ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸਰਧਾਂਜਲੀ ਭੇਂਟ ਕਰਦਿਆਂ

ਸੁਨੇਹਾ
0
ਸ਼ਹੀਦ ਭਾਈ ਜਸਪਾਲ ਸਿੰਘ
ਅੱਜ ਸਿੱਖ ਪੰਥ ਆਪਣੇ ਇੱਕ ਹੋਰ ਸ਼ਹੀਦ ਨੂੰ ਜਿਸਨੇ ਕੌਮ ਦੇ ਸ਼ਹੀਦਾਂ ਦੀ ਕਤਾਰ ’ਚ ਵਾਧਾ ਕੀਤਾ ਹੈ, ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ। ਸ਼ਹਾਦਤ ਤੇ ਸਿੱਖ ਦਾ ਭਾਵੇਂ ਸਿੱਖੀ ਦੇ ਜਨਮ ਤੋਂ ਹੀ ਨਹੁੰ-ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ ਅਤੇ ਹਰ ਸ਼ਹਾਦਤ ਕੌਮ ਨੂੰ ਇਕ ਨਵਾਂ ਸੁਨੇਹਾ ਅਤੇ ਨਸੀਹਤ ਛੱਡ ਕੇ ਜਾਂਦੀ ਹੈ, ਜਿਸਨੂੰ ਯਾਦ ਰੱਖਣਾ ਅਤੇ ਅਪਨਾਉਣਾ ਹੀ ਉਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੁੰਦੀ ਹੈ। ਪਰ ਸ਼ਹੀਦਾਂ ਦੀ ਕੌਮ ਦੀ ਇਕ ਤ੍ਰਾਸਦੀ ਹੈ ਕਿ ਇਹ ਸ਼ਹੀਦ ਦੀ ਸ਼ਹੀਦੀ ਨੂੰ ਤਾਂ ਯਾਦ ਰੱਖ ਲੈਂਦੀ ਹੈ, ਪ੍ਰੰਤੂ ਉਸ ਸ਼ਹੀਦੀ ਦੇ ਕਾਰਣਾਂ, ਕਾਰਕਾਂ ਤੇ ਪ੍ਰਭਾਵਾਂ ਨੂੰ ਅਕਸਰ ਭੁੱਲ-ਵਿਸਰ ਜਾਂਦੀ ਹੈ। ਜਿਸ ਕਾਰਣ ਸ਼ਹੀਦ ਦਾ ਉਹ ਮਿਸ਼ਨ, ਜਿਸ ਲਈ ਉਸਨੇ ਆਪਣੀ ਜਾਨ ਕੁਰਬਾਨ ਕੀਤੀ ਹੁੰਦੀ ਹੈ, ਅਕਸਰ ਅਧੂਰਾ ਰਹਿ ਜਾਂਦਾ ਹੈ। ਸਿੱਖ ਪੰਥ ਦੇ ਸ਼ਹੀਦਾਂ ਦੀ ਕਤਾਰ ਅਥਾਹ ਲੰਬੀ ਹੈ ਅਤੇ ਇਨ੍ਹਾਂ ਸਾਰੀਆਂ ਸ਼ਹੀਦੀਆਂ ਦਾ ਮੰਤਵ ਕੌਮ ਦੇ ਸਵੈਮਾਣ ਦੀ ਬਹਾਲੀ ਰਿਹਾ ਹੈ। 29 ਮਾਰਚ ਨੂੰ ਗੁਰਦਾਸਪੁਰ ’ਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਜਿਸਨੂੰ ਕੌਮ ਦੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ‘ਕੇਸਰੀ ਕਾਫ਼ਲਿਆਂ ਦਾ ਸ਼ਹੀਦ’ ਖਿਤਾਬ ਦਿੱਤਾ ਹੈ, ਦੀ ਸ਼ਹਾਦਤ ਵੀ ਕੌਮ ਦੇ ਸਵੈਮਾਣ ਦੀ ਰਾਖੀ ਲਈ ਅਤੇ ਕੌਮ ਨਾਲ ਇਸ ਦੇਸ਼ ਦੇ ਹਾਕਮਾਂ ਤੇ ਕਾਨੂੰਨ ਵੱਲੋਂ ਕੀਤੀ ਜਾਂਦੀ ਬੇਇਨਸਾਫ਼ੀ ਤੇ ਵਿਤਕਰੇ ਵਿਰੁੱਧ ਹੋਈ ਹੈ, ਇਹ ਸ਼ਹੀਦੀ ‘‘ਹਿੰਦੀ, ਹਿੰਦੂ, ਹਿੰਦੁਸਤਾਨ’’ ਦੀ ਫਿਰਕੂ ਤੇ ਜ਼ਹਿਰੀਲੀ ਸੋਚ ਦੇ ‘ਡੰਗ’ ਨਾਲ ਹੋਈ ਹੈ, ਇਹ ਸ਼ਹੀਦੀ ਸਿੱਖ ਪੰਥ ਨੂੰ ‘ਨਿੱਕਰਧਾਰੀ ਟੋਲੇ’ ਦਾ ਗੁਲਾਮ ਬਣਾ ਕੇ ਆਪਣੀ ਸੱਤਾ ਨੂੰ ਪੱਕਾ ਕਰਨ ਵਾਲੇ ਸੌਦਾਗਰ ਦੇ ਆਪਸੀ ਸੌਦੇ ਕਾਰਣ ਹੋਈ ਹੈ, ਇਹ ਸ਼ਹੀਦੀ ਸਿੱਖ ਜਜ਼ਬੇ ਦੇ ਉਭਾਰ ਤੇ ਆਏ ਤੂਫਾਨ ਤੋਂ ਭੈ-ਭੀਤ ਹੋਈਆਂ ਤਾਕਤਾਂ ਦੀ ਬੁਖ਼ਲਾਹਟ ਕਾਰਣ ਹੋਈ ਹੈ। ਇਸ ਲਈ ਇਨ੍ਹਾਂ ਸਾਰੇ ਕਾਰਣਾਂ ਨੂੰ ਪਹਿਲਾ ਜਾਚਣਾ ਤੇ ਘੋਖਣਾ, ਫਿਰ ਉਨ੍ਹਾਂ ਵਿਰੁੱਧ ਲੜਨ ਦੀ ਰਣਨੀਤੀ ਘੜ੍ਹਕੇ, ਮੈਦਾਨ ’ਚ ਨਿੱਤਰਣਾ ਹੀ ਸ਼ਹੀਦ ਨੂੰ ਸੱਚੀ ਸਰਧਾਂਜਲੀ ਹੋਵੇਗੀ। ਪ੍ਰੰਤੂ ਜਿਸ ‘ਹਿੰਦ’ ਦੀ ਰੱਖਿਆ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ‘ਹਿੰਦ ਦੀ ਚਾਦਰ’ ਬਣ ਕੇ ਆਪਣੀ ਸ਼ਹਾਦਤ ਦਿੱਤੀ ਸੀ, ਅੱਜ ਉਹ ‘ਹਿੰਦ’ ਸਿੱਖਾਂ ਨੂੰ ‘ਵੇਖਣ’ ਲਈ ਹੀ ਤਿਆਰ ਨਹੀਂ, ਅਸੀਂ ਇਸ ਕੌੜੀ ਤਲਖ਼ ਸਚਾਈ ਤੋਂ ਆਖ਼ਰ ਕਿੰਨਾ ਕੁ ਸਮਾਂ ਅੱਖਾਂ ਬੰਦ ਕਰੀ ਰੱਖਾਂਗੇ। ਜਿਸ ਬਾਦਲ ਦਲ ਨੂੰ ਪੰਥ ਮੰਨ ਕੇ ਪੰਥ ਵੋਟਾਂ ਪਾ ਕੇ ਵਾਰ-ਵਾਰ ਸੱਤਾ ਤੇ ਬਿਠਾ ਰਿਹਾ ਹੈ, ਉਸ ਬਾਦਲ ਰਾਜ ’ਚ ਸਿੱਖਾਂ ਦੇ ਸੀਨਿਆਂ ਤੇ ਵਾਰ-ਵਾਰ ਗੋਲੀਆਂ ਕਿਉਂ ਦਾਗ਼ੀਆਂ ਜਾ ਰਹੀਆਂ ਹਨ? ਅਸੀਂ ਇਸ ‘ਸੱਚ’ ਨੂੰ ਆਖ਼ਰ ਕਿਉਂ ਭੁੱਲ ਜਾਂਦੇ ਹਾਂ? ਨਾ ਪੰਥ ਅਤੇ ਨਾ ਪੰਥ ਦੇ ਜਥੇਦਾਰਾਂ ਨੇ ਬਾਦਲ ਸਰਕਾਰ ਨੂੰ ਸਿੱਖਾਂ ਦੇ ਇਸ ਕਤਲੇਆਮ ਲਈ ਸਿੱਖਾਂ ਦੀ ਸਰਵਉਚ ਅਦਾਲਤ ’ਚ ਕਦੇ ਖੜ੍ਹਾ ਕੀਤਾ ਹੈ। ਅਸਲ ’ਚ ਸਿੱਖਾਂ ਤੋਂ ਉਨ੍ਹਾਂ ਦੀ ਬੁਨਿਆਦੀ ਸ਼ਕਤੀ ਅਣਖ਼ ਤੇ ਸਵੈਮਾਣ ਨੂੰ ਖੋਹਣ ਲਈ ਇਕ ਸਾਜ਼ਿਸ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਸਿੱਖੀ ਦੇ ਜਨਮ ਸਮੇਂ ਤੋਂ ਹੀ ਘੜੀ ਗਈ ਹੈ, ਜਿਸਦੀ ਪੂਰਤੀ ਲਈ ਪੰਥ ਵਿਰੋਧੀ ਤਾਕਤਾਂ ਦੇ ਚਿਹਰੇ ਜ਼ਰੂਰ ਬਦਲ ਰਹੇ ਹਨ, ਪ੍ਰੰਤੂ ਸੋਚ ਤੇ ਮਿਸ਼ਨ, ਸਿੱਖੀ ਦੀ ਨਿਆਰੀ ਤੇ ਨਿਰਾਲੀ ਹੋਂਦ ਦਾ ਖ਼ਾਤਮਾ ਹੀ ਰਿਹਾ ਹੈ। ਅੱਜ ਜਿਥੇ ਪੰਜਾਬ ’ਚ ਪਾਖੰਡੀ ਸਾਧਾਂ ਦੇ ਡੇਰੇ ਸਥਾਪਿਤ ਕਰਵਾ ਕੇ ਸਿੱਖਾਂ ਨੂੰ ਮਾਨਸਿਕ ਰੂਪ ’ਚ ਬੀਮਾਰ ਤੇ ਕੰਮਚੋਰ ਕਰਕੇ, ਕਰਮ ਕਾਂਡਾਂ, ਅਡੰਬਰਾਂ ਤੇ ਵਹਿਮ-ਭਰਮਾਂ ’ਚ ਧੱਕਿਆ ਜਾ ਰਿਹਾ ਹੈ, ਉਥੇ ਸਰੀਰਕ ਰੂਪ ’ਚ ਕੰਮਚੋਰ ਕਰਨ ਲਈ ਸਿੱਖ ਜੁਆਨੀ ਨੂੰ ਨਸ਼ਿਆਂ ਤੇ ਲੱਚਰਤਾ ਦੇ ਦਰਿਆ ’ਚ ਰੋੜ੍ਹਣ ਦੇ ਯਤਨ ਤੇਜ਼ ਹਨ। ਸਿੱਖ ਜਜ਼ਬਾਤਾਂ ਦੀ ਚਿਣਗ ਨੂੰ ਹਮੇਸ਼ਾ ਹਮੇਸ਼ਾ ਲਈ ਠੰਡਾ ਕਰਨ ਲਈ ਸਰਕਾਰੀ ਜਬਰ ਦਾ ਕੁਹਾੜਾ ਵੀ ਤੇਜ਼ ਕੀਤਾ ਜਾ ਰਿਹਾ ਹੈ। ਸਿੱਖਾਂ ਦੀਆਂ ਕੰਮਚੋਰ ਕੜ੍ਹੀਆਂ ਨੂੰ ਲੋਭ-ਲਾਲਚ ਦੇ ਚੁੰਗਲ ’ਚ ਫਸਾਇਆ ਜਾ ਚੁੱਕਾ ਹੈ। ਸੱਤਾ ਦੇ ਲੋਭੀਆਂ ਨੂੰ, ਜਿਹੜੇ ਸੱਤਾ ਲਾਲਸਾ ਕਾਰਣ ‘ਨਿੱਕਰਧਾਰੀ’ ਬਣ ਚੁੱਕੇ ਹਨ, ਉਨ੍ਹਾਂ ਨੂੰ ਸਿੱਖੀ ਦੀਆਂ ਜੜ੍ਹਾਂ ਵੱਢਣ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਹ ਭਾਈ ਜਸਪਾਲ ਸਿੰਘ ਵਰਗਿਆਂ ਨੂੰ ਸ਼ਹੀਦ ਕਰਕੇ ਆਪਣੀ ‘ਜਿੰਮੇਵਾਰੀ’ ਨੂੰ ਬਾਖ਼ੂਬੀ ਸਿਰੇ ਚਾੜ੍ਹ ਰਹੇ ਹਨ। ਸਿੱਖਾਂ ਨੂੰ ਗੈਰਤ, ਅਣਖ, ਸਚਾਈ, ਸੇਵਾ ਤੇ ਸਿਮਰਨ ਦੀ ਥਾਂ ਸਿਰਫ਼ ਸੁਆਰਥੀਪੁਣੇ ਅਤੇ ਚਾਪਲੂਸੀ ਦਾ ਰੰਗ ਚਾੜ੍ਹਣ ਲੱਗੇ ਹੋਏ ਹਨ, ਜਿਸ ਕਾਰਣ ਬਹਾਦਰਾਂ ਦੀ ਕੌਮ ਦਾ ਵੱਡਾ ਹਿੱਸਾ, ਸਿੱਖੀ ਸਿਧਾਂਤਾਂ ਨੂੰ ਪਿੱਠ ਦੇ ਗਿਆ ਹੈ, ਪ੍ਰੰਤੂ ਕਲਗੀਧਰ ਪਿਤਾ ਦੀ ਦਿੱਤੀ ਅਣਖ ਤੇ ਸਵੈਮਾਣ ਦੀ ਗੁੜ੍ਹਤੀ, ਕੌਮ ’ਚ ਕੌਮੀ ਜਜ਼ਬੇ ਨੂੰ ਸਮਾਪਤ ਨਹੀਂ ਹੋਣ ਦਿੰਦੀ, ਇਸ ਲਈ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਵਰਗਾ, ਕੋਈ ਸੂਰਮਾ, ਆਪਣੀ ਦ੍ਰਿੜ੍ਹਤਾ, ਦਲੇਰੀ ਤੇ ਕੁਰਬਾਨੀ ਦੇ ਜਜ਼ਬੇ ਦੇ ਸਿਖਰ ਤੇ ਜਾ ਖੜ੍ਹਦਾ ਹੈ, ਤਾਂ ਕੌਮੀ ਜਜ਼ਬਾਤ ਨੂੰ ਝੱਟ ਹੁਲਾਰਾ ਮਿਲ ਜਾਂਦਾ ਹੈ, ਜਿਸਨੂੰ ਕੌਮ ਦੁਸ਼ਮਣ ਤਾਕਤਾਂ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਉਨ੍ਹਾਂ ਦੀਆਂ ਬੰਦੂਕਾਂ ’ਚੋ ਗੋਲੀਆਂ ਆਪ ਮੁਹਾਰੀਆਂ ਸਿੱਖਾਂ ਦੇ ਸੀਨੇ ਛੱਲਣੀ ਕਰਨ ਲੱਗ ਪੈਂਦੀਆਂ ਹਨ। ਅੱਜ ਜਦੋਂ ਅਸੀਂ ਮੁੱਛ-ਫੁੱਟ ਗੱਭਰੂ ਦੀ ਸ਼ਹੀਦੀ ਨੂੰ ਸਲਾਮ ਕਰਨ ਜਾ ਰਹੇ ਹਾਂ ਤਾਂ ਸਾਨੂੰ ਇਸ ਸ਼ਹੀਦੀ ਦੇ ਕਾਰਣਾਂ ਤੇ ਕੌਮ ਨੂੰ ਦਰਪੇਸ਼ ਉਕਤ ਚੁਨੌਤੀਆਂ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਚੁਨੌਤੀਆਂ ਨਾਲ ਸਿੱਝਣ ਲਈ ਸਹੀ ਰਾਹ ਦੀ ਚੋਣ ਕਰਨੀ ਚਾਹੀਦੀ ਹੈ। ਕੌਮ ਦੇ ਆਗੂਆਂ ’ਚ ਪਸਰੇ ਦੰਭ ਪਾਖੰਡ ਨੂੰ ਨੰਗਾ ਕਰਨ ਲਈ, ਕੌਮ ’ਚ ਇਕ ਜੁੱਟਤਾ ਹੋਣੀ ਜ਼ਰੂਰੀ ਹੈ। ਇਹ ਤਦ ਹੀ ਸੰਭਵ ਹੋਵੇਗਾ। ਜਦੋਂ ਅਸੀਂ ਮਨਮੱਤ ਦਾ ਤਿਆਗ ਕਰਕੇ ਗੁਰਮਤਿ ਅਨੁਸਾਰ, ਗੁਰਬਾਣੀ ਦੇ ਦਰਸਾਏ ਚਾਨਣੇ ਰਾਹ ਦੇ ਰਾਹੀ ਬਣਾਂਗੇ, ਫਿਰ ਗੁਰੂ ਵੀ ਸਾਡੇ ਅੰਗ-ਸੰਗ ਹੋਏਗਾ ਤੇ ਸੰਸਾਰ ਦੀ ਕੋਈ ਜਾਬਰ ਧਿਰ ਸਾਡਾ ਵਾਲ ਹੀ ਵਿੰਗਾ ਨਹੀਂ ਕਰ ਸਕੇਗੀ, ਇਸਦਾ ਗਵਾਹ ਸਾਡਾ ਪੁਰਾਤਨ ਇਤਿਹਾਸ ਹੈ। ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸਰਧਾਂਜਲੀ ਦੇਣ ਸਮੇਂ ਇੱਕੋ-ਇਕ ਪ੍ਰਣ ਜਿਹੜਾ ਸਿਰਫ਼ ਤੇ ਸਿਰਫ਼ ਕੌਮ ਦੀ ਚੜ੍ਹਦੀ ਕਲਾ ਹੋਣਾ ਚਾਹੀਦਾ ਹੈ, ਉਹ ਸ਼ਹੀਦ ਦੇ ਸਨਮੁਖ ਹੋ ਕੇ ਜ਼ਰੂਰ ਕਰਨਾ ਚਾਹੀਦਾ ਹੈ, ਇਹੋ ਸਾਡੀ ਸ਼ਹੀਦ ਨੂੰ ਸੱਚੀ ਸਰਧਾਂਜਲੀ ਹੋਵੇਗੀ।
-ਜਸਪਾਲ ਸਿੰਘ ਹੇਰਾਂ

Post a Comment

0 Comments
Post a Comment (0)
To Top