ਸੱਜਨ ਰੇ ਝੂਠ ਮਤ ਬੋਲੋ...ਦੁਨੀਆਂ ਕੋ ਮੂੰਹ ਦਿਖਾਣਾ ਹੈ

ਸੁਨੇਹਾ
0
ਭਾਰਤ ਦੀਆਂ ਅੱਠ ਸਟੇਟਾਂ ਦੇ ਲੋਕ, ਅਫਰੀਕਾ ਦੇ 26 ਗਰੀਬ ਦੇਸ਼ਾਂ ਦੀ ਕੁੱਲ ਅਬਾਦੀ ਤੋਂ ਵੀ ਗਰੀਬ
9 ਫੀ ਸਦੀ ਸਲਾਨਾ ਆਰਥਿਕ ਵਿਕਾਸ ਦਰ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ
ਯੂਨਾਇਟਿਡ ਨੇਸ਼ਨਜ਼ ਵਲੋਂ ਹਰ ਵਰ੍ਹੇ ਦੁਨੀਆ ਭਰ ਦੇ ਦੇਸ਼ਾਂ ਦੀ ‘ਵਿਕਾਸ ਗਤੀ’ ਸਬੰਧੀ ਇੱਕ ਸਲਾਨਾ ਰਿਪੋਰਟ ਕੱਢੀ ਜਾਂਦੀ ਹੈ, ਜਿਸ ਨੂੰ ਕਿ ‘ਯੂਨਾਇਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰਾਜੈਕਟ’ (ਯੂ. ਐਨ. ਡੀ. ਪੀ.) ਦਾ ਨਾਂ ਦਿੱਤਾ ਜਾਂਦਾ ਹੈ। ਇਸ ਵਰ੍ਹੇ, ਅਕਤੂਬਰ ਮਹੀਨੇ ਵਿੱਚ 20ਵੀਂ ਸਲਾਨਾ ਰਿਪੋਰਟ ਜਾਰੀ ਕੀਤੀ ਜਾਣੀ ਹੈ। ਇਸ ਵਰ੍ਹੇ ਦੀ ਰਿਪੋਰਟ ਦੀ ਤਿਆਰੀ ਵਿੱਚ, ਯੂ. ਐਨ. ਡੀ. ਪੀ. ਦੀ ਮੱਦਦ ਨਾਲ, ਆਕਸਫੋਰਡ ਪਾਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਨੇ ਇੱਕ ਨਵਾਂ ‘ਪੈਮਾਨਾ’ (ਕਰਾਈਟੇਰੀਆ) ਵੀ ਵਰਤੋਂ ਵਿੱਚ ਲਿਆਂਦਾ ਹੈ। ਇਸ ਪੈਮਾਨੇ ਨੂੰ ‘ਮਲਟੀਡਾਈਮੈਨਸ਼ਨਲ ਪਾਵਰਟੀ ਇੰਡੈਕਸ’ (ਐਮ. ਪੀ. ਆਈ.) ਦਾ ਨਾਂ ਦਿੱਤਾ ਗਿਆ ਹੈ। ਐਮ. ਪੀ. ਆਈ. ਦੀ ਪੜਚੋਲ, ਗਰੀਬੀ ਦੇ ਬਹੁਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਇਸ ਦਾ ਤਰੀਕਾਕਾਰ ਪੂਰੀ ਤਰ੍ਹਾਂ ਵਿਗਿਆਨਕ ਲੀਹਾਂ ’ਤੇ ਹੈ ਅਤੇ ਵਿਤਕਰਾ ਰਹਿਤ ਹੈ।

ਬੀਤੇ ਹਫਤੇ ਐਮ. ਪੀ. ਆਈ. ਅਧਾਰਿਤ ਮੁਢਲੀ ਰਿਪੋਰਟ ਲੰਡਨ ਵਿੱਚ ਜਾਰੀ ਕੀਤੀ ਗਈ, ਜਿਸ ਨੂੰ ਕਿ ਯੂਨਾਇਟਿਡ ਨੇਸ਼ਨਜ਼ ਦੀ ਵੈੱਬਸਾਈਟ ’ਤੇ ਵੀ ਪਾ ਦਿੱਤਾ ਗਿਆ ਹੈ। ਇਸ ਰਿਪੋਰਟ ਸਬੰਧੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਮਜ਼ ਫੋਸਟਰ ਦਾ ਕਹਿਣਾ ਹੈ

- ‘ਇਹ ਇੱਕ ਸ਼ਕਤੀਸ਼ਾਲੀ ਲੈਂਸ ਵਾਂਗ ਹੈ, ਜਿਹੜਾ ਕਿ ਤੁਹਾਨੂੰ ਹਰ ਦੇਸ਼ ਵਿਚਲੀ ਗਰੀਬੀ ਦੀਆਂ ਬਰੀਕੀਆਂ ਨੂੰ ਵੀ ਵੇਖਣ ਵਿੱਚ ਮੱਦਦ ਕਰਦਾ ਹੈ।’

ਭਾਰਤ ਦੇ ਸੰਦਰਭ ਵਿੱਚ, ਇਹ ਰਿਪੋਰਟ ਅੱਖਾਂ ਖੋਲ੍ਹਣ ਵਾਲੀ ਹੈ। ਦੁਨੀਆ ਦਾ ਲਗਭਗ ਹਰ ਬਸ਼ਿੰਦਾ ਇਹ ਸਮਝਦਾ ਹੈ ਕਿ ‘ਅਫਰੀਕਾ ਮਹਾਂਦੀਪ’ ਸਭ ਤੋਂ ਗਰੀਬ ਲੋਕਾਂ ਦਾ ਮਹਾਂਦੀਪ ਹੈ, ਜਿਥੇ ਕਿ ਲੋਕ ਭੁੱਖਮਰੀ, ਬਿਮਾਰੀ ਅਤੇ ਹੋਰ ਗਰੀਬੀ-ਮਾਰੀਆਂ ਅਲਾਮਤਾਂ ਦਾ ਸ਼ਿਕਾਰ ਹਨ। ਭਾਰਤ ਨੂੰ ਇੱਕ ‘ਵਿਕਾਸਸ਼ੀਲ ਦੇਸ਼’ ਵਜੋਂ ਜਾਣਿਆ ਜਾਂਦਾ ਹੈ। ਜੇ ਭਾਰਤ ਦੇ ਹਾਕਮਾਂ ਅਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿਚਲੇ ਦੁੱਮਛੱਲਿਆਂ ਦੇ ‘ਗਪੌੜਾਂ’ ਵੱਲ ਜਾਈਏ, ਫਿਰ ਤਾਂ ਭਾਰਤ ਨੇ 2025 ਤੱਕ ਚੀਨ ਨੂੰ ਪਿੱਛੇ ਛੱਡ ਦੇਣਾ ਹੈ ਅਤੇ 2050 ਤੱਕ ਅਮਰੀਕਾ ਨੂੰ ਵੀ ਮਾਤ ਦੇ ਕੇ, ਦੁਨੀਆ ਦੀ ‘ਸੁਪਰ ਪਾਵਰ’ ਬਣ ਜਾਣਾ ਹੈ। ਭਾਰਤੀ ਹਾਕਮਾਂ ਵਲੋਂ, ਢੋਲ ਦੇ ਡੱਗੇ ਨਾਲ, ਹਰ ਚੜ੍ਹਦੇ ਸੂਰਜ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਦੀ ਸਲਾਨਾ ਵਿਕਾਸ ਦਰ, 9 ਫੀ ਸਦੀ ਹੈ ਅਤੇ ਇਹ ਆਉਣ ਵਾਲੇ ਸਾਲਾਂ ਵਿੱਚ ਵੀ ‘ਬਰਕਰਾਰ’ ਰਹੇਗੀ।

ਪਰ ਉਪਰੋਕਤ ਰਿਪੋਰਟ ‘ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ’ ਨਿਤਾਰਦਿਆਂ ‘ਭਾਰਤੀ ਕੂੜ’ ਦਾ ਮੂੰਹ ਚਿੜਾ ਰਹੀ ਹੈ। ਰਿਪੋਰਟ ਅਨੁਸਾਰ, ਭਾਰਤ ਦੀਆਂ ਅੱਠ ਸਟੇਟਾਂ (ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ) ਵਿੱਚ ਵਸਦੇ 421 ਮਿਲੀਅਨ (40 ਕਰੋੜ, 21 ਲੱਖ ਲੋਕ) ਲੋਕ, ਅਫਰੀਕਾ ਦੇ ਗਰੀਬੀ ਮਾਰੇ 26 ਦੇਸ਼ਾਂ (ਜਿਨ੍ਹਾਂ ਦੀ ਕੁੱਲ ਅਬਾਦੀ ਦਾ ਜੋੜ 410 ਮਿਲੀਅਨ ਬਣਦਾ ਹੈ) ਵਿੱਚ ਵਸਦੇ ਗਰੀਬਾਂ ਨਾਲੋਂ ਵੀ ਬਦਤਰ, ਨਰਕ-ਭਰੀ ਜ਼ਿੰਦਗੀ ਜਿਉ ਰਹੇ ਹਨ। ਇਸ ਰਿਪੋਰਟ ਦੀ ਵਿਸਥਾਰ ਪੂਰਬਕ ਜਾਣਕਾਰੀ ਅਕਤੂਬਰ ਮਹੀਨੇ ਵਿੱਚ ਉਪਲਬਧ ਹੋਵੇਗੀ।

ਭਾਰਤ ਵਿੱਚ ਪਿਛਲੇ 63 ਸਾਲਾਂ ਦੌਰਾਨ ‘ਲੋਕਰਾਜ’ ਦੇ ਨਾਂ ਥੱਲੇ ਨਹਿਰੂ ਪਰਿਵਾਰ ਨੇ ਕਾਫੀ ਲੰਮਾ ਸਮਾਂ ‘ਬਾਦਸ਼ਾਹਤ’ ਦਾ ਆਨੰਦ ਮਾਣਿਆ ਹੈ। ਪੰਡਿਤ ਨਹਿਰੂ ਭਾਰਤ ਨੂੰ ਇੱਕ ‘ਗਰੀਬੀ ਰਹਿਤ ਸਵਰਗ’ ਬਣਾਉਣ ਦੇ ਦਾਅਵੇ ਕਰਦਾ ਸੀ ਅਤੇ ਉਸ ਦੀ ‘ਡਿਕਟੇਟਰ ਧੀ’ ਇੰਦਰਾ ਗਾਂਧੀ ਨੇ - ‘ਗਰੀਬੀ ਹਟਾਓ, ਦੇਸ਼ ਬਚਾਓ’ ਦਾ ਸਟੰਟੀ ਨਾਹਰਾ ਦੇ ਕੇ 16-17 ਸਾਲ, ਰਾਜ ਸਿੰਘਾਸਨ ਨੂੰ ਇੱਕ ਨਿੱਜੀ ਜਾਇਦਾਦ’ ਵਾਂਗ ਵਰਤਿਆ। ਸਿੱਖ ਵਿਰੋਧੀ ਹਿੰਸਾ ਦੀ ਲਹਿਰ ’ਤੇ ਸਵਾਰ ਹੋ ਕੇ, ਪ੍ਰਧਾਨ ਮੰਤਰੀ ਬਣਿਆ ਰਾਜੀਵ ਗਾਂਧੀ, ਝੋਲੀਚੁੱਕਾਂ ਨੇ ‘ਮਿਸਟਰ ਕਲੀਨ’ ਬਣਾ ਕੇ ਪ੍ਰਚਾਰਿਆ ਪਰ ‘ਬੋਫੋਰਜ਼ ਕਾਂਡ’ ਨੇ, ਉਸ ਦੀ ਅਖੌਤੀ ਈਮਾਨਦਾਰੀ ਦਾ ਭਾਂਡਾ ਚੌਰਾਹੇ ਵਿੱਚ ਲਿਆ ਭੰਨਿਆ। ਕੁਝ ਦੇਰ ਦੇ ਵਿਘਨ ਤੋਂ ਬਾਅਦ ਫਿਰ ਸੋਨੀਆ ਗਾਂਧੀ ਪਹਿਲਾਂ ਕਾਂਗਰਸ ਪ੍ਰਧਾਨ ਅਤੇ ਫਿਰ ‘ਕਿੰਗ ਮੇਕਰ’ ਰੋਲ ਵਿੱਚ ਨਮੂਦਾਰ ਹੋਈ। ਇੱਕ ਪੱਗੜੀਧਾਰੀ ਆਫਿਸਮੈਨ, ਮਨਮੋਹਣ ਸਿੰਘ ਨੂੰ ਆਰਜ਼ੀ ਤੌਰ ’ਤੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਸਜਾ ਕੇ, ਰਾਹੁਲ ਗਾਂਧੀ ਨੂੰ ‘ਟਰੇਂਡ’ ਕੀਤਾ ਜਾ ਰਿਹਾ ਹੈ ਤਾਂ ਕਿ ਪ੍ਰਧਾਨ ਮੰਤਰੀ ਦਾ ‘ਤਾਜ’ ‘ਅਸਲੀ ਬਾਦਸ਼ਾਹ’ ਦੇ ਸਿਰ ’ਤੇ ਸੁਸ਼ੋਭਿਤ ਕੀਤਾ ਜਾ ਸਕੇ। ਰਾਹੁਲ ਗਾਂਧੀ ਆਲ ਇੰਡੀਆ ਕਾਂਗਰਸ ਦਾ ਜਨਰਲ ਸਕੱਤਰ ਹੈ। ਉਹ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਾਤਾਂ ਗੁਜ਼ਾਰਦਾ ਹੈ। ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਇਨ੍ਹਾਂ ਡਰਾਮੇਬਾਜ਼ੀਆਂ ਦੀ ਕਵਰੇਜ਼, ਮੀਡੀਏ ਵਿੱਚ ਪ੍ਰਮੁੱਖਤਾ ਨਾਲ ਹੋਵੇ। ਉਸਦੇ ਝੋਲੀਚੁੱਕਾਂ ਨੇ ਉਸਨੂੰ ਮਦਰ ਟੈਰੇਸਾ (ਜਿਸਨੇ ਭਾਰਤੀ ਗਰੀਬਾਂ ਦੀ ਮਦਦ ਲਈ ਬੜੀ ਇਮਾਨਦਾਰੀ ਨਾਲ ਆਪਣਾ ਜੀਵਨ ਸਮਰਪਣ ਕੀਤਾ) ਤੋਂ ਬਾਅਦ, ਭਾਰਤ ਵਿੱਚ ‘ਗਰੀਬਾਂ ਦਾ ਮਸੀਹਾ’ ਦੇ ਰੂਪ ਵਿੱਚ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਹੈ।

ਇੰਗਲੈਂਡ ਤੋਂ ਪ੍ਰਕਾਸ਼ਿਤ ਹੁੰਦੇ ਪ੍ਰਸਿੱਧ ਮੈਗਜ਼ੀਨ ਦੀ ਇਕੌਨੋਮਿਸਟ ਨੇ ਆਪਣੇ ਜੂਨ-ਅੰਕ ਵਿੱਚ, ਰਾਹੁਲ ਗਾਂਧੀ ਸਬੰਧੀ ਤਿੱਖੀਆਂ ਟਿੱਪਣੀਆਂ ਕਰਦਾ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸਦਾ ਸਿਰਲੇਖ ਹੈ - ‘ਰਹੱਸਮਈ ਰਾਹੁਲ ਗਾਂਧੀ’। ਇਸ ਵਿੱਚ ਜਿੱਥੇ 40 ਸਾਲਾ ਰਾਹੁਲ ਗਾਂਧੀ ਨੂੰ ‘ਭਵਿੱਖ ਦਾ ਦਿੱਲੀ ਦਾ ਤਾਜ਼ਦਾਰ’ ਦੱਸਿਆ ਗਿਆ ਹੈ, ਉੱਥੇ ਹੀ ਮਨਮੋਹਣ ਸਿੰਘ ਨੂੰ ਇੱਕ ‘ਵਫਾਦਾਰ ਡਰਾਈਵਰ’ ਦੀ ਸੰਗਿਆ ਦਿੱਤੀ ਗਈ ਹੈ, ਜਿਹੜਾ ਕਿ ਆਪਣੇ ਮਾਲਕ (ਰਾਹੁਲ ਗਾਂਧੀ) ਦੇ ਰਹਿਮੋਕਰਮ ’ਤੇ ਹੈ। ਮਾਲਕ ਕਦੀ ਵੀ ਕਾਰ ਦੀ ਚਾਬੀਆਂ ਆਪਣੇ ਡਰਾਈਵਰ ਤੋਂ ਵਾਪਸ ਲੈ ਸਕਦਾ ਹੈ। ਰਾਹੁਲ ਨੂੰ ‘ਜਵਾਨ’ ਉਮਰ ਦਾ ਦੱਸਣ ਵਾਲਿਆਂ ’ਤੇ ਵਿਅੰਗ ਕਰਦਿਆਂ, ਦੀ ਇਕੌਨੋਮਿਸਟ’ ਕਹਿੰਦਾ ਹੈ ਕਿ ਰਾਹੁਲ ਦਾ ਆਪਣਾ ਨਾਨਾ 34 ਸਾਲ ਦੀ ਉਮਰ ਵਿੱਚ ਕਾਂਗਰਸ ਦਾ ਲੀਡਰ ਸੀ ਅਤੇ 40 ਸਾਲ ਤੱਕ ਪਹੁੰਚਦਿਆਂ ਉਹ ਕਈ ਵਰ੍ਹੇ ਬ੍ਰਿਟਿਸ਼ ਜੇਲ੍ਹਾਂ ਵਿੱਚ ਕੈਦ ਕੱਟ ਚੁੱਕਾ ਸੀ। ਇਸੇ ਤਰ੍ਹਾਂ ਅਲੈਗਜ਼ੈਂਡਰ, ਮੋਜ਼ਾਰਟ ਆਦਿ ਇਸ ਤੋਂ ਵੀ ਕਿਤੇ ਛੋਟੀ ਉਮਰ ਵਿੱਚ ‘ਦੁਨੀਆਂ ਫਤਹਿ ਕਰਨ’ ਵਰਗਾ ਜਲਵਾ ਦਿਖਾ ਚੁੱਕੇ ਹਨ। ਮੀਡੀਆ ਵਿੱਚ ਰਾਹੁਲ ਦੇ ਬਣਾਏ-ਸਵਾਰੇ ਜਾ ਰਹੇ ‘ਇਮੇਜ਼’ ਤੋਂ ਬਿਨਾਂ, ਉਸਦੀ ਆਰਥਿਕ ਵਿਚਾਰਧਾਰਾ ਜਾਂ ਗਰੀਬੀ ਦੇ ਖਾਤਮੇ ਸਬੰਧੀ ਕੋਈ ਪੁਖਤਾ ਸੋਚ, ਅਜੇ ਤੱਕ ਸਾਹਮਣੇ ਨਹੀਂ ਆਈ। ਉਸ ਦਾ ਸਭ ਕੁਝ ‘ਰਹੱਸ’ ਦੇ ਘੇਰੇ ਵਿੱਚ ਹੈ ਪਰ ਫੇਰ ਵੀ ਉਸਨੂੰ ‘ਭਵਿੱਖ ਦੇ ਬਾਦਸ਼ਾਹ’ ਵਜੋਂ ਗਰੀਬ ਜਨਤਾ ਸਾਹਮਣੇ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ।

ਅਸੀਂ ‘ਇਕੌਨੋਮਿਸਟ ਟਾਈਮਜ਼ ਵਲੋਂ ਕੱਢੇ ਗਏ ਸਿੱਟੇ ਦੇ ਅੱਖਰ-ਅੱਖਰ ਨਾਲ ਸਹਿਮਤ ਹਾਂ। ਭਾਰਤੀ ਮੀਡੀਏ ਵਿੱਚ ਤਾਂ ਵਿਕਾਊ ਮਾਲ, ਝੋਲੀਚੁੱਕਾਂ ਦਾ ਜ਼ੋਰ ਹੈ ਪਰ ਚਲੋ ਇਹ ਗੱਲ ਤਸੱਲੀ ਵਾਲੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਨਿਰਪੱਖ ਸੋਚਣੀ ਵਾਲੇ ਪੱਤਰਕਾਰ, ਲਿਖਾਰੀ ਮੌਜੂਦ ਹਨ, ਜੋ ਸਮੇਂ ਸਮੇਂ ਅਖੌਤੀ ਭਾਰਤ ਮਹਾਨ ਦੀ ਸੱਚਾਈ ਆਪਣੀਆਂ ਲਿਖਤਾਂ ਰਾਹੀਂ ਜੱਗ-ਜ਼ਾਹਰ ਕਰਦੇ ਰਹਿੰਦੇ ਹਨ।
ਮਹਾਨ ਭਾਰਤ ਦੇ ਹਾਕਮਾਂ ਦਾ ਇੱਕ ਹੋਰ ਮਹਾਨ ਕਾਰਨਾਮਾ, ਇਸ ਵਰ੍ਹੇ 1 ਅਕਤੂਬਰ ਤੋਂ 14 ਅਕਤੂਬਰ ਤੱਕ ਦਿੱਲੀ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਦੇ ਪ੍ਰਸੰਗ ਵਿੱਚ ਜੱਗ ਹਸਾਈ ਦਾ ਕਾਰਣ ਬਣਿਆ ਹੋਇਆ ਹੈ। ਇੱਕ ਪਾਸੇ ਭਾਰਤੀ ਮਹਿਲਾ ਹਾਕੀ ਟੀਮ ਅਤੇ ਭਾਰ ਤੋਲਕ ਟੀਮ ਦੇ ਕੋਚ, ਬੜੇ ਘਟੀਆ ਕਿਸਮ ਦੇ ਸੈਕਸ ਸਕੈਂਡਲਾਂ ਵਿੱਚ ਫਸੇ ਹੋਏ ਹਨ ਅਤੇ ਦੂਸਰੇ ਪਾਸੇ ਕਾਮਨਵੈਲਥ ਖੇਡਾਂ ਦੀ ਤਿਆਰੀ ਨਾ ਹੋਣ ਦੀਆਂ ਖਬਰਾਂ ਨਿੱਤ ਮੀਡੀਏ ਵਿੱਚ ਆ ਰਹੀਆਂ ਹਨ। ਮੌਨਸੂਨ ਬਰਸਾਤ ਦੀ ਪਹਿਲੀ ਬਾਰਸ਼ ਨੇ ਹੀ, ‘ਕਾਮਨਵੈਲਥ ਖੇਡ ਮੰਡਪ’ ਦੀਆਂ ਧੱਜੀਆਂ ਉਡਾ ਦਿੱਤੀਆਂ। ਤੈਰਾਕੀ ਦੇ ਉਦਘਾਟਨ ਮੌਕੇ ’ਤੇ, ਇੱਕ ਖਿਡਾਰੀ ਦੇ ਪੈਰ ਵਿੱਚ ਪੱਥਰ ਵੱਜਿਆ, ਜਿਹੜਾ ਕਿ ਤਾਜ਼ਾ ਉਸਾਰੀ ’ਚੋਂ ਉੱਖੜਿਆ ਸੀ। ਉਸਾਰੀ ਇੰਨੀ ਪੱਛੜ ਕੇ ਚੱਲ ਰਹੀ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਠੇਕੇਦਾਰਾਂ ਨੂੰ ਉਸਾਰੀ ਲੇਟ ਹੋਣ ਦੀ ਸੂਰਤ ਵਿੱਚ ਜੁਰਮਾਨਾ ਕਰਨ ਅਤੇ ਬਲੈਕ ਲਿਸਟ ਵਿੱਚ ਸ਼ਾਮਲ ਕਰਨ ਦੀ ਧਮਕੀ ਦਿੱਤੀ ਹੈ। ‘ਮਹਾਨ ਭਾਰਤ’ ਦੇ ਅੰਦਰੂਨੀ ਪੋਲ, ਸਰਕਾਰ ਵਿਚਲੇ ਲੀਡਰ ਆਪ ਹੀ ਖੋਲ੍ਹ ਰਹੇ ਹਨ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਸਾਬਕਾ ਭਾਰਤੀ ਖੇਡ ਮੰਤਰੀ ਅਤੇ ਹੁਣ ਮੈਂਬਰ ਪਾਰਲੀਮੈਂਟ ਮਿਸਟਰ ਮਣੀ ਸ਼ੰਕਰ ਆਇਰ ਨੇ ਕਿਹਾ ਹੈ ਕਿ - ‘ਦਿੱਲੀ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ ਦੀ ਮਹਿਮਾਨੀ (ਹੋਸਟ) ਅਸੀਂ ਉਲੰਪਿਕ ਸਮਿਤੀ ਦੇ ਹਰ ਮੈਂਬਰ ਦੇਸ਼ ਨੂੰ ਇੱਕ-ਇੱਕ ਲੱਖ ਡਾਲਰ ਰਿਸ਼ਵਤ ਦੇ ਕੇ ਹਾਸਲ ਕੀਤੀ ਸੀ। ਇਹ ਖੇਡਾਂ ‘ਸ਼ੈਤਾਨ’ ਕਰਵਾ ਰਿਹਾ ਹੈ - ਰੱਬ ਨਹੀਂ। ਜੇ ਇਹ ਖੇਡਾਂ ਨਾਕਾਮਯਾਬ ਹੋਣ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ। ਇਨ੍ਹਾਂ ਖੇਡਾਂ ਦਾ ਬੇੜਾ ਗਰਕ ਹੀ ਹੋਣਾ ਚਾਹੀਦਾ ਹੈ ਨਹੀਂ ਤਾਂ ਫਿਰ ਇਹ ਏਸ਼ੀਅਨ ਖੇਡਾਂ ਅਤੇ ਉਲੰਪਿਕ ਖੇਡਾਂ ਕਰਵਾਉਣ ਲਈ ਮੂੰਹ ਮਾਰਨਗੇ।’’ ‘ਮਹਾਨ ਭਾਰਤ’ ਦੀ, ਸਾਬਕਾ ਮੰਤਰੀ ਮਣੀ ਸ਼ੰਕਰ ਆਇਰ ਤੋਂ ਵਧੀਆ ‘ਸਿਫਤ-ਸਲਾਹ’ ਹੋਰ ਕੌਣ ਕਰ ਸਕਦਾ ਹੈ?

ਅਮਰਜੀਤ ਸਿੰਘ

Post a Comment

0 Comments
Post a Comment (0)
To Top