ਮਨਪ੍ਰੀਤ ਬਾਦਲ – ਅਕਾਲੀਆਂ ਦਾ ਸ਼ਰੀਕ ਕਿ ਕਾਮਰੇਡਾਂ ਦਾ?

ਸੁਨੇਹਾ
0

- ਪ੍ਰਭਸ਼ਰਨਬੀਰ ਸਿੰਘ*

ਮਨਪ੍ਰੀਤ ਬਾਦਲ ਦੇ ਉਭਾਰ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਉਸਦਾ ਓਨਾ ਵਿਰੋਧ ਅਕਾਲੀ ਦਲ (ਬਾਦਲ) ਵਾਲੇ ਨਹੀਂ ਕਰ ਰਹੇ ਜਿੰਨਾ ਪੰਜਾਬ ਦੇ ਕਾਮਰੇਡ ਕਰ ਰਹੇ ਹਨ। ਅਕਾਲੀਆਂ ਦਾ ਵਿਰੋਧ ਹੁਣ ਤੱਕ ਸਾਧਾਰਨ ਬਿਆਨਬਾਜ਼ੀ ਤੱਕ ਹੀ ਸੀਮਤ ਰਿਹਾ ਹੈ ਜਿਵੇਂ ਇਹ ਕਹਿਣਾ ਕਿ ਉਸਨੇ ਪਾਰਟੀ ਦੇ ਜ਼ਾਬਤੇ ਦੀ ਉਲੰਘਣਾ ਕੀਤੀ, ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ, ਕਿਸੇ ਇੱਕ ਵਿਅਕਤੀ ਦੇ ਨਿਕਲ ਜਾਣ ਨਾਲ ਪਾਰਟੀ ਨੂੰ ਫਰਕ ਨਹੀਂ ਪਵੇਗਾ ਆਦਿ ਆਦਿ। ਸੁਖਬੀਰ ਤੇ ਪ੍ਰਕਾਸ਼ ਬਾਦਲ ਦੋਹਾਂ ਨੇ ਹੀ ਇਸ ਮਸਲੇ ਪ੍ਰਤੀ ਠੰਡਾ ਵਤੀਰਾ ਅਪਣਾਇਆ ਹੋਇਆ ਹੈ ਜਿਵੇਂ ਉਹ ਮਨਪ੍ਰੀਤ ਦੇ ਅੱਡ ਹੋਣ ਦੀ ਬਹੁਤੀ ਪ੍ਰਵਾਹ ਨਾ ਕਰਦੇ ਹੋਣ। ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਹ ਮਨਪ੍ਰੀਤ ਦੇ ਉਭਾਰ ਤੋਂ ਘਬਰਾਏ ਹੋਏ ਨਹੀਂ ਹਨ, ਉਹ ਘਬਰਾਏ ਜ਼ਰੂਰ ਹਨ ਤੇ ਇਹ ਜਾਣਦੇ ਵੀ ਹਨ ਕਿ ਚੋਣਾਂ ਵਿੱਚ ਮਨਪ੍ਰੀਤ ਉਨਾਂ ਦੇ ਵੋਟ ਬੈਂਕ ਨੂੰ ਵੱਡੀ ਢਾਹ ਵੀ ਲਾ ਸਕਦਾ ਹੈ। ਪਰ ਉਹ ਇਸ ਗੱਲੋਂ ਨਿਸਚਿੰਤ ਹਨ ਕਿ ਮਨਪ੍ਰੀਤ ਅਕਾਲੀ ਦਲ ਦਾ ਬਦਲ ਬਣ ਸਕੇਗਾ। ਉਹ ਜਾਣਦੇ ਹਨ ਮਨਪ੍ਰੀਤ ਕਦੇ ਵੀ ਅਕਾਲੀ ਦਲ ਦਾ ਬਦਲ ਨਹੀਂ ਬਣ ਸਕੇਗਾ ਅਤੇ ਉਹ ਪਾਰਟੀ ਤੋਂ ਨਾਰਾਜ਼ ਵਿਅਕਤੀਆਂ ਵਾਂਗ ਸਿਆਸਤ ਦੇ ਮੇਲੇ ਵਿੱਚ ਚੱਕੀਰਾਹੇ ਵਾਂਗ ਗਵਾਚ ਜਾਵੇਗਾ। ਮਨਪ੍ਰੀਤ ਤੋਂ ਪਹਿਲਾਂ ਪੰਜਾਬ ਦੇ ਲੋਕ ਟੌਹੜੇ ਅਤੇ ਹੋਰਾਂ ਦਾ ਅਜਿਹਾ ਹਸ਼ਰ ਹੋਇਆ ਦੇਖ ਚੁੱਕੇ ਹਨ।

ਦੂਜੇ ਪਾਸੇ ਪੰਜਾਬ ਦੇ ਕਾਮਰੇਡਾਂ ਵਲੋਂ ਮਨਪ੍ਰੀਤ ਬਾਦਲ ਉੱਤੇ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਉਨਾਂ ਵਲੋਂ ਵੱਡੇ-ਵੱਡੇ ਲੇਖ ਲਿਖ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਮਨਪ੍ਰੀਤ ਵੀ ਬਾਕੀਆਂ ਵਾਂਗ ਮੁੱਖ ਧਾਰਾ ਸਿਆਸਤ ਦਾ ਇੱਕ ਮੋਹਰਾ ਹੀ ਹੈ ਅਤੇ ਉਸ ਵਲੋਂ ਕੀਤਾ ਜਾ ਰਿਹਾ ਬਦਲਵੇਂ ਨਿਜ਼ਾਮ ਦਾ ਪ੍ਰਚਾਰ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਵੋਟਾਂ ਬਟੋਰਨ ਦੀ ਨੀਤੀ ਤੋਂ ਇਲਾਵਾ ਕੁਝ ਵੀ ਨਹੀਂ। ਇਸ ਗੱਲ ਨੂੰ ਸਾਬਤ ਕਰਨ ਲਈ ਉਹ ਮਨਪ੍ਰੀਤ ਦੇ ਆਪਣੇ ਇਲਾਕੇ ਗਿੱਦੜਬਾਹਾ ਵਿੱਚ ਚੋਣਾਂ ਦੌਰਾਨ ਹੁੰਦੀਆਂ ਰਹੀਆਂ ਧਾਂਦਲੀਆਂ ਤੇ ਪ੍ਰਸਾਸ਼ਨ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਸਬੂਤਾਂ ਵਜੋਂ ਕੱਢ ਕੇ ਸਾਹਮਣੇ ਲਿਆ ਰਹੇ ਹਨ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮਨਪ੍ਰੀਤ ਬਾਦਲ ਪਿਛਲੇ 15 ਸਾਲਾਂ ਤੋਂ ਭ੍ਰਿਸ਼ਟ ਅਕਾਲੀ ਰਾਜਨੀਤੀ ਦਾ ਇੱਕ ਅਹਿਮ ਹਿੱਸਾ ਰਿਹਾ ਹੈ, ਸੋ ਉਸਦਾ ਸਿਆਸੀ ਕਿਰਦਾਰ ਪਾਕ ਹੋਣ ਦੀ ਆਸ ਕਰਨੀ ਮੂਰਖਤਾ ਹੀ ਹੈ। ਕਾਮਰੇਡਾਂ ਵਲੋਂ ਮਨਪ੍ਰੀਤ ਉੱਤੇ ਲਾਏ ਜਾ ਰਹੇ ਸਾਰੇ ਇਲਜ਼ਾਮ ਠੀਕ ਹੋ ਸਕਦੇ ਹਨ ਤੇ ਮੇਰੀ ਇਨ੍ਹਾਂ ਇਲਜ਼ਾਮਾਂ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ। ਮੇਰੇ ਜ਼ਿਹਨ ਵਿੱਚ ਉੱਭਰ ਰਿਹਾ ਸਵਾਲ ਤਾਂ ਸਿਰਫ ਇਹ ਹੈ ਕਿ ਕਾਮਰੇਡਾਂ ਵਲੋਂ ਮਨਪ੍ਰੀਤ ਬਾਦਲ ਦੀ ਵਿਰੋਧਤਾ ਏਨੀ ਤਤਪਰਤਾ ਨਾਲ ਕਰਨ ਦਾ ਕੀ ਕਾਰਣ ਹੈ? ਜੇ, ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ, ਮਨਪ੍ਰੀਤ ਬਾਦਲ ਭ੍ਰਿਸ਼ਟ ਸਿਆਸੀ ਤਾਣੇ ਬਾਣੇ ਦਾ ਇੱਕ ਅੰਸ਼ ਮਾਤਰ ਹੀ ਹੈ ਤਾਂ ਫਿਰ ਉਸ ਦੀ ਏਨੀ ਤੀਬਰਤਾ ਨਾਲ ਵਿਰੋਧਤਾ ਕਰਨ ਦੀ ਕੀ ਜ਼ਰੂਰਤ ਪੈ ਗਈ? ਕਿਉਂ ਨਹੀਂ ਮਨਪ੍ਰੀਤ ਬਾਦਲ ਦੀ ਵਿਰੋਧਤਾ ਵਿੱਚ ਜ਼ਾਇਆ ਕੀਤੀ ਜਾ ਰਹੀ ਊਰਜਾ ਸਾਰਥਿਕ ਕੰਮਾਂ ਵੱਲ ਲਾਈ ਜਾਂਦੀ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮਨਪ੍ਰੀਤ ਬਾਦਲ ਤੇ ਪੰਜਾਬ ਦੇ ਕਾਮਰੇਡਾਂ ਦੀ ਵਿਚਾਰਧਾਰਾ ਦੇ ਪਿਛੋਕੜ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਦੋਹਾਂ ਦੇ ਸਿਆਸੀ ਪ੍ਰਾਜੈਕਟ ਭਾਵੇਂ ਦੇਖਣ ਨੂੰ ਇੱਕ ਦੂਜੇ ਦੇ ਉਲਟ ਲਗਦੇ ਹਨ ਪਰ ਦੋਹਾਂ ਦਾ ਵਿਚਾਰਧਾਰਕ ਆਧਾਰ ਸਾਂਝਾ ਹੈ। ਇਸ ਲੁਕਵੀਂ ਵਿਚਾਰਧਾਰਕ ਸਾਂਝ ਨੂੰ ਜੇਕਰ ਕੋਈ ਨਾਂਅ ਦੇਣਾ ਹੋਵੇ ਤਾਂ ਇਹ ਦਿੱਤਾ ਜਾ ਸਕਦਾ ਹੈ – ਆਧੁਨਿਕ ਭੋਗਵਾਦੀ ਨਾਸਤਿਕਤਾ।

ਮੇਰੇ ਇਸ ਦਾਅਵੇ ਨੂੰ ਪੜ੍ਹ ਕੇ ਕੁਝ ਪਾਠਕ ਜ਼ਰੂਰ ਹੈਰਾਨ ਹੋ ਰਹੇ ਹੋਣਗੇ ਤੇ ਸੋਚ ਰਹੇ ਹੋਣਗੇ ਕਿ ਕਿਹੜੀਆਂ ਦਲੀਲਾਂ ਰਾਹੀਂ ਇਸ ਦਾਅਵੇ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਅਜਿਹੇ ਸ਼ੰਕਿਆਂ ਨੂੰ ਦੂਰ ਕਰਨ ਹਿੱਤ ਮੈਂ ਇਸ ਮਸਲੇ ਦੀ ਵਿਸਥਾਰ ਸਹਿਤ ਵਿਆਖਿਆ ਕਰਨ ਦੀ ਇਜਾਜ਼ਤ ਚਾਹਾਂਗਾ।

ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੇ ਸਿਆਸੀ ਦਲ ਖੜ੍ਹੇ ਕਰਨ ਵਾਲੇ ਬਾਕੀ ਸਿਆਸਤਦਾਨਾਂ ਨਾਲੋਂ ਮਨਪ੍ਰੀਤ ਬਾਦਲ ਦਾ ਵੱਡਾ ਫਰਕ ਇਹ ਹੈ ਕਿ ਜਿੱਥੇ ਟੌਹੜੇ ਵਰਗੇ ਸਿਆਸਤਦਾਨਾਂ ਨੇ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਕੇ ਆਪਣੇ ਵੱਖਰੇ ਅਕਾਲੀ ਦਲ ਹੀ ਬਣਾਏ ਸਨ ਤੇ ਆਪਣੀ ਸਿਆਸਤ ਦਾ ਧੁਰਾ ਵੀ ਭਾਰਤ ਅੰਦਰ ਸਿੱਖਾਂ ਦੀ ਰਾਜਨੀਤਕ ਬੇਚੈਨੀ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣ ਤੱਕ ਹੀ ਸੀਮਤ ਰੱਖਿਆ ਸੀ ਉੱਥੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਆਪਣੀ ਦਿੱਖ ਸੈਕੂਲਰ ਬਣਾਉਣ ਦੀ ਪੂਰੀ ਵਾਹ ਲਾਈ ਹੋਈ ਹੈ। 27 ਮਾਰਚ ਨੂੰ ਖਟਕੜ ਕਲਾਂ ਵਿਖੇ ‘ਪੀਪਲਜ਼ ਪਾਰਟੀ ਆਫ ਪੰਜਾਬ’ ਦੀ ਸਥਾਪਨਾ ਦਾ ਐਲਾਨ ਕਰਨ ਤੋਂ ਕਈ ਮਹੀਨੇ ਪਹਿਲਾਂ ਹੀ ਮਨਪ੍ਰੀਤ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਵਲੋਂ ਬਣਾਈ ਜਾਣ ਵਾਲੀ ਨਵੀਂ ਰਾਜਨੀਤਕ ਪਾਰਟੀ ਦੇ ਨਾਂ ਵਿੱਚ ਅਕਾਲੀ ਤੇ ਦਲ ਸ਼ਬਦ ਨਹੀਂ ਵਰਤੇ ਜਾਣਗੇ। ਇਸ ਤੋਂ ਇਲਾਵਾ ਖਟਕੜ ਕਲਾਂ ਨੂੰ ਨਵੀਂ ਪਾਰਟੀ ਦੇ ਐਲਾਨ ਲਈ ਚੁਣਨਾ ਤੇ ਪਾਰਟੀ ਦਾ ਖਾਸਾ ਸੈਕੂਲਰ ਰੱਖਣਾ ਵੀ ਉਸਦੇ ਅਕਾਲੀ ਦਲ ਨਾਲੋਂ ਡੂੰਘੇ ਵਿਚਾਰਧਾਰਕ ਤੋੜ-ਵਿਛੋੜੇ ਦਾ ਪ੍ਰਤੀਕ ਵਿਖਾਈ ਦਿੰਦਾ ਹੈ। ਪਰ ਇਹ ਵਿਚਾਰਧਾਰਕ ਤੋੜ-ਵਿਛੋੜਾ ਓਨਾ ਡੂੰਘਾ ਹੈ ਨਹੀਂ ਜਿੰਨਾ ਦਿਖਾਈ ਦਿੰਦਾ ਹੈ।

ਅਕਾਲੀ ਦਲ (ਬਾਦਲ) ਪਹਿਲਾਂ ਹੀ 1997 ਵਿੱਚ ‘ਪੰਜਾਬ-ਪੰਜਾਬੀ-ਪੰਜਾਬੀਅਤ’ ਦਾ ਨਾਅਰਾ ਦੇ ਕੇ ਆਪਣੇ ਸੈਕੂਲਰਕਰਨ ਦਾ ਮੁੱਢ ਬੰਨ੍ਹ ਚੁੱਕਿਆ ਹੈ। ਅਕਾਲੀ ਦਲ ਵਲੋਂ ਸਿੱਖਾਂ ਦੀਆਂ ਰਾਜਨੀਤਕ ਸਮੱਸਿਆਵਾਂ ਦੀ ਗੱਲ ਕਰਨੀ ਮਹਿਜ਼ ਸਿਆਸੀ ਮੌਕਾਪ੍ਰਸਤੀ ਤੋਂ ਵੱਧ ਕੁਝ ਵੀ ਨਹੀਂ, ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਅਕਾਲੀ ਦਲ (ਬਾਦਲ) ਤੇ ਮਨਪ੍ਰੀਤ ਬਾਦਲ ਦੋਹਾਂ ਦਾ ਹੀ ਆਰਥਿਕ ਪ੍ਰੋਗਰਾਮ ਵੀ ਮਨਮੋਹਨ ਸਿੰਘ ਵਲੋਂ ਸ਼ੁਰੂ ਕੀਤੇ ਗਏ ਨਵਉਦਾਰਵਾਦੀ ਵਿਸ਼ਵੀਕਰਣ ਦੇ ਏਜੰਡੇ ਨੂੰ ਪੰਜਾਬ ਵਿੱਚ ਲਾਗੂ ਕਰਨਾ ਹੀ ਹੈ।

ਮਨਪ੍ਰੀਤ ਵਲੋਂ ਦਿੱਤਾ ਜਾ ਰਿਹਾ ਵੱਡਾ ਸਿਆਸੀ ਨਾਹਰਾ ਸਿਰਫ ਭ੍ਰਿਸ਼ਟਾਚਾਰ ਦਾ ਮੁੱਦਾ ਹੀ ਰਹਿ ਜਾਂਦਾ ਹੈ ਜਿਸਨੂੰ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵਲੋਂ ਤੋਤਾ-ਰਟਨ ਵਾਂਗੂੰ ਵਰਤਿਆ ਜਾਂਦਾ ਹੈ। ਮਨਪ੍ਰੀਤ ਨੇ ਵੀ ਬਾਕੀ ਪਾਰਟੀਆਂ ਵਾਂਗ ਇਸ ਤੱਥ ਵਲੋਂ ਅੱਖਾਂ ਮੀਚੀਆਂ ਹੋਈਆਂ ਹਨ ਕਿ ਭ੍ਰਿਸ਼ਟਾਚਾਰ ਚੰਦ ਕੁ ਬੰਦਿਆਂ ਦੇ ਲਾਲਚੀ ਹੋਣ ਦਾ ਨਤੀਜਾ ਨਹੀਂ ਸਗੋਂ ਆਧੁਨਿਕ ਪੂੰਜੀਵਾਦੀ ਨਿਜ਼ਾਮ ਦੀ ਕਾਰਜ-ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨਪ੍ਰੀਤ ਦਾ ਅਕਾਲੀ ਦਲ ਨਾਲੋਂ ਵਿਚਾਰਧਾਰਕ ਵਖਰੇਵਾਂ ਕੀ ਹੈ? ਅਸਲ ਵਿੱਚ ਵਿਚਾਰਧਾਰਕ ਵਖਰੇਵਾਂ ਕੋਈ ਹੈ ਨਹੀਂ, ਸਿਰਫ ਸਵੈ-ਪੇਸ਼ਕਾਰੀ ਵਿੱਚ ਤਰਜੀਹਾਂ ਦਾ ਫਰਕ ਹੈ। ਅਕਾਲੀ ਦਲ (ਬਾਦਲ) ਜਿੱਥੇ ਆਪਣੇ ਨਾਂ ਅਤੇ ਇਤਿਹਾਸ ਕਾਰਣ ਪ੍ਰਮੁੱਖ ਰੂਪ ਵਿੱਚ ਸਿੱਖ ਰਾਜਨੀਤਕ ਸੰਗਠਨ ਹੋਣ ਦਾ ਪ੍ਰਭਾਵ ਦਿੰਦਾ ਹੈ, (ਜਿਹੜਾ ਕਿ ਉਹ ਅਸਲ ਵਿੱਚ ਰਿਹਾ ਨਹੀਂ) ਉਥੇ ਮੌਜੂਦਾ ਲੀਡਰਸ਼ਿਪ ਦੀ ਉਸ ਨਾਂ ਤੇ ਇਤਿਹਾਸ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਨਾ ਦੇ ਸਕਣਾ ਇੱਕ ਸਿਆਸੀ ਮਜ਼ਬੂਰੀ ਹੈ। ਇਸੇ ਮਜ਼ਬੂਰੀ ਵੱਸ ਅਕਾਲੀ ਦਲ ਸਿੱਖੀ ਅਤੇ ਪੰਜਾਬੀਅਤ (ਸੈਕੂਲਰ ਰਾਸ਼ਟਰਵਾਦ) ਦੀਆਂ ਦੋ ਬੇੜੀਆਂ ਵਿੱਚ ਇਕੱਠਿਆਂ ਸਵਾਰੀ ਕਰ ਰਿਹਾ ਹੈ। ਸਥਿਤੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਇਸ ਸਿਆਸੀ ਬਾਜ਼ੀਗਰੀ ਨੇ ਅਕਾਲੀ ਦਲ ਦਾ ਨੁਕਸਾਨ ਕਰਨ ਦੀ ਥਾਂ ਹੁਣ ਤੱਕ ਉਸਨੂੰ ਫਾਇਦਾ ਹੀ ਪਹੁੰਚਾਇਆ ਹੈ। 1997 ਤੱਕ ਪੰਜਾਬ ਦੀ ਡੈਮੋਗਰਾਫਿਕ ਸਥਿਤੀ ਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪਿਛਲੱਗ ਸੱਭਿਆਚਾਰਕ ਕੰਜਰਪੁਣੇ ਵਲੋਂ ਲੋਕਾਂ ਦੀ ਜੀਵਨ-ਤਰਜ਼ ਵਿੱਚ ਲਿਆਂਦੀਆਂ ਤਬਦੀਲੀਆਂ ਦੇ ਮੱਦੇਨਜ਼ਰ ਕਿਸੇ ਖਾਸ ਧਾਰਮਿਕ ਸਮੂਹ ਦੀ ਤਰਜ਼ਮਾਨੀ ਕਰਦੀ ਸਿਆਸੀ ਪਾਰਟੀ ਵਲੋਂ ਵੋਟਾਂ ਰਾਹੀਂ ਸੱਤਾ ਵਿੱਚ ਆਉਣਾ ਅਸੰਭਵ ਦਿਖਾਈ ਦੇਣ ਲੱਗਿਆ ਸੀ। ਇਸੇ ਕਾਰਣ ਅਕਾਲੀ ਦਲ ਨੇ ਪੈਂਤੜਾ ਬਦਲਦਿਆਂ ਪੰਜਾਬੀਅਤ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਰੇ ਸਿੱਖ ਮੁੱਦਿਆਂ ਨੂੰ ਹਾਸ਼ੀਏ ਤੇ ਸਿੱਟ ਦਿੱਤਾ।

1997 ਤੋਂ ਹੁਣ ਤੱਕ ਪੰਜਾਬ ਦੇ ਸਮਾਜਿਕ ਸੱਭਿਆਚਾਰਕ ਜੀਵਨ ਵਿੱਚ ਆਈਆਂ ਤਬਦੀਲੀਆਂ ਦਾ ਫੈਲਾਅ ਹੋਇਆ ਹੈ। ਇਸ ਅਰਸੇ ਦੌਰਾਨ ਗਲੋਬਲੀ ਪੂੰਜੀ ਦੇ ਅਰੁੱਕ ਫੈਲਾਅ ਨੇ ਮਨੋਰੰਜਨ ਸਨਅਤ ਤੇ ਹੋਰ ਸਾਧਨਾਂ ਰਾਹੀਂ ਲੋਕਾਂ ਦੀ ਜੀਵਨ-ਤਰਜ਼ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਇਨ੍ਹਾਂ ਤਬਦੀਲੀਆਂ ਨੇ ਲੋਕਾਂ ਅੰਦਰ ਵਿਕਸਤ ਪੂੰਜੀਵਾਦੀ ਸਮਾਜਾਂ ਦੀ ਤਰਜ਼ ਉੱਤੇ ਭੋਗਵਾਦੀ ਰੁਚੀਆਂ ਨੂੰ ਉਤਸ਼ਾਹਿਤ ਕੀਤਾ ਹੈ। ਪੂੰਜੀਵਾਦ ਦੀ ਇੱਕ ਖਾਸੀਅਤ ਇਹ ਹੈ ਕਿ ਇਸਦਾ ਵਿਚਾਰਧਾਰਕ ਆਧਾਰ ਨਾਸਤਿਕ ਹੋਣ ਦੇ ਬਾਵਜੂਦ ਵੀ ਇਹ ਆਪਣੇ ਲਚਕੀਲੇਪਣ ਕਾਰਣ ਮੰਡੀ ਦੇ ਵਿਸਤਾਰ ਲਈ ਨਸਲੀ ਤੇ ਸੱਭਿਆਚਾਰ ਪਛਾਣਾਂ ਨੂੰ ਵੀ ਆਪਣੇ ਹੱਕ ਵਿੱਚ ਭੁਗਤਾ ਜਾਂਦਾ ਹੈ। ਲੋਕਾਂ ਦੇ ਧਾਰਮਿਕ ਰੁਝਾਨਾਂ ਨੂੰ ਪੂੰਜੀਵਾਦ ਦੇ ਫੈਲਾਅ ਦੇ ਰਸਤੇ ਵਿੱਚ ਰੋੜਾ ਹੀ ਸਮਝਿਆ ਜਾਂਦਾ ਹੈ ਕਿਉਂਕਿ ਉਪਭੋਗਤਾ ਦਾ ਸਾਰਾ ਤਰਕ ਇਸ ਦਲੀਲ ‘ਤੇ ਆਧਾਰਿਤ ਹੈ ਕਿ ਮਨੁੱਖੀ ਜ਼ਿੰਦਗੀ ਦਾ ਮੁੱਖ ਮਕਸਦ ਅੱਯਾਸ਼ੀ ਹੀ ਹੈ। ਦੂਜੇ ਪਾਸੇ ਧਾਰਮਿਕ ਜੀਵਨ-ਜਾਂਚ ਬਹੁਤਾ ਕਰਕੇ ਭੋਗਵਾਦੀ ਬਿਰਤੀਆਂ ਨੂੰ ਸੰਜਮ ਵਿੱਚ ਰੱਖ ਕੇ ਜਿਊਣ ਦੀ ਵਕਾਲਤ ਕਰਦੀ ਹੈ।

ਹੁਣ ਮੁੜੀਏ ਪੰਜਾਬ ਦੀ ਸਿਆਸਤ ਵੱਲ। ਮਨਪ੍ਰੀਤ ਬਾਦਲ ਨੇ ਖਟਕੜ ਕਲਾਂ ਵਿੱਚ ਹੋਈ ਰੈਲੀ ਦੌਰਾਨ ਆਪਣੇ ਧਰਮ ਪ੍ਰਤੀ ਨਜ਼ਰੀਏ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ, ”ਜੇ ਅਸੀਂ 18ਵੀਂ ਸਦੀ ਵਿੱਚ ਪਿੱਛੇ ਝਾਤ ਮਾਰੀਏ, ਕਾਰਲ ਮਾਰਕਸ ਨੇ ਸੰਕੇਤ ਕੀਤਾ ਸੀ ਕਿ ਸੱਤਾ ਪ੍ਰਾਪਤ ਲੋਕਾਂ ਨੇ ਸੱਤਾ ਬਣਾਈ ਰੱਖਣ ਲਈ ਧਰਮ ਦਾ ਆਸਰਾ ਲਿਆ। ….ਕੌੜਾ ਸੱਚ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਬੂ ਰੱਖਣ ਲਈ ਧਰਮ ਨੇ ਅਫੀਮ ਦਾ ਕੰਮ ਕੀਤਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ-ਆਪ ਨੂੰ ਝੰਜੋੜੀਏ ਤੇ ਇਸ ਭਟਕਣ ਵਿੱਚੋਂ ਬਾਹਰ ਕੱਢੀਏ। ਮੇਰੇ ਪੰਜਾਬੀ ਵੀਰੋ, ਮੈਂ ਤੁਹਾਨੂੰ ਅੱਜ ਪੀਪਲਜ਼ ਪਾਰਟੀ ਆਫ ਪੰਜਾਬ ਦੇ ਰੂਪ ਵਿੱਚ ਨਵਾਂ ਬਦਲ ਦੇ ਰਿਹਾ ਹਾਂ।” ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵੀ ਉਸਨੇ ਅਖੀਰ ਵਿੱਚ ਕਿਸੇ ਵੱਲੋਂ ਪਰਚੀ ਲਿਖ ਕੇ ਇਹ ਕਹੇ ਜਾਣ ‘ਤੇ ਹੀ ਲਿਆ ਕਿ ਸਿੱਖ ਗੁਰੂ ਸਾਹਿਬਾਨ ਦੀ ਗੱਲ ਵੀ ਕਰਨੀ ਚਾਹੀਦੀ ਹੈ। ਇਹ ਤਾਂ ਸਪੱਸ਼ਟ ਹੀ ਹੈ ਕਿ ਉਹ ਆਪਣਾ ਮੁੱਖ ਪ੍ਰੇਰਨਾਸਰੋਤ ਭਗਤ ਸਿੰਘ ਨੂੰ ਬਣਾ ਰਿਹਾ ਹੈ ਨਾ ਕਿ ਸਿੱਖ ਗੁਰੂ ਸਾਹਿਬਾਨ ਨੂੰ। ਇਸ ਦਾ ਕਾਰਣ ਇਹ ਨਹੀਂ ਕਿ ਉਸਨੂੰ ਭਗਤ ਸਿੰਘ ਨਾਲ ਜਾਂ ਉਸ ਦੀ ਵਿਚਾਰਧਾਰਾ ਨਾਲ ਵਿਸ਼ੇਸ਼ ਲਗਾਓ ਹੈ। ਕਾਰਣ ਇਹ ਹੈ ਕਿ ਭਗਤ ਸਿੰਘ ਦਾ ਨਾਂ ਲੈ ਕੇ ਉਹ ਆਪਣੀ ਨਾਸਤਿਕਤਾ ਨੂੰ ਸਮਾਜਿਕ ਨੈਤਿਕਤਾ ਦੇ ਚਮਕੀਲੇ ਪੰਨੇ ਵਿੱਚ ਲਪੇਟ ਕੇ ਵੇਚ ਸਕਦਾ ਹੈ। ਉਸਦਾ ਆਰਥਿਕ ਪ੍ਰੋਗਰਾਮ ਭਗਤ ਸਿੰਘ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ ਪਰ ਭਗਤ ਸਿੰਘ ਦੀ ਨਾਸਤਿਕਤਾ ਉਸਦੇ ਪੂੰਜੀਵਾਦੀ ਆਰਥਿਕ ਪ੍ਰੋਗਰਾਮ ਨੂੰ ਵੀ ਓਨੀ ਹੀ ਫਿੱਟ ਬੈਠਦੀ ਹੈ ਜਿੰਨੀ ਕਾਮਰੇਡਾਂ ਦੇ ਸਮਾਜਵਾਦ ਨੂੰ।

ਹੁਣ ਮੁੜੀਏ ਪੰਜਾਬ ਦੇ ਕਾਮਰੇਡਾਂ ਵੱਲ। 1947 ਤੋਂ ਬਾਅਦ ਕਾਮਰੇਡਾਂ ਨੇ ਆਪਣਾ ਪ੍ਰੇਰਨਾਸ੍ਰੋਤ ਭਗਤ ਸਿੰਘ ਨੂੰ ਬਣਾਇਆ ਨਾ ਕਿ ਗਦਰੀ ਬਾਬਿਆਂ ਨੂੰ। ਕਾਰਣ ਇਹ ਨਹੀਂ ਕਿ ਭਗਤ ਸਿੰਘ ਗਦਰੀ ਬਾਬਿਆਂ ਤੋਂ ਵੱਡਾ ਇਨਕਲਾਬੀ ਸੀ ਜਾਂ ਉਹ ਬੌਧਿਕ ਤੌਰ ‘ਤੇ ਉਨ੍ਹਾਂ ਨਾਲੋਂ ਵੱਧ ਚੇਤੰਨ ਸੀ। ਕਾਰਣ ਸਿਰਫ ਏਨਾ ਸੀ ਕਿ ਨਵੇਂ ਕਾਮਰੇਡਾਂ ਨੂੰ ਗਦਰੀ ਬਾਬਿਆਂ ਦਾ ਸਿੱਖੀ ਅਸੂਲਾਂ ਨੂੰ ਪ੍ਰਣਾਇਆ ਜੀਵਨ ਰਾਸ ਨਹੀਂ ਸੀ ਆਉਂਦਾ। ਨਵੇਂ ਕਾਮਰੇਡ, ਆਪਣੇ ਪੂੰਜੀਵਾਦੀ ਨਾਸਤਿਕ ਭਰਾਵਾਂ ਵਾਂਗ, ਭੋਗਵਾਦੀ ਬਿਰਤੀਆਂ ਵਿੱਚ ਗਲਤਾਨ ਹੋਣ ਲਈ ਤਰਲੋਮੱਛੀ ਸਨ ਪਰ ਸਮਾਜਿਕ ਨਿਆਂ ਲਈ ਲੜਦੇ ਹੋਣ ਦਾ ਲੇਬਲ ਵੀ ਬਚਾ ਕੇ ਰੱਖਣਾ ਚਾਹੁੰਦੇ ਸਨ। ਭਗਤ ਸਿੰਘ ਵਲੋਂ ਗ੍ਰਿਫਤਾਰੀ ਤੋਂ ਬਚਣ ਲਈ ਅਪਣਾਈ ਗਈ ਸਫਾਚੱਟ ਦਿੱਖ ਨੂੰ ਇਨ੍ਹਾਂ ਨੇ ਬਗੈਰ ਗ੍ਰਿਫਤਾਰੀ ਦੇ ਖਤਰੇ ਤੋਂ ਹੀ ਅਪਣਾ ਲਿਆ। ਇਸੇ ਲਈ ਭਗਤ ਸਿੰਘ ਦੀ ਆਖਰੀ ਫੋਟੋ ਜਿਸ ਵਿੱਚ ਉਸ ਕੇਸਾਧਾਰੀ ਹੈ, ਦੀ ਵਿਆਖਿਆ ਇਹ ਕਹਿ ਕੇ ਕਰਦੇ ਹਨ ਕਿ ਉਦੋਂ ਜੇਲਾਂ ਵਿੱਚ ਨਾਈ ਨਹੀਂ ਸਨ ਹੁੰਦੇ, ਇਸ ਲਈ ਉਸ ਦੇ ਕੇਸ ਵਧ ਗਏ ਸਨ। ਪਰ ਕੀ ਕਦੇ ਕਿਸੇ ਨੇ ਰਾਜਗੁਰੂ ਜਾਂ ਸੁਖਦੇਵ ਦੀ ਕੇਸਾਂ ਵਾਲੀ ਫੋਟੋ ਦੇਖੀ ਜਾਂ ਉਨ੍ਹਾਂ ਦੇ ਕੇਸਾਧਾਰੀ ਹੋਣ ਬਾਰੇ ਸੁਣਿਆ ਹੈ। ਜਵਾਬ ਹੈ ਨਹੀਂ। ਮੁੱਦਾ ਇਹ ਹੈ ਕਿ 1947 ਤੋਂ ਬਾਅਦ ਭਗਤ ਸਿੰਘ ਦੀ ਇੱਕ ਸਫਾਚੱਟ ਤੇ ਨਾਸਤਿਕ ਕ੍ਰਾਂਤੀਕਾਰੀ ਵਜੋਂ ਜਿਹੜੀ ਦਿੱਖ ਨੂੰ ਦਿੱਲੀ ਦਰਬਾਰ ਤੇ ਇਸ ਦੇ ਪਿਛਲੱਗ ਅਕਾਦਮਿਕ ਤੰਤਰ ਨੇ ਉਭਾਰਿਆ ਹੈ, ਪੰਜਾਬ ਦੇ ਕਾਮਰੇਡ ਤੇ ਮਨਪ੍ਰੀਤ ਬਾਦਲ ਦੋਹੇਂ ਭਗਤ ਸਿੰਘ ਦੀ ਉਸ ਨਾਸਤਿਕ ਦਿੱਖ ਨੂੰ ਕੈਸ਼ ਕਰਨ ਲਈ ਆਪੋ ਵਿੱਚ ਲੜ ਰਹੇ ਹਨ। ਇੱਥੇ ਮੁੱਦਾ ਇਹ ਨਹੀਂ ਕਿ ਭਗਤ ਸਿੰਘ ਸਿੱਖ ਸੀ ਜਾਂ ਨਾਸਤਿਕ, ਮੁੱਦਾ ਇਹ ਹੈ ਕਿ ਉਸਦੀ ਇੱਕ ਖਾਸ ਦਿੱਖ ਨੂੰ ਦੋ ਵੱਖੋ-ਵੱਖਰੀਆਂ ਤੇ ਇੱਕ ਦੂਜੇ ਦੇ ਉਲਟ ਰਾਜਨੀਤਕ-ਆਰਥਿਕ ਵਿਚਾਰਧਾਰਾਵਾਂ ਵਾਲੇ ਲੋਕ ਕੈਸ਼ ਕਰਨਾ ਚਾਹੁੰਦੇ ਹਨ। ਇਸ ਦਿੱਖ ਦਾ ਉਭਾਰ ਵੀ ਕੁਦਰਤੀ ਨਹੀਂ ਸੀ ਸਗੋਂ ਗਿਣੀਮਿਥੀ ਸਾਜ਼ਿਸ਼ ਤਹਿਤ ਸਿੱਖ ਆਜ਼ਾਦੀ ਦੀ ਲਹਿਰ ਨੂੰ ਅਸਫਲ ਕਰਨ ਲਈ ਰਾਜਤੰਤਰ ਵਲੋਂ ਕੀਤਾ ਗਿਆ ਸੀ।

ਪੰਜਾਬ ਦੇ ਕਾਮਰੇਡਾਂ ਨੇ ਇਹ ਨਹੀਂ ਸਮਝਿਆ ਕਿ ਅਠਾਰਵੀਂ ਸਦੀ ਦੇ ਯੂਰਪ ਵਿੱਚ ਧਰਮ ਦੇ ਜੋ ਅਰਥ ਸਨ ਪੰਜਾਬ ਵਿੱਚ ਉਹ ਕਦੇ ਵੀ ਨਹੀਂ ਰਹੇ। ਸਿੱਖੀ ਇੱਕ ਧਾਰਮਿਕ ਫਿਰਕਾ ਨਹੀਂ ਸਗੋਂ ਸਗਲ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਇੱਕ ਅਜਿਹੀ ਤਰਜ਼ੇ-ਜ਼ਿੰਦਗੀ ਹੈ ਜਿਸ ਦਾ ਸਮਾਜਿਕ-ਆਰਥਿਕ-ਰਾਜਨੀਤਕ ਨਿਆਂ ਲਈ ਸੰਘਰਸ਼ ਇੱਕ ਅਨਿੱਖੜਵਾਂ ਅੰਗ ਹੈ। ਇਸਾਈਅਤ ਤੇ ਇਸਲਾਮ ਵਿੱਚ ਵੀ ਸਮਾਜਿਕ-ਆਰਥਿਕ-ਰਾਜਨੀਤਕ ਨਿਆਂ ਲਈ ਸੰਘਰਸ਼ ਦੀ ਮਹੱਤਵਪੂਰਨ ਥਾਂ ਹੈ ਤੇ ਸਲਾਵੋ ਜ਼ਿਜ਼ੇਕ ਤੇ ਹਾਮਿਦ ਦਾਬਾਸ਼ੀ ਵਰਗੇ ਵਿਦਵਾਨਾਂ ਨੇ ਕ੍ਰਮਵਾਰ ਇਸਾਈਅਤ ਤੇ ਇਸਲਾਮ ਦੀ ਇਸ ਸੰਭਾਵਨਾ ਨੂੰ ਦਾਰਸ਼ਨਿਕ ਆਧਾਰ ਦੇਣ ਦੀਆਂ ਭਰਵੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਪਰ ਪੰਜਾਬ ਦੇ ਕਾਮਰੇਡਾਂ ਨੇ ਇਸ ਤੋਂ ਉਲਟ ਪਿਛਲੀ ਸਦੀ ਦੌਰਾਨ ਪੂੰਜੀਵਾਦੀ ਪ੍ਰਬੰਧ ਦੀ ਕਾਰਜ ਪ੍ਰਣਾਲੀ ਵਿੱਚ ਆਈਆਂ ਤਬਦੀਲੀਆਂ ਨੂੰ ਸਮਝਣ ਦੀ ਥਾਂ ਆਪਣੀ ਸਾਰੀ ਬੌਧਿਕ ਊਰਜਾ ਸਿੱਖੀ ਦਾ ਵਿਰੋਧ ਕਰਨ ਵਿੱਚ ਹੀ ਖਰਚ ਦਿੱਤੀ। ਕਾਰਣ ਇਹ ਸੀ ਕਿ ਇਨ੍ਹਾਂ ਦੀ ਭੋਗਵਾਦੀ ਜੀਵਨ-ਜਾਂਚ, ਜਿਵੇਂ ਸ਼ਰਾਬ ਤੇ ਸਿਗਰਟ ਦੀ ਖੁੱਲ੍ਹ ਲੈਣੀ, ਸਿੱਖੀ ਅਸੂਲਾਂ ਨਾਲ ਮੇਲ ਨਹੀਂ ਸੀ ਖਾਂਦੀ। ਸੋ ਆਪਣੀ ਨਸ਼ੇੜੀ ਬਿਰਤੀ ਨੂੰ ਚੁਣੌਤੀ ਦੇਣ ਦੀ ਬਜਾਏ ਇਨ੍ਹਾਂ ਨੇ ਨਾਸਤਿਕਤਾ ਨੂੰ ਤਾਰਕਿਕ ਕਰਾਰ ਦਿੰਦਿਆਂ ਸਿੱਖੀ ਦਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਗਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਵਿੱਚ ਅਜਿਹਾ ਵਿਰੋਧਾਭਾਸ ਮੌਜੂਦ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਆਪਣਾ ਜੀਵਨ ਸਿੱਖੀ ਅਸੂਲਾਂ ਨਾਲ ਇੱਕਸੁਰ ਸੀ।

ਨਕਸਲੀ ਤੇ ਖਾਲਿਸਤਾਨੀ ਲਹਿਰਾਂ ਦੇਖਣ ਤੋਂ ਬਾਅਦ ਪੰਜਾਬ ਵਿੱਚ ਕਾਮਰੇਡਾਂ ਦੀ ਇੱਕ ਹੋਰ ਨਵੀਂ ਪਨੀਰੀ ਤਿਆਰ ਹੋਈ ਹੈ ਜਿਹੜੀ ਇੱਕ ਪਾਸੇ ਆਪਣੇ ਆਪ ਨੂੰ ਨਾਸਤਿਕ ਮੰਨਦੀ ਹੈ ਤੇ ਦੂਜੇ ਪਾਸੇ ਬਾਬੇ ਨਾਨਕ ਦੀ ਗੱਲ ਵੀ ਕਰਦੀ ਹੈ। ਕਾਮਰੇਡਾਂ ਦੀ ਇਸੇ ਪੀੜ੍ਹੀ ਨਾਲ ਮਨਪ੍ਰੀਤ ਬਾਦਲ ਦੀ ਸ਼ਰੀਕੇਬਾਜ਼ੀ ਹੈ। ਇਹ ਨਵੀਂ ਪੀੜ੍ਹੀ ਉਦਾਰਵਾਦੀ ਵਿਸ਼ਵੀਕਰਣ ਵਲੋਂ ਲਿਆਂਦੀਆਂ ਗਈਆਂ ‘ਖੁੱਲ੍ਹਾਂ’ ਦਾ ਆਨੰਦ ਵੀ ਮਾਨਣਾ ਚਾਹੁੰਦੀ ਹੈ ਤੇ ਆਪਣੀ ‘ਜ਼ਿੰਮੇਵਾਰੀ’ ਦੇ ‘ਸਬੂਤ’ ਵਜੋਂ ਮਾਰਕਸਵਾਦੀ ਤੇ ਸਿੱਖੀ ਦੇ ਹਮਦਰਦ ਹੋਣ ਦਾ ਢੌਂਗ ਵੀ ਬਣਾਈ ਰੱਖਣਾ ਚਾਹੁੰਦੀ ਹੈ। ਪਾਖੰਡਬਾਜ਼ੀ ਦੀ ਇਸ ਖੇਡ ਵਿੱਚ ਮਨਪ੍ਰੀਤ ਇਨ੍ਹਾਂ ਹੱਥੋਂ ਬਾਜ਼ੀ ਮਾਰ ਗਿਐ। ਉਹਦੀ ਦਿੱਖ (ਕੱਟੀ ਹੋਈ ਦਾੜ੍ਹੀ) ਵਿਚਾਰਧਾਰਾ (ਸੈਕੂਲਰ ਨਾਸਤਿਕਵਾਦ) ਤੇ ਆਰਥਿਕ ਪ੍ਰੋਗਰਾਮ (ਪੂੰਜੀਵਾਦ) ਜਿਹੜੀ ਜੀਵਨ-ਜਾਂਚ ਪੇਸ਼ ਕਰਦੇ ਹਨ ਉਸ ਦਾ ਨਾਂ ਹੈ – ‘ਆਧੁਨਿਕ ਭੋਗਵਾਦੀ ਨਾਸਤਿਕਤਾ।’ ਇਸ ਨਾਸਤਿਕਤਾ ਨੂੰ ਉਹ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਦੇ ਵਾਅਦੇ ਦਾ ਮੁਲੰਮਾ ਚਾੜ੍ਹ ਕੇ ਵੰਡ ਰਿਹੈ। ਇਸ ਤਰ੍ਹਾਂ ਉਹ ਆਪਣੀ ਨੈਤਿਕਤਾ ਦਾ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਿਹੈ। ਯੂਰਪ ਵਿੱਚ ਕਿਉਂਕਿ ਨਾਹਿਲਿਜ਼ਮ ਆਪਣਾ ਪੂਰਾ ਜ਼ੋਰ ਪ੍ਰਗਟ ਕਰ ਚੁੱਕੈ ਇਸ ਲਈ ਉੱਥੇ ਨਾਸਤਿਕਤਾ ਨੂੰ ਨੈਤਿਕਤਾ ਦੇ ਮੁਲੰਮੇ ਤੋਂ ਬਿਨਾਂ ਵੀ ਪ੍ਰਵਾਨ ਕੀਤਾ ਜਾ ਚੁੱਕੈ। ਪਰ ਪੰਜਾਬ ਵਰਗੇ ਸਮਾਜ ਅੰਦਰ ਫੋਕੀ ਨਾਸਤਿਕਤਾ ਵਿਕ ਨਹੀਂ ਸਕਦੀ, ਇਸ ਲਈ ਇਸ ਨੂੰ ਮਾਰਕਸਵਾਦ ਜਾਂ ਚੰਗੇ ਪ੍ਰਸਾਸ਼ਨ ਦਾ ਮੁਲੰਮਾ ਚਾੜ੍ਹਨਾ ਮਜ਼ਬੂਰੀ ਹੈ। ਜਦੋਂ ਪੰਜਾਬ ਦੇ ਕਾਮਰੇਡ ਕਹਿੰਦੇ ਹਨ ਕਿ ਅਸੀਂ ਬਾਬੇ ਨਾਨਕ ਦੇ ਕਿਰਤ ਕਰੋ ਤੇ ਵੰਡ ਛਕੋ ਨਾਲ ਤੇ ਸਹਿਮਤ ਹਾਂ ਪਰ ਨਾਮ ਜਪੋ ਦੀ ਬਹੁਤੀ ਲੋੜ ਨਹੀਂ ਲਗਦੀ। ਉਦੋਂ ਉਹ ਵੀ ਮਨਪ੍ਰੀਤ ਬਾਦਲ ਦੇ ਚੰਗੇ ਪ੍ਰਸਾਸ਼ਨ ਦੇ ਵਾਅਦੇ ਵਾਂਗੂੰ ਆਪਣੀ ਨਾਸਤਿਕਤਾ ਵੇਚਣ ਤੇ ਆਪਣੀ ਖੁਦ ਦੀ ਭੋਗਵਾਦੀ ਜੀਵਨ ਜਾਚ ਨੂੰ ਜਾਇਜ਼ ਠਹਿਰਾਉਣ ਲਈ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਇਸਤੇਮਾਲ ਹੀ ਕਰ ਰਹੇ ਹੁੰਦੇ ਹਨ। ਅਸਲ ਵਿੱਚ ਮਨਪ੍ਰੀਤ ਬਾਦਲ ਵਰਗੇ ਆਪਣੇ ਪੂੰਜੀਵਾਦੀ ਭਰਾਵਾਂ ਵਾਂਗ ਵਿਚਾਰਧਾਰਾ ਉਨ੍ਹਾਂ ਦੀ ਵੀ ਉਹੀ ਹੈ – ਆਧੁਨਿਕ ਭੋਗਵਾਦੀ ਨਾਸਤਿਕਤਾ। ਪੂੰਜੀ ਭਾਵੇਂ ਵਿਚਾਧਾਰਕ ਹੀ ਕਿਉਂ ਨਾ ਹੋਵੇ, ਭਰਾਵਾਂ ‘ਚ ਵੰਡ ਨੂੰ ਲੈ ਕੇ ਸ਼ਰੀਕੇਬਾਜ਼ੀ ਪੈਦਾ ਹੋਣੀ ਤਾਂ ਕੁਦਰਤੀ ਹੀ ਹੈ। ---000---

*ਲੇਖਕ ਨੌਜਵਾਨ ਸਿੱਖ ਚਿੰਤਕ ਹਨ

Post a Comment

0 Comments
Post a Comment (0)
To Top