤੇ ਸਮਾਜਵਾਦੀ ਮੁਲਕ ਆਰਥਿਕ ਬਰਾਬਰੀ ਨੂੰ ਪਹਿਲ ਦਿੰਦੇ ਹਨ, ਉਸ ਸਮੇਂ ਅਸੀਂ ਦਰਬਾਰ-ਏ-ਖ਼ਾਲਸਾ ਦੇ ਉਨ੍ਹਾਂ ਮਹਾਨ ਸਿਧਾਂਤਾਂ ਦੀਆਂ ਉਹ ਗੱਲ੍ਹਾਂ ਛੁਪਾਈ ਬੈਠੇ ਹਾਂ, ਜਿਹੜੀਆਂ ਅੱਜ ਤੋਂ 302 ਸਾਲ ਪਹਿਲਾਂ ਇਨ੍ਹਾਂ ਦੋਵਾਂ ਸਿਧਾਂਤਾਂ ਨੂੰ ਇਕੋ ਸਮੇਂ ਪੂਰਾ ਕਰਨ ਦੇ ਸਮਰਥ ਸਨ। ਸਿੱਖ ਇਸ ਸਮੇਂ ਦੁਨੀਆਂ ਦੇ ਹਰ ਕੋਨੇ ਚ ਵਸੇ ਹੋਏ ਹਨ, ਇਸ ਲਈ ਜੇ ਅਸੀਂ ਆਪਣੇ ਸ਼ਾਨਮੱਤੇ ਵਿਰਸੇ ਦੀ ਦੁਨੀਆ ਨੂੰ ਜਾਣਕਾਰੀ ਦੇ ਕੇ, ਸਿੱਖ ਧਰਮ ਦੀ ਮਹਾਨਤਾ ਦਾ ਅਹਿਸਾਸ ਕਰਵਾਉਣ ਦੇ ਸਮਰਥ ਨਹੀਂ ਹਾਂ, ਤਾਂ ਇਸ ਕੰਮਜ਼ੋਰੀ ਪ੍ਰਤੀ ਸਾਨੂੰ ਆਪਣੇ ਮਨਾਂ ਚ ਝਾਤੀ ਮਾਰਨੀ ਹੋਵੇਗੀ ਅਤੇ ਉਸ ਲੀਡਰਸ਼ਿਪ ਦਾ ਸਹਾਰਾ ਤੱਕਣਾ ਛੱਡਣਾ ਹੋਵੇਗਾ, ਜਿਹੜੀ ਲੀਡਰਸ਼ਿਪ ਸਿੱਖ ਦੋਖੀ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੀ ਹੈ। 27 ਮਈ ਸਿੱਖ ਇਤਿਹਾਸ ਦਾ ਸੁਨਹਿਰਾ ਪੰਨਾ ਹੈ, ਇਸ ਲਈ ਇਸਦੀ ਰੋਸ਼ਨੀ ਵੰਡਣ ਦੀ ਵੱਡੀ ਲੋੜ ਹੈ। ਅਸੀਂ ਸਰਹਿੰਦ ਫ਼ਤਹਿ ਦਿਵਸ ਦੀ ਤੀਜੀ ਸ਼ਤਾਬਦੀ ਮਨਾਉਣ ਤੋਂ ਬਾਅਦ ਦਰਬਾਰੇ ਖਾਲਸਾ ਦੀ ਪਹਿਲੀ ਪਾਰਲੀਮੈਂਟ ਦੇ ਗਠਨ ਦੀ ਤੀਜੀ ਸ਼ਤਾਬਦੀ ਕਿਉਂ ਨਹੀਂ ਮਨਾਈ ? ਇਸ ਸੁਆਲ ਦਾ ਜੁਆਬ ਅੱਜ ਨਹੀਂ ਤਾਂ ਕੱਲ੍ਹ ਜਰੂਰ ਦੇਣਾ ਪਵੇਗਾ। ਪਰ ਸਾਡੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਸਿੱਖਾਂ ਦੀ ਪਹਿਲੀ ਪਾਰਲੀਮੈਂਟ ਨੂੰ ਅਤੇ ਪਹਿਲੀ ਰਾਜਧਾਨੀ ਨੂੰ ਵੀ ਵਿਸਾਰਿਆ ਹੋਇਆ ਹੈ। ਸਿਰਫ਼ ਫੋਕੀ ਬਿਆਨਬਾਜ਼ੀ ਨਾਲ ਜ਼ਰੂਰ ਸ਼ੋਹਰਤ ਖੱਟਣ ਦੇ ਉਪਰਾਲੇ ਕੀਤੇ ਜਾਂਦੇ ਹਨ ਪਰ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਜਾਂ ਜਥੇਬੰਦੀ ਨੇ ਸਿੱਖਾਂ ਦੇ ਦਰਬਾਰ-ਏ-ਖਾਲਸਾ ਦੀ ਸਮੁੱਚੀ ਤਸਵੀਰ, ਦੁਨੀਆ ਨੂੰ ਵਿਖਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਜਦੋਂ ਸਾਡੀਆਂ ਯਾਦਾਂ 27 ਮਈ ਕੋਈ ਨਵਾਂ ਉਤਸ਼ਾਹ, ਵਲਵਲਾ, ਜੋਸ਼ ਹੀ ਪੈਦਾ ਨਹੀਂ ਕਰਦੀ ਫਿਰ ਅਸੀਂ ਇਸ ਦਿਨ ਦੀ ਮਹਾਨਤਾ ਨੂੰ ਦੁਨੀਆ ਅੱਗੇ ਕਿਵੇਂ ਬਿਆਨ ਕਰ ਸਕਦੇ ਹਾਂ। ਕੌਮ ਦੇ ਦਾਨਿਸ਼ਵਰਾਂ, ਪੰਥ ਦਰਦੀਆਂ ਨੂੰ ਅਜਿਹੇ ਦਿਹਾੜੇ ਕੌਮੀ ਜਾਗਰੂਕਤਾ ਜਾਂ ਕੌਮੀ ਸਵੈਮਾਣ ਦੇ ਦਿਹਾੜਿਆਂ ਵਜੋਂ ਮਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਜਿੱਥੇ ਆਪਣੇ ਸ਼ਾਨਾਮੱਤੇ ਵਿਰਸੇ ਤੇ ਇਤਿਹਾਸ ਤੋਂ ਦੁਨੀਆ ਨੂੰ ਜਾਣੂੰ ਕਰਵਾ ਸਕੀਏ, ਉਥੇ ਨਵੀਂ ਪੀੜ੍ਹੀ ਚ ਸਿੱਖ ਹੋਣ ਦਾ ਮਾਣ ਕਰਨ ਵਾਲਾ ਜਜ਼ਬਾ ਵੀ ਪੈਦਾ ਕਰ ਸਕੀਏ।


-ਜਸਪਾਲ ਸਿੰਘ ਹੇਰਾਂ

Post a Comment

0 Comments
Post a Comment (0)
To Top